11929ਅਲਵਿਦਾਮੋਪਾਸਾਂ

ਦੋਨੋਂ ਦੋਸਤ ਡਿਨਰ ਮੁਕਾ ਲੈਣ ਦੇ ਨੇੜੇ ਸਨ। ਰੇਸਤੋਰਾਂ ਦੀ ਖਿੜਕੀ ਤੋਂ ਬਾਹਰ ਸੜਕ ਉੱਤੇ ਬੁਲੇਵਾਰ ਵਿੱਚ ਗਹਿਮਾ ਗਹਿਮੀ ਵੇਖੀ ਜਾ ਸਕਦੀ ਸੀ। ਹੁਨਾਲ ਦੇ ਮੌਸਮ ਦੀਆਂ ਸ਼ਾਮਾਂ ਵਿੱਚ ਪੈਰਸ ਦੀਆਂ ਗਲੀਆਂ ਵਿੱਚ ਅਵਾਰਾ ਵਗਦੀ ਹਵਾ ਦੇ ਝੋਂਕਿਆਂ ਨੂੰ ਮਹਿਸੂਸ ਕੀਤਾ ਜਾ ਸਕਦਾ ਸੀ। ਹਵਾ ਦੀ ਭਿੰਨੀ ਭਿੰਨੀ ਖੁਸ਼ਬੂ ਨਾਲ ਚਹਿਲਕਦਮੀ ਕਰਨ ਵਾਲਿਆਂ ਦਾ ਜੀ ਕਰ ਰਿਹਾ ਸੀ ਕਿ ਖੰਭ ਲਗਾ ਕੇ ਕਿਤੇ ਉੱਡ ਜਾਣ - ਦੂਰ ਬਹੁਤ ਦੂਰ। ਨਾਜਾਣੇ ਕਿੱਥੇ! ਅਤੇ ਦਰਿਆਵਾਂ ਦੇ ਪਾਣੀ ਦੀਆਂ ਲਹਿਰਾਂ ਉੱਤੇ ਖੇਡਦੀ ਚਾਨਣੀ, ਸਿਤਾਰਿਆਂ ਦੀ ਝਿਲਮਿਲਾਹਟ, ਜੁਗਨੂੰਆਂ ਅਤੇ ਬੁਲਬੁਲ ਦੇ ਗੀਤਾਂ ਵਾਲੇ ਸੁਪਨਿਆਂ ਵਿੱਚ ਮਸਤ ਹੋ ਜਾਣ। ਪਹਿਲੇ ਦੋਸਤ, ਹੈਨਰੀ ਸਿਮੋਨ, ਨੇ ਇੱਕ ਗਹਿਰਾ ਸਾਹ ਭਰਿਆ ਅਤੇ ਬੋਲਿਆ, “ਆਹ! ਬੁੱਢਾ ਹੋ ਗਿਆ ਹਾਂ ਮੈਂ। ਕਿੰਨੀ ਉਦਾਸ ਗੱਲ ਹੈ। ਕਿਸੇ ਜ਼ਮਾਨੇ ਵਿੱਚ ਅਜਿਹੀਆਂ ਹੀ ਸ਼ਾਮਾਂ ਵਿੱਚ ਮੈਨੂੰ ਇਵੇਂ ਮਹਿਸੂਸ ਹੁੰਦਾ ਸੀ ਕਿ ਜਿਵੇਂ ਮੇਰੇ ਅੰਗ ਅੰਗ ਵਿੱਚ ਅੱਗ ਭਰੀ ਹੋਵੇ। ਅਤੇ ਅੱਜ ... ਅੱਜ ਮੈਨੂੰ ਪਛਤਾਵੇ ਅਤੇ ਨਿਰਾਸ਼ਾ ਦੇ ਇਲਾਵਾ ਹੋਰ ਕੁੱਝ ਮਹਿਸੂਸ ਨਹੀਂ ਹੋ ਰਿਹਾ। ਜ਼ਿੰਦਗੀ ਵੀ ਕਿਵੇਂ ਪਲਕ ਝਪਕਦੇ ਹੀ ਬੀਤ ਜਾਂਦੀ ਹੈ!"

ਉਹ ਸ਼ਾਇਦ ਪੰਤਾਲੀ ਸਾਲਾਂ ਦਾ ਹੋਵੇਗਾ, ਹੱਟਾ ਕੱਟਾ ਅਤੇ ਹੁਣੇ ਤੋਂ ਮੁਕੰਮਲ ਤੌਰ ਤੇ ਗੰਜਾ ਹੋ ਚੁੱਕਿਆ ਸੀ।

ਉਸ ਦਾ ਦੋਸਤ, ਪੀਆ ਕਾਰਨੇ, ਜੋ ਉਮਰ ਵਿੱਚ ਉਸ ਨਾਲੋਂ ਕੁੱਝ ਵੱਡਾ ਲੇਕਿਨ ਦੁਬਲਾ ਪੁਤਲਾ ਅਤੇ ਚੁਸਤ ਫੁਰਤ ਸੀ, ਨੇ ਜਵਾਬ ਦਿੱਤਾ, “ਮੇਰੇ ਦੋਸਤ ਮੈਨੂੰ ਤਾਂ ਅਹਿਸਾਸ ਹੀ ਨਹੀਂ ਹੋਇਆ ਕਿ ਮੈਂ ਕਦੋਂ ਬੁੱਢਾ ਹੋ ਗਿਆ। ਮੈਂ ਹਮੇਸ਼ਾ ਹੀ ਤੋਂ ਬਹੁਤ ਖ਼ੁਸ਼-ਤਬੀਅਤ, ਜੋਸ਼ੀਲਾ ਅਤੇ ਹੋਰ ਵੀ ਬੜਾ ਕੁਝ ਹੋਇਆ ਕਰਦਾ ਸੀ। ਪਰ ਹਾਲਾਂਕਿ ਅਸੀ ਹਰ ਰੋਜ ਹੀ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਦੇ ਹਾਂ ਇਸ ਲਈ ਸਾਨੂੰ ਬੀਤ ਰਹੀ ਉਮਰ ਦੇ ਕੰਮ ਦਾ ਅੰਦਾਜ਼ਾ ਹੀ ਨਹੀਂ ਹੁੰਦਾ। ਵਕਤ ਇਵੇਂ ਬੀਤਦਾ ਹੈ ਅਤੇ ਸਾਡੇ ਚੇਹਰਿਆਂ ਉੱਤੇ ਇਵੇਂ ਹੌਲੀ ਹੌਲੀ ਨਕਸ਼ ਛੱਡਦਾ ਜਾਂਦਾ ਹੈ ਕਿ ਸਾਨੂੰ ਇਨ੍ਹਾਂ ਤਬਦੀਲੀਆਂ ਦਾ ਅਹਿਸਾਸ ਹੀ ਨਹੀਂ ਹੁੰਦਾ। ਇਹੀ ਤਾਂ ਵਜ੍ਹਾ ਹੈ ਕਿ ਅਸੀਂ ਉਮਰ ਦੀਆਂ ਇਨ੍ਹਾਂ ਸਿਤਮ ਜ਼ਰੀਫ਼ੀਆਂ ਦੇ ਹੱਥੋਂ ਦੋ ਤਿੰਨ ਸਾਲ ਹੀ ਵਿੱਚ ਮਰ ਖਪ ਨਹੀਂ ਜਾਂਦੇ। ਸਾਨੂੰ ਇਨ੍ਹਾਂ ਦਾ ਅਹਿਸਾਸ ਹੀ ਨਹੀਂ ਹੁੰਦਾ। ਇਸ ਦਾ ਦਰੁਸਤ ਅੰਦਾਜ਼ਾ ਉਸ ਵਕਤ ਹੋਵੇਗਾ ਜਦੋਂ ਛੇ ਮਹੀਨੇ ਤੱਕ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖੇ ਬਿਨਾਂ ਰਹੀਏ। ਹਾਂ ਫਿਰ ਪਤਾ ਲੱਗੇਗਾ! ਅਤੇ ਔਰਤਾਂ? ਆਹ ਮੇਰੇ ਦੋਸਤ, ਮੈਨੂੰ ਤਾਂ ਉਨ੍ਹਾਂ ਵਿਚਾਰੀਆਂ ਤੇ ਤਰਸ ਆਉਂਦਾ ਹੈ। “ਉਨ੍ਹਾਂ ਦੀ ਸਾਰੀ ਖੁਸ਼ੀ, ਸਾਰੀ ਤਾਕਤ ਅਤੇ ਉਨ੍ਹਾਂ ਦੀ ਸਾਰੀ ਜ਼ਿੰਦਗੀ ਉਨ੍ਹਾਂ ਦੇ ਪ੍ਰਗਟ ਹੁਸਨ ਵਿੱਚ ਹੀ ਛੁਪੀ ਹੁੰਦੀ ਹੈ ਜੋ ਸਿਰਫ ਦਸ ਸਾਲ ਤੱਕ ਕਾਇਮ ਰਹਿੰਦਾ ਹੈ। “ਇਹ ਕਹਿੰਦੇ ਹੋਏ ਮੈਨੂੰ ਆਪਣੇ ਬੁਢੇਪੇ ਦਾ ਅਹਿਸਾਸ ਹੀ ਨਾ ਹੋਇਆ। ਹਾਲਾਂਕਿ ਮੇਰੀ ਉਮਰ ਪੰਜਾਹ ਸਾਲ ਹੋ ਚੁੱਕੀ ਸੀ, ਮੈਂ ਖ਼ੁਦ ਨੂੰ ਜਵਾਨ ਸਮਝਦਾ ਸੀ। ਅਤੇ ਮੈਨੂੰ ਕੋਈ ਜਿਸਮਾਨੀ ਕਮਜ਼ੋਰੀ ਨਹੀਂ ਸੀ। ਇਸ ਲਈ ਮੈਂ ਪ੍ਰਸ਼ੰਨ ਅਤੇ ਸ਼ਾਂਤਮਈ ਜ਼ਿੰਦਗੀ ਬਿਤਾ ਰਿਹਾ ਸੀ।

“ਆਪਣੀ ਜਵਾਨੀ ਦੇ ਢਲਣ ਦਾ ਇਲਹਾਮ ਮੈਨੂੰ ਐਵੇਂ ਹੀ ਇੱਕ ਦਿਨ ਉਸ ਇੱਕਲਖ਼ਤ ਸਰਲ ਤੇ ਖੌਫ਼ਨਾਕ ਅੰਦਾਜ਼ ਵਿੱਚ ਹੋਇਆ ਕਿ ਮੈਂ ਛੇ ਮਹੀਨੇ ਬਿਸਤਰ ਤੋਂ ਨਾ ਉਠ ਸਕਿਆ। ਅਤੇ ਫਿਰ ਮੈਂ ਆਪਣੇ ਹਾਲ ਨਾਲ ਸਮਝੌਤਾ ਕਰ ਲਿਆ।

“ਸਭ ਮਰਦਾਂ ਦੀ ਤਰ੍ਹਾਂ ਮੇਰੇ ਦਿਲ ਨੂੰ ਵੀ ਬਹੁਤ ਸਾਰੀਆਂ ਔਰਤਾਂ ਧੂਹ ਪਾਉਂਦੀਆਂ ਸਨ, ਪਰ ਸੱਚੀ ਮੁਹੱਬਤ ਸਿਰਫ ਇੱਕ ਹੀ ਨਾਲ ਹੋਈ ਸੀ। ਬਾਰਾਂ ਸਾਲ ਹੋ ਗਏ, ਜੰਗ ਦੇ ਕੁੱਝ ਅਰਸੇ ਬਾਅਦ ਉਹ ਮੈਨੂੰ ਪਹਿਲੀ ਵਾਰ ਏਥੋਤਾ ਸ਼ਹਿਰ ਦੇ ਸਾਗਰ ਦੇ ਕੰਢੇ ਤੇ ਮਿਲੀ ਸੀ। ਸਵੇਰ ਦੇ ਇਸ਼ਨਾਨ ਦੇ ਵਕਤ ਇਸ ਬੀਚ ਨਾਲੋਂ ਜ਼ਿਆਦਾ ਸੁੱਖਦਾਈ ਜਗ੍ਹਾ ਹੋਰ ਕੋਈ ਨਹੀਂ ਹੁੰਦੀ। ਬੀਚ ਘੋੜੇ ਦੀ ਨਾਅਲ ਦੀ ਸ਼ਕਲ ਦਾ ਸੀ ਜਿਸਦੇ ਤਿੰਨ ਪਾਸੇ ਉੱਚੀਆਂ ਚਿੱਟੀਆਂ ਖੜੀਆਂ ਚੱਟਾਨਾਂ ਸਨ ਜਿਨ੍ਹਾਂ ਵਿੱਚ ਛੋਟੇ ਛੋਟੇ ਮਘੋਰੇ ਵਿਖਾਈ ਦਿੰਦੇ ਸਨ। ਇੱਕ ਤਾਂ ਸਾਗਰ ਵਿੱਚ ਨੂੰ ਸੀ ਜਿਵੇਂ ਕਿਸੇ ਦਿਓ ਦੀ ਲੱਤ ਹੋਵੇ ਅਤੇ ਦੂਜੀ ਛੋਟੀ ਸੀ। ਇੱਥੇ ਗੋਲ ਚਮਕਦਾਰ ਪੱਥਰਾਂ ਵਾਲੀ ਇੱਕ ਚੌੜੀ ਪੱਟੀ ਸਮੁੰਦਰ ਵਿੱਚ ਦੂਰ ਤੱਕ ਚੱਲੀ ਜਾਂਦੀ ਸੀ। ਅਤੇ ਇਸ ਪੱਟੀ ਉੱਤੇ ਧੁੱਪ ਨਾਲ ਚਮਕਦੇ ਦਿਨਾਂ ਵਿੱਚ ਦੂਰੋਂ ਦੂਰੋਂ ਹੁਸੀਨ ਔਰਤਾਂ ਸਮੁੰਦਰ ਵਿੱਚ ਨਹਾਉਣ ਆਉਂਦੀਆਂ ਸਨ। ਇਸ ਵਕਤ ਇਵੇਂ ਵਿਖਾਈ ਦਿੰਦਾ ਸੀ ਕਿ ਜਿਵੇਂ ਸਮੁੰਦਰ ਦੇ ਬੀਚ ਤੇ ਚੱਟਾਨਾਂ ਦੇ ਢਾਂਚੇ ਵਿੱਚ ਰੇਤ ਦੀ ਪੱਟੀ ਉੱਤੇ ਰੰਗੀਨ ਲਹਿੰਗਿਆਂ ਦਾ ਇੱਕ ਬਾਗ ਉਗ ਆਇਆ ਹੋਵੇ। ਲੋਕ ਸਮੁੰਦਰ ਦੇ ਕੰਢੇ ਜਾ ਬੈਠਦੇ ਅਤੇ ਨਹਾਉਣ ਵਾਲਿਆਂ ਨੂੰ ਵੇਖਦੇ। ਤੈਰਾਕੀ ਦੇ ਲਿਬਾਸ ਦੇ ਉੱਤੇ ਫ਼ਲਾਲੀਨ ਦੇ ਗਾਊਨ ਪਹਿਨ ਉਹ ਹੌਲੀ ਹੌਲੀ ਪਾਣੀ ਵਿੱਚ ਉਤਰਦੀਆਂ ਅਤੇ ਜਦੋਂ ਲਹਿਰਾਂ ਦੀ ਝੱਗ ਉੱਪਰ ਆ ਪੁੱਜਦੀ ਤਾਂ ਆਪਣੇ ਗਾਊਨ ਉਤਾਰ ਦਿੰਦੀਆਂ ਅਤੇ ਤੇਜ਼ ਕਦਮਾਂ ਨਾਲ ਸਮੁੰਦਰ ਵਿੱਚ ਕੁੱਦ ਜਾਂਦੀਆਂ। ਇਨ੍ਹਾਂ ਕੁਝ ਕਦਮਾਂ ਵਿੱਚ ਪਾਣੀ ਦੀ ਠੰਢਕ ਦੀ ਵਜ੍ਹਾ ਨਾਲ ਸੁਹਾਵਣੀ ਸਨਸਨੀ ਜਿਹੀ ਛਿੜ ਜਾਂਦੀ ਅਤੇ ਉਹ ਵਾਰ ਵਾਰ ਸਾਹ ਲੈਣ ਲਈ ਲਈ ਰੁਕ ਜਾਂਦੀਆਂ।

“ਸਮੁੰਦਰ ਵਿੱਚ ਨਹਾਉਣਾ ਵੀ ਇੱਕ ਇਮਤਿਹਾਨ ਹੁੰਦਾ ਹੈ। ਇੱਥੇ ਕਿਸੇ ਔਰਤ ਦੇ ਗਿੱਟਿਆਂ ਤੋਂ ਲੈਕੇ ਗਲੇ ਤੱਕ ਅਸਲੀ ਹੁਸਨ ਦਾ ਨਿਰਣਾ ਹੁੰਦਾ ਹੈ। ਖ਼ਾਸ ਕਰ ਪਾਣੀ ਤੋਂ ਬਾਹਰ ਨਿਕਲਦੇ ਹੋਏ ਤਾਂ ਸਭ ਖ਼ੂਬੀਆਂ ਖ਼ਾਮੀਆਂ ਜ਼ਾਹਿਰ ਹੋ ਜਾਂਦੀਆਂ ਹਨ ਹਾਲਾਂਕਿ ਠੰਡਾ ਪਾਣੀ ਤਾਂ ਥੁਲਥੁਲ ਹੋਏ ਮਾਸ ਨੂੰ ਤਣ ਦੇਣ ਵਿੱਚ ਬੜਾ ਇਮਦਾਦੀ ਹੁੰਦਾ ਹੈ।

“ਪਹਿਲੀ ਵਾਰ ਮੇਰੀ ਇਸ ਕੁੜੀ ਉੱਤੇ ਨਜ਼ਰ ਪਈ ਤਾਂ ਮੈਂ ਹੱਕਾ ਬੱਕਾ ਖੜਾ ਰਹਿ ਗਿਆ। ਉਹ ਕਿਸੇ ਜਲ-ਪਰੀ ਦੀ ਤਰ੍ਹਾਂ ਪਾਣੀ ਵਿੱਚੋਂ ਨਿਕਲ ਰਹੀ ਸੀ। ਕੁੱਝ ਚਿਹਰੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਜਾਦੂ ਪਹਿਲੀ ਹੀ ਨਜ਼ਰ ਵਿੱਚ ਵੇਖਣ ਵਾਲਿਆਂ ਦੇ ਦਿਲ ਦਿਮਾਗ਼ ਤੇ ਤਾਰੀ ਹੋ ਜਾਂਦਾ ਹੈ। ਇਵੇਂ ਵਿਖਾਈ ਦਿੰਦਾ ਹੈ ਕਿ ਜ਼ਿੰਦਗੀ ਦਾ ਵਾਹਿਦ ਮਕਸਦ ਹੀ ਸਿਰਫ ਇਸ ਕੁੜੀ ਦੀ ਮੁਹੱਬਤ ਨੂੰ ਪਾਉਣਾ ਹੈ। ਇਸ ਨੂੰ ਵੇਖਦੇ ਹੀ ਮੈਨੂੰ ਵੀ ਇਵੇਂ ਮਹਿਸੂਸ ਹੋਇਆ ਅਤੇ ਮੈਂ ਝੰਜੋੜਿਆ ਗਿਆ ਸੀ।

“ਸਾਡਾ ਤਆਰੁਫ਼ ਕਿਰਾਇਆ ਗਿਆ ਅਤੇ ਮੈਨੂੰ ਭਰੋਸਾ ਹੋ ਗਿਆ ਕਿ ਮੈਂ ਇਸ ਕੁੜੀ ਨੂੰ ਇੰਨਾ ਪਿਆਰ ਕਰਦਾ ਹਾਂ ਜਿੰਨਾ ਮੈਂ ਸਾਰੀ ਜ਼ਿੰਦਗੀ ਵਿੱਚ ਹੋਰ ਕਿਸੇ ਨੂੰ ਨਹੀਂ ਕੀਤਾ। ਮੇਰਾ ਦਿਲ ਹਰ ਵਕਤ ਉਸ ਦੀ ਚਾਹਤ ਵਿੱਚ ਤੜਪਦਾ ਰਹਿੰਦਾ। ਕੋਈ ਜਵਾਨ ਲੜਕੀ ਤੁਹਾਡੇ ਤੇ ਸਵਾਰ ਹੋ ਜਾਵੇ ਇਸ ਨਾਲੋਂ ਜ਼ਿਆਦਾ ਖੌਫ਼ਨਾਕ ਅਤੇ ਅਨੰਦਮਈ ਚੀਜ਼ ਹੋਰ ਕੋਈ ਨਹੀਂ ਹੋ ਸਕਦੀ। ਇਹ ਇੱਕੋ ਵਕਤ ਤਸੀਹਾ ਅਤੇ ਅਤੇ ਫਿਰ ਵੀ ਅਨੰਤ ਆਨੰਦ ਹੁੰਦਾ ਹੈ। ਉਸ ਦੀਆਂ ਨਜ਼ਰਾਂ, ਉਸ ਦੀ ਮੁਸਕੁਰਾਹਟ, ਹਵਾ ਵਿੱਚ ਉੱਡਦੀਆਂ ਉਸ ਦੀਆਂ ਜ਼ੁਲਫ਼ਾਂ, ਉਸ ਦੇ ਚਿਹਰੇ ਦੀਆਂ ਨਿੱਕੀਆਂ ਨਿੱਕੀਆਂ ਰੇਖਾਵਾਂ, ਉਸ ਦੇ ਨੈਣ ਨਕਸ਼ਾਂ ਦੀ ਹਲਕੀ ਜਿਹੀ ਜੁੰਬਸ਼ ਵੀ ਮੇਰੇ ਦਿਲ ਦਿਮਾਗ਼ ਨੂੰ ਬੇਚੈਨ ਕਰ ਦਿੰਦੀ। ਉਸ ਦੀ ਸਾਰੀ ਚਾਲ ਢਾਲ ਮੇਰੇ ਸਾਰੇ ਵਜੂਦ ਉੱਤੇ ਕਾਬੂ ਪਾ ਚੁੱਕੀ ਸੀ, ਉਸ ਦੀਆਂ ਹਰਕਤਾਂ, ਉਸ ਦਾ ਉੱਠਣਾ ਬੈਠਣਾ, ਇਥੋਂ ਤੱਕ ਕਿ ਉਸ ਦਾ ਲਿਬਾਸ ਵੀ ਉਸ ਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਹਣਾ ਵਿਖਾਈ ਦਿੰਦਾ ਸੀ। ਕਿਸੇ ਜਗ੍ਹਾ ਪਿਆ ਉਸ ਦਾ ਦੁਪੱਟਾ ਵਿਖਾਈ ਦਿੰਦਾ ਜਾਂ ਉਸ ਦਾ ਦਸਤਾਨੇ ਕਿਸੇ ਮੇਜ਼ ਜਾਂ ਕੁਰਸੀ ਉੱਤੇ ਪਿਆ ਨਜ਼ਰ ਆਉਂਦਾ ਤਾਂ ਮੇਰੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ। ਉਸ ਵਰਗੇ ਫ਼ੈਸ਼ਨੇਬਲ ਅਤੇ ਆਧੁਨਿਕ ਹੈਟ ਤਾਂ ਸਾਰੇ ਸ਼ਹਿਰ ਵਿੱਚ ਕਿਸੇ ਦੇ ਕੋਲ ਨਹੀਂ ਸਨ।

“ਉਹ ਸ਼ਾਦੀਸ਼ੁਦਾ ਸੀ। ਉਸ ਦਾ ਪਤੀ ਹਰ ਹਫਤੇ ਉਸ ਨੂੰ ਮਿਲਣ ਆਉਂਦਾ ਅਤੇ ਸੋਮਵਾਰ ਦੇ ਦਿਨ ਵਾਪਸ ਚਲਾ ਜਾਂਦਾ। ਲੇਕਿਨ ਮੈਨੂੰ ਉਸ ਦੀ ਕੋਈ ਪਰਵਾਹ ਨਹੀਂ ਸੀ ਅਤੇ ਨਾ ਹੀ ਮੈਂ ਉਸ ਨਾਲ ਈਰਖਾ ਕਰਦਾ ਸੀ। ਮੇਰੇ ਲਈ ਮੇਰੀ ਸਾਰੀ ਜ਼ਿੰਦਗੀ ਵਿੱਚ ਉਸ ਦੇ ਪਤੀ ਨਾਲੋਂ ਜ਼ਿਆਦਾ ਗ਼ੈਰ ਅਹਿਮ ਸ਼ਖਸ ਕੋਈ ਨਹੀਂ ਸੀ ਅਤੇ ਨਾ ਹੀ ਇਸ ਸ਼ਖਸ ਨਾਲੋਂ ਘੱਟ ਧਿਆਨ ਮੈਂ ਕਿਸੇ ਹੋਰ ਨੂੰ ਦਿੱਤਾ ਸੀ। “ਲੇਕਿਨ ਉਸ ਕੁੜੀ ਨੂੰ ! ਆਹ, ਉਸ ਕੁੜੀ ਨੂੰ ਮੈਂ ਕਿਵੇਂ ਟੁੱਟ ਕੇ ਚਾਹਿਆ। ਉਹ ਹੈ ਵੀ ਤਾਂ ਕਿੰਨੀ ਹੁਸੀਨ, ਦਿਲਕਸ਼ ਅਤੇ ਨੂਰਾਨੀ ਸੀ। ਉਹ ਜਵਾਨੀ, ਸੁਹੱਪਣ ਅਤੇ ਨਿਰੀ ਤਾਜ਼ਗੀ ਸੀ। ਇਸ ਤੋਂ ਪਹਿਲਾਂ ਮੈਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ ਸੀ ਕਿ ਔਰਤ ਕਿੰਨੀ ਖ਼ੂਬਸੂਰਤ, ਮੁਮਤਾਜ਼, ਨਾਜ਼ੁਕ, ਮਨਮੋਹਣੀ ਚੀਜ਼ ਦਾ ਨਾਮ ਹੈ। ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਕਿਸੇ ਦੀ ਗੱਲ੍ਹ ਦਾ ਖ਼ਮ ਵੀ ਇਸ ਕਦਰ ਦਿਲਫ਼ਰੇਬ ਹੋ ਸਕਦਾ ਹੈ, ਕਿਸੇ ਦੀ ਲਾਲ ਬੁੱਲ੍ਹੀ ਦੀ ਜਰਾ ਕੁ ਹਰਕਤ, ਕਿਸੇ ਦੇ ਕੰਨ ਦੀ ਗੁਲਾਬੀ ਭਾਅ ਅਤੇ ਨੱਕ ਵਰਗੇ ਹਾਸੋਹੀਣੇ ਅੰਗ ਦੀ ਸ਼ਕਲ ਵਿੱਚ ਵੀ ਏਨਾ ਜਾਦੂ ਹੋ ਸਕਦਾ ਹੈ। “ਤਿੰਨ ਮਹੀਨੇ ਇਉਂ ਹੀ ਬੀਤ ਗਏ ਅਤੇ ਫਿਰ ਮੈਂ ਹਸਰਤਾਂ ਨਾਲ ਭਰੇ ਉਦਾਸ ਦਿਲ ਦੇ ਨਾਲ ਅਮਰੀਕਾ ਚਲਾ ਆਇਆ। ਲੇਕਿਨ ਉਸ ਦੀ ਯਾਦ ਮੇਰੇ ਦਿਲ ਵਿੱਚ ਕਾਇਮ ਰਹੀ, ਜੇਤੂ ਅੰਦਾਜ਼ ਵਿੱਚ ਮੁਸਕੁਰਾਉਂਦੀ ਹੋਈ। ਮੈਂ ਉਸ ਤੋਂ ਦੂਰ ਹੁੰਦੇ ਵੀ ਓਨਾ ਹੀ ਉਸਦਾ ਬਣਿਆ ਰਿਹਾ ਜਿੰਨਾ ਉਸਦੇ ਨੇੜੇ ਹੋਣ ਵਕਤ ਸੀ। ਸਾਲ ਬੀਤਦੇ ਗਏ। ਲੇਕਿਨ ਮੈਂ ਉਸ ਨੂੰ ਭੁੱਲ ਨਾ ਸਕਿਆ। ਉਸ ਦਾ ਹੁਸੀਨ ਅਤੇ ਦਿਲਕਸ਼ ਚਿਹਰਾ ਮੇਰੇ ਦਿਲ ਦੇ ਅੰਦਰ ਅਤੇ ਮੇਰੀ ਨਿਗਾਹਾਂ ਦੇ ਸਾਹਮਣੇ ਰਹਿੰਦਾ। ਮੇਰੀ ਮੁਹੱਬਤ ਅਤੇ ਮੇਰੀ ਵਫਾ ਵਿੱਚ ਕੋਈ ਕਮੀ ਨਹੀਂ ਆਈ ਸੀ। ਲੇਕਿਨ ਮੇਰੀ ਮੁਹੱਬਤ ਹੁਣ ਸ਼ਾਂਤ ਅਤੇ ਖ਼ਾਮੋਸ਼ ਰੂਪ ਧਾਰ ਚੁੱਕੀ ਸੀ - ਆਪਣੀ ਪੂਰੀ ਜ਼ਿੰਦਗੀ ਵਿੱਚ ਸਭ ਤੋਂ ਖ਼ੂਬਸੂਰਤ ਅਤੇ ਦਿਲਫ਼ਰੇਬ ਚੀਜ਼ ਦੀ ਯਾਦ ਦਾ ਰੂਪ।

“ਬੰਦੇ ਦੀ ਜ਼ਿੰਦਗੀ ਵਿੱਚ ਬਾਰਾਂ ਸਾਲ ਕਿੰਨੀ ਤੇਜ਼ੀ ਨਾਲ ਬੀਤ ਜਾਂਦੇ ਹਨ। ਸਾਲ ਬੀਤਣ ਦਾ ਅਹਿਸਾਸ ਹੀ ਨਹੀਂ ਹੁੰਦਾ। ਇੱਕ ਦੇ ਬਾਅਦ ਦੂਜਾ ਸਾਲ। ਇੱਕ ਸਾਲ ਕਿੰਨਾ ਲੰਮਾ ਹੁੰਦਾ ਹੈ ਅਤੇ ਕਿਵੇਂ ਪਲਕ ਝਪਕਦੇ ਖ਼ਤਮ ਵੀ ਹੋ ਜਾਂਦਾ ਹੈ। ਇੱਕ ਦੂਜੇ ਦੇ ਪਿੱਛੇ ਸਾਲ ਇੰਨੀ ਜਲਦੀ ਜਲਦੀ ਜੁੜਦੇ ਜਾਂਦੇ ਹਨ, ਅਤੇ ਕੋਈ ਨਕਸ਼ ਛੱਡੇ ਬਿਨਾਂ ਇਵੇਂ ਮੁਕੰਮਲ ਤੌਰ ਉੱਤੇ ਗਾਇਬ ਹੋ ਜਾਂਦੇ ਹਨ ਕਿ ਜੇਕਰ ਪਿੱਛੇ ਪਲਟ ਕੇ ਬੀਤੇ ਹੋਏ ਸਾਲਾਂ ਉੱਤੇ ਇੱਕ ਨਜ਼ਰ ਮਾਰੋ ਤਾਂ ਕੁੱਝ ਵਿਖਾਈ ਨਹੀਂ ਦਿੰਦਾ ਅਤੇ ਕੁੱਝ ਸਮਝ ਨਹੀਂ ਆਉਂਦਾ ਕਿ ਅਸੀਂ ਯਕਦਮ ਇੰਨੇ ਬੁਢੇ ਕਿਵੇਂ ਹੋ ਗਏ। ਮੈਨੂੰ ਵੀ ਇਵੇਂ ਹੀ ਲੱਗਦਾ ਸੀ ਕਿ ਉਨ੍ਹਾਂ ਦਿਨਾਂ ਵਿੱਚ ਜੋ ਮੈਂ ਏਥੋਤਾ ਦੇ ਬੀਚ ਉੱਤੇ ਗੁਜ਼ਾਰੇ ਸਨ ਸਿਰਫ਼ ਕੁਝ ਮਹੀਨਿਆਂ ਦਾ ਹੀ ਫ਼ਰਕ ਹੋਵੇਗਾ।

‘ਬੀਤੀ ਬਸੰਤ ਹੀ ਦੀ ਗੱਲ ਹੈ ਕਿ ਮੈਂ ਆਪਣੇ ਦੋਸਤਾਂ ਦੇ ਮੀਜਾਨ ਲਾਫ਼ੀਟ ਵਿੱਚ ਇੱਕ ਦਾਅਵਤ ਉੱਤੇ ਜਾਣਾ ਸੀ। ਜਿਵੇਂ ਹੀ ਟ੍ਰੇਨ ਰਵਾਨਾ ਹੋਈ ਇੱਕ ਭਾਰੀ ਭਰਕਮ ਔਰਤ ਅਤੇ ਉਸ ਦੇ ਪਿੱਛੇ ਪਿੱਛੇ ਚਾਰ ਛੋਟੀਆਂ ਬੱਚੀਆਂ ਮੇਰੇ ਡੱਬੇ ਵਿੱਚ ਦਾਖ਼ਲ ਹੋਈਆਂ। ਮੈਂ ਉਸ ਔਰਤ ਉੱਤੇ, ਜੋ ਇੱਕ ਮੁਰਗੀ ਦੀ ਤਰ੍ਹਾਂ ਆਪਣੇ ਚੂਚਿਆਂ ਨੂੰ ਸੰਭਾਲੇ ਹੋਏ ਸੀ, ਇੱਕ ਉਡਦੀ ਜਿਹੀ ਨਜ਼ਰ ਸੁੱਟੀ। ਇਸ ਦੇ ਚੰਨ ਵਰਗੇ ਰੋਸ਼ਨ ਗੋਲ ਮਟੋਲ ਚਿਹਰੇ ਦੇ ਗਿਰਦ ਉਸ ਦਾ ਸਿਆਹ ਫ਼ੀਤਿਆਂ ਵਾਲਾ ਹੈਟ ਬੱਦਲਾਂ ਦੀ ਤਰ੍ਹਾਂ ਘੇਰਾ ਬਣਾਏ ਹੋਏ ਸੀ। ਤੇਜ਼ ਤੇਜ਼ ਚਲਣ ਦੇ ਕਾਰਨ ਉਸ ਦਾ ਸਾਹ ਫੁੱਲ ਚੁੱਕਿਆ ਸੀ। ਬੱਚੀਆਂ ਤੁਰਤ ਹੀ ਆਪਸ ਵਿੱਚ ਗੱਲਾਂ ਵਿੱਚ ਲੱਗ ਗਈਆਂ। ਮੈਂ ਆਪਣਾ ਅਖ਼ਬਾਰ ਖੋਲ੍ਹਿਆ ਅਤੇ ਪੜ੍ਹਨ ਵਿੱਚ ਮਸਰੂਫ ਹੋ ਗਿਆ।

“ਟ੍ਰੇਨ ਆਨੀਏਖ ਕੋਲੋਂ ਲੰਘੀ ਹੀ ਸੀ ਕਿ ਮੈਨੂੰ ਆਪਣੀ ਹਮਸਫ਼ਰ ਦੀ ਆਵਾਜ਼ ਸੁਣਾਈ ਦਿੱਤੀ, ‘ਮੁਆਫ਼ ਕਰਨਾ ਜੀ, ਕੀ ਤੁਸੀਂ ਮੋਸੀਓ ਕਾਰਨੇ ਤਾਂ ਨਹੀਂ ਹੋ?’ “'ਜੀ ਹਾਂ, ਮਾਦਾਮ!’

ਇਸ ਉੱਤੇ ਉਹ ਖਿੜਖਿੜ ਕਰਕੇ ਹੱਸ ਪਈ। ਉਸ ਦੀ ਹਾਸੀ ਵਿੱਚ ਇੱਕ ਭਲੀ ਔਰਤ ਦੀ ਮਨਮੋਹਕਤਾ ਸੀ ਪਰ ਨਾਜਾਣੇ ਕਿਉਂ ਮੈਨੂੰ ਉਸ ਦੀ ਹਾਸੀ ਵਿੱਚ ਉਦਾਸੀ ਵੀ ਵਿਖਾਈ ਦਿੱਤੀ। “'ਤੁਸੀਂ ਮੈਨੂੰ ਸਿਆਣਿਆ ਨਹੀਂ?’

“ਮੈਂ ਕੁੱਝ ਗੜਬੜਾ ਜਿਹਾ ਗਿਆ। ਮੈਨੂੰ ਭਰੋਸਾ ਸੀ ਮੈਂ ਇਹ ਚਿਹਰਾ ਪਹਿਲਾਂ ਕਿਤੇ ਵੇਖਿਆ ਹੋਇਆ ਹੈ। ਪਰ ਕਿੱਥੇ? ਕਦੋਂ? ਮੈਂ ਜਵਾਬ ਦਿੱਤਾ, ‘ਜੀ ਹਾਂ ਅਤੇ ਨਹੀਂ ਵੀ। ਮੈਂ ਤੁਹਾਨੂੰ ਯਕੀਨਨ ਜਾਣਦਾ ਹਾਂ, ਮਾਦਾਮ ਪਰ ਤੁਹਾਡਾ ਨਾਮ ਯਾਦ ਨਹੀਂ ਆ ਰਿਹਾ!’

“ਉਸ ਦੇ ਚਿਹਰੇ ਉੱਤੇ ਲਾਲੀ ਜਿਹੀ ਦੌੜ ਗਈ।

“'ਮੈਂ ਮਾਦਾਮ ਜੂਲੀ ਲਫ਼ਾਵਰ !’

“ਮੇਰੇ ਦਿਲ ਵਿੱਚ ਜਿਵੇਂ ਕਿਸੇ ਨੇ ਛੁਰਾ ਘੋਪ ਦਿੱਤਾ ਹੋਵੇ। ਇੱਕ ਪਲ ਲਈ ਮੈਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਸਾਰੀ ਕਾਇਨਾਤ ਖ਼ਤਮ ਹੋ ਗਈ ਹੋਵੇ। ਮੈਨੂੰ ਇਵੇਂ ਲੱਗਿਆ ਕਿ ਜਿਵੇਂ ਮੇਰੀਆਂ ਅੱਖਾਂ ਦੇ ਅੱਗੇ ਤੋਂ ਕੋਈ ਪਰਦਾ ਉਠਾ ਲਿਆ ਗਿਆ ਹੋਵੇ ਅਤੇ ਪਤਾ ਨਹੀਂ ਕਿੰਨੀ ਖੌਫ਼ਨਾਕ ਅਤੇ ਦਿਲਗੀਰ ਖੋਜ ਕਰਨ ਵਾਲਾ ਹੋਵਾਂ।

“ਇਹ ਉਹੀ ਸੀ! ਇਹ ਮੋਟੀ ਔਰਤ ਉਹੀ ਸੀ? ਅਤੇ ਇਸ ਦੌਰਾਨ ਉਸਨੇ ਚਾਰ ਬੱਚੀਆਂ ਵੀ ਪੈਦਾ ਕਰ ਲਈਆਂ ਸਨ। ਅਤੇ ਇਹ ਚਾਰ ਬੱਚੀਆਂ ਵੀ ਮੇਰੇ ਲਈ ਓਨੀ ਹੀ ਹੈਰਤ ਦਾ ਕਾਰਨ ਸਨ ਜਿੰਨੀ ਉਨ੍ਹਾਂ ਦੀ ਮਾਂ। ਇਹ ਉਸ ਦਾ ਇੱਕ ਹਿੱਸਾ ਸਨ। ਅਤੇ ਹੁਣੇ ਵੱਡੀਆਂ ਹੋ ਚੁੱਕੀਆਂ ਸਨ। ਜ਼ਿੰਦਗੀ ਵਿੱਚ ਆਪਣਾ ਮੁਕਾਮ ਬਣਾ ਰਹੀਆਂ ਸਨ। ਜਦੋਂ ਕਿ ਉਹ ਖ਼ੁਦ ਖ਼ਤਮ ਹੋ ਚੁੱਕੀ ਸੀ। ਉਹ ਜੋ ਨਜ਼ਾਕਤ ਅਤੇ ਸੁਹੱਪਣ ਦੀ ਮੂਰਤ ਸੀ। ਅਜਿਹਾ ਲੱਗਦਾ ਸੀ ਕਿ ਅਜੇ ਕੱਲ ਹੀ ਤਾਂ ਉਸ ਨਾਲ ਮੁਲਾਕ਼ਾਤ ਹੋਈ ਸੀ ਅਤੇ ਅੱਜ ਮੈਨੂੰ ਉਹ ਕਿਸ ਹਾਲ ਵਿੱਚ ਮਿਲੀ? ਇਹ ਕਿਵੇਂ ਹੋ ਸਕਦਾ ਹੈ? ਮੇਰੇ ਦਿਲ ਵਿੱਚ ਅਚਾਨਕ ਪੀੜ ਦਾ ਇੱਕ ਤੂਫਾਨ ਉੱਠਿਆ। ਕੁਦਰਤ ਦੀ ਇਸ ਸਿਤਮ ਜ਼ਰੀਫ਼ੀ ਦੇ ਖਿਲਾਫ ਜ਼ੋਰ ਜ਼ੋਰ ਨਾਲ ਚੀਖਣ ਨੂੰ ਜੀ ਚਾਹਿਆ। ਇੰਨੀ ਹਸੀਨ ਚੀਜ਼ ਦੀ ਤਬਾਹੀ ਅਤੇ ਬਰਬਾਦੀ ਦੇ ਖਿਲਾਫ ਗ਼ਮ ਅਤੇ ਕਰੋਧ ਦਾ ਲਾਵਾ ਜਿਹਾ ਉਬਲਣ ਲਗਾ।

"ਸਕਤੇ ਦੇ ਆਲਮ ਵਿੱਚ ਮੈਂ ਉਸ ਨੂੰ ਤਕਦਾ ਰਿਹਾ। ਫਿਰ ਮੈਂ ਉਸ ਦੇ ਹੱਥ ਫੜ ਲਏ। ਮੈਨੂੰ ਆਪਣੀਆਂ ਅੱਖਾਂ ਵਿੱਚ ਅਥਰੂ ਭਰ ਆਉਂਦੇ ਮਹਿਸੂਸ ਹੋਏ। ਮੈਂ ਅਥਰੂ ਵਗਾ ਰਿਹਾ ਸੀ ਉਸ ਦੀ ਗੁੰਮ ਹੋ ਗਈ ਜਵਾਨੀ ਉੱਤੇ ਅਤੇ ਉਸ ਦੀ ਮੌਤ ਉੱਤੇ। ਉਹ ਮਰ ਹੀ ਤਾਂ ਚੁੱਕੀ ਸੀ ਕਿਉਂਕਿ ਚਾਰ ਬੱਚੀਆਂ ਦੀ ਇਸ ਮੋਟੀ ਮਾਂ ਨੂੰ ਤਾਂ ਮੈਂ ਨਹੀਂ ਸੀ ਜਾਣਦਾ।

“ਉਹ ਵੀ ਜਜ਼ਬਾਤ ਨੂੰ ਛੁਪਾ ਨਹੀਂ ਸਕੀ ਅਤੇ ਥਥਲਾ ਕੇ ਬੋਲੀ: ‘ਮੈਂ ਬਹੁਤ ਬਦਲ ਗਈ ਹਾਂ ਨਾ? ਕੀ ਕਰੀਏ ਹਰ ਚੀਜ਼ ਦਾ ਵਕਤ ਹੁੰਦਾ ਹੈ। ਵੇਖੋ, ਮੈਂ ਮਾਂ ਬਣ ਗਈ ਹਾਂ। ਇੱਕ ਚੰਗੀ ਮਾਂ। ਬਾਕ਼ੀ ਸਭ ਕੁੱਝ ਖ਼ਤਮ। ਮੈਂ ਸੋਚਦੀ ਸੀ ਕਿ ਜੇਕਰ ਕਦੇ ਅਸੀਂ ਦੁਬਾਰਾ ਮਿਲੇ ਤਾਂ ਤੁਸੀਂ ਯਕੀਨਨ ਮੈਨੂੰ ਪਹਿਚਾਣ ਨਹੀਂ ਸਕੋਗੇ। ਤੁਸੀਂ ਵੀ ਤਾਂ ਬਹੁਤ ਬਦਲ ਚੁੱਕੇ ਹੋ। ਮੈਂ ਵੀ ਕਾਫ਼ੀ ਦੇਰ ਸੋਚਦੀ ਰਹੀ ਕਿ ਕਿਤੇ ਮੈਨੂੰ ਕੋਈ ਗ਼ਲਤਫ਼ਹਿਮੀ ਨਾ ਹੋਈ ਹੋਵੇ। ਤੁਹਾਡੇ ਵਾਲ਼ ਵੀ ਬਿਲਕੁਲ ਬੱਗੇ ਹੋ ਗਏ ਹਨ। ਜਰਾ ਸੋਚੋ! ਬਾਰਾਂ ਸਾਲ ਹੋ ਗਏ। ਬਾਰਾਂ ਸਾਲ, ਮੇਰੀ ਵੱਡੀ ਧੀ ਦਸ ਸਾਲ ਦੀ ਹੋ ਗਈ ਹੈ।'

“ਮੈਂ ਉਸ ਦੀ ਵੱਡੀ ਧੀ ਨੂੰ ਵੇਖਿਆ। ਮੈਨੂੰ ਉਸ ਦੇ ਚਿਹਰੇ ਉੱਤੇ ਵੀ ਉਸ ਦੀ ਮਾਂ ਦੇ ਹੁਸਨ ਦੀ ਇੱਕ ਝਲਕ ਵਿਖਾਈ ਦਿੱਤੀ। ਲੇਕਿਨ ਕੁੱਝ ਨਾ ਮੁਕੰਮਲ, ਆਉਣ ਵਾਲੇ ਦਿਨਾਂ ਦਾ ਇੱਕ ਹਲਕਾ ਜਿਹਾ ਅਹਿਸਾਸ ... ਮੈਨੂੰ ਜ਼ਿੰਦਗੀ ਵੀ ਕਿਸੇ ਟ੍ਰੇਨ ਦੀ ਤਰ੍ਹਾਂ ਤੇਜ਼ੀ ਨਾਲ ਲੰਘਦੀ ਹੋਈ ਵਿਖਾਈ ਦਿੱਤੀ।

“ਮੀਜਾਨ ਲਾਫ਼ੀਤ ਦਾ ਸਟੇਸ਼ਨ ਆ ਗਿਆ। ਮੈਂ ਆਪਣੀ ਮਹਿਬੂਬਾ ਦੇ ਹੱਥ ਦਾ ਚੁੰਮਣ ਲਿਆ। ਮੇਰੇ ਕੋਲ ਉਸਨੂੰ ਕਹਿਣ ਨੂੰ ਕੁੱਝ ਨਹੀਂ ਸੀ – ਅਤਿ ਆਮ ਟਿੱਪਣੀਆਂ ਦੇ ਸਿਵਾ। ਮੈਂ ਬਹੁਤ ਉੱਖੜ ਚੁੱਕਿਆ ਸੀ ਅਤੇ ਕੁਝ ਕਹਿਣ ਦੇ ਯੋਗ ਨਹੀਂ ਸੀ।

"ਸ਼ਾਮ ਨੂੰ ਆਪਣੇ ਘਰ ਵਿੱਚ, ਇਕੱਲਾ, ਮੈਂ ਪਤਾ ਨਹੀਂ ਕਿੰਨੀ ਦੇਰ ਸ਼ੀਸ਼ੇ ਦੇ ਸਾਹਮਣੇ ਖੜਾ ਰਿਹਾ... ਬਹੁਤ ਦੇਰ। ਫਿਰ ਮੈਨੂੰ ਯਾਦ ਆਇਆ ਕਿ ਮੈਂ ਖ਼ੁਦ ਕਿਵੇਂ ਦਾ ਹੋਇਆ ਕਰਦਾ ਸੀ। ਫਿਰ ਮੇਰੇ ਜ਼ਹਿਨ ਵਿੱਚ ਆਪਣੀ ਜਵਾਨੀ ਦੀ ਸ਼ਕਲ ਉਭਰੀ, ਭੂਰੀਆਂ ਮੁੱਛਾਂ, ਸਿਆਹ ਵਾਲ਼ ਅਤੇ ਚਿਹਰੇ ਉੱਤੇ ਨੌਜਵਾਨੀ ਦਾ ਟਪਕਦਾ ਜੋਸ਼। ਪਰ ਹੁਣ ਮੈਂ ਬੁੱਢਾ ਹੋ ਚੁੱਕਿਆ ਸੀ। ਅਲਵਿਦਾ!"