ਅਨੁਵਾਦ:ਮੁੱਦਤਾਂ ਪੁਰਾਣੀ ਉਹ ਮੁਹੱਬਤ

ਮੁੱਦਤਾਂ ਪੁਰਾਣੀ ਉਹ ਮੁਹੱਬਤ (ਕਹਾਣੀ)
 ਮੋਪਾਸਾਂ
11923ਮੁੱਦਤਾਂ ਪੁਰਾਣੀ ਉਹ ਮੁਹੱਬਤ (ਕਹਾਣੀ)ਮੋਪਾਸਾਂ


ਰੁੱਖਾਂ ਨਾਲ ਹਰੀ ਭਰੀ ਪਹਾੜੀ ਉੱਤੇ ਪੁਰਾਣੇ ਫ਼ੈਸ਼ਨ ਦੀ ਇੱਕ ਹਵੇਲੀ ਸੀ। ਉੱਚੇ ਅਤੇ ਲੰਬੇ ਛਾਂਦਾਰ ਰੁੱਖਾਂ ਦੀ ਹਰਿਆਲੀ ਨੇ ਉਸਨੂੰ ਵਗਲਿਆ ਹੋਇਆ ਸੀ। ਇੱਕ ਵਿਸ਼ਾਲ ਬਾਗ ਸੀ, ਜਿਸਦੇ ਅੱਗੇ ਸੰਘਣਾ ਜੰਗਲ ਅਤੇ ਫਿਰ ਇੱਕ ਖੁੱਲ੍ਹਾ ਮੈਦਾਨ ਸੀ। ਹਵੇਲੀ ਦੇ ਸਾਹਮਣੇ ਪੱਥਰ ਦਾ ਇੱਕ ਵੱਡਾ ਜਲਕੁੰਡ ਸੀ, ਜਿਸ ਵਿੱਚ ਸੰਗਮਰਮਰ ਵਿੱਚੋਂ ਤਰਾਸ਼ੀਆਂ ਪਰੀਆਂ ਨਹਾ ਰਹੀਆਂ ਸਨ। ਢਲਾਨ ਤੇ ਇੱਕ ਦੇ ਬਾਅਦ ਇੱਕ ਕਈ ਕੁੰਡ ਸਨ, ਜਿਨ੍ਹਾਂ ਵਿਚੋਂ ਪਾਣੀ ਦੀ ਇੱਕ ਧਾਰਾ ਅਦਿੱਖ ਫੱਵਾਰੇ ਦੀ ਤਰ੍ਹਾਂ ਨੱਚਦੀ ਹੋਈ ਇੱਕ ਝਰਨੇ ਦੀ ਪਰਤੀਤੀ ਦਿੰਦੀ ਸੀ।

ਇਸ ਸਾਮੰਤੀ ਦੌਰ ਦੇ ਇਸ ਮੈਨੋਰ ਹਾਊਸ ਵਿੱਚ ਨਜਾਕਤ ਅਤੇ ਨਫਾਸਤ ਨੂੰ, ਸ਼ੰਖ ਅਤੇ ਸਿੱਪੀਆਂ ਨਾਲ ਸਜੀਆਂ ਗੁਫਾਵਾਂ ਤੱਕ ਨੂੰ ਕਰੀਨੇ ਨਾਲ ਸੰਭਾਲਿਆ ਗਿਆ ਸੀ। ਇਸ ਵਿੱਚ ਪੁਰਾਣੇ ਸਮਿਆਂ ਦੀਆਂ ਪ੍ਰੇਮ-ਕਥਾਵਾਂ ਸੁੱਤੀਆਂ ਪਈਆਂ ਸਨ। ਕਹਿ ਲਓ ਤਾਂ ਇਸ ਪ੍ਰਾਚੀਨ ਟਿਕਾਣੇ ਵਿੱਚ ਪੁਰਾਣੇ ਵਕਤਾਂ ਦੇ ਨੈਣ ਨਕਸ਼ ਸਾਂਭ ਕੇ ਰੱਖੇ ਹੋਏ ਸੀ। ਹਰ ਚੀਜ਼ ਅਜੇ ਵੀ ਪ੍ਰਾਚੀਨ ਰੀਤੀ-ਰਿਵਾਜਾਂ, ਪੁਰਾਣੀ ਰਹਿਤਲ, ਭੁੱਲੀਆਂ ਵਿਸਰੀਆਂ ਸੂਰਮੇ ਆਸ਼ਕਾਂ ਦੀਆਂ ਗਾਥਾਵਾਂ, ਅਤੇ ਸਾਡੀਆਂ ਦਾਦੀਆਂ ਨੂੰ ਬਹੁਤ ਪਿਆਰੀਆਂ ਨਿੱਕੀਆਂ ਨਿੱਕੀਆਂ ਸੁਹਣੀਆਂ ਚੀਜ਼ਾਂ ਦੀ ਗੱਲ ਕਰਦੀ ਜਾਪਦੀ ਸੀ। ਇਕ ਪਾਰਲਰ ਦੀਆਂ ਦੀਵਾਰਾਂ ਉੱਤੇ ਪੁਰਾਤਨ ਸ਼ੈਲੀ ਦੀਆਂ ਪੇਂਟਿੰਗਾਂ ਸਨ, ਜਿਨ੍ਹਾਂ ਵਿੱਚ ਸਮਰਾਟ ਲੂਈ ਪੰਦਰਵੇਂ ਦੀ ਸ਼ੈਲੀ ਵਿੱਚ ਚਰਵਾਹਾ ਸੁੰਦਰੀਆਂ ਤੋਂ ਮੁਹੱਬਤ ਦੀ ਖੈਰ ਮੰਗਦੇ ਚਰਵਾਹੇ ਅਤੇ ਹੂਪ-ਪੇਟੀਕੋਟਾਂ ਵਿੱਚ ਹੁਸੀਨ ਔਰਤਾਂ, ਵਿਗ ਪਹਿਨੇ ਜਾਂਬਾਜ ਭੱਦਰਪੁਰਸ਼ ਚਿਤਰੇ ਗਏ ਸਨ। ਇੱਕ ਲੰਮੀ ਆਰਾਮ ਕੁਰਸੀ ਤੇ ਬੈਠੀ ਇੱਕ ਬਹੁਤ ਹੀ ਬੁੱਢੀ ਔਰਤ ਸੀ, ਜੇਕਰ ਉਹ ਹਿਲਦੀ-ਜੁਲਦੀ ਨਾ ਹੁੰਦੀ ਤਾਂ ਉਸਦੇ ਮੋਈ ਹੋਣ ਦਾ ਭਰਮ ਹੁੰਦਾ ਅਤੇ ਉਸਦੇ ਦੋਨੋਂ ਪਾਸੇ ਲਮਕਦੇ ਪਤਲੇ ਹੱਥਾਂ ਦੀ ਚਮੜੀ ਬਿਲਕੁਲ ਮਿਸਰ ਦੀਆਂ ਮੰਮੀਆਂ ਵਰਗੀ ਲੱਗਦੀ ਸੀ। ਉਸਦੀਆਂ ਨਿਗਾਹਾਂ ਦੂਰ ਦੁਮੇਲ ਤੇ ਟਿਕੀਆਂ ਹੋਈਆਂ ਸਨ ਜਿਵੇਂ ਕਿ ਉਹ ਆਪਣੀ ਜਵਾਨੀ ਦੇ ਰੰਗੀਨ ਦ੍ਰਿਸ਼ਾਂ ਵਿੱਚ ਟਹਿਲਣ ਲਈ ਬਿਹਬਲ ਹੋਣ। ਖੁੱਲ੍ਹੀਆਂ ਬਾਰੀਆਂ ਵਿੱਚੋਂ ਕਦੇ ਕਦੇ ਹਰਿਆਲੀ ਅਤੇ ਫੁੱਲਾਂ ਵਿੱਚ ਨਹਾ ਕੇ ਆਉਂਦੀ ਖ਼ੁਸ਼ਬੂਦਾਰ ਹਵਾ ਦਾ ਬੁੱਲਾ ਉਸਦੇ ਝੁੱਰੜੀਆਂ ਭਰੇ ਮੱਥੇ ਉੱਪਰ ਲਟਕਦੀ ਇੱਕ ਧੌਲੀ ਲਿਟ ਨੂੰ ਸਹਿਲਾ ਦਿੰਦਾ ਅਤੇ ਉਸਦੇ ਜ਼ਿਹਨ ਵਿੱਚ ਪੁਰਾਣੀਆਂ ਯਾਦਾਂ ਦੀ ਕੋਈ ਤਰੰਗ ਛੇੜ ਦਿੰਦਾ। ਉਸਦੇ ਕੋਲ ਹੀ ਸੁੰਦਰ ਕਢਾਈ ਕੀਤੇ ਕੱਪੜੇ ਨਾਲ ਢਕੀ ਸਟੂਲ ਉੱਤੇ ਇੱਕ ਮੁਟਿਆਰ ਬੈਠੀ ਸੀ ਜਿਸਦੀ ਧੌਣ ਤੇ ਮੀਢੀਆਂ ਕੀਤੀਆਂ ਲੰਮੀਆਂ ਸੁਹਣੀਆਂ ਜੁਲਫਾਂ ਕਲੋਲਾਂ ਕਰ ਰਹੀਆਂ ਸਨ। ਉਹ ਇੱਕ ਰੁਮਾਲੇ ਤੇ ਕਢਾਈ ਕਰ ਰਹੀ ਸੀ। ਉਸਦੀਆਂ ਅੱਖਾਂ ਵਿੱਚ ਕੁੱਝ ਤਣਾਓ ਅਤੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਵਿੱਖ ਰਹੀਆਂ ਸਨ। ਲੱਗ ਰਿਹਾ ਸੀ ਉਹ ਕਢਾਈ ਤਾਂ ਕਰ ਰਹੀ ਹੈ ਪ੍ਰੰਤੂ ਉਸਦਾ ਦਿਲ ਦਿਮਾਗ ਕਿਤੇ ਹੋਰ ਖੋਇਆ ਹੋਇਆ ਹੈ।

ਬੁਢੀ ਨੇ ਅਚਾਨਕ ਆਪਣਾ ਸਿਰ ਪਿੱਛੇ ਮੋੜਿਆ ਅਤੇ ਕਿਹਾ, “ਬੇਰਥੇ, ਅਖਬਾਰ ਵਿੱਚੋਂ ਕੁੱਝ ਪੜ੍ਹਕੇ ਸੁਣਾ ਨਾ। ਤਾਂਕਿ ਮੈਨੂੰ ਵੀ ਤਾਂ ਪਤਾ ਚੱਲੇ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ?” ਕੁੜੀ ਨੇ ਅਖਬਾਰ ਚੁੱਕਿਆ ਅਤੇ ਕਾਹਲੀ ਕਾਹਲੀ ਇਸ ਦਾ ਮੁਆਇਨਾ ਕਰਦੇ ਹੋਏ ਕਿਹਾ, “ਇਸ ਵਿੱਚ ਰਾਜਨੀਤੀ ਦੀਆਂ ਬੜੀਆਂ ਖ਼ਬਰਾਂ ਨੇ,ਇਨ੍ਹਾਂ ਨੂੰ ਤਾਂ ਛੱਡ ਦੇਵਾਂ ਨਾ ਦਾਦੀ ਮਾਂ?” “ਹਾਂ ਧੀਏ, ਹਾਂ। ਕੀ ਕਿਤੇ ਕੋਈ ਪ੍ਰੇਮ-ਪ੍ਰਸੰਗ ਦੀ ਖਬਰ ਨਹੀਂ ਹੈ? ਕੀ ਫ਼ਰਾਂਸ ਵਿੱਚ ਆਸ਼ਿਕੀ ਅਤੇ ਪਿਆਰ-ਮੁਹੱਬਤ ਮਰ ਚੁੱਕੀ ਹੈ, ਕਿ ਹੁਣ ਸਾਡੇ ਸਮਿਆਂ ਵਰਗੀ ਪ੍ਰੇਮ-ਪ੍ਰਸੰਗਾਂ ਦੀ, ਉਧਾਲਿਆਂ ਜਾਂ ਸਾਹਸੀ ਕੰਮਾਂ ਚਰਚਾ ਹੀ ਬੰਦ ਹੋ ਗਈ ਹੈ?”

ਕੁੜੀ ਦੇਰ ਤੱਕ ਅਖਬਾਰ ਦੇ ਪੰਨਿਆਂ ਦਾ ਕੋਨਾ ਕੋਨਾ ਤਲਾਸ਼ ਕਰਨ ਦੇ ਬਾਅਦ ਬੋਲੀ, ਆਹ ਮਿਲ ਗਈ ਇੱਕ ਖਬਰ। ਇਸਦਾ ਹੈਡਿੰਗ ਹੈ ‘ਮੁਹੱਬਤ ਦਾ ਇੱਕ ਡਰਾਮਾ’। ਬੁਢੀ ਦੇ ਝੁੱਰੜੀਆਂ ਭਰੇ ਚਿਹਰੇ ਉੱਤੇ ਮੁਸਕਾਨ ਖੇਡਣ ਲੱਗੀ, “ਹਾਂ, ਮੈਨੂੰ ਇਹ ਖਬਰ ਸੁਣਾ।”

ਇਹ ਤੇਜਾਬ ਸੁੱਟਣ ਦੀ ਇੱਕ ਘਟਨਾ ਸੀ, ਜਿਸ ਵਿੱਚ ਇੱਕ ਇਸਤਰੀ ਨੇ ਆਪਣੇ ਪਤੀ ਦੀ ਪ੍ਰੇਮਿਕਾ ਕੋਲੋਂ ਬਦਲਾ ਲੈਣ ਲਈ ਉਸ ਉੱਤੇ ਤੇਜਾਬ ਸੁੱਟ ਦਿੱਤਾ ਸੀ। ਪ੍ਰੇਮਿਕਾ ਦੀਆਂ ਅੱਖਾਂ ਜਲ ਗਈਆਂ ਸਨ। ਅਦਾਲਤ ਨੇ ਉਸ ਇਸਤਰੀ ਨੂੰ ਬਾਇੱਜਤ ਬਰੀ ਕਰ ਦਿੱਤਾ ਸੀ ਅਤੇ ਲੋਕਾਂ ਨੇ ਫੈਸਲੇ ਦੀ ਵਾਹਵਾ ਕੀਤੀ ਸੀ।

ਸੁਣਕੇ ਦਾਦੀ ਮਾਂ ਉਤੇਜਨਾ ਵਿੱਚ ਚਿੱਲਾਈ, “ਇਹ ਤਾਂ ਭਿਆਨਕ ਹੈ, ਬੇਹੱਦ ਖੌਫਨਾਕ !” “ਵੇਖ ਧੀਏ, ਸ਼ਾਇਦ ਤੈਨੂੰ ਮੇਰੇ ਮਤਲਬ ਦੀ ਕੋਈ ਹੋਰ ਖ਼ਬਰ ਮਿਲ ਜਾਵੇ?”

ਕੁੜੀ ਨੇ ਵਾਪਸ ਅਖਬਾਰ ਨੂੰ ਖੰਗਾਲਿਆ ਤਾਂ ਜੁਰਮ ਦੀਆਂ ਖਬਰਾਂ ਵਾਲੇ ਪੰਨੇ ਵਿੱਚੋਂ ਪੜ੍ਹਕੇ ਸੁਨਾਣ ਲੱਗੀ।

“ਉਦਾਸ ਡਰਾਮਾ - ਦੁਕਾਨ ਤੇ ਕੰਮ ਕਰਦੀ ਇੱਕ ਕੁੜੀ ਨੇ, ਜੋ ਜ਼ਿਆਦਾ ਜਵਾਨ ਨਹੀਂ ਸੀ, ਇੱਕ ਨੌਜਵਾਨ ਦੇ ਪਿਆਰ ਵਿੱਚ ਡੁੱਬ ਕੇ ਆਪਣੇ ਆਪ ਨੂੰ ਸਮਰਪਤ ਕਰ ਦਿੱਤਾ। ਲੇਕਿਨ ਪ੍ਰੇਮੀ ਬੇਵਫ਼ਾ ਨਿਕਲਿਆ। ਕੁੜੀ ਨੇ ਬਦਲਾ ਲੈਣ ਲਈ ਆਪਣੇ ਪ੍ਰੇਮੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਮੁੰਡਾ ਜਿੰਦਗੀ ਭਰ ਲਈ ਅਪਾਹਿਜ ਹੋ ਗਿਆ। ਅਦਾਲਤ ਨੇ ਕੁੜੀ ਨੂੰ ਬਰੀ ਕਰ ਦਿੱਤਾ ਅਤੇ ਜਨਤਾ ਨੇ ਫੈਸਲੇ ਦੀ ਵਾਹਵਾ ਕੀਤੀ।

ਖ਼ਬਰ ਸੁਣਕੇ ਦਾਦੀ ਮਾਂ ਨੂੰ ਗਹਿਰਾ ਸਦਮਾ ਪਹੁੰਚਿਆ ਅਤੇ ਉਹ ਕੰਬਦੇ ਹੋਏ ਕਹਿਣ ਲੱਗੀ, ਕਿਉਂ ਅੱਜਕੱਲ੍ਹ ਦੇ ਲੋਕ ਪਾਗਲ ਹੋ ਗਏ? ਤੁਸੀਂ ਲੋਕ ਪਾਗਲ ਹੋ ਗਏ! ਰੱਬ ਨੇ ਜੀਵਨ ਲਈ ਸਭ ਤੋਂ ਵੱਡਾ ਵਰਦਾਨ ਇਨਸਾਨ ਨੂੰ ਪ੍ਰੇਮ ਦੇ ਰੂਪ ਵਿੱਚ ਦਿੱਤਾ ਹੈ। ਮਨੁੱਖ ਨੇ ਇਸ ਵਿੱਚ ਸ਼ਿਸ਼ਟਤਾ ਅਤੇ ਰਸਿਕਤਾ ਜੋੜੀ ਹੈ। ਸਾਡੇ ਨੀਰਸ ਪਲਾਂ ਨੂੰ ਆਨੰਦਿਤ ਕਰਨ ਵਾਲੀ ਚੀਜ ਹੈ ਪ੍ਰੇਮ, ਜਿਸਨੂੰ ਤੁਹਾਡੀ ਪੀੜ੍ਹੀ ਦੇ ਲੋਕ ਤੇਜਾਬ ਅਤੇ ਬੰਦੂਕਾਂ ਨਾਲ ਇਸ ਤਰ੍ਹਾਂ ਖ਼ਰਾਬ ਕਰ ਰਹੇ ਹਨ, ਜਿਵੇਂ ਵਧੀਆ ਸ਼ਰਾਬ ਵਿੱਚ ਮਿੱਟੀ ਮਿਲਾ ਦਿੱਤੀ ਜਾਵੇ।

ਕੁੜੀ ਦਾਦੀ ਦੇ ਕ੍ਰੋਧ ਅਤੇ ਝੁੰਝਲਾਹਟ ਨੂੰ ਨਹੀਂ ਸਮਝ ਸਕੀ। ਕਹਿਣ ਲੱਗੀ, “ਦਾਦੀ ਮਾਂ ਉਸ ਔਰਤ ਨੇ ਬਿਲਕੁਲ ਠੀਕ ਕੀਤਾ। ਉਹ ਸ਼ਾਦੀਸ਼ੁਦਾ ਸੀ ਅਤੇ ਉਸਦਾ ਪਤੀ ਉਸਨੂੰ ਧੋਖਾ ਦੇ ਰਿਹਾ ਸੀ।” ਦਾਦੀ ਮਾਂ ਬੋਲੀ, “ਪਤਾ ਨਹੀਂ ਇਹ ਲੋਕ ਤੁਹਾਡੇ, ਅੱਜਕੱਲ੍ਹ ਦੀਆਂ ਕੁੜੀਆਂ ਦੇ ਦਿਮਾਗ਼ਾਂ ਵਿੱਚ ਕਿਵੇਂ ਕਿਵੇਂ ਦੇ ਵਿਚਾਰ ਤੂਸੀ ਜਾ ਰਹੇ ਹਨ?”

ਕੁੜੀ ਨੇ ਜਵਾਬ ਦਿੱਤਾ, “ਪਰ ਦਾਦੀ ਮਾਂ, ਵਿਆਹ ਇੱਕ ਪਵਿਤਰ ਬੰਧਨ ਹੈ।”

ਦਾਦੀ ਮਾਂ ਦਾ ਜਨਮ ਸੂਰਮੇ ਆਸ਼ਿਕਾਂ ਦੇ ਦੌਰ ਵਿੱਚ ਹੋਇਆ ਸੀ। ਉਹ ਆਪਣੇ ਦੌਰ ਵਿੱਚ ਡੁੱਬ ਕੇ ਦਿਲੋਂ ਕਹਿਣ ਲੱਗੀ, “ਸੁਣ ਪੁੱਤਰ, ਮੈਂ ਤਿੰਨ ਪੀੜੀਆਂ ਵੇਖੀਆਂ ਹਨ। ਵਿਆਹ ਅਤੇ ਪਿਆਰ ਵਿੱਚ ਕੋਈ ਸਮਾਨਤਾ ਨਹੀਂ ਹੈ। ਅਸੀਂ ਪਰਵਾਰ ਦੀ ਬੁਨਿਆਦ ਧਰਨ ਲਈ ਵਿਆਹ ਕਰਦੇ ਹਾਂ ਅਤੇ ਸਮਾਜ ਦੀ ਰਚਨਾ ਲਈ ਅਸੀਂ ਪਰਿਵਾਰ ਬਣਾਉਂਦੇ ਹਾਂ। ਅਸੀਂ ਵਿਆਹ ਨੂੰ ਰੱਦ ਨਹੀਂ ਕਰ ਸਕਦੇ। ਜੇਕਰ ਸਮਾਜ ਇੱਕ ਸੰਗਲੀ ਹੈ ਤਾਂ ਹਰ ਪਰਵਾਰ ਉਸਦੀ ਇੱਕ ਕੜੀ ਹੈ। ਇਨ੍ਹਾਂ ਕੜੀਆਂ ਨੂੰ ਜੋੜਨ ਲਈ ਅਸੀਂ ਉਵੇਂ ਹੀ ਵਸਤਾਂ ਲਭਦੇ ਹਾਂ ਜਿਨ੍ਹਾਂ ਨਾਲ ਇਹ ਸੰਗਲੀ ਬਣੀ ਰਹੇ। ਅਸੀਂ ਵਿਆਹ ਕਰਦੇ ਹਾਂ ਤਾਂ ਕਈ ਚੀਜਾਂ ਮਿਲਾਂਦੇ ਹਾਂ ਜਾਤੀ, ਸਮਾਜ, ਧਨ-ਦੌਲਤ, ਭਵਿੱਖ, ਰੁਚੀਆਂ ਆਦਿ-ਆਦਿ। ਦੁਨੀਆ ਸਾਨੂੰ ਮਜਬੂਰ ਕਰਦੀ ਹੈ ਇਸ ਲਈ ਅਸੀਂ ਇੱਕ ਵਾਰ ਵਿਆਹ ਕਰਦੇ ਹਾਂ ਲੇਕਿਨ ਜ਼ਿੰਦਗੀ ਵਿੱਚ ਅਸੀਂ ਵੀਹਾਂ ਵਾਰ ਪ੍ਰੇਮ ਕਰ ਸਕਦੇ ਹਾਂ, ਕਿਉਂਜੋ ਕੁਦਰਤ ਨੇ ਸਾਨੂੰ ਅਜਿਹਾ ਹੀ ਬਣਾਇਆ ਹੈ। ਤੂੰ ਜਾਣਦੀ ਹੈਂ ਧੀਏ, ਵਿਆਹ ਇੱਕ ਕਨੂੰਨ ਹੈ ਅਤੇ ਪਿਆਰ ਕਰਨਾ ਇਨਸਾਨ ਦੀ ਫ਼ਿਤਰਤ। ਇਹ ਫ਼ਿਤਰਤ ਹੀ ਸਾਨੂੰ ਕਦੇ ਸਿੱਧੇ, ਕਦੇ ਟੇਢੇ-ਮੇਢੇ ਰਸਤਿਆਂ ਤੇ ਚਲਣ ਲਈ ਮਜਬੂਰ ਕਰਦੀ ਹੈ। ਦੁਨੀਆ ਨੇ ਕਨੂੰਨ ਇਸ ਲਈ ਬਣਾਏ ਹਨ ਕਿ ਇਨ੍ਹਾਂ ਨਾਲ ਇਨਸਾਨ ਦੀਆਂ ਮੂਲ ਪ੍ਰਵਿਰਤੀਆਂ ਨੂੰ ਕਾਬੂ ਵਿੱਚ ਕੀਤਾ ਜਾ ਸਕੇ। ਅਜਿਹਾ ਕਰਨਾ ਲੋੜੀਂਦਾ ਵੀ ਸੀ ਲੇਕਿਨ ਸਾਡੀਆਂ ਮੂਲ ਪ੍ਰਵਿਰਤੀਆਂ ਜ਼ਿਆਦਾ ਸ਼ਕਤੀਸ਼ਾਲੀ ਹਨ, ਸਾਨੂੰ ਇਨ੍ਹਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਨੂੰ ਰੱਬ ਨੇ ਦਿੱਤੀਆਂ ਹਨ ਜਦੋਂ ਕਿ ਕਨੂੰਨ ਇਨਸਾਨ ਨੇ ਬਣਾਏ ਹਨ। ਜੇਕਰ ਅਸੀਂ ਜੀਵਨ ਵਿੱਚ ਪਿਆਰ ਦੀ ਖੁਸ਼ਬੂ ਨਹੀਂ ਭਰਾਂਗੇ ਤਾਂ ਜ਼ਿੰਦਗੀ ਬੇਕਾਰ ਹੋ ਜਾਵੇਗੀ। ਇਹ ਉਸੇ ਤਰ੍ਹਾਂ ਹੈ ਜਿਵੇਂ ਬੱਚੇ ਦੀ ਦਵਾਈ ਵਿੱਚ ਚੀਨੀ ਮਿਲਾਕੇ ਦੇਣਾ।

ਬੇਰਥੇ ਦੀਆਂ ਅੱਖਾਂ ਹੈਰਾਨੀ ਨਾਲ ਟੱਡੀਆਂ ਰਹਿ ਗਈਆਂ। ਉਹ ਬੜਬੜਾਈ, “ਓਹ, ਦਾਦੀ ਮਾਂ, ਅਸੀਂ ਪਿਆਰ ਸਿਰਫ ਇੱਕ ਵਾਰ ਕਰ ਸਕਦੇ ਹਾਂ।”

ਦਾਦੀ ਮਾਂ ਨੇ ਅਸਮਾਨ ਦੇ ਵੱਲ ਆਪਣੇ ਕੰਬਦੇ ਹੱਥਾਂ ਨੂੰ ਇਸ ਤਰ੍ਹਾਂ ਚੁੱਕਿਆ ਜਿਵੇਂ ਕਾਮਦੇਵ ਦਾ ਆਵਾਹਨ ਕਰ ਰਹੇ ਹੋਣ। ਫਿਰ ਉਤੇਜਿਤ ਹੋ ਕਹਿਣ ਲੱਗੀ, “ਤੁਸੀਂ ਲੋਕ ਬਿਲਕੁਲ ਗੁਲਾਮਾਂ ਵਰਗੇ ਹੋ ਗਏ ਹੋ, ਬਿਲਕੁੱਲ ਇੱਕੋ ਜਿਹੇ। ਤੁਸੀਂ ਲੋਕਾਂ ਨੇ ਹਰ ਕੰਮ ਨੂੰ ਭਾਰੀ-ਭਰਕਮ ਸ਼ਬਦਾਂ ਵਿੱਚ ਬੰਨ੍ਹ ਦਿੱਤਾ ਹੈ ਅਤੇ ਹਰ ਜਗ੍ਹਾ ਕਠਿਨ ਕਰਤੱਵਾਂ ਦੇ ਬਾਨਣੂ ਬੰਨ੍ਹ ਦਿੱਤੇ ਹਨ। ਤੁਸੀਂ ਲੋਕ ਸਮਤਾ ਅਤੇ ਸਦੀਵੀ ਲਗਾਉ ਵਿੱਚ ਭਰੋਸਾ ਰੱਖਦੇ ਹੋ। ਤੁਹਾਨੂੰ ਇਹ ਦੱਸਣ ਲਈ ਕਿ ਕਈਆਂ ਨੇ ਪਿਆਰ ਵਿੱਚ ਜਾਨ ਕੁਰਬਾਨ ਕੀਤੀ ਹੈ, ਅਨੇਕ ਕਵੀਆਂ ਨੇ ਕਵਿਤਾਵਾਂ ਲਿਖੀਆਂ ਹਨ। ਸਾਡੇ ਸਮਿਆਂ ਵਿੱਚ ਕਵਿਤਾ ਦਾ ਮਤਲਬ ਹੁੰਦਾ ਸੀ ਪੁਰਖ ਨੂੰ ਇਸਤਰੀ ਨਾਲ ਪ੍ਰੇਮ ਕਰਨਾ ਸਿਖਾਣਾ। ਹਰ ਇੱਕ ਇਸਤਰੀ ਨੂੰ ਪ੍ਰੇਮ ਕਰਨਾ ਅਤੇ ਅਸੀਂ! ਜਦੋਂ ਸਾਨੂੰ ਕੋਈ ਭਾ ਜਾਂਦਾ ਸੀ ਤਾਂ ਅਸੀਂ ਉਸਨੂੰ ਸੁਨੇਹਾ ਪਹੁੰਚਾਂਦੀਆਂ ਸੀ। ਜਦੋਂ ਨਵੇਂ ਪ੍ਰੇਮ ਦੀ ਉਮੰਗ ਸਾਡੇ ਮਨ ਵਿੱਚ ਜਾਗਦੀ ਸੀ ਤਾਂ ਅਸੀਂ ਪਿਛਲੇ ਪ੍ਰੇਮੀ ਕੋਲੋਂ ਕਿਨਾਰਾ ਕਰਨ ਵਿੱਚ ਵੀ ਦੇਰ ਨਹੀਂ ਲਾਉਂਦੀਆਂ ਸੀ। ਅਸੀਂ ਦੋਨਾਂ ਨਾਲ ਵੀ ਪ੍ਰੇਮ ਕਰ ਸਕਦੀਆਂ ਸੀ।”

ਬੁਢੀ ਇੱਕ ਰਹੱਸਮਈ ਢੰਗ ਨਾਲ ਮੁਸਕੁਰਾਈ। ਉਸਦੀਆਂ ਬੁਢੀਆਂ-ਮਟਮੈਲੀਆਂ ਅੱਖਾਂ ਵਿੱਚ ਇੱਕ ਅਜਿਹੀ ਚਮਕ ਸੀ ਅਤੇ ਚਿਹਰੇ ਉੱਤੇ ਅਜਿਹੇ ਭਾਵ ਸਨ ਜਿਵੇਂ ਉਹ ਕਿਸੇ ਹੋਰ ਹੀ ਮਿੱਟੀ ਦੀ ਬਣੀ ਹੋਵੇ। ਜਿਵੇਂ ਉਹ ਕੋਈ ਹਾਕਮ ਹੋਵੇ, ਸਾਰੇ ਨਿਯਮਾਂ ਅਤੇ ਕਾਇਦੇ-ਕਾਨੂੰਨਾਂ ਤੋਂ ਉੱਪਰ। ਕੁੜੀ ਦੀ ਰੰਗ ਪੀਲਾ ਪੈ ਗਿਆ ਸੀ। ਉਹ ਬੜਬੜਾਉਂਦੇ ਹੋਏ ਬੋਲੀ, “ਇਸਦਾ ਮਤਲਬ ਉਸ ਜ਼ਮਾਨੇ ਵਿੱਚ ਔਰਤਾਂ ਭੈੜੇ ਚਾਲ ਚਲਣ ਦੀਆਂ ਸਨ?”

ਦਾਦੀ ਮਾਂ ਨੇ ਮੁਸਕੁਰਾਣਾ ਬੰਦ ਕਰ ਦਿੱਤਾ। ਅਜਿਹਾ ਲੱਗਦਾ ਸੀ ਜਿਵੇਂ ਉਸਦੇ ਦਿਲ ਵਿੱਚ ਵਾਲ‍ਤੇਅਰ ਦਾ ਵਿਅੰਗ ਅਤੇ ਰੂਸੋ ਦੀ ਰੋਸ਼ਨ ਫ਼ਿਲਾਸਫ਼ੀ ਡੂੰਘੇ ਸਮਾਈ ਹੋਈ ਹੋਵੇ। ਇਸ ਲਈ ਕਿ ਅਸੀਂ ਪਿਆਰ ਕਰਕੇ ਉਸਨੂੰ ਅਪਨਾਉਣ ਦੀ ਹਿੰਮਤ ਰੱਖਦੀਆਂ ਸੀ, ਇੱਥੋਂ ਤੱਕ ਕਿ ਗਰਵ ਨਾਲ ਦੱਸਦੀਆਂ ਸੀ। ਮੇਰੀ ਬੱਚੀ ਜੇਕਰ ਉਸ ਜ਼ਮਾਨੇ ਵਿੱਚ ਕਿਸੇ ਇਸਤਰੀ ਦਾ ਪ੍ਰੇਮੀ ਨਹੀਂ ਹੁੰਦਾ ਸੀ ਤਾਂ ਲੋਕ ਉਸਦਾ ਮਖੌਲ ਉੜਾਂਦੇ ਸਨ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਤੀ ਜ਼ਿੰਦਗੀ ਭਰ ਸਿਰਫ ਤੁਹਾਡੇ ਨਾਲ ਹੀ ਪਿਆਰ ਕਰਦੇ ਰਹਿਣਗੇ, ਜਿਵੇਂ ਸਚਮੁਚ ਇਵੇਂ ਵਾਪਰਨਾ ਸੰਭਵ ਹੋਵੇ। ਮੈਂ ਤੁਹਾਨੂੰ ਕਹਿੰਦੀ ਹਾਂ ਕਿ ਵਿਆਹ ਸਮਾਜ ਦੀ ਹੋਂਦ ਲਈ ਬਹੁਤ ਲੋੜੀਂਦਾ ਹੈ ਲੇਕਿਨ ਇਹ ਮਨੁੱਖ ਜਾਤੀ ਦੀ ਮੂਲ ਪ੍ਰਵ੍ਰਤੀ ਨਹੀਂ ਹੈ। ਕੁੱਝ ਸਮਝ ਆਇਆ ਕੀ ਤੈਨੂੰ? ਜੀਵਨ ਵਿੱਚ ਇੱਕੋ ਇੱਕ ਖ਼ੂਬਸੂਰਤ ਚੀਜ ਹੈ ਪ੍ਰੇਮ ਅਤੇ ਸਿਰਫ ਪ੍ਰੇਮ। ਤੁਸੀਂ ਇਸਨੂੰ ਕਿਵੇਂ ਗਲਤ ਸਮਝ ਸਕਦੀਆਂ ਹੋ? ਕਿਵੇਂ ਖ਼ਰਾਬ ਕਰ ਅਤੇ ਕਹਿ ਦੀਆਂ ਹੋ? ਤੁਸੀਂ ਇਸਨੂੰ ਕਿਸੇ ਰਸਮ-ਰਿਵਾਜ ਜਾਂ ਸੰਸਕਾਰ ਦੀ ਤਰ੍ਹਾਂ ਕਿਉਂ ਸਮਝਦੀਆਂ ਹੋ? ਜਿਵੇਂ ਕਿ ਕੋਈ ਕੱਪੜਾ ਖਰੀਦਕੇ ਲਿਆਉਣਾ ਹੋਵੇ। ਕੁੜੀ ਨੇ ਬੁਢੀ ਦੇ ਕੰਬਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਥੰਮਦੇ ਹੋਏ ਕਿਹਾ, “ਚੁਪ ਕਰੋ ਦਾਦੀ ਮਾਂ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਹੁਣ ਹੋਰ ਨਹੀਂ . . . ਬਸ ਕਰੋ।”

ਉਹ ਆਪਣੇ ਗੋਡਿਆਂ ਦੇ ਬਲ ਝੁਕ ਕੇ, ਅੱਖਾਂ ਵਿੱਚ ਹੰਝੂ ਭਰ ਕੇ ਅਰਦਾਸ ਕਰਨ ਲੱਗੀ ਕਿ ਰੱਬ ਉਸਨੂੰ ਇੱਕ ਸੰਘਣਾ, ਗਹਿਰਾ ਅਤੇ ਅਮਰ ਪ੍ਰੇਮ ਦਾ ਅਸ਼ੀਰਵਾਦ ਦੇਵੇ। ਇੱਕ ਅਜਿਹਾ ਪ੍ਰੇਮ ਜੋ ਆਧੁਨਿਕ ਕਵੀਆਂ ਦਾ ਸੁਪਨਾ ਹੈ। ਜਦੋਂ ਕਿ ਦਾਦੀ ਮਾਂ ਨੇ ਬੜੇ ਪਿਆਰ ਨਾਲ ਉਸਦਾ ਮੱਥਾ ਚੁੰਮਿਆ। ਅਠਾਰਵੀਂ ਸਦੀ ਦੇ ਦਾਰਸ਼ਨਿਕਾਂ ਦੀ ਉਸ ਦਲੀਲ਼ ਉੱਤੇ ਵਿਸ਼ਵਾਸ ਅਤੇ ਸ਼ਰਧਾ ਜਤਾਉਂਦੇ ਹੋਏ, ਜਿਸ ਨੇ ਜ਼ਿੰਦਗੀ ਨੂੰ ਆਪਣੇ ਵਕਤ ਵਿੱਚ ਇਸ਼ਕ ਦੇ ਲੂਣ ਨਾਲ ਜਾਇਕੇਦਾਰ ਬਣਾ ਦਿੱਤਾ ਸੀ, ਦਾਦੀ ਮਾਂ ਨੇ ਕਿਹਾ, “ਖ਼ਬਰਦਾਰ! ਮੇਰੀ ਪਿਆਰੀ ਬੱਚੀ। ਜੇਕਰ ਤੂੰ ਇਨ੍ਹਾਂ ਮੂਰਖਤਾਪੂਰਣ ਗੱਲਾਂ ਉੱਤੇ ਵਿਸ਼ਵਾਸ ਕਰੇਂਗੀ ਤਾਂ ਜ਼ਿੰਦਗੀ ਵਿੱਚ ਕਦੇ ਸੁਖੀ ਨਹੀਂ ਰਹਿ ਸਕੋਗੀ।”

ਅਨੁਵਾਦ - ਚਰਨ ਗਿੱਲ