44030ਨਕਲੀ ਗਹਿਣੇਮੋਪਾਸਾਂ

ਮਿਸਟਰ ਲੇਂਟਨ ਆਪਣੇ ਮਹਿਕਮੇ ਦੇ ਨਾਇਬ ਮੁਖੀ ਅਫ਼ਸਰ ਦੇ ਘਰ ਇੱਕ ਦਾਅਵਤ ਸਮੇਂ ਇੱਕ ਨੌਜਵਾਨ ਕੁੜੀ ਨੂੰ ਮਿਲਿਆ ਅਤੇ ਉਸੇ ਵਕਤ ਉਹ ਉਸ ਦੀ ਮੁਹੱਬਤ ਵਿੱਚ ਸਿਰ ਤੋਂ ਪੈਰਾਂ ਤੱਕ ਡੁੱਬ ਗਿਆ।

ਉਹ ਇੱਕ ਟੈਕਸ ਕੁਲੈਕਟਰ ਜੋ ਕਈ ਸਾਲ ਪਹਿਲਾਂ ਚਲਾਣਾ ਕਰ ਗਿਆ ਸੀ, ਦੀ ਧੀ ਸੀ। ਹੁਣ ਉਹ ਆਪਣੀ ਮਾਂ ਦੇ ਨਾਲ ਪੈਰਿਸ ਵਿੱਚ ਰਹਿੰਦੀ ਸੀ। ਉਸ ਦੀ ਮਾਂ ਨੇ ਗੁਆਂਢ ਦੇ ਕੁੱਝ ਘਰਾਣਿਆਂ ਨਾਲ ਸੰਬੰਧ ਵਧਾ ਲਏ ਅਤੇ ਇਸ ਕੋਸ਼ਿਸ਼ ਵਿੱਚ ਸੀ ਕਿ ਉਸ ਦੀ ਧੀ ਲਈ ਚੰਗਾ ਜਿਹਾ ਪਤੀ ਤਲਾਸ਼ ਕਰ ਲਵੇ। ਉਨ੍ਹਾਂ ਦੀ ਸੀਮਤ ਜਿਹੀ ਆਮਦਨੀ ਸੀ ਅਤੇ ਉਹ ਇੱਜਤਦਾਰ, ਨਫ਼ੀਸ ਅਤੇ ਖ਼ਾਮੋਸ਼ ਸੁਭਾ ਦੇ ਲੋਕ ਸਨ।

ਇਹ ਨੌਜਵਾਨ ਕੁੜੀ ਬੇਹੱਦ ਨੇਕ ਸੀ ਜਿਸ ਉੱਤੇ ਭਰੋਸਾ ਕਰਦੇ ਹੋਏ ਕੋਈ ਵੀ ਗੰਭੀਰ ਸ਼ਖਸ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖ਼ੁਸ਼ੀਆਂ ਉਸ ਤੋਂ ਕੁਰਬਾਨ ਸਕਦਾ ਸੀ। ਫਰਿਸ਼ਤਿਆਂ ਜਿਹੀ ਪਾਕੀਜ਼ਗੀ ਦੇ ਜਾਦੂ ਦੀ ਮਾਲਕ ਉਸ ਦੀ ਸਾਦੀ ਜਿਹੀ ਖ਼ੂਬਸੂਰਤੀ, ਬੁੱਲ੍ਹਾਂ ਉੱਤੇ ਹਮੇਸ਼ਾ ਛਾਈ ਰਹਿੰਦੀ ਹਲਕੀ ਜਿਹੀ ਮੁਸਕਰਾਹਟ ਕਿਸੇ ਪਾਕੀਜ਼ਾ ਅਤੇ ਪਿਆਰੀ ਰੂਹ ਦਾ ਅਕਸ ਲੱਗਦੀ ਸੀ। ਉਸ ਦੀਆਂ ਤਾਰੀਫ਼ਾਂ ਦੇ ਡੰਕੇ ਹਰ ਜਗ੍ਹਾ ਗੂੰਜਦੇ ਸੀ। ਲੋਕੀਂ ਇਹ ਕਹਿੰਦੇ ਨਹੀਂ ਥੱਕਦੇ ਸਨ; ਬਹੁਤ ਭਾਗਾਂ ਵਾਲਾ ਹੋਵੇਗਾ ਉਹ ਸ਼ਖਸ ਜਿਸ ਤੇ ਇਹ ਮਿਹਰਬਾਨ ਹੋਵੇਗੀ! ਉਸਨੂੰ ਇਸ ਨਾਲੋਂ ਬਿਹਤਰ ਪਤਨੀ ਨਹੀਂ ਮਿਲ ਸਕਦੀ।

ਮਿਸਟਰ ਲੇਂਟਨ ਘਰੇਲੂ ਮਹਿਕਮੇ ਵਿੱਚ 35 ਸੌ ਫਰੈਂਕ ਦੀ ਤਨਖ਼ਾਹ ਉੱਤੇ ਕੰਮ ਕਰਨ ਵਾਲਾ ਹੈੱਡ ਕਲਰਕ ਸੀ ਅਤੇ ਉਸਨੇ ਉਸ ਆਦਰਸ਼ ਕੁੜੀ ਲਈ ਰਿਸ਼ਤਾ ਭੇਜਿਆ ਅਤੇ ਇਹ ਸਵੀਕਾਰ ਕਰ ਲਿਆ ਗਿਆ।

ਉਹ ਆਪਣੀ ਪਤਨੀ ਨਾਲ ਬੇਹੱਦ ਖ਼ੁਸ਼ ਸੀ। ਉਸ ਦੀ ਪਤਨੀ ਨੇ ਘਰ ਦੀਆਂ ਜ਼ਿੰਮੇਦਾਰੀਆਂ ਬੜੀ ਸੂਝ-ਸਿਆਣਪ ਨਾਲ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੁਣ ਉਹ ਇਸ ਆਮਦਨੀ ਵਿੱਚ ਐਸ਼ ਨਾਲ ਗੁਜ਼ਰ ਕਰਦੇ ਜਾਪਣ ਲੱਗੇ ਸਨ। ਉਹ ਆਪਣਾ ਪੂਰਾ ਧਿਆਨ, ਪਿਆਰ ਅਤੇ ਮੁਹੱਬਤ ਬੜੀ ਖੁੱਲ੍ਹ-ਦਿੱਲੀ ਨਾਲ ਆਪਣੇ ਪਤੀ ਉੱਤੇ ਨਸ਼ਾਵਰ ਕਰਦੀ ਰਹਿੰਦੀ। ਉਸ ਦੇ ਸੁਹੱਪਣ ਦਾ ਜਾਦੂ ਇਹ ਸੀ ਕਿ ਵਿਆਹ ਦੇ ਛੇ ਸਾਲ ਬਾਅਦ ਮਿਸਟਰ ਲੇਂਟਨ ਨੂੰ ਪਤਾ ਲੱਗਿਆ ਕਿ ਹੁਣ ਉਹ ਉਸ ਨੂੰ ਹਨੀਮੂਨ ਦੇ ਪਹਿਲੇ ਪਹਿਲੇ ਦਿਨਾਂ ਨਾਲੋਂ ਵੀ ਕਿਤੇ ਜ਼ਿਆਦਾ ਮੁਹੱਬਤ ਕਰਦਾ ਸੀ।

ਮਿਸਟਰ ਲੇਂਟਨ ਨੂੰ ਆਪਣੀ ਪਤਨੀ ਦੇ ਦੋ ਸ਼ੌਕ ਬੇਹੱਦ ਨਾਪਸੰਦ ਸਨ: ਥੀਏਟਰ ਜਾਣ ਦਾ ਸ਼ੌਕ, ਅਤੇ ਨਕਲੀ ਗਹਿਣੇ ਖ਼ਰੀਦਣ ਦਾ ਸ਼ੌਕ। ਉਸ ਦੀ ਸਹੇਲੀਆਂ (ਕੁਝ ਨਿਗੂਣੇ ਅਫ਼ਸਰਾਂ ਦੀਆਂ ਪਤਨੀਆਂ) ਅਕਸਰ ਉਸਨੂੰ, ਹਰ ਨਵੇਂ ਡਰਾਮੇ ਦੇ ਪਹਿਲੇ ਸ਼ੋਅ ਦੀ ਸਪੈਸ਼ਲ ਕਲਾਸ ਦੀਆਂ ਟਿਕਟਾਂ ਦਾ ਪ੍ਰਬੰਧ ਕਰ ਦਿੰਦੀਆਂ ਅਤੇ ਉਸ ਨੂੰ ਉਸ ਦੇ ਨਾਲ ਜਾਣਾ ਹੀ ਪੈਂਦਾ ਸੀ ਚਾਹੇ ਉਸ ਦਾ ਮਨ ਹੋਵੇ ਜਾਂ ਨਾ ਹੋਵੇ, ਖ਼ਾਸ ਤੌਰ ਉੱਤੇ ਦਿਨ ਦੇ ਕੰਮ ਤੋਂ ਥੱਕ ਕੇ ਵਾਪਸੀ ਉੱਤੇ ਇਸ ਤਰ੍ਹਾਂ ਮਜਬੂਰੀ ਵਸ ਜਾਣਾ ਉਸ ਲਈ ਬਹੁਤ ਬੇਜ਼ਾਰੀ ਦਾ ਕਾਰਨ ਬਣਦਾ।

ਕੁੱਝ ਸਮੇਂ ਬਾਅਦ ਮਿਸਟਰ ਲੇਂਟਨ ਨੇ ਪਤਨੀ ਦੀਆਂ ਬਹੁਤ ਜ਼ਿਆਦਾ ਮਿੰਨਤਾਂ ਕੀਤੀਆਂ ਕਿ ਉਹ ਆਪਣੀ ਕਿਸੇ ਦੋਸਤ ਦੇ ਨਾਲ ਚਲੀ ਜਾਇਆ ਕਰੇ, ਅਤੇ ਉਹ ਉਸ ਨੂੰ ਵਾਪਸ ਘਰ ਵੀ ਲੈ ਆਇਆ ਕਰੇ। ਪਹਿਲਾਂ ਤਾਂ ਪਤਨੀ ਨੇ ਬਹੁਤ ਵਿਰੋਧ ਕੀਤਾ, ਪਰ ਫਿਰ ਉਸ ਦੇ ਕਾਫ਼ੀ ਜ਼ੋਰ ਪਾਉਣ ਉੱਤੇ ਉਸਨੇ ਗੱਲ ਮੰਨ ਲਈ।

ਇਸ ਤਰ੍ਹਾਂ ਥੀਏਟਰ ਨਾਲ ਜਾਣ ਦਾ ਮਸਲਾ ਤਾਂ ਹੱਲ ਹੋ ਗਿਆ, ਪਰ ਨਕਲੀ ਗਹਿਣਿਆਂ ਦਾ ਸ਼ੌਕ ਵੀ ਤਾਂ ਸੀ। ਉਸ ਦੇ ਕੱਪੜੇ ਤਾਂ ਹਮੇਸ਼ਾ ਦੀ ਤਰ੍ਹਾਂ ਸਾਦੇ, ਸੁਹਣੇ, ਅਤੇ ਬਿਨਾਂ ਕਿਸੇ ਤੜਕ ਭੜਕ ਦੇ ਹੋਇਆ ਕਰਦੇ ਸਨ, ਪਰ ਨਕਲੀ ਗਹਿਣਿਆਂ ਦਾ ਸ਼ੌਕ ਵਧਦਾ ਹੀ ਗਿਆ। ਕੰਨਾਂ ਵਿੱਚ ਅਸਲੀ ਹੀਰਿਆਂ ਵਾਂਗ ਚਮਕਦੇ ਨਕਲੀ ਹੀਰਿਆਂ ਦੇ ਕਾਂਟੇ ਉਸਨੂੰ ਬੇਹੱਦ ਪਸੰਦ ਆਉਣ ਲੱਗੇ ਸਨ। ਨਕਲੀ ਮੋਤੀਆਂ ਦੀ ਮਾਲਾ, ਨਕਲੀ ਸੋਨੇ ਦੇ ਕੰਗਣ ਅਤੇ ਨਕਲੀ ਨਗੀਨਿਆਂ ਨਾਲ ਜੜੀਆਂ ਕੰਘੀਆਂ ਉਸ ਨੂੰ ਇਹ ਸਭ ਗਹਿਣੇ ਬਹੁਤ ਚੰਗੇ ਲੱਗਦੇ ਸਨ।

ਮਿਸਟਰ ਲੇਂਟਨ ਅਕਸਰ ਕਿਹਾ ਕਰਦੇ ਸਨ:

"ਮੇਰੀ ਜਾਨ, ਜੇਕਰ ਤੂੰ ਅਸਲੀ ਗਹਿਣੇ ਨਹੀਂ ਖ਼ਰੀਦ ਸਕਦੀ ਤਾਂ ਕੋਈ ਗੱਲ ਨਹੀਂ। ਤੂੰ ਉਂਜ ਹੀ ਆਪਣੀ ਕੁਦਰਤੀ ਖ਼ੂਬਸੂਰਤੀ ਅਤੇ ਨੇਕ ਸੀਰਤ ਹੋਣ ਸਦਕਾ ਲੋਹੜੇ ਦੀ ਹੁਸੀਨ ਲੱਗਦੀ ਹੈਂ, ਇਹੀ ਔਰਤ ਦੇ ਅਸਲ ਗਹਿਣੇ ਹੁੰਦੇ ਹਨ।"

ਉਹ ਪਿਆਰੀ ਜਿਹੀ ਮੁਸਕਰਾਹਟ ਬਖੇਰਦੀ ਕਿਹਾ ਕਰਦੀ:

"ਮੈਂ ਕੀ ਕਰਾਂ? ਮੈਨੂੰ ਇਨ੍ਹਾਂ ਦਾ ਬੇਹੱਦ ਸ਼ੌਕ ਹੈ। ਇਹ ਮੇਰੀ ਕਮਜ਼ੋਰੀ ਹੈ, ਅਸੀਂ ਆਪਣਾ ਸੁਭਾਅ ਨਹੀਂ ਬਦਲ ਸਕਦੇ।"

ਫਿਰ ਉਹ ਨਕਲੀ ਮੋਤੀਆਂ ਦੀ ਮਾਲਾ ਨੂੰ ਆਪਣੀ ਉਂਗਲੀਆਂ ਉੱਤੇ ਅੱਡ ਅੱਡ ਤਰੀਕਿਆਂ ਨਾਲ ਲਪੇਟਣ ਲੱਗਦੀ ਜਿਸ ਨਾਲ ਉਸ ਵਿੱਚ ਜੜੇ ਨਕਲੀ ਨਗੀਨੇ ਚਮਕਣ ਲੱਗਦੇ ਅਤੇ ਫਿਰ ਉਹ ਕਹਿੰਦੀ:

"ਵੇਖੋ!ਕਿੰਨੇ ਸੁੰਦਰ ਹਨ! ਕੋਈ ਵੀ ਸਹੁੰ ਖਾ ਕੇ ਕਹਿ ਸਕਦਾ ਹੈ ਕਿ ਇਹ ਅਸਲੀ ਹਨ।"

ਅਤੇ ਮਿਸਟਰ ਲੇਂਟਨ ਮੁਸਕਰਾਂਦੇ ਹੋਈ ਜਵਾਬ ਦਿੰਦਾ:

"ਤੇਰੀ ਪਸੰਦ ਨਿਰਾਲੀ ਹੈ, ਮੇਰੀ ਜਾਨ।"

ਕਦੇ ਕਦੇ ਕਿਸੇ ਸ਼ਾਮ ਜਦੋਂ ਉਹ ਦੋਨੋਂ ਚੁੱਲ੍ਹੇ ਅੱਗੇ ਬੈਠੇ ਦਿਲੀ ਗੱਲਾਂ ਕਰ ਰਹੇ ਹੁੰਦੇ, ਉਹ ਆਪਣਾ ਚਮੜੇ ਦਾ ਡਿੱਬਾ ਲਿਆ ਕੇ ਚਾਹ ਦੀ ਮੇਜ਼ ਉੱਤੇ ਰੱਖ ਦਿੰਦੀ ਜੋ ਮਿਸਟਰ ਲੇਂਟਨ ਦੇ ਸ਼ਬਦਾਂ ਵਿੱਚ ਰੱਦੀ ਦੀ ਟੋਕਰੀ ਸੀ। ਫਿਰ ਉਹ ਬੜੇ ਸ਼ੌਕ ਨਾਲ ਅਤੇ ਧਿਆਨ ਨਾਲ ਉਨ੍ਹਾਂ ਨਕਲੀ ਨਗੀਨਿਆਂ ਦਾ ਮੁਆਇਨਾ ਕਰਦੀ, ਜਿਵੇਂ ਉਸਨੂੰ ਕੋਈ ਗਹਿਰੀ ਅਤੇ ਗੁਪਤ ਖ਼ੁਸ਼ੀ ਮਿਲਦੀ ਹੋਵੇ ਅਤੇ ਫਿਰ ਕੋਈ ਹਾਰ ਉਠਾ ਕੇ ਬੜੇ ਮਾਣ ਦੇ ਨਾਲ ਪਤੀ ਦੀ ਗਰਦਨ ਦੁਆਲੇ ਪਹਿਨਾ ਕੇ, ਹੱਸਦੇ ਹੋਈ ਕਹਿੰਦੀ, “ਕਿੰਨੇ ਮਜ਼ਾਹੀਆ ਲੱਗ ਰਹੇ ਹੋ!” ਅਤੇ ਫਿਰ ਖ਼ੁਦ ਨੂੰ ਉਸ ਦੀਆਂ ਬਾਂਹਾਂ ਦੇ ਹਵਾਲੇ ਕਰ ਦਿੰਦੀ, ਅਤੇ ਉਸਨੂੰ ਦੀਵਾਨਿਆਂ ਵਾਂਗ ਚੁੰਮਣ ਲੱਗਦੀ।

ਸਿਆਲਾਂ ਦੀ ਇੱਕ ਸ਼ਾਮ ਓਪੇਰੇ ਤੋਂ ਘਰ ਪਰਤਦੇ ਹੋਏ ਉਸ ਨੂੰ ਠੰਡ ਲੱਗ ਗਈ। ਦੂਜੇ ਦਿਨ ਉਹ ਖੰਘਣ ਲੱਗੀ ਅਤੇ ਅੱਠ ਦਿਨ ਬਾਅਦ ਹੀ ਉਹ ਫੇਫੜਿਆਂ ਦੀ ਸੋਜ਼ਿਸ਼ ਦੇ ਰੋਗ ਦੇ ਨਾਲ ਇਸ ਦੁਨੀਆ ਤੋਂ ਚਲੀ ਗਈ।

ਮਿਸਟਰ ਲੇਂਟਨ ਦੇ ਗ਼ਮ ਅਤੇ ਨਿਰਾਸ਼ਾ ਦੀ ਸ਼ਿੱਦਤ ਏਨੀ ਸੀ ਕਿ ਇੱਕ ਮਹੀਨੇ ਵਿੱਚ ਹੀ ਉਸ ਦੇ ਵਾਲ ਧੌਲੇ ਹੋ ਗਏ। ਉਹ ਲਗਾਤਾਰ ਰੋਂਦਾ ਰਿਹਾ। ਵਿਛੜੀ ਪਤਨੀ ਦੀ ਮੁਸਕਰਾਹਟ, ਉਸ ਦੀ ਅਵਾਜ਼, ਉਸ ਦੀ ਮਨਮੋਹਣੀਆਂ ਯਾਦਾਂ ਉਸ ਦਾ ਦਿਲ ਤੋੜਦੀਆਂ ਰਹੀਆਂ।

ਸਮਾਂ ਵੀ, ਮਿਸਟਰ ਲੇਂਟਨ ਦੇ ਗ਼ਮ ਦਾ ਕੋਈ ਚਾਰਾ ਨਾ ਕਰ ਸਕਿਆ। ਅਕਸਰ ਦਫ਼ਤਰ ਦੇ ਸਾਥੀ ਜਦੋਂ ਚਲੰਤ ਮਸਲਿਆਂ ਬਾਰੇ ਚਰਚਾ ਕਰ ਰਹੇ ਹੁੰਦੇ ਤਾਂ ਮਿਸਟਰ ਲੇਂਟਨ ਦੀਆਂ ਅੱਖਾਂ ਵਿੱਚ ਹੰਝੂ ਡਲਕਣ ਲੱਗ ਪੈਂਦੇ ਅਤੇ ਉਸ ਦਾ ਗ਼ਮ ਦਿਲ-ਚੀਰਵੀਆਂ ਸਿਸਕੀਆਂ ਬਣ ਬਾਹਰ ਨਿਕਲਣ ਲੱਗਦਾ। ਉਸਨੇ ਪਤਨੀ ਦੇ ਕਮਰੇ ਵਿੱਚ ਹਰ ਚੀਜ਼ ਉਵੇਂ ਦੀ ਉਵੇਂ ਰੱਖੀ ਸੀ ਜਿਵੇਂ ਉਸ ਦੇ ਜਿਉਂਦੇ ਹੋਣ ਸਮੇਂ ਸੀ - ਉਸ ਦਾ ਸਾਰਾ ਫਰਨੀਚਰ, ਉਸ ਦੇ ਕੱਪੜੇ, ਬਿਲਕੁਲ ਉਂਜ ਹੀ ਰੱਖੇ ਸਨ ਜਿਵੇਂ ਉਹ ਉਸ ਦਿਨ ਰੱਖੇ ਸਨ ਜਿਸ ਦਿਨ ਉਸ ਦੀ ਮੌਤ ਹੋਈ ਸੀ। ਉਹ ਹਰ ਰੋਜ਼ ਇਕਾਂਤ ਵਿੱਚ ਜਾ ਬੈਠਦਾ ਅਤੇ ਆਪਣੀ ਪਤਨੀ ਦੀਆਂ ਯਾਦਾਂ ਵਿੱਚ ਗੁੰਮ ਜਾਂਦਾ। ਓਹੀ ਉਸ ਦੀ ਜਿੰਦਗੀ ਦਾ ਖ਼ਜ਼ਾਨਾ ਸੀ, ਉਸ ਦੇ ਵਜੂਦ ਦੀ ਖੁਸ਼ੀ ਸੀ।

ਪਰ ਛੇਤੀ ਹੀ ਉਹ ਜ਼ਿੰਦਗੀ ਦੇ ਸੰਘਰਸ਼ ਵਿੱਚ ਉਲਝ ਗਿਆ। ਉਸ ਦੀ ਆਮਦਨੀ, ਜਿਸ ਨਾਲ ਉਸ ਦੀ ਪਤਨੀ ਘਰ ਦੇ ਸਾਰੇ ਖ਼ਰਚੇ ਸੌਖ ਨਾਲ ਚਲਾ ਲਿਆ ਕਰਦੀ ਸੀ, ਉਹ ਹੁਣ ਉਸ ਦੀਆਂ ਅਹਿਮ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਕਾਫ਼ੀ ਨਹੀਂ ਸੀ ਅਤੇ ਉਹ ਹੈਰਾਨ ਸੀ ਕਿ ਕਿਵੇਂ ਉਹ ਜ਼ਿੰਦਗੀ ਦੀਆਂ ਐਸ਼ਾਂ ਦਾ ਵੀ ਇੰਤਜ਼ਾਮ ਕਰ ਲਿਆ ਕਰਦੀ ਸੀ - ਮਹਿੰਗੀ ਸ਼ਰਾਬ, ਖਾਣ ਲਈ ਸਵਾਦੀ ਚੀਜ਼ਾਂ ਜੋ ਉਹ ਆਪਣੀ ਥੋੜੀ ਆਮਦਨੀ ਵਿੱਚ ਹਾਸਲ ਕਰਨ ਵਿੱਚ ਨਾਕਾਮ ਸੀ।

ਮਿਸਟਰ ਲੇਂਟਨ ਨੇ ਕਾਫ਼ੀ ਕਰਜ ਚੜ੍ਹਾ ਲਿਆ ਅਤੇ ਛੇਤੀ ਹੀ ਘੋਰ ਗ਼ਰੀਬੀ ਦੀ ਹਾਲਤ ਵਿੱਚ ਪਹੁੰਚ ਗਿਆ। ਇੱਕ ਦਿਨ ਜਦੋਂ ਉਸ ਨੇ ਦੇਖਿਆ ਕਿ ਉਸ ਦੀਆਂ ਜੇਬਾਂ ਖ਼ਾਲੀ ਸਨ, ਤਾਂ ਉਸਨੂੰ ਖ਼ਿਆਲ ਆਇਆ ਕਿ ਕੁੱਝ ਸਾਮਾਨ ਵੇਚ ਦਿੱਤਾ ਜਾਵੇ। ਫਿਰ ਉਸ ਨੇ ਸੋਚਿਆ ਕਿਉਂ ਨਾ ਪਤਨੀ ਦੇ ਕੁੱਝ ਨਕਲੀ ਗਹਿਣੇ ਵੇਚ ਦੇਵਾਂ, ਉਹੀ ਨਕਲੀ ਗਹਿਣੇ ਜਿਨ੍ਹਾਂ ਨੂੰ ਵੇਖਕੇ ਉਹ ਕੁੜ੍ਹਿਆ ਕਰਦਾ ਸੀ ਅਤੇ ਜੋ ਬੀਤੇ ਵਿੱਚ ਉਸਨੂੰ ਗੁੱਸਾ ਚੜ੍ਹਾਉਣ ਦਾ ਕਾਰਨ ਹੋਇਆ ਕਰਦੇ ਸਨ। ਗਹਿਣਿਆਂ ਉੱਤੇ ਉਸ ਦੀ ਇੱਕ ਝਾਤੀ ਨੇ ਜਿਵੇਂ ਉਸ ਦੀ ਖੋਈ ਹੋਈ ਪਤਨੀ ਦੀਆਂ ਯਾਦਾਂ ਨੂੰ ਕੁੱਝ ਹੱਦ ਤੱਕ ਘਚੱਲ ਦਿੱਤਾ।

ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿੱਚ ਉਹ ਬਹੁਤ ਜ਼ਿਆਦਾ ਖ਼ਰੀਦਾਰੀ ਕਰਨ ਲੱਗੀ ਸੀ, ਨਿੱਤ ਕੋਈ ਨਾ ਕੋਈ ਨਵਾਂ ਗਹਿਣਾ ਲੈ ਆਉਂਦੀ। ਉਹ ਕੁਝ ਸਮਾਂ ਉਨ੍ਹਾਂ ਦੀ ਫੋਲਾਫਾਲੀ ਕਰਦਾ ਰਿਹਾ ਕਿ ਆਖ਼ਰ ਉਸ ਨੇ ਉਸ ਭਾਰੀ ਹਾਰ ਨੂੰ ਵੇਚਣ ਦਾ ਫੈਸਲਾ ਕੀਤਾ ਜੋ ਉਸ ਦੀ ਪਤਨੀ ਨੂੰ ਬਹੁਤ ਪਸੰਦ ਸੀ ਅਤੇ ਮਿਸਟਰ ਲੇਂਟਨ ਦਾ ਖ਼ਿਆਲ ਸੀ ਕਿ ਇਸ ਦੇ ਛੇ ਜਾਂ ਸੱਤ ਫਰੈਂਕ ਤਾਂ ਮਿਲ ਹੀ ਜਾਣਗੇ ਕਿਉਂਕਿ ਉਸ ਦੀ ਕਾਰੀਗਰੀ ਬਹੁਤ ਸੁਹਣੀ ਸੀ ਹਾਲਾਂਕਿ ਉਹ ਨਕਲੀ ਸੀ।

ਉਸਨੇ ਹਾਰ ਜੇਬ ਵਿੱਚ ਰੱਖਿਆ ਅਤੇ ਭਰੋਸੇਯੋਗ ਜਾਪਦੇ ਕਿਸੇ ਜੌਹਰੀ ਦੀ ਤਲਾਸ਼ ਵਿੱਚ ਨਿਕਲ ਪਿਆ। ਕਾਫ਼ੀ ਦੇਰ ਬਾਅਦ ਉਹ, ਆਪਣੀ ਮਾੜੀ ਹਾਲਤ ਦੇ ਜ਼ਾਹਰ ਹੋਣ ਦੀ ਅਤੇ ਇੰਨੀ ਬੇਕਾਰ ਜਿਹੀ ਚੀਜ਼ ਨੂੰ ਵੇਚਣ ਦੀ ਸ਼ਰਮਿੰਦਗੀ ਦਾ ਮਾਰਿਆ ਇੱਕ ਜੌਹਰੀ ਦੀ ਦੁਕਾਨ ਵਿੱਚ ਚਲਾ ਗਿਆ।

"ਜਨਾਬ," ਉਸਨੇ ਦੂਕਾਨਦਾਰ ਨੂੰ ਕਿਹਾ, "ਮੈਂ ਪਤਾ ਕਰਨਾ ਚਾਹੁੰਦਾ ਹਾਂ ਇਸ ਦੀ ਕਿੰਨੀ ਕੀਮਤ ਮਿਲ ਸਕੇਗੀ।"

ਦੂਕਾਨਦਾਰ ਨੇ ਹਾਰ ਹੱਥ ਵਿੱਚ ਲੈ ਕੇ ਉਸ ਦਾ ਮੁਆਇਨਾ ਕੀਤਾ ਅਤੇ ਫਿਰ ਕਾਰੀਗਰ ਨੂੰ ਸੱਦ ਕੇ ਆਹਿਸਤਾ ਜਿਹੇ ਕੁੱਝ ਕਿਹਾ; ਫਿਰ ਉਸਨੇ ਹਾਰ ਨੂੰ ਕਾਊਂਟਰ ਉੱਤੇ ਰੱਖਿਆ ਅਤੇ ਆਖ਼ਰੀ ਫੈਸਲਾ ਲੈਣ ਤੋਂ ਪਹਿਲਾਂ ਉਸ ਨੂੰ ਉਲਟਾ ਪੁਲਟਾ ਕੇ ਅੱਡ ਅੱਡ ਪਾਸਿਆਂ ਤੋਂ ਵੇਖਦਾ ਰਿਹਾ।

ਮਿਸਟਰ ਲੇਂਟਨ, ਦੂਕਾਨਦਾਰ ਦੀਆਂ ਇਨ੍ਹਾਂ ਹਰਕਤਾਂ ਤੋਂ ਚਿੜ ਗਿਆ ਸੀ ਅਤੇ ਕਹਿ ਦੇਣਾ ਚਾਹੁੰਦਾ ਸੀ, “ਹਾਂ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਸ ਦੀ ਕੋਈ ਕ਼ੀਮਤ ਨਹੀਂ।” ਏਨੇ ਨੂੰ ਜੌਹਰੀ ਨੇ ਕਿਹਾ, “ਜਨਾਬ, ਇਸ ਹਾਰ ਦੀ ਕ਼ੀਮਤ ਤਾਂ ਬਾਰਾਂ ਤੋਂ ਪੰਦਰਾਂ ਹਜ਼ਾਰ ਫਰੈਂਕ ਹੈ; ਪਰ ਮੈਂ ਇਸਨੂੰ ਉਦੋਂ ਤੱਕ ਖ਼ਰੀਦ ਨਹੀਂ ਸਕਦਾ ਜਦੋਂ ਤੱਕ ਤੁਸੀਂ ਮੈਨੂੰ ਇਸ ਗੱਲ ਦਾ ਪ੍ਰਮਾਣਨਾ ਦੇ ਸਕੋ ਕਿ ਤੂੰ ਉਸਨੂੰ ਕਿੱਥੋ ਖ਼ਰੀਦਿਆ ਸੀ।”

ਦੂਕਾਨਦਾਰ ਦੀ ਗੱਲ ਪੂਰੀ ਤਰ੍ਹਾਂ ਨਾ ਸਮਝਦੇ ਹੋਏ, ਹੈਰਤ ਨਾਲ ਮਿਸਟਰ ਲੇਂਟਨ ਦੀਆਂ ਅੱਖਾਂ ਟੱਡੀਆਂ ਅਤੇ ਮੂੰਹ ਖੁੱਲ੍ਹਾ ਰਹਿ ਗਿਆ। ਆਖ਼ਰ ਉਸਨੇ ਜ਼ਬਾਨ ਖੋਲ੍ਹੀ ਅਤੇ ਹਕਲਾਂਦੇ ਹੋਏ ਪੁੱਛਿਆ, "ਕੀ ਯਕੀਨਨ...ਤੁਹਾਡਾ ਮਤਲਬ ਉਹੀ ਹੈ ਜੋ ਤੁਸੀਂ ਕਹਿ ਰਹੇ ਹੋ?"

ਦੁਕਾਨਦਾਰ ਨੇ ਬੜੇ ਰੁੱਖੇਪਣ ਨਾਲ ਜਵਾਬ ਦਿੱਤਾ, "ਤੁਸੀਂ ਕਿਤੇ ਹੋਰ ਵੀ ਕੋਸ਼ਿਸ਼ ਕਰ ਸਕਦੇ ਹੋ। ਹੋ ਸਕਦਾ ਹੈ ਕਿ ਕੋਈ ਇਸ ਨਾਲੋਂ ਜ਼ਿਆਦਾ ਦੀ ਪੇਸ਼ਕਸ਼ ਕਰ ਦੇਵੇ। ਮੇਰੇ ਖਿਆਲ `ਚ ਇਸ ਦੀ ਕ਼ੀਮਤ ਪੰਦਰਾਂ ਹਜ਼ਾਰ ਫਰੈਂਕ ਤੋਂ ਜ਼ਿਆਦਾ ਨਹੀਂ ਹੋਵੋਗੀ। ਜੇਕਰ ਇਸ ਨਾਲੋਂ ਬਿਹਤਰ ਰਕਮ ਨਾ ਮਿਲੇ ਤਾਂ ਵਾਪਸ ਚਲੇ ਆਉਣਾ।"

ਹੈਰਾਨੀ ਨਾਲ ਹੱਕੇ ਬੱਕੇ ਮਿਸਟਰ ਲੇਂਟਨ ਨੇ ਦੂਕਾਨਦਾਰ ਕੋਲੋਂ ਨੇਕਲਸ ਲਿਆ ਅਤੇ ਦੁਕਾਨ ਵਿੱਚੋਂ ਬਾਹਰ ਨਿੱਕਲ ਆਇਆ। ਉਸਨੂੰ ਸੋਚਣ ਲਈ ਕੁੱਝ ਵਕ਼ਤ ਚਾਹੀਦਾ ਹੈ ਸੀ।

ਦੁਕਾਨੋਂ ਬਾਹਰ ਆਉਂਦੇ ਹੀ ਉਸ ਦਾ ਦਿਲ ਕਰਦਾ ਸੀ ਕਿ ਉਹ ਖ਼ੂਬ ਹੱਸੇ ਅਤੇ ਉਸਨੇ ਮਨ ਹੀ ਮਨ ਕਿਹਾ, ‘ਬੇਵਕੂਫ਼, ਅਸਲੋਂ ਬੇਵਕੂਫ ਜੇਕਰ ਮੈਂ ਸ਼ਬਦਾਂ ਦਾ ਮਤਲਬ ਜਿਉਂ ਦਾ ਤਿਉਂ ਲਵਾਂ ਤਾਂ, ਇਹ ਕੈਸਾ ਜੌਹਰੀ ਸੀ ਜੋ ਅਸਲੀ ਅਤੇ ਨਕਲੀ ਹੀਰਿਆਂ ਵਿੱਚ ਫ਼ਰਕ ਨਹੀਂ ਕਰ ਸਕਦਾ ਸੀ।’

ਕੁੱਝ ਦੇਰ ਬਾਅਦ ਉਹ ਰੁਈ ਡਾ ਲਾ ਪੈ ਦੀ ਇੱਕ ਦੁਕਾਨ ਵਿੱਚ ਦਾਖ਼ਲ ਹੋਇਆ। ਦੁਕਾਨ ਦੇ ਮਾਲਿਕ ਨੇ ਜਿਵੇਂ ਹੀ ਹਾਰ ਉੱਤੇ ਨਜ਼ਰ ਮਾਰੀ, ਉਹ ਚੀਖ਼ ਉੱਠਿਆ:

"ਓਹ, ਮੇਰੇ ਰੱਬਾ!! ਮੈਂ ਤਾਂ ਇਸਨੂੰ ਚੰਗੀ ਤਰ੍ਹਾਂ ਪਛਾਣਦਾ ਹਾਂ। ਇਹ ਇੱਥੋਂ ਹੀ ਖ਼ਰੀਦਿਆ ਗਿਆ ਸੀ।"

ਮਿਸਟਰ ਲੇਂਟਨ ਬਹੁਤ ਵਿਆਕੁਲ ਸੀ ਤੇ ਉਸਨੇ ਪੁੱਛਿਆ, "ਕੀ ਕ਼ੀਮਤ ਹੋਵੇਗੀ ਇਸ ਦੀ?"

"ਉਂਜ ਤਾਂ ਮੈਂ ਇਹ ਵੀਹ ਹਜ਼ਾਰ ਫਰੈਂਕ ਵਿੱਚ ਵੇਚਿਆ ਸੀ। ਪਰ ਹੁਣ ਮੈਂ ਇਸ ਨੂੰ ਅਠਾਰਾਂ ਹਜ਼ਾਰ ਫਰੈਂਕ ਵਿੱਚ ਲੈ ਸਕਦਾ ਹਾਂ, ਜੇਕਰ ਤੁਸੀਂ, ਕਾਨੂੰਨੀ ਜ਼ਰੂਰਤਾਂ ਦੇ ਤਹਿਤ, ਮੈਨੂੰ ਦੱਸ ਦਿਓ ਕਿ ਇਹ ਤੁਹਾਡੇ ਕੋਲ ਕਿਵੇਂ ਆਇਆ।"

ਮਿਸਟਰ ਲੇਂਟਨ ਜੋ ਪੂਰੀ ਤਰ੍ਹਾਂ ਸੁੰਨ ਹੋ ਚੁੱਕਿਆ ਸੀ, ਕਹਿਣ ਲੱਗਿਆ, "ਪਰ...ਪਰ। ਤੁਸੀਂ ਚੰਗੀ ਤਰ੍ਹਾਂ ਮੁਆਇਨਾ ਕਰ ਲਓ। ਕਿਉਂਕਿ ਹੁਣ ਤੱਕ ਤਾਂ ਮੈਂ ਇਸਨੂੰ ਨਕਲੀ ਸਮਝਦਾ ਰਿਹਾ ਸੀ।"

ਜੌਹਰੀ ਨੇ ਪੁੱਛਿਆ, "ਤੁਸੀਂ ਹੋ ਕੌਣ, ਜਨਾਬ?"

“ਮੈਂ, ਲੇਂਟਨ, ਘਰੇਲੂ ਮੰਤਰਾਲੇ ਵਿੱਚ ਮੁਲਾਜ਼ਿਮ ਹਾਂ। ਅਤੇ ਮੈਂ ਨੰਬਰ ਸੋਲਾਂ ਸ਼ਹੀਦਾਂ ਵਾਲੀ ਗਲੀ (16 Reu des Martyrs) ਵਿੱਚ ਰਹਿੰਦਾ ਹਾਂ।"

ਦੂਕਾਨਦਾਰ ਨੇ ਕਈ ਕਿਤਾਬਾਂ ਵੇਖੀਆਂ ਅਤੇ ਆਖ਼ਰ ਉਸਨੂੰ ਖ਼ਰੀਦਣ ਵਾਲੇ ਦਾ ਨਾਮ ਅਤੇ ਪਤਾ ਮਿਲ ਗਿਆ, ਅਤੇ ਦੱਸਿਆ ਕਿ ਇਹ ਹਾਰ ਮੈਡਮ ਲੇਂਟਨ ਨੂੰ ਸੋਲਾਂ ਸ਼ਹੀਦਾਂ ਵਾਲੀ ਗਲੀ ਵਾਲੇ ਪਤੇ ਉੱਤੇ 20 ਜੁਲਾਈ 1876 ਨੂੰ ਭੇਜਿਆ ਗਿਆ ਸੀ।

ਦੋਨੋਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖਣ ਲੱਗੇ। ਦੋਨੋਂ ਚੁੱਪ, ਮਿਸਟਰ ਲੇਂਟਨ ਹੈਰਾਨੀ ਨਾਲ; ਅਤੇ ਜੌਹਰੀ ਉਸ ਨੂੰ ਚੋਰ ਸਮਝਦੇ ਹੋਏ। ਆਖ਼ਰ ਜੌਹਰੀ ਨੇ ਖ਼ਾਮੋਸ਼ੀ ਤੋੜੀ:

"ਕੀ ਤੁਸੀਂ ਇਹ ਹਾਰ ਚੌਵੀ ਘੰਟਿਆਂ ਲਈ ਮੇਰੇ ਕੋਲ ਛੱਡ ਸਕਦੇ ਹੋ? ਮੈਂ ਤੁਹਾਨੂੰ ਰਸੀਦ ਦੇ ਦੇਵਾਂਗਾ।"

ਮਿਸਟਰ ਲੇਂਟਨ ਨੇ ਜਲਦੀ ਨਾਲ ਜਵਾਬ ਦਿੱਤਾ "ਹਾਂ, ਜ਼ਰੂਰ। ਅਤੇ ਰਸੀਦ ਜੇਬ ਵਿੱਚ ਰੱਖਦੇ ਹੋਏ ਉਹ ਦੁਕਾਨ ਤੋਂ ਬਾਹਰ ਨਿਕਲ ਗਿਆ।"

ਭਿਅੰਕਰ ਉਲਝਣਾਂ ਵਿੱਚ ਘਿਰਿਆ ਉਹ ਐਵੇਂ ਬੇਮਤਲਬ ਸੜਕਾਂ ਉੱਤੇ ਘੁੰਮਦਾ ਰਿਹਾ। ਉਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਦੀ ਪਤਨੀ ਇੰਨੇ ਮਹਿੰਗੇ ਗਹਿਣੇ ਖ਼ਰੀਦਣ ਦੀ ਤਾਂ ਯਕੀਨਨ ਗੁੰਜਾਇਸ਼ ਨਹੀਂ ਰੱਖਦੀ ਸੀ। ਹੋ ਸਕਦਾ ਹੈ ਕਿਸੇ ਨੇ ਤੋਹਫ਼ੇ ਦਿੱਤੇ ਹੋਣ। ਪਰ ਕਿਸ ਨੇ? ਅਤੇ ਉਸ ਨੂੰ ਹੀ ਕਿਉਂ ਦਿੱਤੇ ਗਏ ਇਹ ਤੋਹਫ਼ੇ?

ਉਹ ਸੜਕ ਦੇ ਵਿਚਕਾਰ ਰੁੱਕ ਗਿਆ। ਇੱਕ ਖੌਫਨਾਕ ਸ਼ੱਕ ਉਸ ਦੇ ਜ਼ਹਨ ਵਿੱਚ ਸਾਕਾਰ ਹੋਣ ਲੱਗਾ। ਕੀ ਉਹ..? ਤਾਂ ਫਿਰ ਸਾਰੇ ਹੀ ਗਹਿਣੇ ਉਸਨੂੰ ਤੋਹਫ਼ਿਆਂ ਦੇ ਜ਼ਰੀਏ ਹੀ ਮਿਲੇ ਹੋਣਗੇ। ਉਸ ਦੇ ਪੈਰਾਂ ਦੇ ਹੇਠਾਂ ਜ਼ਮੀਨ ਜਿਵੇਂ ਕੰਬਣ ਲੱਗੀ ਸੀ। ਸਾਹਮਣੇ ਵਾਲਾ ਦਰਖ਼ਤ ਡਿੱਗਦਾ ਹੋਇਆ ਮਹਿਸੂਸ ਹੋਣ ਲੱਗਾ। ਉਸਨੇ ਆਪਣੇ ਹੱਥ ਹਵਾ ਵਿੱਚ ਲਹਿਰਾਏ ਅਤੇ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਪਿਆ। ਅਤੇ ਜਦੋਂ ਹੋਸ਼ ਆਇਆ ਤਾਂ ਉਹ ਇੱਕ ਹਸਪਤਾਲ ਵਿੱਚ ਸੀ, ਜਿੱਥੇ ਕੋਈ ਲੰਘ ਰਿਹਾ ਸ਼ਖਸ ਉਸਨੂੰ ਉਠਾ ਕੇ ਛੱਡ ਗਿਆ ਸੀ। ਉਸਨੇ ਬੇਨਤੀ ਕੀਤੀ ਕਿ ਉਸਨੂੰ ਘਰ ਪਹੁੰਚਾ ਦਿੱਤਾ ਜਾਵੇ। ਘਰ ਪਹੁੰਚ ਕੇ ਉਸਨੇ ਦਰਵਾਜ਼ਾ ਬੰਦ ਕੀਤਾ ਅਤੇ ਲਗਾਤਾਰ ਰੋਂਦਾ ਰਿਹਾ, ਰੋਂਦੇ ਰੋਂਦੇ ਰਾਤ ਹੋ ਗਈ। ਆਖ਼ਰ ਆਪਣੀ ਥਕਾਵਟ ਉੱਤੇ ਕਾਬੂ ਪਾ ਕੇ ਉਹ ਗਹਿਰੀ ਨੀਂਦ ਸੌਂ ਗਿਆ।

ਦੂਜੇ ਦਿਨ ਦੇ ਸੂਰਜ ਨੇ ਉਸਨੂੰ ਜਗਾ ਦਿੱਤਾ ਅਤੇ ਉਹ ਹੌਲੀ ਹੌਲੀ ਦਫ਼ਤਰ ਜਾਣ ਲਈ ਤਿਆਰ ਹੋਣ ਲੱਗ ਪਿਆ। ਉਂਜ ਇੰਨੇ ਸਦਮੇ ਦੇ ਬਾਅਦ ਕੰਮ ਕਰਨਾ ਮੁਸ਼ਕਲ ਹੀ ਸੀ। ਇਸ ਲਈ ਛੁੱਟੀ ਦੀ ਦਰਖ਼ਾਸਤ ਭੇਜ ਦਿੱਤੀ। ਫਿਰ ਯਾਦ ਆਇਆ ਕਿ ਉਸ ਨੇ ਤਾਂ ਜੌਹਰੀ ਦੇ ਜਾਣਾ ਸੀ। ਓਥੇ ਜਾਣ ਦਾ ਖਿਆਲ ਕੁੱਝ ਠੀਕ ਨਹੀਂ ਲੱਗ ਰਿਹਾ ਸੀ ਪਰ ਉਹ ਹਾਰ ਉਸ ਕੋਲ ਛੱਡਣਾ ਵੀ ਨਹੀਂ ਚਾਹੁੰਦਾ ਸੀ। ਉਸਨੇ ਕੱਪੜੇ ਬਦਲੇ ਅਤੇ ਬਾਹਰ ਨਿਕਲ ਗਿਆ।

ਬਹੁਤ ਖ਼ੂਬਸੂਰਤ ਦਿਨ ਸੀ; ਸਾਫ਼ ਅਤੇ ਨਿੱਖਰਿਆ ਨੀਲਾ ਅਸਮਾਨ ਹੇਠਾਂ ਭੱਜ ਨੱਠ ਵਿੱਚ ਮਸਰੂਫ਼ ਸ਼ਹਿਰ ਉੱਤੇ ਮੁਸਕਰਾ ਰਿਹਾ ਸੀ। ਵਿਹਲੇ ਲੋਕ ਆਪਣੀਆਂ ਜੇਬਾਂ ਵਿੱਚ ਹੱਥ ਪਾਈਂ ਆਵਾਰਾਗਰਦੀ ਕਰ ਰਹੇ ਸਨ।

ਮਿਸਟਰ ਲੇਂਟਨ ਨੇ ਇਨ੍ਹਾਂ ਬੇਫ਼ਿਕਰ ਲੋਕਾਂ ਨੂੰ ਵੇਖ ਕੇ ਖ਼ੁਦ ਨੂੰ ਕਿਹਾ ਅਮੀਰ ਲੋਕ ਸੱਚਮੁੱਚ ਬਹੁਤ ਖ਼ੁਸ਼ ਰਹਿੰਦੇ ਹਨ। ਦੌਲਤ ਵਿੱਚ ਇੰਨੀ ਤਾਕ਼ਤ ਹੁੰਦੀ ਹੈ ਕਿ ਅਤਿਅੰਤ ਡੂੰਘੇ ਦੁੱਖ ਵੀ ਭੁੱਲਾਏ ਜਾ ਸਕਦੇ ਹਨ। ਬੰਦਾ ਕਿਤੇ ਵੀ ਜਾ ਸਕਦਾ ਹੈ, ਯਾਤਰਾ ਵਿਚ ਧਿਆਨ ਹੋਰ ਪਾਸੇ ਲੱਗ ਜਾਂਦਾ ਹੈ, ਜੋ ਸੋਗ ਦਾ ਪੱਕਾ ਇਲਾਜ਼ ਹੈ। ਕਾਸ਼ ਮੈਂ ਅਮੀਰ ਹੁੰਦਾ!

ਉਸਨੂੰ ਮਹਿਸੂਸ ਹੋਇਆ ਕਿ ਉਹ ਭੁੱਖਾ ਸੀ, ਪਰ ਉਸ ਦੀ ਜੇਬ ਤਾਂ ਖ਼ਾਲੀ ਸੀ। ਉਸਨੂੰ ਫਿਰ ਹਾਰ ਦੀ ਯਾਦ ਆਈ। ਅਠਾਰਾਂ ਹਜ਼ਾਰ ਫਰੈਂਕ! ਅਠਾਰਾਂ ਹਜ਼ਾਰ ਫਰੈਂਕ ਦੀ ਕਿੰਨੀ ਵੱਡੀ ਰਕਮ!

ਉਹ ਛੇਤੀ ਹੀ ਜੌਹਰੀ ਦੀ ਦੁਕਾਨ ਦੇ ਸਾਹਮਣੇ ਖੜਾ ਸੀ। ਅਠਾਰਾਂ ਹਜ਼ਾਰ ਫਰੈਂਕ! ਕਈ ਵਾਰ ਉਸ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਸ਼ਰਮ ਉਸਨੂੰ ਵਾਪਸ ਖਿੱਚ ਲੈਂਦੀ ਸੀ। ਐਪਰ ਉਹ ਭੁੱਖਾ ਸੀ, ਬਹੁਤ ਭੁੱਖਾ ਅਤੇ ਜੇਬ ਵਿੱਚ ਇੱਕ ਸੈਂਟ ਵੀ ਨਹੀਂ ਸੀ। ਉਸ ਨੇ ਤੁਰਤ ਮਨ ਬਣਾਇਆ, ਤੇਜ਼ੀ ਨਾਲ ਸੜਕ ਪਾਰ ਕੀਤੀ, ਇਸ ਤੋਂ ਪਹਿਲਾਂ ਕਿ ਸੋਚਣ ਨੂੰ ਵਕਤ ਮਿਲੇ ਉਹ ਦੁਕਾਨ ਵਿੱਚ ਵੜ ਗਿਆ।

ਦੁਕਾਨ ਦੇ ਮਾਲਿਕ ਨੇ ਤੁਰਤ ਅੱਗੇ ਵਧਕੇ, ਸਨਿਮਰਤਾ ਨਾਲ ਕੁਰਸੀ ਪੇਸ਼ ਕੀਤੀ; ਅਤੇ ਸਾਰੇ ਮੁਲਾਜ਼ਿਮ ਅਪਣੱਤ ਨਾਲ ਉਸ ਵੱਲ ਵੇਖ ਰਹੇ ਸਨ।

"ਮੈਂ ਸਾਰੀ ਜਾਂਚ ਕਰਵਾ ਲਈ ਹੈ, ਮਿਸਟਰ ਲੇਂਟਨ।" ਜੌਹਰੀ ਨੇ ਦੱਸਿਆ, "ਤੇ ਤੁਸੀਂ ਜੇਕਰ ਹਾਲੇ ਵੀ ਇਸ ਨੂੰ ਵੇਚਣ ਦੇ ਆਪਣੇ ਇਰਾਦਾ ਤੇ ਕਾਇਮ ਹੋ ਤਾਂ ਮੈਂ ਜੋ ਰਕਮ ਦੀ ਪੇਸ਼ਕਸ਼ ਕੀਤੀ ਸੀ ਉਹ ਅਦਾ ਕਰਨ ਲਈ ਤਿਆਰ ਹਾਂ।"

"ਬਿਲਕੁਲ,..ਸਰ," ਮਿਸਟਰ ਲੇਂਟਨ ਨੇ ਹਕਲਾਂਦੇ ਹੋਏ ਕਿਹਾ।

ਫਿਰ ਦੁਕਾਨ ਦੇ ਮਾਲਿਕ ਨੇ ਦਰਾਜ਼ ਵਿੱਚੋਂ ਅਠਾਰਾਂ ਹਜ਼ਾਰ ਫਰੈਂਕ ਕੱਢੇ, ਅਤੇ ਮਿਸਟਰ ਲੇਂਟਨ ਦੇ ਹਵਾਲੇ ਕਰ ਦਿੱਤੇ। ਉਸਨੇ ਰਸੀਦ ਉੱਤੇ ਹਸਤਾਖਰ ਕੀਤੇ ਅਤੇ ਨੋਟ ਆਪਣੀ ਜੇਬ ਵਿੱਚ ਰੱਖ ਲਏ।

ਦੁਕਾਨ ਤੋਂ ਬਾਹਰ ਨਿਕਲਦੇ ਹੋਏ ਉਹ ਫਿਰ ਇੱਕ ਵਾਰ ਮੁੜ ਆਇਆ ਅਤੇ ਵੇਖਿਆ ਕਿ ਜੌਹਰੀ ਦੇ ਬੁੱਲ੍ਹਾਂ ਉੱਤੇ ਉਹੀ ਜਾਣੀ-ਪਛਾਣੀ ਮੁਸਕਰਾਹਟ ਸੀ। ਮਿਸਟਰ ਲੇਂਟਨ ਨੇ ਨਜ਼ਰਾਂ ਨੀਵੀਆਂ ਰੱਖਦੇ ਹੋਏ ਕਿਹਾ, “ਮੇਰੇ ਕੋਲ...ਮੇਰੇ ਕੋਲ ਇਸ ਤਰ੍ਹਾਂ ਦੇ ਹੋਰ ਵੀ ਨਗੀਨੇ ਹਨ ਜੋ ਉਥੋਂ ਹੀ ਆਏ ਸਨ ਜਿੱਥੋਂ ਇਹ ਹਾਰ ਆਇਆ ਸੀ। ਕੀ ਤੁਸੀਂ ਉਨ੍ਹਾਂ ਨੂੰ ਵੀ ਖ਼ਰੀਦ ਲਉਗੇ?”

ਜੌਹਰੀ ਨੇ ਸਰ ਝੁਕਾ ਕੇ ਕਿਹਾ, "ਜਰੂਰ, ਜਨਾਬ।"

ਮਿਸਟਰ ਲੇਂਟਨ ਨੇ ਗੰਭੀਰਤਾ ਨਾਲ ਕਿਹਾ, "ਮੈਂ ਹੁਣੇ ਲੈ ਕੇ ਆਉਂਦਾ ਹਾਂ।" ਇੱਕ ਘੰਟੇ ਬਾਅਦ ਹੀ ਉਹ ਸਾਰੇ ਗਹਿਣੇ ਲੈ ਆਇਆ।

ਹੀਰਿਆਂ ਨਾਲ ਜੜੇ ਦੇ ਵੱਡੇ ਕਾਂਟਿਆਂ ਦੀ ਕ਼ੀਮਤ ਵੀਹ ਹਜ਼ਾਰ ਫਰੈਂਕ; ਕੰਗਣ ਪੈਂਤੀ ਹਜ਼ਾਰ ਫਰੈਂਕ; ਅੰਗੂਠੀਆਂ ਸੋਲਾਂ ਹਜ਼ਾਰ ਫਰੈਂਕ; ਜਮੁਰਦ ਅਤੇ ਨੀਲਮ ਦੇ ਗਹਿਣੇ, ਚੌਦਾਂ ਹਜ਼ਾਰ ਫਰੈਂਕ; ਸੋਨੇ ਦੀ ਜ਼ੰਜੀਰ ਜਿਸ ਵਿੱਚ ਵੱਡਾ ਸਾਰਾ ਹੀਰੇ ਦਾ ਲਾਕਟ ਲੱਗਿਆ ਸੀ, ਚਾਲੀ ਹਜ਼ਾਰ ਫਰੈਂਕ; ਜਿਨ੍ਹਾਂ ਦੀ ਕੁੱਲ ਰਕਮ, ਇੱਕ ਸੌ ਤਰਤਾਲੀ ਹਜ਼ਾਰ ਫਰੈਂਕ ਬਣਦੀ ਸੀ।

ਜੌਹਰੀ ਨੇ ਮਜ਼ਾਕ ਵਿੱਚ ਕਿਹਾ, "ਇੱਕ ਸ਼ਖਸ ਅਜਿਹਾ ਵੀ ਹੈ ਜਿਸ ਨੇ ਆਪਣੀ ਸਾਰੀ ਬੱਚਤ ਕੀਮਤੀ ਨਗੀਨਿਆਂ ਵਿੱਚ ਨਿਵੇਸ਼ ਕਰ ਦਿੱਤੀ।”

ਮਿਸਟਰ ਲੇਂਟਨ ਨੇ ਅਤਿਅੰਤ ਗੰਭੀਰਤਾ ਨਾਲ ਜਵਾਬ ਦਿੱਤਾ, "ਇਹ ਨਿਵੇਸ਼ ਦਾ ਇੱਕ ਹੋਰ ਤਰੀਕਾ ਹੀ ਹੈ।"

ਉਸ ਦਿਨ ਮਿਸਟਰ ਲੇਂਟਨ ਨੇ ਵਾਇਜ਼ਾਂ ਵਿੱਚ ਕਾਫ਼ੀ ਮਹਿੰਗੀ ਸ਼ਰਾਬ ਖ਼ਰੀਦ ਕੇ ਪੀਤੀ। ਫਿਰ ਟੈਕਸੀ ਲੈ ਕੇ ਬੂਐ ਦੇ ਇਲਾਕਿਆਂ ਵਿੱਚ ਘੁੰਮਦਾ ਰਿਹਾ। ਅਤੇ ਹਰ ਭਾਂਤ ਭਾਂਤ ਦੇ ਮਕਾਨਾਂ ਨੂੰ ਹਿਕਾਰਤ ਨਾਲ ਘੂਰਦਾ ਰਿਹਾ। ਉਹ ਉਨ੍ਹਾਂ ਦੇ ਮਾਲਕਾਂ ਨੂੰ ਚੀਖ਼ ਚੀਖ਼ ਕੇ ਇਹ ਕਹਿਣ ਤੋਂ ਆਪਣੇ ਆਪ ਨੂੰ ਮਸੀਂ ਰੋਕ ਰਿਹਾ ਸੀ:

“ਮੈਂ ਵੀ ਅਮੀਰ ਹਾਂ। ਮੈਂ ਦੋ ਲੱਖ ਫਰੈਂਕ ਦਾ ਮਾਲਕ ਹਾਂ।”

ਅਚਾਨਕ ਉਸ ਨੂੰ ਆਪਣੇ ਸਾਹਿਬ ਦੀ ਯਾਦ ਆਈ। ਫਿਰ ਉਹ ਦਫ਼ਤਰ ਵੱਲ ਚੱਲ ਪਿਆ ਅਤੇ ਖੁਸ਼ੀ ਨਾਲ ਫੁੱਲਿਆ ਦਫ਼ਤਰ ਵਿੱਚ ਵੜ ਗਿਆ। ਸਾਹਿਬ ਨੂੰ ਕਹਿਣ ਲੱਗਾ, “ਜਨਾਬ, ਮੈਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣਾ ਚਾਹੁੰਦਾ ਹਾਂ। ਹੁਣੇ ਹੁਣੇ ਮੈਨੂੰ ਤਿੰਨ ਲੱਖ ਫਰੈਂਕ ਵਿਰਸੇ ਵਿੱਚ ਮਿਲੇ ਹਨ।”

ਮਿਸਟਰ ਲੇਂਟਨ ਨੇ ਦਫ਼ਤਰ ਦੇ ਆਪਣੇ ਸਾਰੇ ਸਾਥੀਆਂ ਨਾਲ ਹੱਥ ਮਿਲਾਇਆ ਅਤੇ ਭਵਿੱਖ ਦੇ ਆਪਣੇ ਕੁੱਝ ਮਨਸੂਬਿਆਂ ਦਾ ਵੀ ਉਨ੍ਹਾਂ ਕੋਲ ਜ਼ਿਕਰ ਕੀਤਾ। ਫਿਰ ਉਹ ਉੱਥੋਂ ਨਿਕਲ ਸਿੱਧੇ ਕੈਫ਼ੇ ਔਂਗਲੇ ਖਾਣਾ ਖਾਣ ਲਈ ਚਲਾ ਗਿਆ।

ਉਹ ਇੱਕ ਸ਼ਖਸ ਦੇ ਨਾਲ ਬੈਠ ਗਿਆ ਜੋ ਸਾਫ਼ ਤੌਰ ਤੇ ਅਮੀਰਜ਼ਾਦਾ ਵਿਖਾਈ ਦੇ ਰਿਹਾ ਸੀ। ਖਾਣੇ ਦੇ ਦੌਰਾਨ ਉਸ ਨੂੰ ਰਾਜ਼ਦਾਰਾਨਾ ਅੰਦਾਜ਼ ਵਿੱਚ ਦੱਸਿਆ ਕਿ ਹਾਲ ਹੀ ਵਿੱਚ ਉਸਨੂੰ ਵਿਰਾਸਤ ਵਿੱਚ ਚਾਰ ਲੱਖ ਫਰੈਂਕ ਮਿਲੇ ਸਨ।

ਜ਼ਿੰਦਗੀ ਵਿੱਚ ਪਹਿਲੀ ਵਾਰ ਉਹ ਥੀਏਟਰ ਵਿੱਚ ਬੇਜ਼ਾਰ ਨਹੀਂ ਹੋਇਆ। ਫਿਰ ਉਸਨੇ ਸਾਰੀ ਰਾਤ ਹਮਜਿਨਸੀ ਅਠਖੇਲੀਆਂ ਕਰਦਿਆਂ ਗੁਜ਼ਾਰ ਦਿੱਤੀ। ਛੇ ਮਹੀਨੇ ਬਾਅਦ ਉਸਨੇ ਦੁਬਾਰਾ ਵਿਆਹ ਕਰਵਾ ਲਿਆ। ਉਸ ਦੀ ਨਵੀਂ ਪਤਨੀ ਬੜੀ ਹੀ ਨੇਕ ਔਰਤ ਸੀ, ਪਰ ਨਾਲ ਹੀ ਬੇਹੱਦ ਲੜਾਕੀ ਮਾਨਸਿਕਤਾ ਦੀ ਮਾਲਿਕ ਸੀ, ਜਿਸ ਨੇ ਮਿਸਟਰ ਲੇਂਟਨ ਦੀ ਜਿੰਦਗੀ ਨਰਕ ਬਣਾ ਦਿੱਤੀ।

ਅਨੁਵਾਦ: ਚਰਨ ਗਿੱਲ