ਗਿੱਧਾ

ਗਿੱਧਾ

ਕਿਸੇ ਵਿਸ਼ੇਸ਼ ਮੌਕੇ 'ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉਗਮਦੀਆਂ ਹਨ ਤਾਂ ਸਾਡਾ ਮਨ ਵਜਦ ਵਿਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਅਤੇ ਤਾਲ ਦੇ ਸੁਮੇਲ ਨਾਲ਼ ਮਨੁੱਖ ਨੱਚ ਉਠਦਾ ਹੈ। ਕੱਲੇ ਮਨੁੱਖ ਦੀ ਖ਼ੁਸ਼ੀ ਵਿਚ ਸ਼ਾਮਲ ਹੋਣ ਲਈ ਜਦੋਂ ਉਸ ਦੇ ਦੂਜੇ ਸਾਥੀ ਉਸ ਨਾਲ਼ ਰਲ਼ ਕੇ ਨੱਚਣ ਲਗਦੇ ਹਨ ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ ਨਾਚ ਦਾ ਨਾਂ ਦੇਂਦੇ ਹਾਂ।

ਲੋਕ ਨਾਚ ਗਿੱਧਾ ਪੰਜਾਬੀ ਮੁਟਿਆਰਾਂ ਦਾ ਜਜ਼ਬਿਆਂ ਮੱਤਾ ਮਨਮੋਹਕ ਲੋਕ ਨਾਚ ਹੈ। ਗਿੱਧੇ ਦੇ ਨੱਚਣ ਨੂੰ ਗਿੱਧਾ ਪਾਉਣਾ ਆਖਦੇ ਹਨ। ਗਿੱਧਾ ਕਿਸੇ ਵੀ ਖ਼ੁਸ਼ੀ ਦੇ ਅਵਸਰ ਤੇ ਪਾਇਆ ਜਾ ਸਕਦਾ ਹੈ। ਪੁਰਾਤਨ ਸਮੇਂ ਤੋਂ ਹੀ ਵਿਆਹ-ਸ਼ਾਦੀ ਦੇ ਅਵਸਰ 'ਤੇ ਨਾਨਕਾ ਮੇਲ਼ ਅਤੇ ਹੋਰ ਰਿਸ਼ਤੇਦਾਰੀਆਂ ਨਾਲ਼ ਆਈਆਂ ਸੁਆਣੀਆਂ ਤੇ ਮੁਟਿਆਰਾਂ ਵਲੋਂ ਗਿੱਧਾ ਪਾਉਣ ਦੀ ਪਰੰਪਰਾ ਪ੍ਰਚੱਲਤ ਰਹੀ ਹੈ। ਜਾਗੋ ਕੱਢਣ ਸਮੇਂ ਵੀ ਨਾਨਕਾ ਮੇਲ਼ ਗਿੱਧਾ ਪਾਉਂਦਾ ਹੈ ਜਿਸ ਨੂੰ ਜਾਗੋ ਦਾ ਗਿੱਧਾ ਆਖਦੇ ਹਨ। ਪੁਰਾਣੇ ਸਮੇਂ ਵਿਚ ਔਰਤਾਂ ਬਰਾਤ ਨਾਲ ਨਹੀਂ ਸੀ ਜਾਂਦੀਆਂ। ਬਰਾਤ ਦੇ ਕਈ ਕਈ ਦਿਨ ਵਾਪਸ ਨਾ ਪਰਤਣ ਕਾਰਨ ਵਿਆਹ ਸਮਾਗਮ ਵਿਚ ਆਈਆਂ ਮੇਲਣਾਂ ਗਿੱਧਾ ਪਾ ਕੇ ਵਿਹਲੇ ਸਮੇਂ ਨੂੰ ਸਯੋਗ ਢੰਗ ਨਾਲ਼ ਬਤੀਤ ਕਰਦੀਆਂ ਸਨ। ਗਿੱਧੇ ਵਿਚ ਵਿਆਂਹਦੜ ਪਰਿਵਾਰ ਦੇ ਸ਼ਰੀਕੇ ਦੀਆਂ ਔਰਤਾਂ ਵੀ ਸ਼ਾਮਲ ਹੁੰਦੀਆਂ ਸਨ।

ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਹਾਵ-ਭਾਵ ਪ੍ਰਗਟਾਉਣ ਲਈ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ। ਇਨ੍ਹਾਂ ਬੋਲੀਆਂ ਰਾਹੀਂ ਮੁਟਿਆਰਾਂ ਆਪਣੇ ਦਿਲਾਂ ਦੇ ਗੁਭ-ਗੁਭਾੜ ਕਢਦੀਆਂ ਹਨ। ਔਰਤਾਂ ਦੇ ਗਿੱਧੇ ਨੂੰ ਮਰਦ ਨਹੀਂ ਵੇਖਦੇ ਜਿਸ ਕਰਕੇ ਮੁਟਿਆਰਾਂ ਨਿਸੰਗ ਹੋ ਕੇ ਗਿੱਧਾ ਪਾਉਂਦੀਆਂ ਹਨ। ਪੰਜਾਬ ਦੀ ਔਰਤ ਸਦੀਆਂ ਤੋਂ ਗੁਲਾਮਾਂ ਵਾਲ਼ੀ ਜ਼ਿੰਦਗੀ ਬਤੀਤ ਕਰਦੀ ਆਈ ਹੈ... ਉਹ ਆਪਣੇ ਮਨੋਭਾਵਾਂ ਨੂੰ ਦਬਾਉਂਦੀ ਰਹੀ ਹੈ... ਪੇਕੀਂ ਵੀ ਬੰਦਸ਼ਾਂ ਸਹੁਰੀਂ ਵੀ ਤਾੜਨਾ... ਪੇਕੀਂ ਬਾਬਲ, ਭਰਾ, ਚਾਚੇ-ਤਾਇਆਂ ਦੀਆਂ ਝਿੜਕਾਂ ... ਸਹੁਰੀਂ ਕੁਪੱਤੀ ਸੱਸ, ਜਠਾਣੀ, ਨਣਦ ਅਤੇ ਅੜਬ ਪਤੀ ਵਲੋਂ ਅਣਮਨੁੱਖੀ ਤੇ ਅਣਸੁਖਾਵਾਂ ਵਰਤਾਰਾ... ਮਨ ਦੀਆਂ ਮਨ ਵਿਚ ਹੀ ਰਹਿ ਜਾਂਦੀਆਂ ਹਨ। ਗਿੱਧਾ ਪੰਜਾਬਣਾਂ ਦਾ ਇਕ ਅਜਿਹਾ ਪਿੜ ਹੈ ਜਿੱਥੇ ਉਹ ਨਿਸੰਗ ਹੋ ਕੇ ਆਪਣੇ ਦਿਲਾਂ ਦੇ ਅਰਮਾਨ ਪੂਰੇ ਕਰਦੀਆਂ ਹਨ। ਬਿਨਾਂ ਕਿਸੇ ਡਰ ਅਤੇ ਝਿਜਕ ਤੋਂ ਨੱਚਦੀਆਂ ਹੋਈਆਂ ਮੁਟਿਆਰਾਂ ਆਪਣੀਆਂ ਅਤ੍ਰਿਪਤ ਕਾਮਨਾਵਾਂ ਦਾ ਪ੍ਰਗਟਾਵਾ ਗਿੱਧੇ ਦੀਆਂ ਬੋਲੀਆਂ ਪਾ ਕੇ ਕਰਦੀਆਂ ਹਨ। ਉਹ ਨੱਚਦੀਆਂ ਹੋਈਆਂ ਧੂੜਾਂ ਪੱਟ ਦੇਂਦੀਆਂ ਹਨ। ਉਹ ਕਿਧਰੇ ਬੱਕਰੇ ਬੁਲਾਉਂਦੀਆਂ ਹਨ, ਤਰ੍ਹਾਂ ਤਰ੍ਹਾਂ ਦੇ ਸਵਾਂਗ ਰਚਦੀਆਂ ਹਨ...

ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ ਜੋ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਾਪਤ ਹਨ। ਇਹ ਦੋ ਪ੍ਰਕਾਰ ਦੀਆਂ ਹਨ- ਲੰਬੀਆਂ ਬੋਲੀਆਂ ਅਤੇ ਇਕ ਲੜੀਆਂ ਬੋਲੀਆਂ- ਇਕ ਲੜੀਆਂ ਬੋਲੀਆਂ ਨੂੰ ਟੱਪੇ ਵੀ ਆਖਦੇ ਹਨ। ਇਹ ਪੰਜਾਬੀ ਸਭਿਆਚਾਰ ਅਤੇ ਜਨ-ਜੀਵਨ ਦਾ ਦਰਪਨ ਹਨ ਜਿਸ ਵਿਚੋਂ ਪੰਜਾਬ ਦੀ ਨੱਚਦੀ ਗਾਉਂਦੀ ਤੇ ਜੂਝਦੀ ਸੰਸਕ੍ਰਿਤੀ ਦੇ ਦਰਸ਼ਨ ਸੁਤੇ ਸਿਧ ਹੀ ਕੀਤੇ ਜਾ ਸਕਦੇ ਹਨ। ਪੰਜਾਬ ਦੀ ਆਰਥਿਕ, ਸਮਾਜਿਕ ਤੇ ਰਾਜਨੀਤਕ ਜ਼ਿੰਦਗੀ ਦਾ ਇਤਿਹਾਸ ਇਨ੍ਹਾਂ ਵਿਚ ਸਮੋਇਆ ਹੋਇਆ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਵਿਸ਼ਾ ਜਾਂ ਪੱਖ ਹੋਵੇ ਜਿਸ ਬਾਰੇ ਬੋਲੀਆਂ ਨਾ ਮਿਲਦੀਆਂ ਹੋਣ। ਜੀਵਨ ਦੇ ਤੱਤਾਂ ਨਾਲ਼ ਓਤ ਪੋਤ ਹਨ ਇਹ ਬੋਲੀਆਂ। ਇਨ੍ਹਾਂ ਵਿਚ ਪੰਜਾਬੀਆਂ ਦੇ ਅਰਮਾਨਾਂ, ਖ਼ੁਸ਼ੀਆਂ, ਗ਼ਮੀਆਂ, ਭਾਵਨਾਵਾਂ ਅਤੇ ਜਜ਼ਬਿਆਂ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਹ ਸਦੀਆਂ ਦਾ ਪੈਂਡਾ ਝਾਗ ਕੇ ਪੀੜ੍ਹੀਓ ਪੀੜ੍ਹੀ ਸਾਡੇ ਤੀਕ ਪੁੱਜੀਆਂ ਹਨ।

ਵਿਆਹ ਦੇ ਸਮਾਗਮ ਵਿਚ ਗਿੱਧੇ ਦੀ ਅਹਿਮ ਭੂਮਿਕਾ ਹੈ। ਜਦੋਂ ਗਿੱਧ ਦਾ ਪਿੜ ਮੱਘਦਾ ਹੈ ਤਾਂ ਪਿੰਡ ਦੀ ਕੋਈ ਮੁਟਿਆਰ ਵਿਆਹ ਵਿਚ ਆਈਆਂ ਮੇਲਣਾਂ ਨੂੰ ਗਿੱਧੇ ਵਿਚ ਨੱਚਣ ਦਾ ਸੱਦਾ ਦੇਂਦੀ ਹੈ:

ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ
ਨਾ ਬੈਠੀ ਸਾਂ ਡੇਰੇ
ਨਿੱਤ ਨਮੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਨਿਕਲਣ ਅੰਦਰੋਂ
ਵਸ ਨਹੀਂ ਕੁਝ ਮੇਰੇ

ਮੇਲਣੇ ਨੱਚ ਲੈ ਨੀ-
ਦੇ ਦੇ ਸ਼ੌਕ ਦੇ ਗੇੜੇ

ਕੋਈ ਜਣੀ ਗਹਿਣੇ ਗੱਟਿਆਂ ਨਾਲ਼ ਸਜੀ ਮੁਟਿਆਰ ਨੂੰ ਬਾਹੋਂ ਫੜ ਕੇ ਗਿੱਧੇ ਦੇ ਪਿੜ ਵਿਚ ਧੂ ਲਿਆਉਂਦੀ ਹੈ:

ਸਾਵੀ ਸੁੱਥਣ ਵਾਲ਼ੀਏ ਮੇਲਣੇ
ਆਈ ਏਂ ਗਿੱਧੇ ਵਿਚ ਬਣ ਠਣ ਕੇ
ਕੰਨੀਂ ਤੇਰੇ ਹਰੀਆਂ ਬੋਤਲਾਂ
ਗਲ਼ ਵਿਚ ਮੂੰਗੇ ਮਣਕੇ
ਤੀਲੀ ਤੇਰੀ ਨੇ ਮੁਲਖ ਮੋਹ ਲਿਆ
ਬਾਹੀਂ ਚੂੜਾ ਛਣਕੇ
ਫੇਰ ਕਦ ਨੱਚੇਂਗੀ-
ਨੱਚ ਲੈ ਪਟੋਲ਼ਾ ਬਣ ਕੇ

ਤੇ ਇੰਜ ਗਿੱਧੇ ਦਾ ਪਿੜ ਮਘ ਪੈਂਦਾ ਹੈ ਤੇ ਬੋਲੀਆਂ ਦੀ ਛਹਿਬਰ ਲਗ ਜਾਂਦੀ ਹੈ।

ਮੁੱਢ ਕਦੀਮ ਤੋਂ ਹੀ ਪੰਜਾਬ ਪ੍ਰਾਂਤ ਖੇਤੀ ਪ੍ਰਧਾਨ ਰਿਹਾ ਹੈ ਜਿਸ ਸਦਕਾ ਪੰਜਾਬੀ ਲੋਕ ਸਾਹਿਤ ਵਿਚ ਕਿਸਾਨੀ ਸੰਸਕ੍ਰਿਤੀ ਅਤੇ ਸਭਿਆਚਾਰ ਦੇ ਅਵਸ਼ੇਸ਼ ਵਿਦਮਾਨ ਹਨ। ਪੰਜਾਬ ਦੀ ਧਰਤੀ 'ਤੇ ਲਹਿਲਹਾਂਦੀਆਂ ਫ਼ਸਲਾਂ, ਮਹਿਕਾਂ ਵੰਡਦੇ ਰੁੱਖਾਂ ਤੇ ਫੁੱਲ-ਬੂਟਿਆਂ ਨੇ ਪੰਜਾਬੀ ਲੋਕ ਮਨ ਨੂੰ ਟੁੰਬਿਆ ਹੈ ਇਸ ਕਰਕੇ ਉਸ ਨੇ ਇਨ੍ਹਾਂ ਬਾਰੇ ਸੁਹਜ ਭਰਪੂਰ ਬੋਲੀਆਂ ਦੀ ਸਿਰਜਣਾ ਕੀਤੀ ਹੈ। ਕਣਕ, ਮੱਕੀ, ਕਪਾਹ, ਛੋਲੇ, ਸਰ੍ਹੋਂ, ਬਾਜਰਾ, ਚਰ੍ਹੀ, ਅਲਸੀ, ਮੂੰਗੀ, ਜੌਂ, ਕਰੇਲੇ, ਕੱਦੂ, ਮੂੰਗਰੇ ਤੇ ਖਰਬੂਜ਼ਿਆਂ ਬਾਰੇ ਅਨੇਕਾਂ ਬੋਲੀਆਂ ਪ੍ਰਾਪਤ ਹਨ:

ਬੱਗੀ ਬੱਗੀ ਕਣਕ ਦੇ
ਮੰਡੇ ਪਕਾਉਨੀ ਆਂ
ਛਾਵੇਂ ਬਹਿ ਕੇ ਖਾਵਾਂਗੇ
ਚਿੱਤ ਕਰੂ ਮੁਕਲਾਵੇ ਜਾਵਾਂਗੇ
-
ਅਸੀਂ ਯਾਰ ਦੀ ਤਰੀਕੇ ਜਾਣਾ
ਕਣਕ ਦੇ ਲਾਹ ਕੇ ਫੁਲਕੇ
-

ਪੱਲਾ ਕੀਤਾ ਲੱਡੂਆਂ ਨੂੰ
ਪੱਟੂ ਸੁੱਟ ਗਿਆ ਮੱਕੀ ਦੇ ਦਾਣੇ
-
ਛੜੇ ਪੈਣਗੇ ਮੱਕੀ ਦੀ ਰਾਖੀ
ਰੰਨਾਂ ਵਾਲ਼ੇ ਘਰ ਪੈਣਗੇ
-
ਪਰੇ ਹਟਜਾ ਕਪਾਹ ਦੀਏ ਛਟੀਏ
ਪਤਲੋ ਨੂੰ ਲੰਘ ਜਾਣ ਦੇ
-
ਤਾਰੋ ਹੱਸਦੀ ਖੇਤ 'ਚੋਂ ਲੰਘਗੀ
ਜੱਟ ਦੀ ਕਪਾਹ ਖਿੜਗੀ
-
ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ
-
ਕਾਲ਼ੀ ਤਿੱਤਰੀ ਕਮਾਦੋਂ ਨਿੱਕਲੀ
ਉਡਦੀ ਨੂੰ ਬਾਜ ਪੈ ਗਿਆ
-
ਚੰਦਰੇ ਜੇਠ ਦੇ ਛੋਲੇ
ਕਦੇ ਨਾ ਧੀਏ ਜਾਈਂ ਖੇਤ ਨੂੰ
-
ਕਾਹਨੂੰ ਆ ਗਿਐਂ ਸਰ੍ਹੋਂ ਦਾ ਫੁੱਲ ਬਣ ਕੇ
ਮਾਪਿਆਂ ਨੇ ਤੋਰਨੀ ਨਹੀਂ
-
ਤੈਨੂੰ ਗੰਦਲਾਂ ਦਾ ਸਾਗ ਤੁੜਾਵਾਂ
ਸਰ੍ਹੋਂ ਵਾਲ਼ੇ ਆਜੀਂ ਖੇਤ ਨੂੰ
-
ਮੀਂਹ ਪਾ ਦੇ ਲਾ ਦੇ ਝੜੀਆਂ
ਬੀਜ ਲਈਏ ਮੋਠ ਬਾਜਰਾ
-
ਰੁੱਤ ਗਿੱਧਾ ਪਾਉਣ ਦੀ ਆਈ

ਲੱਕ ਲੱਕ ਹੋ ਗੇ ਬਾਜਰੇ
-
ਮੇਰੀ ਡਿੱਗਪੀ ਚਰ੍ਹੀ ਦੇ ਵਿਚ ਗਾਨੀ
ਚੱਕ ਲਿਆ ਮੋਰ ਬਣ ਕੇ
-
ਕਾਲ਼ਾ ਨਾਗ ਨੀ ਚਰ੍ਹੀ ਵਿਚ ਮੇਲ੍ਹੇ
ਬਾਹਮਣੀ ਦੀ ਗੁੱਤ ਵਰਗਾ
-
ਮੇਰੀ ਨਣਦ ਚੱਲੀ ਮੁਕਲਾਵੇ
ਅਲਸੀ ਦੇ ਫੁੱਲ ਵਰਗੀ
-
ਉੱਚੇ ਟਿੱਬੇ ਇਕ ਮੂੰਗੀ ਦਾ ਬੂਟਾ
ਉਹਨੂੰ ਲੱਗੀਆਂ ਢਾਈ ਟਾਟਾਂ
ਕਰਾਦੇ ਨੀ ਮਾਏਂ ਜੜੁੱਤ ਬਾਂਕਾਂ
-
ਉੱਚੇ ਟਿੱਬੇ ਇਕ ਜੌਆਂ ਦਾ ਬੂਟਾ
ਉਹਨੂੰ ਲੱਗੀਆਂ ਬੱਲੀਆਂ
ਬੱਲੀਆਂ ਨੂੰ ਲੱਗਾ ਕਸੀਰ
ਕੁੜਤੀ ਮਲਮਲ ਦੀ
ਭਖੁ ਭਖ ਉੱਠੇ ਸਰੀਰ
-
ਗੰਢੇ ਤੇਰੇ ਕਰੇਲੇ ਮੇਰੇ
ਖੂਹ 'ਤੇ ਮੰਗਾ ਲੈ ਰੋਟੀਆਂ
-
ਮੇਰੀ ਮੱਚਗੀ ਕੱਦੂ ਦੀ ਤਰਕਾਰੀ
ਆਇਆ ਨਾ ਪਰੇਟ ਕਰਕੇ
-
ਮੈਂ ਮੂੰਗਰੇ ਤੜਕ ਕੇ ਲਿਆਈ
ਰੋਟੀ ਖਾ ਲੈ ਔਤ ਟੱਬਰਾ
-
ਗੋਰੀ ਗੱਲ੍ਹ ਦਾ ਬਣੇ ਖਰਬੂਜ਼ਾ



ਡੰਡੀਆਂ ਦੀ ਵੇਲ ਬਣਜੇ

ਆਦਿ ਕਾਲ ਤੋਂ ਹੀ ਰੁੱਖਾਂ ਨਾਲ਼ ਪੰਜਾਬੀਆਂ ਦੀ ਸਾਂਝ ਰਹੀ ਹੈ। ਉਹ ਮਨੁੱਖ ਦੇ ਜੀਵਨ ਦਾਤੇ ਹਨ। ਭਲਾ ਜੀਵਨ ਦਾਤਿਆਂ ਨੂੰ ਲੋਕ ਮਨ ਕਿਵੇਂ ਭੁਲਾ ਸਕਦਾ ਹੈ, ਪਿੱਪਲ, ਬੋਹੜ, ਕਿੱਕਰ, ਬੇਰੀਆਂ, ਨਿੰਮ, ਜੰਡ, ਕਰੀਰ, ਟਾਹਲੀ, ਨਿੰਬੂ, ਅੰਬ ਅਤੇ ਜਾਮਣਾਂ ਦੇ ਰੁੱਖ ਲੋਕ ਬੋਲੀਆਂ ਵਿਚ ਲਹਿਲਹਾਉਂਦੇ ਨਜ਼ਰੀਂ ਪੈਂਦੇ ਹਨ:

ਪਿੱਪਲਾ ਵੇ ਮੇਰੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸਹੁਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ
ਚਿੱਠੀਆਂ ਬਰੰਗ ਭੇਜਦਾ-
ਕਿਹੜੀ ਛਾਉਣੀ ਲੁਆ ਲਿਆ ਨਾਵਾਂ
-
ਪਿੱਪਲਾ ਦੱਸਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ
-
ਪਿੱਪਲਾਂ ਉਤੇ ਆਈਆਂ ਬਹਾਰਾਂ
ਬੋਹੜਾਂ ਨੂੰ ਲੱਗੀਆਂ ਗੋਹਲਾਂ
ਜੰਗ ਨੂੰ ਨਾ ਜਾਹ ਵੇ
ਦਿਲ ਦੇ ਬੋਲ ਮੈਂ ਬੋਲਾਂ
-
ਛੇਤੀ ਛੇਤੀ ਵਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਣਾਉਣਾ
-
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ
ਵਿਆਹ ਕੇ ਲੈ ਗਿਆ ਤੂਤ ਦੀ ਛਟੀ
-
ਬੇਰੀਏ ਨੀ ਤੈਨੂੰ ਬੇਰ ਬਥੇਰੇ
ਕਿੱਕਰੇ ਨੀ ਤੈਨੂੰ ਤੁੱਕੇ

ਰਾਂਝਾ ਦੂਰ ਖੜਾ
ਦੂਰ ਖੜਾ ਦੁੱਖ ਪੁੱਛੇ
-
ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ ਬੰਨੇ ਲਾ ਦੇ ਬੇਰੀਆਂ
-
ਕੌੜੀ ਨਿੰਮ ਨੂੰ ਪਤਾਸੇ ਲੱਗਦੇ
ਵਿਹੜੇ ਛੜਿਆਂ ਦੇ
-
ਤੇਰੇ ਝੁਮਕੇ ਲੈਣ ਹੁਲਾਰੇ
ਨਿੰਮ ਨਾਲ਼ ਝੂਟਦੀਏ
-
ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ
ਰੋਹੀ ਵਾਲ਼ਾ ਜੰਡ ਵੇਚ ਕੇ
-
ਮਰਗੀ ਨੂੰ ਰੁੱਖ ਰੋਣਗੇ
ਅੱਕ ਢੱਕ ਤੇ ਕਰੀਰ ਜੰਡ ਬੇਰੀਆਂ
-
ਆਮ ਖਾਸ ਨੂੰ ਡੇਲੇ
ਮਿੱਤਰਾਂ ਨੂੰ ਖੰਡ ਦਾ ਕੜਾਹ
-
ਕੌਲ ਕੱਲਰ ਵਿਚ ਲੱਗਗੀ ਟਾਹਲੀ
ਵਧਗੀ ਸਰੂਆਂ ਸਰੂਆਂ
ਆਉਂਦਿਆ ਰਾਹੀਆ ਘੜਾ ਚੁਕਾ ਜਾ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਪੱਟ ਫੁੱਲ ਜਾਂਦੇ
ਹੇਠੋਂ ਮੱਚਦੀਆਂ ਤਲ਼ੀਆਂ
ਰੂਪ ਕੁਆਰੀ ਦਾ-
ਖੰਡ ਮਿਸ਼ਰੀ ਦੀਆਂ ਡਲ਼ੀਆਂ
-
ਰੱਤਾ ਪਲੰਘ ਚੰਨਣ ਦੇ ਪਾਵੇ



ਤੋੜ ਤੋੜ ਖਾਣ ਹੱਡੀਆਂ
-
ਛੱਡ ਕੇ ਦੇਸ਼ ਦੁਆਬਾ
ਅੰਬੀਆਂ ਨੂੰ ਤਰਸੇਂਗੀ
-
ਬੱਲੇ ਬੱਲੇ
ਬਈ ਅੰਬ ਉਤੇ ਤਾਰੋ ਬੋਲਦੀ
ਥੱਲੇ ਬੋਲਦੇ ਬੱਕਰੀਆਂ ਵਾਲ਼ੇ
-
ਜੇਠ ਹਾੜ ਵਿਚ ਅੰਬ ਬਥੇਰੇ
ਸਾਉਣ ਜਾਮਣੂੰ ਪੀਲ੍ਹਾਂ
ਰਾਂਝਿਆ ਆ ਜਾ ਵੇ
ਤੈਨੂੰ ਪਾ ਕੇ ਪਟਾਰੀ ਵਿਚ ਕੀਲਾਂ

ਪਸ਼ੂ ਧੰਨ ਸਦਾ ਹੀ ਕਿਸਾਨਾਂ ਦੀ ਧਰੋਹਰ ਰਿਹਾ ਹੈ। ਸਾਰੀ ਖੇਤੀ ਦਾ ਦਾਰੋਮਦਾਰ ਬਲਦਾਂ, ਬੋਤਿਆਂ ਦੇ ਸਹਾਰੇ ਸੀ। ਪਸ਼ੂ-ਪੰਛੀਆਂ ਬਾਰੇ ਅਨੇਕਾਂ ਬੋਲੀਆਂ ਦੀ ਸਿਰਜਣਾ ਕੀਤੀ ਗਈ ਹੈ:

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਲੱਲੀਆਂ
ਓਥੋਂ ਦੇ ਦੋ ਬਲਦ ਸੁਣੀਂਦੇ
ਗਲ਼ ਉਨ੍ਹਾਂ ਦੇ ਟੱਲੀਆਂ
ਨੱਠ ਨੱਠ ਕੇ ਉਹ ਮੱਕੀ ਬੀਜਦੇ
ਹੱਥ ਹੱਥ ਲੱਗੀਆਂ ਛੱਲੀਆਂ
ਬੰਤੋ ਦੇ ਬੈਲਾਂ ਨੂੰ-
ਪਾਵਾਂ ਗੁਆਰੇ ਦੀਆਂ ਫਲ਼ੀਆਂ
-
ਮੂਹਰੇ ਰੱਬ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ
-
ਬੋਤਾ ਲਿਆਵੀਂ ਉਹ ਮਿੱਤਰਾ
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ



ਪਤਲੋ ਦੇ ਹੱਥ ਗੜਵਾ
ਬੂਰੀ ਮੱਝ ਨੂੰ ਥਾਪੀਆਂ ਦੇਵੇ
-
ਮਰ ਗਈ ਵੇ ਫੁੱਫੜਾ
ਮੱਝ ਕੱਟਾ ਨੀ ਝੱਲਦੀ
-
ਬੱਕਰੀ ਦਾ ਦੁੱਧ ਗਰਮੀ
ਵੇ ਛੱਡ ਗੁਜਰੀ ਦੀ ਯਾਰੀ
-
ਮੇਰੀ ਬੱਕਰੀ ਚਾਰ ਲਿਆ ਦਿਓਰਾ
ਮੈਂ ਨਾ ਤੇਰਾ ਹੱਕ ਰੱਖਦੀ

ਕਿੱਧਰੇ ਪੰਛੀ ਚਹਿਚਹਾਉਂਦੇ ਹਨ:

ਕੋਇਲ ਨਿੱਤ ਕੂਕਦੀ
ਕਦੇ ਬੋਲ ਚੰਦਰਿਆ ਕਾਵਾਂ
-
ਅੱਖ ਪਟਵਾਰਨ ਦੀ
ਜਿਉਂ ਇੱਲ੍ਹ ਦੇ ਆਹਲਣੇ ਆਂਡਾ
-
ਬਣ ਕੇ ਕਬੂਤਰ ਚੀਨਾ
ਗਿੱਧੇ ਵਿਚ ਆ ਜਾ ਬੱਲੀਏ
-
ਕੂੰਜੇ ਪਹਾੜ ਦੀਏ
ਕਦੇ ਪਾ ਵਤਨਾਂ ਵੱਲ ਫੇਰਾ
-
ਸਾਡੇ ਤੋਤਿਆਂ ਨੂੰ ਬਾਗ਼ ਬਥੇਰੇ
ਨਿੰਮ ਦਾ ਤੂੰ ਮਾਣ na
 ਕਰੀਂ
-
ਕਾਟੋ ਦੁੱਧ ਰਿੜਕੇ
ਚੁਗਲ ਝਾਤੀਆਂ ਮਾਰੇ



ਮਿੱਤਰਾਂ ਦੇ ਤਿੱਤਰਾਂ ਨੂੰ
ਮੈਂ ਹੱਥ 'ਤੇ ਚੋਗ ਚੁਗਾਵਾਂ
-
ਜਦੋਂ ਬਿਸ਼ਨੀ ਬਾਗ਼ ਵਿਚ ਆਈ
ਭੌਰਾਂ ਨੂੰ ਭੁਲੇਖਾ ਪੈ ਗਿਆ
-
ਮੁੰਡਾ ਅਨਦਾਹੜੀਆ ਸੁੱਕਾ ਨਾ ਜਾਵੇ
ਲੜ ਜਾ ਭਰਿੰਡ ਬਣ ਕੇ

ਪੰਜਾਬੀਆਂ ਦਾ ਸਾਕਾਦਾਰੀ ਪ੍ਰਬੰਧ ਬਹੁਤ ਮਜਬੂਤ ਹੈ। ਰਿਸ਼ਤੇ-ਨਾਤੇ, ਸਾਕ ਸਕੀਰੀਆਂ ਭਾਈਚਾਰੇ ਵਿਚ ਮੋਹ ਮੁਹੱਬਤਾਂ ਦਾ ਸੰਚਾਰ ਹੀ ਨਹੀਂ ਕਰਦੀਆਂ ਬਲਕਿ ਸਮਾਜਿਕ ਢਾਂਚੇ ਨੂੰ ਸੰਯੋਗ ਕੜੀ ਵਿਚ ਵੀ ਪਰੋਂਦੀਆਂ ਹਨ। ਦਾਦਕੇ-ਸਹੁਰੇ ਪਰਿਵਾਰ ਨਾਲ਼ ਜੁੜੇ ਸਾਕਾਂ ਬਾਰੇ ਭਿੰਨ-ਭਿੰਨ ਬੋਲੀਆਂ ਪਾਈਆਂ ਜਾਂਦੀਆਂ ਹਨ:

ਤਖ਼ਤ ਹਜ਼ਾਰਿਓਂ-ਵੰਗਾਂ ਆਈਆਂ
ਬੜੇ ਸ਼ੌਕ ਨਾਲ਼ ਪਾਵਾਂ
ਮਾਪਿਆਂ ਦਾ ਦੇਸ਼ ਛੱਡ ਕੇ
ਮੈਂ ਕਿਵੇਂ ਮੁਕਲਾਵੇ ਜਾਵਾਂ
-
ਮਾਏਂ ਨੀ ਮਾਏਂ ਮੈਨੂੰ ਜੁੱਤੀ ਸਮਾਦੇ
ਹੇਠ ਲੁਆ ਦੇ ਖੁਰੀਆਂ
ਨੀ ਆਹ ਦਿਨ ਖੇਡਣ ਦੇ
ਸੱਸਾਂ ਨਨਾਣਾਂ ਬੁਰੀਆਂ
-
ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ
ਉਹ ਵਰ ਟੋਲ੍ਹੀਂ ਬਾਬਲਾ

-
ਤੇਰੀ ਕੱਸੀ ਤੇ ਜ਼ਮੀਨ ਬਥੇਰੀ
ਪਾ ਦੇ ਬਾਪੂ ਨੱਥ ਮੱਛਲੀ
-
ਚਾਚੇ ਤਾਏ ਮਤਲਬ ਦੇ
ਛੱਕਾਂ ਪੂਰਦੇ ਅੰਮਾਂ ਦੇ ਜਾਏ

-
ਇਕ ਵੀਰ ਦਈਂ ਵੇ ਰੱਬਾ
ਮੇਰੀ ਸਾਰੀ ਉਮਰ ਦਾ ਗਹਿਣਾ
-
ਪੁੱਤ ਵੀਰ ਦਾ ਭਤੀਜਾ ਮੇਰਾ
ਨਿਉਂ ਜੜ੍ਹ ਮਾਪਿਆਂ ਦੀ
-
ਚਿੱਟੇ ਚਾਦਰੇ ਜਿਨ੍ਹਾਂ ਨੇ ਪੁੰਨ ਕੀਤੇ
ਰੱਬ ਨੇ ਬਣਾਈਆਂ ਜੋੜੀਆਂ
-
ਚਾਓ ਮੁਕਲਾਵੇ ਦਾ
ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ
-
ਘੁੰਡ ਕੱਢ ਲੈ ਪਤਲੀਏ ਨਾਰੇ
ਸਹੁਰਿਆਂ ਦਾ ਪਿੰਡ ਆ ਗਿਆ
-
ਪੁੱਤ ਮਰਜੇ ਬਚੋਲਿਆ ਤੇਰਾ
ਹਾਣ ਦਾ ਨਾ ਵਰ ਟੋਲ਼ਿਆ
-
ਚੜ੍ਹਦੇ ਛਿਪਦੇ ਸੋਚਾਂ ਸੋਚਦੀ
ਗ਼ਮ ਪੀਵਾਂ ਗ਼ਮ ਖਾਵਾਂ
ਜਾਂਦਾ ਹੋਇਆ ਦੱਸ ਨਾ ਗਿਆ
ਚਿੱਠੀਆਂ ਕਿੱਧਰ ਨੂੰ ਪਾਵਾਂ
-
ਮਾਪਿਆਂ ਨੇ ਰੱਖੀ ਲਾਡਲੀ
ਅੱਗੋਂ ਸੱਸ ਬਘਿਆੜੀ ਟੱਕਰੀ
-
ਤੈਨੂੰ ਸੱਸ ਦੇ ਮਰੇ 'ਤੇ ਪਾਵਾਂ
ਸੁੱਥਣੇ ਸੂਫ਼ ਦੀਏ

-ਰਾਂਝਾ ਰੁਲਦੂ ਬੱਕਰੀਆਂ ਚਾਰੇ



ਘਰ ਮੇਰੇ ਜੇਠ ਦੀ ਪੁੱਗੇ
-
ਰੋਟੀ ਲੈ ਕੇ ਦਿਓਰ ਦੀ ਚੱਲੀ
ਅੱਗੇ ਜੇਠ ਬੱਕਰਾ ਹਲ਼ ਵਾਹੇ
-
ਮੇਰੀ ਨਣਦ ਚੱਲੀ ਮੁਕਲਾਵੇ
ਪਿੱਪਲੀ ਦੇ ਪੱਤ ਵਰਗੀ
-
ਨਣਦੇ ਜਾ ਸਹੁਰੇ
ਭਾਵੇਂ ਲੈ ਜਾ ਕੰਨਾਂ ਦੇ ਵਾਲ਼ੇ
-
ਛੋਟਾ ਦਿਓਰ ਭਾਬੀਆਂ ਦਾ ਗਹਿਣਾ
ਪੱਟਾਂ ਵਿਚ ਖੇਡਦਾ ਫਿਰੇ
-
ਕਾਲ਼ਾ ਦਿਓਰ ਕਜਲੇ ਦੀ ਧਾਰੀ
ਅੱਖੀਆਂ 'ਚ ਪਾ ਰਖਦੀ

ਜੀਵਨ ਦੇ ਹੋਰ ਵੀ ਅਨੇਕਾਂ ਵਿਸ਼ੇ ਹਨ ਜਿਨ੍ਹਾਂ ਬਾਰੇ ਰਸ ਭਰਪੂਰ ਤੇ ਸੁਹਜਮਈ ਬੋਲੀਆਂ ਉਪਲਬਧ ਹਨ:

ਲੰਮੀ ਦੀ ਕੀ ਥੰਮੀ ਗੱਡਣੀ
ਮੇਰੀ ਪਤਲੋ ਫੁੱਲ ਪਤਾਸਾ
-
ਕੱਚੀ ਯਾਰੀ ਲੱਡੂਆਂ ਦੀ
ਲੱਡੂ ਮੁਕਗੇ ਯਰਾਨੇ ਟੁੱਟਗੇ
-
ਤੇਰਾ ਰੂਪ ਝੱਲਿਆ ਨਾ ਜਾਵੇ
ਕੰਨੋਂ ਲਾਹ ਦੇ ਸੋਨ ਚਿੜੀਆਂ
-
ਰੰਨ ਨ੍ਹਾ ਕੇ ਛੱਪੜ 'ਚੋਂ ਨਿਕਲੀ
ਸੁਲਫ਼ੇ ਦੀ ਲਾਟ ਵਰਗੀ
-

ਦਿਨ ਚੜ੍ਹਦੇ ਦੀ ਲਾਲੀ
ਰੂਪ ਕੁਆਰੀ ਦਾ
-
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਘੁੰਡ ਵਿਚ ਕੈਦ ਰੱਖੀਆਂ
-
ਜਾਂਦੇ ਹੋਏ ਜੋਬਨ ਦੀ
ਉੱਡਦੀ ਧੂੜ ਨਜ਼ਰ ਨਾ ਆਵੇ
-
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁੜ ਨਾਲ਼ੋਂ ਇਸ਼ਕ ਮਿੱਠਾ
-
ਯਾਰੀ ਹੱਟੀ 'ਤੇ ਲਿਖਾ ਕੇ ਲਾਈਏ
ਦਸ਼ੇਦਾਰ ਹੋਗੀ ਦੁਨੀਆਂ
-
ਜੀਹਨੇ ਅੱਖ ਦੀ ਰਮਜ਼ ਨਾ ਜਾਣੀ
ਮਾਰ ਗੋਲੀ ਆਸ਼ਕ ਨੂੰ
-
ਤੇਰੇ ਲੱਗਦੇ ਨੇ ਬੋਲ ਪਿਆਰੇ
ਚੌਕੀਦਾਰਾ ਲੈ ਲੈ ਮਿੱਤਰਾ
-
ਨਹੀਓਂ ਭੁੱਲਣਾ ਵਿਛੋੜਾ ਤੇਰਾ
ਸਭੋ ਦੁਖ ਭੁੱਲ ਜਾਣਗੇ
-
ਚੰਦ ਕੁਰ ਚੱਕਵਾਂ ਚੁੱਲ੍ਹਾ
ਕਿਤੇ ਯਾਰਾਂ ਨੂੰ ਭੜਾਕੇ ਮਾਰੂ
-
ਤੇਰੀ ਸੱਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਹਿੱਕ ਨੂੰ
-



ਕਲਜੁਗ ਬੜਾ ਜ਼ਮਾਨਾ ਖੋਟਾ
ਲੋਕ ਦੇਣ ਦੁਹਾਈ
ਊਚ ਨੀਚ ਨਾ ਕੋਈ ਦੇਖੇ
ਕਾਮ ਹਨ੍ਹੇਰੀ ਛਾਈ
ਨਾ ਕੋਈ ਮਾਮੀ ਫੂਫੀ ਦੇਖੇ
ਨਾ ਚਾਚੀ ਨਾ ਤਾਈ
ਨੂੰਹਾਂ ਵੱਲ ਨੂੰ ਸਹੁਰੇ ਝਾਕਣ
ਸੱਸਾਂ ਵਲ ਜਮਾਈ
ਪਾਪੀ ਕਲਜੁਗ ਨੇ-
ਉਲਟੀ ਨਦੀ ਚਲਾਈ
-
ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ
-
ਔਖੇ ਲੰਘਦੇ ਘਰਾਂ ਦੇ ਲਾਂਘੇ
ਛੱਡ ਦੇ ਤੂੰ ਵੇਲਦਾਰੀਆਂ
-
ਘਰ ਘਰ ਪੁੱਤ ਜੰਮਦੇ
ਭਗਤ ਸਿੰਘ ਨੂੰ ਕਿਸੇ ਬਣ ਜਾਣਾ
-
ਏਕਾ ਜਨਤਾ ਦਾ
ਲੋਕ ਰਾਜ ਦੀ ਕੁੰਜੀ
-
ਧਰਤੀ ਜਾਗ ਪਈ
ਪਾਊ ਜਿੱਤ ਲੁਕਾਈ

'ਬੋਲੀਆਂ ਦਾ ਖੂਹ ਭਰ ਦਿਆਂ, ਮੈਥੋਂ ਜੱਗ ਜਿੱਤਿਆ ਨਾ ਜਾਵੇ' ਲੋਕ ਬੋਲੀ ਅਨੁਸਾਰ ਇਹ ਹਜ਼ਾਰਾਂ ਦੀ ਗਿਣਤੀ ਵਿਚ ਮਿਲਦੀਆਂ ਹਨ। ਇਹ ਬੋਲੀਆਂ ਪੰਜਾਬੀਆਂ ਦੀ ਮੁਲਵਾਨ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ।

*