ਆਕਾਸ਼ ਉਡਾਰੀ/ਇਕੋ ਜਿਹਾ ਪਿਆਰ ਤੇਰਾ

ਇਕੋ ਜਿਹਾ ਪਿਆਰ ਤੇਰਾ

ਵਾਹ ਸਰਕਾਰ! ਦਸਮੇਸ਼ ਬਾਜਾਂ ਵਾਲਿਆ ਵੇ,
ਵਾਹ ਤੇਰੀ ਸ਼ਾਨ! ਵਾਹ ਉੱਚਾ ਦਰਬਾਰ ਤੇਰਾ।
ਵਾਹੁ ਵਾਹੁ ਆਖਦੇ ਨੇ ਦੁਨੀਆਂ ਦੇ ਲੋਕ ਸਾਰੇ,
ਹਰ ਇਕ ਜੀਵ ਕਰ ਰਿਹਾ ਇੰਤਜ਼ਾਰ ਤੇਰਾ।
ਕੋਈ ਆਖੇ 'ਗੁਰੂ ਸਾਡਾ' ਕੋਈ ਆਖੇ ਸਾਡਾ ਪੀਰ,
ਹਰ ਇਕ ਦਿਲ ਵਿਚ ਹੈਗਾ ਸਤਿਕਾਰ ਤੇਰਾ।
ਭੁੱਲ ਗਈ ‘ਭੀਖਮ' ਨੂੰ ਕਾਬੇ ਦੀ ਨਿਮਾਜ਼ ਓਦੋਂ,
ਪਟਣੇ ਦੇ ਵਿਚ ਹੋਇਆ ਜਦੋਂ ਅਵਤਾਰ ਤੇਰਾ।
ਸੁਣ ਤੇਰਾ ਆਗਮਨ ਸੀ ਟੁਰ ਪਿਆ ਉਸੇ ਵੇਲੇ,
ਮੱਲਿਆ ਸੀ ਪਟਨੇ ਦੇ ਵਿਚ ਜਾ ਦਵਾਰ ਤੇਰਾ।
ਹਿੰਦੂਆਂ ਦਾ ਗੁਰੂ ਹੈਂ ਜਾਂ ਮੋਮਨਾਂ ਦਾ ਪੀਰ ਹੈਂ ਤੂੰ,
ਇਹੋ ਇਮਤਿਹਾਨ ਚਿਤ ਆਯਾ ਸੀ ਉਹ ਧਾਰ ਤੇਰਾ।
ਖੁਲ੍ਹ ਗਏ ਕਪਾਟ ਉਹਦੇ ਭਰਮ ਤੇ ਭੇਦ ਵਾਲੇ,
ਵੇਖਿਆ ਜਾਂ ਉਸ ਆ ਕੇ ਕੌਤਕ ਅਪਾਰ ਤੇਰਾ।
ਦੋਵੇਂ ਹੱਥ ਰਖੇ ਸੀ ਤੂੰ ਦੋਹਾਂ ਉਹਦੇ ਕੂਜਿਆਂ ਤੇ,
ਇਕੋ ਜਿਹਾ ਡਿੱਠਾ ਉਸ ਦੋਹਾਂ ਦਾ ਪਿਆਰ ਤੇਰਾ।
ਹਿੰਦੂ ਪਏ ਆਖਦੇ ਨੇ ਧਰਮ ਬਚਾਇਆ ਸਾਡਾ,
ਅਜ ਉਪਕਾਰ ਅਸਾਂ ਦਿਤਾ ਹੈ ਵਿਸਾਰ ਤੇਰਾ।
ਨਿਵੇਂ ਹੋਏ ਸਿਰ ਸਾਡੇ ਜਿਨ੍ਹਾਂ ਉਤੇ ਪਿਆ ਹੋਇਆ,
ਤੇਰਿਆਂ ਅਹਿਸਾਨਾਂ ਵਾਲੇ ਕਰਜ਼ੇ ਦਾ ਭਾਰ ਤੇਰਾ।
ਧਰਮ ਦੀ ਰਾਖੀ ਹਿਤ ਯੁਧ ਚਮਕੌਰ ਵਿਚ,

ਹੋ ਗਿਆ ਸ਼ਹੀਦ ਸੀ ਅਜੀਤ ਤੇ ਜੁਝਾਰ ਤੇਰਾ।
ਮਾਤਾ ਪਿਤਾ ਵਾਰੇ, ਵਾਰੇ ਜਾਨ ਤੋਂ ਪਿਆਰੇ ਪੁਤ,
ਮਿਟ ਗਿਆ ਸਾਡੇ ਹਿਤ ਸਾਰਾ ਪਰਵਾਰ ਤੇਰਾ।
‘ਬੁਧੂ' ਜੇਹੇ ਸੱਯਦਾਂ ਤੇ ਮੋਮਨਾਂ ਦੇ ਪੀਰਾਂ ਨੇ ਵੀ,
ਪਾਲ ਕੇ ਵਿਖਾਈ ਸਿਖੀ ਵੇਖ ਕੇ ਪਿਆਰ ਤੇਰਾ।
ਔਰੰਗਜ਼ੇਬ ਜ਼ਾਲਮ ਦੇ ਪੁਤ ਨੂੰ ਦਿਵਾਈ ਸ਼ਾਹੀ,
ਕੀਤਾ ਸੀ ਸਵਾਲ ਜਿਸ ਲਭ ਕੇ ਦਵਾਰ ਤੇਰਾ।
ਮੂੰਹੋਂ ਬੋਲ ਬੋਲ ਕੇ ਤੇ ਆਖਦੀ ਮਿਸਾਲ ਇਹੋ,
ਦੁਸ਼ਟਾਂ ਨੂੰ ਮਾਰਨਾ ਸੀ ਕਾਰ ਰੁਜ਼ਗਾਰ ਤੇਰਾ।
ਕਿਸੇ ਦੀਨ ਨਾਲ ਤੇਰਾ ਵੈਰ ਤੇ ਵਿਰੋਧ ਨਾ ਸੀ,
ਇਕੋ ਜਿਹਾ ਸਾਰਿਆਂ ਦੇ ਨਾਲ ਸੀ ਪਿਆਰ ਤੇਰਾ।
ਹਿੰਦੂਆਂ ਤੇ ਮੋਮਨਾਂ ਨੂੰ ਇਕੋ ਅੱਖ ਵੇਖਦਾ ਹੈਂ,
ਜ਼ਾਲਮਾਂ ਦਾ ਵੈਰੀ ਹੈਂ ਤੂੰ ਯਾਰ ਸਚਿਆਰ ਤੇਰਾ।
ਭਾਨ ਦੇ ਸਮਾਨ ਪਰਕਾਸ਼ ਤੇਰਾ ਸਭ ਥਾਈਂ,
ਹਰ ਇਕ ਦਿਲ ਵਿਚ ਪਵੇ ਝਲਕਾਰ ਤੇਰਾ।
ਲੈ ਕੇ ਤਲਵਾਰ ‘ਸੈਦ ਖ਼ਾਨ' ਲੈਣ ਵਾਰ ਆਇਆ,
ਚਲ ਗਿਆ ਸੀਨੇ ਉਹਦੇ ਨਜ਼ਰਾਂ ਦਾ ਵਾਰ ਤੇਰਾ।
ਡਿਗ ਪਿਆ ਚਰਨੀਂ ਤੇ ਲਗਾ ਪਛਤਾਣ ਫਿਰ,
ਬਣਿਆ ਮੁਰੀਦ ਹੋ ਕੇ ਪ੍ਰੇਮ ਦਾ ਸ਼ਿਕਾਰ ਤੇਰਾ।
ਕਿਨ੍ਹਾਂ ਦਾ ਪ੍ਰੀਤਮ ਹੈਂ ਤੂੰ, ਕਿਹੜੇ ਨੇ ਪਿਆਰੇ ਤੇਰੇ?
ਗਿਣ ਗਿਣ ਦਸਾਂ ਕੀ ਮੈਂ, ਸਾਰਾ ਸੰਸਾਰ ਤੇਰਾ।
ਵਾਰ ਵਾਰ ਜਾਵਾਂ ਉਸ ਵਾਰ ਤੋਂ ਮੈਂ ਵਾਰ ਵਾਰ,
ਹੋਇਆ ਅਵਤਾਰ ਜਿਸ ਭਾਗਾਂ ਵਾਲੇ ਵਾਰ ਤੇਰਾ।