ਸ਼ਗਨਾਂ ਦੇ ਗੀਤ/ਲੇਖਕ ਨਾਲ਼ ਮੁਲਕਾਤ

57887ਸ਼ਗਨਾਂ ਦੇ ਗੀਤ — ਲੇਖਕ ਨਾਲ਼ ਮੁਲਕਾਤਸੁਖਦੇਵ ਮਾਦਪੁਰੀ

ਲੇਖਕ ਨਾਲ਼ ਮੁਲਕਾਤ

ਡਾ. ਸੁਸ਼ੀਲ ਸ਼ਰਮਾ
ਅਸੋਸੀਏਟ ਪ੍ਰੋਫੈਸਰ, ਜੰਮੂ ਯੂਨੀਵਰਸਿਟੀ


ਸੁਸ਼ੀਲ ਸ਼ਰਮਾ: ਮਾਦਪੁਰੀ ਜੀ, ਤੁਸੀਂ ਮਾਲਵੇ ਦੇ ਇਲਾਕੇ ਨਾਲ਼ ਸੰਬੰਧ ਰਖਦੇ ਹੋ। ਮਾਲਵੇ ਦਾ ਆਪਣੀ ਜ਼ਿੰਦਗੀ ਤੇ ਕਿੰਨਾ ਕੁ ਪ੍ਰਭਾਵ ਕਬੂਲਿਆ ਹੈ?

ਮਾਦਪੁਰੀ: ਸੁਸ਼ੀਲ ਜੀ ਇਹ ਸੁਭਾਵਿਕ ਹੀ ਹੈ ਕਿ ਜਿਸ ਖੇਤਰ ਵਿਚ ਕੋਈ ਪ੍ਰਾਣੀ ਜੰਮਿਆ ਪਲ਼ਿਆ ਹੋਵੇ ਉਸ ਤੇ ਉਸ ਖੇਤਰ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਮੇਰੀ ਸ਼ਖ਼ਸੀਅਤ ਵਿਚ ਉਹ ਸਾਰੇ ਗੁਣ-ਔਗੁਣ ਹਨ ਜਿਹੜੇ ਮਲਵਈਆਂ ਵਿਚ ਹਨ। ਉਂਜ ਵੀ ਮੇਰਾ ਕਾਰਜ ਖੇਤਰ ਮਾਲਵਾ ਹੀ ਰਿਹਾ ਹੈ।

ਸੁਸ਼ੀਲ ਸ਼ਰਮਾ: ਆਪਣੇ ਜਨਮ ਤੇ ਪਿਛੋਕੜ ਬਾਰੇ ਦਸਦਿਆਂ ਆਪਣੀ ਪਰਿਵਾਰਕ ਪ੍ਰਿਸ਼ਠਭੂਮੀ ਬਾਰੇ ਵੀ ਰੋਸ਼ਨੀ ਪਾਓ।

ਮਾਦਪੁਰੀ: ਮੇਰਾ ਜਨਮ 12 ਜੂਨ 1935 ਨੂੰ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਦੇ ਪਿੰਡ ਮਾਦਪੁਰ ਵਿਚ ਇਕ ਜਟ ਸਿੱਖ ਪਰਿਵਾਰ ਵਿਚ ਸ. ਦਿਆ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੇ ਉਦਰੋਂ ਹੋਇਆ ਸੀ। ਦੋਨੋਂ ਅਨਪੜ੍ਹ ਸਨ ਪਰ ਸਨ ਮਿਹਨਤੀ, ਸਿਰੜੀ, ਸੂਝਵਾਨ ਅਤੇ ਸਬਰ ਸੰਤੋਖ ਵਾਲ਼ੇ। ਪਛੜਿਆ ਹੋਇਆ ਇਲਾਕਾ ਹੋਣ ਕਰਕੇ ਸਾਡਾ ਪਿੰਡ ਵੀ ਸੁਖ ਸਹੂਲਤਾਂ ਤੋਂ ਬਾਂਝਾ ਸੀ। ਹਰ ਪਾਸੇ ਅਨਪੜ੍ਹਤਾ ਦਾ ਪਸਾਰਾ ਸੀ। ਲੋਕ ਖੇਤੀ ਬਾੜੀ ਤੇ ਨਿਰਭਰ ਸਨ- ਮੇਰਾ ਬਾਪੂ ਵੀ ਖੇਤੀ ਕਰਦਾ ਸੀ। ਜਦੋਂ ਆਰ. ਐਸ. ਖਾਲਸਾ ਹਾਈ ਸਕੂਲ ਜਸਪਾਲੋਂ ਦੇ ਪ੍ਰਬੰਧਕਾਂ ਨੇ ਸਾਡੇ ਪਿੰਡ ਵਿਚ ਪ੍ਰਾਇਮਰੀ ਸਕੂਲ ਦੀ ਬ੍ਰਾਂਚ ਖੋਹਲੀ ਤਾਂ ਮੇਰੀ ਬੇਬੇ ਨੇ ਮੈਨੂੰ ਵੀ "ਅਮਦਾਦੀ ਬਾਹਮੀ ਪ੍ਰਾਇਮਰੀ ਸਕੂਲ ਮਾਦਪੁਰ" ਵਿਖੇ ਪਹਿਲੀ ਜਮਾਤ ਵਿਚ ਦਾਖਲ ਕਰਵਾ ਦਿੱਤਾ। ਓਦੋਂ ਪੜ੍ਹਾਈ ਦਾ ਮਾਧਿਅਮ ਉਰਦੂ ਸੀ। ਏਥੋਂ ਚਾਰ ਜਮਾਤਾਂ ਪਾਸ ਕਰਕੇ ਪੰਜਵੀਂ ਵਿਚ ਆਰ. ਐਸ. ਖਾਲਸਾ ਹਾਈ ਜਸਪਾਲੋਂ ਜਾ ਦਾਖਲ ਹੋਇਆ ਤੇ 1951 ਵਿਚ ਦਸਵੀਂ ਪਾਸ ਕੀਤੀ-ਜਸਪਾਲੋਂ ਸਾਡੇ ਪਿੰਡ ਤੋਂ ਪੰਜ ਕੁ ਮੀਲ ਦੂਰ ਸੀ- ਨਾਲ਼ੇ ਪੜ੍ਹਾਈ ਕਰਨੀ ਨਾਲ਼ੇ ਬਾਪੂ ਨਾਲ ਖੇਤੀ ਦੇ ਕੰਮ 'ਚ ਹੱਥ ਵਟਾਉਣਾ। ਪੈਦਲ ਸਕੂਲ ਜਾਣਾ- ਲਗਣ ਨਾਲ਼ ਪੜ੍ਹਣਾ।

ਸੁਸ਼ੀਲ ਸ਼ਰਮਾ: ਇਕ ਗੱਲ ਤਾਂ ਸਪੱਸ਼ਟ ਹੋ ਗਈ ਕਿ ਤੁਸੀਂ ਪੇਂਡੂ ਮਾਹੌਲ 'ਚ ਪੜ੍ਹੇ ਅਤੇ ਪਲ਼ੇ। ਤੁਸੀਂ ਸਭਿਆਚਾਰਕ ਵਿਰਸਾ ਸਾਂਭਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਬਚਪਨ ਤੋਂ ਹੀ ਪੰਜਾਬ ਦੇ ਲੋਕ ਨਾਇਕਾਂ ਦੇ ਕਿੱਸੇ, ਬੁਝਾਰਤਾਂ, ਲੋਕ ਖੇਡਾਂ, ਬੋਲੀਆਂ, ਲੋਕ ਅਖਾਣਾਂ, ਲੋਕ ਕਹਾਣੀਆਂ ਅਤੇ ਲੋਕ ਗੀਤਾਂ ਨੂੰ ਇਕੱਠੇ ਕਰਨ ਦਾ ਬਹੁਤ ਸ਼ੌਕ ਸੀ। ਅਜਿਹਾ ਸ਼ੋਕ ਤੁਹਾਡੇ ਅੰਦਰ ਕਿਵੇਂ ਜਾਗਿਆ? ਤੁਹਾਨੂੰ ਕਿਵੇਂ ਅਹਿਸਾਸ ਹੋਇਆ ਕਿ ਇਹ ਬਹੁਤ ਵੱਡਾ ਅਨਮੋਲ ਖਜ਼ਾਨਾ ਹੈ?

ਮਾਦਪੁਰੀ: ਸ਼ਰਮਾ ਜੀ ਅਸਲ ਵਿਚ ਪੰਜਾਬੀ ਸਭਿਆਚਾਰ ਦੇ ਹਰ ਰੰਗ ਨੂੰ ਮੈਂ ਆਪ ਮਾਣਿਆਂ ਹੈ। ਪਸ਼ੂ ਚਾਰਦਿਆਂ ਬੋਲੀਆਂ ਪਾਉਂਣੀਆਂ, ਰਾਤਾਂ ਨੂੰ ਬਾਤਾਂ ਪਾਉਣੀਆਂ, ਬੁਝਾਰਤਾਂ ਬੁਝਣੀਆਂ, ਪਿੰਡ ਦੇ ਪੋਹੂ ਬ੍ਰਾਮਣ ਤੋਂ ਲੰਬੀਆਂ ਬਾਤਾਂ ਸਾਰੀ ਸਾਰੀ ਰਾਤ ਸੁਣਦੇ ਰਹਿਣਾ, ਸਾਂਝੀ ਦੇ ਗੀਤ ਆਪ ਗਾਉਣੇ ਤੇ ਲੋਹੜੀ ਮੰਗਦੇ ਸਮੇਂ ਲੋਹੜੀ ਦੇ ਗੀਤ ਗਾਉਣੇ ਤੇ ਆਥਣ ਸਮੇਂ ਲੋਕ ਖੇਡਾਂ ਖੇਡਣੀਆਂ। ਮੇਰੀ ਬੇਬੇ ਅਤੇ ਤਾਈ ਨੂੰ ਬਹੁਤ ਸਾਰੇ ਗੀਤ ਯਾਦ ਸਨ। ਉਹ ਚੱਕੀ ਝੋਂਦੇ ਸਮੇਂ ਅਕਸਰ ਲੰਬੇ ਗੀਤ ਗਾਉਂਦੀਆਂ ਰਹਿੰਦੀਆਂ ਸਨ ਜੋ ਸੁਤੇ ਸਿਧ ਹੀ ਮੇਰੇ ਅੰਦਰ ਲਹਿ ਗਏ। ਮੇਰੇ ਬਾਪੂ ਨੂੰ ਬਹੁਤ ਸਾਰੇ ਦੋਹੇ ਅਤੇ ਕਲੀਆਂ ਯਾਦ ਸਨ ਉਹਨਾਂ ਨਾਲ਼ ਖੇਤੀ ਦਾ ਕੰਮ ਕਰਦਿਆਂ ਅਕਸਰ ਦੋਹੇ ਤੇ ਕਲੀਆਂ ਸੁਣਨੀਆਂ....ਬਸ ਸ਼ੋਕ ਵਜੋਂ ਹੀ ਅਠਵੀਂ ਨੌਵੀ ਵਿਚ ਪੜ੍ਹਦਿਆਂ ਇਹਨਾਂ ਨੂੰ ਵਖ ਵਖ ਕਾਪੀਆਂ ਤੇ ਲਿਖਣਾ ਸ਼ੁਰੂ ਕਰ ਦਿੱਤਾ। ਉਦੋਂ ਮੈਨੂੰ ਇਹਨਾਂ ਦੇ ਸਾਹਿਤਕ ਮਹੱਤਵ ਬਾਰੇ ਕੋਈ ਅਹਿਸਾਸ ਨਹੀਂ ਸੀ ਨਾ ਹੀ ਕੋਈ ਹੋਰ ਅਗਵਾਈ ਕਰਨ ਵਾਲ਼ਾ ਸੀ.... ਇਹ ਵੀ ਕਦੀ ਨਹੀਂ ਸੀ ਸੋਚਿਆ ਕਿ ਇਹ ਪੁਸਤਕਾਂ ਦਾ ਰੂਪ ਵੀ ਧਾਰਨ ਕਰਨਗੀਆਂ।

ਸੁਸ਼ੀਲ: ਇਹ ਵੀ ਸੁਨਣ ਵਿਚ ਆਇਆ ਹੈ ਕਿ ਤੁਸੀਂ ਅਜ ਵੀ ਟੇਪ ਰੀਕਾਰਡਰ ਦੀ ਵਰਤੋਂ ਨਹੀਂ ਕਰਦੇ ਹੋ। ਲੋਕਾਂ ਦੇ ਮੂਹੋਂ ਸੁਣਿਆਂ ਸੁਣਾਇਆ ਹੀ ਲਿਖਦੇ ਹੋ।

ਮਾਦਪੁਰੀ: ਓਦੋਂ ਟੇਪ ਰੀਕਾਰਡਰ ਕਿਥੇ ਹੁੰਦੇ ਸਨ ਨਾ ਹੀ ਮੈਨੂੰ ਇਹਨਾਂ ਬਾਰੇ ਜਾਣਕਾਰੀ ਸੀ। ਜਦੋਂ ਮੈਂ ਕਿਸੇ ਮਾਈ ਜਾਂ ਮੁਟਿਆਰ ਪਾਸੋਂ ਗੀਤ ਸੁਣਦਾ ਸਾਂ ਤਾਂ ਪੰਜ ਚਾਰ ਨੇ ਕੱਠੀਆਂ ਹੋਕੇ ਗੀਤ ਲਖਾਉਣਾ- ਨਾਲ਼ੋ ਨਾਲ਼ ਸੁਧਾਈ ਹੋ ਜਾਣੀ- ਐਨ ਇਨ ਬਿਨ ਜਿਵੇਂ ਅਗਲੀ ਨੇ ਬੋਲਣਾ ਮੈਂ ਲਿਖ ਲੈਣਾ ਤੇ ਮਗਰੋਂ ਕਾਪੀ ਤੇ ਉਤਾਰਾ ਕਰ ਲੈਣਾ। ਇਹ ਆਦਤ ਮੈਂ ਅਜੇ ਤਿਆਗੀ ਨਹੀਂ।

ਸੁਸ਼ੀਲ: ਜਿਹੜਾ ਵਿਰਸਾ ਸਾਡੇ ਕੋਲੋਂ ਲੋਪ ਹੋ ਗਿਆ, ਉਸ ਬਾਰੇ ਕੀ ਕਹਿਣਾ ਚਾਹੋਗੇ?

ਮਾਦਪੁਰੀ: ਬਸ ਝੂਰ ਰਹੇ ਹਾਂ! ਸਾਡੀ ਵਿਰਾਸਤ ਦਾ ਧੁਰਾ ਪਿੰਡ-ਪਿੰਡ ਨਹੀਂ ਰਿਹਾ- ਮਸ਼ੀਨੀ ਸਭਿਅਤਾ ਪਿੰਡਾਂ ਵਿਚ ਪ੍ਰਵੇਸ਼ ਕਰ ਚੁੱਕੀ ਹੈ- ਨਾ ਖੂਹ ਰਹੇ ਹਨ- ਨਾ ਹਲਟ...ਕੱਚੇ ਕੋਠੇ ਢਾਰੇ ਪੱਕੀਆਂ ਹਵੇਲੀਆਂ ਤੇ ਕੋਠੀਆਂ 'ਚ ਤਬਦੀਲ ਹੋ ਰਹੇ ਹਨ। ਭਾਈਚਾਰਕ ਸਾਂਝਾਂ ਖੰਭ ਲਾ ਕੇ ਉਡ ਗਈਆਂ ਹਨ। ਮੈਰਿਜ ਪੈਲੇਸਾਂ ਵਿਚ ਹੁੰਦੇ ਵਿਆਹ-ਸ਼ਾਦੀਆਂ ਨੇ ਸੁਹਾਗ, ਘੋੜੀਆਂ, ਹੇਰੇ, ਸਿੱਠਣੀਆਂ ਤੇ ਹੋਰ ਵਿਆਹ ਨਾਲ਼ ਜੁੜੀਆਂ ਅਨੇਕਾਂ ਰਸਮਾਂ ਨੂੰ ਪੰਜਾਬੀ ਰੰਗ ਮੰਚ ਤੋਂ ਅਲੋਪ ਕਰ ਦਿੱਤਾ ਹੈ। ਹਰ ਪਾਸੇ ਸ਼ੋਰ ਦਾ ਪਸਾਰਾ ਹੈ। ਆਥਣ ਸਮੇਂ ਨਾ ਗੱਭਰੂ ਖੇਡਾਂ ਖੇਡਦੇ ਹਨ ਨਾ ਕਿਧਰੇ ਸੱਥਾਂ ਜੁੜਦੀਆਂ ਹਨ।

ਸੁਸ਼ੀਲ: ਪੰਜਾਬ ਦੀਆਂ ਵਿਰਾਸਤੀ ਖੇਡਾਂ ਦੇ ਸੰਬੰਧ ਵਿਚ ਤੁਹਾਡਾ ਕਾਰਜ ਬਹੁਤ ਸਰਾਹਿਆ ਗਿਆ ਹੈ। ਕੀ ਤੁਸੀਂ ਇਹ ਨੂੰ ਮੁਕੰਮਲ ਕਾਰਜ ਮੰਨਦੇ ਹੋ ਜਾਂ ਇਸ ਸੰਬੰਧੀ ਅੱਗੋ ਹੋਰ ਵੀ ਕਾਰਜ ਕਰਨ ਦੀ ਸੰਭਾਵਨਾ ਹੈ?

ਮਾਦਪੁਰੀ: ਮੇਰੇ ਵਲੋਂ ਵਿਰਾਸਤੀ ਖੇਡਾਂ ਬਾਰੇ ਕੀਤਾ ਗਿਆ ਕਾਰਜ ਇਕ ਵਿਅਕਤੀਗਤ ਕਾਰਜ ਹੈ। ਮੁੱਖ ਤੌਰ ਤੇ ਇਹ ਸਾਡੇ ਇਲਾਕੇ ਵਿਚ ਪ੍ਰਚੱਲਿਤ ਖੇਡਾਂ ਹਨ। ਦੁਆਬੇ ਅਤੇ ਮਾਝੇ ਦੇ ਇਲਾਕੇ ਦੀਆਂ ਅਨੇਕਾਂ ਖੇਡਾਂ ਸੰਭਾਲੀਆਂ ਜਾ ਸਕਦੀਆਂ ਹਨ। ਕਿਸੇ ਸੰਸਥਾ ਵਲੋਂ ਇਹ ਕਾਰਜ ਕਰਵਾਇਆ ਜਾਣਾ ਚਾਹੀਦਾ ਹੈ।

ਸੁਸ਼ੀਲ: ਲੋਕ ਖੇਡਾਂ ਦੇ ਵਾਸਤਵਿਕ ਸਰੂਪ ਨੂੰ ਸਮਝਣ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਇਹਨਾਂ ਲੋਕ ਖੇਡਾਂ ਨੂੰ ਸਮੁੱਚੀ ਮਨੁੱਖਤਾ ਦੇ ਇਕ ਸੂਤਰ ਵਿਚ ਪ੍ਰਰੋਣ ਦਾ ਯਥਾਰਥਵਾਦੀ ਮਨੁੱਖੀ ਪਰਿਯਾਸ ਕਿਹਾ ਜਾ ਸਕਦਾ ਹੈ?

ਮਾਦਪੁਰੀ: ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਖੇਡਣਾ ਇਕ ਸਹਿਜ ਕਰਮ ਹੈ। ਇਹ ਮਨੁੱਖ ਦੇ ਸਰਬਪੱਖੀ ਵਿਕਾਸ ਦਾ ਮਹੱਤਵਪੂਰਨ ਸਾਧਨ ਹਨ। ਖੇਡਾਂ ਜਿੱਥੇ ਸਰੀਰਕ ਬਲ ਬਖਸ਼ਦੀਆਂ ਹਨ ਉਥੇ ਰੂਹ ਨੂੰ ਵੀ ਖੁਸ਼ੀ ਅਤੇ ਖੇੜਾ ਪਰਦਾਨ ਕਰਦੀਆਂ ਹਨ ਜਿਸ ਨਾਲ਼ ਆਤਮਾ ਬਲਵਾਨ ਹੁੰਦੀ ਹੈ ਅਤੇ ਜੀਵਨ ਵਿਚ ਵਿਸ਼ਵਾਸ ਪਕੇਰਾ ਹੁੰਦਾ ਹੈ। ਇਸ ਤੋਂ ਉਪਰੰਤ ਜ਼ਿੰਦਗੀ ਦੀ ਦੌੜ ਵਿਚ ਹਰ ਪ੍ਰਕਾਰ ਦੀ ਸਥਿਤੀ ਦਾ ਟਾਕਰਾ ਕਰਨ ਦੀ ਭਾਵਨਾ ਪ੍ਰਜਵੱਲਤ ਹੁੰਦੀ ਹੈ। ਇਹ ਮਨੁੱਖ ਨੂੰ ਹਰ ਪ੍ਰਕਾਰ ਦੇ ਮੁਕਾਬਲੇ ਲਈ ਜੂਝਣ ਲਈ ਤਿਆਰ ਹੀ ਨਹੀਂ ਕਰਦੀਆਂ ਬਲਕਿ ਹਾਰਨ ਦੀ ਸੂਰਤ ਵਿਚ ਉਸ ਨੂੰ ਹਾਰ ਖਿੜੇ ਮੱਥੇ ਸਹਿਣ ਦੀ ਸ਼ਕਤੀ ਵੀ ਪਰਦਾਨ ਕਰਦੀਆਂ ਹਨ। ਜਾਤ ਪਾਤ, ਨਸਲਾਂ ਅਤੇ ਦੇਸ਼ ਦੇਸਾਤਰਾਂ ਦਾ ਭੇਦ ਮਿਟਾਕੇ ਖੇਡਾਂ ਮਨੁੱਖ ਮਾਤਰ ਨੂੰ ਇਕ ਸੂਤਰ ਵਿਚ ਪਰੋਂਦੀਆਂ ਹਨ।

ਸੁਸ਼ੀਲ: ਸਭਨਾਂ ਪੰਜਾਬੀ ਕਿੱਸਿਆਂ ਦੀਆਂ ਕਹਾਣੀਆਂ ਕਵਿਤਾ ਵਿਚ ਹਨ, ਪਰ ਤੁਸੀਂ ਅਪਣੀ ਪੁਸਤਕ "ਪੰਜਾਬ ਦੀ ਲੋਕ ਨਾਇਕ" ਵਿਚ ਇਨ੍ਹਾਂ ਨੂੰ ਵਾਰਤਕ ਵਿਚ ਲਿਖ ਦਿੱਤਾ ਹੈ। ਅਜਿਹਾ ਕਰਨ ਵਿਚ ਕੀ ਕਾਰਨ ਰਹੇ ਹਨ?

ਮਾਦਪੁਰੀ: "ਕਾਕਾ ਪ੍ਰਤਾਪੀ" ਸਾਡੇ ਇਲਾਕੇ ਦੀ ਪ੍ਰਸਿੱਧ ਪ੍ਰੀਤ ਕਥਾ ਹੈ। ਇਸ ਨੂੰ ਮੈਂ ਆਪਣੇ ਬਜ਼ੁਰਗਾਂ ਪਾਸੋਂ ਸੁਣਕੇ ਕਿੱਸਿਆਂ ਦੀ ਭਾਲ ਕੀਤੀ- ਇਸ ਕਥਾ ਬਾਰੇ ਕਿੱਸੇ ਮੈਨੂੰ ਮਿਲ ਗਏ ਜਿਨ੍ਹਾਂ ਦੇ ਆਧਾਰ ਤੇ ਮੈਂ ਇਹ ਕਹਾਣੀ ਵਾਰਤਕ ਵਿਚ ਲਿਖੀ ਜਿਹੜੀ ਭਾਸ਼ਾ ਵਿਭਾਗ ਦੇ ਮਾਸਕ ਪੱਤਰ "ਪੰਜਾਬੀ ਦੁਨੀਆਂ" ਦੇ ਨਵੰਬਰ-ਦਸੰਬਰ 1954 ਦੇ ਅੰਕ ਵਿਚ "ਕਾਕਾ ਪ੍ਰਤਾਪੀ ਦਾ ਕਿੱਸਾ" ਦੇ ਸਿਰਲੇਖ ਹੇਠ ਛਪੀ। ਜਿਸ ਦੀ ਕਾਫੀ ਚਰਚਾ ਹੋਈ- ਇਸ ਮਗਰੋਂ ਮੈਂ ਹੋਰ ਘਟ ਪ੍ਰਚੱਲਤ ਪ੍ਰੀਤ ਕਹਾਣੀਆਂ "ਇੰਦਰ ਬੇਗੋ", "ਸੋਹਣਾ ਜ਼ੈਨੀਂ" ਅਤੇ "ਰੋਡਾ ਜਲਾਲੀ" ਦੇ ਕਿੱਸਿਆਂ ਬਾਰੇ ਖੋਜ ਕੀਤੀ ਅਤੇ ਇਹਨਾਂ ਪ੍ਰੀਤ ਕਹਾਣੀਆਂ ਨੂੰ ਵਾਰਤਕ ਰੂਪ ਦੇ ਦਿੱਤਾ- ਜਦੋਂ ਪਾਕਿਸਤਾਨ ਨਾਲ਼ ਜੰਗ ਛਿੜੀ (1965 ਵਿਚ) ਤਾਂ ਸ.ਸ.ਮੀਸ਼ਾ ਨੇ, ਜਿਹੜੇ ਉਦੋਂ ਅਕਾਸ਼ਬਾਣੀ ਜਲੰਧਰ ਦੇ ਪ੍ਰੌਡਿਊਸਰ ਸਨ ਅਤੇ ਅਕਾਸ਼ਬਾਣੀ ਦੇ ਹਰਮਨ ਪਿਆਰੇ ਪ੍ਰੋਗਰਾਮ "ਦੇਸ ਪੰਜਾਬ" ਦੇ ਇਨਚਾਰਜ ਸਨ-(ਇਹ ਪ੍ਰੋਗਰਾਮ ਪਾਕਿਸਤਾਨ ਵਾਲੇ ਪੰਜਾਬੀ ਸਰੋਤਿਆਂ ਲਈ ਸੀ) ਪੰਜਾਬ ਦੀਆਂ ਸਾਰੀਆਂ ਪ੍ਰੀਤ ਕਹਾਣੀਆਂ ਇਸ ਪ੍ਰੋਗਰਾਮ ਲਈ ਮੇਰੇ ਪਾਸੋਂ ਲਿਖਵਾ ਕੇ ਪ੍ਰਸਾਰਤ ਕੀਤੀਆਂ ਜੋ ਬੇਹਦ ਪਸੰਦ ਕੀਤੀਆਂ ਗਈਆਂ। ਬਾਅਦ ਵਿਚ ਮੈਂ ਸਮੁੱਚੀਆਂ ਕਹਾਣੀਆਂ ਨੂੰ ਪੁਸਤਕ ਦੇ ਰੂਪ ਵਿਚ ਸਾਂਭ ਲਿਆ।

ਸੁਸ਼ੀਲ: ਜੇ ਮੈਂ ਗਲਤ ਨਹੀਂ ਤਾਂ ਤੁਹਾਡਾ ਕਾਰਜ ਸ਼ੁਰੂ ਹੋਇਆਂ ਅੱਧੀ ਸਦੀ ਤੋਂ ਵਧ ਭਾਵ 57 ਸਾਲ ਹੋ ਗਏ ਹਨ। ਇਹਨਾਂ 57 ਸਾਲਾਂ ਵਿਚ ਤੁਹਾਡੀਆਂ ਪ੍ਰਾਪਤੀਆਂ ਕੀ ਹਨ ਅਤੇ ਅੱਗੋਂ ਹੋਰ ਕੀ ਕਰਨ ਦਾ ਸੋਚਿਆ ਹੈ।

ਮਾਦਪੁਰੀ: ਮੈਨੂੰ ਇਸ ਗਲ ਦੀ ਸੰਤੁਸ਼ਟੀ ਹੈ ਕਿ ਮੈਂ ਅਪਣੇ ਬਜ਼ੁਰਗਾਂ ਦੇ ਅਨਮੋਲ ਖਜ਼ਾਨੇ ਦੇ ਭਿੰਨ ਭਿੰਨ ਰੂਪਾਂ ਨੂੰ ਪੁਸਤਕਾਂ ਦੇ ਰੂਪ ਵਿਚ ਸੰਭਾਲ ਕੇ ਉਹਨਾਂ ਦਾ ਰਿਣ ਚੁਕਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਮੈਂ ਕੇਵਲ ਲੋਕ ਗੀਤਾਂ ਤੇ ਹੀ ਖੋਜ ਕਾਰਜ ਨਹੀਂ ਕੀਤਾ ਬਲਕਿ ਪੰਜਾਬੀ ਲੋਕ ਬੁਝਾਰਤਾਂ, ਲੋਕ ਕਹਾਣੀਆਂ, ਲੋਕ ਅਖਾਣਾਂ, ਖੇਡਾਂ, ਲੋਕ ਨਾਚਾਂ ਅਤੇ ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਨੂੰ ਵੀ ਅਪਣੇ ਖੋਜ ਕਾਰਜ ਦਾ ਖੇਤਰ ਬਣਾਇਆ ਹੈ ਅਤੇ ਲਗਨ ਨਾਲ਼ ਨਿੱਠ ਕੇ ਕੰਮ ਕੀਤਾ ਹੈ। ਮੈਨੂੰ ਇਸ ਗਲ ਦੀ ਖੁਸ਼ੀ ਹੈ ਕਿ ਮੇਰੇ ਵਲੋਂ ਕੀਤੇ ਗਏ ਖੋਜ ਕਾਰਜਾਂ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਵਲੋਂ ਡਾ.ਨਾਹਰ ਸਿੰਘ ਦੀ ਨਿਗਰਾਨੀ ਹੇਠ ਇਕ ਖੋਜਾਰਥੀ ਨੇ ਐਮ.ਫਿਲ ਦੀ ਡਿਗਰੀ ਹਾਸਲ ਕੀਤੀ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਡਾ. ਭੁਪਿੰਦਰ ਸਿੰਘ ਖਹਿਰਾ ਨੇ ਮੇਰੀ ਪੁਸਤਕ "ਬਾਤਾਂ ਦੇਸ਼ ਪੰਜਾਬੀ ਦੀਆਂ" ਤੇ ਇਕ ਖੋਜਾਰਥੀ ਪਾਸੋਂ ਐਮ.ਫਿਲ ਕਰਵਾਈ ਹੈ। ਅਗੋਂ ਹੋਰ ਕੀ ਕਰਾਂਗਾ? ਇਸ ਬਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ- ਨਾ ਕਿਸੇ ਨੇ ਕਦੀ ਸੁਝਾਇਆ ਹੈ ਕਿ ਕੀ ਕਰਾਂ। ਖੇਤਰੀ ਕਾਰਜ ਕਰਕੇ ਸੰਤੁਸ਼ਟ ਹਾਂ ਅਗੋਂ ਇਸ ਦਾ ਅਧਿਐਨ ਕਰਾਂਗਾ।

ਸੁਸ਼ੀਲ: "ਮਹਿਕ ਪੰਜਾਬ ਦੀ" ਵੀ ਚਰਚਾ ਵਿਚ ਰਹੀ। ਇਸ ਚਰਚਾ ਦੇ ਵਿਸ਼ੇਸ਼ ਕਾਰਨ?

ਮਾਦਪੁਰੀ: ਇਸ ਪੁਸਤਕ ਵਿਚ ਮੈਂ "ਕਿਸਾਨੀ ਲੋਕ ਸਾਹਿਤ" ਨੂੰ ਇਕੱਤਰ ਕੀਤਾ ਹੈ। 2006 ਵਿਚ ਇਸ ਪੁਸਤਕ ਤੇ ਮੈਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ "ਐਮ.ਐਸ. ਰੰਧਾਵਾ ਪੁਰਸਕਾਰ" ਪ੍ਰਾਪਤ ਹੋਇਆ ਸੀ।

ਸੁਸ਼ੀਲ: ਲੋਕ ਸਿਆਣਪਾਂ-ਅਖਾਣ ਤੇ ਮੁਹਾਵਰੇ" ਨਾਮੀ ਪੁਸਤਕ ਦੀ ਮਹੱਤਤਾ ਵੀ ਘੱਟ ਨਹੀਂ। ਇਸ ਖੇਤਰੀ ਕਾਰਜ ਸੰਬੰਧੀ ਤੁਹਾਡੇ ਉਹ ਅਨੁਭਵ ਜੋ ਲੋਕਧਾਰਾ ਪ੍ਰੇਮੀਆਂ ਅਤੇ ਪਾਠਕਾਂ ਨਾਲ਼ ਸਾਂਝੇ ਕੀਤੇ ਜਾ ਸਕਦੇ ਹਨ।

ਮਾਦਪੁਰੀ: ਲੋਕ ਅਖਾਣ ਅਤੇ ਮੁਹਾਵਰੇ ਇਕੱਤਰ ਕਰਨ ਦਾ ਕਾਰਜ ਕੋਈ ਸਿਰੜੀ ਵਿਅਕਤੀ ਹੀ ਕਰ ਸਕਦਾ ਹੈ। ਜਿਹੜੇ ਲੋਕ ਲੋਕਾਂ ਵਿਚ ਵਿਚਰਦੇ ਹਨ, ਲੋਕ ਇਕੱਠਾਂ, ਬੱਸਾਂ, ਰੇਲਾਂ ਵਿਚ ਸਫ਼ਰ ਕਰਦੇ ਹਨ ਅਤੇ ਸੱਥਾਂ ਵਿਚ ਬੈਠੇ ਬਡਾਰੂਆਂ ਦੀ ਗਲਬਾਤ ਨੂੰ ਨੀਝ ਨਾਲ਼ ਸੁਣਦੇ ਹਨ ਉਨ੍ਹਾਂ ਨੂੰ ਕੋਈ ਨਾ ਕੋਈ ਅਖਾਣ ਮੁਹਾਵਰਾ ਪ੍ਰਾਪਤ ਹੋ ਹੀ ਜਾਂਦਾ ਹੈ। ਸਾਡੇ ਬਜ਼ੁਰਗ ਅਖਾਣਾਂ ਦੀਆਂ ਖਾਣਾਂ ਹਨ ਜਿੰਨੀ ਉਹਨਾਂ ਨਾਲ਼ ਨੇੜਤਾ ਹੋਵੇਗੀ- ਗਲਬਾਤ ਕਰੋਗੇ- ਮਾਣਕ ਮੋਤੀ ਲਭ ਜਾਣਗੇ। ਨਾਵਲ, ਕਹਾਣੀਆਂ, ਅਤੇ ਨਾਟਕਾਂ ਦੀਆਂ ਪੁਸਤਕਾਂ ਦਾ ਅਧਿਐਨ ਵੀ ਜਰੂਰੀ ਹੈ- ਇਹ ਕੰਮ ਵਰ੍ਹਿਆਂ ਦਾ ਹੈ... ਅਜ ਕਲ੍ਹ ਕੌਣ ਐਨੀ ਉਡੀਕ ਕਰਦਾ ਹੈ?

ਸੁਸ਼ੀਲ: "ਕਿੱਕਲੀ ਕਲੀਰ ਦੀ" ਨਾਂ ਦੀ ਪੁਸਤਕ ਵਿਚ ਤੁਸੀਂ ਲੋਰੀਆਂ, ਕਿੱਕਲੀ ਦੇ ਗੀਤ, ਥਾਲ਼, ਲੋਹੜੀ ਦੇ ਗੀਤ, ਸਾਂਝੀ ਦੇ ਗੀਤ, ਬੁੱਝਣ ਵਾਲੀਆਂ ਬਾਤਾਂ, ਲੋਕ ਕਹਾਣੀਆਂ ਅਤੇ ਬਾਲ ਖੇਡਾਂ ਨੂੰ ਇਕ ਥਾਂ ਇਕੱਠੇ ਕਰਕੇ ਪੰਜਾਬੀ ਲੋਕ ਧਾਰਾ ਦਾ ਅਣਮੁੱਲਾ ਖਜ਼ਾਨਾ ਭਰ ਦਿੱਤਾ ਹੈ। ਕੀ ਤੁਹਾਨੂੰ ਵੀ ਇਹ ਖਜ਼ਾਨਾ ਭਰਿਆ ਲਗਦਾ ਹੈ ਜਾਂ ਇਸ ਵਿਚ ਕੁਝ ਹੋਰ ਜੋੜਨ ਦੀ ਲੋੜ ਹੈ?

ਮਾਦਪੁਰੀ: ਅਸਲ ਵਿਚ ਇਸ ਪੁਸਤਕ ਵਿਚ ਮੈਂ ਮੁਖ ਤੌਰ ਤੇ ਮਾਲਵਾ ਖੇਤਰ ਦੇ ਬਾਲਾਂ ਦੇ ਲੋਕ ਸਾਹਿਤ ਨੂੰ ਸ਼ਾਮਲ ਕੀਤਾ ਹੈ। ਦੁਆਬਾ, ਮਾਝਾ ਅਤੇ ਪਾਕਿਸਤਾਨ ਵਾਲ਼ੇ ਪੰਜਾਬ ਦੇ "ਬਾਲ ਲੋਕ ਸਾਹਿਤ" ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਸੁਸ਼ੀਲ: "ਸ਼ਾਵਾ ਨੀ ਬੰਬੀਹਾ ਬੋਲੇ" ਤੁਹਾਡਾ ਚਰਚਿਤ ਲੋਕ ਗੀਤ ਸੰਗ੍ਰਹਿ ਹੈ। ਇਸ ਵਿਚ ਤੁਸੀਂ ਕਿਸ ਤਰ੍ਹਾਂ ਦੇ ਗੀਤ ਸ਼ਾਮਲ ਕੀਤੇ ਹਨ।

ਮਾਦਪੁਰੀ: "ਸ਼ਾਵਾ ਨੀ ਬੰਬੀਹਾ ਬੋਲੇ" ਲੋਕ ਗੀਤ ਸੰਗ੍ਰਹਿ ਵਿਚ ਮੈਂ ਪੰਜਾਬ ਦੇ ਉਹ ਲੋਕ ਗੀਤ ਸ਼ਾਮਲ ਕੀਤੇ ਹਨ ਜਿਨ੍ਹਾਂ ਨੂੰ ਮਾਲਵੇ ਦੀਆਂ ਸੁਆਣੀਆਂ ਲੰਬੇ ਗੌਣ ਦਾ ਨਾਂ ਦੇਂਦੀਆਂ ਹਨ। ਪੰਜਾਬ ਦੀਆਂ ਔਰਤਾਂ ਦੀ ਤਾਸਦੀ ਨੂੰ ਬਿਆਨ ਕਰਨ ਵਾਲ਼ੇ ਇਹ ਲੰਬੇ ਗੌਣ ਅਜਿਹੇ ਲੋਕ ਗੀਤ ਹਨ ਜਿਨ੍ਹਾਂ ਵਿਚ ਪੰਜਾਬੀ ਮੁਟਿਆਰ ਦੇ ਸੰਤਾਪ ਦੀ ਗਾਥਾ ਬੜੇ ਦਰਦੀਲੇ ਅਤੇ ਵੇਦਨਾਤਮਕ ਬੋਲਾਂ ਨਾਲ਼ ਬਿਆਨ ਕੀਤੀ ਗਈ ਹੈ। ਸੁਆਣੀਆਂ ਇਹ ਗੀਤ ਲੰਬੀਆਂ ਹੇਕਾਂ ਲਾਕੇ ਗਾਉਂਦੀਆਂ ਹਨ। ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਹਨ। ਜਿਹੜੀ ਜ਼ੋਖਮ ਭਰੀ ਅਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ ਇਹ ਉਸ ਦੇ ਇਤਿਹਾਸਕ ਦਸਤਾਵੇਜ਼ ਹਨ। ਸਦੀਆਂ ਤੋਂ ਆਰਥਿਕ ਅਤੇ ਸਮਾਜਿਕ ਗੁਲਾਮੀ ਦਾ ਸੰਤਾਪ ਭੋਗਦੀ ਪੰਜਾਬੀ ਮੁਟਿਆਰ ਨੇ ਆਪਣੀਆਂ ਭਾਵਿਕ ਤ੍ਰਿਸ਼ਨਾਵਾਂ, ਅਤ੍ਰਿਪਤ ਕਾਮੁਕ ਉਮੰਗਾਂ ਅਤੇ ਜੀਵਨ ਦੇ ਹੋਰ ਅਨੇਕਾਂ ਵਗੋਚਿਆਂ ਦਾ ਸੰਚਾਰ ਇਹਨਾਂ ਵੇਦਨਾਤਕ ਸੁਰ ਵਾਲੇ ਗੌਣਾਂ ਰਾਹੀਂ ਕੀਤਾ ਹੈ।

ਸੁਸ਼ੀਲ: "ਬੋਲੀਆਂ ਦਾ ਪਾਵਾਂ ਬੰਗਲਾ" ਬਾਰੇ ਕਿਵੇਂ ਖਿਆਲ ਆਇਆ?

ਮਾਦਪੁਰੀ: ਸੁਸ਼ੀਲ ਜੀ ਇਹ ਮੇਰਾ ਨਿਰੋਲ ਗਿੱਧੇ ਦੀਆਂ ਬੋਲੀਆਂ ਦਾ ਸੰਗ੍ਰਹਿ ਹੈ ਜਿਸ ਵਿਚ ਦੋ ਹਜ਼ਾਰ ਦੇ ਲਗਭਗ ਬੋਲੀਆਂ ਨੂੰ ਸੰਭਾਲਿਆ ਗਿਆ ਹੈ। ਇਹ ਬੋਲੀਆਂ ਪੰਜਾਬੀਆਂ ਦੀ ਆਤਮਾ ਦਾ 'ਲੋਕ ਵੇਦ' ਹਨ। ਪੰਜਾਬ ਦੀ ਸਮਾਜਿਕ, ਰਾਜਨੀਤਕ ਅਤੇ ਆਰਥਿਕ ਜ਼ਿੰਦਗੀ ਦਾ ਇਤਿਹਾਸ ਇਹਨਾਂ ਵਿਚ ਵਿਦਮਾਨ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਜਾਂ ਵਿਸ਼ਾ ਹੋਵੇ ਜਿਸ ਬਾਰੇ ਗਿੱਧੇ ਦੀਆਂ ਬੋਲੀਆਂ ਦੀ ਰਚਨਾ ਨਾ ਕੀਤੀ ਗਈ ਹੋਵੇ। ਇਕ ਲੜੀਆਂ ਬੋਲੀਆਂ ਅਥਵਾ ਟੱਪੇ ਤਾਂ ਅਖਾਣਾਂ ਵਾਂਗ ਆਮ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ ਜਿਨ੍ਹਾਂ ਨੂੰ ਉਹ ਪ੍ਰਮਾਣ ਵਜੋਂ ਆਪਣੇ ਨਿੱਤ ਵਿਹਾਰ ਅਤੇ ਬੋਲ ਚਾਲ ਵਿਚ ਵਰਤਦੇ ਹਨ। 1959 ਵਿਚ ਮੈਂ 'ਗਾਉਂਦਾ ਪੰਜਾਬ" ਲੋਕ ਗੀਤ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ ਸੀ ਜਿਸ ਵਿਚ ਇਕ ਹਜ਼ਾਰ ਗਿੱਧੇ ਦੇ ਟੱਪੇ ਸੰਗ੍ਰਹਿਤ ਸਨ। "ਬੋਲੀਆਂ ਦਾ ਪਾਵਾਂ ਬੰਗਲਾ" ਸੰਗ੍ਰਹਿ ਵਿਚ ਗਿੱਧੇ ਦੀਆਂ ਇਕ ਲੜੀਆਂ ਅਤੇ ਲੰਬੀਆਂ ਬੋਲੀਆਂ ਦੇ ਵਿਖਰੇ ਮੋਤੀਆਂ ਨੂੰ ਇਕ ਸੈਂਚੀ ਵਿਚ ਸਾਂਭਣ ਦਾ ਯਤਨ ਕੀਤਾ ਹੈ। ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਕੇ ਬੋਲੀਆਂ ਨੂੰ ਤਰਤੀਥ ਵਿਸ਼ੇ ਅਨੁਸਾਰ ਦਿੱਤੀ ਗਈ ਹੈ। ਤਾਂ ਜੋ ਪਾਠਕਾਂ ਅਤੇ ਖੋਜਾਰਥੀਆਂ ਨੂੰ ਸੌਖ ਰਹੇ।

ਸੁਸ਼ੀਲ: ਮਾਦਪੁਰੀ ਜੀ ਪੰਜਾਬੀ ਲੋਕ-ਕਾਵਿ ਦਾ ਕੋਈ ਅਜਿਹਾ ਰੂਪ ਵੀ ਹੈ ਜੋ ਅਜੇ ਤਕ ਸੰਭਾਲਿਆ ਨਾ ਗਿਆ ਹੋਵੇ? ਤੁਸੀਂ ਲੋਕ ਸਾਹਿਤ ਦੀ ਲੋਪ ਹੋ ਰਹੀ ਲਗਪਗ ਹਰ ਵੰਨਗੀ ਨੂੰ ਸਾਂਭਣ ਦਾ ਯਤਨ ਕੀਤਾ ਹੈ।

ਮਾਦਪੁਰੀ: ਹਾਂ ਅਜਿਹੇ ਕਈ ਕਾਵਿ-ਰੂਪ ਹਨ ਜਿਨ੍ਹਾਂ ਬਾਰੇ ਅਜੇ ਕੰਮ ਹੋਣਾ ਬਾਕੀ ਹੈ। ਮਾਲਵੇ ਵਿਚ ਕਲੀਆਂ ਲਾਉਣ ਦਾ ਬਹੁਤ ਰਿਵਾਜ ਰਿਹਾ ਹੈ। ਕਲੀਆਂ ਦਾ ਅਜੇ ਤਕ ਕੋਈ ਸੰਗ੍ਰਿਹ ਨਹੀਂ ਛਪਿਆ। ਲੋਕ-ਦੋਹੇ ਅਤੇ ਮਾਹੀਆ ਕਾਵਿ ਰੂਪ ਵੀ ਵਿਖਰਿਆ ਪਿਆ ਹੈ। ਮੈਂ ਅਪਣੀ ਸਜਰੀ ਪੁਸਤਕ "ਕੱਲਰ ਦੀਵਾ ਮੱਚਦਾ" ਵਿਚ ਲੋਕ ਦੋਹੇ ਅਤੇ ਮਾਹੀਆ ਕਾਵਿ-ਰੂਪ ਨੂੰ ਸਾਂਭਣ ਦਾ ਯਤਨ ਕੀਤਾ ਹੈ। ਲੋਕ ਦੋਹਾ ਪੰਜਾਬੀ ਲੋਕ-ਕਾਵਿ ਦਾ ਬਹੁਤ ਪੁਰਾਣਾ ਰੂਪ ਹੈ ਜਿਸ ਰਾਹੀਂ ਅਧਿਆਤਮਕ ਅਤੇ ਸਦਾਚਾਰਕ ਕਵਿਤਾ ਦਾ ਸੰਚਾਰ ਬਹੁਤ ਵੱਡੀ ਮਾਤਰਾ ਵਿਚ ਹੋਇਆ ਹੈ। ਦੋਹਾ ਕਾਵਿਕ ਦ੍ਰਿਸ਼ਟੀ ਤੋਂ ਛੋਟੇ ਆਕਾਰ ਦਾ ਸੁਤੰਤਰ ਤੇ ਮੁਕੰਮਲ ਕਾਵਿ-ਰੂਪ ਹੈ। ਲੋਕ ਦੋਹੇ ਪੰਜਾਬੀ ਲੋਕ ਸਾਹਿਤ ਦੇ ਮਾਣਕ ਮੋਤੀ ਹਨ ਜਿਨ੍ਹਾਂ ਵਿਚ ਪੰਜਾਬ ਦੀ ਸਦਾਚਾਰਕ, ਦਾਰਸ਼ਨਿਕ ਅਤੇ ਰੁਮਾਂਚਕ ਜ਼ਿੰਦਗੀ ਧੜਕਦੀ ਹੈ। ਲੋਕ ਦੋਹੇ ਵਾਂਗ ਹੀ 'ਮਾਹੀਆ' ਪੰਜਾਬੀਆਂ ਦਾ ਹਰਮਨ ਪਿਆਰਾ ਛੋਟੇ ਆਕਾਰ ਦਾ ਕਾਵਿ-ਰੂਪ ਹੈ ਜੋ ਪੰਜਾਬ ਦੀਆਂ ਸਾਰੀਆਂ ਉਪ ਭਾਸ਼ਾਵਾਂ ਵਿਚ ਰਚਿਆ ਮਿਲਦਾ ਹੈ। ਮਾਹੀਆ ਜਜ਼ਬਿਆਂ ਭਰਪੂਰ ਕਾਵਿ-ਰੂਪ ਹੈ ਜਿਸ ਵਿਚ ਮੁਹੱਬਤ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਹਨਾਂ ਗੀਤਾਂ ਵਿਚ ਪੰਜਾਬ ਦੀ ਮੁਟਿਆਰ ਆਪਣੇ ਮਾਹੀਏ ਦੇ ਹੁਸਨ ਦੇ ਵਾਰੇ ਵਾਰੇ ਜਾਂਦੀ ਹੋਈ ਉਸ ਲਈ ਅਪਣੀ ਬੇਪਨਾਹ ਮੁਹੱਬਤ ਦਾ ਇਜ਼ਹਾਰ ਹੀ ਨਹੀਂ ਕਰਦੀ ਬਲਕਿ ਸ਼ਿਕਵਿਆਂ, ਨਹੋਰਿਆਂ ਦੇ ਵਾਣਾਂ ਅਤੇ ਵਿਛੋੜੇ ਦੇ ਸੱਲਾਂ ਦਾ ਵਰਨਣ ਵੀ ਬੜੇ ਅਨੂਠੇ ਤੇ ਦਰਦੀਲੇ ਬੋਲਾਂ ਵਿਚ ਕਰਦੀ ਹੈ।

ਸੁਸ਼ੀਲ: "ਪੰਜਾਬੀ ਬੁਝਾਰਤ ਕੋਸ਼" ਪੁਸਤਕ ਵਿਚ ਪੰਜਾਬ ਦੇ ਲੋਕ ਧਾਰਾਈ ਪ੍ਰਸੰਗ ਵਿਚ ਬੁਝਾਰਤਾਂ ਦੇ ਸੰਬੰਧ ਵਿਚ ਤੁਸੀਂ ਮੁਲਵਾਨ ਵਿਹਾਰਕ ਕਾਰਜ ਕੀਤਾ ਹੈ। ਥੋੜ੍ਹੇ ਸ਼ਬਦਾਂ ਵਿਚ ਬੁਝਾਰਤਾਂ ਬਾਰੇ ਏਨੀ ਜਾਣਕਾਰੀ ਪ੍ਰਾਪਤ ਹੋ ਗਈ ਜੋ ਹੈ ਕਿ ਪੰਜਾਬੀਆਂ ਲਈ ਸਾਂਭਣ ਯੋਗ ਹੈ। ਇਸ ਪੁਸਤਕ ਸੰਬੰਧੀ ਕੁਝ ਹੋਰ ਦੱਸੋ।

ਮਾਦਪੁਰੀ: ਬੁਝਾਰਤਾਂ ਸਾਡੇ ਲੋਕ ਜੀਵਨ ਦਾ ਵਿਸ਼ੇਸ਼ ਤੇ ਅਨਿਖੜਵਾਂ ਅੰਗ ਰਹੀਆਂ ਹਨ। ਜਿਵੇਂ ਲੋਕ ਗੀਤ ਜਨ ਸਾਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਅਪਣਾ ਪ੍ਰਮੁੱਖ ਸਥਾਨ ਰਖਦੇ ਹਨ ਉਸੇ ਤਰ੍ਹਾਂ ਬੁਝਾਰਤਾਂ ਵੀ ਲੋਕ ਬੁੱਧੀ ਦਾ ਚਮਤਕਾਰਾ ਵਿਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਹਨਾਂ ਰਾਹੀਂ ਅਸੀਂ ਜਿੱਥੇ ਮਨੋਰੰਜਨ ਕਰਦੇ ਹਾਂ ਓਥੇ ਸਾਡੇ ਵਸਤੂ ਗਿਆਨ ਵਿਚ ਵੀ ਵਾਧਾ ਹੁੰਦਾ ਹੈ ਅਤੇ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਬੁਝਾਰਤਾਂ ਦਾ ਮੇਰਾ ਪਹਿਲਾ ਸੰਗ੍ਰਿਹ "ਲੋਕ ਬੁਝਾਰਤਾਂ" 1956 ਵਿਚ ਲਾਹੌਰ ਬੁਪ ਸ਼ਾਪ, ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਸੀ ਅਤੇ ਅਗਲਾ ਸੰਗ੍ਰਿਹ "ਪੰਜਾਬੀ ਬੁਝਾਰਤਾਂ" ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1979 ਵਿਚ ਪ੍ਰਕਾਸ਼ਤ ਕੀਤਾ ਹੈ। ਪੇਂਡੂ ਜੀਵਨ ਨਾਲ਼ ਜੁੜੇ ਰਹਿਣ ਕਰਕੇ ਜਦੋਂ ਮੈਨੂੰ ਕੋਈ ਬੁਝਾਰਤ ਮਿਲਦੀ ਹੈ ਉਸ ਨੂੰ ਲਿਖ ਲੈਂਦਾ ਹੈ....ਇਹ ਕਾਰਜ ਜਾਰੀ ਹੈ....।

ਸੁਸ਼ੀਲ: ਤੁਹਾਡੀ ਕੋਈ ਅਜਿਹੀ ਰਚਨਾ ਵੀ ਹੈ ਜਿਸ ਵਿਚ ਪੰਜਾਬੀ ਸਭਿਆਚਾਰ ਅਤੇ ਲੋਕ ਵਿਰਸੇ ਦੇ ਭਿੰਨ ਭਿੰਨ ਅੰਗਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ ਗਈ ਹੋਵੇ।

ਮਾਦਪੁਰੀ: "ਪੰਜਾਬੀ ਸਭਿਆਚਾਰ ਦੀ ਆਰਸੀ" ਮੇਰੀ ਇਕ ਅਜਿਹੀ ਰਚਨਾ ਹੈ ਜਿਸ ਵਿਚ ਪੰਜਾਬੀ ਸਭਿਆਚਾਰ ਅਤੇ ਲੋਕ ਵਿਰਸੇ ਦੇ ਭਿੰਨ-ਭਿੰਨ ਅੰਗਾਂ ਬਾਰੇ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ- ਪੰਜਾਬੀਆਂ ਦੇ ਮਨੋਰੰਜਣ ਦੇ ਸਾਧਨਾਂ, ਖੇਡਾਂ, ਲੋਕ ਸਾਹਿਤ ਦੇ ਭਵਿੰਨ ਰੂਪਾਂ, ਮੇਲਿਆਂ, ਲੋਕ ਨਾਚਾਂ, ਤਿਉਹਾਰਾਂ ਅਤੇ ਰਸਮੋ-ਰਿਵਾਜ਼ਾਂ ਬਾਰੇ ਪਾਠਕ ਇਸ ਰਚਨਾ ਰਾਹੀਂ ਭਰਪੂਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਸੁਸ਼ੀਲ: ਲੋਕਧਾਰਾ ਨਾਲ਼ ਜੁੜਨ ਦਾ ਸ਼ੌਕ ਤੁਹਾਨੂੰ ਵਿਰਸੇ ਵਿਚ ਮਿਲਿਆ ਜਾਂ ਇਸ ਦਾ ਸ੍ਰੋਤ ਕੋਈ ਹੋਰ ਹੈ?

ਮਾਦਪੁਰੀ: ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਲੋਕ ਸਾਹਿਤ ਮੇਰੀ ਰੂਹ ਵਿਚ ਰਮਿਆ ਹੋਇਆ ਹੈ। ਮੇਰੀ ਅੰਤਰ ਆਤਮਾ ਨੇ ਹੀ ਮੈਨੂੰ ਇਸ ਨਾਲ਼ ਜੋੜੀ ਰੱਖਿਆ ਹੈ।

ਸੁਸ਼ੀਲ: ਅਜ ਲੋਕਧਾਰਾ ਦੇ ਸੰਬੰਧ ਵਿਚ ਹੋ ਰਹੇ ਕਾਰਜ ਬਾਰੇ ਤੁਹਾਡਾ ਕੀ ਖਿਆਲ ਹੈ?

ਮਾਦਪੁਰੀ: ਯੂਨੀਵਰਸਿਟੀਆਂ ਵਿਚ ਲੋਕਧਾਰਾ ਬਾਰੇ ਹੋ ਰਹੇ ਖੋਜ ਕਾਰਜਾਂ ਦੀ ਮੈਨੂੰ ਬਹੁਤੀ ਜਾਣਕਾਰੀ ਨਹੀਂ- ਉਂਜ ਵੇਖਣ ਵਿਚ ਆਇਆ ਹੈ ਕਿ ਖੋਜਾਰਥੀ ਕੀਤੇ ਕਰਾਏ ਕੰਮ ਦੀ ਭਾਲ਼ 'ਚ ਰਹਿੰਦੇ ਹਨ। ਮਰੇ ਬਿਨਾਂ ਸਵਰਗ 'ਚ ਨਹੀਂ ਜਾਇਆ ਜਾ ਸਕਦਾ।

ਸੁਸ਼ੀਲ: ਪੰਜਾਬੀ ਲੋਕਧਾਰਾ ਦਾ ਮਿਆਰ ਕੀ ਹੈ?

ਮਾਦਪੁਰੀ: ਇਹ ਸਵਾਲ ਤਾਂ ਮੈਂ ਤੁਹਾਥੋਂ ਪੁੱਛਣਾ ਸੀ। ਖੇਤਰੀ ਕਾਰਜ ਕਰਨ ਵਾਲ਼ਾ ਇਸ ਦਾ ਸਹੀ ਉੱਤਰ ਨਹੀਂ ਦੇ ਸਕਦਾ। ਖੋਜ ਪ੍ਰਣਾਲੀਆਂ ਅਤੇ ਵਿਧੀਆਂ ਬਾਰੇ ਤਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਹੀ ਜਾਣਦੇ ਹਨ- ਉਨ੍ਹਾਂ ਦੇ ਮਾਪਦੰਡ ਆਪਣੇ ਤੇ ਨਵੇਕਲੇ ਹਨ।

ਸੁਸ਼ੀਲ: ਇਸ ਸਾਰੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾ ਦਾ ਵਿਸ਼ੇਸ਼ ਯੋਗਦਾਨ?

ਮਾਦਪੁਰੀ: ਪਿਆਰਿਓ! ਜੁਗਾੜੀ ਬੰਦੇ ਹੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ਪਾਸੋਂ ਮਾਇਕ ਸਹਾਇਤਾ, ਵਜ਼ੀਫੇ ਅਤੇ ਯੂਨੀਵਰਸਿਟੀ ਦੀਆਂ ਫੈਲੋਸ਼ਿਪਾਂ ਪ੍ਰਾਪਤ ਕਰ ਸਕਦੇ ਹਨ। ਪੇਂਡੂ ਬੰਦਿਆਂ ਨੂੰ ਭਲਾ ਕੌਣ ਪੁੱਛਦਾ ਹੈ- ਅਜੇ ਤਕ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਵਲੋਂ ਇਕ ਧੇਲੇ ਦੀ ਸਹਾਇਤਾ ਨਹੀਂ ਮਿਲੀ ਨਾ ਹੀ ਕਿਸੇ ਨੇ ਅਗਵਾਈ ਦਿੱਤੀ ਹੈ। ਕੱਲੇ ਕਾਰੇ ਹੀ ਆਪਣੇ ਬਲਬੂਤੇ ਤੇ ਕਾਰਜ ਕਰ ਰਹੇ ਹਾਂ। ਉਂਜ ਕਈ ਸੰਸਥਾਵਾਂ ਨੇ ਮੇਰੇ ਵਲੋਂ ਇਸ ਖੇਤਰ ਵਿਚ ਪਾਏ ਯੋਗਦਾਨ ਨੂੰ ਥਾਪੜਾ ਜਰੂਰ ਦਿੱਤਾ ਹੈ ਜਿਵੇਂ ਕਿ ਪੰਜਾਬੀ ਸੱਥ ਲਾਂਬੜਾ ਨੇ ਤ੍ਰਲੋਚਨ ਸਿੰਘ ਭਾਟੀਆ ਪੁਰਸਕਾਰ (1995), ਭਾਸ਼ਾ ਵਿਭਾਗ ਪੰਜਾਬ ਨੇ "ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ, (1995) ਪ੍ਰੋ: ਮੋਹਨ ਸਿੰਘ ਫਾਉਂਡੇਸ਼ਨ ਨੇ "ਦੇਵਿੰਦਰ ਸਤਿਆਰਥੀ ਪੁਰਸਕਾਰ", ਲਿਖਾਰੀ ਸਭਾ ਰਾਮਪੁਰ ਨੇ "ਸੁਰਜੀਤ ਰਾਮਪੁਰੀ ਪੁਰਸਕਾਰ", ਪੰਜਾਬੀ ਅਕਾਡਮੀ ਲੁਧਿਆਣਾ, ਨੇ "ਕਰਤਾਰ ਸਿੰਘ ਧਾਲੀਵਾਲ ਪੁਰਸਕਾਰ" ਅਤੇ ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ ਕਨੇਡਾ ਵਲੋਂ "ਕੌਮਾਂਤਰੀ ਮਨਜੀਤ ਯਾਦਗਾਰੀ ਐਵਾਰਡ (2010)" ਦੇ ਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਗਈ ਹੈ। ਦੇਸ ਵਿਦੇਸ਼ ਵਿਚ ਬੈਠੇ ਹਜ਼ਾਰਾਂ ਪਾਠਕ ਮੇਰੇ ਪ੍ਰੇਰਨਾ ਸ੍ਰੋਤ ਹਨ।

ਸੁਸ਼ੀਲ: ਤੁਸੀਂ ਬਾਲ ਸਾਹਿਤ ਦੀ ਵੀ ਰਚਨਾ ਕੀਤੀ ਹੈ। ਭਾਸ਼ਾ ਵਿਭਾਗ ਪੰਜਾਬ ਨੇ ਤੁਹਾਨੂੰ "ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ" ਨਾਲ਼ ਵੀ ਨਿਵਾਜਿਆ ਹੈ! ਕੀ ਤੁਸੀਂ ਪੰਜਾਬੀ ਸਾਹਿਤ ਵਿਚ ਬੱਚਿਆਂ ਲਈ ਮਿਆਰੀ ਬਾਲ ਸਾਹਿਤ ਦੀ ਘਾਟ ਨੂੰ ਮਹਿਸੂਸ ਕਰਦੇ ਹੋ? ਪੰਜਾਬੀ ਬਾਲ ਸਾਹਿਤ ਦਾ ਭਵਿਖ ਕੀ ਹੈ?

ਮਾਦਪੁਰੀ: ਪੰਜਾਬੀ ਬਾਲ ਸਾਹਿਤ ਕਾਫੀ ਲੰਬੇ ਅਰਸੇ ਤੋਂ ਅਣਗੌਲਿਆ ਰਿਹਾ ਹੈ? ਸਾਡੇ ਲੇਖਕਾਂ ਨੇ ਜਿਨ੍ਹਾਂ ਵਿਚ ਵੱਡੇ ਲੇਖਕ ਵੀ ਹਨ ਸੰਜੀਦਗੀ ਨਾਲ਼ ਬਾਲ ਸਾਹਿਤ ਦੀ ਰਚਨਾ ਨਹੀਂ ਕੀਤੀ। ਬਹੁਤਿਆਂ ਨੇ ਤਾਂ ਪਾਠ ਪੁਸਤਕਾਂ ਵਿਚ ਪਾਠ ਸ਼ਾਮਲ ਕਰਵਾਉਣ ਲਈ ਹੀ ਰਚਨਾਵਾਂ ਘੜੀਆਂ ਹਨ। ਬਾਲ ਸਾਹਿਤ ਤਾਂ ਉਹ ਹੈ ਜਿਹੜਾ ਬੱਚਿਆਂ ਦੀ ਮਾਨਸਕ ਤੇ ਬੋਧਕ ਪੱਧਰ ਅਨੁਸਾਰ ਰੱਚਿਆ ਜਾਵੇ ਅਤੇ ਉਹ ਦਿਲਚਸਪ ਅਤੇ ਗਿਆਨ ਵਰਧਕ ਵੀ ਹੋਵੇ। ਬੱਚਿਆਂ ਬਾਰੇ ਲਿਖਿਆ ਸਾਹਿਤ ਬਾਲ ਸਾਹਿਤ ਦੇ ਘੇਰੇ ਵਿਚ ਨਹੀਂ ਆਉਂਦਾ- ਬਾਲ ਸਾਹਿਤ ਤਾਂ ਉਹ ਹੈ ਜੋ ਬੱਚਿਆਂ ਲਈ ਲਿਖਿਆ ਗਿਆ ਹੋਵੇ। ਖ਼ੁਸ਼ੀ ਦਾ ਮੁਕਾਮ ਹੈ ਕਿ ਸਾਡੇ ਬਹੁਤ ਸਾਰੇ ਲੇਖਕਾਂ ਨੇ ਬਾਲ ਸਾਹਿਤ ਦੇ ਮਹੱਤਵ ਨੂੰ ਸਮਝਦਿਆਂ ਚੰਗੇਰਾ ਤੇ ਸਿਹਤਮੰਦ ਬਾਲ ਸਾਹਿਤ ਸਿਰਜਣਾ ਸ਼ੁਰੂ ਕਰ ਦਿੱਤਾ ਹੈ। ਬਾਲ ਸਾਹਿਤ ਲਈ ਇਹ ਚੰਗੇਰੇ ਭਵਿਖ ਦੇ ਸੰਕੇਤ ਹਨ।

ਸੁਸ਼ੀਲ: ਤੁਸੀਂ "ਪੰਖੜੀਆਂ" ਅਤੇ "ਪ੍ਰਾਇਮਰੀ ਸਿੱਖਿਆ" ਨਾਲ਼ ਕਦੋਂ ਅਤੇ ਕਿਵੇਂ ਜੁੜ ਗਏ? ਤੁਹਾਡੇ ਦੌਰਾਨ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿਖਿਆ' ਤੇ ਬਾਲ ਸਾਹਿਤ ਵਿਚ ਹੋਈ ਤਬਦੀਲੀ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

ਮਾਦਪੁਰੀ: ਮੈਂ ਪੂਰੇ 24 ਵਰ੍ਹੇ ਪੰਜਾਬ ਦੇ ਪੇਂਡੂ ਸਕੂਲਾਂ ਵਿਚ ਬਤੌਰ ਜੇ.ਬੀ.ਟੀ ਅਤੇ ਭਾਸ਼ਾ ਅਧਿਆਪਕ ਸੇਵਾ ਨਿਭਾਈ ਹੈ। ਮੇਰੇ ਤਾਂ ਚਿਤ ਚੇਤੇ ਵੀ ਨਹੀਂ ਸੀ ਕਿ ਮੈਂ "ਪੰਜਾਬ ਸਕੂਲ ਸਿੱਖਿਆ ਬੋਰਡ" ਵਿਚ ਆ ਜਾਵਾਂਗਾ। ਇਤਫਾਕ ਇਹ ਬਣਿਆਂ ਦਸੰਬਰ 1977 ਦੇ ਆਖਰੀ ਦਿਨਾਂ ਵਿਚ ਮੈਂ 'ਇਨਸਰਵਸ ਟੀਚਰਜ਼ ਟ੍ਰੇਨਿੰਗ ਇਨਸਟੀਚਿਊਟ', ਪਟਿਆਲਾ ਵਿਖੇ ਰਿਫਰੈਸ਼ਰ ਕੋਰਸ ਕਰ ਰਿਹਾ ਸੀ ਕਿ "ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਬਣੇ ਚੈਅਰਮੈਨ ਸ. ਭਰਪੂਰ ਸਿੰਘ ਰਿਫਰੈਸ਼ਰ ਕੋਰਸ ਕਰ ਰਹੇ ਅਧਿਆਪਕਾਂ ਨੂੰ ਸੰਬੋਧਨ ਕਰਨ ਲਈ ਆ ਗਏ। ਓਥੇ ਉਹਨਾਂ ਨਾਲ਼ ਮੇਰੀ ਮੁਲਾਕਾਤ ਹੋ ਗਈ। ਉਹ ਮੇਰੇ ਕੰਮ ਕਾਰ ਤੋਂ ਜਾਣੂੰ ਸਨ- ਆਪ ਉਹ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੇ ਮੁਦਈ ਸਨ- ਉਹਨਾਂ ਮੈਨੂੰ ਬੋਰਡ ਵਿਚ ਆਉਣ ਦੀ ਪੇਸ਼ਕਸ਼ ਕਰ ਦਿੱਤੀ ਜਿਹੜੀ ਮੈਂ ਖਿੜੇ ਮੱਥੇ ਪਰਵਾਨ ਕਰ ਲਈ। ਉਹ ਮੈਨੂੰ ਬਤੌਰ 'ਵਿਸ਼ਾ ਮਾਹਰ ਪੰਜਾਬੀ' ਡੈਪੂਟੇਸ਼ਨ ਤੇ ਲੈ ਗਏ। ਡਾ. ਜਸਵੀਰ ਸਿੰਘ ਆਹਲੂਵਾਲੀਆ ਬੋਰਡ ਦੇ ਸਕੱਤਰ ਸਨ। ਕੰਮ ਕਾਰ ਪਹਿਲੀ ਤੋਂ ਬਾਹਰਵੀਂ ਤਕ ਸਕੂਲੀ ਪਾਠ ਪੁਸਤਕਾਂ ਨੂੰ ਤਿਆਰ ਕਰਨ ਦਾ ਸੀ। ਪਾਠ ਪੁਸਤਕਾਂ ਦਾ ਕੰਮ ਮੁੱਕਣ ਮਗਰੋਂ ਬੋਰਡ ਵਲੋਂ ਬਾਲਾਂ ਲਈ ਨਵਾਂ ਮਾਸਕ ਪੱਤਰ "ਪ੍ਰਾਇਮਰੀ ਸਿੱਖਿਆ" (ਮਈ 1980) ਜਾਰੀ ਕੀਤਾ ਗਿਆ ਜਿਸ ਦਾ ਮੈਨੂੰ ਮੋਢੀ ਸੰਪਾਦਕ ਹੋਣ ਦਾ ਮਾਣ ਮਿਲ਼ਿਆ- ਅਗਲੇ ਵਰ੍ਹੇ "ਪੰਖੜੀਆਂ" ਦਾ ਚਾਰਜ ਵੀ ਮੈਨੂੰ ਸੰਭਾਲ ਦਿੱਤਾ ਗਿਆ। ਇਸ ਤਰ੍ਹਾਂ ਮੈਂ ਦੋਹਾਂ ਰਸਾਲਿਆਂ ਦੀ ਸੰਪਾਦਨਾ ਸ਼ੁਰੂ ਕੀਤੀ। ਇਸ ਕਾਰਜ ਨੂੰ ਮੈਂ ਇਕ ਪਵਿੱਤਰ ਕਾਰਜ ਵਜੋਂ ਸੰਭਾਲਿਆ, ਪੂਰੀ ਸੰਜੀਦਗੀ ਅਤੇ ਤਨਦੇਹੀ ਨਾਲ਼ ਪੰਜਾਬ ਦੇ ਬੱਚਿਆਂ ਨੂੰ ਵਿਸ਼ੇਸ਼ ਕਰਕੇ ਪੇਂਡੂ ਬੱਚਿਆਂ ਨੂੰ ਸਿਹਤਮੰਦ, ਦਿਲਚਸਪ ਅਤੇ ਗਿਆਨ ਵਰਧਕ ਬਾਲ ਸਾਹਿਤ ਪ੍ਰਦਾਨ ਕਰਨ ਦਾ ਯਤਨ ਕੀਤਾ- ਮੌਲਕ ਸਾਹਿਤ ਤੋਂ ਇਲਾਵਾ ਇਹਨਾਂ ਰਸਾਲਿਆਂ ਵਿਚ ਹੋਰਨਾਂ ਭਾਸ਼ਾਵਾਂ ਵਿਚ ਲਿਖੇ ਗਏ ਕਲਾਸੀਕਲ ਸਾਹਿਤ ਨੂੰ ਵੀ ਲੜੀਵਾਰ ਪ੍ਰਕਾਸ਼ਿਤ ਕੀਤਾ- ਈਸਪ ਫੇਵਲਜ਼, ਸਿੰਧਬਾਦ ਜਹਾਜ਼ੀ, ਗੁਲੀਵਾਰ ਟ੍ਰੇਵਲਜ਼, ਅਲਫਲੇਲਾ ਦੀਆਂ ਕਹਾਣੀਆਂ, ਸਤਿਆਜੀਤ ਰੇਅ ਦਾ ਨਾਵਲ ਫਾਟਕ ਚੰਦ ਚੈਖਵ ਦਾ ਲਾਖੀ, ਬੋਧ ਜਾਤਕ ਕਥਾਵਾਂ ਅਤੇ ਪੰਚ ਤੰਤਰ ਦੀਆਂ ਨੀਤੀ ਕਥਾਵਾਂ ਨੂੰ ਲੜੀਵਾਰ ਛਾਪਣਾ ਸ਼ੁਰੂ ਕੀਤਾ ਤਾਂ ਜੋ ਬੱਚਿਆਂ ਅੰਦਰ ਚੰਗੇਰਾ ਸਾਹਿਤ ਪੜ੍ਹਨ ਦੀ ਚੇਤਨਾ ਪੈਦਾ ਹੋ ਸਕੇ। ਦੋਨੋਂ ਰਸਾਲਿਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਵਿਚ ਪੁਜਦਾ ਕੀਤਾ- ਇਸ ਤੋਂ ਇਲਾਵਾ ਪੰਜਾਬੀ ਦੇ ਪ੍ਰਮੁੱਖ ਲੇਖਕਾਂ ਨੂੰ ਬਾਲ ਸਾਹਿਤ ਲਿਖਣ ਲਈ ਪ੍ਰੇਰਿਆ ਅਤੇ ਵਿਦਿਆਰਥੀ ਲੇਖਕਾਂ ਨੂੰ ਉਹਨਾਂ ਦੀਆਂ ਲਿਖਤਾਂ ਛਾਪ ਕੇ ਉਤਸ਼ਾਹਿਤ ਕੀਤਾ। ਸ਼ਾਇਦ ਹੀ ਪੰਜਾਬੀ ਦਾ ਕੋਈ ਲੇਖਕ ਹੋਵੇਗਾ ਜਿਸ ਪਾਸੋਂ ਮੈਂ ਬਾਲ ਸਾਹਿਤ ਨਾ ਲਿਖਵਾਇਆ ਹੋਵੇ। ਪ੍ਰੋ: ਪ੍ਰੀਤਮ ਸਿੰਘ, ਕਰਤਾਰ ਸਿੰਘ ਦੁੱਗਲ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਡਾ. ਹਰਚਰਨ ਸਿੰਘ, ਪ੍ਰਭਜੋਤ ਕੌਰ, ਸੁਖਵੀਰ, ਪਿਆਰਾ ਸਿੰਘ ਸਹਿਰਾਈ, ਪਿਆਰਾ ਸਿੰਘ ਪਦਮ, ਪਿਆਰਾ ਸਿੰਘ ਦਾਤਾ, ਮੋਹਨ ਭੰਡਾਰੀ, ਸੁਲੱਖਣਮੀਤ, ਓਮ ਪ੍ਰਕਾਸ਼ ਗਾਸੋ, ਅਜਾਇਬ ਚਿੱਤਰਕਾਰ, ਸੁਰਜੀਤ ਰਾਮਪੁਰੀ, ਸੁਰਜੀਤ ਮਰਜਾਰਾ, ਹਰਦੇਵ ਦਿਲਗੀਰ, ਹਰੀ ਸਿੰਘ ਦਿਲਬਰ, ਗੁਰਬਚਨ ਸਿੰਘ ਭੁੱਲਰ, ਡਾ. ਗੁਰਚਰਨ ਸਿੰਘ, ਜਗਦੀਸ਼ ਕੌਸ਼ਕ, ਬਚਿੰਤ ਕੌਰ, ਪਿਆਰਾ ਸਿੰਘ ਭੋਗਲ, ਪ੍ਰੇਮ ਗੋਰਖੀ, ਰਾਮ ਸਰੂਪ ਅਣਖੀ, ਸੰਤੋਸ਼ ਸਾਹਨੀ, ਡਾ. ਆਤਮ ਹਮਰਾਹੀ, ਜਸਵੰਤ ਗਿਲ, ਮਹਿੰਦਰਦੀਪ ਗਰੇਵਾਲ, ਇੰਦਰਜੀਤ ਹਸਨਪੁਰੀ, ਜਸਵੀਰ ਭੁੱਲਰ, ਸੁਖਵੰਤ ਕੌਰ ਮਾਨ, ਅਨੰਤ ਸਿੰਘ ਕਾਬਲੀ, ਰਾਜਿੰਦਰ ਕੌਰ ਅਤੇ ਬਲਦੇਵ ਸਿੰਘ ਆਦਿ ਪੰਜਾਬੀ ਦੇ ਸਿਰਮੌਰ ਲੇਖਕ ਇਹਨਾਂ ਰਸਾਲਿਆਂ ਵਿਚ ਲਗਾਤਾਰ ਛਪਦੇ ਰਹੇ ਹਨ।

ਸਸ਼ੀਲ: ਇਕ ਸੰਪਾਦਕ ਹੋਣ ਦੇ ਨਾਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਤੁਸੀਂ ਕੀ ਕਰਦੇ ਰਹੇ ਹੋ?

ਮਾਦਪੁਰੀ: ਮੈਂ ਵਿਦਿਆਰਥੀ ਲੇਖਕਾਂ ਦੀਆਂ ਰਚਨਾਵਾਂ ਨੂੰ ਪਹਿਲ ਦੇਂਦਾ ਸਾਂ। ਹਰ ਰਚਨਾ ਨੂੰ ਪੜ੍ਹਕੇ ਸੋਧਕੇ ਛਾਪਦਾ ਸਾਂ ਤਾਂ ਜੋ ਉਹਨਾਂ ਦਾ ਉਤਸ਼ਾਹ ਬਣਿਆ ਰਹੇ। ਡਾ. ਦਰਸ਼ਨ ਸਿੰਘ ਆਸ਼ਟ, ਪ੍ਰੋ ਬਲਬੀਰ ਕੌਰ ਰੀਹਲ, ਸੁਨੀਲਮ ਮੰਡ ਅਤੇ ਰਣਵੀਰ ਕੌਰ ਚੀਮਾ ਆਦਿ ਅਪਣੇ ਵਿਦਿਆਰਥੀ ਜੀਵਨ ਵਿਚ ਇਹਨਾਂ ਰਸਾਲਿਆਂ ਵਿਚ ਛਪਦੇ ਰਹੇ ਹਨ....ਤੇ ਮੈਨੂੰ ਇਹਨਾਂ ਤੇ ਮਾਣ ਹੈ। ਇਹਨਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਦਿਆਰਥੀ ਹਨ ਜਿਨ੍ਹਾਂ ਦੀਆਂ ਰਚਨਾਵਾਂ ਦੋਹਾਂ ਰਸਾਲਿਆਂ ਵਿਚ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ।

ਸੁਸ਼ੀਲ: ਸੰਪਾਦਨ, ਜੀਵਨੀ, ਅਨੁਵਾਦ ਅਤੇ ਨਾਟਕ ਵੀ ਤੁਹਾਡੀ ਲੇਖਣੀ ਦਾ ਹਿੱਸਾ ਹਨ। ਇਹਨਾਂ ਵਿਚੋਂ ਕੋਈ ਅਜਿਹੀ ਰਚਨਾ ਜੋ ਲੋਕ ਸਿਮਰਤੀ ਦਾ ਹਿੱਸਾ ਬਣ ਗਈ ਹੋਵੇ ?

ਮਾਦਪੁਰੀ: ਪੰਜਾਬੀ ਸਾਹਿਤ ਅਕਾਦਮੀ, ਦਿੱਲੀ ਨੇ ਮੇਰੇ ਪਾਸੋਂ "ਭਾਰਤੀ ਲੋਕ ਕਹਾਣੀਆਂ", "ਬਾਲ ਕਹਾਣੀਆਂ" ਅਤੇ "ਆਓ ਗਾਈਏ" ਦੀ ਸੰਪਦਾਨਾ ਕਰਵਾਈ ਸੀ। "ਭਾਰਤੀ ਲੋਕ ਕਹਾਣੀਆਂ" ਨੂੰ 1991 ਵਿਚ ਭਾਸ਼ਾ ਵਿਭਾਗ ਪੰਜਾਬ ਨੇ ਬਾਲ ਸਾਹਿਤ ਦੀ ਸਰਬੋਤਮ ਪੁਸਤਕ ਲੜੀ ਅਧੀਨ "ਸ਼ੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ" ਦਿੱਤਾ ਸੀ। ਅਨੁਵਾਦ ਦਾ ਕਾਰਜ ਨੈਸ਼ਨਲ ਬੁਕ ਟਰੱਸਟ ਇੰਡੀਆ, ਦਿੱਲੀ ਨੇ ਕਰਵਾਇਆ ਹੈ। "ਮਹਾਨ ਸੁਤੰਤਰਤਾ ਸੰਗਰਾਮੀ ਸਤਗੁਰੂ ਰਾਮ ਸਿੰਘ" ਨਾਮੀ ਜੀਵਨੀ 'ਪੰਜਾਬ ਸਕੂਲ ਸਿੱਖਿਆ ਬੋਰਡ' ਨੇ ਲਿਖਵਾਈ ਸੀ।

ਸੁਸ਼ੀਲ: ਪਤਾ ਲੱਗਿਆ ਹੈ ਕਿ ਤੁਸੀਂ ਅਧਿਆਪਕ ਯੂਨੀਅਨ ਵਿਚ ਵੀ ਕੰਮ ਕਰਦੇ ਰਹੇ ਹੋ ?

ਮਾਦਪੁਰੀ: ਨਿੱਜੀ ਅਤੇ ਜਮਾਤੀ ਹਿਤਾਂ ਦੀ ਰਾਖੀ ਲਈ ਸੰਘਰਸ਼ ਕਰਨਾ ਬਹੁਤ ਜਰੂਰੀ ਹੈ- ਇਹ ਤੁਸੀਂ ਜਮਾਤੀ ਸੰਗਠਣ ਰਾਹੀਂ ਹੀ ਕਰ ਸਕਦੇ ਹੋ। ਸਾਹਿਤਕ ਕਾਰਜਾਂ ਦੇ ਨਾਲ਼-ਨਾਲ਼ ਮੈਂ ਟਰੇਡ ਯੂਨੀਅਨ ਦਾ ਸਰਗਰਮ ਵਰਕਰ ਰਿਹਾ ਹਾਂ। ਪੰਜਾਬ ਦੇ ਵਿਦਿਆ ਵਿਭਾਗ ਵਿਚ ਪੰਜਾਬੀ ਅਧਿਆਪਕਾਂ ਦਾ ਦਰਜਾ (ਸਟੇਟਸ) ਅੰਗਰੇਜ਼ੀ ਅਧਿਆਪਕਾਂ ਦੇ ਬਰਾਬਰ ਨਹੀਂ ਸੀ। ਉਹਨਾਂ ਦਾ ਗਰੇਡ ਵੀ ਘੱਟ ਸੀ- ਨਾ ਪ੍ਰਮੋਸ਼ਨ ਚੈਨਲ ਸੀ- ਪੰਜਾਬੀ ਅਧਿਆਪਕ ਸਾਰੀ ਸਰਵਿਸ ਵਿਚ ਪੰਜਾਬੀ ਟੀਚਰ ਦੀ ਸੇਵਾ ਮੁਕਤ ਹੁੰਦਾ ਸੀ ਜਦੋਂ ਕਿ ਅਗਰੇਜ਼ੀ ਅਧਿਆਪਕ ਮਾਸਟਰ ਤੋਂ ਲੈਕਚਰਾਰ, ਮੁਖ ਅਧਿਆਪਕ, ਪ੍ਰਿੰਸੀਪਲ ਤੇ ਵਿਭਾਗ ਦੇ ਡਾਇਰੈਕਟਰ ਤਕ ਪਦ-ਉਨਤੀ ਲੈ ਸਕਣ ਦੇ ਯੋਗ ਸੀ। ਭਾਸ਼ਾ ਅਧਿਆਪਕਾਂ ਨੂੰ ਅੰਗਰੇਜ਼ੀ ਅਧਿਆਪਕਾਂ ਦੇ ਬਰਾਬਰ ਦਾ ਸਟੇਟਸ ਅਤੇ ਗਰੇਡ ਦੁਆਉਣ ਲਈ ਮੈਂ "ਸਰਕਾਰੀ ਭਾਸ਼ਾ ਅਧਿਆਪਕ ਯੂਨੀਅਨ ਪੰਜਾਬ" ਦਾ ਸੰਗਠਣ ਕੀਤਾ। ਕਈ ਵਰ੍ਹੇ ਅਕਾਦਮਕ ਅਤੇ ਰਾਜਸੀ ਪੱਧਰ ਤੇ ਲੜਾਈ ਲੜੀ ਅਤੇ ਪੰਜਾਬੀ ਅਧਿਆਪਕਾਂ ਨੂੰ ਅੰਗਰੇਜ਼ੀ ਅਧਿਆਪਕਾਂ ਵਾਂਗ ਮਾਸਟਰ ਕੇਡਰ ਦਾ ਦਰਜਾ ਦੁਆ ਕੇ ਉਨ੍ਹਾਂ ਲਈ ਪਰਮੋਸ਼ਨ ਚੈਨਲ (ਪਦ ਉਨਤੀ) ਖੁਲ੍ਹਵਾਉਣ ਲਈ ਸਫਲਤਾ ਪ੍ਰਾਪਤ ਕੀਤੀ।

ਸੁਸ਼ੀਲ: ਮਾਂ ਬੋਲੀ ਪ੍ਰਤੀ ਮੋਹ ਬਾਰੇ ਦੱਸੋ। ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਤੁਸੀਂ ਕਿਹੜੇ-ਕਿਹੜੇ ਸੰਘਰਸ਼ ਕੀਤੇ ਹਨ ਅਤੇ ਨਿੱਜੀ ਤੌਰ ਤੇ ਮਾਂ ਬੋਲੀ ਦੀ ਤਰੱਕੀ ਲਈ ਕਿਸ ਤਰ੍ਹਾਂ ਦੇ ਯਤਨ ਕਰ ਰਹੇ ਹੋ।

ਮਾਦਪੁਰੀ: ਮੈਂ ਆਪਣਾ ਸਾਰਾ ਜੀਵਨ ਹੀ ਮਾਂ ਬੋਲੀ ਦੇ ਲੇਖੇ ਲਾਇਆ ਹੋਇਆ ਹੈ। ਅਧਿਆਪਨ ਸਮੇਂ ਬੱਚਿਆਂ ਵਿਚ ਸਾਹਿਤ ਪੜ੍ਹਨ ਦੀ ਜਾਗ ਲਾਉਣ, ਉਹਨਾਂ ਦੀਆਂ ਸਾਹਿਤਕ ਰੁਚੀਆਂ ਨੂੰ ਬੜਾਵਾ ਦੇਣ ਦੇ ਮੌਕੇ ਪਰਦਾਨ ਕਰਨ ਤੋਂ ਇਲਾਵਾ ਮੈਂ ਸਾਹਿਤਕ ਜਥੇਬੰਦੀਆਂ ਵਿਚ ਸਰਗਰਮ ਰਿਹਾ ਹਾਂ। 1956 ਵਿਚ "ਲਿਖਾਰੀ ਸਭਾ ਸਮਰਾਲਾ" ਦੀ ਸਥਾਪਨਾ ਕੀਤੀ ਤੇ ਇਸ ਸਭਾ ਦਾ ਕਈ ਵਰ੍ਹੇ ਪ੍ਰਧਾਨ ਤੇ ਸਕੱਤਰ ਰਿਹਾ। ਹਰ ਸਾਲ ਰਾਤ ਸਮੇਂ ਕਵੀ ਦਰਬਾਰ ਕਰਵਾਉਣੇ ਤੇ ਹਜ਼ਾਰਾਂ ਸਰੋਤਿਆਂ ਨੇ ਕਵਿਤਾ ਦਾ ਆਨੰਦ ਮਾਣਨਾ। ਸਭਾ ਨੂੰ "ਕੇਂਦਰੀ ਲੇਖਕ ਸਭਾ" ਨਾਲ਼ ਜੋੜ ਕੇ ਸਾਹਿਤਕ ਸਰਗਰਮੀਆਂ ਵਿਚ ਪੂਰਾ ਸਹਿਯੋਗ ਦਿੱਤਾ। ਆਪਣੇ ਪਿੰਡ ਮਾਦਪੁਰ ਵਿਚ ਦੋ ਸਾਲ ਪਹਿਲਾਂ "ਸ਼ਹੀਦ ਰਣ ਸਿੰਘ ਲਾਇਬਰੇਰੀ" ਸਥਾਪਤ ਕੀਤੀ ਤੇ ਅਪਣੇ ਵਲੋਂ 25 ਹਜ਼ਾਰ ਰੁਪਏ ਦੀਆਂ ਪੁਸਤਕਾਂ ਭੇਟ ਕੀਤੀਆਂ।

ਸੁਸ਼ੀਲ: ਜਿਸ ਭਾਰਤ ਵਿਚ ਰਿਸ਼ੀਆਂ ਮੁਨੀਆਂ, ਪੀਰਾਂ, ਗੁਰੂਆਂ, ਸਾਧੂ ਸੰਤਾਂ ਦਾ ਜਨਮ ਹੋਇਆ, ਕੀ ਉਹੀ ਭਾਰਤ ਪਛਮੀ ਸਭਿਆਤਾ ਦੇ ਪ੍ਰਭਾਵ ਹੇਠ ਆ ਗਿਆ। ਕੀ ਭਾਰਤ ਵਿਚ ਅਸ਼ਲੀਲਤਾ ਸਿਖਰ ਤੇ ਪੁੱਜ ਗਈ ਹੈ।

ਮਾਦਪੁਰੀ: ਸੁਸ਼ੀਲ ਜੀ! ਸਭਿਆਤਾਵਾਂ ਦਾ ਅਦਾਨ ਪ੍ਰਦਾਨ ਤਾਂ ਹੁੰਦਾ ਹੀ ਰਹਿੰਦਾ ਹੈ- ਜੇ ਸੋਚਿਆ ਜਾਵੇ ਅਸ਼ਲੀਲ ਤਾਂ ਕੁਝ ਵੀ ਨਹੀਂ ਸਾਡੀ ਸੋਚ ਹੀ ਅਸ਼ਲੀਲ ਬਣਾਉਂਦੀ ਹੈ... ਜੇ ਤੁਹਾਡੇ ਮਨ ਵਿਚ ਅਸ਼ਲੀਲਤਾ ਹੈ ਤਾਂ ਤੁਹਾਨੂੰ ਹਰ ਵਸਤੂ ਵਿਚੋਂ ਅਸ਼ਲੀਲਤਾ ਹੀ ਨਜ਼ਰ ਆਵੇਗੀ।

ਸੁਸ਼ੀਲ: ਕੀ ਸੰਗੀਤ ਦੀਆਂ ਧੁਨਾਂ ਨਾਲ਼ ਨ੍ਰਿਤ ਕਰਦੀਆਂ ਅੱਧ ਨੰਗੀਆਂ ਔਰਤਾਂ ਤੇ ਕੋਈ ਰੋਕ ਲਗ ਸਕਦੀ ਹੈ? ਜੇ ਅਜਿਹੇ ਨ੍ਰਿਤ-ਦ੍ਰਿਸ਼ ਨਾ ਦਿਖਾਏ ਜਾਣ ਤਾਂ ਕੀ ਲੋਕ ਟੀ.ਵੀ. ਪ੍ਰੋਗਰਾਮ ਦੇਖਣਾ ਹੀ ਬੰਦ ਕਰ ਦੇਣਗੇ।

ਮਾਦਪਰੀ: ਕੌਣ ਲਾਏਗਾ ਇਹ ਰੋਕ? ਅਪਣੇ ਘਰ ਵਿਚ ਅਨੁਸ਼ਾਸ਼ਨ ਦਾ ਡੰਡਾ ਵਰਤੋ- ਜਦੋਂ ਕੰਜਰ-ਖਾਨੇ ਵਾਲ਼ੇ ਪ੍ਰੋਗਰਾਮ ਆਉਣ- ਟੀ.ਵੀ.ਬੰਦ ਕਰ ਦਿਓ.... ਦੂਰਦਰਸ਼ਨ ਤੇ ਉਚ ਪਾਏ ਦੇ ਸੰਗੀਤ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ.... ਉਹ ਬਹੁਤ ਮਕਬੂਲ ਹਨ। ਘਟੀਆ ਪ੍ਰੋਗਰਾਮਾਂ ਲਈ ਦਰਸ਼ਕ ਤੇ ਸਰੋਤੇ ਕਸੂਰਵਾਰ ਹਨ।

ਸਸ਼ੀਲ: ਟੀ.ਵੀ. ਚੈਨਲਾਂ ਤੇ ਜੋ ਕੁਝ ਵਿਖਾਇਆ ਜਾਂਦਾ ਹੈ, ਕੀ ਉਹ ਮਾਂ ਬਾਪ ਅਪਣੇ ਬੱਚਿਆਂ ਨਾਲ਼ ਬੈਠ ਕੇ ਦੇਖ ਸਕਦੇ ਹਨ? ਤੁਸੀਂ ਕੇਬਲ ਸਭਿਆਚਾਰ ਅਤੇ ਮੈਰਿਜ ਪੈਲੇਸਾਂ ਦੇ ਸੰਬੰਧ ਵਿਚ ਕੀ ਕਹਿਣਾ ਚਾਹੋਗੇ?

ਮਾਦਪੁਰੀ: ਇਸ ਪ੍ਰਸ਼ਨ ਦਾ ਉਤਰ ਮੈਂ ਉਪਰਲੇ ਪ੍ਰਸ਼ਨ ਵਿਚ ਦੇ ਦਿੱਤਾ ਹੈ। ਇਹਨਾਂ ਵਿਰੁਧ ਲੋਕ ਲਹਿਰ ਚਲਾਕੇ ਲੋਕਾਂ ਵਿਚ ਜਾ ਜਾਗ੍ਰਤਾ ਪੈਦਾ ਕਰਨ ਦੀ ਲੋੜ ਹੈ.... ਮੈਰਜ ਪੈਲਸਾਂ ਨੇ ਤਾਂ ਸਾਡੀਆਂ ਰਸਮਾਂ ਅਤੇ ਇਹਨਾਂ ਨਾਲ਼ ਜੁੜੀਆਂ ਭਾਈਚਾਰਕ ਸਾਂਝਾ ਨੂੰ ਨਿਗਲ ਲਿਆ ਹੈ....।

ਸੁਸ਼ੀਲ: ਅਜ ਦੀ ਨਵੀਂ ਪੀੜ੍ਹੀ ਕਿਸੇ ਵੀ ਚੀਜ਼ ਨੂੰ ਅਸ਼ਲੀਲ ਕਿਉਂ ਨਹੀਂ ਸਮਝਦੀ? ਕੀ ਅਸ਼ਲੀਲਤਾ ਨੂੰ ਫੈਲਾਉਣ ਅਤੇ ਇਸ ਨੂੰ ਜਾਇਜ਼ ਠਹਿਰਾਉਣ ਲਈ ਸਭ ਤੋਂ ਵਧ ਮੀਡੀਆ ਜੁੰਮੇਵਾਰ ਹੈ।

ਮਾਦਪੁਰੀ: ਹਰ ਵਿਅਕਤੀ ਆਪਣੀ ਸੋਚ ਅਨੁਸਾਰ ਅਸ਼ਲੀਲਤਾ ਦੇ ਅਰਥ ਕੱਢਦਾ ਹੈ। ਸਾਡੇ ਸਮਾਜ ਦਾ ਉਪਰਲਾ (ਕੁਲੀਨਵਰਗ) ਤਬਕਾ ਹੀ ਅਸ਼ਲੀਲਤਾ ਨੂੰ ਫੈਲਾਉਣ ਲਈ ਜੁੰਮੇਵਾਰ ਹੈ। ਆਮ ਜਨਤਾ ਨੂੰ ਤਾਂ ਦਾਲ ਰੋਟੀ ਹੀ ਮਸਾਂ ਜੁੜਦੀ ਹੈ।

ਸੁਸ਼ੀਲ: ਸਰਕਾਰ ਨੂੰ ਕਿਸ ਤਰ੍ਹਾਂ ਦੀ ਸਭਿਆਚਾਰਕ ਨੀਤੀ ਅਪਣਾਉਣੀ ਚਾਹੀਦੀ ਹੈ?

ਮਾਦਪੁਰੀ: ਲੋਕ ਹੇਤੁ ਸਰਕਾਰਾਂ ਹੀ ਲੋਕਾਂ ਦੀ ਭਾਸ਼ਾ ਅਤੇ ਸਭਿਆਚਾਰ ਬਾਰੇ ਸੋਚ ਸਕਦੀਆਂ ਹਨ। ਦੇਸ਼ ਆਜ਼ਾਦ ਹੋਏ ਨੂੰ ਐਨਾ ਸਮਾਂ ਹੋ ਗਿਆ ਹੈ ਕਿ ਸਾਡੀ ਕਿਸੇ ਵੀ ਸਰਕਾਰ ਨੇ, ਚਾਹੇ ਉਹ ਨੀਲੇ ਪੀਲ਼ਿਆਂ ਦੀ ਸੀ ਜਾਂ ਚਿੱਟੇ ਖੱਦਰ ਧਾਰੀਆਂ ਦੀ, ਨਾ ਭਾਸ਼ਾ ਬਾਰੇ ਸੋਚਿਆ ਹੈ ਨਾ ਸਭਿਆਚਾਰ ਬਾਰੇ। ਉਹ ਤਾਂ ਡੰਗ ਟਪਾਊ ਸਰਕਾਰਾਂ ਹਨ- ਉਹਨਾਂ ਨੂੰ ਸਿਰਫ਼ ਵੋਟ-ਬੈਂਕ ਦਾ ਫਿਕਰ ਹੈ ਜਾਂ ਅਪਣੀਆਂ ਤਜੌਰੀਆਂ ਭਰਨ ਦਾ।

ਸੁਸ਼ੀਲ: ਤੁਸੀਂ ਅਧਿਆਪਨ ਨਾਲ਼ ਜੁੜੇ ਰਹੇ ਹੋ। ਅਜੋਕੀ ਵਿਦਿਆ ਪ੍ਰਣਾਲੀ ਦਾ ਕੀ ਰੋਲ ਹੈ। ਅੰਗਰੇਜ਼ੀ ਮਾਧਿਅਮ ਦੀ ਕੋਈ ਸਾਰਥਕਤਾ।

ਮਾਦਪੁਰੀ: ਸੰਸਾਰ ਭਰ ਦੇ ਵਿਦਿਆ ਸ਼ਾਸਤਰੀ ਅਤੇ ਬਾਲ ਮਨੋਵਿਗਿਆਨੀ ਇਸ ਮੱਤ ਦੇ ਧਾਰਨੀ ਹਨ ਕਿ ਬੱਚੇ ਨੂੰ ਮੁਢਲੀ ਸਿੱਖਿਆ ਉਸ ਦੀ ਮਾਂ ਬੋਲੀ ਦੇ ਮਾਧਿਅਮ ਰਾਹੀਂ-ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਉਹਨਾਂ ਦਾ ਮਾਨਸਿਕ ਅਤੇ ਬੋਧਕ ਵਿਕਾਸ ਹੁੰਦਾ ਹੈ। ਅਫਸੋਸ ਹੈ ਕਿ ਸਾਡੀ ਸਰਕਾਰ ਨੇ ਅਜੇ ਤਕ ਕੋਈ ਸਥਿਰ ਵਿਦਿਅਕ ਨੀਤੀ ਨਹੀਂ ਅਪਣਾਈ। ਵਿਦਿਆ ਤੇ ਕੋਈ ਨਿਯੰਤ੍ਰਣ ਨਹੀਂ। ਵੱਡੇ-ਵੱਡੇ ਉਦਯੋਗਕ ਘਰਾਣੇ ਵਿਦਿਆ ਨੂੰ ਵਪਾਰ ਦੇ ਮਾਧਿਅਮ ਵਜੋਂ ਵਰਤ ਰਹੇ ਹਨ ਜਿਸ ਕਾਰਨ ਆਮ ਜਨਤਾ ਦੇ ਬੱਚਿਆਂ ਲਈ ਉੱਚ ਵਿਦਿਆ ਗ੍ਰਹਿਣ ਕਰਨ ਦੇ ਰਸਤੇ ਬੰਦ ਹੋ ਰਹੇ ਹਨ। ਵਿੱਦਿਆ ਅਮੀਰਾਂ ਦੇ ਬੱਚਿਆਂ ਲਈ ਨਹੀਂ ਬਲਕਿ ਆਮ ਗਰੀਬ ਬੱਚਿਆਂ ਲਈ ਵੀ ਹੋਣੀ ਚਾਹੀਦੀ ਹੈ। ਅੰਗਰੇਜ਼ੀ ਭਾਸ਼ਾਵਾਂ ਨੂੰ ਹੋਰਨਾਂ ਭਾਸ਼ਾਵਾਂ ਵਾਂਗ ਇਕ ਵਿਸ਼ੇ ਦੇ ਤੌਰ ਤੇ ਹੀ ਪੜ੍ਹਾਇਆ ਜਾਣਾ ਉਚਿਤ ਹੈ।

ਸੁਸ਼ੀਲ: ਪੰਜਾਬੀਆਂ ਦੀ ਸਭਿਆਚਾਰਕ ਵਿਰਾਸਤ ਬਾਰੇ ਦਸੋ। ਪੰਜਾਬੀਆਂ ਦੀ ਆਪਣੀ ਵਖਰੀ ਸ਼ਾਨ ਬਾਰੇ ਵੀ ਕੁਝ ਕਹਿਣਾ।

ਮਾਦਪੁਰੀ: ਕਿਸੇ ਭੁਗੋਲਕ ਖਿੱਤੇ ਵਿਚ ਵਸਦੇ ਲੋਕਾਂ ਦੇ ਜੀਵਨ ਢੰਗਾਂ ਨੂੰ ਉਸ ਖੇਤਰ ਦੇ ਲੋਕਾਂ ਦਾ ਸਭਿਆਚਾਰ ਆਖਿਆ ਜਾਂਦਾ ਹੈ। ਅਸਲ ਵਿਚ ਜੀਵਨ ਜਾਚ ਹੀ ਮਨੁੱਖ ਮਾਤਰ ਦਾ ਅਸਲ ਸਭਿਆਚਾਰ ਹੈ। ਸਾਰੇ ਸੰਸਾਰ ਦੀਆਂ ਕੌਮਾਂ ਦੇ ਸਭਿਆਚਾਰਾਂ ਦੀਆਂ ਆਪਣੀਆਂ-ਆਪਣੀਆਂ ਵਿਸ਼ੇਸ਼ ਵਿਲੱਖਣਤਾਵਾਂ ਹਨ। ਪੰਜਾਬੀਆਂ ਦੀਆਂ ਆਪਣੀਆਂ ਸ਼ਾਨਦਾਰ ਰਵਾਇਤਾਂ ਹਨ.... ਪੰਜਾਬੀ ਸਭਿਆਚਾਰ ਦੀਆਂ ਧੁੰਮਾਂ ਸਾਰੇ ਸੰਸਾਰ ਵਿਚ ਪੈ ਰਹੀਆਂ ਹਨ- ਪੰਜਾਬ ਦੇ ਲੋਕ ਸੰਗੀਤ ਦੀਆਂ ਧੁਨਾਂ ਨੇ ਸੰਸਾਰ ਭਰ ਦੇ ਸੰਗੀਤ ਪ੍ਰੇਮੀਆਂ ਨੂੰ ਮੁਗਧ ਕੀਤਾ ਹੋਇਆ ਹੈ। ਪੰਜਾਬੀਆਂ ਦੇ ਪਹਿਰਵੇ ਅਤੇ ਖਾਣ ਪੀਣ ਦੀ ਮੌਜ ਮਸਤੀ ਅਤੇ ਖੁਲ੍ਹੇ ਡੁਲ੍ਹੇ ਸਭਾ ਦੇ ਸੱਭੇ ਕਾਇਲ ਹਨ। ਪ੍ਰਦੇਸ਼ਾਂ ਵਿਚ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਹਨ, ਉਹ ਉੱਥੇ ਅਪਣੇ ਸਭਿਆਚਾਰ ਦੀ ਮਹਿਕ ਵੰਡ ਰਹੇ ਹਨ।

ਸੁਸ਼ੀਲ: ਮਾਦਪੁਰੀ ਜੀ ਤੁਹਾਡਾ ਬਚਪਨ ਕੈਸਾ ਸੀ ਕਿੱਥੇ ਤੇ ਕਿਵੇਂ ਬੀਤਿਆਂ। ਬਚਪਨ ਦੀਆਂ ਯਾਦਾਂ ਅਤੇ ਸਕੂਲੀ ਦਿਨਾਂ ਬਾਰੇ ਵੀ ਦੱਸੋ?

ਮਾਦਪੁਰੀ: ਮੇਰਾ ਬਚਪਨ ਵੀ ਆਮ ਪੇਂਡੂ ਬੱਚਿਆਂ ਵਾਂਗ ਹੀ ਬੀਤਿਆ ਹੈ। ਕੋਈ ਫਿਕਰ ਫਾਕਾ ਨਹੀਂ, ਰੰਗਾਂ ਭਰਪੂਰ-ਸਕੂਲ ਪੈਦਲ ਜਾਂਦੇ ਸਾਂ- ਟਿਊਸ਼ਨ ਦਾ ਫਿਕਰ ਨਹੀਂ- ਘਰ ਆਉਣਾ ਬਸਤਾ ਪਰੇ ਵਗਾਹ ਮਾਰਨਾ ਤੇ ਖੇਡਣ ਲਈ ਦੌੜ ਜਾਣਾ- ਆਮ ਪੇਂਡੂ ਖੇਡਾਂ ਖੇਡਣੀਆਂ- ਛੁੱਟੀਆਂ 'ਚ ਡੰਗਰ-ਪਸ਼ੂ ਚਾਰਨੇ- ਖੂਹਾਂ ਟੋਬਿਆਂ 'ਚ ਛਾਲਾਂ ਮਾਰਨੀਆਂ- ਦਰੱਖਤਾਂ ਤੇ ਡੰਡ ਪਰਾਗਣਾ ਖੇਡਣਾ- ਜਦੋਂ ਦੇਸ ਆਜ਼ਾਦ ਹੋਇਆ ਉਦੋਂ ਮੇਰੀ ਉਮਰ 12 ਕੁ ਸਾਲ ਦੀ ਸੀ। ਫਸਾਦਾਂ ਦਾ ਸਹਿਮ ਸੀ। ਸਾਡੇ ਪਿੰਡ ਦੇ ਲੋਕਾਂ ਨੇ ਅਪਣੇ ਪਿੰਡ ਦੇ ਮੁਸਲਮਾਨਾਂ ਨੂੰ ਅਜਾ ਨਹੀਂ ਸੀ ਲੱਗਣ ਦਿੱਤੀ... ਮੇਰਾ ਗੁਆਂਢੀ ਤੇਲੀਆਂ ਦਾ ਜਮਾਲਾ ਮੇਰਾ ਆੜੀ ਸੀ ਜਦੋਂ ਸਾਡੇ ਪਿੰਡ ਦੇ ਮੁਸਲਮਾਨਾਂ ਨੂੰ ਲ੍ਜਾਣ ਲਈ ਫੌਜੀ ਗੱਡੀ ਸਾਡੇ ਪਿੰਡ ਆਈ ਤਾਂ ਉਹ ਸਾਡੇ ਘਰ ਲੁਕ ਗਿਆ- ਉਹਦਾ ਅੱਬਾ ਉਹਨੂੰ ਖਿਚਕੇ ਲੈ ਗਿਆ- ਉਹ ਲੇਰਾਂ ਮਾਰ ਰਿਹਾ ਸੀ ਉਹਦੀਆਂ ਭੁੱਬਾਂ ਅਜੇ ਤਕ ਮੇਰੇ ਚੇਤੇ 'ਚ ਵਸੀਆਂ ਹੋਈਆਂ ਹਨ।

ਸੁਸ਼ੀਲ: ਤੁਸੀਂ ਸੁਖਦੇਵ ਮਾਦਪੁਰੀ ਕਰਕੇ ਜਾਣੇ ਜਾਂਦੇ ਹੋ। ਕੀ ਇਹੀ ਤੁਹਾਡਾ ਅਸਲ ਪ੍ਰੀਚੈ ਹੈ? ਤੁਸੀਂ ਅਧਿਆਪਕ ਦੀ ਨੌਕਰੀ ਵੀ ਕੀਤੀ ਅਪਣੀ ਪੜ੍ਹਾਈ ਬਾਰੇ ਦੱਸੋ।

ਮਾਦਪੁਰੀ: ਮੈਂ ਇਕ ਆਮ ਵਿਅਕਤੀ ਦੇ ਤੌਰ ਤੇ ਹੀ ਅਪਣਾ ਜੀਵਨ ਜੀਵਿਆ ਹੈ- ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਚਾਰ ਜਮਾਤਾਂ ਪਾਸ ਕਰਕੇ ਲਾਗਲੇ ਪਿੰਡ ਜਸਪਾਲੋਂ ਤੋਂ ਦਸਵੀਂ ਪਾਸ ਕਰਕੇ ਏ ਐਸ ਕਾਲਜ, ਖੰਨਾ" 'ਚ ਐਫ.ਏ. ਤਕ ਪੜ੍ਹਾਈ ਕਰਨ ਉਪਰੰਤ "ਖਾਲਸਾ ਬੇਸਕ ਤੇ ਹਾਈ ਸਕੂਲ, ਕੁਰਾਲੀ" ਜ਼ਿਲਾ ਰੋਪੜ ਤੋਂ 1954 ਵਿਚ "ਜੂਨੀਅਰ ਬੇਸਰ ਟੀਚਰਜ਼" ਦਾ ਇਕ ਸਾਲਾ ਕੋਰਸ ਕੀਤਾ। ਪੂਰੇ 24 ਸਾਲ ਪੰਜਾਬ ਦੇ ਸਿੱਖਿਆ ਵਿਭਾਗ ਵਿਚ, ਪੇਂਡੂ ਸਕੂਲਾਂ ਵਿਚ ਨੌਕਰੀ ਕੀਤੀ। ਇਸੇ ਦੌਰਾਨ ਬਤੌਰ ਪ੍ਰਾਈਵੇਟ ਵਿਦਿਆਰਥੀ ਦੇ ਐਮ.ਏ. ਪੰਜਾਬੀ ਕੀਤੀ। ਨਾਲੋ ਨਾਲ ਸਾਹਿਤਕ ਕਾਰਜ ਮਘਾਈ ਰੱਖੇ। ਭਾਵੇਂ ਮੈਂ ਅਧਿਆਪਨ ਕਾਰਜ ਅਤੇ ਸਕੂਲ ਬੋਰਡ ਦੀ ਨੌਕਰੀ, ਸੰਜੀਦਗੀ ਅਤੇ ਜੁੰਮੇਵਾਰੀ ਨਾਲ਼ ਨਿਭਾਈ ਹੈ ਪਰੰਤੂ ਲੰਬੇ ਅਰਸੇ ਤੋਂ ਸਾਹਿਤਕ ਸਿਰਜਣਾ ਨਾਲ਼ ਜੁੜੇ ਰਹਿਣ ਕਾਰਨ ਮੇਰਾ ਪ੍ਰੀਚੈ ਬਤੌਰ ਲੇਖਕ ਸੁਖਦੇਵ ਮਾਦਪੁਰੀ ਹੀ ਹੋਇਆ ਹੈ ਜਿਸ ਤੇ ਮੈਨੂੰ ਗੌਰਵ ਹੈ।

ਸੁਸ਼ੀਲ: ਕਿਹੜੀਆਂ ਸ਼ਖ਼ਸੀਅਤਾਂ ਦਾ ਪ੍ਰਭਾਵ ਤੁਸੀਂ ਕਬੂਲਿਆ ਹੈ?

ਮਾਦਪੁਰੀ: ਆਪਣੇ ਬਾਪੂ ਅਤੇ ਬੇਬੇ ਤੋਂ ਇਲਾਵਾ ਮੈਂ ਸ. ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਤੋਂ ਪ੍ਰਭਾਵਿਤ ਹੋਇਆ ਹਾਂ ਜਿਨ੍ਹਾਂ ਨੇ ਮੈਨੂੰ ਸਦਾ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਕਲਪ ਦਿੱਤਾ।

(ਨਵਾਂ ਜ਼ਮਾਨਾਂ ਦੇ 17 ਜੁਲਾਈ 2011 ਦੇ
"ਐਤਵਾਰਤਾ ਅੰਕ' ਵਿਚ ਪ੍ਰਕਾਸ਼ਿਤ)