ਛੰਦ ਪਰਾਗੇ

ਵਿਆਹ ਦੇ ਰੀਤੀ ਮੂਲਕ ਗੀਤ ਰੂਪਾਂ ਵਿਚ "ਛੰਦ ਪਰਾਗੇ" ਦਾ ਵਲੱਖਣ ਸਥਾਨ ਹੈ! 'ਛੰਦ ਪਰਾਗੇ' ਗੀਤ ਰੂਪ ਵਿਚ ਸਾਲ਼ੀਆਂ ਲਾੜੇ ਪਾਸੋਂ ਛੰਦ ਸੁਣਦੀਆਂ ਹਨ। ਇਹ ਗੀਤ ਪੁਰਾਣੇ ਸਮੇਂ ਤੋਂ ਹੀ ਚਲੀ ਆ ਰਹੀ ਹੈ।

ਲਾਵਾਂ ਜਾਂ ਆਨੰਦ ਕਾਰਜ ਦੀ ਰਸਮ ਮਗਰੋਂ ਲਾੜੇ ਨੂੰ ਲਾੜੀ ਵਾਲ਼ਿਆਂ ਦੇ ਘਰ ਸੱਦਿਆ ਜਾਂਦਾ ਹੈ ਜਿੱਥੇ ਉਸ ਨੂੰ ਉਸ ਦੀ ਸੱਸ ਅਤੇ ਹੋਰ ਸਹੁਰੇ ਪਰਿਵਾਰ ਦੀਆਂ ਜਨਾਨੀਆਂ ਕਈ ਇਕ ਸ਼ਗਨ ਕਰਦੀਆਂ ਹਨ। ਇਹਨਾਂ ਸ਼ਗਨਾਂ ਤੋਂ ਪਹਿਲਾਂ ਲਾੜੇ ਦੀਆਂ ਮਸਤੀਆਂ ਹੋਈਆਂ ਸਾਲ਼ੀਆਂ ਉਸ ਦੇ ਆਲ਼ੇ ਦੁਆਲ਼ੇ ਹੁੰਦੀਆਂ ਹਨ ਤੇ ਉਸ ਨਾਲ਼ ਛੇੜ ਛਾੜ ਕਰਦੀਆਂ ਹਨ, ਕੋਈ ਚੂੰਢੀ ਵੱਢਦੀ ਹੈ, ਕੋਈ ਉਹਦੀ ਵੱਖੀ ਵਿਚ ਸੂਈ ਖੁਭੋ ਦੇਂਦੀ ਹੈ ਤੇ ਕੋਈ ਚਾਮ੍ਹਲੀ ਹੋਈ ਉਸ ਦਾ ਕੁੜਤਾ ਮੰਜੇ ਦੀ ਚਾਦਰ ਨਾਲ਼ ਸਿਊਂ ਦੇਂਦੀ ਹੈ। ਇਉਂ ਹਾਸੇ ਠੱਠੇ ਦਾ ਮਾਹੌਲ ਸਿਰਜਿਆ ਜਾਂਦਾ ਹੈ। ਲਾੜੇ ਦੇ ਨਾਲ਼ ਆਏ ਇਕ ਦੋ ਮੁੰਡੇ ਤੇ ਸਰਬਾਲਾ ਉਸ ਨੂੰ ਸਾਲ਼ੀਆਂ ਦੀਆਂ ਖਰਮਸਤੀਆਂ ਤੋਂ ਬਚਾਉਣ ਦਾ ਯਤਨ ਕਰਦੇ ਹਨ ਤੇ ਉਸ ਨੂੰ ਸੁਚੇਤ ਕਰਦੇ ਰਹਿੰਦੇ ਹਨ। ਵਿਚਾਰਾ ਲਾੜਾ ਸਾਲ਼ੀਆਂ ਦੇ ਚੋਹਲਾਂ ਨਾਲ਼ ਭਮੱਤਰ ਜਾਂਦਾ ਹੈ। ਚੁਸਤ ਤੇ ਬੁਧੀਮਾਨ ਲਾੜੇ ਇਸ ਅਵਸਰ ਲਈ ਪਹਿਲਾਂ ਹੀ ਤਿਆਰੀ ਕਰਕੇ ਆਉਂਦੇ ਹਨ। ਉਹ ਅਪਣੇ ਮਿੱਤਰਾਂ ਬੇਲੀਆਂ ਪਾਸੋਂ ਮਿੱਠੇ, ਚੁਰਚਰੇ ਤੇ ਸਲੂਣੇ ਛੰਦ ਸੁਣਕੇ ਕੰਠ ਕਰ ਲੈਂਦੇ ਹਨ ਤਾਂ ਜੋ ਉਹਨਾਂ ਨੂੰ ਸਾਲ਼ੀਆਂ ਸਾਹਮਣੇ ਨਮੋਸ਼ੀ ਦਾ ਸ਼ਿਕਾਰ ਨਾ ਹੋਣਾ ਪਵੇ। ਉਹ ਚੋਂਦੇ ਚੋਂਦੇ ਛੰਦ ਸੁਣਾਕੇ ਸਾਲ਼ੀਆਂ ਨੂੰ ਠਿੱਠ ਕਰ ਦੇਂਦੇ ਹਨ।

'ਛੰਦ ਪਰਾਗੇ' ਸੁਣਨ ਸਮੇਂ ਸਾਰਾ ਮਾਹੌਲ ਖੁਸ਼ਗਵਾਰ ਹੋਇਆ ਹੁੰਦਾ ਹੈ। ਲਾੜੇ ਦੇ ਪਹਿਲੀ ਵਾਰ ਸਹੁਰੇ ਘਰ ਆਉਣ ਕਾਰਨ ਸਾਲ਼ੀਆਂ ਉਸ ਨਾਲ਼ ਹਾਸੇ ਮਖੌਲ ਵਾਲ਼ੀਆਂ ਗੱਲਾਂ ਕਰਦੀਆਂ ਹਨ ਤਾਂ ਜੋ ਉਹ ਉਹਨਾਂ ਨਾਲ਼ ਖੁਲ੍ਹ ਜਾਵੇ ਤੇ ਸੰਗ ਸੰਕੋਚ ਲਹਿ ਜਾਵੇ। ਇਸ ਰਸਮ ਦਾ ਮੁੱਖ ਮੰਤਵ ਤਾਂ ਇਹ ਜਾਣਨਾ ਹੁੰਦਾ ਹੈ ਕਿ ਲਾੜਾ ਕਿਧਰੇ ਗੁੰਨ ਵੱਟਾ ਤਾਂ ਨਹੀਂ। ਇਸ ਲਈ ਉਸ ਦੀਆਂ ਸਾਲ਼ੀਆਂ ਉਹਦੀ ਅਕਲ ਅਤੇ ਹਾਜ਼ਰ ਜਵਾਬੀ ਪਰਖਣ ਲਈ ਉਸ ਨੂੰ ਛੰਦ ਸੁਣਾਉਣ ਲਈ ਆਖਦੀਆਂ ਹਨ। ਲਾੜਾ ਉਹਨਾਂ ਨਾਲ਼ ਕਾਵਿ-ਸੰਵਾਦ ਰਚਾ ਕੇ ਅਪਣੀ ਵਿਦਵਤਾ ਅਤੇ ਹਾਜ਼ਰ ਜਵਾਬੀ ਦਾ ਪ੍ਰਗਟਾਵਾ ਕਰਦਾ ਹੈ।

ਇਹਨਾਂ ਛੰਦਾਂ ਵਿਚ ਵਧੇਰੇ ਕਰਕੇ ਤੁਕ ਬੰਦੀ ਹੀ ਹੁੰਦੀ ਹੈ। ਕਈ ਹਾਜ਼ਰ ਜਵਾਬ ਤੇ ਚੁਸਤ ਲਾੜੇ ਤੁਰਤ ਹੀ ਕੋਈ ਛੰਦ ਜੋੜ ਲੈਂਦੇ ਹਨ। ਪਹਿਲਾਂ ਉਹ ਧੀਮੇ ਸੁਰ ਵਾਲ਼ੇ ਛੰਦ ਬੋਲਦਾ ਹੈ:-

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਤੀਰ
ਤੁਸੀਂ ਮੇਰੀਆਂ ਭੈਣਾਂ ਲੱਗੀਆਂ
ਮੈਂ ਆਂ ਥੋਡਾ ਵੀਰ

ਉਹ ਆਪਣੀਆਂ ਸਾਲ਼ੀਆਂ ਦਾ ਦਿਲ ਜਿਤਣ ਲਈ ਉਹਨਾਂ ਦੀ ਭੈਣ ਨੂੰ ਆਪਣੀ ਮੁੰਦਰੀ ਦਾ ਹੀਰਾ ਬਣਾ ਕੇ ਰੱਖਣ ਦੀ ਗਲ ਕਰਦਾ ਹੈ:-

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਖੀਰਾ
ਭੈਣ ਥੋਡੀ ਨੂੰ ਇਉਂ ਰੱਖੂੰਗਾ
ਜਿਉਂ ਮੁੰਦਰੀ ਵਿਚ ਹੀਰਾ

ਫੇਰ ਉਹ ਹੌਲੀ ਹੌਲੀ ਸੁਰ ਬਦਲਦਾ ਹੈ:-

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਸੋਟੀਆਂ
ਉਪਰੋਂ ਤਾਂ ਤੁਸੀਂ ਮਿੱਠੀਆਂ
ਦਿਲ ਦੇ ਵਿਚ ਖੋਟੀਆਂ

ਸਾਲ਼ੀ ਦੀ ਵੱਢੀ ਚੂੰਢੀ ਦੀ ਚੀਸ ਉਸ ਨੂੰ ਭੁਲਦੀ ਨਹੀਂ। ਉਹ ਚੀਸ ਵਟਕੇ ਛੰਦ ਸੁਣਾ ਦੇਂਦਾ ਹੈ:-

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਝਾਮਾਂ
ਸਾਲ਼ੀ ਮੇਰੀ ਨੇ ਚੂੰਢੀ ਵੱਢੀ
ਹੁਣ ਕੀ ਲਾਜ ਬਣਾਵਾਂ

ਉਹ ਆਪਣੀ ਸੱਸ ਅਤੇ ਸਹੁਰੇ ਨੂੰ ਆਪਣੇ ਛੰਦਾਂ ਦੇ ਪਾਤਰ ਬਣਾ ਲੈਂਦਾ ਹੈ:-

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਘਿਓ
ਸੱਸ ਲੱਗੀ ਅਜ ਤੋਂ ਮਾਂ ਮੇਰੀ
ਸਹੁਰਾ ਲਗਿਆ ਪਿਓ

ਏਥੇ ਹੀ ਬੱਸ ਨਹੀਂ ਉਹ ਤਾਂ ਆਪਣੀ ਸੱਸ ਨੂੰ ਪਾਰਵਤੀ ਅਤੇ ਸਹੁਰੇ ਨੂੰ ਪਰਮੇਸ਼ਰ ਦਾ ਦਰਜਾ ਦੇ ਦਿੰਦਾ ਹੈ। ਸੱਸ ਫੁੱਲੀ ਨਹੀਂ ਸਮਾਂਦੀ:-

ਛੰਦ ਪਰਾਗੇ ਆਈਏ ਜਾਈਏ
ਛੰਦੇ ਪਰਾਗੇ ਕੇਸਰ
ਸੱਸ ਤਾਂ ਮੇਰੀ ਪਾਰਵਤੀ
ਸਹੁਰਾ ਮੇਰਾ ਪਰਮੇਸ਼ਰ

ਫੇਰ ਹਾਸਾ ਉਪਜਾਉਣ ਵਾਲ਼ਾ ਛੰਦ ਬੋਲਦਾ ਹੈ:-

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਡੌਰੂ
ਸੱਸ ਮੇਰੀ ਬਰੋਟੇ ਚੜ੍ਹਗੀ
ਸਹੁਰਾ ਪਾਵੇ ਖੌਰੂ

ਸਾਲ਼ੀਆਂ ਛੰਦ ਸੁਣਕੇ ਮੁਸਕਰਾਉਂਦੀਆਂ ਹਨ ਤੇ ਉਹ ਉਹਨਾਂ ਨੂੰ ਮੁਖਾਤਿਬ ਹੋ ਕੇ ਅਗਲਾ ਛੰਦ ਬੋਲਦਾ ਹੈ:-

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਚੀਰੀ
ਔਹ ਕੁੜੀ ਤਾਂ ਬਹੁਤੀ ਸੋਹਣੀ
ਆਹ ਅੱਖਾਂ ਦੀ ਟੀਰੀ

ਸਾਲ਼ੀਆਂ ਦੰਦਾਂ ਵਿਚ ਚੁੰਨੀਆਂ ਲੈ ਕੇ ਹਸਦੀਆਂ ਹਨ। ਤੇ ਉਹ ਹੁਣ ਇਕ ਜੇਤੂ ਦੇ ਰੂਪ ਵਿਚ ਆਪਣੇ ਬਾਪੂ ਵਲੋਂ ਦਿੱਤੀ ਨਸੀਹਤ ਬਾਰੇ ਛੰਦ ਸੁਣਾਉਂਦਾ ਹੈ:-

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਡੋਲਣਾ
ਬਾਪੁ ਜੀ ਨੇ ਆਖਿਆ ਸੀਗਾ
ਬਹੁਤਾ ਨਹੀਂ ਬੋਲਣਾ

ਇਸ ਦੇ ਨਾਲ਼ ਹੀ ਉਹ ਆਪਣੇ ਵਲੋਂ ਸੁਣਾਏ ਚੁਰਚਰੇ ਛੰਦਾਂ ਬਦਲੇ ਆਪਣੀਆਂ ਸਾਲ਼ੀਆਂ ਪਾਸੋਂ, ਭਲਾਮਾਣਸ ਲਾੜਾ ਬਣਕੇ, ਖਿਮਾ ਯਾਚਨਾ ਕਰਦਾ ਹੈ:-

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਦਾਤ
ਵਧ ਘਟ ਬੋਲਿਆ ਦਿਲ ਨਾ ਲਾਉਣਾ
ਭੁਲ ਚੁੱਕ ਕਰਨੀ ਮਾਫ

ਛੰਦ ਸੁਣਨ ਉਪਰੰਤ ਲਾੜੇ ਪਾਸੋਂ ਬੁਝਾਰਤਾਂ ਬੁੱਝਣ ਲਈ ਬੁਝਾਰਤਾਂ ਦਾ ਸੰਵਾਦ ਰਚਾਇਆ ਜਾਂਦਾ ਹੈ। ਕੋਈ ਅਪਣੇ ਆਪ ਨੂੰ ਬੁਧੀਮਾਨ ਅਖਵਾਉਣ ਵਾਲ਼ੀ ਸਾਲੀ ਲਾੜੇ ਦੀ ਅਕਲ ਦੀ ਪਰਖ ਕਰਨ ਲਈ ਉਸ ਪਾਸੋਂ ਬੁਝਾਰਤ ਪੁੱਛਦੀ ਹੈ:-

ਨੌਂ ਕੂਏਂ ਦਸ ਪਾਰਸੇ
ਪਾਣੀ ਘੁੰਮਣ ਘੇਰ
ਜੇ ਤੂੰ ਐਡਾ ਚਤਰ ਐਂ
ਪਾਣੀ ਦਸਦੇ ਕਿੰਨੇ ਸੇਰ

ਚਤਰ ਲਾੜਾ ਝੱਟ ਬੁਝਾਰਤ ਬੁੱਝ ਕੇ ਉੱਤਰ ਮੋੜਦਾ ਹੈ:-

ਨੌਂ ਕੂਏਂ ਦਸ ਪਾਰਸੇ
ਪਾਣੀ ਘੁੰਮਣ ਘੇਰ
ਜਿੰਨੇ ਪਿੱਪਲ ਦੇ ਪੱਤ ਨੇ
ਪਾਣੀ ਉਤਨੇ ਸੇਰ

ਕਮਾਲ ਦੀ ਹਾਜ਼ਰ ਜਵਾਬੀ ਹੈ- ਗਿਣੀ ਜਾਓ ਪਿੱਪਲ ਦੇ ਪੱਤ! ਅਗੋਂ ਸਾਲ਼ੀ ਕਿਹੜਾ ਘਟ ਬੁਧੀਮਾਨ ਹੈ ਉਹ ਇਕ ਹੋਰ ਗੁੰਝਲਦਾਰ ਬੁਝਾਰਤ ਪੁੱਛਦੀ ਹੈ:-

ਕੌਣ ਪਿੰਡ ਕੌਣ ਚੌਧਰੀ
ਕੌਣ ਹੈ ਵਿਚ ਦਲਾਲ
ਕੌਣ ਸੁਗੰਧੀ ਦੇ ਰਿਹਾ
ਕੌਣ ਪਰਖਦਾ ਲਾਲ

ਏਸ ਬੁਝਾਰਤ ਦਾ ਉੱਤਰ ਬੁੱਝ ਕੇ ਸੂਝਵਾਨ ਲਾੜਾ ਨਖਰੋ ਸਾਲ਼ੀ ਨੂੰ ਨਿਰ ਉੱਤਰ ਕਰ ਦੇਂਦਾ ਹੈ:-

ਦੇਹ ਪਿੰਡ ਦਿਲ ਚੌਧਰੀ
ਜੀਭਾ ਵਿਚ ਦਲਾਲ
ਨੱਕ ਸੁਗੰਧੀ ਦੇ ਰਿਹਾ
ਨੈਣ ਪਰਖਦੇ ਲਾਲ

ਛੰਦ ਸੁਣਨ ਦੀ ਰਸਮ ਮਗਰੋਂ ਲਾੜੇ ਦੀ ਸੱਸ ਉਸ ਦਾ ਮੂੰਹ ਸੁੱਚਾ ਕਰਨ ਦੀ ਰਸਮ ਕਰਦੀ ਹੈ। ਉਹ ਥਾਲ ਵਿਚ ਲੱਡੂ ਰਖਕੇ ਲਾੜੇ ਦੇ ਮੂੰਹ ਵਿਚ ਲੱਡੂਆਂ ਦੇ ਭੋਰੇ ਪਾਉਂਦੀ ਹੈ ਤੇ ਮਗਰੋਂ ਉਸ ਨੂੰ ਦੁੱਧ ਦਾ ਗਲਾਸ ਪੀਣ ਲਈ ਦਿੱਤਾ ਜਾਂਦਾ ਹੈ। ਲਾੜੀ ਦੀਆਂ ਚਾਚੀਆਂ, ਤਾਈਆਂ ਤੇ ਮਾਸੀਆਂ ਆਦਿ ਵੀ ਇਹ ਸ਼ਗਨ ਕਰਦੀਆਂ ਹਨ।

ਇਹਨਾਂ ਸ਼ਗਨਾਂ ਮਗਰੋਂ ਲਾੜਾ ਸਾਲ਼ੀਆਂ ਤੋਂ ਪੱਲਾ ਛੁਡਾ ਕੇ ਖ਼ੁਸ਼ ਖ਼ੁਸ਼ ਸਰਬਾਲੇ ਸਮੇਤ ਜਨੇਤ ਦੇ ਡੇਰੇ ਨੂੰ ਪਰਤ ਆਉਂਦਾ ਹੈ। ਸਾਲ਼ੀਆਂ ਦੇ ਹਾਸੇ ਉਹਨਾਂ ਦੇ ਕੰਨਾਂ ਵਿਚ ਰਸ ਘੋਲਦੇ ਰਹਿੰਦੇ ਹਨ।

ਮੈਰਿਜ ਪੈਲੇਸਾਂ ਵਿਚ ਹੁੰਦੇ ਵਿਆਹ ਸਮਾਗਮਾਂ ਕਾਰਨ ਛੰਦ ਸੁਣਨ ਦੀ ਰਸਮ ਵੀ ਸਮਾਪਤ ਹੀ ਹੋ ਗਈ ਹੈ ਬਸ ਯਾਦਾਂ ਹੀ ਬਾਕੀ ਰਹਿ ਗਈਆਂ ਹਨ।