ਮਾਂ ਦਾ ਪਿਆਰ

ਘੜੀ ਸੋਂਵਦੀ ਸੀ ਘੜੀ ਜਾਗਦੀ ਸੀ,
ਕੁੰਡੀ ਖੋਲ੍ਹਦੀ ਸੀ ਘੜੀ ਮਾਰਦੀ ਸੀ।
ਘੜੀ ਘੜੀ ਵੱਲ ਘੜੀ ਦੇ ਵੇਖਦੀ ਸੀ,
ਘੜੀਆਂ ਗਿਣ ਗਿਣ ਰਾਤ ਗੁਜ਼ਾਰਦੀ ਸੀ।
ਕਿਸੇ ਘੜੀ ਸੁਭਾਗ ਦੀ ਆਸ ਅੰਦਰ,
ਘੜੀ ਕਟਦੀ ਉਹ ਇੰਤਜ਼ਾਰ ਦੀ ਸੀ।
ਜਾਗ ਜਾਗ ਗੁਜ਼ਾਰੀ ਸੀ ਰਾਤ ਸਾਰੀ,
ਮਾਰੀ ਖ਼ਬਰੇ ਉਹ ਕਿਸ ਦੇ ਪਿਆਰ ਦੀ ਸੀ।

ਉਹ ਕੌਣ ਸੀ? ਕਿਸ ਨੂੰ ਉਡੀਕਦੀ ਸੀ?
ਪਈ ਹੋਂਵਦੀ ਇੱਡੀ ਬੇਚੈਨ ਕਿਉਂ ਸੀ?
ਦੁੱਖ ਕਿਸ ਦੇ ਵਿਛੋੜੇ ਦੇ ਝਾਗ ਰਹੀ ਸੀ,
ਕੱਟਦੀ ਅੱਖੀਆਂ ਦੇ ਅੰਦਰ ਰੈਨ ਕਿਉਂ ਸੀ?

ਦਿਲੋਂ ਸਮਝਿਆ ਕਿਸੇ ਦੀ ਭੈਣ ਹੋਸੀ,
ਪਿਆਰਾ ਵਿਛੜਿਆ ਏਸ ਦਾ ਵੀਰ ਕੋਈ।
ਯਾ ਕਿ ਪ੍ਰੀਤਮ ਪਿਆਰੇ ਦੀ ਯਾਦ ਅੰਦਰ,
ਸਹਿ ਰਹੀ ਵਿਛੋੜੇ ਦੇ ਤੀਰ ਕੋਈ।
ਯਾ ਕਿ 'ਰਾਂਝੇ' ਨੂੰ ਪਈ ਉਡੀਕਦੀ ਸੀ,
ਬੈਠੀ ਵਿਚ ਵਿਯੋਗ ਦੇ 'ਹੀਰ' ਕੋਈ।

ਪਤਾ ਨਹੀਂ ਉਹ ਲੱਗਦਾ ਕੀ ਉਸ ਦਾ,
ਜਿਸ ਦੀ ਸਾਮ੍ਹਣੇ ਰੱਖੀ ਤਸਵੀਰ ਕੋਈ।

ਉਹ ਨਾ ਕਿਸੇ ਭਰਾ ਦੀ ਭੈਣ ਹੈਸੀ,
ਬੈਠੀ ਨਾ ਸੀ ਪਿਆਰੇ ਦੀ ਯਾਦ ਅੰਦਰ।
ਮਾਰੀ ਮਾਮਤਾ ਕਿਸੇ ਦੀ ਮਾਂ ਹੈ ਸੀ,
ਬੈਠੀ ਅੱਖਾਂ ਦੇ 'ਤਾਰੇ' ਦੀ ਯਾਦ ਅੰਦਰ।

ਛੁਟੀਆਂ ਹੋ ਗਈਆਂ ਨੇ, ਸਾਰੇ ਆ ਗਏ ਨੇ,
ਮੇਰੀ ਅੱਖੀਆਂ ਦਾ ਆਇਆ ਲਾਲ ਕਿਉਂ ਨਹੀਂ?
ਪੁਤ ਸਾਰੀਆਂ ਮਾਵਾਂ ਦੇ ਆ ਗਏ ਨੇ,
ਮੇਰੇ ਲਾਲ ਨੂੰ ਲੈ ਆਏ ਨਾਲ ਕਿਉਂ ਨਹੀਂ।
ਪੁਤ ਪਿਆਰ ਦੇ ਆਸਰੇ ਜੀਉਂਦੀ ਹਾਂ,
ਮੇਰੇ ਪੁਤ ਨੂੰ ਮੇਰਾ ਖ਼ਿਆਲ ਕਿਉਂ ਨਹੀਂ?
ਚਾਰ ਸਾਲ ਤੋਂ ਵਿਚ ਪ੍ਰਦੇਸ ਬੈਠਾ,
ਮੁੱਕੇ ਅਜੇ ਪੜ੍ਹਾਈ ਦੇ ਸਾਲ ਕਿਉਂ ਨਹੀਂ?

ਜੇ ਨਾ ਪੁਤ-ਪਿਆਰ ਦਾ ਬਲ ਹੋਵੇ,
ਸਹਿ ਕੇ ਇਡਾ ਵਿਛੋੜਾ ਹੈ ਜੀਣ ਔਖਾ।
ਬਧੀ ਆਸਾਂ ਦੀ ਜਗ ਤੇ ਜੀਊਂਦੀ ਹਾਂ,
ਨਹੀਂ ਤਾਂ ਪਾਣੀ ਦਾ ਘੁੱਟ ਵੀ ਪੀਣ ਔਖਾ।


ਮੁੜ ਕੇ ਰਾਤ ਆਈ ਨਾ ਉਹ ਚੰਨ ਚੜ੍ਹਿਆ,
ਨਾ ਉਹ ਮਾਤਾ ਪਿਆਰੀ ਦਾ ਲਾਲ ਆਇਆ।

ਸੀ ਉਡੀਕ ਤੇ ਨਾਲ ਪਿਆਰ ਹੈਸੀ,
ਸੀਨੇ ਮਾਂ ਦੇ ਵਿਚ ਉਬਾਲ ਆਇਆ।
ਭਾਂਬੜ ਪਿਆਰ ਦੇ ਸੀਨੇ 'ਚ ਭੜਕ ਉਠੇ,
ਜਿਗਰ ਟੋਟੇ ਦਾ ਜਦੋਂ ਖ਼ਿਆਲ ਆਇਆ।
ਏਨੇਂ ਵਿਚ ਹੀ ਆਈ ਆਵਾਜ਼ ਬਾਹਰੋਂ,
ਮਾਤਾ! ਖੋਹਲ ਬੂਹਾ ਤੇਰਾ ਲਾਲ ਆਇਆ।

ਰਹੀ ਹਦ ਨਾ ਕੋਈ ਪ੍ਰਸੰਨਤਾ ਦੀ,
ਨਾਲ ਖ਼ੁਸ਼ੀ ਦੇ ਅਥਰੂ ਵਗਾਣ ਲਗੀ।
ਸਦਕੇ, ਵਾਰੀਆਂ, ਘੋਲੀਆਂ ਜਾਣ ਲਗੀ,
ਘੁੱਟ ਘੁੱਟ ਕੇ ਗਲੇ ਲਗਾਣ ਲਗੀ।