ਸਿਠਣੀਆਂ

"ਸਿਠਣੀਆਂ" ਪੰਜਾਬਣਾਂ ਦਾ ਹਰਮਨ ਪਿਆਰਾ ਲੋਕ ਕਾਵਿ ਰੂਪ ਹੈ। ਹੇਅਰੇ, ਸਿਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ਼ ਸੰਬੰਧਿਤ ਲੋਕ ਗੀਤ ਹਨ।

'ਮਹਾਨ ਕੋਸ਼' ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ "ਸਿਠਣੀ ਦਾ ਭਾਵ ਅਰਥ ਵਯੰਗ ਨਾਲ਼ ਕਹੀ ਹੋਈ ਬਾਣੀ ਹੈ। ਵਿਆਹ ਸਮੇਂ ਇਸਤਰੀਆਂ ਜੋ ਗਾਲ਼ੀਆਂ ਨਾਲ਼ ਮਲ਼ਾ ਕੇ ਗੀਤ ਗਾਉਂਦੀਆਂ ਹਨ ਉਹਨਾਂ ਦੀ ਸਿਠਣੀ ਸਗੰਯਾ ਹੈ।[1]


ਮਨੋਰੰਜਨ ਦੇ ਮਨੋਰਥ ਨਾਲ਼ ਸਿਠਣੀਆਂ ਰਾਹੀਂ ਇਕ ਧਿਰ ਦੂਜੀ ਧਿਰ ਦਾ ਵਿਅੰਗ ਰਾਹੀਂ ਮਖੌਲ ਉਡਾਉਂਦੀ ਹੈ। ਇਹ ਗੀਤ ਕਿਸੇ ਮੰਦਭਾਵਨਾ ਅਧੀਨ ਨਹੀਂ ਬਲਕਿ ਸਦਭਾਵਨਾ ਅਧੀਨ ਵਿਨੋਦ ਭਾਵ ਉਪਜਾਉਣ ਲਈ ਗਾਏ ਜਾਂਦੇ ਹਨ। ਇਹ ਸੰਬੋਧਨੀ ਗੀਤ ਹਨ ਜਿਨ੍ਹਾਂ ਨੂੰ ਇਸਤਰੀਆਂ ਦੂਜੀ ਧਿਰ ਨੂੰ ਸੰਬੋਧਿਤ ਹੋ ਕੇ ਗਾਉਂਦੀਆਂ ਹਨ। ਸਿਠਣੀਆਂ ਗਾਉਣ ਨੂੰ ਸਿਠਣੀਆਂ ਦੇਣਾ ਆਖਿਆ ਜਾਂਦਾ ਹੈ। ਸਿਠਣੀਆਂ ਕੇਵਲ ਔਰਤਾਂ ਹੀ ਦੇਂਦੀਆਂ ਹਨ ਮਰਦ ਨਹੀਂ।

ਮੰਗਣੇ ਅਤੇ ਵਿਆਹ ਦੇ ਅਵਸਰ ਤੇ ਨਾਨਕੀਆਂ ਦਾਦਕੀਆਂ ਵਲੋਂ ਇੱਕ ਦੂਜੇ ਨੂੰ ਦਿੱਤੀਆਂ ਸਿਠਣੀਆਂ ਅਤੇ ਜੰਜ ਦੇ ਬਰਾਤੀਆਂ ਦਾ ਸਿਠਣੀਆਂ ਨਾਲ਼ ਕੀਤਾ ਸੁਆਗਤ ਦੋਹਾਂ ਧਿਰਾਂ ਲਈ ਖੁਸ਼ੀ ਪ੍ਰਦਾਨ ਕਰਦਾ ਹੈ।

ਵਿਆਹ ਦਾ ਸਮਾਂ ਹਾਸ ਹੁਲਾਸ ਦਾ ਸਮਾਂ ਹੁੰਦਾ ਹੈ। ਇਸ ਅਵਸਰ ਤੇ ਪੰਜਾਬੀ ਅਪਣੇ ਖਿੜਵੇਂ ਰੌਂ ਵਿਚ ਨਜ਼ਰ ਆਉਂਦੇ ਹਨ। ਪੰਜਾਬੀਆਂ ਦਾ ਖੁਲ੍ਹਾ ਡੁਲ੍ਹਾ ਹਾਸਾ ਤੇ ਸੁਭਾਅ ਵਿਆਹ ਸਮੇਂ ਹੀ ਉਘੜਵੇਂ ਰੂਪ ਵਿਚ ਪ੍ਰਗਟ ਹੁੰਦਾ ਹੈ।

ਪੁਰਾਤਨ ਸਮੇਂ ਤੋਂ ਹੀ ਇਹ ਰਵਾਇਤ ਚਲੀ ਆ ਰਹੀ ਹੈ। ਮੁੰਡੇ ਵਾਲ਼ੇ ਧੀ ਵਾਲ਼ਿਆਂ ਨਾਲ਼ੋਂ ਆਪਣੇ ਆਪ ਨੂੰ ਸਮਾਜਿਕ ਤੌਰ ਤੇ ਉਤਮ ਸਮਝਦੇ ਹਨ ਤੇ ਧੀ ਵਾਲ਼ਿਆਂ ਨੂੰ ਦੁਜੈਲੇ ਹੋਣ ਦਾ ਦਰਜਾ ਦਿੱਤਾ ਜਾਂਦਾ ਹੈ। ਜਿਸ ਕਰਕੇ ਧੀ ਵਾਲ਼ਿਆ ਵਿਚ ਹੀਨਭਾਵਨਾ ਪੈਦਾ ਹੋ ਜਾਂਦੀ ਹੈ! ਏਸ ਹੀਨਭਾਵਨਾ ਨੂੰ ਦੂਰ ਕਰਨ ਲਈ ਔਰਤਾਂ ਮੁੰਡੇ ਵਾਲ਼ੀ ਧਿਰ ਦਾ ਮਖੌਲ ਉਡਾਉਣ ਲਈ ਸਿਠਣੀਆਂ ਨੂੰ ਇਕ ਹਥਿਆਰ ਵਜੋਂ ਵਰਤਦੀਆਂ ਹਨ। ਇਸ ਤੋਂ ਇਲਾਵਾ ਇਹਨਾਂ ਰਾਹੀਂ ਉਹ ਆਪਣੇ ਮਨਾਂ ਦੇ ਗੁਭ ਗੁਵਾੜ ਵੀ ਕਢਦੀਆਂ ਹਨ। ਉਂਜ ਤੇ ਤੀਵੀਆਂ ਨੂੰ ਕੌਣ ਕੁਸਕਣ ਦੇਂਦਾ ਹੈ। ਮਰਦ ਉਸ ਤੇ ਸਦਾ ਜ਼ੁਲਮ ਕਰਦਾ ਆਇਆ ਹੈ, ਉਹ ਉਹਨੂੰ ਮਾਰਦਾ ਕੁਟਦਾ ਹੈ, ਗੰਦੀਆਂ ਗਾਲ਼ੀਆਂ ਕਢਦਾ ਹੈ। ਸੱਸ ਸਹੁਰੇ ਦਾ ਦਾਬਾ ਵਖਰਾ। ਪੰਜਾਬਣ ਸਦਾ ਸੁੰਗੜੀ ਰਹੀ ਹੈ। ਸਿਰਫ ਵਿਆਹ ਦਾ ਹੀ ਅਵਸਰ ਹੁੰਦਾ ਹੈ ਜਿੱਥੇ ਉਹ ਆਪਣੇ ਦੱਬੇ ਭਾਂਬੜ ਬਾਹਰ ਕਢਦੀ ਹੈ। ਉਹ ਸਿਠਣੀਆਂ ਦੇ ਰੂਪ ਵਿਚ ਲਾੜੇ ਨੂੰ, ਉਸ ਦੇ ਮਾਂ, ਬਾਪ, ਭੈਣਾਂ ਨੂੰ ਖੂਬ ਪੁਣਦੀ ਹੈ, ਉਹਨਾਂ ਦੀਆਂ ਕਮਜ਼ੋਰੀਆਂ ਦਾ ਮਖੌਲ ਉਡਾਉਂਦੀ ਹੈ। ਇਸ ਤੋਂ ਬਿਨਾਂ ਉਹ ਲਾੜੇ ਦੀ ਮਾਂ ਅਤੇ ਭੈਣ ਨੂੰ ਕਾਮੁਕ ਸਿਠਣੀਆਂ ਦੇ ਕੇ ਅਪਣੀਆਂ ਅਤ੍ਰਿਪਤ ਕਾਮੁਕ ਭਾਵਨਾਵਾਂ ਨੂੰ ਤ੍ਰਿਪਤ ਕਰਨ ਦਾ ਉਪਰਾਲਾ ਕਰਦੀ ਹੈ। ਹਰ ਪਾਸੇ ਮਖੌਲ ਹੀ ਮਖੌਲ, ਕੋਈ ਗੁੱਸੇ ਦਾ ਪ੍ਰਤੀਕਰਮ ਨਹੀਂ। ਫੇਰ ਉਹ ਅਜਿਹੇ ਅਵਸਰ ਦਾ ਲਾਭ ਕਿਉਂ ਨਾ ਉਠਾਵੇ

ਨਾਨਕਿਆਂ ਦੇ ਮੇਲ਼ ਦਾ ਵਿਆਹ ਵਿਚ ਵਿਸ਼ੇਸ਼ ਹੱਥ ਹੁੰਦਾ ਹੈ- ਜਿਵੇਂ ਕਹਿੰਦੇ ਹਨ ਨਾਨਕਿਆਂ ਦਾ ਅੱਧਾ ਵਿਆਹ ਹੁੰਦਾ ਹੈ ਚਾਹੇ ਕੁੜੀ ਦਾ ਹੋਵੇ ਚਾਹੇ ਮੁੰਡੇ ਦਾ। ਇਸੇ ਕਰਕੇ ਨਾਨਕਿਆਂ ਦਾ ਮੇਲ਼ ਸਿਠਣੀਆਂ ਦੇ ਪਿੜ ਵਿਚ ਮੁਖ ਨਿਸ਼ਾਨਾ ਬਣਿਆਂ ਹੁੰਦਾ ਹੈ।

ਜਦੋਂ ਨਾਨਕਾ ਮੇਲ਼ ਆਉਂਦਾ ਹੈ ਤਾਂ ਪਿੰਡੋਂ ਬਾਹਰ ਉਹਨਾਂ ਦੇ ਸੁਆਗਤ ਲਈ ਪਿੰਡ ਦੀਆਂ ਜਨਾਨੀਆਂ ਪੁੱਜ ਜਾਂਦੀਆਂ ਹਨ। ਦੋਨੋਂ ਧਿਰਾਂ ਇਕ ਦੂਜੇ ਦਾ ਸੁਆਗਤ ਸਿਠਣੀਆਂ ਨਾਲ਼ ਕਰਦੀਆਂ ਹਨ:

ਹੁਣ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਅਸੀਂ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਖੜੀਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਨੀ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ
ਜੰਮੀਆਂ ਸੀ ਕੱਟੀਆਂ
ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਚੱਬੇ ਸੀ ਪਕੌੜੇ
ਜੰਮੇ ਸੀ ਜੋੜੇ
ਜੌੜੇ ਖਿਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਖਾਧੇ ਸੀ ਲੱਡੂ
ਜੰਮੇ ਸੀ ਡੱਡੂ
ਟੋਭੇ ਛਡਾਵਣ ਗਈਆਂ
ਹੁਣ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਅਸੀਂ ਹਾਜ਼ਰ ਨਾਜਰ
ਫੁੱਲਾਂ ਬਰਾਬਰ ਖੜੀਆਂ
ਨੀ ਬੇਬੇ ਤੇਰੀਆਂ ਨਾਨਕੀਆਂ

ਇਸੇ ਭਾਵਨਾ ਦੀ ਇਕ ਹੋਰ ਸਿਠਣੀ ਦਿੱਤੀ ਜਾਂਦੀ ਹੈ:-

ਕਿੱਥੋਂ ਆਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

ਪੀਤੀ ਸੀ ਪਿੱਛ ਜੰਮੇ ਸੀ ਰਿੱਛ
ਹੁਣ ਕਲੰਦਰਾਂ ਵਿਹੜੇ ਵੇ
ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਲੱਡੂ ਜੰਮੇ ਸੀ ਡੱਡੂ
ਹੁਣ ਛੱਪੜਾਂ ਦੇ ਕੰਢੇ ਵੇ
ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਮਾਂਹ ਜੰਮੇ ਸੀ ਕਾਂ
ਕਾਂ ਕਾਂ ਕਰਦੀਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਖਜੂਰ ਜੰਮੇ ਸੀ ਸੂਰ
ਹੁਣ ਸੂਰਾਂ ਦੇ ਗਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

ਖਾਧੀਆਂ ਸੀ ਖਿੱਲਾਂ
ਜੰਮੀਆਂ ਸੀ ਇੱਲ੍ਹਾਂ
ਹੁਣ ਅੰਬਰ ਭੌਦੀਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਪਕੌੜੇ
ਜੰਮੇ ਸੀ ਜੌੜੇ
ਹੁਣ ਜੌੜੇ ਖਿਡਾਵਣ ਗਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

ਸਿਰਾਂ ਤੇ ਟਰੰਕ ਹੱਥਾਂ 'ਚ ਮੋਰਨੀਆਂ ਵਾਲ਼ੇ ਝੋਲ਼ੇ ਫੜੀਂ ਆਉਂਦੇ ਨਾਨਕਾ ਮੇਲ਼ ਦਾ ਪਿੰਡ ਦੀ ਗਲ਼ੀ ਵਿਚ ਪ੍ਰਵੇਸ਼ ਕਰਨ ਤੇ ਗਲ਼ੀ ਦੀਆਂ ਔਰਤਾਂ ਹਾਸਿਆਂ ਮਖੌਲਾਂ ਨਾਲ਼ ਸੁਆਗਤ ਕਰਦੀਆਂ ਹਨ। ਸਿਠਣੀਆਂ ਦੀ ਛਹਿਬਰ ਲਗ ਜਾਂਦੀ ਹੈ:-

ਛੱਜ ਓਹਲੇ ਛਾਨਣੀ
ਪਰਾਤ ਓਹਲੇ ਤਵਾ ਓ
ਨਾਨਕਿਆਂ ਦਾ ਮੇਲ਼ ਆਇਆ
ਸੂਰੀਆਂ ਦਾ ਰਵਾ ਓਏ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਗੁੱਛੀਆਂ
ਨਾਨਕਿਆਂ ਦਾ ਮੇਲ਼ ਆਇਆ
ਸੱਭੇ ਰੰਨਾਂ ਲੁੱਚੀਆਂ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਛੱਜ ਓਏ
ਨਾਨਕਿਆਂ ਦਾ ਮੇਲ਼ ਆਇਆ
ਗਾਉਣ ਦਾ ਨਾ ਚੱਜ ਓਏ

ਵਿਆਹ ਵਾਲ਼ੇ ਘਰ ਵਿਚ ਹਾਸੇ ਠੱਠੇ ਦਾ ਮਾਹੌਲ ਬਣਿਆਂ ਹੁੰਦਾ ਹੈ। ਇਸੇ ਰੌਲ਼ੇ ਰੱਪੇ ਦੇ ਮਾਹੌਲ ਵਿਚ ਮਾਸੀ, ਭੂਆਂ ਦਾ ਪਰਿਵਾਰ ਅਤੇ ਨਾਨਕਾ ਮੇਲ਼ ਘਰ ਦਿੱਚ ਪ੍ਰਵੇਸ਼ ਕਰਦਾ ਹੈ। ਉਹ ਆਪਣੀ ਪਹੁੰਚ ਸਿਠਣੀ ਦੇ ਰੂਪ ਵਿਚ ਦੇਂਦੇ ਹਨ:-

ਸੁਰਜੀਤ ਕੁਰੇ ਕੁੜੀਏ
ਗੁੜ ਦੀ ਰੋੜੀ ਚਾਹ ਦੇ ਪੱਤੇ
ਦੁਧ ਬਜ਼ਾਰੋਂ ਲਿਆ ਦੇ
ਫੱਕਰ ਨੀ ਤੇਰੇ ਬਾਹਰ ਖੜੇ
ਸਾਨੂੰ ਚਾਹ ਦੀ ਘੁੱਟ ਪਲ਼ਾ ਦੇ
ਫੱਕਰ ਨੀ ਤੇਰੇ ਬਾਹਰ ਖੜੇ
*
ਸਾਨੂੰ ਆਇਆਂ ਨੂੰ ਮੰਜਾ ਨਾ ਡਾਹਿਆ
ਨੀ ਚੱਲੋ ਭੈਣੋਂ ਮੁੜ ਚੱਲੀਏ

ਸੋਡਾ ਵੇਹੜਾ ਭੀੜਾ ਨੀ
ਚੱਲੋ ਭੈਣੋਂ ਮੁੜ ਚੱਲੀਏ
ਸੋਡੇ ਕੋਠੇ ਤੇ ਥਾਂ ਹੈਨੀ
ਚਲੋ ਭੈਣੋਂ ਮੁੜ ਚੱਲੀਏ

ਨਾਨਕਾ ਮੇਲ਼ ਦਾ ਗ੍ਰਹਿ- ਪ੍ਰਵੇਸ਼ ਸ਼ਗਨਾਂ ਨਾਲ਼ ਕੀਤਾ ਜਾਂਦਾ ਹੈ। ਵਿਆਂਦੜ ਮੁੰਡੇ-ਕੁੜੀ ਦੀ ਮਾਂ ਜਾਂ ਲਾਗਣ ਬੂਹੇ ਉੱਤੇ ਤੇਲ ਚੋ ਕੇ ਉਹਨਾਂ ਦਾ ਆਦਰ ਮਾਣ ਨਾਲ਼ ਸੁਆਗਤ ਕਰਦੀ ਹੈ।

ਐਨੇ ਨੂੰ ਬਰਾਤ ਆਉਣ ਦਾ ਸਮਾਂ ਨੇੜੇ ਢੁਕ ਜਾਂਦਾ ਹੈ ...ਰੱਥਾਂ, ਗੱਡੀਆਂ, ਊਠਾਂ ਅਤੇ ਘੋੜੀਆਂ ਦੀ ਧੂੜ ਪਿੰਡ ਦੀਆਂ ਬਰੂਹਾਂ ਤਕ ਪੁੱਜ ਜਾਂਦੀ ਹੈ ਤੇ ਸਾਰੀਆਂ ਮੇਲਣਾ ਕੱਠੀਆਂ ਹੋ ਕੇ ਅਪਣੇ ਘਰ ਦੇ ਦਰਵਾਜ਼ੇ ਮੂਹਰੇ ਖੜ੍ਹਕੇ ਸੁਆਗਤੀ ਗੀਤ ਗਾਉਂਦੀਆਂ ਹਨ:-

ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਬਾਬਲ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਮਾਮੇ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਤੇੜੇ

ਬਰਾਤ ਦੇ ਢੁਕਾਅ ਤੇ ਪਹਿਲਾਂ ਕੁੜਮਾਂ ਤੇ ਮਾਮਿਆਂ ਦੀ ਮਿਲਣੀ ਕਰਵਾਈ ਜਾਂਦੀ ਹੈ। ਮਿਲਣੀ ਉਪਰੰਤ ਸਾਰੇ ਵਾਤਾਵਰਣ ਵਿਚ ਖੁਸ਼ੀ ਦੀਆਂ ਫੁਹਾਰਾਂ ਵਹਿ ਟੁਰਦੀਆਂ ਹਨ ਤੇ ਸਾਰਾ ਮਾਹੌਲ ਖੁਲ੍ਹਾ ਖੁਲਾਸਾ ਬਣ ਜਾਂਦਾ ਹੈ। ਇਸੇ ਮਾਹੌਲ ਦਾ ਲਾਹਾ ਲੈਂਦੀਆਂ ਮੇਲਣਾਂ ਪਹਿਲਾਂ ਘੱਟ ਕਰਾਰੀਆਂ ਤੇ ਮਗਰੋਂ ਸਲੂਣੀਆਂ ਸਿੱਠਣੀਆਂ ਦੇਣੀਆਂ ਸ਼ੁਰੂ ਕਰ ਦੇਂਦੀਆਂ ਹਨ:-

ਜਾਨੀ ਓਸ ਪਿਡੋਂ ਆਏ
ਜਿੱਥੇ ਰੁੱਖ ਵੀ ਨਾ
ਇਹਨਾਂ ਦੇ ਤੌੜਿਆਂ ਵਰਗੇ ਮੁੂੰਹ
ਉੱਤੇ ਮੁੱਛ ਵੀ ਨਾ

ਜਾਨੀ ਓਸ ਪਿਡੋਂ ਆਏ
ਜਿੱਥੇ ਤੂਤ ਵੀ ਨਾ
ਇਹਨਾਂ ਦੇ ਖਪੜਾਂ ਵਰਗੇ ਮੂੰਹ
ਉੱਤੇ ਰੂਪ ਵੀ ਨਾ

ਜਾਨੀ ਓਸ ਪਿਡੋਂ ਆਏ
ਜਿੱਥੇ ਟਾਲ੍ਹੀ ਵੀ ਨਾ
ਇਹਨਾਂ ਦੇ ਪੀਲ਼ੇ ਡੱਡੂ ਮੂੰਹ
ਉੱਤੇ ਲਾਲੀ ਵੀ ਨਾ

ਉਹ ਜਾਨੀਆਂ ਦੇ ਵਿਦ ਵਿਦ ਨੁਕਸ ਛਾਂਟਦੀਆਂ ਹਨ:-

ਚੰਨ ਚਾਨਣੀ ਰਾਤ
ਤਾਰਾ ਕੋਈ ਕੋਈ ਐ
ਜੰਨ ਬੁੱਢਿਆਂ ਦੀ ਆਈ
ਮੁੰਡਾ ਕੋਈ ਕੋਈ ਐ
ਚੰਨ ਚਾਨਣੀ ਰਾਤ
ਤਾਰਾ ਇਕ ਵੀ ਨਹੀਂ
ਜੰਨ ਕਾਣਿਆਂ ਦੀ ਆਈ
ਸਾਬਤ ਇਕ ਵੀ ਨਹੀਂ

ਏਥੇ ਹੀ ਬਸ ਨਹੀਂ:

ਸੱਦੇ ਸੀ ਅਸੀਂ ਪੰਜ ਪਰਾਹੁਣੇ
ਸੱਦੇ ਸੀ ਅਸੀਂ ਪੰਜ ਪਰਾਹੁਣੇ
ਟੋਲੇ ਬੰਨ੍ਹ ਬੰਨ੍ਹ ਆਏ
ਅਸੀਂ ਸਜਣ ਬੜੇ ਸਮਝਾਏ
ਧਰਮ ਨਾਲ਼ ਸਜਣ ਬੜੇ ਸਮਝਾਏ

ਸੱਦੇ ਸੀ ਅਸੀਂ ਸੋਹਣੇ ਮੋਹਣੇ
ਸੱਦੇ ਸੀ ਅਸੀਂ ਸੋਹਣੇ ਮੋਹਣੇ
ਪੰਜ ਦਵੰਜੇ ਆਏ
ਧਰਮ ਨਾਲ਼ ਪੰਜ ਦਵੰਜੇ ਆਏ

ਸੱਦੇ ਸੀ ਅਸੀਂ ਗੱਭਰੂ ਗੱਭਰੂ
ਸੱਦੇ ਸੀ ਅਸੀਂ ਗੱਭਰੂ ਗੱਭਰੂ
ਇਹ ਬੁਢੜੇ ਕਾਹਨੂੰ ਆਏ

ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ਼ ਸੱਜਣ ਬੜੇ ਸਮਝਾਏ

ਉਹ ਜਾਨੀਆਂ ਨੂੰ ਪਾਣੀ ਪੀਣ ਬਦਲੇ ਖੂਹਾਂ ਵਾਲ਼ਿਆਂ ਨੂੰ ਅਪਣੀਆਂ ਮਾਵਾਂ ਦੇਣ ਲਈ ਕਹਿੰਦੀਆਂ ਹਨ:-

ਸਾਡੇ ਖੂਹਾਂ ਦਾ ਠੰਡਾ ਠੰਡਾ ਪਾਣੀ
ਵੇ ਜਾਨੀਓਁ ਪੀ ਕੇ ਜਾਇਓ
ਖੂਹਾਂ ਵਾਲ਼ਿਆਂ ਨੂੰ ਦੇ ਕੇ ਜਾਇਓ ਮਾਂ
ਵੇ ਜਾਨੀਓਁ ਪੀ ਕੇ ਜਾਇਓ

ਸਾਡੀਆਂ ਬੇਰੀਆਂ ਦੇ ਮਿੱਠੇ ਮਿੱਠੇ ਬੇਰ
ਵੇ ਜਾਨੀਓਁ ਖਾ ਕੇ ਜਾਇਓ
ਬੇਰੀਆਂ ਵਾਲ਼ਿਆਂ ਨੂੰ ਦੇ ਕੇ ਜਾਇਓ ਮਾਂ
ਵੇ ਜਾਨੀਓਁ ਖਾ ਕੇ ਜਾਇਓ

ਸਾਡੇ ਤੂਤਾਂ ਦੀ ਠੰਡੀ ਠੰਡੀ ਛਾਂ
ਵੇ ਜਾਨੀਓਁ ਮਾਣ ਕੇ ਜਾਇਓ
ਸਾਡੇ ਤੂੜਾਂ ਦੀ ਠੰਡੀ ਠੰਡੀ ਛਾਂ
ਵੇ ਜਾਨੀਓਁ ਮਾਣ ਕੇ ਜਾਇਓ
ਹੋਰ
ਕੋਰੀ ਤੇ ਤੌੜੀ ਅਸੀਂ ਰਿੰਨ੍ਹੀਆਂ ਗੁੱਲੀਆਂ
ਭੁੱਖ ਲੱਗੀ ਲਾੜਾ ਕੱਢਦਾ ਬੁੱਲ੍ਹੀਆਂ
ਰੋਟੀ ਭਜਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਭੈੜੇ ਭੈੜੇ ਤੁਸੀਂ ਕਰਦੇ ਹੋ ਕਾਰੋ
ਇਨ੍ਹੀ ਕਰਤੂਤਾਂ ਤੁਸੀਂ ਰਹੇ ਕੁਆਰੇ
ਕਰਤੂਤ ਤੇ ਛਿਪਦੀ ਨਹੀਂ
ਨਿਲੱਜਿਓ ਲਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ
ਦਾਣੇ ਤਾਂ ਮੰਗਦਾ ਉਧਲ ਗਈ ਦਾ
ਭੱਠੀ ਤਪਾਉਣੀ ਪਈ
ਨਿਲੱਜਿਓ ਲਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਤਾਣਾ ਤਣੀਂਦਾ
ਲਾੜੇ ਦਾ ਪਿਓ ਕਾਣਾ ਸੁਣੀਂਦਾ
ਐਨਕ ਲਵਾਉਣੀ ਪਈ
ਨਿਲੱਜਿਓ ਲਜ ਤੁਹਾਨੂੰ ਨਹੀਂ

ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ
ਮੁੰਡਾ ਤਾਂ ਸੁਣੀਂਦਾ ਕੋਈ ਘੁਮਾਰ ਏ
ਜੋੜ ਤਾਂ ਜੁੜਦਾ ਨਹੀਂ
ਨਿਲੱਜਿਓ ਲਜ ਤੁਹਾਨੂੰ ਨਹੀਂ

ਪੈਸਾ ਪੈਸਾ ਸਾਡੇ ਪਿੰਡੋਂ ਜੀ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਨ ਤੇ ਸਜਦੀ ਨਹੀਂ
ਨਿਲੱਜਿਓ ਲਜ ਤੁਹਾਨੂੰ ਨਹੀਂ

ਆਏ ਬਰਾਤੀਆਂ ਤੇ ਵਯੰਗ ਕਸੇ ਜਾਂਦੇ ਹਨ। ਨਾ ਉਹਨਾਂ ਵਲੋਂ ਲਿਆਂਦੀ ਵਰੀ ਪਸੰਦ ਹੈ ਤੇ ਨਾ ਹੀ ਆਏ ਬਰਾਤੀ ਉਹਨਾਂ ਨੂੰ ਚੰਗੇ ਲੱਗਦੇ ਹਨ। ਉਹ ਬਰਾਤੀਆਂ ਦਾ ਮਖੌਲ ਉਡਾਉਂਦੀਆਂ ਹਨ:-

ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਵਰੀ ਪੁਰਾਣੀ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਕੀ ਕੀ ਵਸਤ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਬੁਢੜੇ ਕਾਹਨੂੰ ਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਗੱਭਰੂ ਕਿਉਂ ਨਾ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਸਾਰੇ ਆਂਢਲ ਆਏ

ਪਹਿਲੇ ਸਮਿਆਂ ਵਿਚ ਬਰਾਤਾਂ ਤਿੰਨ ਦਿਨ ਠਹਿਰਿਆ ਕਰਦੀਆਂ ਸਨ। ਇਕ ਦਿਨ ਆਉਣ ਦਾ ਤੇ ਇਕ ਦਿਨ ਵਦਾਇਗੀ ਦਾ। ਫੇਰ ਦੋ ਦਿਨ ਠਹਿਰਨ ਲੱਗੀਆਂ ਤੇ ਅਜ ਕਲ ਤਾਂ ਇਕ ਦਿਨ ਵਿਚ ਹੀ ਸਾਰੇ ਕਾਰਜ ਪੂਰੇ ਜਾਂਦੇ ਹਨ।

ਜਨ ਦਾ ਉਤਾਰਾ ਜਨ-ਘਰ ਜਾਂ ਧਰਮਸ਼ਾਲਾ ਵਿਚ ਕਰਵਾਇਆ ਜਾਂਦਾ ਸੀ। ਪਹਿਲੀ ਰਾਤ ਦੀ ਰੋਟੀ ਘਿਉ-ਬੂਰੇ ਜਾਂ ਚੌਲ ਸ਼ੱਕਰ ਨਾਲ਼ ਦਿੱਤੀ ਜਾਂਦੀ ਸੀ ਇਸ ਨੂੰ "ਕੁਆਰੀ ਰੋਟੀ" ਜਾਂ "ਮਿੱਠੀ ਰੋਟੀ" ਆਖਦੇ ਸਨ। ਗੈਸਾਂ ਅਤੇ ਲਾਲਟੈਣਾਂ ਦੇ ਚਾਨਣ ਵਿਚ ਬਰਾਤੀ ਕੋਰਿਆਂ ਉੱਤੇ ਬੈਠ ਕੇ ਰੋਟੀ ਛਕਦੇ। ਵਰਤਾਵੇ ਜਿਨ੍ਹਾਂ ਨੂੰ ਮਾਲਵੇ ਵਿਚ ਪਰੀਹੇ ਆਖਿਆ ਜਾਂਦਾ ਹੈ ਕੱਲੀ ਕੱਲੀ ਲਾਈਨ ਵਿਚ ਜਾਕੇ ਸ਼ੱਕਰ, ਬੂਰਾ ਤੇ ਘਿਓ ਆਦਿ ਵਰਤਾਉਂਦੇ। ਮਿੱਠੀ ਰੋਟੀ ਵੇਲੇ ਲਾੜਾ ਬਰਾਤ ਨਾਲ਼ ਨਹੀਂ ਸੀ ਜਾਂਦਾ, ਉਸ ਦੀ ਰੋਟੀ ਡੇਰੇ ਭੇਜੀ ਜਾਂਦੀ ਸੀ। ਬਰਾਤੀਆਂ ਨੇ ਰੋਟੀ ਖਾਣੀ ਸ਼ੁਰੂ ਕਰਨੀ ਓਧਰ ਬਨੇਰਿਆਂ ਤੇ ਬੈਠੀਆਂ ਸੁਆਣੀਆਂ ਨੇ ਸਿੱਠਣੀਆਂ ਦਾ ਨਿਸ਼ਾਨਾ ਕੁੜਮ ਨੂੰ ਬਣਾਉਂਣਾ:-

ਕੁੜਮ ਚਲਿਆ ਗੰਗਾ ਦਾ ਨ੍ਹਾਉਣ
ਹਰ ਗੰਗਾ ਨਰੈਣ ਗੰਗਾ
ਪਹਿਲੇ ਗੇੜੇ ਗਿਆ ਪਤਾਲ਼
ਹਰ ਗੰਗਾ ਨਰੈਣ ਗੰਗਾ
ਮੱਛੀ ਨੇ ਫੜ ਲਿਆ ਮੁੱਛ ਦਾ ਵਾਲ਼
ਹਰ ਗੰਗਾ ਨਰੈਣ ਗੰਗਾ
ਛਡ ਦੇ ਮੇਰੀ ਮੁੱਛ ਦਾ ਵਾਲ਼
ਏਥੇ ਫੇਰ ਨਹੀਂ ਆਉਂਦਾ ਤੇਰੇ ਦਰਬਾਰ
ਹਰ ਗੰਗਾ ਨਰੈਣ ਗੰਗਾ
ਏਥੇ ਕਰਦੂੰ ਬੇਬੇ ਦਾ ਦਾਨ
ਹਰ ਗੰਗਾ ਨਰੈਣ ਗੰਗਾ

ਕੁੜਮ ਸਿੱਠਣੀਆਂ ਦਾ ਸ਼ਿਕਾਰ ਬਣਿਆਂ ਭਮੱਤਰ ਜਾਂਦਾ ਹੈ। ਕੋਈ ਉਸ ਦੇ ਸਰੀਰਕ ਨੁਕਸ ਲਭਦੀ ਹੈ ਕੋਈ ਉਹਦੀ ਜ਼ੋਰੋ ਦੇ ਤਾਅਨੇ ਮਾਰਦੀ ਹੈ, ਬਰਾਤੀ ਮੁੱਛਾਂ ਵਿਚ ਮੁਸਕਰਾਉਂਦੇ ਹੋਏ ਅਨੂਠਾ ਆਨੰਦ ਮਾਣਦੇ ਹਨ! ਬਨੇਰੇ ਤੋਂ ਸਿੱਠਣੀਆਂ ਦੀਆਂ ਫੁਹਾਰਾਂ ਪੈ ਰਹੀਆਂ ਹਨ:-

ਜੇ ਕੁੜਮਾਂ ਤੇਰੀਆਂ ਅੱਖਾਂ ਦੁਖਦੀਆਂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿਚ ਮਿਰਚਾਂ ਦੀ ਲੱਪ ਪਵਾ ਲੈ ਵੇ
ਕੁੱਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
‌‌ਇਕ ਤੇਲ ਦੀ ਪਲ਼ੀ
ਵਿਚ ਬਿੱਲੀ ਦੀ ਪੂਛ ਫਰਾ ਲੈ ਵੇ

ਕੁੱਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ

ਕੁੜਮ ਦੀ ਜ਼ੋਰੋ ਬਾਰੇ ਅਨੇਕਾਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ ਉਸ 'ਤੇ ਚਰਿੱਤਰ ਹੀਣ ਹੋਣ ਦੇ ਦੂਸ਼ਣ ਲਾਏ ਜਾਂਦੇ ਹਨ। ਭਲਾ ਕੌਣ ਮਸਤੀ ਦੀ ਮੌਜ ਵਿਚ ਗਾ ਰਹੀਆਂ ਸੁਆਣੀਆਂ ਦੇ ਮੂੰਹ ਫੜ ਸਕਦਾ ਹੈ:

ਵੇ ਜ਼ੋਰੇ ਤੇਰੀ ਕੁੜਮਾਂ
ਕਰਦੀ ਪਾਣੀ ਪਾਣੀ
ਕੌਣ ਦਾਰੀ ਦਾ ਰਸੀਆ
ਕੌਣ ਲਿਆਵੇ ਪਾਣੀ
ਦਿਓਰ ਦਾਰੀ ਦਾ ਰਸੀਆ
ਉਹੋਂ ਲਿਆਵੇ ਪਾਣੀ
ਨੀ ਸਰ ਸੁਕਗੇ ਨਖਰੋ
ਕਿਥੋਂ ਲਿਆਵਾਂ ਪਾਣੀ
ਵੇ ਇਕ ਬੱਦਲ ਵ
ਵਿਚ ਰਾਹਾਂ ਦੇ ਪਾਣੀ
ਵੇ ਜ਼ੋਰੋ ਤੇਰੀ ਕੁੜਮਾ
ਕਰਦੀ ਡੇਲੇ ਡੇਲੇ
ਕੌਣ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਉਹਦਾ ਦਿਓਰ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਨੀ ਬਣ ਸੁਕਗੇ ਨਖਰੋ
ਕਿਥੋਂ ਲਿਆਵਾਂ ਡੇਲੇ

ਕੁੜਮਣੀ ਤੇ ਕਈ ਪਰਕਾਰ ਦੇ ਦੋਸ਼ ਲਗਾਏ ਜਾਂਦੇ ਹਨ, ਮੇਲਣਾਂ ਵਿਦ ਵਿਦ ਕੇ ਸਿੱਠਣੀਆਂ ਦੇਂਦੀਆਂ ਹਨ:-

ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰਾ ਆਟਾ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਧੌਲ਼ਾ ਝਾਟਾ

ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰੇ ਦਾਣੇ

ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਨਿੱਕੇ ਨਿਆਣੇ

ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰੀ ਭੇਲੀ
ਕੁੜਮਾਂ ਜ਼ੋਰੋ ਉੱਧਲ ਚੱਲੀ
ਲੈ ਕੇ ਫੱਤੂ ਤੇਲੀ

ਉਹ ਉਸ ਨੂੰ ਯਾਰ ਹੰਢਾਉਣ ਦਾ ਮਿਹਣਾ ਮਾਰਦੀਆਂ ਹਨ:

ਕਿੱਕਣ ਜੀਵੇਂਗੀ ਨੀ ਕੁੜਮਾ ਜ਼ੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ
ਤੂੰ ਤਾਂ ਐਂ ਸੁੰਨੀ
ਜਿਉਂ ਘੋੜਾ ਸੁੰਨਾ ਅਸਵਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਰੋਹੀ ਸੁੰਨੀ ਬਘਿਆੜ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐ ਸੁੰਨੀ
ਜਿਉਂ ਪਿੰਡ ਸੁੰਨਾ ਚੌਕੀਦਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਪਰਜਾ ਸੁੰਨੀ ਸਰਕਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜ਼ੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ

ਕੁੜਮ ਵਿਚਾਰਾ ਪਾਣੀਓਂ ਪਾਣੀ ਹੋਇਆ ਇਕ ਹੋਰ ਤੱਤੀ ਤੱਤੀ ਸਿਠਣੀ ਸੁਣਦਾ ਹੈ, ਮੁਟਿਆਰਾਂ ਦਾ ਜਲੌਅ ਝੱਲਿਆ ਨੀ ਜਾਂਦਾ:-

ਕੁੜਮਾਂ ਜ਼ੋਰੋ ਸਾਡੇ ਆਈ
ਘਗਰੀ ਲਿਆਈ ਪਾਟੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ
ਕੌਣ ਜੁ ਉਹਦੇ ਧਾਗੇ ਵੱਟੇ
ਕੌਣ ਜੁ ਲਾਵੇ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ

ਛੜੇ ਜੋ ਤੇਰੇ ਧਾਗੇ ਵੱਟਣ
ਉਹੀ ਲਾਉਣ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ

ਦੂਜੀ ਭਲਕ, ਫੇਰਿਆਂ ਤੋਂ ਮਗਰੋਂ, ਗੱਭਲੀ ਰੋਟੀ ਜਿਸ ਨੂੰ "ਖੱਟੀ ਰੋਟੀ" ਵੀ ਆਖਦੇ ਹਨ ਸਮੇਂ ਲਾੜਾ ਬਾਰਾਤ ਵਿਚ ਸ਼ਾਮਲ ਹੋ ਕੇ ਰੋਟੀ ਖਾਣ ਜਾਂਦਾ ਹੈ। ਜਾਨੀ ਪੂਰੀ ਟੌਹਰ ਵਿਚ ਹੁੰਦੇ ਹਨ ਓਧਰ ਬਨੇਰਿਆਂ ਤੇ ਬੈਠੀਆਂ ਮੁਟਿਆਰਾਂ ਤੇ ਔਰਤਾਂ ਲਾੜੇ ਨੂੰ ਆਪਣੀਆਂ ਸਿੱਠਣੀਆਂ ਦਾ ਨਿਸ਼ਾਨਾ ਬਣਾਉਂਦੀਆਂ ਹਨ:-

ਲਾੜਿਆ ਪਗ ਟੇਢੀ ਨਾ ਬੰਨ੍ਹ ਵੇ
ਸਾਨੂੰ ਹੀਣਤ ਆਵੇ
ਤੇਰੀ ਬੇਬੇ ਵੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਵੇ ਬਦਣੀ
ਬੈਠੀ ਜੋਕਾਂ ਵੇ ਲਾਵੇ
ਇਕ ਜੋਕ ਗਵਾਚੀ
ਬੈਠੀ ਝਗੜਾ ਪਾਵੇ
ਇਕ ਪੈਸਾ ਨੀ ਲੈ ਲੈ
ਝਗੜਾ ਛੜ ਬਦਕਾਰੇ
ਪੇਸਾ ਨਹੀਓਂ ਲੈਣਾ
ਝਗੜਾ ਜਾਊ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿਤ ਘਰ ਆਵੇ

ਉਹ ਲਾੜੇ ਦਾ ਬੜੀ ਬੇਰਹਿਮੀ ਨਾਲ਼ ਮਖੌਲ ਉਡਾਉਂਦੀਆਂ ਹਨ:

ਅਸਾਂ ਨਾ ਲੈਣੇ
ਪੁੱਤਾਂ ਬਾਝ ਕਰੇਲੇ
ਅਸਾਂ ਨਾ ਲੈਣੇ
ਲਾੜਾ ਭੌਂਦੂ ਐਂ ਝਾਕੇ
ਜਿਮੇਂ ਚਾਮ ਚੜਿਕ ਦੇ ਡੇਲੇ
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ

ਉਹ ਉਸ ਦੀ ਭੈਣ ਅਤੇ ਭੂਆ ਤੇ ਚਰਿੱਤਰ ਹੀਣ ਹੋਣ ਦਾ ਇਲਜ਼ਾਮ ਲਾਕੇ ਉਸ ਨੂੰ ਠਿਠ ਕਰ ਦੇਂਦੀਆਂ ਹਨ:

ਪਿਛਲੇ ਅੰਦਰ ਹਨ੍ਹੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੈਣ ਛਨਾਲ਼
ਖੇਲੇ ਮੁੰਡਿਆਂ ਨਾਲ਼
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ
ਪਿਛਲੇ ਅੰਦਰ ਹਨ੍ਹੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੂਆ ਛਨਾਲ਼
ਖੇਲੇ ਮੁੰਡਿਆਂ ਨਾਲ਼
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ

ਲਾੜੇ ਦੀ ਭੈਣ ਬਾਰੇ ਇਕ ਪ੍ਰਤੀਕਆਤਮਕ ਸਿਠਣੀ ਦਿੱਤੀ ਜਾਂਦੀ ਹੈ:-

ਲਾੜੇ ਭੈਣ ਦੀ ਕੱਚੀ ਖੂਹੀ ਕੱਚੀ ਖੂਹੀ
ਡੋਲ ਫਰ੍ਹਾ ਗਿਆ ਕੋਈ ਹੋਰ
ਹੋਰ ਭੈਣੇ ਹੋਰ ਬਾਗੀਂ ਕੂਕਦੇ ਸੀ ਮੋਰ
ਡੋਲ ਫਰ੍ਹਾ ਗਿਆ ਕੋਈ ਹੋਰ

ਲਾੜੇ ਭੈਣ ਦੀ ਖਿੜ ਗਈ ਕਿਆਰੀ
ਖਿੜੀ ਕਿਆਰੀ ਅੱਧੀ ਰਾਤ
ਟੀਂਡਾ ਤੋੜ ਗਿਆ ਕੋਈ ਹੋਰ
ਬਾਗੀਂ ਬੋਲਦੇ ਸੀ ਮੋਰ
ਟੀਂਡਾ ਤੋੜ ਗਿਆ ਕੋਈ ਹੋਰ

ਲਾੜੇ ਦੀ ਭੈਣ ਦੀ ਖੁਲ੍ਹੀ ਖਿੜਕੀ
ਖੁਲ੍ਹੀ ਖਿੜਕੀ ਅੱਧੀ ਰਾਤ
ਕੁੰਡਾ ਲਾ ਗਿਆ ਕੋਈ ਹੋਰ
ਬਾਗੀਂ ਬੋਲਦੇ ਸੀ ਮੋਰ
ਕੁੰਡਾ ਲਾ ਗਿਆ ਕੋਈ ਹੋਰ

ਲਾੜੇ ਦੇ ਕੋੜਮੇ ਨੂੰ ਪੁਣਦੀਆਂ ਹੋਈਆਂ ਮੁਟਿਆਰਾਂ ਸਾਰੇ ਮਾਹੌਲ ਵਿਚ ਹਾਸੇ ਛਣਕਾ ਦੇਂਦੀਆਂ ਹਨ। ਕੋਈ ਵਡਾਰੂ ਕੁੜੀਆਂ ਨੂੰ ਸਲੂਣੀਆਂ ਸਿੱਠਣੀਆਂ ਦੇਣ ਤੋਂ ਵਰਜਣ ਲਗਦਾ ਹੈ ਤਾਂ ਅਗੋਂ ਕੋਈ ਰਸੀਆ ਆਖ ਦੇਂਦਾ ਹੈ। "ਦੇ ਲੋ ਭਾਈ ਦੇ ਲੋ- ਆਹ ਦਿਨ ਕਿਹੜਾ ਰੋਜ਼ ਰੋਜ਼ ਆਉਣੈ।" ਇੰਨੇ ਨੂੰ ਸਿੱਠਣੀ ਦੇ ਬੋਲ ਉਭਰਦੇ ਹਨ:-

ਲਾੜਿਆ ਵੇ ਮੇਰਾ ਨੌਕਰ ਲਗ ਜਾ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੇ ਅੰਦਰੋਂ ਸੁੰਭਰ ਮੇਰੇ ਬਾਹਰੋਂ ਸੁੰਭਰ
ਮੇਰੇ ਮਹਿਲੀਂ ਰੜਕਾ ਫੇਰ ਆਈਁ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰਾ ਉਤਲਾ ਧੋ
ਮੇਰੀ ਕੁੜਤੀ ਧੋ
ਚੀਰੇ ਵਾਲ਼ੇ ਦੀ ਜਾਕਟ ਧੋ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੀ ਮੱਝ ਨਲ੍ਹਾ
ਮੇਰੀ ਕੱਟੀ ਨਲ੍ਹਾ
ਚੀਰੇ ਵਾਲ਼ੇ ਦਾ ਘੋੜਾ ਨਲ੍ਹਾ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ

ਨਮੋਸ਼ੀ ਦਾ ਮਾਰਿਆ ਲਾੜਾ ਤਾਂ ਨਿਗਾਹ ਚੁੱਕ ਕੇ ਬਨੇਰਿਆਂ ਤੇ ਬੈਠੀਆਂ ਮੁਟਿਆਰਾਂ ਵਲ ਝਾਕਣ ਦੀ ਜੁਰਅਤ ਵੀ ਨਹੀਂ ਕਰ ਸਕਦਾ। ਜਦੋਂ ਵੇਖਦਾ ਹੈ। ਝਟ ਟੋਕਾ ਟਾਕੀ ਸ਼ੁਰੂ ਹੋ ਜਾਂਦੀ ਹੈ:-

ਲਾੜਿਆਂ ਆਪਣੀਆਂ ਵਲ ਵੇਖ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਘਰ ਭੈਣ ਜੁ ਤੇਰੀ ਕੰਨਿਆ ਕੁਆਰੀ
ਤੂੰ ਉਹਦਾ ਦੇ ਦੇ ਸਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਤੂੰ ਆਪਣੀਆਂ ਵਲ ਝਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ

ਸਿੱਠਣੀਆਂ ਦੇਣ ਦਾ ਰਿਵਾਜ਼ ਹੁਣ ਖ਼ਤਮ ਹੋ ਗਿਆ ਹੈ। ਇਕ ਦਿਨ ਦੇ ਵਿਆਹ ਨੇ, ਉਹ ਵੀ ਮੈਰਿਜ ਪੈਲੇਸਾਂ ਵਿਚ ਹੋਣ ਕਾਰਨ, ਵਿਆਹ ਦੀਆਂ ਸਾਰੀਆਂ ਰਸਮਾਂ ਤੇ ਰੌਣਕਾਂ ਸਮਾਪਤ ਕਰ ਦਿੱਤੀਆਂ ਹਨ। ਬਸ ਸ਼ੋਰ ਹੀ ਰਹਿ ਗਿਆ ਹੈ। ਸੈਂਕੜਿਆਂ ਦੀ ਗਿਣਤੀ ਵਿਚ ਸਿੱਠਣੀਆਂ ਉਪਲਭਧ ਹਨ। ਇਹਨਾ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ।

  1. *ਭਾਈ ਕਾਨ੍ਹ ਸਿੰਘ, 'ਮਹਾਨ ਕੋਸ਼`, ਪੰਨਾ-195