12017ਮਿਨੂਏਤਮੋਪਾਸਾਂ

ਮਹਾਨ ਬਿਪਤਾਵਾਂ ਮੇਰੇ ਉੱਤੇ ਕੋਈ ਅਸਰ ਨਹੀਂ ਕਰਦੀਆਂ, ਜੌਹਨ ਬਰਿਦੇਲ ਨੇ ਕਿਹਾ ਸੀ। ਉਹ ਕੁਆਰਾ ਸੀ ਅਤੇ ਸ਼ੱਕੀ ਬੰਦਾ ਸਮਝਿਆ ਜਾਂਦਾ ਸੀ। ਮੈਂ ਲੜਾਈ ਦਾ ਮੈਦਾਨ ਨੇੜਿਓਂ ਹੋ ਕੇ ਵੇਖਿਆ ਹੈ। ਬਿਨਾਂ ਕਿਸੇ ਤਰਸ ਭਾਵ ਦੇ ਮੈਂ ਵਿਛੀਆਂ ਲਾਸਾਂ ਦੇ ਵਿੱਚੀਂ ਲੰਘਿਆ ਹਾਂ। ਕੁਦਰਤ ਦੇ ਅਤੇ ਮਨੁੱਖ ਦੇ ਢਾਹੇ ਵੱਡੇ ਭਿਅੰਕਰ ਜ਼ੁਲਮੀ ਕਾਰੇ ਸਾਡੇ ਅੰਦਰ ਡਰ ਅਤੇ ਨਫ਼ਰਤ ਦੀ ਚੀਖ਼ ਪੁਕਾਰ ਨੂੰ ਜਨਮ ਦੇ ਸਕਦੇ ਹਨ, ਪਰ ਉਹ ਸਾਡੇ ਦਿਲ ਵਿੱਚ ਉਹ ਪੀੜਾ, ਉਹ ਕਾਂਬਾ ਬਣਕੇ ਉਵੇਂ ਨਹੀਂ ਲਹਿ ਸਕਦੇ ਜਿਵੇਂ ਕਈ ਛੋਟੀਆਂ ਦਿਲ ਵਿੰਨ੍ਹਵੀਆਂ ਘਟਨਾਵਾਂ ਲਹਿ ਜਾਂਦੀਆਂ ਹਨ।

ਕਿਸੇ ਮਾਂ ਲਈ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਉਸਦੇ ਬੱਚੇ ਦੀ ਮੌਤ ਅਤੇ ਕਿਸੇ ਆਦਮੀ ਲਈ ਉਸਦੀ ਮਾਂ ਦੀ ਮੌਤ। ਇਹ ਦੁੱਖ ਬਹੁਤ ਹੀ ਭਿਆਨਕ ਅਤੇ ਦਿਲ ਕੰਬਾਊ ਹੁੰਦਾ ਹੈ। ਇਹ ਉਸ ਦੁਖੀ ਆਦਮੀ ਨੂੰ ਤੋੜ ਦਿੰਦਾ ਹੈ ਅਤੇ ਤਬਾਹ ਕਰ ਦਿੰਦਾ ਹੈ। ਪਰ ਫਿਰ ਵੀ ਆਦਮੀ ਅੰਤ ਇਸ ਤੋਂ ਉਭਰ ਆਉਂਦਾ ਹੈ। ਠੀਕ ਉਵੇਂ ਹੀ, ਜਿਵੇਂ ਰਿਸਦਾ ਜਖ਼ਮ ਅੰਤ ਠੀਕ ਹੋ ਜਾਂਦਾ ਹੈ। ਪਰ ਫਿਰ ਵੀ ਕਈ ਵਾਰ ਕੁੱਝ ਲੋਕਾਂ ਦੇ ਨਾਲ ਅਜਿਹੀਆਂ ਮੁਲਾਕਾਤਾਂ ਹੋ ਜਾਂਦੀਆਂ ਹਨ - ਕੁਝ ਚੀਜ਼ਾਂ, ਜਿਨ੍ਹਾਂ ਨੂੰ ਅੱਧਾ ਸਮਝਿਆ ਜਾਂ ਅੰਜਾਮ ਦਿੱਤਾ ਗਿਆ ਹੁੰਦਾ ਹੈ, ਕੁਝ ਗੁਪਤ ਦੁੱਖ ਅਤੇ ਕਿਸਮਤ ਦੇ ਕੁੱਝ ਅਜਿਹੇ ਛਲ - ਜੋ ਸਾਡੇ ਅੰਦਰ ਵਿਚਾਰਾਂ ਦੀ ਇੱਕ ਦੁਖਭਰੀ ਦੁਨੀਆ ਜਗਾ ਦਿੰਦੇ ਹਨ। ਅਜਿਹੇ ਪਲ ਅਚਾਨਕ ਹੀ ਇਖ਼ਲਾਕੀ ਪੀੜ ਦਾ ਰਹਸਮਈ ਝਰੋਖਾ ਖੋਲ੍ਹ ਦਿੰਦੇ ਹਨ - ਪੇਚਦਾਰ, ਲਾਇਲਾਜ, ਜੋ ਅਤਿਅੰਤ ਸ਼ਾਂਤ ਸਹਿਜ ਜਾਪਦੇ ਹਨ ਪਰ ਬੇਹੱਦ ਡੂੰਘੇ ਉੱਤਰ ਜਾਂਦੇ ਹਨ, ਉਹ ਕਿਤੇ ਵਧੇਰੇ ਕੌੜੇ ਹੁੰਦੇ ਹਨ ਕਿਉਂਕਿ ਉਹ ਅਰੂਪ ਹੁੰਦੇ ਹਨ ਅਤੇ ਕਿਤੇ ਵਧੇਰੇ ਚੀੜ੍ਹੇ ਹੁੰਦੇ ਹਨ ਹਾਲਾਂਕਿ ਬਨਾਉਟੀ ਜਾਪਦੇ ਹੁੰਦੇ ਹਨ। ਇਹ ਸਦੀਆਂ ਰੂਹਾਂ ਵਿੱਚ ਇੱਕ ਤਰ੍ਹਾਂ ਉਦਾਸੀ ਛਿੜਕ ਜਾਂਦੇ ਹਨ, ਕੁੜੱਤਣ ਦਾ ਸੁਆਦ, ਮੋਹਭੰਗ ਦਾ ਅਹਿਸਾਸ ਛੱਡ ਜਾਂਦੇ ਹਨ। ਇਸ ਤੋਂ ਅਸੀਂ ਜਲਦੀ ਖਹਿੜਾ ਨਹੀਂ ਛੁਡਾ ਸਕਦੇ।

ਮੇਰੇ ਦਿਮਾਗ਼ ਵਿੱਚ ਹਮੇਸ਼ਾ ਹੀ ਦੋ ਤਿੰਨ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਵੱਲ ਦੂਜੇ ਲੋਕ ਧਿਆਨ ਵੀ ਨਹੀਂ ਦਿੰਦੇ, ਮਗਰ ਜਿਨ੍ਹਾਂ ਨੇ ਮੈਨੂੰ ਤਿੱਖੇ ਲਾਇਲਾਜ ਡੰਗਾਂ ਦੀ ਤਰ੍ਹਾਂ ਡੰਗਿਆ ਹੁੰਦਾ ਹੈ।

ਸ਼ਾਇਦ ਤੁਸੀਂ ਨਹੀਂ ਸਮਝ ਸਕੋਗੇ ਕਿ ਇਨ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਮੇਰੇ ਅੰਦਰ ਕਿਹੜੀਆਂ ਭਾਵਨਾਵਾਂ ਘਰ ਕਰ ਲੈਂਦੀਆਂ ਹਨ। ਇਨ੍ਹਾਂ ਵਿੱਚੋਂ ਮੈਂ ਤੁਹਾਨੂੰ ਕੇਵਲ ਇੱਕ ਦੱਸਦਾ ਹਾਂ - ਇਹ ਬੜੀ ਪੁਰਾਣੀ ਹੈ, ਪਰ ਇੱਕ ਜਵਾਨ ਕੁੜੀ ਵਾਂਗ ਸਜੀਵ। ਮੇਰੇ ਅੰਦਰ ਇਹ ਜੋ ਭਾਵਨਾਵਾਂ ਹਨ ਸ਼ਾਇਦ ਇਨ੍ਹਾਂ ਦਾ ਇੱਕੋ ਇੱਕ ਕਰਨ ਮੇਰੀ ਕਲਪਨਾ ਹੀ ਹੋਵੇ।

ਮੇਰੀ ਉਮਰ ਇਸ ਸਮੇਂ ਪੰਜਾਹ ਦੀ ਹੈ। ਇਹ ਘਟਨਾ ਉਦੋਂ ਦੀ ਹੈ, ਜਦੋਂ ਮੈਂ ਜਵਾਨ ਸੀ। ਮੈਂ ਕਨੂੰਨ ਦਾ ਵਿਦਿਆਰਥੀ ਸੀ - ਸੁਪਨਸਾਜ਼ ਅਤੇ ਬਹੁਤ ਉਦਾਸ, ਨਿਰਾਸ਼ਾਵਾਦੀ ਫ਼ਲਸਫ਼ੇ ਦਾ ਪੂਰਾ ਮੁਰੀਦ। ਮੈਨੂੰ ਸ਼ੋਰ-ਸ਼ਰਾਬੇ ਵਾਲੇ ਕਾਹਵਾਖ਼ਾਨੇ ਜਾਂ ਚਾਂਭਲੇ ਹੋਏ ਸੰਗੀ-ਸਾਥੀ ਅਤੇ ਮੂਰਖ ਲੜਕੀਆਂ ਕਦੇ ਵੀ ਪਸੰਦ ਨਹੀਂ ਸਨ। ਮੈਂ ਸਵੇਰੇ ਜਲਦੀ ਉੱਠਦਾ ਸੀ। ਸਵੇਰੇ ਅੱਠ ਵਜੇ ਲਕਸਮਬਰਗ ਦੇ ਨਰਸਰੀ ਬਾਗ਼ ਵਿੱਚ ਇਕੱਲੇ ਘੁੰਮਣਾ ਮੇਰੇ ਮੁੱਖ ਮਨਪਰਚਾਵਿਆਂ ਵਿੱਚੋਂ ਇੱਕ ਸੀ।

ਇਸ ਨਰਸਰੀ ਬਾਗ਼ ਨੂੰ ਤੁਸੀਂ ਲੋਕ ਕਦੇ ਨਹੀਂ ਜਾਣ ਸਕਦੇ। ਇਹ ਅਠਾਰਹਵੀਂ ਸਦੀ ਦੇ ਕਿਸੇ ਭੁੱਲੇ-ਬਿਸਰੇ ਬਾਗ਼ ਦੀ ਤਰ੍ਹਾਂ ਸੀ। ਬੜਾ ਸੁਹਣਾ ਸੀ, ਕਿਸੇ ਬੁੱਢੀ ਔਰਤ ਦੀ ਕੋਮਲ ਮੁਸਕਾਨ ਵਰਗਾ। ਸੰਘਣੀਆਂ ਝਾੜੀਆਂ ਨੂੰ ਪਾਟਦੀਆਂ ਤੰਗ ਪਗਡੰਡੀਆਂ - ਤਰਤੀਬ ਨਾਲ ਕਟਾਈ ਕੀਤੀ ਹਰਿਆਵਲ ਦੇ ਦੋ ਕੰਧਾਂ ਦੇ ਵਿੱਚਕਾਰ ਸ਼ਾਂਤਮਈ ਪਗਡੰਡੀਆਂ। ਮਾਲੀ ਦੀ ਵੱਡੀ ਕੈਂਚੀ ਹਮੇਸ਼ਾ ਇਸ ਹਰਿਆਲੀ ਨੂੰ ਕੱਟਦੀ ਤਰਾਸ਼ਦੀ ਰਹਿੰਦੀ ਸੀ। ਵਿੱਚ ਵਿੱਚ ਫੁੱਲਾਂ ਦੀਆਂ ਕਿਆਰੀਆਂ, ਮਧਰੇ ਦਰੱਖਤਾਂ ਦੀਆਂ ਕਤਾਰਾਂ ਜਿਵੇਂ ਸਕੂਲੀ ਮੁੰਡੇ ਸੈਰ ਨੂੰ ਨਿਕਲੇ ਹੋਣ, ਗੁਲਾਬ ਦੀਆਂ ਝਾੜੀਆਂ ਦੇ ਝੁਰਮਟ ਅਤੇ ਫਲਾਂ ਵਾਲੇ ਰੁੱਖਾਂ ਦੀਆਂ ਰਜਮੈਂਟਾਂ।

ਇਸ ਮਨਮੋਹਕ ਕੁੰਜ ਦੇ ਇੱਕ ਕੋਨੇ ਵਿੱਚ ਮਧੂਮੱਖੀਆਂ ਦਾ ਬਸੇਰਾ ਸੀ। ਲੱਕੜੀ ਦੇ ਡੱਬਿਆਂ ਵਿੱਚ ਉਨ੍ਹਾਂ ਦੇ ਛੱਤੇ ਥੋੜੀ ਥੋੜੀ ਦੂਰ ਤਰਤੀਬ ਨਾਲ ਟਿਕਾਏ ਹੋਏ ਸਨ ਅਤੇ ਉਨ੍ਹਾਂ ਦੇ ਨਿੱਕੇ ਨਿੱਕੇ ਬੂਹੇ ਸੂਰਜ ਦੇ ਵੱਲ ਸਨ। ਪੂਰੇ ਬਗੀਚੇ ਦੀਆਂ ਭੀੜੀਆਂ ਪਗਡੰਡੀਆਂ ਉੱਤੇ ਸੋਨਰੰਗੀਆਂ ਮਧੂਮੱਖੀਆਂ ਦੀ ਸ਼ਾਂ ਸ਼ਾਂ ਸੁਣਾਈ ਦਿੰਦੀ ਰਹਿੰਦੀ ਸੀ। ਉਹ ਇਸ ਮਨਮੋਹਕ ਕੁੰਜ ਦੀਆਂ ਅਸਲੀ ਮਾਲਿਕ ਸਨ, ਇਨ੍ਹਾਂ ਸ਼ਾਂਤ ਪਗਡੰਡੀਆਂ ਵਿੱਚ ਆਪਣੀ ਆਵਾਰਗੀ ਦੀ ਰੌਣਕ ਲਈ ਰੱਖਣ ਵਾਲੀਆਂ।

ਮੈਂ ਉੱਥੇ ਲਗਪਗ ਹਰ ਸਵੇਰੇ ਜਾਂਦਾ ਸੀ। ਇੱਕ ਬੈਂਚ ਉੱਤੇ ਮੈਂ ਪੜ੍ਹਨ ਬੈਠ ਜਾਂਦਾ। ਕਦੇ ਕਦੇ ਮੈਂ ਕਿਤਾਬ ਨੂੰ ਗੋਡਿਆਂ ਉੱਤੇ ਡਿੱਗ ਜਾਣ ਦਿੰਦਾ ਅਤੇ ਦਿਨੇ ਸੁਪਨਿਆਂ ਵਿੱਚ ਗੁੰਮ ਹੋ ਜਾਂਦਾ, ਮੇਰੇ ਆਲੇ ਦੁਆਲੇ ਪੈਰਸ ਦਾ ਰੌਲਾ ਹੁੰਦਾ ਅਤੇ ਮੈਂ ਉਸ ਪੁਰਾਣੀ ਦੁਨੀਆ ਦੇ ਹਰਿਆਲੀ ਅਨੰਤ ਸ਼ਾਂਤੀ ਦਾ ਅਨੰਦ ਲੈਂਦਾ ਰਹਿੰਦਾ।

ਪਰ ਜਲਦੀ ਹੀ ਮੈਨੂੰ ਪਤਾ ਚਲਿਆ ਕਿ ਮੈਂ ਹੀ ਇੱਕਮਾਤਰ ਅਜਿਹਾ ਵਿਅਕਤੀ ਨਹੀਂ ਸੀ, ਜੋ ਬਾਗ਼ ਦੇ ਦਰਵਾਜੇ ਖੁਲ੍ਹਦਿਆਂ ਹੀ ਉੱਥੇ ਪਹੁੰਚ ਜਾਂਦਾ ਸੀ। ਝਾੜੀਆਂ ਦੇ ਕੋਲ ਇੱਕ ਮੋੜ ਤੇ ਕਦੇ ਕਦੇ ਮੇਰਾ ਸਾਹਮਣਾ ਇੱਕ ਅਜੀਬ ਮਧਰੇ ਜਿਹੇ ਬੁਢੇ ਨਾਲ ਹੋ ਜਾਂਦਾ ਸੀ। ਉਹ ਚਾਂਦੀ ਦੇ ਬ੍ਕਲਾਂ ਵਾਲੇ ਬੂਟ, ਗੋਡਿਆਂ ਤੱਕ ਬਰੀਚਿਜ਼, ਨਸਵਾਰੀ ਰੰਗ ਦਾ ਕੋਟ ਅਤੇ ਮਫਲਰ ਪਹਿਨਦਾ ਸੀ ਅਤੇ ਉਸਦੇ ਸਿਰ ਉੱਤੇ ਇੱਕ ਚੌੜਾ-ਜਿਹਾ ਬੀਵਰ ਹੈਟ ਹੁੰਦਾ ਸੀ।

ਉਹ ਬਹੁਤ ਹੀ ਦੁਬਲਾ-ਪਤਲਾ ਕੁਢੱਬਾ ਜਿਹਾ ਵਿਅਕਤੀ ਸੀ ਅਤੇ ਹਮੇਸ਼ਾ ਮੁਸਕਰਾਉਂਦਾ ਰਹਿੰਦਾ ਸੀ। ਉਸਦੀਆਂ ਚਮਕੀਲੀਆਂ ਅੱਖਾਂ ਨਿਰੰਤਰ ਝਪਕਦੀਆਂ ਪਲਕਾਂ ਦੇ ਹੇਠਾਂ ਚੁਫੇਰੇ ਘੁੰਮਦੀਆਂ ਰਹਿੰਦੀਆਂ ਸਨ। ਉਸਦੇ ਹੱਥ ਵਿੱਚ ਹਮੇਸ਼ਾ ਸੋਨੇ ਦੀ ਮੁਠ ਵਾਲੀ ਸੋਟੀ ਰਹਿੰਦੀ ਸੀ, ਜੋ ਜ਼ਰੂਰ ਕੋਈ ਪੁਰਾਣੀ ਸ਼ਾਨਾਂਮੱਤੀ ਨਿਸ਼ਾਨੀ ਹੋਣੀ ਹੈ।

ਸ਼ੁਰੂ ਸ਼ੁਰੂ ਵਿੱਚ ਤਾਂ ਮੈਨੂੰ ਉਸ ਬੁਢੇ ਨੂੰ ਵੇਖਕੇ ਬਹੁਤ ਹੈਰਾਨ ਹੋਇਆ, ਪਰ ਬਾਅਦ ਵਿੱਚ ਮੈਂ ਉਸ ਵਿੱਚ ਅਤਿ ਤੀਖਣ ਰੁਚੀ ਲੈਣ ਲੱਗ ਪਿਆ। ਮੈਂ ਲੁੱਕ ਲੁੱਕ ਕੇ ਪੱਤਿਆਂ ਦੇ ਵਿੱਚ ਦੀ ਉਸਨੂੰ ਦੇਖਦਾ, ਉਸ ਤੋਂ ਥੋੜੀ ਦੂਰੀ ਬਣਾਈ ਰੱਖਦਾ, ਮੋੜ ਤੇ ਮੈਂ ਰੁਕ ਜਾਂਦਾ, ਤਾਂ ਕਿ ਉਹ ਮੈਨੂੰ ਵੇਖ ਨਾ ਸਕੇ।

ਇੱਕ ਸਵੇਰ ਦੀ ਗੱਲ ਹੈ ਕਿ ਇਹ ਸੋਚਕੇ ਕਿ ਉਹ ਉੱਥੇ ਇੱਕਦਮ ਇਕੱਲਾ ਹੈ, ਉਸਨੇ ਕੁੱਝ ਬੇਹੱਦ ਅਜੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਤਾਂ ਉਹ ਕਾਫ਼ੀ ਦੇਰ ਤੱਕ ਭੁੜਕਦਾ, ਉਸਦੇ ਬਾਅਦ ਉਸਨੇ ਕਾਫ਼ੀ ਝੁਕ ਜਾਂਦਾ। ਤੱਦ ਉਹ ਆਪਣੀਆਂ ਡੱਕਿਆਂ ਵਰਗੀਆਂ ਟੰਗਾਂ ਨਾਲ ਹਵਾ ਵਿੱਚ ਟਪੂਸੀਆਂ ਮਾਰਨ ਲੱਗਾ ਅਤੇ ਇਸ ਤਰ੍ਹਾਂ ਕਰਦਿਆਂ ਟੰਗਾਂ ਨੂੰ ਆਪੋ ਵਿੱਚ ਵਜਾਉਂਦਾ, ਇਸਦੇ ਬਾਅਦ ਉਸਨੇ ਬੜੇ ਆਕਰਸ਼ਕ ਢੰਗ ਨਾਲ ਘੁੰਮਣਾ ਸ਼ੁਰੂ ਕਰ ਦਿੱਤਾ। ਬੜੇ ਹਸਾਉਣੇ ਢੰਗ ਨਾਲ ਉਹ ਉਛਲ ਅਤੇ ਟੱਪ ਰਿਹਾ ਸੀ - ਉਹ ਨਿਰੰਤਰ ਮੁਸਕਰਾ ਰਿਹਾ ਸੀ ਜਿਵੇਂ ਉਹ ਇੱਕ ਦਰਸ਼ਕ-ਸਮੂਹ ਨੂੰ ਮੁਖ਼ਾਤਿਬ ਹੋਵੇ, ਆਪਣੇ ਮਾੜਕੂ ਮਧਰੇ ਕਠਪੁਤਲੀ-ਨੁਮਾ ਸਰੀਰ ਨੂੰ ਲਚਕਾਉਂਦੇ ਹੋਏ, ਆਪਣੀਆਂ ਬਾਂਹਾਂ ਨਾਲ ਹਵਾ ਵਿੱਚ ਕਲਾਤਮਕ ਇਸ਼ਾਰੇ ਕਰਦਾ ਅਤੇ ਵਿੱਚ ਵਿੱਚ ਹਵਾ ਵਿੱਚ ਹੀ ਕੁੱਝ ਸ਼ੁਭ ਇੱਛਾ ਦੇ ਸ਼ਬਦ ਉਚਾਰਦਾ ਜਾਂਦਾ ਸੀ। ਉਹ ਨੱਚ ਰਿਹਾ ਸੀ!

ਮੈਂ ਅਵਾਕ ਖੜਾ ਸੀ - ਸੋਚ ਰਿਹਾ ਸੀ, ਸਾਡੇ ਵਿੱਚੋਂ ਕੌਣ ਪਾਗਲ ਹੈ, ਉਹ ਜਾਂ ਮੈਂ।

ਪਰ ਉਦੋਂ ਅਚਾਨਕ ਉਹ ਰੁਕ ਗਿਆ। ਸਟੇਜ ਉੱਤੇ ਅੱਗੇ ਵੱਧਦੇ ਹੋਏ ਐਕਟਰਾਂ ਦੀ ਤਰ੍ਹਾਂ ਉਹ ਅੱਗੇ ਵਧਿਆ। ਉਸਨੇ ਸਿਰ ਝੁਕਾਇਆ ਅਤੇ ਫਿਰ ਕੰਬਦੇ ਹੱਥਾਂ ਨੂੰ ਬੁਲ੍ਹੀਆਂ ਨੂੰ ਛੁਹਾ ਕੇ ਚੁੰਮਣ ਦਿੰਦਾ ਹੋਇਆ ਐਕਟਰਾਂ ਦੀ ਤਰ੍ਹਾਂ ਉਹ ਪਿੱਛੇ ਹੱਟ ਗਿਆ।

ਫਿਰ ਉਹ ਇੱਕ ਸੰਜੀਦਾ ਤਰੀਕੇ ਨਾਲ ਆਪਣੇ ਰਸਤੇ ਅੱਗੇ ਵੱਧ ਗਿਆ।

ਅਤੇ ਉਦੋਂ ਤੋਂ ਮੈਂ ਕਦੇ ਉਸਨੂੰ ਆਪਣੀਆਂ ਨਜ਼ਰਾਂ ਤੋਂ ਓਹਲੇ ਨਹੀਂ ਹੋਣ ਦਿੱਤਾ। ਅਤੇ ਹਰ ਸਵੇਰੇ ਉਹ ਨਵੇਂ ਸਿਰੇ ਆਪਣੀਆਂ ਅਜੀਬ ਕਸਰਤਾਂ ਸ਼ੁਰੂ ਕਰਦਾ ਰਿਹਾ।

ਉਸ ਨਾਲ ਗੱਲਬਾਤ ਕਰਨ ਦੀ ਮੇਰੀ ਤਾਂਘ ਪ੍ਰਬਲ ਹੋ ਉਠੀ। ਅਤੇ ਤੱਦ, ਇੱਕ ਸਵੇਰੇ ਸਲਾਮ ਕਰਦੇ ਹੋਏ ਮੈਂ ਕਿਹਾ, ‘‘ਬੜਾ ਸੁਹਣਾ ਦਿਨ ਹੈ, ਜਨਾਬ! ’’

ਉਸਨੇ ਸਿਰ ਝੁਕਾਂਦੇ ਹੋਏ ਮੇਰੀ ਸਲਾਮ ਦਾ ਜਵਾਬ ਦਿੱਤਾ ਅਤੇ ਕਿਹਾ, ‘‘ਹਾਂ, ਜਨਾਬ। ਲਗਪਗ ਉਹੋ ਜਿਹਾ ਹੀ, ਜਿਹੋ ਜਿਹਾ ਆਮ ਤੌਰ ਤੇ ਹੁੰਦਾ ਹੈ। ’’

ਇੱਕ ਹਫ਼ਤੇ ਵਿੱਚ ਹੀ ਅਸੀਂ ਮਿੱਤਰ ਬਣ ਗਏ। ਉਸਨੇ ਮੈਨੂੰ ਆਪਣੀ ਕਹਾਣੀ ਸੁਣਾਈ। ਉਹ ਲੂਈ ਪੰਦਰਵੇਂ ਦੇ ਸਮੇਂ ਵਿੱਚ ਆਪੇਰਾ ਨਾਚ ਸਿਖਿਅਕ ਸੀ। ਉਸਦੀ ਸੋਨੇ ਦੀ ਮੁਠ ਵਾਲੀ ਸੋਟੀ ਉਸਨੂੰ ਕੋਂਤੇ ਦ ਕਲੇਰਮੋਂਤ ਨੇ ਉਪਹਾਰ ਵਜੋਂ ਦਿੱਤੀ ਸੀ - ਤੇ ਜਦੋਂ ਸਾਡੀ ਗੱਲ ਨਾਚ ਬਾਰੇ ਛਿੜੀ ਤਾਂ ਉਹ ਬੇਰੋਕ ਬੋਲਦਾ ਚਲਾ ਗਿਆ।

ਅਤੇ ਤੱਦ ਇੱਕ ਦਿਨ ਉਸਨੇ ਮੈਨੂੰ ਦੱਸਿਆ, ‘‘ਮੇਰੀ ਪਤਨੀ ਦਾ ਨਾਮ ਲਾ ਕਾਸਤਰਿਸ ਹੈ। ਜੇਕਰ ਤੁਸੀਂ ਚਾਹੋ, ਤਾਂ ਮੈਂ ਉਸ ਨਾਲ ਤੁਹਾਨੂੰ ਮਿਲਾ ਦਿਆਂਗਾ। ਲੇਕਿਨ ਉਹ ਇੱਥੇ ਕੇਵਲ ਦੁਪਹਿਰ ਨੂੰ ਆਉਂਦੀ ਹੈ। ਇਹ ਬਾਗ ਹੀ ਸਾਡਾ ਇੱਕਮਾਤਰ ਮਨੋਰੰਜਨ ਹੈ। ਸਾਡਾ ਜੀਵਨ ਹੈ। ਪੁਰਾਣੇ ਦਿਨਾਂ ਦੀ ਇਹੀ ਇੱਕ ਯਾਦਗਾਰ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਜੇਕਰ ਇਹ ਨਾ ਹੁੰਦਾ, ਤਾਂ ਅਸੀਂ ਜ਼ਿੰਦਾ ਨਾ ਰਹਿ ਸਕਦੇ। ਇਹ ਪੁਰਾਣਾ ਹੈ ਅਤੇ ਅਲੱਗ ਹੈ। ਮੈਨੂੰ ਲੱਗਦਾ ਹੈ ਕਿ ਇੱਥੇ ਮੈਂ ਉਸੇ ਹਵਾ ਵਿੱਚ ਸਾਹ ਲੈਂਦਾ ਹਾਂ, ਜੋ ਮੇਰੇ ਜਵਾਨੀ ਦੇ ਦਿਨਾਂਤੋਂ ਅੱਜ ਤੱਕ ਬਦਲੀ ਨਹੀਂ ਹੈ। ਮੈਂ ਅਤੇ ਮੇਰੀ ਪਤਨੀ ਆਪਣੇ ਸਾਰੇ ਬਾਅਦ-ਦੁਪਹਿਰ ਇੱਥੇ ਗੁਜ਼ਾਰਦੇ ਹਾਂ। ਮੈਂ ਸਵੇਰੇ ਵੀ ਇੱਥੇ ਆਉਂਦਾ ਹਾਂ, ਕਿਉਂਕਿ ਮੈਂ ਜਲਦੀ ਉਠ ਜਾਂਦਾ ਹਾਂ।’’

ਦੁਪਹਿਰ ਦਾ ਭੋਜਨ ਖ਼ਤਮ ਕਰਨ ਦੇ ਤੁਰਤ ਬਾਅਦ ਹੀ ਮੈਂ ਲਕਸਮਬਰਗ ਪਹੁੰਚ ਗਿਆ। ਜਲਦੀ ਹੀ ਮੈਂ ਵੇਖਿਆ ਕਿ ਮੇਰਾ ਮਿੱਤਰ ਇੱਕ ਬੁਢੀ ਔਰਤ ਦੇ ਨਾਲ ਬਾਂਹ ਵਿੱਚ ਬਾਂਹ ਪਾਈ ਚਲਾ ਆ ਰਿਹਾ ਸੀ। ਔਰਤ ਨੇ ਕਾਲੀ ਪੋਸ਼ਾਕ ਪਹਿਨੀ ਹੋਈ ਸੀ। ਸਾਡੀ ਜਾਣ ਪਹਿਚਾਣ ਕਰਾਈ ਗਈ। ਉਹ ਮਹਾਨ ਨਰਤਕੀ ਲਾ ਕਾਸਤਰਿਸ ਸੀ - ਰਾਜਕੁਮਾਰਾਂ ਅਤੇ ਰਾਜਿਆਂ ਮਹਾਰਾਜਿਆਂ ਦੀ ਚਹੇਤੀ। ਉਸ ਸੂਰਬੀਰਤਾ ਦੀ ਉਸ ਰੰਗੀਲੀ ਸਦੀ ਦੀ ਚਹੇਤੀ, ਜਿਸ ਨੇ ਸੰਸਾਰ ਨੂੰ ਮੁਹੱਬਤ ਨਾਲ ਤਰ ਕਰ ਦਿੱਤਾ ਸੀ।

ਅਸੀ ਬੈਂਚ ਉੱਤੇ ਬੈਠ ਗਏ। ਮਈ ਦਾ ਮਹੀਨਾ ਸੀ। ਫੁੱਲਾਂ ਦੀ ਸੁਗੰਧ ਨਾਲ ਵਾਤਾਵਰਣ ਮਹਿਕ ਰਿਹਾ ਸੀ। ਗਰਮ ਸੁਹਾਵਣੀ ਧੁੱਪ ਪੱਤਿਆਂ ਨੂੰ ਲਿਸ਼ਕਾ ਰਹੀ ਸੀ ਅਤੇ ਸਾਡੇ ਤੇ ਡੱਬ-ਖੜੱਬੀ ਧੁੱਪ ਬਖੇਰ ਰਹੀ ਸੀ। ਲਾ ਕਾਸਤਰਿਸ ਦਾ ਕਾਲਾ ਪਹਿਰਾਵਾ ਇਸ ਧੁੱਪ ਵਿੱਚ ਤ੍ਰਿਪਤ ਹੋਇਆ ਜਾਪਦਾ ਸੀ।

ਬਾਗ ਖਾਲੀ ਸੀ। ਦੂਰੋਂ ਬੱਘੀਆਂ ਦੇ ਪਹੀਆਂ ਦੀ ਖੜਖੜ ਦੀ ਅਵਾਜ਼ ਸੁਣਾਈ ਦੇ ਰਹੀ ਸੀ।

ਮੈਂ ਉਸ ਬੁਢੇ ਨਾਚ-ਉਸਤਾਦ ਕੋਲੋਂ ਪੁੱਛਿਆ, ‘‘ਅੱਜ ਮੈਨੂੰ ਦੱਸੋ, ਮਿਨੂਏਤ ਕੀ ਹੁੰਦਾ ਹੈ?’’

ਉਹ ਕੁੱਝ ਚੌਂਕਿਆ, ਫਿਰ ਬੋਲਿਆ, ‘‘ਜਨਾਬ, ਮਿਨੂਏਤ ਨਾਚ ਵੰਨਗੀਆਂ ਦੀ ਰਾਣੀ ਹੈ ਅਤੇ ਰਾਣੀਆਂ ਦਾ ਨਾਚ ਹੈ, ਅਤੇ ਹੁਣ, ਜਦੋਂ ਕਿ ਰਾਜਾਸ਼ਾਹੀ ਨਹੀਂ ਰਹੀ, ਤਾਂ ਇਹ ਰਾਜ ਨ੍ਰਿਤ ਵੀ ਨਹੀਂ ਰਿਹਾ।’’

ਅਤੇ ਉਸਨੇ ਇਕ ਬਹੁਤ ਹੀ ਸ਼ਾਨਦਾਰ ਢੰਗ ਨਾਲ ਇੱਕ ਲੰਮੇ ਡਾਇਥਰਾਮੈਬਿਕ ਕਸੀਦੇ ਨਾਲ ਗੱਲ ਸ਼ੁਰੂ ਕੀਤੀ, ਜਿਸਨੂੰ ਮੈਂ ਸਮਝ ਨਹੀਂ ਸਕਿਆ। ਮੈਂ ਚਾਹੁੰਦਾ ਸੀ ਕਦਮਾਂ, ਅਦਾਵਾਂ, ਪੁਜੀਸ਼ਨਾਂ ਬਾਰੇ ਮੈਨੂੰ ਸਮਝਾਇਆ ਜਾਵੇ। ਉਹ ਉਲਝਣ ਵਿਚ ਪੈ ਗਿਆ ਅਤੇ ਮੈਨੂੰ ਸਮਝਾਉਣ ਵਿਚ ਅਸਮਰਥ ਹੋਣ ਤੇ ਹੈਰਾਨ ਸੀ, ਉਹ ਘਬਰਾ ਗਿਆ ਅਤੇ ਚਿੰਤਤ ਹੋ ਗਿਆ।

ਤੇ ਫਿਰ ਅਚਾਨਕ ਉਹ ਹੁਣ ਤੱਕ ਚੁੱਪ ਅਤੇ ਗੰਭੀਰ ਬੈਠੀ ਆਪਣੀ ਪਤਨੀ ਦੇ ਵੱਲ ਘੁੰਮਿਆ ਅਤੇ ਉਸ ਨੂੰ ਕਹਿਣ ਲਗਾ, ‘‘ਏਲਿਜੇ, ਕੀ ਤੂੰ ਇਸ ਭਲੇ ਆਦਮੀ ਨੂੰ ਉਹ ਰਾਜਨ੍ਰਿਤ ਵਿਖਾ ਸਕਦੀ ਹੈਂ? ਤੇਰੀ ਬੜੀ ਮਿਹਰਬਾਨੀ ਹੋਵੇਗੀ।’’

ਚਾਰੇ ਪਾਸੇ ਨਜ਼ਰਾਂ ਘੁਮਾਉਂਦੀ ਹੋਈ ਉਹ ਉਠ ਖੜੀ ਹੋਈ ਅਤੇ ਬਿਨਾਂ ਇੱਕ ਸ਼ਬਦ ਵੀ ਬੋਲੇ ਉਸਦੇ ਸਾਹਮਣੇ ਆਪਣੇ ਸਥਾਨ ਉੱਤੇ ਨਾਚ ਲਈ ਤਿਆਰ ਅਦਾ ਵਿੱਚ ਖੜੀ ਹੋ ਗਈ।

ਤੇ ਫਿਰ ਮੈਂ ਇੱਕ ਅਜਿਹਾ ਦ੍ਰਿਸ਼ ਵੇਖਿਆ, ਜੇਹਾ ਮੈਂ ਪਹਿਲਾਂ ਕਦੇ ਦੇਖਿਆ ਸੁਣਿਆ ਨਹੀਂ ਸੀ।

ਉਹ ਕਦਮ ਮਿਲਾਕੇ ਅੱਗੇ-ਪਿੱਛੇ ਹੱਟਦੇ ਨਚਣ ਲੱਗੇ, ਉਹ ਬੱਚਿਆਂ ਵਾਂਗ ਮੂੰਹ ਬਣਾਉਂਦੇ, ਮੁਸਕਰਾਉਂਦੇ, ਇੱਕ ਦੂਜੇ ਨੂੰ ਹੁਲਾਰਾ ਦਿੰਦੇ, ਸਿਰ ਝੁਕਾਉਂਦੇ, ਟੱਪ ਰਹੇ ਸਨ। ਠੀਕ ਉਂਜ ਹੀ, ਜਿਵੇਂ ਕੁੰਜੀ ਨਾਲ ਚਲਣ ਵਾਲਾ ਪੁਰਾਣਾ ਗੁਡੀਆਂ ਦਾ ਜੋੜਾ, ਜੋ ਲੱਗਦਾ ਸੀ, ਹੁਣ ਕੁੱਝ ਗੜਬੜਾ ਗਿਆ ਹੋਵੇ, ਪਰ ਜਿਸ ਨੂੰ ਕਿਸੇ ਮਾਹਿਰ ਕਲਾਕਾਰ ਨੇ ਆਪਣੇ ਸਮੇਂ ਦੇ ਫੈਸ਼ਨ ਮੁਤਾਬਕ ਕੰਪੋਜ਼ ਕੀਤਾ ਹੋਵੇ।

ਜਦੋਂ ਮੈਂ ਉਨ੍ਹਾਂ ਨੂੰ ਵੇਖ ਰਿਹਾ ਸੀ, ਤਾਂ ਮੇਰੇ ਹਿਰਦੇ ਵਿੱਚ ਅਸਾਧਾਰਨ ਵਲਵਲੇ ਜਾਗ ਪਏ। ਮੇਰੀ ਰੂਹ ਨੂੰ ਅਕਹਿ ਉਦਾਸੀ ਨੇ ਘੇਰ ਲਿਆ। ਮੇਰੇ ਸਾਹਮਣੇ ਬੀਤੀ ਹੋਈ ਸਦੀ ਦਾ ਇੱਕ ਦੁੱਖੀ ਤੇ ਹਾਸੋਹੀਣਾ ਭੂਤ, ਇੱਕ ਵੇਲਾ ਵਿਹਾ ਚੁੱਕਿਆ ਛਾਇਆ ਤੈਰਦਾ ਪਰਤੀਤ ਹੋ ਰਿਹਾ ਸੀ।

ਅਚਾਨਕ ਹੀ ਉਹ ਰੁਕ ਗਏ। ਉਨ੍ਹਾਂ ਨੇ ਨਾਚ ਦੀਆਂ ਸਭ ਅਦਾਵਾਂ ਦਿਖਾ ਦਿੱਤੀਆਂ ਸਨ। ਕੁੱਝ ਪਲ ਉਹ ਇੱਕ-ਦੂਜੇ ਦੇ ਸਾਹਮਣੇ ਖੜੇ, ਅਜੀਬ ਜਿਹੇ ਢੰਗ ਨਾਲ ਮੁਸਕਰਾਉਂਦੇ ਰਹੇ। ਫਿਰ ਉਹ ਇੱਕ-ਦੂਜੇ ਦੀਆਂ ਬਾਂਹਾਂ ਵਿੱਚ ਢੇਰੀ ਹੋ ਗਏ ਅਤੇ ਬੁਸਕਣ ਲੱਗੇ।

ਤਿੰਨ ਦਿਨ ਬਾਅਦ ਮੈਂ ਸੂਬਾਈ ਇਲਾਕੇ ਨੂੰ ਚਲਾ ਗਿਆ। ਮੈਂ ਫਿਰ ਉਨ੍ਹਾਂ ਨੂੰ ਕਦੇ ਨਹੀਂ ਵੇਖਿਆ। ਦੋ ਸਾਲ ਬਾਅਦ ਜਦੋਂ ਮੈਂ ਪੈਰਸ ਪਰਤਿਆ, ਤਾਂ ਉਹ ਨਰਸਰੀ ਬਾਗ਼ ਬਰਬਾਦ ਹੋ ਚੁੱਕਾ ਸੀ। ਮੈਨੂੰ ਸਮਝ ਨਾ ਆਵੇ ਕਿ ਉਸ ਪੁਰਾਣੇ ਬਾਗ ਦੇ ਬਿਨਾਂ, ਜਿਸਦੇ ਨਾਲ ਉਨ੍ਹਾਂ ਦਾ ਇੰਨਾ ਲਗਾਉ ਸੀ, ਜਿਸ ਵਿੱਚ ਉਹੀ ਪੁਰਾਣੀ ਸੁਗੰਧ ਸੀ ਅਤੇ ਵਲੇਵੇਂਦਾਰ ਪਗਡੰਡੀਆਂ ਬਣੀਆਂ ਹੋਈਆਂ ਸਨ, ਝਾੜੀਆਂ ਦੀਆਂ ਸੁੰਦਰ ਹੈਜ਼ਾਂ ਦੇ ਅਦਭੁਤ ਨਜ਼ਾਰੇ ਸਨ; ਉਨ੍ਹਾਂ ਦੋਨਾਂ ਦਾ ਕੀ ਬਣਿਆ ਹੋਵੇਗਾ?

ਕੀ ਉਹ ਮਰ ਗਏ ਹੋਣਗੇ? ਕੀ ਉਹ ਅੱਜ ਵੀ ਸਾਡੀਆਂ ਆਧੁਨਿਕ ਗਲੀਆਂ ਵਿੱਚ ਦੁਰਕਾਰਿਆਂ ਦੀ ਤਰ੍ਹਾਂ ਭਟਕ ਰਹੇ ਹੋਣਗੇ? ਕੀ ਉਹ ਘਿਣਾਉਣੇ ਪ੍ਰੇਤ - ਚੰਨ ਚਾਨਣੀ ਵਿੱਚ, ਕਬਰਾਂ ਨਾਲ ਘਿਰੀਆਂ ਪਗਡੰਡੀਆਂ ਦੇ ਨਾਲ, ਕਬਰਸਤਾਨ ਦੇ ਸਰੋ ਦੇ ਰੁੱਖਾਂ ਵਿੱਚਕਾਰ ਇੱਕ ਸ਼ਾਨਦਾਰ ਮਿਨੂਏਤ ਨਾਚ ਨੱਚ ਰਹੇ ਹੋਣਗੇ?

ਉਨ੍ਹਾਂ ਦੀ ਯਾਦ ਹੁਣ ਵੀ ਮੇਰਾ ਖਹਿੜਾ ਨਹੀਂ ਛੱਡਦੀ, ਮੈਨੂੰ ਸਤਾਉਂਦੀ ਰਹਿੰਦੀ ਹੈ, ਰੁਆਉਂਦੀ ਰਹਿੰਦੀ ਹੈ, ਕਿਸੇ ਨਾਸੂਰ ਦੀ ਤਰ੍ਹਾਂ ਰਿਸਦੀ ਰਹਿੰਦੀ ਹੈ। ਕਿਉਂ? ਮੈਨੂੰ ਨਹੀਂ ਪਤਾ।

ਬਿਨਾਂ ਸ਼ੱਕ ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿੰਨਾ ਊਲਜਲੂਲ ਹੈ?

ਅਨੁਵਾਦ: ਚਰਨ ਗਿੱਲ