ਆਓ ਪੰਜਾਬੀ ਸਿੱਖੀਏ/ਪੈਰੀਂ ਪਿਆ ਹਾਹਾ
ਪੈਰੀਂ ਪਿਆ ਹਾਹਾ
ਮਜ਼ਾਕ ਦੇ ਪਾਤਰ ਬਣੀਏ ਨਾ, ਸਮਝਾਉਣਾ ਪੈਂਦਾ।
ਕਈ ਅੱਖਰਾਂ ਦੇ ਪੈਰੀਂ ਹਾਹਾ ਪਾਉਣਾ ਪੈਂਦਾ।
ਜੇ ਹਾਹਾ ਨਾ ਪਾਈਏ ਤਾ ਘਟ ਮਾਣ ਜਾਵੇਗਾ।
ਅਰਥ ਸ਼ਬਦ ਦਾ ਹੋਰ ਕੁੱਝ ਹੀ ਬਣ ਜਾਵੇਗਾ।
ਅੱਖਰ ਦੇ ਪੈਰਾਂ ਵਿੱਚ ਇਹ ਟਿਕਾਉਣਾ ਪੈਂਦਾ।
ਕਈ ਅੱਖਰਾਂ ....................
ਅੱਖੋਂ ਅੰਨ੍ਹਾ ਬਿਨ ਹਾਹੇ ਦੇ ਬਣੂ ਹਜਾਰਾ।
ਚੁੱਲ੍ਹਾ-ਖੁੱਲ੍ਹਾ ਬੇ-ਅਰਥਾ ਹੋ ਜਾਊ ਬੇਚਾਰਾ।
ਬੋਲਣ ਦੇ ਲਈ ਥੋੜ੍ਹਾ ਜ਼ੋਰ ਲਗਾਉਣਾ ਪੈਂਦਾ।
ਕਈ ਅੱਖਰਾਂ....................
ਹਾੜ੍ਹਾ ਰਾੜ੍ਹਾ ਅੰਨ੍ਹਾ ਕੋੜ੍ਹੀ ਰੋੜ੍ਹਾ-ਰੁੜ੍ਹਨਾ।
ਪੈਰੀਂ ਹਾਹਾ ਆਉਂਦਾ ਸਭ ਦੇ ਕਾੜ੍ਹਾ-ਕੁੜ੍ਹਨਾ।
ਕਿੱਥੇ ਲੱਗੂ ਨਾ ਲੱਗੂ, ਲੱਖਣ ਲਾਉਣਾ ਪੈਂਦਾ।
ਕਈ ਅੱਖਰਾਂ.....................
ਖੁੱਲ੍ਹਾ-ਡੁੱਲ੍ਹਾ ਮੱਲ੍ਹਮ ਮੁੜ੍ਹਕਾ ਵਰਗੇ ਅੱਖਰ
ਬਿਨ ਪੈਰੀਂ ਹਾਹੇ ਦੇ ਜਾਣੋ ਮਰਗੇ ਅੱਖਰ।
ਸਾਫ-ਸੁਥਰਾ ਢੁਕਦੀ ਥਾਂ ਦਰਸਾਉਣਾ ਪੈਂਦਾ।
ਕਈ ਅੱਖਰਾਂ...................