ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ/ਸਤਨਾਜਾ
ਸਤਨਾਜਾ
90.
ਕਾਣਿਆਂ ਵੇ ਕੱਜ ਮਾਰਿਆ
ਕਾਹਨੂੰ ਆਇਆ ਸੰਸਾਰ
ਹੱਥ ਨਾ ਬੰਨ੍ਹਿਆਂ ਕੰਗਣਾ
ਤੇਰੇ ਬੂਹੇ ਨਾ ਬੈਠੀ ਨਾਰ
ਕਾਣਿਆਂ ਵੇ ਕੱਜ ਮਾਰਿਆ
ਕਦੀ ਚੱਲੀਂ ਸਾਡੇ ਖੇਤ
ਗੰਨਾ ਦੇਵਾਂ ਪੁੱਟ ਕੇ
ਤੇਰੀ ਅੱਖ 'ਚ ਪਾਵਾਂ ਰੇਤ
91.
ਸਾਡਾ ਬਾਹਮਣ ਲਾਡਲਾ
ਕੰਨੀਂ ਸੋਨੇ ਦਾ ਬਾਲ਼ਾ
ਕੁੜਮਾਂ ਦਾ ਬਾਹਮਣ ਲਾਡਲਾ
ਕੰਨੀਂ ਗੱਤੇ ਦਾ ਪਹੀਆ
ਕੁੜਮਾਂ ਦਾ ਬਾਹਮਣ ਕਿੱਥੇ ਵਿਆਹਿਆ
ਕੋਟਲੀ ਜੀ ਕੋਟਲੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦੇਈਏ
ਦਈਏ ਜੂਆਂ ਦੀ ਪੋਟਲੀ ਜੀ ਪੋਟਲੀ
ਕੁੜਮਾਂ ਦਿਆ ਵੇ ਬਾਹਮਣਾ ਮੋਤੀ ਕਰਕੇ ਜਾਣੀ
ਕੁੜਮਾਂ ਦਾ ਬਾਹਮਣ ਕਿੱਥੇ ਵਿਆਹਿਆ
ਧੂਰੀ ਜੀ ਧੂਰੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦਿੱਤਾ
ਦਿੱਤੀ ਕੁੱਤੀ ਬੂਰੀ ਜੀ ਬੂਰੀ
ਕੁੜਮਾਂ ਦਿਆ ਵੇ ਬਾਹਮਣਾ
ਇਹਨੂੰ ਝੋਟੀ ਕਰਕੇ ਜਾਣੀਂ
ਕੁੜਮਾਂ ਦਾ ਬਾਹਮਣ ਕਿੱਥੇ ਵਿਆਹਿਆ
ਘਨੌਰੀ ਜੀ ਘਨੌਰੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦਿੱਤਾ
ਦਿੱਤੀ ਫੁੱਟੀ ਜੀ ਤੌੜੀ
ਕੁੜਮਾਂ ਦਿਆ ਵੇ ਬਾਹਮਣਾ
ਗਾਗਰ ਕਰਕੇ ਜਾਣੀ
92.
ਆਮਦੜੀਏ ਵੇ ਵੀਰਾ ਸਾਹਮਣੇ ਚੁਬਾਰੇ
ਤੇਰੀ ਮਾਂ ਰੁਪਿਆ ਬਾਰੇ
ਤੇਰੀ ਸੱਸ ਬੜੀ ਬਦਕਾਰ
ਉਧਲ ਆਈ ਕੁੜਮਾਂ ਨਾਲ਼
ਆਮਦੜੀਏ ਘਰ ਸੇਹੀੜੇ
ਆਮਦੜੀਏ ਵੀਰਾ ਆਪਣੀ ਹਵੇਲੀ
ਤੇਰੀ ਮਾਂ ਫਿਰੇ ਅਲਬੇਲੀ
ਤੇਰੀ ਸੱਸ ਬੜੀ ਬਦਕਾਰ
ਉਧਲ ਆਈ ਕੁੜਮਾਂ ਨਾਲ਼
ਆਮਦੜੀਏ ਘਰ ਸੇਹੀੜੇ
93.
ਸਾਡਾ ਗੋਹਾ ਗਿੱਲਾ ਵੇ
ਇਸ ਰਾਣੀ ਉੱਤੇ ਬਿੱਲਾ ਵੇ
ਸਾਡੀਆਂ ਬੀਹੀਆਂ ਗਿੱਲੀਆਂ
ਇਸ ਰਾਣੀ ਦੀ ਗੋਦੀ ਬਿੱਲੀਆਂ
94.
ਨੀ ਭਜਨੋ ਨਖਰੋ
ਜੱਟ ਨਾਲ਼ ਵੱਢਦੀ ਸੀ ਹਾੜ੍ਹੀ
ਨੀ ਤੈਂ ਕਿੱਥੇ ਦੇਖੀ
ਜੱਟ ਨਾਲ ਵਢਦੀ ਹਾੜ੍ਹੀ
ਨੀ ਮੈਂ ਓਥੇ ਦੇਖੀ
ਨੂਰ ਮਹਿਲ ਦੇ ਝਾੜੀਂ
ਨੀ ਜੱਟ ਛਾਵੇਂ ਬੈਠਾ
ਆਪ ਵੱਢਦੀ ਸੀ ਹਾੜ੍ਹੀ
95.
ਤੂੰ ਘੁੰਮ ਮੇਰਿਆ ਚਰਖਿਆ
ਲਟਕ ਗਲ਼ ਦਿਆ ਹਾਰਾ
ਛਿੰਦਰ ਨਖਰੋ ਦੀ
ਕੋਈ ਲੈ ਗਿਆ ਘੱਗਰੀ
ਤੇ ਕੋਈ ਲੈ ਗਿਆ ਨਾਲ਼ਾ
ਨੀ ਕੀ ਕਰਨੀ ਘੱਗਰੀ
ਤੇ ਕੀ ਕਰਨਾ ਨਾਲ਼ਾ
ਤੇੜ ਪਾਉਣੀ ਘੱਗਰੀ
ਨੇਫ਼ੇ ਪਾਉਣਾ ਨਾਲ਼ਾ
96.
ਮੇਰੇ ਰਾਮ ਜੀ
ਭਰੇ ਬਾਜ਼ਾਰ ਵਿਚ ਤੇਲ ਦੀ ਕੜਾਹੀ
ਮੇਰੇ ਰਾਮ ਜੀ
ਭਰੇ ਬਾਜ਼ਾਰ ਵਿਚ ਤੇਲ ਦੀ ਕੜਾਹੀ
ਮੇਰੇ ਰਾਮ ਜੀ
ਸੰਤੋ ਕੁੜੀ ਦਾ ਯਾਰ ਹੈ ਹਲਵਾਈ
ਮੇਰੇ ਰਾਮ ਜੀ
ਸੰਤੋ ਕੁੜੀ ਦਾ ਯਾਰ ਹੈ ਹਲਵਾਈ
ਮੇਰੇ ਰਾਮ ਜੀ
ਅੱਧੜੀ ਕੁ ਰਾਤ ਉਹਨੂੰ ਦੇ ਗਿਆ ਮਠਿਆਈ
ਮੇਰੇ ਰਾਮ ਜੀ
ਅੱਧੜੀ ਕੁ ਰਾਤ ਉਹਨੂੰ ਦੇ ਗਿਆ ਮਠਿਆਈ
ਮੇਰੇ ਰਾਮ ਜੀ
ਯਾਰ ਦੀ ਮਠਿਆਈ ਉਹਨੇ ਰਤਾ-ਰਤਾ ਵਰਤਾਈ
ਮੇਰੇ ਰਾਮ ਜੀ
ਯਾਰ ਦੀ ਮਠਿਆਈ ਉਹਨੇ ਰਤਾ-ਰਤਾ ਵਰਤਾਈ
ਮੇਰੇ ਰਾਮ ਜੀ
ਖਾ ਕੇ ਮਠਿਆਈ ਉਹਨੂੰ ਨੀਂਦ ਕਹਿਰ ਦੀ ਆਈ
ਮੇਰੇ ਰਾਮ ਜੀ
ਖਾ ਕੇ ਮਠਿਆਈ ਉਹਨੂੰ ਨੀਂਦ ਕਹਿਰ ਦੀ ਆਈ
ਮੇਰੇ ਰਾਮ ਜੀ
ਅੱਧੜੀ ਕੁ ਰਾਤ ਉਹਨੇ ਚੂੰਢੀ ਵੱਢ ਜਗਾਈ
ਮੇਰੇ ਰਾਮ ਜੀ
ਉਹਨੇ ਚੂੰਢੀ ਵੱਢ ਜਗਾਈ
97.
ਸ਼ਾਮੋ ਨੀ ਕੁੜੀਏ
ਤੈਨੂੰ ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ
ਨੀ ਨਖਰੇਲੋ
ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ
ਖਾਣ ਨੂੰ ਦਿੰਦਾ ਖੋਏ ਮਠਿਆਈਆਂ
ਪੀਣ ਨੂੰ ਦਿੰਦਾ ਦੁੱਧ ਮਲਾਈਆਂ
ਸੌਣ ਨੂੰ ਦਿੰਦਾ ਲੇਫ ਤਲਾਈਆਂ
ਛਮਕਾਂ ਮਾਰ ਜਗਾਉਂਦਾ ਸੀ
ਨੀ ਨਖਰੇਲੋ
ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ
ਤਾਰੋ ਨੀ ਕੁੜੀਏ
ਤੈਨੂੰ ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ
ਨੀ ਨਖਰੇਲੋ
ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ
ਖਾਣ ਨੂੰ ਦਿੰਦਾ ਖੋਏ ਮਠਿਆਈਆਂ
ਪੀਣ ਨੂੰ ਦਿੰਦਾ ਦੁੱਧ ਮਲਾਈਆਂ
ਸੌਣ ਨੂੰ ਦਿੰਦਾ ਲੇਫ ਤਲਾਈਆਂ
ਛਮਕਾਂ ਮਾਰ ਜਗਾਉਂਦਾ ਸੀ
ਨੀ ਨਖਰੇਲੋ
ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ
98.
ਪੋਸਤ ਦਾ ਕੀ ਬੀਜਣਾ
ਵੇ ਜੀਹਦੇ ਪੋਲੇ ਡੋਡੇ
ਪੋਸਤ ਦਾ ਕੀ ਬੀਜਣਾ
ਵੇ ਜੀਹਦੇ ਪੋਲੇ ਡੋਡੇ
ਸੰਤੋ ਕੁੜੀਆ ਯਾਰਨੀ
ਵੇ ਸਾਡੇ ਮਹਿਲੀਂ ਬੋਲੇ
ਸੰਤੋ ਕੁੜੀਆਂ ਯਾਰਨੀ
ਸਾਡੇ ਮਹਿਲੀਂ ਬੋਲੇ
ਦਿਨ ਨੂੰ ਬੋਲੇ ਚੋਰੀਓਂ
ਵੇ ਰਾਤੀਂ ਸੈਂਤਕ ਬੋਲੇ
ਦਿਨ ਨੂੰ ਬੋਲੇ ਚੋਰੀਓਂ
ਰਾਤੀਂ ਸੈਂਤਕ ਬੋਲੇ
ਦਿਨ ਨੂੰ ਖੋਹਲੇ ਮੋਰੀਆਂ
ਵੇ ਰਾਤੀਂ ਫਾਟਕ ਖੋਹਲੇ
ਦਿਨ ਨੂੰ ਖੋਹਲੇ ਮੋਰੀਆਂ
ਰਾਤੀਂ ਫਾਟਕ ਖੋਹਲੇ
ਦਿਨ ਨੂੰ ਖਿਡਾਵੇ ਬੀਬੀਆਂ
ਵੇ ਰਾਤੀਂ ਲਾਲ ਖਿਡਾਵੇ
ਦਿਨ ਨੂੰ ਖਿਡਾਵੇ ਬੀਬੀਆਂ
ਰਾਤੀਂ ਲਾਲ ਖਿਡਾਵੇ
99.
ਮੇਰੀ ਆਰਸੀਏ ਨੀ
ਕਿਹੜੀ ਕੁੜੀ ਦਾ ਡੂੰਘਾ ਥੱਲਾ ਡੁਬਕੂੰ-ਡੁਬਕੂੰ
ਮੇਰੀ ਆਰਸੀਏ ਨੀ
ਕਿਹੜੀ ਕੁੜੀ ਦਾ ਡੂੰਘਾ ਥੱਲਾ ਡੂਬਕੂੰ-ਡੁਬਕੂੰ
ਮੇਰੀ ਆਰਸੀਏ ਨੀ
ਸ਼ਾਮੋ ਕੁੜੀ ਦਾ ਡੂੰਘਾ ਥੱਲਾ ਡੂਬਕੂੰ-ਡੁਬਕੂੰ
ਮੇਰੀ ਆਰਸੀਏ ਨੀ
ਵਿਚੇ ਝਿਊਰੀ ਦਾਣੇ ਭੁੰਨੇ ਤਿੜਕੂੰ-ਤਿੜਕੂੰ
ਮੇਰੀ ਆਰਸੀਏ ਨੀ
ਵਿਚੇ ਝਿਊਰੀ ਦਾਣੇ ਭੁੰਨੇ ਤਿੜਕੂੰ-ਤਿੜਕੂੰ
ਮੇਰੀ ਆਰਸੀਏ ਨੀ
ਵਿਚੇ ਜੱਟ ਦਾ ਹਲੀਆ ਵਗੇ ਵਾਹਦੂੰ-ਵਾਹਦੂੰ
ਮੇਰੀ ਆਰਸੀਏ ਨੀ
ਵਿਚੇ ਤਖਾਣ ਦਾ ਤੇਸਾ ਚੱਲੇ ਛਿਲਦੂੰ-ਛਿਲਦੂੰ
ਮੇਰੀ ਆਰਸੀਏ ਨੀ
ਵਿਚੇ ਤਖਾਣ ਦਾ ਤੇਸਾ ਚੱਲੇ ਛਿਲਦੂੰ-ਛਿਲਦੂੰ
ਮੇਰੀ ਆਰਸੀਏ ਨੀ
ਵਿਚੇ ਕਬੂਤਰਾਂ ਦੀ ਡਾਰ ਫਿਰੇ ਗੁਟਕੂੰ-ਗੁਟਕੂੰ
ਮੇਰੀ ਆਰਸੀਏ ਨੀ
ਵਿਚੇ ਕਬੂਤਰਾਂ ਦੀ ਡਾਰ ਫਿਰੇ ਗੁਟਕੂੰ-ਗੁਟਕੂੰ
100.
ਨੀ ਛਿੰਦਰ ਨਖਰੋ
ਬਿੱਲੇ ਨਾਲ਼ ਦੋਸਤੀ ਨਾ ਲਾਈਂ
ਨੀ ਦੁੱਧ ਸਾਰਾ ਪੀ ਗਿਆ
ਉੱਤੇ ਦੀ ਖਾ ਗਿਆ ਮਲ਼ਾਈ
ਨੀ ਨਾ ਮਾਰੀਂ ਨਖਰੋ
ਤੇਰੇ ਤਾਂ ਬਾਪ ਦਾ ਜੁਆਈ
101.
ਲੰਬਾ ਸੀ ਵਿਹੜਾ ਨੇਂਬੂ ਪਾਏ ਵਿਹੜੇ ਵਿਚ
ਨੀ ਨਖੱਤੀਏ ਨੇਂਬੂ ਪਾਏ ਵਿਹੜੇ ਵਿਚ
ਲੜੀਏ ਭਿੜੀਏ ਰੋਟੀ ਨਾ ਛੱਡੀਏ
ਕੌਣ ਮਨਾਊ ਤੈਨੂੰ ਨਿੱਤ
ਨੀ ਨਖੱਤੀਏ ਕੌਣ ਮਨਾਊ ਤੈਨੂੰ ਨਿੱਤ
ਲੜੀਏ ਭਿੜੀਏ ਭੁੰਜੇ ਨਾ ਪਈਏ
ਕੀੜੇ ਪਤੰਗੇ ਦੀ ਰੁੱਤ
ਨੀ ਨਖੱਤੀਏ ਕੀੜੇ ਪਤੰਗੇ ਦੀ ਰੁੱਤ
102.
ਭਜਨੋ ਨੀ
ਤੇਰਾ ਢਿੱਡ ਬੜਾ ਚਟ ਕੂਣਾ
ਨੀ ਤੂੰ ਖਾਂਦੀ ਸਭਨਾਂ ਤੋਂ ਦੂਣਾ
103.
ਮੱਕੀ ਦਾ ਦਾਣਾ ਰਾਹ ਵਿਚ ਵੇ
ਬਚੋਲਾ ਨੀ ਰਖਣਾ ਵਿਆਹ ਵਿਚ ਵੇ
ਮੱਕੀ ਦਾ ਦਾਣਾ ਦਰ ਵਿਚ ਵੇ
ਬਚੋਲਾ ਨੀ ਰੱਖਣਾ ਘਰ ਵਿਚ ਵੇ
ਮੱਕੀ ਦਾ ਦਾਣਾ ਟਿੰਡ ਵਿਚ ਵੇ
ਬਚੋਲਾ ਨੀ ਰਖਣਾ ਪਿੰਡ ਵਿਚ ਵੇ
ਮੱਕੀ ਦਾ ਦਾਣਾ ਖੂਹ ਵਿਚ ਵੇ
ਬਚੋਲਾ ਨੀ ਰੱਖਣਾ ਜੂਹ ਵਿਚ ਵੇ
*