ਆਕਾਸ਼ ਉਡਾਰੀ/ਕੀਤੇ ਫਾੜ ਬੇਦਾਵੇ ਦੇ ਚਾਰ ਟੋਟੇ

52738ਆਕਾਸ਼ ਉਡਾਰੀ — ਕੀਤੇ ਫਾੜ ਬੇਦਾਵੇ ਦੇ ਚਾਰ ਟੋਟੇਮਾ. ਤਾਰਾ ਸਿੰਘ ਤਾਰਾ

ਕੀਤੇ ਫਾੜ ਬੇਦਾਵੇ ਦੇ ਚਾਰ ਟੋਟੇ

ਲੋਕਾਂ ਕਿਹਾ ਕੁਰਬਾਨੀ ਦੀ ਹੱਦ ਹੋ ਗਈ,
ਚੜ੍ਹਿਆ ਹੱਸ ਕੇ ਜਦੋਂ ਮਨਸੂਰ ਸੂਲੀ।
ਮਰਦ ਸਿਖ ਮਨਸੂਰ ਨੂੰ ਮਾਤ ਕਰ ਗਏ,
ਚੜ੍ਹੇ ਓਸ ਵਰਗੇ ਲੱਖਾਂ ਸੂਰ ਸੂਲੀ।
ਸ਼ਾਹਬਾਜ਼ ਤੇ ਸਿੰਘ ਸੁਬੇਗ ਦੋਵੇਂ,
ਪਿਉ ਪੁੱਤ ਚੜ੍ਹੇ ਬੇਕਸੂਰ ਸੂਲੀ।
ਕੀਤੀ ‘ਸੀਂ ਨਾ ਬੀ ਐਪਰ ਸੀ ਕੀਤੀ,
ਹੱਸ ਹੱਸ ਕੇ ਦੋਹਾਂ ਮਨਜ਼ੂਰ ਸੂਲੀ।

ਵੱਧ ਵੱਧ ਕੇ ਤੇ ਅਗੇ ਜਾਂਦੇ ਸੀ,
ਪਈ ਹਟਦੀ ਸੀ ਦੂਰ ਦੂਰ ਸੂਲੀ।
ਵੇਖ ਵੇਖ ਕੇ ਸਬਰ ਕੁਰਬਾਨੀਆਂ ਦਾ,
ਹੋਈ ਟੁਟ ਕੇ ਸੀ ਚੂਰ ਚੂਰ ਸੂਲੀ।

ਸਿਖ ਸਦਾ ਤੋਂ ਸਿਦਕ ਸਚਾਈ ਖ਼ਾਤਰ,
ਹੱਸ ਹੱਸ ਕੇ ਜਿੰਦੜੀ ਵਾਰਦੇ ਰਹੇ।
ਵੇਖ ਵੇਖ ਕੇ ਸੂਲੀਆਂ ਸਾਲੀਆਂ ਨੂੰ,
ਕਰਦੇ ਟਿਚਕਰਾਂ ਤੇ ਮੇਹਣੇ ਮਾਰਦੇ ਰਹੇ।
ਸਿਰੋਂ ਖੋਪਰੀ ਲੱਥਣੀ ਓਪਰੀ ਨਹੀਂ,
ਤਾਰੂ ਸਿੰਘ ਦੀ ਵੇਖੋ ਉਤਾਰਦੇ ਰਹੇ।

ਇੱਟਾਂ ਲਾ ਲਾ ਆਪਣੇ ਸਿਰਾਂ ਦੀਆਂ,
ਸਿੱਖੀ ਸਿੱਦਕ ਦੇ ਮਹਿਲ ਉਸਾਰਦੇ ਰਹੇ।

ਦੁਨੀਆਂ ਮੌਤ ਸਮਝੇ, ਡਰ ਕੇ ਪਿਛ੍ਹਾ ਨੱਠੇ,
ਸਿੱਖ ਸਮਝਦੇ ਨੇ ਪਰੀ ਹੂਰ ਸੂਲੀ।
ਹੈ ਪਹੁੰਚਾਂਵਦੀ ਮੁਕਤ ਦੇ ਮਹਿਲ ਅੰਦਰ,
ਤੇ ਲਿਜਾਂਵਦੀ ਸੱਚੇ ਹਜ਼ੂਰ ਸੂਲੀ।

ਸਿੱਖਾਂ ਸਿਖਿਆ ਜਿਥੋਂ ਕੁਰਬਾਨ ਹੋਣਾ,
ਸਾਂਈਆਂ ਕਦੀ ਨਾ ਉਹ ਸਕੂਲ ਟੁੱਟੇ।
ਟੁੱਟ ਜਾਏ ਹਿਮਾਲਾ ਦਾ ਲੱਕ ਭਾਵੇਂ,
ਸਿੱਖੀ ਸਿਦਕ ਦਾ ਪਰ ਨਾ ਅਸੂਲ ਟੁੱਟੇ।
ਸੱਚੇ ਸਿੱਖ ਦਾ ਹੌਸਲਾ ਟੁੱਟਦਾ ਨਹੀਂ,
ਭਾਵੇਂ ਜਾਨ ਤੇ ਲੱਖ ਨਜ਼ੂਲ ਟੁੱਟੇ।
ਸਿਦਕ ਵੇਖ ਸੁਲੀ ਭਾਵੇਂ ਟੁੱਟ ਜਾਵੇ,
ਸਿਦਕ ਵਾਣ ਦਾ ਸਿਦਕ ਨਾ ਮੂਲ ਟੁੱਟੇ।

ਹਾਮੀ ਸਿਦਕ ਅਸੂਲ ਦੇ ਸਿੱਖ ਸਚੇ,
ਰਹਿਣ ਸਮਝਦੇ ਰਬ ਦਾ ਨੂਰ ਸੂਲੀ।
ਕਿਉਂਕਿ ਸਚੇ ਸ਼ਹੀਦਾਂ ਰਸੀਲਿਆਂ ਨੂੰ,
ਚਾੜ ਪਾਰ ਕਰਦੀ ਪਹਿਲੇ ਪੂਰ ਸੂਲੀ।

ਲਾਹ ਪੰਥ ਦਾ ਰੱਖ ਕੇ ਮੁੱਖ ਅਗੇ,
ਕਲਗੀ ਵਾਲੇ ਨੇ ਸਹੇ ਹਜ਼ਾਰ ਟੋਟੇ।
ਸਿਖਾਂ ਤਾਈਂ ਕੁਰਬਾਨੀ ਦਾ ਸਬਕ ਦਿਤਾ,

ਚਾਰੇ ਆਪਣੇ ਜਿਗਰ ਦੇ ਵਾਰ ਟੋਟੇ
ਸਚੀ ਸੁਚੀ ਕੁਰਬਾਨੀ ਤੋਂ ਖ਼ੁਸ਼ ਹੋ ਕੇ
ਕੀਤੇ ਫਾੜ ਬੇਦਾਵੇ ਦੇ ਚਾਰ ਟੋਟੇ।
ਚੁਣ ਚੁਣ ਹਥੀਂ ਸ਼ਹੀਦਾਂ, ਪਿਆਰਿਆਂ ਨੇ,
ਪਿਆਰ ਨਾਲ ਚੁੰਮੇ ਵਾਰ ਵਾਰ ਟੋਟੇ।

ਆਪੂੰ ਲੇਟ ਕੇ ਸੂਲਾਂ ਦੀ ਸੇਜ ਉਤੇ,
ਸਾਨੂੰ ਚਾੜ੍ਹਨੀ ਸਿਖਾਈ ਹਜ਼ੂਰ ਸੂਲੀ।
ਜੇ ਤੂੰ ਹੂਰ ਕੁਰਬਾਨੀ ਪਰਨਾਉਣੀ ਹੈ,
ਤਾਂ ਤੂੰ ‘ਤਾਰਿਆ’ ਮੰਗ ਜ਼ਰੂਰ ਸੁਲੀ।