ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51160ਨਵਾਂ ਜਹਾਨ — ਮੋਤੀ, ਗੁਲਾਬ1945ਧਨੀ ਰਾਮ ਚਾਤ੍ਰਿਕ

ਮੋਤੀ.

ਗੋਤਾ ਖੋਰ ਸਮੁੰਦਰ ਵਿੱਚੋਂ,
ਕਢ ਕਢ ਸਿੱਪ ਖਿਲਾਰੇ,
ਹੱਥੋ ਹੱਥ ਵਿਹਾਝੀ ਜਾਵਣ,
ਮੋਤੀਆਂ ਦੇ ਵਣਜਾਰੇ।
ਕਿਸੇ ਦੀ ਝੋਲੀ ਇੱਕੋ ਭਰ ਦੇ,
ਕਈ ਖਾਲੀ ਹੱਥ ਸਿਧਾਰੇ।
(ਪਰ) ਓਹ ਕੀ ਜਾਣਨ ਸਾਰ ਦੁਰਾਂ ਦੀ,
(ਜਿਹੜੇ) ਸੋਚਣ ਖੜੇ ਕਿਨਾਰੇ।

ਗੁਲਾਬ.

ਮੈਂ ਗੁਲਾਬ,

ਮੇਰਾ ਕਰਤਵ ਏਹੋ,
ਖਿੜ ਖਿੜ ਬਾਗ਼ ਸਜਾਣਾ।
ਸੁਕ ਸੜ ਜਾਣਾ,
ਭੁਰ ਜਾਣਾ, (ਅਤੇ)
ਮੁੜ ਖੇੜੇ ਵਿਚ ਆਣਾ।
ਬਾਗ਼ ਸਲਾਮਤ,
ਬੂਟਾ ਹਰਿਆ,
ਜੀਵੇ ਜਾਗੇ ਮਾਲੀ,
ਸ਼ਾਲਾ ਬਣਿਆ ਰਹੇ, ਮੇਰਾ ਏਥੇ
ਨਿੱਤ ਨਿੱਤ ਆਉਣ ਜਾਣਾ।