ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51122ਨਵਾਂ ਜਹਾਨ — ਦੇਸ਼ ਦਰਦ1945ਧਨੀ ਰਾਮ ਚਾਤ੍ਰਿਕ

ਦੇਸ਼-ਦਰਦ

੧.ਦਿਲ ਦਰਯਾ ਵਿਚ, ਸੋਚ ਬੁਲਬੁਲੇ,
ਉਠ ਉਠ ਕੇ ਬਹਿ ਜਾਂਦੇ ਨੇ,
ਦੇਸ਼-ਦਰਦ ਦੇ ਸੁਪਨ ਮੁਨਾਰੇ,
ਉਸਰ ਉਸਰ ਢਹਿ ਜਾਂਦੇ ਨੇ,
ਫਰਜ਼, ਸੱਚਾਈ, ਅਕਲ, ਦਲੇਰੀ,
ਰੋਜ਼ ਹਲੂਣੇ ਦੇਂਦੇ ਨੇ,
ਪਰ, ਪਰ-ਵਸ ਦੇ ਹਭ ਮਨਸੂਬੇ,
ਬਣੇ ਬਣੇ ਰਹਿ ਜਾਂਦੇ ਨੇ।

——————————

੨.ਪਰ ਭੀ ਹਨ, ਪਹੁੰਚੇ ਭੀ ਹਨ,

ਹਿੰਮਤ ਭੀ ਹੈ, ਆਸ਼ਾ ਭੀ ਹੈ,
ਦਿਲ ਭੀ ਹੈ, ਪੀੜਾਂ ਭੀ ਹਨ,
ਫਰਯਾਦਾਂ ਦੀ ਭਾਸ਼ਾ ਭੀ ਹੈ।
ਉੱਡਣ ਨੂੰ ਤੱਯਾਰ ਭੀ ਹਾਂ,
ਆਕਾਸ਼ ਭੀ ਪਿਆ ਬੁਲਾਂਦਾ ਹੈ,
ਪਰ ਪਿੰਜਰੇ ਦੀ ਖਿੜਕੀ 'ਚੋਂ
ਇਕ ਤੀਲੀ ਕੱਢਣੀ ਬਾਕੀ ਹੈ।

——————————