ਆਕਾਸ਼ ਉਡਾਰੀ/ਭਾਰਤ ਵਰਸ਼- ਗੁਰੂ ਨਾਨਕ ਨਾਨਕ ਤੋਂ ਪਹਿਲਾਂ
ਭਾਰਤ ਵਰਸ਼-
ਗੁਰੂ ਨਾਨਕ ਨਾਨਕ ਤੋਂ ਪਹਿਲਾਂ
ਹੱਦ ਬੰਨਾ ਜਾ ਹਦੂਦ ਅਰਬਾ-
ਕੂੜ, ਕਪਟ, ਕ੍ਰੋਧ ਦੇ ਤਿੰਨ ਸਾਗਰ,
ਤਿੰਨਾਂ ਪਾਸਿਆਂ ਤੇ ਲਹਿਰਾਂ ਮਾਰਦੇ ਸਨ।
ਚੌਥੀ ਤਰਫ ਸਨ ਕੁਫ਼ਰ-ਪਹਾੜ ਉਚੇ,
ਜੰਗਲ ਜਿਨ੍ਹਾਂ ਤੇ ਉਗੇ ਹੰਕਾਰ ਦੇ ਸਨ।
ਦੁਖ ਆਹ ਮਜ਼ਲੂਮਾਂ ਦੀ ਰੋਕਣੇ ਨੂੰ,
ਦੇਂਦੇ ਕੰਮ ਜੋ ਵਾਂਗ ਦੀਵਾਰ ਦੇ ਸਨ।
ਦੱਰੇ ਚਾਰ ਪਹਾੜਾਂ ਦੇ ਵਿਚ ਜਿਹੜੇ,
ਰਾਹ ਜ਼ਾਲਮਾਂ ਤਾਂਈਂ ਸੰਵਾਰਦੇ ਸਨ।
ਨਾਨਕ ਗੁਰੂ ਦੇ ਆਉਣ ਤੋਂ ਕੁਝ ਪਹਿਲਾਂ,
ਹਾਲਤ ਹਿੰਦ ਦੀ ਇਸ ਤਰ੍ਹਾ ਗਿਰੀ ਹੋਈ ਸੀ।
ਦੁਖ ਪਾਪ ਹੰਕਾਰ ਤੇ ਕਹਿਰ ਕਰ ਕੇ,
ਚੌਹਾਂ ਪਾਸਿਆਂ ਤੋਂ ਧਰਤੀ ਘਿਰੀ ਹੋਈ ਸੀ।
ਧਰਤੀ, ਸਤਹ, ਪਹਾੜ, ਦਰਿਆ ਆਦਿਕ-
ਊਚ ਨੀਚ ਦੇ ਟਿੱਬਿਆਂ ਢੇਰੀਆਂ ਨੇ,
ਕੁਝ ਓਪਰੀ ਸਤਹ ਬਣਾਈ ਹੋਈ ਸੀ।
ਉਚੀ ਜ਼ਾਤ ਦੇ ਬਾਹਮਣਾਂ ਪਾਂਡਿਆਂ ਨੇ,
ਜ਼ਾਤ ਪਾਤ ਦੀ ਕੰਧ ਚੜ੍ਹਾਈ ਹੋਈ ਸੀ।
ਰਾਹ ਲੋੜਿਆਂ ਕੋਈ ਨਾ ਲੱਭਦਾ ਸੀ,
ਛੂਤ ਛਾਤ ਦੀ ਖੱਪ ਮਚਾਈ ਹੋਈ ਸੀ।
ਮੁਫ਼ਤ-ਖੋਰਿਆਂ ਬਾਹਮਣਾਂ ਕਾਜ਼ੀਆਂ ਨੇ,
ਆਪੋ ਵਿਚ ਹੀ ਖ਼ਲਕਤ ਲੜਾਈ ਹੋਈ ਸੀ।
ਜਗ੍ਹਾ ਜਗ੍ਹਾ ਬੇ-ਦੋਸਾਂ ਦੇ ਖ਼ੂਨ ਸੰਦੇ,
ਕਈ ਲੱਖ ਦਰਿਆ ਪਏ ਵਗਦੇ ਸਨ।
ਵਿਚੋਂ ਨਹਿਰ ਅਨਿਆਉਂ ਦੀ ਕੱਢ ਕੇ ਤੇ,
ਪਾਪ ਪੈਲੀਆਂ ਨੂੰ ਪਾਣੀ ਲੱਗਦੇ ਸਨ।
ਪੌਣ ਪਾਣੀ ਜਾਂ ਆਬੋ ਹਵਾ-
ਬੱਦਲ ਪਾਪ ਹੰਕਾਰ ਦੇ ਗੱਜ ਰਹੇ ਸਨ,
ਬਿਜਲੀ ਜ਼ੁਲਮ ਦੀ ਅੰਬਰਾਂ ਕਰੇ ਕੜ ਕੜ।
ਘੋਰ ਪਾਪ ਦੇ ਝੱਖੜਾਂ ਨਾਲ ਮਿਲ ਕੇ,
ਅਗਨਿ ਕਹਿਰ ਅਨਿਆਉਂ ਦੀ ਬਲੇ ਭੜ ਭੜ।
ਸੀਨਾ ਦੁਖੀ ਦਾ ਵਿੰਨ੍ਹਦੇ ਜ਼ੁਲਮ ਸੰਦੇ,
ਗੜੇ ਵੱਸਦੇ ਗੋਲੀਆਂ ਵਾਂਗ ਤੜ ਤੜ।
ਐਸੀ ਆਬੋ-ਹਵਾ ਵਿਚ ਰਹਿ ਰਹਿ ਕੇ,
ਇਕ ਇਕ ਜਾਨ ਕਰਦੀ ਸੌ ਸੌ ਵਾਰ ਫੜ ਫੜ।
ਕੂੜ ਕਪਟ ਕ੍ਰੋਧ ਦੇ ਸਾਗਰਾਂ 'ਚੋਂ,
ਮੌਨਸੂਨ ਉਠ ਉਤਾਂਹ ਨੂੰ ਜਾਂਦੀਆਂ ਸਨ।
ਠਹਿਕ ਕੁਫ਼ਰ ਹੰਕਾਰ ਦੇ ਪਰਬਤਾਂ ਸੰਗ,
ਕਹਿਰ ਜਬਰ ਦੀ ਵਰਖਾ ਵਸਾਂਦੀਆਂ ਸਨ।
ਰਾਜਸੀ ਹਾਲਤ-
ਰਾਜ ਕੂੜ ਦਾ ਕੂੜ ਹੀ ਕੂੜ ਹੈਸੀ,
ਨਾ ਸੀ ਸੱਚ ਨਾ ਸੱਚ ਨਸ਼ਾਨ ਹੈਸੀ।
ਧਰਮ ਸ਼ਰਮ ਨਾ ਲੋੜਿਆਂ ਲੱਭਦੇ ਸਨ,
ਬਣਿਆਂ ਕੂੜ ਹੀ ਫਿਰਦਾ ਪਰਧਾਨ ਹੈਸੀ।
ਕੋਈ ਲਾ, ਕਾਨੂੰਨ ਨਾ ਰੂਲ ਹੈਸੀ,
ਜ਼ੁਲਮ ਪਾਪ ਅਨਿਆਉਂ ਅਗਿਆਨ ਹੈਸੀ।
ਹਾਕਮ ਅਦਲ ਇਨਸਾਫ਼ ਦੇ ਕਰਨ ਵਾਲਾ,
ਜੇਕਰ ਸੀ ਤਾਂ ਉਹ ਸ਼ੈਤਾਨ ਹੈਸੀ।
ਸਾਧ ਬਝਦੇ ਸਨ, ਚੋਰ ਛੁੱਟਦੇ ਸਨ,
ਹੋ ਰਹੇ ਸੀ ਅਤਿਆਚਾਰ ਲੱਖਾਂ।
ਹਾਏ! ਜ਼ੁਲਮ ਤੋਂ ਆਏ ਬਚਾਏ ਕੋਈ,
ਕਹਿ ਰਹੇ ਸੀ ਇਹ ਪੁਕਾਰ ਲੱਖਾਂ।
ਸਤਿਗੁਰੂ ਜੀ ਦਾ ਆਗਮਨ-
ਦੁਖੀ ਦੇਸ ਨੂੰ ਵੇਖ ਪਰਮਾਤਮਾਂ ਨੇ,
ਘਲਿਆ ਸ਼ਾਹਾਂ ਦਾ ਸੀ ਸ਼ਹਿਨਸ਼ਾਹ ਨਾਨਕ।
ਬੇੜੀ ਸੱਚ ਦੀ ਡੁਬਦੀ ਵੇਖ ਕੇ ਤੇ,
ਬੰਨੇ ਲਾਣ ਨੂੰ ਆਇਆ ਮਲਾਹ ਨਾਨਕ।
ਸੱਚਾ ਰਾਹੀ, ਕੁਰਾਹੀ ਕਹਾ ਕੇ ਭੀ,
ਨਾ ਪਰਵਾਹ ਕੀਤੀ, ਬੇਪਰਵਾਹ ਨਾਨਕ।
ਭਰਮ, ਭੇਦ ਤੇ ਦੂਰ ਅਗਿਆਨ ਕਰ ਕੇ,
ਸਿੱਧਾ ਸੱਚ ਦਾ ਦਸਿਆ ਰਾਹ ਨਾਨਕ।
ਲੱਖਾਂ ਸੂਰਜਾਂ, ਚੰਨਾਂ ਤੋਂ ਵਧ ਰੋਸ਼ਨ,
ਕੀਤਾ ਚਾਨਣਾ ਵਿਚ ਸੰਸਾਰ ਨਾਨਕ।
ਲੱਖਾਂ ਪਾਪੀ, ਸੰਤਾਪੀ, ਮਹਾਂ ਪਾਪੀ,
'ਤਾਰੇ' ਕਲ ਦੇ ਵਿਚ ਅਵਤਾਰ ਨਾਨਕ।