ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51125ਨਵਾਂ ਜਹਾਨ — ਇਨਸਾਨਸਤਾਨ1945ਧਨੀ ਰਾਮ ਚਾਤ੍ਰਿਕ

ਇਨਸਾਨਸਤਾਨ

੧.ਉਠ ਸਾਕੀ ! ਇਕ ਹੰਭਲਾ ਮਾਰ,
ਨਵਾਂ ਨਸ਼ਾ ਕੋਈ ਕਰ ਤੱਯਾਰ।
ਚੜ੍ਹ ਜਾਵੇ ਸੁਰਤੀ ਅਸਮਾਨ,
ਦਿੱਸਣ ਲੱਗ ਪਏ ਨਵਾਂ ਜਹਾਨ।
ਨਵਾਂ ਬਗੀਚਾ, ਨਵੀਂ ਬਹਾਰ,
ਨਵੀਂ ਜਵਾਨੀ, ਨਵਾਂ ਨਿਖਾਰ।
ਨਵੀਂ ਜ਼ਮੀਨ, ਨਵਾਂ ਅਸਮਾਨ,
ਸਚਮੁਚ ਦਾ ਇਨਸਾਨਸਤਾਨ।

——————————

੨.ਹਿੰਦੂ, ਮੋਮਨ, ਸਿਖ, ਈਸਾਈ,

ਸਾਰੇ ਜਾਪਣ ਭਾਈ ਭਾਈ।
ਦਸਤਕਾਰ, ਕਿਰਤੀ, ਕਿਰਸਾਣ,
ਸਾਂਝੀ ਰੋਟੀ ਵੰਡ ਕੇ ਖਾਣ।
ਭੁੱਖ, ਨੰਗ, ਚਿੰਤਾ, ਬੇਕਾਰੀ,
ਹਟ ਜਾਏ ਧੜਕੇ ਦੀ ਬੀਮਾਰੀ।
ਘੁਲ ਮਿਲ ਜਾਵਣ ਧਰਮ ਇਮਾਨ,
ਸਚਮੁਚ ਦਾ ਇਨਸਾਨਸਤਾਨ।

੩.ਸਾਂਝੇ ਹੋਣ ਮਸੀਤਾਂ ਮੰਦਰ,
ਵੱਸੇ ਰੱਬ ਦਿਲਾਂ ਦੇ ਅੰਦਰ।
ਲੀਡਰ ਹੋਣ ਦਿਆਨਤਦਾਰ,
ਮੇਲ ਮੁਹੱਬਤ ਦਾ ਪਰਚਾਰ।
ਮਤਲਬੀਏ ਤੇ ਪਾੜਣ ਵਾਲੇ,
ਭੁਲ ਜਾਵਣ ਸ਼ਤਰੰਜ ਦੇ ਚਾਲੇ।
ਟੁਕਰਾਂ ਤੋਂ ਨਾ ਵਢ ਵਢ ਖਾਣ,
ਸਚਮੁਚ ਦਾ ਇਨਸਾਨਸਤਾਨ।

——————————

੪.ਵੱਡਿਆਂ ਦਾ ਦਿਲ ਹੋ ਜਾਏ ਵੱਡਾ,

ਢਾਹ ਸੁੱਟਣ ਨਫਰਤ ਦਾ ਅੱਡਾ।
ਵੰਡ ਖਾਣ ਦੀ ਪੈ ਜਾਏ ਵਾਦੀ,
ਮੰਗ ਸਕਣ, ਸਾਂਝੀ ਆਜ਼ਾਦੀ।
ਸਾਂਝੀਆਂ ਚੋਣਾਂ, ਸਾਂਝੀ ਪੀੜ,
ਉਂਗਲ ਸੜਿਆਂ ਧੁਖੇ ਸਰੀਰ।
ਇਕ ਦੂਜੇ ਤੋਂ ਸਦਕੇ ਜਾਣ,
ਸਚਮੁਚ ਦਾ ਇਨਸਾਨਸਤਾਨ।

——————————