ਆਕਾਸ਼ ਉਡਾਰੀ/ਅੰਮ੍ਰਿਤ ਸ਼ਕਤੀ

ਅੰਮ੍ਰਿਤ ਸ਼ਕਤੀ

ਹੱਥੀਂ ਕੱਖ ਨਾ ਸਕਦੇ ਭੰਨ ਜਿਹੜੇ,
ਸੁੱਕੇ ਜਿਨ੍ਹਾਂ ਦੇ ਤੀਲੇ ਸਰੀਰ ਹੋਵਨ।
ਜਦੋਂ ਕਲਗੀਆਂ ਵਾਲੇ ਦਾ ਪੀਣ ਅੰਮ੍ਰਿਤ,
ਗਿੱਦੜ ਸ਼ੇਰ ਹੋਵਨ, ਸੂਰਬੀਰ ਹੋਵਨ।
ਜਿਵੇਂ ਇਕੋ ਹੀ ਮਾਤਾ ਦਾ ਦੁਧ ਪੀ ਕੇ,
ਵੀਰ ਵੀਰ ਸਾਰੇ ਹਮ ਸ਼ੀਰ ਹੋਵਨ।
ਤਿਵੇਂ ਗੁਰੂ ਦਸਮੇਸ਼ ਦਾ ਪੀ ਅੰਮ੍ਰਿਤ,
ਇਕੋ ਪਿਤਾ ਦੇ ਪੁੱਤ ਸਭ ਵੀਰ ਹੋਵਨ।

ਨੀਵੇਂ ਨੀਚਾਂ ਨੂੰ ਉਚਿਆਂ ਕਰਨ ਵਾਲੀ,
ਉੱਚੀ ਕਲਗੀਆਂ ਵਾਲੇ ਦੀ ਦਾਤ ਅੰਮ੍ਰਿਤ।
ਮੁਰਦਾ ਦਿਲਾਂ ਨੂੰ ਕਰੇ ਸੁਰਜੀਤ ਜਿਹੜਾ,
ਇਹ ਉਹੀ ਜੋ ਆਬਿ-ਹਯਾਤ ਅੰਮ੍ਰਿਤ।

ਜਦੋਂ ਖਾਲਸਾ ਗੁਰੂ ਨੇ ਸਾਜਿਆ ਸੀ,
ਊਚ ਨੀਚ ਪਹਿਲੋਂ ਛੱਟ ਕੇ ਰਖ ਦਿਤੇ।
ਦਿਤਾ ਅੰਮ੍ਰਿਤ ਕਿ ਪੀ ਕੇ ਕਾਇਰਾਂ ਭੀ,
ਸੀਸ ਕੱਟ ਕਰ ਕੇ ਝੱਟਕੇ ਰਖ ਦਿਤੇ।
ਪੈਦਾ ਹੁੰਦਿਆਂ ਗੁਰੂ ਦੇ ਖ਼ਾਲਸੇ ਨੇ,
ਬੂਟੇ ਪਾਪ ਦੇ ਪੱਟ ਕੇ ਰੱਖ ਦਿੱਤੇ।

ਕਲਗੀ ਵਾਲੇ ਦੇ ਝੰਡੇ ਦੇ ਹੇਠ ਆ ਕੇ,
ਜ਼ੁਲਮੀ ਰਾਜ ਪਲੱਟ ਕੇ ਰੱਖ ਦਿਤੇ।

ਛੱਕ ਕੇ ਮੁਰਦੇ ਭੀ ਜਿਸ ਨੂੰ ਅਮਰ ਹੋਏ,
ਦਾਰੁ ਉਹ ਹੈ ਇਹ ਬੇ ਨਜ਼ੀਰ ਅੰਮ੍ਰਿਤ।
ਭਾਵੇਂ ਛੱਕ ਕੇ ਤੱਕ ਬੇਸ਼ੱਕ ਲਵੋ,
ਕਲਗੀ ਵਾਲੇ ਦਾ ਇਹ ਅਕਬੀਰ ਅੰਮ੍ਰਿਤ।

ਸਾਨੂੰ ਖੰਡੇ ਦੇ ਅੰਮ੍ਰਿਤ ਨੇ ਦਸ ਦਿੱਤਾ,
ਧਰਮ ਯੁੱਧ ਵਿਚ ਖੰਡਾ ਚਲਾਈ ਦਾ ਕਿੰਞ।
ਕੇਸ ਕੜੇ ਕਿਰਪਾਨ ਦੀ ਆਨ ਖ਼ਾਤਰ,
ਨਾਲ ਖੰਡਿਆਂ ਸੀਸ ਕਟਾਈ ਦਾ ਕਿੰਞ।
ਪਾਠ ਬਾਣੀ ਦਾ ਖੰਡ ਤੋਂ ਵੱਧ ਮਿੱਠਾ,
ਆਪ ਕਰ ਕੇ ਹੋਰਾਂ ਕਰਾਈ ਦਾ ਕਿੰਞ।
ਰਹਿਤ ਸਿੱਖੀ ਦੀ ਖੰਡਿਓਂ ਵੱਧ ਤਿਖੀ,
ਰੱਖ ਕੇ ਹੋਰਾਂ ਨੂੰ ਰਖਣੀ ਸਿਖਾਈ ਦਾ ਕਿੰਞ।

ਤਰ ਗਏ ਸਭ ਸੰਸਾਰ ਦੇ ਸਾਗਰਾਂ ਚੋਂ,
ਜਿਨ੍ਹਾਂ ਇਕ ਵੇਰੀ ਅੰਮ੍ਰਿਤ ਛਕਿਆ ਏ।
ਜਿਨ੍ਹਾਂ ਰਹਿਤ ਰੱਖੀ ਸੋ ਅਮਰ ਹੋਏ,
ਉਨ੍ਹਾਂ ਕਾਲ ਭੀ ਮਾਰ ਨਾ ਸਕਿਆ ਏ।

ਅੰਮ੍ਰਿਤ ਦਾਤਿਆ ਕਲਗੀਆਂ ਵਾਲਿਆ ਵੇ,
ਤੇਰੇ ਅੰਮ੍ਰਿਤ ਦੇ ਕੌਤਕ ਅਪਾਰ ਵੇਖੇ।
ਜਿਨ੍ਹਾਂ ਪਿਆਰਿਆਂ ਨੇ ਅੰਮ੍ਰਿਤ ਛਕਿਆ ਸੀ,

ਸੋਭਾ ਪਾਂਵਦੇ ਤੇਰੇ ਦਰਬਾਰ ਵੇਖੇ।
ਜਿਨ੍ਹਾਂ ਅੱਖਾਂ ਤੇ ਪਿਆ ਸੀ ਇਕ ਛੱਟਾ,
ਉਨ੍ਹਾਂ ਅੱਖਾਂ ਨੇ ਤੇਰੇ ਦੀਦਾਰ ਵੇਖੇ।
ਜਿਹੜੇ ਰਹੇ ਖ਼ਾਲੀ ਹਥ ਮਲਦੇ ਰਹੇ,
ਦਰ ਦਰ ਤੇ ਹੁੰਦੇ ਖ਼ਵਾਰ ਵੇਖੇ।

ਏਥੇ ਕਾਗਜ਼ ਨਾ ਕਲਮ ਦਵਾਤ ਕੋਈ,
ਲਿਖਣ ਵਾਸਤੇ ਵੀ ਲੰਮਾ ਵਕਤ ਹੈ ਨਹੀਂ।
ਤੇਰੇ ਅੰਮ੍ਰਿਤ ਦੀ ਸ਼ਕਤੀ ਨੂੰ ਲਿਖ ਸਕੇ,
ਤੇਰੇ ‘ਤਾਰੇ’ ਨਿਮਾਣੇ 'ਚ ਸ਼ਕਤ ਹੈ ਨਹੀਂ।