ਅਨੁਵਾਦ:ਕਬਰਾਂ ਦੇ ਪੱਥਰ

ਪੰਜੋ ਦੋਸਤਾਂ ਨੇ ਡਿਨਰ ਮੁਕਾ ਲਿਆ ਸੀ। ਪੰਜੋ ਦੁਨੀਆਂਦਾਰੀ ਵਿੱਚ ਚੰਗੇ ਗੁੜ੍ਹੇ ਹੋਏ। ਉਨ੍ਹਾਂ ਵਿਚੋਂ ਦੋ ਕੰਵਾਰੇ ਅਤੇ ਤਿੰਨ ਸ਼ਾਦੀਸ਼ੁਦਾ ਸਨ। ਉਹ ਆਪਣੀਆਂ ਜਵਾਨੀ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਮਹੀਨੇ ਵਿੱਚ ਇੱਕ ਦਫਾ ਇਸ ਤਰ੍ਹਾਂ ਮਿਲਿਆ ਕਰਦੇ ਸਨ। ਖਾ ਪੀ ਕੇ ਸਵੇਰ ਦੇ ਦੋ ਵਜੇ ਤੱਕ ਗੱਲਾਂ ਚੱਲਦੀਆਂ ਰਹਿੰਦੀਆਂ ਸਨ। ਗੂੜ੍ਹੇ ਮਿੱਤਰ ਹੋਣ ਅਤੇ ਇੱਕ ਦੂਜੇ ਦਾ ਸਾਥ ਮਾਨਣ ਕਰਕੇ ਉਹ ਇਨ੍ਹਾਂ ਸ਼ਾਮਾਂ ਨੂੰ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਸੁਹਾਵਣੀਆਂ ਸ਼ਾਮਾਂ ਸਮਝਦੇ ਸਨ। ਇਨ੍ਹਾਂ ਮਹਿਫ਼ਲਾਂ ਵਿੱਚ ਹਰ ਵਿਸ਼ੇ, ਖ਼ਾਸਕਰ ਜੋ ਪੈਰਸ-ਵਾਸੀਆਂ ਦੀ ਪਸੰਦ ਹੁੰਦੇ, ਉੱਤੇ ਚਰਚਾ ਹੁੰਦੀ ਸੀ। ਉਨ੍ਹਾਂ ਦੀ ਗੱਲਬਾਤ ਹੋਰਨਾਂ ਜ਼ਿਆਦਾਤਰ ਸੈਲੂਨਾਂ ਵਾਂਗ ਸਵੇਰ ਦੇ ਅਖ਼ਬਾਰਾਂ ਵਿਚ ਜੋ ਵੀ ਪੜ੍ਹਿਆ ਹੁੰਦਾ, ਉਸ ਦੀ ਜ਼ਬਾਨੀ ਜੁਗਾਲੀ ਹੀ ਹੁੰਦੀ ਸੀ।

ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਜ਼ਿੰਦਾਦਿਲ ਜੋਜਫ ਬਾਰਡਨ ਸੀ ਜੋ ਛੜਾ ਸੀ। ਉਹ ਆਪਣੀ ਪੈਰਸੀ ਜਿੰਦਗੀ ਨੂੰ ਬੜੇ ਧੜੱਲੇ ਨਾਲ ਗੁਜ਼ਾਰਦਾ ਸੀ ਅਤੇ ਬਦਨਾਮ ਪਿਅੱਕੜ ਨਹੀਂ ਸੀ ਅਤੇ ਦਿਲਗੀਰੀ ਨੂੰ ਆਪਣੇ ਨੇੜੇ ਫਟਕਣ ਨਹੀਂ ਸੀ ਦਿੰਦਾ। ਉਹ ਹਾਲੇ ਜਵਾਨ ਸੀ, ਉਸ ਦੀ ਉਮਰ ਅਜੇ ਮਸਾਂ 40 ਕੁ ਸਾਲ ਹੀ ਸੀ, ਪੂਰਾ ਹੰਢਿਆ ਹੋਇਆ ਬੰਦਾ ਸੀ। ਉਸ ਦਾ ਜ਼ਿਹਨ ਹੁਸ਼ਿਆਰ ਸੀ ਪਰ ਗਹਿਰਾਈ ਨਹੀਂ ਸੀ। ਉਸ ਕੋਲ ਅਨੇਕ ਕਿਸਮ ਦਾ ਗਿਆਨ ਸੀ ਪਰ ਸੱਚਾ ਚਿੰਤਨ ਨਹੀਂ ਸੀ, ਹਾਜ਼ਰ ਜਵਾਬੀ ਸੀ, ਪਰ ਗੰਭੀਰ ਸਮਝ ਨਹੀਂ ਸੀ। ਉਹ ਆਪਣੇ ਨਿਰੀਖਣਾਂ, ਆਪਣੇ ਸਾਹਸੀ ਕਾਰਨਾਮਿਆਂ ਤੋਂ; ਜੋ ਕੁਝ ਉਹ ਦੇਖਦਾ ਸੀ, ਜਿਸ ਕਿਸੇ ਨੂੰ ਮਿਲਦਾ, ਉਸ ਕੋਲੋਂ ਹਾਸਰਸ ਭਰਪੂਰ ਅਤੇ ਦਾਰਸ਼ਨਿਕ ਚੁਟਕਲੇ ਤੇ ਟੋਟਕੇ ਕਸੀਦ ਲੈਂਦਾ, ਅਤੇ ਹਾਸੇ-ਮਜ਼ਾਕ ਦੀਆਂ ਟਿੱਪਣੀਆਂ ਕਰਦਾ ਜਿਸ ਨਾਲ ਉਹ ਸਮਾਜ ਵਿਚ ਤੇਜ਼-ਤਰਾਰ ਇਨਸਾਨ ਵਜੋਂ ਚੰਗੀ ਵਾਹਵਾ ਖੱਟਦਾ।

ਭੋਜਨ ਦੇ ਬਾਅਦ ਅਕਸਰ ਉਹ ਦਿਲਚਸਪ ਕਹਾਣੀਆਂ ਸੁਣਾਇਆ ਕਰਦਾ ਸੀ। ਹਰ ਵਾਰ ਨਵੀਂ ਕਹਾਣੀ ਸੁਣਾਉਂਦਾ। ਉਸ ਨੂੰ ਸੁਣਨ ਲਈ ਅਕਸਰ ਲੋਕ ਉਤਾਵਲੇ ਹੁੰਦੇ ਸਨ ਅਤੇ ਉਹ ਬਿਨਾਂ ਭਟਕੇ ਆਪਣੀ ਗੱਲ ਕਰਦਾ ਰਹਿੰਦਾ।

ਉਸ ਸ਼ਾਮ ਉਸ ਨੇ ਸਿਗਾਰ ਸੁਲਗਾਇਆ ਹੋਇਆ ਸੀ, ਮੇਜ਼ ਉੱਤੇ ਕੂਹਣੀਆਂ ਟਿਕਾਈਆਂ ਸਨ, ਉਸਦੀ ਪਲੇਟ ਦੇ ਕੋਲ ਇੱਕ ਅੱਧਾ ਪੈੱਗ ਪਿਆ ਸੀ, ਕੌਫ਼ੀ ਦੀਆਂ ਭਾਫਾਂ ਦੇ ਨਾਲ ਮਿਲੇ ਸਿਗਾਰ ਦੇ ਧੂੰਏਂ ਦੇ ਮਾਹੌਲ ਵਿੱਚ ਥੋੜਾ ਅਲਸਾਇਆ ਜਿਹਾ, ਉਹ ਪੂਰੀ ਤਰ੍ਹਾਂ ਰੌਂਅ ਵਿੱਚ ਜਾਪਦਾ ਸੀ। ਉਸਨੇ ਦੋ ਸ਼ੂਟਿਆਂ ਦੇ ਵਿਚਕਾਰਲੇ ਵਕਫ਼ੇ ਵਿੱਚ ਕਿਹਾ:

“ਕੁੱਝ ਹੀ ਅਰਸਾ ਪਹਿਲਾਂ ਦੀ ਗੱਲ ਹੈ ਮੇਰੇ ਨਾਲ ਇੱਕ ਬੜੀ ਅਨੋਖੀ ਘਟਨਾ ਵਾਪਰੀ।”

"ਸੁਣਾ ਫਿਰ ਸਾਨੂੰ," ਉਹ ਸਾਰੇ ਇੱਕ ਵਾਰ ਹੀ ਚੌਂਕੇ।

“ਬੜੀ ਖੁਸ਼ੀ ਨਾਲ,” ਉਸਨੇ ਕਹਿਣਾ ਸ਼ੁਰੂ ਕੀਤਾ। “ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਨੂੰ ਪੈਰਿਸ ਵਿੱਚ ਆਵਾਰਾਗਰਦੀ ਦਾ ਉਂਜ ਹੀ ਸ਼ੌਕ ਹੈ ਜਿਵੇਂ ਕਿਤਾਬਾਂ ਦੇ ਸ਼ੌਕੀਨ ਕਿਤਾਬਾਂ ਦੇ ਸਟਾਲ ਫਰੋਲਦੇ ਹਨ। ਮੈਂਨੂੰ ਆਲੇ ਦੁਆਲੇ ਦੀਆਂ ਝਲਕੀਆਂ, ਚਲਦੇ ਫਿਰਦੇ ਲੋਕ ਅਤੇ ਵਾਪਰ ਰਿਹਾ ਸਭ ਕੁਝ ਵੇਖਕੇ ਬੜਾ ਮਜ਼ਾ ਆਉਂਦਾ ਹੈ।

“ਸਤੰਬਰ ਦਾ ਅੱਧ ਸੀ। ਮੌਸਮ ਕਾਫ਼ੀ ਖ਼ੁਸ਼ਗਵਾਰ ਸੀ। ਇੱਕ ਦਿਨ ਤੀਜੇ ਪਹਿਰ ਮੈਂ ਬਿਨਾਂ ਕਿਸੇ ਮਕਸਦ ਦੇ ਘਰੋਂ ਚਹਲਕਦਮੀ ਕਰਨ ਨਿਕਲ ਪਿਆ। ਅਸੀਂ ਮਰਦ ਲੋਕ ਅਕਸਰ ਘਰੋਂ ਨਿਕਲਣ ਤੋਂ ਪਹਿਲਾਂ ਕਿਸੇ ਨਾ ਕਿਸੇ ਖ਼ੂਬਸੂਰਤ ਔਰਤ ਦੇ ਬਾਰੇ ਸੋਚਦੇ ਹਾਂ। ਸਗੋਂ ਉਨ੍ਹਾਂ ਸਭਨਾਂ ਔਰਤਾਂ ਵਿੱਚੋਂ ਚੋਣ ਕਰਦੇ ਹਾਂ। ਸਾਡੇ ਮਾਨਸਿਕ ਸੰਸਾਰ ਵਿੱਚ ਪਈਆਂ ਤਸਵੀਰਾਂ ਦੀ ਤੁਲਨਾ ਕਰਦੇ ਹਾਂ ਅਤੇ ਦਿਲਚਸਪੀ ਜਗਾਉਣ ਵਿੱਚ ਜਿਸਦੀ ਸਮਰੱਥਾ ਸਭ ਤੋਂ ਜ਼ਿਆਦਾ ਹੁੰਦੀ ਹੈ, ਅਤੇ ਉਸ ਦਿਨ ਦੇ ਪ੍ਰਭਾਵ ਅਧੀਨ ਸਭ ਤੋਂ ਹੁਸੀਨ ਲਗਣ ਵਾਲੀ ਨੂੰ ਕਾਲ ਕਰਨ ਦੀ ਧੁੰਦਲੀ ਜਿਹੀ ਤਾਂਘ ਪਨਪਦੀ ਹੈ। ਪਰ ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਮੌਸਮ ਇੰਨਾ ਹੁਸੀਨ ਹੁੰਦਾ ਹੈ ਕਿ ਅਜਿਹੀ ਤਾਂਘ ਦਬ ਜਾਂਦੀ ਹੈ ਅਤੇ ਅਸੀਂ ਬਿਨਾਂ ਕਿਸੇ ਨੂੰ ਕਾਲ ਕਰਨ ਦੇ ਨਿਕਲ ਪੈਂਦੇ ਹਾਂ।

“ਉਸ ਦਿਨ ਵੀ ਮੌਸਮ ਇੰਨਾ ਹੁਸੀਨ ਸੀ ਕਿ ਮੈਂ ਸਿਗਾਰ ਸੁਲਗਾਇਆ ਤੇ ਘਰੋਂ ਨਿਕਲ ਪਿਆ ਅਤੇ ਬਾਹਰਲੀ ਸ਼ਾਹਰਾਹ ਉੱਤੇ ਟਹਿਲਣ ਲੱਗ ਪਿਆ। ਚਲਦੇ ਚਲਦੇ ਅਚਾਨਕ ਮੈਨੂੰ ਖਿਆਲ ਆਇਆ ਕਿ ਮੋਂਮਾਖ਼ ਕਬਰਿਸਤਾਨ ਦਾ ਚੱਕਰ ਲਗਾਇਆ ਜਾਵੇ।

“ਮੈਨੂੰ ਕਬਰਸਤਾਨ ਬਹੁਤ ਪਸੰਦ ਹਨ। ਉਥੇ ਮੈਨੂੰ ਟਿਕਾਓ ਮਿਲਦਾ ਹੈ ਅਤੇ ਉਦਾਸੀ ਪ੍ਰਦਾਨ ਕਰਦੇ ਹਨ, ਮੈਨੂੰ ਇਸ ਦੀ ਲੋੜ ਹੈ। ਇਸ ਦੇ ਇਲਾਵਾ ਉੱਥੇ ਮੇਰੇ ਕੁਝ ਅਜ਼ੀਜ਼ ਹਨ। ਅਜਿਹੇ ਦੋਸਤ ਜਿਨ੍ਹਾਂ ਨੂੰ ਕਦੇ ਕੋਈ ਮਿਲਣ ਜਾਣ ਦੀ ਖੇਚਲ ਨਹੀਂ ਕਰਦਾ। ਮੈਂ ਕਦੇ-ਕਦੇ ਮਿਲਣ ਚਲਾ ਜਾਂਦਾ ਹਾਂ। “ਮੋਂਮਾਖ਼ ਦੇ ਇਸੇ ਕਬਰਸਤਾਨ ਵਿੱਚ ਮੇਰਾ ਇੱਕ ਪੁਰਾਣਾ ਇਸ਼ਕ ਦਫਨ ਹੈ। ਮੇਰੀ ਮਿੱਠੀ ਮਹਿਬੂਬਾ, ਉਸ ਨਾਲ ਮੇਰਾ ਕਾਫ਼ੀ ਜਜ਼ਬਾਤੀ ਲਗਾਓ ਸੀ ਅਤੇ ਉਹ ਬਹੁਤ ਹੀ ਖ਼ੂਬਸੂਰਤ ਪਤਲੀ ਜਿਹੀ ਨਾਰ ਸੀ, ਜਦੋਂ ਵੀ ਉਸ ਦੀ ਯਾਦ ਮੈਨੂੰ ਆਉਂਦੀ ਹੈ, ਮੇਰੇ ਦਿਲ ਵਿੱਚ ਗ਼ਮ ਦੇ ਭਾਵ ਹਾਵੀ ਹੋ ਜਾਂਦੇ ਹਨ ਅਤੇ ਪਛਤਾਵੇ ਉਮਡ ਆਉਂਦੇ ਹਨ। ਮੈਂ ਉਸ ਦੀ ਕਬਰ ਦੇ ਕੋਲ ਬੈਠ ਕੇ ਸੁਪਨਿਆਂ ਵਿੱਚ ਡੁੱਬ ਜਾਂਦਾ ਹਾਂ। ਉਸਨੇ ਜ਼ਿੰਦਗੀ ਤੋਂ ਕਿਨਾਰਾ ਕਰ ਲਿਆ ਸੀ।

“ਮੈਨੂੰ ਕਬਰਸਤਾਨ ਇਸਲਈ ਵੀ ਪਸੰਦ ਹਨ ਕਿ ਉਹ ਲੋਕਾਂ ਨਾਲ ਭਰੇ-ਭਕੁੰਨੇ ਸ਼ਹਿਰਾਂ ਦੀ ਤਰ੍ਹਾਂ ਹੁੰਦੇ ਹਨ, ਪਰ ਸੋਚੋ ਕਿ ਇਸ ਛੋਟੀ ਜਿਹੀ ਥਾਂ ਵਿੱਚ ਕਿੰਨੇ ਮੁਰਦੇ ਹਨ, ਪੈਰਸ ਦੇ ਲੋਕਾਂ ਦੀਆਂ ਸਾਰੀਆਂ ਪੀੜ੍ਹੀਆਂ ਦੀ ਕਲਪਨਾ ਕਰੋ ਜੋ ਸਦਾ ਲਈ ਇੱਥੇ ਵਸਾ ਦਿੱਤੇ ਗਏ ਹਨ, ਕਬਰ ਦੇ ਛੋਟੇ ਛੋਟੇ ਡੱਬਿਆਂ ਵਿੱਚ ਮੁੱਦਤਾਂ ਤੋਂ ਪਏ ਹਨ ਜਿਨ੍ਹਾਂ ਦੇ ਉੱਤੇ ਪੱਥਰ ਰੱਖੇ ਹੁੰਦੇ ਹਨ ਜਾਂ ਕ੍ਰਾਸ ਦਾ ਨਿਸ਼ਾਨ ਬਣਾਇਆ ਹੁੰਦਾ ਹੈ। ਉਹ ਬਿਲਕੁਲ ਰੌਲਾ ਨਹੀਂ ਮਚਾਉਂਦੇ। ਸਭਨੀਂ ਪਾਸੀਂ ਖ਼ਾਮੋਸ਼ੀ ਦਾ ਦੌਰ ਦੌਰਾ ਹੁੰਦਾ ਹੈ, ਇਸ ਦੇ ਮੁਕ਼ਾਬਲੇ ਵਿੱਚ ਜ਼ਿੰਦਾ ਲੋਕ ਕਿੰਨੀ ਜਗ੍ਹਾ ਘੇਰਦੇ ਹਨ ਅਤੇ ਕਿੰਨਾ ਰੌਲਾ ਮਚਾਉਂਦੇ ਹਨ। ਕਿੰਨੇ ਮੂੜ੍ਹਮੱਤ ਹਨ ਉਹ!

“ਕਬਰਸਤਾਨ ਦੀ ਇੱਕ ਹੋਰ ਖ਼ੂਬੀ ਇਹ ਹੈ ਕਿ ਕਈ ਵਾਰ ਤੁਹਾਨੂੰ ਅਜਿਹੀਆਂ ਯਾਦਗਾਰਾਂ ਨਜ਼ਰ ਆਉਂਦੀਆਂ ਹਨ ਜੋ ਅਕਸਰ ਅਜਾਇਬ-ਘਰਾਂ ਵਿੱਚ ਦੇਖਣ ਨੂੰ ਮਿਲਦੀਆਂ ਹਨ। ਦੋਨਾਂ ਦੀ ਤੁਲਨਾ ਤਾਂ ਨਾ ਕਰੀਏ ਲੇਕਿਨ ਮੈਨੂੰ ਕੈਵੇਨਿਆਕ ਦਾ ਮਕਬਰਾ ਵੇਖਕੇ ਯਾਂ ਗੂਜੋਂ ਦਾ ਉਹ ਸ਼ਾਹਕਾਰ ਯਾਦ ਆ ਜਾਂਦਾ ਹੈ ਜੋ ਰੂਆਂ ਦੇ ਕਥੈਡਰਲ ਦੇ ਜ਼ਮੀਨਦੋਜ਼ ਚੈਪਲ ਵਿੱਚ ਲੁਈਸ ਡੇ ਬਰੇਜ਼ ਦੀ ਪਾਸੇ ਪਰਨੇ ਪਈ ਮੂਰਤੀ ਦੀ ਸੂਰਤ ਵਿੱਚ ਬਿਰਾਜਮਾਨ ਹੈ। ਸਾਰੀ ਆਧੁਨਿਕ ਅਤੇ ਯਥਾਰਥਵਾਦੀ ਕਲਾ ਦੀ ਉਤਪਤੀ ਉਥੇ ਹੋਈ ਹੈ, ਸ੍ਰੀ ਮਾਨ ਜੀਓ। ਇਹ ਮ੍ਰਿਤਕ ਮਨੁੱਖ, ਲੂਈਸ ਡੀ ਬਰੇਜ਼, ਅਜ ਦੀਆਂ ਸਾਰੀਆਂ ਜਨਾਜ਼ੇ ਵਾਲੇ ਸਮਾਰਕਾਂ ਵਿਚ ਨਪੀੜੀਆਂ ਬਿਗਾੜੀਆਂ ਲਾਸ਼ਾਂ ਨਾਲੋਂ ਵਧੇਰੇ ਅਸਲੀ ਅਤੇ ਵਧੇਰੇ ਭਿਆਨਕ, ਵਧੇਰੇ ਜਿਊਂਦਾ ਮਾਸ ਹੈ, ਜਿਸ ਨੂੰ ਅਜੇ ਵੀ ਮੌਤ ਦੀ ਪੀੜ ਨਾਲ ਕੜਵੱਲ ਪੈ ਰਹੇ ਹਨ।

ਮੋਂਮਾਖ਼ ਦੇ ਕਬਰਸਤਾਨ ਵਿੱਚ ਕਈ ਦੇਖਣ ਲਾਇਕ ਚੀਜਾਂ ਹਨ ਜਿਨ੍ਹਾਂ ਨੂੰ ਵੇਖਕੇ ਤੁਸੀ ਤਾਰੀਫ਼ ਕਰ ਸਕਦੇ ਹੋ। ਬੂਦੇਂ ਦਾ ਸਮਾਰਕ ਹੈ, ਜਿਸ ਦੀ ਆਪਣੀ ਉੱਚੀ ਸ਼ਾਨ ਹੈ, ਗੋਤੀਏ ਦਾ ਅਤੇ ਮੁਰਗੇਯ ਦਾ ਮਕਬਰਾ ਹੈ, ਜਿਸ ਤੇ ਮੈਂ ਕੱਲ੍ਹ ਇੰਮਰੈੱਲਾਂ, ਪੀਲੇ ਇੰਮਰੈੱਲਾਂ ਦੀ ਇੱਕ ਤੁਛ ਜਿਹੀ ਫੁੱਲਮਾਲਾ ਦੇਖੀ, ਪਤਾ ਨਹੀਂ ਕਿਸ ਨੇ ਚੜ੍ਹਾਈ ਸੀ? ਸ਼ਾਇਦ ਇਹ ਬਹੁਤ ਬੁਢੀ, ਆਖ਼ਰੀ ਗਰੀਸ਼ਟ (ਜੁਆਨ ਫ਼ਰਾਂਸੀਸੀ ਕਿਰਤੀ ਔਰਤ) ਨੇ ਅਰਪਣ ਕੀਤੀ ਹੋਵੇ, ਜਿਹੜੀ ਹੁਣ ਗੁਆਂਢ ਵਿੱਚ ਦਰਬਾਨ ਦਾ ਕੰਮ ਕਰਦੀ ਸੀ। ਇਹ ਮਿਲਾਏ (Millet) ਦੀ ਤਰਾਸ਼ੀ ਇੱਕ ਬਹੁਤ ਹੀ ਛੋਟੀ ਜਿਹੀ ਮੂਰਤੀ ਹੈ, ਪਰ ਗੰਦਗੀ ਅਤੇ ਅਣਗਹਿਲੀ ਕਾਰਣ ਬਦਹਾਲ ਹੋਈ ਪਈ ਹੈ। ਗੀਤ ਜੁਆਨੀ ਦਾ, ਓ ਮੁਰਗੇਯ!

ਆਖ਼ਰ ਮੈਂ ਮੋਂਮਾਖ਼ ਦੇ ਇਸ ਕਬਰਸਤਾਨ ਵਿੱਚ ਪੁੱਜ ਗਿਆ ਅਤੇ ਚਹਿਲਕਦਮੀ ਕਰਨ ਲਗਾ। ਮੇਰਾ ਦਿਲ ਤੁਰਤ ਗ਼ਮ ਦੇ ਬੱਦਲਾਂ ਨਾਲ ਘਿਰਨ ਲੱਗਿਆ। ਅਜਿਹਾ ਗ਼ਮ ਜੋ ਸਾਰੇ ਦਾ ਸਾਰਾ ਦਰਦ ਨਹੀਂ ਹੁੰਦਾ, ਜੋ ਤੁਹਾਨੂੰ ਅਗਰ ਤੁਸੀਂ ਸਿਹਤਯਾਬ ਹੋਵੋ, ਸੋਚਣ ਉੱਤੇ ਮਜਬੂਰ ਕਰ ਦਿੰਦਾ ਹੈ: 'ਇਹ ਸਥਾਨ ਮਨਮੋਹਕ ਨਹੀਂ ਹੈ, ਪਰ ਮੇਰਾ ਸਮਾਂ ਹਾਲੇ ਨਹੀਂ ਆਇਆ।'

"ਪਤਝੜ ਦਾ, ਪੱਤਿਆਂ ਦੀ ਮੌਤ ਵਿੱਚੋਂ ਉਠਦੀ ਹਵਾੜ੍ਹ ਦੇ ਅਹਿਸਾਸ ਨੇ ਅਤੇ ਕਮਜ਼ੋਰ, ਥੱਕੀ ਹਾਰੀ, ਪੀਲੀ ਪੈਂਦੀ ਧੁੱਪ ਨੇ, ਫ਼ਿਜ਼ਾ ਨੂੰ ਕਾਵਿਕ ਪੁੱਠ ਚਾੜ੍ਹਦੇ ਹੋਏ, ਇਕਾਂਤ ਦੀ ਅਤੇ ਮਨੁੱਖੀ ਨਾਸਮਾਨਤਾ ਦੀ ਖ਼ਬਰ ਦਿੰਦੀ ਇਸ ਜਗ੍ਹਾ ਤੇ ਮੰਡਰਾਉਂਦੀ ਖ਼ਾਤਮੇ ਦੀ ਸੰਵੇਦਨਾ ਨੂੰ ਤੀਖਣ ਕਰ ਦਿੱਤਾ।

“ਮੈਂ ਅਜਿਹੀਆਂ ਕਬਰਾਂ ਦੀਆਂ ਗਲੀਆਂ ਵਿੱਚ ਫਿਰ ਰਿਹਾ ਸੀ, ਜਿੱਥੋਂ ਦੇ ਵਾਸੀ ਨਾ ਤਾਂ ਅਖ਼ਬਾਰ ਪੜ੍ਹਦੇ ਹਨ ਨਾ ਗੁਆਂਢੀਆਂ ਨੂੰ ਮਿਲਦੇ ਹਨ ਅਤੇ ਨਾ ਹੀ ਇਕਠੇ ਸੌਂਦੇ ਹਨ। ਮੈਂ ਚਲਦੇ ਚਲਦੇ ਕੁਤਬੇ ਪੜ੍ਹਨ ਲਗਾ ਅਤੇ ਕੁਤਬੇ ਪੜ੍ਹਨਾ ਸਭ ਤੋਂ ਵੱਧ ਰੌਚਿਕ ਚੀਜ਼ ਹੈ। ਲਾਬੀਸ਼ ਅਤੇ ਮਲਹਾਕ ਵਰਗੇ ਹਾਸਰਸੀ ਲੇਖਕਾਂ ਦੀਆਂ ਤਹਰੀਰਾਂ ਨੇ ਮੈਨੂੰ ਇੰਨਾ ਨਹੀਂ ਹਸਾਇਆ ਜਿਨ੍ਹਾਂ ਇਨ੍ਹਾਂ ਕੁਤਬਿਆਂ ਦੀਆਂ ਤਹਰੀਰਾਂ ਨੇ। ਮੈਂ ਜਦੋਂ ਇਨ੍ਹਾਂ ਸੰਗਮਰਮਰ ਦੇ ਟੁਕੜਿਆਂ ਅਤੇ ਸਲੀਬ ਦੇ ਨਿਸ਼ਾਨਾਂ ਨੂੰ ਦੇਖਦਾ ਹਾਂ ਜਿਨ੍ਹਾਂ ਉੱਤੇ ਰਿਸ਼ਤੇਦਾਰਾਂ ਨੇ ਆਪਣੇ ਜਜ਼ਬਿਆਂ ਦਾ ਪ੍ਰਗਟਾ ਕੀਤਾ ਹੁੰਦਾ ਹੈ, ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਦੁਆਵਾਂ ਲਿਖੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਮਿਲਣ ਦੀ ਆਸ ਪ੍ਰਗਟਾਈ ਹੁੰਦੀ ਹੈ ਤਾਂ ਮੈਨੂੰ ਉਨ੍ਹਾਂ ਦੀ ਬੰਦੇ ਨੂੰ ਕਰੋਧ ਮੁਕਤ ਕਰ ਕੇ ਹੌਲਾ ਫੁੱਲ ਕਰ ਦੇਣ ਦੀ ਸਮਰੱਥਾ ਉੱਤੇ ਹੈਰਾਨੀ ਹੁੰਦੀ ਹੈ। ਇਸ ਪੱਖੋਂ ਉਨ੍ਹਾਂ ਵਿਚੋਂ ਕਈ ਤਹਰੀਰਾਂ ਤਾਂ ਪੌਲ ਦ ਕੋਕ ਦੀਆਂ ਕਿਤਾਬਾਂ ਨੂੰ ਵੀ ਮਾਤ ਪਾਉਂਦੀਆਂ ਹਨ।

ਮੈਨੂੰ ਇਸ ਕਬਰਸਤਾਨ ਦਾ ਉਹ ਹਿੱਸਾ ਸਭ ਤੋਂ ਜ਼ਿਆਦਾ ਪਸੰਦ ਹੈ ਜੋ ਉਜਾੜ ਹੈ, ਉੱਥੇ ਯਿਊ ਅਤੇ ਸਰੂ ਦੇ ਉੱਚੇ ਦਰਖ਼ਤ ਉੱਗੇ ਹੋਏ ਹਨ, ਉਹ ਦਰਖ਼ਤ ਜਿਨ੍ਹਾਂ ਨੂੰ ਇਨਸਾਨੀ ਲਾਸ਼ਾਂ ਨੇ ਜ਼ਿੰਦਗੀ ਬਖ਼ਸ਼ੀ ਹੈ। ਇਸ ਪੁਰਾਣੇ ਹਿੱਸੇ ਵਿੱਚ ਬਹੁਤ ਪੁਰਾਣੇ ਜ਼ਮਾਨੇ ਦੇ ਮੁਰਦਿਆਂ ਦਾ ਵਾਸਾ ਹੈ। ਇਸ ਨੂੰ ਛੇਤੀ ਹੀ ਮੁੜ ਵਰਤੋਂ ਲਈ ਤਿਆਰ ਕੀਤਾ ਜਾਵੇਗਾ। ਦਰਖ਼ਤ ਕੱਟ ਦਿੱਤੇ ਜਾਣਗੇ ਤਾਂ ਜੋ ਨਵੇਂ ਨਵੇਂ ਮੁਰਦਿਆਂ ਨੂੰ ਕਤਾਰਾਂ ਵਿੱਚ ਸੰਗਮਰਮਰ ਦੀਆਂ ਸਲੈਬਾਂ ਦੇ ਹੇਠਾਂ ਦਫਨਾਇਆ ਜਾ ਸਕੇ।

ਜਦੋਂ ਮੈਂ ਕਬਰਸਤਾਨ ਵਿੱਚ ਕਾਫ਼ੀ ਦੇਰ ਫਿਰ ਚੁੱਕਿਆ ਅਤੇ ਉਕਤਾਹਟ ਦੇ ਲੱਛਣ ਵਿਖਾਈ ਦੇਣ ਲੱਗੇ ਤਾਂ ਮੈਂ ਆਪਣੀ ਨਿੱਕੀ ਸਹੇਲੀ ਦੀ ਕਬਰ ਵੱਲ ਵਧਿਆ ਤਾਂਕਿ ਉਸ ਨੂੰ ਆਪਣੀਆਂ ਵਫ਼ਾਦਾਰ ਯਾਦਾਂ ਦੀ ਸ਼ਰਧਾਂਜਲੀ ਪੇਸ਼ ਕਰਾਂ। ਮੈਂ ਉਸ ਦੀ ਕਬਰ ਤੇ ਪਹੁੰਚਣ ਸਾਰ ਦਿਲ ਤੇ ਭਾਰ ਜਿਹਾ ਮਹਿਸੂਸ ਕੀਤਾ। ਵਿਚਾਰੀ ਪਿਆਰੀ, ਉਹ ਏਨੀ ਬਾਂਕੀ ਸੀ, ਏਨੀ ਪਿਆਰੀ ਅਤੇ ਏਨੀ ਗੋਰੀ ਤੇ ਤਾਜ਼ਾ ਸੀ — ਅਤੇ ਹੁਣ — ਜੇ ਕੋਈ ਕਬਰ ਖੋਲ੍ਹੇ ——

“ਮੈਂ ਉਸ ਦੀ ਕਬਰ ਦੇ ਕੋਲ ਲੋਹੇ ਦੇ ਜੰਗਲੇ ਉੱਤੇ ਝੁਕ ਕੇ ਕੁਝ ਦੁੱਖ ਭਰੇ ਬੋਲ ਦੱਬਵੀਂ ਸੁਰ ਵਿੱਚ ਕਹੇ ਜੋ ਬਿਨਾਂ ਸ਼ੱਕ ਉਸਨੇ ਸੁਣੇ ਨਹੀਂ। ਮੈਂ ਕਬਰ ਤੋਂ ਅੱਗੇ ਵਧਣ ਹੀ ਵਾਲਾ ਸੀ ਕਿ ਮੈਂ ਨਾਲ ਵਾਲੀ ਕਬਰ ਉੱਤੇ ਇੱਕ ਨਹਾਇਤ ਹੀ ਸੋਗਵਾਰ ਕਾਲੇ ਪਹਿਰਾਵੇ ਵਿੱਚ ਲਿਪਟੀ ਔਰਤ ਨੂੰ ਝੁਕੇ ਹੋਏ ਦੇਖਿਆ। ਉਸਨੇ ਚਿਹਰੇ ਤੋਂ ਬੁਰਕੇ ਦਾ ਪੱਲਾ ਉਠਾ ਰੱਖਿਆ ਸੀ। ਸਿਆਹ ਪਰਦੇ ਵਿੱਚੋਂ ਉਸ ਦਾ ਗੋਰਾ ਚਿਹਰਾ ਅਤੇ ਮੈਡੋਨਾ ਵਰਗੀਆਂ ਖ਼ੂਬਸੂਰਤ ਜੁਲਫਾਂ ਇਵੇਂ ਲੱਗ ਰਹੀਆਂ ਸਨ ਜਿਵੇਂ ਕਾਲੀ ਰਾਤ ਵਿੱਚੋਂ ਪਹੁ ਫੁਟਾਲੇ ਦੀਆਂ ਕਿਰਨਾਂ ਝਾਤੀਆਂ ਮਾਰ ਰਹੀਆਂ ਹੋਣ। ਮੈਂ ਜਿੱਥੇ ਸੀ ਉਥੇ ਹੀ ਖੜੇ ਦਾ ਖੜਾ ਰਹਿ ਗਿਆ।

“ਨਿਰਸੰਦੇਹ ਉਹ ਗ਼ਮ ਦੀਆਂ ਅਥਾਹ ਗਹਿਰਾਈਆਂ ਵਿੱਚ ਡੁੱਬੀ ਹੋਣੀ ਹੈ, ਉਸਨੇ ਆਪਣਾ ਚਿਹਰਾ ਹੱਥਾਂ ਨਾਲ ਛਿਪਾਇਆ ਹੋਇਆ ਸੀ ਅਤੇ ਇੱਕ ਬੁੱਤ ਦੀ ਤਰ੍ਹਾਂ ਖੜੀ ਗਹਿਰੀਆਂ ਸੋਚਾਂ ਵਿੱਚ ਗਰਕ ਸੀ। ਉਸ ਦੀਆਂ ਝੁਕੀਆਂ ਤੇ ਬੰਦ ਪਲਕਾਂ ਦੇ ਹੇਠ ਉਸਦੀਆਂ ਉਦਾਸ ਯਾਦਾਂ ਦੀ ਦਾਸਤਾਨ ਛੁਪੀ ਹੋਈ ਲੱਗਦੀ ਸੀ ਅਤੇ ਇਵੇਂ ਲੱਗ ਰਿਹਾ ਸੀ ਕਿ ਉਹ ਆਪ ਇੱਕ ਮੁਰਦਾ ਸੀ ਜੋ ਦੂਜੇ ਮੁਰਦੇ ਦਾ ਸੋਗ ਮਨਾ ਰਿਹਾ ਸੀ। ਫਿਰ ਉਸ ਦੀ ਪਿੱਠ ਤੇ ਹਲਕੀ ਜਿਹੀ ਹਲਚਲ ਹੋਈ ਜਿਵੇਂ ਵਿਲੋ ਦੇ ਪੱਤਿਆਂ ਵਿੱਚੋਂ ਹਵਾ ਲੰਘੀ ਹੋਵੇ। ਇਸ ਤੋਂ ਮੈਨੂੰ ਲੱਗਿਆ ਜਿਵੇਂ ਉਹ ਰੋਣ ਲੱਗੀ ਹੋਵੇ। ਪਹਿਲਾਂ ਉਹ ਹੌਲੀ ਹੌਲੀ ਰੋਈ ਅਤੇ ਫਿਰ ਹੁਬਕੀਂ ਰੋਣ ਲੱਗੀ , ਉਸ ਦੀ ਧੌਣ ਅਤੇ ਮੋਢੇ ਹਿਲਣ ਲੱਗੇ। ਫਿਰ ਅਚਾਨਕ ਉਸਨੇ ਚਿਹਰੇ ਤੋਂ ਹੱਥ ਚੁੱਕੇ ਉਸ ਦੀਆਂ ਅੱਖਾਂ ਜੋ ਹੰਝੂਆਂ ਨਾਲ ਤਰ ਅਤੇ ਬਹੁਤ ਦਿਲਕਸ਼ ਸਨ - ਇਕ ਘਬਰਾਈ ਹੋਈ ਔਰਤ ਦੀਆਂ ਅੱਖਾਂ, ਜਿਨ੍ਹਾਂ ਨਾਲ ਉਸ ਨੇ ਆਪਣੇ ਚਾਰੇ ਪਾਸੇ ਇਸ ਤਰ੍ਹਾਂ ਵੇਖਿਆ ਜਿਵੇਂ ਅਚਾਨਕ ਸੁਪਨੇ ਤੋਂ ਜਾਗੀ ਹੋਵੇ। ਜਦੋਂ ਉਸਨੇ ਮੈਨੂੰ ਆਪਣੀ ਵੱਲ ਘੂਰਦੇ ਹੋਏ ਵੇਖਿਆ ਤਾਂ ਬੌਖਲਾ ਜਿਹੀ ਗਈ ਅਤੇ ਆਪਣੇ ਚਿਹਰੇ ਨੂੰ ਆਪਣੇ ਹੱਥਾਂ ਨਾਲ ਪੂਰੀ ਤਰ੍ਹਾਂ ਢਕ ਲਿਆ। ਉਸਨੇ ਜ਼ੋਰ ਜ਼ੋਰ ਨਾਲ ਸਿਸਕੀਆਂ ਭਰਨਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਸਿਰ ਹੌਲੀ ਹੌਲੀ ਸੰਗਮਰਮਰ ਵੱਲ ਲੁੜਕਦਾ ਗਿਆ ਅਤੇ ਆਖ਼ਰ ਉਸਤੇ ਟਿੱਕ ਗਿਆ। ਉਸ ਦੇ ਬੁਰਕੇ ਦਾ ਪੱਲਾ ਕਬਰ ਉੱਤੇ ਫੈਲ ਗਿਆ ਅਤੇ ਇਸਨੇ ਸੱਜਰੇ ਸੋਗ ਦੀ ਨਿਸ਼ਾਨੀ ਵਾਂਗ ਮਹਿਬੂਬ ਦੀ ਕਬਰ ਦੇ ਪੱਥਰ ਦੇ ਚਿੱਟੇ ਕੋਨੇ ਢਕ ਲਏ। ਮੈਂ ਸਿਸਕੀ ਦੀ ਆਵਾਜ਼ ਸੁਣੀ ਅਤੇ ਫਿਰ ਉਹ ਕਬਰ ਤੇ ਆਪਣੀ ਗੱਲ੍ਹ ਟਿਕਾਈਂ, ਬੇਜਾਨ ਅਤੇ ਬੇਹੋਸ਼ ਪਈ ਸੀ।

"ਮੈਂ ਤੇਜ਼ੀ ਨਾਲ ਉਸ ਦੇ ਵੱਲ ਗਿਆ, ਉਸ ਦੇ ਹੱਥਾਂ ਨੂੰ ਥਪਥਪਾਇਆ, ਉਸਦੀਆਂ ਪਲਕਾਂ ਉੱਤੇ ਫੂਕਾਂ ਮਾਰੀਆਂ, ਉਦੋਂ ਮੈਂ ਇਹ ਸਧਾਰਨ ਕੁਤਬਾ ਪੜ੍ਹਿਆ: ‘ਇੱਥੇ ਲੂਈਸ ਥਿਓਡਰ ਕੈਰਲ ਆਰਾਮ ਕਰ ਰਿਹਾ ਹੈ। ਉਹ ਮੇਰਾਈਨ ਲਾਈਟ ਇਨਫੈਂਟਰੀ ਵਿੱਚ ਕਪਤਾਨ ਸੀ। ਉਹ ਟੋਨਕਿਨ ਵਿੱਚ ਦੁਸ਼ਮਨਾ ਦੇ ਹੱਥੋਂ ਮਾਰਿਆ ਗਿਆ ਸੀ। ਉਸ ਲਈ ਦੁਆ ਕਰੋ।’

“ਇਹ ਨੌਜਵਾਨ ਕੁਝ ਮਹੀਨੇ ਪਹਿਲਾਂ ਮਰਿਆ ਸੀ। ਮੇਰੀਆਂ ਅੱਖਾਂ ਵੀ ਨਮ ਹੋਣ ਲੱਗੀਆਂ ਅਤੇ ਮੈਂ ਉਸ ਔਰਤ ਨੂੰ ਹੋਸ਼ ਵਿੱਚ ਲਿਆਉਣ ਲਈ ਦੁੱਗਣਾ ਧਿਆਨ ਲਾ ਦਿੱਤਾ, ਆਖ਼ਰ ਉਹ ਹੋਸ਼ ਵਿੱਚ ਆ ਗਈ। ਉਸਨੇ ਮੇਰੇ ਦਿਲ ਤੇ ਗਹਿਰਾ ਅਸਰ ਕੀਤਾ। ਮੈਨੂੰ ਅਚਾਨਕ ਆਪਣੀ ਜ਼ਾਤ ਦਾ ਅਹਿਸਾਸ ਹੋਣ ਲਗਾ। ਮੇਰੀ ਉਮਰ 40 ਤੋਂ ਘੱਟ ਹੈ, ਅਤੇ ਮੇਰੀ ਸ਼ਕਲ ਦੇਖਣ ਵਿੱਚ ਇੰਨੀ ਬੁਰੀ ਨਹੀਂ। ਮੈਂ ਉਸ ਦੀ ਪਹਿਲੀ ਤੱਕਣੀ ਤੋਂ ਹੀ ਤਾੜ ਲਿਆ ਸੀ ਕਿ ਉਹ ਤਾਂ ਨਾ ਸਿਰਫ ਦਿਆਲੂ ਹੀ ਸਗੋਂ ਅਹਿਸਾਨਮੰਦ ਵੀ ਹੋਵੇਗੀ। ਉਹ ਸੀ ਅਤੇ ਉਸਨੇ ਸਿਸਕੀਆਂ ਦੇ ਦਰਮਿਆਨ ਆਪਣੀ ਬਿਪਤਾ ਸੁਣਾਈ। ਉਸਨੇ ਦੱਸਿਆ ਕਿ ਉਸ ਦਾ ਪਤੀ ਕਪਤਾਨ ਸੀ, ਅਤੇ ਵਿਆਹ ਦੇ ਇੱਕ ਸਾਲ ਬਾਅਦ ਜੰਗ ਵਿੱਚ ਮਾਰਿਆ ਗਿਆ ਸੀ। ਉਹ ਉਸ ਕਪਤਾਨ ਨਾਲ ਮੁਹੱਬਤ ਕਰਦੀ ਸੀ ਅਤੇ ਇਸ ਲਈ ਉਸ ਨਾਲ ਵਿਆਹ ਕਰਵਾਇਆ ਸੀ। ਉਹ ਇੱਕ ਯਤੀਮ ਬਚੀ ਸੀ ਅਤੇ ਇਸ ਲਈ ਦਹੇਜ ਲਈ ਵੀ ਜ਼ਿਆਦਾ ਰਕਮ ਨਹੀਂ ਸੀ।

“ਮੈਂ ਉਸਨੂੰ ਦਿਲਾਸਾ ਦਿੱਤਾ ਅਤੇ ਉਸਨੂੰ ਆਪਣੇ ਪੈਰਾਂ ਉੱਤੇ ਖੜੇ ਹੋਣ ਵਿੱਚ ਮਦਦ ਦਿੱਤੀ ਫਿਰ ਮੈਂ ਕਿਹਾ: “‘ਕਾਫ਼ੀ ਦੇਰ ਹੋ ਗਈ ਹੈ ਹੁਣ ਚੱਲਣਾ ਚਾਹੀਦਾ ਹੈ।’ “‘ਮੈਂ ਚੱਲ ਨਹੀਂ ਸਕਦੀ,’ ਉਹ ਮਰੀਅਲ ਜਿਹੀ ਆਵਾਜ਼ ਵਿੱਚ ਫੁਸਫਸਾਈ। “‘ਮੈਂ ਤੁਹਾਡੀ ਮਦਦ ਕਰਾਂਗਾ,’ “‘ਧੰਨਵਾਦ ਸ੍ਰੀਮਾਨ ਜੀ। ਤੁਸੀਂ ਬਹੁਤ ਮਿਹਰਬਾਨ ਹੋ। ਕੀ ਤੁਸੀਂ ਵੀ ਇੱਥੇ ਕਿਸੇ ਦੀ ਕਬਰ ਉੱਤੇ ਅਥਰੂ ਵਹਾਉਣ ਆਏ ਹੋ?’ “‘ਹਾਂ ਮੈਡਮ।’ “‘ਮੋਈ ਮਿੱਤਰ ਲਈ?' “‘ਹਾਂ ਮੈਡਮ।’ “‘ਆਪਣੀ ਪਤਨੀ ਲਈ?’ “‘ਨਹੀਂ ਆਪਣੀ ਮਿੱਤਰ ਲਈ।’ “‘ਇਨਸਾਨ ਆਪਣੀ ਮਿੱਤਰ ਲਈ ਵੀ ਇੰਨੀ ਮੁਹੱਬਤ ਕਰ ਸਕਦਾ ਹੈ ਜਿੰਨੀ ਆਪਣੀ ਪਤਨੀ ਨਾਲ। ਮੁਹੱਬਤ ਕਨੂੰਨ ਤੋਂ ਉੱਪਰ ਹੈ।’ “‘ਠੀਕ ਕਿਹਾ, ਮੈਡਮ’ ਮੈਂ ਜਵਾਬ ਦਿੱਤਾ। “ਅਸੀਂ ਨਾਲ ਨਾਲ ਚਲਣ ਲੱਗੇ। ਉਹ ਮੇਰੇ ਉੱਪਰ ਉੱਲਰੀ ਹੋਈ ਸੀ ਅਤੇ ਆਪਣਾ ਭਾਰ ਮੇਰੇ ਮੋਢੇ ਉੱਤੇ ਪਾਇਆ ਹੋਇਆ ਸੀ। ਇਸੇ ਤਰ੍ਹਾਂ ਅਸੀਂ ਕਬਰਸਤਾਨ ਤੋਂ ਬਾਹਰ ਨਿਕਲੇ। ਉਹ ਕਹਿਣ ਲੱਗੀ: “‘ਮੈਨੂੰ ਲੱਗਦਾ ਹੈ ਜਿਵੇਂ ਮੈਂ ਬੀਮਾਰ ਹੋ ਰਹੀ ਹੋਵਾਂ।’ ਕੀ ਤੁਸੀਂ ਅਜਿਹੀ ਜਗ੍ਹਾ ਚਲੋਗੇ ਜਿੱਥੇ ਕੁੱਝ ਖਾ ਪੀ ਲਿਆ ਜਾਵੇ ਤਾਂਕਿ ਤੁਹਾਡੇ ਵਿੱਚ ਕੁਝ ਤਾਕਤ ਆਏ। “'ਜ਼ਰੂਰ ਸ੍ਰੀਮਾਨ ਜੀ।’ “ਮੈਨੂੰ ਨੇੜੇ ਹੀ ਇੱਕ ਰੈਸਤਰਾਂ ਨਜ਼ਰ ਆਇਆ। ਇਹ ਉਨ੍ਹਾਂ ਰੈਸਤਰਾਂਵਾਂ ਵਿੱਚੋਂ ਇੱਕ ਸੀ ਜਿੱਥੇ ਜਨਾਜ਼ੇ ਵਿੱਚ ਆਏ ਲੋਕ ਫ਼ਰਜ਼ ਨਿਬਾਹੁਣ ਦੇ ਬਾਅਦ ਸਸਤਾਉਣ ਲਈ ਬੈਠ ਜਾਇਆ ਕਰਦੇ ਹਨ। ਅਸੀ ਅੰਦਰ ਚਲੇ ਗਏ ਅਤੇ ਮੈਂ ਉਸ ਨੂੰ ਗਰਮ ਚਾਹ ਦਾ ਇੱਕ ਪਿਆਲਾ ਪਿਆਇਆ ਜਿਸ ਦੇ ਬਾਅਦ ਉਸ ਦੇ ਬੁੱਲ੍ਹਾਂ ਉੱਤੇ ਇੱਕ ਹਲਕੀ ਜਿਹੀ ਮੁਸਕਾਣ ਫੈਲ ਗਈ ਅਤੇ ਉਸਨੇ ਮੈਨੂੰ ਆਪਣੇ ਬਾਰੇ ਦੱਸਣਾ ਸ਼ੁਰੂ ਕੀਤਾ। ਇਹ ਬਹੁਤ ਦੁਖਭਰੀ ਦਾਸਤਾਨ ਸੀ। ਕਹਿਣ ਲੱਗੀ ਉਹ ਜ਼ਿੰਦਗੀ ਤੋਂ ਅੱਕ ਚੁੱਕੀ ਸੀ। ਦਿਨ ਰਾਤ ਤਨਹਾਈ ਉਸਨੂੰ ਵੱਢ ਵੱਢ ਖਾਂਦੀ ਸੀ। ਉਸਦੇ ਪਾਸ ਕੋਈ ਵੀ ਅਜਿਹਾ ਸ਼ਖਸ ਨਹੀਂ ਜਿਸ ਨੂੰ ਉਹ ਆਪਣਾ ਦੁੱਖ ਸੁਣਾ ਸਕਦੀ, ਜਿਸ ਤੇ ਉਹ ਆਪਣੀ ਮੁਹੱਬਤ ਨਿਛਾਵਰ ਕਰ ਸਕਦੀ।

“ਉਸ ਦੀਆਂ ਗੱਲਾਂ ਵਿੱਚ ਸੁਹਿਰਦਤਾ ਝਲਕਦੀ ਸੀ ਅਤੇ ਉਸ ਦੇ ਮੂੰਹੋਂ ਬਹੁਤ ਜਚਦੀਆਂ ਸਨ। ਸੁਣ ਕੇ ਮੇਰਾ ਦਿਲ ਪਸੀਜ਼ਣਾ ਸ਼ੁਰੂ ਹੋ ਗਿਆ। ਉਹ ਨੌਜਵਾਨ ਸੀ। ਉਸ ਦੀ ਉਮਰ ਵੀਹ ਕੁ ਸਾਲ ਦੀ ਹੋਵੇਗੀ। ਮੈਂ ਉਸ ਦੀ ਤਾਰੀਫ਼ ਕੀਤੀ ਜੋ ਉਸਨੇ ਖਿੜੇ ਮੱਥੇ ਕਬੂਲ ਕਰ ਲਈ। ਕਾਫ਼ੀ ਦੇਰ ਹੋ ਚੁੱਕੀ ਸੀ, ਮੈਂ ਉਸਨੂੰ ਟੈਕਸੀ ਵਿੱਚ ਘਰ ਛੱਡ ਆਉਣ ਦੀ ਗੱਲ ਕੀਤੀ ਜੋ ਉਸਨੇ ਕਬੂਲ ਕਰ ਲਈ। ਟੈਕਸੀ ਵਿੱਚ ਅਸੀਂ ਨਾਲ ਨਾਲ ਬੈਠ ਗਏ। ਸਾਡੇ ਮੋਢੇ ਖਹਿ ਰਹੇ ਸਨ।

“ਜਦੋਂ ਟੈਕਸੀ ਉਸ ਦੀ ਬਿਲਡਿੰਗ ਦੇ ਅੱਗੇ ਰੁਕੀ ਤਾਂ ਉਹ ਆਹਿਸਤਾ ਜਿਹੇ ਬੋਲੀ: ‘ਮੈਂ ਪੰਜਵੀਂ ਮੰਜ਼ਿਲ ਉੱਤੇ ਰਹਿੰਦੀ ਹਾਂ ਅਤੇ ਅਜੇ ਕੁੱਝ ਕਮਜ਼ੋਰੀ ਮਹਿਸੂਸ ਕਰ ਰਹੀ ਹਾਂ ਤੁਸੀਂ ਇੰਨੇ ਚੰਗੇ ਹੋ! ਮੈਨੂੰ ਸਹਾਰਾ ਦੇਕੇ ਘਰ ਤੱਕ ਛੱਡ ਆਓ ਨਾ।’

“ਮੈਂ ਇਹ ਬੇਨਤੀ ਤੁਰਤ ਕਬੂਲ ਕਰ ਲਈ। ਉਹ ਮੇਰਾ ਸਹਾਰਾ ਲੈ ਕੇ ਆਹਿਸਤਾ-ਆਹਿਸਤਾ ਪੌੜੀਆਂ ਚੜ੍ਹਨ ਲੱਗੀ। ਉਸ ਦਾ ਸਾਹ ਫੁੱਲਦਾ ਜਾ ਰਿਹਾ ਸੀ। ਜਦੋਂ ਅਸੀਂ ਉਸ ਦੇ ਘਰ ਦੇ ਬੂਹੇ ਅੱਗੇ ਪੁੱਜੇ ਤਾਂ ਉਹ ਕਹਿਣ ਲੱਗੀ:

“‘ਕੁੱਝ ਦੇਰ ਲਈ ਅੰਦਰ ਆ ਜਾਓ ਨਾ। ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ।’

“ਤੇ ਬੱਸ ਫਿਰ ਕੀ..ਮੈਂ ਉਸ ਦੇ ਘਰ ਅੰਦਰ ਚਲਾ ਗਿਆ। ਹਰ ਚੀਜ਼ ਸਾਦਾ ਤੇ ਲੋਹੜੇ ਦੀ ਨਿਰਮਾਣਤਾ, ਪਰ ਸਲੀਕਾ ਮਨਮੋਹਕ ਸੀ।

“ਅਸੀਂ ਸੋਫੇ ਉੱਤੇ ਕੋਲ ਕੋਲ ਬੈਠ ਗਏ ਅਤੇ ਉਸਨੇ ਫਿਰ ਆਪਣੀ ਤਨਹਾਈ ਦੀ ਗੱਲ ਛੇੜ ਦਿੱਤੀ। ਉਸਨੇ ਆਪਣੀ ਨੌਕਰਾਣੀ ਨੂੰ ਬੁਲਾਣ ਲਈ ਘੰਟੀ ਵਜਾਈ ਤਾਂਕਿ ਉਹ ਮੇਰੇ ਲਈ ਕੋਈ ਵਾਈਨ ਦਾ ਆਰਡਰ ਦੇ ਸਕੇ ਪਰ ਕੋਈ ਜਵਾਬ ਨਾ ਆਇਆ। ਇਸ ਦੀ ਨੌਕਰਾਣੀ ਸ਼ਾਇਦ ਸਫਾਈ ਕਰਨ ਵਾਲੀ ਔਰਤ ਸੀ ਜੋ ਸਿਰਫ ਸਵੇਰ ਦੇ ਵਕਤ ਥੋੜ੍ਹੀ ਦੇਰ ਲਈ ਆਉਂਦੀ ਹੋਣੀ ਹੈ। ਇਹ ਸੋਚ ਕੇ ਮੈਨੂੰ ਖੁਸ਼ੀ ਹੋਈ।

“ਉਸਨੇ ਆਪਣਾ ਹੈਟ ਉਤਾਰ ਇੱਕ ਪਾਸੇ ਰੱਖ ਦਿੱਤਾ ਸੀ ਅਤੇ ਮੇਰੇ ਵੱਲ ਨਿਰਮਲ ਨਜ਼ਰਾਂ ਨਾਲ ਦੇਖਣ ਲੱਗੀ। ਉਸਦੀ ਤੱਕਣੀ ਵਿੱਚ ਏਨੀ ਤਾਕਤ ਸੀ ਅੱਖਾਂ ਏਨੀਆਂ ਨਿਰਮਲ ਕਿ ਮੈਂ ਆਪਣੇ ਮਨ ਨੂੰ ਕਾਬੂ ਨਾ ਰੱਖ ਸਕਿਆ ਅਤੇ ਮੈਂ ਉਸਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਮੈਂ ਉਸ ਦੀਆਂ ਪਲਕਾਂ ਤੇ ਚੁੰਮਣਾਂ ਦੀ ਝੜੀ ਲਾ ਦਿੱਤੀ ਜੋ ਉਸਨੇ ਅਚਾਨਕ ਮੀਚ ਲਈਆਂ ਸਨ। ਫਿਰ ਉਹ ਮੇਰੀ ਪਕੜ ਵਿੱਚੋਂ ਛੁੱਟ ਕੇ ਮੈਨੂੰ ਪਾਸੇ ਕਰਦੀ ਹੋਈ ਬੋਲੀ: “‘ਬੱਸ ਹਟੋ, ਬੱਸ ਹਟੋ।’

“ਬੱਸ ਮੈਂ ਤੁਰਤ ਉਸ ਦੀਆਂ ਬੁੱਲ੍ਹੀਆਂ ਤੇ ਚੁੰਮਣ ਜੜ ਦਿੱਤਾ। ਉਸਨੇ ਕੋਈ ਇਤਰਾਜ਼ ਨਾ ਕੀਤਾ ਅਤੇ ਟੋਨਕਿਨ ਵਿਚ ਮਾਰੇ ਗਏ ਕਪਤਾਨ ਦੀ ਯਾਦ ਦੀ ਦੁਰਗਤੀ ਕਰਨ ਤੋਂ ਬਾਅਦ ਜਿਵੇਂ ਸਾਡੀਆਂ ਨਿਗਾਹਾਂ ਮਿਲੀਆਂ, ਮੈਂ ਵੇਖਿਆ ਕਿ ਉਸ ਦੇ ਹਾਵਭਾਵ ਨਸ਼ਿਆਏ ਅਤੇ ਢੈਲੇ ਜਿਹੇ ਸਨ ਤੇ ਮੈਂ ਬੇਫ਼ਿਕਰ ਹੋ ਗਿਆ।

“ਮੈਂ ਤੱਤਪਰ ਹੋ ਗਿਆ ਅਤੇ ਉਸ ਵੱਲ ਹੋਰ ਵੀ ਵੱਧ ਧਿਆਨ ਦੇਣ ਲੱਗ ਪਿਆ ਅਤੇ ਕੁਝ ਸਮਾਂ ਹੋਰ ਗੱਲਬਾਤ ਦੇ ਬਾਅਦ ਮੈਂ ਪੁੱਛਿਆ:

“‘ਤੁਸੀਂ ਸ਼ਾਮ ਦਾ ਖਾਣਾ ਕਿੱਥੇ ਖਾਂਦੇ ਹੋ?’

“‘ਨਾਲ ਵਾਲੇ ਛੋਟੇ ਜਿਹੇ ਰੈਸਤਰਾਂ ਵਿੱਚ।’

“‘ਇਕੱਲੇ?’

“‘ਜੀ ਹਾਂ ਕਿਉਂ?’

“‘ਅੱਜ ਖਾਣਾ ਮੇਰੇ ਨਾਲ ਖਾਓ।’

“‘ਕਿੱਥੇ?’

“‘ਬੂਲੇਵਾਰਦ ਦੇ ਇੱਕ ਵਧੀਆ ਰੈਸਤਰਾਂ ਵਿੱਚ।’

“ਪਹਿਲਾਂ ਤਾਂ ਉਹ ਹਿਚਕਿਚਾਈ ਪਰ ਮੈਂ ਜ਼ੋਰ ਦਿੱਤਾ ਤਾਂ ਇਹ ਕਹਿੰਦੇ ਹੋਏ ਮੰਨ ਗਈ: ‘ਮੈਂ ਇਕੱਲੀ ਹਾਂ, ਬੁਰੀ ਤਰ੍ਹਾਂ ਇਕੱਲੀ।’ ਫਿਰ ਉਸ ਨੇ ਕਿਹਾ:

“‘ਮੈਂ ਕੱਪੜੇ ਬਦਲ ਲਵਾਂ।’ ਉਹ ਅੰਦਰ ਆਪਣੇ ਬੈੱਡਰੂਮ ਵਿੱਚ ਚਲੀ ਗਈ ਅਤੇ ਜਦੋਂ ਬਾਹਰ ਆਈ ਤਾਂ ਉਸਨੇ ਕੁਝ ਘੱਟ ਸੋਗੀ ਕੱਪੜੇ ਪਹਿਨੇ ਹੋਏ ਸਨ, ਅਤੇ ਸਲੇਟੀ ਰੰਗ ਦੇ ਪਹਿਰਾਵੇ ਵਿੱਚ ਉਸ ਦਾ ਹੁਸਨ ਹੋਰ ਨਿੱਖਰ ਆਇਆ ਸੀ, ਸਾਫ਼ ਲੱਗ ਰਿਹਾ ਸੀ ਕਿ ਕਬਰਸਤਾਨ ਅਤੇ ਸ਼ਹਿਰ ਲਈ ਉਸਨੇ ਅੱਡ ਅੱਡ ਕਿਸਮ ਦੇ ਕੱਪੜੇ ਸਿਲਵਾ ਰੱਖੇ ਸਨ। “ਖਾਣਾ ਬਹੁਤ ਮਜ਼ੇਦਾਰ ਸੀ ਉਸਨੇ ਕੁੱਝ ਸ਼ੈਮਪਨ ਪੀਤੀ, ਉਸ ਦੀ ਚਮਕ ਪਰਤ ਆਈ ਅਤੇ ਉਹ ਚੋਂਚਲੇ ਕਰਨ ਲੱਗੀ। ਖਾਣੇ ਦੇ ਬਾਅਦ ਮੈਂ ਉਸ ਦੇ ਨਾਲ ਘਰ ਗਿਆ। “ਕਬਰਸਤਾਨ ਵਿੱਚ ਸ਼ੁਰੂ ਹੋਣ ਵਾਲੀ ਮੁਹੱਬਤ ਦਾ ਇਹ ਸਿਲਸਿਲਾ ਤਿੰਨ ਹਫ਼ਤੇ ਜਾਰੀ ਰਿਹਾ। ਬੰਦੇ ਦਾ ਦਿਲ ਅਕਸਰ ਚੀਜ਼ਾਂ ਤੋਂ ਛੇਤੀ ਉਕਤਾ ਜਾਂਦਾ ਹੈ, ਖ਼ਾਸਕਰ ਔਰਤਾਂ ਤੋਂ। ਮੇਰਾ ਵੀ ਇਹੀ ਹਾਲ ਹੋਇਆ। ਤਿੰਨ ਹਫ਼ਤਿਆਂ ਦੇ ਬਾਅਦ ਇੱਕ ਜ਼ਰੂਰੀ ਸਫ਼ਰ ਦੀ ਵਜ੍ਹਾ ਨਾਲ ਸ਼ਹਿਰ ਤੋਂ ਬਾਹਰ ਜਾਣ ਦਾ ਬਹਾਨਾ ਬਣਾ ਕੇ ਉਸ ਨੂੰ ਅਲਵਿਦਾ ਕਿਹਾ। ਉਹ ਮੇਰੀ ਬਹੁਤ ਧੰਨਵਾਦੀ ਸੀ ਅਤੇ ਮੇਰੇ ਤੋਂ ਵਾਅਦਾ ਲਿਆ ਕਿ ਸਫ਼ਰ ਦੇ ਬਾਅਦ ਵਾਪਸ ਆਵਾਂ ਤਾਂ ਉਸ ਨੂੰ ਮਿਲਣ ਜ਼ਰੂਰ ਆਵਾਂ। ਥੋੜ੍ਹੇ ਹੀ ਅਰਸੇ ਵਿੱਚ ਮੈਂ ਉਸ ਦੇ ਕਾਫ਼ੀ ਕਰੀਬ ਆ ਗਿਆ ਸੀ ਅਤੇ ਉਹ ਮੈਨੂੰ ਚਾਹੁਣ ਲੱਗੀ ਸੀ।

ਮੈਂ ਛੇਤੀ ਹੀ ਹੋਰਨਾਂ ਚੀਜ਼ਾਂ ਵਿੱਚ ਮਸਤ ਹੋ ਗਿਆ। ਇੱਕ ਮਹੀਨਾ ਬੀਤ ਗਿਆ ਅਤੇ ਮੈਂ ਇਸ ਕਬਰਸਤਾਨ ਦੀ ਦੋਸਤ ਬਾਰੇ ਬਹੁਤਾ ਨਹੀਂ ਸੋਚਿਆ, ਪਰ ਉਸ ਦੀ ਯਾਦ ਮੇਰੇ ਮਨ ਵਿੱਚ ਤਾਜ਼ਾ ਰਹੀ। ਉਹ ਔਰਤ ਮੇਰੇ ਲਈ ਅਜੇ ਵੀ ਇੱਕ ਬੁਝਾਰਤ ਸੀ, ਇੱਕ ਮਨੋਵਿਗਿਆਨਕ ਉਲਝਣ ਸੀ, ਇੱਕ ਅਜਿਹਾ ਸਵਾਲ ਸੀ ਜਿਸਦਾ ਜਵਾਬ ਪਾਉਣ ਲਈ ਮੈਂ ਬੇਚੈਨ ਸੀ।

“ਫਿਰ ਇੱਕ ਦਿਨ ਪਤਾ ਨਹੀਂ ਕਿਉਂ ਮੇਰਾ ਦਿਲ ਮੋਂਮਾਖ਼ ਦੇ ਕਬਰਿਸਤਾਨ ਦੀ ਸੈਰ ਨੂੰ ਚਾਹਿਆ। ਹੋ ਸਕਦਾ ਹੈ ਉਹ ਮੈਨੂੰ ਉਥੇ ਮਿਲ ਪਵੇ! ਇਸ ਲਈ ਮੈਂ ਉਸ ਤਰਫ਼ ਚੱਲ ਪਿਆ। “ਮੈਂ ਕਾਫ਼ੀ ਦੇਰ ਤੱਕ ਇਸ ਕਬਰਸਤਾਨ ਵਿੱਚ ਫਿਰਦਾ ਰਿਹਾ ਪਰ ਮੈਨੂੰ ਸਧਾਰਣ ਮੁਲਾਕਾਤੀਆਂ, ਜਿਨ੍ਹਾਂ ਨੇ ਅਜੇ ਤੱਕ ਆਪਣੇ ਮੋਏ ਰਿਸ਼ਤੇਦਾਰਾਂ ਨਾਲੋਂ ਸੰਬੰਧ ਨਹੀਂ ਤੋੜਿਆ ਸੀ, ਦੇ ਸਿਵਾ ਕੋਈ ਜਾਣੂੰ ਸੂਰਤ ਨਜ਼ਰ ਨਾ ਆਈ। ਮੈਂ ਟੋਨਕਿਨ ਵਿੱਚ ਮਰਨ ਵਾਲੇ ਕਪਤਾਨ ਦੀ ਕਬਰ ਦੇ ਕੋਲੋਂ ਵੀ ਗੁਜ਼ਰਿਆ ਪਰ ਨਾ ਤਾਂ ਮੈਨੂੰ ਉਸ ਦੇ ਕਰੀਬ ਕੋਈ ਔਰਤ ਨਜ਼ਰ ਆਈ ਅਤੇ ਨਾ ਹੀ ਉਸ ਦੀ ਕਬਰ ਉੱਤੇ ਕੋਈ ਫੁੱਲਮਾਲਾ।

“ਪਰ ਜਦੋਂ ਮੈਂ ਚਲਦੇ ਚਲਦੇ ਇਸ ਮੁਰਦਿਆਂ ਦੇ ਸ਼ਹਿਰ ਦੇ ਉਜਾੜ ਅਤੇ ਇੱਕ ਦੂਰ ਵਾਲੇ ਹਿੱਸੇ ਵਿੱਚ ਨਿਕਲ ਆਇਆ ਤਾਂ ਅਚਾਨਕ ਮੈਨੂੰ ਆਪਣੇ ਸਾਹਮਣੇ ਛੋਟੇ ਜਿਹੇ ਰਸਤੇ ਉੱਤੇ ਇੱਕ ਜੋੜਾ ਸੋਗੀ ਹਾਲ ਚੱਲਦਾ ਆ ਰਿਹਾ ਨਜ਼ਰ ਆਇਆ। ਉਹ ਮੇਰੇ ਵੱਲ ਹੀ ਚਲੇ ਆ ਰਹੇ ਸਨ। ਜਦੋਂ ਉਹ ਨੇੜੇ ਆਏ ਅਤੇ ਮੈਂ ਗ਼ੌਰ ਨਾਲ ਵੇਖਿਆ ਤਾਂ ਮੈਂ ਉਸਨੂੰ ਪਛਾਣ ਲਿਆ। ਉਸਨੇ ਮੇਰੀ ਵੱਲ ਵੇਖਿਆ ਅਤੇ ਉਸ ਦਾ ਚਿਹਰਾ ਸੁਰਖ਼ ਹੋ ਗਿਆ। ਜਦੋਂ ਉਹ ਮੇਰੇ ਨਾਲ ਖਹਿ ਕੇ ਲੰਘੀ ਤਾਂ ਉਸਨੇ ਮੈਨੂੰ ਅੱਖ ਨਾਲ ਮਾੜ੍ਹਾ ਕੁ ਇਸ਼ਾਰਾ ਵੀ ਕਰ ਦਿੱਤਾ। ਉਸ ਦਾ ਮਤਲਬ ਸੀ, “ਮੈਨੂੰ ਨਾ ਸਿਆਣੋ!” ਪਰ ਨਾਲ ਹੀ ਇਹ ਸੁਨੇਹਾ ਵੀ ਦੇ ਰਹੀ ਜਾਪਦੀ ਸੀ, ‘ਮੇਰੇ ਪਿਆਰੇ ਕਿਸੇ ਦਿਨ ਮਿਲਣ ਲਈ ਜ਼ਰੂਰ ਆਉਣਾ!’

"ਇਹ ਆਦਮੀ ਇੱਕ ਬਣਦਾ ਫੱਬਦਾ ਸੱਜਣ ਪੁਰਸ਼ ਸੀ, ਨਿਆਰਾ, ਟੌਹਰੀ, ਲੀਜ਼ਨ ਆਫ ਆਨਰ ਦਾ ਅਫਸਰ, ਜੋ ਪੰਜਾਹ ਸਾਲਾਂ ਦੀ ਉਮਰ ਦਾ ਹੋਵੇਗਾ। ਉਹ ਵੀ ਉਸਨੂੰ ਉਸੇ ਤਰ੍ਹਾਂ ਸਹਾਰਾ ਦੇਕੇ ਲੈ ਜਾ ਰਿਹਾ ਸੀ ਜਿਸ ਤਰ੍ਹਾਂ ਮੈਂ ਉਸਨੂੰ ਸਹਾਰਾ ਦੇਕੇ ਕਬਰਸਤਾਨ ਤੋਂ ਬਾਹਰ ਲੈ ਕੇ ਗਿਆ ਸੀ।

“ਮੈਂ ਹੱਕਾ ਬੱਕਾ ਆਪਣੇ ਰਾਹ ਤੁਰਦਾ ਗਿਆ। ਮੇਰੀਆਂ ਅੱਖਾਂ ਨੇ ਜੋ ਵੇਖਿਆ ਸੀ, ਮੈਨੂੰ ਉਸ ਦਾ ਯਕੀਨ ਨਹੀਂ ਆ ਰਿਹਾ ਸੀ। ਮੈਂ ਕੁਝ ਪਲਾਂ ਲਈ ਹੈਰਾਨਗੀ ਦੇ ਸਾਗਰ ਵਿੱਚ ਗ਼ੋਤੇ ਖਾਣ ਲਗਾ। ਮੈਂ ਆਪਣੇ ਆਪ ਨੂੰ ਪੁੱਛ ਰਿਹਾ ਸੀ ਕਿ ਕਬਰਸਤਾਨ ਵਿੱਚ ਸ਼ਿਕਾਰ ਕਰਦੀ ਫਿਰਦੀ ਇਹ ਔਰਤ ਕਿਸ ਨਸਲ ਦੀ ਪ੍ਰਾਣੀ ਸੀ? ਕੀ ਉਹ ਆਮ ਕੁੜੀ ਸੀ ਬੱਸ, ਜੋ ਆਪਣੀ ਪਤਨੀ ਜਾਂ ਮਹਿਬੂਬਾ ਦੇ ਸੋਗ ਵਿੱਚ ਮਾਰੇ ਮਾਰੇ ਫਿਰਨ ਵਾਲੇ ਮਰਦਾਂ ਦੀ ਤਲਾਸ਼ ਵਿੱਚ ਰਹਿੰਦੀ ਸੀ ਜਾਂ ਉਹ ਕੋਈ ਖ਼ਾਸ ਕਿਸਮ ਦੀ ਔਰਤ ਸੀ? ਕੀ ਉਹ ਉਨ੍ਹਾਂ ਤਵਾਇਫਾਂ ਵਿੱਚੋਂ ਸੀ ਜੋ ਗਲੀਆਂ ਅਤੇ ਬਜ਼ਾਰਾਂ ਦੀ ਬਜਾਏ ਕਬਰਸਤਾਨਾਂ ਨੂੰ ਆਪਣੇ ਕੰਮ-ਕਾਜ ਦਾ ਕੇਂਦਰ ਸਮਝਦੀਆਂ ਸੀ ਜਾਂ ਉਹ ਕਬਰਾਂ ਵਿੱਚ ਮੁੜ ਜੀਵਿਤ ਹੋ ਉਠਣ ਵਾਲੀਆਂ ਮੁਹੱਬਤ ਦੀਆਂ ਯਾਦਾਂ ਦਾ ਫਾਇਦਾ ਚੁੱਕਣ ਦੇ ਪ੍ਰਸੰਸਾਯੋਗ, ਡੂੰਘੇ ਦਾਰਸ਼ਨਿਕ ਵਿਚਾਰ ਤੋਂ ਪ੍ਰਭਾਵਿਤ ਸੀ ।

“ਮੈਂ ਉਸ ਵਕਤ ਬੜੀ ਬੇਚੈਨੀ ਨਾਲ ਇਹ ਜਾਨਣਾ ਚਾਹੁੰਦਾ ਸੀ ਕਿ ਉਸ ਰੋਜ ਉਸਨੇ ਕਿਸ ਦੀ ਵਿਧਵਾ ਬਨਣਾ ਪਸੰਦ ਕੀਤਾ ਸੀ?”

ਅਨੁਵਾਦ: ਚਰਨ ਗਿੱਲ