ਸਿੱਖ ਗੁਰੂ ਸਾਹਿਬਾਨ/ਗੁਰੂ ਹਰ ਕ੍ਰਿਸ਼ਨ ਜੀ

57844ਸਿੱਖ ਗੁਰੂ ਸਾਹਿਬਾਨ — ਗੁਰੂ ਹਰ ਕ੍ਰਿਸ਼ਨ ਜੀਗੁਰਸ਼ਰਨ ਕੌਰ

ਸ਼੍ਰੀ ਗੁਰੂ ਹਰ ਕ੍ਰਿਸ਼ਨ ਜੀ

‘ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੈ ਸਭ ਦੁੱਖ ਜਾਇ।।'

ਸਿੱਖ ਧਰਮ ਦੇ ਅੱਠਵੇਂ ਗੁਰੂ ਹਰ ਕ੍ਰਿਸ਼ਨ ਗੁਰੂ ਹਰ ਰਾਇ ਦੇ ਛੋਟੇ ਸਪੁੱਤਰ ਸਨ। ਉਹਨਾਂ ਦਾ ਜਨਮ 7 ਜੁਲਾਈ 1656 ਈ. ਕੀਰਤਪੁਰ ਸਾਹਿਬ ਵਿਖੇ ਹੋਇਆ। ਉਹਨਾਂ ਦੇ ਜਨਮ ਦਿਨ ਬਾਰੇ ਇੱਕ ਦਿਨ ਬਾਅਦ ਜਾਂ ਪਹਿਲਾਂ (ਸਰਵਣ ਵਦੀ 9 ਜਾਂ 10) ਥੋੜਾ ਵਿਵਾਦ ਹੈ। ਇਤਿਹਾਸਕਾਰ ਮੈਕਾਲਿਫ ਦੇ ਅਨੁਸਾਰ ਸਰਵਣ ਸਦੀ 9 ਹੈ ਜਦੋਂ ਕਿ ਕੇਸਰ ਸਿੰਘ ਛਿੱਬਰ ਅਤੇ ਗੁਲਾਬ ਸਿੰਘ ਅਤੇ ਗਿਆਨ ਸਿੰਘ ਗਿਆਨੀ ਇਹ ਵਿਚਾਰ ਰੱਖਦੇ ਹਨ ਕਿ ਗੁਰੂ ਜੀ ਦਾ ਜਨਮ ਸਰਵਣ ਵਦੀ 10 ਨੂੰ ਹੀ ਹੋਇਆ। ਇਹੀ ਤਰੀਕ ਜ਼ਿਆਦਾ ਮੰਨਣਯੋਗ ਹੈ। ਗੰਡਾ ਸਿੰਘ ਤੇਜਾ ਸਿੰਘ, ਤਰਲੋਚਨ ਸਿੰਘ, ਹਰੀ ਰਾਮ ਗੁਪਤਾ ਅਤੇ ਸਾਹਿਬ ਸਿੰਘ ਆਦਿ ਇਤਿਹਾਸਕਾਰ ਇਸ ਤਰੀਕ ਨੂੰ ਹੀ ਗੁਰੂ ਜੀ ਦਾ ਜਨਮ ਹੋਇਆ ਤਸਦੀਕ ਕਰਦੇ ਹਨ। ਜਿਸ ਥਾਂ 'ਤੇ ਗੁਰੂ ਹਰ ਕ੍ਰਿਸ਼ਨ ਜੀ ਦਾ ਜਨਮ ਹੋਇਆ ਉਸਨੂੰ 'ਸੀਸ ਮਹੱਲ' ਕਿਹਾ ਜਾਂਦਾ ਹੈ। ਕਿਉਂਕਿ ਇਹ ਜੈਪੁਰ ਦੇ ਸੀਸ ਮਹੱਲ ਦਾ ਹੀ ਇੱਕ ਨਮੂਨਾ ਹੈ ਇੱਥੇ ਗੁਰੂ ਹਰ ਰਾਇ ਜੀ ਦੀ ਰਿਹਾਇਸ਼ ਸੀ।

ਸਿੱਖ ਇਤਿਹਾਸ ਵਿੱਚ ਗੁਰੂ ਹਰ ਕ੍ਰਿਸ਼ਨ ਜੀ ਦੀ ਮੁੱਢਲੀ ਸਿੱਖਿਆ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਫਿਰ ਵੀ ਇਹ ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਮਾਤਾ ਸੁਲੱਖਣੀ ਬਹੁਤ ਹੀ ਮੋਹ ਭਰੇ ਅਤੇ ਸੰਜੀਦਾ ਸੁਭਾਅ ਦੇ ਮਾਲਕ ਸਨ। ਉਹ ਆਪਣੇ ਵਿਸ਼ਵਾਸ ਤੇ ਪਵਿੱਤਰਤਾ ਕਰਕੇ ਸਿੱਖ ਧਰਮ ਵਿੱਚ ਸਤਿਕਾਰੇ ਜਾਂਦੇ ਸਨ। ਉਹਨਾਂ ਨੇ ਜ਼ਰੂਰ ਹੀ ਗੁਰਬਾਣੀ ਨਾਲ ਪਿਆਰ, ਸਬਰ, ਹੀ ਸ਼ਹਿਨਸ਼ੀਲਤਾ ਨਿਮਰਤਾ ਤੇ ਆਗਿਆ ਮੰਨਣ ਦੇ ਗੁਣ ਹਰ ਕ੍ਰਿਸ਼ਨ ਜੀ ਵਿੱਚ ਭਰੇ ਹੋਣਗੇ। ਉਹ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਸਮਾਂ ਰਹੇ। ਜਨਮ ਤੋਂ ਲੈ ਕੇ ਉਹਨਾਂ ਦੀ ਸਮੇਂ ਤੋਂ ਪਹਿਲਾਂ ਹੋਈ ਉਹਨਾਂ ਦੀ ਮੌਤ ਦੌਰਾਨ- ਕੀਰਤਪੁਰ ਤੋਂ ਦਿੱਲੀ ਤੱਕ ਮਾਤਾ ਜੀ ਹਰ ਕ੍ਰਿਸ਼ਨ ਦੇ ਨਾਲ ਰਹੇ। ਇਤਿਹਾਸਕਾਰ ਤਰਲੋਚਨ ਸਿੰਘ ਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਹੋਏ ਲਿਖਦੇ ਹਨ ਕਿ ਮਾਤਾ ਸੁਲੱਖਣੀ ਨੇ ਇਸ ਗੱਲ ਨੂੰ ਆਪਣਾ ਫਰਜ਼ ਸਮਝਿਆ ਸੀ ਕਿ ਉਹ ਆਪਣੇ ਪੁੱਤਰਾਂ ਨੂੰ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਵੰਗਾਰ ਦਾ ਟਾਕਰਾ ਕਰਨ ਦੇ ਯੋਗ ਬਣਾਉਣ। ਡੰਕਨ ਗਰੀਨਲੈਸ ਦਾ ਵਿਚਾਰ ਹੈ।" ਛੋਟਾ ਬੱਚਾ ਪਹਿਲਾਂ ਹੀ ਮਿਠਾਸ ਭਰੀ ਤੇ ਚੜਦੀ ਕਲਾ ਦੀ ਭਾਵਨਾ ਦੀ ਮੂਰਤ ਲੱਗਦਾ ਸੀ। ਉਸਦੀ ਸੋਚ ਸਾਫ ਤੀਖਣ ਬੁੱਧੀ ਅਤੇ ਧਾਰਮਿਕਤਾ ਦੂਰ ਅੰਦੇਸ਼ੀ ਵਾਲੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਛੋਟੀ ਉਮਰ ਵਿੱਚ ਹੀ ਲੋਕਾਂ ਦੇ ਸ਼ੰਕੇ ਦੂਰ ਕਰ ਸਕਦੇ ਸਨ ਅਤੇ ਅਗਵਾਈ ਦੇ ਸਕਦੇ ਸਨ। ਇਸ ਗੱਲੋਂ ਸਿੱਧ ਹੁੰਦਾ ਹੈ ਕਿ ਹਰ ਕ੍ਰਿਸ਼ਨ ਜੀ ਨੇ ਨਿਰਪੱਖ ਸੋਚ ਰੱਖਣ ਵਾਲੀ ਤੇ ਸਮਝਣ ਵਾਲੀ, ਅਧਿਆਤਮਕ ਸੁਰ ਵਾਲੀ ਸਿੱਖਿਆ ਹੋਰ ਕਿਸੇ ਤੋਂ ਨਹੀਂ ਸਗੋਂ ਗੁਰੂ-ਪਿਤਾ ਹਰ ਰਾਇ ਤੋਂ ਹੀ ਲਈ ਹੋਵੇਗੀ ਅਤੇ ਇਸ ਤਰਾਂ ਪੰਜ ਸਾਲ ਦੀ ਨਰਮ ਉਮਰ ਵਿੱਚ ਹੀ ਪਰਪੱਕ ਹੋ ਗਏ ਹੋਣਗੇ। ਗੁਰੂ ਹਰ ਰਾਇ ਸਿੱਖ ਧਰਮ ਦੇ ਬਹੁਤ ਵੱਡੇ ਰਹਿਬਰ ਸਨ ਸੋ ਉਹਨਾਂ ਨੇ ਆਪਣੇ ਪੁੱਤਰ ਨੂੰ ਸ਼ੁਰੂ ਤੋ ਹੀ ਧਾਰਮਿਕ ਅਤੇ ਅਧਿਆਤਮਕ ਸਿੱਖਿਆ ਦਿੱਤੀ ਹੋਵੇਗੀ। ਗੁਰੂ ਹਰ ਕ੍ਰਿਸ਼ਨ ਜੀ ਦਾ ਜਨਮ ਤੇ ਪਾਲਣ ਪੋਸ਼ਣ ਹੀ ਧਾਰਮਿਕ ਫਿਜ਼ਾ ਵਿੱਚ ਹੋਇਆ ਸੀ। ਉਹ ਸ਼ੁਰੂ ਤੋਂ ਹੀ ਆਪਣੇ ਅੰਦਰੋਂ ਸਿੱਖ ਧਰਮ ਅਤੇ ਸਿੱਖੀ ਰੁਹ-ਰੀਤਾਂ ਦੇ ਅੰਗ-ਸੰਗ ਵਿਚਰੇ ਸਨ। ਗੁਰੂ ਪੁੱਤਰ ਹੋਣ ਦੇ ਨਾਤੇ ਧਾਰਮਿਕ ਰੰਗਣ ਉਹਨਾਂ ਦਾ ਇੱਕ ਅੰਗ ਹੀ ਸੀ। ਇਸ ਤੱਥ ਨੂੰ ਤਰਲੋਚਨ ਸਿੰਘ ਵੀ ਸਵੀਕਾਰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਗੁਰੂ ਹਰ ਰਾਏ ਗੁਰੂ ਹਰਿ ਕ੍ਰਿਸ਼ਨ ਜੀ ਦੇ ਧਾਰਮਿਕ ਰਹਿਬਰ ਅਤੇ ਅਧਿਆਤਮਕ ਗੁਰੂ ਸਨ। ਕਿਉਂਕਿ ਉਹਨਾਂ ਨੇ ਹੀ ਹਰ ਕ੍ਰਿਸ਼ਨ ਨੂੰ 'ਚਰਨ-ਪਾਹੁਲ' ਸਿੱਖ ਧਾਰਮਿਕ ਰੀਤ ਅਨੁਸਾਰ ਪਾਣ ਕਰਾਇਆ ਸੀ ਅਤੇ "ਨਾਮ-ਦੀਕਸ਼ਾ" ਨਾਂ ਦੇ ਦੈਵੀ ਸ਼ਬਦ ਬਾਰੇ ਵਰਨਣ ਕੀਤਾ ਸੀ। ਗੁਰੂ ਹਰ ਰਾਇ ਨੇ ਬੱਚੇ ਦੇ ਦਿਲ ਵਿੱਚ ਰੌਸ਼ਨੀ ਕੀਤੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਉਮਰ ਵਿੱਚ ਹਰ ਕ੍ਰਿਸ਼ਨ 'ਜਪੁ ਜੀ ਸਾਹਿਬ, ਆਨੰਦ ਸਾਹਿਬ ਅਤੇ ਸੁਖਮਣੀ ਸਾਹਿਬ ਦਾ ਜ਼ੁਬਾਨੀ ਪਾਠ ਕਰ ਸਕਦੇ ਸਨ। ਉਹ ਪ੍ਰਸਿੱਧ ਸਿੱਖ ਵਿਦਵਾਨਾਂ ਅਤੇ ਗੁਰੂ ਦਰਬਾਰ ਦੇ ਵਡੇਰੇ ਸਿੱਖਾਂ ਦੀ ਸੰਗਤ ਕਰਦੇ ਸਨ ਅਤੇ ਆਪਣੇ ਵੱਡੇ ਵਡੇਰਿਆਂ ਦੀਆਂ ਅਧਿਆਤਮਕ ਅਤੇ ਧਾਰਮਿਕ ਕਥਾਵਾਂ ਖੁਦ ਸੁਣਦੇ ਸਨ। ਇਸ ਤਰਾਂ ਉਹਨਾਂ ਨੇ ਆਪਣੇ ਵਿਚਾਰਸ਼ੀਲ ਅਤੇ ਸੰਵੇਦਨਸ਼ੀਲ ਮਨ ਵਿੱਚ ਇਹ ਸਾਰਾ ਗਿਆਨ ਸਮੋ ਲਿਆ ਸੀ। ਮੈਕਾਲਿਫ ਦੇ ਅਨੁਸਾਰ 'ਇਸ ਬੱਚੇ ਨੇ ਛੋਟੀ ਉਮਰ ਹੀ ਇਸ਼ਾਰਾ ਕਰ ਦਿੱਤਾ ਕਿ ਉਹ ਗੁਰਗੱਦੀ ਦਾ ਵਾਰਸ ਬਣ ਸਕਣ ਦੇ ਕਾਬਲ ਹੈ।

ਇਸ ਤਰਾਂ ਹਰ ਕ੍ਰਿਸ਼ਨ ਗੁਰੂ ਹਰ ਰਾਇ ਦੇ ਛੋਟੇ ਸਪੁੱਤਰ ਨੇ ਸਿੱਖਾਂ ਦੇ ਪੁਰਾਤਨ ਗ੍ਰੰਥਾਂ ਅਤੇ ਸਿੱਖ ਧਰਮ ਵਿੱਚ ਨਿਪੁੰਨਤਾ ਹਾਸਲ ਕਰ ਲਈ ਅਤੇ ਇਹ ਗੱਲ ਇੱਕ ਪ੍ਰੀਖਿਆ ਤੋਂ ਸਪੱਸ਼ਟ ਹੋ ਜਾਂਦੀ ਹੈ ਜੋ ਗੁਰੂ ਹਰ ਰਾਇ ਜੀ ਨੇ ਆਪਣੇ ਦੋਨਾਂ ਪੁੱਤਰਾਂ ਤੋਂ ਲਈ ਤਾਂ ਜੋ ਫੈਸਲਾ ਹੋ ਸਕੇ ਕਿ ਦੋਹਾਂ ਵਿੱਚੋਂ ਕਿਹੜਾ ਵੱਧ ਗੁਣੀ ਗਿਆਨੀ ਹੈ। ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਸੰਤੋਖ ਸਿੰਘ ਕਵੀ ਇਕ ਸਾਖੀ ਬ੍ਰਿਤਾਂਤ ਕਰਦੇ ਹੋਏ ਲਿਖਦੇ ਹਨ ਕਿ ਗੁਰੂ ਹਰ ਰਾਏ ਨੇ ਦੋਹਾਂ ਭਰਾਵਾਂ- ਰਾਮ ਰਾਇ ਤੇ ਹਰ ਕ੍ਰਿਸ਼ਨ ਨੂੰ ਵਾਰੋ ਵਾਰੀ ਗੁਰੂ ਗਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਦੀ ਵਿਆਖਿਆ ਕਰਨ ਲਈ ਕਿਹਾ। ਸਾਰੀ ਸਿੱਖ ਸੰਗਤ ਹਾਜ਼ਿਰ ਸੀ। ਪਹਿਲਾਂ ਹਰ ਕ੍ਰਿਸ਼ਨ ਜੀ ਨੂੰ ਸ਼ਬਦ ਦੇ ਅਰਥ ਕਰਨ ਦੀ ਜ਼ਿੰਮੇਵਾਰੀ ਮਿਲੀ। ਸਿੱਖ ਸੰਗਤਾਂ ਨੇ ਜਦੋਂ ਇਹ ਸ਼ਬਦ ਦੀ ਵਿਆਖਿਆ ਹਰ ਕ੍ਰਿਸ਼ਨ ਤੋਂ ਸੁਣੀ ਤਾਂ ਉਹ ਉਹਨਾਂ ਦੀ ਮਧੁਰ ਅਵਾਜ਼ ਅਤੇ ਬਾਣੀ ਵਿੱਚ ਪ੍ਰਪੱਕਤਾ ਨੂੰ ਦੇਖ ਕੇ ਮੰਤਰ ਮੁਗਧ ਹੋ ਗਈਆਂ। ਫਿਰ ਉਹੀ ਸ਼ਬਦ ਗੁਰੂ ਜੀ ਨੇ ਰਾਮ ਰਾਇ ਨੂੰ ਵੀ ਵਿਆਖਿਆ ਕਰਨ ਲਈ ਦਿੱਤਾ। ਪਰ ਦਰਸ਼ਕ ਉਨੇ ਕੀਲੇ ਨਾ ਗਏ। ਜਿਸ ਤੋਂ ਪਤਾ ਚੱਲਦਾ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਦੇ ਨਿੱਕੀ ਉਮਰ ਵਿੱਚ ਵੀ ਸੰਪੂਰਣਤਾ ਦੇ ਗੁਣ ਸਨ। ਉਹਨਾਂ ਨੇ ਗੁਰੂ-ਪਿਤਾ ਨੂੰ ਆਪਣੀਆਂ ਅਧਿਆਤਮਕ ਪ੍ਰਾਪਤੀਆਂ ਅਤੇ ਸੰਤ ਸੁਭਾਅ ਨਾਲ ਪ੍ਰਭਾਵਿਤ ਕਰ ਦਿੱਤਾ ਸੀ।

ਦੂਜੇ ਪਾਸੇ ਉਹਨਾਂ ਦਾ ਵੱਡਾ ਭਰਾ ਰਾਮ ਰਾਇ ਸੀ। ਜਿਸਨੇ ਔਰੰਗਜੇਬ ਬਾਦਸ਼ਾਹ ਦੇ ਸਾਹਮਣੇ ਕਾਇਰਤਾ ਦਾ ਸਬੂਤ ਦਿੱਤਾ ਸੀ ਅਤੇ ਇਸ ਤਰਾਂ ਗੁਰੂ-ਪਿਤਾ ਦੀ ਨਰਾਜ਼ਗੀ ਸਹੇੜ ਲਈ ਸੀ। ਉਸਨੇ ਆਦਿ ਗ੍ਰੰਥ ਦੀ ਇੱਕ ਤੁਕ ਦੇ ਅਰਥ ਬਦਲ ਦਿੱਤੇ ਸਨ। ਗੁਰੂ ਜੀ ਨੇ ਉਸਨੂੰ ਬੇਦਖਲ ਕਰਕੇ ਉਤਰਾਧਿਕਾਰੀ ਤੋਂ ਵੰਚਿਤ ਕਰ ਦਿੱਤਾ ਸੀ। ਗੁਰੂ ਜੀ ਨੇ ਉਸਨੂੰ ਮੱਥੇ ਲਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।

ਆਪਣਾ ਅੰਤ ਸਮਾਂ ਆਇਆ ਦੇਖ ਕੇ ਗੁਰੂ ਹਰ ਰਾਇ ਨੇ ਹਰ ਕ੍ਰਿਸ਼ਨ ਨੂੰ 23 ਸਤੰਬਰ 1661 ਈ. ਗੁਰਗੱਦੀ ਸੌਂਪ ਦਿੱਤੀ। ਆਪ ਗੁਰੂ ਜੀ ਗੁਰਬਾਣੀ ਦੇ ਜਾਪ ਵਿੱਚ ਲੀਨ ਹੋ ਗਏ। ਸਿੱਖ ਵਿਦਵਾਨ ਤਰਲੋਚਨ ਸਿੰਘ ਅਨੁਸਾਰ ਗੁਰਗੱਦੀ ਦੇਣ ਤੋਂ ਚੌਦਾਂ ਦਿਨ ਤੱਕ ਗੁਰੂ ਹਰ ਰਾਇ ਸੰਗਤਾਂ ਦੀ ਆਮਦ ਨੂੰ ਤੱਕਦੋ ਰਹੇ ਜੋ ਨਵੇਂ ਗੁਰੂ ਤੋਂ ਸੇਧ ਲੈਣ ਲਈ ਆਉਂਦੇ ਸਨ। ਉਹ ਗੁਰੂ ਹਰ ਕ੍ਰਿਸ਼ਨ ਜੀ ਨੂੰ ਗੁਰਗੱਦੀ ਦੀ ਜਿੰਮੇਵਾਰੀ ਸੰਭਾਲ ਕੇ ਅਨੰਦਿਤ ਸਨ ਕਿਉਂਕਿ ਬਾਲ ਗੁਰੂ ਬਹੁਤ ਹੀ ਵਧੀਆ ਤੇ ਸ਼ਾਨਾਮੱਤੇ ਢੰਗ ਨਾਲ ਕੰਮ ਕਰ ਰਹੇ ਸਨ। ਉਹ ਮਿੱਠੀ ਤੇ ਰਸਭਰੀ ਆਵਾਜ਼ ਵਿੱਚ ਉਪਦੇਸ਼ ਦਿੰਦੇ ਅਤੇ ਹਰ ਬੱਚੇ ਬੁੱਢੇ ਨੂੰ ਧਾਰਮਿਕ ਨਸੀਹਤਾਂ ਦਿੰਦੇ।

ਚੌਦਵੇਂ ਦਿਨ ਗੁਰੂ ਜੀ ਨੇ ਸਾਰੀਆਂ ਪ੍ਰਸਿੱਧ ਸਿੱਖ ਸ਼ਖਸੀਅਤਾਂ ਨੂੰ ਬੁਲਾਇਆ ਅਤੇ ਪ੍ਰਚਾਰਕਾਂ ਨੂੰ ਵੀ ਦਰਬਾਰ ਵਿੱਚ ਪਹੁੰਚਣ ਲਈ ਕਿਹਾ। ਉਹਨਾਂ ਨੂੰ ਕਿਹਾ ਕਿ ਹੁਣ ਉਹਨਾਂ ਨੇ ਗੁਰੂ ਹਰ ਕ੍ਰਿਸ਼ਨ ਦੀ ਆਗਿਆ ਦਾ ਪਾਲਣ ਕਰਨਾ ਹੈ। ਮੇਰਾ ਪ੍ਰਤੀਬਿੰਬ ਹਰ ਕ੍ਰਿਸ਼ਨ ਵਿੱਚ ਹੋਵੇਗਾ। ਜੋ ਗੁਰੂ ਵਿੱਚ ਵਿਸ਼ਵਾਸ ਰੱਖੇਗਾ, ਉਸਨੂੰ ਗਰੂ ਦਾ ਅਸ਼ੀਰਵਾਦ ਪ੍ਰਾਪਤ ਹੋਵੇਗਾ। ਉਹਨਾਂ ਨੇ ਆਪਣੇ 2200 ਘੋੜ ਸਵਾਰਾਂ ਤੇ ਤੋਪਚੀਆਂ ਨੂੰ ਤੋਹਫੇ ਦਿੱਤੇ ਅਤੇ ਗੁਰੂ ਹਰ ਕ੍ਰਿਸ਼ਨ ਦਾ ਹੁਕਮ ਮੰਨਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਗੁਰੂ ਹਰ ਕ੍ਰਿਸ਼ਨ ਹੀ ਹੁਣ ਤੁਹਾਡੇ ਲੋਕ ਅਤੇ ਪ੍ਰਲੋਕ ਦੇ ਸੁਹੇਲੇ ਹੋਣਗੇ। ਉਹਨਾਂ ਨੇ ਉਸ ਸਮੇਂ ਕੁਝ ਨਸੀਹਤਾਂ ਗੁਰੂ ਹਰ ਕ੍ਰਿਸ਼ਨ ਜੀ ਵੀ ਦਿੱਤੀਆਂ ਤਾਂ ਜੋ ਆਉਣ ਵਾਲੀ ਜ਼ਿੰਦਗੀ ਵਿੱਚ ਉਹਨਾਂ ਦਾ ਮਾਰਗ ਦਰਸ਼ਕ ਕਰ ਸਕਣ। ਗੁਰੂ ਜੀ ਨੇ ਕਿਹਾ,

'ਤੁਹਾਡੇ ਨਿੱਕੇ ਮੋਢਿਆਂ ਤੇ ਪ੍ਰਮਾਤਮਾ ਦੀ ਮਰਜ਼ੀ ਅਤੇ ਬਾਬੇ ਨਾਨਕ ਦੀ ਮੇਹਰ ਹੈ। ਬਾਬਾ ਨਾਨਕ ਪੂਰੇ ਗੁਰੂ, ਸਿਆਣਪ ਦੀ ਮੂਰਤ, ਅਧਿਆਤਮਕਤਾ ਦੀ ਰੌਸ਼ਨੀ ਵਾਲੇ ਮਹਾਂਪੁਰਖ ਸਨ। ਪ੍ਰਮਾਤਮਾ ਕਰੇ ਬਾਬੇ ਨਾਨਕ ਦੀ ਜੋਤ ਤੁਹਾਡੇ ਦਿਲ ਵਿੱਚ ਵੀ ਪੂਰੀ ਰੌਸ਼ਨੀ ਨਾਲ ਬਲੇ ਅਤੇ ਹਰ ਕਦਮ ਤੇ ਤੁਹਾਡੀ ਰਹਿ-ਨੁਮਾਈ ਕਰੇ। ਸੂਰਜ ਪ੍ਰਕਾਸ਼ ਵਿੱਚ ਵੀ ਵਰਨਣ ਕੀਤਾ ਗਿਆ ਹੈ ਕਿ ਗੁਰੂ ਰਾਇ ਜੀ ਨੇ ਹਰ ਕ੍ਰਿਸ਼ਨ ਨੂੰ ਅੰਤਿਮ ਨਸੀਹਤ ਇਹ ਦਿੱਤੀ।' ਬਾਦਸ਼ਾਹ ਔਰੰਗਜੇਬ ਨੂੰ ਮਿਲਣ ਤੋਂ ਪ੍ਰਹੇਜ ਕਰਨਾ ਅਤੇ ਕਦੇ ਵੀ ਕਿਸੇ ਲਾਲਚ ਵਿੱਚ ਨਹੀਂ ਆਉਣਾ। ਦੁਨਿਆਵੀ ਰਾਜੇ ਤੋਂ ਡਰਨ ਦੀ ਕੋਈ ਲੋੜ ਨਹੀਂ ਉਹ ਵੀ ਔਰੰਗਜੇਬ ਵਰਗੇ ਤੋਂ ਬਿਲਕੁਲ ਨਹੀਂ ਘਬਰਾਉਣਾ। ਸਿਰਫ ਪ੍ਰਮਾਤਮਤਾ ਨੂੰ ਸਭ ਤੋਂ ਵੱਡਾ ਬਾਦਸ਼ਾਹ ਸਮਝਣਾ ਹੈ।'

ਗੁਰੂ ਹਰ ਕ੍ਰਿਸ਼ਨ ਜੀ ਨੇ ਨਿਮਰਤਾ ਪੂਰਬਕ ਗੁਰੂ-ਪਿਤਾ ਦੀ ਨਸੀਹਤ ਨੂੰ ਪ੍ਰਵਾਨ ਕਰ ਲਿਆ ਅਤੇ ਵਾਇਦਾ ਕੀਤਾ ਕਿ ਉਹ ਕਦੇ ਵੀ ਕਿਸੇ ਸੰਸਾਰਿਕ ਬਾਦਸ਼ਾਹ ਦੀ ਤਾਕਤ ਅਤੇ ਧਮਕੀਆਂ ਤੋਂ ਨਹੀਂ ਡਰਨਗੇ ਅਤੇ ਨਾ ਹੀ ਝੁਕਣਗੇ। ਜਦੋਂ ਤੱਕ ਉਹ ਜਿਉਂਦੇ ਰਹੇ ਉਹ ਔਰੰਗਜੇਬ ਜਾਂ ਕਿਸੇ ਹੋਰ ਦਾ ਭੈ ਨਹੀਂ ਮੰਨਣਗੇ। ਉਹ ਹਮੇਸ਼ਾ ਆਪਣੇ ਧਰਮ ਅਤੇ ਮਾਣ-ਮਰਿਆਦਾ ਦੀ ਨਿਡਰ ਹੋ ਕੇ ਪਵਿੱਤਰਤਾ ਤੇ ਇੱਜ਼ਤ ਨੂੰ ਬਣਾਈ ਰੱਖਣਗੇ। ਇਸਤੋਂ ਪਿੱਛੋਂ ਗੁਰੂ ਹਰ ਰਾਇ ਨੇ ਆਪਣੇ ਸਰੀਰ 'ਤੇ ਸਫੈਦ ਚਾਦਰ ਲੈ ਲਈ ਅਤੇ ਅੱਖਾਂ ਬੰਦ ਕਰਕੇ ਪ੍ਰਭੂ ਨਾਲ ਬਿਰਤੀ ਲਗਾ ਲਈ। 6 ਅਕਤੂਬਰ 1661 ਈ. ਨੂੰ ਉਹਨਾਂ ਅੰਤਿਮ ਵਿਦਾਈ ਲੈ ਲਈ।

ਇਸ ਮੌਕੇ ਸੰਗਤਾਂ ਬੇਹੱਦ ਉਦਾਸ ਹੋ ਗਈਆਂ। ਗੁਰੂ ਹਰ ਕ੍ਰਿਸ਼ਨ ਨੇ ਸਭ ਨੂੰ ਧੀਰਜ ਦਿੱਤਾ। ਗੁਰਬਾਣੀ ਦੀਆਂ ਤੁਕਾਂ ਰਾਹੀਂ ਸਰੀਰ ਦੀ ਨਾਸ਼ਵਾਨਤਾ ਦੱਸੀ। ਸਿੱਖਾਂ ਸੰਗਤਾਂ ਨੂੰ ਚਾਨਣ ਹੋ ਗਿਆ ਕਿ ਗੁਰੂ ਕ੍ਰਿਸ਼ਨ ਜੀ ਪੰਜ ਭੌਤਿਕ ਸਰੀਰ ਵਿੱਚ ਬ੍ਰਹਮ ਗਿਆਨੀ ਹਨ। ਸੰਗਤਾਂ ਨੂੰ ਜਿਵੇਂ ਉਹਨਾਂ ਨੇ ਧੀਰਜ ਦਿੱਤਾ, ਸ਼ਬਦ ਬੋਲ ਕੇ ਬਚਨ ਕਰ ਕੇ ਮਨ ਨੂੰ ਰੌਸ਼ਨ ਕੀਤਾ ਕਾਬਿਲੇ ਗੌਰ ਹੈ। ਗੁਰੂ ਜੀ ਦੇ ਮਿੱਠੇ ਬਚਨ ਸੁਣ ਕੇ ਸਭ ਧੰਨ ਹੋ ਗਏ। ਹਰ ਇੱਕ ਦੇ ਹਿਰਦੇ ਤੇ ਨਾਮ ਦੇ ਜਲ ਦੇ ਛਿੱਟੇ ਮਾਰ ਕੇ ਸਭ ਨੂੰ ਠੰਡੇ ਚਿੱਤ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਗੁਰੂ-ਪਿਤਾ ਨੇ ਕਿ ਸੱਚ ਨੂੰ ਹਮੇਸ਼ਾ ਉੱਚਾ ਰੱਖਿਆ। ਮੋਹ-ਮਮਤਾ ਤੋਂ ਪਰੇ ਹੋ ਕੇ ਵਿਚਰੇ, ਸ਼ਾਹਾਂ ਤੋਂ ਬੇਪ੍ਰਵਾਹ ਹੋ ਕੇ ਸਿੱਖੀ ਨੂੰ ਬੁਲੰਦ ਕੀਤਾ, ਆਪਣੇ ਪੁੱਤਰ ਦੀ ਗਲਤੀ ਲਈ ਉਸਨੂੰ ਸ਼ਜਾ ਦਿੱਤੀ, ਇਹੋ ਜਿਹੇ ਆਦਰਸ਼ ਕੋਈ ਮਹਾਂਪੁਰਖ ਹੀ ਨਿਭਾ ਸਕਦਾ ਸੀ। ਬਾਣੀ ਨੂੰ ਸਰਵ ਉੱਤਮ ਥਾਂ ਦਿੱਤੀ, ਆਪ ਬਾਣੀ ਦਾ ਸਤਿਕਾਰ ਕੀਤਾ, ਲੋਕਾਂ ਨੂੰ ਸ਼ਬਦ-ਗੁਰੂ ਦੇ ਲੜ ਲਾਇਆ। ਉਹ ਤਾਂ ਨਿਰਭਉ ਨਿਰਵੈਰ ਸਨ। ਸਿੱਖ ਸੰਗਤਦੀ ਇਹ ਬਚਨ ਸੁਣਕੇ ਤਸੱਲੀ ਹੋ ਗਈ।

ਇਸ ਤਰਾਂ ਸਪੱਸਟ ਹੀ ਹੈ ਕਿ ਗੁਰੂ ਹਰ ਕ੍ਰਿਸ਼ਨ ਜੀ ਨੇ 23 ਸਤੰਬਰ 1661 ਈ. ਨੂੰ ਪੰਜ ਸਾਲ ਦੋ ਮਹੀਨੇ ਅਤੇ ਸੋਲਾਂ ਦਿਨ ਦੀ ਉਮਰ ਵਿੱਚ ਗੁਰਗੱਦੀ ਸੰਭਾਲੀ। ਉਹਨਾਂ ਦੀ ਗੁਰੂਤਾ ਦਾ ਸਮਾਂ ਬਹੁਤ ਥੋੜਾ ਸੀ ਕਿਉਂਕਿ 1664 ਈ. ਵਿੱਚ ਹੀ ਉਹ ਅਕਾਲ ਚਲਾਣਾ ਕਰ ਗਏ ਸਨ। ਉਸ ਸਮੇਂ ਉਹਨਾਂ ਦੀ ਉਮਰ ਸਿਰਫ ਅੱਠ ਸਾਲ ਦੀ ਹੀ ਸੀ। ਇਹੀ ਕਾਰਣ ਹੈ ਕਿ ਗੁਰੂ ਹਰ ਕ੍ਰਿਸ਼ਨ ਜੀ ਨੂੰ ਬਾਲਾ ਗੁਰੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤ੍ਰਿਲੋਚਨ ਸਿੰਘ ਲਿਖਦੇ ਹਨ ਕਿ ਗੁਰੂ ਹਰਕ੍ਰਿਸ਼ਨ ਦੇ ਗੁਰੂਤਾ ਕਾਲ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਦਾ ਸਮਾਂ ਗੁਰਿਆਈ ਲੈਣ ਦੇ ਸਮੇਂ 23 ਸਤੰਬਰ 1661 ਈ. ਤੋਂ ਸ਼ੁਰੂ ਹੁੰਦਾ ਹੈ। ਇਹ ਉਹ ਸਮਾਂ ਹੈ ਜਦੋਂ ਸੱਤਵੇਂ ਗੁਰੂ ਨੇ ਉਹਨਾਂ ਨੂੰ ਗੁਰਗੱਦੀ ਬਖਸ਼ ਕੇ ਅੱਠਵੀਂ, ਨਾਨਕ ਜੋਤ ਬਣਾਇਆ ਸੀ। ਇਹ ਸਮਾਂ ਦਸੰਬਰ 1665 ਈ. ਨੂੰ ਬੇਵਕਤੀ ਅਤੇ ਅਚਨਚੇਤ ਮੌਤ ਨਾਲ ਖ਼ਤਮ ਹੋ ਜਾਂਦਾ ਹੈ। ਗੁਰਗੱਦੀ ਦੇ ਪਹਿਲੇ ਕਾਲ ਵਿੱਚ ਗੁਰੂ ਹਰ ਕ੍ਰਿਸ਼ਨ ਜੀ ਬਹੁਤ ਸਮਾਂ ਕੀਰਤਪੁਰ ਸਾਹਿਬ ਹੀ ਟਿਕੇ ਰਹੇ। ਇਤਿਹਾਸ ਵਿੱਚ ਇਸ ਸਮੇਂ ਕੋਈ ਮੌਖਿਕ ਜਾਂ ਲਿਖਤ ਸਬੂਤ ਨਹੀਂ ਮਿਲਦਾ ਕਿ ਗੁਰੂ ਜੀ ਕੀਰਤਪੁਰ ਛੱਡ ਕੇ ਕਿਤੇ ਨੇੜੇ ਜਾਂ ਦੂਰ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਜਾਂ ਕਿਸੇ ਹੋਰ ਉਦੇਸ਼ ਲਈ ਗਏ ਹੋਣ।

ਕੀਰਤਪੁਰ ਸਾਹਿਬ ਵਿਖੇ ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੇ ਗੁਰੂ-ਪਿਤਾ ਵਾਲੀ ਰੀਤ ਨੂੰ ਜਾਰੀ ਰੱਖਿਆ। ਉਹ ਦਿਨ ਵਿੱਚ ਦੋ ਵਾਰ ਧਾਰਮਿਕ ਸਭਾ ਜਾਂ ਦੀਵਾਨ ਲਾਉਂਦੇ। ਸਤਬੀਰ ਸਿੰਘ ਆਪਣੀ ਕਿਤਾਬ 'ਅਸ਼ਟਮ ਬਲਬੀਰਾ' ਵਿੱਚ ਲਿਖਦੇ ਹਨ ਕਿ 'ਆਪ ਜੀ ਅੰਮ੍ਰਿਤ ਵੇਲੇ ਉੱਠਦੇ। ਸੋਚਾਚਾਰ ਤੋਂ ਪਿੱਛੋਂ ਸਮਾਧੀ ਵਿੱਚ ਲੀਨ ਹੋ ਜਾਂਦੇ। ਫਿਰ ਪਾਠ ਕਰਦੇ ਤੇ ਸੰਗਤ ਵਿੱਚ ਆ ਕੇ ਪਾਠ ਸੁਣਦੇ। ਇਸ ਪਿੱਛੋਂ ਕੀਰਤਨ ਸ਼ੁਰੂ ਹੋ ਜਾਂਦਾ ਹੈ। ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਜੀ ਬਚਨ ਸੁਣਾਉਂਦੇ। ਗੁਰਬਾਣੀ ਦੀ ਕਥਾ ਹੁੰਦੀ ਉਸ ਤੋਂ ਪਿੱਛੋਂ ਲੰਗਰ ਵਰਤਾਇਆ ਜਾਂਦਾ। ਸੰਗਤਾਂ ਨਾਲ ਬਚਨ ਬਿਲਾਸ ਕਰਦੇ। ਪਸ਼ੂਆਂ ਪੰਛੀਆਂ ਦੀ ਰੱਖ ਵਿੱਚ ਜਾ ਕੇ ਦੇਖ-ਰੇਖ ਕਰਦੇ। ਸਫਾਖਾਨੇ ਵੀ ਹਰ ਰੋਜ਼ ਜਾਂਦੇ ਅਤੇ ਰੋਗੀਆਂ ਦੇ ਦੁੱਖ ਦੂਰ ਕਰਨ ਲਈ ਦਵਾ ਵੀ ਦਿੰਦੇ। ਸ਼ਾਮ ਨੂੰ ਵੀ ਦੀਵਾਨ ਲਾਇਆ ਜਾਂਦਾ। ਯੋਧੇ ਨੇਜ਼ਾ-ਬਾਜ਼ੀ, ਘੋੜ ਸਵਾਰੀ ਤੇ ਜੰਗੀ ਕਰਤੱਬ ਦਿਖਾਉਂਦੇ ਅਤੇ ਯੋਧਿਆਂ ਦੀ ਵਾਰਾਂ ਗਾਈਆਂ ਜਾਂਦੀਆਂ। ਸ਼ਾਮ ਦੇ ਵੇਲੇ ਗੁਰੂ ਜੀ ਆਪਣੇ ਵਡੇਰੇ ਗੁਰੂਆਂ ਦੀ ਜ਼ਿੰਦਗੀ ਤੇ ਸਿੱਖਿਆਵਾਂ ਤੇ ਅਧਾਰਿਤ ਕਥਾ ਕਰਦੇ। ਗੁਰੂ ਦਰਬਾਰ ਆਤਮਿਕ ਰੰਗ ਵਿੱਚ ਰੰਗਿਆ ਜਾਂਦਾ ਅਤੇ ਇਸ ਸਮੇਂ 'ਸੋਦਰ' ਦੀ ਚੌਂਕੀ ਲੱਗਦੀ। ਇਹਨਾਂ ਦੀਵਾਨਾਂ ਵਿੱਚ ਧਾਰਮਿਕ ਸੇਧ ਦੇਣ ਦੇ ਨਾਲ ਗੁਰੂ ਜੀ ਸਿੱਖ ਸੰਗਤ ਦੇ ਸ਼ੰਕੇ ਵੀ ਨਿਰਮੂਲ ਕਰਦੇ ਅਤੇ ਉਹਨਾਂ ਨੂੰ ਮੁਕਤੀ ਦੇ ਮਾਰਗ ਤੇ ਚੱਲਣ ਲਈ ਅਗਵਾਈ ਕਰਦੇ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ 'ਸਿੱਖ ਸੰਗਤ ਚਾਰ ਚੁਫੇਰਿਉਂ' ਗੁਰੂ ਜੀ ਤੋਂ ਅਸ਼ੀਰਵਾਦ ਲੈਣ ਆਉਂਦੀ ਅਤੇ ਗੁਰੂ ਜੀ ਉਹਨਾਂ ਦੇ ਦੁੱਖ ਦਰਦਾਂ ਨੂੰ ਦੂਰ ਕਰਨ ਲਈ ਯਤਨ ਕਰਦੇ, ਉਹ ਉਹਨਾਂ ਦੀਆਂ ਆਸਾ-ਮੁਰਾਦਾਂ ਪੂਰੀਆਂ ਕਰਦੇ ਅਤੇ ਨਸੀਹਤ ਦਿੰਦੇ ਕਿ ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਪਾਉਣ ਅਤੇ ਮੁਕਤੀ ਪ੍ਰਾਪਤ ਕਰਨ ਲਈ ਗੁਰਬਾਣੀ ਦਾ ਜਾਪ ਕਰਨਾ ਜ਼ਰੂਰੀ ਹੈ। ਉਹ ਉਹਨਾਂ ਦੇ ਮਨ ਤੋਂ ਭਰਮ-ਭੁਲੇਖੇ, ਅਤੇ ਮਨ ਦੀ ਮੈਲ ਦੂਰ ਕਰਦੇ ਅਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਕਿ ਸ਼ਹਿਨਸ਼ੀਲਤਾ, ਦਾਨ, ਸੱਚਾਈ ਅਤੇ ਚੰਗੇ ਕਰਮ ਹੀ ਸਹਾਈ ਹੁੰਦੇ ਹਨ। ਉਹ ਉਹਨਾਂ ਲੋਕਾਂ ਨੂੰ ਖੁਸ਼ੀ ਬਖਸ਼ਦੇ ਅਤੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਲਈ ਪ੍ਰੇਰਦੇ।

ਸਤਵੀਰ ਸਿੰਘ ਦੇ ਅਨੁਸਾਰ ਗੁਰੂ, ਹਰ ਕ੍ਰਿਸ਼ਨ ਜੀ ਨੇ ਕੀਰਤਪੁਰ ਵਿਖੇ 'ਗੁਰੂ ਕਾ ਲੰਗਰ' ਆਪਣੇ ਵਡੇਰੇ ਗੁਰੂਆਂ ਦੇ ਤਰਾਂ ਹੀ ਚਾਲੂ ਰੱਖਿਆ ਅਤੇ ਵਧੀਆ ਸਹੀ ਢੰਗ ਨਾਲ ਚਲਾਇਆ। ਇਸ ਦਾ ਪ੍ਰਬੰਧ ਗੁਰੂ ਦੇ ਸਿੱਖ ਇੰਨੀ ਸ਼ਰਧਾ ਅਤੇ ਸੇਵਾ-ਭਾਵ ਨਾਲ ਕਰਦੇ ਸਨ ਕਿ ਦੀਵਾਨ ਪਰਸ ਰਾਮ ਵੀ ਬਹੁਤ ਪ੍ਰਭਾਵਿਤ ਹੋਇਆ। ਉਹ ਗੁਰੂ ਜੀ ਦੇ ਦਰਸ਼ਨਾਂ ਹਿਤ ਕੀਰਤਪੁਰ ਆਇਆ ਸੀ। ਗੁਰੂ ਹਰਕ੍ਰਿਸ਼ਨ ਜੀ ਜਦੋਂ ਦਿੱਲੀ ਜਾ ਰਹੇ ਸਨ ਉਦੋਂ ਵੀ ਉਹਨਾਂ ਨੇ ਲੰਗਰ ਦੀ ਰੀਤ ਚਾਲੂ ਰੱਖੀ। ਸਾਰਿਆਂ ਨੂੰ ਭੋਜਨ ਬਿਨਾਂ ਕਿਸੇ ਵਿਤਕਰੇ, ਜਾਤ, ਧਰਮ ਤੋਂ ਅਤੇ ਹਰ ਉਸ ਵਿਅਕਤੀ ਲਈ ਜੋ ਗੁਰੂ ਦੇ ਦਰਸ਼ਨਾਂ ਨੂੰ ਆਉਂਦਾ ਸੀ, ਗੁਰੂ ਕਾ ਲੰਗਰ ਖੁੱਲ੍ਹਾ ਸੀ। ਨਾਲ ਦੀ ਨਾਲ ਉਹ ਹਰ ਮਿਲਣ ਵਾਲੇ ਸ਼ਰਧਾਲੂ ਨੂੰ ਅਸ਼ੀਰਵਾਦ ਵੀ ਦਿੰਦੇ।

ਤਰਲੋਚਨ ਸਿੰਘ ਇਹ ਵੀ ਲਿਖਦੇ ਹਨ ਕਿ ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੇ ਪਿਤਾ ਗੁਰੂ ਵਾਂਗ ਫੌਜ ਵੀ ਰੱਖੀ ਹੋਈ ਸੀ ਅਤੇ ਜਦੋਂ ਗੁਰੂ ਦਿੱਲੀ ਗਏ ਤਾਂ ਇਹ ਫੌਜ ਕੀਰਤਪੁਰ ਹੀ ਰਹੀ ਸੀ। ਗੁਰੂ ਜੀ ਦੇ ਛੋਟੇ ਜਿਹੇ ਕਾਰਜਕਾਲ ਵਿੱਚ ਇਹ ਫੌਜ ਕੀਰਤਪੁਰ ਵਿਖੇ ਹੀ ਸ਼ਾਸਤਰ ਅਭਿਆਸ, ਘੋੜ-ਸਵਾਰੀ ਤੇ ਸ਼ਿਕਾਰ ਆਦਿ ਕੰਮਾਂ ਨਾਲ ਆਪਣੇ ਆਪ ਨੂੰ ਤਰੋ-ਤਾਜ਼ਾ ਰੱਖਦੀ। ਬੀਰ ਰਸੀ ਰਚਨਾਵਾਂ ਤੇ ਵਾਰਾਂ ਗਾ ਕੇ ਸਿੱਖਾਂ ਵਿੱਚ ਜੋਸ਼ ਭਰਿਆ ਜਾਂਦਾ।

ਸਿੱਖ ਰਵਾਇਤਾਂ, ਸਿੱਖ ਸੰਸਥਾਵਾਂ ਜਾਰੀ ਰੱਖਣ ਤੋਂ ਇਲਾਵਾ ਗੁਰੂ ਹਰ ਕ੍ਰਿਸ਼ਨ ਜੀ ਨੇ ਇੱਕ ਬਹੁਤ ਹੀ ਮਹੱਤਵਪੂਰਣ ਅਤੇ ਸਲਾਹੁਤਾ ਯੋਗ ਕੰਮ ਕੀਤਾ। ਅਤੇ ਵਧੀਆ ਪਿਰਤ ਪਾਈ। ਇਸ ਪਿਰਤ ਨੂੰ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਮਲੀ ਜਾਮਾ ਪਹਿਨਾਇਆ। ਪਰ ਇਹ ਗੁਰੂ ਹਰ ਕ੍ਰਿਸ਼ਨ ਜੀ ਨੇ ਸ਼ੁਰੂਆਤ ਕਰ ਦਿੱਤੀ ਸੀ। ਗੁਰੂ ਹਰ ਕ੍ਰਿਸ਼ਨ ਜੀ ਨੇ 'ਆਦਿ ਗਰੰਥ' ਨੂੰ 'ਗੁਰ' ਨਾਲੋਂ ਬਹੁਤ ਉੱਚਾ ਦਰਜਾ ਦਿੱਤਾ। ਮੈਕਾਲਿਫ ਦੇ ਅਨੁਸਾਰ ਗੁਰੂ ਜੀ ਨੇ ਕਿਹਾ, 'ਗੁਰੂ ਦੀ ਮੌਤ ਹੋ ਸਕਦੀ ਹੈ। ਪਰੰਤੂ ਉਹਨਾਂ ਦਾ ਦਿਲ, 'ਗੁਰੂ ਗਰੰਥ ਸਾਹਿਬ' ਹਮੇਸ਼ਾ ਤੁਹਾਡੇ ਕੋਲ ਰਹੇਗਾ। ਜਿਸ ਵਿੱਚ ਆਦੇਸ਼ ਦਿੱਤੇ ਗਏ ਹਨ, ਦੈਵੀ ਗਿਆਨ ਹੈ ਅਤੇ ਗੁਰ ਬਾਣੀ ਹੈ। ਇਹ ਤੁਹਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰੇਗਾ। ਇਸਦਾ ਪਾਠ ਕਰੋ, ਇਸ ਦੀਆਂ ਸਿੱਖਿਆਵਾਂ 'ਤੇ ਅਮਲ ਕਰੋ, ਗੁਰੂ ਨਾਨਕ ਹਮੇਸ਼ਾ ਤੁਹਾਡੇ ਅੰਗ-ਸੰਗ ਸਹਾਈ ਹੋਣਗੇ। ਗੁਰੂ ਨਾਨਕ ਦਾ ਨਾਮ ਜਪ ਕੇ ਮੁਕਤੀ ਮਿਲ ਸਕਦੀ ਹੈ। ਨਾਮ ਵਿੱਚ ਵਿਸ਼ਵਾਸ ਰੱਖੋ ਅਤੇ ਬਾਣੀ ਦਾ ਜਾਪ ਕਰੋ। ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ 'ਆਦਿ ਗ੍ਰੰਥ' ਨੂੰ ਸਰਵਜਨਕ ਸੰਸਥਾ ਐਲਾਨ ਕੀਤਾ ਅਤੇ ਇਸਦਾ ਦਰਜ ਗੁਰੂ ਤੋਂ ਉੱਚਾ ਕਰ ਦਿੱਤਾ। ਉਨਾਂ ਨੇ ਸਿੱਖਾਂ ਨੂੰ ਸਿੱਖ ਧਰਮ ਦਾ ਮੁੱਢਲਾ ਸਿਧਾਂਤ-

'ਪੋਥੀ ਪ੍ਰਮੇਸ਼ਰ ਕਾ ਥਾਨ।।'
(ਆਦਿ ਗਰੰਥ, ਸਾਰੰਗ ਮਹੌਲਾ 5 ਸਫਾ, 1226)

ਵੀ ਯਾਦ ਕਰਵਾ ਦਿੱਤਾ। ਸੱਚੇ ਪ੍ਰਭੂ ਦਾ ਸਵਰੂਪ ਜਿਵੇਂ ਭਗਤਾਂ ਅਤੇ ਗੁਰੂਆਂ ਨੇ ਆਦਿ ਗ੍ਰੰਥ ਵਿੱਚ ਦਿੱਤਾ ਹੋਇਆ ਹੈ, ਗੁਰੂ ਹਰ ਕ੍ਰਿਸ਼ਨ ਜੀ ਨੇ ਸੰਗਤਾਂ ਨੂੰ 'ਸ਼ਬਦ ਗੁਰ' ਯਾਦ ਕਰਵਾਇਆ। ਗੁਰੂ ਤਾਂ ਸਾਨੂੰ ਸ਼ਬਦ ਦੇ ਲੜ ਲਾਉਣ ਤੇ ਸ਼ਬਦ ਦੀ ਜ਼ਿੰਮੇਵਾਰੀ ਸੌਂਪਣ ਤੇ ਚੁੱਕਣ ਲਈ ਤਿਆਰ ਕਰਨ ਹਿਤ ਪ੍ਰਗਟੇ ਸਨ। ਸਤਬੀਰ ਸਿੰਘ ਲਿਖਦੇ ਹਨ ਕਿ ਗੁਰੂ ਮਨੁੱਖਤਾ ਲਈ ਨਵੀਆਂ ਲੀਹਾਂ ਪਾਉਂਦਾ ਹੈ। ਪੰਧ ਸਵਾਰਦਾ ਹੈ। ਮਨੁੱਖਤਾ ਦੀ ਭਲਾਈ ਲਈ ਨਵੇਂ ਨਿਸ਼ਾਨੇ ਮਿਥਦਾ ਹੈ ਗੁਰੂ ਗਰੰਥ ਸਾਹਿਬ ਵਿੱਚ ਵੀ ਲਿਖਿਆ ਹੈ ਕਿ ਗੁਰੂ ਪਾਵਨ ਵਹਿੰਦਾ ਐਸਾ ਜ਼ਿੰਦਗੀ ਦਾਤਾ ਦਰਿਆ ਦਾ ਜਲ ਹੈ। ਜਿਸ ਵਿੱਚ ਤਮਾਮ ਸ਼ਕਤੀਆਂ ਹਨ ਕਿ ਮਿਲ ਕੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ। ਪੂਰਣਤਾ ਪ੍ਰਾਪਤ ਹੁੰਦੀ ਹੈ। ਪੱਕੀ ਓਟ ਬਣ ਰਹਿੰਦੀ ਹੈ ਅਤੇ ਨੀਵੀਆਂ ਮੈਲੀਆਂ ਰੁਚੀਆਂ ਖਤਮ ਹੋ ਜਾਂਦੀਆਂ ਹਨ।

ਰੂਹਾਨੀ ਜ਼ਿੰਦਗੀ ਮਿਲਦੀ ਹੈ-

‘ਗੁਰੂ ਦਰਿਆਉ ਸਦਾ ਜਲ ਨਿਰਮਲੁ
ਮਿਲਿਆ ਦੁਰਮਤਿ ਮੈਲੁ ਹਰੈ।।
ਸਤਿਗੁਰ ਪਾਇਆ ਪੂਰਾ ਨਾਵਣੁ
ਪਸ਼ੂ ਪਰੇਤਹੁ ਦੇਵੁ ਕਰੈ।।'
(ਪ੍ਰਭਾਤੀ ਮਹਲਾ ਪਹਿਲਾ ਪੰਨਾ 1329)

ਇਸ ਤਰਾਂ ਗੁਰੂ ਹਰ ਕ੍ਰਿਸ਼ਨ ਜੀ ਨੇ ਆਦਿ ਗ੍ਰੰਥ ਦੀ ਸੰਸਥਾ ਦਾ, ਆਦਮੀ ਸਰੂਪ ਗੁਰੂ ਨਾਲ ਰਿਸ਼ਤਾ ਜੋੜਿਆ ਤੇ ਪਹਿਚਾਣਿਆ ਹੈ। ਜਿਸ ਵਿੱਚ ਅਧਿਆਤਮਕ ਭਾਵਨਾ ਨੂੰ ਮਹੱਤਤਾ ਦਿੰਦੇ ਹੋਏ ਦੱਸਿਆ ਹੈ ਕਿ ਸ਼ਬਦ ਜਾਂ ਬਾਣੀ ਹੀ ਸਿੱਖ ਧਰਮ ਵਿੱਚ ਗੁਰੂ ਹਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 'ਗੁਰੂ ਗਰੰਥ ਸਾਹਿਬ' ਨੂੰ ਗੁਰੂਆਈ ਦੇ ਦਿੱਤੀ ਅਤੇ ਦੇਹ ਜਾਂ ਆਦਮੀ ਦੇ ਤੌਰ 'ਤੇ ਗੁਰੂਤਾ ਖ਼ਤਮ ਕਰ ਦਿੱਤੀ। ਇਹ ਸਿੱਖ ਧਰਮ ਵਿੱਚ ਇਸਨੂੰ ਅਧਿਆਤਮਕਤਾ ਦੀ ਸਿਖਰ ਸਮਝਿਆ ਜਾਂਦਾ ਹੈ। ਆਦਿ ਗ੍ਰੰਥ ਦੇ ਇਸ ਸੁਭਾਅ ਅਤੇ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਕੁੱਝ ਵਿਦਵਾਨਾਂ ਨੇ ਵਰਨਣ ਕੀਤਾ ਹੈ ਕਿ ਗੁਰੂ ਹਰ ਕ੍ਰਿਸ਼ਨ ਜੀ ਨੇ ਨਿਪੁੰਨ ਲਿਖਾਰੀਆਂ ਦੀ ਮੀਟਿੰਗ ਕਰਕੇ ਉਹਨਾਂ ਨੂੰ ਆਦਿ ਗ੍ਰੰਥ ਦੀਆਂ ਬੀੜਾਂ ਅਤੇ ਗੁਟਕੇ (ਪ੍ਰਾਰਥਨਾ ਪਤਰਿਕਾਵਾਂ) ਤਿਆਰ ਕਰਨ ਲਈ ਕਿਹਾ। ਉਹਨਾਂ ਨੇ ਇਹ ਗੁਟਕੇ ਸਿੱਖਾਂ ਨੂੰ ਦੇਣ ਲਈ ਕਿਹਾ ਤਾਂ ਜੋ ਉਹ ਪਾਠ ਕਰ ਸਕਣ ਅਤੇ ਪ੍ਰਾਰਥਨਾ ਕਰ ਸਕਣ। ਇਤਿਹਾਸਕਾਰ ਤਰਲੋਚਨ ਸਿੰਘ ਅਨੁਸਾਰ ਅਜਿਹੀ ਇੱਕ ਆਦਿ ਗ੍ਰੰਥ ਦੀ ਬੀੜ ਪਟਨਾ ਸਾਹਿਬ ਦੇ ਤੋਸਾ ਖਾਨਾ ਪੁਰਾਤਤਵ ਵਿਭਾਗ ਵਿੱਚ ਪਈ ਹੈ। ਇਹ ਕਿਹਾ ਜਾਂਦਾ ਹੈ ਕਿ ਇਹ ਬੀੜ ਗੁਰੂ ਹਰ ਕ੍ਰਿਸ਼ਨ ਜੀ ਨੇ ਆਪ ਪਟਨੇ ਦੀ ਸੰਗਤ ਨੂੰ ਭੇਟ ਕੀਤੀ ਸੀ।

ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੀਆਂ ਧਾਰਮਿਕ ਅਤੇ ਅਧਿਆਤਮਕ ਆਗੂ ਦੀਆਂ ਜਿੰਮੇਵਾਰੀਆਂ ਬਹੁਤ ਹੀ ਪ੍ਰਭਾਵਸ਼ਾਲੀ ਤੇ ਸੁੱਚਜੇ ਢੰਗ ਨਾਲ ਨਿਭਾਈਆਂ। ਪਰ ਉਧਰ ਉਹਨਾਂ ਦਾ ਵੱਡਾ ਭਰਾ ਛੋਟੇ ਭਰਾ ਨਾਲ ਈਰਖਾ ਪਾਲ ਰਿਹਾ ਸੀ। ਹਰ ਕ੍ਰਿਸ਼ਨ ਨੂੰ ਗੁਰਗੱਦੀ ਮਿਲਣ ਤੇ ਉਹ ਅੱਗ ਬਬੂਲਾ ਹੋ ਗਿਆ ਸੀ। ਇਸ ਨਫਰਤ ਤੇ ਸਾੜੇ ਦੇ ਕਾਰਣ ਉਸਨੇ ਮਨ ਵਿੱਚ ਧਾਰ ਲਈ ਸੀ ਕਿ ਗੁਰਗੱਦੀ ਲੈ ਕੇ ਰਹੇਗਾ ਕਿਉਂਕਿ ਵੱਡਾ ਹੋਣ ਦੇ ਨਾਤੇ ਉਹ ਹੀ ਅਸਲੀ ਉਤਰਾਧਿਕਾਰੀ ਸੀ। ਹਿੰਦੂ ਕਾਨੂੰਨ ਵਿੱਚ ਵੀ ਉਤਰਾਧਿਕਰੀ ਵੱਡੇ ਪੁੱਤਰ ਨੂੰ ਹੀ ਮੰਨਿਆ ਜਾਂਦਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਪਹਿਲਾਂ ਤਾਂ ਉਸ ਨੇ ਮਸੰਦਾਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ। ਮੈਕਾਲਿਫ਼ ਦੇ ਅਨੁਸਾਰ ਮਸੰਦਾਂ ਦਾ ਆਗੂ ਗੁਰਦਾਸ ਰਾਮ ਰਾਇ ਨਾਲ ਰਲ ਗਿਆ। ਹੋਰ ਮਸੰਦ ਖਾਸ ਕਰਕੇ, ਉਹ ਜੋ ਭ੍ਰਿਸ਼ਟ ਸਨ ਅਤੇ ਗੁਰੂ ਜੀ ਦੇ ਪਰਿਵਾਰ ਵਿੱਚ ਪਈ ਫੁੱਟ ਤੋਂ ਫਾਇਦਾ ਉਠਾਉਣਾ ਚਾਹੁੰਦੇ ਸਨ, ਉਹਨਾਂ ਨੇ ਰਾਮ ਰਾਇ ਦਾ ਸਾਥ ਦੇਣ ਦੀ ਹਾਮੀ ਭਰੀ। ਉਹਨਾਂ ਨੇ ਐਲਾਨ ਕਰ ਦਿੱਤਾ ਕਿ ਰਾਮ ਰਾਇ ਹੀ ਗੁਰੂ ਹਰ ਰਾਇ ਦਾ ਕਾਨੂੰਨੀ ਉਤਰਧਿਕਾਰੀ ਹੈ। ਰਾਮ ਰਾਇ ਨੇ ਕੁੱਝ ਮਸੰਦਾਂ ਨੂੰ ਸਿੱਖਾਂ ਵੱਲ ਦੂਰ-ਦੂਰ ਤੱਕ ਭੇਜਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਰਾਮ ਰਾਇ ਹੀ ਗੁਰੂ ਜੀ ਦਾ ਵਾਰਸ ਹੈ। ਉਸਨੇ ਮਸੰਦਾਂ ਨੂੰ ਸੰਗਤਾਂ ਤੋਂ ਦਸਵੰਧ ਵੀ ਇਕੱਠਾ ਕਰਕੇ ਲਿਆਉਣ ਲਈ ਕਿਹਾ। ਮੈਕਾਲਿਫ ਦੇ ਅਨੁਸਾਰ ਮਸੰਦਾਂ ਨੇ ਰਾਮ ਰਾਇ ਦੀ ਆਗਿਆ ਦਾ ਪਾਲਣ ਕੀਤਾ ਅਤੇ ਉਹ ਧਰਮ ਪ੍ਰਚਾਰ ਕਰਨ ਦੀ ਥਾਂ ਮਾਇਆ ਇਕੱਠੀ ਕਰਨ ਲੱਗ ਪਏ ਅਤੇ ਐਸ਼-ਆਰਾਮ ਦੀ ਜ਼ਿੰਦਗੀ ਬਸਰ ਕਰਨ ਲੱਗੇ। ਉਹ ਗਰੀਬ ਅਤੇ ਨਿਤਾਣੇ ਸਿੱਖਾਂ ਦੀ ਕੁੱਟਮਾਰ ਕਰਦੇ ਅਤੇ ਲੁੱਟ-ਪਾਟ ਕਰਦੇ ਸਨ। ਜੇਕਰ ਕੋਈ ਉਹਨਾਂ ਦੇ ਖਿਲਾਫ ਅਵਾਜ਼ ਉਠਾਉਂਦਾ ਤਾਂ ਉਹ ਉਹਨਾਂ ਨੂੰ ਗੁਰੂ ਦਾ ਸਰਾਪ ਦਾ ਡਰਾਵਾ ਦਿੰਦੇ। ਉਹ ਹੰਕਾਰ ਗਏ ਸਨ ਅਤੇ ਬਾਗੀ ਹੋ ਗਏ ਸਨ। ਉਹ ਸੰਗਤਾਂ ਦੀ ਮਾਇਆ ਵਿੱਚੋਂ ਬਹੁਤਾ ਧਨ ਆਪਦੇ ਲਈ ਰੱਖ ਲੈਂਦੇ ਸਨ। ਇਹ ਰਾਮ ਰਾਏ ਨੂੰ ਬਿਲਕੁਲ ਨਹੀਂ ਗੌਲਦੇ ਸਨ ਅਤੇ ਇਸ ਤਰਾਂ ਵਿਵਹਾਰ ਕਰਦੇ ਸਨ ਕਿ ਸਾਰੇ ਸਿੱਖ ਉਹਨਾਂ ਦੇ ਅਧੀਨ ਹਨ। ਉਹਨਾਂ ਨੂੰ ਇਹ ਵੀ ਹੰਕਾਰ ਹੋ ਗਿਆ ਸੀ ਕਿ ਉਹ ਜਿਸਨੂੰ ਉਹਨਾਂ ਦਾ ਜੀਅ ਕਰੇ, ਉਸ ਨੂੰ ਗੁਰੂ ਥਾਪ ਸਕਦੇ ਹਨ। ਰਾਮ ਰਾਇ ਬਿਲਕੁਲ ਨਿਹੱਥਾ ਹੋ ਗਿਆ ਸੀ ਅਤੇ ਮਸੰਦ ਉਸ ਉੱਪਰ ਹਾਵੀ ਹੋ ਗਏ ਸਨ। ਮਸੰਦ ਜੋ ਮਰਜੀ ਕਰਨ ਰਾਮਿ ਰਾਇ ਉਹਨਾਂ 'ਤੇ ਹੀ ਨਿਰਭਰ ਸੀ। ਉਹ ਹੁਣ ਉਹਨਾਂ ਦੀ ਦਿੱਤੀਆਂ ਨਸੀਹਤਾਂ 'ਤੇ ਹੀ ਅਮਲ ਕਰਦਾ ਸੀ। ਸਿੱਖਾਂ ਲਈ ਇਹੋ ਜਿਹੇ ਹਾਲਾਤ ਅਸਹਿਣਯੋਗ ਸਨ। ਇਸ ਨਾਲ ਸਿੱਖ ਧਰਮ ਤੇ ਸੰਗਠਨ ਲਈ ਖ਼ਤਰਾ ਖੜਾ ਹੋ ਗਿਆ ਸੀ। ਮਸੰਦ ਦੀਆਂ ਇਹਨਾਂ ਕੁਚਾਲਾਂ ਦੀਆਂ ਕਨਸੋਆਂ ਗੁਰੂ ਹਰ ਕ੍ਰਿਸ਼ਨ ਜੀ ਪਾਸ ਵੀ ਪੁੱਜਣ ਲੱਗੀਆਂ। ਇਹ ਵੀ ਪਤਾ ਲੱਗਾ ਕਿ ਭੇਟਾ ਮਸੰਦ ਉਗਰਾਹ ਕੇ ਨਿਜ ਲਈ ਵਰਤ ਰਹੇ ਹਨ ਜਾਂ ਰਾਮ ਰਾਇ ਨੂੰ ਦੇ ਆਉਂਦੇ ਹਨ। ਮਸੰਦ ਹੁਣ ਪੈਸੇ ਇਕੱਠੇ ਕਰਕੇ ਕਈ ਬੁਰੇ ਕੰਮਾਂ 'ਤੇ ਵੀ ਖਰਚ ਕਰ ਰਹੇ ਸਨ। ਇਹ ਗੱਲਾਂ ਸਿੱਖ ਧਰਮ ਨੂੰ ਢਾਹ ਲਾ ਰਹੀਆਂ ਸਨ। ਮਸੰਦਾਂ ਦੀਆਂ ਜ਼ਿਆਦਤੀਆਂ ਤੇ ਲੁੱਟ-ਖਸੁੱਟ ਦੀਆਂ ਭਰਾਂ ਨੇ ਗੁਰੂ ਕ੍ਰਿਸ਼ਨ ਜੀ ਨੂੰ ਦੁਖੀ ਕਰ ਦਿੱਤਾ। ਉਹਨਾਂ ਨੇ ਸਿੱਖ ਸੰਗਤ ਨੂੰ ਲਿਖ ਕੇ ਹੁਕਮਨਾਮਾ ਭੇਜੇ ਭੇਜੇ ਜਿਸ ਵਿੱਚ ਉਹਨਾਂ ਨੇ ਸਿੱਖ ਸੰਗਤਾਂ ਨੂੰ ਕਿਹਾ ਕਿ ਉਹ ਅਜਿਹੇ ਮਸੰਦਾਂ ਨੂੰ ਮੂੰਹ ਨਾ ਲਾਉਣ, ਕਿਸੇ ਵੀ ਹਾਲਤ ਵਿੱਚ ਉਹਨਾਂ ਨੂੰ ਸਹਿਯੋਗ ਨਾ ਕਰਨ ਅਤੇ ਦਸਵੰਧ ਵੀ ਉਹਨਾਂ ਨੂੰ ਨਾ ਦੇਣ। ਪਾਕਪਟਨ ਦੀ ਸੰਗਤ ਦੇ ਨਾਮ ਲਿਖੇ ਹੁਕਮਨਾਮੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਪਹਿਲਾਂ ਵੀ ਹੁਕਮਨਾਮੇ ਭੇਜੇ ਸਨ ਕਿ ਹੁਣ ਕਾਰ ਭੇਟਾ ਮਸੰਦਾਂ ਹੱਥ ਨਹੀਂ ਭੇਜਣੀ। ਇਹੋ ਜਿਹੇ ਮਸੰਦੀਏ ਦੀ ਸੰਗਤ ਨਹੀਂ ਕਰਨੀ। ਧਰਮਸਾਲ ਹੀ ਜਾ ਕੇ ਸ਼ਬਦ ਸੁਣਨਾ, ਆਰਤੀ ਸੋਹਿਲਾ ਕਰਨਾ। ਰਾਮ ਰਾਇ ਦੇ ਜਾਲ ਵਿੱਚ ਨਹੀਂ ਫਸਣਾ। ਸਤਵੀਰ ਸਿੰਘ 'ਅਸ਼ਟਮ ਬਲਬੀਰਾ' ਵਿੱਚ ਲਿਖਦੇ ਹਨ ਕਿ ਜਿਸ ਭਾਈ ਬੈਠੇ ਹੱਥ ਇਸ ਹੁਕਮਨਾਮੇ ਅਨੁਸਾਰ ਭੇਟਾ ਭੇਜਣ ਲਈ ਗੁਰੂ ਸਾਹਿਬ ਨੇ ਲਿਖਿਆ ਹੈ, ਉਹ ਗੁਰੂ ਤੇ ਸਿੱਖ ਦੇ ਰਿਸ਼ਤੇ ਨੂੰ ਉਜਾਗਰ ਕਰਨ ਵਾਲੇ ਸਿਦਕੀ ਸਿੱਖ ਹਨ। ਉਸ ਸਿੱਖ ਨੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵੀ ਸੇਵਾ ਕੀਤੀ ਅਤੇ ਨਾਮ ਕਮਾਇਆ।

ਸਿੱਖ ਵਿਦਵਾਨਾਂ ਤਰਲੋਚਨ ਸਿੰਘ ਅਤੇ 'ਤਵਾਰੀਖ ਗੁਰੂ ਖਾਲਸਾ' ਦੇ ਲੇਖਕ ਵਰਨਣ ਕਰਦੇ ਹਨ ਕਿ ਗੁਰੂ ਹਰ ਕ੍ਰਿਸ਼ਨ ਜੀ ਨੇ ਕੁਝ ਸਾਧੂ ਬ੍ਰਿਤੀ ਦੇ ਅਤੇ ਗੁਰੂ ਘਰ ਦੇ ਸ਼ਰਧਾਲੂ ਸੇਵਕਾਂ ਨੂੰ ਇਹਨਾਂ ਮਸੰਦਾਂ ਦੀ ਥਾਂ 'ਤੇ ਬਦਲ ਕੇ ਸੰਗਤਾਂ ਕੋਲ ਭੇਜਿਆ। ਇਸ ਤਰਾਂ ਗੁਰੂ ਜੀ ਨੇ ਸਿੱਖਾਂ ਵਿੱਚ ਵਿਸ਼ਵਾਸ ਤੇ ਸਿਖ ਧਰਮ ਦਾ ਆਦਰ ਬਣਾਈ ਰੱਖਣ ਦੀ ਲੀਹ ਤੋਰੀ। ਮਸੰਦਾਂ ਦੇ ਚੁੰਗਲ ਵਿੱਚੋਂ ਸੰਗਤਾਂ ਨੂੰ ਕੱਢਣ ਦਾ ਕੰਮ ਅਤੇ ਸਫ਼ਲ ਯਤਨ ਗੁਰੂ ਹਰ ਕ੍ਰਿਸ਼ਨ ਜੀ ਨੇ ਕੀਤਾ। ਸਿੱਖ ਧਰਮ ਨਾਲ ਧਰੋਹ ਕਮਾਉਣ ਵਾਲੇ ਤੇ ਦੋਖੀ ਹੁਣ ਸਮਝ ਗਏ ਕਿ ਉਹਨਾਂ ਦੀ ਦਾਲ ਨਹੀਂ ਗਲਣੀ। ਸਿੱਖਾਂ ਨੇ ਮਸੰਦਾਂ ਨੂੰ ਭੇਟ ਦੇਣੀ ਬੰਦ ਕਰ ਦਿੱਤੀ। ਉਹ ਗੁਰੂ ਘਰ ਦੀ ਰੀਤ ਨਿਮਰਤਾ, ਸੱਚਾਈ ਅਤੇ ਆਗਿਆ ਪਾਲਣ ਨੂੰ ਭਲੀ ਭਾਂਤ ਜਾਣਦੇ ਸਨ। ਰਾਮ ਰਾਇ ਅਤੇ ਮਸੰਦਾਂ ਦੇ ਕੋਝੇ ਯਤਨ ਅਸਫਲ ਹੋ ਗਏ ਅਤੇ ਸਿੱਖ ਸੰਗਤ ਨੇ ਕਦੇ ਵੀ ਰਾਮ ਰਾਇ ਨੂੰ ਗੁਰੂ ਨਾ ਸਮਝਿਆ।

ਆਪਣੇ ਉਦੇਸ਼ ਦੀ ਪੂਰਤੀ ਵਿੱਚ ਅਸਫ਼ਲ ਰਹਿਣ ਪਿੱਛੋਂ ਵੀ ਰਾਮ ਰਾਇ ਚਾਲਾਂ ਚੱਲਦਾ ਰਿਹਾ। ਮਸੰਦਾਂ ਵਾਲਾ ਕਾਰਨਾਮਾ ਰਾਸ ਨਾ ਆਇਆ ਤਾਂ ਉਸਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਕੋਲ ਨਿਆਂ ਲਈ ਪਹੁੰਚ ਕੀਤੀ। ਔਰਗੰਜੇਬ ਰਾਮ ਰਾਇ ਉੱਪਰ ਦਿਆਲਤਾ ਦੀ ਨਜ਼ਰ ਰੱਖਦਾ ਸੀ। ਮਹਿਮਾ ਪ੍ਰਕਾਸ਼ ਦੀ ਗਵਾਹੀ ਭਰਦੀ ਹੈ ਕਿ ਔਰੰਗਜੇਬ ਬਾਦਸ਼ਾਹ ਨੇ ਰਾਮ ਰਾਇ ਦੀ ਗੱਦੀ ਤੋਂ ਬੇਦਖਲ ਕਰਨ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਤੇ ਬੇਚੈਨ ਹੋ ਗਿਆ। ਉਹ ਹੈਰਾਨ ਹੋ ਗਿਆ ਕਿ ਗੁਰੂ ਹਰ ਰਾਏ ਨੇ ਆਪਣੇ ਕਾਨੂੰਨੀ ਵਾਰਸ ਅਤੇ ਆਰਿਫ਼ ਜਾਂ ਦਾਰਸ਼ਨਿਕ ਸੰਤ ਪੁੱਤਰ ਨੂੰ ਗੱਦੀ ਤੋਂ ਵਿਰਵਾ ਕਿਉਂ ਰੱਖਿਆ। ਕਾਮਿਲ-ਕਰਾਮਾਤ-ਔਲੀਆਂ ਮਤਲਬ ਕਰਾਮਾਤਾਂ ਵਿੱਚ ਨਿਪੁੰਨ ਸੰਤ ਨੂੰ ਸਿੱਖਾਂ ਦੀ ਅਗਵਾਈ ਕਰਨ ਤੋਂ ਕਿਉਂ ਰੋਕਿਆ। ਰਾਮ ਰਾਇ ਅਤੇ ਉਸਦੇ ਚੇਲਿਆਂ ਨੇ ਬਾਦਸ਼ਾਹ ਨੂੰ ਇਹ ਵੀ ਅਰਜ਼ ਕੀਤੀ ਕਿ ਉਹ ਹਰ ਕ੍ਰਿਸ਼ਨ ਨੂੰ ਆਪਣੇ ਦਰਬਾਰ ਵਿੱਚ ਬੁਲਾਉਣ। ਗੁਰੂ ਖਾਲਸਾ ਅਨੁਸਾਰ ਰਾਮ ਰਾਇ ਨੇ ਬਾਦਸ਼ਾਹ ਨੂੰ ਕਿਹਾ ਕਿ ਉਹ ਗੁਰੂ ਹਰ ਕ੍ਰਿਸ਼ਨ ਨੂੰ ਬੁਲਾ ਕੇ ਹੁਕਮ ਦੇਵੇ ਕਿ ਗੁਰੂ ਵੀ ਰਾਮ ਰਾਇ ਦੀ ਤਰਾਂ ਕਰਾਮਾਤਾਂ ਦਿਖਾਵੇ।

ਬਾਦਸ਼ਾਹ ਤਾਂ ਇਸ ਮੌਕੇ ਦੀ ਤਾਕ ਵਿੱਚ ਸੀ ਕਿ ਕਦੋਂ ਉਸਨੂੰ ਸਿੱਖ ਧਰਮ ਦੇ ਮਸਲਿਆਂ ਵਿੱਚ ਦਖਲ ਅੰਦਾਜ਼ੀ ਕਰਨ ਦਾ ਅਵਸਰ ਮਿਲੇ। ਉਸਨੂੰ ਬੜੀ ਖੁਸ਼ੀ ਹੋਈ ਕਿ ਉਹ ਹੁਣ ਪੰਜਾਬ ਦੇ ਹਿੰਦੂਆਂ ਨੂੰ ਇਸਲਾਮ ਧਰਮ ਵਿੱਚ ਲਿਆਉਣ ਦਾ ਆਪਣਾ ਉਦੇਸ਼ ਹਾਸਲ ਕਰ ਲਵੇਗਾ। ਉਹ ਸੋਚਦਾ ਸੀ ਕਿ ਜੇਕਰ ਉਹ ਰਾਮ ਰਾਇ ਨੂੰ ਗੁਰਗੱਦੀ ਦਿਵਾ ਦਿੰਦਾ ਹੈ ਤਾਂ ਰਾਮ ਰਾਇ ਉਸਦੇ ਹੱਥਾਂ ਵਿੱਚ ਖਿਲੌਣਾ ਮਾਤਰ ਹੋਵੇਗਾ ਅਤੇ ਉਸ ਰਾਹੀਂ ਪੰਜਾਬ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਤੇ ਪਸਾਰ ਕਰ ਸਕੇਗਾ। ਉਹ ਇਹ ਵੀ ਸੋਚਦਾ ਸੀ ਕਿ ਜੇਕਰ ਦੋਨੋਂ ਭਰਾ ਇੱਕ ਦੂਜੇ ਨੂੰ ਲੜ ਝਗੜ ਕੇ ਖਤਮ ਕਰਦੇ ਹਨ ਤਾਂ ਇਸਲਾਮ ਤੇਜ਼ੀ ਨਾਲ ਪੰਜਾਬ ਵਿੱਚ ਫੈਲ ਜਾਵੇਗਾ ਅਤੇ ਇਸ ਤਰਾਂ ਉਸਦਾ ਇਸਲਾਮ ਫੈਲਾਉਣ ਦਾ ਸੁਪਨਾ ਸਾਕਾਰ ਹੋ ਜਾਵੇਗਾ। ਖੁਸ਼ਵੰਤ ਸਿੰਘ 'ਏ ਹਿਸਟਰੀ ਔਫ ਦੀ ਸਿੱਖਸ' ਵਿੱਚ ਲਿਖਦੇ ਹਨ ਕਿ ਬਾਦਸ਼ਾਹ ਸਿੱਖ ਧਰਮ ਦੇ ਮਾਮਲਿਆਂ ਵਿੱਚ ਫੈਸਲਾਕੁੰਨ ਯੋਗਦਾਨ ਪਾਉਣਾ ਚਾਹੁੰਦਾ ਸੀ।

ਇਸ ਤਰਾਂ ਦੇ ਬੁਰੇ ਤੇ ਜ਼ਾਲਮਾਨਾ ਮਨਸੂਬੇ ਬਣਾ ਕੇ ਔਰੰਗਜੇਬ ਬਾਦਸ਼ਾਹ ਨੇ ਅੰਬਰ (ਜੈਪੁਰ) ਦੇ ਰਾਜਾ ਜੈ ਸਿੰਘ ਨੂੰ ਬੁਲਾਇਆ। ਜਦੋਂ ਉਹ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਔਰੰਗਜ਼ੇਬ ਨੇ ਉਸਨੂੰ ਹੁਕਮ ਦਿੱਤਾ ਕਿ ਉਹ ਗੁਰੂ ਹਰ ਕ੍ਰਿਸ਼ਨ ਨੂੰ ਦਿੱਲੀ ਬੁਲਾਵੇ। ਬਾਦਸ਼ਾਹ ਗੁਰੂ ਹਰ ਰਾਇ ਦੇ ਉਤਰਾਧਿਕਾਰੀ ਨੂੰ ਦਿੱਲੀ ਵਿਖੇ ਮਿਲਣਾ ਚਾਹੁੰਦਾ ਹੈ। ਉਸਨੇ ਰਾਜਾ ਨੂੰ ਚੇਤਾਵਨੀ ਦਿੱਤੀ ਕਿ ਉਹ ਧਿਆਨਪੂਰਬਕ

ਤੇ ਇੱਜ਼ਤ ਨਾਲ ਗੁਰੂ ਜੀ ਦੀ ਦਿੱਲੀ ਯਾਤਰਾ ਦਾ ਪ੍ਰਬੰਧ ਕਰੇ।

ਸੋਢੀ ਗੁਰੂਆਂ ਵਾਂਗ ਜੈਪੁਰ ਦੇ ਰਾਜੇ ਵੀ ਇਤਿਹਾਸਕ ਸੂਰਜਵੰਸ਼ੀ ਖਾਨਦਾਨ ਨਾਲ ਸਬੰਧ ਰੱਖਦੇ ਸਨ। ਉਹਨਾਂ ਦੇ ਸਿੱਖ ਗੁਰੂਆਂ ਨਾਲ ਵਧੀਆ ਸਬੰਧ ਸਨ। ਰਾਜਾ ਜੈ ਸਿੰਘ ਨੇ ਪਹਿਲਾਂ ਹੀ ਗੁਰੂ ਜੀ ਦੀ ਵਡਿਆਈ ਸੁਣੀ ਹੋਈ ਸੀ। ਉਹ ਖੁਸ਼ ਸੀ ਕਿ ਉਸਨੂੰ ਗੁਰੂ ਜੀ ਦਾ ਦਰਸ਼ਨ ਹੋਵੇਗਾ ਅਤੇ ਆਸ਼ੀਰਵਾਦ ਵੀ ਮਿਲੇਗਾ। ਉਸਨੂੰ ਇਸ ਗੱਲ 'ਤੇ ਵੀ ਤਸੱਲੀ ਹੋਈ ਸੀ ਕਿ ਔਰੰਗਜੇਬ ਵਰਗਾ ਕੱਟੜ ਬਾਦਸ਼ਾਹ ਗੁਰੂ ਜੀ ਨੂੰ ਸਨਮਾਨਪੂਰਬਕ ਢੰਗ ਨਾਲ ਬੁਲਾਵਾ ਭੇਜ ਰਿਹਾ ਹੈ। ਉਸ ਨੇ ਸੋਚਿਆ ਇਹ ਸਭ ਗੁਰੂ ਗੁਰੂ ਦੀ ਅਧਿਆਤਮਕ ਸ਼ਕਤੀ ਕਰਕੇ ਹੀ ਸੰਭਵ ਹੋਇਆ ਹੈ। ਜਦੋਂ ਇਸ ਗੱਲ ਦਾ ਦਿੱਲੀ ਦੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਵੀ ਸੰਤੁਸ਼ਟੀ ਹੋਈ ਕਿ ਹੁਣ ਉਹ ਅਸਲੀ ਦੇ ਦਰਸ਼ਨ ਦੀਦਾਰੇ ਕਰ ਸਕਣਗੇ। ਦਿੱਲੀ ਦੇ ਸਿੱਖ ਰਾਮ ਰਾਏ ਦੀਆਂ ਬਾਦਸ਼ਾਹ ਨਾਲ ਹੋਈਆਂ ਮੁਲਾਕਾਤਾਂ ਤੋਂ ਨਰਾਜ਼ ਸਨ ਕਿ ਕਿਵੇਂ ਰਾਮ ਰਾਇ ਝੂਠ ਫਰੇਬ ਦੀਆਂ ਕਾਰਵਾਈਆਂ ਕਰ ਰਿਹਾ ਹੈ। ਉਨਾਂ ਨੇ 'ਮਿਰਜ਼ਾ ਰਾਜਾ ਜੈ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਦਿੱਲੀ ਦੀਆਂ ਸੰਗਤਾਂ ਦੀ ਫਰਿਆਦ ਗੁਰੂ ਜੀ ਕੋਲ ਲਾਉਣ ਕਿ ਬਾਦਸ਼ਾਹ ਹੀ ਨਹੀਂ ਸਗੋਂ ਦਿੱਲੀ ਦੀਆਂ ਸੰਗਤਾਂ ਵੀ ਗੁਰੂ ਜੀ ਨੂੰ ਦੇਖਣ ਲਈ ਕਾਹਲੀਆਂ ਹਨ। ਤਵਾਰੀਖ ਗੁਰੂ ਖਾਲਸਾ ਅਨੁਸਾਰ ਰਾਜਾ ਜੈ ਸਿੰਘ ਨੇ ਆਪਣੇ ਖਾਸ ਦੂਤ ਪਰਸ ਰਾਮ ਨੂੰ ਕੀਰਤਪੁਰ ਭੇਜਿਆ। ਉਸ ਨੂੰ ਕਿਹਾ ਗਿਆ ਕਿ ਉਹ ਗੁਰੂ ਜੀ ਨੂੰ ਕਹੇ ਕਿ ਉਹ ਉਹਨਾਂ ਨੂੰ ਬੁਲਾਵਾ ਭੇਜਣ ਨਹੀਂ ਸਗੋਂ ਸੱਦਾ ਪੱਤਰ ਲੈ ਕੇ ਆਏ ਹਨ ਅਤੇ ਗੁਰੂ ਜੀ ਨੂੰ ਖੁਸ਼ੀ ਅਤੇ ਰੀਤ ਅਨੁਸਾਰ ਸੁਰੱਖਿਆ ਨਾਲ ਸ਼ਾਹੀ ਰਾਜਧਾਨੀ ਲੈ ਕੇ ਜਾਣਗੇ।

ਇਸ ਗੱਲ ਦਾ ਪਤਾ ਲੱਗਣ 'ਤੇ ਰਾਮ ਰਾਇ ਨੂੰ ਬਹੁਤ ਅਨੰਦ ਆਇਆ। ਉਸਨੇ ਮਹਿਸੂਸ ਕੀਤੀ ਕਿ ਜੇਕਰ ਉਸਦੇ ਛੋਟੇ ਭਰਾ ਨੇ ਬਾਦਸ਼ਾਹ ਦੀ ਹੁਕਮ ਅਦੂਲੀ ਕੀਤੀ ਤੇ ਦਿੱਲੀ ਨਹੀਂ ਆਏ ਤਾਂ ਬਾਦਸ਼ਾਹ ਆਪਣੀ ਫੌਜ ਭੇਜਕੇ ਉਸ ਤਬਾਹ ਕਰ ਸਕਦਾ ਹੈ। ਜੇਕਰ ਉਹ ਦਿੱਲੀ ਆਉਂਦੇ ਹਨ ਤਾਂ ਇਹ ਗੁਰੂ-ਪਿਤਾ ਦੇ ਅੰਤਮ ਸਮੇਂ ਕੀਤੇ ਹੁਕਮਾਂ ਦੇ ਵਿਰੁੱਧ ਗੱਲ ਜਾਵੇਗੀ। ਗੁਰੂ-ਪਿਤਾ ਹਰ ਰਾਏ ਨੇ ਸਪੱਸ਼ਟ ਸ਼ਬਦਾਂ ਵਿੱਚ ਗੁਰੂ ਹਰ ਕ੍ਰਿਸ਼ਨ ਨੂੰ ਔਰੰਗਜੇਬ ਨੂੰ ਮਿਲਣ ਤੋਂ ਮਨਾ ਕੀਤਾ ਸੀ। ਮੈਕਾਲਿਫ ਲਿਖਦਾ ਹੈ ਕਿ ਗੁਰੂ ਜੀ ਨੇ ਕਿਹਾ ਸੀ ਕਿ ਜੇਕਰ ਹਰ ਕ੍ਰਿਸ਼ਨ ਅਜੇਹਾ ਕਰਦੇ ਹਨ ਤਾਂ ਉਹ ਰਾਮ ਰਾਇ ਤੋਂ ਵੀ ਵੱਧ ਦੋਸ਼ੀ ਹੋਣਗੇ। ਪਰੰਤੂ ਸੂਰਜ ਪ੍ਰਕਾਸ਼ ਦੇ ਲੇਖਕ ਦੇ ਅਨੁਸਾਰ ਰਾਮ ਰਾਇ ਨੂੰ ਪੱਕਾ ਯਕੀਨ ਸੀ ਕਿ ਗੁਰੂ ਹਰ ਕ੍ਰਿਸ਼ਨ ਕਿਸੇ ਵੀ ਸੂਰਤ ਵਿੱਚ ਆਪਣੇ ਪਿਤਾ ਨੂੰ ਦਿੱਤਾ ਹੋਇਆ ਵਚਨ ਨਹੀਂ ਤੋੜਨਗੇ। ਉਹ ਆਪਣੀ ਜ਼ਿੰਦਗੀ ਦੀ ਬਾਜ਼ੀ ਲਾ ਕੇ ਵੀ ਗੁਰੂ-ਪਿਤਾ ਦੇ ਹੁਕਮਾਂ ਦੀ 'ਤੇ ਫੁੱਲ ਚੜਾਉਣਗੇ। ਪਰੰਤੂ ਰਾਮ ਰਾਇ ਨੂੰ ਦੋਹੇਂ ਗੱਲਾਂ ਦਾ ਹੀ ਫਾਇਦਾ ਹੋਣਾ ਸੀ, ਭਾਵੇਂ ਗੁਰੂ ਹਰ ਕ੍ਰਿਸ਼ਨ ਦਿੱਲੀ ਆਉਂਦੇ ਹਨ, ਭਾਵੇਂ ਆਉਣ ਤੋਂ ਇਨਕਾਰ ਕਰਦੇ ਹਨ। ਪਰੰਤੂ ਰਾਮ ਰਾਇ ਇੱਕ ਹੋਰ ਨੁਕਤੇ 'ਤੇ ਵੀ ਵਿਚਾਰ ਕਰ ਰਿਹਾ ਸੀ ਕਿ ਜੇਕਰ ਗੁਰੂ ਹਰ ਕ੍ਰਿਸ਼ਨ ਔਰੰਗਜ਼ੇਬ ਦੇ ਹੁਕਮਾਂ ਨੂੰ ਮੰਨਣ ਤੋਂ ਬਚਣ ਲਈ ਸ਼ਿਵਾਲਿਕ ਪਹਾੜੀਆਂ ਦੇ ਅਪਹੁੰਚ ਜੰਗਲਾਂ ਵਿੱਚ ਚਲੇ ਜਾਂਦੇ ਹਨ ਅਤੇ ਮੁਗਲ ਸੈਨਾ ਤੋਂ ਬਚ ਜਾਂਦੇ ਹਨ ਤਾਂ ਵੀ ਉਸ ਨੂੰ ਫਾਇਦਾ ਹੀ ਹੋਵੇਗਾ। ਉਹ ਕੀਰਤਪੁਰ ਜਾ ਕੇ ਆਪਣੇ ਆਪ ਨੂੰ ਗੁਰੂ ਐਲਾਨ ਕਰ ਦੇਵੇਗਾ।

ਕੀਰਤਪੁਰ ਪਹੁੰਚ ਕੇ ਦੀਵਾਨ ਪਰਸ ਰਾਮ ਦੂਸਰੇ ਦਿਨ ਦੀਵਾਨ ਦੇ ਵਿੱਚ ਗੁਰੂ ਜੀ ਸਾਹਮਣੇ ਪੇਸ਼ ਹੋਏ। ਤਵਾਰੀਖ ਗੁਰੂ ਖਾਲਸਾ ਅਨੁਸਾਰ ਇਹ ਦੀਵਾਨ ਇਸੇ ਆਸ਼ੇ ਨੂੰ ਮੁੱਖ ਰੱਖ ਕੇ ਬੁਲਾਇਆ ਗਿਆ ਸੀ। ਆਪਣੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਅਤੇ ਆਸ਼ੀਰਵਾਦ ਲੈਣ ਤੋਂ ਬਾਦ ਦੂਤ ਪਰਸ ਰਾਮ ਨੇ ਗੁਰੂ ਜੀ ਨੂੰ ਸੁਨੇਹਾ ਦੇ ਦਿੱਤਾ। ਮੈਕਾਲਿਫ ਦੇ ਲਿਖੇ ਅਨੁਸਾਰ ਗੁਰੂ ਹਰ ਕ੍ਰਿਸ਼ਨ ਨੇ ਦਿੱਲੀ ਔਰੰਗਜੇਬ ਦੀ ਕਚਿਹਰੀ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਤੋਂ ਕਿਹਾ, 'ਰਾਜਾ ਜੈ ਸਿੰਘ ਨੂੰ ਕਹੋ ਕਿ ਜੇਕਰ ਦਿੱਲੀ ਦੀ ਸੰਗਤ ਮੈਨੂੰ ਯਾਦ ਕਰਦੀ ਹੈ ਤਾਂ ਮੈਂ ਉਹਨਾਂ ਨੂੰ ਮਿਲਣ ਆਵਾਂਗਾ ਪਰ ਜੇਕਰ ਰਾਜਾ ਮੈਨੂੰ ਔਰੰਗਜੇਬ ਨੂੰ ਮਿਲਣ ਲਈ ਬੁਲਾਉਂਦਾ ਹੈ ਤਾਂ ਮੈ ਇਸ ਸੱਦੇ ਨੂੰ ਠੁਕਰਾਉਂਦਾ ਹਾਂ।' ਦੂਤ ਨੇ ਰਾਜਾ ਜੈ ਸਿੰਘ ਨਾਲ ਸੰਪਰਕ ਕੀਤਾ ਅਤੇ ਬਾਦ ਵਿੱਚ ਗੁਰੂ ਜੀ ਨੂੰ ਦੱਸਿਆ ਕਿ ਰਾਜਾ ਨੇ ਨਿਮਰਤਾ ਸਾਹਿਤ ਗੁਰੂ ਜੀ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਉਹ ਅਤੇ ਸਿੱਖ ਸੰਗਤਾਂ ਉਹਨਾਂ ਦੇ ਦਰਸ਼ਨ ਕਰ ਸਕਣ। ਮੈਕਾਲਿਫ ਦੇ ਅਨੁਸਾਰ ਇਹ ਵੀ ਗੱਲ ਸਾਫ਼ ਕਰ ਦਿੱਤੀ ਗਈ ਕਿ ਗੁਰੂ ਜੀ ਨੂੰ ਔਰੰਗਜੇਬ ਦੇ ਦਰਬਾਰ ਵਿੱਚ ਜਾਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ। ਜੇਕਰ ਬਾਦਸ਼ਾਹ ਉਹਨਾਂ ਨੂੰ ਮਿਲਣ ਲਈ ਮਜ਼ਬੂਰ ਕਰੇਗਾ ਤਾਂ ਰਾਜਾ ਜੈ ਸਿੰਘ ਕੂਟਨੀਤੀ ਵਰਤ ਕੇ ਉਸਦੀ ਚਾਲ ਬੇਕਾਰ ਕਰ ਦੇਵੇਗਾ। ਸੂਰਜ ਪ੍ਰਕਾਸ਼ ਦੇ ਅਨੁਸਾਰ ਗੁਰੂ ਜੀ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਉਹ ਦਿੱਲੀ ਵਿੱਚ ਆਪਣੀ ਠਹਿਰ ਦੇ ਸਮੇਂ ਰਾਜਾ ਜੈ ਸਿੰਘ ਦੇ ਖਾਸ ਮਹਿਮਾਨ ਹੋਣਗੇ। ਗੁਰੂ ਹਰ ਕ੍ਰਿਸ਼ਨ ਦਿੱਲੀ ਜਾਣ ਲਈ ਤਿਆਰ ਹੋ ਗਏ ਕਿਉਂਕਿ ਦਿੱਲੀ ਦੀ ਸਿੱਖ ਸੰਗਤ ਨੂੰ ਮਿਲਣਾ ਚਾਹੁੰਦੇ ਸਨ ਅਤੇ ਰਾਮ ਰਾਇ ਅਤੇ ਉਸਦੇ ਭ੍ਰਿਸ਼ਟ ਮਸੰਦਾਂ ਦੁਆਰਾ ਸਿੱਖਾਂ ਵਿੱਚ ਪਾਏ ਭਰਮ-ਭੁਲੇਖਿਆਂ ਨੂੰ ਦੂਰ ਕਰਨਾ ਚਾਹੁੰਦੇ ਸਨ।

ਤਵਾਰੀਖ ਗੁਰੂ ਖਾਲਸਾ ਅਨੁਸਾਰ ਗੁਰੂ ਹਰ ਕ੍ਰਿਸ਼ਨ ਫਰਵਰੀ ਦੇ ਦੂਜੇ ਹਫ਼ਤੇ 1664 ਈ. ਨੂੰ ਕੀਰਤਪੁਰ ਤੋਂ ਦਿੱਲੀ ਜਾਣ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਬਸੰਤ ਪੰਚਮੀ ਦਾ ਤਿਉਹਾਰ ਕੀਰਤਪੁਰ ਵਿਖੇ ਮਨਾਇਆ। ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਔਰੰਗਜੇਬ ਨੇ ਗੁਰੂ ਹਰ ਕ੍ਰਿਸ਼ਨ ਜੀ ਨੂੰ ਦਿੱਲੀ ਬੁਲਾਇਆ ਹੈ ਤਾਂ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਜੀ ਨਾਲ ਚੱਲਣ ਲਈ ਤਿਆਰ ਹੋ ਗਏ। ਔਰੰਗਜੇਬ ਬਾਰੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਹਿੰਦੂ ਸੰਤਾਂ ਨੂੰ ਇਸਲਾਮ ਕਬੂਲ ਕਰਨ ਲਈ ਦਬਾਅ ਪਾ ਰਿਹਾ ਸੀ। ਇਸ ਕਰਕੇ ਉਹ ਸੋਚਦੇ ਹਨ ਕਿ ਉਹ ਗੁਰੂ ਜੀ ਨਾਲ ਵੀ ਕੋਈ ਅਜੇਹਾ ਹੀ ਵਰਤਾਉ ਕਰੇਗਾ। ਗੁਰੂ ਜੀ ਨੇ ਉਹਨਾਂ ਨੂੰ ਆਪਣੇ ਨਾਲ ਜਾਣ ਤੋ ਰੋਕ ਦਿੱਤਾ ਪਰ ਜਦ ਸਿੱਖ ਸੰਗਤਾਂ ਨਾ ਮੰਨੀਆਂ ਤੇ ਨਾਲ ਜਾਣ ਲਈ ਬਜ਼ਿੱਦ ਰਹੀਆਂ ਤਾਂ ਅੰਬਾਲਾ ਜ਼ਿਲੇ ਵਿੱਚ ਪੰਜਖੋਰਾ ਨਾਮੀ ਸਥਾਨ 'ਤੇ ਪਹੁੰਚੇ ਕੇ ਗੁਰੂ ਜੀ ਰੁਕੇ ਅਤੇ ਇਥੇ ਕੁਝ ਸਮਾਂ ਦੂਰੋਂ-ਦੂਰੋਂ ਕਾਬਲ, ਪਿਛਾਵਰ ਅਤੇ ਕਸ਼ਮੀਰ ਤੋਂ ਆਏ ਸਿੱਖਾਂ ਨੂੰ ਦਰਸ਼ਨ ਦਿੱਤੇ। ਇੱਥੇ ਉਹ ਲਗਭਗ ਇੱਕ ਹਫਤਾ ਰਹੇ। ਦੀਵਾਨ ਲੱਗਦੇ, ਢਾਡੀ ਵਾਰਾਂ ਗਾਉਂਦੇ, ਰਸ ਭਿੰਨਾ ਗੁਰਬਾਣੀ ਦਾ ਕੀਰਤਨ ਹੁੰਦਾ ਅਤੇ ਗੁਰੂ ਕਾ ਲੰਗਰ ਚੱਲਦਾ। ਬਾਲਾ-ਗੁਰੂ ਸੰਗਤਾਂ ਨੂੰ ਅਸ਼ੀਰਵਾਦ ਦਿੰਦੇ। ਕਿਹਾ ਜਾਂਦਾ ਹੈ ਕਿ ਇਸੇ ਥਾਂ 'ਤੇ ਹੀ ਗੁਰੂ ਜੀ ਨੇ ਪੰਡਿਤ ਲਾਲ ਚੰਦ ਦਾ ਹੰਕਾਰ ਤੋੜਿਆ। ਪੰਡਿਤ ਲਾਲ ਚੰਦ ਪੰਜੋਖਰਾ ਦਾ ਨੇੜੇ ਹੀ ਰਹਿੰਦਾ ਸੀ। ਉਸਨੂੰ ਆਪਣੀ ਜਾਤ ਅਤੇ ਵੇਦਾਂ ਦੇ ਗਿਆਨ ਉੱਪਰ ਬਹੁਤ ਮਾਣ ਸੀ। ਉਹ ਗੁਰੂ ਹਰ ਕ੍ਰਿਸ਼ਨ ਜੀ ਦੀ ਪੰਜੋਖਰਾ ਠਹਿਰ ਸਮੇਂ ਉਹਨਾਂ ਕੋਲ ਆਇਆ ਅਤੇ ਪੁੱਛਿਆ ਕਿ ਹਰ ਕ੍ਰਿਸ਼ਨ ਕੌਣ ਹੈ? ਉਸਨੇ ਗੁਰੂ ਜੀ ਨੂੰ ਕਿਹਾ ਕਿ ਉਹ ਗੀਤਾ ਦੇ ਸ਼ਲੋਕ ਦੇ ਅਰਥ ਕਰ ਕੇ ਦਿਖਾਵੇ। ਗੁਰੂ ਜੀ ਨੇ ਉਸਨੂੰ ਨਿਮਰਤਾ ਨਾਲ ਦੱਸਿਆ ਕਿ ਅਧਿਆਤਮਕ ਸਿਆਣਪ ਅਤੇ ਦੈਵੀ ਦ੍ਰਿਸ਼ਟੀ ਨਾਲ ਕਿਸੇ ਵੀ ਜਾਤ ਦਾ ਆਦਮੀ ਇਹ ਕੰਮ ਕਰ ਸਕਦਾ ਹੈ। ਇੱਕ ਝਿਊਰ ਜਾਤ ਦੇ ਛੱਜੂ ਨਾਮਕ ਆਦਮੀ ਨੇ ਪੰਡਿਤ ਲਾਲ ਚੰਦ ਨੂੰ ਬਹੁਤ ਹੀ ਸਿਆਣਪ ਨਾਲ ਉੱਤਰ ਦਿੱਤੇ ਅਤੇ ਪੰਡਿਤ ਹੈਰਾਨ ਰਹਿ ਗਿਆ। ਉਸਨੇ ਗੁਰੂ ਜੀ ਤੋਂ ਮਾਫੀ ਮੰਗੀ। ਗੁਰੂ ਹਰ ਕ੍ਰਿਸ਼ਨ ਨੇ ਉਸਨੂੰ ਸਮਝਾਇਆ ਕਿ ਸਾਰੇ ਮਨੁੱਖ ਬਰਾਬਰ ਹਨ, ਇਕੋ ਪ੍ਰਮਾਤਮਾ ਦੇ ਬੱਚੇ ਹਨ ਅਤੇ ਪ੍ਰਮਾਤਮਾ ਜਿਸਤੇ ਵੀ ਮਿਹਰ ਕਰਦਾ ਹੈ ਉਸਦੇ ਹਿਰਦੇ ਵਿੱਚ ਚਾਨਣ ਹੋ ਜਾਂਦਾ ਹੈ। ਉਸਨੂੰ ਅੰਦਰੂਨੀ ਰੌਸ਼ਨੀ ਨਾਲ ਗਿਆਨ ਉਪਜਦਾ ਹੈ ਅਤੇ ਉਹ ਪਵਿੱਤਰ ਗ੍ਰੰਥ ਦੇ ਅਰਥ ਕਰ ਸਕਦਾ ਹੈ, ਨੀਵੀਂ ਤੋਂ ਨੀਵੀਂ ਜਾਤ ਦੇ ਆਦਮੀ ਨੂੰ ਵੀ ਸਮਾਜ ਵਿੱਚ ਬਰਾਬਰ ਦੀ ਥਾਂ ਮਿਲਣੀ ਚਾਹੀਦੀ ਹੈ। ਗੁਰੂ ਜੀ ਨੇ ਅਗਾਂਹ ਦਿੱਲੀ ਵੱਲ ਚਾਲੇ ਪਾਉਣ ਤੋਂ ਪਹਿਲਾਂ ਸੰਗਤਾਂ ਨੂੰ ਦਿੱਲੀ ਤੱਕ ਉਹਨਾਂ ਦੇ ਨਾਲ ਜਾਣ ਤੋਂ ਰੋਕਣ ਲਈ ਜ਼ਮੀਨ 'ਤੇ ਇੱਕ ਲਾਈਨ ਖਿੱਚੀ ਤੇ ਕਿਹਾ, "ਜੇਕਰ ਕੋਈ ਸਿੱਖ ਇਸ ਲਕੀਰ ਨੂੰ ਲੰਘ ਕੇ ਸਾਡੇ ਨਾਲ ਜਾਣ ਦੀ ਜਿੱਦ ਕਰਦਾ ਹੈ ਤਾਂ ਉਸਨੂੰ ਗੁਰੂ ਦਾ ਸਿੰਘ ਨਹੀਂ ਸਮਝਿਆ ਜਾਵੇਗਾ।" ਸੰਗਤਾਂ ਨੇ ਗੁਰੂ ਦਾ ਹੁਕਮ ਮੰਨਿਆ। ਗੁਰੂ ਜੀ ਨਾਲ ਉਹਨਾਂ ਦੇ ਮਾਤਾ ਸੁਲੱਖਣੀ ਅਤੇ ਕੁੱਝ ਚੁਣੇ ਹੋਏ ਸਿੰਘ ਹੀ ਪੰਜੋਖਰਾ ਤੋਂ ਦਿੱਲੀ ਲਈ ਰਵਾਨਾ ਹੋਏ।

ਦਿੱਲੀ ਪਹੁੰਚ ਕੇ ਗੁਰੂ ਜੀ ਨੂੰ ਰਾਜਾ ਜੈ ਸਿੰਘ ਦੇ ਮਹਿਲ ਤੱਕ ਬੜੀ ਦੇ ਧੂਮ-ਧਾਮ ਅਤੇ ਸ਼ਾਨੋ-ਸ਼ੌਕਤ ਨਾਲ ਲਿਜਾਇਆ ਗਿਆ। ਸੂਰਜ ਪ੍ਰਕਾਸ਼ ਗ੍ਰੰਥ ਦੇ ਅਨੁਸਾਰ ਗਲੀਆਂ ਦੇ ਦੋਹੀਂ ਪਾਸੀਂ ਆਦਮੀ ਅਤੇ ਇਸਤਰੀਆਂ ਕਤਾਰਾਂ ਵਿੱਚ ਖੜੇ ਸਨ ਤਾਂ ਕਿ ਉਹ ਸਿੱਖ ਗੁਰੂ ਦੀ ਇੱਕ ਝਲਕ ਦੇਖ ਲੈਣ ਮਤਲਬ ਦਰਸ਼ਨ ਕਰ ਸਕਣ। ਗੁਰੂ ਜੀ ਨੂੰ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰਾਇਆ ਗਿਆ। ਨਵੀਂ ਦਿੱਲੀ ਵਿੱਚ ਸਥਿਤ ਇਸ ਥਾਂ 'ਤੇ ਇਤਿਹਾਸਕ ਗੁਰਦੁਆਰਾ ਬੰਗਲਾ ਸਹਿਬ ਸਥਿਤ ਹੈ ਜੋ ਸਿੱਖੀ ਦਾ ਮਹਾਨ ਤੀਰਥ ਸਥਾਨ ਅਤੇ ਪ੍ਰਸਿੱਧ ਧਾਰਮਕ ਤੇ ਅਧਿਆਤਮਕ ਸਤੁੰਸ਼ਟੀ ਦੇਣ ਵਾਲੀ ਜਗਾ ਹੈ ਜਿੱਥੇ ਬੇਅੰਤ ਸੰਗਤਾਂ ਹਰ ਰੋਜ਼ ਗੁਰੂ ਦਾ ਜਸ ਸਰਵਣ ਕਰਦੀਆਂ ਹਨ।

ਦੱਸਿਆ ਜਾਂਦਾ ਹੈ ਕਿ ਜਦੋਂ ਰਾਜਾ ਜੈ ਸਿੰਘ ਅਤੇ ਸ਼ਹਿਜਾਦਾ ਆਜ਼ਮ ਨੇ ਬਾਲ-ਗੁਰੂ ਦੀਆਂ ਦੈਵੀ-ਸ਼ਕਤੀਆਂ ਦੀ ਪ੍ਰੀਖਿਆ ਲਈ ਤਾਂ ਉਹ ਇਸ ਵਿੱਚੋਂ ਕਾਮਯਾਬ ਹੋਏ। ਰਾਜਾ ਤੇ ਸ਼ਹਿਜ਼ਾਦਾ ਗੁਰੂ ਜੀ ਦੇ ਸਾਧੂ ਸੁਭਾਅ ਅਤੇ ਰੌਸ਼ਨ ਦਿਮਾਗ ਖਿਆਲਾਂ ਤੋਂ ਬਹੁਤ ਹੈਰਾਨ ਵੀ ਹੋਏ। ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਇੱਕ ਦਿਨ ਰਾਜਾ ਜੈ ਸਿੰਘ ਜੀ ਨੂੰ ਮਹੱਲ ਵਿੱਚ ਅੰਦਰ ਜਿੱਥੇ ਇਸਤਰੀਆਂ ਵੀ ਬੈਠੀਆਂ ਸਨ, ਲੈ ਗਿਆ। ਉੱਥੇ ਜੈ ਸਿੰਘ ਦੀ ਮਹਾਰਾਣੀ ਨੂੰ ਸਧਾਰਣ ਇਸਤਰੀਆਂ ਵਾਲੀ ਪੁਸ਼ਾਕ ਪਵਾ ਕੇ ਵਿਚਕਾਰ ਬਿਠਾਇਆ ਗਿਆ ਸੀ। ਗੁਰੂ ਜੀ ਨੂੰ ਕਿਹਾ ਗਿਆ ਕਿ ਉਹ ਇਨਾਂ ਵਿੱਚੋਂ ਮਹਾਰਾਣੀ ਦੀ ਪਛਾਣ ਕਰਨ। ਗੁਰੂ ਜੀ ਨੇ ਸਧਾਰਣ ਕੱਪੜੇ ਪਹਿਨ ਕੇ ਬੈਠੀ ਮਹਾਰਾਣੀ ਨੂੰ ਪਹਿਚਾਣ ਲਿਆ ਅਤੇ ਉਸਦੀ ਗੋਦ ਵਿੱਚ ਜਾ ਬੈਠੇ। ਜਦੋਂ ਇਸ ਤਰਾਂ ਦੀ ਗੱਲਾਂ ਬਾਰੇ ਰਾਜਾ ਜੈ ਸਿੰਘ ਨੇ ਔਰੰਗਜੇਬ ਨੂੰ ਦੱਸਿਆ ਕਿ ਗੁਰੂ ਜੀ ਵਿੱਚ ਦੈਵੀ ਗੁਣ ਹਨ ਅਤੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਹਨ ਤਾਂ ਬਾਦਸ਼ਾਹ ਨੇ ਸ਼ਹਿਜ਼ਾਦਾ ਮੁਅੱਜਮ ਨੂੰ ਤੋਹਫੇ ਦੇ ਕੇ ਗੁਰੂ ਹਰ ਕ੍ਰਿਸ਼ਨ ਜੀ ਕੋਲ ਭੇਜਿਆ। ਗੁਰੂ ਜੀ ਨੇ ਉਹਨਾਂ ਵਿੱਚੋਂ ਇੱਕ ਚੀਜ਼ ਸੇਲੀ 'ਉੱਨ ਦਾ ਮਾਲਾ' ਚੁੱਕ ਲਈ ਜੋ ਸਾਰੇ ਤੋਹਫਿਆਂ ਦੇ ਥੱਲੇ ਪਈ ਸੀ। ਸ਼ਹਿਜ਼ਾਦਾ ਮੁਅਜ਼ਮ ਇਸ 'ਤੇ ਬੜਾ ਹੈਰਾਨ ਹੋਇਆ ਕਿਉਂਕਿ ਇਹ ਸਭ ਬਾਦਸ਼ਾਹ ਦੀ ਮਰਜੀ ਨਾਲ ਕੀਤਾ ਗਿਆ ਸੀ। ਗੁਰੂ ਜੀ ਦੇ ਦਰਸ਼ਨ ਕਰ ਕੇ ਸ਼ਹਿਜ਼ਾਦਾ ਬਹੁਤ ਪ੍ਰਸੰਨ ਹੋਇਆ ਅਤੇ ਉਸਨੇ ਗੁਰੂ ਜੀ ਨੂੰ ਕਿਹਾ ਕਿ ਬਾਦਸ਼ਾਹ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਮੈਕਾਲਿਫ ਦੇ ਅਨੁਸਾਰ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਹਨਾਂ ਦਾ ਭਰਾ ਰਾਮ ਰਾਇ ਪਹਿਲਾਂ ਹੀ ਬਾਦਸ਼ਾਹ ਕੋਲ ਹੈ ਅਤੇ ਬਾਦਸ਼ਾਹ ਦਾ ਹਰ ਹੁਕਮ ਮੰਨਦਾ ਹੈ। ਇਸ ਲਈ ਗੁਰੂ ਜੀ ਉਸ ਨੂੰ ਨਹੀਂ ਮਿਲ ਸਕਦੇ। ਇਹ ਤੱਥ ਹੈ ਕਿ ਗੁਰੂ ਜੀ ਨੇ ਪਹਿਲਾਂ ਰਾਜਾ ਜੈ ਸਿੰਘ ਅਤੇ ਫਿਰ ਸ਼ਹਿਜ਼ਾਦਾ ਮਅੱਜ਼ਮ ਨੂੰ ਬਾਰ-ਬਾਰ ਔਰੰਗਜੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ, ਬਾਦਸ਼ਾਹ ਵੀ ਕੋਈ ਕਦਮ ਕਾਹਲੀ ਵਿੱਚ ਲੈਣ ਲਈ ਅਜੇ ਹਿਚਕਚਾਉਂਦਾ ਸੀ। ਉਹ ਜਿਆਦਾ ਸਮਾਂ ਉਡੀਕ ਕਰ ਰਿਹਾ ਸੀ ਅਤੇ ਉਸਨੂੰ ਯਕੀਨ ਸੀ ਕਿ ਗੁਰੂ ਹਰ ਕ੍ਰਿਸ਼ਨ ਉਸਨੂੰ ਜ਼ਰੂਰ ਮਿਲਣਗੇ।

ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਉਸ ਸਮੇਂ ਦਿੱਲੀ ਵਿੱਚ ਹੈਜ਼ੇ ਦੀ ਬਿਮਾਰੀ ਫੈਲੀ ਹੋਈ ਸੀ ਅਤੇ ਇਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਫੈਲ ਰਹੀ ਸੀ। ਦੁੱਖਾਂ, ਤਕਲੀਫਾਂ ਦੇ ਨਾਲ ਨਾਲ ਹਰ ਰੋਜ਼ ਅਨੇਕਾਂ ਮੌਤਾਂ ਵੀ ਹੋ ਰਹੀਆਂ ਸਨ। ਸਰਕਾਰੀ ਮਸ਼ੀਨਰੀ ਵੀ ਇਸ ਬਿਮਾਰੀ ਦੇ ਸਾਹਮਣੇ ਬੇਵੱਸ ਸੀ। ਆਪਣੇ ਚੁਨਿੰਦਾ ਸ਼ਰਧਾਲੂਆਂ ਅਤੇ ਚਕਿਤਸਤਕਾਂ ਦੀ ਟੀਮ ਲੈ ਕੇ ਗੁਰੂ ਹਰ ਕ੍ਰਿਸ਼ਨ ਜੀ ਖੁਦ ਹੈਜ਼ੇ ਦੀ ਬਿਮਾਰੀ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਗਏ, ਉਹਨਾਂ ਮਰੀਜ਼ਾਂ ਦੀ ਦੇਖ ਭਾਲ ਕੀਤੀ ਅਤੇ ਪਵਿੱਤਰ ਜਲ ਪੀਣ ਨੂੰ ਦਿੱਤਾ। ਸਾਰਿਆਂ ਰੋਗੀਆਂ ਨੂੰ ਪਰਿਵਾਰ ਦੇ ਤੰਦਰੁਸਤ ਲੋਕਾਂ ਨਾਲੋਂ ਅਲੱਗ ਕੀਤਾ। ਜਿਹੜਾ ਵੀ ਮਰੀਜ਼ ਤਕਲੀਫ ਵਿੱਚ ਹੁੰਦਾ, ਗੁਰੂ ਜੀ ਉਸ ਨਾਲ ਮਿਠੇ ਬੋਲ ਸਾਂਝੇ ਕਰਦੇ ਅਤੇ ਬਹੁਤ ਸਾਰੇ ਮਰੀਜ਼ ਉਹਨਾਂ ਦੀ ਨੇੜਤਾ ਕਾਰਨ ਹੀ ਆਪਣੇ ਆਪ ਨੂੰ ਹੌਂਸਲੇ ਵਿੱਚ ਰੱਖਦੇ ਅਤੇ ਤੰਦਰੁਸਤੀ ਦਾ ਰਾਹ ਫੜ ਲੈਂਦੇ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ ਉਹਨਾਂ ਦੀ ਚੁੰਬਕੀ ਖਿੱਚ ਤੋਂ ਪ੍ਰਭਾਵਿਤ ਹੋ ਕੇ ਪ੍ਰਮਾਤਮਾ ਭਗਤੀ ਵੱਲ ਲੱਗ ਜਾਂਦੇ, ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਦੇ ਤੇ ਠੀਕ ਹੋਣ ਲੱਗਦੇ। ਜੋ ਕੋਈ ਗੁਰੂ ਵਿੱਚ ਸ਼ਰਧਾ ਭਾਵਨਾ ਨਾਲ ਅਤੇ ਵਿਸ਼ਵਾਸ ਨਾਲ ਗੁਰੂ ਜੀ ਦੀਆਂ ਦਿੱਤੀਆਂ ਹਿਦਾਇਤਾਂ ਤੇ ਦਵਾਈਆਂ ਵਰਤ ਲੈਂਦਾ ਉਹ ਠੀਕ ਹੋ ਜਾਂਦਾ। ਦੂਸਰੇ ਮੁਹੱਲਿਆਂ ਦੇ ਲੋਕ ਵੀ ਗੁਰੂ ਜੀ ਦੇ ਰੋਗ ਹਰਨ ਵਰਤਾਰੇ ਬਾਰੇ ਸੁਣ ਕੇ ਵਹੀਰਾਂ ਘੱਤ ਕੇ ਆਉਣ ਲੱਗੇ ਤਾਂ ਕਿ ਗੁਰੂ ਜੀ ਦੀ ਛੂਹ ਅਤੇ ਪਵਿੱਤਰ ਜਲ ਲੈ ਸਕਣ। ਕਿਹਾ ਜਾਂਦਾ ਹੈ ਕਿ ਇੱਕ ਟੈਂਕੀ ਬਣਾਈ ਗਈ ਜਿਸ ਵਿੱਚ ਲੋਕਾਂ ਦੀ ਲੋੜ ਪੂਰੀ ਕਰਨ ਹਿਤ ਪਵਿੱਤਰ ਜਲ ਇਕੱਠਾ ਰੱਖਿਆ ਜਾਂਦਾ ਸੀ। ਚਕਿਤਸਕ ਨਾਲ ਦੀ ਨਾਲ ਲੋਕਾਂ ਨੂੰ ਦਵਾਈ ਵੀ ਦਿੰਦੇ ਜਿਹੜੀ ਜੜੀ-ਬੂਟੀਆਂ ਤੋਂ ਤਿਆਰ ਕੀਤੀ ਜਾਂਦੀ ਸੀ। ਇਸ ਤੋਂ ਲੋਕਾਂ ਨੇ ਬਹੁਤ ਫਾਇਦਾ ਉਠਾਇਆ ਅਤੇ ਨਿਰੋਗ ਹੋ ਗਏ। ਗੁਰੂ ਦਾ ਜਸ ਦੂਰ-ਦੂਰ ਤੱਕ ਫੈਲ ਗਿਆ ਜਿਸਤੋਂ ਰਾਮ ਰਾਇ ਨੂੰ ਉਸ ਨਾਲ ਈਰਖਾ ਹੋ ਗਈ। ਉਹ ਨਿਰਾਸ਼ ਵੀ ਹੋ ਗਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਕਈ ਵਿਰੋਧੀਆਂ ਦਾ ਵੀ ਗੁਰੂ ਜੀ ਨੇ ਦਿਲ ਜਿੱਤ ਲਿਆ ਹੈ। ਜਿੰਨਾ ਉਹ ਗੁਰੂ ਜੀ ਦਾ ਵਿਰੋਧ ਕਰਦਾ ਉਨਾ ਹੀ ਗੁਰੂ ਦਾ ਜਸ ਫੈਲਦਾ। ਰਾਮ ਰਾਇ ਦੀਆਂ ਕਾਰਵਾਈਆਂ ਤੋਂ ਦੁਖੀ ਸਿੱਖ ਸੰਗਤਾਂ ਵੀ ਗੁਰੂ ਹਰ ਕ੍ਰਿਸ਼ਨ ਜੀ ਕੋਲ ਸ਼ਰਨ ਲੈਂਦੀਆਂ। ਦਿੱਲੀ ਦੇ ਸਿੱਖਾਂ ਨੇ ਰਾਮ ਰਾਇ ਨੂੰ ਗੁਰੂ ਦਾ ਦਰਜਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਉਸਦੀਆਂ ਚਾਲਾਂ ਨੂੰ ਸਮਝ ਗਏ ਸਨ। ਉਹਨਾਂ ਨੇ ਰਾਮ ਰਾਇ ਦੇ ਮਸੰਦਾਂ ਨੂੰ ਵੀ ਮੂੰਹ ਲਾਉਣ ਤੋਂ ਮਨਾ ਕਰ ਦਿੱਤਾ ਸੀ। ਦਿੱਲੀ ਦੇ ਸਿੱਖ ਜਿਸ ਸੱਚੇ ਗੁਰੂ ਦੀ ਭਾਲ ਵਿੱਚ ਸਨ। ਉਹ ਉਹਨਾਂ ਨੂੰ ਗੁਰੂ ਹਰ ਕ੍ਰਿਸ਼ਨ ਦੇ ਰੂਪ ਵਿੱਚ ਮਿਲ ਗਿਆ ਸੀ ਅਤੇ ਆਪਣੇ ਗੁਰੂ ਦੇ ਹਰ ਵਾਕ ਤੇ ਫੁੱਲ ਚੜ੍ਹਾਉਂਦੇ ਸਨ ਅਤੇ ਹਰ ਹੁਕਮ ਦਾ ਪਾਲਣ ਕਰਦੇ ਸਨ।

ਕੁਝ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਕਿ ਦਿੱਲੀ ਵਿੱਚ ਉਸ ਸਮੇਂ ਚੇਚਕ ਨਾਂ ਦੀ ਬਿਮਾਰੀ ਵੀ ਫੈਲ ਗਈ। ਸ਼ਹਿਰ ਦੇ ਇਕ ਪਾਸੇ ਫੈਲੀ ਇਸ ਬਿਮਾਰੀ ਨੇ ਛੇਤੀ ਹੀ ਮਹਾਂਮਾਰੀ ਦਾ ਰੂਪ ਲੈ ਲਿਆ। ਇਸ ਦੂਜੀ ਭਿਆਨਕ ਬਿਮਾਰੀ ਨੇ ਲੋਕਾਂ ਦਾ ਲੱਕ ਤੋੜ ਦਿੱਤਾ। ਬਾਲਾ-ਗੁਰੂ ਨੂੰ ਕਿਹਾ ਗਿਆ ਕਿ ਉਹ ਚੇਚਕ ਨਿਕਲੇ ਲੋਕਾਂ ਦੇ ਨੇੜੇ ਨਾ ਜਾਣ ਕਿਉਂਕਿ ਚੇਚਕ ਇੱਕ ਛੂਤ ਦੀ ਬਿਮਾਰੀ ਹੈ। ਇਸ ਬਿਮਾਰੀ ਵਿੱਚ ਤੇਜ਼ ਬੁਖਾਰ ਹੋ ਕੇ ਸਰੀਰ ਤੇ ਨਿੱਕੇ-ਨਿੱਕੇ ਦਾਣੇ ਨਿਕਲ ਆਉਂਦੇ ਹਨ ਜੋ ਪੀਕ ਭਰੇ ਹੁੰਦੇ ਹਨ। ਇਹ ਬਹੁਤ ਦਰਦ ਕਰਦੇ ਹਨ। ਕੁਝ ਦਿਨਾਂ ਵਿੱਚ ਇਹ ਦਾਣੇ ਸੁੱਕ ਜਾਂਦੇ ਹਨ ਪਰ ਪਿੱਛੇ ਨਿਸ਼ਾਨ ਛੱਡ ਜਾਂਦੇ ਹਨ। ਲਗਭਗ ਚਾਲੀ ਦਿਨ ਇਸ ਰੋਗ ਨਾਲ ਜੂਝਣਾ ਪੈਂਦਾ ਹੈ। ਨਸੀਹਤਾਂ ਦੇਣ ਦੇ ਬਾਵਜੂਦ ਗੁਰੂ ਜੀ ਨਹੀਂ ਰੁਕੇ। ਉਹ ਲੋਕਾਂ ਦੇ ਮਸੀਹੇ ਸਨ। ਉਹ ਲੋਕਾਂ ਵਿੱਚ ਸ਼ਾਂਤੀ ਤੇ ਦਇਆ ਦੇ ਦੂਤ ਬਣਕੇ ਵਿਚਰੇ। ਰੋਗ ਗ੍ਰਸਤ ਲੋਕਾਂ ਨੂੰ ਅਲੱਗ ਰੱਖਿਆ ਗਿਆ ਅਤੇ ਉਹਨਾਂ ਦੀ ਵਧੀਆ ਦੇਖ ਭਾਲ ਕੀਤੀ ਗਈ। ਤਰਲੋਚਨ ਸਿੰਘ ਲਿਖਦੇ ਹਨ ਕਿ ਲੋਕਾਂ ਦਾ ਇਲਾਜ ਕਰਕੇ ਬਾਲਾ ਗੁਰੂ ਸਵਾਰਥ ਰਹਿਤ ਸੇਵਾ ਭਾਵਨਾ ਦੀ ਉੱਚੀ-ਸੁੱਚੀ ਅਤੇ ਚੰਗੀ ਉਦਾਹਰਣ ਪੇਸ਼ ਕਰ ਰਹੇ ਸਨ। ਦੁਖੀ ਲੋਕਾਂ ਦੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੀਤੀ ਗਈ ਸੇਵਾ ਤੋਂ ਚੰਗੀ ਹੋਰ ਕੋਈ ਮਿਸਾਲ ਹੋ ਹੀ ਨਹੀਂ ਸਕਦੀ। ਗੁਰੂ ਜੀ ਨੇ ਤਾਂ ਬੇ-ਸਹਾਰਾ ਤੇ ਬੇਵੱਸ ਲੋਕਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ ਸੀ। ਉਹਨਾਂ ਨੇ ਸਿੱਖਾਂ ਨੂੰ ਚਿਤਾਇਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਲਈ ਮਨੁੱਖਤਾ ਦੀ ਨਿਰਸਵਾਰਥ ਸੇਵਾ ਸਭ ਤੋਂ ਉੱਚੀ ਪੂਜਾ ਹੈ।

'ਸੇਵਾ ਕਰਤ ਹੋਇ ਨਹਿਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ।।'
ਆਦਿ ਗ੍ਰੰਥ (ਮਹਲਾ 5 ਸੁਖਮਨੀ ਪਉੜੀ)

ਇਸ ਸਮੇਂ ਗੁਰੂ ਹਰ ਕ੍ਰਿਸ਼ਨ ਦੀ ਸੇਵਾ ਭਾਵਨਾ ਅਤੇ ਦੀਨ ਦੁਖੀਆਂ ਤੇ ਗਰੀਬ ਬੇ ਸਹਾਰਾ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਕੇ ਉਹਨਾਂ ਨੇ ਦਿੱਲੀ ਦੇ ਲੋਕਾਂ ਦਾ ਦਿਲ ਜਿੱਤ ਲਿਆ। ਉਹਨਾਂ ਨੇ ਲੋਕਾਂ ਨੂੰ ਸਿੱਖ ਧਰਮ ਵੱਲ ਪ੍ਰੇਰਿਤ ਕੀਤਾ ਤੇ ਲੋਕ ਰਾਮ ਰਾਇ ਤੋਂ ਦੂਰ ਹੋ ਗਏ। ਉਹ ਗੁਰੂ ਹਰ ਕ੍ਰਿਸ਼ਨ ਦੇ ਮੁਰੀਦ ਹੋ ਗਏ। ਇਸ ਬਦਲਾਅ ਆਉਣ ਕਰਕੇ ਰਾਮ ਰਾਇ ਤੇ ਉਸਦੇ ਭ੍ਰਿਸ਼ਟ ਮਸੰਦਾਂ ਨੂੰ ਬਹੁਤ ਆਰਥਿਕ ਨੁਕਸਾਨ ਹੋਇਆ। ਜਿਸ ਕਰਕੇ ਉਹ ਗੁਰੂ ਜੀ ਦੇ ਪੱਕੇ ਵੈਰੀ ਬਣ ਗਏ। ਹੁਣ ਉਹ ਘਟੀਆ ਹਰਕਤਾਂ 'ਤੇ ਉਤਰ ਆਏ। ਉਹਨਾਂ ਨੇ ਲੋਕਾਂ ਵਿੱਚ ਗੁਰੂ ਜੀ ਦੀ ਇੱਜ਼ਤ ਨੂੰ ਢਾਹ ਲਾਉਣ ਲਈ ਇਹ ਗੱਲ ਫੈਲਾ ਦਿੱਤੀ ਕਿ ਗੁਰੂ ਹਰ ਕ੍ਰਿਸ਼ਨ ਗੰਦੇ ਗਰੀਬ ਤੇ ਦੀਨ ਦੁਖੀਆਂ ਦਾ ਗੁਰੂ ਹੈ ਅਤੇ ਕਮਜ਼ੋਰਾਂ ਤੇ ਬੇਸਹਾਰਾ ਹੈ ਲੋਕਾਂ ਦਾ ਪੈਗੰਬਰ ਹੈ। ਉਹਨਾਂ ਨੇ ਇੱਥੋਂ ਤੱਕ ਕੀਤਾ ਕਿ ਗੁਰੂ ਜੀ ਦੀਆਂ ਅਧਿਆਤਮਕ ਸ਼ਕਤੀਆਂ 'ਤੇ ਹੀ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਗੁਰੂ ਹਰ ਕ੍ਰਿਸ਼ਨ ਕੋਲ 'ਸਿੱਧੀਆਂ' ਨਹੀਂ ਹਨ ਜਿਹੜੀਆਂ ਰਾਮ ਰਾਇ ਕੋਲ ਭਰਪੂਰ ਮਾਤਰਾ ਵਿੱਚ ਹਨ। ਸਿੱਧੀਆਂ ਜਾਂ ਕਰਾਮਾਤਾਂ ਦਿਖਾਉਣ ਦੀ ਸ਼ਕਤੀ ਸਿੱਧ ਜਾਂ ਜੋਗੀਆਂ ਵਿੱਚ ਮੌਜੂਦ ਸਮਝੀ ਜਾਂਦੀ ਹੈ ਜਿਸਨੂੰ ਉਹ ਕਠਿਨ ਤਪੱਸਿਆ ਕਰਕੇ ਗ੍ਰਹਿਣ ਕਰਦੇ ਹਨ। ਉਹ ਗੁਰੂ ਜੀ ਦੇ ਪੱਕੇ ਇਰਾਦੇ ਕਿ ਉਹ ਕਦੇ ਔਰੰਗਜੇਬ ਦਾ ਮੂੰਹ ਨਹੀਂ ਦੇਖਣਗੇ ਦਾ ਗਲਤ ਅਰਥ ਲੋਕਾਂ ਵਿੱਚ ਫੈਲਾਉਣ ਲੱਗਾ ਕਿ ਸਿੱਧੀਆਂ ਨਾ ਹੋਣ ਕਰਕੇ ਉਹ ਦਿੱਲੀ ਦਰਬਾਰ ਵਿੱਚ ਜਾ ਕੇ ਬਾਦਸ਼ਾਹ ਨੂੰ ਨਹੀਂ ਮਿਲਦੇ। ਇਸ ਤਰਾਂ ਔਰੰਗਜੇਬ ਨੇ ਗੁਰੂ ਹਰ ਕ੍ਰਿਸ਼ਨ ਜੀ ਦੀਆਂ ਅਧਿਆਤਮਕ ਸ਼ਕਤੀਆਂ ਅਤੇ ਸੰਤ ਪ੍ਰਵਿਰਤੀ ਦੀ ਪ੍ਰੀਖਿਆ ਲੈਣ ਲਈ ਰਾਜਾ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਜੀ ਨੂੰ ਸ਼ਾਹੀ ਦਰਬਾਰ ਵਿੱਚ ਪੇਸ਼ ਕਰੇ। ਸੂਰਜ ਪ੍ਰਕਾਸ਼ ਵਿੱਚ ਇਹ ਸਿੱਧ ਹੁੰਦਾ ਹੈ-

"ਰਾਜਾ ਜੈ ਸਿੰਘ ਸੁਣੋ, ਮੈਂ ਫੈਸਲਾ ਕੀਤਾ ਹੈ ਕਿ ਮੈਂ ਗੁਰੂ ਹਰ ਕ੍ਰਿਸ਼ਨ ਨੂੰ ਜ਼ਰੂਰ ਮਿਲਣਾ ਹੈ। ਉਹਨਾਂ ਨੂੰ ਦਰਬਾਰ ਵਿੱਚ ਪੇਸ਼ ਕਰੋ ਕਿਉਂਕਿ ਮੈਂ ਉਸ ਦੀਆਂ ਧਾਰਮਿਕ ਸ਼ਕਤੀਆਂ ਦੀ ਪ੍ਰੀਖਿਆ ਲੈਣੀ ਹੈ।"

ਜੈ ਸਿੰਘ ਨੇ ਕਿਹਾ, 'ਮੈਂ ਪਹਿਲਾਂ ਵੀ ਬਾਲ-ਗੁਰੂ ਨੂੰ ਤੁਹਾਡੀ ਇੱਛਾ ਦੱਸ ਦਿੱਤੀ ਹੈ। ਹੁਣ ਮੈਂ ਤੁਹਾਡਾ ਹੁਕਮ ਪਹੁੰਚਾ ਦਿਆਂਗਾ।"

ਰਾਜਾ ਜੈ ਸਿੰਘ ਨੇ ਬਾਦਸ਼ਾਹ ਦਾ ਸੁਨੇਹਾ ਬੜੀ ਨਿਮਰਤਾ ਨਾਲ ਗੁਰੂ ਹਰ ਕ੍ਰਿਸ਼ਨ ਨੂੰ ਦਿੱਤਾ। ਰਾਜੇ ਨੇ ਆਪਣੀ ਬੇਵਸੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਨਾ ਤਾਂ ਬਾਦਸ਼ਾਹ ਦੇ ਹੁਕਮ ਦੀ ਅਵੱਗਿਆ ਕਰ ਸਕਦਾ ਹੈ ਅਤੇ ਨਾਂ ਹੀ ਗੁਰੂ ਜੀ ਨੂੰ ਮਜਬੂਰ ਕਰ ਸਕਦਾ ਹੈ ਕਿ ਉਹ ਬਾਦਸ਼ਾਹ ਨੂੰ ਮਿਲ ਲੈਣ। ਮਿਰਜ਼ਾ ਰਾਜਾ ਜੈ ਸਿੰਘ ਨੇ ਪਹਿਲਾਂ ਹੀ ਇਹ ਮਸਲਾ ਦੀਵਾਨ ਦੁਰਗਾ ਮੱਲ, ਭਾਈ ਗੁਰਦਿੱਤਾ, ਭਾਈ ਦਿਆਲ ਦਾਸ, ਨਾਲ ਵਿਚਾਰ ਲਿਆ ਸੀ। ਇਹ ਤਿੰਨ ਪ੍ਰਸਿੱਧ ਸਿੱਖ ਸ਼ਖਸ਼ੀਅਤਾਂ ਗੁਰੂ ਜੀ ਨਾਲ ਕੀਰਤਪੁਰ ਤੋਂ ਆਈਆਂ ਹੋਈਆਂ ਸਨ। ਦੀਵਾਨ ਦੁਰਗਾ ਮੱਲ ਪ੍ਰਬੰਧਕ ਸਨ ਤੇ ਅਰਬੀ ਫ਼ਾਰਸੀ ਦੇ ਵਿਦਵਾਨ ਸਨ ਤੇ ਉਹਨਾਂ ਨੇ ਰਾਜਾ ਨੂੰ ਦੱਸ ਦਿੱਤਾ ਕਿ ਗੁਰੂ ਜੀ ਦਾ ਮਨ ਬਦਲਿਆ ਨਹੀਂ ਜਾ ਸਕਦਾ। ਉਹ ਔਰੰਗਜੇਬ ਨੂੰ ਨਹੀਂ ਮਿਲਣਗੇ। ਇਹ ਉਹਨਾਂ ਦਾ ਆਪਣੇ ਪਿਤਾ ਨਾਲ ਵਾਅਦਾ ਹੈ ਜਿਸ ਨੂੰ ਉਹ ਕਦੇ ਵੀ ਨਹੀਂ ਤੋੜ ਸਕਦੇ। ਸਮੱਸਿਆ ਗੰਭੀਰ ਸੀ। ਗੁਰੂ ਹਰ ਕ੍ਰਿਸ਼ਨ ਜੀ ਸਾਰੀ ਸਥਿਤੀ ਸਮਝ ਗਏ ਸਨ। ਉਹ ਅੰਦਰ ਗਏ ਅਤੇ ਮਾਤਾ ਸੁਲੱਖਣੀ ਨਾਲ ਸਲਾਹ ਮਸ਼ਵਰਾ ਕੀਤਾ। ਮਹਿਮਾ ਪ੍ਰਕਾਸ਼ ਦੇ ਲੇਖਕ ਅਨੁਸਾਰ ਗੁਰੂ ਜੀ ਨੇ ਮਾਤਾ ਨੂੰ ਦੱਸ ਦਿੱਤਾ ਕਿ ਉਹ ਔਰੰਗਜੇਬ ਨੂੰ ਮਿਲਣ ਲਈ ਦਰਬਾਰ ਨਹੀਂ ਜਾਣਗੇ। ਇਹ ਵੀ ਕਿਹਾ ਜਾਂਦਾ ਹੈ ਕਿ ਦੀਵਾਨ ਦੁਰਗਾ ਮੱਲ ਨੇ ਗੁਰੂ ਜੀ ਨੂੰ ਮਸਲੇ ਦਾ ਇੱਕ ਹੱਲ ਵੀ ਦੱਸਿਆ ਕਿ ਉਹਨਾਂ ਨੂੰ ਬਾਦਸ਼ਾਹ ਨੂੰ ਮਿਲਣ ਤੋਂ ਪਹਿਲਾਂ ਹੀ ਦਿੱਲੀ ਤੋਂ ਕੂਚ ਕਰ ਜਾਣਾ ਚਾਹੀਦਾ ਹੈ ਤਾਂ ਕਿ ਇਹ ਨੌਬਤ ਹੀ ਨਾ ਆਵੇ। ਪਰੰਤੂ ਗੁਰੂ ਹਰ ਕ੍ਰਿਸ਼ਨ ਜੀ ਨੇ ਉੱਤਰ ਦਿੱਤਾ ਕਿ ਉਹ ਦਿੱਲੀ ਛੱਡ ਕੇ ਨਹੀਂ ਜਾਣਗੇ। ਉਹ ਤਾਂ ਪ੍ਰਮਾਤਮਾ ਦੀ ਇੱਛਾ ਦਾ ਪਾਲਣ ਕਰਨਗੇ ਬੇਸ਼ੱਕ ਉਹਨਾਂ ਦੀ ਜਾਨ ਚਲੀ ਜਾਵੇ। ਉਹਨਾਂ ਨੇ ਰਾਜਾ ਜੈ ਸਿੰਘ ਦੇ ਫਿਕਰ ਨੂੰ ਭਾਂਪਦਿਆ ਉਸਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦਾ ਬਾਦਸ਼ਾਹ ਤੋਂ ਕੋਈ ਨੁਕਸਾਨ ਨਹੀਂ ਹੋਣ ਦੇਣਗੇ। ਰਾਜਾ ਨੇ ਡੇਢ ਮਹੀਨਾ ਉਹਨਾਂ ਨੂੰ ਆਪਣੀ ਹਵੇਲੀ ਵਿੱਚ ਰੱਖਿਆ ਹੈ, ਮਾਣ-ਤਾਣ ਬਖਸ਼ਿਆ ਹੈ, ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ, ਉਹ ਰਾਜਾ ਜੈ ਸਿੰਘ ਜਿਹੇ ਸ਼ਰਧਾਲੂ ਸਿੱਖ ਨੂੰ ਕਿਸੇ ਮੁਸ਼ਕਿਲ ਵਿੱਚ ਨਹੀਂ ਪਾਉਣਾ ਚਾਹੁੰਦੇ। ਪਰ ਉਹ ਬਾਦਸ਼ਾਹ ਦੇ ਡਰ ਨਾਲ ਦਿੱਲੀ ਨਹੀਂ ਛੱਡਣਗੇ।

ਅਗਲੇ ਦੋ ਤਿੰਨ ਦਿਨ ਗੁਰੂ ਹਰ ਕ੍ਰਿਸ਼ਨ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਫਿਰ ਤੁਰ ਕੇ ਚੇਚਕ ਦੇ ਰੋਗੀਆਂ ਦਾ ਇਲਾਜ ਕਰਦੇ ਰਹੇ। ਇੱਕ ਦਿਨ ਸਵੇਰੇ ਹੀ ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੇ ਦੀਵਾਨ ਦੁਰਗਾ ਮੱਲ ਅਤੇ ਭਾਈ ਗੁਰਦਿੱਤਾ ਆਦੇਸ਼ ਦਿੱਤਾ ਕਿ ਉਹ ਆਪਣੇ ਕਾਫ਼ਲੇ ਦੇ ਠਹਿਰਣ ਲਈ ਕੋਈ ਹੋਰ ਯੋਗ ਥਾਂ ਲੱਭ ਲੈਣ ਕਿਉਂਕਿ ਹੁਣ ਅਸੀਂ ਰਾਜਾ ਜੈ ਸਿੰਘ ਦੀ ਹਵੇਲੀ ਵਿੱਚੋਂ ਚਲੇ ਜਾਣਾ ਹੈ। ਗੁਰੂ ਜੀ ਨੇ ਘੋੜ-ਸਵਾਰ ਹੋ ਕੇ ਆਪ ਜਗਾ ਲੱਭਣ ਲਈ ਕੁੱਝ ਖੇਤਰਾਂ ਦਾ ਮੁਆਇਨਾ ਕੀਤਾ। ਉਹਨਾਂ ਨੇ ਜਮਨਾ ਨਦੀ ਕਿਨਾਰੇ ਨਦੀ ਤੇ ਬਣੇ ਪੁਲ 'ਬਾਰਾਪੁਲਾ' ਕੋਲ ਤਿਲੋਕਹੇੜੀ ਪਿੰਡ ਨੇੜੇ ਇੱਕ ਸ਼ਾਂਤ ਅਤੇ ਸੁਹਾਣੀ ਥਾਂ ਦੀ ਚੋਣ ਕੀਤੀ। ਇੱਥੇ ਨੇੜੇ ਹੀ ਰਾਜਾ ਜੈ ਸਿੰਘ ਦੀ ਸੈਨਾ ਦਾ ਕੈਂਪ ਸੀ। ਸੂਰਜ ਪ੍ਰਕਾਸ਼ ਅਨੁਸਾਰ ਖੁਸ਼ ਹੋ ਕੇ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਇਸ ਥਾਂ 'ਤੇ ਤੰਬੂ ਗੱਡ ਦਿੱਤੇ ਜਾਣ। ਇੱਥੇ ਬੜਾ ਹੀ ਦਿਲ ਟੁੰਬਵਾ ਆਲਾ ਦੁਆਲਾ ਸੀ। ਇੱਥੇ ਰਹਿ ਕੇ ਗੁਰੂ ਹਰਕ੍ਰਿਸ਼ਨ ਤੇ ਉਹਨਾਂ ਦੇ ਸਿੱਖ ਅਰਾਮ ਕਰ ਸਕਦੇ ਸਨ, ਕੰਮ ਕਰਨ ਲਈ ਇੱਥੇ ਸ਼ਾਂਤੀ ਅਤੇ ਅਜ਼ਾਦੀ ਵੀ ਸੀ। ਗੁਰੂ ਜੀ ਦੀ ਮਾਤਾ ਸੁਲੱਖਣੀ ਵੀ ਆਪਣੇ ਪੁੱਤਰ ਦੇ ਨਵੇਂ ਲੱਭੇ ਟਿਕਾਣੇ ਵੱਲ ਰਵਾਨਾ ਹੋ ਗਈ। ਇੱਥੇ ਇਹ ਕਹਿਣਾ ਬਿਲਕੁਲ ਦਰੁਸਤ ਹੈ ਕਿ ਇਹ ਇੱਕ ਦਲੇਰੀ ਭਰਿਆ, ਬਹਾਦਰੀ ਭਰਪੂਰ ਅਤੇ ਅਜ਼ਾਦਾਨਾ ਫੈਸਲਾ ਸੀ। ਜਿਸ ਨਾਲ ਗੁਰੂ ਜੀ ਨੇ ਰਾਜਾ ਜੈ ਸਿੰਘ ਦੀ ਰੱਖਿਆ ਛਤਰੀ ਤਿਆਗ ਕੇ ਆਪਣੇ ਬਲ ’ਤੇ ਖੜਾ ਹੋਣਾ ਸੀ। ਉਹਨਾਂ ਔਰੰਗਜੇਬ ਦੀ ਮਿਲਣ ਦੀ ਇੱਛਾ ਦਾ ਸਤਿਕਾਰ ਨਹੀਂ ਕੀਤਾ, ਇਹ ਕਰਦੇ ਹੋਏ ਉਹਨਾਂ ਰਾਜਾ ਜੈ ਸਿੰਘ ਨੂੰ ਉਸਦੀ ਰੱਖਿਆ ਕਰਨ ਦੀ ਜਿੰਮੇਵਾਰੀ ਤੋਂ ਵੀ ਫਾਰਗ ਕਰ ਦਿੱਤਾ ਤਾਂ ਕਿ ਬਾਦਸ਼ਾਹ ਉਸਦੇ ਵਿਰੁੱਧ ਕੋਈ ਤਰਕਹੀਣ ਕਾਰਵਾਈ ਨਾ ਕਰੇ। ਜਿਸ ਥਾਂ 'ਤੇ ਗੁਰੂ ਜੀ ਰਹੇ ਉਥੇ ਹੁਣ ਸੁੰਦਰ ਗੁਰਦੁਆਰਾ 'ਬਾਲਾ ਸਾਹਿਬ' ਹੈ। ਤ੍ਰਿਲੋਚਨ ਸਿੰਘ ਲਿਖਦੇ ਹਨ ਕਿ ਰਾਜਾ ਜੈ ਸਿੰਘ ਦੀ ਰਾਣੀ ਆਨੰਦ ਕੌਰ ਗੁਰੂ ਜੀ ਦੇ ਹਵੇਲੀ ਛੱਡਣ ਦੇ ਅਚਨਚੇਤ ਕੀਤੇ ਫੈਸਲੇ ਕਾਰਨ ਬੇਚੈਨ ਹੋ ਗਈ। ਉਸਨੇ ਮਹਿਸੂਸ ਕੀਤਾ ਕਿ ਕੁਝ ਗਲਤ ਹੋ ਗਿਆ ਹੈ। ਰਾਜਾ ਜੈ ਸਿੰਘ ਇਸ ਸਮੇਂ ਆਪਣੇ ਕੰਮ 'ਤੇ ਨਿਕਲ ਚੁੱਕਿਆ ਸੀ। ਰਾਣੀ ਨੇ ਰਾਜੇ ਨੂੰ ਸਾਰੀ ਗੱਲ ਦੱਸ ਦਿੱਤੀ। ਕਿਹਾ ਜਾਂਦਾ ਹੈ ਕਿ ਰਾਜਾ ਜੈ ਸਿੰਘ ਗੁਰੂ ਜੀ ਕੋਲ ਆਇਆ ਅਤੇ ਖਿਮਾ ਜਾਚਨਾ ਕੀਤੀ। ਜੋ ਕੁਝ ਉਸਨੇ ਪਹਿਲਾਂ ਗੁਰੂ ਜੀ ਨੂੰ ਸੁਨੇਹਾ ਦਿੱਤਾ ਸੀ ਉਸਤੇ ਸ਼ਰਮਸਾਰ ਹੋਇਆ। ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਹਵੇਲੀ ਵਾਪਸ ਆ ਜਾਣ। ਰਾਜਾ ਜੈ ਸਿੰਘ ਦੇ ਜ਼ੋਰ ਦੇਣ 'ਤੇ ਗੁਰੂ ਜੀ ਦਾ ਦਿਲ ਪਸੀਜ ਗਿਆ। ਉਹਨਾਂ ਨੇ ਸਹਿਮਤੀ ਦਿੱਤੀ ਕਿ ਰਾਤ ਨੂੰ ਵਿਸ਼ਰਾਮ ਦੇ ਸਮੇਂ ਉਹ ਹਵੇਲੀ ਵਿੱਚ ਰਹਿਣਗੇ ਪਰੰਤੂ ਦਿਨ ਵੇਲੇ ਉਹ ਦਰਿਆ ਜਮਨਾ ਦੇ ਕਿਨਾਰੇ ਹੀ ਖੁੱਲ੍ਹਾ ਦਰਬਾਰ ਲਾਉਣਗੇ।

'ਲਾਈਫ ਆਫ਼ ਗੁਰੂ ਹਰ ਕ੍ਰਿਸ਼ਨ' ਵਿੱਚ ਤਰਲੋਚਨ ਸਿੰਘ ਲਿਖਦੇ ਹਨ ਕਿ ਔਰੰਗਜੇਬ ਨੇ ਰਾਜਾ ਜੈ ਸਿੰਘ ਨੂੰ ਬੁਲਾਇਆ। ਉਹਨਾਂ ਦੇ ਨਾਲ ਦੀਵਾਨ ਦੁਰਗਾ ਮੱਲ ਵੀ ਸੀ। 24 ਮਾਰਚ 1664 ਈ. ਦੇ ਇਸ ਦਿਨ ਬਾਦਸ਼ਾਹ ਨੇ ਦ੍ਰਿੜਤਾ ਨਾਲ ਹੁਕਮ ਕੀਤਾ ਕਿ 26 ਮਾਰਚ 1664 ਦੇ ਦਿਨ ਗੁਰੂ ਹਰ ਕ੍ਰਿਸ਼ਨ ਨੂੰ ਸ਼ਾਹੀ ਦਰਬਾਰ ਵਿੱਚ ਪੇਸ਼ ਹੋਣਾ ਪਵੇਗਾ। ਗੁਰੂ ਜੀ ਨੂੰ ਵੀ ਇਸ ਗੱਲ ਦੀ ਸੂਚਨਾ ਮਿਲ ਗਈ। ਉਹਨਾਂ ਨੇ ਕਿਹਾ 'ਜੋ ਪ੍ਰਮਾਤਮਾ ਕਰੇਗਾ, ਉਹੀ ਹੋਵੇਗਾ।'

ਦੂਸਰੇ ਦਿਨ 25 ਮਾਰਚ 1664 ਈ. ਸਵੇਰੇ ਗੁਰੂ ਜੀ ਨੇ ਵੱਡੀ ਸਿੱਖ ਸੰਗਤ ਨੂੰ ਆਖਰੀ ਸੰਦੇਸ਼ ਦਿੱਤਾ। ਸਾਰੇ ਹਾਜ਼ਰ ਲੋਕਾਂ ਨੂੰ ਹੱਥ ਹਿਲਾ ਕੇ ਅਸ਼ੀਰਵਾਦ ਦਿੱਤਾ ਤੇ ਐਲਾਨ ਕੀਤਾ ਕਿ ਅਗਲੇ ਪੰਜ ਦਿਨ ਉਹ ਸਮਾਧੀ ਵਿੱਚ ਰਹਿਣਗੇ। ਉਹ ਮਹਿਲ ਦੇ ਅੰਦਰਲੇ ਕਮਰੇ ਵਿੱਚ ਚਲੇ ਗਏ। ਉਹਨਾਂ ਨੇ ਹੁਕਮ ਦਿੱਤਾ ਕਿ ਕੋਈ ਵੀ ਵਿਅਕਤੀ ਉਹਨਾਂ ਨੂੰ ਪ੍ਰੇਸ਼ਾਨ ਨਹੀਂ ਕਰੇਗਾ। ਦਰਸ਼ਕ ਹਾਲ ਵਿੱਚ ਮਾਣਯੋਗ ਸਿੱਖ ਸ਼ਖਸ਼ੀਅਤਾਂ ਦੀ ਦੇਖ-ਰੇਖ ਵਿੱਚ ਕੀਰਤਨ ਚੱਲਦਾ ਰਹੇਗਾ। ਉਹ ਸ਼ਾਮ ਨੂੰ ਹਰ ਰੋਜ਼ ਹਾਲ ਵਿੱਚ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ।

26 ਮਾਰਚ 1664 ਈ. ਦੇ ਦਿਨ ਬਾਦਸ਼ਾਹ ਨੇ ਗੁਰੂ ਜੀ ਨੂੰ ਦਰਬਾਰ ਵਿੱਚ ਹਾਜ਼ਰ ਹੋਣ ਲਈ ਦਿਨ ਮਿਥਿਆ ਹੋਇਆ ਸੀ। ਰਾਜਾ ਜੈ ਸਿੰਘ ਨੇ ਮੁਗਲ ਸ਼ਾਸ਼ਕ ਨੂੰ ਸੂਚਨਾ ਦਿੱਤੀ ਕਿ ਗੁਰੂ ਜੀ ਨੂੰ ਬੁਖਾਰ ਹੈ ਇਸ ਲਈ ਉਹ ਬਾਦਸ਼ਾਹ ਨੂੰ ਨਹੀਂ ਨੂੰ ਮਿਲ ਸਕਦੇ। 'ਮਹਿਮਾ ਪ੍ਰਕਾਸ਼' ਵਿੱਚ ਲਿਖੇ ਅਨੁਸਾਰ 26 ਮਾਰਚ 1664 ਈ. ਦੇ ਦਿਨ ਤੱਕ ਇਹ ਸਾਫ਼ ਹੋ ਗਿਆ ਸੀ ਕਿ ਗੁਰੂ ਜੀ ਚੇਚਕ ਤੋਂ ਪੀੜਤ ਹਨ। ਬੀਮਾਰਾਂ ਦੀ ਸੇਵਾ ਕਰਨ ਵਾਲੇ ਅਤੇ ਉਹਨਾਂ ਨੂੰ ਠੀਕ ਕਰਨ ਵਾਲੇ ਗੁਰੂ ਜੀ ਨੂੰ ਉਸੇ ਰੋਗ ਨੇ ਘੇਰ ਲਿਆ ਸੀ। ਉਹਨਾਂ ਦੇ ਸ਼ਰੀਰ ਤੇ ਦਾਣੇ ਨਿਕਲ ਆਏ ਸਨ ਅਤੇ ਬੁਖਾਰ ਤੇਜ਼ ਸੀ। ਸਰੀਰ ਕਮਜ਼ੋਰ ਹੋ ਗਿਆ ਸੀ। ਪੋ੍ਫੈਸਰ ਪੂਰਨ ਸਿੰਘ ਆਪਣੀ ਪੁਸਤਕ 'ਦੀ ਬੁੱਕ ਆਫ਼ ਟੈਨ ਮਾਸਟਰਜ਼' ਵਿੱਚ ਲਿਖਦੇ ਹਨ ਕਿ ਗੁਰੂ ਹਰ ਕ੍ਰਿਸ਼ਨ ਜੀ ਦਾ ਇਸ ਤਰਾਂ ਬਿਮਾਰ ਹੋਣਾ ਇੱਕ ਤਰਾਂ ਰੋਸ ਮਾਤਰ ਸੀ। ਗੁਰੂ ਹਰ ਕ੍ਰਿਸ਼ਨ ਗਰੂ-ਪਿਤਾ ਹਰ ਰਾਇ ਦੀ ਤਰਾਂ ਔਰੰਗਜੇਬ ਨੂੰ ਮਿਲਣ ਦੇ ਵਿਰੁੱਧ ਸਨ। ਦਿੱਲੀ ਵਿੱਚ ਰਹਿੰਦਿਆਂ ਵਾਰ- ਵਾਰ ਉਹਨਾਂ ਨੂੰ ਮਿਲਣ ਲਈ ਕਿਹਾ ਗਿਆ। ਆਖਿਰ ਉਹ ਦਿੱਲੀ ਵਿੱਚ ਹੀ ਬਿਮਾਰ ਹੋ ਗਏ। ਸੋ ਇਹ ਬਿਮਾਰੀ ਰੋਸ ਮਾਤਰ ਸੀ।

ਚੇਚਕ ਦੇ ਹਮਲੇ ਦੇ ਪੰਜਵੇਂ ਦਿਨ 30 ਮਾਰਚ 1664 ਈ. ਨੂੰ ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੀ ਮਾਤਾ ਸੁਲੱਖਣੀ ਜੀ ਨੂੰ ਸੂਚਿਤ ਕਰਦਿਆਂ ਕਿਹਾ, "ਮੇਰਾ ਅੰਤਿਮ ਸਮਾਂ ਨੇੜੇ ਆ ਗਿਆ ਹੈ। ਮੈਂ ਇਹ ਸਰੀਰ ਛੱਡ ਦੇਵਾਂਗਾ ਅਤੇ ਮੇਰੀ ਆਤਮਾ ਪ੍ਰਮਾਤਮਾ ਨਾਲ ਰੌਸ਼ਨ ਹੋਵੇਗੀ।" ਮਹਿਮਾ ਪ੍ਰਕਾਸ਼ ਵਿੱਚ ਇਹ ਵੀ ਵਰਨਣ ਕੀਤਾ ਗਿਆ ਹੈ ਕਿ ਇਹ ਵਚਨ ਸੁਣਕੇ ਮਾਤਾ ਸੁਲੱਖਣੀ ਜੀ ਬਹੁਤ ਦੁਖੀ ਹੋਏ ਅਤੇ ਸਿੱਖ ਸੰਗਤ ਨੂੰ ਬੁਲਾਇਆ ਕਿ ਉਹ ਗੁਰੂ ਜੀ ਦੇ ਅੰਤਿਮ ਦਰਸ਼ਨ ਕਰ ਲੈਣ। ਉਹਨਾਂ ਨੇ ਸੰਗਤਾਂ ਨੂੰ ਗੁਰੂ ਗਰੰਥ ਸਾਹਿਬ ਦੀ ਓਟ ਲੈਣ ਲਈ ਕਿਹਾ ਤੇ ਨਸੀਹਤ ਦਿੱਤੀ ਕਿ ਬਾਣੀ ਦਾ ਸ਼ੁੱਧ ਹਿਰਦੇ ਨਾਲ ਪਾਠ ਕਰੋ ਅਤੇ ਸ਼ਰਧਾ ਨਾਲ ਆਪਣੀ ਜ਼ਿੰਦਗੀ ਵਿੱਚ ਢਾਲੋ। ਕਿਸੇ ਵੀ ਮੁਸੀਬਤ ਵੇਲੇ ਗੁਰੂ ਗਰੰਥ ਸਾਹਿਬ ਤੁਹਾਡੇ ਸਹਾਈ ਹੋਣਗੇ। ਸਰੀਰ ਸਦਾ ਰਹਿਣ ਵਾਲਾ ਨਹੀਂ ਹੈ। ਪਰ ਗੁਰ ਗੱਦੀ ਅਚੱਲ ਹੈ। ਉਸ ਦਾ ਪ੍ਰਤਾਪ ਕਦੇ ਵੀ ਨਹੀਂ ਘਟੇਗਾ। ਦਿਨੋ ਦਿਨ ਵਧੇਗਾ। ਸਤਿਨਾਮ ਦਾ ਸਿਮਰਨ ਕਰਦੇ ਰਹਿਣਾ। ਸੰਗਤ ਕਰਨਾ ਅਤੇ ਨਿਮਰਤਾ ਭਾਵ ਨਾਲ ਸੰਸਾਰ ਵਿੱਚ ਵਿਚਰਨਾ। ਇਹ ਮਿਠਾਸ ਭਰੇ ਸ਼ਬਦ ਸੁਣ ਕੇ ਸੰਗਤ ਵਿਸਮਾਦ ਵਿੱਚ ਚਲੀ ਗਈ। ਵਾਤਾਵਰਣ ਵਿੱਚ ਸ਼ਾਂਤੀ ਤੇ ਚੁੱਪ ਪਸਰੀ ਹੋਈ ਸੀ।

ਇਸ ਸਮੇਂ ਇੱਕ ਵਡੇਰੇ ਸਿੱਖ ਨੇ ਬੇਨਤੀ ਕੀਤੀ ਕਿ ਤੁਸੀਂ ਹੁਣ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ? 'ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, 'ਮਹਿਮਾ ਪ੍ਰਕਾਸ਼', ਸੂਰਜ ਪ੍ਰਕਾਸ਼', ਮੈਕਾਲਿਫ਼ ਤੇ ਹਰੀ ਰਾਮ ਗੁਪਤਾ ਦੀ ਕਿਤਾਬ 'ਹਿਸਟਰੀ ਆਫ਼ ਦੀ ਸਿੱਖ ਗੁਰੂਜ' ਦੇ ਪ੍ਰਮਾਣਾਂ ਅਨੁਸਾਰ ਗੁਰੂ ਹਰ ਕ੍ਰਿਸ਼ਨ ਜੀ ਨੇ ਪੰਜ ਪੈਸੇ ਅਤੇ ਇੱਕ ਨਾਰੀਅਲ ਮੰਗਵਾਇਆ। ਉਹਨਾਂ ਨੇ ਆਪਣੇ ਹੱਥ ਵਿੱਚ ਪੈਸੇ ਤੇ ਨਾਰੀਅਲ ਫੜਕੇ ਤਿੰਨ ਵਾਰ ਹਵਾ ਵਿੱਚ ਲਹਿਰਾਇਆ, ਜਿਵੇਂ ਸਿੱਖ ਗੁਰੂ ਆਪਣੇ ਉਤਰਾਧਿਕਾਰੀ ਦੀ ਚੋਣ ਸਮੇਂ ਰਸਮ ਕਰਦੇ ਸਨ, ਅਤੇ ਕਿਹਾ 'ਬਾਬਾ ਬਕਾਲੇ'। ਜਿਸ ਦਾ ਮਤਲਬ ਸੀ ਕਿ ਉਹਨਾਂ ਦਾ ਜਾਨਸ਼ੀਨ ਬਕਾਲੇ ਰਹਿੰਦਾ ਹੈ ਅਤੇ ਉਹ ਉਹਨਾਂ ਦਾ ਬਾਬਾ ਹੈ। ਵਰਨਣਯੋਗ ਹੈ ਕਿ ਇਹ ਇਸ਼ਾਰਾ ਗੁਰੂ ਤੇਗ ਬਹਾਦਰ ਵੱਲ ਸੀ। ਰਿਸ਼ਤੇ ਵਿੱਚ ਤੇਗ ਬਹਾਦਰ ਉਹਨਾਂ ਦੇ ਦਾਦਾ ਸਨ। ਬਾਬਾ ਗੁਰਦਿੱਤਾ ਦੇ ਛੋਟੇ ਭਰਾ ਅਤੇ ਗੁਰੂ ਹਰਗੋਬਿੰਦ ਦੇ ਸਪੁੱਤਰ ਤੇਗ਼ ਬਹਾਦਰ ਬਹੁਤ ਸਮੇਂ ਤੋਂ ਬਾਬਾ ਬਕਾਲਾ ਵਿਖੇ ਰਹਿ ਕੇ ਪ੍ਰਭੂ ਭਗਤੀ ਵਿੱਚ ਲੀਨ ਸਨ। ਉਹਨਾਂ ਨੇ ਬਾਹਰੀ ਜਗਤ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਰੱਖਿਆ ਹੋਇਆ। ਸਾਰਾ ਦਿਨ ਪ੍ਰਭੂ ਸਿਮਰਨ ਵਿੱਚ ਹੀ ਬਿਤਾਉਂਦੇ ਸਨ। ਉਹਨਾਂ ਨੇ ਕਦੇ ਗੁਰਗੱਦੀ ਬਾਰੇ ਸੋਚਿਆ ਵੀ ਨਹੀਂ ਸੀ।

ਕੁਝ ਸਮਾਂ ਪਿੱਛੋਂ ਗੁਰੂ ਹਰ ਕ੍ਰਿਸ਼ਨ ਜੀ ਨੇ ਅੰਤਿਮ ਸਾਹ ਲਿਆ। ਇਹ ਚੇਤਰ ਸਦੀ 14 ਬਿਕਰਮੀ ਸੰਮਤ 1721 ਸੀ ਤੇ 30 ਮਾਰਚ 1664 ਸੀ। ਗੁਰੂ ਜੀ ਦੀ 'ਜਿੰਦਗੀ ਦਾ ਸਮਾਂ ਘੱਟ ਸੀ, ਉਮਰ ਛੋਟੀ ਸੀ ਅਤੇ ਗੁਰਗੱਦੀ ਦਾ ਸਮਾਂ ਵੀ ਥੋੜਾ ਹੀ ਮਿਲਿਆ। ਪਰੰਤੂ ਇਤਿਹਾਸਕਾਰ ਇਸ ਗੱਲ 'ਤੇ ਇੱਕਮੱਤ ਹਨ ਕਿ ਗੁਰੂ ਹਰ ਕ੍ਰਿਸ਼ਨ ਦਾ ਸਮਾਂ ਘਟਨਾਵਾਂ ਰਹਿਤ ਨਹੀਂ ਸੀ। ਅਸੀਂ ਜਾਣਦੇ ਹਾਂ ਕਿ ਗੁਰੂ ਹਰ ਕ੍ਰਿਸ਼ਨ ਨੇ ਨਾ ਕੇਵਲ ਪਹਿਲਾਂ ਚਲਦੀਆਂ ਸਿੱਖ ਸੰਸਥਾਵਾਂ, ਰੀਤਾਂ ਰਿਵਾਜਾਂ ਅਤੇ ਮਰਿਯਾਦਾ ਨੂੰ ਸਥਿਰ ਕੀਤਾ ਸਗੋਂ ਜਾਰੀ ਵੀ ਰੱਖੀਆਂ। ਖਾਸ ਕਰਕੇ ਲੰਗਰ ਤੇ ਸੰਗਤ ਦੀ ਪ੍ਰਥਾ ਤੇ ਬੇਹੱਦ ਜ਼ੋਰ ਦਿੱਤਾ। ਇਸਤੋਂ ਵੀ ਜ਼ਿਆਦਾ ਯਾਦ ਰੱਖਣ ਯੋਗ ਕੰਮ ਉਹਨਾਂ ਨੇ ਵਿਅਕਤੀ-ਗੁਰੂ ਦੀ ਸੰਸਥਾ ਨੂੰ ਆਦਿ ਗਰੰਥ ਨਾਲ ਪਰਸਪਰ ਮਿਲਾਇਆ ਅਤੇ ਇਸਦੇ ਅਦੁੱਤੀ ਅਤੇ ਅਮਰ ਸੁਭਾਅ ਵੱਲ ਇਸ਼ਾਰਾ ਕਰਦੇ ਹੋਏ ਸਿੱਖ ਧਰਮ ਦੇ ਗੁਰਮਤਿ ਵਿਚਾਰ ਨੂੰ ਉਭਾਰਿਆ ਅਤੇ ਇਸਦੇ ਉੱਪਰ ਅਮਲ ਕਰਨ ਦਾ ਜ਼ੋਰ ਦਿੱਤਾ। ਉਹਨਾਂ ਅਨੁਸਾਰ ਆਦਿ ਗ੍ਰੰਥ ਵਿੱਚ ਲਿਖਿਆ ਹੋਇਆ ਸ਼ਬਦ ਜਾਂ ਬਾਣੀ ਹੀ ਗੁਰੂ ਹੈ ਅਤੇ ਇਸ ਤਰਾਂ ਉਹਨਾਂ ਨੇ ਗੁਰੂ-ਵਿਅਕਤੀ ਦੇ ਰੂਪ ਵਿੱਚ ਸੰਸਥਾ ਨਾਲੋਂ ਨਿਖੇੜਣ ਦਾ ਸੁਝਾਅ ਦਿੱਤਾ। ਇਹ ਸੁਪਨਾ ਗੁਰੂ ਗੋਬਿੰਦ ਸਿੰਘ ਦਸਵੇਂ ਸਿੱਖ ਗੁਰੂ ਵੇਲੇ ਸਾਕਾਰ ਹੋਇਆ ਜਦ ਉਹਨਾਂ ਨੇ 1699 ਈ. ਨੂੰ ਵਿਸਾਖੀ ਵਾਲੇ ਦਿਨ 'ਖਾਲਸਾ ਪੰਥ' ਦੀ ਸਾਜਨਾ ਕੀਤੀ। ਉਹਨਾਂ ਦੀ ਮੌਤ ਤੋਂ ਬਾਦ ਕੋਈ ਵੀ ਵਿਅਕਤੀ ਗੁਰੂ ਨਹੀਂ ਹੋਇਆ ਅਤੇ ਗੁਰੂਆਈ ਸਿੱਖ ਧਰਮ ਦੇ ਮਹਾਨ ਅਤੇ ਸਤਿਕਾਰਤ ਗ੍ਰੰਥ ਆਦਿ ਗ੍ਰੰਥ ਕੋਲ ਹੈ।

ਗੁਰੂ ਹਰ ਕ੍ਰਿਸ਼ਨ ਜੀ ਛੋਟੀ ਉਮਰ ਦੇ ਬਾਵਜੂਦ ਦ੍ਰਿੜ ਇਰਾਦੇ ਦੇ ਮਾਲਕ ਸਨ ਅਤੇ ਆਪਣੀ ਅਧਿਆਤਮਿਕ ਵਿਰਾਸਤ ਨੂੰ ਸਾਂਭਣ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਹਨਾਂ ਨੇ ਆਪਣੇ ਵੱਡੇ ਭਰਾ ਰਾਮ ਰਾਇ ਜੋ ਮੁਗਲ ਬਾਦਸ਼ਾਹ ਔਰੰਗਜੇਬ ਦੇ ਹੱਥਾਂ ਵਿੱਚ ਖੇਡ ਰਿਹਾ ਸੀ ਅਤੇ ਭ੍ਰਿਸ਼ਟ ਮਸੰਦ ਜੋ ਭੋਲੇ ਭਾਲੇ ਸਿੱਖਾਂ ਨੂੰ ਲੁੱਟ ਰਹੇ ਸਨ, ਵਿਰੁੱਧ ਭੁਗਤ ਕੇ ਅਤੇ ਬਾਦਸ਼ਾਹ ਨੂੰ ਨਾ ਮਿਲ ਕੇ ਆਪਣੀ ਪ੍ਰਪੱਕ ਸੋਚ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਦਲੇਰੀ ਨਾਲ ਰਾਮ ਰਾਇ ਅਤੇ ਬਾਦਸ਼ਾਹ ਔਰੰਗਜੇਬ ਦੀਆਂ ਕੁਚਾਲਾਂ ਦਾ ਜੁਆਬ ਦਿੱਤਾ। ਉਹ ਆਪਣੇ ਫੈਸਲੇ 'ਤੇ ਡਟੇ ਰਹੇ ਅਤੇ ਸ਼ਾਹੀ ਦਰਬਾਰ ਵਿੱਚ ਨਾ ਜਾਣ ਦਾ ਆਪਣੇ ਪਿਤਾ ਨੂੰ ਦਿੱਤਾ ਵਚਨ ਨਿਭਾਇਆ। ਉਹ ਸਿੱਖ ਧਰਮ ਦੀਆਂ ਨੈਤਿਕ ਅਤੇ ਅਧਿਆਤਮਕ ਗਤੀਵਿਧੀਆਂ ਨੂੰ ਕਾਇਮ ਰੱਖਣ ਤੇ ਚਾਲੂ ਰੱਖਣ ਵਿੱਚ ਸਫ਼ਲ ਰਹੇ। ਉਹਨਾਂ ਨੇ ਸਿੱਖ ਧਰਮ ਦੇ ਆਗੂ ਦੇ ਤੌਰ 'ਤੇ ਧਰਮ ਵਿੱਚ ਏਕਤਾ ਤੇ ਅਖੰਡਤਾ ਬਣਾਈ ਰੱਖਣ ਲਈ ਆਪਣੀ ਪੂਰੀ ਵਾਹ ਲਾਈ। ਉਹਨਾਂ ਨੇ ਨਿਡਰਤਾ ਤੇ ਸਾਹਸ ਦੇ ਗੁਣਾਂ ਦਾ ਉਹ ਪ੍ਰਗਟਾਵਾ ਕੀਤਾ ਜੋ ਇੱਕ ਸ਼ਹੀਦ ਵਿੱਚ ਹੋਣੇ ਚਾਹੀਦੇ ਹਨ। ਇਹ ਅੱਗੇ ਸਿੱਖ ਧਰਮ ਦੇ ਪੈਰੋਕਾਰਾਂ ਲਈ ਯਾਦ ਰੱਖਣ ਯੋਗ ਸਬਕ ਸੀ।

ਉਹਨਾਂ ਦਾ ਅੰਤਿਮ ਕੰਮ ਗੁਰੂ ਤੇਗ ਬਹਾਦਰ ਨੂੰ ਆਪਣਾ ਉਤਰਾਧਿਕਾਰੀ ਚੁਨਣਾ ਵੀ ਉਹਨਾਂ ਦਾ ਦੂਰ-ਅੰਦੇਸ਼ੀ, ਹਾਜ਼ਰ ਜੁਆਬੀ ਅਤੇ ਸੰਤ ਸੁਭਾਅ ਦੇ ਅਨੁਕੂਲ ਸੀ। ਬੇਸ਼ੱਕ ਉਹ ਬਹੁਤ ਬੀਮਾਰ ਸਨ, ਚੇਚਕ ਨੇ ਉਹਨਾਂ 'ਤੇ ਜਬਰਦਸਤ ਹਮਲਾ ਕੀਤਾ ਸੀ ਅਤੇ ਉਹ ਉਸ ਸਮੇਂ ਮੌਤ ਦੇ ਬਿਲਕੁਲ ਨੇੜੇ ਸਨ, ਫਿਰ ਵੀ ਉਹਨਾਂ ਨੇ ਰਾਮ ਰਾਇ, ਧੀਰਮੱਲ ਅਤੇ ਸੂਰਜ ਮੱਲ ਦੇ ਪੁੱਤਰਾਂ ਤੇ ਸੋਢੀਆਂ ਦੀ ਬਜਾਏ ਸਹੀ ਗੁਰੂ ਤੇਗ ਬਹਾਦਰ ਦੀ ਚੋਣ ਕੀਤੀ। ਉਹਨਾਂ ਨੇ ਸਿੱਖ ਸਮਾਜ ਤੇ ਧਰਮ ਦੀ ਵਾਗਡੋਰ ਯੋਗ ਤੇ ਨੇਕ ਦਿਲ ਸ਼ਖਸ਼ੀਅਤ ਤੇਗ ਬਹਾਦਰ ਦੇ ਹੱਥ ਦਿੱਤੀ। ਇਸ ਫੈਸਲੇ ਨਾਲ ਸਿੱਖ ਰਾਮ ਰਾਇ, ਧੀਰਮੱਲ ਅਤੇ ਕੀਰਤਪੁਰ ਦੇ ਦੂਸਰੇ ਸੋਢੀਆਂ ਤੋਂ ਦੂਰ ਹੋ ਗਏ ਅਤੇ ਬਕਾਲੇ ਜਾ ਕੇ ਉਹਨਾਂ ਨੇ ਆਪਣੇ ਧਾਰਮਿਕ ਆਗੂ ਨੂੰ ਲੱਭ ਲਿਆ।

ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੀ ਨਿਰਸਵਾਰਥ ਅਤੇ ਸ਼ਰਧਾ ਸੇਵਾ ਭਾਵਨਾ ਨਾਲ ਬਹੁਤ ਸਾਰੇ ਸਿੱਖਾਂ ਨੂੰ ਸਿੱਖ ਧਰਮ ਨਾਲ ਜੋੜਿਆ। ਦਿੱਲੀ ਵਿੱਚ ਉਹਨਾਂ ਨੇ ਦੋ ਮਹਾਂਮਾਰੀਆਂ ਹੈਜ਼ੇ ਅਤੇ ਚੇਚਕ ਦੌਰਾਨ ਖੁਦ ਘਰ-ਘਰ ਜਾ ਕੇ ਲੋਕਾਂ ਨੂੰ ਦੇਖਿਆ ਸੰਭਾਲਿਆ, ਦੁੱਖ ਦੂਰ ਕੀਤੇ ਅਤੇ ਦੁਆ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ। ਦੁਖੀ ਮਨੁੱਖਤਾ ਨੂੰ ਸੰਭਾਲਦੇ ਅਤੇ ਛੂਤ ਦੀਆਂ ਇਹਨਾਂ ਬਿਮਾਰੀਆਂ ਦਾ ਇਲਾਜ ਕਰਦੇ ਹੋਏ ਉਹ ਆਪ ਚੇਚਕ ਦਾ ਸ਼ਿਕਾਰ ਹੋ ਗਏ। ਦਿੱਲੀ ਦੇ ਸਿੱਖ ਗੁਰੂ ਹਰਕ੍ਰਿਸ਼ਨ ਜੀ ਦੇ ਪਵਿੱਤਰ ਅਤੇ ਸੰਤਾਂ ਵਾਲੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਗੁਰੂ ਜੀ ਨੂੰ ਸੱਚੇ ਗੁਰੂ ਦੇ ਰੂਪ ਵਿੱਚ ਸਵੀਕਾਰ ਕੀਤਾ। ਉਹਨਾਂ ਨੇ ਰਾਮ ਰਾਇ ਅਤੇ ਉਸਦੇ ਮਨਮੁਖ ਸੁਭਾਅ ਦੇ ਮਸੰਦਾਂ ਤੋਂ ਮੁੱਖ ਮੋੜ ਲਿਆ ਅਤੇ ਇਸ ਨਾਲ ਸਿੱਖ ਧਰਮ ਨੂੰ ਏਕਤਾ, ਬਲ ਅਤੇ ਵੱਡੀ ਵਡਿਆਈ ਮਿਲੀ।

ਅੱਠਵੇਂ ਗੁਰੂ ਹਰ ਕ੍ਰਿਸ਼ਨ ਛੋਟੀ ਅਵਸਥਾ ਵਿੱਚ ਹੀ ਬਿਰਧ ਗਿਆਨ ਵਾਲੇ ਸਨ, ਉਹ ਤਾਂ ਸਗੋਂ ਰੱਬੀ ਜੋਤ ਸਨ। ਰੱਬੀ ਜੋਤ ਜਿਸ ਵਿੱਚ ਦਾਖਲ ਹੋ ਜਾਂਦੀ ਹੈ ਉਹ ਹੀ ਗੁਰੂ ਅਖਾਵਾਉਣ ਤੇ ਮੰਨਣ ਦਾ ਅਧਿਕਾਰੀ ਹੈ। ਸਤਿਬੀਰ ਸਿੰਘ 'ਅਸੁਟਮ ਬਲਬੀਰਾ' ਵਿੱਚ ਲਿਖਦੇ ਹਨ ਕਿ ਗੁਰੂ ਜੋਤ ਅੱਗੇ ਰਿਸ਼ਤੇ ਨਾਤੇ ਕੋਈ ਮੁੱਲ ਨਹੀਂ ਰੱਖਦੇ। ਸਿੱਖ ਘਰ ਵਿਅਕਤੀ ਪ੍ਰਧਾਨ ਨਹੀਂ, ਸ਼ਬਦ ਤੇ ਹੁਕਮ ਪ੍ਰਧਾਨ ਹੈ। ਸਿੱਖ ਧਰਮ ਵਿੱਚ ਗੁਰੂ ਦੇ ਸਚਖੰਡ ਜਾਣ ਵੇਲੇ ਵੀ 'ਜੋਤੀ ਜੋਤ ਸਮਾਉਣਾ' ਕਿਹਾ ਜਾਂਦਾ ਹੈ। ਇਹ ਨਾ ਅਕਾਲ ਚਲਾਣਾ ਹੈ, ਨਾ ਚੜਾਈ ਹੈ ਅਤੇ ਨਾ ਹੀ ਮੌਤ ਹੈ। ਗੁਰੂ ਜੋਤ ਆਪੇ ਆਪ ਹੈ, ਉਹ ਕਿਸੇ ਸਹਾਰੇ ਜਾਂ ਆਸਰੇ ਨਹੀਂ, ਗੁਰੂ ਜੋਤ ਨੂੰ ਕਦੇ ਮੱਧਮ ਨਹੀਂ ਹੋਣ ਦਿੰਦਾ।