-ਐਕਟ-੩-
ਸੀਨ-੧-ਰੋਮ-ਸੰਸਦ ਭਵਨ ਦੀ
ਬੈਠਕ-ਬਾਹਰ ਲੋਕਾਂ ਦਾ ਹਜੂਮ-
ਆਰਟੇਮੀਦੋਰਸ ਅਤੇ ਭਵਿੱਖ-ਵਾਚਕ ਦਿਸਦੇ ਹਨ-
-ਵਾਜੇ ਗਾਜੇ ਨਾਲ ਸੀਜ਼ਰ ਦਾ ਪ੍ਰਵੇਸ਼-


ਸੀਜ਼ਰ-:ਮਾਰਚ ਦੀ ਤੇ ਆ ਗਈ ਈਦ।
ਭਵਿੱਖ-ਵਾਚਕ-:ਹਾਂ, ਪਰ ਹਾਲੇ ਲੰਘੀ ਕਿੱਥੇ?
ਆਰਟੇਮੀਦੋਰਸ-:ਜੈ ਸੀਜ਼ਰ ਦੀ, ਫਤਿਹ ਬੁਲਾਵਾਂ!
ਆਹ ਪੱਤਰ ਹੈ ਤੁਹਾਡੇ ਪੜ੍ਹਣ ਦਾ।
ਡੇਸੀਅਸ-:ਟਰੈਬੋਨੀਅਸ ਚਾਹੁੰਦੈ, ਵਕਤ ਕੱਢਕੇ
ਪੜ੍ਹਿਓ ਅਰਜ਼ੀ ਉਹਦੀ-
ਆਰਟੇਮੀਦੋਰਸ-:ਜੀ ਸੀਜ਼ਰ! ਪਹਿਲਾਂ ਪੜ੍ਹ ਲੋ ਅਰਜ਼ੀ ਮੇਰੀ;
ਮੇਰਾ ਇਹ ਦਾਅਵਾ ਤੁਹਾਡੇ ਨਾਲ ਤਅੱਲੁਕ ਰੱਖੇ-
ਪੜ੍ਹ ਲੋ ਇਸ ਨੂੰ ਪਹਿਲਾਂ।
ਸੀਜ਼ਰ-:ਜੀਹਦਾ ਮੇਰੇ ਨਾਲ ਤਅੱਲੁਕ
ਉਹਦੀ ਵਾਰੀ ਸਭ ਤੋਂ ਪਿੱਛੋਂ।
ਆਰਟੇਮੀਦੋਰਸ-:ਦੇਰ ਕਰੋ ਨਾ ਬਿਲਕੁਲ ਸੀਜ਼ਰ!
ਹੁਣੇ ਪੜ੍ਹੋ ਤੁਸੀਂ ਏਸ ਨੂੰ।
ਸੀਜ਼ਰ-:ਕੀ ਹੋ ਗਿਐ? ਕੀ ਇਹ ਕਰਦੈ?
ਹੈ ਕੇਹਾ, ਇਹ ਮੁਰਖ ਬੰਦਾ?
ਪਬਲੀਅਸ-:ਚੱਲ ਓਏ ਜਣਿਆਂ! ਲਾਂਭੇ ਹੋ।
ਕੈਸੀਅਸ-:ਇਹ ਕੀ ? ਅਰਜ਼ੀ, ਪਰਚਾ ਵਿੱਚ ਬਜ਼ਾਰ?
ਸੰਸਦ ਭਵਨ 'ਚ ਆ ਜਾ ਪਿੱਛੇ
ਜੇ ਕਰਨੀ ਫਰਿਯਾਦ।
ਪੌਪੀਲੀਅਸ-:ਅੱਜ ਦਾ ਕਾਜ ਸਿਰੇ ਚੜ੍ਹ ਜਾਵੇ-
ਸ਼ੁਭ ਇੱਛਾਵਾਂ ਦਿਆਂ ਤੁਹਾਨੂੰ।
ਕੈਸੀਅਸ-:ਪੌਪੀਲਸ! ਕਿਹੜੇ ਕਾਜ ਦੀ ਕਰੇਂ ਤੂੰ ਗੱਲ?
ਪੌਪੀਲੀਅਸ-:ਅਲਵਿਦਾਅ-ਦਿਓਤਿਆਂ ਦੀ ਰੱਖ!
(ਸੀਜ਼ਰ ਨਾਲ ਜਾ ਰਲਦਾ ਹੈ)


ਬਰੂਟਸ-:ਕੀ ਕਹਿੰਦਾ ਸੀ ਪੌਪੀਲਸ ਲੀਨਾ?
ਕੈਸੀਅਸ-:ਸ਼ੁਭ ਇੱਛਾਵਾਂ ਦੇਕੇ ਕਹਿੰਦਾ,
'ਤੁਹਾਡਾ ਕਾਜ ਸਿਰੇ ਚੜ੍ਹ ਜਾਵੇ'।
ਮੈਨੂੰ ਡਰ ਹੈ ਸਾਡਾ ਰਾਜ਼, ਹੁਣ ਰਾਜ਼ ਰਿਹਾ ਨੀ।
ਬਰੂਟਸ-:ਸੀਜ਼ਰ ਵੱਲ ਵੇਖ ਕਿਵੇਂ ਹੈ ਵਧਿਆ!
ਨਜ਼ਰ 'ਚ ਰੱਖੋ ਇਹਨੂੰ।
ਕੈਸੀਅਸ-:ਕਾਸਕਾ! ਕਰੋ ਅਚਾਨਕ ਹਮਲਾ,
ਸਾਰੇ ਜਾਣ ਭਮੱਤਰ:
ਡਰ ਬੜਾ ਹੈ ਕੋਈ ਰੁਕਾਵਟ ਪੈ ਨਾ ਜਾਵੇ;
ਬੋਲ ਬਰੂਟਸ, ਫਿਰ ਕੀ ਕਰੀਏ,
ਭੇਦ ਜੇ ਸਾਡਾ ਖੁੱਲ ਗਿਆ ਤਾਂ?
ਫਿਰ ਸੀਜ਼ਰ ਰਹਿ ਸੀ ਜਾਂ ਕੈਸੀਅਸ,
ਪਿੱਛੇ ਕਿਸੇ ਨਹੀਂ ਹਟਣਾ
ਅਪਣਾ ਕਤਲ ਮੈਂ ਆਪ ਕਰੂੰਗਾ।
ਬਰੂਟਸ-:ਕੈਸੀਅਸ! ਬੱਸ ਪੱਕਾ ਰਹਿ ਤੂੰ, ਰਹਿ ਅਡੋਲ;
ਪੌਪੀਲਸ ਲੀਨਾ ਗੱਲ ਨਹੀਂ ਕਰਦਾ ਸਾਡੀ,
ਵੇਖ ਕਿਵੇਂ ਮੁਸਕਾਈਂ ਜਾਂਦੈ।
ਸੀਜ਼ਰ ਵੀ ਓਵੇਂ ਦਾ ਓਵੇਂ,
ਤਬਦੀਲੀ ਕੋਈ ਨਹੀਂ ਚਿਹਰੇ ਉ ੱਤੇ।
ਕੈਸੀਅਸ-:ਟਰੈਬੋਨੀਅਸ ਖੂਬ ਸਮਝਦੈ ਸਮੇਂ ਦੀ ਮੰਗ-
ਵੇਖ ਬਰੂਟਸ! ਮਾਰਕ ਐਨਟਨੀ ਕਿਵੇਂ ਹਟਾਇਐ
ਆਪਣੇ ਰਾਹ ਚੋਂ!
-ਐਨਟਨੀ ਅਤੇ ਟਰੈਬੋਨੀਅਸ ਜਾਂਦੇ ਹਨ,
ਸੀਜ਼ਰ ਤੇ ਸਾਂਸਦ ਅਪਣੇ ਸਥਾਨ
ਗ੍ਰਿਹਣ ਕਰਦੇ ਹਨ-
ਡੇਸੀਅਸ-:ਕਿੱਥੇ ਹੈ ਮੈਟੀਲਸ ਸਿੰਬਰ?
ਹੁਣ ਉਹ ਜਾਵੇ, ਪੇਸ਼ ਕਰੇ ਤੁਰੰਤ,
ਸੀਜ਼ਰ ਨੂੰ ਅਪਨੀ ਅਰਜ਼ੋਈ-
ਬਰੂਟਸ-:ਉਹ ਬਿਲਕੁਲ ਤਿਆਰ ਹੈ ਦਿਸਦਾ;
ਤੁਸੀਂ ਵੀ ਢੁੱਕੋ ਨੇੜੇ, ਤੇ ਉਸਦੀ ਤਾਈਦ ਕਰੋ।
ਸਿੰਨਾ-:ਕਾਸਕਾ!ਤੂੰ ਹੀ ਪਹਿਲਾ ਵਾਰ ਕਰੇਂਗਾ।
ਕਾਸਕਾ-:ਕੀ ਸਾਰੇ ਤਿਆਰ ਹਾਂ ਆਪਾਂ?


ਸੀਜ਼ਰ-:ਦੱਸੋ ਹੈ ਕੋਈ ਦੁੱਖ ਕਿਸੇ ਨੂੰ,
ਜਾਂ ਨੁਕਸਾਨ ਕਿਸੇ ਦਾ ਹੋਇਆ,
ਸੀਜ਼ਰ ਅਤੇ ਸਭਾ ਤੋਂ ਜਿਸ ਦੀ
ਮੰਗ ਰਹੇ ਭਰਪਾਈ?
ਮੈਟੀਲੀਅਸ ਸਿੰਬਰ-:ਸ਼ਾਹਾਂ ਦੇ ਸ਼ਾਹ, ਮਹਾਂ ਬਲੀ ਸੀਜ਼ਰ!
ਤੇਰੇ ਉੱਚ ਸਿੰਘਾਸਨ ਅੱਗੇ
ਪੇਸ਼ ਕਰੇ ਨਜ਼ਰਾਨਾ-
ਹੋ ਦੋਜ਼ਾਨੂ ਮੈਟੀਲਸ ਸਿੰਬਰ
ਅਪਣੇ ਆਜਜ਼ ਦਿਲ ਦਾ-
-ਸਜਦੇ 'ਚ ਗਿਰਦਾ ਹੈ-
ਸੀਜ਼ਰ-:ਸਿੰਬਰ! ਉੱਠ ਖੜਾ ਹੋ ਸਿੱਧਾ,
ਇੰਜ ਕਰਨ ਤੋਂ ਸਖਤੀ ਨਾਲ ਰੋਕਾਂ;
ਇਹ ਆਜਜ਼ੀ, ਇਹ ਡੰਡਵਤ,
ਖਾਕਸਾਰੀ ਅਤੇ ਵੰਦਨਾ,
ਨੱਕ ਰਗੜਨੇ ਧਰਤੀ ਉੱਤੇ,
ਸਿੱਧਿਆਂ ਨੂੰ ਭਰਮਾ ਸਕਦੇ ਨੇ,
ਸਾਧਾਰਣ ਖੁਨ ਗਰਮਾ ਸਕਦੇ ਨੇ-
ਅੱਧਿਆਦੇਸ਼ਾਂ, ਜ਼ਬਤ,ਨਜ਼ਮ ਨੂੰ
ਬਚਗਾਨਾ ਕਾਨੂਨ ਬਣਾ ਸਕਦੇ ਨੇ-।
ਗ਼ਲਤਫਹਿਮੀ ਚ ਰਹਿ ਨਾ ਬਿਲਕੁਲ
ਸੀਜ਼ਰ ਕੋਈ ਨਾਦਾਨ ਨਹੀਂ ਹੈ
ਗੱਦਾਰਾਂ ਵਾਲਾ ਖੂਨ ਨਹੀਂ ਉਸਦਾ
ਜੋ ਹੋ ਕੇ ਪਾਣੀ ਪਾਣੀ, ਅਸਲਾ ਛੱਡੂ ;
ਏਦਾਂ ਤਾਂ ਬੱਸ ਮੂਰਖ ਪਿੱਘਰਨ।
ਮਤਲਬ ਮੇਰਾ ਮਿੱਠੀਆਂ ਮਿੰਤਾਂ,
ਕੋਰਨਸ਼ਾ ਤੇ ਕਦਮ ਬੋਸੀਆਂ,
ਕਮੀਨੇ ਕੂਕਰ ਵਾਲੀ ਚੱਟਾ ਚੱਟੀ
ਤੇ ਚਾਪਲੂਸੀ ਤੋਂ ਹੈ ਸਿੰਬਰ!
ਸਮਝ ਗਿਆ ਤੂੰ?
ਤੇਰੇ ਭਾਈ ਦਾ ਦੇਸ਼ ਨਿਕਾਲਾ
ਨਿਆਂ-ਪਰਬੰਧ ਦਾ ਸੀ ਫਰਮਾਨ-
ਜੇ ਝੁਕਦੈਂ ਤੂੰ ਉਹਦੀ ਖਾਤਰ,


ਖੁਸ਼ਾਮਦ ਅਤੇ ਬੇਨਤੀ ਕਰਦੈਂ,
ਕੂਕਰ ਸਮਝ ਕੇ ਠੋਕਰ ਮਾਰਾਂ
ਪਰੇ ਹਟਾਵਾਂ ਤੈਨੂਂ ।
ਸੀਜ਼ਰ ਕਦੇ ਬੁਰਾ ਨਹੀਂ ਕਰਦਾ
ਜਾਣ, ਸਮਝ ਲੈ ਸਿੰਬਰ!
ਬਿਨਾ ਕਾਰਨ ਤੋਂ ਕਰੇ ਨਾ ਕਿਰਪਾ,
ਕਰਦਾ ਨਾਲ ਤਸੱਲੀ।
ਮੈਟੀਲੀਅਸ ਸਿੰਬਰ-:ਹੈ ਕੋਈ ਏਥੇ ਹੋਰ ਆਵਾਜ਼
ਮੇਰੀ ਨਾਲੋਂ ਤਕੜੀ,
ਜੋ ਸੀਜ਼ਰ ਦੇ ਕੰਨਾਂ ਨੂੰ ਭਾਵੇ
ਲੱਗੇ ਵੱਧ ਪਿਆਰੀ-
ਭਰਾ ਮੇਰੇ ਦਾ ਦੇਸ਼ ਨਿਕਾਲਾ
ਜੋ ਮਨਸੂਖ ਕਰਾਵੇ?
ਬਰੂਟਸ-:ਹੱਥ ਤੇਰੇ ਨੂੰ ਚੁੰਮਾਂ ਸੀਜ਼ਰ,
ਪਰ ਨਾਂ ਕਰਾਂ ਖੁਸ਼ਾਮਦ ਤੇਰੀ,
ਕਰ ਮਨਸੂਖ ਇਹ ਦੇਸ਼ ਨਿਕਾਲਾ,
ਪਬਲੀਅਸ ਸਿੰਬਰ ਨੂੰ ਕਰ ਬਹਾਲ-
ਮੰਨ ਗੁਜ਼ਾਰਸ਼ ਮੇਰੀ।
ਸੀਜ਼ਰ-:ਇਹ ਕੀ ਕਹਿਨੈ ਤੂੰ ਬਰੂਟਸ?
ਕੈਸੀਅਸ-:ਮੁਆਫੀ ਸੀਜ਼ਰ; ਸੀਜ਼ਰ ਮੁਆਫੀ:
ਪੈਰੀਂ ਤੇਰੇ ਡਿੱਗੇ ਕੈਸੀਅਸ, ਕਰੇ ਗੁਜ਼ਾਰਸ਼:
ਪਬਲੀਅਸ ਸਿੰਬਰ ਨੂੰ ਕਰ ਆਜ਼ਾਦ।
ਸੀਜ਼ਰ-:ਦਿਲ ਮੇਰਾ ਵੀ ਜਾਂਦਾ ਪਸੀਜ
ਜੇ ਮੈਂ ਤੇਰੇ ਵਰਗਾ ਹੁੰਦਾ:
ਬੇਨਤੀਆਂ ਜੇ ਕਰ ਸਕਦਾ ਮੈਂ
ਪਰਭਾਵ ਪਾਉਣ ਨੂੰ ਦਿਲ ਕਿਸੇ ਤੇ,
ਮੈਂ ਵੀ ਹੋ ਜਾਂਦਾ ਪ੍ਰਭਾਵਤ,
ਅਰਜ਼ੋਈ ਤੋਂ ਤੇਰੀ:
ਪਰ ਮੈਂ ਤਾਂ ਸਦਾ ਅਟੱਲ,
ਧਰੁਵ ਤਾਰੇ ਵਾਂਗੂੰ-
ਸੱਤ ਦੇ ਸੱਥਰ ਵਿਸ਼ਰਾਮ ਕਰਨ ਦੋ
ਅਹਿੱਲ ਸਥਿਰਤਾ ਵਾਲੀ


ਸਿਫਤ ਜੋ ਇਹਦੀ-
ਪੂਰੇ ਏਸ ਬ੍ਰਹਮੰਡ ਦੇ ਅੰਦਰ
ਹੋਰ ਕਿਸੇ ਵਿੱਚ ਨਾਂਹੀ।
ਅਰਸ਼ਾਂ ਦੀ ਫੁਲਕਾਰੀ ਚਿੱਤਰੀ,
ਚਿਣਗਾਂ ਚਮਕਣ ਬੇਸ਼ੁਮਾਰ
ਸਾਗਰ ਵਿੱਚ ਜਿਉਂ ਦੀਪਕ ਤਰਦੇ,
ਲੈਕੇ ਆਪਣੀ ਆਪਣੀ ਲਾਟ;
ਪਰ ਹੈ ਇੱਕ ਅਜੇਹਾ ਉੱਥੇ ਬੱਝਾ ਆਪਣੇ ਖੂੰਟੇ-
ਸਦਾ ਅਟੱਲ, ਸਦਾ ਅਡੋਲ,
ਸਦਾ ਅਹਿੱਲ, ਸਦਾ ਸਥਿਰ:
ਏਸੇ ਤਰਾਂ ਇਸ ਦੁਨੀਆ ਅੰਦਰ
ਖਲਕਤ ਰੰਗ ਬਰੰਗੀ-
ਐਪਰ ਬੰਦੇ ਲਹੂ ਮਾਸ ਦੇ
ਸੂਝਵਾਨ ਤੇ ਚਿੰਤਾਵਾਨ ਵੀ;
ਭੈਮਾਨ ਵੀ ਹੋ ਜਾਂਦੇ ਨੇ,
ਰਹਿ ਨਾ ਸੱਕਣ ਸਦਾ ਅਡੋਲ।
ਬੇਸ਼ੁਮਾਰ ਇਸ ਖਲਕਤ ਅੰਦਰ
ਮੈਂ ਤਾਂ ਬੱਸ ਇੱਕੋ ਪਹਿਚਾਣਾਂ
ਜੋ ਪਦਵੀ ਰੁਤਬਾ ਬਦਨਾਮ ਨਹੀਂ ਕਰਦਾ,
ਜੀਹਦਾ ਵਚਨ ਅਕੱਟ;
ਕੋਈ ਧੱਕਾ, ਕੋਈ ਹਰਕਤ
ਪੈਰੋਂ ਉਹਨੂੰ ਕੱਢ ਨਾ ਸੱਕੇ:
ਤੇ ਉਹ ਮੈਂ ਹੀ ਹਾਂ, ਪਹਿਚਾਣੋ ਮੈਨੂੰ ਮਿੱਤਰੋ:
ਅੱਜ ਉਹੀ ਪੱਕਿਆਈ ਵਿਖਾਵਾਂ
ਏਸ ਮਾਮਲੇ ਵਿੱਚ ਵੀ,
ਅਡੋਲ ਰਿਹਾ ਮੈਂ ਜਦ ਸਿੰਬਰ ਕੱਢਿਆ
ਅੱਜ ਵੀ ਰਹਾਂ ਅਡੋਲ, ਵਚਨ ਅਕੱਟ ਹੈ ਮੇਰਾ:
ਦੇਸ਼ ਨਿਕਾਲਾ ਸਿੰਬਰ ਵਾਲਾ
ਅੱਜ ਵੀ ਰਹੂ ਬਹਾਲ।
ਸਿੰਨਾ-:ਓ, ਸੀਜ਼ਰ!
ਸੀਜ਼ਰ-:ਪਰੇ ਹੱਟ ਤੂੰ! ਕਿਰਲੀਆਂ ਪਾਣ ਛਤੀਰੀਂ ਜੱਫੇ?
ਪਰਬੱਤ ਕਿਵੇਂ ਹਲਾਵੇਂ ਥਾਂ ਤੋਂ?


ਡੇਸੀਅਸ-:ਸੀਜ਼ਰ ਮਹਾਨ!
ਸੀਜ਼ਰ-:ਬਰੂਟਸ! ਕਿਉਂ ਫਜ਼ੂਲ ਤੂੰ ਸਜਦੇ ਕਰਦੈਂ?
ਕਾਸਕਾ-:ਜ਼ੁਬਾਂ ਤਾਂ ਮੇਰੀ ਬਾਜ਼ੂ ਆਹ ਮੇਰਾ!
(ਸੀਜ਼ਰ ਦੀ ਗਰਦਨ 'ਚ ਖੰਜਰ ਘੋਂਪਦਾ ਹੈ;
ਸੀਜ਼ਰ ਉਸਦੀ ਬਾਂਹ ਫੜਦਾ ਹੈ; ਕਈ ਹੋਰ ਸਾਜ਼ਸ਼ੀ
ਖੰਜਰਾਂ ਨਾਲ ਵਾਰ ਕਰਦੇ ਹਨ ਤੇ ਆਖਰ ਵਿੱਚ
ਮਾਰਕਸ ਬਰੂਟਸ ਵੀ ਵਾਰ ਕਰਦਾ ਹੈ)
ਸੀਜ਼ਰ-:ਹਾ-, ਬਰੂਟਸ! ਤੂੰ ਵੀ?-
ਫਿਰ ਤਾਂ ਸੀਜ਼ਰ, ਚੱਲ ਹੁਣ ਚੱਲੀਏ!
(ਸੀਜ਼ਰ ਡਿਗਦਾ ਹੈ ਤੇ ਮਰ ਜਾਂਦਾ ਹੈ;ਜੰਤਾ ਅਤੇ
ਸਾਂਸਦ ਰਾਮ ਰੌਲੇ 'ਚ ਪਿੱਛੇ ਹਟ ਜਾਂਦੇ ਹਨ)
ਸਿੰਨਾ-:ਆਜ਼ਾਦੀ! ਸੁਤੰਤਰਤਾ, ਇਨਕਲਾਬ!
ਜ਼ੁਲਮ, ਜਬਰ ਹੈ ਮੋਇਆ!-
ਦੌੜੋ ਏਥੋਂ, ਕਰੋ ਐਲਾਨ,
ਗਲੀਏਂ ਸੜਕੀਂ ਰੌਲਾ ਪਾਓ।
ਕੈਸੀਅਸ-:ਕੁਝ ਬੰਦੇ ਜਾਓ ਸਾਂਝੇ ਸੱਥੀਂ,
ਕੁਝ ਉਪਦੇਸ਼ ਮੰਚਾਂ ਤੇ ਜਾਓ-
ਸੰਘ ਫਾੜ ਕੇ ਰੌਲਾ ਪਾਓ-
ਆਈ ਆਜ਼ਾਦੀ, ਸੁਤੰਤਰਤਾ ਆਈ,
ਮੱਤ-ਅਧਿਕਾਰ ਲਿਆਈ'!
ਬਰੂਟਸ-:ਲੋਕੋ ਅਤੇ ਸਾਂਸਦੋ! ਡਰ ਨਹੀਂ ਕੋਈ,
ਨੱਸਣ ਭੱਜਣ ਦੀ ਲੋੜ ਨਹੀਂ ਹੈ,
ਰੁਕੋ, ਖਲੋਵੋ, ਅਹਿੱਲ ਰਹੋ ਤੇ ਗੱਲ ਸੁਣੋ-
ਇਹ ਤਾਂ ਬੱਸ ਆਕਾਂਖਿਆ ਨੇ
ਹੈ ਰਿਣ ਚੁਕਾਇਆ।
ਕਾਸਕਾ-:ਮੰਚ ਤੇ ਚੜ੍ਹ ਕੇ ਬੋਲ ਬਰੂਟਸ!
ਡੇਸੀਅਸ-:ਕੈਸੀਅਸ! ਤੂੰ ਵੀ ਚੜ੍ਹ ਮੰਚ ਤੇ-
ਬਰੂਟਸ-:ਕਿੱਥੇ ਗਿਐ ਪਬਲੀਅਸ?
ਸਿੰਨਾ-:ਏਥੇ ਹੀ ਹੈ; ਗਦਰ ਨੇ ਉਹਨੂੰ ਸੁੰਨ ਕਰ ਦਿੱਤੈ,
ਹੋਸ਼ ਖਤਾ ਨੇ ਉਹਦੇ।
ਮੈਟੀਲੀਅਸ ਸਿੰਬਰ-:ਕੱਠੇ ਰਹੋ ਸਭ ਪੱਕੇ ਪੈਰੀਂ,
ਮਤੇ ਕੋਈ ਮਿੱਤਰ ਸੀਜ਼ਰ ਵਾਲਾ,


ਲੈ ਬੈਠੇ ਕੋਈ ਪੰਗਾ।
ਬਰੂਟਸ-:ਕੱਠੇ ਹੋ ਖਲੋਵਣ ਵਾਲੀ ਗੱਲ ਕਰੋ ਨਾਂ;
ਮੂੰਹ ਤੇ ਖੇੜਾ ਲਿਆ ਪਬਲੀਅਸ!
ਨਿੱਜ ਤੇਰੇ ਦੀ ਹਾਨੀ ਕੋਈ ਨਾ ਚਾਹੇ,
ਨਾਂ ਕਿਸੇ ਰੋਮਨ ਨੂੰ ਹੁਣ ਕੋਈ,
ਐੇਵੇਂ ਹੀ ਨੁਕਸਾਨ ਪੁਚਾਵੇ:
ਬੱਸ ਇਹੋ ਗੱਲ ਸਭ ਨੂੰ ਆਖੋ।
ਕੈਸੀਅਸ-:ਤੇ ਪਬਲੀਅਸ! ਲਾਂਭੇ ਹੋ ਜਾ ਸਾਥੋਂ;
ਚੜ੍ਹ ਜੇ ਆਏ ਦੁਸ਼ਮਨ ਸਾਡੇ, ਵੱਡੀ ਉਮਰ ਦਾ ਤੇਰੀ
ਕਰ ਬੈਠਣ ਨਾ ਕੋਈ ਨਿਰਾਦਰ।
ਬਰੂਟਸ-:ਕਰ ਤੂੰ ਏਵੇਂ; ਨਾਲੇ ਜੋ ਵੀ ਹੋਇਐ, ਅਸਾਂ ਨੇ ਕੀਤੈ
ਸਾਡੀ ਸਾਰੀ ਜ਼ਿੰਮੇਵਾਰੀ, ਹੋਰ ਕਿਸੇ ਦੀ ਨਾਂਹੀਂ।
-ਟਰੈਬੋਨੀਅਸ ਦਾ ਮੁੜ ਪ੍ਰਵੇਸ-
ਕੈਸੀਅਸ:ਕਿੱਥੇ ਰਹਿ ਗਿਆ ਅੈਨਟਨੀ?
ਟਰੈਬੋਨੀਅਸ-:ਅਪਣੇ ਘਰ ਨੂੰ ਭੱਜ ਗਿਆ ਘਬਰਾਕੇ।
ਤੀਵੀਆਂ, ਬੰਦੇ, ਬੱਚੇ, ਬੁੱਢੇ ਟੱਡਣ ਅੱਖਾਂ ਰੋਈਂ ਜਾਵਣ
ਡਰ ਦੇ ਮਾਰੇ ਨੱਸੀਂ ਜਾਵਣ,
ਪਰਲੋਂ ਦਾ ਜਿਉਂ ਦਿਨ ਹੈ ਆਇਆ।
ਬਰੂਟਸ-:ਆਹ, ਓ 'ਹੋਣੀ'! ਭਾਣਾ ਤੇਰਾ
ਲੱਗੂ ਪਤਾ ਅਸਾਨੂੰ-
ਕੀ ਪੌਣੈ ਤੂੰ ਝੋਲ ਅਸਾਡੀ;
ਅਸੀਂ ਜਾਣੀਏ ਮੌਤ ਹੈ ਆਣੀ-
ਬੱਸ ਗੱਲ ਸਮੇਂ ਦੀ ਹੀ ਹੈ ਸੀ-
ਉਮਰਾਂ ਖਿੱਚ ਵਧਾਈਏ ਕਿੱਦਾਂ
ਚਿੰਤਾ-ਗ੍ਰਸਤ ਰਹੇ ਜੱਗ ਸਾਰਾ।
ਕੈਸੀਅਸ-:ਵੀਹ ਵਰ੍ਹੇ ਜੋ ਉਮਰ ਚ ਕਰੇ ਕਟੌਤੀ,
ਮੌਤ ਦਾ ਭੈ ਵੀ ਕੱਟ ਸੁੱਟਦਾ ਹੈ ਵੀਹ ਵਰ੍ਹਿਆਂ ਦਾ।
ਬਰੂਟਸ-:ਜੇ ਇਹ ਮੰਨੀਏ, ਮੌਤ ਦਾ ਫਿਰ ਲਾਭ ਬੜਾ ਹੈ:
ਸੀਜ਼ਰ ਦੇ ਅਸੀਂ ਮਿੱਤਰ ਨਿਕਲੇ,
ਕਜ਼ਾ ਦੇ ਭੈ ਤੋਂ ਮੁਕਤੀ ਬਖਸ਼ੀ,
ਕੱਟ ਅਧਵਾਟੇ ਉਹਨੂੰ ।
ਆਓ, ਰੋਮ ਵਾਸੀਓ! ਝੁਕੋ ਜ਼ਰਾ ਸੀਜ਼ਰ ਉੱਤੇ,


ਨੀਵੇਂ ਹੋਕੇ ਆਦਰ ਨਾਲ,
ਕਰੀਏ ਵਜ਼ੂ ਲਹੂ ਨਾਲ ਇਹਦੇ,
ਬਾਵ੍ਹਾਂ ਧੋਈਏ ਅਰਕਾਂ ਤੀਕਰ,
ਲਹੂ ਲਾਈਏ ਤਲਵਾਰਾਂ ਉੱਤੇ
ਟੁਰੀਏ ਫੇਰ ਬਜ਼ਾਰਾਂ ਵੱਲੇ,
ਸਿਰੋਂ ਉੱਚੀਆਂ ਖੂਨੀ ਤਲਵਾਰਾਂ
ਸਾਰੇ ਕੱਠੇ ਮਾਰੀਏ ਨਾਅਰੇ-
'ਇਨਕਲਾਬ! ਸ਼ਾਂਤੀ ਲਿਆਇਆ;
ਇਨਕਲਾਬ! ਆਜ਼ਾਦੀ ਲਿਆਇਆ;
ਇਨਕਲਾਬ! ਮੁਕਤੀ ਲਿਆਇਆ'।
ਕੈਸੀਅਸ-:ਆਓ ਫੇਰ ਧੋਈਏ ਅਰਕਾਂ,
ਨਾਲ ਨਮ੍ਰਤਾ ਨੀਂਵੇ ਹੋਕੇ।-
ਜਾਣੇ ਕਿੰਨੇ ਯੁੱਗਾਂ ਉਪ੍ਰੰਤ
ਦੁਨੀਆ ਦੇ ਇਸ ਰੰਗ-ਮੰਚ ਤੇ,
ਕਿਸੇ ਅਜੰਮੀ ਰਿਆਸਤ ਅੰਦਰ,
ਓਪਰੇ ਕਿਸੇ ਉਚਾਰਣ ਰਾਹੀਂ
ਜਦ ਫਿਰ ਗੌਰਵਮਈ, ਇਹ ਕਰਮ ਅਸਾਡਾ
ਦੁਹਰਾਇਆ ਜਾਊਗਾ ਦਰਸ਼ਕਾਂ ਅੱਗੇ।
ਬਰੂਟਸ-:ਫੇਰ ਪਤਾ ਨੀ ਖੇਡ ਖੇਡ ਵਿੱਚ
ਕਿੰਨੇ ਵਾਰੀਂ ਕਤਲ ਹੋਵੇਗਾ ਸੀਜ਼ਰ-
ਮਿੱਟੀ ਹੋ ਕੇ ਢੇਰ ਪਿਆ ਅੱਜ,
ਪੌਂਪੀ ਦੇ ਬੁੱਤ ਥੱਲੇ ।
ਕੈਸੀਅਸ-:ਜਿੰਨੇ ਵਾਰੀਂ ਹੋਊ ਅਜੇਹਾ
ਓਨੇ ਵਾਰੀਂ ਯਾਦ ਕਰਨਗੇ-
ਲੋਕੀ ਆਖਣ ਸਾਡੇ ਗੁੱਟ ਨੂੰ
ਮੁਕਤੀ-ਦਾਤਾ ਅਪਣੇ ਵਤਨ ਦੇ।
ਡੇਸੀਅਸ-:ਹੁਣ ਕਿੱਧਰ ਚੱਲੀਏ ਆਪਾਂ?
ਕੈਸੀਅਸ-:ਹਾਂ, ਚੱਲੀਏ ਹੁਣ ਸਾਰੇ:
ਬਰੂਟਸ ਸਾਡਾ ਨੇਤਾ ਹੋਇਆ;
ਪਿੱਛੇ ਲਗਣਾ ਮਾਣ ਹੈ ਸਾਡਾ
ਅਸੀਂ ਬਹਾਦੁਰ ਬਿਹਤਰੀਨ ਹਾਂ, ਦਿਲ ਰੋਮ ਦੇ।
ਬਰੂਟਸ-:ਚੁੱਪ ਰਹੋ; ਵੇਖੋ ਕੌਣ ਹੈ ਆਉਂਦਾ?
-ਇੱਕ ਗੁਲਾਮ ਦਾ ਪ੍ਰਵੇਸ਼-


ਮਿੱਤਰ ਕੋਈ ਐਨਟਨੀ ਦਾ-
ਗ਼ੁਲਾਮ-:ਹੁਕਮ ਕੀਤਾ ਮਾਲਿਕ ਨੇ ਮੈਂਨੂੰ,
ਪਵਾਂ ਮੈਂ ਚਰਨੀਂ ਆਕੇ:
ਮਾਰਕ ਐਨਟਨੀ ਆਦੇਸ਼ ਕੀਤਾ ਸੀ-
ਸਜਦੇ ਡਿੱਗਾਂ, ਕਰਾਂ ਡੰਡਵਤ, ਅਰਜ਼ ਗੁਜ਼ਾਰਾਂ:-
ਬਰੂਟਸ ਬੜਾ ਕੁਲੀਨ ਸਿਆਣਾ,
ਬੜਾ ਬਹਾਦੁਰ ਸੱਚਾ ਸੁੱਚਾ;
ਸੀਜ਼ਰ ਸੀ ਸ਼ਹਿਜ਼ੋਰ, ਸਾਹਸੀ,
ਸ਼ਾਹਾਨਾ ਅਤੇ ਸਨੇਹੀ,
ਕਹੀਂ ਬਰੂਟਸ ਨਾਲ ਪਿਆਰ ਮੈਂ ਕਰਨਾਂ,
ਇਜ਼ੱਤ ਕਰਨਾਂ ਉਹਦੀ;
ਕਹੀਂ: ਡਰਦਾ ਸੀ ਮੈਂ ਸੀਜ਼ਰ ਕੋਲੋਂ,
ਇਜ਼ੱਤ ਅਤੇ ਪਿਅਰ ਵੀ ਕਰਦਾ-
ਬਰੂਟਸ ਜੇਕਰ ਮਿਹਰ ਕਰੇ ਤਾਂ ਹੁਕਮ ਕਰੇ;
ਜਾਨ ਦੀ ਅਮਾਨ ਮਿਲੇ ਤਾਂ
ਐਨਟਨੀ ਆਕੇ ਅਰਜ਼ ਕਰੇ-
ਸੀਜ਼ਰ ਨੇ ਤਾਂ ਮਰਨਾ ਹੀ ਸੀ,
ਹੈ ਸੀ ਲਾਇਕ ਇਸੇ ਦੇ ਉਹ,
ਬਰੂਟਸ ਜ਼ਿੰਦਾ, ਸੀਜ਼ਰ ਮੋਇਆ,
ਮੋਇਆਂ ਦਾ ਹੁਣ ਮੋਹ ਕੀ ਕਰਨਾ;
ਰਾਹਬਰ ਮੇਰਾ ਬਰੂਟਸ ਹੋ ਸੀ,
ਮਹਾਨ, ਕੁਲੀਨ, ਬਹਾਦੁਰ ਬਰੂਟਸ
ਹਰ ਹਾਲਤ ਜਾਣੀ ਅਣਜਾਣੀ,
ਹਰ ਮੁਸ਼ਕਲ ਹਰ ਖਤਰੇ ਵਿੱਚੀਂ
ਨਿੱਤਰੂੰ ਉਹਦੇ ਨਾਲ,
ਸੱਚੇ ਦਿਲੋਂ ਨਿਭਾਊਂ ਯਾਰੀ
ਪੂਰੀ ਵਫਾ ਦੇ ਨਾਲ।
ਸੰਦੇਸਾ ਹੈ ਇਹ ਸੁਆਮੀ ਦਾ।
ਬਰੂਟਸ-:ਮਾਲਿਕ ਤੇਰਾ ਸਿਆਣਾ ਬੜਾ ਬਹਾਦੁਰ ਰੋਮਨ:
ਏਦੂੰ ਘੱਟ ਕਦੇ ਨੀ ਮੰਨਿਆ ਉਹਨੂੰ;
ਕਹਿ ਦੇ ਬਖੁਸ਼ੀ ਆ ਜੇ ਏਥੇ, ਕਰੂੰ ਤਸੱਲ਼ੀ ਉਹਦੀ;
ਸੌਂਹ ਮੇਰੇ ਸਨਮਾਨ ਦੀ ਮੈਨੂੰ, ਡਰ ਨਾ ਉਹਨੂੰ ਕੋਈ,
ਮੁੜਕੇ ਜਾਊ ਸਹੀ ਸਲਾਮਤ ਬਾਲ ਨੀ ਵਿੰਗਾ ਹੋਣਾ।
ਗ਼ੁਲਾਮ-:ਮੈਂ ਸੁਆਮੀ ਨੂੰ ਹੁਣੇ ਲਿਆਉਨਾਂ।


-ਗ਼ੁਲਾਮ ਜਾਂਦਾ ਹੈ-
ਬਰੂਟਸ-:ਮੈਨੂੰ ਪਤੈ ਭਲਾਈ ਏਸੇ ਵਿਚ ਸਾਡੀ,
ਉਹਨੂੰ ਅਪਣਾ ਮਿੱਤਰ ਬਣਾਈਏ।
ਕੈਸੀਅਸ-:
ਮੈਂ ਵੀ ਏਹੀ ਚਾਹਾਂ;
ਫਿਰ ਵੀ ਡਰ ਬੜਾ ਹੈ ਮਨ ਵਿੱਚ,
ਤੇ ਸ਼ੱਕ ਇਹ ਮੇਰਾ ਏਸ ਵਾਰ ਵੀ ਸੱਚ ਹੀ ਲਗਦੈ।
ਬਰੂਟਸ-:ਪਰ ਐਨਟਨੀ ਤਾਂ ਆਹ ਪਿਆ ਆਉਂਦੈ!
-ਐਨਟਨੀ ਦਾ ਮੁੜ ਪ੍ਰਵੇਸ਼-
ਜੀ ਆਇਆਂ ਨੂੰ ਮਾਰਕ ਐੇਨਟਨੀ!
ਐਨਟਨੀ-:ਆਹ, ਓ ਮਹਾਂਬਲੀ ਸੀਜ਼ਰ!
ਏਹੋ ਸੀ ਤੇਰਾ ਅੰਜਾਮ,
ਧੂਲ ਚੱਟਣੀ ਏਦਾਂ?
ਤੇਰੀਆਂ ਸ਼ਾਨਾਂ, ਫਤਿਹਆਬੀਆਂ,
ਮਾਲਿ-ਗ਼ਨੀਮਤ ਤੇ ਉਹ ਜਿੱਤਾਂ,
ਸੁੰਗੜ ਗਈਆਂ ਕਬਰ ਦੇ ਨਾਪ?-
ਅਲਵਿਦਾਅ ਓ, ਸੀਜ਼ਰ!-
ਮੈਂ ਨਾ ਜਾਣਾਂ ਭਲਿਓ!
ਕੀ ਏ ਤੁਹਾਡੀ ਮਨਸ਼ਾ,
ਕੀਹਦਾ ਲਹੂ ਹੋਰ ਡੋਲ੍ਹਣਾ,
ਕੌਣ ਏ ਏਨਾਂ ਘਿਰਣਤ?
ਜੇ ਹਾਂ ਮੈਂ ਨਿਸ਼ਾਨੇ ਉਤੇ,
ਜ਼ਰਾ ਕਰੋ ਨਾ ਦੇਰੀ-
ਅੰਤਮ ਘੜੀ ਸੀਜ਼ਰ ਦੀ ਨਾਲੋਂ
ਚੰਗਾ ਕਿਹੜਾ ਮਹੂਰਤ?
ਨਾਂ ਹਥਿਆਰ ਕੋਈ ਓਦੂੰ ਚੰਗੇ,
ਜੋ ਤਲਵਾਰਾਂ ਤੁਹਾਡੇ ਹੱਥੀਂ,
ਅਤੀ ਉੱਤਮ ਲਹੂ ਸੀਜ਼ਰ ਦਾ
ਪੀਕੇ ਪਿਆਸ ਬੁਝਾਈ ਇਹਨਾਂ,
ਜਗ ਸਾਰੇ ਵਿੱਚ ਕੋਈ ਨਾ ਸਾਨੀ
ਜੀਹਦੀ ਉਤੱਮਤਾ ਦਾ।
ਦੋ ਕਰ ਜੋੜ ਕਰਾਂ ਬੇਨਤੀ,
ਜੇਕਰ ਰੰਜ ਹੈ ਮੇਰੇ ਨਾਲ,
ਕਿੱਸਾ ਕਰੋ ਖਤਮ ਸਵਖਤੇ


ਸੂਹੇ ਹੱਥਾਂ ਨਾਲ-
ਤਾਜ਼ਾ ਲਹੂ ਨਾਲ ਭਿੱਜੇ ਹੋਏ
ਭਾਫਾਂ ਛੱਡਣ, ਲਾਲੋ ਲਾਲ,
ਕਰੋ ਮਨੋਰਥ ਪੂਰਾ।
ਚਾਹੇ ਜੀਵਾਂ ਹਜ਼ਾਰ ਵਰ੍ਹੇ ਮੈਂ,
ਏਦੂੰ ਚੰਗੀ ਮੌਤ ਨਹੀਂ ਆਉਣੀ:
ਏਦੂੰ ਚੰਗੇ ਸਾਧਨ ਮੌਤ ਦੇ,
ਏਸ ਥਾਂ ਤੋਂ ਥਾਂ ਚੰਗੇਰੀ
ਜਿੱਥੇ ਹੋਈ ਸੀਜ਼ਰ ਦੀ ਹੱਤਿਆ
ਓਥੇ ਕਤਲ ਕਰੋਂ ਜੇ ਮੈਂਨੂੰ,
ਉੱਚ ਕੋਟੀ ਦੀਆਂ ਰੂਹਾਂ ਵਾਲਿਓ,
ਯੁੱਗਪੁਰਸ਼ੋ ਇਸ ਕਾਲ ਦਿਓ।
ਬਰੂਟਸ-:ਓ, ਐਨਟਨੀ! ਮੌਤ ਲਈ ਫਰਿਯਾਦ ਨਾ ਕਰ।
ਹੁਣ ਤਾਂ ਭਾਵੇਂ ਖੂਨੀ ਕਹਿ ਲੈ
ਭਾਵੇਂ ਜ਼ਾਲਮ ਕਹਿ ਦੇ
ਵੇਖ ਕੇ ਅੱਜ ਦਾ ਕਾਰਾ,
ਕੀਤਾ ਅਸੀਂ ਜੋ ਏਨ੍ਹੀਂ ਹੱਥੀਂ;
ਤੂੰ ਤਾਂ ਸਾਡੇ ਹੱਥ ਵੇਖਦੈਂ, ਵੇਖੇਂ ਖੂਨੀ ਕਾਰਾ ,
ਵੇਖੇਂ ਨਾਂ ਤੂੰ ਦਿਲ ਅਸਾਡੇ,
ਤਰਸ ਦੇ ਪਾਤਰ ਭਰੇ ਪਏ ਨੇ;
ਏਨ੍ਹਾਂ ਹੱਥਾਂ ਤਰਸ ਕੀਤਾ ਸੀ ਓਸ ਰੋਮ ਤੇ
ਜਿੱਥੇ ਸਭ ਨਾਲ ਮਾੜੀ ਹੁੰਦੀ,
ਸਾਰਿਆਂ ਦਾ ਸੀ ਸ਼ੋਸ਼ਨ ਹੁੰਦਾ;-
ਅੱਗ ਜਿਵੇਂ ਅੱਗ ਨੂੰ ਸਾੜੇ,
ਤਰਸ ਤਰਸ ਨੂੰ ਮਾਰੇ:
ਇਹੋ ਕੁਝ ਸੀਜ਼ਰ ਨਾਲ ਹੋਇਆ,
ਵਰਤਿਆ ਏਹੋ ਭਾਣਾ।
ਤੇਰੇ ਲਈ ਪਰ ਮਾਰਕ ਐਨਟਨੀ!
ਖੁੰਢੀਆਂ ਇਹ ਤਲਵਾਰਾਂ
ਸਿੱਕੇ ਵਾਂਗੂੰ ਭਾਰੀ ਹੋਈਆਂ
ਬਾਹਵਾਂ ਚੁੱਕ ਨਾ ਸੱਕਣ
ਦੁਵੈਖ, ਦੋਖ ਤੇ ਕੀਨੇ ਵਾਲੀ
ਨਹੀਂ ਇਨ੍ਹਾਂ ਵਿੱਚ ਸ਼ਕਤੀ;


ਭਾਈਬੰਦੀ ਦਿਲਾਂ ਚ ਸਾਡੇ,
ਕਹੀਏ ਤੈਨੂੰ ਜੀ ਆਇਆਂ ਨੂੰ,
ਸਾਰੀ ਕਿਰਪਾ, ਮਿਹਰਬਾਨੀ,
ਪਿਆਰ ਅਤੇ ਸਤਿਕਾਰ ਦਿਲਾਂ ਦਾ
ਪੱਲੇ ਤੇਰੇ ਪਾਈਏ।
ਕੈਸੀਅਸ-:ਆਵਾਜ਼ ਤੇਰੀ ਨੂੰ ਬਲ ਮਿਲੂ ਬਰਾਬਰ,
ਤੇ ਸਤਿਕਾਰ ਵੀ ਪੂਰਾ ਮਿਲ ਸੀ-
ਨਵੇਂ ਮਰਾਤਬ ਵੰਡਣ ਵੇਲੇ।
ਬਰੂਟਸ-:ਓਦੋਂ ਤੱਕ ਬੱਸ ਸਬਰ ਕਰੇਂ ਤੂੰ
ਜਦ ਥੀਂ ਲੋਕ ਨੀ ਠੰਢੇ ਹੁੰਦੇ,
ਆਪੇ ਤੋਂ ਬਾਹਰ ਨੇ ਸਾਰੇ,
ਡਰ ਨਾਲ ਘਬਰਾਏ ਫਿਰਦੇ;
ਫੇਰ ਅਸੀਂ ਦੱਸਾਂਗੇ ਤੈਨੂੰ
ਕਿਉਂ ਅਸੀਂ ਇਹ ਕਾਰਾ ਕੀਤਾ-
ਮੈਂ ਕਰਦਾ ਸੀ ਪਿਆਰ ਸੀਜ਼ਰ ਨੂੰ,
ਫਿਰ ਵੀ ਕਿਓਂ ਵਾਰ ਮੈਂ ਕੀਤਾ-
ਕਿਉਂ ਮਾਰਿਆ ਉਹਨੂੰ?
ਐਨਟਨੀ-:ਤੁਹਾਡੀ ਸਿਆਣਪ ਤੇ ਸ਼ੱਕ ਨਹੀਂ ਮੈਨੂੰ,
ਪੇਸ਼ ਇਸੇ ਲਈ ਮੇਰਾ ਹੱਥ;
ਵਾਰੀ ਵਾਰੀ ਆਓ ਮਿਲਾਓ,
ਅਪਣੇ ਅਪਣੇ ਖੁਨੀ ਹੱਥ:
ਪਹਿਲਾਂ ਮਾਰਕਸ ਬਰੂਟਸ ਆਓ,
ਮੇਰੇ ਨਾਲ ਮਿਲਾਓ ਹੱਥ
ਫੇਰ ਕਾਇਸ ਕੈਸੀਅਸ ਦਾ ਮੈਂ,
ਲੈਨਾਂ ਅਪਣੇ ਹੱਥ ਚ ਹੱਥ,
ਡੇਸੀਅਸ ਬਰੂਟਸ ਹੁਣ ਤੁਹਾਡਾ,
ਹੁਣ ਮੈਟੀਲਸ ਤੇਰਾ,
ਹੁਣ ਆ ਜਾ ਤੂੰ ਸਿੰਨਾ ਪਿਆਰੇ
ਹੱਥ ਮਿਲਾਵਾਂ ਤੇਰਾ।
ਤੂੰ ਵੀ ਆ ਜਾ ਵੀਰ ਕਾਸਕਾ,
ਆ ਜਾਂ ਤੂੰ ਟਰੇਬੋਨੀਅਸ!
ਭਾਵੇਂ ਸਭ ਤੋਂ ਪਿੱਛੇ ਭਲਿਆ,
ਪਿਆਰ ਘੱਟ ਨੀ ਤੇਰੇ ਨਾਲ।


ਅਫਸੋਸ! ਸ਼ਬਦ ਨਹੀਂ ਮੇਰੇ ਕੋਲ,
ਕੀ ਆਖਾਂ ਮੈਂ ਤੁਹਾਨੂੰ?
ਸਾਰੇ ਭੱਦਰ ਪੁਰਸ਼ ਤੁਸੀਂ ਹੋ
ਕੀ ਐ ਮੇਰੇ ਪੱਲੇ ,
ਮੇਰੀ ਪਰਤੀਤ, ਮਨੌਤ ਮੇਰੀ ਤੇ ਮੇਰਾ ਸਨਮਾਨ-
ਤਿਲ੍ਹਕਣ ਉੱਤੇ ਫਿਸਲ ਰਹੇ ਨੇ
ਪੈਰ ਨਾ ਕਿੱਧਰੇ ਲੱਗੇ:
ਕਾਇਰ ਆਖੋ ਜਾਂ ਕਹੋ ਖੁਸ਼ਆਮਦੀ
ਕਹਿ ਲੋ ਜੋ ਕੁਝ ਕਹਿਣਾ,
ਇੱਕ ਇਲਜ਼ਾਮ ਤਾਂ ਦੋਵਾਂ ਵਿੱਚੋਂ
ਦੇਣਾਂ ਤੁਸੀਂ ਹੈ ਮੈਨੂੰ।-
ਓ ਸੀਜ਼ਰ! ਮੈਂ ਤੇਰਾ ਪਰੇਮੀ
ਇਸ ਵਿੱਚ ਝੂਠ ਨਾ ਰਾਈ
ਆਤਮਾ ਤੇਰੀ ਵੇਖ ਰਹੀ ਹੈ,
ਮੌਤੋਂ ਵੱਧ ਦੁੱਖ ਵੀ ਹੋਸੀ
ਲਾਸ਼ ਤੇਰੀ ਦੇ ਹਜ਼ੂਰ ਖਲੋਕੇ,
ਹੱਥ ਖੂਨੀ ਮੈਂ ਥੰਮ੍ਹੇ,
ਰਾਜ਼ੀਨਾਮਾ ਕਰੇ ਐਨਟਨੀ
ਤੇਰੇ ਕਾਤਲ਼ਾਂ ਨਾਲ, ਸ਼ਰਮ ਨਾ ਓਹਨੂੰ ਕਾਈ।
ਜੇ ਕਿਤੇ ਹੁੰਦੀਆਂ ਏਨੀਆਂ ਅੱਖਾਂ,
ਜ਼ਖਮ ਜਿੰਨੇ ਨੇ ਤੇਰੇ
ਪਰਲ ਪਰਲ ਪਏ ਵਗਦੇ ਅੱਥਰੂ
ਲਹੂ ਤੇਰਾ ਜਿਉਂ ਵਗਿਆ ਜ਼ਖਮੀਂ,
ਰੋਈਂ ਜਾਂਦਾਂ ਕਦੇ ਨਾਂ ਡੱਕਦਾ,
ਭਾਵੇਂ ਸੰਧੀ ਕੀਤੀ ਨਾਲ ਦੁਸ਼ਮਣਾਂ ਤੇਰੇ-
ਖਿਮਾਂ ਦਾ ਜਾਚਕ ਮੈਂ ਜੂਲੀਅਸ!-
ਘਿਰਿਆ ਬੁਰਾ ਤੂੰ ਬੰਦਿਆ,
ਲਾਲ ਸੂਹਿਆ ਹੀਰਿਆ ਹਰਨਾ!
ਐਥੇ ਧੂਲ ਚਟਾਈ ਤੈਨੂੰ;
ਤੇ ਆਹ ਖੜੇ ਨੇ ਉਹ ਸ਼ਿਕਾਰੀ
ਕਰ ਇਕਰਾਰ:
'ਬਰਾਬਰ ਵੰਡੀਏ ਕਤਲ ਤੇਰੇ ਦਾ ਲਾਹਾ';
ਭਾਹ ਮੌਤ ਦੀ ਮੁੱਖ ਤੇਰੇ ਦੀ


ਸੂਹੇ ਕੀਤੇ ਏਨ੍ਹਾਂ ਦੇ ਚਿਹਰੇ।-
ਓ ਦੁਨੀਆ, ਤੂੰ ਜੰਗਲ਼ ਹੈ ਸੀ
ਹੀਰੇ ਏਸ ਹਰਨ ਦਾ,
ਪਰ ਇਹ ਸੋਹਣਾ ਹੀਰਾ ਹੈ ਸੀ
ਹਿਰਦਾ ਇਸ ਜੰਗਲ ਦਾ-
ਸ਼ਾਹਜ਼ਾਦੇ ਕਈ ਕੱਠੇ ਹੋ ਕੇ
ਆਏ ਆਖੇਟ ਕਰਨ ਨੂੰ:
ਮਾਰਿਆ ਕਿਵੇਂ ਪਿਐਂ ਹੁਣ ਐਥੇ
ਹੀਰੇ ਹਰਨ ਦੇ ਵਾਂਗੂੰ!
ਕੈਸੀਅਸ-:ਮਾਰਕ ਐਨਟਨੀ!
ਐਨਟਨੀ-:ਖਿਮਾਂ ਕਰੋ, ਕਾਇਸ ਕੈਸੀਅਸ! ਕੱਲ੍ਹ ਕੱਲ੍ਹਾਂ ਨੂੰ,
ਸੀਜ਼ਰ ਦੇ ਦੁਸ਼ਮਣ ਵੀ ਆਖਣ-
ਏਸ ਪਰਮ ਮਿੱਤਰ ਨੇ ਵੇਖੋ,
ਕੇਹੀ 'ਸੀਤ' ਵਿਖਾਈ ਨੰਮ੍ਰਤਾ!
ਕੈਸੀਅਸ-:ਏਡੀ ਸੀਜ਼ਰ ਦੀ ਪ੍ਰਸੰਸਾ?
ਪਰ ਇਲਜ਼ਾਮ ਨਾਂ ਦੇਵਾਂ ਤੈਨੂੰ;
ਸਾਡੇ ਨਾਲ ਕੀ ਸੰਧੀ ਤੇਰੀ,
ਕੀ ਮਤਲਬ ਹੈ ਤੇਰਾ?
ਮਿੱਤਰ ਸੂਚੀ ਤੇ ਨਾਂਅ ਲਿਖਵਾਉਣੈ,
ਚਿੰਨ੍ਹ ਲਗਵਾਉਣੈ?
ਜਾਂ ਫਿਰ ਹੁਣੇ ਵਿੱਛੜੀਏ ਆਪਾਂ,
ਵਿਸ਼ਵਾਸ ਨਾ ਕਰੀਏ ਤੇਰੇ ਉੱਤੇ?
ਐਨਟਨੀ-:ਤਾਂਹੀ ਤਾਂ ਮੈਂ ਹੱਥ ਮਿਲਾਏ ਨਾਲ ਤੁਹਾਡੇ,
ਪਰ ਸੱਚੀਂ, ਕੁੱਝ ਪਲ ਖਾਤਰ,
ਵੇਖੀ ਜਦ ਸੀਜ਼ਰ ਦੀ ਲਾਸ਼
ਵਿੱਸਰ ਗਿਆ ਸੀ ਮੈਨੂੰ ਕੀ ਹੈ ਮੇਰਾ ਇਰਾਦਾ
ਹੁਣ ਦੋਸਤੋ! ਮੈਂ ਹਾਂ ਪੱਕਾ ਨਾਲ ਤੁਹਾਡੇ,
ਤੁਹਾਨੂੰ ਹੀ ਮੈਂ ਕਰਦਾਂ ਪਿਆਰ;
ਪਰ ਇੱਕ ਆਸ ਹੈ ਮੈਨੂੰ:
ਦੱਸੋਂ ਗੇ ਉਹ ਕਾਰਨ ਮੈਨੂੰ,
ਕਿੱਦਾਂ ਸੀਜ਼ਰ ਖਤਰਾ ਬਣਿਆ।
ਬਰੂਟਸ-:ਐਪਰ ਜੇ ਖਤਰਾ ਨਾਂ ਹੁੰਦਾ,
ਇਹ ਵਹਿਸ਼ੀ ਦ੍ਰਿਸ਼ ਨਾਂ ਹੁੰਦਾ:


ਸਾਡੇ ਕਾਰਨ ਏਨੇ ਪੱਕੇ ਏਨੇ ਸੁੱਚੇ,
ਜੇ ਤੂੰ ਸੱਕਾ ਪੁੱਤ ਵੀ ਹੁੰਦਾ
ਤਸੱਲ਼ੀ ਕਰਦੇ ਪੂਰੀ।
ਐਨਟਨੀ-:ਬੱਸ ਏਹੋ ਮੈਂ ਚਾਹਵਾਂ।
ਇਸ ਤੋਂ ਅੱਗੇ ਦਾਅਵਾ ਮੇਰਾ-
ਲਾਸ਼ ਦਿਉ ਇਹ ਮੈਨੂੰ;
ਵਿੱਚ ਬਜ਼ਾਰੇ ਰੱਖਾਂ ਜਾਕੇ,
ਚੜ੍ਹਾਂ ਮੰਚ ਤੇ ਮਿੱਤਰ ਵਾਂਗੂੰ,
ਅਰਪਿਤ ਕਰਾਂ ਸ਼ਰਧਾਂਜਲ਼ੀ ਆਪਣੀ।
ਬਰੂਟਸ-:ਠੀਕ, ਐਨਟਨੀ!
ਤੂੰ ਹੀ ਕਰ ਰਸਮ ਇਹ ਪੂਰੀ।
ਕੈਸੀਅਸ-:ਬਰੂਟਸ! ਸੁਣ ਜ਼ਰਾ ਤੂੰ ਮੇਰੀ।-
(ਪਾਸੇ ਹੋਕੇ ਬਰੂਟਸ ਨਾਲ ਗੱਲ ਕਰਦਾ ਹੈ)
ਤੈਨੂੰ ਪਤਾ ਨਹੀਂ ਤੂੰ ਕੀ ਕਰਦੈਂ,
'ਹਾਂ' ਨਾ ਕਰ ਕਿ ਦੇਵੇ ਐਨਟਨੀ
ਮਾਤਮੀ ਭਾਸ਼ਨ ਉਹਦਾ ।
ਪਤਾ ਹੈ ਤੈਨੂੰ ਕਿੰਨਾ ਭਾਵੁਕ ਹੋਸਕਦੇ ਨੇ
ਲੋਕ ਜਨਾਜ਼ੇ ਉਤੇ, ਜਦ ਇਹਨੇ ਕੁਝ ਕਹਿਣੈ?
ਬਰੂਟਸ-:ਖਿਮਾ ਕਰੋਂ ਜੇ ਮੈਨੂੰ, ਤਾਂ ਕਰਾਂ ਬੇਨਤੀ:ਪਹਿਲਾਂ ਮੈਂ ਮੰਚ ਤੇ ਜਾਊਂ,
ਤੇ ਲੋਕਾਂ ਨੂੰ ਦੱਸੂੰ ਕਾਰਣ ਸਾਰੇ,
ਕਿਉਂ ਸੀਜ਼ਰ ਨੂੰ ਸਾਡੇ ਹੱਥੋਂ
ਪੈਗਿਆ ਏਦਾਂ ਮਰਨਾ-
ਐਨਟਨੀ ਜੋ ਵੀ ਆਖੂ, ਮੈਂ ਦਿਊਂ ਜਵਾਬ;
ਅਸੀਂ ਕਹਾਂ ਗੇ ਉਹ ਬੋਲ ਰਿਹਾ ਹੈ
ਸਾਡੀ ਆਗਿਆ ਨਾਲ;
ਤੇ ਅਸੀਂ ਇਰਾਦਾ ਕੀਤੈ
ਕਿ ਸੀਜ਼ਰ ਦੀ ਅੰਤੇਸ਼ਠੀ ਹੋਵੇ
ਧਾਰਮਕ ਅਤੇ ਸਮਾਜਕ-
ਪੂਰੇ ਰਸਮ ਰਵਾਜਾਂ ਨਾਲ,
ਜੋ ਹੈ ਸੀ ਅਧਿਕਾਰ ਸੀਜ਼ਰ ਦਾ।
ਏਦਾਂ ਸਾਨੂੰ ਫਾਇਦਾ ਹੋਸੀ
ਨੁਕਸਾਨ ਨਾਲੋਂ ਕਿਤੇ ਵਧੇਰਾ।
ਕੈਸੀਅਸ-:ਮੈਂ ਕੀ ਜਾਣਾਂ, ਕੀ ਹੋ ਜਾ ਸੀ?
ਪਰ ਮੈਨੂੰ ਇਹ ਚੰਗਾ ਨਹੀਂ ਲਗਦਾ।


ਬਰੂਟਸ:-ਮਾਰਕ ਐਨਟਨੀ! ਆ ਜਾ, ਚੁੱਕ ਸੀਜ਼ਰ ਦੀ ਲਾਸ਼।
ਅਪਣੇ ਮਾਤਮੀ ਭਾਸ਼ਨ ਵਿੱਚ ਤੂੰ,
ਕਰਲੀਂ ਸੀਜ਼ਰ ਦੀ ਪ੍ਰਸੰਸਾ ਜਿੰਨੀ ਸੋਚ ਸਕੇਂ ਤੂੰ,
ਪਰ ਸਾਨੂੰ ਇਲਜ਼ਾਮ ਨਾ ਦੇਵੀਂ;
ਆਖੀਂ ਸਾਡੀ ਇਜਾਜ਼ਤ ਨਾਲ ਤੂੰ ਬੋਲੇਂ;
ਤੇ ਬੋਲੀਂ ਮੇਰੇ ਪਿੱਛੋਂ ਉਸੇ ਮੰਚ ਤੋਂ,
ਜਿੱਥੇ ਮੈਂ ਹੁਣ ਚੱਲਿਆਂ;
ਨਹੀਂ ਤਾਂ ਜਲੂਸ ਜਨਾਜ਼ੇ ਅੰਦਰ
ਅਸੀਂ ਨਹੀਂ ਕਰਨਾ ਤੈਨੂੰ ਸ਼ਾਮਿਲ।
ਐਨਟਨੀ:-ਏਦਾਂ ਹੀ ਹੋਵੇ ਗਾ;
ਇਸ ਤੋਂ ਵੱਧ ਮੈਂ ਕੁਝ ਨਹੀਂ ਚਾਹੁੰਦਾ।
ਬਰੂਟਸ:-ਕਰ ਫਿਰ ਲਾਸ਼ ਤਿਆਰ
ਤੇ ਲੱਗ ਜਾ ਸਾਡੇ ਪਿੱਛੇ।
-ਸਭ ਜਾਂਦੇ ਹਨ।
ਐਨਟਨੀ ਰਹਿ ਜਾਂਦਾ ਹੈ-
ਮਾਫ ਕਰੀਂ ਤੂੰ ਮੈਨੂੰ,
ਓ, ਲਹੂ-ਭਿੱਜੀ ਮਿੱਟੀ ਦੀ ਮੁੱਠੀ!
ਮਸਕੀਨ ਬਣ ਗਿਆਂ ਸਾਊਆਂ ਵਾੰਗੂ,
ਬੁੱਚੜਾਂ ਦੀ ਇਸ ਟੋਲੀ ਅੱਗੇ!
ਮਲਬਾ ਹੈਂ ਤੂੰ ਓਸ ਮਨੂੱਖ ਦਾ-
ਮਹਾਂ ਕੁਲੀਨ, ਮਹਾਂ ਮਨੁੱਖ ਜੋ
ਸਮੇਂ ਦੀ ਕਾਂਗੇ ਚੜ੍ਹ ਆਇਆ ਸੀ
ਨਾਂ ਕੋਈ ਪਹਿਲਾਂ ਸਾਨੀ ਉਹਦਾ,
ਨਾਂ ਕਦੇ ਪਿੱਛੋਂ ਹੋ ਸੀ।
ਤੇਰੇ ਰਿਸਦੇ ਜ਼ਖਮ ਇਹ ਸੀਜ਼ਰ!
ਜ਼ੁਬਾਂ ਮੇਰੀ ਉਕਸਾਵਣ ਲੱਗੇ:
ਲਾਲ ਬੁੱਲ੍ਹ ਜਿਉਂ ਗੁੰਗ ਮੂੰਹਾਂ ਦੇ
ਬੇਨਤੀਆਂ ਲਈ ਖੁਲ੍ਹ ਜਾਂਦੇ ਨੇ,
ਸੱਜਰੇ ਏਨਾਂ ਘਾਵਾਂ ਅੱਗੇ ਪੇਸ਼ਗੋਈ ਮੈਂ ਕਰਦਾਂ:-
ਸਰਾਪੇ ਜਾਣਗੇ ਅੰਗ ਉਨ੍ਹਾਂ ਦੇ
ਜਿਨ ਇਹ ਕਾਰਾ ਕੀਤਾ!
ਇਟਲੀ ਦੇ ਹਰ ਹਿੱਸੇ ਭੜਕੂ
ਖਾਨਾਜੰਗੀ, ਖੂੰਖਾਰ ਬਗ਼ਾਵਤ,


ਗ਼ਾਰਤਗਰੀ ਤੇ ਖੂਨ ਖਰਾਬਾ
ਕੰਮ ਰੋਜ਼ ਦਾ ਹੋਸੀ;
ਅੱਤ ਭਿਅੰਕਰ ਗੱਲਾਂ ਹੋਸਨ
ਆਮ ਚਲਣ ਜੀਵਨ ਦਾ;
ਜੰਗੀ ਹੱਥ ਕਰੂਰ ਜਦ ਕਰਸਨ
ਟੋਟੇ ਟੋਟੇ ਨੰਨ੍ਹੇ ਲਾਲ,
ਮਾਂਵਾਂ ਵੇਖ ਮੁਸਕਾਈਂ ਜਾਵਣ,
ਕੋਈ ਨਾ ਹੋ ਸੀ ਫਿਕਰ ਮਲਾਲ;
ਮੰਦੇ ਕਰਮਾਂ ਦੀ ਰੌਹ ਰੀਤ,
ਪੀ ਜੂ ਸਾਰਾ ਲਾਕੇ ਡੀਕ
ਤਰਸ ਮੁਹੱਬਤ ਵਾਲਾ ਸ਼ੀਰ।
ਰੂਹ ਭਟਦਕੀ ਸੀਜ਼ਰ ਤੇਰੀ,
ਨਰਕੀ ਕਿਸੇ ਲਾਟ ਦੇ ਵਾਂਗੂੰ,
ਬਦਲੇ ਵਾਲੀ ਅੱਗ ਚ ਬਲ਼ਦੀ,
ਬਣੂ ਭਿਅੰਕਰ 'ਏਟੀ'
ਦੋਜ਼ਖ ਦੀ ਦੇਵੀ ਰੱਤਪੀਣੀ-
ਝਪਟੂ ਨਿਕਰਮੀ ਇਟਲੀ ਉਤੇ;
ਏਨ੍ਹੀਂ ਸਰਹੱਦੀਂ ਮਾਰੂ ਨਾਅਰਾ:
'ਤਬਾਹੀ, ਹੋ!-ਵਿਨਾਸ਼-, ਸਰਵਨਾਸ਼, ਹੋ-!'
ਖੁੱਲ੍ਹੇ ਛੱਡੂ ਜੰਗੀ 'ਕੁੱਤੇ';
ਤਾਕਿ ਬਦਬੂ ਜੋ ਫੈਲੀ ਧਰਤੀ ਉੱਤੇ
ਮੰਦੇ ਏਸ ਕਰਮ ਦੀ-
ਕਬਰਾਂ ਲਈ ਰੋਂਦੀਆਂ ਲਾਸ਼ਾਂ ਦੀ
ਸੜ੍ਹਿਆਂਦ ਚ ਰਲ ਕੇ-ਇੱਕ ਮਿੱਕ ਹੋ ਜੇ।
-ਪ੍ਰਵੇਸ਼ ਇੱਕ ਗ਼ੁਲਾਮ ਦਾ-
ਔਕਟੇਵੀਅਸ ਸੀਜ਼ਰ ਦਾ ਗ਼ੁਲਾਮ ਏ ਤੂੰ, ਹੈਂ ਨਾਂ?
ਗ਼ੁਲਾਮ:-ਜੀ ਹਾਂ, ਮਾਰਕ ਐਨਟਨੀ!
ਐਨਟਨੀ:-ਸੀਜ਼ਰ ਨੇ ਲਿਖਿਆ ਸੀ ਉਹਨੂੰ
ਰੋਮ ਆਣ ਲਈ?
ਗ਼ੁਲਾਮ:-ਪੱਤਰ ਉਹਨੂੰ ਮਿਲ ਗਿਆ ਸੀ ਉਸ ਦਾ,
ਤੇ ਓਹ ਆ ਰਿਹੈ;
ਹੁਕਮ ਕੀਤਾ ਹੈ ਮੈਨੂੰ
ਤੁਹਾਨੂੰ ਦਿਆਂ ਜ਼ੁਬਾਨੀ ਸੁਨੇਹਾ;


-ਹੈਂ-? ਇਹ ਕੀ? ਹਾਏ, ਓ, ਸੀਜ਼ਰ!-
(ਗ਼ੁਲਾਮ ਲਾਸ਼ ਵੇਖਕੇ ਤ੍ਰਬਕਦਾ ਹੈ)
ਐਨਟਨੀ:-ਅਚਾਨਕ ਗ਼ਮ ਨਾਲ ਦਿਲ ਜੇ ਭਰਿਐ
ਲਾਂਭੇ ਹੋਕੇ ਰੋਲੈ;
ਮੈਨੂੰ ਲਗਦੈ ਸੋਗ ਅਤੇ ਆਵੇਸ਼
ਫੜਦੇ ਜੜ੍ਹ ਦਿਲਾਂ ਵਿੱਚ;
ਪਲਕਾਂ ਤੇਰੀਆਂ ਤੇ ਤਰਦੇ ਮੋਤੀ,
ਮੇਰੀਆਂ ਵਿੱਚ ਉਕਸਾਂਦੇ ਹੰਝੂ।
ਸੱਚੀਂ ਆ ਰਿਹੈ ਸੁਆਮੀ ਤੇਰਾ?
ਗ਼ੁਲਾਮ:-ਰੋਮ ਤੋਂ ਇੱਕੀਆਂ ਮੀਲਾਂ ਤੇ ਹੈ
ਪੜਾਅ ਕੀਤਾ ਉਸ ਅੱਜ ਦੀ ਰਾਤੇ।
ਐਨਟਨੀ:-ਦੌੜ ਲਗਾ ਤੂੰ ਪੁੱਠੇ ਪੈਰੀਂ,
ਪਿੱਠ ਨੂੰ ਲਾਲੈ ਅੱਡੀਆਂ
ਜਾਕੇ ਦੱਸ ਮਾਲਕ ਨੂੰ ਅਪਣੇ,
ਜੋ ਵੀ ਏਥੇ ਹੋਇਐ:
ਸੋਗ ਪਿਆ ਹੈ ਰੋਮ ਦੇ ਅੰਦਰ,
ਖਤਰਿਆਂ ਭਰਿਆ ਹੈ ਰੋਮ ਬੜਾ,
ਔਕਟੇਵੀਅਸ ਲਈ ਮਹਿਫੂਜ਼ ਨਹੀਂ ਹੈ,
ਹਾਲੇ ਏਥੇ ਆਉਣਾ;
ਤਿੱਤਰ ਹੋ ਜਾ ਦੱਸਦੇ ਜਾਕੇ ਉਹਨੂੰ।
--ਪਰ ਰੁਕ, ਠਹਿਰ ਜ਼ਰਾ;
ਓਨਾਂ ਚਿਰ ਨਾਂ ਮੁੜੀਂ ਓਥੇ ਨੂੰ,
ਜਿੰਨਾ ਚਿਰ ਮੈਂ ਲੈ ਨਹੀਂ ਜਾਂਦਾ
ਲਾਸ਼ ਨੂੰ ਵਿੱਚ ਬਜ਼ਾਰੇ:
ਓਥੇ ਮੇਰੀ ਕੋਸ਼ਿਸ਼ ਹੋ ਸੀ
ਮੇਰੇ ਭਾਸ਼ਨ ਰਾਹੀਂ
ਜੰਤਾ ਤਾਂਈ ਦੱਸਾਂ ਖੁਲ੍ਹ ਕੇ
ਹੁਣ ਕੀ ਚਾਹੀਏ ਕਰਨਾ,
ਕਿਵੇਂ ਚਾਹੀਦੈ ਲੋਕਾਂ ਨੂੰ ਹੁਣ,
ਨਾਲ ਬੁੱਚੜਾਂ ਸਿੱਝਣਾ।
ਫਿਰ ਜੋ ਵੇਖੇਂ ਜਾਕੇ ਦੱਸੀਂ
ਜਵਾਂਉਮਰ ਔਕਟੇਵੀਅਸ ਤਾਈਂ।
ਆ ਜ਼ਰਾ, ਹੱਥ ਲੁਆ ਮੇਰੇ ਨਾਲ-।
-ਸੀਜ਼ਰ ਦੀ ਲਾਸ਼ ਲੈਕੇ ਜਾਂਦੇ ਹਨ-


ਸੀਨ-੨- ਰੋਮ ਦਾ ਬਾਜ਼ਾਰ-ਦਰਬਾਰ।
-ਬਰੂਟਸ, ਕੈਸੀਅਸ ਅਤੇ ਲੋਕਾਂ ਦਾ ਹਜੂਮ-
ਲੋਕ:-ਸਾਡੀ ਹੁਣ ਕਰਵਾਓ ਤਸੱਲੀ!
ਦੱਸੋ ਸਾਰੀ ਗੱਲ।
ਬਰੂਟਸ:-ਤਾਂ ਫਿਰ ਆ ਜੋ ਮੇਰੇ ਪਿੱਛੇ,
ਸੁਣ ਲੋ ਪੂਰੀ ਗੱਲ।
ਦੂਜੀ ਸੜਕ ਤੇ ਜਾ ਤੂੰ ਕੈਸੀਅਸ!
ਗੱਲ ਕਰ ਅੱਧਿਆਂ ਨਾਲ,
ਜੋ ਸੁਨਣਾ ਚਾਹਣ ਮੇਰਾ ਭਾਸ਼ਨ,
ਰੁਕ ਜੋ ਏਥੇ ਮੇਰੇ ਨਾਲ;
ਜੋ ਕੈਸੀਅਸ ਦੇ ਜਾਣ ਗੇ ਪਿੱਛੇ,
ਗੱਲ ਸੁਨਣ ਗੇ ਉਹਦੀ
ਦੱਸਾਂਗੇ ਫਿਰ ਅਸੀਂ ਤੁਹਾਨੂੰ,
ਕਿਉਂ ਅਸੀਂ ਮਾਰਿਆ ਸੀਜ਼ਰ ਤਾਈਂ।
ਸ਼ਹਿਰੀ-੧:-ਮੈਂ ਤਾਂ ਬਰੂਟਸ ਦੀ ਗੱਲ ਸੁਣੂਂਗਾ।
ਸ਼ਹਿਰੀ-੨:-ਮੈਂ ਸੁਣਾਂਗਾ ਕੈਸੀਅਸ ਤਾਈਂ,
ਫਿਰ ਮਿਲਾਈਏ ਬਿਆਨ ਦੋਵਾਂ ਦੇ
ਜਾਨਣ ਲਈ ਸੱਚ ਪੁਰਾ॥
-ਕੈਸੀਅਸ ਕੁਝ ਬੰਦਿਆਂ ਨੂੰ ਲੈਕੇ ਜਾਂਦਾ ਹੈ-
-ਬਰੂਟਸ ਮੰਚ ਤੇ ਚੜ੍ਹ ਜਾਂਦਾ ਹੈ-
ਸ਼ਹਿਰੀ-੩:-ਰੌਲਾ ਕਰ ਦੋ ਬੰਦੋ;
ਭੱਦਰ ਬਰੂਟਸ ਮੰਚ ਤੇ ਚੜ੍ਹਇਐ
ਸੁਣੋ ਓਸ ਦਾ ਭਾਸ਼ਨ।
ਬਰੂਟਸ:-ਸ਼ਾਂਤ ਰਹਿਓ ਅਖੀਰ ਤੱਕ,
ਸੁਣਿਓ ਪੂਰੀ ਗੱਲ:
ਰੋਮਵਾਸੀਓ, ਦੇਸ਼ਵਾਸੀਓ,
ਦੇਸ਼ਪਰੇਮੀ ਵੀਰੋ!
ਸੱਚ ਆਖਾਂ ਮੈਂ ਯਕੀਨ ਜਾਣਿਓ,
ਸੌਂਹ ਇਜ਼ੱਤ ਦੀ ਖਾਵਾਂ,
ਇਜ਼ੱਤ ਮੇਰੀ ਦੀ ਲਾਜ ਰੱਖਿਓ,
ਭਰੋਸਾ ਕਰਿਓ ਮੇਰਾ,
ਸੂਝ ਬੂਝ ਤੋਂ ਕੰਮ ਲਿਓ,


ਮੁਨਸਿਫ ਬਣ ਕਰਿਓ ਇਨਸਾਫ
ਬਿਆਨ ਦੀ ਮੇਰੇ ਕਰ ਪੂਰੀ ਤਫਤੀਸ਼।
ਜੇ ਕੋਈ ਏਸ ਹਜੂਮ ਚ ਹੈਸੀ,
ਜੀਹਨੂੰ ਸੀਜ਼ਰ ਬੜਾ ਪਿਆਰਾ
ਬਰੂਟਸ ਨੂੰ ਵੀ, ਜਾਣ ਲਵੇ ਉਹ,
ਸੀਜ਼ਰ ਨਹੀਂ ਸੀ ਘੱਟ ਪਿਆਰਾ;
ਫਿਰ ਵੀ ਜੇ ਕਰ ਜਾਨਣਾ ਚਾਹੇ,
ਕਿਉਂ ਬਰੂਟਸ ਨੇ ਹੱਥ ਉਠਾਇਆ
ਇਹ ਹੈ ਮੇਰਾ ਜਵਾਬ:-ਏਸ ਲਈ ਨਹੀਂ
ਕਿ ਮੈਨੂੰ ਸੀਜ਼ਰ ਨਾਲ ਸੀ ਘੱਟ ਪਿਆਰ;
ਏਸ ਲਈ ਕਿ ਰੋਮ ਨਾਲ ਸੀ
ਕਿਤੇ ਵੱਧ ਪਿਆਰ-।
ਕੀ ਤੁਸੀਂ ਚਾਹੋਂ ਸੀਜ਼ਰ ਜੀਵੇ
ਭਾਵੇਂ ਤੁਸੀਂ ਗ਼ੁਲਾਮ ਮਰੋਂ
ਜਾਂ ਫਿਰ ਆਜ਼ਾਦੀ ਨੂੰ ਤਰਜੀਹੋਂ
ਸੀਜ਼ਰ ਦੀ ਜ਼ਿੰਦਗਾਨੀ ਨਾਲੋਂ?-
ਸੀਜ਼ਰ ਮੈਨੂੰ ਪਿਆਰ ਸੀ ਕਰਦਾ,
ਚਲਾ ਗਿਆ ਤਾਂ ਉਸ ਲਈ ਰੋਵਾਂ;
ਖੁਸ਼ਕਿਸਮਤ ਬੜਾ ਸੀ, ਖੁਸ਼ੀ ਸੀ ਮੈਨੂੰ,
ਵੀਰ ਬੜਾ ਸੀ, ਸਤਿਕਾਰ ਮੈਂ ਕਰਦਾਂ:
ਪਰ ਉੱਚੀ ਸੀ ਬੜੀ ਆਕਾਂਖਿਆ,
ਕਤਲ਼ ਏਸ ਲਈ ਕੀਤਾ ਮੈਂ।
ਪੇਸ਼ ਨੇ ਹੰਝੂ ਪਿਆਰ ਲਈ;
ਖੁਸ਼ੀ ਹੈ ਖੁਸ਼ਨਸੀਬੀ ਖਾਤਰ,
ਜੁੱਰਅਤ ਅਤੇ ਵੀਰਤਾ ਖਾਤਰ
ਪੇਸ਼ ਹੈ ਸਨਮਾਨ ਮਿਰਾ,
ਪਰ ਉਸ ਦੀ ਆਕਾੰਖਿਆ ਖਾਤਰ,
ਮੌਤੋਂ ਵੱਧ ਕੁਝ ਦੇ ਨਹੀਂ ਸਕਦਾ ।
ਹੈ ਕੋਈ ਏਥੇ ਏਨਾਂ ਹੀਣਾ,ਏਨਾਂ ਖੋਟਾ
ਰਹਿਣਾ ਚਾਹੁੰਦੈ ਬੰਧੂਆ ਬਣਕੇ?
ਜੇ ਹੈ ਕੋਈ ਅੈਸਾ ਆਵੇ ਅੱਗੇ
ਮੈਂ ਖੜਾ ਲਲਕਾਰਾਂ।
ਹੈ ਕੋਈ ਏਨਾ ਜ਼ਲੀਲ ਕਮੀਨਾ,


ਵਤਨ ਨੂੰ ਆਪਣੇ ਪਿਆਰ ਕਰੇ ਨਾ?
ਜੇ ਹੈ ਕੋਈ ਐੇਸਾ, ਬੋਲੇ; ਮੈਂ ਓਹਨੂੰ ਲਲਕਾਰਾਂ-
ਉੱਤਰ ਲਈ ਕੁਝ ਦੇਰ ਮੈਂ ਰੁਕਦਾਂ; ਫਿਰ ਬੋਲਾਂਗਾਂ।
ਭੀੜ-:ਨਹੀਂ ਬਰੂਟਸ! ਕੋਈ ਨਹੀਂ ਐਸਾ।
ਬਰੂਟਸ-:ਫਿਰ ਤਾਂ ਮੈਂ ਨਾਰਾਜ਼ ਨਹੀਂ ਕੀਤਾ ਕੋਈ।
ਮੈਂ ਸੀਜ਼ਰ ਨਾਲ ਕੁਝ ਨਹੀਂ ਕੀਤਾ,
ਜੋ ਨਾ ਕਰੋਂ ਤੁਸੀਂ ਮੇਰੇ ਨਾਲ:
ਸੰਸਦ ਵਿੱਚ ਹੈ ਪਿਆ ਰਜਿਸਟਰ,
ਜਿਸ ਵਿੱਚ ਸਭ ਕੁਝ ਲਿਖਿਐ
ਸ਼ਾਨ ਉਹਦੀ ਚ ਘੱਟ ਨਹੀਂ ਲਿਖਿਆ,
ਜਿੱਥੇ ਹੱਕ ਬਣਦਾ ਸੀ ਉਹਦਾ,
ਨਾਂ ਹੀ ਘਟਾਏ ਦੋਸ਼ ਓੁਸਦੇ,
ਜਿਨ ਕਰਕੇ ਉਹ ਮਰਿਐ ।
ਆਹ ਆਉਂਦੀ ਹੈ ਲਾਸ਼ ਓਸਦੀ,
ਮਾਰਕ ਐਨਟਨੀ ਸੋਗੀ ਬਣਿਐ।
-ਸੀਜ਼ਰ ਦੀ ਲਾਸ਼ ਲੈਕੇ ਅੈਨਟਨੀ
ਤੇ ਹੋਰ ਬੰਦੇ ਆਉਂਦੇ ਹਨ-
ਭਾਵੇਂ ਕੋਈ ਹੱਥ ਨਹੀਂ ਉਹਦਾ
ਏਸ ਕਤਲ਼ ਦੇ ਅੰਦਰ
ਫਿਰ ਵੀ ਪਰਜਾ ਤੰਤਰ ਦੇ ਵਿੱਚ
ਮਹਿਫੂਜ਼ ਹੈ ਪਦਵੀ ਉਹਦੀ,
ਉਹ ਪਦਵੀ ਜੋ ਕੌਣ ਨਹੀਂ ਚਾਹੁੰਦਾ
ਏਸ ਭੀੜ ਦੇ ਅੰਦਰ?
ਇਹ ਕਹਿਕੇ ਮੈਂ ਖਿਮਾ ਮੰਗੂਗਾ;-
ਜੇ ਕਦੇ ਦੇਸ਼ ਨੇ ਮੰਗੀ ਜਾਨ
ਉਹੀ ਖੰਜਰ ਘੁਸੇੜੂ ਛਾਤੀ,
ਸੋਹਣੇ ਰੋਮ ਦੀ ਖਾਤਰ
ਜੀਹਨੇ ਲੈ ਲਈ ਯਾਰ ਮੇਰੇ ਦੀ ਜਾਨ।
ਭੀੜ-:ਜੀਓ, ਬਰੂਟਸ! ਜ਼ਿੰਦਾਬਾਦ, ਜ਼ਿੰਦਾਬਾਦ!
ਸ਼ਹਿਰੀ-੧-:ਜੈ ਜੈਕਾਰ ਕਰੋ ਏਸ ਦੀ,
ਘਰ ਥਾਈਂ ਕੱਢੋ ਵਿਜੇ ਜਲੂਸ।
ਸ਼ਹਿਰੀ-੨-:ਬਣਾਓ ਮੂਰਤੀ ਇਹਦੀ,
ਇਹਦੇ ਪੁਰਖਿਆਂ ਕੋਲ।


ਸ਼ਹਿਰੀ-੩-:ਸੀਜ਼ਰ ਦੀ ਇਹਨੂੰ ਪਦਵੀ ਦੇਵੋ।
ਸ਼ਹਿਰੀ-੪-:ਸੀਜ਼ਰ ਨਾਲੋਂ ਕਿਤੇ ਚੰਗੇ ਗੁਣਾਂ ਦਾ ਮਾਲਕ,
ਇਹਨੂੰ ਉਹਦਾ ਮੁਕਟ ਪਹਿਨਾਓ।
ਸ਼ਹਿਰੀ-੧-:ਮੋਢਿਆਂ ਉਤੇ ਚੁੱਕ ਲੈ ਚੱਲੀਏ
ਘਰ ਉਹਦੇ ਨੂੰ, ਕਰਦੇ ਜੈ ਜੈਕਾਰ।
ਬਰੂਟਸ-:ਓ, ਮੇਰੇ ਹਮਵਤਨੋ!-
ਸ਼ਹਿਰੀ-੨-:ਸ਼ਾਂਤ ਹੋ! ਬਰੂਟਸ ਬੋਲੇ, ਸੁਣੋ ਓਸ ਨੂੰ।
ਸ਼ਹਿਰੀ-੧-:ਸ਼ਾਂਤ, ਹੋ!
ਬਰੂਟਸ-:ਭਲਿਓ ਮੇਰੇ ਦੇਸ਼ਵਾਸੀਓ!
ਕੱਲਾ ਈ ਮੈਨੂੰ ਜਾਣ ਦਿਓ
ਮੇਰੀ ਖਾਤਰ ਰੁਕ ਜੋ ਐਥੇ,
ਐਨਟਨੀ ਦੀ ਹੁਣ ਗੱਲ ਸੁਣੋ;
ਸੀਜ਼ਰ ਦੀ ਦੇਹ ਨੂੰ ਮਾਣ ਦਿਓ,
ਅਮਰ ਕਹਾਣੀ ਸੁਣੋ ਸੀਜ਼ਰ ਦੀ,
ਐਨਟਨੀ ਨੂੰ ਵੀ ਮਾਣ ਦਿਓ;
ਅਸੀਂ ਆਗਿਆ ਦਿੱਤੀ ਇਹਨੂੰ,
ਗੱਲ ਕਹਿਣ ਦੀ ਆਪਣੀ,
ਕੋਈ ਨਾਂ ਜਾਇਓ ਏਥੋਂ
ਜਿੰਨਾਂ ਚਿਰ ਉਹ ਬੋਲੇ,
ਮੈਂ ਕੱਲਾ ਈ ਜਾਊਂ ਏਥੋਂ
ਮੰਨੋ ਗੁਜ਼ਾਰਸ਼ ਮੇਰੀ।
ਸ਼ਹਿਰੀ-੧-:ਰੁਕ ਜੋ ਸਾਰੇ; ਆਓ ਸੁਣੀਏ
ਕੀ ਐਨਟਨੀ ਆਖੇ।
ਸ਼ਹਿਰੀ-੨-:ਚੜ੍ਹਾਓ ਓਹਨੂੰ ਫੇਰ ਮੰਚ ਤੇ,
ਅਸੀਂ ਸੁਣਾਂਗੇ ਉਹਦੀ ਗੱਲ;
ਕੁਲੀਨ ਐਨਟਨੀ! ਚੜ੍ਹੋ ਮੰਚ ਤੇ, ਆਜੋ ਅੱਗੇ।
ਐਨਟਨੀ-:ਬਰੂਟਸ ਦਾ ਸਦਕਾ! ਰਹਾਂ ਰਿਣੀ ਤੁਹਾਡਾ।
-ਮੰਚ ਤੇ ਚੜ੍ਹਦਾ ਹੈ-
ਸ਼ਹਿਰੀ-੪-:ਕੀ ਆਖੇ ਇਹ ਬਰੂਟਸ ਬਾਰੇ?
ਸ਼ਹਿਰੀ-੩-:ਉਹ ਕਹਿੰਦਾ ਬਰੂਟਸ ਦਾ ਸਦਕਾ,
ਰਿਣੀ ਹੈ ਸਾਡਾ ਸਾਰਿਆਂ ਦਾ।
ਸ਼ਹਿਰੀ-੪-:ਚੰਗਾ ਰਹੂ ਬਰੂਟਸ ਬਾਰੇ
ਗੱਲ ਕਰੇ ਨਾ ਕੋਈ ਮਾੜੀ।


ਸ਼ਹਿਰੀ-੧-:ਇਹ ਸੀਜ਼ਰ ਸੀ ਬੜਾ ਹੀ ਜ਼ਾਲਮ।
ਸ਼ਹਿਰੀ-੩-:ਨਾਂ, ਨਾਂ! ਇਹ ਤਾਂ ਗੱਲ ਹੈ ਪੱਕੀ,
ਮਿਹਰ ਹੋਈ ਹੈ ਸਾਡੇ ਉੱਤੇ,
ਰੋਮ ਦਾ ਉਸ ਤੋਂ ਖਹਿੜਾ ਛੁੱਟਿਆ।
ਸ਼ਹਿਰੀ-੨-:ਸ਼ਾਂਤ! ਆਓ ਸੁਣੀਏ ਕੀ ਕਹਿ ਸਕਦੈ ਐਨਟਨੀ।
ਐਨਟਨੀ:ਭਲਿਓ ਰੋਮਵਾਸੀਓ!-
ਸ਼ਹਿਰੀ-:ਸ਼ਾਂਤੀ, ਹੋ! ਸੁਣੋ ਓਸ ਨੂੰ।
ਐਨਟਨੀ-:ਦੋਸਤੋ, ਰੋਮਨੋ, ਦੇਸ਼ਵਾਸੀਓ! ਗੱਲ ਸੁਣੋ ਸਭ ਮੇਰੀ
ਆਇਆਂ ਮੈਂ ਸੀਜ਼ਰ ਦਫਨਾਣ,
ਗੁਣ ਗੌਣ ਨਹੀਂ ਆਇਆ ਉਹਦੇ।
ਮੰਦੇ ਕਰਮ ਜੋ ਬੰਦੇ ਕਰਦੇ,
ਉਹਨਾਂ ਮਗਰੋਂ ਜੀਂਦੇ ਰਹਿੰਦੇ
ਪਰ ਅਕਸਰ ਚੰਗਿਆਈ
ਦਫਨ ਹੋ ਜਾਵੇ ਹੱਡੀਆਂ ਨਾਲ,
ਹੋਣ ਦਿਓ ਬੱਸ ਏਹੀ ਸੀਜ਼ਰ ਨਾਲ।
ਭੱਦਰ ਬਰੂਟਸ ਦੱਸਿਆ ਤੁਹਾਨੂੰ,
ਸੀਜ਼ਰ ਸੀ ਆਕਾਂਖਿਆਵਾਨ:
ਜੇ ਏਦਾਂ ਈ ਹੁੰਦਾ,
ਖਤਰਨਾਕ ਹੋਣਾ ਸੀ ਦੋਸ਼;
ਬਰੂਟਸ ਅਤੇ ਸਾਥੀ ਉਹਦੇ
ਇਜ਼ੱਤਦਾਰ ਤੇ ਮਾਨਯੋਗ ਨੇ ਸਾਰੇ;
ਉਹਨਾਂ ਦੀ ਆਗਿਆ ਦੇ ਨਾਲ,
ਆਇਆਂ ਏਥੇ,
ਸੀਜ਼ਰ ਨੁੰ ਸ਼ਰਧਾਂਜਲੀ ਦੇਣ;
ਉਹ ਸੀ ਮਿੱਤਰ ਮੇਰਾ,
ਵਫਾਦਾਰ ਤੇ ਅਦਲੀ ਬੜਾ ਸੀ ਮੇਰੇ ਨਾਲ।
ਪਰ ਬਰੂਟਸ ਕਹਿੰਦੈ ਉਹ
ਆਕਾਂਖਿਆਵਾਨ ਸੀ-
ਤੇ ਬਰੂਟਸ ਇਜ਼ੱਤਦਾਰ ਹੈ ਵੱਡਾ!
ਕਿੰਨੇ ਬੰਦੀ ਬੰਨ੍ਹ ਲਿਆਂਦੇ ਸੀ ਸੀਜ਼ਰ ਨੇ ਰੋਮ,
ਕਿੰਨੇ ਭਰੇ ਖਜ਼ਾਨੇ ਉਹਨੇ ਸੋਨੇ ਚਾਂਦੀ ਨਾਲ,
ਧਨ ਦੌਲਤ ਜੋ ਮਿਲਿਆ ਰੋਮ ਨੂੰ,
ਉਨ੍ਹਾਂ ਫਰੌਤੀਆਂ ਬਦਲੇ;


ਕੀ ਇਹ ਸਭ ਕੁੱਝ ਲੱਗਿਆ ਸਾਨੂੰ,
ਆਕਾਂਖਿਆ ਸੀਜ਼ਰ ਦੀ?
ਰੋਇਆ ਕਦੇ ਗ਼ਰੀਬ ਜੇ ਕੋਈ,
ਹੰਝੂ ਸੀਜ਼ਰ ਦੇ ਵੱਗੇ:
ਆਕਾਂਖਿਅ ਤਾਂ ਬਣੀ ਹੋਣੀ ਸੀ
ਪੱਥਰ ਵਰਗੀ ਠੋਸ;
ਬਰੂਟਸ ਤਾਂ ਪਰ ਮਾਨਯੋਗ ਹੈ
ਵੱਡੀ ਇਜ਼ੱਤ ਵਾਲਾ!
ਤੁਸਾਂ ਸਾਰਿਆਂ ਵੇਖਿਆ ਹੋਸੀ
ਉਪਜ-ਦੇਵ ਦੇ ਅਵਸਰ ਉਤੇ
ਤਿੰਨ ਵਾਰ ਠੁਕਰਾਇਆ ਉਹਨੇ
ਸ਼ਾਹੀ ਤਾਜ ਜੋ ਪੇਸ਼ ਮੈਂ ਕੀਤਾ:
ਕੀ ਇਹੀ ਸੀ ਆਕਾਂਖਿਆ ਉਹਦੀ?
ਫਿਰ ਭੀ ਕਹੇ ਬਰੂਟਸ
ਸੀਜ਼ਰ ਸੀਗਾ ਬੜਾ ਆਕਾਂਖਿਆਵਾਨ!
ਤੇ ਇਸ ਵਿੱਚ ਸ਼ੱਕ ਨਹੀਂ ਹੈ ਕੋਈ,
ਬਰੂਟਸ ਤਾਂ ਹੈਸੀ ਮਾਨਯੋਗ ਤੇ ਇਜ਼ੱਤਵਾਨ!
ਮੈਂ ਬੋਲਦਾਂ ਏਸ ਮੰਚ ਤੋਂ
ਜੋ ਮੈਂ ਨਿੱਜੀ ਤੌਰ ਤੇ ਜਾਂਣਾਂ
ਝੂਠਾ ਕਰਨ ਬਰੂਟਸ ਤਾਈਂ
ਮੈਂ ਨਹੀਂ ਆਇਆ ਏਥੇ।
ਯਾਦ ਕਰੋ ਜਦ ਸਾਰੀ ਜੰਤਾ
ਪਿਅਰ ਸੀ ਕਰਦੀ ਉਹਨੂੰ,
ਕੋਈ ਤਾਂ ਕਾਰਨ ਅਵੱਸ਼ ਹੋਊਗਾ
ਕਿਉਂ ਕਰਦੇ ਸੀ ਏਦਾਂ,
ਪਰ ਹੁਣ ਉਹ ਕਾਰਨ ਕਿਹੜਾ,
ਰੋਕ ਰਿਹੈ ਜੋ ਅੱਜ ਤੁਹਾਨੂੰ,
ਰੋਣ ਧੋਣ ਤੇ ਸੋਗ ਮਨਾਉਣੋਂ
ਅਰਥੀ ਉਹਦੀ ਉੱਤੇ।
ਆਹ, ਓ ਸੂਝ ਬੂਝ ਤੇ ਤਰਕ ਸਿਆਣਪ!
ਖੋਗਈ ਕਿੱਥੇ ਸਾਡੀ
ਹਰਨਾਂ ਦੇ ਜਾਂ ਚੜ੍ਹ ਗਈ ਸਿੰਗੀਂ,
ਜਾਂ ਨਿਰਦਈ ਹੈਵਾਨਾਂ ਖਾਹਦੀ;


ਤੇ ਫਿਰ ਵਿਵੇਕ ਮਨੁੱਖਤਾ ਵਾਲਾ
ਖੋ ਗਿਆ ਜਾ ਕੇ ਕਿੱਥੇ?
ਸੀਜ਼ਰ ਦੇ ਤਾਬੂਤ ਚ ਹੋਇਆ
ਹਿਰਦਾ ਮੇਰਾ ਬੰਦ,
ਓਨਾਂ ਚਿਰ ਮੈਨੂੰ ਰੁਕਣਾ ਪੈਣੈ
ਜਦ ਤੱਕ ਮੁੜ ਨਾ ਆਵੇ।
ਸ਼ਹਿਰੀ-੧-:ਮੈਨੂੰ ਲਗਦੈ ਵਜ਼ਨ ਬੜਾ ਹੈ, ਜੋ ਇਹ ਕਹਿੰਦੈ।
ਸ਼ਹਿਰੀ-੨-:ਜੇ ਤੂੰ ਠੀਕ ਵਿਚਾਰੇਂ ਮਾਮਲਾ,
ਲਗਦੈ ਸੀਜ਼ਰ ਨਾਲ ਧੱਕਾ ਹੋਇਆ।
ਸ਼ਹਿਰੀ-੩-:ਹੈ ਨਹੀਂ ਧੱਕਾ ਹੋਇਆ ਮਾਲਕੋ?
ਡਰ ਲਗਦੈ ਕੋਈ ਓਦੂੰ ਭੈੜਾ
ਹੁਣ ਸੰਭਾਲੂ ਗੱਦੀ।
ਸ਼ਹਿਰੀ-੪-:ਸੁਣੀ ਗੱਲ ਤੁਸੀਂ ਓਸਦੀ?
ਤਾਜ ਠੁਕਰਾਇਆ ਉਹਨੇ ਤਿੰਨ ਵਾਰ!
ਫਿਰ ਤਾਂ ਗੱਲ ਹੈ ਪੱਕੀ-
ਕਿੱਧਰੋਂ ਸੀ ਫਿਰ ਆਕਾਂਖਿਆਵਾਨ?
ਸ਼ਹਿਰੀ-੧-:ਜੇ ਏਦਾਂ ਦੀ ਨਿਕਲੀ ਗੱਲ,
ਕਈਆਂ ਨੂੰ ਹੈ ਮਹਿੰਗੀ ਪੈਣੀ।
ਸ਼ਹਿਰੀ-੨-:ਬੇਚਾਰੇ ਨੇ ਰੋ ਰੋ ਕੀਤੀਆ ਅੱਖਾਂ ਲਾਲ!
ਸ਼ਹਿਰੀ-੩-:ਐਨਟਨੀ ਨਾਲੋਂ ਸਾਊ
ਕੋਈ ਨਹੀਂ ਪੂਰੇ ਰੋਮ ਦੇ ਅੰਦਰ।
ਸ਼ਹਿਰੀ-੪-:ਸੁਣੋ ਜ਼ਰਾ ਹੁਣ ਹੋਰ ਕੀ ਕਹਿੰਦੈ;
ਬੋਲਣ ਲੱਗਿਐ ਉਹ।
ਐਨਟਨੀ-:ਉਹ ਸੀਜ਼ਰ ਜੀਹਦਾ ਇੱਕ ਇਸ਼ਾਰਾ
ਡੱਕਦਾ ਸਾਰੀ ਦੁਨੀਆ ਕਲ੍ਹ,
ਅੱਜ ਪਿਆ ਹੈ ਭੋਂ ਤੇ ਮਰਿਆ;
ਕੋਈ ਨਿਮਾਣਾ ਇਸ ਤੋਂ ਬਾਹਲਾ,
ਕਿਤੇ ਨਾ ਦਿੱਸੇ ਮੈਨੂੰ,
ਜੋ ਇਸ ਨੂੰ ਪ੍ਰਨਾਮ ਕਰੇ।
ਜੇ ਮਾਲਕੋ! ਮੈਂ ਕਰਾਂ ਇਰਾਦਾ
ਤੁਹਾਨੂੰ ਜੋਸ਼ ਦਲਾਵਾਂ,
ਗੁੱਸਾ ਭਰਾਂ ਤੁਹਾਡੇ ਅੰਦਰ,
ਬਗ਼ਾਵਤ ਰੋਮ ਕਰਾਵਾਂ,


ਕੈਸੀਅਸ ਅਤੇ ਬਰੂਟਸ ਦਾ
ਫਿਰ ਹੋਵਾਂਗਾ ਮੈਂ ਦੋਸ਼ੀ-
ਕਿਉਂਕਿ ਉਹ ਤਾਂ ਇਜ਼ੱਤਦਾਰ ਨੇ,
ਮਾਨਯੋਗ, ਸਨਮਾਨਯੋਗ ਨੇ!
ਮੈਂ ਨਹੀਂ ਕਰਨਾ ਬੁਰਾ ਏਨ੍ਹਾਂ ਇਜ਼ੱਤਦਾਰਾਂ ਦਾ-
ਏਦੂੰ ਚੰਗੈ ਮੋਇਆਂ ਨਾਲ ਧਰੋਹ ਕਮਾ ਲਾਂ,
ਮਾੜਾ ਕਰ ਲਾਂ ਆਪਣੇ ਅਤੇ ਤੁਹਾਡੇ ਨਾਲ।
ਪਰ ਆਹ ਇੱਕ ਭੋਜਪੱਤਰ ਹੈ ਮੇਰੇ ਕੋਲ,
ਸੀਜ਼ਰ ਵਾਲੀ ਮੋਹਰ ਲੱਗੀ ਹੈ ਇਹਦੇ ਉੱਤੇ,
ਲੱਭੀ ਮੈਨੂੰ ਕਮਰੇ ਵਿੱਚ ਉਹਦੇ
ਇਹ ਵਸੀਅਤ ਸੀਜ਼ਰ ਦੀ:
ਅਵਾਮ ਦੇ ਕੇਵਲ ਕੰਨਾਂ ਖਾਤਰ
ਇਹ ਗਈ ਸੀ ਲਿੱਖੀ-
ਖਿਮਾ ਕਰੋ, ਪਰ ਨਹੀਂ ਇਰਾਦਾ
ਪੜ੍ਹਨ ਦਾ ਇਹਨੂੰ ਏਥੇ;-
ਸੀਜ਼ਰ ਦੇ ਲੋਕੀ ਜ਼ਖਮ ਚੁੰਮਣਗੇ,
ਲਹੂ ਪਵਿੱਤਰ ਲਾਣ ਰੁਮਾਲੀਂ,
ਦੋ ਕਰ ਜੋੜ ਵਾਲ਼ ਮੰਗਣ ਗੇ,
ਯਾਦਗਾਰ ਸੰਭਾਲਣ ਖਾਤਰ,
ਵਕਤ ਆਖਰੀ ਕਰਨ ਵਸੀਅਤ
ਔਲਾਦਾਂ ਦੇ ਨਾਂਅ,
'ਏਸ ਅਮੀਰ ਵਿਰਸੇ ਦੀ ਕਰਿਓ
ਪੁਸ਼ਤਾਂ ਤੀਕ ਨਿਗਰਾਨੀ'।
ਸ਼ਹਿਰੀ-੪-:ਸੁਣਨੀ ਅਸੀਂ ਹੈ ਇਹ ਵਸੀਅਤ,
ਪੜ੍ਹੋ ਏਸ ਨੂੰ ਮਾਰਕ ਐਨਟਨੀ!
ਭੀੜ-:ਵਸੀਅਤ, ਅਸੀਂ ਸੁਣਾਂਗੇ
ਇਹ ਵਸੀਅਤ ਸੀਜ਼ਰ ਦੀ।
ਐਨਟਨੀ-:ਸ਼ਾਂਤ ਹੋ ਜੋ, ਸਬਰ ਕਰੋ, ਮੇਰੇ ਸਾਊ ਮਿੱਤਰੋ!
ਇਹ ਮੈਨੂੰ ਨਹੀਂ ਪੜ੍ਹਨੀ ਚਾਹੀਦੀ:
ਮੁਨਾਸਬ ਨਹੀਂ ਮੈਂ ਦੱਸਾਂ ਤੁਹਾਨੂੰ,
ਸੀਜ਼ਰ ਕਿੰਨਾ ਪਿਆਰ ਸੀ ਕਰਦਾ
ਇਸ ਜੰਤਾ ਨੂੰ, ਜੋ ਅੱਜ ਏਥੇ ਕੱਠੀ ਹੋਈ;
ਨਾਂ ਤੁਸੀਂ ਪੱਥਰ ਨਾਂ ਹੀ ਲੱਕੜ,


ਹੱਡ ਮਾਸ ਦੇ ਬੰਦੇ ਸਾਰੇ,
ਸੁਣਕੇ ਬੋਲ ਵਸੀਅਤ ਵਾਲੇ,
ਕਰੋਧ ਜੁਆਲਾ ਭੜਕ ਉੱਠੁਗੀ,
ਲਾਲ ਸੂਹੀਆਂ ਅੱਖਾਂ ਹੋ ਜਾਵਣ,
ਰੋਹ ਦੀ ਬਿਜਲੀ ਕੜਕ ਉੱਠੁਗੀ।
ਬਦਲਾ ਲੈਣ ਲਈ ਪਾਗਲ ਹੋਕੇ
ਫਿਰੋਂਗੇ ਤਾਂਡਵ ਨੱਚਦੇ।
ਚੰਗਾ ਰਹੂ ਪਤਾ ਨਾ ਲੱਗੇ,
ਆਪ ਤੁਸੀਂ ਹੋਂ ਵਾਰਸ ਉਹਦੇ;
ਲੱਗ ਗਿਆ ਤੇ ਕੀ ਹੋਵੇਗਾ?
ਬੱਸ ਉਹ ਰੱਬ ਹੀ ਜਾਣੇ!
ਸ਼ਹਿਰੀ-੪-:ਪੜ੍ਹੋ, ਅਸੀਂ ਸੁਣਾਂਗੇ ਵਸੀਅਤ ਸੀਜ਼ਰ ਦੀ;
ਮਾਰਕ ਐਨਟਨੀ ਪੜ੍ਹੋ ਏਸ ਨੂੰ।
ਐਨਟਨੀ-:ਸਬਰ ਕਰੋਂਗੇ ਜ਼ਰਾ? ਜ਼ਰਾ ਰੁਕੋਂਗੇ?
ਗ਼ਲਤੀ ਹੋ ਗਈ ਮੈਥੋਂ,
ਕਾਹਲਾ ਜ਼ਰਾ ਪੈਗਿਆ ਮੈਂ;
ਡਰ ਹੈ ਮੈਨੂੰ ਧਰੋਹ ਕੀਤੈ ਮੈਂ
'ਇਜ਼ੱਤਦਾਰ' ਲੋਕਾਂ ਦੇ ਨਾਲ
ਖੰਜਰ ਜਿਨ੍ਹਾਂ ਦੇ ਉਤਰੇ ਗਏ ਸੀ
ਸੀਜ਼ਰ ਦੀ ਛਾਤੀ ਦੇ ਪਾਰ;
ਡਰ ਮੈਨੂੰ ਬੜਾ ਹੈ ਲਗਦਾ, ਕੰਬੇ ਜੁੱਸਾ ਮੇਰਾ।
ਸ਼ਹਿਰੀ-੪-:ਕਿਹੋ ਜਹੇ ਉਹ 'ਇਜ਼ੱਤਦਾਰ'?
ਉਹ ਤਾਂ ਬੱਸ ਸੀਗੇ ਗੱਦਾਰ!
ਭੀੜ-:ਵਸੀਅਤ ਕਿੱਥੇ?
ਵਸੀਅਤ ਕੱਢੋ, ਪੜ੍ਹੋ ਓਸ ਨੂੰ।
ਸ਼ਹਿਰੀ-੨-:ਖੂਨੀ ਤੇ ਖਲਨਾਇਕ ਸਨ ਉਹ;
ਵਸੀਅਤ ਕੱਢ ਤੂੰ, ਪੜ੍ਹ ਵਸੀਅਤ।
ਐਨਟਨੀ-:ਮਜਬੂਰ ਜੇ ਕੀਤੈ ਪੜ੍ਹਨ ਤੇ ਮੈਨੂੰ;
ਘੇਰ ਲਵੋ ਸੀਜ਼ਰ ਦੀ ਲਾਸ਼,
ਕਰਾਵਾਂ ਦਰਸ ਤੁਹਾਨੂੰ ਉਹਦੇ,
ਜਿਸ ਲਿਖਿਆ ਇਹ ਪਰਚਾ-
ਉੱਤਰਾਂ ਮੰਚੋਂ ਥੱਲੇ? ਹੈ ਇਜਾਜ਼ਤ ਤੁਹਾਡੀ?
ਭੀੜ-:ਆ ਜਾ ਥੱਲੇ, ਉੱਤਰ ਆ ਤੂੰ।


ਸ਼ਹਿਰੀ-੨-:ਉੱਤਰ ਹੇਠਾਂ।
ਸ਼ਹਿਰੀ-੩-:ਆਗਿਆ ਜ਼ਰੂਰ ਮਿਲੂਗੀ ਤੈਨੂੰ।
ਸ਼ਹਿਰੀ-੪-:ਗੋਲ ਬਣਾਓ ਘੇਰਾ, ਆ ਜੋ ਲਾਗੇ।
ਸ਼ਹਿਰੀ-੧-:ਤਾਬੂਤ ਤੋ ਜ਼ਰਾ ਹਟਕੇ,
ਲਾਸ਼ ਤੋਂ ਜ਼ਰਾ ਹਟਕੇ।
ਸ਼ਹਿਰੀ-੨-:ਐਨਟਨੀ ਨੂੰ ਜ਼ਰਾ ਦੇਵੋ ਥਾਂ
ਉਤੱਮ ਕੁਲ, ਅਤੀ ਭੱਦਰ ਜਿਹੜਾ।
ਨਾਂ, ਨਾਂ, ਐਨੀ ਭੜਿ ਕਰੋ ਨਾਂ ਦੁਆਲੇ ਮੇਰੇ,
ਹਟਕੇ ਜ਼ਰਾ ਖਲੋਵੋ।
ਭੀੜ-:ਰੁਕ ਜੋ ਪਿੱਛੇ, ਪਿੱਛੇ ਹਟ ਜੋ,ਦੇਵੋ ਥਾਂ।
ਅੱਖੀਆਂ ਵਿੱਚ ਜੇ ਹੈਸੀ ਪਾਣੀ,
ਹੰਝੂਆਂ ਦੀ ਹੁਣ ਕਰੋ ਤਿਆਰੀ;
ਆਹ ਪਹਿਰਨ ਤੁਸੀਂ ਸਾਰੇ ਪਛਾਣੋਂ,
ਪਰ ਮੈਨੂੰ ਯਾਦ ਉਹ ਸਮਾਂ ਵੀ
ਤੰਬੂ ਚ ਅਪਣੇ ਪਹਿਨਿਆ ਸੀਜ਼ਰ ਨੇ
ਜਦ ਇਹ ਪਹਿਲੀ ਵਾਰੀਂ,
ਗਰਮੀ ਦੀ ਇੱਕ ਸ਼ਾਮ ਸੀ,
ਉਸ ਦਿਨ 'ਨਰਵੀ' ਸੀ ਉਸ ਜਿੱਤੀ:
ਆਹ ਉਹੀ ਹੈ ਥਾਂ ਜਿੱਥੇ
ਕੈਸੀਅਸ ਮਾਰਿਆ ਖੰਜਰ;
ਤੇ ਐਥੇ ਵੇਖੋ ਪਾੜ ਪਾਇਆ ਏ ਕਿੱਡਾ
ਕਾਸਕਾ ਜਹੇ ਹਾਸਦ ਨੇ;
ਇਹ ਕਾਰੀ ਜ਼ਖਮ ਬਰੂਟਸ ਦਿੱਤਾ,
ਜੋ ਸੀ ਬੁਹਤ ਪਿਆਰਾ ਮਿੱਤਰ,
ਮਾਰ ਕੇ ਖੰਜਰ ਜਦ ਬਾਹਰ ਖਿੱਚਿਆ,
ਰੱਤ ਸੀਜ਼ਰ ਦੀ ਦੌੜੀ ਬਾਹਰ
ਵਿਸ਼ਵਾਸ ਨਾ ਹੋਇਆ,
ਦੌੜੀ ਸ਼ੱਕ ਨਿਵਾਰਨ,
ਸੱਚੀਂ ਸੱਟ ਬਰੂਟਸ ਮਾਰੀ?
ਦੁਨੀਆਂ ਜਾਣੇ ਬਰੂਟਸ ਹੈਸੀ
ਫਰਿਸ਼ਤਾ ਇਸ ਸੀਜ਼ਰ ਦਾ!
ਆਹ, ਓ ਦਿਉਤਿਓ! ਤੁਸੀਂ ਜਾਣਦੇ,
ਇਨਸਾਫ ਤੁਸੀਂ ਹੀ ਕਰਨਾ


ਕਿੰਨਾ ਨੇੜਲਾ ਬਰੂਟਸ ਹੈਸੀ,
ਕਿੰਨਾ ਪਿਆਰਾ ਸੀ ਸੀਜ਼ਰ ਨੂੰ,
ਤੁਹਾਤੋਂ ਬਿਹਤਰ ਕੌਣ ਜਾਣਦਾ,
ਤੁਸੀਂ ਹੋ ਅੰਤ੍ਰਯਾਮੀ।
ਅੱਤ ਬੇਰਹਿਮ,ਬੇਕਿਰਕ ਵਾਰ ਸੀ
ਜੋ ਬਰੂਟਸ ਨੇ ਕੀਤਾ,
ਤੱਕਿਆ ਜਦ ਮਹਾਨ ਸੀਜ਼ਰ ਨੇ
ਉਲਰਿਆ ਬਾਜ਼ੂ ਉਹਦਾ
ਅਕਿਰਤਘਣਤਾ ਦਾ ਵੱਜਾ ਧੱਕਾ,
ਗੱਦਾਰ ਬਾਹਵਾਂ ਤੋਂ ਤਕੜਾ
ਹਾਰ ਗਿਆ ਉਹ ਡਿੱਗਾ ਭੋਂ ਤੇ,
ਮੁੜਕੇ ਉੱਠ ਨ੍ਹੀ ਸਕਿਆ:
ਅੱਤ ਸ਼ਕਤੀਵਰ ਹਿਰਦਾ ਉਹਦਾ,
ਫੁੱਟਿਆ ਮਾਰ ਭੜਾਕਾ,
ਸ਼ਰਮ ਦੇ ਮਾਰੇ ਮੂੰਹ ਢਕਿਆ ਸੀ
ਚੋਗ਼ੇ ਦੇ ਲੜ ਥੱਲੇ,
ਪੌਂਪੀ ਦੇ ਬੁੱਤ ਲਾਗੇ ਡਿੱਗਾ,
ਰੱਤ ਜੀਹਦੇ ਚੋਂ ਵੱਗੇ-
ਸੀਜ਼ਰ ਬੜਾ ਮਹਾਨ ਓਹ ਲੋਕੋ!
ਅਕਿਰਤਘਣਤਾ ਦੀ ਬਲੀ ਚੜ੍ਹ ਗਿਆ।
ਆਹ, ਓ ਹਮਵਤਨੋ! ਅਚਰਜ ਕਿੱਡੀ
ਜਿੱਤ ਸੀ ਏਹੇ, ਕਿੱਡੀ ਅਚਰਜ ਹਾਰ!
ਮੈਂ ਤੇ ਤੁਸੀਂ ਸਭ ਚਿੱਤ ਹੋਗਏ
ਉਸ ਪਲ ਸੀਜ਼ਰ ਨਾਲ!
ਤੇ ਰਹੀ ਪਣਪਦੀ ਬਗ਼ਾਵਤ ਖੂਨੀ
ਸਾਡੀਆ ਲਾਸ਼ਾਂ ਉੱਤੇ।
ਆਹ, ਓ ਲੋਕੋ! ਤਰਸ ਦੇ ਹੰਝੂ
ਛਲਕ ਪਏ ਨੇ ਤੁਹਾਡੇ ਅੱਖੀਂ?
ਇਹ ਮਿਹਰਾਂ ਦੇ ਮੋਤੀ ਸੋਹਣੇ,
ਪਲਕਾਂ ਉੱਤੇ ਤਰਦੇ-
ਮਿਹਰਾਂ ਵਾਲਿਓ! ਕਿਉਂ ਰੋਂਦੇ ਹੋ ਭੁੱਬੀਂ ਭੁੱਬੀਂ?
ਹਾਲੀਂ ਤਾਂ ਤੁਸੀਂ ਬੱਸ ਵੇਖਿਐ
ਸੀਜ਼ਰ ਦਾ ਪੈਹਰਾਵਾ ਜ਼ਖਮੀ:


ਆਹ ਵੇਖੋ ਹੁਣ, ਆਹ ਪਿਆ ਹੈ ਸ਼ਰੀਰ
ਕੱਟਿਆ, ਵੱਢਿਆ ਗੱਦਾਰਾਂ ਦੇ ਹੱਥੀਂ ।
ਸ਼ਹਿਰੀ-੧-:ਆਹ! ਕਿੰਨਾ ਤਰਸਯੋਗ ਹੈ ਸਭ ਕੁੱਝ ਏਥੇ-
ਸ਼ਹਿਰੀ-੨-:ਆਹ, ਓ ਕੁਲੀਨ ਸੀਜ਼ਰ!
ਸ਼ਹਿਰੀ-੩-:ਆਹ, ਓ! ਕਿੰਨਾ ਗ਼ਮਗੀਨ,
ਕਿੰਨਾ ਰੰਜੀਦਾ ਪਲ ਹੈ ਏਹੇ!-
ਸ਼ਹਿਰੀ-੪-:ਓ ਗ਼ੱਦਾਰੋ! ਓ ਬਦਮਾਸ਼ੋ!-
ਸ਼ਹਿਰੀ-੧-:ਹਾਏ, ਕਿੰਨਾ ਖੂਨੀ ਇਹ ਨਜ਼ਾਰਾ!
ਸ਼ਹਿਰੀ-੨-:ਬਦਲਾ ਲਵਾਂਗੇ: ਬਦਲਾ,-ਮੁੜੋ ਪਿੱਛੇ,-ਲੱਭੋ,-
ਲਾਵੋ ਅੱਗਾਂ,-ਮਾਰੋ-ਕਰੋ ਕਤਲਿ ਆਮ
ਛੱਡੋ ਨਾਂ ਇੱਕ ਵੀ ਗ਼ੱਦਾਰ!
ਐਨਟਨੀ-:ਰੁਕੋ, ਹਮਵਤਨੋ! ਠਹਿਰੋ ਜ਼ਰਾ!
ਸ਼ਹਿਰੀ-੧-:ਸ਼ਾਂਤ ਹੋਜੋ, ਸੁਣੋ ਜ਼ਰਾ, ਭੱਦਰ ਐਨਟਨੀ ਬੋਲੇ!
ਸ਼ਹਿਰੀ-੨-:ਅਸੀਂ ਸੁਣਾਂਗੇ ਉਹਦੀ, ਉਹ ਸਾਡੀ ਅਗਵਾਈ ਕਰੇ;
ਜਾਨ ਵਾਰਾਂਗੇ ਉਹਦੀ ਖਾਤਰ।
ਐਨਟਨੀ-:ਚੰਗੇ ਮਿੱਤਰੋ, ਮਿੱਠੇ ਯਾਰੋ!
ਅਚਾਨਕ ਏਸ ਬਗ਼ਾਵਤ ਖਾਤਰ
ਨਾਂ ਭੜਕਾਵਾਂ ਤੁਹਾਨੂੰ;
ਜੀਹਨਾਂ ਬੰਦਿਆਂ ਕਾਰਾ ਕੀਤਾ
ਬੜੇ ਹੀ ਇਜ਼ੱਤਦਾਰ ਨੇ ਉਹ;-
ਕਿਹੜਾ ਨਿੱਜੀ ਰੰਜ ਉਨ੍ਹਾਂ ਨੂੰ
ਨਾਲ ਸੀ ਏਹਦੇ-ਮੈਂ ਨਾਂ ਜਾਣਾਂ,
ਜਿਸ ਤੋਂ ਉਹ ਮਜਬੂਰ ਹੋਏ
ਤੇ ਕਰ ਦਿੱਤਾ ਇਹ ਕਾਲਾ ਕਾਰਾ,
ਫਿਰ ਵੀ 'ਇਜ਼ੱਤਦਾਰ' ਬੜੇ ਨੇ!
ਇਸੇ ਲਈ ਤਾਂ ਸ਼ੱਕ ਨਹੀਂ ਮੈਨੂੰ,
ਦੇਵਣ ਗੇ ਜਵਾਬ ਉਹ ਤੁਹਾਨੂੰ,
ਦੱਸਣ ਗੇ ਸਭ ਕਾਰਨ।
ਮੈਂ ਏਥੇ ਨ੍ਹੀ ਆਇਆ ਯਾਰੋ!
ਤੁਹਾਡੇ ਦਿਲ ਪਸੀਜਣ,
ਮੈਂ ਨਹੀਂ ਬਰੂਟਸ ਵਰਗਾ ਵਕਤਾ;
ਪਰੰਤੂ ਤੁਸੀਂ ਜਾਣਦੇ ਮੈਨੂੰ
ਸਿੱਧਾ, ਸੱਚਾ, ਖਰ੍ਹਵਾ ਬੰਦਾ


ਮਿੱਤਰਾਂ ਨੂੰ ਜੋ ਕਰੇ ਪਿਆਰ;
ਉਹ ਵੀ ਸਭ ਕੁੱਝ ਜਾਨਣ ਏਹੇ ਭਲੀ ਭਾਂਤ ਹੀ,
ਜੀਹਨਾਂ ਮੈਨੂੰ ਆਗਿਆ ਦਿੱਤੀ
ਤੁਹਾਨੂੰ ਸੰਬੋਧਨ ਦੀ।
ਨਾਂ ਹੀ ਅਕਲ ਨਾਂ ਕਾਬਲੀਅਤ ਹੈ,
ਨਾਂ ਸ਼ਬਦ ਨੇ ਮੇਰੇ ਕੋਲ
ਕਰਮ ਨਹੀਂ ਹੈ,ਕਥਨ ਨਹੀਂ ਹੈ,
ਨਾਂ ਇਜ਼ਹਾਰ ਦੀ ਸ਼ਕਤੀ
ਲਹੂ ਲੋਕਾਂ ਦਾ ਗਰਮਾ ਸੱਕਾ ਮੈਂ ਜੀਹਦੇ ਨਾਲ:
ਮੇਰੇ ਕੋਲ ਤਾਂ ਸਿੱਧੀ ਸਪਸ਼ਟ ਜ਼ੁਬਾਂ ਹੈ ਸੱਚੀ;
ਦੱਸਾਂ ਉਹੀ ਜੋ ਤੁਸੀਂ ਆਪ ਜਾਣਦੇ;
ਪਿਆਰੇ ਸੀਜ਼ਰ ਦੇ ਜ਼ਖਮ ਵਿਖਾਵਾਂ-
ਖੁੱਲ੍ਹੇ, ਗੁੰਗੇ ਮੂੰਹ ਬਿਚਾਰੇ
ਕਰਾਂ ਬੇਨਤੀ ਉਹਨਾਂ ਤਾਈਂ,
ਮੇਰੀ ਥਾਂ ਉਹ ਬੋਲਣ,
ਦੱਸਣ ਵਿੱਥਿਆ ਸਾਰੀ:
ਪਰ ਜੇ ਮੈਂ ਹੁੰਦਾ ਬਰੂਟਸ
ਤੇ ਬਰੂਟਸ ਐਨਟਨੀ ਹੁੰਦਾ;
ਐਨਟਨੀ ਫਿਰ ਅਜੇਹਾ ਹੁੰਦਾ
ਤੂਫਾਨ ਉਠਆਉਂਦਾ ਤੁਹਾਡੇ ਅੰਦਰ,
ਜ਼ੁਬਾਂ ਬਖਸ਼ਦਾ ਸੀਜ਼ਰ ਦੇ ਜ਼ਖਮਾਂ ਨੂੰ;
ਪੱਥਰਾਂ ਤਾਈਂ ਰੁਲਾ ਦੇਂਦੇ ਉਹ,
ਬਗ਼ਾਵਤ ਰੋਮ ਮਚਾ ਦੇਂਦੇ ਉਹ।
ਭੀੜ-:ਬਗ਼ਾਵਤ ਅਸੀਂ ਕਰਾਂਗੇ।
ਸ਼ਹਿਰੀ-੧-:ਬਰੂਟਸ ਦਾ ਅਸੀਂ ਘਰ ਸਾੜਾਂ ਗੇ।
ਸ਼ਹਿਰੀ-੩-:ਚਲੋ ਫੇਰ! ਆਓ ਸਾਜ਼ਸ਼ੀਆਂ ਨੂੰ ਕਰੀਏ ਕਾਬੂ।
ਐਨਟਨੀ-:ਗੱਲ ਤਾਂ ਮੇਰੀ ਮੁੱਕ ਲੈਣ ਦਿਓ,
ਹਾਲੀਂ ਤਾਂ ਮੈਂ ਬੋਲ ਰਿਹਾ ਹਾਂ।
ਭੀੜ-:ਸ਼ਾਂਤੀ ਹੋ! ਸ਼ਾਂਤੀ, ਸੁਣੋ ਐਨਟਨੀ ਕਹਿੰਦਾ ਕੀ ਏ;
ਅਤੀ ਭੱਦਰ ਐਨਟਨੀ ਬੋਲ ਰਿਹਾ ਹੈ-
ਐਨਟਨੀ-:ਨਹੀਂ ਮਿੱਤਰੋ! ਪਤਾ ਨਹੀਂ ਤੁਹਾਨੂੰ
ਕੀ ਕਰਨ ਤੁਸੀਂ ਹੋ ਚੱਲੇ:
ਅਫਸੋਸ ਹੈ ਮੈਨੂੰ ਤੁਹਾਨੂੰ ਪਤਾ ਨਹੀਂ ਹਾਲੀਂ,


ਜੰਤਾ ਦੇ ਇਸ ਮੋਹ ਪਿਆਰ ਦਾ,
ਕਿਵੇਂ ਕਮਾਇਆ ਹੱਕ ਸੀਜ਼ਰ ਨੇ;
ਆਓ ਫਿਰ ਮੈਂ ਦੱਸਾਂ ਤੁਹਾਨੂੰ-
ਵਿੱਸਰ ਗਈ ਜੋ ਗੱਲ ਤੁਹਾਨੂੰ,
ਜ਼ਿਕਰ ਕੀਤਾ ਮੈਂ ਇੱਕ ਵਸੀਅਤ ਬਾਰੇ।
ਭੀੜ-:ਸੱਚੀ ਗੱਲ ਹੈ;-ਵਸੀਅਤ:-
ਰੁਕ ਜੋ ਐਥੇ, ਤੇ ਸੁਣੋ ਵਸੀਅਤ।
ਐਨਟਨੀ-:ਇਹ ਹੈ ਉਹ ਵਸੀਅਤ ਹੱਥ ਚ ਮੇਰੇ;
ਸੀਜ਼ਰ ਦੀ ਮੋਹਰ ਵੀ ਲੱਗੀ ਇਹਦੇ ਉੱਤੇ;
ਸੀਜ਼ਰ ਦਿੰਦੈ ਹਰ ਰੋਮਨ ਨੂੰ,
ਰੋਮ ਦੇ ਵੱਖਰੇ ਵੱਖਰੇ ਹਰ ਵਾਸੀ ਨੂੰ
ਪੰਝੱਤਰ ਪੰਝੱਤਰ ਸਿੱਕੇ ਪੂਰੇ-।
ਸ਼ਹਿਰੀ-੨-:ਸੀਜ਼ਰ ਮਹਾਨ! ਜ਼ਿੰਦਾਬਾਦ-
ਖੂਨ ਦਾ ਬਦਲਾ ਅਸੀਂ ਲਵਾਂਗੇ-
ਅਸੀਂ ਲਵਾਂਗੇ-।
ਸ਼ਹਿਰੀ-੩-:ਹਾਏ ਓ,ਸ਼ਾਹ ਸੀਜ਼ਰ!-
ਐਨਟਨੀ-:ਟਾਈਬਰ ਦੇ ਇਸ ਕੰਢੇ ਵਾਲੇ
ਨਵੇਂ ਲਗਾਏ ਬਾਗ਼ ਜੋ ਉਹਨੇ,
ਨਾਲੇ ਨਿੱਜੀ ਲਤਾ-ਕੁੰਜ ਤੇ
ਸਾਰੀਆਂ ਅਪਣੀਆਂ ਸੈਰਗਾਹਾਂ ਵੀ,
ਦਿੱਤੀਆਂ ਉਹਨੇ ਤੁਹਾਨੂੰ;
ਕਰ ਦਿੱਤੀਆਂ ਮੌਰੂਸੀ ਤੁਹਾਡੇ ਨਾਂਅ;
ਨਿੱਕੀਆ ਨਿੱਕੀਆਂ ਇਹ
ਸਭ ਖੁਸ਼ੀਆਂ ਬਖਸ਼ੀਆਂ ਓਸ ਤੁਹਾਨੂੰ,
ਖੁੱਲ਼੍ਹੀ ਹਵਾ ਚ ਮਨੋਰੰਜਨ ਹੋਵੇ, ਤਾਜ਼ਾ ਦਮ ਰਹਿ ਸੱਕੋਂ;
ਆਹ ਸੀ ਸੀਜ਼ਰ, ਤੁਹਾਡਾ ਸੀਜ਼ਰ!
ਹੈ ਕੋਈ ਉਹਦੇ ਵਰਗਾ ਹੋਰ?
ਸ਼ਹਿਰੀ-੧-:ਕਦੇ ਨਹੀਂ ਤੇ ਕਿਤੇ ਨਹੀਂ ਹੋ ਸਕਦਾ ਹੋਰ।
ਆਓ ਚੱਲੀਏ ਕੱਠੇ ਹੋਕੇ!
ਸ਼ਮਸ਼ਾਨ ਸਾੜੀਏ ਸ਼ਰੀਰ ਓਸਦਾ,
ਚੋਰੜਿਆਂ ਨਾਂ ਮਹਿਲ ਸਾੜੀਏ
ਸਾਜ਼ਸ਼ੀਆਂ ਗੱਦਾਰਾਂ ਦੇ।
ਚੱਕੋ ਅਰਥੀ, ਰਵਾਨਾ ਹੋਈਏ ਆਪਾਂ।


ਸ਼ਹਿਰੀ-੨-:ਜਾਓ ਕੋਈ ਅੱਗ ਲਿਆਓ।
ਸ਼ਹਿਰੀ-੩-:ਆਸਣ ਭੰਨੋ, ਬੈਂਚ ਤੋੜਦੋ।
ਸ਼ਹਿਰੀ-੪-:ਬੂਹੇ ਬਾਰੀਆਂ ਅਤੇ ਚੌਗਾਠਾਂ,
ਭੰਨ ਲਿਆਓ ਜੋ ਸਾਹਵੇਂ ਆਵੇ।
-ਭੀੜ ਅਰਥੀ ਲੈਕੇ ਤੁਰ ਜਾਂਦੀ ਹੈ-
ਐਨਟਨੀ-:ਹੋਣ ਦਿਓ ਹੁਣ ਜਿਹੜੀ ਹੁੰਦੀ:
ਓ ਸ਼ਰਾਰਤ!ਹੁਣ ਤੂੰ ਪਈ ਏਂ ਰਾਹ!
ਫੜ ਜੋ ਤੂੰ ਹੁਣ ਰਸਤਾ ਫੜਨਾ।
-ਇੱਕ ਗ਼ਲਾਮ ਦਾ ਪ੍ਰਵੇਸ਼-
ਹੁਣ ਕੀ ਖਬਰ ਲਿਆਇਆ ਤੂੰ?
ਗ਼ੁਲਾਮ-:ਔਕਟੇਵੀਅਸ ਤਾਂ, ਮਾਲਿਕ!
ਰੋਮ ਪੁਜ ਗਿਐ ਪਹਿਲੋਂ ਹੀ।
ਐਨਟਨੀ-:ਕਿੱਥੇ ਹੈ ਉਹ।
ਗ਼ੁਲਾਮ-:ਉਹ ਤੇ ਲੈਪੀਡਸ ਬੈਠੇ ਨੇ ਸੀਜ਼ਰ ਦੇ ਘਰ।
ਐਨਟਨੀ-:ਸਿੱਧਾ ਚੱਲਿਆਂ ਓਥੇ ਮੈਂ ਮਿਲਨ ਨੂੰ ਉਹਨੂੰ:
ਮੈਂ ਚਾਹਿਆ ਉਹ ਆ ਗਿਆ,
ਨਸੀਬ ਸਾਡੇ ਤੇ ਖੁਸ਼ ਨੇ,
ਏਦਾਂ ਰਹੇ ਤਾਂ ਮਿਲਨ ਮੁਰਾਦਾਂ,
ਕੁਝ ਵੀ ਮਿਲ ਸਕਦੈ-।
ਗ਼ੁਲਾਮ-:ਮੈਂ ਸੁਣਿਆ ਉਹ ਕਹਿੰਦਾ,
ਬਰੂਟਸ ਅਤੇ ਕੈਸੀਅਸ ਕੋਲੋਂ
ਛੁਟਕਾਰਾ ਰੋਮ ਨੇ ਪਾਇਆ;
ਵਾਂਗ ਪਾਗਲਾਂ ਭੱਜ ਗਏ ਓਹ
ਕੋਟ ਫਸੀਲੋਂ ਬਾਹਰ।
ਐਨਟਨੀ-:ਹੋ ਸਕਦੈ ਉਹ ਜਾਣ ਗਏ ਸੀ
ਇੱਛਾ ਲੋਕਾਂ ਦੀ;
ਪਤਾ ਲੱਗ ਗਿਆ ਹੋਸੀ
ਕਿਵੇਂ ਮੈਂ ਭੀੜ ਉਕਸਾਈ।
ਚੱਲ ਮਿਲਾ ਔਕਟੇਵੀਅਸ ਮੈਨੂੰ।
-ਦੋਵੇਂ ਜਾਂਦੇ ਹਨ-


-ਸੀਨ-੩- ਰੋਮ ਸ਼ਹਿਰ ਦੀ ਇੱਕ ਗਲੀ-
-ਪ੍ਰਵੇਸ਼ ਕਵੀ ਸਿੰਨਾ ਦਾ-:

ਸਿੰਨਾ-:ਰਾਤੀਂ ਮੈਨੂੰ ਸੁਪਨਾ ਆਇਆ
ਮੈਂ ਭੋਜ ਸੀਜ਼ਰ ਨਾਲ ਕੀਤਾ,
ਬਦਬਖਤੀ, ਬਦਸ਼ਗਨੀ ਵਾਲੇ
ਕਈ ਸੁਪਨਦ੍ਰਿਸ਼ ਮੈਂ ਵੇਖੇ;
ਜੀ ਨਹੀਂ ਕਰਦਾ ਬਾਹਰ ਫਿਰਨ ਨੂੰ,
ਫਿਰ ਵੀ ਕੁੱਝ ਹੈ ਖਿੱਚੀਂ ਜਾਂਦਾ।
-ਪ੍ਰਵੇਸ਼ ਭੀੜ ਦਾ-
ਸ਼ਹਿਰੀ-੧-:ਕੀ ਨਾਮ ਐ ਬਈ ਤੇਰਾ?
ਸ਼ਹਿਰੀ-੨-:ਕਿੱਧਰ ਚੱਲਿਐਂ?
ਸ਼ਹਿਰੀ-੩-:ਕਿੱਥੇ ਘਰ ਨੇ?
ਸ਼ਹਿਰੀ-੪-:ਵਿਆਹਿਆ ਏਂ ਕਿ ਛੜਾ ਏਂ ਤੂੰ?
ਸ਼ਹਿਰੀ-੨-:ਹਰ ਬੰਦੇ ਨੂੰ ਉੱਤਰ ਦੇ ਤੂੰ ਸਿੱਧਾ।
ਸ਼ਹਿਰੀ-੧-:ਹਾਂ, ਬਿਲਕੁਲ ਸੰਖੇਪ।
ਸ਼ਹਿਰੀ-੪-:ਹਾਂ, ਤੇ ਸਿਆਣਪ ਨਾਲ।
ਸ਼ਹਿਰੀ-੩-:ਹਾਂ, ਤੇ ਸੱਚ ਬੋਲੇਂਗਾ ਤਾਂ ਰਹੇਂਗਾ ਚੰਗਾ।
ਸਿੰਨਾ-:ਕੀ ਏ ਮੇਰਾ ਨਾਂ? ਕਿੱਧਰ ਮੈਂ ਚੱਲਿਆਂ?
ਗ੍ਰਿਹਸਥੀ ਹਾਂ ਕਿ ਛੜਾ?
ਹਰ ਬੰਦੇ ਨੂੰ ਸਿੱਧਾ, ਸੰਖੇਪ
ਤੇ ਸਿਆਣਪ ਵਾਲਾ
ਸੱਚਾ ਸੱਚਾ ਦਿਆਂ ਜਵਾਬ,-
ਸਿਆਣਪ ਨਾਲ ਮੈਂ ਦੱਸਾਂ
ਮੈਂ ਤਾਂ ਛੜਾ ਹਾਂ ਸਰਕਾਰ!
ਸ਼ਹਿਰੀ-੨-:ਇਸ ਦਾ ਤਾਂ ਮਤਲਬ ਏਨਾ-
ਜੋ ਸ਼ਾਦੀ ਕਰਦੈ ਉਹ ਮੂਰਖ ਹੁੰਦੇ:
ਇੱਕ ਲਵੇਂਗਾ ਮੈਥੋਂ! ਮੈਨੂੰ ਤਾਂ ਇਹ ਡਰ ਹੈ!
ਗੱਲ ਕਰ ਅੱਗੇ ਸਿੱਧੀ।
ਸਿੰਨਾ-:ਸਿੱਧੀ ਗੱਲ ਹੈ ਇਹ,
ਮੈਂ ਸੀਜ਼ਰ ਦੀ 'ਮੰਜ਼ਲ' ਜਾਣੈ।
ਸ਼ਹਿਰੀ-੧-:ਦੁਸ਼ਮਣ ਵਾਂਗ ਜਾਂ ਦੋਸਤ ਵਾਂਗ?
ਦੋਸਤ ਵਾਂਗ।


ਸ਼ਹਿਰੀ-੨-:ਸਿੱਧਾ ਮਿਲਿਆ ਉੱਤਰ ਗੱਲ ਦਾ।
ਅਪਣੇ ਘਰ ਬਾਰੇ ਬੋਲ-ਬਿਲਕੁਲ ਸੰਖੇਪ।
ਸੰਖੇਪ 'ਚ ਦੱਸਾਂ-
ਮੈਂ ਬਰਹਿਸਪਤੀ ਮੰਦਰ ਲਾਗੇ ਰਹਿਨਾਂ।

ਸ਼ਹਿਰੀ-੪-:ਸੱਚੀ ਦੱਸ, ਕੀ ਏ ਤੇਰਾ ਨਾਮ?
ਸਿੰਨਾ-:ਸੱਚੀਂ, ਮੇਰਾ ਨਾਮ ਏ ਸਿੰਨਾ।
ਸ਼ਹਿਰੀ-੩-:ਵੱਢੋ ਏਹਨੂੰ, ਕਰੋ ਦੋਫਾੜ:
ਇਹ ਹੈ ਸਾਜ਼ਸ਼ੀਆਂ ਦਾ ਯਾਰ।
ਸਿੰਨਾ-:ਮੈਂ ਤਾਂ ਕਵੀ ਸਿੰਨਾ ਹਾਂ-ਸਿੰਨਾ ਕਵੀ।
ਸ਼ਹਿਰੀ-੧-: ਵੱਢੋ ਏਹਨੂੰ, ਕਰੋ ਦੋਫਾੜ:
ਇਹ ਹੈ ਸਾਜ਼ਸ਼ੀਆਂ ਦਾ ਯਾਰ।
ਸਿੰਨਾ-:ਮੈਂ ਤਾਂ ਕਵੀ ਸਿੰਨਾ ਹਾਂ-ਸਿੰਨਾ ਕਵੀ।
ਸ਼ਹਿਰੀ-੪-:ਫਾੜ ਦਿਉ ਏਹਨੂੰ,
ਮਾੜੀਆਂ ਰਚਨਾਵਾਂ ਖਾਤਰ
ਰਚੇ ਮਾੜੀਆਂ ਕਵਿਤਾਵਾਂ
ਚੀਰ ਕੇ ਰੱਖ ਦੋ ਇਹਨੂੰ।

ਸਿੰਨਾ-:ਮੈਂ ਨਹੀਂ ਹਾਂ ਸਾਜ਼ਸ਼ੀ ਸਿੰਨਾ।
ਸ਼ਹਿਰੀ-੪-:ਕੋਈ ਗੱਲ ਨਹੀਂ;
ਨਾਮ ਤਾਂ ਹੈ ਨਾ ਸਿੰਨਾ;
ਦਿਲ ਇਹਦੇ 'ਚੋਂ ਖਿੱਚ ਕੇ ਕੱਢੋ ਇਹਦਾ ਨਾਮ,
ਤੇ ਫਿਰ ਮਾਰੋ ਧੱਕੇ, ਇਹਨੂੰ ਦਫਾ ਕਰੋ।

ਸ਼ਹਿਰੀ-੩-:ਚੀਰੋ ਇਹਨੂੰ, ਮਾਰੋ ਦਿਉ-!
ਲਿਆਓ ਚੋਰੜੇ, ਹੋ!
ਅੱਗ ਦੇ ਚੋਰੜੇਬਰੂਟਸ,
ਕੈਸੀਅਸ ਦੇ ਘਰ ਸਾੜੋ;
ਲਾਓ ਹਰ ਥਾਂ ਅੱਗਾਂ,
ਕੁਝ ਜਾਓ ਡੇਸੀਅਸ ਵੰਨੀਂ,
ਤੇ ਕੁਝ ਕਾਸਕਾ ਵੱਲੇ,
ਬਾਕੀ ਜਾਓ ਲਿਗੇਰੀਅਸ ਦੇ ਘਰ,
ਜਾ ਮਚਾਓ ਭਾਂਬੜ।
-ਭੀੜ ਨਿੱਕਲ ਤੁਰਦੀ ਹੈ-