ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51161ਨਵਾਂ ਜਹਾਨ — ਤੇਰੀ ਯਾਦ1945ਧਨੀ ਰਾਮ ਚਾਤ੍ਰਿਕ

ਤੇਰੀ ਯਾਦ.

ਯਾਦ ਤੇਰੀ ਮਿਲ ਗਈ ਸੀ,
ਦਿਲ ਦੇ ਖੂੰਜੇ ਅੰਦਰ ਰਖਣੀ,
ਜ਼ੁਲਫ ਤੇਰੀ ਦੀਆਂ ਲਪਟਾਂ ਦੀ ਵਾ,
ਮਿਲ ਜਾਂਦੀ ਸੀ ਭਖਣੀ।
ਪਰ ਜਦ ਦਾ ਉਹ ਹੁਸਨ ਹੁਲਾਰਾ,
ਨਜ਼ਰੋਂ ਲਾਂਭੇ ਹੋਇਆ,
ਹਿਰਦੇ ਮੰਦਰ ਦੇ ਵਿਚ ਰਹਿ ਗਈ,
ਥਾਂ ਸਖਣੀ ਦੀ ਸਖਣੀ।

——————————

ਪੱਲਾ ਫੜ ਫੜ ਕਿਹਾ ਬੁਤੇਰਾ,

ਬਹਿ ਜਾ, ਬਹਿ ਜਾ, ਬਹਿ ਜਾ,
ਜਿੰਨੀਆਂ ਘੜੀਆਂ ਜੀ ਚਾਹੁੰਦਾ ਈ,
ਓਨਾ ਚਿਰ ਹੀ ਰਹਿ ਜਾ।
ਹਿਜਰ ਤੇਰੇ ਦੀਆਂ ਪੀੜਾਂ ਨੂੰ ਮੈਂ,
ਹਸ ਹਸ ਕੇ ਪੀ ਜਾਸਾਂ,
ਯਾਦ ਤੇਰੀ ਨੂੰ ਯਾਦ ਰਖਾਂਗਾ,
ਏਨੀ ਗਲ ਤੇ ਕਹਿ ਜਾ।

——————————