ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51155ਨਵਾਂ ਜਹਾਨ — ਅੱਗ1945ਧਨੀ ਰਾਮ ਚਾਤ੍ਰਿਕ

ਅੱਗ(ਗੀਤ)

ਮੇਰੇ ਅੰਦਰ ਬਲਦੀ ਏ ਅੱਗ ਲੋਕੋ,
ਮੇਰੇ ਚਾਰ ਚੁਫੇਰੇ ਅੱਗ ਲੋਕੋ।

੧.ਧਰਮ ਨਿਆਂ ਨੂੰ ਮਿਲੇ ਨ ਢੋਈ,
ਤਾਕਤ ਫਿਰਦੀ ਏ ਬਿਫ਼ਰੀ ਹੋਈ,
ਥਰ ਥਰ ਕੰਬਦਾ ਏ ਜੱਗ ਲੋਕੋ,
ਮੇਰੇ ਲਹਿੰਦੇ ਚੜ੍ਹਦੇ ਅੱਗ ਲੋਕੋ।
੨.
ਘਰ ਘਰ ਲਾਲਚ ਤੇ ਖ਼ੁਦਗਰਜ਼ੀ,
ਇਕ ਦੂਜੇ ਦੀ ਰਲੇ ਨ ਮਰਜ਼ੀ,
ਸਭ ਦੀ ਬਾਂਗ ਅਲੱਗ ਲੋਕੋ,
ਮੇਰੇ ਐਧਰ ਔਧਰ ਅੱਗ ਲੋਕੋ।
੩.
ਕੁਕੜਾਂ ਵਾਂਗਰ ਲੀਡਰ ਲੜਦੇ,
ਬੇ-ਬੁਨਿਆਦ ਬਹਾਨੇ ਘੜਦੇ,
ਖਤਰੇ ਵਿਚ ਹੈ ਪੱਗ ਲੋਕੋ,
ਮੇਰੇ ਆਸੇ ਪਾਸੇ ਅੱਗ ਲੋਕੋ।
੪.
ਹਿੰਦੂ, ਮੁਸਲਿਮ, ਸਿੱਖ, ਈਸਾਈ,
ਪਾਟੇ ਫਿਰਦੇ ਭਾਈ ਭਾਈ,
ਦੂਤੀਆਂ ਦੇ ਆਖੇ ਲੱਗ ਲੋਕੋ,
ਮੇਰੇ ਅੰਦਰ ਬਲਦੀ ਏ ਅੱਗ ਲੋਕੋ।

——————————