-ਐਕਟ-੪-।
-ਸੀਨ-੧-ਰੋਮ।ਐਨਟਨੀ ਦੇ ਘਰ
ਇੱਕ ਕਮਰਾ-ਟੇਬਲ ਦੁਆਲੇ ਅੈਨਟਨੀ,
ਔਕਟੇਵੀਅਸ ਅਤੇ ਲੈਪੀਡਸ ਬੈਠੇ ਹਨ।

ਐਨਟਨੀ-:ਐਨੇ ਤਾਂ ਹੁਣ ਮਾਰੇ ਜਾਣੇ;
ਨਾਂਵਾਂ ਅੱਗੇ ਲਾ ਤੇ ਕਾਟੇ।
ਔਕਟੇਵੀਅਸ-:
ਭਰਾ ਤੇਰਾ ਵੀ ਮਾਰਨਾ ਪੈਣੈ;
ਹੈ ਮਨਜ਼ੂਰੀ ਲੈਪੀਡਸ?
ਲੈਪੀਡਸ-:ਮਨਜ਼ੂਰ ਹੈ ਮੈਨੂੰ।
ਔਕਟੇਵੀਅਸ-:ਉਹਦਾ ਨਾਂ ਵੀ ਕੱਟ ਐਨਟਨੀ।
ਲੈਪੀਡਸ-:
ਪਰ ਸ਼ਰਤ ਇਹ ਹੈ,
ਪਬਲੀਅਸ ਵੀ ਨਾਲ ਮਰੂਗਾ,
ਤੇਰੀ ਭੈਣ ਦਾ ਪੁੱਤਰ ਐਨਟਨੀ!

ਐਨਟਨੀ-:ਉਹ ਨਹੀਂ ਛੱਡਣਾ।
ਆਹ ਵੇਖ ਮੈਂ ਸਿਆਹੀ ਡੋਲ੍ਹੀ ਨਾਂ ਤੇ ਉਹਦੇ।
ਹੁਣ ਲੈਪੀਡਸ! ਸੀਜ਼ਰ ਦੇ ਘਰ ਜਾ ਤੂੰ;
ਐਥੇ ਲਿਆ ਵਸੀਅਤ ਉਹਦੀ,
ਤਾਂ ਜੋ ਆਪਾਂ ਨਿਰਣਾ ਕਰੀਏ
ਕਿਹੜੀ ਕਿਹੜੀ ਵਰਾਸਤ ਕੱਟਣੀ।

ਲੈਪੀਡਸ-:ਕੀ ਫਿਰ ਆਪਾਂ ਐਥੇ ਈ ਮਿਲੀਏ?
ਔਕਟੇਵੀਅਸ-:ਐਥੇ ਹੀ ਜਾਂ ਫਿਰ ਬ੍ਰਹਿਸਪਤੀ ਮੰਦਰ।
-ਲੈਪੀਡਸ ਜਾਂਦਾ ਹੈ-
ਐਨਟਨੀ-:ਇਹ ਬੰਦਾ ਕਮਜ਼ੋਰ ਜਿਹਾ,
ਤੁੱਛ ਯੋਗਿਤਾ ਵਾਲਾ,
ਪਿਆਦਾ ਹੈ ਬੱਸ ਪਿਆਦਗੀ ਜੋਗਾ;
ਤਿੰਨ ਹਿੱਸਿਆਂ ਵਿੱਚ ਦੁਨੀਆਂ ਵੰਡਣੀ,
ਤੀਜਾ ਹਿੱਸਾ ਇਹਨੂੰ ਦੇਣਾ
ਕਿੱਥੋਂ ਤੱਕ ਇਹ ਵਾਜਬ ਹੋਸੀ?
ਸੋਚਣ ਵਾਲੀ ਗੱਲ ਹੈ।

ਔਕਟੇਵੀਅਸ-:ਤੂੰ ਹੀ ਐਸਾ ਸੋਚਿਆ ਇਹਦੇ ਬਾਰੇ;
ਤੇ ਪੁੱਛਿਆ ਸੀ ਇਹਨੂੰ ,
੧੧੭


ਕਿਸ ਕਿਸ ਦੇ ਨਾਂ ਤੇ ਲਾਣਾ ਕਾਟਾ,
ਸਜ਼ਾ ਜੋ ਆਪਾਂ ਤਜਵੀਜ਼ ਕੀਤੀ ਸੀ
ਸਿਆਹ ਸੂਚੀ ਦੇ ਉੱਤੇ।

ਐਨਟਨੀ-:ਅੌਕਟੇਵੀਅਸ! ਤੇਥੋਂ ਵੱਧ ਦੁਨੀਆ ਮੈਂ ਵੇਖੀ:
ਭਾਵੇਂ ਇਹ ਸਨਮਾਨ ਦਿੱਤੇ ਨੇ ਇਹਨੂੰਕਈ ਤਰਾਂ ਦੀ ਖੁਨਾਮੀ ਵਾਲੇ
ਬੋਝੇ ਵੰਡਣ ਖਾਤਰ;ਇਹ ਸਨਮਾਨ ਇਹ ਚੱਕੀਂ ਫਿਰੂਗਾ,
ਜਿਵੇਂ ਗਧੇ ਤੇ ਲੱਦਿਆ ਸੋਨਾ
ਜਿੱਧਰ ਹੱਕੀਏ, ਤੁਰ ਪੂ ਓਧਰ
ਸਾਹੋ ਸਾਹ ਤੇ ਪਾਣੀ ਪਾਣੀ,
ਪੁੱਜ ਕੇ ਮੰਜ਼ਲ ਖਜ਼ਾਨਾ ਲਾਹੀਏ
ਪਿੱਠ ਤੋਂ ਇਹਦੀ
ਡੰਡਾ ਮਾਰ ਭਜਾਈਏ ਇਹਨੂੰਖਾਲੀ ਗਧੇ ਨੂੰ-ਚਰਾਂਦਾਂ ਵੱਲੇ
ਛੰਡੇ ਕੰਨ ਤੇ ਚਰਦਾ ਲੱਗੇ।

ਔਕਟੇਵੀਅਸ-:
ਜਿੱਦਾਂ ਮਰਜ਼ੀ ਤੇਰੀ।
ਪਰ ਹੈ ਇਹ ਬੜਾ ਬਹਾਦੁਰ,
ਜੁੱਰਅਤ ਵਾਲਾ,
ਵੇਖਿਆ ਪਰਖਿਆ ਇੱਕ ਸਿਪਾਹੀ।

ਐਨਟਨੀ-:ਔਕਟੇਵੀਅਸ! ਮੇਰਾ ਘੋੜਾ ਵੀ ਹੈ
ਬਿਲਕੁਲ ਇਹਦੇ ਵਾਂਗੂੰ;
ਇਸੇ ਲਈ ਮੈਂ ਇਹਦੇ ਵਾਸਤੇ
ਦਾਣੇ, ਚਨੇ ਤੇ ਰਸਦਾਂ ਦਾ ਭੰਡਾਰ ਰੱਖਿਐ;
ਹੈ ਤਾਂ ਜਾਨਵਰ ਫਿਰ ਵੀ ਇਹਨੂੰ
ਸਿੱਖਿਆ ਦੇਨਾਂ ਯੁੱਧ ਕਲਾ ਦੀਕਿੱਦਾਂ ਘੁੰਮਣਾ, ਮੁੜਨਾ ਕਿੱਦਾ,
ਕਿੱਥੇ ਰੁਕਣਾ-,
ਫਿਰ ਹੋਕੇ ਸਿੱਧੇ
ਸਰਪਟ ਕਰਨਾ ਹਮਲਾ,ਸੱਭੇ ਹਰਕਤਾਂ ਏਸ ਦੀਆਂ ਨੇ
ਮੇਰੀ ਇੱਛਾ ਤਾਬਿਹ।
ਕੁੱਝ ਕੁੱਝ ਇਸੇ ਤਰਾਂ ਹੈ ਲੈਪੀਡਸ ਵੀ;

    ੧੧੮


ਸਬਕ ਦਿਓ, ਸਿਖਲਾਓ ਇਸ ਨੂੰ,
ਹੁਕਮ ਦਿਓ ਤੇ ਭੇਜੋ ਅੱਗੇ:
ਬੁੱਧਹੀਣ ਤੇ ਜੋਸ਼ਹੀਣ ਹੈ ਬੰਦਾ:
ਜਾਅਲ੍ਹੀ, ਹੀਣੀਆਂ,ਰਹਿੰਦ ਖੁਹੰਦ,
ਹੰਢੀਆਂ ਵਰਤੀਆਂਏਸ ਲਈ ਨੇ ਫੈਸ਼ਨ ਤਾਜ਼ਾ:
ਉਹਦੀ ਤੁਸੀਂ ਗੱਲ ਕਰੋ ਨਾ,
ਬੱਸ ਉਸਨੂੰ ਸਮਝੋ ਜਾਇਦਾਦ।
ਤੇ ਹੁਣ ਔੋਕਟੇਵੀਅਸ!
ਕਰੀਏ ਵੱਡੀਆ ਗੱਲਾਂ;-
ਬਰੂਟਸ ਅਤੇ ਕੈਸੀਅਸ ਵਰਗੇ
ਕੱਠੀਆਂ ਕਰਦੇ ਫੋਜਾਂ:
ਅਸੀਂ ਵੀ ਹੁਣ ਨੱਕ ਦੀ ਸੇਧੇ
ਤੁਰੀਏ ਇੱਕ ਦਮ:
ਸਾਰੇ ਸਾਥੀ ਕੱਠੇ ਕਰੀਏ,
ਸਭ ਤੋਂ ਚੰਗੇ ਅਪਣੇ ਮਿੱਤਰ,
ਸਾਧਨ ਅਪਣੇ ਹੋਰ ਵਧਾਈਏ;
ਤੇ ਹੁਣ ਫੋਰਨ ਬੈਠਕ ਕਰਕੇ,
ਕਰੀਏ ਮਸ਼ਵਰੇਕਿਵੇਂ ਸੁਲਝਾਈਏ ਗੁਪਤ ਮਾਮਲੇ,
ਕੀਕਣ ਕਰੀਏ ਪੇਸ਼ ਉਨ੍ਹਾਂ ਨੂੰ,
ਤੇ ਕਿਵੇਂ ਨਜਿੱਠੀਏ
ਖਤਰੇ ਖੁਲ੍ਹੇ, ਖੜੇ ਜੋ ਸਾਹਵੇਂ ਅੱਡੀਂ ਮੂੰਹ।
ਔਕਟੇਵੀਅਸ-:ਹਾਂ, ਏਦਾਂ ਹੀ ਕਰਨਾ ਪੈਣੈ:
ਅਸੀਂ ਹਾਂ ਅਗਨੀ-ਦੰਡ ਦੀ ਥੰੰਮ੍ਹੀ ਬੱਝੇ
ਦੁਸ਼ਮਣਾਂ ਰਲ ਕੇ ਘੇਰਾ ਘੱਤਿਆ;
ਤੇ ਉਹ ਜਿਹੜੇ ਮੁਸਕਾਂਦੇ ਦਿੱਸਣ,
ਡਰ ਹੈ ਮੈਨੂੰ ਦਿਲਾਂ ਚ ਅਪਣੇ
ਪਾਲ ਰਹੇ ਨੇ ਲੱਖਾਂ ਖੋਟਾਂ।
-ਪ੍ਰਸਥਾਨ-

    119


-ਸੀਨ-੨- ਸਾਰਡੀਜ਼ ਦੇ ਪੜਾਓ ਚ ਬਰੁਟਸ ਦਾ ਤੰਬੂ
ਨੱਕਾਰੇ ਦੀ ਚੋਟ ਨਾਲ ਬਰੂਟਸ, ਲੂਸੀਲੀਅਸ, ਲੁਸੀਅਸ,
ਅਤੇ ਸਪਾਹੀਆਂ ਦਾ ਪ੍ਰਵੇਸ਼: ਟਿਟੀਨੀਅਸ ਤੇ ਪਿੰਡਾਰਸ
ਅੱਗੋਂ ਮਿਲਦੇ ਹਨ-


ਬਰੂਟਸ-:ਰੁਕੋ-ਹੋ-!
ਲੂਸੀਲੀਅਸ-:ਬੋਲੋ-, ਪਛਾਣ-ਸ਼ਬਦ ਹੈ ਕੀ, ਹੋ-!
ਰੁਕ ਜੋ ਏਥੇ।
ਬਰੂਟਸ-:ਕਿਵੇਂ ਹੁਣ,ਲੂਸੀਲੀਅਸ!
ਕੈਸੀਅਸ ਨੇੜੇ ਪੁੱਜਾ ਕਿ ਨਾਂ?
ਲੂਸੀਲੀਅਸ:ਉਹ ਬੱਸ ਪੁੱਜਿਆ ਕਿ ਪੁਜਿਆ;
ਪਿੰਡਾਰਸ ਤਾਂ ਆ ਹੀ ਗਿਐ,
ਲੈ ਕੇ ਸਲਾਮ ਅਪਣੇ ਮਾਲਿਕ ਦਾ।
-ਪਿੰਡਾਰਸ ਬਰੂਟਸ ਨੂੰ ਇੱਕ ਪੱਤਰ
ਦਿੰਦਾ ਹੈ-
ਬਰੂਟਸ-:ਨਾਲ ਅਦਬ ਸਲਾਮ ਭੇਜਿਆਪਿੰਡਾਰਸ ਤੇਰੇ ਮਾਲਿਕ;
ਜਾਂ ਖੁਦ ਹੀ ਉਹ ਬਦਲ ਗਿਆ ਹੈ
ਜਾਂ ਮਾੜੇ ਮਾਤਹਿਤਾਂ ਕਾਰਨ
ਮਿਲਿਆ ਮੈਨੂੰ ਮੌਕਾ
ਕਿ ਮੈਂ ਲੋਚਾਂ ਜੋ ਹੋਇਆ ਹੈ
ਅਣ ਹੋਇਆ ਕਰੀਏ!ਪਰ ਜੇ ਹੈ ਉਹ ਲਾਗੇ ਚਾਗੇ,
ਮੈਨੂੰ ਮਨਜ਼ੂਰ ਸਫਾਈ ਉਹਦੀ।
ਪਿੰਡਾ-:ਪੂਰਣ ਵਿਸ਼ਵਾਸ ਹੈ ਮੈਨੂੰ
ਸੁਆਮੀ ਮੇਰਾ ਅਤੀ ਭੱਦਰ ਹੈ;
ਸਤਿਕਾਰ ਸਹਿਤ ਉਸ ਹਾਜ਼ਰ ਹੋਣਾ,
ਐਸਾ ਸਨਮਾਨਜਨਕ ਹੈ ਉਹ।
ਬਰੂਟਸ-:ਸਾਨੂੰ ਸ਼ੱਕ ਨਹੀਂ ਹੈ ਕੋਈ।
ਸੁਣ ਲੂਸੀਲੀਅਸ! ਦੱਸ ਖਾਂ ਮੈਨੂੰ
ਕਿੰਜ ਕੀਤਾ ਉਸ ਸੁਆਗਤ ਤੇਰਾ?
ਲੂਸੀਲੀਅਸ-:ਨਮਰਤਾ ਤੇ ਸਤਿਕਾਰ ਬੜਾ ਸੀ,
ਪਰ ਪਹਿਲਾਂ ਵਾਲੀ ਅਪਣੱਤ ਨਹੀਂ ਸੀ,

     120


ਨਾਂ ਖੁਲ੍ਹੀ ਡੁਲ਼੍ਹੀ ਮਿੱਤਰਾਚਾਰੀ,
ਨਾਂ ਪਹਿਲਾਂ ਵਾਲੀ ਨਜ਼ਦੀਕੀ ਸੀ,
ਨਾਂ ਕੀਤਾ ਕੋਈ ਸਲਾਹ ਮਸ਼ਵਰਾ
ਅੱਗੇ ਵਾਂਗੂੰ।
ਬਰੂਟਸ:-ਤੇਰਾ ਮਤਲਬ ਗਰਮਜੋਸ਼ੀ ਸਭ ਠੰਡੀ ਪੈ ਗੀ,
ਯਾਰੀ ਵਿੱਚ ਤਕੱਲੁਫ ਆਇਆ-।
ਲੂਸੀਲੀਅਸ!ਕਦੇ ਅਨੁਭਵ ਕੀਤੈ?-
ਯਾਰੀ ਘਟੇ ਤਾਂ ਆਏ ਬਨਾਵਟ,
ਨਿਰਾ ਉਚੇਚ ਰਹਿ ਜਾਂਦਾ,
ਮੱਲੋਮੱਲੀ ਦਾ ਪਿਆਰ ਮੁਹੱਬਤ
ਬੋਝ ਜਿਹਾ ਹੋ ਜਾਂਦਾ।
ਸਾਫ ਸਿੱਧੇ ਵਿਸ਼ਵਾਸ ਦੇ ਅੰਦਰ
ਲਾਈ ਬੁਝਾਈ ਕਦੇ ਨਾ ਹੁੰਦੀ:
ਹੌਲੇ ਬੰਦੇ ਵੀ ਘੋੜਿਆਂ ਵਾਂਗੂੰ,
ਪਹਿਲਾਂ ਹੋਵਣ ਤੇਜ਼ ਤੱਰਾਰ,
ਮਾਰ ਫੱਰਾਟੇ ਜੋਸ਼ ਵਖਾਉਂਦੇ,
ਥਾਨੀਂ ਖੜੇ ਧੂੜ ਉਡਾਣ,
ਪਰ ਜਦ ਤਿੱਖੀ ਅੱਡੀ ਦਿਸਦੀ
ਫੂਕ ਸਰਕ ਸਭ ਜਾਂਦੀ,
ਮੌਕਾ ਪੈਣ ਤੇ ਸਿੱਟਣ ਧੌਣਾਂ,
ਮੰਝਧਾਰੇ ਬਹਿ ਜਾਂਦੇ;
ਸਾਰੀ ਗਰਮੀ ਹਵਾ ਹੋ ਜਾਂਦੀ।
--ਫੌਜ ਵੀ ਆਓਂਦੀ ਉਹਦੀ?
ਲੂਸੀਅਸ:-ਸਾਰਡੀਜ਼ ਵਿੱਚ ਪੜਾਅ ਕਰੂਗੀ
ਅੱਜ ਓਸਦੀ ਫੋਜ,
ਵੱਡਾ ਹਿੱਸਾ ਰਸਾਲੇ ਵਾਲਾ
ਨਾਲ ਕੈਸੀਅਸ ਆਇਐ।
-ਪ੍ਰਵੇਸ਼ ਕੈਸੀਅਸ ਦਾ ਫੌਜ ਨਾਲ-
ਬਰੂਟਸ:-ਸੁਣੋ, ਸੁਣੋ! ਪੁੰਹਚ ਗਿਆ ਹੈ ਉਹ।
ਨਾਲ ਨਮ੍ਰਤਾ ਅੱਗੇ ਵਧਕੇ
ਕਰੋ ਸੁਆਗਤ ਉਹਦਾ।
ਕੈਸੀਅਸ:-ਠਹਿਰੋ,- ਹੋ-! ਕੌਣ ਤੁਸੀਂ ਹੋਂ?
ਬਰੂਟਸ:-ਰੁਕ ਜੋ ਥਾਂਈਂ ਹੋ-!
ਪਛਾਣ-ਸ਼ਬਦ ਹੈ ਕੀ ਤੁਹਾਡਾ?


-ਕਮਾਣ ਅਫਸਰ ਅੱਗੇ ਅੱਗੇ ਹੁਕਮ
ਵਧਾਓਂਦੇ ਹਨ-
ਪਹਿਲਾ:-ਠਹਿਰੋ-ਹੋ-!
ਦੂਜਾ:-ਠਹਿਰੋ-ਹੋ-!
ਤੀਜਾ:-ਠਹਿਰੋ-ਹੋ-!
ਕੈਸੀਅਸ:-ਅੱਤ ਕੁਲੀਨ ਭਰਾ ਮੇਰੇ ਤੂੰ
ਚੰਗਾ ਨਹੀਂ ਕੀਤਾ ਮੇਰੇ ਨਾਲ।
ਬਰੂਟਸ:-ਕਰੋ ਇਨਸਾਫ ਦੇਵਗਣ ਮੇਰੇ!
ਦੁਸ਼ਮਣ ਦਾ ਜਦ ਕਰਾਂ ਨਾ ਮੰਦਾ
ਭਰਾ ਦਾ ਮਾੜਾ ਕਰੂੰ ਮੈਂ ਕਿੱਦਾਂ?
ਕੈਸੀਅਸ:-ਬਰੂਟਸ ਆਹ ਸੰਜੀਦਗੀ ਤੇਰੀ,
ਜ਼ਿਆਦਤੀਆਂ ਛੁਪਾ ਲੈਂਦੀ ਹੈ;
ਤੇ ਜਦ ਤੂੰ ਕਰੇਂ ਵਧੀਕੀ ਕੋਈ--
ਬਰੂਟਸ:-ਕੈਸੀਅਸ! ਠੰਢ ਰੱਖ ਥੋੜੀ;
ਨੀਵੀਂ ਰੱਖ ਆਵਾਜ਼ ਆਪਣੀ;
ਰੰਜ ਜੋ ਦੱਸਣ ਲੱਗਿਐਂ;
ਚੰਗੀ ਤਰਾਂ ਮੈਂ ਜਾਣਾਂ ਤੈਨੂੰ:-
ਕਰੀਏ ਕਿਉਂ ਕੋਈ ਝਗੜਾ,
ਦੋਵਾਂ ਫੋਜਾਂ ਸਾਹਵੇਂ,
ਇਹ ਤਾਂ ਬੱਸ ਵੇਖਣ ਪਿਆਰ ਆਪਣਾ:
ਲਾਂਭੇ ਕਰਕੇ ਇਹਨਾਂ ਤਾਈਂ
ਤੰਬੂ ਦੇ ਵਿੱਚ ਆ ਜਾ,
ਰੱਜ ਰੱਜ ਦੱਸ ਤੂੰ ਰੰਜ ਆਪਣੇ,
ਮੈਂ ਸੁਣੂੰ ਗਾ ਸਾਰੇ।
ਕੈਸੀਅਸ:-ਪਿੰਡਾਰਸ! ਕੁਮੇਦਾਨਾਂ ਨੂੰ ਹੁਕਮ ਦੇ ਤੂੰ ਜਾਕੇ:
ਆਪਣੇ ਆਪਣੇ ਦਸਤੇ ਲੈ ਕੇ
ਹੋ ਜਾਵਣ ਉਹ ਲਾਂਭੇ-
ਥੋੜੀ ਦੂਰ ਇਸ ਥਾਂ ਤੋਂ।
ਬਰੂਟਸ:-ਲੂਸੀਲੀਅਸ! ਤੂੰ ਵੀ ਕਰ ਏਦਾਂ ਹੀ;
ਜਿੰਨਾ ਚਿਰ ਸਾਡੀ ਬੈਠਕ ਚੱਲ਼ੇ,
ਤੰਬੂ ਵਿੱਚ ਨਾ ਕੋਈ ਆਵੇ ।
ਲੂਸੀਅਸ ਅਤੇ ਟਿਟੀਨਸ
ਪਹਿਰਾ ਦੇਣ ਦਰਵਾਜ਼ੇ ਉੱਤੇ।
-ਪ੍ਰਸਥਾਨ-


-ਸੀਨ-੩॥ ਬਰੂਟਸ ਦੇ ਤੰਬੂ ਅੰਦਰ-
ਪ੍ਰਵੇਸ਼ ਬਰੂਟਸ ਅਤੇ ਕੈਸੀਅਸ-
ਕੈਸੀਅਸ:-ਤੂੰ ਮੇਰੇ ਨਾਲ ਮਾੜੀ ਕੀਤੀ,
ਸਾਫ ਦਿੱਸੇ ਇਸ ਗੱਲੋਂ:
ਲੂਸੀਅਸ ਪੈਲੇ ਤਾਈਂ ਭੰਡਿਆ
ਤੇ ਸਜ਼ਾ ਵੀ ਦਿੱਤੀ;
ਸਾਰਡੀਜ਼ ਦੇ ਲੋਕਾਂ ਕੋਲੋਂ
ਰਿਸ਼ਵਤ ਖਾਹਧੀ-
ਇਹ ਇਲਜ਼ਾਮ ਤੂੰ ਲਾਇਆ-;
ਮੈਂ ਪੱਤਰ ਲਿੱਖੇ,
ਬੇਨਤੀ ਅਤੇ ਸਿਫਾਰਸ਼ ਕੀਤੀ;
ਲਿੱਖਿਆ ਚੰਗਾ ਬੰਦਾ ਹੈ ਉਹ;
ਪਰ ਤੂੰ ਸਾਰੇ ਪੂੰਝ ਕੇ ਸੁੱਟੇ!
ਬਰੂਟਸ:-ਤੂੰ ਆਪਣੇ ਆਪ ਨਾਲ ਮੰਦਾ ਕੀਤਾ,
ਲਿੱਖੇ ਜੋ ਪੱਤਰ ਐਸੇ।
ਕੈਸੀਅਸ:-ਸਮਾਂ ਜੋ ਅਪਣਾ ਚੱਲ ਰਿਹਾ ਹੈ,
ਨਿੱਕੇ ਮੋਟੇ ਹਰ ਦੋਸ਼ ਲਈ
ਚੰਗਾ ਨਹੀਂ ਨਖੇਧੀ ਖੱਟੀਏ।
ਬਰੂਟਸ:-ਜੇ ਸੱਚ ਪੁੱਛੇਂ ਕੈਸੀਅਸ ਮੈਥੋਂ,
ਤੂੰ ਵੀ ਤਾਂ ਹੈਂ ਲੋਭੀ ਬੰਦਾ
ਹਥੇਲੀ ਤੇਰੀ ਚ ਖੁਰਕ ਹੈ ਰਹਿੰਦੀ,
ਸੋਨੇ ਖਾਤਰ ਵੇਚੀਂ ਜਾਵੇਂ
ਨਾਲਾਇਕਾਂ ਨੂੰ ਅਹੁਦੇ।
ਕੈਸੀਅਸ:-ਮੇਰੀ ਹਥੇਲ਼ੀ ਤੇ ਖਾਜ?
ਬਰੂਟਸ ਇਹ ਕੀ ਬੋਲ ਰਿਹਾ ਹੈਂ:
ਹੋਰ ਜੇ ਹੁੰਦਾ ਤੇਰੀ ਥਾਂ ਤੇ,
ਕਸਮ ਦੇਵਾਂ ਦੀ, ਆਖਰੀ ਬੋਲ ਹੋਣੇ ਸੀ ਉਹਦੇ!
ਬਰੂਟਸ:-ਇਜ਼ੱਤ ਬਖਸ਼ੇ ਰਿਸ਼ਵਤਖੋਰੀ ਤਾਈਂ ਤੇਰਾ ਨਾਮ
ਭਰਿਸ਼ਟਾਚਾਰ ਨੂੰ ਸਜ਼ਾ ਜੋ ਮਿਲਣੀ,
ਲੁਕ ਜਾਂਦੀ ਇਸ ਨਾਮ ਦੇ ਪਿੱਛੇ।
ਕੈਸੀਅਸ:-ਸਜ਼ਾ-!
ਬਰੂਟਸ:-ਯਾਦ ਕਰ ਮਾਰਚ ਦੀ ਪੰਦਰਾਂ-ਈਦ ਮਾਰਚ ਦੀ-
ਲਹੂ ਨਹੀਂ ਸੀ ਡੁਲ੍ਹਾ


ਮਹਾਨ ਸੀਜ਼ਰ ਦਾ ਇਨਸਾਫ ਦੀ ਖਾਤਰ?
ਸੀ ਕੋਈ ਅੈਸਾ ਗੁੰਡਾ, ਬਦਮਾਸ਼ ਕਾਤਲਾਂ ਅੰਦਰ:
ਵਾਹਿਆ ਨਹੀਂ ਸੀ ਖੰਜਰ ਜਿਸ ਨੇ
ਇਨਸਾਫ ਦੀ ਖਾਤਰ?
ਹੈ ਕੋਈ ਐਸਾ ਸਾਡੇ ਵਿੱਚੋਂ,
ਜੱਗ ਦਾ ਮਹਾਂ ਬਲੀ ਜਿਨ ਕੱਪਿਆਂ-
ਕਿਉਂਕਿ ਉਸ ਲੁਟੇਰੇ ਪਾਲੇ,
ਧਾੜਵੀਆਂ ਦਾ ਮੁੱਢ ਕਹਾਇਆ-
ਹੱਥ ਜੋ ਅਪਣੇ ਕਰੂਗਾ ਮੈਲੇ ਖੋਟੀ ਰਿਸ਼ਵਤ ਲੈਕੇ,
ਤੇ ਇੰਜ ਵੇਚੂ ਅਹੁਦੇ, ਮਰਤਬੇ ਅਪਣੇ ਖੇਤਰ ਅੰਦਰ
ਕੇਵਲ ਇੱਕ ਮੁੱਠ ਕਚਰੇ ਖਾਤਰ,
ਸੋਨਾ ਜਿਸ ਨੂੰ ਕਹਿੰਦੇ?
ਮੇਰੇ ਲਈ ਤਾਂ ਚੰਗਾ ਹੋਸੀ ਅਜੇਹਾ ਰੋਮਨ ਹੋਣੋਂ,
ਕੁੱਤਾ ਕਿਧਰੇ ਬਣ ਜਾਵਾਂ
ਤੇ ਭੌਂਕਾਂ ਚੰਦ ਵੱਲ ਕਰਕੇ ਮੂੰਹ।
ਕੈਸੀਅਸ:-ਬਰੂਟਸ! ਭੌਂਕ ਨਾ ਮੇਰੇ ਉੱਤੇ-
ਮੈਂ ਨਹੀਂ ਕਰਨਾ ਇਹ ਬਰਦਾਸ਼ਤ-
ਘੇਰਨ ਦੀ ਮੈਨੂੰ ਕੋਸ਼ਿਸ਼ ਨਾਂ ਕਰ ;
ਯੋਧਾ ਹਾਂ ਮੈਂ, ਤੈਥੋਂ ਵੱਧ ਤਜਰਬਾ ਮੇਰਾ,
ਕਾਬਲ ਹਾਂ ਵੱਧ ਤੇਰੇ ਨਾਲੋਂ;
ਤੈਅ ਕਰੂੰ ਗਾ ਸ਼ਰਤਾਂ ਵੀ ਮੈਂ।
ਬਰੂਟਸ:-ਚੱਲ, ਚੱਲ! ਤੂੰ ਨਹੀਂ ਕੈਸੀਅਸ ਪਹਿਲਾਂ ਵਾਲਾ।
ਕੈਸੀਅਸ:-ਮੈਂ ਹੀ ਹਾਂ ਉਹ ਕੈਸੀਅਸ।
ਬਰੂਟਸ:-ਮੈਂ ਕਹਿਨਾਂ ਤੂੰ ਉਹ ਰਿਹਾ ਨਹੀਂ।
ਕੈਸੀਅਸ:-ਹੋਰ ਨਾਂ ਮੈਨੂੰ ਉਂਗਲ ਲਾ ਤੂੰ,
ਭੁੱਲ ਜਾਵਾਂਗਾ ਆਪਾ;
ਸਿਹਤ ਅਪਣੀ ਦਾ ਰੱਖ ਧਿਆਨ,
ਹੋਰ ਨਾ ਮੈਨੂੰ ਤੂੰ ਉਕਸਾ।
ਬਰੂਟਸ:-ਦਫਾ ਹੋ-ਕਮੀਨੇ, ਮੱਕਾਰ!
ਕੈਸੀਅਸ:-ਕਿਵੇਂ ਹੈ ਇਹ ਹੋ ਸਕਦਾ ਮੁਮਕਿਨ?
ਬਰੂਟਸ:-ਸੁਣ ਜੋ ਮੈਂ ਹੁਣ ਕਹਿਨਾਂ!
ਅਜੇਹੇ ਅੰਨ੍ਹੇ ਗੁੱਸੇ ਤਾਈਂ ਕਿਵੇਂ ਕਰਾਂ ਬਰਦਾਸ਼ਤ?
ਪਾਗਲ ਜੇ ਕੋਈ ਅੱਖਾਂ ਟੱਡੇ
ਕੀ ਭਲਾ ਮੈਂ ਡਰ ਜੂੰ?


ਕੈਸੀਅਸ:-ਆਹ, ਓ ਦੇਵੋ, ਓ ਮੇਰੇ ਦੇਵੋ!
ਕਿਵੇਂ ਸਹਾਂ ਏਡਾ ਅਪਮਾਨ?
ਬਰੂਟਸ:-ਇਹ ਸਭ ਕੁੱਝ ਤੇ ਹੋਰ ਬੜਾ ਕੁੱਝ:
ਪਊ ਬਰਦਾਸ਼ਤ ਕਰਨਾ:
ਖਪ, ਖਿਝ ਤੇ ਕਰੋਧ ਚੜ੍ਹਾ ਤੂੰ,
ਦਿਲ ਪਾੜ ਲੈ ਆਪਣਾ;
ਜਾ ਵਖਾ ਗ਼ੁਲਾਮਾਂ ਤਾਈਂ ਕਿੰਨਾ ਤੂੰ ਕਰੋਧੀ;
ਕਾਂਬਾ ਛੇੜ ਬੰਧੂਆਂ ਨੂੰ ਜਾਕੇ,
ਹੁਕਮ ਤੇਰੇ ਦੇ ਜੋ ਗ਼ੁਲਾਮ;
ਮੇਰੇ ਉਪਰ ਅਸਰ ਨਾ ਕਾਈ।
ਕੀ ਮੈਂ ਕਰਾਂ ਖੁਸ਼ਾਮਦ ਤੇਰੀ?
ਤੱਕਾਂ ਖੜਾ ਮੈਂ ਤੇਰਾ ਮੂੰਹ?
ਕੋਡਾ ਹੋ ਕੇ ਕੰਨ ਫੜਾਂ ਸੜੀਅਲ ਗੁੱਸੇ ਅੱਗੇ?
ਦੇਵਤਿਆਂ ਦੀ ਕਸਮ ਐ ਮੈਨੂੰ,
ਇਹ ਕੁਝ ਨਹੀਂਓ ਹੋਣਾ:
ਜ਼ਹਿਰ ਆਪਣੀ ਪੀਣੀ ਪੈਸੀ
ਭਾਵੇਂ ਤੇਰਾ ਅੰਦਰ ਫੱਟਜੇ,
ਅੱਜ ਤੋਂ ਬਾਅਦ ਸਦਾ ਬਣੇਂਗਾ,
ਮਜ਼ਾਕ ਮੇਰੇ ਦਾ ਮੌਜੂ,
ਹੱਸੂਂਗਾ ਮੈਂ ਤੇਰੇ ਉੱਤੇ,
ਉੜਾਊਂ ਖਿੱਲੀ ਜਦ ਵੀ ਏਦਾਂ ਡੰਗ ਚਲਾਵੇਂ।
ਕੈਸੀਅਸ:-ਕੀ ਹੁਣ ਨੌਬਤ ਏਥੋਂ ਤੱਕ ਆਈ?
ਬਰੂਟਸ:-ਤੂੰ ਆਖੇਂ ਤੂੰ ਬਿਹਤਰ ਸੈਨਿਕ:
ਜ਼ਰਾ ਵਖਾ ਤਾਂ ਬਣਕੇ;
ਮੈਨੂੰ ਖੁਸ਼ੀ ਬੜੀ ਹੋਵੇਗੀ,
ਕਰ ਖਾਂ ਅਪਣਾ ਦਾਅਵਾ ਸੱਚਾ:
ਜਿੱਥੋਂ ਤੱਕ ਹੈ ਮੇਰਾ ਤਅੱਲੁੱਕ,
ਖੁਸ਼ੀ ਨਾਲ ਮੈਂ ਸਿੱਖਿਆ ਲੈਣੀ
ਤੇਰੇ ਜਿਹੇ 'ਅਸੀਲਾਂ' ਕੋਲੋਂ।
ਕੈਸੀਅਸ:-ਤੂੰ ਮੇਰੇ ਨਾਲ ਮਾੜੀ ਕਰਦੈਂ-
ਹਰ ਪੱਖੋਂ ਤੂੰ ਮਾੜੀ ਕਰੇਂ ਬਰੂਟਸ!
ਮੈਂ ਕਿਹਾ ਸੀ 'ਉਮਰ ਚ ਵੱਡਾ ਸੈਨਿਕ ਹਾਂ ਮੈਂ',
ਨਹੀਂ ਕਿਹਾ ਸੀ 'ਬਿਹਤਰ ਸੈਨਿਕ':
ਕਿਹਾ ਭਲਾ ਸੀ 'ਬਿਹਤਰ'?


ਬਰੂਟਸ:-ਜੇ ਤੂੰ ਕਿਹਾ ਪਰਵਾਹ ਨਹੀਂ ਮੈਨੂੰ।
ਕੈਸੀਅਸ:-ਜ਼ਿੰਦਾ ਸੀਜ਼ਰ ਚ ਜੁਰਅੱਤ ਨਹੀਂ ਸੀ,
ਮੈਨੂੰ ਏਦਾਂ ਚੜ੍ਹਾਵੇ ਗੁੱਸਾ।
ਬਰੂਟਸ:-ਠੰਢ ਰੱਖ, ਠੰਢ! ਤੂੰ ਜੁਰਅੱਤ ਨਹੀਂ ਸੀ ਕਰਦਾ
ਉਕਸਾਣ ਦੀ ਉਹਨੂੰ।
ਕੈਸੀਅਸ:-ਮੈਂ ਜੁੱਰਅੱਤ ਨਹੀਂ ਸੀ ਕਰਦਾ?
ਬਰੂਟਸ:-ਨਹੀਂ, ਬਿਲਕੁਲ ਨਹੀਂ।
ਕੈਸੀਅਸ:-ਕੀ ਕਿਹਾ? ਜੁਰਅੱਤ ਨਹੀਂ ਸੀ ਕਰਦਾ
ਉਕਸਾਣ ਦੀ ਉਹਨੂੰ?
ਬਰੂਟਸ:-ਅਪਣੀ ਜਾਨ ਬਚਾਵਣ ਖਾਤਰ-
ਨਹੀਂ ਸੀ ਕਰਦਾ ਤੂੰ।
ਕੈਸੀਅਸ:-ਏਨੀ ਖੁੱਲ੍ਹ ਨਾ ਲੈ ਬਰੂਟਸ! ਮੇਰੀ ਮੁਹੱਬਤ ਨਾਲ;
ਕਰ ਨਾਂ ਬੈਠਾਂ ਕੁੱਝ ਅਜੇਹਾ,
ਅਫਸੋਸ ਰਹੇ ਫਿਰ ਮੈਨੂੰ।
ਬਰੂਟਸ:-ਪਹਿਲਾਂ ਹੀ ਕਰ ਬੈਠੈਂ ਉਹ ਕੁੱਝ,
ਅਫਸੋਸ ਰਹੂ ਜੀਹਦਾ ਤੈਨੂੰ;
ਤੇਰੀਆਂ ਧਮਕੀਆਂ ਵਿੱਚ ਕੈਸੀਅਸ!
ਜਾਨ ਨਹੀਂ ਹੈ ਕੋਈ;
ਢਾਲ ਮੇਰੀ ਈਮਾਨ ਹੈ ਮੇਰਾ,
ਕੁੱਝ ਵਿਗਾੜ ਨਾ ਸੱਕੇ,
ਲੰਘ ਜਾਵਣ ਇਹ ਮੇਰੇ ਕੋਲੋਂ, ਹਵਾ ਦੇ ਬੁੱਲ੍ਹੇ ਵਾਂਗੂੰ।
ਮੈਂ ਕੱਠੀ ਨਹੀਂ ਕਰਦਾ ਮਾਇਆ ਮਾੜੇ ਸਾਧਨਾਂ ਨਾਲ;
ਇਸੇ ਲਈ ਮੰਗਾਇਆ ਕੁੱਝ ਸੀ ਤੇਰੇ ਕੋਲੋਂ ਸੋਨਾ-
ਜਿਸ ਤੋਂ ਤੂੰ ਕੀਤਾ ਇਨਕਾਰ:
ਕਸਮ ਰੱਬ ਦੀ!
ਚੀਰਾਂ ਦਿਲ ਆਪਣਾ ਤੇ ਲਹੂ ਵਗਾਵਾਂ,
ਹਰ ਕਤਰੇ ਦੇ ਦਿਰਹਮ ਬਣਾਵਾਂਪਰ ਕਿਸਾਨਾਂ ਦੇ ਖਰ੍ਹਵੇ ਹੱਥੋਂ
ਕਦੇ ਨਾ ਖੋਹਾਂ ਸਖਤ ਕਮਾਈ,
ਸੁੱਕੇ ਲੁਕਮੇ ਭੁੱਖੇ ਮੂਹਾਂ ਚੋਂ-
ਖੋਹ ਨਾ ਸੱਕਾਂ ਹੀਣੀ ਕਮਾਈ।
ਦੇਣੀ ਸੀ ਤਨਖਾਹ ਫੌਜਾਂ ਨੂੰ,
ਇਸ ਲਈ ਮੰਗਿਆ ਤੇਥੋਂ ਸੋਨਾ,


ਪਰ ਤੂੰ ਕੀਤਾ ਇਨਕਾਰ:
ਕੀ ਹੈ ਸੀ ਇਹ ਕੈਸੀਅਸ ਦੀ ਕਰਨੀ?
ਤੇਰੀ ਥਾਂ ਜੇ ਮੈਂ ਹੁੰਦਾ,ਕਰਦਾ ਕਦੇ ਇਨਕਾਰ?
ਮਾਰਕਸ ਬਰੂਟਸ ਜਿੱਦੇਂ ਹੋਇਆ ਏਨਾਂ ਲੋਭੀ:
ਤਾਲਿਆਂ ਅੰਦਰ ਰੱਖੂ ਸਾਂਭ ਕੇ,
ਭੰਨ ਘੜ ਸਾਰੀ ਮਿੱਤਰਾਂ ਤੋਂ ਛੁਪਾਕੇ-
ਓਦੇਂ, ਦੇਵਗਣ! ਕਰੋ ਵੱਜਰ ਦਾ ਵਾਰ,
ਭੰਨ ਹੰਕਾਰੀ ਸਿਰ ਓਸਦਾ
ਕਰ ਦਿਉ ਟੁਕੜੇ ਟੁਕੜੇ!
ਕੈਸੀਅਸ:-ਮੈਂ ਤੈਨੂੰ ਇਨਕਾਰ ਨਹੀਂ ਕੀਤਾ।
ਬਰੂਟਸ:-ਤੂੰ ਕੀਤਾ।
ਕੈਸੀਅਸ:-ਮੈਂ ਨਹੀਂ ਕੀਤਾ: ਉਹ ਤਾਂ ਮੂਰਖ ਸੀ
ਜੋ ਲਿਆਇਆ ਮੇਰਾ ਉੱਤਰ-
ਬਰੂਟਸ! ਤੂੰ ਤਾਂ ਦਿਲ ਫੱਟਿਆ ਮੇਰਾ:
ਕਮਜ਼ੋਰੀਆਂ ਕਰਦੇ ਯਾਰ ਹੀ ਮੁਆਫ,
ਪਰ ਤੂੰ ਤਾਂ ਬਰੂਟਸ ਪੁੱਠਾ ਵਗਦੈਂ;
ਮੇਰੀਆਂ ਨੂੰ ਐਵੇਂ ਵੱਡਿਆਂ ਕਰਦੈਂ,
ਪਰ ਇਹ ਐਡੀਆਂ ਹੈ ਨੀ ਯਾਰ!
ਬਰੂਟਸ:-ਮੈਂ ਨੀ ਕਰਦਾ ਓਨਾ ਚਿਰ
ਜਦ ਤੀਕ ਨਾਂ ਵਰਤੇਂ ਮੇਰੇ ਉੱਤੇ।
ਕੈਸੀਅਸ:-ਤੇਰਾ ਮੇਰੇ ਨਾਲ ਮੋਹ ਈ ਹੈ ਨੀ।
ਬਰੂਟਸ:-ਦੋਸ਼ ਤੇਰੇ ਨੇ ਮਾੜੇ ਲਗਦੇ।
ਕੈਸੀਅਸ:-ਯਾਰ ਯਾਰੀ ਦੇ ਪਿੱਛੇ ਜਾਂਦੇ
ਦੋਸ਼ ਨਾ ਲੱਭੇ ਯਾਰ ਦੀ ਅੱਖ।
ਬਰੂਟਸ:-ਪਰਬਤ ਜਿੱਡੇ ਦੋਸ਼ ਜੇ ਹੋਵਣ,
ਚਾਪਲੂਸ ਦੀ ਅੱਖ ਨਾ ਵੇਖੇ।
ਕੈਸੀਅਸ:-ਆਓ ਐਨਟਨੀ ਅਤੇ ਅੋਕਟੇਵੀਅਸ!
ਕੈਸੀਅਸ ਕੱਲੇ ਤੋਂ ਲੈਲੋ ਬਦਲਾ:
ਅੱਕਿਆ ਥੱਕਿਆ ਫਿਰਦੈ ਦੁਨੀਆਂ ਕੋਲੋਂ;
ਉਹੀਓ ਉਹਨੂੰ ਨਫਰਤ ਕਰਦਾ
ਜਿਸ ਨੂੰ ਹੈ ਪਿਆਰ ਉਹ ਕਰਦਾ
ਭਾਈਬੰਦ ਲਲਕਾਰੇ ਉਹਨੂੰ,
ਰੋਕੇ ਟੋਕੇ ਜਿਉਂ ਹੋਏ ਗ਼ੁਲਾਮ,


ਕੱਢੇ ਦੋਸ਼, ਬਣਾਵੇ ਸੂਚੀ, ਰੱਟਾ ਮਾਰੇ ਰੱਖੇ ਯਾਦ:
ਗੱਲ ਗੱਲ ਉੱਤੇ ਮਾਰੇ ਮੂੰਹ ਤੇ, ਕਰੇ ਕਦੇ ਨਾ ਮਾਫ।
ਓ, ਬੰਦਿਆ! ਮੈਂ ਰੋ ਤਾਂ ਸਕਦਾਂ;
ਅਸ਼ਕਾਂ ਰਾਹੀਂ ਵਗ ਸੱਕੇ ਰੂਹ ਵੀ!-
ਪਰ ਆਹ ਲੈ ਖੰਜਰ ਮੇਰਾ ਫੜ ਲੈ,
ਨੰਗਾ ਸੀਨਾ ਹਾਜ਼ਰ ਮੇਰਾ,
ਜਹਿਦੇ ਅੰਦਰ ਦਿਲ ਵੀ ਹੈ ਸੀ,
ਕੁਬੇਰ ਦੇ ਕੁਲ ਧਨ ਤੋਂ ਮਹਿੰਗਾ-
ਮਹਿੰਗਾ ਸੋਨੇ ਨਾਲੋਂ:
ਜੇ ਤੂੰ ਸੱਚਾ ਰੋਮਨ ਹੈਸੀ, ਪਾੜਕੇ ਕੱਢ ਲੈ ਇਹਨੂੰ;
ਕੀਤਾ ਸੀ ਇਨਕਾਰ ਸੋਨੇ ਤੋਂ,
ਦਿਲ ਹੁਣ ਹਾਜ਼ਰ ਮੇਰਾ:
ਸੀਜ਼ਰ ਤੇ ਜਿਵੇਂ ਵਾਰ ਕੀਤਾ ਸੀ, ਮਾਰ ਹੁਣ ਖੰਜਰ ਮੇਰੇ;
ਮੈਂ ਜਾਣਦਾਂ ਸੀਜ਼ਰ ਨੂੰ ਤੂੰ ਘਿਰਣਾ ਕੀਤੀ,
ਪਰ ਪਿਆਰ ਕੀਤਾ ਸੀ ਕੈਸੀਅਸ ਨਾਲੋਂ ਬਾਹਲਾ।
ਬਰੂਟਸ:-ਅਪਣਾ ਖੰਜਰ ਰੱਖ ਮਿਆਨੇ ,
ਗੁੱਸਾ ਕਰ ਲੀਂ ਜਦ ਤੂੰ ਕਰਨਾ,
ਮੌਕੇ ਮਿਲਣ ਗੇ ਹੋਰ ਬਹੁਤੇਰੇ,
ਕਰ ਲੀਂ ਫੇਰ ਤੂੰ ਜੋ ਵੀ ਕਰਨਾ;
ਤੇਰੀ ਹੱਤਕ, ਮਸਖਰੀ ਮੇਰੀ
ਬਣੂੰ ਸੁਭਾਅ ਇਹ ਤੇਰਾ;
ਓ, ਕੈਸੀਅਸ! ਤੂੰ ਤਾਂ ਜੁੜਿਆ ਲੇਲ਼ੇ ਨਾਲ ਪੰਜਾਲੀ,
ਚਕਮਾਕ ਦੀ ਚੰਗਿਆੜੀ ਵਰਗਾ ਗੁੱਸਾ ਜੀਹਦਾ:
ਤੇਜ਼ੀ ਨਾਲ ਚੰਗਾੜੀ ਚਮਕੇ, ਧੱਕੇ ਨਾਲ ਘਸਾਈਏ,
ਓਨੀ ਛੇਤੀ ਗ਼ਾਇਬ ਹੋ ਜਾਂਦੀ, ਜਿੰਨੀ ਤੇਜ਼ ਲਿਆਈਏ -
ਪਲ ਛਿਨ ਅੰਦਰ ਅੱਗ ਓਸਦੀ ਕਿਧਰੇ ਹੀ ਖੋ ਜਾਵੇ।
ਕੈਸੀਅਸ:-ਤਾਂ ਤੇ ਕੈਸੀਅਸ ਜ਼ਿੰਦਾ ਹੈ ਸੀ ਸਿਰਫ ਬਰੂਟਸ ਖਾਤਰ:
ਖੂਨ ਚ ਉਹਦੇ ਹੋਏ ਖਰਾਬੀ ਤਬੀਅਤ ਉਹਦੀ ਵਿਗੜੇ
ਗੁੱਸਾ ਜੇ ਆ ਜਾਵੇ ਉਹਨੂੰ, ਹੱਸ ਤੁੱਸ ਛੱਡੇ ਟਾਲ,
ਕੈਸੀਅਸ ਦਾ ਉਹ ਮੌਜੂ ਬੰਨ੍ਹੇ, ਠੱਠਾ ਕਰੇ ਓਸਦੇ ਨਾਲ-
ਕਰੇ ਤਬੀਅਤ ਬਹਾਲ ਆਪਣੀ ਸਦਾ ਰਹੇ ਖੁਸ਼ਹਾਲ।
ਬਰੂਟਸ:-ਜਦ ਮੈਂ ਗੱਲ ਕਹੀ ਸੀ ਏਹੇ,
ਗੁੱਸੇ ਨਾਲ ਸੀ ਲਾਲੋ ਲਾਲ-।


ਕੈਸੀਅਸ:-ਏਨੀ ਜੇ ਸਵੀਕਾਰ ਕਰੇਂ ਤੂੰ, ਹੱਥ ਸੁੱਟ ਮੇਰੇ ਵੱਲ।
ਬਰੂਟਸ:-ਦਿਲ ਵੀ ਮੇਰਾ ਹਾਜ਼ਰ-।
ਕੈਸੀਅਸ:-ਓ, ਬਰੂਟਸ!-
ਬਰੂਟਸ:-ਹੁਣ ਕੀ ਹੋਇਆ?
ਕੈਸੀਅਸ:-ਏਨਾਂ ਪਿਆਰ ਨਹੀਂ ਹੈ ਤੈਨੂੰ
ਕਿ ਜਰ ਸੱਕੇਂ ਮੇਰੇ ਨਾਲ
ਜਦ ਵੀ ਮੈਨੂੰ ਆਵੇ ਗੁੱਸਾ ਆਪਾ ਜਦ ਭੱਲ ਜਾਵਾਂ,
ਮਾਂ ਦੇ ਦੁੱਧ ਦਾ ਅਸਰ ਸਮਝਕੇ ਟਾਲ ਛੱਡੇਂ ਤੂੰ ਇਹਨੂੰ?
ਬਰੂਟਸ:-ਠੀਕ ਕੈਸੀਅਸ!
ਹੁਣ ਤੋਂ ਬਾਅਦ ਬਰੂਟਸ ਨਾਲ ਕਰੇਂ ਜਦ ਗੁੱਸਾ
ਸਮਝ ਲਵਾਂਗਾ 'ਮਾਂ' ਨੇ ਤੈਨੂੰ ਕੀਤੈ ਤੰਗ!
ਹੱਸ ਕੇ ਦੇਵਾਂ ਟਾਲ।
-ਸ਼ੋਰ ਦੀ ਆਵਾਜ਼-
ਕਵੀ:-(ਬਾਹਰੋਂ) ਜਾਣ ਦਿਉ ਮੈਨੂੰ ਅੰਦਰ-
ਮਿਲਣ ਦਿਓ ਜਰਨੈਲਾਂ ਤਾਈਂ।
ਨਾਰਾਜ਼ ਨੇ ਦੋਵੇਂ-ਚੰਗਾ ਨਹੀਂ ਹੈ ਛੱਡਣਾ ਕੱਲੇ।
ਲੂਸੀਅਸ:-(ਬਾਹਰ) ਤੂੰ ਨਹੀਂ ਜਾਂਣਾ ਅੰਦਰ।
(ਬਾਹਰ) ਮਰ ਜਾਵਾਂ ਗਾ ਪਰ ਨਹੀਂ ਰੁਕਾਂ ਗਾ।
-ਕਵੀ ਅੰਦਰ ਆਓਂਦਾ ਹੈ।
ਲੁਸੀਲੀਅਸ ਤੇ ਟਿਟੀਨਸ ਪਿੱਛੇ ਆਓਂਦੇ ਹਨ-
ਕੈਸੀਅਸ:-ਕੀ ਹੈ ਬਈ? ਗੱਲ ਤੇ ਦੱਸੋ?
ਕਵੀ:-ਸ਼ਰਮ ਨਹੀਂ ਆਉਂਦੀ ਜਰਨੈਲਾਂ ਨੂੰ?
ਕੀ ਪਏ ਕਰਦੇ?
ਰੱਖੋ ਦੋਸਤੀ, ਬੰਦਿਆਂ ਵਾਂਗੂੰ ਪਿਆਰ ਕਰੋ:
ਮੈਂ ਵਡੇਰਾ ਤੁਹਾਡੇ ਨਾਲੋਂ ਵੇਖੀ ਦੁਨੀਆ ਬਹੁਤੀ।
ਕੈਸੀਅਸ:-ਹਾ-ਹਾ-! ਕਿੰਨੀ ਮਾੜੀ ਇਸ ਸਨਕੀ ਨੇ
ਤੁਕ ਮਿਲਾਈ!
ਬਰੂਟਸ:-ਓ ਨਵਾਬਾ! ਦਫਾ ਹੋ ਏਥੋਂ, ਤੁਰਸ਼ ਜ਼ੁਬਾਨਾ!
ਕੈਸੀਅਸ:-ਸਬਰ ਕਰ ਬਰੂਟਸ!
ਐਸਾ ਹੀ ਇਹ ਹੈ ਸੀ।
ਬਰੂਟਸ:-ਖਬਤ ਏਸ ਦਾ ਤਾਂ ਹੀ ਸਮਝਾਂ,
ਜੇ ਇਹ ਵਕਤ ਵਿਚਾਰੇ:
ਅਜਿਹੇ ਮਲੰਗ ਨਚਾਰਾਂ ਦਾ ਤਅੱਲੁਕ ਕੀ ਏ ਯੁੱਧ ਦੇ ਨਾਲ!
ਚਲ ਬਈ ਜਣਿਆ! ਕਰ ਵਿਹਲਾ ਵਿਹੜਾ!


ਕੈਸੀਅਸ-:ਦੂਰ- ਦੂਰ ਹੋ ਏਥੋਂ!
-ਕਵੀ ਜਾਂਦਾ ਹੈ-
ਬਰੂਟਸ-:ਲੂਸੀਲੀਅਸ ਅਤੇ ਟਿਟੀਨੀਅਸ!
ਹੁਕਮ ਦਿਓ ਕੁਮੇਦਾਨਾਂ ਤਾਈਂ
ਤਿਆਰੀ ਕਰਨ ਪੜਾਅ ਦੀ,
ਏਥੇ ਰਾਤ ਰਹਾਂਗੇ ।
ਕੈਸੀਅਸ-:ਆਪੂੰ ਮੁੜਕੇ ਆਓ ਛੇਤੀ,
ਨਾਲ ਲਿਆਓ ਮੈਸੱਲੇ ਨੂੰ ਵੀ।
-ਲੂਸੀਲੀਅਸ ਤੇ ਟਿਟੀਨਸ ਜਾਂਦੇ ਹਨ-
ਬਰੂਟਸ-:ਲੂਸੀਅਸ!ਲਿਆ ਇੱਕ ਪਿਆਲਾ ਸ਼ਰਾਬ
ਲਿਆ ਤੂੰ।
ਕੈਸੀਅਸ-:ਬਰੂਟਸ! ਏਨਾ ਗੁੱਸਾ?
ਬਰੂਟਸ-:ਓ ਕੈਸੀਅਸ! ਮੈਂ ਦੁਖੀ ਹਾਂ, ਰੰਜ ਬੜੇ ਨੇ!
ਕੈਸੀਅਸ-:ਜੇ ਇਤਫਾਕਨ ਮੰਦਾ ਹੁੰਦੈ,
ਦਰਸ਼ਨ, ਦਲੀਲ ਦਾ ਆਪਣੀ
ਕਿਉਂ ਪ੍ਰਯੋਗ ਨਹੀਂ ਕਰਦਾ?
ਬਰੂਟਸ-:ਕੋਈ ਨਹੀਂ ਜੋ ਜਰ ਸੱਕੇ
ਮੇਰੇ ਵਾਂਗੂੰ ਰੰਜ ਓ ਗ਼ਮ!
ਪੋਰਸ਼ੀਆ ਟੁਰ ਗਈ ਐ!
ਕੈਸੀਅਸ-:ਹਾ-! ਪੋਰਸ਼ੀਆਂ-!
ਬਰੂਟਸ-:ਉਹ ਮਰ ਗਈ ਐ।
ਕੈਸੀਅਸ-:ਤੇ ਕਿਵੇਂ ਮੈਂ ਬਚਿਆ ਤੇਰੇ ਹੱਥੋਂ,
ਜਦ ਤੇਰੇ ਨਾਲ ਆਢਾ ਲਾਇਆ?
ਆਹ! ਕਿੰਨਾ ਅਸਹਿ, ਕਿੰਨਾ ਦਿਲਵਿੰਨਵਾਂ
ਪਿਆ ਇਹ ਘਾਟਾ!
ਪਰ ਹੋਇਆ ਕੀ ਸੀ ਆਖਰ?
ਕਿਹੜੀ ਸੀ ਬੀਮਾਰੀ?
ਬਰੂਟਸ-:ਮੈਂ ਘਰੋਂ ਗਾਇਬ ਸੀ,
ਕਾਹਲੀ ਪਈ ਸੀ ਓਹ;
ਦੁਖੀ ਬੜੀ ਸੀ, ਰੰਜ ਸੀ ਉਹਨੂੰ:
ਐਨਟਨੀ ਤੇ ਔੋਕਟੇਵੀਅਸ ਗੱਭਰੂ
ਹੱਥ ਮਿਲਾਕੇ ਹੋਏ ਸੀ ਤਕੜੇ;
ਉਹਦੀ ਮਰਗ ਤੇ ਆਹ ਖਬਰ


ਇੱਕੋ ਵੇਲੇ ਆਈਆਂ;-
ਸੁਣ ਕੇ ਇਹ ਚਕਰਾ ਗਈ ਸੀ
ਗ਼ੁਲਾਮ ਨਹੀਂ ਸਨ ਹਾਜ਼ਰ,
ਫੱਕੀ ਅੱਗ ਕੱਲੀ ਨੇ।
ਕੈਸੀਅਸ-:ਤੇ ਬੱਸ ਮਰ ਗਈ ਏਦਾਂ?
ਬਰੂਟਸ-:ਬਿਲਕੁਲ ਏਵੇਂ।
ਕੈਸੀਅਸ-:ਆਹ, ਓ ਅਬਨਾਸ਼ੀ ਦੇਵੋ!
-ਲੂਸੀਅਸ ਸ਼ਰਾਬ ਤੇ ਸ਼ਮਾਅ ਲੈਕੇ ਆਓਂਦਾ ਹੈ-
ਬਰੂਟਸ-:ਬੱਸ, ਹੋਰ ਨਾਂ ਉਹਦੀ ਗੱਲ ਕਰ ਹੁਣ।-
ਲਿਆ ਇੱਕ ਪਿਆਲਾ ਸ਼ਰਾਬ ਦੇ ਮੈਨੂੰ।-
ਬੇਲਿਹਾਜ਼ੀ ਤੇ ਬੇਤਰਸੀ ਨੂੰ
ਏਦ੍ਹੇ ਵਿੱਚ ਡਬੋਵਾਂ ਕੈਸੀਅਸ!
(ਜਾਮ ਪੀਂਦਾ ਹੈ)
ਕੈਸੀਅਸ-:ਦਿਲ ਤਾਂ ਮੇਰਾ ਵੀ ਤਰਸੇ
ਸੁਆਦ ਚੱਖਣ ਨੂੰ ਇਹਦਾ,
ਭਰ ਪਿਆਲਾ ਲੂਸੀਅਸ! ਲਬਾਲਬ ਮੇਰਾ,
ਪੀਵਾਂ ਲਾਕੇ ਡੀਕ, ਭਾਵੇਂ ਪਿਆਰ ਬਰੂਟਸ ਦਾ
ਜ਼ਿਆਦਾ ਨਹੀਂ ਪੀ ਸਕਦਾ।
-ਪੀਂਦਾ ਹੈ-
ਬਰੂਟਸ-:ਆ ਜਾ, ਅੰਦਰ ਆ ਜਾ ਟਿਟੀਨੀਅਸ!
-ਟਿਟੀਨੀਅਸ ਦਾ ਮੈਸਾਲੇ ਨਾਲ ਮੁੜ ਪ੍ਰਵੇਸ਼-
ਆਓ ਬੈਠੋ ਸ਼ਮਾਅ ਦੁਅਲੇ ਨੇੜੇ ਹੋਕੇ,
ਉਂਗਲਾਂ ਉੱਤੇ ਗਿਣੀਏ ਆਪਾਂ
ਕੀ ਨੇ ਲੋੜਾਂ ਆਪਣੀਆਂ।
ਕੈਸੀਅਸ-:ਹਾਏ, ਪੋਰਸ਼ੀਆ! ਤੂੰ ਛੱਡ ਗਈ ਦੁਨੀਆਂ!
ਬਰੂਟਸ-:ਗੁਜ਼ਾਰਸ਼ ਮੇਰੀ ਹੋਰ ਨਾਂ ਬੋਲ!-
ਮੈਸਾਲਾ! ਮੇਰੇ ਕੋਲ ਨੇ ਪੱਤਰ ਆਏ,
ਜਵਾਂਸਾਲ ਔਕਟੇਵੀਅਸ
ਤੇ ਮਾਰਕ ਐਨਟਨੀ ਲੈਕੇ ਸ਼ਕਤੀਸ਼ਾਲੀ ਫੋਜ,
ਹਮਲਾ ਕਰਨਗੇ ਆਪਣੇ ਉੱਤੇ,
ਮੋੜਣ ਮੁਹਿੰਮ ਫਿਲਪੀ ਦੇ ਵੱਲ।
ਮੈਸਾਲਾ-:ਮੇਰੇ ਕੋਲ ਵੀ ਪੱਤਰ ਆਏ,
ਉਹਨਾਂ ਦਾ ਵੀ ਇਹੋ ਲਹਿਜਾ।


ਬਰੂਟਸ-:ਹੋਰ ਵੀ ਹੋਣੈ ਕੁੱਝ ਉਹਨਾਂ ਵਿੱਚ?
ਮੈਸਾਲਾ-:ਇਹ ਕਿ ਪ੍ਰਤੀਬੰਧਨ ਦੇ ਫਤਵੇ ਲਾਕੇ,
ਔਕਟੇਵੀਅਸ, ਐਨਟਨੀ, ਲੈਪੀਡਸ ਤਿੱਕੜੀ
ਮਾਰ ਮੁਕਾਏ ਇੱਕ ਸੈਂਕੜਾ ਸਾਂਸਦ।
ਬਰੂਟਸ-:ਏਸ ਗੱਲ ਚ ਮਿਲਦੇ ਨਹੀਂ
ਪੱਤਰ ਅਸਾਡੇ;
ਮੇਰਿਆਂ ਵਿੱਚ ਤਾਂ ਲਿਖਿਐ,
ਪੰਝੱਤਰ ਮਾਰੇ ਸਾਂਸਦ
ਫਤਵੇ ਨਾਲ ਉਨ੍ਹਾਂ ਦੇ; ਤੇ ਸਿਸਰੋ ਵੀ ਹੈ ਵਿੱਚੇ।
ਕੈਸੀਅਸ-:ਸਿਸਰੋ ਵੀ ਓਹਨਾਂ ਚੋਂ ਇੱਕ?
ਮੈਸਾਲਾ-:ਸਿਸਰੋ ਕਤਲ ਹੋ ਗਿਐ ਓਸੇ ਫਤਵੇ ਕਾਰਨ।
ਕੀ ਚਿੱਠੀਆਂ ਇਹ ਘਰਵਾਲੀ ਭੇਜੀਆਂ ਤੁਹਾਨੂੰ?
ਬਰੂਟਸ-:ਨਹੀਂ ਮੈਸਾਲਾ।
ਮੈਸਾਲੇ-:ਨਾਂ ਹੀ ਉਨ੍ਹਾਂ ਚ ਕੁੱਝ ਸ਼੍ਰੀਮਤੀ ਬਾਰੇ ਲਿਖਿਆ?
ਬਰੂਟਸ-:ਬਿਲਕੁਲ ਨਹੀਂ ਮੈਸਾਲਾ।
ਮੈਸਾਲਾ-:ਇਹ ਤਾਂ ਗੱਲ ਬੜੀ ਵਚਿੱਤਰ ਲੱਗੇ!
ਬਰੂਟਸ-:ਕਿਉਂ ਪੁੱਛਦਾ ਹੈਂ? ਕੀ ਤੇਰੇ ਪੱਤਰਾਂ ਵਿੱਚ
ਹੈ ਕੁੱਝ ਉਹਦੇ ਬਾਰੇ?
ਮੈਸਾਲਾ-:ਨਹੀਂ, ਮਾਲਿਕ।
ਬਰੂਟਸ-:ਰੋਮਨ ਹੈਂ ਤੂੰ, ਸੱਚ ਦੱਸ ਮੈਨੂੰ।
ਮੈਸਾਲਾ-:ਸੱਚ ਫਿਰ ਸੁਣ ਰੋਮਨਾਂ ਵਾਂਗੂੰ,
ਤੇ ਕਰ ਸਹਿਣ ਵੀ:
ਸੱਚੀਂ ਉਹ ਮਰ ਗਈ ਹੈ
ਬੜੇ ਅਜੀਬ ਸਬੱਬੀਂ।
ਬਰੂਟਸ-:ਆਹ, ਅਲਵਿਦਾ ਪੋਰਸ਼ੀਆ!-
ਅਸੀਂ ਵੀ ਮਰ ਜਾਣਾ ਮੈਸਾਲਾ:
ਇਹ ਸੋਚਕੇ ਉਹਨੇ ਇੱਕੋ ਵਾਰੀਂ ਸੀ ਮਰਨਾ,
ਕਰ ਲੀ ਸਬਰ ਸਬੂਰੀ ਮੈਂ ਤਾਂ।
ਮੈਸਾਲਾ-:ਮਹਾਂ ਮਨੁੱਖ ਏਵੇਂ ਹੀ ਸਹਿੰਦੇ ਮਹਾਨ ਹਾਨੀਆਂ!
ਕੈਸੀਅਸ-:ਭਾਵੇਂ ਸਹਿਨਸ਼ੀਲ ਹਾਂ ਮੈਂ ਵੀ,
ਪਰ ਸੁਭਾਅ ਹੈ ਮੇਰਾ
ਇਉਂ ਸਹਿ ਨਹੀਂ ਸਕਦਾ ਤੇਰੇ ਵਾਂਗੂੰ।
ਬਰੂਟਸ-:ਚੰਗਾ ਫਿਰ ਹੁਣ ਜਿਉਂਦਿਆਂ ਵਾਲੀ ਕਰੀਏ ਗੱਲ-
ਹੱਥ ਦਾ ਕੰਮ ਮੁਕਾਈੇਏ।
ਕੀ ਕਹਿੰਦੇ ਹੋ ਚੜ੍ਹਾਈ ਕਰੀਏ ਫਿਲਪੀ ਉੱਤੇ?


ਕੈਸੀਅਸ-:ਮੈਨੂੰ ਇਹ ਤਜਵੀਜ਼ ਲੱਗੀ ਨਹੀਂ ਚੰਗੀ।
ਬਰੂਟਸ-:ਕੀ ਦਲੀਲ ਹੈ ਤੇਰੀ?
ਕੈਸੀਅਸ-:ਦਲੀਲ ਮੇਰੀ ਹੈ, ਦੁਸ਼ਮਣ ਸਾਨੂੰ ਲੱਭਦਾ ਆਵੇ:
ਸਾਧਨ ਉਹਦੇ ਹੋਸਨ ਨਾਸ਼,
ਜੁਆਨਾਂ ਤਾਂਈਂ ਥਕੇਵਾਂ ਤੋੜੇ
ਅਪਣੇ ਰਾਹ ਰੋੜੇ ਅਟਕਾਵੇ;
ਤੇ ਆਪਾਂ ਕਰੀਏ ਆਰਾਮ,
ਬਚਕੇ ਰੱਹੀਏ, ਤਿੱਖੇ ਰੱਹੀਏ ਹਰ ਵੇਲੇ ਤੱਆਰ।
ਬਰੂਟਸ-:ਚੰਗੀ ਰਾਏ ਮਜਬੂਰਨ ਦੇਵੇ ਬਿਹਤਰ ਰਾਏ ਨੂੰ ਰਾਹ:
ਫਿਲਪੀ ਤੇ ਇਸ ਮੈਦਾਨ ਵਿਚਾਲੇ,
ਲੋਕੀਂ ਸਾਡੇ ਨਾਲ ਤਾਂ ਹੈਸਨ ਪਰ ਮਜਬੂਰਨ;
ਤਾਵਾਨ ਦੇਣ ਦਾ ਸਾਨੂੰ ਗਿਲਾ ਕਰਦੇ ਨੇ-:
ਜੇ ਦੁਸ਼ਮਨ ਉਹਨਾਂ ਵਿੱਚੀਂ ਆਇਆ,
ਮਿਲੂ ਹਮਾਇਤ ਉਹਨੂੰ,
ਗਿਣਤੀ ਵਧਜੂ, ਤਾਜ਼ਾ ਦਮ ਹੋ ਜੂ,
ਧਾਵਾ ਕਰੂ ਨਵੀਂ ਸ਼ਕਤੀ ਨਾਲ,
ਨਾਲੇ ਹੌਸਲਾ ਵਧਜੂ ਉਹਦਾ।
ਪਰ ਜੇ ਅਸੀਂ ਜਾ ਟੱਕਰੇ ਫਿਲਪੀ,
ਇਸ ਲਾਭ ਤੋਂ ਵੰਚਤ ਹੋ ਜੂ,
ਤੇ ਇਹ ਲੋਕੀਂ ਸਾਡੀ ਪਿੱਠ ਤੇ ਰਹਿਣੇ।
ਕੈਸੀਅਸ-:ਭਲੇ ਭਾਊ! ਜ਼ਰਾ ਸੁਣ ਤੂੰ ਮੇਰੀ-
ਖਿਮਾਂ ਚਾਹਾਂਗਾ-ਇਲਾਵਾ ਇਸ ਤੋਂ-
ਵੇਖਣ ਵਾਲੀ ਗੱਲ ਹੈ ਇਹ:
ਆਪਾਂ ਅਪਣੇ ਮਿੱਤਰਾਂ ਕੋਲੋਂ ਲਈ ਸਹਾਇਤਾ ਪੂਰੀ,
ਛਾਉਣੀਆਂ ਸਾਡੀਆਂ ਭਰੀਆਂ ਪਈਆਂ,
ਕਾਰਨ ਸਾਡੇ ਕੋਲ ਹੈ ਪੱਕਾ:
ਦੁਸ਼ਮਣ ਹਰ ਪਲ ਵਧੀਂ ਜਾਵੇ-
ਸਿਖਰ ਤੇ ਪੁੱਜੇ ਅਸੀਂ ਖੜੇ ਹਾਂ,
ਇਸ ਤੋਂ ਬਾਅਦ ਹੈ ਘਟਣਾ।
ਬੰਦਿਆਂ ਦੇ ਕੰਮਾਂ ਵਿੱਚ ਕਾਂਗ ਜਦੋਂ ਹੈ ਉੱਠਦੀ-
ਜੁਆਰ ਤੇ ਆਵੇ ਲਾਹਾ ਲੈ ਲੋ,
ਕਿਸਮਤ ਚਮਕ ਹੈ ਜਾਂਦੀ;
ਚੂਕ ਕਦੇ ਜੇ ਹੋ ਜਾਵੇ ਤਾਂ
ਬਣਦੀ ਵਿਗੜ ਹੈ ਜਾਂਦੀ,
ਜੀਵਨ ਭਰ ਦੀ ਕਰਨੀ ਕੀਤੀ ਰੇਤੇ ਵਿੱਚ ਰੁਲ ਜਾਵੇ,


ਪੇਤਲੇ ਪਾਣੀ ਬੇੜਾ ਫੱਸੇ,ਕੰਢੇ ਤੇ ਡੁੱਬ ਜਾਵੇ।
ਹੁਣ ਵੇਲਾ ਹੈ ਲਾਹਾ ਲੈ ਲੋ, ਜੁਆਰ ਤੇ ਕਾਂਗ ਚੜ੍ਹੀ ਹੈ
ਨਹੀਂ ਤਾਂ ਧੋ ਲੋ ਹੱਥ ਫਤਿਹ ਤੋਂ ਜਦ ਭਾਟਾ ਆ ਜਾਵੇ।
ਕੈਸੀਅਸ-:ਤਾਂ ਫਿਰ ਤੇਰੀ ਮਰਜ਼ੀ ਨਾਲ ਹੀ ਚੱਲੀਏ;
ਮੱਥਾ ਲਾਈਏ ਚੱਲ ਕੇ ਫਿਲਪੀ।
ਬਰੂਟਸ-:ਡੂੰਘੀ ਰਾਤ ਸਿਰਾਂ ਤੇ ਆਈ,
ਫਿਤਰਤ ਤੋਂ ਹੈ ਲੋੜ ਜ਼ਰੂਰੀ
ਰੋਕੀਏ ਕੰਮ, ਕਰੀਏ ਆਰਾਮ:
ਗੱਲ ਕਰਨ ਨੂੰ ਰਹੀ ਨਹੀਂ ਕੋਈ।
ਕੈਸੀਅਸ-:ਕੁੱਝ ਨਹੀਂ ਹੈ ਹੋਰ। ਸ਼ੁਭ ਰਾਤ੍ਰੀ:
ਕੱਲ ਸਵਖਤੇ ਚਾਲੇ ਪਾਈਏ।
ਬਰੂਟਸ-:ਲੂਸੀਅਸ! ਚੋਗ਼ਾ ਮੇਰਾ
(ਪ੍ਰਸਥਾਨ ਲੂਸੀਅਸ)
ਅਲਵਿਦਾ ਮੈਸਾਲਾ!-
ਸ਼ੁਭ ਰਾਤ੍ਰੀ ਟਿਟੀਨੀਅਸ;
ਕੁਲੀਨ, ਭੱਦਰ ਕੈਸੀਅਸ ਪਿਆਰੇ
ਸ਼ੁਭ ਰਾਤ੍ਰੀ, ਮਿੱਠੀ ਨੀਂਦਰ!
ਕੈਸੀਅਸ-:ਓਹ, ਮੇਰੇ ਵੀਰ ਪਿਆਰੇ!
ਸ਼ੁਰੂਆਤ ਰਾਤ ਦੀ ਸੀ ਕਿੰਨੀ ਮਾੜੀ:
ਏਡੀ ਦਰਾੜ ਕਦੇ ਨਾਂ ਆਈ ਸਾਡੀਆਂ ਰੂਹਾਂ ਅੰਦਰ!
ਆਣ ਨਾਂ ਦੇਵੀਂ ਕਦੇ ਫੇਰ ਬਰੂਟਸ।
ਬਰੂਟਸ-:ਸਭ ਕੁੱਝ ਠੀਕ ਏ ਹੁਣ ਤਾਂ।
ਕੈਸੀਅਸ-:ਸ਼ੁਭ ਰਾਤ੍ਰੀ ਸਰਦਾਰ ਸਾਹਿਬ!
ਬਰੂਟਸ-:ਸ਼ੁਭ ਰਾਤ੍ਰੀ, ਭਲੇ ਭਰਾਵਾ!
ਟਿਟੀਨੀਅਸ ਤੇ ਮੈਸਾਲਾ-:ਸ਼ੁਭ ਰਾਤ੍ਰੀ ਸਰਦਾਰ ਬਰੂਟਸ!
ਬਰੂਟਸ-:ਅਲਵਿਦਾ, ਹਰ ਇੱਕ ਤਾਂਈਂ।
-ਬਰੂਟਸ ਬਿਨਾਂ ਸਭ ਜਾਂਦੇ ਹਨ-
-ਲੂਸੀਅਸ ਚੋਗ਼ਾ ਲੈ ਕੇ ਆਂਉਂਦਾ ਹੈ-
ਚੋਗ਼ਾ ਦੇ ਮੈਨੂੰ। ਕਿਥੇ ਹੈ ਤੇਰਾ ਸਾਜ਼?
ਲੂਸੀਅਸ-:ਏਥੇ ਹੀ ਹੈ ਖੇਮੇ ਅੰਦਰ।
ਬਰੂਟਸ-:ਕਿਵੇਂ ਬਈ? ਤੂੰ ਤਾਂ ਊਂਘੀਂ ਜਾਨੈ!
ਨਫਰ ਬੇਚਾਰੇ! ਤੈਨੂੰ ਕੀ ਕਹਿਣਾ?
ਤੂੰ ਉਨੀਂਦਰਾ ਬੁਹਤ ਹੈ ਕੱਟਿਆ।


ਕੁਲਾਡੀਅਸ ਵਗੈਰਾ ਨੂੰ ਲਿਆ ਬੁਲਾਕੇ;
ਸੌਣਗੇ ਉਹ ਮੇਰੇ ਗੱਦਿਆ ਉ ੱਤੇ।
ਲੂਸੀਅਸ-:ਕੁਲਾਡੀਅਸ ਹੋ-!- ਵੱਰੋ, ਹੋ-!
-ਦੋਵੇਂ ਪ੍ਰਵੇਸ਼ ਕਰਦੇ ਹਨ_
ਵੱਰੋ-:ਜੀ, ਸੁਅਮੀ! ਤੁਸੀਂ ਬੁਲਾਇਐ?
ਬਰੂਟਸ:-ਗੁਜ਼ਾਰਸ਼ ਮੇਰੀ ਭਲਿਓ ਲੋਕੋ! ਏਥੇ ਹੀ ਸੌਂ ਜਾਓ
ਸ਼ਾਇਦ ਪਵੇ ਭੇਜਣਾ ਤੁਹਾਨੂੰ, ਇੱਕ ਦੂਜੇ ਦੇ ਪਿੱਛੇ,
ਸੁਨੇਹੇ ਲੈਕੇ, ਵੀਰ ਕੈਸੀਅਸ ਦੇ ਖੈਮੇ ਤਾਈਂ।
ਵੱਰੋ-:ਹੁਕਮ ਹੋਵੇ ਜੇ ਖੜੇ ਉਡੀਕੀਏ ਖੁਸ਼ੀ ਤੁਹਾਡੀ।
ਬਰੂਟਸ-:ਏਦਾਂ ਲੱਗੇ ਨਾਂ ਚੰਗਾ ਮੈਨੂੰ: ਪੈ ਜੋ ਏਥੇ, ਭਲਿਓ!
ਨਹੀਂ ਤਾਂ ਕੁੱਝ ਹੋਰ ਸੋਚਣਾ ਪੈ ਜੂ ਮੈਨੂੰ।-
ਵੇਖ ਲੂਸੀਅਸ! ਆਹ ਸੀ ਉਹ ਕਿਤਾਬ
ਜਿਹੜੀ ਮੈਂ ਲੱਭਦਾ ਸੀ; ਚੋਗੇ ਦੀ ਜੇਬ ਚ ਪਾਈ ਸੀ ਮੈਂ।
-ਵੱਰੋ ਤੇ ਕਲਾਡੀਅਸ ਲੰਮੇ ਪੈਂਦੇ ਹਨ-
ਲੂਸੀਅਸ-:ਮੈਨੂੰ ਪੱਕਾ ਯਕੀਨ ਸੀ,
ਹਜ਼ੂਰ ਨੇ ਨਹੀਂ ਫੜਾਈ ਮੈਨੂੰ।
ਬਰੂਟਸ-:ਕੋਈ ਨਹੀਂ ਕਾਕਾ! ਮੈਂ ਹੀ ਹੋਇਆਂ ਭੁਲੱਕੜ ਖਾਸਾ।
ਰੱਖ ਸਕਨੈਂ ਕੁੱਝ ਪਲ ਹੋਰ, ਖੁੱਲ੍ਹੇ ਨੈਣ ਇਹ ਬੋਝਲ,
ਸਾਜ਼ ਅਪਣੇ ਤੇ ਛੇੜ ਸੱਕੇਂ ਇੱਕ ਦੋ ਗੀਤ ਪਿਆਰੇ?
ਲੂਸੀਅਸ-:ਹਾਂ ਮੇਰੇ ਆਕਾ! ਜੇ ਹੈ ਇਹ ਖੁਸ਼ੀ ਤੁਹਾਡੀ।
ਬਰੂਟਸ-:ਇਹੋ ਖੁਸ਼ੀ ਹੈ ਮੇਰੀ:
ਤਕਲੀਫ ਦੇਵਾਂ ਮੈਂ ਬਹੁਤੀ ਤੈਨੂੰ
ਪਰ ਹੈ ਨਾਂ ਮਰਜ਼ੀ ਤੇਰੀ?
ਲੂਸੀਅਸ-:ਇਹ ਤਾਂ ਫਰਜ਼ ਹੈ ਮੇਰਾ, ਸੁਆਮੀ!
ਬਰੂਟਸ-:ਤਾਕਤ ਤੋਂ ਵੱਧ ਫਰਜ਼ ਨੂੰ ਮਜਬੂਰ ਕਰਾਂ ਨਾਂ
ਪਤੈ ਮੈਨੂੰ ਜਵਾਂ ਲਹੂ ਨੂੰ ਆਰਾਮ ਵੀ ਲੋੜੀਂਦਾ।
ਲੂਸੀਅਸ-:ਮੈਂ ਤਾਂ ਪਹਿਲਾਂ ਵੀ ਸੌਂ ਚੁੱਕਾਂ ਮਾਲਿਕ।
ਬਰੂਟਸ-:ਚੰਗਾ ਕੀਤਾ।ਫੇਰ ਵੀ ਸੌਂ ਲੀਂ ਏਸ ਤੋਂ ਬਾਅਦ;
ਜ਼ਿਆਦਾ ਦੇਰ ਨਾਂ ਰੋਕਾਂ ਤੈਨੂੰ:
ਜ਼ਿੰਦਾ ਰਿਹਾ ਤਾਂ ਕੁੱਝ ਚੰਗਾ ਕਰੂੰ ਮੈਂ ਤੇਰੀ ਖਾਤਰ।
-ਸਾਜ਼ ਤੇ ਸੰਗੀਤ ਦੀ ਆਵਾਜ਼-
ਇਹ ਧੁਨ ਨੀਂਦ ਉਕਸਾਵੇ।-ਓ,ਕਾਤਲ ਨੀਂਦਰ!
ਸਿੱਕੇ ਭਰੀ ਗੁਰਜ਼ ਆਪਣੀ ਰੱਖੀ ਮੁੰਡੂ ਦੇ ਸਿਰ ਤੇ


ਜੋ ਸੰਗੀਤ ਵਜਾਵੇ?
ਨਫਰ ਸ਼ਰੀਫ! ਸ਼ੁਭ ਰਾਤ੍ਰੀ।-
ਡਿੱਗੀਂ ਜਾਵੇ ਸਿਰ ਤੇਰਾ ਇਹ,
ਤੋੜ ਲਵੀਂ ਨਾਂ ਅਪਣਾ ਸਾਜ਼;
ਇਹ ਮੈਂ ਤੈਥੋਂ ਫੜ ਲੈਂਦਾ ਹਾਂ;
ਚੰਗਾ ਫੇਰ ਹੁਣ ਸ਼ੁਭ ਰਾਤ੍ਰੀ।-
ਵੇਖਾਂ ਭਲਾ ਕਿੱਥੋਂ ਛੱਡਿਆ ਸੀ ਪੜ੍ਹਨਾ-
ਏੇਥੋਂ ਹੀ ਸੀ ਖਿਆਲ ਹੈ ਮੇਰਾ।
-ਪੜ੍ਹਨ ਬੈਠਦਾ ਹੈ-
-ਸੀਜ਼ਰ ਦੇ ਪਰੇਤ ਦਾ ਪ੍ਰਵੇਸ਼-
ਇਹ ਸ਼ਮਾਅ ਠੀਕ ਨਹੀਂ ਜਗਦੀ!
ਹਾ-! ਇਹ ਕੌਣ ਏਧਰ ਨੂੰ ਆਵੇ?
ਮੈਨੂੰ ਲਗਦੈ ਨਜ਼ਰ ਦੀ ਕਮਜ਼ੋਰੀ ਮੇਰੀ
ਇਹ ਭਿਆਨਕ ਭੁਤ ਦਰਸਾਵੇ,
ਮੇਰੇ ਵੱਲ ਜੋ ਚੜ੍ਹਿਆ ਆਵੇ।-
ਕੀ ਏਂ ਤੂੰ ਚੀਜ਼? ਕੋਈ ਫਰਿਸ਼ਤਾ, ਕੋਈ ਦੇਵਤਾ,
ਜਾਂ ਫਿਰ ਕੋਈ ਦਾਨਵ;
ਠੰਢਾ ਕਰਦੈ ਲਹੂ ਮੇਰਾ ਜੋ, ਖੜੇ ਰੌਂਗਟੇ ਕਰਦੈ,
ਗੱਲ ਕਰ ਮੇਰੇ ਨਾਲ, ਕੀ ਚੀਜ਼ ਏਂ ਤੂੰ?
ਪਰੇਤ-:ਦੱਸਣ ਆਇਆਂ ਤੈਨੂੰ,
ਟੱਕਰੂੰਗਾ ਮੈਂ ਫਿਲਪੀ ਤੈਨੂੰ।
ਬਰੂਟਸ-:ਅੱਛਾ! ਤਾਂ ਤੇ ਫੇਰ ਇੱਕ ਵਾਰ ਮੈਂ ਤੈਨੂੰ ਵੇਖੂੰ?
ਪਰੇਤ-:ਹਾਂ! ਮਿਲਾਂਗੇ ਫਿਲਪੀ ਆਪਾਂ।
ਬਰੂਟਸ-:ਕੋਈ ਨੀ ਫੇਰ, ਟੱਕਰਾਂਗੇ ਤੈਨੂੰ ਫਿਲਪੀ।
-ਪਰੇਤ ਅਲੋਪ ਹੋ ਜਾਂਦਾ ਹੈ_
ਤੂੰ ਗਿਐਂ ਤਾਂ ਦਿਲ ਕੁਝ ਧਰਿਐ:
ਬਦ ਰੂਹ! ਗੱਲ ਕਰੂੰਗਾ ਫੇਰ ਮੈਂ ਤੇਰੇ ਨਾਲ਼।-
ਲੂਸੀਅਸ ਪੁੱਤਰਾ!-ਵੱਰੋ!-
ਕਲਾਡੀਅਸ!-ਉੱਠੋ ਓਏ ਨਵਾਬੋ!-
ਓ, ਕੁਲਾਡੀਅਸ-ਹੋ-!
ਲੂਸੀਅਸ-:ਤਾਰਾਂ, ਮੇਰੇ ਆਕਾ!ਨਕਲੀ ਨੇ।
ਬਰੂਟਸ-:ਇਹ ਸੋਚੇ ਇਹ ਸਾਜ਼ ਬਜਾਵੇ ਹਾਲੀਂ ਤੀਕ:-
ਉੱਠ ਲੂਸੀਅਸ! ਜਾਗ ਜ਼ਰਾ!


ਲੂਸੀਅਸ-:ਮੇਰੇ ਆਕਾ!-
ਬਰੂਟਸ-:ਸੁਪਨੇ ਕਿਸੇ ਚ ਤੂੰ ਚੀਖਿਆ ਲੂਸੀਅਸ?
ਲੂਸੀਅਸ-:ਮੇਰੇ ਆਕਾ! ਪਤਾ ਨਹੀਂ ਮੈਨੂੰ
ਕਿ ਮੈਂ ਮਾਰੀ ਸੀ ਚੀਖ।
ਬਰੂਟਸ-:ਹਾਂ, ਤੂੰ ਮਾਰੀ ਸੀ ਚੀਖ:
ਵੇਖੀ ਕੋਈ ਡਰਾਉਣੀ ਸ਼ੈ?
ਲੂਸੀਅਸ-:ਨਹੀਂ ਸੁਆਮੀ! ਕੋਈ ਨਹੀਂ।
ਬਰੂਟਸ-:ਜਾ ਸੌਂ ਜਾ ਫੇਰ।-
ਓ ਕੁਲਾਡੀਅਸ, ਨਵਾਬਾ!
ਉੱਠ ਤੂੰ ਬੰਦਿਆ! ਜਾਗ ਜ਼ਰਾ।
ਵੱਰੋ-:ਮੇਰੇ ਆਕਾ!
ਕੁਲਾਡੀਅਸ-:ਜੀ, ਮੇਰੇ ਆਕਾ!
ਬਰੂਟਸ-:ਨੀਂਦ ਵਿੱਚ ਕਿਉਂ ਬਰੜਾਏ,
ਕਿਉਂ ਮਾਰੀਆਂ ਚੀਕਾਂ?
ਦੱਸੋ ਜ਼ਰਾ ਨਵਾਬੋ!
ਵੱਰੋ ਤੇ ਕੁਲਾਡੀਅਸ-:ਸੱਚੀਂ ਸਰਕਾਰ?
ਬਰੂਟਸ-:ਹਾਂ।-ਵੇਖਿਆ ਸੀ ਕੁੱਝ?
ਵੱਰੋ-:ਨਹੀਂ ਸਰਕਾਰ!ਮੈਂ ਕੁੱਝ ਨਹੀਂ ਵੇਖਿਆ।
ਬਰੂਟਸ-:ਜਾਹ, ਆਖੀਂ ਆਦਾਬ ਕੈਸੀਅਸ ਭਾਈ ਸਾਹਿਬ ਨੂੰ,
ਦਈਂ ਸੁਨੇਹਾ: ਵਕਤੋਂ ਪਹਿਲਾਂ
ਕਰੇ ਤਿਆਰੀ ਫੌਜ ਅਪਣੀ ਦੀ,
ਤੇ ਅਸੀਂ ਆਵਾਂ ਗੇ ਪਿੱਛੇ।
ਵੱਰੋ/ਕੁਲਾਡੀਅਸ-:ਤਾਮੀਲਿ ਹੁਕਮ ਕਰੀਏ ਸਰਕਾਰ!
-ਪ੍ਰਸਥਾਨ ਕਰਦੇ ਹਨ_