ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51123ਨਵਾਂ ਜਹਾਨ — ਸੰਸਾਰ-ਜੰਗ1945ਧਨੀ ਰਾਮ ਚਾਤ੍ਰਿਕ

ਸੰਸਾਰ-ਜੰਗ

ਕੋਈ ਮੋੜੇ ਵੇ, ਕੋਈ ਮੋੜੇ।
ਇਸ ਬਿਫਰੇ ਹੋਏ ਹਾਥੀ ਨੂੰ
ਕੋਈ ਮੋੜੇ ਵੇ, ਕੋਈ ਮੋੜੇ।

੧.ਦੁਨੀਆਂ ਵਿਚ ਪੈ ਗਿਆ ਭੜਥੂ,
ਘੁਗ ਵਸਦੇ ਸ਼ਹਿਰ ਉਜੜ ਗਏ।
ਧਨ, ਧਾਮ, ਸੁਹਜ, ਸਰਮਾਏ,
ਕੁਝ ਡੁੱਬ ਗਏ, ਕੁਝ ਸੜ ਗਏ।
ਡਾਢੀ ਹੰਕਾਰਨ ਹੋਣੀ,
ਅੱਜ ਚੜ੍ਹੀ ਹਵਾ ਦੇ ਘੋੜੇ।
ਕੋਈ ਮੋੜੇ ਵੇ, ਕੋਈ ਮੋੜੇ।
੨.ਧਰਤੀ ਦੀ ਫਟ ਗਈ ਛਾਤੀ,
ਸਾਗਰ ਦਾ ਖੌਲੇ ਪਾਣੀ।
ਤਾਕਤ ਹੋਈ ਟੋਟੇ ਟੋਟੇ,
ਪਲਚੀ ਗਈ ਸਾਰੀ ਤਾਣੀ।
ਸ਼ੈਤਾਨ ਫਰਿਸ਼ਤਾ ਬਣ ਕੇ,
ਉਪਦੇਸ਼ ਕਰੇ ਬੇਲੋੜੇ।
ਕੋਈ ਮੋੜੇ ਵੇ, ਕੋਈ ਮੋੜੇ।
੩.ਖੁਦਗਰਜ਼ੀ ਹੋ ਗਈ ਅੰਨ੍ਹੀ,
ਮਾਇਆ ਨੂੰ ਚੜ੍ਹ ਗਈ ਮਸਤੀ।

ਨੰਗੀ ਹੋ ਹੋ ਕੇ ਨਚਦੀ,
ਭੂਤੀ ਹੋਈ ਐਸ਼-ਪਰਸਤੀ।
ਅਸ਼ਰਾਫਤ ਹੋ ਗਈ ਸਸਤੀ
ਜ਼ੋਰਾਵਰ ਲਹੂ ਨਿਚੋੜੇ।
ਕੋਈ ਮੋੜੇ ਵੇ, ਕੋਈ ਮੋੜੇ।
੪.ਬੰਦਿਆਂ ਦੀਆਂ ਲਾਸ਼ਾਂ ਚਿਣ ਕੇ,
ਇਕ ਉਸਰੀ ਪਏ ਅਟਾਰੀ।
ਇਸ ਲਹੂਆਂ ਦੇ ਦਰਯਾ ਵਿਚ,
ਤਰ ਜਾਸੀ ਦੁਨੀਆਂ ਸਾਰੀ।
ਪਰ ਸਚਿਆਈ ਦੀ ਥੁੜ੍ਹ ਨੇ,
ਆਸ਼ਾ ਦੇ ਬੇੜੇ ਬੋੜੇ।
ਕੋਈ ਮੋੜੇ ਵੇ, ਕੋਈ ਮੋੜੇ।
੫.ਮਾਨੁਖ਼ਤਾ ਦਰਦਾਂ ਮਾਰੀ,
ਸਿਵਿਆਂ ਤੇ ਬੈਠੀ ਝੂਰੇ।
ਮੇਰੇ ਅਮਨ ਚੈਨ ਦੇ ਸੁਪਨੇ,
ਖਬਰੇ ਕਦ ਹੋਸਣ ਪੂਰੇ।
ਖਖੜੀ ਖਖੜੀ ਰੂਹਾਂ ਦੇ,
ਕਦ ਸਿਰ ਜਾਵਣਗੇ ਜੋੜੇ।
ਕੋਈ ਮੋੜੇ ਵੇ, ਕੋਈ ਮੋੜੇ।