ਆਕਾਸ਼ ਉਡਾਰੀ/ਸਮੇਂ ਰਹੇ ਨਹੀਂ ਮੌਜ ਬਹਾਰ ਵਾਲੇ
ਸਮੇਂ ਰਹੇ ਨਹੀਂ ਮੌਜ ਬਹਾਰ ਵਾਲੇ
ਵਿਧਵਾ-
ਮੇਰੇ ਸਿਰ ਦੇ ਤਾਜ ਸਿਰਤਾਜ ਉਠ ਗਏ,
ਦਿਨ ਚਲੇ ਗਏ ਹਾਰ ਸ਼ਿੰਗਾਰ ਵਾਲੇ।
ਮੇਰੇ ਸਿਰ ਤੇ ਟੁੱਟ ਕੇ ਪੈ ਗਏ ਨੇ,
ਭਾਰੇ ਪਰਬਤੋਂ ਦੁਖ ਪਰਵਾਰ ਵਾਲੇ।
ਮੈਨੂੰ ਮਿਹਣਿਆਂ ਅਤੇ ਮਰੋੜਿਆਂ ਨਾਲ,
ਮਾਰ ਰਹੇ ਨੇ ਲੋਕ ਸੰਸਾਰ ਵਾਲੇ।
ਨੀ ਮੈਂ ਦੁਖਾਂ ਦੇ ਖੂਹ ਵਿਚ ਪਈ ਹੋਈ ਹਾਂ,
ਸਮੇਂ ਰਹੇ ਨਹੀਂ ਮੌਜ ਬਹਾਰ ਵਾਲੇ।
ਬੇਰੁਜ਼ਗਾਰੀ-
ਅੱਧ ਸੈਰ ਰੁਪਏ ਦਾ ਘਿਉ ਵਿਕੇ,
ਮਹਿੰਗੇ ਹੋ ਗਏ ਰੇਟ ਬਾਜ਼ਾਰ ਵਾਲੇ।
ਪੜ੍ਹੇ ਹੋਇਆਂ ਨੂੰ ਨੌਕਰੀ ਮਿਲਦੀ ਨਹੀਂ,
ਬੂਹੇ ਬੰਦ ਹੋ ਗਏ ਰੁਜ਼ਗਾਰ ਵਾਲੇ।
ਹਲਾਂ ਵਾਲਿਆਂ ਦਾ ਬੁਰਾ ਹਾਲ ਹੋਇਆ,
ਰੋਂਦੇ ਹੱਟੀਆਂ ਅਤੇ ਬਿਉਪਾਰ ਵਾਲੇ।
ਰੁਤ ਭੁਖਿਆਂ ਮਰਨ ਦੀ ਆ ਗਈ ਏ,
ਸਮੇਂ ਰਹੇ ਨਹੀਂ ਮੌਜ ਬਹਾਰ ਵਾਲੇ।
ਛੇੜ ਛਾੜ-
ਹੋ ਖਾਂ ਸਾਹਮਣੇ ਲਵਾਂ ਮੈਂ ਖ਼ਬਰ ਤੇਰੀ,
ਝੂਠੇ ਕੌਲ ਤੇ ਝੂਠੇ ਇਕਰਾਰ ਵਾਲੇ।
ਰਿਹਾ ਕੁਝ ਨਾ ਅਜ ਇਤਬਾਰ ਤੇਰਾ,
ਕੀਤੇ ਕੰਮ ਨਹੀਂ ਤੂੰ ਇਤਬਾਰ ਵਾਲੇ।
ਭੁਲ ਗਿਆ ਹੈਂ ਕੌਲ ਇਕਰਾਰ ਕਰ ਕੇ,
ਸ਼ੁੱਕਰ ਵਾਰ ਵਾਲੇ, ਸ਼ਨਿੱਚਰ ਵਾਰ ਵਾਲੇ।
ਜਾ ਹਟ ਹੁਣ ਬੋਲ ਨਾ ਨਾਲ ਸਾਡੇ,
ਸਮੇਂ ਰਹੇ ਨਹੀਂ ਪ੍ਰੇਮ ਪਿਆਰ ਵਾਲੇ।
ਅਖ਼ਬਾਰਾਂ ਦਾ ਸ਼ੋਕੀਨ-
ਉਰ੍ਹਾਂ ਆਵੀਂ ਓ ਮੈਨੂੰ ਭੀ ਦਸ ਜਾਵੀਂ,
ਕੀ ਲਿਖਦੇ ਅਜ ਅਖ਼ਬਾਰ ਵਾਲੇ।
ਕੀ ਹਾਲ ਹੈ ਅਜ ਕਲ ਕਾਂਗਰਸ ਦਾ,
ਕੀ ਆਖਦੇ ਲੋਕ ਸਰਕਾਰ ਵਾਲੇ।
ਸਾਡਾ ਕਦੋਂ ਕੁ ਹਿੰਦ ਆਜ਼ਾਦ ਹੋਸੀ,
ਹਿੰਦੀ ਹੋਣਗੇ ਕਦ ਅਖ਼ਤਿਆਰ ਵਾਲੇ।
ਅਜੇ ਹਿੰਦ ਨੂੰ ਦਿਸਦੀ ਦੂਰ ਦਿੱਲੀ,
ਦਿਨ ਰਹੇ ਨਹੀਂ ਮੌਜ ਬਹਾਰ ਵਾਲੇ।
ਲੜਨ ਲੜਾਣ ਦੇ ਦਿਨ-
ਕਦੀ ਰੂਸ ਤੇ ਚੀਨ ਦੇ ਪੈਣ ਝਗੜੇ,
ਕਦੀ ਠਹਿਕਦੇ ਤਿੱਬਤ ਤਾਤਾਰ ਵਾਲੇ।
ਕਿਧਰੇ ਕਾਬਲ 'ਚ ਖੜਬੜੀ ਮਚੀ ਹੋਈ ਏ,
ਛਿੜਦੇ ਮਾਮਲੇ ਦੀ ਕੰਧਾਰ ਵਾਲੇ।
ਸੋਟੇ ਚਲਦੇ ਕਿਤੇ ਗਵਾਰ ਵਾਲੇ,
ਕਿਤੇ ਵਾਰ ਹੋ ਰਹੇ ਤਲਵਾਰ ਵਾਲੇ।
ਦਿਨ ਲੜਨ ਲੜਾਣ ਦੇ ਆ ਗਏ ਨੇ,
ਸਮੇਂ ਲੰਘ ਗਏ ਮੌਜ ਬਹਾਰ ਵਾਲੇ।
ਭਾਰਤ ਮਾਤਾ-
'ਅਰਜਨ’ ਜਿਹੇ ਓਹ ਤੀਰ ਅੰਦਾਜ਼ ਨਾ ਰਹੇ,
‘ਭੀਮ' ਜਿਹੇ ਨਾ ਰਹੇ ਬਲਕਾਰ ਵਾਲੇ।
‘ਰਾਮ’ ਜਿਹੇ ਨਾ ਆਗਿਆਕਾਰ ਪੁਤਰ,
‘ਦਸਰਥ’ ਜਿਹੇ ਨਾ ਪਿਤਾ ਇਕਰਾਰ ਵਾਲੇ।
‘ਸੀਤਾਂ’ ਜਿਹੀ ਨਾ ਇਸਤਰੀ ਸਤ ਵਾਲੀ,
‘ਲਛਮਨ ਜਿਹੇ ਨਾ ਵੀਰ ਪਿਆਰ ਵਾਲੇ।
ਰਾਜੇ ਰਹੇ ਨਾ 'ਬਿਕਰਮਾ ਜੀਤ’ ਵਰਗੇ,
'ਹਰੀ ਚੰਦ' ਵਰਗੇ ਪਰਉਪਕਾਰ ਵਾਲੇ।
ਰਾਜਾ ‘ਕਰਨ' ਤੇ ਰਾਜਾ 'ਅਸ਼ੋਕ' ਵਰਗੇ,
ਰਾਜ ਰਹੇ ਨਹੀਂ ਪਰਜਾ ਪਿਆਰ ਵਾਲੇ।
ਰਹੇ ਨਹੀਂ ਉਸਤਾਦ ‘ਵਸ਼ਿਸ਼ਟ' ਵਰਗੇ,
ਨਾ ਵਿਦਿਆਰਥੀ ਰਹੇ ਸਤਿਕਾਰ ਵਾਲੇ।
ਰਹੇ ਬਲ, ਨਾ ਬੁਧ, ਨਾ ਧਰਮ ਵਾਲੇ,
ਬੰਦੇ ਰਹੇ ਨਹੀਂ ਚੱਜ ਆਚਾਰ ਵਾਲੇ।
‘ਤਾਰਾ' ਜੀ ਕੀ ਰਹਿ ਗਿਆ ਹਿੰਦ ਅੰਦਰ;
ਸਮੇਂ ਰਹੇ ਨਹੀਂ ਮੌਜ ਬਹਾਰ ਵਾਲੇ।
ਐ ਹਿੰਦੂਓ, ਸਿੰਘੋ ਤੇ ਮੁਸਲਮਾਨੋਂ,
ਛਡੋ ਝਗੜੇ ਹੋਰ ਵਿਗਾੜ ਵਾਲੇ।
ਆਪਸ ਵਿਚ ਕਰ ਲਵੋ ਇਤਫ਼ਾਕ ਸਾਰੇ,
ਜਫੀ ਪਾ ਲਓ ਪ੍ਰੇਮ ਪਿਆਰ ਵਾਲੇ।
ਵੀਰ ਵੀਰ ਸਾਰੇ ਸਾਂਝੇ ਬੈਠ ਕੇ ਤੇ,
ਸੋਚੋ ਰਸਤੇ ਦੇਸ਼ ਸੁਧਾਰ ਵਾਲੇ।
ਸਮੇਂ ਗੁਜ਼ਰੇ ਫ਼ਤਹ ਨੂੰ ਨਾਲ ਲੈ ਕੇ,
ਮੁੜ ਆਉਣਗੇ ਮੌਜ ਬਹਾਰ ਵਾਲੇ।