ਐਕਟ-੫
ਸੀਨ-੧ -ਫਿਲਪੀ ਦਾ ਮੈਦਾਨ-
-ਪ੍ਰਵੇਸ਼ ਔਕਟੇਵੀਅਸ, ਐਨਟਨੀ ਅਤੇ ਫੌਜ-


ਔਕਟੇਵੀਅਸ-:ਵੇਖ ਐਨਟਨੀ! ਆਸਾਂ ਸਾਡੀਆਂ
ਠੀਕ ਨਿਕਲੀਆਂ
ਕਹਿੰਦਾ ਸੀ ਤੂੰ ਹੇਠ ਨਹੀਂ ਆਂਉਂਦੇ,
ਪਰਬਤ, ਟੀਲੀਂ ਰਹਿਣ ਚੜ੍ਹੇ,
ਕਦੇ ਨਾ ਉੱਤਰਨ ਥੱਲੇ;
ਇਹ ਤਾਂ ਕੁੱਝ ਸਾਬਤ ਨਹੀਂ ਹੋਇਆ:
ਜੂਝਣ ਲਈ ਤਿਆਰ ਨੇ ਉਹ;
ਮੰਗਣੋਂ ਪਹਿਲਾਂ ਦੇਣ ਗੇ ਉੱਤਰ,
ਟੱਕਰਨ ਸਾਨੂੰ ਫਿਲ਼ਪੀ ਆ ਕੇ।
ਐਨਟਨੀ-:ਹੱਤ-! ਜੋ ਉਹਨਾਂ ਦੇ ਢਿੱਡੀਂ ਹੁੰਦੈ,
ਨੌਂਹਾਂ ਚ ਮੇਰੇ ਹੁੰਦੈ;
ਮੈਂ ਜਾਣਦਾਂ ਕਿਉਂ ਇੰਜ ਕਰਦੇ:
ਭਾਵੇਂ ਵਕਤ ਬਿਤਾ ਸਕਦੇ ਸੀ ਐਧਰ ਓਂਧਰ ਫਿਰ ਕੇ,
ਪਰ ਉ ੱਤਰ ਕੇ ਥੱਲੇ ਭਿਅੰਕਰ ਜੁੱਰਅਤ ਵਿਖਾਵਣ ਸਾਨੂੰ;
ਸਾਡੇ ਅੰਦਰ ਡਰ ਬੈਠਾਵਣ, 'ਵੱਡੇ ਹਾਂ ਅਸੀਂ ਹੌਸਲੇ ਵਾਲੇ'
ਪਰੰਤੂ ਇਸ ਵਿੱਚ ਤੱਤ ਨਹੀਂ ਹੈ।
-ਹਰਕਾਰੇ ਦਾ ਪ੍ਰਵੇਸ਼-
ਹਰਕਾਰਾ-:ਤਿਆਰ ਰਹੋ ਜਰਨੈਲੋ!
ਦੁਸ਼ਮਨ ਚੜ੍ਹਿਆ ਮਾਰੋ ਮਾਰ;
ਲਹੂਲਹਾਣ ਯੁੱਧ-ਚਿੰਨ੍ਹ ਭਿਆਨਕ
ਨੇਜ਼ੇ ਤੇ ਲਹਿਰਾਵੇ;
ਕੁੱਝ ਤਾਂ ਤੁਹਾਨੂੰ ਹੁਣ ਕਰਨਾ ਪੈਣੈ, ਉਹ ਵੀ ਬੜਾ ਹੀ ਛੇਤੀ।
ਐਨਟਨੀ-:ਔਕਟੇਵੀਅਸ! ਸਹਿਜੇ ਭਾਅ ਨਾਲ
ਖੱਬਿਓਂ ਕਰ ਯੁੱਧ ਦੀ ਅਗਵਾਈ;
ਮੈਦਾਨ ਪੱਧਰਾ, ਖੁੱਲ਼੍ਹਾ ਡੁੱਲ੍ਹਾ, ਛੱਕੇ ਛੁਡਾ ਦੁਸ਼ਮਨ ਦੇ।
ਔਕਟੇਵੀਅਸ-:ਪਰ ਮੈਂ ਵਧੂੰਗਾ ਸੱਜਿਓਂ, ਤੂੰ ਚੱਲ ਖੱਬੇ ਪਾਸੇ।
ਐਨਟਨੀ-:ਕਿਉਂ ਕੱਟਦਾ ਏਂ ਗੱਲ ਮੇਰੀ ਤੂੰ


ਇਸ ਤੱਦੀ ਦੇ ਵੇਲੇ?
ਔਕਟੇਵੀਅਸ-:ਕੱਟਦਾ ਨਹੀਂ ਮੈਂ ਤੇਰੀ ਗੱਲ;
ਪਰ ਮੈਂ ਤਾਂ ਇੰਜ ਹੀ ਕਰਨੈ।
-ਅੱਗੇ ਵਧਦੇ ਹਨ-ਨਗਾਰਿਆਂ ਦੀ ਆਵਾਜ਼-
-ਬਰੂਟਸ, ਕੈਸੀਅਸ ਫੌਜ ਸਮੇਤ ਪ੍ਰਵੇਸ਼ ਕਰਦੇ ਹਨ-
ਬਰੂਟਸ-:ਰੋਕੀਂ ਖੜੇ ਨੇ ਰਾਹ
ਜਿਵੇਂ ਗੱਲ ਕਰਨੀ ਹੋਵੇ।
ਕੈਸੀਅਸ-:ਤੱਕੜਾ ਰਹੀਂ ਟਿਟੀਨੀਅਸ!
ਅਸੀਂ ਤਾਂ ਅੱਗੇ ਵਧ ਕੇ ਗੱਲ ਕਰਾਂ ਗੇ।
ਔਕਟੇਵੀਅਸ-:ਮਾਰਕ ਐਨਟਨੀ!
ਕਰੀਏ ਇਸ਼ਾਰਾ, ਹੋਵੇ ਯਲਗ਼ਾਰ?
ਐਨਟਨੀ-:ਨਹੀਂ, ਸੀਜ਼ਰ! ਅਸੀਂ ਤਾਂ ਬੱਸ
ਜਵਾਬ ਦਿਆਂਗੇ ਉਹਨਾਂ ਦੇ ਹਮਲੇ ਦਾ।
ਅੱਗੇ ਵੱਧ, ਜਰਨੈਲ ਕੁੱਝ ਗੱਲ ਕਰਨਗੇ।
ਔਕਟੇਵੀਅਸ-:ਜਿੰਨਾ ਚਿਰ ਨਾ ਮਿਲੇ ਇਸ਼ਾਰਾ
ਅਹਿੱਲ ਖਲੋਵੋ।
ਬਰੂਟਸ-:ਪ੍ਰਹਾਰਨ ਤੋਂ ਪਹਿਲਾਂ ਗੱਲਾਂ,
ਕੀ ਇਰਾਦਾ ਦੇਸ਼ਵਾਸੀਓ?
ਔਕਟੇਵੀਅਸ-:ਗੱਲਾਂ ਕਰਨ ਦਾ ਸ਼ੌਕ ਨਹੀਂ ਹੈ;
ਤੇਰੇ ਵਾਂਗੂੰ ਸ਼ਬਦਾਂ ਨਾਲ ਪਿਆਰ ਨਹੀਂ ਸਾਨੂੰ ।
ਬਰੂਟਸ-:ਔਕਟੇਵੀਅਸ!
ਚੰਗੇ ਸ਼ਬਦ ਚੰਗੇਰੇ ਹੁੰਦੇ ਮਾੜੇ ਵਾਰਾਂ ਨਾਲੋਂ।
ਐਨਟਨੀ-:ਮਾੜੇ ਵਾਰ ਕਰੇਂ ਬਰੂਟਸ
ਪਰ ਸ਼ਬਦ ਚੰਗੇਰੇ ਬੋਲੇਂ;
ਚੇਤੇ ਹੈ ਸੀ ਉਹ ਮਘੋਰਾ
ਸੀਜ਼ਰ ਦੀ ਛਾਤੀ ਜੋ ਕੀਤਾ
ਕਰਦਿਆਂ ਉਹਦੀ ਜੈ ਜੈਕਾਰ:
'ਜੁਗ ਜੁਗ ਜੀਓ ਸੀਜ਼ਰ ਪਿਆਰੇ, ਸਦਾ ਤੇਰੀ ਜੈਕਾਰ!'
ਕੈਸੀਅਸ-:ਤੇਰੇ 'ਵਾਰਾਂ' ਦਾ ਅੰਤ ਐਨਟਨੀ!
ਅਜੇ ਹੈ ਵੇਖਣ ਵਾਲਾ,
ਪਰ ਸ਼ਬਦ ਤੇਰਿਆਂ 'ਮਖਿਆਲਾਂ' ਦਾ
ਸ਼ਹਿਦ ਚੁਰਾਇਆ ਸਾਰਾ।
ਐਨਟਨੀ-:ਪਰ ਡੰਗ ਤਾਂ ਨਹੀਂ ਚੁਰਾਇਆ।
ਬਰੂਟਸ-:ਹਾਂ ਚੁਰਾਇਆ-
ਨਾਲੇ ਚੁਰਾਈ ਭਿਨਭਿਨਾਹਟ ਤੂੰ ਉਹਨਾਂ ਦੀ!


ਧਮਕੀ ਦੇਵੇਂ ਸਿਆਣਿਆਂ ਵਾਂਗੂੰ, ਡੱਸਣ ਤੋਂ ਪਹਿਲਾਂ।
ਐਨਟਨੀ-:ਬਦਮੁਆਸ਼ੋ! ਤੁਸੀਂ ਤਾਂ ਇੰਜ ਨਾਂ ਕੀਤਾ!
ਇੱਕ ਦੂਜੇ ਦੇ ਕਾਤਲ ਹੋ ਗਏ,
ਜਦ ਸੀਜ਼ਰ ਦੀਆਂ ਕੋਹੀਆਂ ਵੱਖੀਆਂ!
ਲੰਗੂਰਾਂ ਵਾਂਗ ਦੰਦ ਚੜਾਉਂਦੇ,
ਪੱਪੀਆਂ ਵਾਂਗ ਲਾਡ ਸੀ ਕਰਦੇ
ਵਾਂਗ ਗ਼ੁਲਾਮਾਂ ਸਜਦੇ ਕਰਦੇ,
ਸੀਜ਼ਰ ਦੇ ਤਲਵੇ ਸੀ ਚੱਟਦੇ
ਘਟੀਆ ਗਲੀ ਦੇ ਕੂਕਰ ਵਾਂਗੂੰ;
ਬਦਬਖਤ ਕਾਸਕਾ ਪਿੱਛੋਂ ਦੀ ਆਇਆ
ਗਰਦਨ ਉੱਤੇ ਖੰਜਰ ਚਲਾਇਆ:
ਸ਼ਰਮ ਨਾ ਆਈ ਤੁਹਾਨੂੰ,
ਓ,ਘਟੀਆ ਨਸਲ ਦੇ ਚਾਪਲੂਸੋ!
ਕੈਸੀਅਸ-:ਚਾਪਲੂਸ!- ਵਾਹ, ਬਰੂਟਸ! ਸਦਕੇ ਤੇਰੇ!
ਅੱਜ ਇਹ ਜੀਭ ਨਾ ਜ਼ਹਿਰ ਉਗਲਦੀ ਏਨਾ
ਜੇ ਕੈਸੀਅਸ ਦੀ ਓਦੋਂ ਪੁੱਗਦੀ।
ਔਕਟੇਵੀਅਸ-:ਛੱਡੋ ਸਭ ਕਾਰਨ ਵਾਰਨ, ਛੱਡੋ:
ਬਹਿਸ ਮਬਾਹਿਸਾ ਨਾ ਕੱਢੇ ਪਸੀਨਾ;
ਰੱਤ ਵੱਗੇ ਤਾਂ ਹੋਵੇ ਫੈਸਲਾ,
ਲਾਲ ਲਹੂ ਦੇ ਕਤਰੇ ਦੇਵਣ
ਸਬੂਤ ਮੇਰੀ ਇਸ ਗੱਲ ਦਾ:
ਵੇਖੋ, ਤਲਵਾਰ ਮੈਂ ਅਪਣੀ ਸੂੰਤ ਲਈ ਹੈ
ਸਾਜ਼ਸ਼ੀਆਂ ਨੂੰ ਸੋਧਨ ਖਾਤਰ:
ਹੁਣ ਮਿਆਨੇ ਜਾਊ ਇਹ ਓਦੋਂ
ਸੀਜ਼ਰ ਦੇ ਤੇਤੀ ਜ਼ਖਮਾਂ ਦਾ,
ਜਦ ਇਹ ਮੁੱਲ ਚੁਕਾ ਲੂ,
ਜਾਂ ਫਿਰ ਸੀਜ਼ਰ ਸਾਨੀ ਗੱਦਾਰਾਂ ਦੇ ਹੱਥੋਂ,
ਹੋ ਜੂ ਖੁਦ ਜ਼ਿਬਾਹ।
ਬਰੂਟਸ-:ਸੀਜ਼ਰ ਤੂੰ ਨਹੀਂ ਮਰਦਾ ਗੱਦਾਰਾਂ ਦੇ ਹੱਥੋਂ,
ਜੇ ਤੂੰ ਜੋਖ ਪਰਖ ਲਈ ਹੈ ਅਪਣੀ ਟੋਲੀ।
ਔਕਟੇਵੀਅਸ-:ਫਿਰ ਤਾਂ ਜਨਮ ਨਹੀਂ ਹੋਇਆ ਮੇਰਾ
ਤਲਵਾਰ ਤੇਰੀ ਦਾ ਬਣਾਂ ਸ਼ਿਕਾਰ।
ਬਰੂਟਸ-:ਓ, ਜੇ ਨਸਲ ਚੋਂ ਅਪਣੀ ਜੁਆਨਾਂ!


ਸਭ ਤੋਂ ਉੱਤਮ ਹੋਵੇਂ ਤੂੰ ਅਸੀਲ,
ਤਲਵਾਰ ਮੇਰੀ ਦੀ ਧਾਰ ਉਤਰਨਾ
ਅਤੀ ਉੱਤਮ ਹੋਵੇ ਤੇਰੀ ਵਡਿਆਈ।
ਕੈਸੀਅਸ-:ਇਹ ਖਿਝੀਅਲ ਜਿਹਾ ਪਾੜੂ ਮੁੰਡਾ,
ਬਹੁਰੂਪੀਏ ਯਾਸ਼ ਦਾ ਆੜੀ
ਕਾਬਲ ਨਹੀਂ ਹੈ ਏਸ ਮਾਣ ਦੇ।
ਐਨਟਨੀ-:ਰਿਹਾ ਨਾ ਓਹੀ ਪੁਰਾਣਾ ਕੈਸੀਅਸ!
ਔਕਟੇਵੀਅਸ-:ਆ ਐਨਟਨੀ! ਚੱਲੀਏ ਏਥੋਂ!-
ਸੁਣੋ ਗੱਦਾਰੋ! ਸਾਡੀ ਲਲਕਾਰ-
ਆਕੀ ਡਟੇ ਨੇ ਤੁਹਾਡੇ ਅੱਗੇ,
ਹਿੰਮਤ ਹੈ ਤੇ ਚੁੱਕੋ ਤਲਵਾਰ;
ਅੱਜ ਲੜਨੈ ਤਾਂ ਹੁਣੇ ਈ ਨਿੱਤਰੋ,
ਨਹੀਂ ਤਾਂ ਜਦ ਵੀ ਜੀ ਕਰੇ।
-ਔਕਟੇਵੀਅਸ, ਐਨਟਨੀ ਤੇ ਫੌਜ ਦਾ ਪ੍ਰਸਥਾਨ-
ਕੈਸੀਅਸ-:ਕਿਉਂ ਆਇਆ ਹੁਣ ਮਜ਼ਾ?
ਝੱਖੜ ਝੁੱਲਿਐ, ਕਾਂਗ ਚੜ੍ਹੀ ਐ
ਬੇੜੀ ਠਿੱਲੀ, ਘਿਰੀ ਤੂਫਾਨੀਂ ,
ਸਭਕੁਝ ਦਾਅ ਤੇ ਲੱਗਾ!
ਬਰੂਟਸ-:ਹੋ-ਲੂਸੀਲੀਅਸ ਹੋ-!ਸੁਣ ਜ਼ਰਾ,
ਗੱਲ ਕਰਨੀ ਐ ਤੇਰੇ ਨਾਲ।
ਲੂਸੀਅਸ-:ਜੀ, ਸਰਦਾਰ!
-ਬਰੂਟਸ ਤੇ ਲੂਸੀਲੀਅਸ ਗੱਲ ਕਰਦੇ ਹਨ-
ਕੈਸੀਅਸ-:ਮੈਸਾਲਾ!,-
ਮੈਸਾਲਾ-:ਜੀ ਸਰਦਾਰ!-
ਕੈਸੀਅਸ-:ਅੱਜ ਮੇਰਾ ਹੈ ਜਨਮ ਦਿਹਾੜਾ:
ਅੱਜ ਕੈਸੀਅਸ ਪੈਦਾ ਸੀ ਹੋਇਆ।
ਮਿਲਾ ਹੱਥ ਮੈਸਾਲਾ!ਬਣ ਗਵਾਹ ਤੂੰ ਮੇਰਾ:
ਅਪਣੀ ਰਜ਼ਾ ਵਿਰੁੱਧ, ਇੱਕ ਮੁਠਭੇੜ ਦੇ ਉੱਤੇ-
ਹੋਈ ਜਿਵੇਂ ਸੀ ਪੌਂਪੀ ਨਾਲ-
ਰਾਸ ਲੀਲਾ ਇਸ ਜੀਵਨ ਵਾਲੀ
ਤੇ ਸੰਪੂਰਨ ਆਜ਼ਾਦੀ-
ਸਭ ਕੁੱਝ ਲਾਣਾ ਪੈ ਗਿਐ ਦਾਅ ਉੱਤੇ ਅੱਜ!
ਤੈਨੂੰ ਪਤੈ ਜੀਵਨ ਭਰ ਮੈਂ


ਅੈਪੀਕਿਯੂਰਸ ਦਾ ਰਿਹਾ ਪੱਕਾ ਅਨੁਯਾਈ।
ਪਰ ਹੁਣ ਮੈਂ ਬਦਲ ਗਿਆ ਹਾਂ,
ਮੰਨਣ ਲੱਗਾਂ ਸ਼ਗਨ ਸ਼ਗੂਨ,
ਭਵਿੱਖ ਵੱਲ ਜੋ ਕਰਨ ਇਸ਼ਾਰੇ:
ਸਾਰਡੀਜ਼ ਤੋਂ ਚੱਲਣ ਲੱਗਿਆਂ,
ਪੁਰਾਣੇ ਸਾਡੇ ਪਰਚਮ ਉੱਤੇ,
ਬਾਜ਼ ਦੋ ਤੱਕੜੇ ਮਾਰ ਝਪੱਟਾ ਆ ਬੈਠੇ ਸੀ,
ਖਾਂਦੇ ਪੀਂਦੇ ਫੌਜੀਆਂ ਹੱਥੋਂ,
ਫਿਲਪੀ ਤੀਕਰ ਆ ਪੁਹੰਚੇ ਸੀ;
ਪਰ ਅੱਜ ਸਵੇਰੇ ਉਡ ਗਏ ਕਿਧਰੇ,
ਪਤਾ ਨਹੀਂ ਕਿੱਥੇ?
aੁੱਡਦੇ ਹੋਏ ਸਿਰਾਂ ਤੋਂ ਸਾਡੇ ਵੇਖ ਰਹੇ ਸੀ ਥੱਲੇ
ਸਾਨੂੰ ਭੁੱਖੀਆਂ ਨਜ਼ਰਾਂ ਨਾਲ਼-
ਜਿਵੇਂ ਅੱਧਮੋਏ ਸ਼ਿਕਾਰ ਉਨ੍ਹਾਂ ਦਾ ਹੋਈਏ:
ਪਰਛਾਵੇਂ ਉਨ੍ਹਾਂ ਦੇ ਲੱਗਦੇ ਛਤਰ ਕਜ਼ਾ ਦਾ
ਸਾਡੀ ਫੌਜ ਦੇ ਸਿਰ ਤੇ ਤਣਿਆ:
ਲਗਦਾ ਜਿਵੇਂ ਪਰੇਤ ਜੂਨ ਨੂੰ ਪ੍ਰਾਪਤ ਹੋਣੀ।
ਮੈਸਾਲਾ-:ਵਿਸ਼ਵਾਸ ਕਰੋ ਨਾਂ ਏਦਾਂ।
ਕੈਸੀਅਸ-:ਵਿਸ਼ਵਾਸ ਤਾਂ ਹੈ ਪਰ ਅੱਧ ਪਚੱਧਾ;
ਇਉਂ ਤਾਂ ਮੈਂ ਹਾਂ ਤਾਜ਼ਾ ਦਮ ਵੀ-
ਪੂਰਾ ਤਿਆਰ ਜੂਝਣ ਨੂੰ ਹਰ ਖਤਰੇ ਨਾਲ।
ਬਰੂਟਸ-:ਤਾਂ ਵੀ ਲੂਸੀਲੀਅਸ।
ਕੈਸੀਅਸ-:ਸੁਣ,ਅੱਤ ਕੁਲੀਨ ਬਰੂਟਸ ਪਿਆਰੇ!
ਦੇਵਤੇ ਅੱਜ ਮਿਹਰਬਾਨ ਨੇ ਸਾਡੇ ਉੱਤੇ
ਅਮਨ ਦੇ ਆਸ਼ਕ ਰਹਿਕੇ,
ਭੋਗੀਏ ਪੂਰੀਆਂ ਉਮਰਾਂ!
ਪਰ ਮਾਮਲੇ ਮਨੁੱਖਾਂ ਵਾਲੇ
ਰਹਿਣ ਸਦਾ ਹੀ ਡਾਵਾਂਡੋਲ,
ਅੱਤ ਮੰਦੇ ਨੂੰ ਰੱਖ ਨਿਗਾਹੇ,
ਜੋ ਕਦੇ ਵੀ ਵਾਪਰ ਸਕਦੈ,
ਸੋਚ ਸਮਝਕੇ ਚੱਲੀਏ ਆਪਾਂ ਫਿਰ ਅੱਗੇ ਨੂੰ ਵਧੀਏ।
ਹੱਥਲਾ ਯੁੱਧ ਜੇ ਹਾਰ ਗਏ ਤਾਂ,
ਇਹ ਸਮਾਂ ਕਦੇ ਨਹੀਂ ਮਿਲਣਾ,


ਜੋ ਕੁਝ ਕਹਿਣਾ ਸੁਨਣਾ ਆਪਾਂ,
ਇਹੋ ਪਲ ਹੈ ਆਖਰੀ ਮੌਕਾ:
ਦੱਸੋ ਫਿਰ ਕੀ ਤੁਹਾਡੀ ਮਰਜ਼ੀ,
ਕੀ ਕੀਤਾ ਏ ਪੱਕਾ ਇਰਾਦਾ?
ਬਰੂਟਸ-:ਜੋ ਅਸੂਲ ਦਰਸ਼ਨ ਦਾ ਕਹਿੰਦੈ,
ਜੀਹਦੇ ਲਈ ਖੁਦ ਕੈਟੋ ਨੂੰ ਹੀ
ਇਲਜ਼ਾਮ ਮੈਂ ਦਿੱਤਾ ਮੌਤ ਉਹਦੀ ਦਾ,
ਜੋ ਅਪਣੇ ਹੱਥੀਂ ਉਸ ਆਪ ਖਰੀਦੀ-
ਮੈਂ ਨਾ ਜਾਣਾਂ ਕਿਉਂ?-ਪਰ ਮੈਨੂੰ ਲਗਦੈ:
ਡਰ 'ਹੋਣੀ' ਦਾ ਅੱਤ ਕਮੀਨੀ ਕਾਇਰਤਾ ਹੁੰਦੀ-
ਮਤਲਬ ਹੈ ਜੀਹਦਾ ਅੰਤ ਸਮੇਂ ਨੂੰ ਡੱਕਨ ਦੀ ਕੋਸ਼ਿਸ਼।
ਮੈਂ ਤਾਂ ਬਸ ਨਾਲ ਸਬਰ ਦੇ ਵੇਖੀਂ ਜਾਵਾਂ, ਕਰਾਂ ਉਡੀਕ:
ਉੱਪਰ ਵਾਲਿਆਂ ਦੀ ਕੀ ਏ ਮਰਜ਼ੀ-
ਮਾਤ ਲੋਕ ਦੇ ਲੋਕਾਂ ਦੀ ਜੋ ਲਿਖਦੇ ਤਕਦੀਰ।
ਕੈਸੀਅਸ-:ਤਾਂ ਫਿਰ ਹਾਰ ਗਏ ਲੜਾਈ ਜੇ ਆਪਾਂ,
ਚੰਗਾ ਲੱਗੂ ਤੈਨੂੰ
ਵਿਜੇ ਜਲੂਸ ਚ ਰੋਮ ਦੀਆਂ ਸੜਕਾਂ ਉ ੱਤੇ,
ਬੰਦੀ ਬਣਕੇ ਟੁਰਨਾ?
ਬਰੂਟਸ-:ਨਾਂ, ਕੈਸੀਅਸ! ਨਹੀਂ-ਓ ਪ੍ਰਤਿਸ਼ਠਤ ਰੋਮਨ,
ਐਸਾ ਕਦੀ ਵੀ ਸੋਚੀਂ ਨਾਂ-
ਕਿ ਕਦੇ ਬਰੂਟਸ ਪਹਿਨ ਜ਼ੰਜੀਰਾਂ,
ਰੋਮਨ ਸੜਕੀਂ, ਚੱਲੂ ਬੰਦੀ ਬਣਕੇ-
ਏਨਾ ਨੀਵਾਂ ਗਿਰ ਨਹੀਂ ਸਕਦਾ,
ਮਨ ਏ ਉਹਦਾ ਬੜਾ ਮਹਾਨ।
ਪਰ ਮਾਰਚ ਈਦੇ ਕੰਮ ਜੋ ਛਿੜਿਆ
ਸਿਰੇ ਚਾੜ੍ਹਨਾ ਪੈਣੈ ਅੱਜ:
ਪਤਾ ਨਹੀਂ ਮੈਨੂੰ ਏਸ ਤੋਂ ਪਿੱਛੋਂ
ਫੇਰ ਕਦੇ ਮਿਲ ਸਕੀਏ ਆਪਾਂ,
ਹੁਣੇ ਆਖੀਏ ਇੱਕ ਦੂਜੇ ਨੂੰ ਸਦਾ ਲਈ ਅਲਵਿਦਾ।
ਸਦਾ ਲਈ ਅਲਵਿਦਾ-ਸਦਾ ਲਈ ਅਲਵਿਦਾ ਕੈਸੀਅਸ!
ਸੁੱਖੀਂ ਸਾਂਦੀਂ ਜੇ ਫੇਰ ਮਿਲ ਗਏ, ਹੱਸਾਂ ਗੇ ਮੁਸਕਾਵਾਂ ਗੇ;
ਨਹੀਂ ਤਾਂ ਮਿੱਤਰਾ!ਇਹ ਅਲਵਿਦਾ ਸਦੀਵੀ,


ਚੰਗੀ ਰਹਿ ਸੀ ਕਹੀ ਕਹਾਈ।
ਕੈਸੀਅਸ-:ਸਦਾ ਲਈ ਅਲਵਿਦਾ ਬਰੂਟਸ! ਸਦਾ ਲਈ ਅਲਵਿਦਾ;
ਮੁਸਕਾਵਾਂਗੇ ਸੱਚੀਂ, ਜੇ ਫੇਰ ਮਿਲਾਂ ਗੇ, ਨਹੀਂ ਤਾਂ ਮਿੱਤਰਾ!
ਸੱਚੀਂ ਮੁਚੀਂ ਚੰਗੀ ਰਹਿਣੀ ਕਹੀ ਕਹਾਈ-
ਇਹ ਅਲਵਿਦਾ ਸਦੀਵੀ।
ਬਰੂਟਸ-:ਚੱਲ ਫੇਰ ਕਰ ਅਗਵਾਈ ਹੋ ਕੇ ਅੱਗੇ:-
ਜੋ ਵੀ ਵੇਖੇ ਮੂੰਹ ਪਾਵੇ ਉਂਗਲਾਂ,
ਅੱਜ ਦੇ ਯੁੱਧ ਦਾ ਦੱਸੇ ਅੰਤ ਸ਼ਾਮ ਹੋਣ ਤੋਂ ਪਹਿਲਾਂ!
ਹਾਲੀਂ ਤਾਂ ਪਰ ਇਹੋ ਕਾਫੀ ਕਿ ਅੰਤ ਇਸ ਦਿਨ
ਦਾ ਪੱਕਾ ਹੋਣਾ; ਤੇ ਜਦ ਹੋ ਜਾ ਸੀ ਪਤਾ ਲੱਗ ਜੂ
ਜੋ ਵੀ ਹੋਇਆ।
ਚੱਲੋ-ਹੋ-! ਪਾਓ ਚਾਲੇ ਅੱਗੇ ਵੱਲ!
-ਪ੍ਰਸਥਾਨ-

ਸੀਨ-੨। ਫਿਲਪੀ ਦਾ ਯੁੱਧ ਖੇਤਰ-
ਬਰੂਟਸ-:ਹੋ ਸਵਾਰ, ਸਰਪਟ ਭਜਾ ਲੈ ਘੋੜਾ ਮੈਸਾਲਾ!
ਦੇ ਹੁਕਮ ਜੋ ਲਿਖੇ ਪਰਚਿਆਂ ਉਤੇ,
ਦੂਜੇ ਪਾਸੇ ਫੌਜਾਂ ਨੂੰ:
(ਖਤਰੇ ਦੇ ਬਿਗਲ ਵਜਦੇ ਹਨ)
ਸਭ ਨੂੰ ਕਹੋ ਕਰਨ ਯਲਗ਼ਾਰ,ਪੈਣ ਟੁੱਟ ਕੇ ਹੋਕੇ ਕੱਠੇ;
ਔਕਟੇਵੀਅਸ ਵਾਲੇ ਪਾਸੇ ਮੈਨੂੰ ਕੰਮ ਠੰਢਾ ਹੀ ਲਗਦੈ-
ਅਚਾਨਕ ਇੱਕ ਕਰਾਰਾ ਧੱਕਾ ਪੈਰ ਹਲਾ ਦੂ, ਲੰਮੇ ਪਾ ਦੂ।
ਕਰ ਮੈਸਾਲਾ! ਸੁਆਰੀ-ਤੇਜ਼ ਤੱਰਾਰੀ:
ਆਖ ਉਨ੍ਹਾਂ ਨੂੰ 'ਕੱਠੇ ਬੋਲੋ ਹੱਲਾ'।
-ਪ੍ਰਸਥਾਨ-

ਸੀਨ-੩। ਫਿਲਪੀ ਦੇ ਮੈਦਾਨ-
-ਯੁੱਧ ਖੇਤਰ ਦਾ ਇੱਕ ਹੋਰ ਹਿੱਸਾ-
-ਯੁੱਧ ਨਾਦ-ਕੈਸੀਅਸ ਤੇ ਟਿਟੀਨੀਅਸ ਦਾ ਪ੍ਰਵੇਸ਼-
ਕੈਸੀਅਸ-:ਓ ਵੇਖ, ਟਿਟੀਨਅਿਸ! ਵੇਖ ਕਾਇਰ ਨੱਸ ਰਹੇ ਨੇ!
ਮੈਂ ਤਾਂ ਆਪੂੰ ਅਪਣਾ ਵੈਰੀ ਹੋਇਆ;
ਜਦ ਵੇਖਿਆ ਪਿੱਠ ਵਿਖਾਉਂਦਾ ਪਰਚਮ ਬਰਦਾਰ
ਕਾਇਰ ਨੂੰ ਮੈਂ ਵੱਢ ਸੁੱਟਿਆ ਤੇ ਪਰਚਮ ਲਿਆ ਉਠਾ।
ਟਿਟੀਨੀਅਸ-:ਓ ਕੈਸੀਅਸ! ਬਰੂਟਸ ਕੀਤੀ ਕਾਹਲੀ


ਹੁਕਮ ਸੁਣਾਇਆ, ਹੱਲਾ ਬੁਲਵਾਇਆ:
ਔਕਟੇਵੀਅਸ ਵਾਲੇ ਪਾਸੇ ਕੁੱਝ ਲਾਭ ਮਿਲ ਗਿਆ ਸਾਨੂੰ,
ਕਾਹਲੀ ਕਾਹਲੀ ਹੱਥ ਜਾ ਪਾਇਆ:
ਲੁੱਟਣ ਪੈ ਗੀ ਫੌਜ ਓਧਰ:
ਐਧਰ ਐੇਨਟਨੀ ਚੜ੍ਹ ਅਇਆ,
ਚਾਰੇ ਪਾਸਿਓਂ ਘੇਰਾ ਪਾਇਆ,
ਹੋ ਗਏ ਅਸੀਂ ਸਾਰੇ ਲਾਚਾਰ।
-ਪ੍ਰਵੇਸ਼ ਪਿੰਡਾਰਸ-
ਪਿੰਡਾਰਸ:-ਹੋਰ ਹਟੋ ਪਿੱਛੇ ਸਰਕਾਰ!ਹੋਰ ਵੀ ਪਿੱਛੇ;
ਮਾਰਕ ਐਨਟਨੀ ਆ ਵੜਿਆ ਹੈ ਖੇਮੀਂ ਸਰਕਾਰ!
ਭੱਜੋ ਏਥੋਂ, ਕੁਲੀਨ ਕੈਸੀਅਸ! ਹੋਰ ਵੀ ਪਿੱਛੇ ਦੌੜੋ।
ਕੈਸੀਅਸ:-ਇਹ ਟੀਲਾ ਤਾਂ ਕਾਫੀ ਹੈ ਪਿੱਛੇ।
ਵੇਖ-ਵੇਖ, ਟਿਟੀਨੀਅਸ!
ਕੀ ਮੇਰੇ ਹੀ ਹਨ ਉਹ ਤੰਬੂ ਅੱਗ ਜਿਨ੍ਹਾਂ ਨੂੰ ਲੱਗੀ?
ਟਿਟੀਨੀਅਸ:-ਜੀ, ਸਰਦਾਰ! ਤੁਹਾਡੇ ਹੀ ਹਨ ਉਹ ਖੇਮੇ।
ਕੈਸੀਅਸ:-ਟਿਟੀਨੀਅਸ! ਜੇ ਤੈਨੂੰ ਹੈ ਪਿਆਰ ਮੇਰੇ ਨਾਲ
ਚੜ੍ਹ ਜਾ ਮੇਰੇ ਘੋੜੇ ਉੱਤੇ,
ਗੱਡ ਦੇ ਅੱਡੀਆਂ ਵੱਖੀਆਂ ਦੇ ਵਿੱਚ
ਤੇ ਹਵਾ ਵਾਕਰਾਂ ਮੁੜਕੇ ਆ,
ਤਸੱਲੀਬਖਸ਼ ਤੂੰ ਖਬਰ ਲਿਆ
ਅੌਹ ਪਰੇ ਫੌਜ ਹੈ ਜਿਹੜੀ ਦੁਸ਼ਮਣ ਹੈ ਕਿ ਦੋਸਤ?
ਟਿਟੀਨੀਅਸ:-ਮੈਂ ਤਾਂ ਗਿਆ ਕਿ ਆਇਆ ਸਰਦਾਰ!
-ਪ੍ਰਸਥਾਨ-
ਕੈਸੀਅਸ:-ਜਾ ਪਿੰਡਾਰਸ! ਉੱਚਾ ਚੜ੍ਹ ਏਸ ਟੀਲੇ ਦੇ ਉ ੱਤੇ,
ਜਿੱਥੋਂ ਤੈਨੂੰ ਟਿਟੀਨੀਅਸ ਨਜ਼ਰੀਂ ਆਵੇ:
ਜੋ ਵੀ ਵੇਖੇਂ ਦੱਸੀਂ ਮੈਨੂੰ, ਕੀ ਮੈਦਾਨੇ ਹੁੰਦਾ,
ਮੇਰੀ ਨਜ਼ਰ ਤਾਂ ਪਹਿਲੋਂ ਈ ਮੋਟੀ,
ਕੁਝ ਵੀ ਨਜ਼ਰ ਨਾ ਆਵੇ।
-ਪਿੰਡਾਰਸ ਪ੍ਰਸਥਾਨ ਕਰਦਾ ਹੈ-
ਅੱਜ ਦਿਹਾੜੇ ਮੈਂ ਪਹਿਲਾ ਸਾਹ ਲੀਤਾ ਇਸ ਜੱਗ ਦੇ ਉੱਤੇ,
ਸਮੇਂ ਦਾ ਚੱਕਰ ਪੂਰਾ ਚੱਲਕੇ ਪੁੱਜਾ ਓਸੇ ਥਾਂ ਤੇ-
ਜਿੱਥੋਂ ਮੇਰਾ ਆਦਿ ਸੀ ਹੋਇਆ,
ਓਥੇ ਅੰਤ ਅੱਜ ਹੋ ਸੀ-
ਇਸ ਜੀਵਨ ਦਾ ਚੱਕਰ ਅੱਜ ਤਾਂ ਬੱਸ ਸਮਾਪਤ ਦਿੱਸੇ।
-ਹਾਂ, ਬਈ ਵੱਡਿਆ! ਕੀ ਤੂੰ ਖਬਰ ਲਿਆਇਆ?


ਪਿੰਡਾਰਸ:-(ਉੱਪਰੋਂ) ਓਹ! ਮੇਰੇ ਸਰਦਾਰ!
ਕੈਸੀਅਸ:-ਕੀ ਖਬਰ ਹੈ?
ਪਿੰਡਾਰਸ:-ਟਿਟੀਨੀਅਸ ਘੇਰ ਲਿਆ ਹੈ ਘੁੜਸਵਾਰਾਂ
ਜੋ ਉਹਦੇ ਵੱਲ ਲਾਉਂਦੇ ਅੱਡੀਆਂ, ਹਮਲਾ ਕਰਦੇ;
ਪਰ ਉਹ ਵੀ ਅੱਡੀ ਲਾਈਂ ਜਾਵੇ:
ਹੁਣ ਤਾਂ ਚੜ੍ਹੇ ਨੇ ਬਿਲਕੁਲ ਉਹਦੇ ਉੱਤੇ;-
ਹੁਣ ਟਿਟੀਨੀਅਸ!--, ਤੇ ਹੁਣ ਕੁੱਝ ਉੱਤਰੇ:
ਓ! ਹੁਣ ਤਾਂ ਉਹ ਵੀ ਉੱਤਰ ਆਇਆ:-
ਹੋਇਆ ਗਿਰਫਤਾਰ:-ਤੇ ਸੁਣੋ ਜ਼ਰਾ!-
ਮਾਰ ਰਹੇ ਨੇ ਜੈਕਾਰੇ ਨਾਲ ਖੁਸ਼ੀ ਦੇ, ਨੱਚਦੇ ਟੱਪਦੇ।
(ਜੈਕਾਰਿਆਂ ਦਾ ਸ਼ੋਰ)
ਕੈਸੀਅਸ:-ਆ ਜਾਂ ਥੱਲੇ, ਵੇਖ ਨਾਂ ਹੋਰ।
ਓਹ! ਕਿੱਡਾ ਵੱਡਾ ਕਾਇਰ ਹਾਂ ਮੈਂ!
ਜੀਂਦੇ ਜੀ ਵੇਖ ਲਿਆ ਮੈਂ ਤਾਂ,
ਸਭ ਤੋਂ ਚੰਗਾ ਮਿੱਤਰ ਮੇਰਾ
ਬੰਦੀ ਬਣਦਾ ਅੱਖਾਂ ਸਾਹਵੇਂ!
-ਪ੍ਰਵੇਸ਼ ਪਿੰਡਾਰਸ-
ਐਧਰ ਆ ਬਈ ਵੱਡਿਆ!
ਪਾਰਥੀਆ ਵਿੱਚ ਮੈਂ ਬਣਾਇਆ ਬੰਦੀ ਤੈਨੂੰ, ਹੈਂ ਕਿ ਨਾਂ?
ਤੇ ਕਸਮ ਖੁਆਈ, ਬਖਸ਼ੀ ਜਾਨ-
ਕਿ ਹੁਕਮ ਮੇਰਾ ਬਜਾਏਂ ਗਾ ਤੂੰ:
ਆ ਜਾ ਫਿਰ ਹੁਣ ਕਸਮ ਨਿਭਾ-
ਜਾਹ ਕੀਤਾ ਤੈਨੂੰ ਆਜ਼ਾਦ;
ਓਹੀ ਤਿੱਖੀ ਤਲਵਾਰ ਉਤਾਰ ਛਾਤੀ ਵਿੱਚ ਮੇਰੀ,
ਸੀਜ਼ਰ ਦੀਆਂ ਆਂਦਰਾਂ ਜਿਸ ਦਿੱਤੀਆਂ ਸੀ ਫਾੜ।
ਉੱਤਰ ਦੇਣ ਲਈ ਰੁਕਣ ਦੀ ਲੋੜ ਨਹੀਂ ਹੈ:
ਆਹ ਲੈ ਫੜ ਏਸਦਾ ਕਬਜ਼ਾ;
ਪਰ ਕੱਜਣ ਦੇ ਚਿਹਰਾ ਪਹਿਲਾਂ-
ਵੇਖ ਜਿਵੇਂ ਮੈਂ ਕੱਜ ਲਿਆ ਹੈ-
ਹੁਣ ਉਤਾਰ ਸਿੱਧੀ ਤਲਵਾਰ ਵਿੱਚ ਸੀਨੇ ਦੇ ਮੇਰੇ।-
ਸੀਜ਼ਰ! ਬਦਲਾ ਤੇਰਾ ਹੋਇਆ ਪੂਰਾ ਨਾਲ ਉਸੇ ਤਲਵਾਰ
ਜੀਹਨੇ ਲਈ ਸੀ ਤੇਰੀ ਜਾਨ।
-ਮਰ ਜਾਂਦਾ ਹੈ-


ਪਿੰਡਾਰਸ-:ਏਦਾਂ ਮੈਂ ਹੋਇਆਂ ਆਜ਼ਾਦ!
ਪਰ ਮੈਂ ਇੰਜ ਕਦੇ ਨਾ ਕਰਦਾ-
ਜੇ ਮੰਨੀ ਜਾਂਦੀ ਮੇਰੀ।
ਓ ਕੈਸੀਅਸ! ਦੇਸ਼ ਏਸ ਤੋਂ ਦੂਰ ਜਾਵਾਂ ਗਾ ਦੌੜ,
ਜਿੱਥੇ ਕੋਈ ਰੋਮ ਦਾ ਵਾਸੀ ਪਛਾਣੂੰ ਕਦੇ ਨਾ ਮੈਨੂੰ।
-ਪ੍ਰਸਥਾਨ ਕਰਦਾ ਹੈ-
-ਟਿਟੀਨੀਅਸ ਤੇ ਮੈਸਾਲੇ ਦਾ ਮੁੜ ਪ੍ਰਵੇਸ਼-
ਮੈਸਾਲਾ-:ਟਿਟੀਨੀਅਸ! ਇਹ ਤਾਂ ਹੈ ਬੱਸ ਬਦਲਾ ਸ਼ਦਲਾ;
ਸਰਦਾਰ ਬਰੂਟਸ ਦੀ ਸ਼ਕਤੀ ਨੇ
ਔਕਟੇਵੀਅਸ ਤਾਈਂ ਧੂਲ ਚਟਾਈ,
ਜਿਵੇਂ ਕੈਸੀਅਸ ਦੀਆਂ ਫੌਜਾਂ ਨੂੰ
ਐਨਟਨੀ ਮਾਰ ਭਜਾਇਆ।
ਟਿਟੀਨੀਅਸ-:ਇਹੋ ਖਬਰਾਂ ਧਰਵਾਸ ਦੇਣ ਗੀਆਂ
ਕੈਸੀਅਸ ਤਾਈਂ ਪੂਰਾ।
ਮੈਸਾਲਾ-:ਕਿੱਥੇ ਤੂੰ ਸੀ ਛੱਡਿਆ ਉਹਨੂੰ?
ਟਿਟੀਨੀਅਸ-:ਨਿੰਮੋਝੂਣਾ ਤੇ ਉਪਰਾਮ,
ਗ਼ੁਲਾਮ ਪਿੰਡਾਰਸ ਨਾਲ,
ਛੱਡਿਆ ਸੀ ਇਸ ਟੀਲੇ ਉੱਤੇ।
ਮੈਸਾਲਾ-:ਕੀ ਉਹ ਪਿਆ ਨੀ ਧਰਤੀ ਉੱਤੇ?
ਟਿਟੀਨੀਅਸ-:ਜਿਉਂਦਿਆਂ ਵਾਂਗ ਪਿਆ ਨਹੀਂ ਉਹ।
ਹਾਏ! ਮੇਰਾ ਦਿਲ!
ਮੈਸਾਲਾ-:ਕੀ ਓਹੀਓ ਨਹੀਂ ਹੈ ਇਹ?
ਟਿਟੀਨੀਅਸ-:ਨਹੀਂ ਮੈਸਾਲਾ! ਹੈ ਤਾਂ ਉਹੀਓ-
ਪਰ ਜ਼ਿੰਦਾ ਨਹੀਂ ਹੈ ਕੈਸੀਅਸ-
ਓ ਛਿਪਦੇ ਸੂਰਜ!
ਜਿਵੇਂ ਅਪਣੀਆਂ ਸੁਰਖ ਕਿਰਨਾਂ ਵਿੱਚ
ਡੁੱਬ ਰਿਹੈਂ ਤੂੰ ਅੱਜ ਦੀ ਰਾਤ:
ਓਵੇਂ ਲਾਲ ਲਹੂ ਚ ਆਪਣੇ
ਕੈਸੀਅਸ ਦਾ ਦਿਨ ਡੁੱਬ ਗਿਆ ਏ,-
ਰੋਮ ਦਾ ਸੂਰਜ ਡੁੱਬ ਗਿਆ ਏ!
ਸਾਡਾ ਦਿਨ ਵੀ ਲੱਥ ਗਿਆ ਏ;
ਘਿਰੇ ਨੇ ਬੱਦਲ, ਤਰੇਲਾਂ ਪਈਆਂ,
ਭਿਆਨਕ ਖਤਰੇ ਉੱਤਰ ਆਏ ਨੇ;


ਸਾਡੇ ਵੀ ਸਭ ਕਾਰਜ ਮੁੱਕੇ!
ਸਵੈ-ਵਿਸ਼ਵਾਸ ਦੀ ਕਮੀ ਨੇ ਮੇਰੀ
ਸ਼ਾਇਦ ਇਹ ਕਾਰਾ ਹੈ ਕੀਤਾ।
ਮੈਸਾਲਾ-:ਚੰਗੀ ਸਫਲਤਾ ਦੇ ਅਵਿਸ਼ਵਾਸ,
ਕਰ ਦਿੱਤਾ ਇਹ ਕਾਰਾ!
ਆਹ! ਓ, ਘਿਰਣਤ ਗਲਤੀ-
ਸੋਗੀ ਦਿਲਗੀਰੀ ਦੀ ਦੁਖਤਰ!-
ਸਿੱਧੀ ਸੋਚ ਕਿਉਂ ਪਾਏਂ ਕੁਰਾਹੇ,
ਕਿਓਂ ਵਿਖਾਵੇਂ ਐਸੇ ਸੁਪਨੇ,
ਜੋ ਸਾਕਾਰ ਕਦੇ ਨਹੀਂ ਹੁੰਦੇ?
ਆਹ! ਓ ਗ਼ਲਤੀ, ਭਰਮ ਭੁਲੇਖਾ!-
ਤੇਜ਼ਗਾਮ ਪ੍ਰਵੇਸ਼ ਹੈ ਤੇਰਾ ਗਰਭ ਦੁਆਰੇ;
ਪਾਏਂ ਡੇਰਾ ਪੱਕਾ ਓਥੇ, ਜਨਮ ਲਵੇਂ ਨਾਂ:
ਮਾਰ ਦੇਵੇਂ ਮਾਂ ਬੇਚਾਰੀ ਜਿਸ ਧਾਰਿਆ ਤੈਨੂੰ!
ਟਿਟੀਨੀਅਸ-:ਪਿੰਡਾਰਸ! ਓ ਪਿੰਡਾਰਸ! ਕਿੱਥੇ ਹੈਂ ਤੂੰ?
ਮੈਸਾਲਾ-:ਤੂੰ ਲੱਭ ਓਸਨੂੰ ਟਿਟੀਨੀਅਸ!
ਮੈਂ ਜਾਨਾਂ ਸਰਦਾਰ ਬਰੂਟਸ ਵੱਲੇ,
ਠੋਸਣ ਇਹ ਇਤਲਾਅ ਉਹਦੇ ਕੰਨੀਂ-
'ਠੋਸਣ' ਸ਼ਬਦ ਪ੍ਰਯੋਗ ਕਰਾਂ ਏਸ ਲਈ:
ਮਾਰੂ ਫੌਲਾਦ, ਤੀਰ ਜ਼ਹਿਰੀਲੇ, ਉਹਦੇ ਕੰਨਾਂ ਖਾਤਰ
ਮਿੱਠੇ ਹੋਸਨ ਕਿਤੇ ਜ਼ਿਆਦਾ ਏਸ ਖਬਰ ਦੇ ਨਾਲੋਂ।
ਟਿਟੀਨੀਅਸ-:'ਰੱਬ ਰਾਖਾ', ਮੈਸਾਲਾ!
-ਮੈਸਾਲਾ ਜਾਂਦਾ ਹੈ-
ਓਨਾਂ ਚਿਰ ਮੈਂ ਲੱਭਦਾਂ ਪਿੰਡਾਰਸ।
'ਵੀਰ' ਕੈਸੀਅਸ! ਕਿਉਂ ਘੱਲਿਆਂ ਸੀ ਏਥੋਂ ਮੈਨੂੰ?
ਕੀ ਮੈਂ ਮਿਲਿਆ ਨਾ ਸੀ ਤੇਰੇ ਮਿੱਤਰਾਂ ਤਾਂਈਂ?
ਕੀ ਇਹ ਜੈ ਮਾਲਾ ਮੇਰੇ ਮੱਥੇ ਨਹੀਂ ਧਰੀ ਸੀ ਉਹਨਾਂ
ਤਾਂ ਜੋ ਦੇ ਦੇਵਾਂ ਮੈਂ ਤੈਨੂੰ ਫਤਿਹ ਦਾ ਸੁੱਖ ਸੁਨੇਹਾ?
ਸੁਣੇ ਨਹੀਂ ਸਨ ਤੈਨੂੰ ਉਹਨਾਂ ਦੇ ਜੈਕਾਰੇ?
ਸਦ ਅਫਸੋਸ! ਤੂੰ ਤਾਂ ਸਭ ਕੁਝ ਗ਼ਲਤ ਸਮਝਿਆ।
ਪਰ ਠਹਿਰ ਜ਼ਰਾ, ਲੈ ਫੜ ਅਪਣਾ ਹਾਰ, ਧਰ ਮੱਥੇ ਤੇ-
ਤੇਰੇ ਮਿੱਤਰ ਬਰੂਟਸ ਹੁਕਮ ਸੀ ਕੀਤਾ,
ਦੇ ਦੇਵਾਂ ਇਹ ਤੈਨੂੰ, ਤੇ ਮੈਂ ਕਰਦਾਂ ਤਾਮੀਲ ਹੁਕਮ ਦੀ।


ਝਬਦੇ ਆ ਬਰੂਟਸ! ਆ ਕੇ ਵੇਖ ਜ਼ਰਾ
ਕਿਵੇਂ ਕੀਤੈ ਸਤਿਕਾਰ ਮੈਂ 'ਵੀਰ' ਕਾਇਸ ਕੈਸੀਅਸ ਦਾ;-
ਇਜਾਜ਼ਤ ਹੋਵੇ ਦੇਵਗਣ ਤੁਹਾਡੀ,
ਰੋਮਨ ਹੋਣ ਦਾ ਫਰਜ਼ ਨਿਭਾਵਾਂ-
ਕੈਸੀਅਸ ਦੀ ਸ਼ਮਸ਼ੀਰ ਸੁਆਗਤ,
ਟਿਟੀਨੀਅਸ ਦੇ ਉਤਰ ਦਿਲ ਵਿੱਚ।
-ਮਰ ਜਾਂਦਾ ਹੈ-
-ਖਤਰੇ ਦਾ ਬਿਗਲ ਵੱਜਦਾ ਹੈ-ਮੈਸਾਲੇ ਨਾਲ ਬਰੂਟਸ,
ਜਵਾਂਸਾਲ ਕੇਟੋ, ਸਟਰੇਟੋ ਵਾਲਯੂਮੀਨੀਅਸ
ਤੇ ਲੂਸੀਲੀਅਸ ਦਾ ਪ੍ਰਵੇਸ਼-
ਬਰੂਟਸ-:ਕਿੱਥੇ ਮੈਸਾਲਾ! ਪਈ ਹੈ ਉਹਦੀ ਲਾਸ਼?
ਮੈਸਾਲਾ-:ਔਹ ਪਰੇ; ਤੇ ਟਿਟੀਨੀਅਸ
ਕਰ ਰਿਹੈ ਵਿਰਲਾਪ।
ਬਰੂਟਸ-:ਟਿਟੀਨੀਅਸ ਦਾ ਮੂੰਹ ਤੇ ਉੱਪਰ ਵੱਲ ਹੈ।
ਗੱਬਰੂ ਕੇਟੋ-:ਉਹ ਤੇ ਕਤਲ ਪਿਆ ਹੈ ਹੋਇਆ।
ਬਰੂਟਸ-:ਓ ਜੂਲੀਅਸ ਸੀਜ਼ਰ!
ਤੂੰ ਹਾਲੀਂ ਵੀ ਸ਼ਕਤੀਵਰ ਹੈਂ!
ਆਤਮਾ ਤੇਰੀ ਫਿਰੇ ਆਵਾਰਾ,
ਸਾਡੇ ਢਿੱਡੀਂ ਧੱਕੀਂ ਜਾਵੇ ਸਾਡੀਆਂ ਹੀ ਤਲਵਾਰਾਂ।
-ਖਤਰੇ ਦੇ ਬਿਗਲ ਦੀ ਧੀਮੀ ਆਵਾਜ਼-
ਗੱਬਰੂ ਕੇਟੋ-:ਵੇਖੋ- 'ਵੀਰ' ਟਿਟੀਨੀਅਸ!-
ਵੇਖੋ ਇਹਨੇ ਕਿੱਦਾਂ ਕੈਸੀਅਸ ਨੂੰ ਜੈਮਾਲਾ ਪਹਿਨਾਈ!
ਬਰੂਟਸ-:ਹੈ ਸਨ ਕੋਈ ਦੋ ਰੋਮਨ ਜ਼ਿੰਦਾ ਏਨ੍ਹਾਂ ਵਰਗੇ?
ਰੋਮਨਾਂ ਦੇ ਸਿਰਤਾਜ ਰੋਮਨੋ! ਅਲਵਿਦਾ ਤੁਹਾਨੂੰ!
ਸੰਭਵ ਨਹੀਂ ਫਿਰ ਪੈਦਾ ਹੋਸੀ ਰੋਮ ਚ ਤੁਹਾਡਾ ਸਾਨੀ।
ਮਿੱਤਰੋ! ਮੈਂ ਰਿਣੀ ਬੜਾ ਹੰਝੂਆਂ ਦਾ,
ਦੇਣੇ ਇਸ ਮਿੱਤਰ ਨੂੰ
ਪਰ ਹੁਣ ਵਕਤ ਨਹੀਂ ਮੇਰੇ ਕੋਲ,
ਵਿਖਾ ਨਹੀਂ ਸਕਦਾ ਤੁਹਾਨੂੰ-
ਪਰ ਕੈਸੀਅਸ! ਮੈਂ ਵਕਤ ਕੱਢਾਂ ਗਾ,
ਕੱਢੂੰ ਸਮਾਂ ਜ਼ਰੂਰ।-
ਏਸ ਲਈ ਹੁਣ ਚੱਲੋ ਏਥੋਂ,ਇਹਦੀ ਲਾਸ਼ ਨੂੰ ਭੇਜੋ ਥੈਸੋਸ!
ਕਿਰਿਆ ਕਰਮ ਨਹੀਂ ਕਰਨਾ ਪੜਾਅ ਤੇ-


ਤਾਂ ਜੋ ਤਕਲੀਫ ਨਾਂ ਹੋਵੇ ਸਭ ਨੂੰ।
ਲੂਸੀਲੀਅਸ! ਆ, ਤੇ ਕੇਟੋ ਗਭਰੇਟ!ਤੂੰ ਵੀ ਆ;
ਚੱਲੀਏ ਆਪਾਂ ਮੈਦਾਨਿ ਜੰਗ ਨੂੰ।-
ਲੇਬੀਓ ਤੇ ਫਲਾਵੀਅਸ! ਵਧਾਓ ਅੱਗੇ ਫੌਜਾਂ:-
ਤਿੰਨ ਵੱਜੇ ਨੇ ਹੁਣ; ਓ ਰੋਮਨ ਵੀਰੋ!ਰਾਤ ਪੈਣ ਤੋਂ ਪਹਿਲਾਂ,
ਕਰ ਕੇ ਦੂਜਾ ਹੱਲਾ ਕਿਸਮਤ ਅਜ਼ਮਾਈਏ ਆਪਾਂ।
-ਪ੍ਰਸਥਾਨ-

- ਸੀਨ-੪। ਮੈਦਾਨਿ ਜੰਗ ਦਾ ਹੋਰ ਹਿੱਸਾ-
-ਜੰਗੀ ਬਿਗਲ ਵੱਜਦੇ ਹਨ; ਦੋਵਾਂ ਧਿਰਾਂ ਦੇ ਸਿਪਾਹੀ ਜੂਝ ਰਹੇ ਹਨ;
ਬਰੂਟਸ, ਗੱਭਰੂ ਕੇਟੋ, ਲੂਸੀਲੀਅਸ ਤੇ ਹੋਰਾਂ ਦਾ ਪ੍ਰਵੇਸ਼-
ਬਰੂਟਸ-:ਕੁੱਝ ਨਹੀਂ ਵਿਗੜਿਆ ਹਾਲੇ ਮਿੱਤਰੋ! ਵਕਤ ਸੰਭਾਲੋ,
ਕਰ ਲੋ ਉੱਚੀਆਂ ਧੌਣਾਂ!
ਹੈ ਕੋਈ ਹਰਾਮੀ ਐਸਾ, ਜੋ ਕਰੇ ਨਾ ਉੱਚੀ ਧੌਣ?
ਹੈ ਕੋਈ ਜੋ ਆਉਂਦੈ ਮੇਰੇ ਨਾਲ?
ਮੈਦਾਨਿ ਜੰਗ ਚ ਖੜਾ ਕਰਾਂ ਐਲਾਨ:-
ਮਾਰਕ ਕੇਟੋ ਦਾ ਪੁੱਤ ਲਲਕਾਰੇ, ਹੋ!-
ਜਾਬਰਾਂ ਦਾ ਦੁਸ਼ਮਣ ਜਾਨੀ,
ਪਰ ਦੇਸ਼ ਦਾ ਅਪਣੇ ਮਿੱਤਰ;
ਮਾਰੇ ਲਲਕਾਰੇ ਪੁੱਤ ਕੇਟੋ ਦਾ-ਹੋ-!
-ਦੁਸ਼ਮਣ ਨੂੰ ਟੁੱਟ ਕੇ ਪੈ ਜਾਂਦਾ ਹੈ-
ਬਰੂਟਸ-:ਤੇ ਮੈਂ ਬਰੂਟਸ-ਮਾਰਕਸ ਬਰੂਟਸ-
ਦੇਸ਼ ਪ੍ਰੇਮੀ ਬਰੂਟਸ ਹਾਂ ਮੈਂ;
ਪਹਿਚਾਣੋ ਅੱਜ ਬਰੂਟਸ ਤਾਈਂ !
-ਹਮਲਾ ਕਰਦਾ ਹੈ। ਜਵਾਂਸਾਲ ਕੇਟੋ ਕਾਬੂ ਆ ਜਾਂਦਾ ਹੈ।
ਓਹ ਧਰਾਸ਼ਾਹੀ ਹੋ ਜਾਂਦਾ ਹੈ।
ਲੂਸੀਅਸ-:ਆਹ, ਓ ਜਵਾਨ ਜਹਾਨ ਕੇਟੋ!
ਡਿੱਗ ਪਿਆ ਹੈਂ ਧਰਤੀ?
ਟਿਟੀਨੀਅਸ ਵਾਂਗੂੰ ਤੂੰ ਵੀ
ਵੀਰਗਤੀ ਨੂੰ ਪ੍ਰਾਪਤ ਹੋਇਆ;
ਸ਼ਾਇਦ ਮਿਲੇ ਸਨਮਾਨ ਵੀ ਤੈਨੂੰ
ਕੇਟੋ ਦਾ ਪੁੱਤਰ ਜਿਉਂ ਹੋਇਆ।
ਸ਼ਹਿਰੀ-੧-:ਬੰਦੀ ਹੋ, ਜਾਂ ਮਰਦਾ ਹੋ!


ਲੂਸੀਅਸ-:ਬੰਦੀ ਬਣਾਂ ਕਿਉਂ ਮਰਨ ਦੀ ਖਾਤਰ?
ਮਾਰ ਤਤਕਾਲ ਤੂੰ ਮੈਨੂੰ, ਲੁੱਟ ਲੈ ਮਾਲ।
(ਧਨ ਪੇਸ਼ ਕਰਦੈ)
ਹੁਣੇ ਮਾਰ ਬਰੂਟਸ ਤਾਈਂ,ਖੱਟ ਨਾਮਣਾ ਮਾਰ ਕੇ ਮੈਨੂੰ।
ਸ਼ਹਿਰੀ-੧-:ਏਦਾਂ ਅਸੀਂ ਨਹੀਂ ਕਰਨਾ,
ਹੁਕਮ ਨਹੀਂ ਹੈ ਸਾਨੂੰ-
ਸਰਦਾਰਾਂ ਨੂੰ ਕੈਦ ਹੈ ਕਰਨਾ!
ਸਿਪਾਹੀ-੨-:ਰਸਤਾ ਛੱਡੋ, ਛੀੜ ਕਰੋ-ਹੋ!-
ਐਨਟਨੀ ਨੂੰ ਦੱਸੋ ਜਾਕੇ ਬਰੂਟਸ ਗਿਆ ਹੈ ਫੜਿਆ।
ਸ਼ਹਿਰੀ-੧-:ਮੈਂ ਦੇਨਾਂ ਇਤਲਾਹ।-
ਜਰਨੈਲ ਗਿਆ ਹੈ ਆਪ ਹੀ ਆ।
-ਪ੍ਰਵੇਸ਼ ਐਨਟਨੀ-
ਬਰੂਟਸ ਫੜ ਲਿਆ-ਫੜਿਆ ਗਿਆ ਬਰੂਟਸ,ਸਰਕਾਰ!
ਐਨਟਨੀ-:ਕਿੱਥੇ ਹੈ ਉਹ?
ਲੂਸੀਅਸ-:ਸੁਰੱਖਿਅਤ ਐਨਟਨੀ! ਬਿਲਕੁਲ ਸੁਰੱਖਿਅਤ ਹੈ ਬਰੂਟਸ:
ਜੁੱਰਅਤ ਕਰ ਵਿਸ਼ਵਾਸ ਦਿਲਾਵਾਂ
ਕੋਈ ਦੁਸ਼ਮਣ ਛੂਹ ਨਾ ਸੱਕੇ ਜ਼ਿੰਦਾ ਬਰੂਟਸ ਤਾਈਂ-
ਵੀਰ ਬੜਾ ਹੈ, ਬੜਾ ਹੀ ਭੱਦਰ ਉਹ ਜੀਆਲਾ:
ਰੱਖਿਆ ਕਰਨ ਦੇਵਤੇ ਉਸਦੀ ਏਸ ਜ਼ਲਾਲਤ ਕੋਲੋਂ!
ਜਦ ਵੀ ਮਿਲਿਆ ਮਿਲੂਗਾ ਤੈਨੂੰ ਜ਼ਿੰਦਾ ਜਾਂ ਫਿਰ ਮੁਰਦਾ,
ਬਰੂਟਸ ਵਾਂਗੂ ਮਿਲੂ ਬਰੂਟਸ, ਤੜਕ ਭੜਕ ਨਹੀਂ ਪੈਣੀ ਮੰਦੀ।
ਐਨਟਨੀ-:ਇਹ ਬਰੂਟਸ ਨਹੀਂ ਹੈ ਮਿੱਤਰ!
ਪਰ ਮੈਂ ਯਕੀਨ ਦਿਲਾਵਾਂ ਤੈਨੂੰ,
ਇਨਾਮ ਮਿਲੂਗਾ ਓਨਾ ਹੀ ਏਹਦਾ:
ਇਹਨੂੰ ਰੱਖੋ ਸੁਰੱਖਿਆ ਨਾਲ,
ਦੇਖ ਭਾਲ ਤੁਸੀਂ ਕਰਨੀ ਪੂਰੀ;
ਦੁਸ਼ਮਣ ਨਾਲੋਂ ਮਿੱਤਰ ਚੰਗੇ ਅਜੇਹੇ ਬੰਦੇ ਮੇਰੇ।
ਜਾਓ ਲੱਭੋ ਬਰੂਟਸ ਤਾਈਂ, ਜ਼ਿੰਦਾ ਹੈ ਜਾਂ ਮੋਇਆ,
ਦਿਓ ਇਤਲਾਹ ਲਿਆਕੇ ਮੈਨੂੰ ਔਕਟੇਵੀਅਸ ਵਾਲੇ ਤੰਬੂ,
ਕਿ ਕਿਵੇਂ, ਕਿੱਥੇ, ਕੀ ਕੀ ਹੋਈਂ ਜਾਂਦੈ।


-ਸੀਨ-੫। ਮੈਦਾਨ ਦਾ ਇੱਕ ਹੋਰ ਹਿੱਸਾ।
-ਪ੍ਰਵੇਸ਼ ਬਰੂਟਸ, ਡਾਰਡੇਨੀਅਸ, ਕਲੀਟਸ, ਸਟਰੇਟੋ ਤੇ
ਵੌਲਯੂਮੀਨੀਅਸਬਰੂਟਸ-:

ਬਰੂਟਸ-:ਬਚਿਓ ਖੁਚਿਓ,ਬੇਚਾਰੇ ਮਿੱਤਰੋ!
ਆਓ ਬੈਠੋ; ਕਰੋ ਅਰਾਮ ਇਸ ਪੱਥਰ ਉੱਤੇ।
ਕਲੀਟਸ-:ਸਟਾਟੀਲੀਅਸ ਮਸ਼ਾਲਚੀ ਸੀ ਜੋ ਰਾਹ ਵਿਖਾਵਣ ਵਾਲਾ,
ਮਾਲਿਕ! ਮੁੜਕੇ ਨਹੀਂ ਉਹ ਆਇਆ:
ਆਜ਼ਾਦ ਹੈ ਜਾਂ ਬੰਦੀ ਬਣਿਆ
ਜਾਂ ਫਿਰ ਕਤਲ ਉਹ ਹੋਇਆ-
ਕੋਈ ਪਤਾ ਨਹੀਂ ਲੱਗਾ-।
ਬਰੂਟਸ-:ਆ ਬੈਠ ਕਲੀਟਸ ਏਥੇ! 'ਕਤਲ' ਸ਼ਬਦ ਹੀ ਸਹੀ ਹੈ;
ਕਤਲ ਕਰਨਾ ਤਾਂ ਰਵਾਜ ਬਣ ਗਿਐ।
ਆ ਜ਼ਰਾ ਹੁਣ ਗੱਲ ਸੁਣ ਮੇਰੀ-(ਕੰਨ ਚ ਕੁੱਝ ਕਹਿੰਦਾ ਹੈ)
ਕਲੀਟਸ-:ਕੀ ਆਖਿਆ? ਮੈਂ, ਸਰਕਾਰ? ਨਾਂ-ਨਾਂ, ਕਦੇ ਵੀ ਨਾਂ-
ਸਾਰੀ ਮਿਲਦੀ ਹੋਵੇ ਦੁਨੀਆਂ-ਤਾਂ ਵੀ ਨਾਂ।
ਬਰੂਟਸ-:ਸ਼ਾਂਤ, ਤਾਂ ਫਿਰ ਠੰਢ ਰੱਖ; ਕੁੱਝ ਨਾ ਬੋਲ।
ਕਲੀਟਸ-:ਉਲਟ ਏਸ ਦੇ ਆਪਣੇ ਆਪ ਨੂੰ ਮਾਰ ਲਵਾਂ ਮੈਂ!
ਬਰੂਟਸ-:ਦਰਦੇਨੀਅਸ! ਤੂੰ ਸੁਣ ਜ਼ਰਾ-
(ਕੰਨ ਚ ਕੁੱਝ ਕਹਿੰਦਾ ਹੈ)
ਦਰਦੇਨੀਅਸ-:ਅਜੇਹੀ ਕਰਾਂ ਮੈਂ ਕਰਤੂਤ?
ਕਲੀਟਸ-:ਓ ਦਰਦੇਨੀਅਸ!
ਦਰਦੇਨੀਅਸ-:ਓ ਕਲੀਟਸ!
ਕਲੀਟਸ-:ਕਿਹੜੀ ਕੋਝੀ-ਕਿਹੜੀ ਮਾੜੀ-
ਕਰੇ ਬੇਨਤੀ ਬਰੂਟਸ ਤੈਨੂੰ?
ਦਰਦੇਨੀਅਸ-:ਕਹਿੰਦੈ ਕਤਲ ਕਰਾਂ ਮੈਂ ਉਹਨੂੰ।
ਵੇਖ ਕਲੀਟਸ! ਉਹ ਧਿਆਨ ਮਗਨ ਹੈ।
ਕਲੀਟਸ-:ਕੁਲੀਨ ਪਿਆਲਾ ਗ਼ਮ ਦਾ ਭਰਿਆ-
ਪਲਕਾਂ ਉਪਰੋਂ ਛਲਕ ਰਿਹਾ ਹੈ।
ਬਰੂਟਸ-:ਐਧਰ ਆ ਵੌਲਯੂਮੀਨਸ ਭਲਿਆ! ਸੁਣ ਮੇਰੀ ਇੱਕ ਗੱਲ-
ਵੌਲਯੂਮੀਨਸ-:ਹੁਕਮ ਕਰੇ ਮੇਰੇ ਸਰਦਾਰ?
ਬਰੂਟਸ-:ਸੁਣ ਵੌਲਯੂਮੀਨਸ! ਗੱਲ ਹੈ ਏਦਾਂ:
ਪਰੇਤ ਸੀਜ਼ਰ ਦਾ ਨਜ਼ਰੀਂ ਆਇਐ ਰਾਤੀਂ,


ਵੱਖੋ ਵੱਖਰੇ ਮੌਕਿਆਂ ਉੱਤੇ,ਵੱਖੋ ਵੱਖਰੀ ਥਾਈਂ;
ਪਹਿਲਾਂ ਸਾਰਡੀਜ਼ ਨਾਜ਼ਲ ਹੋਇਆ,
ਰਾਤੀਂ ਫਿਲਪੀ ਦੇ ਮੈਦਾਨੀਂ:ਮੈਂ ਜਾਣਦਾਂ ਆ ਗਿਐ ਮੇਰਾ ਵੇਲਾ।
ਵੌਲਯੂਮੀਨਸ-:ਐਸਾ ਨਹੀਂ ਹੈ ਮੇਰੇ ਸਰਦਾਰ।
ਬਰੂਟਸ-:ਨਹੀਂ, ਮੈਨੂੰ ਵਿਸ਼ਵਾਸ ਏ ਪੱਕਾ, ਏਦਾਂ ਹੀ ਹੈ ਹੋਣਾ;
ਵੇਖ ਵੌਲਯੂਮੀਨਸ! ਵੇਖ ਇਹ ਦੁਨੀਆਂ
ਕਿਵੇਂ ਬਦਲਦੀ ਜਾਂਦੀ;
ਮਾਰ ਮਾਰ ਕੇ ਕਿਵੇਂ ਦੁਸ਼ਮਣਾਂ,
ਖਾਤੇ ਕੰਢੇ ਧੱਕ ਲਿਆਂਦੈ?
-ਖਤਰੇ ਦਾ ਧੀਮਾ ਸ਼ੋਰਆਪੂੰ ਜੇ ਕੁੱਦ ਪਈਏ ਆਪਾਂ
ਇਜ਼ੱਤ ਰਹਿ ਜੂ ਅਪਣੀ;
ਰੁਕੇ ਰਹੇ ਤਾਂ ਮੂਧੇ ਸੁੱਟੂ ਦੇ ਕੇ ਧੱਕੇ ਦੁਸ਼ਮਣ।
ਵੌਲਯੂਮੀਨਸ ਭਲਿਆ! ਪਤਾ ਏ ਤੈਨੂੰ
ਆਪਾਂ ਦੋਵੇਂ ਕੱਠੇ ਪਾਠਸ਼ਾਲਾ ਸੀ ਜਾਇਆ ਕਰਦੇ:
ਉਸ ਪੁਰਾਣੇ ਪਰੇਮ ਦਾ ਸਦਕਾ
ਬਿਨੇ ਕਰਾਂ ਮੈਂ ਤੈਨੂੰ :
ਫੜ ਮੇਰੀ ਤਲਵਾਰ ਦਾ ਕਬਜ਼ਾ,
ਕਰ ਲੈ ਸਿੱਧੀ ਮੇਰੇ ਵੱਲ,
ਦੌੜ ਕੇ ਆਵਾਂ ਉੱਤਰ ਜਾਵਾਂ,
ਤਿੱਖੀ ਧਾਰ ਤੋਂ ਇਹਦੀ।
ਵੌਲਯੂਮੀਨਸ-:ਮਿੱਤਰਾਂ ਜੋਗਾ ਕੰਮ ਨਹੀਂ ਹੈ ਇਹ ਮੇਰੇ ਸਰਦਾਰ।
-ਖਤਰੇ ਦਾ ਸ਼ੋਰ-
ਕਲੀਟਸ-:ਭੱਜੋ-ਭੱਜੋ-ਮੇਰੇ ਆਕਾ!
ਹੁਣ ਠਹਿਰਣ ਦਾ ਵੇਲਾ ਹੈ ਨੀ।
ਬਰੂਟਸ-:ਅਲਵਿਦਾ ਮਿੱਤਰੋ ਸਭ ਤਾਈਂ;
ਤੈਨੂੰ ਵੀ ਵੌਲਯੂਮੀਨਸ; ਤੇ ਤੈਨੂੰ ਸਟਰੈਟੋ,
ਤੂੰ ਤਾਂ ਸਾਰਾ ਵਕਤ ਲੰਘਾਇਐ ਸੌਂ ਕੇ।-
ਐ ਮੇਰੇ ਹਮਵਤਨੋ! ਮੈਂ ਚੱਲਿਆਂ ਗਦ ਗਦ-
ਖੁਸ਼ਨਸੀਬ ਬੜਾ ਹਾਂ-ਜੋ ਵੀ ਮਿਲਿਆ
ਵਫਾ ਦਾ ਪੁਤਲਾ ਮਿਲਿਆ-
ਬੇਵਫਾ ਨਹੀਂ ਮਿਲਿਆ ਕੋਈ।


ਅੱਜ ਦਿਹਾੜੇ ਜੰਗ ਹਾਰਨ ਦੇ-
ਹਾਰ ਕੇ ਵੀ ਮੈਂ ਜਿੱਤਣਾ-
ਔਕਟੇਵੀਅਸ ਤੇ ਮਾਰਕ ਐਨਟਨੀ,
ਹੀਣੀ ਅਪਣੀ ਜਿੱਤ ਤੇ ਜੋ ਫੁੱਲ ਰਹੇ ਨੇ-
ਫਿੱਕੀ ਪੈ ਜੂ ਸ਼ਾਨ ਉਨ੍ਹਾਂ ਦੀ,
ਤੇਜ ਮੇਰੇ ਦੇ ਅੱਗੇ-। ਏਸ ਲਈ ਹੁਣ
ਫਤਿਹ ਬੁਲਾਉਂਨਾਂ ਫੌਰਨ; ਬਰੂਟਸ ਦੇ ਹੁਣ
ਮੁੱਕ ਚੱਲੇ ਬੋਲ-ਹਿਆਤੀ ਦਾ ਮੁੱਕਿਆ ਇਤਹਾਸ।
ਮੌਤ ਰਾਤ੍ਰੀ ਪਲਕਾਂ ਚੁੰਮੀਆਂ, ਨੀਂਦ ਚੜ੍ਹੀ ਐ ਨੈਣੀਂ,
ਅਹਿੱਲ ਆਰਾਮ ਕਰੂ ਇਹ ਦੇਹੀ-
ਪ੍ਰਾਪਤੀ ਏਸ ਘੜੀ ਦੀ ਖਾਤਰ
ਹੱਡ ਤੋੜ ਮੁਸ਼ੱਕਤ ਕੀਤੀ ਜੀਹਨੇ।
-ਖਤਰੇ ਦਾ ਸ਼ੋਰ-'ਭੱਜੋ, ਦੌੜੋ, ਭੱਜੋ' ਦੀਆਂ ਚੀਖਾਂ-
ਕਲੀਟਸ-:ਦੌੜੋ, ਮੇਰੇ ਸਰਦਾਰ, ਦੌੜੋ।
ਬਰੂਟਸ-:ਚਲੋ ਤੁਸੀਂ-ਮੈਂ ਆਉਨਾ ਪਿੱਛੇ।
-ਕਲੀਟਸ, ਦਰਦੇਨੀਅਸ ਤੇ ਵੌਲਯੂਮੀਨਸ ਦਾ ਪ੍ਰਸਥਾਨ-
ਸਟਰੈਟੋ! ਬਿਨੇ ਹੈ ਮੇਰੀ,
ਰੁਕ ਜਾ ਅਪਨੇ ਮਾਲਿਕ ਕੋਲ:
ਚੰਗਾ ਨਾਮ ਕਮਾਇਐ ਤੂੰ-ਮਾਣਮੱਤਾ ਏ ਜੀਵਨ ਤੇਰਾ,
ਤਾਂ ਤੇ ਕਬਜ਼ਾ ਫੜ ਸ਼ਮਸ਼ੀਰ ਦਾ ਮੇਰੀ,
ਮੂੰਹ ਫੇਰ ਲੀਂ ਦੂਜੇ ਪਾਸੇ;
ਦੌੜ ਕੇ ਜਦ ਮੈਂ ਉੱਤਰਾਂ ਧਾਰ ਤੋਂ ਇਹਦੀ।
ਸਟਰੇਟੋ-:ਪਹਿਲਾਂ ਹੱਥ ਮਿਲਾ ਲੋ ਸਰਦਾਰ!
ਤੇ ਲਓ ਅਲਵਿਦਾ ਮੇਰੀ।
ਬਰੂਟਸ-:ਅਲਵਿਦਾ, ਨੇਕ ਸਟਰੈਟੋ!ਸੀਜ਼ਰ! ਹੁਣ ਤਾਂ ਸ਼ਾਂਤ ਹੋ ਜਾ;
ਨਹੀਂ ਸੀ ਮਾਰਿਆ ਤੈਨੂੰ,
ਏਦੂ ਘੱਟ ਸ਼ੁਭ ਕਾਮਨਾਂ ਨਾਲ।
(ਅਪਣੀ ਤਲਵਾਰ ਤੇ ਦੌੜ ਕੇ ਮਰ ਜਾਂਦਾ ਹੈ)
-ਖਤਰੇ ਦਾ ਨਾਦ-ਸੈਨਾ ਵਾਪਸੀ ਦਾ ਬਿਗਲ਼-
ਔਕਟੇਵੀਅਸ, ਐਨਟਨੀ ਤੇ ਸੈਨਾ ਦਾ ਪ੍ਰਵੇਸ਼-ਲ਼ੀਸੀਲੀਅਸ
ਤੇ ਮੈਸਾਲਾ ਜ਼ੰਜੀਰਾਂ ਚ ਬੰਨ੍ਹੇ ਹਨ-
ਔਕਟੇਵੀਅਸ-:ਇਹ ਕਿਹੜੈ ਬੰਦਾ?


ਮੈਸਾਲਾ-:ਮੇਰੇ ਮਾਲਿਕ ਦਾ ਹੈ ਇਹ ਬੰਦਾ।-
ਹਾਂ, ਸਟਰੈਟੋ! ਕਿੱਥੇ ਮਾਲਿਕ ਤੇਰਾ?
ਸਟਰੈਟੋ-:ਮੈਸਾਲਾ! ਜਿਸ ਗ਼ੁਲਾਮੀ ਵਿੱਚ ਤੂੰ ਬੱਝਾ,
ਉਸ ਤੋਂ ਆਜ਼ਾਦ ਹੈ ਉਹ:
ਇਹ ਫਾਤਿਹ ਕੁੱਝ ਕਰ ਨਹੀਂ ਸਕਦੇ,
ਬੱਸ ਸਾੜ ਹੀ ਸਕਦੇ ਉਹਨੂੰ;
ਬਰੂਟਸ ਤਾਂ ਖੁਦ ਅਪਣਾ ਫਾਤਿਹ
ਕੋਈ ਬਲੀ ਨਹੀਂ ਹੈ ਐਸਾ,
ਜੋ ਉਸ ਦਾ ਕਾਤਲ ਕਹਿਲਾਵੇ,
ਜਿੱਤ ਦਾ ਸਿਰ ਤੇ ਮੁਕਟ ਸਜਾਵੇ।
ਲੁਸੀਅਸ-:ਸ਼ਾਨ ਬਰੂਟਸ ਦੀ ਇਹੋ ਹੈ
ਇੰਜ ਖੰਡੇ ਦੀ ਧਾਰ ਉਤਰਨਾ!
ਸ਼ੁਕਰਗੁਜ਼ਾਰ ਲੂਸੀਲੀਅਸ ਤੇਰਾ
ਕਥਨ ਉਸਦਾ ਸਿਰ ਨਾਲ ਨਿਭਾਇਆ।
ਔਕਟੇਵੀਅਸ-:ਬਰੂਟਸ ਦੇ ਸਭ ਖਿਦਮਤਗਾਰ,
ਮੇਰੀ ਸੇਵਾ ਲਈ ਰਹਿਣ ਤਿਆਰ।
ਕਿਉਂ ਓ ਜਣਿਆ! ਬਣੇਂਗਾ ਚਾਕਰ ਮੇਰਾ?
ਸਟਰੈਟੋ-:ਜੀ ਸਰਕਾਰ! ਜੇ ਮੈਸਾਲਾ ਕਰੇ ਸਿਫਰਾਸ਼ ਮੇਰੀ।
ਔਕਟੇਵੀਅਸ-:ਭਲੇ ਮੈਸਾਲਾ! ਕਰ ਸਿਫਾਰਸ਼ ਇਹਦੀ।
ਮੈਸਾਲਾ-:ਮਾਲਿਕ ਮੇਰਾ ਕਿੱਦਾਂ ਮਰਿਆ? ਦੱਸ ਸਟਰੈਟੋ!
ਸਟਰੈਟੋ-:ਮੈਂ ਫੜੀ ਸੀ ਖੜਗ ਓਸਦੀ,
ਉਹ ਜਦ ਧਾਰ ਉੱਤਰਿਆ।
ਮੈਸਾਲਾ-:ਜੀ ਔਕਟੇਵੀਅਸ! ਰੱਖ ਲਓ ਚਾਕਰ ਆਪਣਾ:
ਜਿਨ ਤੋੜ ਨਿਭਾਈ ਮਾਲਿਕ ਮੇਰੇ ਨਾਲ।
ਐਨਟਨੀ-:ਅੱਤ ਕੁਲੀਨ, ਅੱਤ ਭੱਦਰ ਸੀ ਇਹ,
ਰੋਮਨ ਅੱਤ ਮਹਾਨ, ਇਸ ਜੁੰਡਲੀ ਵਿੱਚੋਂ :
ਬਾਕੀ ਸਾਰੇ ਹਸਦ ਦੇ ਮਾਰੇ
ਨਿਰਮਮ ਕਾਤਲ ਮਹਾਨ ਸੀਜ਼ਰ ਦੇ:
ਪਰ ਇਹ ਇੱਕ ਇੱਕਲਾ ਹੀ ਸੀ
ਜਿਸ ਸਰਬੱਤ ਦਾ ਭਲਾ ਸੋਚਿਆ
ਨਾਲ ਈਮਾਨ ਹੱਥ ਮਿਲਾਇਆ
ਬੇਈਮਾਨ ਸਾਜ਼ਸ਼ੀਆਂ ਨਾਲ;
ਜੀਵਨ ਉਸਦਾ ਸਹਿਜਮਈ ਸੀ,


ਭੱਦਰ ਸੀ, ਅਸੀਲ ਸੀ ਉਹ
ਤੱਤ-ਮਿਸ਼੍ਰਣ ਸੀ ਐਸਾ ਉਸ ਵਿੱਚ
ਵਕਤ ਪਵੇ ਤਾਂ ਖੁਦ ਕੁਦਰਤ ਉਠੇ
ਪੂਰੀ ਦੁਨੀਆਂ ਨੂੰ ਲਲਕਾਰੇ :
'ਆਹ ਸੀਗਾ ਇੱਕੋ ਇੱਕ ਮਾਨਵ ਪੂਰਾ'-
'ਮੇਰਾ ਲਹੂ, ਮੇਰਾ ਤੁਖਮ, ਪੁੱਤਰ ਮੇਰਾ'!
ਔਕਟੇਵੀਅਸ-:ਗੁਣਾਂ ਅਨੁਸਾਰ ਕਰੋ ਵਿਹਾਰ,
ਪੂਰੇ ਰਸਮ ਰਿਵਾਜਾਂ ਨਾਲ ਕਰੋ ਸਸਕਾਰ,
ਪੂਰਾ ਦਿਓ ਸਤਿਕਾਰ।
ਅੱਜ ਦੀ ਰਾਤ ਮੇਰੇ ਖੈਮੇ ਅੰਦਰ,
ਦਿਹ ਇਸਦੀ ਸੁਖਆਸਣ ਹੋਵੇ,
ਸ਼ੂਰਵੀਰ ਕਿਸੇ ਯੋਧੇ ਵਾਂਗੂੰ,
ਇਜ਼ੱਤ ਮਾਣ ਵੀ ਪੂਰਾ ਹੋਵੇ।-
ਬੱਸ ਫਿਰ ਆਰਾਮ ਕਰੇ ਹੁਣ ਸੈਨਾ: ਆਪਾਂ ਏਥੋਂ ਚੱਲੀਏ,
ਖੁਸ਼ੀਆਂ ਲੱਧੇ ਦਿਹੂੰ ਦੀ ਦੌਲਤ ਹਿੱਸੇ ਆਉਂਦੀ ਮੱਲੀਏ॥
-ਪ੍ਰਸਥਾਨ-