ਆਓ ਪੰਜਾਬੀ ਸਿੱਖੀਏ  (2015) 
ਚਰਨ ਪੁਆਧੀ

ਚਰਨ ਪੁਆਧੀ

ਸੰਗਮ ਪਬਲੀਕੇਸ਼ਨਜ਼, ਪਟਿਆਲਾ

AAO PUNJABI SIKHIYE
by
CHARAN PUADHI

Mobile : 099964-25988

ISBN 978-93-5231-008-1


© Author

2015

Published by
Sangam Publications
S.C.O. 94-95, (Basement)
New Leela Bhawan, Patiala-147001 (Pb.)
Ph. 0175-2305347
Mob. 99151-03490, 092090-00001

Printed & Bound at:
Aarna Printing Solutions, Patiala
Ph. 99148-40666

All rights reserved

This book is sold subject to the condition that it shall not, by way of trade or otherwise, be lent, resold, hired out, or otherwise circulated without the publisher's prior written consent in any form of binding or cover other than that in which it is published and without a similar condition including this condition being imposed on the subsequent purchaser and without limiting the rights under copyright reserved above, no part of this publication may be reproduced, stored in or introduced into a retrieval system, or transmitted in any form or by any means(electronic, mechanical, photocopying, recording or otherwise), without the prior written permission of both the copyright owner and the above-mentioned publisher of this book.

ਦੋ ਸ਼ਬਦ

ਪੰਜਾਬੀ ਬਾਲ ਸਾਹਿਤ ਦਾ ਨਿਰੰਤਰ ਵਿਕਾਸ ਹੁੰਦਾ ਜਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ਇਸ ਖਿੱਤੇ ਪ੍ਰਤੀ ਸਾਡੇ ਸਥਾਪਤ ਲੇਖਕ ਉਦਾਸੀਨ ਸਨ। ਬਾਲ ਸਾਹਿਤ ਦੀ ਰਚਨਾ ਕਰਨਾ ਤੀਜੇ ਦਰਜੇ ਵਾਲਾ ਕਾਰਜ ਸਮਝਿਆ ਜਾਂਦਾ ਸੀ ਪ੍ਰੰਤੂ ਅੱਜ ਸਥਿਤੀ ਵਿੱਚ ਪਰਿਵਰਤਨ ਆ ਗਿਆ ਹੈ। ਵਰਤਮਾਨ ਦੌਰ ਵਿੱਚ ਪੰਜਾਬੀ ਬਾਲ ਸਾਹਿਤ ਵਿੱਚ ਕਈ ਪ੍ਰਤੀਬੱਧ ਲਿਖਾਰੀ ਤਨਦੇਹੀ ਨਾਲ ਕਾਰਜਸ਼ੀਲ ਵਿਖਾਈ ਦੇ ਰਹੇ ਹਨ ਜਿਨ੍ਹਾਂ ਵਿੱਚ ਨੌਜਵਾਨ ਲਿਖਾਰੀ ਚਰਨ ਪੁਆਧੀ ਇੱਕ ਹੈ।

ਚਰਨ ਪੁਆਧੀ, ਜੋ ਪਹਿਲਾਂ ਕਦੇ ਚਰਨ ‘ਪਪਰਾਲਵੀਂ’ ਦੇ ਨਾਂ ਹੇਠ ਲਿਖਦਾ ਤੇ ਛਪਦਾ ਸੀ, ਵਰਤਮਾਨ ਸਮੇਂ ਵਿੱਚ ਚਰਨ ਪੁਆਧੀ ਦੇ ਨਾਂ ਹੇਠ ਲਿਖ ਤੇ ਛਪ ਰਿਹਾ ਹੈ। ਹੁਣੇ ਹੁਣੇ ਉਸ ਨੇ ਆਪਣੀਆਂ ਨਵੀਨ ਬਾਲ ਕਵਿਤਾਵਾਂ ਦਾ ਖਰੜਾ ਮੇਰੀ ਨਜ਼ਰਸਾਨੀ ਲਈ ਭੇਜਿਆ ਹੈ। ਇਸ ਖਰੜੇ ਦਾ ਸੰਬੰਧ ਸਿੱਧੇ ਤੌਰ 'ਤੇ ਬਾਲਾਂ ਨਾਲ ਸੰਬੰਧਤ ਭਾਂਤ-ਭਾਂਤ ਦੇ ਵਿਸ਼ਿਆਂ ਨਾਲ ਜੁੜਿਆ ਹੋਇਆ ਹੈ। ਇਹ ਕਾਵਿ ਸੰਗ੍ਰਹਿ ਬਾਲ-ਪਾਠਕਾਂ ਨੂੰ, ਪੰਜਾਬੀ ਵਰਣਮਾਲਾ ਦੀ ਸੁਚੱਜੀ ਵਰਤੋਂ, ਲਗਾਂ-ਮਾਤਰਾਂ ਨੂੰ ਵਰਤਣ ਦੇ ਨੇਮਾਂ ਬਾਰੇ ਸੋਝੀ ਪ੍ਰਦਾਨ ਹੋਇਆ ਬਾਲ-ਪਾਠਕਾਂ ਦੇ ਭਾਸ਼ਾਈ-ਗਿਆਨ ਵਿੱਚ ਉੱਚਿਤ ਵਾਧਾ ਕਰਦਾ ਹੈ।

ਪੰਜਾਬੀ ਵਿੱਚ ਭਾਸ਼ਾ ਗ੍ਰਹਿਣ ਕਰਨ ਦਾ ਅਮਲ ਵੇਖਣ ਨੂੰ ਬੜਾ ਸਹਿਜ ਤੇ ਆਸਾਨ ਜਿਹਾ ਲੱਗਦਾ ਹੈ ਪ੍ਰੰਤੁ ਵਿਆਕਰਣ ਅਤੇ ਭਾਸ਼ਾ ਵਿਗਿਆਨ ਬਾਰੇ ਜਦੋਂ ਕੋਈ ਵਿਦਿਆਰਥੀ ਡੂੰਘਾ ਅਧਿਐਨ ਕਰਦਾ ਹੈ ਤਾਂ ਮਹਿਸੂਸ ਕਰਦਾ ਹੈ ਕਿ ਇਹ ਵਿਸ਼ਾ ਕਿੰਨਾ ਵਿਸ਼ਾਲ ਹੈ। ਇਸ ਦੀ ਥਾਹ ਪਾਉਣ ਲਈ ਵਿਦਿਆਰਥੀਆਂ ਨੂੰ ਮੁੱਢਲਾ ਭਾਸ਼ਾਈ ਗਿਆਨ ਪ੍ਰਦਾਨ ਕਰਨ ਦੀ ਬੇਹੱਦ ਜ਼ਰੂਰਤ ਹੁੰਦੀ ਹੈ। ਇਹ ਜਟਿਲ ਵਰਤਾਰਾ ਹੈ ਪ੍ਰੰਤੂ ਜੇਕਰ ਇਸ ਅਮਲ ਨੂੰ ਬੜੇ ਸੌਖੇ, ਸਹਿਜ ਅਤੇ ਖਿੱਚ ਭਰਪੂਰ ਤਰੀਕੇ ਨਾਲ ਤੋੜ ਤੁਕਾਂਤ ਵਿੱਚ ਬੰਨ੍ਹ ਕੇ ਪੇਸ਼ ਕੀਤਾ ਜਾਵੇ ਤਾਂ ਵਿਆਕਰਣ ਦਾ ਗਿਆਨ ਪ੍ਰਾਪਤ ਕਰਨ ਦਾ ਅਮਲ ਬਹੁਤ ਸਹਿਜ ਅਤੇ ਦਿਲਚਸਪ ਬਣ ਜਾਂਦਾ ਹੈ।

ਇਸ ਹਵਾਲੇ ਨਾਲ ਚਰਨ ਪੁਆਧੀ ਬੱਚਿਆਂ ਨੂੰ ਪੰਜਾਬੀ ਸਿੱਖਣ ਦੀ ਜਾਗ ਲਾਉਣ ਲਈ ਦਿਲਚਸਪ ਢੰਗ ਨਾਲ ਪ੍ਰੇਰਿਤ ਕਰਦਾ ਹੈ। ਉਸਦਾ ਮਕਸਦ ਕਾਵਿ-ਰੂਪ ਵਿੱਚ ਬਾਲਾਂ ਨੂੰ ਜ਼ਬਰਦਸਤੀ ਭਾਸ਼ਾਈ-ਗਿਆਨ ਪ੍ਰਦਾਨ ਕਰਨਾ ਨਹੀਂ ਹੈ। ਉਹ ਆਪਣੇ ਗੀਤਾਂ ਵਿੱਚ ਕੰਨਾ, ਹੋੜਾ, ਕਨੌੜਾ, ਬਿੰਦੀ, ਪੈਰੀਂ ਹਾਹਾ, ਪੈਰੀਂ ਰਾਰਾ ਆਦਿ ਬਾਰੇ ਇੰਨੇ ਸੁੰਦਰ ਢੰਗ ਨਾਲ ਸਹਿਜ ਸੁਭਾਵਿਕ ਵਾਕਫ਼ੀਅਤ ਪ੍ਰਦਾਨ ਕਰ ਜਾਂਦਾ ਹੈ ਕਿ ਬਾਲ ਪਾਠਕ ਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਉਸ ਨੂੰ ਜਬਰਨ ਸਿੱਖਿਅਤ ਕੀਤਾ ਜਾ ਰਿਹਾ ਹੈ। ਬਲਕਿ ਚਰਨ ਦਾ ਕਾਵਿ ਰੂਪ ਵਿੱਚ ਗੱਲ ਕਹਿਣ ਦਾ ਅੰਦਾਜ਼ ਹੀ ਇੰਨਾ ਦਿਲਚਸਪ ਹੈ ਕਿ ਪਾਠਕ ਉਸ ਨਾਲ ਖੁਦ ਬ ਖੁਦ ਜੁੜ ਜਾਂਦਾ ਹੈ। ਇਸ ਪ੍ਰਸੰਗ ਵਿੱਚ ਉਸ ਦੀ ਇੱਕ ਕਵਿਤਾ ‘ਕੰਨੇ ਦਾ ਕਮਾਲ’ ਦਾ ਪਹਿਲਾ ਬੰਦ ਮਿਸਾਲ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।

‘ਅ’ ਦੀ ਵਾਜ਼ ਦਿੰਦਾ, ਹਰ ਹਾਲ ਵੇਖ ਲਓ।
ਆਜੋ ਵੀਰੋ ਕੰਨੇ ਦਾ ਕਮਾਲ ਵੇਖ ਲਓ।
ਕੱਕਾ, ਰਾਰਾ ਕਰ, ਕੰਕੇ ਕੰਨਾ ਰਾਰਾ ਕਾਰ।
ਤੱਤਾ ਰਾਰਾ ਤਰ, ਕੰਡੇ ਕੰਨਾ ਰਾਰਾ ਤਾਰ।
ਜਲ ਥਲ ਬਣੇ ਜਾਲ ਥਾਲ ਵੇਖ ਲਓ।
ਆ ਜੋ ਵੀਰੋ, ਕੰਨੇ ਦਾ ਕਮਾਲ ਵੇਖ ਲਓ।

ਚਰਨ ਪੁਆਧੀ ਆਪਣੇ ਗੀਤਾਂ ਵਿੱਚ ਅੱਖਰਾਂ ਤੋਂ ਸ਼ਬਦ ਅਤੇ ਸ਼ਬਦਾਂ ਤੋਂ ਵਾਕ ਬਣਨ ਦੀਆਂ ਵਿਧੀਆਂ ਵੀ ਸੁਝਾਉਂਦਾ ਹੈ ਅਤੇ ਲਗਾਂ ਮਾਤਰਾਂ ਕਿਹੜੇ ਕਿਹੜੇ ਅੱਖਰਾਂ ਨਾਲ ਲੱਗਕੇ ਕਿਹੜੇ ਕਿਹੜੇ ਸ਼ਬਦ ਬਣਾਉਂਦੀਆਂ ਹਨ ਅਤੇ ਉਹਨਾਂ ਦਾ ਸ਼ੁੱਧ ਉਚਾਰਣ ਕੀ ਹੋਣਾ ਚਾਹੀਦਾ ਹੈ? ਇਹਨਾਂ ਪੱਖਾਂ ਬਾਰੇ ਵੀ ਉਹ ਬੜੇ ਤਰਕਸੰਗਤ ਢੰਗ ਨਾਲ ਆਪਣੀ ਗੱਲ ਨੂੰ ਨੰਨੇ-ਮੁੰਨੇ ਪਾਠਕਾਂ ਦੇ ਹਿਰਦਿਆਂ ਵਿੱਚ ਵਸਾਉਣ ਦਾ ਸੁਚੱਜਾ ਪ੍ਰਯਤਨ ਕਰਦਾ ਹੈ। ‘ਆਓ ਪੰਜਾਬੀ ਸਿੱਖੀਏ’ ਕਵਿਤਾ ਦੀਆਂ ਕੁਝ ਸਤਰਾਂ ਮੇਰੇ ਉਪਰੋਕਤ ਕਥਨ ਵੱਲ ਹੀ ਸੰਕੇਤ ਕਰਦੀਆਂ ਵਿਖਾਈ ਦਿੰਦੀਆਂ ਹਨ:

ਕਾਪੀਆਂ ਉੱਤੇ ਲਿਖੀਏ ਜੀ ਪੰਜਾਬੀ ਲਿਖੀਏ।
ਆਓ ਪੰਜਾਬੀ ਸਿੱਖੀਏ ਜੀ ਪੰਜਾਬੀ ਸਿੱਖੀਏ।
ਖਾਲੀ ਅੱਖਰ ਭੁਲਾਵੇਂ ਤੇ ਫਿਰ ਮਿਲਦੇ ਜੁਲਦੇ।
ਫੇਰ ਮੁਹਾਰਨੀ ਬੋਲਦੇ ਜਾਈਏ ਹਿਲਦੇ ਜੁਲਦੇ।
ਸਿੱਖਦੇ ਹੋਏ ਨਾ ਝੁਕੀਏ ਜੀ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ ਜੀ ਪੰਜਾਬੀ ਸਿੱਖੀਏ।

ਚਰਨ ਪੁਆਧੀ ਦੇ ਇਹ ਭਾਸ਼ਾਈ ਗੀਤ ਵਿਦਿਆਰਥੀਆਂ ਵੱਲੋਂ ਸਕੂਲਾਂ ਦੀਆਂ ਸਟੇਜਾਂ 'ਤੇ ਵਿਅਕਤੀਗਤ ਅਤੇ ਸੰਯੁਕਤ ਰੂਪ ਵਿੱਚ ਗਾਏ ਜਾ ਸਕਣ ਦੇ ਯੋਗ ਹਨ। ਮੁੱਢਲੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਇਹ ਕਵਿਤਾਵਾਂ ਸੁਣਾ ਕੇ ਉਹਨਾਂ ਦੀ ਮਾਤ ਭਾਸ਼ਾ ਦੀ ਸਿੱਖਿਆ ਨੂੰ ਹੋਰ ਵਧੇਰੇ ਸਰਲ ਬਣਾਇਆ ਜਾ ਸਕਦਾ ਹੈ ਅਤੇ ਲਗਾਂ-ਮਾਤਰਾਂ ਅਤੇ ਸ਼ਬਦ ਜੋੜਾਂ ਦੇ ਉੱਚਿਤ-ਇਸਤੇਮਾਲ ਦੀ ਵਰਤੋਂ ਸਿਖਾ ਕੇ ਲਾਹਾ ਲਿਆ ਜਾ ਸਕਦਾ ਹੈ। ਅੱਜ ਦੀ ਨਵੀਂ ਪੀੜ੍ਹੀ ਜਦੋਂ ਪੰਜਾਬੀ ਭਾਸ਼ਾ ਨੂੰ ਤਿਲਾਂਜਲੀ ਦਿੰਦੀ ਜਾ ਰਹੀ ਹੈ, ਅਜਿਹੀ ਸਥਿਤੀ ਵਿੱਚ ਇਹ ਪੁਸਤਕ ਹਰ ਸਰਕਾਰੀ ਸਕੂਲ ਦੇ ਨਾਲ ਨਾਲ ਪ੍ਰਾਈਵੇਟ ਅਤੇ ਅੰਗ੍ਰੇਜ਼ੀ ਮਾਧਿਅਮ ਵਾਲੇ ਸਕੂਲ ਵਿੱਚ ਪੁੱਜਣੀ ਚਾਹੀਦੀ ਹੈ।

ਮੈਂ ਆਸ ਕਰਦਾ ਹਾਂ ਕਿ ਚਰਨ ਪੁਆਧੀ ਬੱਚਿਆਂ ਨੂੰ ਮਾਂ ਬੋਲੀ ਦੀ ਮਹੱਤਤਾ ਬਾਰੇ ਇਸੇ ਤਰ੍ਹਾਂ ਨਿੱਗਰ ਜਤਨਾਂ ਨਾਲ ਜੋੜਦਾ ਰਹੇਗਾ ਅਤੇ ਪੰਜਾਬੀ ਬਾਲ ਸਾਹਿਤ ਦੇ ਵਿਕਾਸ ਵਿੱਚ ਮੁੱਲਵਾਨ ਹਿੱਸਾ ਪਾਉਂਦਾ ਰਹੇਗਾ।

ਦਰਸ਼ਨ ਸਿੰਘ ‘ਆਸ਼ਟ' (ਡਾ.)
ਸਾਹਿਤ ਅਕਾਦਮੀ ਅਵਾਰਡੀ
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਮੋ. 9814423703
ਈਮੇਲ dsaasht@yahoo.co.in



ਕੁਝ ਆਪਣੇ ਵੱਲੋਂ

ਬੇਸ਼ੱਕ ਪੰਜਾਬੀ ਸਾਹਿਤ ਵਿੱਚ ਭਾਂਤ-ਸੁਭਾਂਤੀਆਂ ਸੈਂਕੜੇ ਵੰਨਗੀਆਂ ਹਨ ਪਰ ਇਨ੍ਹਾਂ ਵਿੱਚ ਬਾਲ-ਗੀਤਾਂ ਤੇ ਬਾਲ-ਕਵਿਤਾਵਾਂ ਦਾ ਅਹਿਮ ਸਥਾਨ ਹੈ, ਜਿਸਨੂੰ ਬੱਚਿਆਂ ਸਮੇਤ ਬੁੱਢੇ ਤੇ ਜਵਾਨ ਵੀ ਪੜ੍ਹਦੇ, ਸੁਣਦੇ ਅਤੇ ਗੁਣਗੁਣਾਉਂਦੇ ਹੋਏ ਪਸੰਦ ਕਰਦੇ ਹਨ। ਬਾਲ ਸਾਹਿਤ ਕਿਸੇ ਵੀ ਭਾਸ਼ਾ ਦੇ ਸਾਹਿਤ ਰੂਪੀ ਵਿਸ਼ਾਲ ਰੁੱਖ ਦੀਆਂ ਕੋਮਲ ਕਰੂੰਬਲਾਂ ਹਨ ਜਿਨ੍ਹਾਂ ਤੋਂ ਤਣਾ, ਟਾਹਣੀਆਂ, ਪੱਤਿਆਂ, ਫੁੱਲਾਂ ਤੇ ਫਲਾਂ ਨੇ ਆਪਣਾ ਰੂਪ ਧਾਰਨ ਕਰਨਾ ਹੁੰਦਾ ਹੈ। ਚੰਗਾ ਸਾਹਿਤ ਪੜ੍ਹਨ ਨਾਲ ਜੇ ਸਾਡਾ ਗਿਆਨ ਰੂਪੀ ਵਿਸ਼ਾਲ ਭਵਨ ਬਣਦਾ ਹੈ ਤਾਂ ਬਾਲ ਸਾਹਿਤ ਪੜ੍ਹਨ ਨਾਲ ਉਸਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਹਨ। ਇਸੇ ਲਈ ਇਸ ਬਾਲ-ਵਿਧਾ ਨੂੰ ਅਸੀਂ ਕਿਸੇ ਵੀ ਹਾਲਤ ਵਿੱਚ ਅੱਖੋਂ-ਪਰੋਖਿਆਂ ਕਰ ਸਕਦੇ ਹੀ ਨਹੀਂ। ਮੇਰੀ ਪਹਿਲੀ ਬਾਲ ਗੀਤਾਂ ਦੀ ਪੁਸਤਕ 'ਮੋਘੇ ਵਿਚਲੀ ਚਿੜੀ' ਨੂੰ ਕਾਫੀ ਪਸੰਦ ਕੀਤਾ ਗਿਆ। ਬਹੁਤ ਸਾਰੇ ਸਾਹਿਤ ਪ੍ਰੇਮੀਆਂ ਦੇ ਪੱਤਰ ਅਤੇ ਫੋਨ ਆਏ, ਜਿਨ੍ਹਾਂ ਮੈਨੂੰ ਹੱਲਾਸ਼ੇਰੀ ਦੇ ਕੇ ਇੱਕ ਵਾਰ ਫਿਰ 'ਆਓ ਪੰਜਾਬੀ ਸਿੱਖੀਏ' ਬਾਲ-ਪੁਸਤਕ ਦੁਆਰਾ ਤੁਹਾਡੇ ਸਨਮੁੱਖ ਲਿਆ ਖੜ੍ਹਾਇਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸਨੂੰ ਵੀ ਸਿਰ ਅੱਖਾਂ ਤੇ ਚੁੱਕੋਗੇ।

ਤੁਹਾਡਾ ਵੀਰ
'ਚਰਨ ਪੁਆਧੀ'
ਪੁਆਧ ਬੁੱਕ ਡੀਪੂ,
ਪਿੰਡ ਤੇ ਡਾਕ ਅਰਨੌਲੀ ਭਾਈ ਜੀ ਕੀ ਵਾਇਆ ਚੀਕਾ
ਜ਼ਿਲ੍ਹਾ : ਕੈਥਲ (ਹਰਿਆਣਾ) 136034
ਸੰਪਰਕ ਨੰ : 099964-25988

ਤਤਕਰਾ