ਸਿੱਖ ਗੁਰੂ ਸਾਹਿਬਾਨ/ਗੁਰੂ ਤੇਗ ਬਹਾਦਰ ਜੀ

ਸ਼੍ਰੀ ਗੁਰੂ ਤੇਗ਼ ਬਹਾਦਰ ਜੀ

'ਤੇਗ ਬਹਾਦਰ ਸਿਮਰੀਐ ਘਰ ਨੌਂ ਨਿਧ ਆਏ ਧਾਇ।।'

ਅਠਾਰਾਂ ਅਪ੍ਰੈਲ 1622 ਈ. ਨੂੰ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਦਾ ਜਨਮ ਅੰਮ੍ਰਿਤਸਰ ਵਿਖੇ ਗੁਰੂ ਕਾ ਮਹੱਲ ਵਿੱਚ ਹੋਇਆ। ਆਪ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ। ਇਹਨਾਂ ਦੀ ਮਾਤਾ ਦਾ ਨਾਂ ਨਾਨਕੀ ਸੀ ਉਹ ਸ਼ੁਰੂ ਤੋਂ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਉਹ ਸੰਸਾਰਿਕ ਕੰਮਾਂ ਵਿੱਚ ਦਿਲਚਸਪੀ ਨਹੀਂ ਰੱਖਦੇ ਸਨ। ਪਿਤਾ ਗੁਰੂ ਹਰਗੋਬਿੰਦ ਦੀ ਮੌਤ ਤੋਂ ਬਾਅਦ ਉਹ ਆਪਣੀ ਮਾਤਾ ਨਾਲ 'ਬਕਾਲਾ' ਵਿਖੇ ਰਹਿਣ ਲੱਗੇ ਅਤੇ ਉੱਥੇ ਉਹਨਾਂ ਨੇ ਬਹੁਤ ਸਾਲ ਇਕਾਂਤਵਸ ਜੀਵਨ ਬਤੀਤ ਕੀਤਾ। ਗੁਰੂ ਹਰ ਗੋਬਿੰਦ ਸਾਹਿਬ ਨੇ ਉਹਨਾਂ ਨੂੰ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਦੀ ਦੇਖ ਰੇਖ ਵਿੱਚ ਪੜਾਈ ਲਈ ਛੱਡ ਦਿੱਤਾ। ਜਿਹਨਾਂ ਨੇ ਸਿੱਖਿਆ ਦੇ ਨਾਲ-ਨਾਲ ਤੇਗ ਬਹਾਦਰ ਨੂੰ ਤੀਰ-ਅੰਦਾਜੀ, ਘੋੜ-ਸਵਾਰੀ ਤੇ ਲੜਾਈ ਦੇ ਗੁਰ ਵੀ ਸਮਝਾਏ। ਗੁਰੂ ਤੇਗ ਬਹਾਦਰ ਨੂੰ ਪੁਰਾਣੀਆਂ ਸਾਖੀਆਂ ਅਤੇ ਗੁਰਬਾਣੀ ਵਿੱਚ ਵੀ ਨਿਪੁੰਨ ਕੀਤਾ ਗਿਆ। ਉਹਨਾਂ ਨੇ ਦੋਹਾਂ ਖੇਤਰਾਂ ਵਿੱਚ ਖ਼ਾਸ ਦਿਲਚਸਪੀ ਦਿਖਾਈ ਅਤੇ ਨਿਪੁੰਨਤਾ ਹਾਸਲ ਕੀਤੀ। ਗੁਰੂ ਤੇਗ ਬਹਾਦਰ ਦੇ ਬਕਾਲਾ ਰਹਿੰਦੇ ਸਮੇਂ ਹੀ ਗੁਰੂ ਹਰ ਰਾਇ ਅਤੇ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰੂਆਈ ਮਿਲ ਚੁੱਕੀ ਸੀ ਪਰ ਗੁਰੂ ਤੇਗ ਬਹਾਦਰ ਨੇ ਗੁਰਗੱਦੀ ਲੈਣ ਵਿੱਚ ਵੀ ਕੋਈ ਉਤਸ਼ਾਹ ਨਹੀਂ ਦਿਖਾਇਆ।

ਗੁਰੂ ਤੇਗ ਬਹਾਦਰ ਜੀ ਦੀ ਸ਼ਾਦੀ ਮਾਤਾ ਗੁਜਰੀ ਜੀ ਨਾਲ ਹੋਈ। ਉਹ ਕਰਤਾਰਪੁਰ ਦੇ ਰਹਿਣ ਵਾਲੇ ਲਾਲਚੰਦ ਖੱਤਰੀ ਦੀ ਧੀ ਸਨ। ਉਸ ਸਮੇਂ ਗੁਰੂ ਜੀ ਦੀ ਉਮਰ ਗਿਆਰਾਂ ਸਾਲ ਸੀ। ਸ਼ਾਦੀ ਤੋਂ ਬਹੁਤ ਸਮਾਂ ਬਾਅਦ 1666 ਈ. ਨੂੰ ਉਹਨਾਂ ਦੇ ਘਰ ਬਾਲ ਗੋਬਿੰਦ ਦਾ ਜਨਮ ਹੋਇਆ ਜੋ ਸਿੱਖ ਧਰਮ ਦੇ ਦਸਵੇਂ ਗੁਰੂ ਬਣੇ।

ਗੁਰੂ ਹਰ ਕ੍ਰਿਸ਼ਨ ਜੀ ਅੱਠਵੇਂ ਸਿੱਖ ਗੁਰੂ ਜੀ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਨੇ ਅਗਲੇ ਵਾਰਸ ਲਈ ਸਿਰਫ਼ ਇਸ਼ਾਰਾ ਹੀ ਕੀਤਾ ਅਤੇ ਕਿਹਾ, 'ਬਾਬਾ ਬਕਾਲੇ'। ਸਿੱਖਾਂ ਲਈ ਇਹ ਇਸ਼ਾਰਾ ਸਮਝਣਾ ਮੁਸ਼ਕਿਲ ਹੋ ਗਿਆ ਸੀ ਕਿਉਂਕਿ ਸੋਢੀ ਖਾਨਦਾਨ ਵਿੱਚੋਂ 22 ਜਣੇ ਆਪਣੇ ਆਪ ਗੁਰੂ ਬਣ ਬੈਠੇ ਅਤੇ ਸਿੱਖਾਂ ਤੋਂ ਚੜਾਵਾ ਲੈਣ ਲੱਗੇ। ਕੁੱਝ ਸਿਆਣੇ ਸਿੱਖਾਂ ਨੇ ਮਸਲੇ ਦਾ ਹੱਲ ਕੱਢਿਆ। ਗੁਰੂ ਤੇਗ ਬਹਾਦਰ ਗੁਰੂ ਹਰ ਕ੍ਰਿਸ਼ਨ ਦੇ ਬਾਬਾ ਜੀ ਸਨ, ਇਸ ਲਈ ਬਾਲ-ਗੁਰੂ ਦਾ ਇਸ਼ਾਰਾ ਉਹਨਾਂ ਵੱਲ ਹੀ ਸੀ। ਉਹ ਮੱਖਣ ਸ਼ਾਹ ਲੁਬਾਣਾ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਕੋਲ 'ਬਕਾਲਾ' ਗਏ ਤੇ ਉਹਨਾਂ ਨੂੰ ਗੁਰਗੱਦੀ ਗ੍ਰਹਿਣ ਕਰਨ ਲਈ ਕਿਹਾ। ਪਰ ਗੁਰੂ ਜੀ ਨੂੰ ਸੰਸਾਰਿਕ ਖੁਸ਼ੀਆਂ ਨਾਲ ਕੋਈ ਮੋਹ ਨਹੀਂ ਸੀ, ਉਹ ਇਹਨਾਂ ਖੁਸ਼ੀਆਂ ਨੂੰ ਛਲਾਵਾ ਸਮਝਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਇਹ ਚੀਜ਼ਾਂ ਦੁੱਖ ਤਕਲੀਫਾਂ ਹੀ ਦਿੰਦੀਆਂ ਹਨ। ਉਹ ਗੰਭੀਰ ਮੁਦਰਾ ਵਿੱਚ ਰਹਿੰਦੇ ਅਤੇ ਸਮਾਧੀ ਵਿੱਚ ਲੀਨ ਹੋ ਜਾਂਦੇ। ਗੁਰੂ-ਪਿਤਾ ਨੂੰ ਇੱਕ ਵਾਰ ਗੁਰੂ-ਮਾਤਾ ਨੇ ਤੇਗ ਬਹਾਦਰ ਦੇ ਇਸ ਸੁਭਾਅ ਬਾਰੇ ਚਿੰਤਾ ਵੀ ਜ਼ਾਹਰ ਕੀਤੀ ਸੀ। ਗੁਰੂ ਜੀ ਨੇ ਦੱਸਿਆ ਸੀ ਕਿ ਤੇਗ ਬਹਾਦਰ ਵੱਡੇ ਅਧਿਆਤਮਕ ਤੇ ਧਾਰਮਕ ਗੁਰੂ ਬਣਨਗੇ ਤੇ ਲੋੜ ਪੈਣ 'ਤੇ ਧਰਮ ਲਈ ਜੀਵਨ ਵੀ ਕੁਰਬਾਨ ਕਰ ਦੇਣਗੇ। ਭਾਈ ਮੱਖਣ ਸ਼ਾਹ, ਗੁਰੂ ਮਾਤਾ ਤੇ ਹੋਰ ਸਿੱਖਾਂ ਦੇ ਜ਼ੋਰ ਪਾਉਣ 'ਤੇ ਗੁਰੂ ਤੇਗ ਬਹਾਦਰ ਤੇ ਜੀ ਨੇ ਗੁਰਗੱਦੀ ਲੈਣੀ ਸਵੀਕਾਰ ਕਰ ਲਈ ਉਸ ਵੇਲੇ ਉਹਨਾਂ ਦੀ ਉਮਰ 44 ਸਾਲ ਸੀ। ਗੁਰੂ ਜੀ ਦੀ ਚੋਣ ਕਰਕੇ ਗੁਰਗੱਦੀ ਤੇ ਬਿਠਾਉਣ ਕਰਕੇ ਸਿੱਖ ਸੰਗਤਾਂ ਅਨੰਦਮਈ ਅਵਸਥਾ ਵਿੱਚ ਆ ਗਈਆਂ। ਮੱਖਣ ਸ਼ਾਹ ਨੇ ਉੱਚੀ ਆਵਾਜ਼ ਵਿੱਚ ਕਿਹਾ, 'ਗੁਰੂ ਲਾਧੋ ਰੇ, ਗੁਰੂ ਲਾਧੋ ਰੇ'।

ਧੀਰਮੱਲ ਦੇ ਵਿਰੋਧ ਕਰਨ ਤੇ ਗੁਰੂ ਤੇਗ ਬਹਾਦਰ ਅੰਮ੍ਰਿਤਸਰ ਚਲੇ ਗਏ। ਇਥੇ ਵੀ ਪ੍ਰਿਥੀ ਚੰਦ ਦੇ ਵਾਰਸਾਂ ਅਤੇ ਕੁੱਝ ਭ੍ਰਿਸ਼ਟ ਮਸੰਦਾਂ ਨੇ ਮਿਲਕੇ ਗੁਰੂ ਜੀ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਨਾ ਦਿੱਤੇ। ਉਹ ਕੁਝ ਸਮਾਂ ਕਰਤਾਰਪੁਰ ਰਹੇ ਜਿੱਥੇ ਉਹਨਾਂ ਨੇ ਇੱਕ ਕਿਲੇ ਦੀ ਉਸਾਰੀ ਕਰਵਾਈ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਆਉਣ ਲੱਗੀਆਂ। ਗੁਰੂ ਜੀ ਭਗਤੀ ਦੇ ਨਾਲ-ਨਾਲ ਦਰਬਾਰ ਵੀ ਲਾਉਂਦੇ ਅਤੇ ਸਿੱਖਾਂ ਨੂੰ ਗੁਰਬਾਣੀ ਦੀ ਦਾਤ ਵੀ ਬਖਸ਼ਦੇ। ਗੁਰੂ ਜੀ ਕੀਰਤਪੁਰ ਜਾ ਕੇ ਰਹਿਣਾ ਚਾਹੁੰਦੇ ਸਨ। ਪਰ ਇੱਥੇ ਮਾਹੌਲ ਸੁਖਾਵਾਂ ਨਹੀਂ ਸੀ। ਸੋਢੀਆਂ ਦੇ ਵਿਰੋਧ ਕਾਰਨ ਕੀਰਤਪੁਰ ਰਹਿਣਾ ਝਮੇਲੇ ਵਿੱਚ ਪੈਣਾ ਸੀ ਜਦਕਿ ਇਹ ਗੁਰੂ ਜੀ ਦੇ ਸੁਭਾਅ ਦੇ ਅਨੁਕੂਲ ਨਹੀਂ ਸੀ।

ਗੁਰੂ ਤੇਗ ਬਹਾਦਰ ਨੇ ਕਹਿਲੂਰ ਦੇ ਰਾਜਾ ਤੋਂ ਜ਼ਮੀਨ ਖਰੀਦੀ ਅਤੇ ਕੀਰਤਰਪੁਰ ਤੋਂ ਛੇ ਕਿਲੋਮੀਟਰ ਦੀ ਦੂਰੀ 'ਤੇ 'ਅਨੰਦਪੁਰ’ ਨਾਂ ਦਾ ਸ਼ਹਿਰ ਵਸਾਇਆ। ਸ਼ਹਿਰ ਦੀ ਉਸਾਰੀ ਲਈ ਸਿੱਖ ਸੰਗਤਾਂ ਦੂਰੋਂ ਨੇੜਿਓ ਇੱਥੇ ਆ ਕੇ ਯੋਗਦਾਨ ਪਾਉਣ ਲੱਗੀਆਂ। ਸਿੱਖ ਅਨੰਦਪੁਰ ਸਾਹਿਬ ਵਿਖੇ ਬਸੇਰੇ ਬਣਾ ਕੇ ਰਹਿਣ ਲੱਗੇ। ਥੋੜੇ ਸਮੇਂ ਬਾਅਦ ਉਹ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਦਿੱਲੀ ਪਹੁੰਚੇ। ਇੱਥੇ ਦੀਆਂ ਸਿੱਖ ਸੰਗਤਾਂ ਬਹੁਤ ਖੁਸ਼ ਹੋਈਆਂ। ਔਰੰਗਜੇਬ ਦੇ ਦਰਬਾਰੀ ਰਾਜਾ ਜੈ ਸਿੰਘ ਤੇ ਕੰਵਰ ਰਾਮ ਸਿੰਘ, ਜੋ ਗੁਰੂ ਜੀ ਦੇ ਬਹੁਤ ਹੀ ਸ਼ਰਧਾਲੂ ਸਨ, ਮਿਲਕੇ ਬਹੁਤ ਪ੍ਰਸੰਨ ਹੋ ਗੁਰੂ ਜੀ ਗਏ। ਗੁਰੂ ਜੀ ਇੱਥੋਂ ਪਟਨਾ ਚਲੇ ਗਏ। ਪਰਿਵਾਰ ਨੂੰ ਪਟਨਾ ਛੱਡ ਕੇ ਗੁਰੂ ਜੀ ਅਸਾਮ (ਕਾਮਰੂਪ) ਦੀ ਯਾਤਰਾ 'ਤੇ ਨਿਕਲ ਗਏ। ਇਥੇ ਰਾਜਾ ਰਾਮ ਸਿੰਘ ਦੀ ਅਗਵਾਈ ਵਿੱਚ ਮੁਗਲ ਫੌਜ ਅਤੇ ਕਾਮਰੂਪ ਦੇ ਰਾਜਾ ਵਿੱਚ ਹਥਿਆਰਬੰਦ ਟਕਰਾਅ ਨੂੰ ਗੁਰੂ ਜੀ ਨੇ ਗੱਲਬਾਤ ਰਾਹੀਂ ਖਤਮ ਕੀਤਾ। ਅਸਾਮ ਵਿੱਚ ਧੁਬਰੀ ਦੇ ਸਥਾਨ ਤੇ ਗੁਰੂ ਜੀਨੂੰ ਆਪਣੇ ਘਰ 'ਬਾਲ ਗੋਬਿੰਦ ਰਾਏ' ਦੇ ਜਨਮ ਬਾਰੇ ਪਤਾ ਲੱਗਿਆ। ਅਸਾਮ ਵਿੱਚ ਗੁਰੂ ਤੇਗ ਬਹਾਦਰ ਗੁਰੂ ਨਾਨਕ ਦੇਵ ਜੀ ਦੁਆਰਾ ਵਰੋਸਏ ਹੋਏ ਸਥਾਨਾਂ 'ਤੇ ਵੀ ਗਏ ਅਤੇ ਫਿਰ ਪਟਨਾ ਆ ਗਏ।

ਕੁੱਝ ਸਮਾਂ ਬਤੀਤ ਕਰਕੇ ਗੁਰੂ ਜੀ ਭਾਈ ਮਤੀ ਦਾਸ ਅਤੇ ਕੁੱਝ ਸਿੱਖਾਂ ਦੇ ਨਾਲ ਅਨੰਦਪੁਰ ਸਾਹਿਬ ਆ ਗਏ। ਅਨੰਦਪੁਰ ਦੀਆਂ ਸੰਗਤਾਂ ਨੇ ਗੁਰੂ ਜੀ ਦੇ ਆਉਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜਲਦੀ ਹੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਅਨੰਦਪੁਰ ਬੁਲਵਾ ਲਿਆ ਜਿੱਥੇ ਬਾਲ ਗੋਬਿੰਦ ਰਾਏ ਦੀ ਸਿੱਖਿਆ ਦਾ ਯੋਗ ਪ੍ਰਬੰਧ ਕੀਤਾ ਗਿਆ। ਕੀਰਤਪੁਰਸ ਅਨੰਦਪੁਰ ਦੇ ਨੇੜੇ ਹੀ ਇੱਕ ਹੋਰ ਕਸਬਾ ਮਾਖੋਵਾਲ ਦੀ ਸਥਾਪਨਾ ਕੀਤੀ ਗਈ। ਗੁਰੂ ਤੇਗ ਬਹਾਦਰ ਜੀ ਨੇ ਸਿੱਖਾਂ ਨੂੰ ਸੰਗਠਿਤ ਕਰਨ ਲਈ ਅਤੇ ਧਰਮ ਦੀ ਸਥਾਪਨਾ ਦੇ ਉਦੇਸ਼ ਨੂੰ ਲੈ ਕੇ ਹਿੰਦੂ ਧਰਮ ਦੇ ਕੇਂਦਰਾਂ ਦਾ ਵੀ ਦੌਰਾ ਕੀਤਾ। ਥਾਨੇਸਰ, ਪਿਹੋਵਾ ਤੇ ਸੈਫਾਬਾਦ ਥਾਵਾਂ 'ਤੇ ਜਾ ਕੇ ਲੋਕਾਂ ਦੇ ਦੁੱਖ ਦਰਦ ਦੂਰ ਕੀਤੇ।

ਇਸ ਸਮੇਂ ਦਾ ਮੁਗਲ ਬਾਦਸ਼ਾਹ ਔਰੰਗਜੇਬ ਬਹੁਤ ਕੱਟੜ ਮੁਸਲਮਾਨ ਬਾਦਸ਼ਾਹ ਸੀ। ਉਸੇ ਆਪਣੇ ਭਰਾਵਾਂ ਨੂੰ ਮਾਰ ਕੇ ਅਤੇ ਪਿਤਾ ਸ਼ਾਹ ਜਹਾਨ ਨੂੰ ਕੈਦ ਕਰਕੇ ਰਾਜ-ਭਾਗ ਸੰਭਾਲਿਆ ਸੀ। ਉਸਦਾ ਵਿਚਾਰ ਸੀ ਕਿ ਉਹ ਇਸਲਾਮ ਰਾਜ ਕਾਇਮ ਕਰੇਗਾ। ਇਸ ਉਦੇਸ਼ ਦੀ ਪੂਰਤੀ ਲਈ ਉਸਨੇ ਹਿੰਦੂਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ 'ਤੇ ਭਾਰੇ ਟੈਕਸ ਲਾ ਦਿੱਤੇ ਅਤੇ ਜਨੇਊ ਲਹਾ ਕੇ ਧਰਮ ਪਰਿਵਰਤਨ ਕਰਨਾ ਸ਼ੁਰੂ ਕਰ ਦਿੱਤਾ। ਹਿੰਦੂਆਂ ਲਈ ਇਹ ਬੜਾ ਭਿਆਨਕ ਸਮਾਂ ਸੀ। ਕਸ਼ਮੀਰ ਦੇ ਪੰਡਤਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਕਿ ਉਹ ਜਾਂ ਤਾਂ ਇਸਲਾਮ ਕਬੂਲ ਕਰ ਲੈਣ ਜਾਂ ਫਿਰ ਸ਼ਾਹੀ ਹੁਕਮ ਨਾ ਮੰਨਣ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ। ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਿਤਾਂ ਨੇ ਅਨੰਦਪੁਰ ਆ ਕੇ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਕੀਤੀ। ਗੁਰੂ ਜੀ ਵਿਚਾਰਵਾਨ ਹੋ ਗਏ। ਗੁਰੂ ਜੀ ਨੂੰ ਸੋਚਾਂ ਵਿੱਚ ਪਏ ਦੇਖਕੇ ਬਾਲ ਗੋਬਿੰਦ ਰਾਏ ਨੇ ਇਸਦਾ ਕਾਰਨ ਪੁੱਛਿਆ, ਤਾਂ ਗੁਰੂ-ਪਿਤਾ ਨੇ ਕਿਹਾ ਕਿ 'ਇਸ ਸਮੇਂ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ।' ਬਾਲ ਗੋਬਿੰਦ ਰਾਏ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ? ਗੁਰੂ ਤੇਗ ਬਹਾਦਰ ਨੂੰ ਬਾਲ ਗੋਬਿੰਦ ਰਾਏ ਦੇ ਸ਼ਬਦਾਂ ਵਿੱਚ ਸਿਆਣਿਆਂ ਜਿਹੀ ਦ੍ਰਿੜਤਾ ਤੇ ਪਕਿਆਈ ਦਿਸੀ। ਉਹਨਾਂ ਨੇ ਪੰਡਤਾਂ ਨੂੰ ਕਿਹਾ ਕਿ ਔਰੰਗਜੇਬ ਨੂੰ ਜਾ ਕੇ ਕਹੋ ਕਿ ਉਹ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਫਿਰ ਉਹ ਵੀ ਮੁਸਲਮਾਨ ਬਣਨ ਲਈ ਰਾਜ਼ੀ ਹੋ ਜਾਣਗੇ।

ਗੁਰੂ ਤੇਗ ਬਹਾਦਰ ਜੀ ਨੇ ਪੰਜ ਸਿੱਖਾਂ ਖਾਸ ਕਰਕੇ ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਆਦਿ ਨਾਲ ਦਿੱਲੀ ਨੂੰ ਚਾਲੇ ਪਾ ਦਿੱਤੇ। ਗੁਰੂ ਜੀ ਨੂੰ ਪਤਾ ਲੱਗ ਗਿਆ ਸੀ ਕਿ ਉਹ ਜਿਉਂਦੇ ਜੀ ਵਾਪਸ ਨਹੀਂ ਆ ਸਕਣਗੇ। ਇਸ ਲਈ ਤੁਰਨ ਤੋਂ ਪਹਿਲਾਂ ਗੁਰਗੱਦੀ ਬਾਲ ਗੋਬਿੰਦ ਰਾਏ ਨੂੰ ਸੌਂਪ ਦਿੱਤੀ ਸੀ, ਜਿਹਨਾਂ ਦੀ ਉਮਰ ਉਸ ਸਮੇਂ ਸਿਰਫ ਨੌਂ ਸਾਲ ਸੀ। ਰੋਪੜ ਦੇ ਸਥਾਨ 'ਤੇ ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਸਰਕਾਰ ਦੇ ਕਰਮਚਾਰੀਆਂ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਦਿੱਲੀ ਲਿਜਾ ਕੇ ਔਰੰਗਜੇਬ ਦੇ ਸਾਹਮਣੇ ਪੇਸ਼ ਕੀਤਾ ਗਿਆ। ਔਰੰਗਜੇਬ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਜਾਂ ਧਰਮ ਬਦਲਣਾ ਕਬੂਲ ਕਰਨ ਜਾਂ ਮੌਤ। ਗੁਰੂ ਜੀ ਨੇ ਮੌਤ ਨੂੰ ਚੁਣਿਆ। ਉਹਨਾਂ ਦੇ ਸਾਥੀਆਂ ਨੂੰ ਉਹਨਾਂ ਦੀ ਅੱਖਾਂ ਸਾਹਮਣੇ ਤਸੀਹੇ ਦੇ ਕੇ ਮਾਰਿਆ ਗਿਆ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਨੂੰ ਦੇਗ ਵਿੱਚ ਉਬਾਲਿਆ ਗਿਆ ਅਤੇ ਭਾਈ ਸਤੀ ਦਾਸ ਨੂੰ ਉਹਦੇ ਸਰੀਰ ਦੁਆਲੇ ਰੂੰ ਬੰਨ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ। ਪਰ ਉਹਨਾਂ ਗੁਰੂ ਦੇ ਸਿੱਖਾਂ ਨੇ ਸੀ ਨਾ ਕੀਤੀ ਤੇ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ।

ਹੁਣ ਗੁਰੂ ਜੀ ਦੀ ਵਾਰੀ ਸੀ। ਜੱਲਾਦ ਜਲਾਲੂਦੀਨ ਨੇ ਤਲਵਾਰ ਨਾਲ ਗੁਰੂ ਜੀ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਇਹ ਗਿਆਰਾਂ ਨਵੰਬਰ 1675 ਈ. ਦਿਨ ਸੀ। ਇਸ ਸਮੇਂ ਬਹੁਤ ਸਾਰੇ ਲੋਕਾਂ ਦਾ ਇਕੱਠ ਸੀ। ਦਿੱਲੀ ਦੇ ਚਾਂਦਨੀ ਚੌਂਕ ਨਾਮਕ ਸਥਾਨ 'ਤੇ ਇਹ ਦਿੱਲ ਕੰਬਾਊ ਹੱਤਿਆਵਾਂ ਕੀਤੀਆਂ ਗਈਆਂ। ਗੁਰੂ ਜੀ ਕੋਲੋ ਇਕ ਪਰਚੀ ਮਿਲੀ ਜਿਸ 'ਤੇ ਲਿਖਿਆ ਸੀ, "ਸੀਸ ਦੀਆ ਪਰੁ ਸਿਰਰੁ ਨਾ ਦੀਆ"। ਇਸਦਾ ਮਤਲਬ ਸੀ ਕਿ ਆਪਣਾ ਸਿਰ ਦੇ ਦਿੱਤਾ ਪਰ ਧਰਮ ਨਹੀਂ ਛੱਡਿਆ। ਇਸ ਸਮੇਂ ਭਾਈ ਜੈਤਾ ਸੀ ਨੇ, ਜੋ ਗੁਰੂ ਘਰ ਦਾ ਅਨਿਨ ਸਿੱਖ ਸੀ, ਕਾਹਲੀ ਨਾਲ ਗੁਰੂ ਤੇਗ ਬਹਾਦਰ ਦਾ ਸੀਸ ਉਠਾਇਆ ਤੇ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਭਾਈ ਲੱਖੀ ਸ਼ਾਹ ਵਣਜਾਰਾ ਨੇ ਬਾਕੀ ਸਰੀਰ ਨੂੰ ਚੁੱਕ ਕੇ ਆਪਣੇ ਗੱਡਿਆਂ ਵਿੱਚ ਰੱਖੇ ਮਾਲ ਵਿੱਚ ਛੁਪਾ ਦਿੱਤਾ। ਸ਼ਹਿਰ ਤੋਂ ਬਾਹਰਵਾਰ ਆ ਕਿ ਉਸਨੇ ਆਪਣੀ ਝੌਂਪੜੀ ਵਿੱਚ ਰੱਖ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕਰ ਦਿੱਤਾ ਜਿਸ ਵਿੱਚ ਝੌਂਪੜੀ ਨੂੰ ਵੀ ਅੱਗ ਲਾਉਣੀ ਪਈ। ਜਿਸ ਥਾਂ 'ਤੇ ਗੁਰੂ ਜੀ ਦੀ ਸ਼ਹੀਦੀ ਹੋਈ ਉਥੇ ਅੱਜ ਗੁਰਦੁਆਰਾ ਸੀਸ ਗੰਜ ਹੈ ਅਤੇ ਜਿੱਥੇ ਉਹਨਾਂ ਦੇ ਧੜ ਦਾ ਸਸਕਾਰ ਕੀਤਾ ਗਿਆ ਉੱਥੇ "ਰਕਾਬ ਗੰਜ" ਗੁਰੂਦੁਆਰਾ ਸਾਹਿਬ ਹੈ। ਰੰਘਰੇਟਾ ਸਿੱਖ ਭਾਈ ਜੈਤਾ ਨੇ ਅਨੰਦਪੁਰ ਸਾਹਿਬ ਜਾ ਕੇ ਗੁਰੂ ਜੀ ਦਾ ਸੀਸ ਉਹਨਾਂ ਦੇ ਸਪੁੱਤਰ ਗੁਰੂ ਗੋਬਿੰਦ ਰਾਏ ਨੂੰ ਸੌਂਪਿਆ ਅਤੇ ਉਹਨਾਂ ਨੇ ਅਦਬ ਪੂਰਬਕ ਸੀਸ ਗੋਦ ਵਿੱਚ ਲੈ ਕੇ ਉਸ ਦਾ ਸਸਕਾਰ ਕਰ ਦਿੱਤਾ। ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਸਿੱਖ ਮੁਗਲਾਂ ਤੋਂ ਬਦਲਾ ਲੈਣ ਦੀਆਂ ਯੋਜਨਾਵਾਂ ਬਣਾਉਣ ਲੱਗੇ। ਗੁਰੂ ਗੋਬਿੰਦ ਰਾਏ ਨੇ ਇਸ ਸਮੇਂ ਕਿਹਾ-

'ਤੇਗ ਬਹਾਦਰ ਕੇ ਚਲਤ ਭਇਓ ਜਗਤ ਮੇ ਸ਼ੋਕ
ਹਾਇ ਹਾਇ ਹਾਇ ਸਭ ਜਗ ਭਇਓ ਜੈ ਜੈ ਜੈ ਗੁਰ ਲੋਕ॥'
('ਬਚਿੱਤਰ ਨਾਟਕ')

ਸੰਸਾਰ ਵਿੱਚ ਅਨੇਕਾਂ ਲੋਕ ਹੋਣਗੇ ਜਿਹਨਾਂ ਨੇ ਆਪਣੇ ਧਰਮ ਪਿੱਛੇ ਕੁਰਬਾਨੀ ਕੀਤੀ ਹੋਵੇ ਪਰ ਗੁਰੂ ਤੇਗ ਬਹਾਦਰ ਇਕੱਲੇ ਅਜਿਹੇ ਗੁਰੂ ਸਨ ਜਿਹਨਾਂ ਨੇ ਦੂਸਰੇ ਧਰਮ ਦੀ ਖਾਤਰ ਜਾਨ ਵਾਰੀ। ਉਹ ਰੱਬ ਦੀ ਰਜ਼ਾ ਵਿੱਚ ਰਹਿਣ ਵਾਲੇ ਇਨਸਾਨ ਸਨ ਅਤੇ ਉਹਨਾਂ ਦਾ ਵਿਚਾਰ ਸੀ ਕਿ ਇਸ ਸੰਸਾਰ ਵਿੱਚ ਕੁੱਝ ਵੀ ਸਥਿਰ ਨਹੀਂ ਸਭ ਚੱਲਣਹਾਰ ਹੈ, ਸਿਰਫ ਰੱਬ ਦਾ ਨਾਮ ਹੀ ਅਟੱਲ ਹੈ, ਇਸ ਦਾ ਜਾਪ ਕਰੋ ਤੇ ਸੰਸਾਰ ਦੇ ਦੁੱਖਾਂ ਤੋਂ ਛੁਟਕਾਰਾ ਪਾਓ। ਸਰੀਰ ਨਾਸ਼ਵਾਨ ਹੈ। ਬੇਸ਼ੱਕ ਗੁਰੂ ਤੇਗ ਬਹਾਦਰ ਜੀ ਤੇਗ ਦੇ ਧਨੀ ਸਨ। ਉਹਨਾਂ ਨੇ ਕਰਤਾਰਪੁਰ ਦੀ ਲੜਾਈ ਵਿੱਚ ਤੇਗ ਦੇ ਜੌਹਰ ਦਿਖਾਏ ਸਨ, ਜਿਸ ਕਰਕੇ ਉਹਨਾਂ ਦਾ ਨਾਂ ਤੇਗ ਮੱਲ ਤੋਂ ਬਦਲ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਤੇਗ ਬਹਾਦਰ ਰੱਖ ਦਿੱਤਾ ਸੀ। ਪਰ ਫਿਰ ਵੀ ਉਹ ਮਸਲਿਆਂ ਨੂੰ ਸ਼ਾਂਤੀਪੂਰਣ ਢੰਗ ਨਾਲ ਨਿਬੇੜਨ ਨੂੰ ਤਰਜੀਹ ਦਿੰਦੇ ਸੀ। ਉਹਨਾਂ ਨੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਨਾਲ ਗਰੀਬਾਂ ਦੀ ਮਦਦ ਕਰਨ, ਜਰੂਰਤਮੰਦ ਦੀ ਲੋੜ ਪੂਰੀ ਕਰਨ, ਮਿੱਠਾ ਬੋਲਣ ਅਤੇ ਸ਼ਾਂਤੀ ਰੱਖਣ ਲਈ ਵੀ ਨਸੀਹਤ ਦਿੱਤੀ।

ਗੁਰੂ ਤੇਗ ਬਹਾਦਰ ਜੀ ਉੱਚ ਕੋਟੀ ਦੇ ਕਵੀ ਸਨ। ਉਹਨਾਂ ਦੇ 115 ਸ਼ਲੋਕ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ ਜੋ 1705 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਮਲ ਕੀਤੇ ਸਨ। ਇਹ ਸ਼ਲੋਕ ਦੁੱਖ ਦੇ ਸਮੇਂ ਆਦਮੀ ਨੂੰ ਵੱਡੀ ਰਾਹਤ ਦਿੰਦੇ ਹਨ। ਗੁਰੂ ਤੇਗ ਬਹਾਦਰ ਜੀ ਨੂੰ 'ਹਿੰਦ ਦੀ ਚਾਦਰ' ਦੇ ਨੂੰ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਗੁਰੂ ਸਾਹਿਬ ਦੀ ਸ਼ਹਾਦਤ ਦਾ ਸਿਧਾਂਤ ਤੇ ਪਰੰਪਰਾ ਸਿੱਖ ਧਰਮ ਦੀ ਨਿਵੇਕਲੀ ਪਹਿਚਾਣ ਬਣ ਗਈ ਹੈ। ਉਹਨਾਂ ਨੇ ਕੌਮ ਲਈ ਕੁਰਬਾਨੀ ਦੇ ਕੇ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹਾਸਲ ਕੀਤਾ। ਇਹ ਸ਼ਹਾਦਤ ਧਾਰਮਕ ਨਿਆਂ ਲਈ ਸੀ ਮਾਨਵੀ ਕਦਰਾਂ ਕੀਮਤਾਂ ਅਤੇ ਜ਼ਮੀਰ ਦੀ ਅਜ਼ਾਦੀ ਲਈ ਸੀ, ਇਹ ਇੱਕ ਯੁੱਗ ਪਲਟਾਊ ਘਟਨਾ ਸੀ ਜੋ ਮੁਗਲ ਬਾਦਸ਼ਾਹ ਦੇ ਅੱਤਿਆਚਾਰ ਨੂੰ ਚੁੱਪ ਚਾਪ ਸਹਿਣ ਕਰ ਰਹੀ ਲੋਕਾਈ ਲਈ ਰਾਹ ਦਿਖਾਊ ਸੀ ਅਤੇ ਇੱਕ ਅਦੁੱਤੀ ਸਾਕਾ ਸੀ। ਔਰੰਗਜੇਬ ਦੇ ਜਨੂੰਨੀ ਸੁਭਾਅ ਨੇ ਗੈਰ-ਮੁਸਲਮਾਨਾਂ ਖਾਸ ਕਰਕੇ ਹਿੰਦੂਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਸੀ। ਜ਼ਜ਼ੀਆ ਵਰਗੇ ਸਖਤ ਟੈਕਸ ਲਾ ਰੱਖੇ ਸਨ। ਮੁਸਲਮਾਨ ਅਧਿਕਾਰੀ ਹੋਰ ਵੀ ਲੁੱਟ-ਖਸੁੱਟ ਕਰ ਰਹੇ ਸਨ। ਇਹੋ ਜਿਹੇ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਇਹਨਾਂ ਮਜ਼ਲੂਮਾਂ ਦੀ ਅਗਵਾਈ ਕਰਨੀ ਬਹੁਤ ਹੀ ਸਾਹਸ ਤੇ ਜੋਖ਼ਮ ਭਰਿਆ ਕੰਮ ਸੀ ਜੋ ਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਕੇ ਸੰਪੂਰਣ ਕੀਤਾ।

ਇਸ ਸ਼ਹੀਦੀ ਨਾਲ ਹਿੰਦੂਆਂ ਤੇ ਸਿੱਖਾਂ ਦਾ ਸਵੈਮਾਣ ਵਧ ਗਿਆ। ਇਸ ਸ਼ਹਾਦਤ ਨੂੰ 'ਤਿਲਕ ਜੰਵੂ' ਦੀ ਰੱਖਿਆ ਲਈ ਦਿੱਤੀ ਸ਼ਹਾਦਤ ਕਿਹਾ ਜਾਂਦਾ ਹੈ। ਇਤਿਹਾਸ ਵਿੱਚ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਜਨੇਊ ਦੀ ਰਸਮ ਦਾ ਵਿਰੋਧ ਕੀਤਾ ਸੀ। ਉਹਨਾਂ ਨੇ ਪਾਂਡੇ ਨੂੰ ਦਇਆ, ਸੰਤੋਖ, ਜਤ ਤੇ ਸਤ ਦਾ ਜਨੇਊ ਬਣਾ ਕੇ ਪਹਿਨਾਉਣ ਲਈ ਆਦੇਸ਼ ਦਿੱਤਾ ਸੀ। ਇਹੀ ਜਨੇਊ ਔਰੰਗਜ਼ੇਬ ਹਿੰਦੂਆਂ ਤੋਂ ਉਸ ਸਮੇਂ ਲਹਾ ਰਿਹਾ ਸੀ। ਇਸੇ ਦੀ ਖਾਤਿਰ ਹੀ ਗੁਰੂ ਤੇਗ ਬਹਾਦਰ ਜੀ ਅੱਗੇ ਆਏ ਤੇ ਕੁਰਬਾਨੀ ਦਿੱਤੀ। ਪਰ ਇਹ ਸ਼ਹਾਦਤ ਧਰਮ ਦੀ ਅਜ਼ਾਦੀ ਲਈ ਦਿੱਤੀ ਗਈ। ਔਰੰਗਜ਼ੇਬ ਦੂਸਰੇ ਧਰਮਾਂ ਨੂੰ ਬਰਦਾਸ਼ਤ ਨਹੀਂ ਕਰਦਾ ਸੀ। ਰਾਜ ਵਿੱਚ ਦੂਜੇ ਧਰਮ ਵਾਲਿਆਂ ਲਈ ਪੂਜਾ ਪਾਠ ਦੀ ਮਨਾਹੀ ਸੀ। ਜੇਕਰ ਉਹ ਮੁਸਲਿਮ ਧਰਮ ਨਹੀਂ ਕਬੂਲ ਕਰਦੇ ਸਨ ਤਾਂ ਉਹਨਾਂ ਨੂੰ 'ਕਾਫਿਰ' ਗਰਦਾਨਿਆ ਜਾਂਦਾ ਸੀ ਅਤੇ ਜਬਰਦਸਤੀ ਧਰਮ ਪਰਿਵਰਤਨ ਕਰ ਦਿੱਤਾ ਜਾਂਦਾ ਸੀ। ਗੁਰੂ ਜੀ ਇਸ ਜ਼ੁਲਮ ਦੇ ਵਿਰੁੱਧ ਸਨ। ਉਹ ਇਸ ਤਰਾਂ ਦੇ ਮਾੜੇ ਮਨਸੂਬਿਆਂ ਵਾਲੇ ਬਾਦਸ਼ਾਹ ਦੀਆਂ ਇਹਨਾਂ ਨੀਤੀਆਂ ਨੂੰ ਨਫਰਤ ਕਰਦੇ ਸਨ। ਹਾਲਾਂਕਿ ਉਹ ਸ਼ਾਂਤ ਸੁਭਾਅ ਦੇ ਮਾਲਕ ਸਨ ਤੇ ਪ੍ਰਮਾਤਮਾ ਭਗਤੀ ਤੇ ਵਡਿਆਈ ਹੀ ਉਹਨਾਂ ਲਈ ਸਰਵਉੱਚ ਸੀ। ਕਿੰਨੇ ਸ਼ਾਲ ਇਸ ਦੀਨ-ਦੁਨੀਆ ਤੋਂ ਨਿਰਲੇਪ ਰਹਿ ਕੇ ਉਹਨਾਂ ਨੇ ਇਕਾਂਤ ਵਿੱਚ ਪ੍ਰਭੂ ਸਿਮਰਨ ਕੀਤਾ ਸੀ। ਪਰ ਸਵੈਮਾਣ ਅਤੇ ਆਤਮ ਸੂਰਮਗਤੀ ਵੀ ਉਹਨਾਂ ਦੇ ਚਰਿੱਤਰ ਦੀ ਖ਼ਾਸ ਵਿਸ਼ੇਸ਼ਤਾ ਸੀ।

ਜਿਸ ਤਰਾਂ ਪੰਜਵੇ ਗੁਰੂ ਅਰਜਨ ਦੇਵ ਦੇ ਬਲੀਦਾਨ ਤੋਂ ਬਾਅਦ ਛੇਵੇਂ ਗੁਰੂ ਹਰ ਗੋਬਿੰਦ ਸਾਹਬ ਨੇ ਹਥਿਆਰ ਉਠਾਏ ਅਤੇ ਜ਼ੁਲਮ ਦਾ ਟਾਕਰਾ ਕੀਤਾ ਉਸੇ ਤਰਾਂ ਦੀ ਸਥਿਤੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਪਿੱਛੋਂ ਬਣ ਗਈ। ਗੁਰੂ ਗੋਬਿੰਦ ਸਿੰਘ ਦਸਮ ਪਾਤਸ਼ਾਹ ਨੂੰ ਵੀ ਆਪਣੇ ਦਾਦਾ-ਗੁਰੂ ਵਾਲੇ ਰਸਤੇ 'ਤੇ ਚੱਲਣਾ ਪਿਆ। ਸਿੱਖੀ ਦਾ 'ਸੰਤ ਸਰੂਪ' ਗੁਰੂ ਗੋਬਿੰਦ ਦੇ ਸਮੇਂ ਨਵੇਂ ਜਾਮਾ 'ਸੰਤ ਸਿਪਾਹੀ' ਵਿੱਚ ਪ੍ਰਵੇਸ਼ ਕਰ ਗਿਆ। ਜ਼ਾਲਮ ਮੁਗਲ ਸਾਮਰਾਜ ਦੀਆਂ ਜੜਾਂ ਖੋਖਲੀਆਂ ਹੋ ਗਈਆਂ। ਦੱਖਣ ਵਿੱਚ ਮਰਾਠਿਆਂ ਨੇ ਔਰੰਗਜੇਬ ਦੇ ਨੱਕ ਵਿੱਚ ਦਮ ਕਰ ਦਿੱਤਾ ਅਤੇ ਦੱਖਣੀ ਫੋੜੇ ਨੇ ਨਾਸੂਰ ਬਣ ਕੇ ਮੁਗਲ ਬਾਦਸ਼ਾਹ ਨੂੰ ਮਰਨ ਲਈ ਮਜਬੂਰ ਕਰ ਦਿੱਤਾ। ਇਧਰ ਪੰਜਾਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਮਜਬੂਤ ਕਰਨ ਲਈ ਯੋਜਨਾਵਾਂ ਬਣਾਈਆਂ। ਖਾਲਸੇ ਦੀ ਸਿਰਜਣਾ ਲਈ ਜ਼ਮੀਨ ਤਿਆਰ ਹੋ ਚੁੱਕੀ ਸੀ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਲਾਇਆ ਸਿੱਖੀ ਦਾ ਬੂਟਾ ਪ੍ਰਫੁੱਲਤ ਹੋਣ ਲੱਗਾ ਸੀ। ਗੁਰੂ ਤੇਗ ਬਹਾਦਰ ਜੀ ਦੀ ਯੋਗ ਅਗਵਾਈ ਅਤੇ ਲਾਸਾਨੀ ਸ਼ਹਾਦਤ ਨੇ ਸਿੱਖ ਧਰਮ ਦੇ ਬੂਟੇ ਨੂੰ ਸਿੰਜਣ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ।

ਗੁਰੂ ਗਰੰਥ ਸਾਹਿਬ ਵਿੱਚ ਦਰਜ਼
ਗੁਰੂ ਤੇਗ ਬਹਾਦਰ ਜੀ ਦੀਆਂ ਕੁੱਝ ਰਚਨਾਵਾਂ


1. ਸਾਧੋ ਰਚਨਾ ਰਾਮ ਬਨਾਈ।।
ਇਕਿ ਬਿਨਸੈ ਇਕਿ ਅਸਥਿਰ ਮਾਨੇ ਅਚਰਜੁ ਲਖਿਓ ਨਾ ਜਾਈ।।
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ।।
ਝੂਠ ਤਨੁ ਸਾਚਾ ਕਰ ਮਾਨਿਓ ਜਿਉ ਸੁਪਨਾ ਰੈਨਾਈ।।
(ਗਉੜੀ ਮਹੱਲਾ 9)

2. ਜਗਤ ਮੈ ਝੂਠੀ ਦੇਖੀ ਪ੍ਰੀਤਿ।।
ਅਪਨੇ ਹੀ ਸੁਖ ਸਿਓ ਲਾਗੇ ਕਿਆ ਦਾਗ ਕਿਆ ਮੀਤ।।
ਮੇਰਓ ਮੇਰਓ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ।।
ਅੰਤਿ ਕਾਲੁ ਸੰਗੀ ਨਹੀ ਕੋਊ ਇਹ ਅਚਰਰਜ ਹੈ ਰੀਤ।।
ਮਨ ਮੂਰਖ ਅਜਰੂ ਨਹੀ ਸਮਝਤ ਸਿਖ ਦੈ ਹਾਰਿਓ ਨੀਤ।।
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ॥
(ਦੇਵਗੰਧਾਰੀ ਮਹੱਲਾ 9, 536)

3. ਜੋ ਨਰ ਦੁਖ ਮੈ ਦੁੱਖ ਨਹੀ ਮਾਨੈ।।
ਸੁਖ ਸਨੇਹ ਅਰ ਭੈ ਨਾਹੀ ਜਾ ਕੋ ਕੰਚਨ ਮਾਟੀ ਮਾਨੈ।।
ਨਹ ਨਿੰਦਿਆ ਨਹ ਉਸਤਤ ਜਾ ਕੇ ਲੋਭੁ ਮੋਹੁ ਅਭਿਆਨਾ।।
ਹਰਖ ਰੋਗ ਤੇ ਰਹੈ ਨਿਆਰਉ ਨਾਹਿ ਮਾਨੁ ਅਪਮਾਨਾ॥
ਆਸਾ ਮਾਨਸ ਸਗਲ ਤਿਆਗੇ ਜਗ ਤੇ ਰਹੈ ਨਿਰਾਸਾ।।
ਕਾਮੁ ਕਰੋਧ ਜਿਹ ਪਰੈਮ ਨਾਹਨਿ ਤਿਹ ਘਟਿ ਬ੍ਰਹਮ ਨਿਵਾਸਾ॥
ਗੁਰ ਕ੍ਰਿਪਾ ਜਿਹ ਨਰ ਨਉ ਕੀਨੀ ਤਿਹ ਇਹ ਜੁਗਤਿ ਪਛਾਨੀ।।
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ।।
('ਸੋਰਠ ਮ.9, 633-34)

4. ਕਾਹੇ ਰੇ ਬਨ ਖੋਜਣ ਜਾਈ।।
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ।।
(ਧਨਾਸਰੀ ਮਹਲਾ 9 ਪੰਨਾ (684)

5. ਹਰਿ ਬਿਨੁ ਤੇਰੋ ਕੋ ਨਾ ਸਹਾਈ,
ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ।।
ਧਨੁ ਧਰਨੀ ਅਰੁ ਸੰਪਤਿ ਸਗਰੀ ਜੇ ਮਾਨਿਓ ਅਪਣਾਈ।।
ਤਨ ਛੂਟੇ ਕੁਝ ਸੰਗਿ ਨਾ ਚਾਲੈ ਕਹਾ ਤਾਹਿ ਲਪਟਾਈ।।
ਦੀਨ ਦਿਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨਾ ਬਢਾਈ।।
ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ।।

6. 'ਸ਼ਲੋਕ ਗੁਰੂ ਤੇਗ ਬਹਾਦਰ ਜੀ' 'ਗੁਰੂ ਗਰੰਥ ਸਾਹਿਬ'

1. ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨੁ।।
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧ ਜਲ ਕਉ ਮੀਨੁ॥

2. ਸੁਖ ਦਾਤਾ ਸਭ ਰਾਮੁ ਹੈ ਦੂਸਰ ਨਾਹਿਨ ਕੋਇ॥
ਕਹੁ ਨਾਨਕ ਸੁਨ ਰੇ ਮਨਾ ਤਿਹੈ ਸਿਮਰਤ ਗਤਿ ਹੋਇ।।

3. ਭੈ ਕਾਹੁ ਕਊ ਦੇਤਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨਿ।।

4. ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰੁ।।
ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ

5. ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਮੀਤ।।
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ।।

6. ਬਾਲ ਜੁਆਨੀ ਔਰ ਬਿਰਧ ਫੁਨਿ ਤੀਨ ਅਵਸਥਾ ਜਾਨਿ।।
ਕਹੁ ਨਾਨਕ ਹਰਿ ਭਜਨ ਬਿਨੁ ਬਿਰਖਾ ਸਭ ਹੀ ਮਾਨ।

7. ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ।।
ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ॥

8. ਤੀਰਥ ਬਰਤ ਅਰੁ ਦਾਨ ਕਰਿ ਮਨਿ ਮੈ ਧਰਹਿ ਗੁਮਾਨ॥
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ॥

9. ਜਗ ਰਚਨਾ ਸਭ ਝੂਠ ਹੈ ਜਾਨਿ ਲੈਹੁ ਰੇ ਮੀਤ।।
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤ।।

10. ਘਟਿ ਘਟਿ ਮੈ ਹਰਜੂ ਵਸੈ ਸੰਤਨਿ ਕਹਿਓ ਪੁਕਾਰਿ।।
ਕਹੁ ਨਾਨਕ ਤਿਹੁ ਭਜੁ ਮਨਾ ਭਉ ਨਿਧਿ ਉਤਰਹਿ ਪਾਰ।।

11. ਸੁਖ ਮੇ ਬਹੁ ਸੰਗੀ ਭਏ ਦੁਖੁ ਮੈ ਸੰਗਿ ਨਾ ਕੋਇ।।
ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ।।

12. ਰਾਮ ਨਾਮ ਉਰ ਮੈ ਗਹਿਓ ਜਾ ਕੈ ਸਮ ਨਾ ਕੋਇ।।
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੈ ਹੋਇ।।

13. ਸੰਗ ਸਖਾ ਸਭਿ ਤਜਿ ਗਏ ਕੋਊ ਨਾ ਨਿਬਹਿਓ ਸਾਥਿ॥
ਕਹੁ ਨਾਨਕ ਇਹ ਬਿਪਤਿ ਮੇ ਟੇਕ ਏਕ ਰਘੁਨਾਥ॥

14. ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ।।
ਕਹੁ ਨਾਨਕ ਇਸ ਜਗਤ ਮੇ ਕਿਨ ਜਪਿਓ ਗੁਰ ਮੰਤੁ॥