ਸ਼ਗਨਾਂ ਦੇ ਗੀਤ/ਗੁੱਗਾ ਤੇ ਸੀਤਲਾ ਮਾਤਾ ਦੇ ਗੀਤ

57884ਸ਼ਗਨਾਂ ਦੇ ਗੀਤ — ਗੁੱਗਾ ਤੇ ਸੀਤਲਾ ਮਾਤਾ ਦੇ ਗੀਤਸੁਖਦੇਵ ਮਾਦਪੁਰੀ

ਗੁੱਗਾ ਤੇ ਸੀਤਲਾ ਮਾਤਾ ਦੇ ਗੀਤ

ਮਧਕਾਲ ਤੋਂ ਹੀ ਪੰਜਾਬ ਦੀ ਲੋਕ ਮਾਨਸਿਕਤਾ ਅਨਪੜ੍ਹਤਾ ਅਤੇ ਵਹਿਮਾਂ ਭਰਮਾਂ ਕਰਕੇ ਸੱਪਾਂ ਅਤੇ ਸੀਤਲਾ ਮਾਤਾ ਦੀ ਪੂਜਾ ਕਰਦੀ ਆ ਰਹੀ ਹੈ। ਇਹਨਾਂ ਦੀ ਪੂਜਾ ਸਮੇਂ ਸੁਆਣੀਆਂ ਅਨੇਕ ਪ੍ਰਕਾਰ ਦੇ ਲੋਕ ਗੀਤ ਗਾਉਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਅਨੁਸ਼ਠਾਨਕੁ ਗੀਤ-ਰੂਪ ਆਖਦੇ ਹਾਂ।

'ਗੁੱਗਾ ਜ਼ਾਹਰ ਪੀਰ' ਨੂੰ ਸੱਪਾਂ ਦੇ ਦੇਵਤੇ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਭਾਦੋਂ ਦੇ ਮਹੀਨੇ ਪੰਜਾਬ ਦੇ ਪਿੰਡਾਂ ਵਿਚ ਗੁੱਗੇ ਦੇ ਭਗਤ ਡੌਰੂ ਖੜਕਾਉਂਦੇ, ਸਾਰੰਗੀਆਂ ਵਜਾਉਂਦੇ ਘਰ ਘਰ ਫਿਰਦੇ ਆਮ ਵਖਾਈ ਦੇਂਦੇ ਹਨ- ਇਹ ਗੁੱਗੇ ਦੀ ਗਾਥਾ ਨੂੰ ਗਾ ਕੇ ਖੈਰਾਤ ਮੰਗਦੇ ਹਨ। ਪੰਜ ਸਤ ਪਿੰਡਾਂ ਵਿਚ ਗੁੱਗੇ ਦਾ ਇਕ ਅਧ ਮੰਦਰ ਬਣਿਆਂ ਹੋਇਆ ਹੈ ਜਿਸ ਨੂੰ 'ਗੁੱਗੇ ਦੀ ਮਾੜੀ' ਆਖਦੇ ਹਨ। ਹਰੇਕ ਮਾੜੀ ਦਾ ਇਕ ਭਗਤ ਹੁੰਦਾ ਹੈ ਜੋ ਸੱਪ ਦੇ ਡੱਸੇ ਹੋਏ ਮਰੀਜ਼ਾਂ ਦਾ ਇਲਾਜ ਗੁੱਗੇ ਦੇ ਮੰਤਰਾਂ ਨਾਲ਼ ਕਰਦਾ ਹੈ।

ਜਨਮ ਅਸ਼ਟਮੀ ਤੋਂ ਅਗਲੇ ਦਿਨ ਭਾਦੋਂ ਦੀ ਨੌਮੀਂ ਨੂੰ ਗੁੱਗੇ ਦੀ ਪੂਜਾ ਹੁੰਦੀ ਹੈ। ਮਾੜੀਆਂ ਉੱਤੇ ਮੇਲੇ ਲਗਦੇ ਹਨ। ਪੰਜਾਬ ਦਾ ਪ੍ਰਸਿਧ ਮੇਲਾ "ਛਪਾਰ ਦਾ ਮੇਲਾ" ਵੀ ਗੁੱਗੇ ਦੀ ਮਾੜੀ ਤੇ ਹੀ ਲਗਦਾ ਹੈ। ਇਸ ਦਿਨ ਔਰਤਾਂ ਸੇਵੀਆਂ ਰਿੰਨ੍ਹਦੀਆਂ ਹਨ ਅਤੇ ਦੁੱਧ ਸੱਪਾਂ ਦੀਆਂ ਬਿਰਮੀਆਂ ਵਿਚ ਪਾਉਂਦੀਆਂ ਹਨ। ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਸੱਪਾਂ ਦੀ ਪੂਜਾ ਕਰਨ ਨਾਲ਼ ਸੱਪ ਦੇਵਤਾ ਉਹਨਾਂ ਦੇ ਪਰਿਵਾਰ ਦੇ ਜੀਆਂ ਤੇ ਮੇਹਰ ਕਰੇਗਾ।

ਜਦੋਂ ਸੁਆਣੀਆਂ ਇਕੱਠੀਆਂ ਹੋ ਕੇ ਗੁੱਗੇ ਦੀ ਮਾੜੀ ਤੇ ਮੱਥਾ ਟੇਕਣ ਜਾਂਦੀਆਂ ਹਨ ਤਾਂ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਹੱਥਾਂ ਵਿਚ ਸੇਵੀਆਂ ਵਾਲ਼ੀਆਂ ਥਾਲ਼ੀਆਂ, ਜਿਨ੍ਹਾਂ ਉੱਤੇ ਆਟੇ ਦੇ ਗੰਡ ਗੰਡੋਏ ਅਤੇ ਦੀਵੇ ਆਦਿ ਰੱਖੇ ਹੁੰਦੇ ਹਨ, ਫੜੀਂ ਗੁੱਗੇ ਦੀ ਉਸਤਤੀ ਦੇ ਗੀਤ ਗਾਉਂਦੀਆਂ, ਵਰ ਮੰਗਦੀਆਂ ਮੇਲੇ ਵਲ ਵਹੀਰਾਂ ਘੱਤ ਲੈਂਦੀਆਂ ਹਨ। ਉਹ ਰਲਕੇ ਇਕ ਸੁਰ ਵਿਚ ਲੰਬੀ ਹੇਕ ਨਾਲ਼ ਗੀਤ ਗਾਉਂਦੀਆਂ ਹਨ:-

ਪੱਲੇ ਮੇਰੇ ਛੱਲੀਆਂ
ਮੈਂ ਗੁੱਗਾ ਮਨਾਵਣ ਚੱਲੀਆਂ ਜੀ
ਜੀ ਮੈਂ ਬਾਰੀ ਗੁੱਗਾ ਜੀ

ਪੱਲੇ ਮੇਰੇ ਮੱਠੀਆਂ
ਮੈਂ ਗੁੱਗਾ ਮਨਾਵਣ ਨੱਠੀਆਂ
ਜੀ ਮੈਂ ਬਾਰੀ ਗੁੱਗਾ ਜੀ

ਰੋਹੀ ਵਾਲ਼ਿਆ ਗੁੱਗਿਆ ਵੇ
ਭਰਿਆ ਕਟੋਰਾ ਦੁੱਧ ਦਾ
ਮੇਰਾ ਗੁੱਗਾ ਮਾੜੀ ਵਿਚ ਕੁੱਦਦਾ
ਜੀ ਮੈਂ ਬਾਰੀ ਗੁੱਗਾ ਜੀ

ਛੰਨਾ ਭਰਿਆ ਮਾਹਾਂ ਦਾ
ਗੁੱਗਾ ਮਹਿਰਮ ਸਭਨਾਂ ਥਾਵਾਂ ਦਾ
ਜੀ ਮੈਂ ਬਾਰੀ ਗੁੱਗਾ ਜੀ

ਛੰਨਾ ਭਰਿਆ ਤੇਲ ਦਾ
ਮੇਰਾ ਗੁੱਗਾ ਮਾੜੀ ਵਿਚ ਮੇਲ੍ਹਦਾ
ਜੀ ਮੈਂ ਬਾਰੀ ਗੁੱਗਾ ਜੀ
ਹੋਰ
ਧੌਲੀਏ ਦਾਹੜੀਏ
ਚਿੱਟੀਏ ਪੱਗੇ ਨੀ
ਅਰਜ਼ ਕਰੇਨੀਆਂ
ਗੁੱਗੇ ਦੇ ਅੱਗੇ ਨੀ
ਸੁੱਕੀਆਂ ਵੇਲਾਂ ਨੂੰ
ਜੇ ਫਲ ਲੱਗੇ ਨੀ

ਗੁੱਗੇ ਦੀ ਪੂਜਾ ਸਾਰਾ ਜਗ ਕਰਦਾ ਹੈ, ਇਕ ਤਿਉਹਾਰ ਦੇ ਰੂਪ ਵਿਚ ਇਹ ਦਿਨ ਮਨਾਉਂਦਾ ਹੈ:-

ਗੁੱਗੇ ਰਾਜੇ ਨੂੰ ਪਰਸਣ ਮੈਂ ਚੱਲੀ
ਜੀ ਕੂਟਾਂ ਚੱਲੀਆਂ ਚਾਰੇ
ਜੀ ਜੱਗ ਚਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਗੁੱਗੇ ਰਾਜੇ ਨੂੰ ਪਰਸਣ ਮੈਂ ਚੱਲੀ
ਜੀ ਜਗ ਚੱਲਿਆ ਸਾਰਾ
ਝੁਕ ਰਹੀਆਂ ਟਾਹਲੀਆਂ
ਜੀ ਕੂਟਾਂ ਝੁਕੀਆਂ ਚਾਰੇ

ਇਹ ਧਰਤੀ ਗੁੱਗੇ ਦੀ ਹੈ, ਚਾਰੇ ਪਾਸੇ ਏਸੇ ਦਾ ਰਾਜ ਹੈ, ਗੀਤ ਦੇ ਬੋਲ ਹਨ:-

ਗੁੱਗੇ ਰਾਜੇ ਦੇ ਦਰਬਾਰ
ਜਿੱਥੇ ਧਰੇ ਨਗਾਰੇ ਚਾਰ
ਚੌਹੀਂ ਕੂਟੀਂ ਤੇਰਾ ਰਾਜ
ਪਰਜਾ ਵਸੇ ਸੁਖਾਲੀ ਹੋ
ਗੁੱਗੇ ਰਾਜੇ ਦੇ ਦਰਬਾਰ
ਜਿੱਥੇ ਧਰੇ ਨਗਾਰੇ ਚਾਰ
ਚੌਹੀਂ ਕੂਟੀਂ ਤੇਰਾ ਰਾਜ
ਜੀ ਕੂਟਾਂ ਝੁਕੀਆਂ ਚਾਰੇ

ਇਹ ਤਾਂ ਔਰਤਾਂ ਵਲੋਂ ਗਾਏ ਜਾਂਦੇ ਗੁੱਗੇ ਦੇ ਕੁਝ ਗੀਤ ਹਨ। ਇਹਨਾਂ ਤੋਂ ਇਲਾਵਾ ਗੁੱਗੇ ਦੇ ਭਗਤ ਜਿਹੜੇ ਗੀਤ ਮੰਗਣ ਸਮੇਂ ਗਾਉਂਦੇ ਹਨ ਉਹਨਾਂ ਨੂੰ ਵਿਚਾਰਨਾ ਵਖਰੇ ਲੇਖ ਦਾ ਵਿਸ਼ਾ ਹੈ।

ਗੁੱਗੇ ਵਾਂਗ ਹੀ ਪੰਜਾਬੀ ਸੁਆਣੀਆਂ ਸੀਤਲਾ ਮਾਤਾ ਦੀ ਪੂਜਾ ਕਰਦੀਆਂ ਹਨ। ਉਹ ਚੇਚਕ ਨੂੰ ਮਾਤਾ ਰਾਣੀ ਅਥਵਾ ਸੀਤਲਾ ਦੇਵੀ ਆਖਦੀਆਂ ਹਨ। ਲੋਕ ਮਾਨਸਿਕਤਾ ਅਨੁਸਾਰ ਚੇਚਕ ਦੇ ਰੋਗੀ ਦਾ ਡਾਕਟਰੀ ਇਲਾਜ ਕਰਵਾਉਣਾ ਵਰਜਿਤ ਹੈ ਨਹੀਂ ਤਾਂ ਮਾਤਾ ਰਾਣੀ ਗੁੱਸੇ ਹੋ ਜਾਵੇਗੀ। ਇਸ ਰੋਗ ਦਾ ਇਲਾਜ ਝਿਊਰ ਪਾਣੀ ਕਰਕੇ ਕਈ ਇਕ ਟੂਣੇ ਟਾਮਣਾਂ ਨਾਲ਼ ਕਰਦੇ ਹਨ। ਰੋਗੀ ਦੀ ਜਾਨ ਦੀ ਸੁਖ ਲਈ ਮਾਤਾ ਰਾਣੀ ਦੇ ਥੰਮ ਸੁਖੇ ਜਾਂਦੇ ਹਨ। ਗੁਲਗਲੇ ਕਚੌਰੀਆਂ ਨੂੰ ਮਾਤਾ ਦੇ ਥੰਮ ਆਖਿਆ ਜਾਂਦਾ ਹੈ। ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਜਿਸ ਘਰ ਕਿਸੇ ਜੀ ਦੇ ਚੇਚਕ ਨਿਕਲ਼ੀ ਹੋਵੇ ਉਸ ਵਲੋਂ ਇਸ ਦਿਨ ਮਾਤਾ ਰਾਣੀ ਦੀ ਸੁਖਣਾ ਲਾਹੁਣ ਦੀ ਪੱਕੀ ਪਿਰਤ ਹੈ। ਜਿਸ ਘਰ ਮਾਤਾ ਨਾ ਵੀ ਨਿਕਲੀ ਹੋਵੇ ਉਹ ਮਾਤਾ ਨੂੰ ਖ਼ੁਸ਼ ਕਰਨ ਲਈ ਉਸ ਦੀ ਪੂਜਾ ਕਰਦੇ ਹਨ ਤਾਂ ਜੋ ਉਹ ਉਹਨਾਂ ਦੇ ਕਿਸੇ ਜੀ ਅਥਵਾ ਬੱਚੇ ਦੇ ਨਾ ਨਿਕਲ਼ੇ। ਚੇਤ ਦੇ ਜੇਠੇ ਮੰਗਲਵਾਰ ਨੂੰ ਮਾਲਵੇ ਖਾਸ ਕਰਕੇ ਪੁਆਧ ਦੇ ਹਰ ਪਿੰਡ ਵਿਚ ਮਾਤਾ ਰਾਣੀ ਦੇ ਥਾਨਾਂ ਤੇ ਜਾਕੇ ਇਸ ਦੀ ਪੂਜਾ ਕੀਤੀ ਜਾਂਦੀ ਹੈ ਤੇ ਥਾਨਾਂ ਤੇ ਗੁਲਗਲੇ ਤੇ ਬਰੂੜ੍ਹ ਚੜ੍ਹਾਏ ਜਾਂਦੇ ਹਨ। ਪੰਜਾਬ ਦੇ ਪ੍ਰਸਿਧ ਮੇਲੇ 'ਜਰਗ ਦੇ ਮੇਲੇ' ਤੇ ਜਾਕੇ ਸੁੱਖਾਂ ਲਾਹੁਣ ਅਤੇ ਮਿੱਟੀ ਕੱਢਣ ਦਾ ਵਧੇਰੇ ਮਹਾਤਮ ਸਮਝਿਆ ਜਾਂਦਾ ਹੈ।

ਥਾਲੀਆਂ ਵਿਚ ਗੁਲਗਲੇ ਕਚੌਰੀਆਂ ਆਦਿ ਰਖਕੇ ਔਰਤਾਂ ਗੀਤ ਗਾਉਂਦੀਆਂ ਹੋਈਆਂ ਸੀਤਲਾ ਮਾਤਾ ਦੇ ਥਾਨਾਂ ਤੇ ਪੂਜਾ ਕਰਨ ਜਾਂਦੀਆਂ ਹਨ। ਉਹ ਤਕਰੀਬਨ ਓਹੀ ਗੀਤ ਗਾਉਂਦੀਆਂ ਹਨ ਜਿਹੜੇ ਗੁੱਗੇ ਦੀ ਪੂਜਾ ਕਰਨ ਸਮੇਂ ਗਾਏ ਜਾਂਦੇ ਹਨ। ਉਹ ਗੁੱਗੇ ਦੀ ਥਾਂ ਮਾਤਾ ਸ਼ਬਦ ਦਾ ਪ੍ਰਯੋਗ ਕਰ ਲੈਂਦੀਆਂ ਹਨ:-

ਮਾਤਾ ਰਾਣੀ ਨੂੰ ਪਰਸਣ ਮੈਂ ਚੱਲੀ
ਜ਼ੀ ਕੂੰਟਾਂ ਚੱਲੀਆਂ ਚਾਰੇ
ਜੀ ਜੱਗ ਚੱਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਮਈਆ ਰਾਣੀ ਨੂੰ ਪਰਸਣ ਮੈਂ ਚੱਲੀ
ਜੀ ਜਗ ਚੱਲਿਆ ਸਾਰਾ

ਮਾਤਾ ਰਾਣੀ ਦੇ ਮੰਦਰਾਂ ਤੇ ਚੂਕਦੀ ਚਿੜੀ ਜੋ ਮਾਤਾ ਦਾ ਪ੍ਰਤੀਕ ਹੈ ਪਾਸੋਂ ਮਿੱਠੀਆਂ ਮੁਰਾਦਾਂ ਦੀ ਮੰਗ ਕਰਦੀਆਂ ਹਨ:-

ਮਾਤਾ ਰਾਣੀ ਦੀਏ ਚਿੜੀਏ
ਚੰਬੇ ਵਾਗੂੰ ਖਿੜੀਏ
ਡਾਲੀ ਡਾਲੀ ਫਿਰੀਏ
ਤੂੰ ਦੇ ਨੀ ਮੁਰਾਦਾਂ ਮਿੱਠੀਆਂ
ਅਸੀਂ ਘਰ ਨੂੰ ਜੀ ਮੁੜੀਏ

ਆਪਣੇ ਬੱਚਿਆਂ ਦੀ ਜਾਨ ਦੀ ਸੁਖ ਮੰਗਦੀਆਂ ਤ੍ਰੀਮਤਾਂ ਥਾਨਾਂ ਤੇ ਪੂਜਾ ਕਰਨ ਉਪਰੰਤ ਇਹ ਬੋਲ ਗਾਉਂਦੀਆਂ ਹਨ:-

ਮਾਤਾ ਰਾਣੀਏ
ਗੁਲਗਲੇ ਖਾਣੀਏਂ
ਬਾਲ ਬੱਚਾ ਰਾਜ਼ੀ ਰੱਖਣਾ

ਭਾਵੇਂ ਪੰਜਾਬੀਆਂ ਵਿਚ ਜਾਗ੍ਰਤੀ ਆ ਗਈ ਹੈ। ਉਹ ਹੁਣ ਚੇਚਕ (ਮਾਤਾ) ਦਾ ਇਲਾਜ ਡਾਕਟਰਾਂ ਪਾਸੋਂ ਕਰਵਾਉਣ ਲਗ ਪਏ ਹਨ ਪਰੰਤੂ ਸੁਆਣੀਆਂ ਅਜੇ ਵੀ ਮਾਤਾ ਦੀ ਪੂਜਾ ਪਹਿਲਾਂ ਵਾਂਗ ਹੀ ਕਰਦੀਆਂ ਹਨ।