ਆਕਾਸ਼ ਉਡਾਰੀ/ਰਾਹ ਦਸ ਜਾਵੀਂ
ਰਾਹ ਦਸ ਜਾਵੀਂ
ਐ ਅਕਾਲ ਦੇ ਸੱਚੇ ਪੈਗ਼ੰਬਰਾ ਵੇ,
ਐ ਕੱਲ ਦੇ ਦੁੱਖ ਮਿਟਾਣ ਵਾਲੇ।
ਆਕੜ ਖਾਨਾਂ ਦੀ ਆਕੜ ਹਟਾਣ ਵਾਲੇ,
ਵਿੱਚ ਪਰਬਤਾਂ ਪੰਜੇ ਲਗਾਣ ਵਾਲੇ।
'ਸੱਜਣ' ਵਰਗਿਆਂ ਠੱਗਾਂ ਤੇ ਡਾਕੂਆਂ ਨੂੰ,
ਹੱਥਕੜੀ ਪ੍ਰੇਮ ਦੀ ਲਾਣ ਵਾਲੇ।
ਰਾਹ ਚਿਰਾਂ ਤੋਂ ਵੇਖਦੇ ਪਏ ਤੇਰਾ,
ਸੱਚਾ ਰੱਬੀ ਪੈਗ਼ਾਮ ਸੁਣਾਣ ਵਾਲੇ।
ਢਿਲੇ ਹੋਏ ਪ੍ਰੇਮ ਦੇ ਪੇਚ ਸਾਡੇ,
ਹੱਥੀਂ ਆਪਣੀ ਆਣ ਕੇ ਕੱਸ ਜਾਵੀਂ।
ਵਖੋ ਵੱਖਰੇ ਰਸਤੇ ਫੜੇ ਲੋਕਾਂ,
ਇਕੋ ਸੜਕ ਸਚਾਈ ਦੀ ਦਸ ਜਾਵੀਂ।
ਵੱਲ ਛੱਲ ਤੇ ਕਪਟ ਨੂੰ ਵੱਲ ਕਰ ਕੇ,
ਸਾਡੇ ਦਿਲਾਂ ਤੋਂ ਦੂਰ ਗ਼ਰੂਰ ਕਰ ਦੇ।
ਮੈਲ ਦੂਈ ਦ੍ਵੈਤ ਤੇ ਈਰਖਾ ਦੀ,
ਆ ਕੇ ਸਾਡਿਆਂ ਦਿਲਾਂ 'ਚੋਂ ਦੂਰ ਕਰ ਦੇ।
ਭਰਮ, ਭੇਦ, ਅਗਿਆਨ ਦਾ ਨਾਸ ਕਰ ਕੇ,
ਪੈਦਾ ਸਾਡਿਆਂ ਦਿਲਾਂ 'ਚ ਨੂਰ ਕਰ ਦੇ।
ਇਕ ਪ੍ਰੇਮ ਦੀ ਨੈਂ ਵਗਾ ਕੇ ਤੇ,
ਦਿਲਾਂ ਵਿੱਚ ਪਿਆਰ ਭਰਪੂਰ ਕਰ ਦੇ।
ਫੇਰ ਸਤਿਗੁਰੂ ਜੀ, ਸਾਡੇ ਦਿਲਾਂ ਅੰਦਰ,
ਅਪਣੇ ਮਹਿਲ ਬਣਾ ਕੇ ਵੱਸ ਜਾਵੀਂ।
ਪੁਠੇ ਰੱਸਤੇ ਜੇ ਸਾਡੇ ਦਿਲ ਜਾਵਨ,
ਸਿੱਧਾ ਇਨ੍ਹਾਂ ਨੂੰ ਰਸਤਾ ਦੱਸ ਜਾਵੀਂ।
ਦਾਰੂ ਪ੍ਰੇਮ ਪਿਲਾ ਪਿਲਾ ਕੇ ਤੇ,
ਕੀਤਾ ਠੀਕ ਤੂੰ ਪਾਪਾਂ ਦੇ ਰੋਗੀਆਂ ਨੂੰ।
ਦਿੱਤਾ ਸਬਕ ਮੌਲਾਣਿਆਂ ਪਾਂਧਿਆਂ ਨੂੰ,
ਸਿੱਧਾ ਕੀਤਾ ਤੂੰ ਸਿੱਧਾਂ ਤੇ ਜੋਗੀਆਂ ਨੂੰ।
ਫਲ ਕਿਰਤ ਕਮਾਈ ਦਾ ਦੱਸਣੇ ਨੂੰ,
ਲਾਇਆ ਭੋਗ ਤੂੰ 'ਲਾਲੋ' ਦੀਆਂ ਗੋਗੀਆਂ ਨੂੰ।
ਲੱਖਾਂ ਦਿਲਾਂ 'ਚ ਪ੍ਰੇਮ ਦਾ ਫੂਕ ਮੰਤਰ,
ਤੂੰ ਮਿਟਾਇਆ ਸੀ ਖੱਪਾਂ ਘਰੋਗੀਆਂ ਨੂੰ।
ਫੇਰ ਦਿਲਾਂ 'ਚ ਫੁੱਟ ਦੇ ਭੂਤ ਵੜ ਗਏ,
ਕਰ ਇਨ੍ਹਾਂ ਨੂੰ ਆਣ ਕੇ ਵੱਸ ਜਾਵੀਂ।
ਆਪਸ ਵਿੱਚ ਪਿਆਰ ਵਧਾਣ ਵਾਲੀ,
ਛੇਤੀ ਆ ਕੋਈ ਜੁਗਤੀ ਦੱਸ ਜਾਵੀਂ।
ਸੂਰਜ ਸਿਦਕ, ਸਚਾਈ ਤੇ ਧਰਮ ਵਾਲਾ,
ਵਿੱਚ ਕੂੜ ਦੇ ਬੱਦਲਾਂ ਵੜ ਰਿਹਾ ਏ।
ਐਸਾ ਮੱਚਿਆ ਅੰਧ ਗੁਬਾਰ ਬਾਬਾ,
ਸਿੱਧਾ ਰਸਤਾ ਕੋਈ ਨਾ ਫੜ ਰਿਹਾ ਏ।
ਕਾਮ, ਕ੍ਰੋਧ, ਹੰਕਾਰ ਦੀ ਅੱਗ ਅੰਦਰ,
ਇੱਕ ਇੱਕ ਜੀਵ ਸੰਸਾਰ ਦਾ ਸੜ ਰਿਹਾ ਏ।
ਵੀਰ ਵੀਰ ਦੇ ਨਾਲ ਹੀ ਲੜ ਰਿਹਾ ਏ,
ਡਾਢਾ ਮਾੜੇ ਦੀ ਛਾਤੀ ਤੇ ਚੜ੍ਹ ਰਿਹਾ ਏ।
ਤਪੇ ਜਗਤ ਦੀ ਤਪਤ ਮਿਟਾਣ ਖ਼ਾਤਰ,
ਐ ਸ਼ਾਂਤ ਦੇ ਬੱਦਲਾ! ਵੱਸ ਜਾਵੀਂ।
ਸਾਰੀ ਪਾਪਾਂ ਦੀ ਧੁੰਦ ਮਿਟਾ ਕੇ ਤੇ,
ਰਾਹ ਭੁਲਿਆਂ ਨੂੰ ਫੇਰ ਦੱਸ ਜਾਵੀਂ।
ਕੌਤਕ ਵੇਖ ਮੈਂ ਤੇਰੇ ਹੈਰਾਨ ਹੋਵਾਂ,
ਕਿਵੇਂ ਬਾਬਰ ਦੀ ਚੱਕੀ ਭੰਵਾਈ ਸੀ ਤੂੰ?
ਮੱਕਾ ਚਾਰ ਚੁਫੇਰੇ ਚੱਕਰਾ ਕੇ ਤੇ,
ਅਕਲ ਕਾਜ਼ੀ ਦੀ ਕਿਵੇਂ ਚਕਰਾਈ ਸੀ ਤੂੰ?
ਆਪਣੀ ਪ੍ਰੇਮ ਦੀ ਬੀਨ ਤੇ ਮਸਤ ਕਰ ਕੇ,
ਜ਼ਹਿਰੀ ਨਾਗਾਂ ਤੋਂ ਛਾਇਆ ਕਰਾਈ ਸੀ ਤੂੰ?
ਵਿਖ ਵਰਗਿਆਂ ਕੌੜਿਆਂ ਰੇਠਿਆਂ 'ਚੋਂ,
ਮਿੱਠੇ ਅੰਮ੍ਰਿਤ ਦੀ ਧਾਰ ਵਗਾਈ ਸੀ ਤੂੰ?
ਤਿਵੇਂ ਦਿਲਾਂ ਦੀ ਕੌੜ ਹਟਾ ਕੇ ਤੇ,
ਚੋ ਪ੍ਰੇਮ ਪਿਆਰ ਦੀ ਰਸ ਜਾਵੀਂ।
ਨਾਲ ਬੁਰੇ ਦਾ ਭਲਾ ਕਮਾਣ ਵਾਲਾ,
ਸਬਕ ਇਕ ਵੇਰੀ ਫੇਰ ਦਸ ਜਾਵੀਂ।
ਸਾਡੀ ਬੇਨਤੀ ਏ ਬਾਬਾ ਬਹੁੜ ਛੇਤੀ,
ਬੰਨੇ ਲਾ ਤੂੰ ਬੇੜਿਆਂ ਅਟਕਿਆਂ ਨੂੰ।
ਭੰਨ ਦੇ ਭਰਮ ਤੇ ਭੇਦ ਦੇ ਮਟਕਿਆਂ ਨੂੰ,
ਕਰ ਦੂਰ ਤੂੰ ਦਿਲਾਂ ਦੇ ਖਟਕਿਆਂ ਨੂੰ।
ਦੇ ਕੇ ਮਿਹਰ ਦਾ ਹੱਥ ਬਚਾਈਂ ਸਤਿਗੁਰ,
ਸਾਨੂੰ ਪਾਪਾਂ ਦੀ ਸੂਲੀ ਤੇ ਲਟਕਿਆਂ ਨੂੰ।
ਮੇਰੇ ਮਿਹਰਾਂ ਦੇ ਮਾਲਕਾ ਮੇਲੇ ਦੇ ਤੂੰ,
ਵੀਰਾਂ ਵਿਛੜਿਆਂ ਭੁਲਿਆਂ ਭਟਕਿਆਂ ਨੂੰ।
ਸਾਡੀ ਉਂਗਲੀ ਪਕੜ ਕੇ ਪਾਰ ਲਾਵੀਂ,
ਪ੍ਰੀਤਮ ਕੱਲਿਆਂ ਛੋੜ ਨਾ ਨਸ ਜਾਵੀਂ।
ਮਾਰਾਂ ਟੱਕਰਾਂ ਅੰਧ ਅਗਿਆਨ ਅੰਦਰ,
ਭੁਲੇ 'ਤਾਰੇ' ਨੂੰ ਰਸਤਾ ਦਸ ਜਾਵੀਂ।