ਆਕਾਸ਼ ਉਡਾਰੀ/ਗੁਰੂ ਨਾਨਕ ਉਡੀਕ

52555ਆਕਾਸ਼ ਉਡਾਰੀ — ਗੁਰੂ ਨਾਨਕ ਉਡੀਕਮਾ. ਤਾਰਾ ਸਿੰਘ ਤਾਰਾ

ਗੁਰੂ ਨਾਨਕ ਉਡੀਕ

ਡਿੱਠੇ ਨਹੀਂ ਪਰ ਸੁਣੇ ਨੇ ਚੋਜ ਤੇਰੇ,
ਕੋਈ ਸਾਨੂੰ ਵੀ ਚੋਜ ਵਿਖਾ ਨਾਨਕ।
ਜਿਵੇਂ ਪਾਂਧੇ ਨੂੰ ਪ੍ਰੇਮ ਦੀ ਪਾਲ ਦੱਸੀ,
ਇਕ ਦੋ ਸਾਨੂੰ ਵੀ ਅੱਖਰ ਸਿਖਾ ਨਾਨਕ।
ਵੀਰ ਵੀਰਾਂ ਨੂੰ ਛੱਲਦੇ ਠੱਗ ਹੋ ਕੇ,
ਵਾਂਗ ਸੱਜਣ ਦੇ ਸੱਜਣ ਬਣਾ ਨਾਨਕ।
ਦੱਬਿਆ ਦੁੱਖਾਂ ਦੇ ਨਾਲ ਹੈ ਦੇਸ਼ ਸਾਡਾ,
ਆ ਕੇ ਦੀਨਾਂ ਦੇ ਦਰਦ ਮਿਟਾ ਨਾਨਕ।
ਤੂੰ ਹੈਂ ਵੈਦ ਪ੍ਰੇਮ ਦੇ ਰੋਗੀਆਂ ਦਾ,
ਆ ਕੇ ਦਰਸ ਦਾ ਦਾਰੂ ਪਿਲਾ ਨਾਨਕ।
ਰਾਹ ਕਦੋਂ ਦਾ ਵੇਖਦੇ ਪਏ ਤੇਰਾ,
ਹੁਣ ਤਾਂ ਆ ਨਾਨਕ, ਹੁਣ ਤਾਂ ਆ ਨਾਨਕ।