ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਏਕਾ.

੧.ਆ ਵੀਰਨਾ ! ਆ ਬੇਲੀਆ !
ਆ ਸੋਚੀਏ, ਬਹਿ ਕੇ ਜ਼ਰਾ।
ਇਕ ਵਕਤ ਸੀ, ਦੋਵੇਂ ਅਸੀਂ,
ਸਚ ਮੁੱਚ ਦੇ ਇਨਸਾਨ ਸਾਂ।
ਇਕ ਖ਼ੂਨ ਸੀ, ਇਕ ਜਾਨ ਸਾਂ।
ਇਕੋ ਦੋਹਾਂ ਦਾ ਬੱਬ ਸੀ;
ਸਾਂਝਾ ਦੁਹਾਂ ਦਾ ਰੱਬ ਸੀ।
ਨਾ ਵੈਰ ਸਨ, ਨਾ ਛੇੜ ਸੀ,
ਨਾ ਫੁੱਟ ਸੀ, ਨਾ ਤ੍ਰੇੜ ਸੀ।
ਸੀਨੇ ਫਰਿਸ਼ਤੇ ਵਾਂਗ ਸਨ,
ਧੀਆਂ ਤੇ ਭੈਣਾਂ ਸਾਂਝੀਆਂ।
ਹਮਸਾਏ ਮਾਂ ਪਿਉ ਜਾਏ ਸਾਂ,
ਖਾਦੇ ਕਮਾਂਦੇ ਆਏ ਸਾਂ।
ਪਰ ਹੁਣ ਤੇ ਹਾਲਤ ਹੋਰ ਹੈ,
ਢਿੱਡਾਂ ’ਚਿ ਵੜ ਗਿਆ ਚੋਰ ਹੈ।
ਵਖਰੀ ਜਿਹੀ ਕੋਈ ਵਾ ਵਗੀ,
ਤੈਨੂੰ ਤੇ ਮੈਨੂੰ ਆ ਲਗੀ।
ਮੂੰਹ ਮੁੜ ਗਏ, ਦਿਲ ਫਟ ਗਏ,
ਮੋਹ ਘਟ ਗਿਆ, ਰਾਹ ਵਟ ਗਏ।
ਕੁਝ ਹੱਕ ਕੰਨ ਵਿਚ ਕਹਿ ਗਏ,
ਕੁਝ ਸ਼ੱਕ ਹੱਡੀਂ ਬਹਿ ਗਏ।

ਆਗੂ ਭੀ ਐਸੇ ਮਿਲ ਪਏ,
ਪਾੜੀਂ ਦੋਹਾਂ ਦਾ ਦਿਲ ਗਏ।
ਚੰਗੇ ਭਲੇ ਸਾਂ ਵੱਸਦੇ,
ਅੱਜ ਕਲ ਬਦਲ ਗਈ ਤੋਰ ਕਿਉਂ ?
ਤੂੰ ਹੋਰ ਕਿਉਂ ? ਮੈਂ ਹੋਰ ਕਿਉਂ ?

——————————

੨.ਓਹੋ ਜ਼ਿਮੀਂ ਅਸਮਾਨ ਉਹੋ,

ਅੱਲਾ ਉਹੋ, ਇਨਸਾਨ ਉਹੋ।
ਆ ਵੱਟ ਦਿਲ ਦੇ ਕੱਢੀਏ,
ਖ਼ੁਦਗਰਜ਼ੀਆਂ ਹੁਣ ਛੱਡੀਏ।
ਲਾਈਏ ਪਨੀਰੀ ਪਿਆਰ ਦੀ,
ਇਤਫਾਕ ਦੀ, ਇਤਬਾਰ ਦੀ।
ਨਾ ਤੂੰ ਸੜੇਂ ਨਾ ਮੈਂ ਕੁੜ੍ਹਾਂ,
ਨਾ ਤੂੰ ਥੁੜੇਂ ਨਾ ਮੈਂ ਥੁੜਾਂ।
ਹੁਣ ਭੀ ਜੇ ਹੋਏ ਸਾਫ ਨਾ,
ਭੁੱਲਾਂ ਨੂੰ ਕੀਤਾ ਮਾਫ ਨਾ।
ਰੁੜ੍ਹ ਜਾਂ ਗੇ ਘੁੱਮਣਘੇਰ ਵਿਚ
ਪੈ ਜਾਂ ਗੇ ਲੰਮੇ ਫੇਰ ਵਿਚ।
ਪੰਜਾਬ ਦੇ ਹੀਰੇ ਅਸੀਂ
ਸੜਨਾ ਅਸਾਡੀ ਖ਼ੋ ਨਹੀਂ।

ਅਸਲਾ ਨਹੀਂ ਖੋਟਾ ਤਿਰਾ,
ਜਿਗਰਾ ਨਹੀਂ ਛੋਟਾ ਮਿਰਾ।
ਤੂੰ ਮੈਂ ਜਿ ਘੁਲ ਮਿਲ ਜਾਵੀਏ,
ਚੁੱਕਾਂ ਦੇ ਵਿਚ ਨਾ ਆਵੀਏ,
ਬੇਖੌਫ਼ ਹੋ ਕੇ ਵੱਸੀਏ,
ਬਣ ਕੇ ਨਮੂਨਾ ਦੱਸੀਏ।
ਲਾਊ ਬੁਝਾਊ ਆਏ ਜੋ,
ਲੂਤੀ ਚੁਆਤੀ ਲਾਏ ਜੋ,
ਬੂਥਾ ਉਦ੍ਹਾ ਚਾ ਭੰਨੀਏ,
ਆਖਾ ਨਾ ਉਸ ਦਾ ਮੰਨੀਏ।
ਦੋ ਤਾਕਤਾਂ ਜੁੜ ਜਾਣ ਜੇ,
ਕੋਈ ਸਕੇਗਾ ਤੋੜ ਕਿਉਂ?
ਤੂੰ ਹੋਰ ਕਿਉਂ, ਮੈਂ ਹੋਰ ਕਿਉਂ?
ਤੂੰ ਸਾਧ ਕਿਉਂ, ਮੈਂ ਚੋਰ ਕਿਉਂ?