ਲੋਕ ਸਿਆਣਪਾਂ  (2019) 
ਸੁਖਦੇਵ ਮਾਦਪੁਰੀ

ਭਾਗ ਪਹਿਲਾ
ਲੋਕ ਅਖਾਣ


ਪੰਨਾ

ਉਹ ਜ਼ਮੀਨ ਰਾਣੀ, ਜੀਹਦੇ ਸਿਰ ਤੇ ਪਾਣੀ——ਖੇਤੀ ਬਾੜੀ ਲਈ ਉਹ ਜ਼ਮੀਨ ਵਧੇਰੇ ਚੰਗੀ ਹੁੰਦੀ ਹੈ, ਜਿਸ ਨੂੰ ਸਿੰਜਣ ਲਈ ਪਾਣੀ ਦਾ ਚੰਗਾ ਪ੍ਰਬੰਧ ਹੋਵੇ।

ਉਹਦੀ ਹੀ ਜੁੱਤੀ ਉਹਦਾ ਹੀ ਸਿਰ——ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਬੰਦਾ ਦੂਜੇ ਬੰਦੇ ਦੇ ਸਾਧਨਾਂ ਦੁਆਰਾ ਹੀ ਉਸ ਦਾ ਨੁਕਸਾਨ ਕਰੇ।

ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ——ਜਿਹੜਾ ਪੁਰਸ਼ ਜਾਂ ਇਸਤਰੀ ਵਾਰ-ਵਾਰ ਵੱਖ-ਵੱਖ ਸਥਾਨਾਂ 'ਤੇ ਤੁਹਾਨੂੰ ਮਿਲ ਜਾਏ ਜਾਂ ਹਰ ਥਾਂ 'ਤੇ ਖੜਪੰਚ ਬਣਿਆਂ ਫਿਰੇ ਉਸ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਉਹ ਕੀ ਦੇਸੀ ਸਾਧੋ, ਜਿਸ ਪਿੰਨ ਗਲੋਲਾ ਖਾਧੋ——ਕਿਸੇ ਨੂੰ ਕੰਜੂਸ ਵਜੋਂ ਭੰਡਨ ਲਈ ਆਖਦੇ ਹਨ ਕਿ ਇਹਨੇ ਤੁਹਾਨੂੰ ਕੀ ਦੇਣਾ ਹੈ ਜਿਹੜਾ ਆਪ ਦੂਜਿਆਂ ਦੇ ਸਹਾਰੇ 'ਤੇ ਨਿਰਬਾਹ ਕਰਦਾ ਹੈ।

ਉਹ ਦਿਨ ਡੁੱਬਾ, ਜਦੋਂ ਘੋੜੀ ਚੜ੍ਹਿਆ ਕੁੱਬਾ——ਜਦੋਂ ਕੋਈ ਕਿਸੇ ਅਜਿਹੇ ਬੰਦੇ ਤੇ ਕੰਮ ਨੇਪਰੇ ਚਾੜ੍ਹਨ ਦੀ ਆਸ ਲਾ ਬੈਠੇ ਜਿਹੜਾ ਖ਼ੁਦ ਹੀ ਨਿਕੰਮਾ ਤੇ ਆਲਸੀ ਹੋਵੇ ਉਦੋਂ ਵਿਅੰਗ ਵਜੋਂ ਇਹ ਅਖਾਣ ਬੋਲਦੇ ਹਨ।

ਉਹ ਨਾ ਭੁੱਲਾ ਜਾਣੀਏ, ਜੋ ਸ਼ਾਮੀਂ ਮੁੜ ਘਰ ਆਵੇ——ਜਦੋਂ ਕੋਈ ਵਿਅਕਤੀ ਆਪਣੀ ਗ਼ਲਤੀ ਦਾ ਅਹਿਸਾਸ ਕਰਕੇ ਸਿੱਧੇ ਰਸਤੇ ਪੈ ਜਾਵੇ ਉਦੋਂ ਇਹ ਅਖਾਣ ਵਰਤਦੇ ਹਨ।

ਉਹ ਫਿਰੇ ਨੱਥ ਘੜਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ——ਜਦੋਂ ਦੋਹਾਂ ਵਿਅਕਤੀਆਂ ਦੀ ਸੋਚ ਤੇ ਮੰਤਵਾਂ ਵਿੱਚ ਤਿੱਖਾ ਵਿਰੋਧ ਹੋਵੇ ਉਦੋਂ ਵਰਤਦੇ ਹਨ।

ਉਹ ਮਾਂ ਮਰਗੀ ਜਿਹੜੀ ਦਹੀਂ ਨਾਲ਼ ਟੁੱਕ ਦਿੰਦੀ ਸੀ——ਜਦੋਂ ਕੋਈ ਵਿਅਕਤੀ ਔਖਿਆਈ ਭਰੇ ਦਿਨਾਂ ਵਿੱਚ, ਸੁੱਖਾਂ ਵਿੱਚ ਬਿਤਾਏ ਦਿਨਾਂ ਨੂੰ ਯਾਦ ਕਰਕੇ ਉਹਨਾਂ ਦੇ ਮੁੜ ਪਰਤ ਆਉਣ ਦੇ ਸੁਪਨੇ ਲਵੇ ਉਦੋਂ ਇਹ ਅਖਾਣ ਬੋਲਦੇ ਹਨ।

ਉਹ ਵੱਸੇ ਹੋਰ ਨਾਲ਼,ਝੁੱਗਾ ਵੜ ਗਿਆ ਪਿਉ ਦੀ ਗੌਰ ਨਾਲ਼——ਜਦੋਂ ਪੁਰਸ਼-ਇਸਤਰੀ ਦੀ ਆਪਸ ਵਿੱਚ ਨਾਚਾਕੀ ਹੋ ਜਾਵੇ ਅਤੇ ਕਿਸੇ ਹੋਰ ਨਾਲ ਦਿਲਚਸਪੀ ਵੱਧ ਜਾਏ ਤਾਂ ਘਰ ਵਿੱਚ ਸੁੱਖ ਸ਼ਾਂਤੀ ਉਡ ਜਾਂਦੀ ਹੈ ਤੇ ਘਰ ਬਰਬਾਦ ਹੋ ਜਾਂਦਾ ਹੈ।

ਉਹ ਵੇਲਾ ਨਾ ਭਾਲ਼, ਟੁੱਕਰ ਖਾਂਦੀ ਕੱਸੇ ਨਾਲ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਜੀਵਨ ਵਿੱਚ ਔਖ-ਸੌਖ ਇਕੋ ਜਿਹੀ ਨਹੀਂ ਰਹਿੰਦੀ ਦੁੱਖਾਂ ਮਗਰੋਂ ਸੁੱਖ ਵੀ ਆਉਂਦੇ ਹਨ। ਉਖਲੀ ਵਿੱਚ ਸਿਰ ਦਿੱਤਾ, ਮੋਹਲਿਆਂ ਦਾ ਕੀ ਡਰ——ਜਦੋਂ ਕੋਈ ਪੁਰਸ਼ ਕੋਈ ਔਖਾ ਕੰਮ ਸ਼ੁਰੂ ਕਰ ਲਵੇ ਤਾਂ ਅੱਗੋਂ ਕੋਈ ਦੂਜਾ ਉਸ ਨੂੰ ਅਜਿਹਾ ਕਰਨ ਤੋਂ ਵਰਜੇ ਜਾਂ ਡਰਾਵੇ ਤਾਂ ਔਖੇ ਰਾਹ ਨੂੰ ਚੁਣਨ ਵਾਲ਼ਾ ਪੁਰਸ਼ ਇਹ ਅਖਾਣ ਵਰਤ ਕੇ ਅਗਲੇ ਦਾ ਮੂੰਹ ਬੰਦ ਕਰ ਦੇਂਦਾ ਹੈ।

ਉਂਗਲ ਉਂਗਲ ਵੇਰਵਾ, ਪੋਟਾ ਪੋਟਾ ਵਿੱਥ——ਜਦੋਂ ਇਹ ਦੱਸਣਾ ਹੋਵੇ ਕਿ ਦੂਰ ਨੇੜੇ ਦੀ ਸਕੀਰੀ ਅਨੁਸਾਰ ਹੀ ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਨਾਲ ਵਰਤਾਉ ਕੀਤਾ ਜਾਂਦਾ ਹੈ ਉਦੋਂ ਇਹ ਅਖਾਣ ਬੋਲਦੇ ਹਨ।

ਉੱਗਲ ਵੱਢੀ ਲਹੂ ਵਗਾਇਆ, ਸਾਡਾ ਸਾਥੀ ਹੋਰ ਵੀ ਆਇਆ——ਜਦੋਂ ਵਿਗੜਿਆਂ ਤਿਗੜਿਆਂ ਵਿੱਚ ਕੋਈ ਹੋਰ ਵਿਗੜਿਆ ਤਿਗੜਿਆ ਆ ਰਲੇ ਉਦੋਂ ਕਹਿੰਦੇ ਹਨ।

ਉਗਲ਼ੇ ਤਾਂ ਅੰਨ੍ਹਾ, ਖਾਏ ਤਾਂ ਕੋਹੜੀ——ਜਦੋਂ ਕਿਸੇ ਪੁਰਸ਼ ਨੂੰ ਕੋਈ ਅਜਿਹਾ ਫ਼ੈਸਲਾ ਜਾਂ ਕੰਮ ਕਰਨਾ ਪੈ ਜਾਵੇ ਜਿਸ ਨਾਲ ਉਸ ਨੂੰ ਉਹਨਾਂ ਦੋਹਾਂ ਧਿਰਾਂ ਤੋਂ ਦੁਖ ਜਾਂ ਨੁਕਸਾਨ ਪਹੁੰਚੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਉਘਰੀ ਸੋ ਪਈ, ਪਈ ਸੋ ਸਹੀ——ਇਸ ਅਖਾਣ ਦਾ ਭਾਵ ਇਹ ਹੈ ਜਦੋਂ ਕੋਈ ਮੁਸੀਬਤ ਜਾਂ ਦੁੱਖ ਗਲ਼ ਪੈ ਜਾਵੇ ਤਾਂ ਉਸ ਨੂੰ ਸਹਿਣਾ ਹੀ ਪੈਂਦਾ ਹੈ।

ਉਚਰ ਜੀਵੇ, ਜਿੱਚਰ ਮਟਕਾਵੇ——ਭਾਵ ਇਹ ਹੈ ਕਿ ਜਿਹੜੀ ਜ਼ਿੰਦਗੀ ਸਾਨੂੰ ਪ੍ਰਾਪਤ ਹੋਈ ਹੈ ਉਸ ਨੂੰ ਸ਼ਾਨੋ ਸ਼ੌਕਤ ਨਾਲ਼ ਅਤੇ ਟੌਹਰ ਨਾਲ ਜੀਵੋ।

ਉਚਰ ਪੁੱਤਰ ਪਿਉ ਦਾ, ਜਿੱਚਰ ਮੂੰਹ ਨਹੀਂ ਡਿੱਠਾ ਪਰਾਈ ਧੀਓ ਦਾ——ਜਦੋਂ ਪੁੱਤਰ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਦਾ ਆਪਣੇ ਮਾਪਿਆਂ ਨਾਲ ਪਹਿਲਾਂ ਵਰਗਾ ਵਰਤਾਉ ਨਹੀਂ ਰਹਿੰਦਾ, ਉਹ ਬਦਲ ਜਾਂਦਾ ਹੈ।

ਉੱਚਾ ਗਾਉਂ ਭਲਾ, ਨੀਚਾ ਖੇਤ ਭਲਾ ——ਇਸ ਅਖਾਣ ਦਾ ਭਾਵ ਇਹ ਹੈ ਕਿ ਪਿੰਡ ਉੱਚੇ ਥਾਂ 'ਤੇ ਹੀ ਬੰਨ੍ਹਣਾ ਚਾਹੀਦਾ ਹੈ ਤਾਂ ਜੋ ਹੜ੍ਹ ਦਾ ਡਰ ਨਾ ਰਹੇ ਤੇ ਖੇਤੀ ਵਾਲ਼ੀ ਜ਼ਮੀਨ ਨੀਵੀਂ ਥਾਂ ਚੰਗੀ ਹੁੰਦੀ ਹੈ ਜਿੱਥੇ ਪਾਣੀ ਸੌਖ ਨਾਲ ਪੁੱਜ ਜਾਂਦਾ ਹੋਵੇ।

ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ——ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਬੰਦਾ ਵੇਖਣ ਨੂੰ ਵਾਹਵਾ ਸੁਹਣਾ ਲੱਗੇ ਪ੍ਰੰਤੂ ਅੰਦਰੋਂ ਖੋਖਲਾ ਹੋਵੇ, ਬਾਹਰੋਂ ਮਜ਼ਬੂਤ ਤੇ ਕੰਮ ਕਰਨ ਨੂੰ ਨਿਕੰਮਾ।

ਉੱਚੀ ਦੁਕਾਨ ਫਿੱਕਾ ਪਕਵਾਨ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਬੰਦੇ ਦਾ ਨਾਂ ਤਾਂ ਬੜਾ ਮਸ਼ਹੂਰ ਹੋਵੇ ਪ੍ਰੰਤੂ ਵਰਤੋਂ ਵਿਹਾਰ ਵਿੱਚ ਉਹ ਅਤਿ ਕਮੀਨਾ ਤੇ ਮਾੜਾ ਸਾਬਤ ਹੋ ਜਾਵੇ।

ਉੱਚੇ ਚੜ੍ਹ ਕੇ ਦੇਖਿਆ ਘਰ ਘਰ ਏਹਾ ਅੱਗ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਅਸੀਂ ਡੂੰਘੀ ਨਜ਼ਰ ਨਾਲ ਵੇਖੀਏ ਤਾਂ ਸਾਰੇ ਪਾਸੇ ਦੁਖ ਹੀ ਦੁਖ ਨਜ਼ਰੀਂ ਆਉਂਦੇ ਹਨ।

ਉਜੜ ਖੇੜਾ ਤੇ ਨਾਂ ਨਬੇੜਾ -ਜਦੋਂ ਕਿਸੇ ਦਾ ਖਾਸਾ (ਅਸਲ ਰੂਪ) ਉਸ ਦੇ ਨਾਂ ’ਤੇ ਉਸ ਦੀ ਪ੍ਰਸਿੱਧੀ ਨਾਲੋਂ ਨੀਵਾਂ ਤੇ ਘਟੀਆ ਸਾਬਤ ਹੋ ਜਾਵੇ ਉਦੋਂ ਇਹ ਅਖਾਣਾ ਵਰਤਿਆ ਜਾਂਦਾ ਹੈ।

ਉਜੜੀ ਮਸੀਤ ਦੇ ਗਾਲੜ ਅਮਾਮ-ਜਦੋਂ ਭੈੜੇ ਵਾਤਾਵਰਣ ਅਤੇ ਮਾੜੇ ਆਲੇ-ਦੁਆਲੇ ਵਿੱਚ ਕਿਸੇ ਘਟੀਆ ਬੰਦੇ ਜਾਂ ਵਸਤੂ ਨੂੰ ਮਾਨਤਾ ਪ੍ਰਾਪਤ ਹੋ ਜਾਵੇ ਉਦੋਂ ਇਹ ਅਖਾਣ ਬੋਲਦੇ ਹਨ।

ਉਜੜੀਆਂ ਭਰਜਾਈਆਂ, ਵਲੀ ਜਿਨ੍ਹਾਂ ਦੇ ਜੇਠ -ਜਿਨ੍ਹਾਂ ਘਰਾਂ ਵਿੱਚ ਵੱਡੇ ਤੇ ਸਿਆਣੇ ਬੰਦੇ ਨਿਕੰਮੇ ਹੋ ਜਾਣ ਤਾਂ ਉਹਨਾਂ ਤੇ ਨਿਰਭਰ ਕਰਨ ਵਾਲਿਆਂ ਦਾ ਹਾਲ ਭੈੜਾ ਹੋ ਜਾਂਦਾ ਹੈ।

ਉਜੜੇ ਪਿੰਡ ਭੜੋਲਾ ਮਹਿਲ-ਜਦੋਂ ਮੁਕਾਬਲੇ ਵਿੱਚ ਕੋਈ ਚੰਗੀ ਚੀਜ਼ ਨਾ ਹੋਵੇ ਤਾਂ ਮੰਦੀ ਚੀਜ਼ ਨੂੰ ਹੀ ਮਾਨਤਾ ਪ੍ਰਾਪਤ ਹੋ ਜਾਂਦੀ ਹੈ।

ਉਜੜੇ ਬਾਗਾਂ ਦੇ ਗਾਲੜ ਪਟਵਾਰੀ-ਜਦੋਂ ਕਿਸੇ ਮੁਹਤਵਰ ਤੇ ਤਕੜੇ ਬੰਦੇ ਦੀ ਅਣਹੋਂਦ ਕਾਰਨ ਕਿਸੇ ਮਾੜੇ ਤੇ ਸਧਾਰਨ ਬੰਦੇ ਨੂੰ ਮੋਹਰੀ ਬਣਾ ਲਿਆ ਜਾਂਦਾ ਹੈ ਉਦੋਂ ਇਹ ਅਖਾਣ ਵਰਤਦੇ ਹਨ।

ਉੱਠੇ ਤਾਂ ਉੱਠ ਨਹੀਂ ਰੇਤ ਦੀ ਮੁੱਠ-ਉਹ ਵਿਅਕਤੀ ਹੀ ਚੰਗਾ ਹੈ ਜਿਹੜਾ ਤੁਰਨ ਫਿਰਨ ਤੇ ਕੰਮ-ਕਾਰ ਕਰਨ ਦੇ ਯੋਗ ਹੋਵੇ। | ਉਠ ਨਾ ਸਕਾਂ ਫਿੱਟੇ ਮੂੰਹ ਗੋਡਿਆਂ ਦਾ-ਜਦੋਂ ਬੰਦਾ ਆਪ ਕੰਮ ਕਰਨ ਜੋਗਾ ਨਾ ਰਹੇ ਤੇ ਦੂਜਿਆਂ ਤੇ ਦੋਸ਼ ਮੜੀ ਜਾਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਉਠ ਨੀ ਲੋਹੀਏ ਬੱਕਰੀਏ, ਤੇਰਾ ਸਾਥ ਗਿਆ ਈ ਦੂਰ-ਕਿਸੇ ਆਲਸੀ ਬੰਦੇ ਦੀ ਸੁਸਤੀ ਦੂਰ ਕਰਨ ਅਤੇ ਅੱਧ ਵਿਚਾਲੇ ਛੱਡੇ ਕੰਮ ਨੂੰ ਮੁਕਾਉਣ ਲਈ ਪ੍ਰੇਰਣਾ ਦੇਣ ਵਾਸਤੇ ਇਹ ਅਖਾਣ ਕਹਿੰਦੇ ਹਨ।

ਉਠ ਦੀ ਨੂੰਹੇਂ, ਨਿੱਸਲ ਹੋ, ਚਰਖਾ ਛੱਡ ਤੇ ਚੱਕੀ ਝੋ-ਜਦੋਂ ਚਲਾਕੀ ਤੇ ਹੁਸ਼ਿਆਰੀ ਨਾਲ ਕਿਸੇ ਸੌਖਾ ਕੰਮ ਕਰ ਰਹੇ ਬੰਦੇ ਨੂੰ ਔਖਾ ਕੰਮ ਸੌਂਪਿਆ ਜਾਵੇ ਤਾਂ ਉਦੋਂ ਕਹਿੰਦੇ ਹਨ।

ਉਠੋ ਮੁਰਦਿਓ ਖੀਰ ਖਾਓ-ਜਦੋਂ ਕਿਸੇ ਆਲਸੀ ਬੰਦੇ ਨੂੰ ਉਹਦੇ ਮਨਭਾਉਂਦਾ ਕੰਮ ਕਰਨ ਲਈ ਦੱਸਿਆ ਜਾਵੇ ਉਦੋਂ ਮਖੌਲ ਨਾਲ ਇਹ ਅਖਾਣ ਬੋਲਦੇ ਹਨ।

ਉਡ ਗਈ ਜ਼ਾਤ, ਰਹਿ ਗਈ ਕਮਜ਼ਾਤ-ਕਿਸੇ ਚੰਗੇ ਬੰਦੇ ਦੇ ਚਲੇ ਜਾਣ ਮਗਰੋਂ ਪਿੱਛੇ ਰਹਿ ਗਏ ਘਟੀਆ ਕਿਰਦਾਰ ਵਾਲੇ ਬੰਦੇ ਨੂੰ ਇਹ ਸ਼ਬਦ ਵਿਅੰਗ ਨਾਲ ਕਹੇ ਜਾਂਦੇ ਹਨ।

ਉੱਡ ਭੰਵੀਰੀ ਸਾਵਣ ਆਇਆ——ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਕੰਮ ਨੂੰ ਕਰਨ ਦਾ ਯੋਗ ਤੇ ਢੁੱਕਵਾਂ ਸਮਾਂ ਆ ਗਿਆ ਹੈ ਉਦੋਂ ਇਹ ਅਖਾਣ ਵਰਤਦੇ ਹਨ।

ਉਤਮ ਖੇਤੀ, ਮਧ ਵਿਉਪਾਰ, ਨਖਿਧ ਚਾਕਰੀ ਭੀਖ ਨਦਾਰ——ਇਸ ਅਖਾਣ ਵਿੱਚ ਤਿੰਨਾਂ ਪ੍ਰਮੁੱਖ ਕਿੱਤਿਆਂ ਦਾ ਟਾਕਰਾ ਕਰਕੇ ਦੱਸਿਆ ਗਿਆ ਹੈ ਖੇਤੀ ਦਾ ਧੰਦਾ ਸਭ ਤੋਂ ਚੰਗਾ ਹੈ, ਦੂਜੇ ਦਰਜੇ 'ਤੇ ਵਿਉਪਾਰ ਆਉਂਦਾ ਹੈ ਤੇ ਸਭ ਤੋਂ ਘਟੀਆ ਨੌਕਰੀ ਹੈ।

ਉੱਤਰ ਮੇਲੇ ਪੂਰਾ ਵਸਾਏ, ਦੱਖਣ ਵਸਦੇ ਨੂੰ ਵੰਜਾਏ, ਜੇ ਦੱਖਣ ਵਸਾਏ ਤਾਂ ਥਲ ਪਾਣੀ ਦਾ ਬਣਾਏ——ਇਸ ਅਖਾਣ ਵਿੱਚ ਬੱਦਲਾਂ ਉੱਤੇ ਹਵਾਵਾਂ ਦੇ ਅਸਰਾਂ ਦਾ ਵਰਨਣ ਕੀਤਾ ਗਿਆ ਹੈ ਜਿਵੇਂ ਕਿ ਉੱਤਰ ਦੀ ਹਵਾ ਬੱਦਲਾਂ ਨੂੰ ਇਕੱਠੇ ਕਰਦੀ ਹੈ ਤੇ ਪੁਰੇ ਦੀ ਹਵਾ ਬੱਦਲ ਬਰਸਾਉਂਦੀ ਹੈ। ਦੱਖਣ ਦੀ ਹਵਾ ਚੱਲਣ ਨਾਲ਼ ਵਰ੍ਹਦੇ ਬੱਦਲ ਉੱਡ ਜਾਂਦੇ ਹਨ ਪ੍ਰੰਤੂ ਜੇ ਦੱਖਣ ਦੀ ਹਵਾ ਨਾਲ ਬੱਦਲ ਵੱਸਣ ਲੱਗ ਜਾਣ ਤਾਂ ਬਹੁਤ ਵਰਖਾ ਹੁੰਦੀ ਹੈ।

ਉਤਾਵਲਾ ਸੋ ਬਾਵਲਾ——ਕਾਹਲ਼ੀ ਕਰਨ ਨਾਲ਼ ਕੰਮ ਵਿਗੜ ਜਾਂਦਾ ਹੈ। ਇਸ ਲਈ ਕੰਮ ਸਹਿਜ ਮਤੇ ਨਾਲ਼ ਕਰਨਾ ਯੋਗ ਹੈ।

ਉੱਤੋਂ ਬੀਬੀਆਂ ਦਾਹੜੀਆ ਵਿਚੋਂ ਕਾਲੇ ਕਾਂ——ਜਦੋਂ ਕਿਸੇ ਬੰਦੇ ਦਾ ਬਾਹਰਲਾ ਸਰੂਪ ਤਾਂ ਬਹੁਤ ਵਧੀਆ ਹੋਵੇ ਪ੍ਰੰਤੂ ਅਮਲ ਸਮੇਂ ਉਹ ਘਟੀਆ ਕੰਮ ਕਰੇ ਉਦੋਂ ਇਹ ਅਖਾਣ ਵਰਤਦੇ ਹਨ।

ਉਥੇ ਜਾਈਂ ਭਲਿਆ, ਜਿੱਥੇ ਪਿਉ ਤੇ ਦਾਦਾ ਚੱਲਿਆ——ਚੰਗੀ ਤੇ ਸਾਊ ਉਲਾਦ ਉਹ ਹੁੰਦੀ ਹੈ ਜਿਹੜੀ ਆਪਣੇ ਪਿਉ-ਦਾਦੇ ਦੇ ਪੂਰਨਿਆਂ 'ਤੇ ਚੱਲੇ।

ਉਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਵੇਂ ਪੱਖਾ ਝੱਲਣ ਨਾਲ਼ ਹਵਾ ਪ੍ਰਾਪਤ ਕੀਤੀ ਜਾ ਸਕਦੀ ਹੈ ਉਵੇਂ ਹੀ ਹਿੰਮਤ ਕਰਨ ਨਾਲ਼ ਧਨ ਪ੍ਰਾਪਤ ਹੋ ਸਕਦਾ ਹੈ।

ਉਧਰੋਂ ਸ਼ਿਕਾਰ ਉਠਿਆ ਤੇ ਕੁੱਤੀ ਨੂੰ ਮੂਤ ਆ ਗਿਆ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਯੋਗ ਸਮੇਂ ਤੇ ਕੰਮ ਨਾ ਕਰੇ ਤੇ ਲੋੜ ਸਮੇਂ ਕੰਮ ਨਾ ਆਵੇ।

ਉੱਧਲ ਗਈਆਂ ਨੂੰ ਦਾਜ ਕੌਣ ਦੇਂਦਾ ਹੈ——ਭਾਵ ਇਹ ਹੈ ਕਿ ਜਦੋਂ ਕੋਈ ਆਪਣੇ ਵਡੇਰਿਆਂ ਦੀ ਮਰਜ਼ੀ ਦੇ ਵਿਰੁੱਧ ਕੋਈ ਕਾਰਜ ਕਰਦਾ ਹੈ ਤਾਂ ਉਸ ਨੂੰ ਕੋਈ ਮਾਲੀ ਮਦਦ ਜਾਂ ਮੁਆਵਜ਼ਾ ਨਹੀਂ ਮਿਲਦਾ। ਨਾ ਹੀ ਉਸ ਨੂੰ ਕੋਈ ਅਧਿਕਾਰ ਮੰਗਣ ਦਾ ਹੱਕ ਰਹਿੰਦਾ ਹੈ।

ਉਧਾਰ ਦਏ ਦੋਵੇਂ ਗਏ——ਭਾਵ ਇਹ ਹੈ ਕਿ ਜਿਹੜਾ ਬੰਦਾ ਉਧਾਰ ਦੇਂਦਾ ਹੈ ਉਹ ਆਪਣਾ ਧੰਨ ਵੀ ਗੁਆ ਬਹਿੰਦਾ ਹੈ ਤੇ ਮਿੱਤਰਤਾ ਵੀ ਕਿਉਂਕਿ ਸਮੇਂ ਸਿਰ ਉਧਾਰ ਮੁੜਦਾ ਨਹੀਂ ਜਿਸ ਕਰਕੇ ਮਿੱਤਰਤਾ ਵਿੱਚ ਕੁੜੱਤਣ ਆ ਜਾਂਦੀ ਹੈ। ਉਧਾਰ ਨਾ ਲੈ, ਕਾਹਦਾ ਭੈ——ਜਿਹੜੇ ਬੰਦੇ ਆਪਣੀ ਚਾਦਰ ਵੇਖ ਕੇ ਪੈਰ ਪਸਾਰਦੇ ਹਨ ਉਹ ਸੁਖੀ ਰਹਿੰਦੇ ਹਨ। ਉਧਾਰ ਨਾ ਲੈਣ ਵਾਲ਼ਿਆਂ ਨੂੰ ਕਿਸੇ ਵੀ ਕਿਸਮ ਦਾ ਡਰ ਨਹੀਂ ਰਹਿੰਦਾ।

ਉਧਾਰ ਲਿਆ ਤੇ ਮੱਥੇ ਲੱਗਣੋਂ ਗਿਆ——ਉਧਾਰ ਲੈਣ ਵਾਲਾ ਪੁਰਸ਼ ਜੇਕਰ ਉਧਾਰ ਮੋੜਨ ਦੇ ਸਮਰੱਥ ਨਾ ਹੋਵੇ ਤਾਂ ਉਹ ਉਧਾਰ ਦੇਣ ਵਾਲ਼ੇ ਦੇ ਮੱਥੇ ਲੱਗਣੋਂ ਵੀ ਝਿਜਕਦਾ ਹੈ।

ਉਨ ਦੀ ਚੋਲੀ, ਰੇਸ਼ਮ ਦਾ ਬਖੀਆ——ਘਟੀਆ ਤੇ ਵਧੀਆ ਚੀਜ਼ਾਂ ਦੇ ਸੁਮੇਲ ਨੂੰ ਵੇਖ ਕੇ ਇਹ ਅਖਾਣ ਵਰਤਿਆ ਜਾਂਦਾ ਹੈ।

ਉਪਰੋਂ ਡਿੱਗਾ ਸੰਭਲੇ ਪਰ ਨਜ਼ਰੋਂ ਡਿੱਗਾ ਨਾ ਸੰਭਲੇ——ਭਾਵ ਇਹ ਹੈ ਕਿ ਆਪਣੇ ਕਾਰੋਬਾਰ ਵਿੱਚ ਅਸਫ਼ਲ ਹੋਇਆ ਬੰਦਾ ਮੁੜ ਪੈਰਾਂ 'ਤੇ ਖੜ੍ਹਾ ਹੋ ਸਕਦਾ ਹੈ ਪ੍ਰੰਤੂ ਕਿਸੇ ਦੀਆਂ ਨਜ਼ਰਾਂ ਵਿੱਚ ਡਿੱਗਿਆ ਹੋਇਆ ਬੰਦਾ ਆਪਣਾ ਸਤਿਕਾਰ ਮੁੜਕੇ ਬਹਾਲ ਨਹੀਂ ਕਰ ਸਕਦਾ।

ਉਰਾਰ ਨਾ ਪਾਰ, ਲਟਕੇ ਵਿਚਕਾਰ——ਇਹ ਅਖਾਣ ਉਸ ਬੰਦੇ ਦੀ ਮਾਨਸਿਕ ਹਾਲਤ ਦਾ ਵਰਨਣ ਕਰਦਾ ਹੈ ਜੋ ਕੋਈ ਠੋਸ ਫ਼ੈਸਲਾ ਨਹੀਂ ਲੈ ਸਕਦਾ ਤੇ ਡਾਵਾਂ ਡੋਲ ਰਹਿੰਦਾ ਹੈ।

ਉਲਟਾ ਚੋਰ ਕੋਤਵਾਲ ਨੂੰ ਡਾਂਟੇ——ਜਦੋਂ ਕੋਈ ਦੋਸ਼ੀ ਦੋਸ਼ ਲਾਉਣ ਵਾਲੇ 'ਤੇ ਹੀ ਵਰ੍ਹ ਪਵੇ, ਉਦੋਂ ਇਹ ਅਖਾਣ ਵਰਤਦੇ ਹਨ।

ਉਲਟੀ ਗੰਗਾ ਪਹੋਏ ਨੂੰ——ਜਦੋਂ ਕੋਈ ਪੁਰਸ਼ ਸਮਾਜਿਕ ਰਹੁ-ਰੀਤਾਂ ਦੀ ਉਪੇਖਸ਼ਾ ਕਰਕੇ ਵਿਹਾਰ ਕਰੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਉਲਟੀ ਬਾੜ ਖੇਤ ਨੂੰ ਖਾਏ——ਜਦੋਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਵਾਲੇ ਹੀ ਲੋਕਾਂ ਨੂੰ ਲੁੱਟਣ ਲੱਗ ਜਾਣ ਉਦੋਂ ਇਹ ਅਖਾਣ ਵਰਤਦੇ ਹਨ।

ਉਲਟੇ ਬਾਂਸ ਬਰੇਲੀ ਨੂੰ——ਜਦੋਂ ਕੋਈ ਪੁਰਸ਼ ਸਮਾਜਿਕ ਰਹੁ-ਰੀਤਾਂ ਨੂੰ ਛਿੱਕੇ ਟੰਗ ਕੇ ਉਲਟੀ ਗਲ ਕਰੇ ਉਸ ਨੂੰ ਮੂਰਖ਼ ਸਿੱਧ ਕਰਨ ਲਈ ਇਹ ਅਖਾਣ ਵਰਤਦੇ ਹਨ।

ਉਲਟੇ ਬਾਂਹ ਸੁਲੱਖਣੀ, ਵਿੱਚੋਂ ਪੱਛੀ ਸੱਖਣੀ——ਜਦੋਂ ਕੋਈ ਬੰਦਾ ਉਪਰੋਂ ਉਪਰੋਂ ਬਹੁਤ ਕੰਮ ਕਰਨ ਦਾ ਵਿਖਾਵਾ ਕਰੇ ਪ੍ਰੰਤੂ ਅੰਦਰੋਂ ਡੱਕਾ ਦੂਹਰਾ ਨਾ ਕਰੇ ਉਦੋਂ ਕਹਿੰਦੇ ਹਨ।

ਊਠ ਆਪਣੇ ਆਪ ਨੂੰ ਉਦੋਂ ਸਮਝਦੈ ਜਦੋਂ ਪਹਾੜ ਥੱਲ੍ਹੇ ਖੜੋਵੇ——ਆਪਣੀ ਹੈਸੀਅਤ, ਗੁਣਾਂ, ਧਨ, ਦੌਲਤ ਅਤੇ ਰੂਪ ਦਾ ਉਦੋਂ ਸਹੀ ਪਤਾ ਲੱਗਦੈ ਜਦੋਂ ਤੁਹਾਡੇ ਤੋਂ ਵਧ ਗੁਣਵਾਨ, ਰੂਪਵੰਤ ਅਤੇ ਧੰਨਵਾਨ ਨਾਲ ਟਾਕਰਾ ਹੋ ਜਾਵੇ।

ਊਠ ਅੜਾਉਂਦੇ ਹੀ ਲੱਦੀ ਦੇ ਨੇ——ਇਹ ਅਖਾਣ ਉਹਨਾਂ ਬੰਦਿਆਂ ਲਈ ਵਰਤਿਆ ਜਾਂਦਾ ਹੈ ਜਿਹੜੇ ਸਖ਼ਤੀ ਕੀਤੇ ਬਿਨਾਂ ਕੰਮ ਨਹੀਂ ਕਰਦੇ। ਊਠ ਖਾਲ੍ਹੀ ਵੀ ਅੜਾਏ ਤੇ ਲੱਦਿਆ ਵੀ——ਇਹ ਅਖਾਣ ਵੀ ਉਹਨਾਂ ਕੰਮ ਚੋਰਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਕੋਈ ਵੀ ਔਖਾ-ਸੌਖਾ ਕੰਮ ਕਰਨ ਵੇਲੇ ਮੂੰਹ ਵੱਟੀ ਰਖਦੇ ਹਨ।

ਊਠ ਚਾਲੀ ਤੇ ਬੋਤਾ ਪੰਤਾਲੀ——ਜਦੋਂ ਕਿਸੇ ਵੱਡੀ ਤੇ ਵਧੀਆ ਚੀਜ਼ ਦੇ ਟਾਕਰੇ ਤੇ ਛੋਟੀ ਤੇ ਘਟੀਆ ਚੀਜ਼ ਦਾ ਮੁੱਲ ਪਾਇਆ ਜਾਵੇ ਉਦੋਂ ਇਹ ਅਖਾਣ ਵਰਤਦੇ ਹਨ।

ਊਠ ਤੇ ਚੜ੍ਹੀ ਨੂੰ ਕੁੱਤਾ ਵੱਡੂ——ਜਦੋਂ ਕੋਈ ਬੰਦਾ ਖ਼ਤਰੇ ਦੀ ਸੰਭਾਵਨਾ ਤੋਂ ਦੂਰ ਹੁੰਦਾ ਹੋਇਆ ਵੀ ਐਵੇਂ ਡਰੀ ਜਾਵੇ ਉਦੋਂ ਕਹਿੰਦੇ ਹਨ।

ਊਠ ਤੋਂ ਛਾਨਣੀ ਲਾਹਿਆਂ ਭਾਰ ਹੌਲ਼ਾ ਨੀ ਹੁੰਦਾ——ਜਦੋਂ ਕਿਸੇ ਵਿਅਕਤੀ ਦੇ ਜੁੰਮੇ ਲੱਗੇ ਬਹੁਤ ਸਾਰੇ ਕੰਮਾਂ ਵਿੱਚੋਂ ਨਾਮਾਤਰ ਕੰਮ ਘਟਾ ਦਿੱਤਾ ਜਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਊਠ ਦਾ ਪੱਦ ਉੱਚਾ ਜਾਏ——ਭਾਵ ਇਹ ਕਿ ਵੱਡੇ ਲੋਕਾਂ ਦੇ ਐਬ ਵੀ ਲੁਕੇ ਰਹਿੰਦੇ ਹਨ।

ਊਠ ਦਾ ਪੱਦ ਨਾ ਜ਼ਮੀਂ ਨਾ ਆਸਮਾਨ——ਜਦੋਂ ਕੋਈ ਬਿਨਾਂ ਸਿਰ-ਪੈਰ ਤੋਂ ਗੱਪਾਂ ਮਾਰੇ, ਬੇਥਵੀਆਂ ਮਾਰੇ, ਓਦੋਂ ਇੰਜ ਆਖਦੇ ਹਨ।

ਊਠ ਦੇ ਗਲ਼ ਟੱਲੀ——ਜਦੋਂ ਕਿਸੇ ਲੰਮੇ ਕਦ ਵਾਲੇ ਪੁਰਸ਼ ਨਾਲ਼ ਛੋਟੇ ਕਦ ਵਾਲ਼ੀ ਪਤਨੀ ਜਾ ਰਹੀ ਹੋਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਊਠ ਦੇ ਮੂੰਹ ਜ਼ੀਰਾ——ਬਹੁਤ ਸਾਰੀ ਲੋੜੀਂਦੀ ਵਸਤੂ ਦੀ ਥਾਂ ਜਦੋਂ ਥੋੜ੍ਹੀ ਮਾਤਰਾ ਵਿੱਚ ਕੰਮ ਸਾਰਨ ਲਈ ਕਿਹਾ ਜਾਂਦਾ ਹੈ, ਉਦੋਂ ਇਹ ਅਖਾਣ ਵਰਤਦੇ ਹਨ।

ਊਠ ਨਾ ਕੁੱਦੇ, ਬੋਰੇ ਕੁੱਦੇ——ਭਾਵ ਇਹ ਹੈ ਕਿ ਜਦੋਂ ਕੋਈ ਬੇ-ਹੱਕਾ ਹੱਕਦਾਰ ਦੀ ਥਾਂ ਆਪਣਾ ਹੱਕ ਜਤਾਉਣ ਲਈ ਅਜਾਈਂ ਰੌਲ਼ਾ ਰੱਪਾ ਪਾਉਣ ਲੱਗੇ। |

ਊਠ ਨਾ ਪੁੱਦਿਆ, ਜੇ ਪੱਦਿਆ ਤਾਂ ਫੁੱਸ——ਜਦੋਂ ਕੋਈ ਮੂਰਖ਼ ਬੰਦਾ ਆਪਣੇ ਆਪ ਨੂੰ ਸਿਆਣਾ ਸਿੱਧ ਕਰਨ ਲਈ ਕੋਈ ਮੂਰਖਾਂ ਵਾਲ਼ੀ ਗੱਲ ਕਰੋ, ਓਦੋਂ ਆਖਦੇ ਹਨ।

ਊਠ ਬੁੱਢਾ ਹੋ ਗਿਆ ਪਰ ਮੂਤਣਾ ਨੀ ਆਇਆ——ਜਦੋਂ ਕੋਈ ਵਡੇਰੀ ਉਮਰ ਦਾ ਪੁਰਸ਼ ਕੁਚੱਜੇ ਕੰਮ ਕਰੇ, ਉਦੋਂ ਇਹ ਅਖਾਣ ਵਰਤਦੇ ਹਨ।

ਊਠ ਬੋਲੁਗਾ ਤਾਂ ਲਾਣੇ ਦੀ ਬੋ ਆਊਗੀ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮੂਰਖ਼ ਆਦਮੀ ਸਮਾਂ ਤੇ ਸਥਾਨ ਵੇਖ ਕੇ ਗੱਲ ਨਹੀਂ ਕਰਦਾ ਜਦੋਂ ਬੋਲੇਗਾ ਮੂਰਖ਼ਾਂ ਵਾਲੀ ਗੱਲ ਹੀ ਕਰੇਗਾ।

ਊਨਾਂ ਨੂੰ ਛੱਪਰ ਕੌਣ ਪਾਉਂਦੈ——ਭਾਵ ਇਹ ਮਿਹਨਤੀ ਤੇ ਨਰੋਏ ਸਰੀਰਾਂ ਵਾਲਿਆਂ ਨੂੰ ਸੁਖ ਸਹੂਲਤਾਂ ਪ੍ਰਾਪਤ ਨਹੀਂ ਹੁੰਦੀਆਂ। ਉਹ ਆਪਣੇ ਸਿਰੜ ਨਾਲ਼ ਹੀ ਕੰਮ ਕਰੀ ਜਾਂਦੇ ਹਨ। ਊਠਾਂ ਵਾਲ਼ਿਆਂ ਨਾਲ਼ ਯਾਰੀ ਤੇ ਦਰ ਨੀਵੇਂ——ਜਦੋਂ ਕੋਈ ਸਧਾਰਨ ਵਸੀਲਿਆਂ ਵਾਲਾ ਬੰਦਾ ਕਿਸੇ ਧਨਾਢ ਬੰਦੇ ਨਾਲ਼ ਰਿਸ਼ਤੇਦਾਰੀ ਜਾਂ ਦੋਸਤੀ ਪਾ ਲਵੇ ਪੰਤੁ ਖ਼ਰਚ ਕਰਨ ਲੱਗਿਆਂ ਸੰਕੋਚ ਕਰੇ, ਉਦੋਂ ਇਹ ਅਖਾਣ ਵਰਤਦੇ ਹਨ।

ਊਣਾਂ ਭਾਂਡਾ ਈ ਉਛਲਦੈ——ਭਾਵ ਇਹ ਘਟੀਆ ਤੇ ਮਾੜੇ ਜਿਗਰੇ ਵਾਲਾ ਬੰਦਾ ਹੀ ਫ਼ੂੰ ਫ਼ਾਂ ਵਖਾਉਂਦਾ ਏ-ਥੋੜ੍ਹੀ ਔਕਾਤ ਵਾਲੇ ਹੀ ਵਧੇਰੇ ਵਿਖਾਵਾ ਕਰਦੇ ਹਨ।

ਉਹੀ ਬੁੜੀ ਖੋਤੀ, ਉਹੀ ਰਾਮ ਦਿਆਲ——ਇਹ ਅਖਾਣ ਉਦੋਂ ਵਰਤਦੇ ਹਨ, ਜਦੋਂ ਕਿਸੇ ਬੰਦੇ ਬਾਰੇ ਇਹ ਦੱਸਣਾ ਹੋਵੇ ਕਿ ਉਸ ਨੇ ਸਾਰੀ ਉਮਰ ਇਕੋ ਹੀ ਕੰਮ ਕੀਤਾ ਹੈ ਜਾਂ ਸਾਰਾ ਜੀਵਨ ਥੋੜ੍ਹੀ ਆਮਦਨ ਨਾਲ਼ ਹੀ ਗੁਜ਼ਾਰਿਆ ਹੈ।

ਉਹੀ ਰਾਣੀ ਜੋ ਖਸਮੇ ਖਾਣੀ——ਉਹ ਵਸਤੂ ਚੰਗੀ ਹੈ ਜਿਹੜੀ ਕਿਸੇ ਦੇ ਮਨ ਨੂੰ ਭਾਅ ਜਾਵੇ।

ਉਹੀ ਤੁਤੜੀ ਦੇ ਉਹੋ ਰਾਗ——ਜਦੋਂ ਕੋਈ ਬੰਦਾ ਮੁੜ-ਮੁੜ ਇਕੋ ਗੱਲ ਦੁਹਰਾਈ ਜਾਵੇ, ਜਾਂ ਕਿਸੇ ਬੰਦੇ ਦੀਆਂ ਭੈੜੀਆਂ ਆਦਤਾਂ ਤੇ ਸੁਭਾਅ ਵਿੱਚ ਲੰਮਾ ਸਮਾਂ ਬੀਤ ਜਾਣ ਮਗਰੋਂ ਵੀ ਕੋਈ ਫ਼ਰਕ ਨਾ ਪਿਆ ਹੋਵੇ, ਉਦੋਂ ਕਹਿੰਦੇ ਹਨ।

ਓੜਕ ਬੱਚਾ ਮੂਲਿਆ ਮੁੜ ਹੱਟੀ ਬਹਿਣਾ——ਜਦੋਂ ਕੋਈ ਵਿਅਕਤੀ ਆਪਣਾ ਜੱਦੀ ਪੁਸ਼ਤੀ ਪੇਸ਼ਾ ਛੱਡ ਕੇ, ਦੂਜਾ ਪੇਸ਼ਾ ਅਪਣਾ ਕੇ, ਅਸਫ਼ਲ ਹੋਣ ਮਗਰੋਂ ਮੁੜ ਆਪਣੇ ਜੱਦੀ ਪੁਸ਼ਤੀ ਪੇਸ਼ੇ ਨੂੰ ਅਪਣਾ ਲਵੇ, ਉਦੋਂ ਇਹ ਅਖਾਣ ਵਰਤਦੇ ਹਨ।

ਅਓਸਰ ਚੁੱਕਾ ਹੱਥ ਨਾ ਆਵੇ——ਪ੍ਰਾਪਤ ਹੋਏ ਮੌਕੇ ਦਾ ਲਾਭ ਉਠਾਉਣ ਲਈ ਇਹ ਅਖਾਣ ਵਰਤਦੇ ਹਨ, ਬੀਤਿਆ ਹੋਇਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ।

ਅਸਮਾਨੋਂ ਡਿੱਗੀ, ਖਜ਼ੂਰ 'ਚ ਅਟਕੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਇਕ ਮੁਸੀਬਤ ਤੋਂ ਦੂਜੀ ਮੁਸੀਬਤ ਵਿੱਚ ਫਸ ਜਾਂਦਾ ਹੈ।

ਅੱਸੀ ਸੀਆਂ ਗਾਜਰਾਂ, ਸੌ ਸੇਈਂ ਕਮਾਦ, ਸਠ ਸੀਆਂ ਲਾ ਕੇ ਦੇਖ ਕਣਕ ਦਾ ਝਾੜ——ਇਸ ਅਖਾਣ ਵਿੱਚ ਵੱਖ-ਵੱਖ ਫ਼ਸਲਾਂ ਦਾ ਚੰਗੇਰਾ ਝਾੜ ਪ੍ਰਾਪਤ ਕਰਨ ਲਈ ਵਾਹੀ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ...ਕਿਹੜੀ-ਕਿਹੜੀ ਫ਼ਸਲ ਲਈ ਕਿੰਨੀ ਵਾਰ ਖੇਤ ਵਾਹੁਣ ਦੀ ਲੋੜ ਹੈ ਉਸ ਬਾਰੇ ਜਾਣਕਾਰੀ ਦੇਂਦਾ ਹੈ ਇਹ ਅਖਾਣ।

ਅੱਸੂ ਜਿੱਤੇ ਤੇ ਅੱਸੂ ਹਾਰੇ——ਇਸ ਅਖਾਣ ਦਾ ਭਾਵ ਇਹ ਹੈ ਕਿ ਹਾੜੀ-ਸਾਉਣੀ ਦੀਆਂ ਫ਼ਸਲਾਂ ਦਾ ਚੰਗਾ ਜਾਂ ਮੰਦਾ ਹੋਣਾ ਅੱਸੂ ਵਿੱਚ ਪਏ ਮੀਂਹ 'ਤੇ ਨਿਰਭਰ ਕਰਦਾ ਹੈ।

ਅੱਸੂ ਮਾਹ ਨਿਰਾਲਾ, ਦਿਨੇ ਧੁੱਪ ਤੇ ਰਾਤੀਂ ਪਾਲਾ——ਇਸ ਅਖਾਣ ਵਿੱਚ ਸਾਲ ਦੇ ਦੂਜਿਆਂ ਮਹੀਨਿਆਂ ਨਾਲੋਂ, ਅੱਸੂ ਮਹੀਨੇ ਦੇ ਵੱਖਰੇਪਣ ਨੂੰ ਦਰਸਾਇਆ ਗਿਆ ਹੈ। ਅੱਸੂ ਵੱਸੇ, ਹਾੜ੍ਹੀ ਸਾਉਣੀ ਦੀ ਨੀਂਹ ਲਾਏ——ਭਾਵ ਇਹ ਹੈ ਕਿ ਜੇਕਰ ਅੱਸੂ ਮਹੀਨੇ ਵਿੱਚ ਭਰਵੀਂ ਬਾਰਸ਼ ਪੈ ਜਾਵੇ ਤਾਂ ਸਾਉਣੀ ਤੇ ਹਾੜ੍ਹੀ ਦੀਆਂ ਫ਼ਸਲਾਂ ਚੰਗੀਆਂ ਹੁੰਦੀਆਂ ਹਨ।

ਅਹਮਕ ਕੱਪੇ ਆਪਣੇ ਪੈਰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਪੁਰਸ਼ ਆਪਣੇ ਕੰਮਾਂ ਤੇ ਮਾੜੇ ਅਮਲਾਂ ਨਾਲ਼ ਆਪਣਾ ਤੇ ਆਪਣੇ ਸਾਕ ਸਬੰਧੀਆਂ ਦਾ ਨੁਕਸਾਨ ਕਰ ਰਿਹਾ ਹੋਵੇ।

ਅਹਰਨ ਕੱਛੇ ਮਾਰਨੀ ਸੂਈ ਦਾ ਕਰਨਾ ਦਾਨ——ਵਡਾਰੂ ਇਹ ਅਖਾਣ ਉਸ ਵਿਅਕਤੀ ਲਈ ਵਰਤਦੇ ਹਨ ਜਦੋਂ ਉਹ ਨਿੱਕੇ-ਨਿੱਕੇ ਕੰਮਾਂ 'ਚ ਈਮਾਨਦਾਰੀ ਵਿਖਾਏ ਪ੍ਰੰਤੂ ਵੱਡੇ-ਵੱਡੇ ਮਾਮਲਿਆਂ ਵਿੱਚ ਘਪਲੇਬਾਜ਼ੀ ਕਰਨੋਂ ਨਾ ਟਲ਼ੇ।

ਅਕਲ ਦਿੰਦਾ ਚੰਗਾ ਤੇ ਟੁਕ ਦੇਂਦਾ ਮੰਦਾ——ਜਦੋਂ ਕੋਈ ਮੂਰਖ਼ ਬੰਦਾ ਚੰਗੀ ਮੱਤ ਦੇਣ ਵਾਲੇ਼ ਨੂੰ ਮਾੜਾ ਕਹੇ, ਉਦੋਂ ਇਹ ਅਖਾਣ ਬੋਲਦੇ ਹਨ। ਜਿਹੜਾ ਬੰਦਾ ਰੋਟੀ ਕਮਾਉਣ ਜੋਗੀ ਅਕਲ ਦੇਵੇ ਉਸ ਨੂੰ ਮਾੜਾ ਆਖਣਾ ਠੀਕ ਨਹੀਂ।

ਅਕਲ ਵੱਡੀ ਕਿ ਮੱਝ——ਇਸ ਅਖਾਣ ਦਾ ਭਾਵ ਇਹ ਹੈ ਕਿ ਮਨੁੱਖ ਸਰੀਰ ਦੇ ਅਕਾਰ ਕਰਕੇ ਵੱਡਾ ਨਹੀਂ ਬਲਕਿ ਉਸ ਦੀ ਅਕਲ ਕਰਕੇ ਵੱਡਾ ਮੰਨਿਆ ਜਾਂਦਾ ਹੈ।

ਅਕਲਾਂ ਬਾਝੋਂ ਖ਼ੂਹ ਖ਼ਾਲ੍ਹੀ——ਬਿਨਾਂ ਸਮਝ ਤੋਂ ਭਰੇ ਖ਼ੂਹ ਵਿੱਚੋਂ ਪਾਣੀ ਨਹੀਂ ਕੱਢਿਆ ਜਾ ਸਕਦਾ, ਭਾਵ ਇਹ ਹੈ ਕਿ ਬਿਨਾਂ ਅਕਲ ਦੇ ਧੰਨਵਾਨ ਹੋਣਾ ਕੋਈ ਗੁਣ ਨਹੀਂ।

ਅੱਖ ਓਹਲੇ ਪਹਾੜ ਉਹਲੇ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੜੀ ਵਸਤੂ ਸਾਨੂੰ ਨਜ਼ਰ ਨਹੀਂ ਆ ਰਹੀ ਉਹ ਨੇੜੇ ਹੁੰਦੀ ਹੋਈ ਵੀ ਦੂਰ ਹੈ।

ਅੱਖ ਟੱਡੀ ਰਹਿ ਗਈ ਕੱਜਲ ਲੈ ਗਿਆ ਕਾਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਆਪਣੇ ਆਪ ਨੂੰ ਬਹੁਤਾ ਹੁਸ਼ਿਆਰ ਸਮਝਣ ਵਾਲ਼ੇ ਬੰਦੇ ਨੂੰ ਮੂਰਖ਼ ਬਣਾ ਕੇ ਉਸ ਦੀ ਥਾਂ ਕੋਈ ਹੋਰ ਲਾਭ ਪ੍ਰਾਪਤ ਕਰ ਲਵੇ।

ਅੱਖ ਨਾ ਪੁੱਛ, ਵਹੁਟੀ ਹੀਰੇ ਵਰਗੀ——ਜਦੋਂ ਕੋਈ ਸ਼ਰੀਕ ਗੁੱਝੇ ਰੂਪ ਵਿੱਚ ਕਿਸੇ ਦੀ ਸਿਫ਼ਤ ਕਰਦਿਆਂ ਬੁਰਾਈ ਕਰਦਾ ਹੈ ਜਾਂ ਭਾਨੀ ਮਾਰਦਾ ਹੈ, ਉਦੋਂ ਇਹ ਅਖਾਣ ਬੋਲਿਆਂ ਜਾਂਦਾ ਹੈ।

ਅੱਖ ਲੱਗੀ ਤੇ ਮਾਲ ਬਿਗਾਨਾ——ਇਸ ਅਖਾਣ ਰਾਹੀਂ ਯਾਤਰਾ ਕਰ ਰਹੇ ਯਾਤਰੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਸਫ਼ਰ ਕਰਦਿਆਂ ਨੀਂਦ ਦਾ ਸੁਆਦ ਨਾ ਮਾਣਨ ਮਤੇ ਚੋਰ ਉਹਨਾਂ ਦਾ ਸਮਾਨ ਲੈ ਕੇ ਤਿੱਤਰ ਹੋ ਜਾਣਾ।

ਅੱਖਰ ਇੱਕ ਨਾ ਜਾਣਦਾ ਨਾ ਇਲਮਦੀਨ——ਉਦੋਂ ਕਹਿੰਦੇ ਹਨ ਜਦੋਂ ਕਿਸੇ ਬੰਦੇ ਦਾ ਨਾਂ ਤੇ ਮਸ਼ਹੂਰੀ ਤਾਂ ਬਹੁਤ ਹੋਵੇ ਪ੍ਰੰਤੂ ਅਮਲ ਵਿੱਚ ਤੇ ਕਰਤੂਤਾਂ ਵਿੱਚ ਮਾੜਾ ਨਿਕਲੇ। ਅੱਖਾਂ ਨੇ ਨਾ ਖਾਧਾ ਤਾ ਮੂੰਹ ਨੇ ਕੀ ਖਾਣਾ ਏ——ਜਦੋਂ ਕੋਈ ਭੋਜਨ ਜਾਂ ਚੀਜ਼ ਵੇਖਣ ਨੂੰ ਚੰਗੀ ਨਾ ਲੱਗੇ ਉਸ ਨੂੰ ਖਾਣ ਨੂੰ ਜੀ ਨਹੀਂ ਕਰਦਾ।

ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਆਦ ਗਿਆ——ਭਾਵ ਇਹ ਨੇਤਰਹੀਣ ਬੰਦੇ ਲਈ ਰੰਗ ਬਿਰੰਗੀ ਦੁਨੀਆਂ ਬੇਰੰਗ ਹੋ ਜਾਂਦੀ ਹੈ ਅਤੇ ਦੰਦ ਹੀਣ ਬੰਦੇ ਲਈ ਸੁਆਦੀ ਭੋਜਨ ਖਾਣ ਯੋਗ ਨਹੀਂ ਰਹਿੰਦੇ।

ਅੱਖੋਂ ਦਿਸੇ ਨਾ, ਨਾਂ ਨੂਰ ਭਰੀ——ਇਹ ਅਖਾਣ ਕਿਸੇ ਬੰਦੇ ਦੀ ਅਸਲੀਅਤ ਅਤੇ ਨਾਂ ਵਿਚਲੇ ਫ਼ਰਕ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ।

ਅੱਖੀਂ ਦਿਸੇ ਨਾ, ਨਾਂ ਨੈਣ ਸੁੱਖ——ਇਹ ਅਖਾਣ ਵੀ ਉਪਰੋਕਤ ਅਖਾਣ ਵਾਂਗ ਹੀ ਹੈ।

ਅੱਖੀਂ ਵੇਖ ਕੇ ਮੱਖੀ ਨਹੀਂ ਖਾਧੀ ਜਾਂਦੀ——ਕਿਸੇ ਮਾੜੇ ਬੰਦੇ ਦੇ ਐਬ ਜਾਣਦਿਆਂ ਹੋਇਆਂ ਉਹਦੇ ਨਾਲ਼ ਸਾਂਝ ਭਿਆਲੀ ਨਹੀਂ ਪਾਈ ਜਾ ਸਕਦੀ।

ਅੱਖੋਂ ਓਹਲੇ, ਘੱਤ ਭੜੋਲੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੂਰ ਵਸਦੇ ਵਿਅਕਤੀ ਬਾਰੇ ਕਿਸੇ ਪ੍ਰਕਾਰ ਦੀ ਜਾਣਕਾਰੀ ਨਾ ਹੋਣ ਦਾ ਸੰਕੇਤ ਦੇਣਾ ਹੋਵੇ।

ਅੱਖੋਂ ਅੰਨ੍ਹੀ, ਮਮੀਰੇ ਦਾ ਸੁਰਮਾ——ਇਹ ਉਦੋਂ ਕਹਿੰਦੇ ਹਨ ਜਦੋਂ ਕੋਈ ਬੰਦਾ ਆਪਣੀ ਹੈਸੀਅਤ, ਅਸਲੀਅਤ ਅਤੇ ਸੁਭਾਅ ਦੇ ਉਲਟ ਮਹਿੰਗੀ ਵਸਤੂ ਦੀ ਵਰਤੋਂ ਕਰੇ।

ਅੱਗ ਅੱਗ ਕਰਦਿਆਂ ਮੂੰਹ ਨਹੀਂ ਸੜਦਾ——ਭਾਵ ਇਹ ਕਿ ਕਿਸੇ ਪੁਰਸ਼ ਦਾ ਨਾਂ ਬਾਰ ਬਾਰ ਲੈਣ ਨਾਲ਼ ਉਸ ਦਾ ਕੋਈ ਅਸਰ ਨਹੀਂ ਪੈਂਦਾ।

ਅੱਗ ਖਾਏ ਅੰਗਿਆਰ ਹੱਗੇ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੋ ਜਿਹਾ ਤੁਸੀਂ ਕਰਮ ਕਰੋਗੇ ਉਹੋ ਜਿਹਾ ਹੀ ਉਸ ਦਾ ਫ਼ਲ ਮਿਲੇਗਾ।

ਅੱਗ ਜਾਣੇ ਲੁਹਾਰ ਜਾਣੇ, ਫੂਕਣੀ ਵਾਲ਼ੇ ਦੀ ਜਾਣੇ ਬਲਾ——ਇਸ ਅਖਾਣ ਦਾ ਭਾਵ ਹੈ ਕਿ ਜਦੋਂ ਦੋ ਧਿਰਾਂ ਆਪਸ ਵਿੱਚ ਝਗੜ ਰਹੀਆਂ ਹੋਣ ਤਾਂ ਤੀਜੀ ਧਿਰ ਉਹਨਾਂ ਵਿੱਚ ਅਜਾਈਂ ਦਖ਼ਲ ਨਾ ਦੇਵੇ। ਲੜਾਈ ਪਵਾਉਣ ਵਾਲ਼ੇ ਨੂੰ ਕੀ ਝਗੜਨ ਵਾਲ਼ੇ ਆਪੇ ਹੀ ਨਿਬੇੜਾ ਕਰ ਲੈਣਗੇ।

ਅੱਗ ਦਾ ਸੜਿਆ ਟਟਹਿਣੇ ਤੋਂ ਵੀ ਡਰਦਾ ਹੈ——ਜਿਹੜਾ ਪੁਰਸ਼ ਇਕ ਵਾਰੀ ਕਿਸੇ ਕੰਮ ਵਿੱਚ ਧੋਖਾ ਖਾ ਜਾਵੇ ਉਹ ਅੱਗੇ ਤੋਂ ਬੜਾ ਸਾਵਧਾਨ ਤੇ ਸੁਚੇਤ ਹੋ ਕੇ ਕਦਮ ਚੁਕਦਾ ਹੈ।

ਅੱਗ ਪਾਣੀ ਦਾ ਮੇਲ ਨਹੀਂ ਹੁੰਦਾ——ਦੋ ਵੱਖਰੇ-ਵੱਖਰੇ ਵਿਚਾਰਾਂ ਤੇ ਸੁਭਾਵਾਂ ਵਾਲੇ ਵਿਅਕਤੀਆਂ ਦਾ ਇਕੋ ਥਾਂ ਰਹਿਣਾ ਸੰਭਵ ਨਹੀਂ, ਦੋਨੋਂ ਰਲ਼ਕੇ ਕੰਮ ਨਹੀਂ ਕਰ ਸਕਦੇ।

ਅੱਗ ਬਿਨਾ ਧੁਆਂ ਨਹੀਂ ਨਿਕਲਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਹਰ ਗੱਲ ਜਾਂ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ, ਬਿਨਾਂ ਕਾਰਨ ਕੋਈ ਘਟਨਾ ਨਹੀਂ ਵਾਪਰਦੀ।

ਅੱਗ ਲੱਗਿਆਂ ਖੂਹ ਨਹੀਂ ਪੁੱਟੀਦੇ——ਭਾਵ ਇਹ ਹੈ ਕਿ ਲੋੜੀਂਦੀ ਵਸਤੂ ਦਾ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ ਹੈ ਐਨ ਮੌਕੇ 'ਤੇ ਪ੍ਰਬੰਧ ਕਰਨਾ ਸੰਭਵ ਨਹੀਂ। ਐਨ ਲੋੜ ਵੇਲੇ ਚੀਜ਼ ਲੱਭਣੀ ਮੁਸ਼ਕਿਲ ਹੁੰਦੀ ਹੈ।

ਅੱਗ ਲੈਣ ਆਈ ਘਰ ਵਾਲ਼ੀ ਬਣ ਬੈਠੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਦੂਜੇ ਬੰਦੇ ਤੋਂ ਕੋਈ ਲਾਭ ਪ੍ਰਾਪਤ ਕਰਕੇ ਉਸੇ ਲਾਭਦਾਇਕ ਵਸਤੂ ਦਾ ਮਾਲਕ ਬਣ ਜਾਵੇ। ਕਿਸੇ ਭਲੇ-ਮਾਣਸ ਦੀ ਭਲਮਾਣਸੀ ਦਾ ਨਾਜਾਇਜ਼ ਲਾਭ ਉਠਾਉਣਾ।

ਅਗਲਿਆਂ ਦੇ ਰਾਹ ਪਿਛਲਿਆਂ ਦੇ ਪੈਂਤੜੇ——ਭਾਵ ਇਹ ਹੈ ਕਿ ਅਸੀਂ ਆਪਣੇ ਵੱਡੇ ਵਡੇਰਿਆਂ ਦੇ ਪਾਏ ਪੂਰਨਿਆਂ 'ਤੇ ਹੀ ਤੁਰਦੇ ਹਾਂ। ਪਿੱਛੋਂ ਆਉਣ ਵਾਲ਼ੇ ਆਪਣੇ ਵਡੇਰਿਆਂ ਦੀਆਂ ਪੈੜਾਂ 'ਤੇ ਹੀ ਤੁਰਦੇ ਹਨ।

ਅਗਲੇ ਨਹੀਂ ਭਾਉਂਦੇ, ਹੋਰ ਢਿੱਡ ਕਢੀਂ ਆਉਂਦੇ——ਜਦੋਂ ਘਰ ਦਾ ਮਾਲਕ ਪਹਿਲਾਂ ਆਏ ਪ੍ਰਾਹੁਣਿਆਂ ਤੋਂ ਸਤਿਆ ਬੈਠਾ ਹੋਵੇ ਤੇ ਅੱਗੋਂ ਹੋਰ ਇਹੋ ਜਿਹੇ ਅਣਸੱਦੇ ਪ੍ਰਾਹੁਣੇ ਆ ਜਾਣ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।

ਅੱਗਾ ਤੇਰਾ ਤੇ ਪਿੱਛਾ ਮੇਰਾ——ਜਦੋਂ ਕਿਸੇ ਵਿਅਕਤੀ ਦੀ ਅਗਵਾਈ ਵਿੱਚ ਚੱਲਣ ਅਥਵਾ ਕੰਮ ਕਰਨ ਦਾ ਵਿਸ਼ਵਾਸ ਪ੍ਰਗਟਾਣਾ ਹੋਵੇ ਉਦੋਂ ਇਹ ਅਖਾਣ ਬੋਲਦੇ ਹਨ।

ਅਗਾਈ ਸੌ ਸਵਾਈ——ਇਸ ਅਖਾਣ ਵਿੱਚ ਫ਼ਸਲ ਸਮੇਂ ਸਿਰ ਅਗੇਤੀ ਬੀਜਣ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ। ਅਗੇਤੀ ਫ਼ਸਲ ਚੰਗਾ ਝਾੜ ਦੇਂਦੀ ਹੈ।

ਅੱਗੇ ਅਗੇਰੇ ਜਾਹ, ਕਰਮਾਂ ਦਾ ਖੱਟਿਆ ਖਾ——ਭਾਵ ਇਹ ਹੈ ਕਿ ਜਿੱਥੇ ਮਰਜ਼ੀ ਚਲੇ ਜਾਓ ਦੇਸ਼ਾਂ-ਪ੍ਰਦੇਸਾਂ 'ਚ ਫਿਰ ਲਵੋ, ਕਮਾਈ ਤਾਂ ਕਰਮਾਂ ਦੀ ਹੀ ਖਾਣੀ ਹੈ।

ਅੱਗੇ ਈ ਬੋਬੋ ਟੱਪਣੀ, ਮਗਰੋਂ ਢੋਲਾਂ ਦੀ ਗੜਗੱਜ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਅੱਯਾਸ਼ ਬੰਦੇ ਨੂੰ ਉਹਦੇ ਵਰਗੇ ਹੀ ਅੱਯਾਸ਼ ਤੇ ਫ਼ਜ਼ੂਲ ਖ਼ਰਚ ਸਾਥੀ ਮਿਲ਼ ਜਾਣ।

ਅੱਗੇ ਸੱਪ ਤੇ ਪਿੱਛੇ ਸ਼ੀਹ——ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਪੁਰਸ਼ ਦੁਚਿੱਤੀ ਵਿੱਚ ਫਸ ਜਾਵੇ ਅਤੇ ਉਸ ਨੂੰ ਕਿਸੇ ਕੰਮ ਕਾਰ ਵਿੱਚ ਅੰਤਿਮ ਨਿਰਣਾ ਲੈਣ ਜਾਂ ਨਾ ਲੈਣ ਵਿੱਚ ਦੋਹੀਂ ਪਾਸੀਂ ਨੁਕਸਾਨ ਹੁੰਦਾ ਹੋਵੇ।

ਅੱਗੇ ਕਮਲੀ, ਉਤੋਂ ਪੈ ਗਈ ਸਿਵਿਆਂ ਦੇ ਰਾਹ——ਜਦੋਂ ਮੂਰਖ਼ ਬੰਦਾ ਹੋਰ ਮੂਰਖ਼ਾਂ ਵਾਲੇ ਕੰਮ ਕਰੇ ਉਦੋਂ ਇਹ ਅਖਾਣ ਵਰਤਦੇ ਹਨ। ਅੱਗੇ ਖ਼ੂਹ ਪਿੱਛੇ ਖਾਈ——ਇਹ ਅਖਾਣ ਦੁਬਿਧਾ ਵਿੱਚ ਫਸੇ ਵਿਅਕਤੀ ਦੀ ਮਾਨਸਿਕ ਅਵਸਥਾ ਨੂੰ ਪ੍ਰਗਟ ਕਰਦਾ ਹੈ।

ਅੱਗ਼ੇ ਡਿੱਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ——ਇਸ ਅਖਾਣ ਰਾਹੀਂ ਨਿਮਰਤਾ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ।

ਅੱਗਾ ਦੌੜ ਪਿੱਛਾ ਚੌੜ——ਕਈ ਵਾਰ ਛੇਤੀ-ਛੇਤੀ ਕੰਮ ਮੁਕਾਉਣ ਲੱਗਿਆਂ ਹੱਥਲੇ ਕੰਮ ਦਾ ਨੁਕਸਾਨ ਹੋ ਜਾਂਦਾ ਹੈ। ਜਦੋਂ ਅਜਿਹਾ ਹੋਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਅੱਗੇ ਨਹੀਂ ਸੀ ਉਜੜੀ ਹੁਣ ਦੀਨਾ ਰਾਖਾ ਰੱਖਿਆ——ਕਿਸੇ ਵਿਸ਼ਵਾਸਘਾਤੀ ਅਤੇ ਬੇਈਮਾਨ ਬੰਦੇ ਦੇ ਚਰਿੱਤਰ ਨੂੰ ਗੁੱਝੇ ਰੂਪ ਵਿੱਚ ਦੱਸਣ ਲਈ ਇਹ ਅਖਾਣ ਬੋਲਦੇ ਹਨ।

ਅੱਗੇ ਪਿੱਛੇ ਚੰਗੀ, ਦਿਨ ਦਿਹਾਰ ਮੰਦੀ——ਜਦੋਂ ਨਿੱਤ ਵਿਹਾਰ ਦਾ ਕੰਮ ਸਹੀ ਚੱਲਦਾ-ਚੱਲਦਾ ਕਿਸੇ ਦਿਨ ਦਿਹਾਰ ਤੇ ਵਿਗੜ ਜਾਵੇ, ਉਦੋਂ ਇੰਜ ਆਖਦੇ ਹਨ।

ਅਗੇਤਾ ਝਾੜ, ਪਛੇਤੀ ਸੱਥਰੀ——ਇਸ ਅਖਾਣ ਦਾ ਭਾਵ ਇਹ ਹੈ ਕਿ ਫ਼ਸਲ ਅਗੇਤੀ ਤੇ ਸਮੇਂ ਸਿਰ ਬੀਜਣ ਤੇ ਚੰਗਾ ਝਾੜ ਦੇਂਦੀ ਹੈ, ਪਛੇਤੀ ਬੀਜੀ ਫ਼ਸਲ ਤੋਂ ਬਹੁਤ ਘੱਟ ਝਾੜ ਪ੍ਰਾਪਤ ਹੁੰਦਾ ਹੈ।

ਅੱਗੋਂ ਮਿਲੀ ਨਾ, ਪਿੱਛੋਂ ਕੁੱਤਾ ਲੈ ਗਿਆ——ਜਦੋਂ ਕੋਈ ਲਾਲਚੀ ਬੰਦਾ ਥੋੜ੍ਹੀ ਪ੍ਰਾਪਤੀ ਹਾਸਿਲ ਕਰਕੇ ਵੱਡੀ ਪ੍ਰਾਪਤੀ ਲਈ ਯਤਨ ਕਰਦਾ ਪਹਿਲੀ ਵੀ ਗੁਆ ਬੈਠੇ, ਉਦੋਂ ਇੰਜ ਆਖਦੇ ਹਨ।

ਅੱਛਾ ਬੀਜ ਤੇ ਚੋਖੀ ਖਾਦ, ਮਾਲਕ ਖ਼ੁਸ਼ ਮਜ਼ਾਰਾ ਨਾਸ਼ਾਦ——ਇਸ ਅਖਾਣ ਵਿੱਚ ਫ਼ਸਲ ਦਾ ਵਧੀਆ ਤੇ ਚੋਖਾ ਝਾੜ ਪ੍ਰਾਪਤ ਕਰਨ ਲਈ ਚੰਗੇ ਬੀਜ ਦੀ ਚੋਣ ਅਤੇ ਖ਼ਾਦ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਫ਼ਸਲ ਦਾ ਚੰਗੇਰਾ ਝਾੜ ਮਾਲਕ ਅਤੇ ਮਜ਼ਾਰੇ ਨੂੰ ਖੁਸ਼ ਕਰ ਦੇਂਦਾ ਹੈ।

ਅੱਜ ਖਾਹ ਭਲਕੇ ਖ਼ੁਦਾ——ਅੱਜ ਖਾ ਪੀ ਕੇ ਮੌਜਾਂ ਕਰੋ ਭਲਕੇ ਆਪੇ ਰੱਬ ਦੇਵੇਗਾ। ਖਾਣ-ਪੀਣ ਤੇ ਮੌਜ ਮਸਤੀ ਕਰਨ ਵਾਲੇ਼ ਬੰਦਿਆਂ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

ਅੱਜ ਦਾ ਕੰਮ ਕੱਲ੍ਹ ਤੇ ਨਾ ਛੱਡੋ——ਭਾਵ ਸਪੱਸ਼ਟ ਹੈ ਕਿ ਅੱਜ ਕਰਨ ਵਾਲਾ ਕੰਮ ਅੱਜ ਹੀ ਨਬੇੜੋ, ਭਲਕ ਤੇ ਛੱਡਣ ਨਾਲ਼ ਕੰਮ ਪਛੜ ਜਾਵੇਗਾ।

ਅੱਜ ਮੋਏ, ਕੱਲ ਦੂਜਾ ਦਿਨ——ਜੀਵਨ ਸਥਿਰ ਨਹੀਂ, ਇਸ ਦੀ ਅਨ-ਸਥਿਰਤਾ ਦੱਸਣ ਲਈ ਇਹ ਅਖਾਣ ਵਰਤਦੇ ਹਨ।

ਅੱਜ ਵੀ ਮਰਨਾ, ਕੱਲ੍ਹ ਵੀ ਮਰਨਾ, ਇਸ ਮਰਨੇ ਤੋਂ ਫੇਰ ਕੀ ਡਰਨਾ——ਸੂਰਮੇ ਤੇ ਬਹਾਦਰ ਲੋਕ ਮਰਨ ਤੋਂ ਨਹੀਂ ਡਰਦੇ, ਉਹ ਜ਼ਿੰਦਗੀ 'ਚ ਚੰਗੇਰਾ ਕੰਮ ਕਰਕੇ ਪਹਿਲਾਂ ਆਈ ਮੌਤ ਨੂੰ ਤਰਜੀਹ ਦੇਂਦੇ ਹਨ।

ਅੰਞਾਣਾ ਜਾਣੇ ਹੀਆ, ਸਿਆਣਾ ਜਾਣੇ ਕੀਆ——ਇਸ ਅਖਾਣ ਦਾ ਭਾਵ ਇਹ ਹੈ ਕਿ ਸਿਆਣਾ ਬੰਦਾ ਉਸ ਨਾਲ਼ ਕਿਸੇ ਹੋਰ ਪੁਰਸ਼ ਵੱਲੋਂ ਕੀਤੀ ਭਲਾਈ ਨੂੰ ਨਹੀਂ ਭੁਲਦਾ-ਉਹ ਕੀਤੀ ਮਿਹਰਬਾਨੀ ਨੂੰ ਸਦਾ ਚੇਤੇ ਰੱਖਦਾ ਹੈ। ਅੰਞਾਣੇ ਬਾਲ ਹਿਤ ਤੇ ਪਿਆਰ ਨੂੰ ਮੰਨਦੇ ਹਨ।

ਅਜੇ ਗੋਹੜੇ ਵਿੱਚੋਂ ਪੂਣੀ ਵੀ ਨਹੀਂ ਛੋਹੀ——ਜਦੋਂ ਕਰਨ ਗੋਚਰਾ ਕੰਮ ਅਜੇ ਕਾਫ਼ੀ ਮਾਤਰਾ ਵਿੱਚ ਕਰਨੋਂ ਰਹਿੰਦਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਅਜੇ ਦਿੱਲੀ ਦੂਰ ਏ——ਇਸ ਅਖਾਣ ਦਾ ਭਾਵ ਵੀ ਉਪਰੋਕਤ ਅਖਾਣ ਅਨੁਸਾਰ ਹੀ ਹੈ। ਜਦੋਂ ਕੰਮ ਕਾਫ਼ੀ ਮਾਤਰਾ ਵਿੱਚ ਕਰਨਾ ਪਿਆ ਹੋਵੇ, ਉਦੋਂ ਕਹਿੰਦੇ ਹਨ।

ਅਜੇਹੇ ਸੁਹਾਗ ਨਾਲੋਂ ਰੰਡੇਪਾ ਚੰਗਾ——ਜਦੋਂ ਕੋਈ ਸੁਖ ਲਈ ਪ੍ਰਾਪਤ ਕੀਤੀ ਵਸਤੁ ਦੁਖਾਂ ਦਾ ਖੌ ਬਣ ਜਾਵੇ ਤਾਂ ਉਦੋਂ ਇਹ ਅਖਾਣ ਵਰਤਦੇ ਹਨ।

ਅਟਕਲ ਪੱਚੂ ਚੌੜ ਚੁਪੱਟ——ਬਿਨਾਂ ਵਿਉਂਤਬੰਦੀ ਦੇ ਕੀਤਾ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਦਾ, ਹਰ ਕੰਮ ਹਿਸਾਬ ਕਿਤਾਬ ਲਾ ਕੇ, ਵਿਉਂਤ ਅਨੁਸਾਰ ਕਰਨ 'ਚ ਹੀ ਲਾਭ ਹੈ।

ਅੱਟੀ ਨਾ ਵੱਟੀ ਬੁੜ ਬੁੜ ਵਾਧੇ ਦੀ——ਜਦੋਂ ਕਿਸੇ ਦੇ ਹੱਥ ਪੱਲੇ ਤੇ ਕੁਝ ਨਾ ਹੋਵੇ ਅਤੇ ਝਗੜਨ ਲਈ ਵਾਧੂ ਤਿਆਰ ਰਹੇ ਉਦੋਂ ਇਹ ਅਖਾਣ ਵਰਤਦੇ ਹਨ।

ਅੱਡ ਖਾਏ ਹੱਡ ਖਾਏ, ਵੰਡ ਖਾਏ ਖੰਡ ਖਾਏ——ਇਸ ਅਖਾਣ ਰਾਹੀਂ ਵੱਖਰਿਆਂ ਇਕੱਲੇ ਬਹਿ ਕੇ ਖਾਣ ਦੀ ਥਾਂ ਵੰਡ ਕੇ ਛਕਣ ਦੀ ਮਹਿਮਾ ਦਰਸਾਈ ਗਈ ਹੈ।

ਅਣ-ਤਾਜ਼ਾ ਹੁੱਕਾ, ਅਣ-ਧੋਤਾ ਮੂੰਹ, ਚੰਦਰੀ ਨੂੰਹ, ਬੰਦਿਆਂ ਵਲ ਕੰਡ ਤੇ ਕੰਧ ਵੱਲ ਮੂੰਹ, ਇਹਨਾਂ ਤਿੰਨਾਂ ਦਾ ਫਿੱਟੇ ਮੂੰਹ——ਅਖਾਣ ਦਾ ਭਾਵ ਸਪੱਸ਼ਟ ਹੈ ਮਨੁੱਖ ਦੇ ਉਪਰੋਕਤ ਕਿਰਦਾਰ ਨੂੰ ਨਕਾਰਿਆ ਗਿਆ ਹੈ।

ਅੱਤ ਨਾ ਭਲਾ ਬੋਲਣਾ, ਅੱਤ ਨਾ ਭਲੀ ਚੁੱਪ, ਅੱਤ ਨਾ ਭਲਾ ਮੇਘਲਾ, ਅੱਤ ਨਾ ਭਲੀ ਧੁੱਪ——ਇਹ ਅਖਾਣ ਅਤਿ ਦੀ ਨਿਖੇਧੀ ਕਰਦਿਆਂ ਗੱਭਲਾ ਰਸਤਾ ਧਾਰਨ ਕਰਨ ਦੀ ਸਿੱਖਿਆ ਦਿੰਦਾ ਹੈ।

ਅੰਤ ਬੁਰੇ ਦਾ ਬੁਰਾ——ਭਾਵ ਸਪੱਸ਼ਟ ਹੈ। ਬੁਰੇ ਕੰਮਾਂ ਦਾ ਨਤੀਜਾ ਬੁਰਾ ਹੀ ਨਿਕਲਦਾ ਹੈ।

ਅੱਥਰੁ ਇਕ ਨਹੀਂ, ਕਾਲਜਾਂ ਬੇਰੇ ਬੇਰੇ——ਜਦੋਂ ਕੋਈ ਬੰਦਾ ਫ਼ੋਕੀ ਹਮਦਰਦੀ ਜ਼ਾਹਿਰ ਕਰੇ ਅਤੇ ਗੱਲਾਂ-ਗੱਲਾਂ ਨਾਲ ਕੰਮ ਸਾਰੇ, ਉਦੋਂ ਇਹ ਅਖਾਣ ਬੋਲਦੇ ਹਨ।

ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ——ਭਾਵ ਪ੍ਰਤੱਖ ਹੈ ਸੱਚੇ ਬੰਦੇ ਨੂੰ ਕਿਸੇ ਦਾ ਭੈ ਨਹੀਂ ਹੁੰਦਾ, ਉਹ ਨਸੰਗ ਹੋ ਕੇ ਨੱਚਦਾ ਹੈ। ਅੰਦਰ ਦੀਆਂ ਪੱਕੀਆਂ ਬਾਹਰ ਆਉਂਦੀਆਂ ਨੇ——ਜਿਹੜੀ ਗੱਲ ਸਾਡੇ ਮਨ ਵਿੱਚ ਹੋਵੇ ਚੰਗੀ ਜਾਂ ਮੰਦੀ ਭਾਵਨਾ ਉਹ ਜ਼ਰੂਰ ਸ਼ਬਦਾਂ ਦਾ ਰੂਪ ਧਾਰ ਕੇ ਬਾਹਰ ਆ ਜਾਂਦੀ ਹੈ।

ਅੰਦਰ ਪੈਣ ਕੁੜੱਲਾਂ, ਬਾਹਰ ਬੰਸੀ ਵਾਲੇ਼ ਨਾਲ਼ ਗੱਲਾਂ——ਇਸ ਅਖਾਣ ਰਾਹੀਂ ਦਿਖਾਵੇ ਤੇ ਅਡੰਬਰ ਰਚਣ ਵਾਲੇ ਭੱਦਰ ਪੁਰਸ਼ਾਂ ਤੇ ਵਿਅੰਗ ਕੱਸਿਆ ਗਿਆ ਹੈ।  ਅੰਦਰ ਬਹਿ ਕੇ ਪਾਪ ਕਮਾਵੇ ਸੋ ਚੌਕੁੰਟੀ ਜਾਣੀਏਂ——ਮਨੁੱਖ ਦਾ ਕੀਤਾ ਹੋਇਆ ਪਾਪ ਹਰ ਹਾਲਾਤ ਵਿੱਚ ਨੰਗਾ ਹੋਵੇਗਾ ਚਾਹੇ ਉਹ ਕਿੰਨਾ ਵੀ ਲਕੋ ਕੇ ਕੀਤਾ ਗਿਆ ਹੋਵੇ। ਪਾਪ ਲੁਕਾਇਆਂ ਨਹੀਂ ਲੁਕਦੇ।

ਅੰਦਰ ਮਿਲੀਆਂ ਥੰਮੀਆਂ, ਵਿਹੜੇ ਨੂੰ ਸਲਾਮਾ-ਲੇਕਮ——ਜਦੋਂ ਕੋਈ ਆਪਣੀ ਅਸਫ਼ਲਤਾ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਅੱਧ ਪਾ ਆਟਾ ਚੁਬਾਰੇ ਰਸੋਈ——ਇਹ ਅਖਾਣ ਉਸ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਹੌਲ਼ੇ ਦਿਲ ਵਾਲ਼ਾ ਤੇ ਹੋਛਾ ਹੋਵੇ ਤੇ ਦੂਜਿਆਂ ਨਾਲੋਂ ਵੱਖਰੇ ਰਹਿਣ 'ਚ ਆਪਣੀ ਸ਼ਾਨ ਸਮਝਦਾ ਹੋਵੇ।

ਅੱਧੀ ਮੀਆਂ ਮਨੋਵਰ, ਅੱਧੀ ਸਾਰਾ ਟੱਬਰ——ਜਦੋਂ ਕੋਈ ਬੰਦਾ ਬਾਕੀ ਟੱਬਰ ਦੇ ਜੀਆਂ ਨਾਲੋਂ ਬਹੁਤਾ ਖਾਵੇ ਜਾਂ ਬਹੁਤਾ ਹਿੱਸਾ ਲਵੇ ਉਦੋਂ ਕਹਿੰਦੇ ਹਨ।

ਅੱਧੋ ਅੱਧ ਸੁਹਾ——ਇਹ ਅਖਾਣ ਮਜ਼ਾਕ 'ਚ ਵਰਤਦੇ ਹਨ ਜਦੋਂ ਠੱਗੀ ਦਾ ਮਾਲ ਜਾਂ ਰਕਮ ਦੋ ਬਰਾਬਰ ਹਿੱਸਿਆਂ 'ਚ ਦੋ ਠੱਗ ਮਿਲਕੇ ਵੰਡਣ ਦਾ ਇਕਰਾਰ ਕਰਦੇ ਹਨ।

ਅੰਨ ਦਾ ਭਾਅ ਕਿਸ ਵਧਾਇਐ, ਅਖੇ ਜਿਹੜੇ ਰਾਤੀਂ ਭੁੱਖੇ ਸੁੱਤੇ ਨੇ——ਲੋੜਵੰਦ ਮਨੁੱਖ ਆਪਣੀ ਲੋੜ ਨੂੰ ਮੁੱਖ ਰੱਖਕੇ ਵਸਤੂ ਖ਼ਰੀਦਦਾ ਹੈ, ਉਹ ਭਾਅ ਨਹੀਂ ਪਰਖਦਾ।

ਅੰਨ੍ਹਾ ਬਿਆਜ ਸ਼ਾਹ ਨੂੰ ਖੋਵੇ, ਰੰਨ ਨੂੰ ਖੋਵੇ ਹਾਸੀ, ਆਲਸ ਨੀਂਦ ਕਿਸਾਨ ਨੂੰ ਖੋਹੇ, ਜਿਵੇਂ ਚੋਰ ਨੂੰ ਖਾਂਸੀ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਵੱਖ-ਵੱਖ ਪਰਾਣੀਆਂ ਨੂੰ ਜੀਵਨ ਦੇ ਵਿਹਾਰ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ।

ਅੰਨ੍ਹਾ ਹਾਥੀ ਲਸ਼ਕਰ ਦਾ ਉਜਾੜਾ——ਭਾਵ ਇਹ ਹੈ ਕਿ ਜੇ ਸ਼ਕਤੀ ਤੇ ਅਧਿਕਾਰ ਵਾਲ਼ਾ ਮਨੁੱਖ ਇਨਸਾਫ਼ ਪਸੰਦ ਤੇ ਸਿਆਣਾ ਨਾ ਹੋਵੇ ਤਾਂ ਉਹਦੇ ਹੱਥੋਂ ਆਮ ਲੁਕਾਈ ਦਾ ਬਹੁਤ ਨੁਕਸਾਨ ਹੁੰਦਾ ਹੈ।

ਅੰਨ੍ਹਾ ਕੀ ਜਾਣੇ ਬਸੰਤ ਦੀ ਬਹਾਰ——ਭਾਵ ਇਹ ਹੈ ਕਿ ਜਿਹੜੇ ਵਿਅਕਤੀ ਨੇ ਕਦੇ ਕੋਈ ਚੀਜ਼ ਵੇਖੀ ਹੀ ਨਾ ਹੋਵੇ ਉਹਦਾ ਆਨੰਦ ਉਹ ਕਿਵੇਂ ਮਾਣ ਸਕਦਾ ਹੈ।

ਅੰਨ੍ਹਾ ਕੀ ਭਾਲੇ ਦੋ ਅੱਖਾਂ——ਹਰ ਪੁਰਸ਼ ਆਪਣੀ ਮਨਪਸੰਦ ਇੱਛਾ ਤੇ ਲੋੜ ਦਾ ਚਾਹਵਾਨ ਹੁੰਦਾ ਹੈ।  ਅੰਨ੍ਹਾ ਕੁੱਤਾ ਹਵਾ ਨੂੰ ਭੌਂਕੇ——ਜਦੋਂ ਕੋਈ ਬੰਦਾ ਅਸਲ ਗੱਲ ਜਾਣੇ ਬਿਨਾ ਦੁਜੇ 'ਤੇ ਦੋਸ਼ ਥੱਪੇ ਜਾਂ ਬੁਰਾ ਭਲਾ ਕਹੇ, ਉਦੋਂ ਇਹ ਅਖਾਣ ਬੋਲਦੇ ਹਨ। ਅੰਨ੍ਹਾ ਦੋਜ਼ਖੀ, ਬੋਲਾ ਬਹਿਸ਼ਤੀ——ਅੰਨਾ ਦੋਜ਼ਖ਼ ਇਸ ਕਰਕੇ ਗਿਣਿਆ ਜਾਂਦਾ ਹੈ ਕਿ ਉਸ ਨੂੰ ਇਹ ਪਤਾ ਨਹੀਂ ਚੱਲਦਾ ਕਿ ਉਸ ਦੇ ਸਾਥੀ ਕੀ ਖਾ ਰਹੇ ਹਨ ਤੇ ਬੋਲ਼ੇ ਨੂੰ ਬਹਿਸ਼ਤੀ ਇਸ ਲਈ ਕਿਹਾ ਜਾਂਦਾ ਹੈ ਕਿ ਉਹ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੁਣਦਾ।

ਅੰਨ੍ਹਾ ਮਾਰੇ ਅੰਨ੍ਹੀਂ ਨੂੰ, ਘਸੁੰਨ ਵਜੇ ਥੰਮੀ ਨੂੰ——ਜਦੋਂ ਕੋਈ ਬੰਦਾ ਆਪਣੀ ਸਮਰੱਥਾ ਤੋਂ ਬਾਹਰਾ ਕੰਮ ਕਰਦਾ ਹੈ, ਉਦੋਂ ਇਹ ਅਖਾਣ ਵਰਤਦੇ ਹਨ।

ਅੰਨ੍ਹਾ ਵੱਟੇ ਰੱਸੀ ਪਿੱਛੋਂ ਵੱਛਾ ਖਾਏ——ਜਦੋਂ ਕਿਸੇ ਦੀ ਕਮਾਈ ਅਤੇ ਮਿਹਨਤ ਤੇ ਕੋਈ ਹੋਰ ਜਣਾ ਹੱਥ ਫੇਰ ਜਾਵੇ ਤੇ ਉਸ ਦੇ ਪੱਲੇ ਕੁਝ ਨਾ ਪਵੇ, ਉਦੋਂ ਕਹਿੰਦੇ ਹਨ।

ਅੰਨ੍ਹਾ ਵੰਡੇ ਸ਼ੀਰਨੀਆਂ ਮੁੜ ਘਿੜ ਆਪਣਿਆਂ ਨੂੰ ਦੇ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਘੜੀ-ਮੁੜੀ ਆਪਣਿਆਂ ਰਿਸ਼ਤੇਦਾਰਾਂ ਤੇ ਸਨੇਹੀਆਂ ਨੂੰ ਲਾਭ ਪੁਚਾਵੇ।

ਅੰਨ੍ਹਿਆਂ ਵਿੱਚ ਕਾਣਾ ਰਾਜਾ——ਜਦੋਂ ਬਹੁਤੇ ਮੂਰਖ਼ਾਂ ਵਿੱਚ ਘੱਟ ਮੂਰਖ਼ ਉਹਨਾਂ ਦਾ ਮੁਖੀਆ ਬਣ ਜਾਵੇ, ਉਦੋਂ ਕਹਿੰਦੇ ਹਨ।

ਅੰਨੀ ਕੁੱਕੜੀ ਖ਼ਸ ਖ਼ਸ ਦਾ ਚੋਗਾ——ਭਾਵ ਇਹ ਹੈ ਕਿ ਕੋਈ ਬੰਦਾ ਅਜਿਹਾ ਕੰਮ ਕਰੇ ਜਿਹੜਾ ਉਹਦੀ ਸਮਰੱਥਾ ਤੋਂ ਬਾਹਰ ਹੋਵੇ। ਇਸੇ ਭਾਵ ਦਾ ਇਕ ਹੋਰ ਅਖਾਣ ਹੈ 'ਅੰਨ੍ਹਾ ਕੁੱਤਾ ਹਰਨਾਂ ਮਗਰ'।

ਅੰਨ੍ਹੀਂ ਕੁੱਤੀ ਜਲੇਬੀਆਂ ਦੀ ਰਾਖੀ——ਜਦੋਂ ਕਿਸੇ ਅਯੋਗ ਵਿਅਕਤੀ ਨੂੰ ਅਧਿਕਾਰਾਂ ਵਾਲਾ ਕੰਮ ਸੰਪ ਦਿੱਤਾ ਜਾਵੇ ਤਾਂ ਉਹ ਉਲਟਾ ਨੁਕਸਾਨ ਹੀ ਕਰਦਾ ਹੈ।

ਅੰਨ੍ਹੀਂ ਨੈਣ ਵੰਝ ਦਾ ਨਹੇਰਨਾ——ਅਣਜਾਣ ਕਾਰੀਗਰ ਦੇ ਸੰਦ ਵੀ ਐਵੇਂ ਕਿਵੇਂ ਦੇ ਹੁੰਦੇ ਹਨ।

ਅੰਨ੍ਹੀ ਪੀਹੇ ਤੇ ਕੁੱਤੀ ਚੱਟੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਸਰਕਾਰੀ ਕੰਮ ਕਾਜ ਵਿੱਚ ਬੇਨਿਯਮੀ ਹੋਵੇ, ਸਰਕਾਰ ਦੀ ਬਦ-ਇੰਤਜ਼ਾਮੀ ਕਾਰਨ ਆਮ ਜਨਤਾ ਦੁਖ ਭੋਗਦੀ ਹੋਵੇ।

ਅੰਨ੍ਹੀ ਪੁੱਛੇ ਕਾਣੀ ਤੋਂ ਨੀ ਸੂਤ ਵਟਾ ਲੈ ਤਾਣੀ ਤੋਂ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਚਲਾਕ ਬੰਦਾ ਭੋਲ਼ੇ-ਭਾਲ਼ੇ ਕਿਸੇ ਹੋਰ ਬੰਦੇ ਤੋਂ ਵਧੀਆ ਵਸਤੁ ਲੈ ਕੇ ਘਟੀਆ ਵਸਤੂ ਦੇ ਕੇ ਅਹਿਸਾਨ ਜਤਾਉਂਦਾ ਹੈ।

ਅੰਨ੍ਹੀਂ ਮਾਂ ਪੁੱਤਾਂ ਦਾ ਮੂੰਹ ਨਾ ਧੋਵੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕੋਈ ਵੀ ਮਾਂ ਆਪਣੇ ਭੈੜੇ ਪੁੱਤਾਂ ਦੇ ਔਗੁਣਾਂ ਨੂੰ ਚਿਤਾਰਦੀ ਨਹੀਂ।

ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖੌ——ਕਿਸੇ ਬੇਦਰਦ ਤੇ ਪੱਥਰ ਦਿਲ ਅੱਗੇ ਫ਼ਰਿਆਦ ਕਰਨੀ ਜਾਂ ਆਪਣੇ ਦੁਖ ਰੋਣੇ ਫ਼ਜ਼ੂਲ ਹਨ। ਅੰਨ੍ਹੇ ਤਾਂ ਹੋ ਗਏ ਆ, ਪਰ ਸੌਣ ਦੀਆਂ ਮੌਜਾਂ ਨੇ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਮੂਰਖ਼ ਬੰਦਾ ਢੀਠਤਾਈ ਨਾਲ਼ ਆਪਣੇ ਸਿਰ ਪਏ ਦੁਖ ਨੂੰ ਸੁਖ ਦੇ ਰੂਪ ਵਿੱਚ ਪ੍ਰਗਟ ਕਰੇ।

ਅੰਨ੍ਹੇ ਦਾ ਜੱਫਾ, ਰੋਹੀ ਖੜੱਪਾ——ਅਖਾਣ ਦਾ ਭਾਵ ਸਪੱਸ਼ਟ ਹੈ ਕਿ ਇਹਨਾਂ ਦੋਹਾਂ ਤੋਂ ਨਜ਼ਾਤ ਪਾਉਣੀ ਮੁਸ਼ਕਿਲ ਹੈ। ਜਦੋਂ ਕਿਸੇ ਮੂਰਖ਼ ਨਾਲ਼ ਵਾਹ ਪੈ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਅੰਨ੍ਹੇ ਦੀ ਜੋਰੂ, ਰੱਬ ਰਖਵਾਲਾ——ਕਿਸੇ ਅਜਿਹੇ ਬੰਦੇ ਨੂੰ ਅਜਿਹੀ ਚੀਜ਼ ਮਿਲ ਜਾਵੇ ਜਿਸ ਨੂੰ ਉਹ ਸੰਭਾਲ ਨਾ ਸਕੇ, ਉਦੋਂ ਇਹ ਅਖਾਣ ਬੋਲਦੇ ਹਨ।

ਅੰਨ੍ਹੇ ਦੀ ਰੀਝ ਗੁਲੇਲ 'ਤੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਪੁਰਖ ਅਜਿਹੀ ਵਸਤੂ ਦੀ ਮੰਗ ਕਰੇ ਜਿਸ ਨੂੰ ਉਹ ਵਰਤ ਨਾ ਸਕੇ।

ਅੰਨ੍ਹੇ ਦੇ ਭਾਣੇ ਸਦਾ ਈ ਰਾਤ ਹੈ——ਜਿਸ ਨੇ ਕਦੇ ਕੋਈ ਵਸਤੂ ਦੇਖੀ ਨਾ ਹੋਵੇ ਉਸ ਦੇ ਅਨੁਮਾਨ ਤੇ ਅੰਦਾਜ਼ੇ ਸਦਾ ਗ਼ਲਤ ਹੁੰਦੇ ਹਨ।  ਅੰਨ੍ਹੇ ਨੂੰ ਅੰਨ੍ਹਾ ਕਿਵੇਂ ਰਾਹ ਦੱਸੇ——ਭਾਵ ਇਹ ਹੈ ਕਿ ਜਿਹੜਾ ਬੰਦਾ ਆਪ ਅਗਿਆਨੀ ਹੋਵੇ ਉਹ ਦੂਜੇ ਬੰਦੇ ਦੀ ਕਿਵੇਂ ਅਗਵਾਈ ਕਰ ਸਕਦਾ ਹੈ।

ਆਥਣ ਦਾ ਚਿਲਕੋਰਿਆ, ਅਣਹੋਂਦਾ ਬੱਦਲ ਘੋਰਿਆ——ਇਹ ਅਖਾਣ ਮੀਂਹ ਬਾਰੇ ਹੈ ਜੇਕਰ ਆਥਣ ਵੇਲੇ ਛਿਪ ਰਿਹਾ ਸੂਰਜ ਲਿਸ਼ਕ ਮਾਰੇ ਤਾਂ ਕੋਈ ਨਾ ਕੋਈ ਬੱਦਲ ਅਸਮਾਨ ਵਿੱਚ ਆ ਪ੍ਰਗਟ ਹੁੰਦਾ ਹੈ ਤੇ ਮੀਂਹ ਪੈ ਜਾਂਦਾ ਹੈ।

ਆਪਣਾ ਆਪਣਾ, ਪਰਾਇਆ ਪਰਾਇਆ——ਇਸ ਅਖਾਣ ਦਾ ਭਾਵ ਇਹ ਹੈ ਕਿ ਪਰਾਏ ਪੁਰਸ਼ ਨੂੰ ਜਿੰਨਾ ਮਰਜ਼ੀ ਮੋਹ ਕਰ ਲਵੋ ਉਹ ਆਪਣੇ ਦੀ ਥਾਂ ਪ੍ਰਾਪਤ ਨਹੀਂ ਕਰ ਸਕਦਾ, ਕਹਿੰਦੇ ਹਨ ਜੋ ਆਪਣਾ ਮਾਰੂ ਛਾਂ 'ਚ ਸੁੱਟੂ। ਆਪਣਾ ਆਪਣਾ ਹੀ ਹੁੰਦਾ ਹੈ।

ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ——ਭਾਵ ਇਹ ਹੈ ਜੇਕਰ ਤੁਹਾਡਾ ਆਪਣਾ ਹੀ ਗੁਜ਼ਾਰਾ ਠੀਕ ਤਰ੍ਹਾਂ ਨਹੀਂ ਚੱਲਦਾ ਤੁਸੀਂ ਦੂਜੇ ਦੀ ਕਿਵੇਂ ਮਦਦ ਕਰ ਸਕਦੇ ਹੋ।

ਆਪਣਾ ਕੰਮ ਕੀਤਾ, ਖਸਮਾਂ ਨੂੰ ਖਾਵੇ ਜੀਤਾ——ਇਹ ਅਖਾਣ ਉਸ ਅਕ੍ਰਿਤਘਣ ਬੰਦੇ ਲਈ ਵਰਤਦੇ ਹਨ ਜੋ ਅਹਿਸਾਨ ਕਰਨ ਵਾਲ਼ੇ ਨੂੰ ਵਿਸਾਰ ਦਿੰਦਾ ਹੈ।

ਆਪਣਾ ਗੁੜ ਵੀ ਸ਼ਰੀਕਾਂ ਤੋਂ ਚੋਰੀ ਖਾਈਦਾ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਸ਼ਰੀਕ ਤਾਂ ਮਿੱਟੀ ਦੇ ਵੀ ਬੁਰੇ ਹੁੰਦੇ ਹਨ ਉਹ ਦੂਜੇ ਦੀ ਉੱਨਤੀ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਦੀ ਮੰਦਭਾਵਨਾ ਕਰਕੇ ਆਪਣੀ ਖੁਸ਼ੀ ਵੀ ਉਹਨਾਂ ਤੋਂ ਚੋਰੀ ਮਾਣਨੀ ਉਚਿਤ ਹੈ।

ਆਪਣਾ ਘਰ ਸੰਭਾਲੀਏ, ਚੋਰ ਕਿਸੇ ਨਾ ਆਖੀਏ——ਭਾਵ ਇਹ ਹੈ ਕਿ ਸਾਨੂੰ ਆਪਣੀ ਵਸਤ ਦਾ ਆਪ ਖ਼ਿਆਲ ਰੱਖਣਾ ਚਾਹੀਦਾ ਹੈ, ਫੇਰ ਚੋਰਾਂ ਦਾ ਕੀ ਡਰ। ਆਪਣਾ ਘਰ ਜੋ ਚਾਹੇ ਸੋ ਕਰ——ਭਾਵ ਇਹ ਹੈ ਕਿ ਆਪਣੀ ਚੀਜ਼ ਤੇ ਹਰ ਇਕ ਨੂੰ ਮਾਣ ਹੁੰਦਾ ਹੈ, ਜਿਵੇਂ ਮਰਜ਼ੀ ਵਰਤੇ।

ਆਪਣਾ ਘਰ ਭਾਵੇਂ ਹਗ ਹਗ ਭਰ, ਪਰਾਇਆ ਘਰ ਉੱਥੇ ਬੁੱਕਣ ਦਾ ਵੀ ਡਰ——ਇਸ ਅਖਾਣ ਦਾ ਭਾਵ ਇਹ ਹੈ ਕਿ ਪਰਾਈ ਵਸਤੂ 'ਤੇ ਸਾਡਾ ਕੋਈ ਅਧਿਕਾਰ ਨਹੀਂ ਹੁੰਦਾ, ਆਪਣੀ ਵਸਤੂ ਨੂੰ ਆਪਣੀ ਮੌਜ ਨਾਲ਼ ਵਰਤ ਸਕਦੇ ਹਾਂ।

ਆਪਣਾ ਠੋਸਾ, ਆਪ ਭਰੋਸਾ——ਜਦੋਂ ਕੋਈ ਚੀਜ਼ ਘਰ ਪਈ ਹੋਵੇ ਤਾਂ ਬੰਦਾ ਉਸ 'ਤੇ ਭਰੋਸਾ ਕਰਕੇ ਵਰਤ ਸਕਦਾ ਹੈ ਪਈ ਵਸਤੂ ਦਾ ਕੀ ਐ, ਮਿਲ਼ੇ ਮਿਲ਼ੇ ਜਾਂ ਨਾ ਮਿਲ਼ੇ।

ਆਪਣਾ ਨੀਗਰ ਪਰਾਇਆ ਢੀਂਗਰ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਆਪਣੀ ਮਾੜੀ ਚੀਜ਼ ਦੇ ਮੁਕਾਬਲੇ 'ਤੇ ਦਜੇ ਦੀ ਚੰਗੀ ਚੀਜ਼ ਦੀ ਨਿੰਦਿਆ ਕਰੇ। ਹਰ ਕਿਸੇ ਨੂੰ ਆਪਣੀ ਚੀਜ਼ ਚੰਗੀ ਲੱਗਦੀ ਹੈ।

ਆਪਣਾ ਮਕਾਨ ਕੋਟ ਸਮਾਨ——ਹਰ ਕਿਸੇ ਨੂੰ ਆਪਣਾ ਮਕਾਨ ਦੂਜਿਆਂ ਦੇ ਮਹਿਲਾਂ ਵਰਗੇ ਮਕਾਨਾਂ ਨਾਲੋਂ ਚੰਗਾ ਲੱਗਦਾ ਹੈ।

ਆਪਣਾ ਮਾਰੇਗਾ, ਛਾਵੇਂ ਸੁੱਟੇਗਾ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣਾ ਆਪਣਾ ਹੀ ਹੁੰਦਾ ਹੈ ਜੋ ਸਾਡੇ ਲਹੂ ਦੀ ਸਾਂਝ ਵਾਲਾ ਵੈਰੀ ਕੋਈ ਵੈਰੀ ਕਮਾਏਗਾ ਤਾਂ ਵੀ ਲਹੂ ਦੀ ਸਾਂਝ ਦਾ ਖ਼ਿਆਲ ਰੱਖੇਗਾ।

ਆਪਣਾ ਰੱਖ ਪਰਾਇਆ ਚੱਖ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਕਮੀਨਾ ਜਾਂ ਲਾਲਚੀ ਪੁਰਸ਼ ਦੂਜਿਆਂ ਦੇ ਮਾਲ 'ਤੇ ਅੱਖ ਰੱਖੇ ਤੇ ਦੂਜਿਆਂ ਦੇ ਸਿਰਾਂ 'ਤੇ ਹੀ ਐਸ਼ ਉਡਾਵੇ ਪ੍ਰੰਤੂ ਆਪਣੇ ਪੱਲਿਓਂ ਪੈਸਾ ਧੇਲਾ ਨਾ ਖ਼ਰਚੇ।

ਆਪਣਾ ਰੱਖੇ, ਪਰਾਇਆ ਤੱਕੇ, ਉਸ ਨੂੰ ਮਿਲਣ ਦਰਗਾਹ ਤੋਂ ਧੱਕੇ——ਇਸ ਅਖਾਣ ਵਿੱਚ ਉਸ ਆਦਮੀ ਨੂੰ ਫ਼ਿਟਕਾਰਿਆ ਗਿਆ ਹੈ ਜੋ ਦੂਜੇ ਦੇ ਮਾਲ 'ਤੇ ਅੱਖ ਰੱਖਦਾ ਹੈ।

ਆਪਣਾ ਲਹਣਾ ਲੈ ਲਈਏ, ਅਗਲੇ ਦਾ ਰੱਖੀਏ ਦੱਬ——ਭਾਵ ਇਹ ਹੈ ਕਿ ਆਪਣਾ ਹੱਕ ਛੱਡਣਾ ਨਹੀਂ, ਦੂਜੇ ਦਾ ਦੇਣ ਦੇਣਾ ਨਹੀਂ। ਇਹ ਅਖਾਣ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਆਪਣੇ ਹੱਕਾਂ ਲਈ ਤਾਂ ਲੜਦੇ ਹਨ ਪ੍ਰੰਤੂ ਦੂਜਿਆਂ ਨੂੰ ਹੱਕ ਦੇਣੋਂ ਸੰਕੋਚ ਕਰਦੇ ਹਨ।

ਆਪਣਾ ਲਹੂ ਪੰਘਰਨੋਂ ਨਹੀਂ ਰਹਿੰਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਚਾਹੇ ਕਿਹੋ ਜਿਹੇ ਵੀ ਹਾਲਾਤ ਹੋਣ ਸਾਕ ਸਬੰਧੀ ਸਦਾ ਹਮਦਰਦੀ ਕਰਦੇ ਹਨ।

ਆਪਣਿਆਂ ਦੇ ਮੈਂ ਗਿੱਟੇ ਭੰਨਾਂ, ਚੁੰਮਾਂ ਪੈਰ ਪਰਾਇਆਂ ਦੇ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਆਪਣਿਆਂ ਦੀ ਉੱਕਾ ਹੀ ਪ੍ਰਵਾਹ ਨਾ ਕਰੇ ਪ੍ਰੰਤੂ ਬਿਗਾਨਿਆਂ ਦੀ ਆਓ ਭਗਤ ਕਰਦਾ ਰਹੇ। ਆਪਣੀ ਅਕਲ ਤੇ ਬਿਗਾਨਾ ਧਨ ਬਹੁਤਾ ਲੱਗਦਾ ਹੈ——ਭਾਵ ਇਹ ਹੈ ਕਿ ਹਰ ਕੋਈ ਆਪਣੇ ਆਪ ਨੂੰ ਦੂਜਿਆਂ ਨਾਲ਼ੋਂ ਅਕਲਮੰਦ ਸਮਝਦਾ ਹੈ ਪ੍ਰੰਤੂ ਦੂਜੇ ਦੀ ਅਮੀਰੀ ਨੂੰ ਵੇਖ ਕੇ ਈਰਖਾ ਕਰਦਾ ਹੈ।

ਆਪਣੀ ਅੱਖ ਪਰਾਇਆ ਡੇਲਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ 'ਤੇ ਚੰਗੀ ਸਮਝੇ।

ਆਪਣੀ ਆਪਣੀ ਡਫ਼ਲੀ, ਆਪਣਾ ਆਪਣਾ ਰਾਗ——ਭਾਵ ਇਹ ਹੈ ਕਿ ਹਰ ਕਿਸੇ ਦਾ ਕੰਮ ਕਰਨ ਦਾ ਢੰਗ ਆਪਣਾ-ਆਪਣਾ ਹੁੰਦਾ ਹੈ।

ਆਪਣੀ ਇੱਜ਼ਤ ਆਪਣੇ ਹੱਥ——ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ, ਜੇ ਤੁਸੀਂ ਕਿਸੇ ਨਾਲ਼ ਮਾੜਾ ਵਰਤਾਓ ਕਰੋਗੇ ਤਾਂ ਤੁਹਾਡੇ ਨਾਲ਼ ਵੀ ਅਗਲਾ ਮਾੜਾ ਵਰਤਾਓ ਕਰੇਗਾ।

ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਮਾੜੇ ਸਰੀਰ ਦਾ ਬੰਦਾ ਆਪਣੇ ਪਿੰਡ ਜਾਂ ਮੁਹੱਲੇ 'ਚ ਬਾਹਰਲੇ ਬੰਦੇ ਨੂੰ ਆਕੜ-ਆਕੜ ਕੇ ਪਵੇ।  ਆਪਣਾ ਗੌਂ ਕੱਢਣ ਲਈ ਖੋਤੇ ਨੂੰ ਵੀ ਪਿਓ ਆਖੀਦਾ ਹੈ——ਭਾਵ ਇਹ ਹੈ ਕਿ ਆਪਣਾ ਮਤਲਬ ਪੂਰਾ ਕਰਨ ਲਈ ਕਈ ਵਾਰ ਕਿਸੇ ਭੈੜੇ ਬੰਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ।

ਆਪਣੀ ਲੱਸੀ ਨੂੰ ਕੋਈ ਖੱਟੀ ਨੀ ਕਹਿੰਦਾ——ਭਾਵ ਇਹ ਹੈ ਕਿ ਹਰ ਕੋਈ ਆਪਣੀ ਚੀਜ਼ ਨੂੰ ਸਲਾਹੁੰਦਾ ਹੈ, ਆਪਣੇ ਔਗੁਣ ਵੀ ਉਸ ਨੂੰ ਗੁਣ ਜਾਪਦੇ ਹਨ, ਆਪਣੀਆਂ ਕਮਜ਼ੋਰੀਆਂ ਕੋਈ ਨਹੀਂ ਦੱਸਦਾ।

ਆਪਣੀ ਪਈ ਪਰਾਈ ਵਿਸਰੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਦੇ ਗਲ਼ ਕੋਈ ਮੁਸੀਬਤ ਆਣ ਪਵੇ ਤੇ ਉਹ ਦੂਜੇ ਸਾਕ ਸਬੰਧੀਆਂ ਦੀ ਸਹਾਇਤਾ ਕਰਨੀ ਛੱਡ ਦੇਵੇ।  ਆਪਣੀ ਪੱਤ ਆਪਣੇ ਹੱਥ——ਇਸ ਅਖਾਣ ਦਾ ਭਾਵ ਅਰਥ ਇਹ ਕਿ ਅਜਿਹਾ ਕੰਮ ਕਰੋ ਜਿਸ ਨਾਲ ਤੁਹਾਡੀ ਇੱਜ਼ਤ ਹੋਵੇ। ਆਪਣੀ ਇੱਜ਼ਤ ਕਰਾ ਸਕਣਾ ਮਨੁੱਖ ਦੇ ਆਪਣੇ ਹੱਥ ਹੈ।

ਆਪਣੀ ਮਹਿੰ ਦਾ ਦੁੱਧ ਸੌ ਕੋਹ ਤੇ ਜਾ ਪੀਈਦਾ ਹੈ——ਇਸ ਅਖਾਣ ਰਾਹੀਂ ਮਨੁੱਖੀ ਵਰਤਾਰੇ ਬਾਰੇ ਗਿਆਨ ਦਿੱਤਾ ਗਿਆ ਹੈ। ਤੁਸੀਂ ਜਿਹੋ ਜਿਹੀ ਸੇਵਾ ਆਪਣੇ ਘਰ ਆਏ ਪ੍ਰਾਹੁਣੇ ਦੀ ਕਰਦੇ ਹੋ ਇਹੋ ਜਿਹੀ ਸੇਵਾ ਤੁਹਾਡੀ ਵੀ ਹੋਵੇਗੀ।

ਆਪਣੀ ਮੱਝ ਭਾਵੇਂ ਮਰਜੇ ਪਰ ਸ਼ਰੀਕਾਂ ਦੀ ਕੰਧ ਢਹਿ ਜੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਪੁਰਸ਼ ਆਪਣਾ ਨੁਕਸਾਨ ਕਰਵਾ ਕੇ ਆਪਣੇ ਸ਼ਰੀਕ ਨੂੰ ਹਾਨੀ ਪਹੁੰਚਾਉਣ ਦਾ ਯਤਨ ਕਰੇ। ਆਪਣੀਆਂ ਜੁੱਤੀਆਂ ਆਪਣਾ ਸਿਰ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਆਪਣੇ ਸਾਧਨਾਂ ਜਾਂ ਅਮਲਾਂ ਰਾਹੀਂ ਆਪਣਾ ਹੀ ਨੁਕਸਾਨ ਕਰੇ।

ਆਪਣੀਆਂ ਨਾ ਦੱਸੀਏ, ਪਰਾਈਆਂ ਕਰ ਕਰ ਹੱਸੀਏ——ਜਦੋਂ ਕੋਈ ਬੰਦਾ ਆਪਣੇ ਔਗੁਣਾਂ ਨੂੰ ਭੁਲਾ ਕੇ ਦੂਜੇ ਦੇ ਔਗੁਣਾਂ ਦੀ ਚਰਚਾ ਕਰਕੇ ਚਾਂਭੜਾਂ ਪਾਉਂਦਾ ਹੈ ਉਦੋਂ ਇਹ ਅਖਾਣ ਬੋਲਦੇ ਹਨ।

ਆਪਣੀਆਂ ਮੈਂ ਕੱਛੇ ਮਾਰਾਂ ਬੈਠ ਪਰਾਈਆਂ ਫੋਲਾਂ——ਇਸ ਅਖਾਣ ਦਾ ਭਾਵ ਅਰਥ ਵੀ ਉਪਰੋਕਤ ਅਖਾਣ ਨਾਲ ਮਿਲਦਾ ਹੈ, ਭਾਵ ਇਹ ਕਿ ਜਦੋਂ ਕੋਈ ਆਪਣੇ ਐਬਾਂ ਜਾਂ ਊਣਤਾਈਆਂ ਨੂੰ ਭੁਲਾ ਕੇ ਦੂਜੇ ਦੇ ਐਬਾਂ ਦੀ ਭੰਡੀ ਕਰਦਾ ਹੈ, ਉਦੋਂ ਇਹ ਅਖਾਣ ਬੋਲਦੇ ਹਨ।

ਆਪਣੇ ਘਰ ਹਰ ਕੋਈ ਬਾਦਸ਼ਾਹ ਹੈ——ਹਰ ਬੰਦਾ ਆਪਣੇ ਘਰ ਵਿੱਚ ਆਪਣੀ ਮਰਜ਼ੀ ਨਾਲ ਵਿਚਰਦਾ ਹੈ। ਉਸ ਨੂੰ ਆਪਣੇ ਘਰ 'ਚ ਪੂਰੇ ਅਧਿਕਾਰ ਹੁੰਦੇ ਹਨ।

ਆਪਣੇ ਘਰ ਲੱਗੇ ਤਾਂ ਅੱਗ, ਦੂਜੇ ਦੇ ਘਰ ਲੱਗੇ ਤਾਂ ਬਸੰਤਰ ਦੇਵਤਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਦੂਜੇ ਦੇ ਹੋਏ ਨੁਕਸਾਨ 'ਤੇ ਤਾਂ ਖੁਸ਼ ਹੋਵੇ ਪ੍ਰੰਤੂ ਜਦੋਂ ਉਸ ਦਾ ਇਹੋ ਨੁਕਸਾਨ ਹੋ ਜਾਵੇ ਤਾਂ ਮਾੜਾ ਸਮਝੇ ਅਤੇ ਦੁਖ ਪ੍ਰਗਟਾਵੇ।

ਆਪਣੇ ਪਕਾਈਂ ਨਾ ਸਾਡੇ ਆਈਂ ਨਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕਿਸੇ ਦੂਜੇ ਦਾ ਨਾ ਆਪ ਕੰਮ ਕਰੇ ਤੇ ਨਾ ਉਸ ਨੂੰ ਕਰਨ ਦੇਵੇ, ਲਾਰੇ ਲੱਪੇ ਲਾਈ ਜਾਵੇ।

ਆਪਣੇ ਨੈਣ ਮੈਨੂੰ ਦੇ ਦੇ, ਤੂੰ ਮਟਕਾਉਂਦੀ ਫਿਰ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਚਲਾਕ ਬੰਦਾ ਦੂਜੇ ਦੀ ਅਤਿ ਜ਼ਰੂਰੀ ਚੀਜ਼ ਮੰਗਣ ਜਾਂ ਲੈਣ ਦਾ ਯਤਨ ਕਰੇ।

ਆਪਣੇ ਮਨ ਤੋਂ ਜਾਣੀਏਂ, ਅਗਲੇ ਦੇ ਮਨ ਦੀ ਬਾਤ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਅਸੀਂ ਜਿਹੋ ਜਿਹੀ ਭਾਵਨਾ ਨਾਲ਼ ਦੂਜੇ ਬਾਰੇ ਸੋਚਾਂਗੇ ਉਹ ਵੀ ਸਾਡੇ ਬਾਰੇ ਉਹੋ ਭਾਵਨਾ ਚਿਤਵੇਗਾ, ਜਿਹੋ ਜਿਹੀ ਅਸੀਂ ਉਸ ਬਾਰੇ ਚਿਤਵੀ ਹੈ।

ਅਫ਼ੀਮ ਮੰਗੇ ਰਿਉੜੀਆਂ, ਪੋਸਤ ਮੰਗੇ ਗੰਨੇ, ਭੰਗ ਵਿਚਾਰੀ ਆਲ਼ੀ ਭੋਲ਼ੀ, ਜੋ ਆਵੇ ਸੋ ਬੰਨੇ——ਇਸ ਅਖਾਣ ਵਿੱਚ ਵੱਖਰੇ-ਵੱਖਰੇ ਨਸ਼ੇ ਕਰਨ ਵਾਲ਼ਿਆਂ ਦੇ ਮਨਭਾਉਂਦੇ ਭੋਜਨ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਅੰਬ ਖਾਣੇ ਐਂ ਕਿ ਪੇੜ ਗਿਣਨੇ ਨੇ——ਜਦੋਂ ਕੋਈ ਬੰਦਾ ਆਪਣੇ ਮੰਤਵ ਦੀ ਗੱਲ ਛੱਡ ਕੇ ਉਰਲੀਆਂ-ਪਰਲੀਆਂ ਮਾਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ਼ ਨਹੀਂ ਲਹਿੰਦੀ——ਜਿਸ ਵਸਤੂ ਦੀ ਲੋੜ ਹੋਵੇ, ਉਸ ਦੀ ਪ੍ਰਾਪਤੀ ਨਾਲ ਹੀ ਖ਼ੁਸ਼ੀ ਤੇ ਤ੍ਰਿਪਤੀ ਹੁੰਦੀ ਹੈ, ਉਸ ਦਾ ਬਦਲ ਪੂਰਨ ਖੁਸ਼ੀ ਨਹੀਂ ਦੇ ਸਕਦਾ। ਅੰਮਾ ਜਾਏ ਪੰਜ ਪੁੱਤਰ, ਕਰਮ ਨਾ ਦੇਂਦੀ ਵੰਡ——ਭਾਵ ਇਹ ਹੈ ਕਿ ਮਾਂ ਨੇ ਭਾਵੇਂ ਪੰਜ ਪੁੱਤਰ ਜਨਮੇ ਹਨ ਪ੍ਰੰਤੂ ਉਹਨਾਂ ਦੇ ਕਰਮ ਵੱਖਰੇ-ਵੱਖਰੇ ਹਨ, ਕੋਈ ਗ਼ਰੀਬ, ਕੋਈ ਅਮੀਰ, ਕੋਈ ਸਿਆਣਾ ਅਤੇ ਕੋਈ ਮੂਰਖ।
 ਅੰਮਾਂ ਨਾਲੋਂ ਹੇਜਲੀ ਸੋ ਫਫੇ ਕੱਟਣ——ਇਸ ਅਖਾਣ ਰਾਹੀਂ ਝੂਠਾ ਪਿਆਰ ਤੇ ਵਿਖਾਵਾ ਵਿਖਾਉਣ ਵਾਲ਼ੇ ਭੱਧਰ ਪੁਰਸ਼ਾਂ ਤੋਂ ਸੁਚੇਤ ਕੀਤਾ ਗਿਆ ਹੈ।
 ਅੰਮਾਂ ਨਾਲੋਂ ਧੀ ਸਿਆਣੀ, ਰਿੱਧੇ ਪੱਕੇ ਪਾਏ ਪਾਣੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਉਲਾਦ ਆਪਣੇ ਵਡੇਰਿਆਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਵਿਗਾੜਨ ਲੱਗ ਜਾਵੇ।

ਅੰਮਾਂ ਨੀ ਅੰਮਾਂ ਮੈਂ ਕਿਹੜੇ ਵੇਲੇ ਨਕੰਮਾ——ਇਹ ਅਖਾਣ ਵਿਅੰਗ ਵਜੋਂ ਉਸ ਆਦਮੀ ਜਾਂ ਜਵਾਨ ਲਈ ਵਰਤਿਆ ਜਾਂਦਾ ਹੈ ਜਿਹੜਾ ਸਾਰਾ ਦਿਨ ਵਿਹਲਾ ਰਹਿ ਕੇ ਡੱਕਾ ਨਾ ਤੋੜੇ।

ਅਮੀਰ ਦੀ ਮਰ ਗਈ ਕੁੱਤੀ, ਉਹ ਹਰ ਕਿਸੇ ਪੁੱਛੀ, ਗਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਵੀ ਨਾ ਲਿਆ ਨਾ——ਭਾਵ ਇਹ ਹੈ ਕਿ ਅੱਜ ਦਾ ਜ਼ਮਾਨਾ ਅਮੀਰਾਂ ਦੀ ਹੀ ਖ਼ੁਸ਼ਾਮਦ ਕਰਦਾ ਰਹਿੰਦਾ ਹੈ ਪ੍ਰੰਤੂ ਗਰੀਬਾਂ ਨਾਲ਼ ਹੱਕੀ ਹਮਦਰਦੀ ਕੋਈ ਨਹੀਂ ਦਿਖਾਉਂਦਾ।
 ਅਮੀਰ ਦੇ ਸਾਲੇ ਬਹੁਤ, ਗ਼ਰੀਬ ਦਾ ਭਣੋਈਆ ਕੋਈ ਨਾ——ਭਾਵ ਇਹ ਹੈ ਕਿ ਲੋਕ ਅਮੀਰਾਂ ਨਾਲ਼ ਤਾਂ ਭੱਜ-ਭੱਜ ਕੇ ਸਕੀਰੀਆਂ ਗੰਢਦੇ ਨੇ, ਪ੍ਰੰਤੂ ਗ਼ਰੀਬ ਦੀ ਭੈਣ ਦਾ ਸਾਕ ਲੈਣ ਨੂੰ ਵੀ ਕੋਈ ਤਿਆਰ ਨਹੀਂ।

ਅਰਾਕੀ ਨੂੰ ਸੈਨਤ ਗਧੇ ਨੂੰ ਡੰਡਾ——ਭਾਵ ਇਹ ਹੈ ਕਿ ਸਿਆਣਾ ਆਦਮੀ ਅੱਖ ਦੇ ਇਸ਼ਾਰੇ ਨੂੰ ਹੀ ਸਮਝ ਜਾਂਦਾ ਹੈ ਪੰਤੁ ਮੁਰਖ਼ ਆਦਮੀ ਕੁੱਟ ਖਾ ਕੇ ਵੀ ਸਮਝ ਨਹੀਂ ਸਕਦਾ।

ਅੱਵਲ ਤਾਂ ਮੁੰਡਾ, ਨਹੀਂ ਤਾਂ ਕੁੜੀ ਵੱਟ ਤੇ ਪਈ ਐ——ਇਹ ਅਖਾਣ ਇਹ ਦੱਸਣ ਲਈ ਵਰਤਦੇ ਹਨ ਜੇ ਸਬੰਧਿਤ ਕੰਮ 'ਚ ਕੋਈ ਪ੍ਰਾਪਤੀ ਨਾ ਹੋਈ ਤਾਂ ਪੱਲਿਓਂ ਵੀ ਕੁਝ ਨਹੀਂ ਜਾਣਾ।

ਅੜਾਹੇ ਦੀ ਕੁੜੀ, ਪੜਾਹੇ ਨੂੰ ਡੰਡ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਅਸਲੀ ਦੋਸ਼ੀ ਦੀ ਸਜ਼ਾ ਕਿਸੇ ਦੂਸਰੇ ਨੂੰ ਭੁਗਤਣੀ ਪੈ ਜਾਵੇ। ਇਸੇ ਭਾਵ ਦਾ ਇਕ ਹੋਰ ਅਖਾਣ ਹੈ-"ਨਾਨੀ ਖਸਮ ਕਰੇ, ਦੋਹਤਾ ਚੱਟੀ ਭਰੇ।"

ਆ ਅਹੀਏ ਤਹੀਏ, ਕਰੂੰ ਆਪਣੇ ਜਹੀਏ——ਜਦੋਂ ਕੋਈ ਭਲਾ ਪੁਰਸ਼ ਭੈੜਿਆਂ ਬੰਦਿਆਂ ਦੀ ਸੰਗਤ ਵਿੱਚ ਰਲ਼ ਕੇ ਭੈੜਾ ਬਣ ਜਾਂਦਾ ਹੈ, ਉਦੋਂ ਭੈੜੇ ਬੰਦਿਆਂ ਨੂੰ ਇਹ ਅਖਾਣ ਬੋਲਦੇ ਹਨ।
ਆ ਗੁਆਂਢਣੇ ਲੜੀਏ——ਤੀਵੀਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਾੜੀ-ਮਾੜੀ ਗੱਲ ਬਦਲੇ ਅਜਾਈਂ ਲੜ ਪੈਂਦੀਆਂ ਹਨ। ਔਰਤਾਂ ਦੇ ਝਗੜਾਲੂ ਸੁਭਾਅ ਨੂੰ ਦਰਸਾਉਂਦਾ ਹੈ ਇਹ ਅਖਾਣ।
 ਆ ਭੈਣੇ ਪਿਆਰ ਕਰੂੰ, ਪੈਰਾਂ ਹੇਠ ਅੰਗਾਰ ਧਰੂੰ——ਜਦੋਂ ਕੋਈ ਬੰਦਾ ਉਪਰੋਂ-ਉਪਰੋਂ ਹੇਜ ਦਿਖਾਵੇ ਪਰ ਅੰਦਰੋਂ ਛੁਰੀ ਚਲਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਆ ਲੜਾਈਏ ਮੇਰੇ ਵਿਹੜੇ——ਜਦੋਂ ਕੋਈ ਬੰਦਾ ਜਾਂਦੀ ਬਲਾ ਆਪਣੇ ਗਲ਼ ਪੁਆ ਕੇ ਬੇਲੋੜੀ ਲੜਾਈ ਸਹੇੜ ਲਵੇ, ਉਦੋਂ ਇਹ ਕਹਿੰਦੇ ਹਨ।

ਆਉ ਬੈਠੋ ਸਜਨੋਂ ਘਰ ਬਾਰ ਤੁਹਾਡਾ, ਖਾਉ ਪੀਉ ਆਪਣਾ ਗੁਣ ਗਾਉ ਸਾਡਾ——ਜਦੋਂ ਕੋਈ ਚੁਸਤ ਆਦਮੀ ਘਰ ਆਏ ਪ੍ਰਾਹੁਣਿਆਂ ਦੀਆਂ ਗੱਲਾਂ-ਬਾਤਾਂ ਨਾਲ ਹੀ ਸੁੱਕੀ ਆਓ ਭਗਤ ਕਰੇ ਤੇ ਆਸ ਇਹ ਰੱਖੇ ਕਿ ਪ੍ਰਾਹੁਣੇ ਉਹਦਾ ਗੁਣਗਾਣ ਕਰਨਗੇ, ਅਜਿਹੇ ਪੁਰਸ਼ ਬਾਰੇ ਇਹ ਅਖਾਣ ਬੋਲਦੇ ਹਨ।

ਆਉ ਬੈਠੋ ਪੀਉ ਪਾਣੀ, ਤਿੰਨੇ ਚੀਜ਼ਾਂ ਮੁੱਲ ਨਾ ਆਣੀ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਸਾਧਾਰਨ ਤੇ ਸਾਦਗੀ ਨਾਲ਼ ਕੀਤੀ ਪ੍ਰਾਹੁਣਾਚਾਰੀ ਤੇ ਮਿੱਠੇ-ਮਿੱਠੇ ਬੋਲਾਂ ਨਾਲ਼ ਘਰ ਆਏ ਪ੍ਰਾਹੁਣੇ ਦੇ ਕੀਤੇ ਮਾਣ ਤਾਣ ਤੇ ਬਹੁਤਾ ਖ਼ਰਚ ਨਹੀਂ ਆਉਂਦਾ। ਇਹੀ ਚੰਗੇ ਗੁਣਾਂ ਵਾਲ਼ੇ ਵਿਅਕਤੀ ਦੇ ਲੱਛਣ ਹਨ।

ਆਉਣ ਪਰਾਈਆਂ ਜਾਈਆਂ, ਵਿਛੋੜਨ ਸਕਿਆਂ ਭਾਈਆਂ——ਇਸ ਅਖਾਣ ਦਾ ਭਾਵ ਇਹ ਹੈ ਕਿ ਜਦੋਂ ਭਰਾਵਾਂ ਦੇ ਵਿਆਹ ਹੋ ਜਾਂਦੇ ਹਨ ਤਾਂ ਉਹਨਾਂ ਦੀਆਂ ਵਹੁਟੀਆਂ ਜੋ ਪਰਾਏ ਘਰੋਂ ਆਈਆਂ ਹੁੰਦੀਆਂ ਹਨ, ਉਹਨਾਂ ਨੂੰ ਆਪਸ ਵਿੱਚ ਲੜਾ ਕੇ ਵੱਖਰੇ ਕਰ ਦਿੰਦੀਆਂ ਹਨ।

ਆਉਲ਼ਿਆਂ ਦਾ ਖਾਧਾ ਤੇ ਸਿਆਣਿਆਂ ਦੀ ਮੱਤ ਪਿੱਛੋਂ ਸੁਆਦ ਦਿੰਦੀ ਹੈ——ਇਹ ਅਖਾਣ ਅੰਞਾਣ ਬੰਦਿਆਂ ਨੂੰ ਸਿੱਖਿਆ ਦੇਣ ਲਈ ਵਰਤਿਆ ਜਾਂਦਾ ਹੈ, ਸਿਆਣੇ ਦੀ ਦਿੱਤੀ ਮੱਤ ਸਮਾਂ ਬੀਤਣ 'ਤੇ ਹੀ ਸਮਝ ਆਉਂਦੀ ਹੈ।

ਆਇਆ ਸਿਆਲ ਤੇ ਮੋਏ ਕੰਗਾਲ, ਆਇਆ ਹੁਨਾਲ ਤੇ ਮੋਏ ਕੰਗਾਲ——ਭਾਵ ਸਪੱਸ਼ਟ ਹੈ ਕਿ ਗਰੀਬਾਂ ਲਈ ਤਾਂ ਸਿਆਲ ਅਤੇ ਗਰਮੀ ਦੇ ਦੋਨੋਂ ਮੌਸਮ ਸੁਖਦਾਈ ਨਹੀਂ ਹੁੰਦੇ ਕਿਉਂਕਿ ਉਹਨਾਂ ਕੋਲ ਦੋਹਾਂ ਮੌਸਮਾਂ ਨੂੰ ਮਾਣਨ ਦੇ ਸਾਧਨ ਨਹੀਂ ਹੁੰਦੇ।
 ਆਇਆ ਰਮਜ਼ਾਨ ਤੇ ਭੱਜਿਆ ਸ਼ੈਤਾਨ——ਭਾਵ ਇਹ ਹੈ ਕਿ ਮੁਸਲਮਾਨਾਂ ਲਈ ਰਮਜ਼ਾਨ ਦਾ ਮਹੀਨਾ ਸ਼ੁੱਭ ਹੁੰਦਾ ਹੈ। ਇਹ ਉਹਨਾਂ ਲਈ ਸੈਆਂ ਬਰਕਤਾਂ ਲੈ ਕੇ ਆਉਂਦਾ ਹੈ, ਇਸੇ ਕਰਕੇ ਸ਼ੈਤਾਨ ਪਤਰੇ ਵਾਚ ਜਾਂਦਾ ਹੈ।

ਆਈ ਬਸੰਤ, ਪਾਲ਼ਾ ਉਡੰਤ——ਭਾਵ ਇਹ ਹੈ ਕਿ ਬਸੰਤ ਰੁੱਤ ਆਉਣ 'ਤੇ ਪਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ, ਮੱਠੀ-ਮੱਠੀ ਠੰਢ ਰਹਿ ਜਾਂਦੀ ਹੈ।
ਆਏ ਦੀ ਖ਼ੁਸ਼ੀ ਨਾ, ਨਾ ਗਏ ਦਾ ਗ਼ਮ——ਇਹ ਅਖਾਣ ਉਹਨਾਂ ਬੰਦਿਆਂ ਬਾਰੇ ਚਾਨਣਾ ਪਾਉਂਦਾ ਹੈ ਜਿਹੜੇ ਦੁਨੀਆਂ 'ਚ ਨਿਰਲੇਪ ਰਹਿ ਕੇ ਸਹਿਜ ਅਵਸਥਾ ਵਿੱਚ ਜੀਵਨ ਬਤੀਤ ਕਰਦੇ ਹਨ। ਜਿਨ੍ਹਾਂ ਨੂੰ ਨਾ ਖ਼ੁਸ਼ੀ ਆਪੇ ਤੋਂ ਬਾਹਰ ਕਰਦੀ ਹੈ, ਨਾ ਗ਼ਮ ਗਮਗੀਨ ਕਰਦਾ ਹੈ।

ਆਏ ਨੀ ਨਿਹੰਗ, ਬੂਹੇ ਖੋਹਲ ਦੇ ਨਿਸ਼ੰਗ——ਇਸ ਅਖਾਣ ਵਿੱਚ ਨਿਹੰਗ ਸਿੰਘਾਂ ਦੇ ਚਰਿੱਤਰ ਦੀ ਸ਼ਲਾਘਾ ਕੀਤੀ ਗਈ ਹੈ ਕਿ ਉਹ ਆਪਣੀ ਲੋੜ ਤੋਂ ਵੱਧ ਕਿਸੇ ਚੀਜ਼ ਵੱਲ ਨਹੀਂ ਵੇਖਦੇ।

ਆਏ ਭਾਬੋ ਦੇ ਸੱਕੇ, ਘਰ ਖੀਰ ਤੇ ਪੂੜੇ ਪੱਕੇ, ਆਇਆ ਭਾਈਏ ਦਾ ਕੋਈ, ਭਾਬੋ ਸੁੱਜ ਭੜੋਲਾ ਹੋਈ——ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਤੀਵੀਆਂ ਆਪਣੇ ਪੇਕਿਆਂ ਤੋਂ ਆਏ ਰਿਸ਼ਤੇਦਾਰਾਂ ਦੀ ਤਾਂ ਖ਼ੂਬ ਟਹਿਲ ਸੇਵਾ ਕਰਦੀਆਂ ਹਨ ਪ੍ਰੰਤੂ ਜੇ ਸਹੁਰਿਆਂ ਵੱਲੋਂ ਕੋਈ ਰਿਸ਼ਤੇਦਾਰ ਆ ਜਾਵੇ ਤਾਂ ਉਹਨਾਂ ਦੇ ਸਿਰ ਸੌ ਘੜਾ ਪਾਣੀ ਦਾ ਪੈ ਜਾਂਦਾ ਹੈ। ਟਹਿਲ ਸੇਵਾ ਕਰਨ ਦੀ ਥਾਂ ਰੁਸ ਬਹਿੰਦੀਆਂ ਹਨ।

ਆਈ ਮਾਈ ਮੱਸਿਆ, ਜਿਸ ਖਾਣ ਪੀਣ ਕੱਸਿਆ——ਜਦੋਂ ਕੋਈ ਕੰਜੂਸ ਬੰਦਾ ਕਿਸੇ ਹੋਰ ਬੰਦੇ ਦੇ ਸਬੱਬ ਖ਼ਰਚ ਕਰੇ, ਉਦੋਂ ਇਹ ਅਖਾਣ ਬੋਲਦੇ ਹਨ।
 ਆਈ ਮੌਜ ਫ਼ਕੀਰ ਦੀ, ਲਾਈ ਝੁੱਗੀ ਨੂੰ ਅੱਗ——ਇਹ ਅਖਾਣ ਉਹਨਾਂ ਮਨ ਮੌਜੀ ਬੰਦਿਆਂ ਬਾਰੇ ਹੈ ਜਿਹੜੇ ਆਪਣੀ ਮੌਜ ਮਸਤੀ ਲਈ ਆਪਣਾ ਨੁਕਸਾਨ ਕਰਨੋਂ ਪ੍ਰਹੇਜ਼ ਨਹੀਂ ਕਰਦੇ।

ਆਸਾ ਜੀਵੇ, ਨਿਰਾਸਾ ਮਰੇ——ਭਾਵ ਇਹ ਹੈ ਕਿ ਦੁਨੀਆਂ ਆਸ ਦੇ ਸਹਾਰੇ ਹੀ ਚੱਲ ਰਹੀ ਹੈ। ਲੋਕ ਆਸ ਦੇ ਆਸਰੇ ਹੀ ਜੀਵਨ ਜੀ ਰਹੇ ਹਨ।

ਆਸਾਂ ਬੱਧਾ ਸੰਸਾਰ ਹੈ——ਨਿਰਾਸ਼ ਨਾ ਹੋਣ ਦੀ ਪ੍ਰੇਰਨਾ ਦੇਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। ਆਸ ਦੇ ਸਹਾਰੇ ਹੀ ਇਹ ਜੀਵਨ ਚੱਲ ਰਿਹਾ ਹੈ।

ਆਟਾ ਗੁਨ੍ਹਦੀਏ ਤੇਰਾ ਸਿਰ ਕਿਉਂ ਹਿਲਦਾ ਏ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਕੋਈ ਬਹਾਨਾ ਬਣਾ ਕੇ ਝਾੜ ਝੰਬ ਕਰਨੀ ਹੋਵੇ।

ਆਤਕਾਂ ਦੇ ਆਤਕ, ਜੇਹੇ ਮਾਪੇ ਤੇਹੇ ਜਾਤਕ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਉਲਾਦ ਆਪਣੇ ਮਾਪਿਆਂ 'ਤੇ ਹੀ ਜਾਂਦੀ ਹੈ-ਚੰਗਿਆਂ ਦੀ ਉਲਾਦ ਚੰਗੀ ਤੇ ਮਾੜਿਆਂ ਦੀ ਮਾੜੀ।
 ਆਦਰ ਕਰ ਤੇ ਆਦਰ ਕਰਾ——ਭਾਵ ਸਪੱਸ਼ਟ ਹੈ ਜੇਕਰ ਤੁਸੀਂ ਕਿਸੇ ਦਾ ਆਦਰ ਮਾਣ ਕਰੋਗੇ, ਉਹ ਵੀ ਬਦਲੇ ਵਿੱਚ ਤੁਹਾਡਾ ਆਦਰ ਮਾਣ ਕਰੇਗਾ।

ਆਂਦਰਾਂ ਭੁੱਖੀਆਂ ਮੁੱਛਾਂ ਤੇ ਚਉਲ——ਇਹ ਅਖਾਣ ਉਹਨਾਂ ਬੰਦਿਆਂ ਲਈ ਹੈ ਜਿਹੜੇ ਆਰਥਿਕ ਤੌਰ 'ਤੇ ਨਿੱਘਰ ਚੁੱਕੇ ਹਨ, ਪਰਤੋਂ ਬਾਹਰੋਂ ਦਿਖਾਵੇ ਲਈ ਟੌਹਰ ਵਿਖਾਉਂਦੇ ਹਨ।
ਆਨੇ ਦੀ ਘੋੜੀ, ਪਾਈਆ ਦਾਣਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਜਣਾ ਆਮ ਵਸਤੂ 'ਤੇ ਵਾਧੂ ਦਾ ਖ਼ਰਚ ਕਰਦਾ ਹੋਵੇ। ਇਸੇ ਭਾਵ ਨੂੰ ਦਰਸਾਉਂਦਾ ਹੈ ਇਹ ਅਖਾਣ 'ਧੇਲੇ ਦੀ ਬੁੜ੍ਹੀ, ਟਕਾ ਸਿਰ ਮੁਨਾਈ'।

ਆਪ ਸਿਰੋਂ ਨੰਗੀ, ਚੋਲੀ ਕਿਨੂੰ ਦਿਆਂ ਮੰਗੀ——ਭਾਵ ਇਹ ਹੈ ਕਿ ਜਿਹੜੇ ਬੰਦੇ ਆਪਣੇ ਘਰ ਦਾ ਤੋਰੀ ਫ਼ੁਲਕਾ ਨਹੀਂ ਤੋਰ ਸਕਦੇ, ਉਹ ਭਲਾ ਦੂਜੇ ਦੀ ਕੀ ਸਹਾਇਤਾ ਕਰ ਸਕਦੇ ਹਨ।

ਆਪ ਹੋਵੇ ਤਕੜੀ ਤੇ ਕਿਉਂ ਵੱਜੇ ਫੱਕੜੀ——ਜੇ ਤੁਹਾਡੇ ਵਿੱਚ ਕੋਈ ਕਾਣ ਨਹੀਂ ਤਾਂ ਦੂਜਾ ਕੋਈ ਤੁਹਾਡੀ ਬਦਨਾਮੀ ਨਹੀਂ ਕਰ ਸਕਦਾ।

ਆਪ ਕਾਜ ਮਹਾਂ ਕਾਜ——ਆਪਣੇ ਹੱਥੀਂ ਕੀਤਾ ਕੰਮ ਹੀ ਸਕਾਰਥਾ ਹੁੰਦਾ ਹੈ। ਇਸ ਲਈ ਆਪਣੇ ਹੱਥੀਂ ਕੰਮ ਕਰਨ ਤੋਂ ਨਾ ਝਿਜਕੋ।

ਆਪ ਕਿਸੇ ਜਹੀ ਨਾ, ਨੱਕ ਚਾੜ੍ਹਨੋਂ ਰਹੀ ਨਾ——ਇਹ ਅਖਾਣ ਉਸ ਪੁਰਸ਼ ਜਾਂ ਇਸਤਰੀ ਲਈ ਵਰਤਦੇ ਹਨ ਜਿਹੜਾ ਆਪ ਤਾਂ ਕੋਈ ਚੰਗੇਰਾ ਕੰਮ ਨਾ ਕਰੇ ਪ੍ਰੰਤੂ ਦੂਜਿਆਂ ਦੇ ਕੀਤੇ ਕੰਮਾਂ ਤੇ ਨੁਕਤਾਚੀਨੀ ਕਰੇ।

ਆਪ ਕੁਚੱਜੀ, ਵਿਹੜੇ ਨੂੰ ਦੋਸ਼——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਆਪਣੀ ਬੇਅਕਲੀ ਕਾਰਨ ਆਪਣਾ ਕੰਮ ਵਿਗਾੜ ਦੇਵੇ ਪ੍ਰੰਤੂ ਇਸ ਵਿਗਾੜ ਜਾਂ ਨੁਕਸ ਦਾ ਦੋਸ਼ ਕਿਸੇ ਦੂਜੇ ਦੇ ਸਿਰ 'ਤੇ ਮੜ੍ਹੇ।
 ਆਪ ਕੁਪੱਤੀ, ਵਿਹੜਾ ਦਾਦੇ ਮਗੌਣਾ——ਉਦੋਂ ਕਹਿੰਦੇ ਹਨ ਜਦੋਂ ਕੋਈ ਮਾੜਾ ਤੇ ਕੁਪੱਤਾ ਬੰਦਾ ਆਪਣੇ ਕਿਰਦਾਰ ਨੂੰ ਲੁਕੋਣ ਲਈ ਆਪਣੇ ਮੁਹੱਲੇ ਜਾਂ ਵਿਹੜੇ ਦੇ ਨਿਵਾਸੀਆਂ ਤੇ ਭੈੜੇ ਹੋਣ ਦਾ ਦੋਸ਼ ਲਗਾਵੇ।

ਆਪ ਗਏ ਵਿਸਾਖੀ, ਅਸੀਂ ਰਹੇ ਘਰਾਂ ਦੀ ਰਾਖੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਘਰ ਦੇ ਬਹੁਤੇ ਬੰਦੇ ਤਾਂ ਮੌਜ ਮਸਤੀ ਲਈ ਬਾਹਰ ਚਲੇ ਜਾਣ ਪ੍ਰੰਤੂ ਕਿਸੇ ਸਧਾਰਨ ਬੰਦੇ ਨੂੰ ਘਰ ਦੀ ਸੰਭਾਲ ਲਈ ਪਿੱਛੇ ਛੱਡ ਜਾਣ।

ਆਪ ਤਾਂ ਡੁੱਬਣੋਂ ਬਾਹਮਣਾਂ ਜਜ਼ਮਾਨ ਵੀ ਡੋਬੇ——ਜਦੋਂ ਕੋਈ ਆਪ ਮੁਸੀਬਤ ਵਿੱਚ ਫਸਿਆ ਹੋਵੇ ਅਤੇ ਦੂਜੇ ਸਾਕ ਸਬੰਧੀਆਂ ਨੂੰ ਵੀ ਮੁਸੀਬਤ ਵਿੱਚ ਫਸਾ ਦੇਵੇ, ਉਦੋਂ ਇਹ ਅਖਾਣ ਬੋਲਦੇ ਹਨ।

ਆਪ ਨਾ ਮਰੀਏ, ਸਵਰਗ ਨਾ ਜਾਈਏ——ਭਾਵ ਇਹ ਹੈ ਕਿ ਆਪ ਮਿਹਨਤ ਕੀਤੇ ਬਿਨਾਂ ਸਫ਼ਲਤਾ ਪ੍ਰਾਪਤ ਨਹੀਂ ਹੋ ਸਕਦੀ।

ਆਪ ਨਾ ਵੰਜੇ ਸਾਹਵਰੇ ਲੋਕਾਂ ਮੱਤੀ ਦੇ——ਇਹ ਅਖਾਣ ਉਸ ਪੁਰਸ਼ ਜਾਂ ਇਸਤਰੀ ਲਈ ਵਰਤਦੇ ਹਨ ਜਿਹੜੀ ਆਪ ਤਾਂ ਮੰਦੇ ਕੰਮ ਕਰੇ ਤੇ ਹੋਰਨਾਂ ਨੂੰ ਚੰਗਾ ਕੰਮ ਕਰਨ ਦਾ ਉਪਦੇਸ਼ ਦੇਵੇ।
ਆਪ ਬੀਬੀ ਕੋਕਾਂ, ਤੇ ਮੱਤੀਂ ਦੇਵੇ ਲੋਕਾਂ——ਇਹ ਉਸ ਪੁਰਸ਼ ਲਈ ਕਹਿੰਦੇ ਹਨ ਜਹੜਾ ਆਪਣੇ ਔਗੁਣਾਂ ਵੱਲ ਤਾਂ ਧਿਆਨ ਨਾ ਦੇਵੇ ਪ੍ਰੰਤੂ ਦੂਜਿਆਂ ਦੇ ਔਗੁਣਾਂ ਨੂੰ ਵਧਾ ਚੜ੍ਹਾ ਕੇ ਦੱਸੋ।

ਆਪ ਭਲੇ ਜਗ ਭਲਾ——ਜਿਹੜਾ ਪੁਰਸ਼ ਆਪ ਦੋਸ਼ ਰਹਿਤ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ, ਉਸ ਨੂੰ ਸਾਰੇ ਲੋਕੀਂ ਦੋਸ਼ ਰਹਿਤ ਵਿਖਾਈ ਦਿੰਦੇ ਹਨ।

ਆਪ ਮਿਲੇ ਸੋ ਦੂਧ ਬਰਾਬਰ, ਮਾਂਗ ਲੀਆ ਸੋ ਪਾਨੀ——ਇਸ ਅਖਾਣ ਵਿੱਚ ਮੰਗਣ ਦੇ ਕਸਬ ਨੂੰ ਨਕਾਰਿਆ ਗਿਆ ਹੈ, ਮੰਗ ਕੇ ਪੀਤਾ ਦੁੱਧ ਪਾਣੀ ਦੇ ਸਮਾਨ ਹੈ।

ਆਪ ਮੋਏ ਜਗ ਪਰਲੋ——ਮਨ ਮੌਜੀਆਂ ਲਈ ਇਹ ਅਖਾਣ ਆਮ ਵਰਤਿਆ ਜਾਂਦਾ ਹੈ। ਭਾਵ ਇਹ ਹੈ ਕਿ ਜਾਨ ਨਾਲ਼ ਹੀ ਜਹਾਨ ਹੈ। ਮਰਨ ਮਗਰੋਂ ਦੁਨੀਆਂ ਰਹੇ ਨਾ ਰਹੇ ਇਕ ਬਰਾਬਰ ਹੈ।

ਆਪ ਵਲੱਲੀ ਵਿਹੜਾ ਡਿੰਗਾ——ਭਾਵ ਇਹ ਹੈ ਕਿ ਆਪ ਨੂੰ ਤਾਂ ਕੰਮ ਕਰਨ ਦਾ ਚੱਜ ਨਹੀਂ ਐਵੇਂ ਦੂਜੇ 'ਤੇ ਦੋਸ਼ ਮੜ੍ਹੀ ਜਾਣਾ ਉੱਚਿਤ ਨਹੀਂ।

ਆਪ ਵਿਹਾਜੇ ਮਾਮਲੇ, ਆਪੇ ਸਿਰ ਪਾਏ——ਜਦੋਂ ਕੋਈ ਬੰਦਾ ਆਪਣੇ ਕੀਤੇ ਕੰਮਾਂ ਅਥਵਾ ਅਮਲਾਂ ਨਾਲ਼ ਕਿਸੇ ਮੁਸੀਬਤ ਵਿੱਚ ਫਸ ਜਾਂਦਾ ਹੈ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਆਪੇ ਮਰ ਜਾਣਗੇ ਜਿਹੜੇ ਜੇਨ ਪੈਣਗੇ ਰਾਹ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਹੜਾ ਬੰਦਾ ਮਾੜੇ ਕੰਮ ਕਰੇਗਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ।

ਆਪੇ ਫਾਧੜੀਏ ਤੈਨੂੰ ਕੌਣ ਛੁਡਾਵੇ——ਜਦੋਂ ਕੋਈ ਪੁਰਸ਼ ਆਪਣੇ ਆਪ ਕੋਈ ਮੁਸੀਬਤ ਆਪਣੇ ਗਲ਼ ਪੁਆ ਲੈਂਦਾ ਹੈ, ਉਸ ਦੀ ਸਹਾਇਤਾ ਕਰਨ ਕੋਈ ਹੋਰ ਨਹੀਂ ਆਉਂਦਾ, ਉਦੋਂ ਇਹ ਅਖਾਣ ਵਰਤਦੇ ਹਨ।

ਆਬ ਆਬ ਕਰ ਮੋਇਓਂ, ਬੱਚਾ ਫ਼ਾਰਸੀਆਂ ਘਰ ਗਾਲ਼ੇ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਅਸੀਂ ਆਪਣੀ ਬੋਲੀ ਛੱਡ ਕੇ ਕਿਸੇ ਹੋਰ ਬੋਲੀ ਵਿੱਚ ਗੱਲ ਕਰਦੇ ਹਾਂ ਤਾਂ ਸੁਣਨ ਵਾਲ਼ਿਆਂ ਨੂੰ ਸਮਝ ਨਹੀਂ ਪੈਂਦੀ, ਜਿਸ ਦੇ ਕਾਰਨ ਸਾਡਾ ਨੁਕਸਾਨ ਹੁੰਦਾ ਹੈ।

ਆਲ਼ਿਆਂ ਭੋਲ਼ਿਆਂ ਦਾ ਰੱਬ ਰਾਖਾ——ਇਸ ਅਖਾਣ ਦਾ ਭਾਵ ਇਹ ਹੈ ਕਿ ਸਧਾਰਨ ਲੋਕ ਚੁਸਤੀ ਚਲਾਕੀ ਨਹੀਂ ਵਰਤਦੇ ਪ੍ਰੰਤੂ ਰੱਬ ਉਹਨਾਂ ਦੀ ਸਹਾਇਤਾ ਕਰਦਾ ਹੈ।

ਐਸੇ ਕੋ ਤੈਸਾ ਮਿਲੇ, ਜਿਉਂ ਬਾਹਮਣ ਕੋ ਨਾਈ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਬੇਈਮਾਨ ਤੋਂ ਚਲਾਕ ਆਦਮੀ ਨੂੰ ਉਸ ਤੋਂ ਵੱਧ ਬੇਈਮਾਨ ਤੇ ਚਲਾਕ ਆਦਮੀ ਟੱਕਰ ਜਾਵੇ।
ਐਹ ਮੁੰਹ ਤੇ ਮਸਰਾਂ ਦੀ ਦਾਲ਼——ਜਦੋਂ ਕੋਈ ਪੁਰਸ਼ ਆਪਣੀ ਹੈਸੀਅਤ ਤੋਂ ਵੱਧ ਕੇ ਕਿਸੇ ਚੀਜ਼ ਦੀ ਮੰਗ ਕਰੇ, ਉਦੋਂ ਇਹ ਅਖਾਣ ਬੋਲਦੇ ਹਨ।

ਐਤਵਾਰ ਦੀ ਝੜੀ, ਕੋਠਾ ਛੱਡੇ ਨਾ ਕੜੀ——ਸਿਆਣੇ ਕਹਿੰਦੇ ਹਨ ਜੇ ਐਤਵਾਰ ਨੂੰ ਮੀਂਹ ਪੈਣਾ ਸ਼ੁਰੂ ਹੋ ਜਾਵੇ ਤਾਂ ਕਈ ਦਿਨ ਝੜੀ ਲੱਗੀ ਰਹਿੰਦੀ ਹੈ, ਜਿਸ ਕਰਕੇ ਕੱਚੇ ਕੋਠੇ ਡਿੱਗ ਪੈਂਦੇ ਹਨ।

ਔਸਰ ਮਿੱਤਰ ਪਰਖੀਏ, ਗੋਖੜੀ ਫੱਗਣ ਮਾਂਹ, ਘਰ ਦੀ ਨਾਰੀ ਪਰਖੀਏ, ਜਾਂ ਘਰ ਸੰਚਿਆ ਨਾਂਹ——ਇਸ ਅਖਾਣ ਦਾ ਭਾਵ ਇਹ ਹੈ ਕਿ ਦੋਸਤ ਦੀ ਪਰਖ਼ ਭੀੜ ਪੈਣ ਤੇ, ਗਊ ਦੀ ਪਰਖ਼ ਫੱਗਣ ਦੇ ਮਹੀਨੇ ਜਦੋਂ ਦੁੱਧ ਦੀ ਤੋਟ ਹੋਵੇ ਤੇ ਘਰ ਵਾਲੀ ਦੀ ਪਰਖ਼ ਉਦੋਂ ਹੁੰਦੀ ਹੈ ਜਦੋਂ ਘਰ ਵਿੱਚ ਖ਼ਰਚਣ ਲਈ ਪੈਸਾ ਧੇਲਾ ਨਾ ਹੋਵੇ।
 ਔਖੇ ਵੇਲੇ ਸਾਥ ਜੋ ਦੇਵੇ ਸੋਈ ਮੀਤ ਪਛਾਣੀਏ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਔਖੇ ਸਮੇਂ ਹੀ ਮਿੱਤਰ ਪਿਆਰਿਆਂ ਦੀ ਪਰਖ਼ ਹੁੰਦੀ ਹੈ। ਅਸਲੀ ਮਿੱਤਰ ਉਹ ਹੈ ਜੋ ਮੁਸੀਬਤ ਸਮੇਂ ਸਾਥ ਨਿਭਾਵੇ।

ਔਗੜ ਚੱਲੇ ਨਾ ਤੇ ਚੌਪੜ ਡਿੱਗੇ ਨਾ——ਭਾਵ ਇਹ ਹੈ ਕਿ ਜਿਹੜਾ ਮਨੁੱਖ ਧਰਮ, ਸੱਚਾਈ, ਨਿਆਂ ਤੇ ਸਦਾਚਾਰ ਦੀਆਂ ਲੀਹਾਂ 'ਤੇ ਚੱਲਦਾ ਹੈ ਉਹਨਾਂ ਦੀ ਉਲੰਘਣਾ ਨਹੀਂ ਕਰਦਾ, ਉਹ ਸਦਾ ਸੁਖੀ ਰਹਿੰਦਾ ਹੈ।

ਔਤਰ ਨਖੱਤਰ ਨਾ ਮੂਲੀ ਨਾ ਪੱਤਰ——ਇਸ ਅਖਾਣ ਰਾਹੀਂ ਸੰਤਾਨਹੀਣ ਬੰਦਿਆਂ ਦੀ ਮੰਦੀ ਸਮਾਜਿਕ ਅਵਸਥਾ ਦਾ ਵਰਨਣ ਕੀਤਾ ਗਿਆ ਹੈ। ਉਹਨਾਂ ਦੇ ਸੰਤਾਨਹੀਣ ਹੋਣ ਸਕਦਾ ਉਹਨਾਂ ਦੀ ਕੁਲ ਦਾ ਵਾਧਾ ਨਹੀਂ ਹੁੰਦਾ।

ਔਤਰਿਆਂ ਦੀ ਖੱਟੀ ਗਏ ਕੁੱਤੇ ਖਾ——ਇਸ ਅਖਾਣ ਦਾ ਭਾਵ ਅਰਥ ਇਹ ਕਿ ਸੰਤਾਨਹੀਣ ਬੰਦਿਆਂ ਦੀ ਸੰਪਤੀ ਦਾ ਲਾਭ ਉਹਨਾਂ ਦੇ ਮਰਨ ਮਗਰੋਂ ਉਹ ਲੋਕ ਉਠਾਉਂਦੇ ਹਨ ਜਿਨ੍ਹਾਂ ਦਾ ਸੰਤਾਨਹੀਣਾਂ ਨਾਲ਼ ਰੱਤੀ ਭਰ ਵੀ ਮੋਹ ਪਿਆਰ ਨਹੀਂ ਹੁੰਦਾ।

ਔਤਰੇ ਖੱਟਣ ਹੀਜੜੇ ਖਾਣ——ਉਪਰੋਕਤ ਅਖਾਣ ਵਾਂਗ ਇਸ ਦਾ ਭਾਵ ਹੈ ਕਿ ਉਹ ਲੋਕ ਸੰਤਾਨਹੀਣਾਂ ਦੀ ਖੱਟੀ ਕਮਾਈ ਖਾਂਦੇ ਹਨ ਜਿਨ੍ਹਾਂ ਨੇ ਆਪ ਕੁਝ ਵੀ ਕਮਾਇਆ ਨਹੀਂ ਹੁੰਦਾ।

ਇਸ ਹੱਥ ਦੇ ਉਸ ਹੱਥ ਲੈ——ਇਸ ਅਖਾਣ ਦਾ ਭਾਵ ਅਰਥ ਹੈ ਕਿ ਸਾਨੂੰ ਸਾਵਾਂ ਵਿਵਹਾਰ ਕਰਨਾ ਚਾਹੀਦਾ ਹੈ। ਜਿਹੋ ਜਿਹਾ ਦੁਸੀਂ ਵਰਤਾਉ ਕਰੋਗੇ, ਉਹੋ ਜਿਹਾ ਹੀ ਵਰਤਾਉ ਤੁਹਾਡੇ ਨਾਲ਼ ਦੂਜੇ ਕਰਨਗੇ।

ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ——ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕਿਸੇ ਸੰਸਥਾ ਜਾਂ ਸਮਾਜ ਦੇ ਸਾਰੇ ਬੰਦਿਆਂ ਨੂੰ ਦੋਸ਼ੀ ਕਰਾਰ ਦੇਣਾ ਹੋਵੇ।
ਇਸ ਬਾਬਲ ਦਾ ਕੀ ਭਰਵਾਸਾ ਜੋ ਡੋਲੀ ਪਾਈ ਵੀ ਕੱਢ ਲੈਂਦੇ ਏ——ਇਹ ਅਖਾਣ ਉਸ ਬੰਦੇ ਲਈ ਵਰਤਿਆ ਜਾਂਦਾ ਏ ਜਿਹੜਾ ਆਪਣੇ ਕੀਤੇ ਫ਼ੈਸਲਿਆਂ ਜਾਂ ਇਕਰਾਰਾਂ ਤੋਂ ਮੁੱਕਰ ਜਾਵੇ।

ਇਸ ਮਾਇਆ ਦੇ ਤੀਨ ਨਾਮ ਪਰਸੂ, ਪਰਸਾ, ਪਰਸਰਾਮ——ਇਸ ਅਖਾਣ ਦਾ ਭਾਵ ਇਹ ਹੈ ਕਿ ਲੋਕ ਕਿਸੇ ਪੁਰਸ਼ ਦੀ ਆਰਥਿਕ ਹਾਲਤ ਅਨੁਸਾਰ ਹੀ ਉਸ ਦੀ ਕਦਰ ਕਰਦੇ ਹਨ।

ਇਸ਼ਕ ਪਰਹੇਜ਼ ਮੁਹੰਮਦ ਬਖਸ਼ਾ ਕਦੇ ਨਹੀਂ ਰਲ਼ ਬਹਿੰਦੇ——ਭਾਵ ਇਹ ਹੈ ਕਿ ਜਦੋਂ ਕੋਈ ਇਸ਼ਕ ਮੁਹੱਬਤ ਵਿੱਚ ਗਲਤਾਨ ਹੋ ਜਾਵੇ ਤਾਂ ਉਸ ਦੇ ਲਈ ਸ਼ਰਮ, ਹੱਯਾ ਕੋਈ ਅਰਥ ਨਹੀਂ ਰੱਖਦੇ।

ਇਸ਼ਕ ਮੁਸ਼ਕ ਛੁਪਾਇਆ ਨਹੀਂ ਛੁਪਦੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕਿਸੇ ਨਾਲ਼ ਕੀਤੀ ਮੁਹੱਬਤ ਲੁਕੀ ਨਹੀਂ ਰਹਿੰਦੀ, ਜਿਵੇਂ ਫੁੱਲਾਂ ਦੀ ਖ਼ੁਸ਼ਬੋ ਸਾਰੇ ਪਾਸੇ ਫੈਲ ਜਾਂਦੀ ਹੈ। ਲੁਕ ਕੇ ਕੀਤੀ ਮੁਹੱਬਤ ਵੀ ਜਗ ਜਾਹਰ ਹੋ ਜਾਂਦੀ ਹੈ।

ਇਸਬ (ਈਸਬ) ਗੋਲ, ਕੁਝ ਨਾ ਫੋਲ——ਜਦੋਂ ਕਿਸੇ ਮਾੜੇ ਚਰਿੱਤਰ ਵਾਲ਼ੇ ਬੰਦੇ ਬਾਰੇ ਚਰਚਾ ਕਰਦੇ ਹਨ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਇਹ ਅਸਾਡਾ ਜੀ, ਨਾ ਧੁੱਪ ਸਹੇ ਨਾ ਸੀ——ਇਸ ਅਖਾਣ ਵਿੱਚ ਮਨੁੱਖ ਦੀ ਮਾਨਸਿਕ ਅਸਥਿਰਤਾ ਦਾ ਵਰਨਣ ਕੀਤਾ ਗਿਆ ਹੈ ਜਿਸ ਪਾਸੋਂ ਨਾ ਸਰਦੀ ਸਹਿ ਹੁੰਦੀ ਹੈ ਤੇ ਨਾ ਗਰਮੀ।

ਇਹ ਸੁਰ ਹੋਰ ਉਹ ਸਿਰ ਹੋਰ——ਇਹ ਅਖਾਣ ਉਸ ਚਲਾਕ ਅਤੇ ਹੁਸ਼ਿਆਰ ਪੁਰਸ਼ ਬਾਰੇ ਵਰਤਿਆ ਜਾਂਦਾ ਹੈ ਜਦੋਂ ਉਹ ਆਪਣੀ ਕਿਸੇ ਮਾੜੀ ਕਰਤੂਤ 'ਤੇ ਪਰਦਾ ਪਾਉਣ ਦਾ ਯਤਨ ਕਰਦਾ ਹੋਇਆ ਫੜਿਆ ਜਾਵੇ।

ਇਹ ਜਹਾਨ ਮਿੱਠਾ ਅਗਲਾ ਕਿੰਨ ਡਿੱਠਾ——ਇਸ ਜਗਤ ਵਿੱਚ ਮੌਜ ਮਸਤੀ ਕਰਨ ਵਾਲ਼ੇ ਪੁਰਸ਼ ਇਹ ਅਖਾਣ ਵਰਤਦੇ ਹਨ ਕਿ ਇਥੇ ਚੰਗਾ ਖਾ-ਪੀ ਲਓ, ਅਗਲਾ ਜਹਾਨ ਕੀਹਨੇ ਵੇਖਿਆ ਹੈ।

ਇਹ ਜਵਾਨੀ ਤੇ ਰੇਤ ਦੇ ਫੱਕੇ——ਇਹ ਅਖਾਣ ਉਹਨਾਂ ਨੌਜਵਾਨਾਂ ਲਈ ਮਖ਼ੌਲ ਵਜੋਂ ਵਰਤਿਆ ਜਾਂਦਾ ਹੈ ਜਿਹੜੇ ਜਵਾਨੀ ਵਿੱਚ ਸਰੀਰਕ ਤੌਰ 'ਤੇ ਕਮਜ਼ੋਰ ਹੋ ਜਾਣ ਤੇ ਕਮਜ਼ੋਰੀ ਕਾਰਨ ਡਿੱਗ ਡਿੱਗ ਪੈਣ ਤੇ ਕੋਈ ਭਾਰ ਵਾਲ਼ਾ ਕੰਮ ਨਾ ਕਰ ਸਕਣ।

ਇਹ ਜਾਣੇ ਤੇ ਉਹ ਜਾਣੇ, ਤੂੰ ਭਠਿਆਰੀਏ ਭੂੰਨ ਦਾਣੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਦੋ ਧਿਰਾਂ ਵਿਚਕਾਰ ਹੋਏ ਝਗੜੇ ਵਿੱਚ ਕੋਈ ਤੀਜਾ ਬੰਦਾ ਦਖ਼ਲਅੰਦਾਜ਼ੀ ਕਰੇ, ਉਸ ਨੂੰ ਆਖਿਆ ਜਾਂਦਾ ਹੈ ਕਿ ਉਹ ਆਪਣੇ ਕੰਮ ਤੱਕ ਮਤਲਬ ਰੱਖੋ, ਝਗੜੇ ਵਾਲੇ ਆਪੇ ਝਗੜਾ ਨਬੇੜ ਲੈਣਗੇ।
ਇਹਨੀਂ ਘਰਾਟੀਂ ਇਹੋ ਜਿਹਾ ਹੀ ਪੀਸੀ ਦਾ ਏ——ਜਦੋਂ ਕਿਸੇ ਆਦਮੀ ਦੇ ਸੁਭਾਅ ਅਤੇ ਵਿਵਹਾਰ ਵਿੱਚ ਕੋਈ ਤਬਦੀਲੀ ਨਾ ਆਵੇ, ਉਸ ਦੇ ਸੁਭਾਓ ਕਰਕੇ ਉਸ ਪਾਸੋਂ ਕੋਈ ਆਸ ਨਾ ਰੱਖਣ ਵਾਸਤੇ ਇਹ ਅਖਾਣ ਬੋਲਦੇ ਹਨ।

ਇਕ ਅੰਨ੍ਹਾ ਤੇ ਦੂਜਾ ਕੰਧਾਂ ਤੇ ਭੱਜੇ——ਜਦੋਂ ਕੋਈ ਕਮਜ਼ੋਰ ਤੇ ਹੀਣਾ ਬੰਦਾ ਕੋਈ ਔਖਾ ਜਾਂ ਖ਼ਤਰੇ ਵਾਲ਼ਾ ਕੰਮ ਕਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
 ਇਕ ਅਨਾਰ ਸੌ ਬੀਮਾਰ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਵੰਡੇ ਜਾਣ ਵਾਲੀ ਵਸਤੂ ਥੋੜੀ ਹੋਵੇ ਤੇ ਉਸ ਨੂੰ ਲੈਣ ਵਾਲ਼ੇ ਬਹੁਤੀ ਗਿਣਤੀ ਵਿੱਚ ਹੋਣ।

ਇਕ, ਇਕ, ਦੋ ਗਿਆਰਾਂ——ਇਸ ਅਖਾਣ ਰਾਹੀਂ ਏਕੇ ਦੀ ਸ਼ਕਤੀ ਨੂੰ ਵਡਿਆਇਆ ਗਿਆ ਹੈ, ਇਕ ਦੀ ਥਾਂ ਦੋ ਜਣੇ ਰਲ਼ ਕੇ ਬਹੁਤਾ ਕੰਮ ਕਰ ਸਕਦੇ ਹਨ।

ਇਕ ਇਕੱਲਾ, ਦੂਜਾ ਭੱਲਾ, ਤੀਜਾ ਰਲ਼ਿਆ ਤਾਂ ਕੰਮ ਗਲ਼ਿਆ——ਇਸ ਅਖਾਣ ਰਾਹੀਂ ਕਿਸੇ ਕੰਮ ਕਾਰ ਵਿੱਚ ਬਹੁਤੇ ਲੋਕਾਂ ਦੀ ਸਾਂਝ ਭਿਆਲੀ ਦੀ ਨਿਖੇਧੀ ਕੀਤੀ ਗਈ ਹੈ। ਦੋ ਜਣੇ ਤਾਂ ਆਪਣਾ ਕੰਮ ਠੀਕ ਚਲਾ ਸਕਦੇ ਹਨ ਪ੍ਰੰਤੂ ਤਿੰਨ-ਚਾਰ ਜਣੇ ਉਸੇ ਕੰਮ ਨੂੰ ਠੀਕ ਤਰ੍ਹਾਂ ਨਹੀਂ ਚਲਾ ਸਕਦੇ।

ਇਕ ਸੱਪ, ਦੂਜਾ ਉਡਣਾ——ਇਹ ਅਖਾਣ ਉਸ ਬੰਦੇ ਲਈ ਵਰਤਦੇ ਹਨ ਜਿਸ ਦੇ ਵਿੱਚ ਔਗੁਣਾਂ ਦੀ ਭਰਮਾਰ ਹੋਵੇ।

ਇਕ ਸ਼ਾਹ ਦਾ ਦੇਣਾ ਚੰਗਾ, ਧਿਰ ਧਿਰ ਦਾ ਦੇਣਾ ਮੰਦਾ——ਭਾਵ ਇਹ ਹੈ ਕਿ ਵੱਖ-ਵੱਖ ਬੰਦਿਆਂ ਪਾਸੋਂ ਉਧਾਰ ਲੈਣ ਨਾਲ ਬਦਨਾਮੀ ਹੁੰਦੀ ਹੈ। ਚੰਗਾ ਇਹੋ ਹੈ ਕਿ ਕਿਸੇ ਇਕ ਪਾਸੋਂ ਹੀ ਉਧਾਰ ਚੁੱਕਿਆ ਜਾਵੇ।

ਇਕ ਹੱਥ ਨਾਲ਼ ਤਾੜੀ ਨਹੀਂ ਵੱਜਦੀ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਚੰਗਾ ਜਾਂ ਮਾੜਾ ਵਿਵਹਾਰ ਕਰਨ ਦੀ ਜ਼ਿੰਮੇਵਾਰੀ ਦੋਹਾਂ ਧਿਰਾਂ ਦੀ ਹੁੰਦੀ ਹੈ, ਇਕੱਲੇ ਬੰਦੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਲੜਾਈ-ਝਗੜਾ ਦੋ ਧਿਰਾਂ ਰਲ਼ ਕ ਹੀ ਕਰਦੀਆਂ ਹਨ।

ਇਕ ਕਮਲੀ ਦੂਜੀ ਪੈ ਗਈ ਮੜ੍ਹੀਆਂ ਦੇ ਰਾਹ——ਇਹ ਅਖਾਣ ਉਸ ਬੰਦੇ ਲਈ ਵਰਤਦੇ ਹਨ ਜਿਹੜਾ ਪਹਿਲਾਂ ਹੀ ਮੂਰਖ਼ ਹੋਵੇ ਤੇ ਅੱਗੋਂ ਉਸ ਨੂੰ ਆਲਾ-ਦੁਆਲਾ ਤੇ ਸਾਥ ਉਹਦੇ ਵਰਗਾ ਹੀ ਟੱਕਰ ਜਾਵੇ ਤੇ ਉਹ ਹੋਰ ਵੱਧ ਮੁਰਖ਼ਾਂ ਵਾਲੀਆਂ ਹਰਕਤਾਂ ਕਰੋ।

ਇਕ ਕਰੇਲਾ, ਦੂਜਾ ਨਿੰਮ ਚੜ੍ਹਿਆ——ਇਹ ਅਖਾਣ ਉਸ ਬੰਦੇ ਲਈ ਬੋਲਦੇ ਹਨ ਜਿਸ ਵਿੱਚ ਇਕ ਤੋਂ ਵੱਧ ਚੜ੍ਹਦੇ ਤੋਂ ਚੜ੍ਹਦੇ ਔਗੁਣ ਹੋਣ।

ਇਕ ਗੋਦੜੀ ਵਿੱਚ ਦੋ ਫ਼ਕੀਰ ਸਮਾ ਸਕਦੇ ਹਨ ਪਰ ਇਕ ਰਾਜ ਵਿੱਚ ਦੇ ਰਾਜੇ ਨੀ ਸਮਾ ਸਕਦੇ——ਇਸ ਅਖਾਣ ਵਿੱਚ ਇਹ ਸੱਚਾਈ ਪ੍ਰਗਟਾਈ ਗਈ ਹੈ ਕਿ ਗ਼ਰੀਬ ਤਾਂ ਗ਼ਰੀਬਾਂ ਨਾਲ ਰਲ਼ ਕੇ ਰਹਿ ਸਕਦੇ ਹਨ ਪ੍ਰੰਤੂ ਅਮੀਰ ਆਦਮੀ ਦੁਜੇ ਅਮੀਰ ਨੂੰ ਦੇਖ ਕੇ ਸੁਖਾਦੇ ਨਹੀਂ, ਈਰਖ਼ਾ ਕਰਦੇ ਹਨ।
ਇਕ ਚੁੱਪ ਸੌ ਸੁੱਖ——ਇਸ ਅਖਾਣ ਦਾ ਭਾਵ ਇਹ ਹੈ ਕਿ ਕਿਸੇ ਡਾਹਢੇ ਤੇ ਲੜਾਕੇ ਬੰਦੇ ਨਾਲ਼ ਵਾਹ ਪੈਣ ਤੇ ਉਹਦੇ ਕੌੜੇ ਬੋਲਾਂ ਦਾ ਜਵਾਬ ਦੇਣ ਨਾਲ਼ੋਂ ਚੁੱਪ ਰਹਿਣਾ ਚੰਗਾ ਹੈ, ਅਜਿਹਾ ਕਰਨ ਨਾਲ਼ ਕਲੇਸ਼ ਅੱਗੇ ਨਹੀਂ ਵਧੇਗਾ।

ਇਕ ਚੋਰੀ ਦੂਜੇ ਸੀਨਾ ਜੋਰੀ——ਜਦੋਂ ਕੋਈ ਅਵੇੜੇ ਸੁਭਾਅ ਦਾ ਬੰਦਾ ਗ਼ਲਤੀ, ਵਧੀਕੀ ਕਰ ਕੇ ਸ਼ਰਮਿੰਦਾ ਹੋਣ ਦੀ ਬਜਾਏ ਪੌਂਸ ਵਿਖਾਏ, ਉਦੋਂ ਇਹ ਅਖਾਣ ਵਰਤਦੇ ਹਨ।

ਇਕ ਜੰਮੇ, ਇਕ ਨਿੰਜ ਜੰਮੇ——ਆਪਣੀ ਭੈੜੀ ਤੇ ਨਾਲਾਇਕ ਉਲਾਦ ਦੇ ਸਤਾਏ ਹੋਏ ਮਾਪੇ ਇਹ ਅਖਾਣ ਵਰਤਦੇ ਹਨ। ਭਾਵ ਇਹ ਹੈ ਕਿ ਨਾਲਾਇਕ ਪੁੱਤਰਾਂ ਦੇ ਜੰਮਣ ਨਾਲੋਂ ਤਾਂ ਨਿਰ-ਸੰਤਾਨ ਹੋਣਾ ਹੀ ਚੰਗਾ ਹੈ।

ਇਕ ਤਵੇ ਦੀ ਰੋਟੀ ਵੀ ਵੱਡੀ ਕੀ ਛੋਟੀ——ਇਸ ਅਖਾਣ ਦਾ ਭਾਵ ਇਹ ਹੈ ਕਿ ਨੁਕਸਾਨ ਪਹੁੰਚਾਉਣ ਵਾਲ਼ੀ ਵਸਤੁ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਹੋਵੇ ਉਹਦੇ ਆਕਾਰ ਨਾਲ਼ ਬਹੁਤਾ ਫ਼ਰਕ ਨਹੀਂ ਪੈਂਦਾ, ਗੱਲ ਤਾਂ ਨੁਕਸਾਨ ਪਹੁੰਚਾਉਣ ਦੀ ਹੈ।

ਇਕ ਦਰ ਬੰਦ ਸੌ ਦਰ ਖੁੱਲ੍ਹਾ——ਇਸ ਅਖਾਣ ਦਾ ਅਰਥ ਇਹ ਹੈ ਕਿ ਜੇ ਬੰਦੇ ਦਾ ਰੋਜ਼ੀ ਦਾ ਜਾਂ ਸਹਾਇਤਾ ਦਾ ਇਕ ਰਾਹ ਬੰਦ ਹੋ ਜਾਵੇ ਤਾਂ ਦਿਲ ਨਹੀਂ ਛੱਡਣਾ ਚਾਹੀਦਾ ਕੋਈ ਨਾ ਕੋਈ ਹੋਰ ਵਸੀਲਾ ਜ਼ਰੂਰ ਬਣ ਜਾਂਦਾ ਹੈ।
 ਇਕ ਦਿਨ ਪ੍ਰਾਹੁਣਾ, ਦੋ ਦਿਨ ਪ੍ਰਾਹੁਣਾ, ਤੀਜੇ ਦਿਨ ਦਾਦੇ ਮੁਘੋਣਾ——ਇਸ ਦਾ ਭਾਵ ਇਹ ਹੈ ਕਿ ਪ੍ਰਾਹੁਣਚਾਰੀ ਇਕ-ਦੋ ਦਿਨਾਂ ਦੀ ਹੀ ਹੁੰਦੀ ਹੈ। ਕਿਸੇ ਦੇ ਘਰ ਬਹੁਤੇ ਦਿਨ ਪ੍ਰਾਹੁਣਾ ਬਣ ਕੇ ਰਹਿਣਾ ਚੰਗਾ ਨਹੀਂ।

ਇਕ ਨਿੰਬੂ ਪਿੰਡ ਭੂਸਿਆਂ ਦਾ——ਜਦੋਂ ਕੋਈ ਵਸਤੂ ਥੋੜ੍ਹੀ ਮਾਤਰਾ ਵਿੱਚ ਹੋਵੇ ਤੇ ਉਸ ਵਸਤੂ ਨੂੰ ਮੰਗਣ ਵਾਲੇ ਜਾਂ ਲੈਣ ਵਾਲ਼ੇ ਬਹੁਤੇ ਹੋਣ, ਉਦੋਂ ਇਹ ਅਖਾਣ ਵਰਤਦੇ ਹਨ।

ਇਕ ਨੂੰ ਕੀ ਰੋਨੀ ਏਂ, ਉਤ ਗਿਆ ਈ ਆਵਾ——ਜਦੋਂ ਕਿਸੇ ਟੱਬਰ ਦੇ ਇਕ ਜੀ ਨੂੰ ਸੁਧਾਰਦਿਆਂ ਇਹ ਪਤਾ ਲੱਗੇ ਕਿ ਇਸ ਟੱਬਰ ਦੇ ਸਾਰੇ ਜੀ ਹੀ ਵਿਗੜੇ ਹੋਏ ਹਨ, ਉਦੋਂ ਇਹ ਅਖਾਣ ਬੋਲਦੇ ਹਨ।

ਇਕ ਨੂੰ ਪਾਣੀ ਇਕ ਨੂੰ ਪਿੱਛ——ਜਦੋਂ ਕੋਈ ਬੰਦਾ ਕੋਈ ਵਸਤੂ ਵੰਡਣ ਲੱਗਿਆਂ ਜਾਂ ਵਿਵਹਾਰ ਕਰਨ ਲੱਗਿਆਂ ਵਿਤਕਰਾ ਕਰੇ, ਉਦੋਂ ਇੰਜ ਆਖਦੇ ਹਨ।

ਇਕ ਨੂਰ ਆਦਮੀ, ਸੌ ਨੂਰ ਕੱਪੜਾ, ਹਜ਼ਾਰ ਰੂਪ ਗਹਿਣਾ ਤੇ ਲੱਖ ਰੂਪ ਨਖਰਾ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਸੇ ਬੰਦੇ ਦੇ ਸੁਚੱਜੇ ਢੰਗ ਨਾਲ਼ ਪਾਏ ਚੰਗੇ ਕੱਪੜੇ ਤੇ ਗਹਿਣੇ ਆਦਿ ਉਸ ਦਾ ਆਦਰ ਮਾਣ ਵਧਾਉਣ ਵਿੱਚ ਸਹਾਇਤਾ ਕਰਦੇ ਹਨ।
ਇਕ ਪੰਥ ਦੋ ਕਾਜ——ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਇਕ ਕੰਮ ਕਰਦਿਆਂ ਦੂਜਾ ਲਾਹਵੰਦ ਕੰਮ ਨਾਲ਼ ਹੀ ਹੋ ਜਾਵੇ।

ਇਕ ਪਰਹੇਜ਼ ਨੌ ਸੌ ਹਕੀਮ——ਭਾਵ ਇਹ ਹੈ ਕਿ ਜਿਹੜਾ ਬੰਦਾ ਖਾਣ-ਪੀਣ ਵਿੱਚ ਪ੍ਰੇਹਜ਼ ਕਰਦਾ ਹੈ, ਉਸ ਨੂੰ ਹਕੀਮ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਪ੍ਰਹੇਜ਼ ਸਦਕਾ ਬੀਮਾਰ ਹੀ ਨਹੀਂ ਹੁੰਦਾ।

ਇਕ ਪਲ ਦੀ ਸ਼ਰਮਿੰਦਗੀ ਸਾਰੇ ਦਿਨ ਦਾ ਆਧਾਰ——ਭਾਵ ਇਹ ਹੈ ਕਿ ਜੇ ਸੰਗਣ ਨਾਲ਼ ਨੁਕਸਾਨ ਪੁੱਜਦਾ ਹੋਵੇ ਤਾਂ ਨਿ-ਸੰਗ ਹੋ ਕੇ ਉਹ ਲਾਭ ਲੈ ਲੈਣਾ ਚਾਹੀਦਾ ਹੈ।

ਇਕ ਪਾਪੀ ਬੇੜੀ ਨੂੰ ਡੋਬਦਾ ਹੈ——ਭਾਵ ਇਹ ਹੈ ਕਿ ਘਰ ਦਾ ਕੋਈ ਮਾੜਾ ਬੰਦਾ ਮਾੜੇ ਕੰਮ ਕਰਨ ਕਰਕੇ ਆਪਣੇ ਸਾਰੇ ਪਰਿਵਾਰ ਨੂੰ ਹੀ ਬਦਨਾਮ ਕਰ ਦਿੰਦਾ ਹੈ।

ਇਕ ਬੇਲੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ——ਇਸ ਦਾ ਭਾਵ ਅਰਥ ਇਹ ਹੈ ਕਿ ਇਕੋ ਜਿਹੀ ਸ਼ਕਤੀ ਦੇ ਮਾਲਕ ਦੋ ਜਣੇ ਇਕੋ ਥਾਂ ਨਹੀਂ ਰਹਿ ਸਕਦੇ। ਇਕੋ ਵੇਲੇ ਇਕੋ ਜਿਹੇ ਬੰਦਿਆਂ ਦੀ ਚੌਧਰ ਨਹੀਂ ਚਲ ਸਕਦੀ।

ਇਕ ਮੱਛੀ ਸਾਰੇ ਤਲਾ ਨੂੰ ਗੰਦਾ ਕਰ ਦਿੰਦੀ ਹੈ——ਭਾਵ ਇਹ ਹੈ ਕਿ ਕਿਸੇ ਪਰਿਵਾਰ ਦਾ ਇਕੋ ਜਣਾ ਆਪਣੇ ਮਾੜੇ ਕੰਮਾਂ ਕਰਕੇ ਸਾਰੇ ਪਰਿਵਾਰ ਨੂੰ ਬਦਨਾਮ ਕਰ ਦਿੰਦਾ ਹੈ।

ਇਕ ਮੱਝ ਸਾਰੇ ਵੱਗ ਨੂੰ ਲਿਬੇੜਦੀ ਹੈ——ਭਾਵ ਇਹ ਹੈ ਕਿ ਭੈੜਾ ਅਤੇ ਆਚਰਣਹੀਣ ਆਦਮੀ ਆਪਣੇ ਸੰਗੀ-ਸਾਥੀਆਂ ਨੂੰ ਵੀ ਆਪਣੇ ਵਰਗਾ ਬਣਾ ਕੇ ਬਦਨਾਮ ਕਰ ਦਿੰਦਾ ਹੈ।

ਇਕ ਮਾਂ ਨੂੰ ਰੋਂਦੇ ਨੇ, ਇਕ ਮਤ੍ਰੇਈ ਨੂੰ——ਭਾਵ ਇਹ ਹੈ ਕਿ ਮਾਂ ਦਾ ਦੁਖ ਤਾਂ ਬੱਚੇ ਜਰਦੇ ਹੀ ਨੇ, ਪ੍ਰੰਤੂ ਮਤ੍ਰੇਈ ਦੇ ਆਉਣ ਦਾ ਝੋਰਾ ਉਹਨਾਂ ਨੂੰ ਹੋਰ ਦੁਖੀ ਕਰਦਾ ਹੈ।

ਇਕ ਵੇ ਜੱਟਾ, ਦੋ ਵੇ ਜੱਟਾ, ਤੀਜੀ ਵਾਰੀ ਪਿਆ ਘੱਟਾ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਵਧੀਕੀ ਇਕ-ਦੋ ਵਾਰੀ ਹੀ ਸਹਾਰੀ ਜਾ ਸਕਦੀ ਹੈ ਪ੍ਰੰਤੂ ਜੇ ਇਹ ਲੜੀ ਜਾਰੀ ਰਹੇ ਤਾਂ ਅੱਗੋਂ ਇਸ ਨੂੰ ਰੋਕਣ ਲਈ ਡਾਂਗ ਸੋਟਾ ਚੁੱਕਣਾ ਹੀ ਪੈਂਦਾ ਹੈ।

ਇਕਾਂਤ ਵਾਸਾ, ਨਾ ਝਗੜਾ ਝਾਂਸਾ——ਜਿਹੜਾ ਆਦਮੀ ਇਸ ਸਮਾਜ ਤੋਂ ਅਲੱਗ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਉਸ ਪ੍ਰਤੀ ਇਹ ਅਖਾਣ ਬੋਲਦੇ ਹਨ।

ਇਕੇ ਵਾਹ, ਇਕੇ ਪਾਹ——ਭਾਵ ਇਹ ਹੈ ਕਿ ਫ਼ਸਲ ਦਾ ਚੰਗਾ ਝਾੜ ਲੈਣ ਲਈ ਖੇਤ ਨੂੰ ਕਈ ਵਾਰ ਵਾਹ ਕੇ ਖ਼ਾਦ ਪਾਉਣੀ ਚਾਹੀਦੀ ਹੈ।

ਇਕੋ ਆਂਡਾ ਉਹ ਵੀ ਗੰਦਾ——ਜਦੋਂ ਮਾਪਿਆਂ ਦਾ ਇਕੋ ਇਕ ਪੁੱਤਰ ਨਾਲਾਇਕ ਨਿਕਲ ਆਵੇ, ਉਦੋਂ ਇਹ ਅਖਾਣ ਬੋਲਦੇ ਹਨ।
ਇਕੋ ਚੂੰਢੀ ਵੱਢਾਂ ਨੌ ਮਣ ਲਹੂ ਕੱਢਾਂ——ਇਹ ਅਖਾਣ ਉਦੋਂ ਬੋਲਦੇ ਜਦੋਂ ਕੋਈ ਬੰਦਾ ਕਿਸੇ ਦਾ ਹੌਲ਼ੀ-ਹੌਲ਼ੀ ਨੁਕਸਾਨ ਕਰੀ ਜਾਵੇ ਪ੍ਰੰਤੂ ਮੌਕਾ ਮਿਲਣ 'ਤੇ ਜੇ ਦੂਜਾ ਬੰਦਾ ਉਸ ਤੋਂ ਸਾਰੇ ਬਦਲੇ ਇਕੋ ਵਾਰ ਲੈ ਲਵੇ।

ਇਕ ਤਾਰਾ ਉੱਗਵੇ ਸਭ ਲੱਜਾ ਧੋਏ——ਭਾਵ ਇਹ ਹੈ ਕਿ ਕਈ ਵਾਰ ਪਰਿਵਾਰ ਦਾ ਇਕੋ ਇਕ ਸਿਆਣਾ ਬੰਦਾ ਚੰਗੀ ਖੱਟੀ ਕਮਾਈ ਕਰਕੇ ਜਾਂ ਆਪਣੇ ਸਿਆਣਪ ਭਰੇ ਕੰਮਾਂ ਨਾਲ਼ ਆਪਣੇ ਖ਼ਾਨਦਾਨ ਦਾ ਨਾਂ ਰੌਸ਼ਨ ਕਰ ਦਿੰਦਾ ਹੈ ਅਤੇ ਪਿਛਲਿਆਂ ਦੇ ਰੋਣੇ ਧੋਣੇ ਧੋ ਦਿੰਦਾ ਹੈ।

ਇਖ ਗੁੱਡ ਕੇ ਤੁਰੰਤ ਦਵਾਵੇ, ਤਾਂ ਫਿਰ ਇਖ ਬਹੁਤ ਸੁਖ ਪਾਵੇ——ਇਸ ਅਖਾਣ ਰਾਹੀਂ ਜੱਟਾਂ ਨੂੰ ਦੱਸਿਆ ਗਿਆ ਹੈ ਕਿ ਕਮਾਦ ਦੀ ਗੋਡੀ ਕਰਨ ਮਗਰੋਂ ਕਮਾਦ ਨੂੰ ਦੱਬਣ ਨਾਲ ਚੰਗੀ ਫ਼ਸਲ ਹੁੰਦੀ ਹੈ।

ਇਖ ਬਿਨਾਂ ਕੈਸੀ ਖੇਤੀ, ਜੈਸੇ ਜਮਨਾ ਕੀ ਰੇਤੀ——ਭਾਵ ਇਹ ਹੈ ਕਿ ਕਿਸਾਨਾਂ ਨੂੰ ਕਮਾਦ ਜ਼ਰੂਰ ਬੀਜਣਾ ਚਾਹੀਦਾ ਹੈ ਇਸ ਨਾਲ਼ ਚੰਗੀ ਕਮਾਈ ਹੁੰਦੀ ਹੈ।

ਇੱਚਰ ਪੁੱਤਰ ਪਿਉ ਦਾ, ਜਿਚਰ ਮੂੰਹ ਨਹੀਂ ਤੱਕਿਆ ਪਰਾਏ ਧੀਉ (ਧੀ) ਦਾ——ਭਾਵ ਇਹ ਹੈ ਕਿ ਪੁੱਤਰ ਆਪਣੇ ਮਾਂ-ਪਿਉ ਦਾ ਉਦੋਂ ਤੱਕ ਹੀ ਖ਼ਿਆਲ ਰਖਦੇ ਹਨ ਜਦੋਂ ਤੱਕ ਵਿਆਹੇ ਨਹੀਂ ਜਾਂਦੇ। ਜਦੋਂ ਪੁੱਤਰ ਵਿਆਹਿਆ ਜਾਂਦਾ ਹੈ, ਪਰਾਈ ਧੀ ਆਉਣ 'ਤੇ ਮਾਪੇ ਵਿਸਰ ਜਾਂਦੇ ਹਨ।

ਇੱਟ ਚੁਕਦੇ ਨੂੰ ਪੱਥਰ ਤਿਆਰ——ਇਸ ਅਖਾਣ ਦਾ ਭਾਵ ਇਹ ਹੈ ਕਿ ਅੱਜਕੱਲ੍ਹ ਸ਼ਰਾਫ਼ਤ ਦਾ ਜ਼ਮਾਨਾ ਨਹੀਂ ਰਿਹਾ। ਜੇਕਰ ਕੋਈ ਤੁਹਾਡਾ ਥੋੜ੍ਹਾ ਨੁਕਸਾਨ ਕਰਦਾ ਹੈ ਉਸ ਦਾ ਬਦਲੇ ਵਿੱਚ ਦੂਣਾ ਨੁਕਸਾਨ ਕਰੋ ਤਾਂ ਹੀ ਉਹ ਸੂਤ ਆਵੇਗਾ।

ਇੱਟ ਦੀ ਦੇਣੀ ਤੇ ਪੱਥਰ ਦੀ ਲੈਣੀ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਹੋ ਜਿਹੀ ਕੋਈ ਭਾਜੀ ਪਾਉਂਦਾ ਹੈ, ਉਹੋ ਜਿਹੀ ਹੀ ਮੋੜਨੀ ਚਾਹੀਦੀ ਹੈ। ਭਾਵ ਇਹ ਹੈ ਕਿ ਸਾਵੇਂ ਨੂੰ ਸਾਂਵਾਂ ਹੋ ਕੇ ਹੀ ਵਰਤਣਾ ਠੀਕ ਹੈ।

ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ——ਜਦੋਂ ਕਿਸੇ ਲੀਚੜ ਬੰਦੇ ਪਾਸੋਂ ਕੁਝ ਪ੍ਰਾਪਤ ਨਾ ਹੋਵੇ ਜਾਂ ਉਸ 'ਤੇ ਕਿਸੇ ਦਲੀਲ ਦਾ ਅਸਰ ਨਾ ਹੋਵੇ, ਉਦੋਂ ਇਹ ਅਖਾਣ ਵਰਤਦੇ ਹਨ।

ਇੱਲ੍ਹ ਦਾ ਨਣਦੋਈਆ ਕਾਂ——ਭਾਵ ਇਹ ਹੈ ਕਿ ਮਾੜੇ ਬੰਦਿਆਂ ਦੇ ਸਾਕ ਸਬੰਧੀ ਵੀ ਮਾੜੇ ਹੀ ਹੁੰਦੇ ਹਨ।

ਇੱਲ੍ਹਾਂ ਕਿਸ ਪਰਨਾਈਆਂ, ਕਿਸ ਪਿੰਜਰੇ ਘੱਤੇ ਕਾਂ——ਅਣਹੋਣੀਆਂ ਘਟਨਾਵਾਂ, ਗੱਲਾਂ ਵਾਪਰਨ ਦੇ ਵਿਰੋਧ ਵਿੱਚ ਦਲੀਲਾਂ ਦੇਣ ਸਮੇਂ ਇਹ ਅਖਾਣ ਵਰਤਦੇ ਹਨ।

ਈਦ ਪਿੱਛੋਂ ਟਰੂ——ਜਦੋਂ ਕਿਸੇ ਵਸਤੂ ਦੇ ਵਰਤਣ ਦਾ ਢੁੱਕਵਾਂ ਸਮਾਂ ਲੰਘ ਜਾਣ ਮਗਰੋਂ ਲੋੜੀਂਦੀ ਵਸਤੂ ਮਿਲ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ। ਈਦ ਪਿੱਛੋਂ ਤੂੰਬਾ ਫੁਕਣਾ ਏ——ਭਾਵ ਇਹ ਹੈ ਲੋੜ ਦਾ ਸਮਾਂ ਬੀਤ ਜਾਣ ਮਗਰੋਂ ਮਿਲੀ ਵਸਤੂ ਦਾ ਕੋਈ ਲਾਭ ਨਹੀਂ।

ਏਹੋ ਜਿਹਾਂ ਦੇ ਗਲ ਏਹੋ ਜੇਹੇ ਹੁੰਦੇ ਨੇ——ਜਦੋਂ ਕੋਈ ਮਾੜਾ ਬੰਦਾ ਕਿਸੇ ਨਾਲ ਮਾੜਾ ਵਰਤਾਓ ਕਰੇ, ਜਦੋਂ ਕੋਈ ਜਣਾ ਆਪਣੀ ਅਗਿਆਨਤਾ ਨੂੰ ਛੁਪਾਉਣ ਲਈ ਚਲਾਕੀ ਵਰਤੇ, ਉਦੋਂ ਇਹ ਅਖਾਣ ਬੋਲਦੇ ਹਨ।

ਏਥੇ ਘਾੜ ਘੜੀਂਦੇ ਹੋਰ, ਬੰਨੀਂਦੇ ਸਾਧ, ਛੁਟੰਦੇ ਚੋਰ——ਜਦੋਂ ਕਿਸੇ ਰਾਜ ਪ੍ਰਬੰਧ ਵਿੱਚ ਪਈ ਹਨ੍ਹੇਰ-ਗਰਦੀ ਜਾਂ ਕੁਸ਼ਾਸਨ ਦਾ ਜ਼ਿਕਰ ਕਰਨਾ ਹੋਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਸੱਸ ਦੀਆਂ ਮੇਲਣਾਂ, ਜੁਲਾਹੀਆਂ ਤੇਲਣਾਂ——ਜਦੋਂ ਕਿਸੇ ਪੁਰਸ਼ ਜਾਂ ਇਸਤਰੀ ਦਾ ਮੇਲ-ਮਿਲਾਪ ਭੈੜੇ ਤੇ ਮਾੜੇ ਬੰਦਿਆਂ ਨਾਲ ਹੋਵੇ, ਉਦੋਂ ਇਹ ਅਖਾਣ ਵਰਤਦੇ ਹਨ।

ਸੱਸ ਨਹੀਂ ਸੰਗ ਚੱਲਾਂ, ਸਹੁਰਾ ਨਹੀਂ ਘੁੰਢ ਕੱਢਾਂ——ਜਦੋਂ ਕੋਈ ਇਸਤਰੀ ਘਰ ਵਿੱਚ ਵੱਡਾ ਬਜ਼ੁਰਗ ਨਾ ਹੋਣ ਕਰਕੇ ਬੇਮੁਹਾਰੀ ਤੁਰੀ ਫਿਰੇ, ਉਦੋਂ ਇਹ ਅਖਾਣ ਬੋਲਦੇ ਹਨ।

ਸੱਸ ਨਾ ਨਨਾਣ, ਵਹੁਟੀ ਆਪੇ ਪਰਧਾਨ——ਜਦੋਂ ਕਿਸੇ ਪੁਰਸ਼, ਇਸਤਰੀ ਤੇ ਸਮਾਜਿਕ ਜਾਂ ਪਰਿਵਾਰਕ ਅੰਕੁਸ਼ ਨਾ ਹੋਣ ਕਾਰਨ ਉਹ ਆਪ ਮੁਹਾਰੇ ਮਨਮਰਜ਼ੀ ਕਰੇ, ਉਦੋਂ ਇੰਜ ਆਖਦੇ ਹਨ।

ਸੱਸੇ ਨੀ ਮੈਂ ਥੱਕੀ, ਛੱਡ ਚਰਖਾ ਤੇ ਲੈ ਚੱਕੀ——ਜਦੋਂ ਕੋਈ ਕੰਮ ਕਰਦਾ-ਕਰਦਾ ਥੱਕ ਜਾਵੇ ਤੇ ਅਰਾਮ ਕਰਨ ਦੀ ਆਸ ਕਰੇ ਪ੍ਰੰਤੂ ਚਲਾਕੀ ਨਾਲ਼ ਉਸ ਨੂੰ ਪਹਿਲੇ ਨਾਲੋਂ ਵੀ ਔਖਾ ਕੰਮ ਕਰਨ ਨੂੰ ਸੌਂਪ ਦਿੱਤਾ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ। ਇਸੇ ਭਾਵ ਨੂੰ ਪ੍ਰਗਟਾਉਣ ਵਾਲਾ ਅਖਾਣ ਹੈ "ਉਠ ਨੀ ਨੂਹੇਂ ਨਿੱਸਲ ਹੈ, ਚਰਖਾ ਛੱਡ ਤੇ ਚੱਕੀ ਝੋ"।

ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇਕੋ ਵਾਰ——ਇਸ ਅਖਾਣ ਦਾ ਭਾਵ ਇਹ ਹੈ ਕਿ ਸਸਤੀ ਖ਼ਰੀਦੀ ਵਸਤੂ ਕਈ ਵਾਰ ਮਾੜੀ ਨਿਕਲਦੀ ਹੈ ਤੇ ਖ਼ਰਾਬ ਹੋਣ 'ਤੇ ਦੁਬਾਰਾ ਖ਼ਰੀਦਣੀ ਪੈਂਦੀ ਹੈ, ਇਸ ਨਾਲੋਂ ਤਾਂ ਪਹਿਲੀ ਵਾਰ ਹੀ ਵਧੇਰੇ ਪੈਸੇ ਖ਼ਰਚ ਕਰਕੇ ਚੰਗੀ ਵਸਤੂ ਖ਼ਰੀਦਣੀ ਲਾਭਦਾਇਕ ਹੈ।

ਸਹਿਜ ਪਕੇ ਸੋ ਮਿਠਾ ਹੋਵੇ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਾਹਲੀ ਵਿੱਚ ਕੀਤਾ ਹੋਇਆ ਕੰਮ ਖ਼ਰਾਬ ਹੋ ਜਾਂਦਾ ਹੈ। ਸਹਿਜ ਨਾਲ਼ ਅਤੇ ਠਰ੍ਹੰਮੇ ਨਾਲ਼ ਕੀਤਾ ਕੰਮ ਚੰਗਾ ਤੇ ਫ਼ਾਇਦੇਮੰਦ ਹੁੰਦਾ ਹੈ। ਸ਼ਹਿਰੀਂ ਵਸਣ ਦੇਵਤੇ ਪਿੰਡੀਂ ਵਸਣ ਭੂਤ——ਸ਼ਹਿਰਾਂ ਵਿੱਚ ਵਸਣ ਵਾਲ਼ੇ ਲੋਕ ਆਪਣੇ ਸ਼ਹਿਰੀ ਜੀਵਨ ਨੂੰ ਪਿੰਡ ਵਾਸੀਆਂ ਨਾਲੋਂ ਚੰਗੇਰਾ ਦੱਸਣ ਲਈ ਇਹ ਅਖਾਣ ਵਰਤਦੇ ਹਨ।

ਸਹੁੰ ਦਈਏ ਜੀ ਦੀ, ਪੁੱਤਰ ਦੀ ਨਾ ਧੀ ਦੀ——ਭਾਵ ਇਹ ਹੈ ਕਿ ਬੰਦਾ ਆਪਣੇ ਬਾਰੇ ਹੀ ਪੂਰਨ ਵਿਸ਼ਵਾਸ਼ ਦੁਆ ਸਕਦਾ ਹੈ ਹੋਰ ਕਿਸੇ ਵੀ ਰਿਸ਼ਤੇਦਾਰ ਦੀ ਚਾਹੇ ਉਹ ਕਿੰਨਾ ਵੀ ਨੇੜੇ ਦਾ ਹੋਵੇ ਸਹਿਮਤੀ ਨਹੀਂ ਦਿੱਤੀ ਜਾ ਸਕਦੀ।

ਸਹੁਰਾ ਨਾ ਸਾਲ਼ਾ, ਮੈਂ ਆਪੇ ਘਰ ਵਾਲ਼ਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਘਰ ਵਿੱਚ ਕੋਈ ਹੋਰ ਪੁਰਸ਼ ਪੁੱਛ ਪੜਤਾਲ ਕਰਨ ਵਾਲ਼ਾ ਨਾ ਹੋਵੇ, ਤੇ ਬੰਦਾ ਆਪਣੀ ਮਰਜ਼ੀ ਕਰੇ।

ਸਹੁਰਾ ਬੱਧਾ, ਨੂੰਹ ਨੂੰ ਦਾ ਲੱਗਾ-ਜਦੋਂ ਘਰ ਵਿੱਚ ਪੁੱਛ ਪੜਤਾਲ ਕਰਨ ਵਾਲਾ ਅਤੇ ਨਿਗਰਾਨੀ ਰੱਖਣ ਵਾਲਾ ਘਰੋਂ ਥੋੜ੍ਹੇ ਸਮੇਂ ਲਈ ਚਲਿਆ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਸਹੁਰਿਆ ਤੇਰਾ ਨਾਂ ਤਾਂ ਆਉਂਦੈ ਪਰ ਲੈਣਾ ਨੀ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਕਾਰਨ ਕਰਕੇ ਕਿਸੇ ਦਾ ਦੋਸ਼ ਉਹਦੇ ਮੂੰਹ ਤੇ ਸੱਚੋ ਸੱਚ ਦੱਸਣ ਲਈ ਸੰਕੋਚ ਵਰਤਿਆ ਜਾਵੇ।

ਸਹੇ ਦੀ ਨਹੀਂ, ਪਹੇ ਦੀ ਪਈ ਏ-ਜਦੋਂ ਥੋੜੇ ਨੁਕਸਾਨ ਤੋਂ ਬਾਅਦ ਵੱਡੇ ਨੁਕਸਾਨ ਹੋਣ ਦਾ ਡਰ ਹੋਵੇ, ਉਦੋਂ ਇੰਜ ਆਖਦੇ ਹਨ।

ਸ਼ੱਕਰ ਖੋਰੇ ਨੂੰ ਰੱਬ ਸ਼ੱਕਰ ਦੇ ਦੇਂਦਾ ਹੈ-ਭਾਵ ਇਹ ਹੈ ਕਿ ਜਿਹੋ ਜਿਹਾ ਜੀਵਨ ਢੰਗ ਕੋਈ ਅਪਣਾ ਲੈਂਦਾ ਹੈ ਰੱਬ ਉਹਦੇ ਜੀਵਨ ਨਿਰਬਾਹ ਲਈ ਕੋਈ ਨਾ ਕੋਈ ਹੀਲਾ ਵਸੀਲਾ ਬਣਾ ਦਿੰਦਾ ਹੈ।

ਸ਼ਕਲ ਚੁੜੇਲਾਂ, ਦਿਮਾਗ਼ ਪਰੀਆਂ-ਇਹ ਅਖਾਣ ਉਸ ਪੁਰਸ਼-ਇਸਤਰੀ ਲਈ ਵਰਤਦੇ ਹਨ ਜਿਹੜਾ ਸ਼ਕਲ ਸੂਰਤ ਤੋਂ ਭੱਦਾ ਹੋਵੇ ਪਰ ਅਸ਼ਨੇ ਪਸ਼ਨੇ ਬਹੁਤੇ ਕਰੇ ਤੇ ਆਪਣੀ ਟੌਹਰ ਕੱਢ ਕੇ ਰੱਖੋ।

ਸ਼ਕਲ ਮੋਮਨਾਂ, ਕਰਤੁਤ ਕਾਫ਼ਰਾਂ-ਜਦੋਂ ਕਿਸੇ ਸਾਊ ਦਿਸਦੇ ਤੇ ਸਾਦਾ ਰਹਿਣੀ ਵਾਲੇ ਬੰਦੇ ਦੀਆਂ ਭੈੜੀਆਂ ਕਰਤੂਤਾਂ ਜਗ ਜਾਹਰ ਹੋ ਜਾਣ, ਉਦੋਂ ਇਹ ਅਖਾਣ ਬੋਲਦੇ ਹਨ।

ਸਖੀ ਸੁਮ ਦਾ ਲੇਖਾ ਬਰਾਬਰ-ਜਦੋਂ ਕੋਈ ਖੁੱਲ੍ਹੇ ਦਿਲ ਵਾਲਾ ਦਿਲ ਖੋਲ ਕੇ ਖ਼ਰਚ ਕਰੇ ਤੇ ਦੂਜੇ ਪਾਸੇ ਕਿਸੇ ਸੁਮ ਬੰਦੇ ਦਾ ਓਨਾ ਹੀ ਨੁਕਸਾਨ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਸਖੀ ਨਾਲੋਂ ਸੂਮ ਭਲਾ ਜਿਹੜਾ ਤੁਰਤ ਦਏ ਜਵਾਬ-ਭਾਵ ਇਹ ਹੈ ਕਿ ਉਸ ਬਹਾਨੇਬਾਜ਼ ਮਨੁੱਖ ਨਾਲੋਂ, ਜਿਹੜਾ ਨਿੱਤ ਬਹਾਨੇ ਲਾ ਕੇ ਤੇ ਲਾਰੇ ਲਾ ਕੇ ਨਿਰਾਸ਼ ਕਰਦਾ ਹੈ, ਉਹ ਮਨੁੱਖ ਚੰਗਾ ਹੈ, ਜਿਹੜਾ ਪਹਿਲੀ ਵਾਰ ਹੀ ਸਹਾਇਤਾ ਕਰਨ ਵਿੱਚ ਆਪਣੀ ਅਸਮਰਥਾ ਪ੍ਰਗਟ ਕਰ ਦੇਵੇ।

ਸੰਗ ਤਾਰੇ, ਕਸੰਗ ਡੋਬੇ——ਭਾਵ ਇਹ ਹੈ ਕਿ ਚੰਗੇ ਬੰਦਿਆਂ ਦੀ ਬੈਠਕ ਵਿੱਚ ਬੰਦਾ ਚੰਗੀਆਂ ਗੱਲਾਂ ਸਿਖਦਾ ਹੈ ਤੇ ਮਾੜੇ ਬੰਦਿਆਂ ਨਾਲ਼ ਉਠਣ, ਬੈਠਣ ਵਾਲ਼ਾ ਬੰਦਾ ਮਾੜੀਆਂ ਆਦਤਾਂ ਧਾਰਨ ਕਰ ਲੈਂਦਾ ਹੈ ਤੇ ਨੁਕਸਾਨ ਝਲਦਾ ਹੈ।

ਸੰਘੋਂ ਹੇਠਾ ਹੋਇਆ ਜਿਹਾ ਗੁੜ ਜਿਹਾ ਗੋਹਿਆ——ਇਸ ਅਖਾਣ ਰਾਹੀਂ ਜੀਵ ਦੇ ਸੁਆਦਾਂ ਬਾਰੇ ਦੱਸਿਆ ਗਿਆ ਹੈ। ਖਾਣ ਵਾਲ਼ੀ ਚੀਜ਼ ਦਾ ਸੁਆਦ ਤਾਂ ਸੰਘ ਤੱਕ ਹੀ ਹੈ, ਮਗਰੋਂ ਸੰਘ ਤੋਂ ਥੱਲ੍ਹੇ ਲੰਘ ਕੇ ਸਭ ਚੀਜ਼ਾਂ ਬਰਾਬਰ ਹੋ ਜਾਂਦੀਆਂ ਹਨ।

ਸੱਚ ਆਖਣਾ, ਅੱਧੀ ਲੜਾਈ——ਕੋਈ ਵੀ ਦੋਸ਼ੀ ਆਪਣਾ ਦੋਸ਼ ਸੁਣਨ ਲਈ ਤਿਆਰ ਨਹੀਂ ਹੁੰਦਾ, ਜੇਕਰ ਕੋਈ ਸੱਚੀ ਗੱਲ ਅਗਲੇ ਦੇ ਮੂੰਹ 'ਤੇ ਆਖ ਦੇਵੇ ਤੇ ਉਹ ਸੱਚ ਆਖਣ ਵਾਲ਼ੇ ਦੇ ਗਲ਼ ਪੈ ਜਾਂਦਾ ਹੈ।

ਸੱਚ ਕਹੇ, ਪਰੇਡੇ ਰਹੇ——ਭਾਵ ਇਹ ਹੈ ਕਿ ਸੱਚ ਕਹਿਣ ਵਾਲ਼ੇ ਬੰਦੇ ਦੇ ਟਾਕਰੇ 'ਤੇ ਝੂਠੀਆਂ ਗੱਲਾਂ ਕਰਨ ਵਾਲਾ ਖ਼ੁਸ਼ਾਮਦੀ ਬੰਦਾ ਆਪਣੀ ਥਾਂ ਮੂਹਰਲੀ ਕਤਾਰ ਵਿੱਚ ਬਣਾ ਲੈਂਦਾ ਹੈ ਤੇ ਸੱਚੇ ਬੰਦੇ ਨੂੰ ਕੋਈ ਨਹੀਂ ਸਿਆਣਦਾ।

ਸੱਚ ਨੂੰ ਆਂਚ ਨਹੀਂ——ਭਾਵ ਸਪੱਸ਼ਟ ਹੈ ਸੱਚ ਸਦਾ ਸੱਚ ਰਹਿੰਦਾ ਹੈ ਤੇ ਹਰ ਪਰਖ਼ ਵਿੱਚ ਖ਼ਰਾ ਉਤਰਦਾ ਹੈ।

ਸੱਚ ਮਿਰਚਾਂ ਝੂਠ ਗੁੜ——ਭਾਵ ਇਹ ਹੈ ਕਿ ਲੋਕ ਸੱਚੀ ਗੱਲ ਆਖਣ ਵਾਲ਼ੇ ਨੂੰ ਬੁਰਾ ਸਮਝਦੇ ਹਨ ਤੇ ਝੂਠੀਆਂ ਸਿਫ਼ਤਾਂ ਕਰਨ ਵਾਲੇ ਨੂੰ ਚੰਗਾ ਸਮਝਿਆ ਜਾਂਦਾ ਹੈ।

ਸੱਚੀ ਕਹੇ ਖੁਸ਼ ਰਹੇ——ਭਾਵ ਇਹ ਕਿ ਸੱਚੀ ਗੱਲ ਆਖਣ ਵਾਲ਼ੇ ਨੂੰ ਇਹ ਤੌਖ਼ਲਾ ਨਹੀਂ ਰਹਿੰਦਾ ਕਿ ਉਹਦੀ ਗੱਲ ਝੂਠੀ ਸਾਬਤ ਹੋਣ 'ਤੇ ਉਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਏਗਾ। ਇਸ ਲਈ ਉਹ ਖ਼ੁਸ਼ ਰਹਿੰਦਾ ਹੈ।

ਸੱਜਣ ਤਾਂ ਅੱਖਾਂ ਵਿੱਚ ਸਮਾ ਜਾਂਦੇ ਨੇ ਪਰ ਵੈਰੀ ਤਾਂ ਵਿਹੜੇ ਵਿੱਚ ਵੀ ਨਹੀਂ ਸਮਾਉਂਦੇ——ਭਾਵ ਇਹ ਹੈ ਕਿ ਅਸੀਂ ਆਪਣੇ ਸੱਜਣ ਮਿੱਤਰਾਂ ਲਈ ਹਰ ਖੇਚਲ ਖ਼ੁਸ਼ੀ-ਖੁਸ਼ੀ ਸਹਿਣ ਲਈ ਤਿਆਰ ਹੋ ਜਾਂਦੇ ਹਾਂ ਪੰਤੁ ਵੈਰੀ ਲਈ ਤਾਂ ਅਸੀਂ ਰਤੀ ਭਰ ਖੇਚਲ ਸਹਿਣ ਨਹੀਂ ਕਰ ਸਕਦੇ।

ਸੱਜਣ ਬਾਂਹ ਦੇਣ ਤਾਂ ਪੂਰੀ ਈ ਨਹੀਂ ਨਿਗਲ ਲਈਦੀ——ਭਾਵ ਇਹ ਹੈ ਕਿ ਜੇਕਰ ਕੋਈ ਲੋੜ ਵੇਲੇ ਸਹਾਇਤਾ ਕਰਦਾ ਹੈ ਤਾਂ ਉਸ ਦੀ ਚੰਗੀ ਭਾਵਨਾ ਦਾ ਅਯੋਗ ਲਾਭ ਨਹੀਂ ਉਠਾਉਣਾ ਚਾਹੀਦਾ।

ਸੱਜਣਾਂ ਦੇ ਲਾਰੇ ਰਹੇ ਕਵਾਰੇ——ਇਹ ਅਖਾਣ ਉਦੋਂ ਬੋਲੀਦਾ ਹੈ ਜਦੋਂ ਕੋਈ ਬੰਦਾ ਲਾਰੇ ਲਾ-ਲਾ ਕੇ ਅੰਤ ਨੂੰ ਕੰਮ ਕਰਨੋਂ ਕੋਰਾ ਜਵਾਬ ਦੇ ਦੇਵੇ। ਸੰਜਮ ਕਰਕੇ ਖਾਹ, ਨੱਕ ਦੀ ਸੇਧੇ ਜਾਹ, ਫੇਰ ਕਾਹਦੀ ਪ੍ਰਵਾਹ——ਜਿਹੜਾ ਬੰਦਾ ਆਪਣਾ ਜੀਵਨ ਸੰਜਮ ਨਾਲ਼ ਬਤੀਤ ਕਰਦਾ ਹੈ, ਫ਼ਜ਼ੂਲ ਖ਼ਰਚੀ ਨਹੀਂ ਕਰਦਾ ਅਤੇ ਸਦਾਚਾਰਕ ਕਦਰਾਂ ਕੀਮਤਾਂ ਦੀ ਪਾਲਣਾ ਕਰਦਾ ਹੈ, ਉਸ ਨੂੰ ਕਿਸੇ ਕਿਸਮ ਦਾ ਵੀ ਭੈ ਨਹੀਂ ਹੁੰਦਾ।

ਸੱਜਾ ਧੋਏ ਖੱਬੇ ਨੂੰ ਤੇ ਖੱਬਾ ਧੋਏ ਸੱਜੇ ਨੂੰ——ਇਸ ਅਖਾਣ ਰਾਹੀਂ ਇਕ-ਦੂਜੇ ਦੀ ਸਹਾਇਤਾ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਭਾਵ ਇਹ ਹੈ ਕਿ ਚੰਗਾ ਜੀਵਨ ਜੀਣ ਲਈ ਮਿਲਵਰਤਣ ਬਹੁਤ ਜ਼ਰੂਰੀ ਹੈ।

ਸੰਢਿਆਂ ਦਾ ਭੇੜ ਬੂਟਿਆਂ ਦਾ ਖੌ——ਜਦੋਂ ਦੋ ਤਕੜੇ ਬੰਦਿਆਂ ਦੀ ਲੜਾਈ ਵਿੱਚ ਗਰੀਬ ਬੰਦਿਆਂ ਦਾ ਨੁਕਸਾਨ ਹੋ ਜਾਵੇ, ਉਦੋਂ ਇੰਜ ਆਖਦੇ ਹਨ।

ਸਤੀ ਦਏ ਸੰਤੋਖੀ ਖਾਏ——ਸੱਚੇ ਦਿਲੋਂ ਕੀਤੇ ਦਾਨ ਨੂੰ ਦਾਨ ਲੈਣ ਵਾਲਾ ਦਾਨ ਪ੍ਰਾਪਤ ਕਰਕੇ ਸੰਤੁਸ਼ਟੀ ਮਹਿਸੂਸ ਕਰਦਾ ਹੈ।

ਸੰਤੋਖੀ ਸਦਾ ਸੁਖੀ——ਜਿਹੜਾ ਬੰਦਾ ਕਿਸੇ ਵੀ ਪ੍ਰਕਾਰ ਦਾ ਲਾਲਚ ਨਹੀਂ ਕਰਦਾ, ਸਬਰ ਸੰਤੋਖ ਵਾਲੀ ਜ਼ਿੰਦਗੀ ਬਤੀਤ ਕਰਦਾ ਹੈ, ਉਹ ਸਦਾ ਸੁਖੀ ਰਹਿੰਦਾ ਹੈ।

ਸੱਦਿਆ ਪੈਂਚ, ਅਣਸੱਦਿਆ ਭੜੂਆ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਬਿਨ ਬੁਲਾਏ ਹੀ ਆ ਕੇ ਕਿਸੇ ਮਾਮਲੇ ਵਿੱਚ ਦਖ਼ਲ ਦੇਵੇ।

ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ——ਜਦੋਂ ਕੋਈ ਬਿੰਨ ਬੁਲਾਇਆ ਘੜੰਮ ਚੌਧਰੀ ਅੱਗੇ ਹੋ-ਹੋ ਬੈਠੇ ਉਦੋਂ ਇੰਜ ਆਖਦੇ ਹਨ।

ਸੱਪ ਦਾ ਡੰਗਿਆ ਰੱਸੀ ਤੋਂ ਵੀ ਡਰਦਾ ਹੈ——ਜਦੋਂ ਕੋਈ ਬੰਦਾ ਇਕ ਬਾਰ ਧੋਖਾ ਖਾ ਜਾਵੇ ਤਾਂ ਉਹ ਅੱਗੇ ਤੋਂ ਹਰ ਕੰਮ ਸੁਚੇਤ ਹੋ ਕੇ ਕਰਦਾ ਹੈ।

ਸੱਪ ਦਾ ਬੱਚਾ ਸਪੋਲੀਆ——ਭਾਵ ਇਹ ਹੈ ਭੈੜੇ ਤੇ ਮੰਦੇ ਕਿਰਦਾਰ ਵਾਲ਼ੇ ਬੰਦਿਆਂ ਦੀ ਉਲਾਦ ਵੀ ਉਹਨਾਂ ਵਰਗੀ ਮਾੜੀ ਹੀ ਹੁੰਦੀ ਹੈ।

ਸੱਪ ਦੇ ਮੂੰਹ ਕੋਹੜ ਕਿਰਲੀ, ਖਾਵੇ ਤੇ ਕੋੜ੍ਹਾ, ਛੱਡੇ ਤਾਂ ਅੰਨ੍ਹਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਅਜਿਹੀ ਹਾਲਤ ਵਿੱਚ ਫਸ ਜਾਵੇ ਕਿ ਕੋਈ ਕੰਮ ਕਰਨ ਜਾਂ ਨਾ ਕਰਨ ਕਰਕੇ ਉਸ ਨੂੰ ਦੋਹੀਂ ਪਾਸੀਂ ਨੁਕਸਾਨ ਹੁੰਦਾ ਹੋਵੇ ਜਾਂ ਬਦਨਾਮੀ ਸਹਿਣੀ ਪੈਂਦੀ ਹੋਵੇ।

ਸੱਪ ਨੂੰ ਸੱਪ ਲੜੇ, ਵਿਹੁ ਕਿਸ ਨੂੰ ਚੜ੍ਹੇ——ਜਦੋਂ ਦੋ ਇਕੋ ਜਿਹੇ ਤਕੜੇ ਬੰਦੇ ਇਕ-ਦੂਜੇ ਦੇ ਵੈਰੀ ਬਣ ਕੇ ਇਕ-ਦੂਜੇ ਦਾ ਕੋਈ ਵੀ ਨੁਕਸਾਨ ਨਾ ਕਰ ਸਕਣ, ਉਦੋਂ ਇਹ ਅਖਾਣ ਬੋਲਦੇ ਹਨ।

ਸੱਪ ਵੀ ਮਰ ਜੇ ਲਾਠੀ ਵੀ ਨਾ ਟੁੱਟੇ——ਭਾਵ ਇਹ ਹੈ ਕਿ ਕੰਮ ਅਜਿਹੇ ਢੰਗ ਨਾਲ਼ ਕੀਤਾ ਜਾਵੇ ਕਿ ਕੰਮ ਵੀ ਹੋ ਜਾਏ ਤੇ ਕਿਸੇ ਕਿਸਮ ਦਾ ਨੁਕਸਾਨ ਵੀ ਨਾ ਹੋਵੇ। ਸੱਪਾਂ ਦੇ ਸਾਹਮਣੇ ਦੀਵੇ ਨਹੀਂ ਬਲਦੇ——ਭਾਵ ਇਹ ਹੈ ਕਿ ਤਕੜੇ ਬੰਦਿਆਂ ਦਾ ਕੋਈ ਗ਼ਰੀਬ ਜਾਂ ਮਾੜਾ ਬੰਦਾ ਟਾਕਰਾ ਨਹੀਂ ਕਰ ਸਕਦਾ।

ਸੱਪਾਂ ਦੇ ਪੁੱਤਰ ਕਦੇ ਨਾ ਹੁੰਦੇ ਮਿੱਤਰ——ਭਾਵ ਇਹ ਹੈ ਕਿ ਵੈਰੀਆਂ ਦੀ ਉਲਾਦ ਵੀ ਵੈਰ ਕਮਾਉਣੋਂ ਨਹੀਂ ਟਲਦੀ। ਇਸ ਲਈ ਉਹਨਾਂ 'ਤੇ ਇਤਬਾਰ ਨਹੀਂ ਕਰਨਾ ਚਾਹੀਦਾ।

ਸਬਰ ਦਾ ਫ਼ਲ ਮਿੱਠਾ ਹੁੰਦਾ ਹੈ——ਸਬਰ ਤੇ ਧੀਰਜ ਦੀ ਪ੍ਰੇਰਨਾ ਦੇਣ ਲਈ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।

ਸੱਭੇ ਖੇਡਾਂ ਖੇਡੀਆਂ, ਘੜਮਿਲ ਵੀ ਖੇਡਣ ਦੇ——ਜਦੋਂ ਕੋਈ ਬੰਦਾ ਬਹੁਤ ਸਾਰੇ ਯਤਨ ਕਰਨ ਤੇ ਸਫ਼ਲ ਨਾ ਹੋਵੇ ਤੇ ਆਖ਼ਰੀ ਵਾਰ ਹੋਰ ਯਤਨ ਕਰਨ ਬਾਰੇ ਕਹੇ, ਉਦੋਂ ਇਹ ਅਖਾਣ ਵਰਤਦੇ ਹਨ।

ਸ਼ਮਲਾ ਤਕ ਕੇ ਭੁੱਲੀ ਨਾ ਕੁੱਲੀ ਨਾ ਗੁੱਲੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਜਣਾ ਕਿਸੇ ਦੀ ਬਾਹਰੀ ਚਟਕ ਮਟਕ ਦੇਖ ਕੇ ਉਸ 'ਤੇ ਭਰੋਸਾ ਕਰ ਲਵੇ ਤੇ ਮਗਰੋਂ ਨੁਕਸਾਨ ਉਠਾਵੇ ਜਾਂ ਕਿਸੇ ਬੰਦੇ ਦਾ ਬਾਹਰੀ ਰੂਪ ਬੜਾ ਲੁਭਾਉਣਾ ਹੋਵੇ ਤੇ ਘਰ ਭੁੱਖ ਨੰਗ ਪਸਰੀ ਹੋਵੇ।

ਸਯਦ ਹੋ ਕੇ ਵਗਾਏ ਤੁਰਾ, ਉਹ ਵੀ ਬੁਰਾ, ਬਾਹਮਣ ਹੋ ਕੇ ਬਨ੍ਹੇ ਛੁਰਾ ਉਹ ਵੀ ਬੁਰਾ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਸੱਯਦ ਦਾ ਤੁਰਾ ਬਜਾਉਣਾ ਅਤੇ ਬ੍ਰਾਹਮਣ ਦਾ ਛੁਰਾ ਬਨ੍ਹਣਾ ਉਹਨਾਂ ਦੀਆਂ ਉੱਚ ਜਾਤੀਆਂ ਹੋਣ ਕਰਕੇ ਸੋਭਦਾ ਨਹੀਂ।

ਸਰਫਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀ——ਜਦੋਂ ਕਿਸੇ ਸੂਮ ਦਾ ਜੋੜਿਆ ਧੰਨ ਅਜਾਈਂ ਖ਼ਰਚਿਆ ਜਾਵੇ ਜਾਂ ਕੋਈ ਚੋਰ ਚੋਰੀ ਕਰ ਲਵੇ, ਉਦੋਂ ਇਹ ਅਖਾਣ ਵਰਤਦੇ ਹਨ।

ਸ਼ਰ੍ਹਾ ਵਿੱਚ ਸ਼ਰਮ ਕਾਹਦੀ——ਭਾਵ ਇਹ ਕਿ ਸੌਦਾ ਕਰਨ ਲੱਗਿਆਂ ਸਾਫ਼ ਤੇ ਸਪੱਸ਼ਟ ਗੱਲ ਬਾਤ ਕਰ ਲੈਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ। ਨਿਆਂ ਅਤੇ ਧਰਮ ਅਨੁਸਾਰ ਸੱਚੀ ਤੇ ਸਹੀ ਗੱਲ ਕਰਨ ਸਮੇਂ ਸ਼ਰਮ ਨਹੀਂ ਕਰਨੀ ਚਾਹੀਦੀ।

ਸਰਾਂਦੀ ਸੌਂ, ਪੁਆਂਦੀ ਸੌਂ, ਲੱਕ ਵਿਚਕਾਰ ਹੀ ਆਵੇਗਾ——ਜਦੋਂ ਇਹ ਦੱਸਣਾ ਹੋਵੇ ਕਿ ਭਾਵੇਂ ਕੋਈ ਢੰਗ ਅਪਣਾ ਲਵੋ, ਖ਼ਰਚ ਤਾਂ ਓਨਾ ਹੀ ਆਵੇਗਾ ਤਾਂ ਇਹ ਅਖਾਣ ਵਰਤਦੇ ਹਨ।

ਸ਼ਰੀਕ ਉਜੜਿਆ ਵਿਹੜਾ ਮੋਕਲ਼ਾ——ਜਦੋਂ ਕਿਸੇ ਵੈਰੀ ਦਾ ਨੁਕਸਾਨ ਹੋ ਜਾਵੇ, ਉਦੋਂ ਆਖਦੇ ਹਨ।

ਸ਼ਰੀਕ ਦਾ ਦਾਣਾ ਢਿੱਡ ਦੁਖਦੇ ਵੀ ਖਾਣਾ——ਇਹ ਅਖਾਣ ਸ਼ਰੀਕਾਂ ਨਾਲ਼ ਕੀਤੇ ਜਾਂਦੇ ਵਰਤਾਵੇ ਦਾ ਸੰਕੇਤ ਕਰਦਾ ਹੈ। ਸ਼ਰੀਕ ਦੀ ਕੋਈ ਚੀਜ਼ ਨਾ ਛੱਡੋ ਭਾਵੇਂ ਕੋਈ ਵੀ ਤਕਲੀਫ਼ ਉਠਾਉਣੀ ਪਵੇ।

ਸ਼ਰੀਕ ਮਿੱਟੀ ਦਾ ਵੀ ਮਾਣ ਨਹੀਂ——ਇਹ ਅਖਾਣ ਸ਼ਰੀਕਾਂ ਦੀ ਸ਼ਰੀਕਾਂ ਵੱਲ ਮੰਦੀ ਭਾਵਨਾ ਦਾ ਪ੍ਰਗਟਾ ਕਰਦਾ ਹੈ।

ਸ਼ਰੀਕ ਲਾਏ ਲੀਕ ਪੁੱਜੇ ਜਿੱਥੋਂ ਤੀਕ——ਭਾਵ ਇਹ ਹੈ ਕਿ ਸ਼ਰੀਕ ਦੂਜੇ ਸ਼ਰੀਕ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਦਾ ਯਤਨ ਕਰਦਾ ਹੈ।

ਸਲਾਹ ਕੰਧਾਂ ਕੋਲੋਂ ਵੀ ਲੈ ਲੈਣੀ ਚਾਹੀਦੀ ਹੈ——ਭਾਵ ਇਹ ਹੈ ਕਿ ਕੋਈ ਕੰਮ ਕਰਨ ਲੱਗਿਆਂ ਦੂਜੇ ਦੀ ਸਲਾਹ ਲੈਣੀ ਚੰਗੀ ਹੁੰਦੀ ਹੈ, ਭਾਵੇਂ ਆਪਣੀ ਮਨਮਰਜ਼ੀ ਹੀ ਕਰੋ।

ਸਵੇਰ ਦਾ ਭੁੱਲਾ ਸ਼ਾਮੀਂ ਘਰ ਆ ਜਾਵੇ ਤਾਂ ਭੁੱਲਾ ਨਾ ਜਾਣੋ——ਭਾਵ ਇਹ ਹੈ ਕਿ ਜੇ ਕੋਈ ਬੰਦਾ ਗ਼ਲਤੀ ਕਰਕੇ ਆਪਣੇ ਆਪ ਨੂੰ ਸੁਧਾਰ ਲਵੇ ਉਸ ਨੂੰ ਭੁੱਲਾ ਨਹੀਂ ਸਮਝਣਾ ਚਾਹੀਦਾ।

ਸਾਊ ਸੋ ਜੋ ਚੁੱਪ——ਇਸ ਅਖਾਣ ਵਿੱਚ ਬਹੁਤਾ ਨਾ ਬੋਲਣ ਦੇ ਗੁਣ ਨੂੰ ਵਡਿਆਇਆ ਗਿਆ ਹੈ।

ਸਾਈਂ ਅੱਖਾਂ ਫੇਰੀਆਂ, ਵੈਰੀ ਕੁਲ ਜਹਾਨ——ਭਾਵ ਇਹ ਹੈ ਕਿ ਬੰਦੇ ਦੇ ਮਾੜੇ ਦਿਨ ਆ ਜਾਣ, ਪ੍ਰਮਾਤਮਾ ਰੁਸ ਜਾਵੇ, ਉਦੋਂ ਸਾਰੇ ਹੀ ਵੈਰੀ ਬਣ ਜਾਂਦੇ ਹਨ।

ਸਾਈ ਘੜੀ ਸੁਲੱਖਣੀ ਸ਼ਹੁ ਨਾਲ਼ ਵਿਆਹੇ——ਇਸ ਅਖਾਣ ਦਾ ਭਾਵ ਇਹ ਹੈ ਕਿ ਉਹੀ ਸਮਾਂ ਚੰਗਾ ਹੁੰਦਾ ਹੈ ਜਿਹੜਾ ਅਸੀਂ ਆਪਣੇ ਸੱਜਣਾਂ, ਮਿੱਤਰਾਂ ਨਾਲ਼ ਰਲ਼ ਕੇ ਬਿਤਾਉਂਦੇ ਹਾਂ।

ਸਾਈਆਂ ਕਿਧਰੇ ਵਧਾਈਆਂ ਕਿਧਰੇ——ਇਹ ਅਖਾਣ ਉਸ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਲਾਰੇ ਲੱਪੇ ਤਾਂ ਕਿਸੇ ਹੋਰ ਨੂੰ ਲਾਵੇ ਤੇ ਕੰਮ ਦੂਜੇ ਹੋਰ ਦਾ ਕਰੇ, ਭਾਵ ਲਾਰੇ ਕਿਸੇ ਨੂੰ ਸਾਥ ਦੂਜੇ ਦਾ ਦੇਵੇ।

ਸਾਈਆਂ ਬਾਝੋਂ ਸਾਵਣ ਤਹਿਰਾਈਆਂ——ਭਾਵ ਇਹ ਕਿ ਜੇ ਘਰ ਦਾ ਮਾਲਕ ਸਿਰ 'ਤੇ ਨਾ ਹੋਵੇ ਤਾਂ ਨੌਕਰ ਚਾਕਰ ਪੂਰਾ ਕੰਮ ਨਹੀਂ ਕਰਦੇ।

ਸਾਹਵਰਿਆਂ ਦੇ ਟੁੱਕਰ ਖਾਧੇ ਭੁੱਲ ਗਏ ਪੇਕੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਕਿਸੇ ਹੋਰ ਥਾਂ ਜਾ ਕੇ ਆਪਣੇ ਪਿਛਲੇ ਸੱਜਣਾਂ, ਮਿੱਤਰਾਂ ਨੂੰ ਭੁੱਲ ਜਾਵੇ।

ਸ਼ਾਹਾਂ ਨਾਲ ਬਰੋਬਰੀ ਸਿਰ ਸਿਰ ਚੋਟਾਂ ਖਾ——ਭਾਵ ਇਹ ਹੈ ਕਿ ਜਿਹੜਾ ਗਰੀਬ ਕਿਸੇ ਅਮੀਰ ਨਾਲ਼ ਬਰਾਬਰੀ ਕਰਨ ਦਾ ਯਤਨ ਕਰਦਾ ਹੈ, ਉਹ ਨੁਕਸਾਨ ਝਲਦਾ ਹੈ।

ਸ਼ਾਹੂਕਾਰ ਦੀ ਦੋਸਤੀ, ਸਿਰ ਲਾਅਨਤ ਦੀ ਪੱਗ, ਜੀ ਕਹਿਣਾ ਤੇ ਓਏ ਕਹਾਣਾ, ਧਰ ਧਰ ਦੇਣੀ ਅੱਗ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਗ਼ਰੀਬ ਆਦਮੀ ਨੂੰ ਅਮੀਰ ਆਦਮੀ ਨਾਲ਼ ਦੋਸਤੀ ਨਹੀਂ ਕਰਨੀ ਚਾਹੀਦੀ। ਅਮੀਰ ਉਸ ਨਾਲ਼ ਘਟੀਆ ਵਿਹਾਰ ਕਰੇਗਾ।

ਸਾਖ ਬਣਾ, ਪ੍ਰਤੀਤ ਜਮਾ——ਭਾਵ ਇਹ ਹੈ ਕਿ ਕਾਰ ਵਿਹਾਰ ਵਿੱਚ ਜਿਹੜਾ ਬੰਦਾ ਖਰਾ ਨਹੀਂ ਉਤਰਦਾ, ਉਹਦੀ ਪ੍ਰਤੀਤ ਨਹੀਂ ਹੁੰਦੀ, ਪ੍ਰਤੀਤ ਉਸ ਦੀ ਹੁੰਦੀ ਹੈ ਜਿਹੜਾ ਆਪਣੇ ਵਿਹਾਰ ਵਿੱਚ ਖਰਾ ਉਤਰੇ।

ਸਾਂਝੇ ਬਾਬੇ ਨੂੰ ਕੋਈ ਨੀ ਪਿਟਦਾ——ਜਦੋਂ ਕਿਸੇ ਸਾਂਝੀ ਚੀਜ਼ ਦੇ ਵਿਗੜਨ 'ਤੇ ਭਾਈਵਾਲ ਧਿਆਨ ਨਹੀਂ ਦਿੰਦੇ, ਉਦੋਂ ਕਹਿੰਦੇ ਹਨ।

ਸਾਂਝੀ ਹਾਂਡੀ ਚੁਰਾਹੇ ਵਿਚ ਭੱਜਦੀ ਹੈ——ਇਸ ਅਖਾਣ ਦਾ ਭਾਵ ਇਹ ਹੈ ਜਦੋਂ ਕਈ ਜਣੇ ਰਲ਼ ਕੇ ਕੋਈ ਕੰਮ ਸ਼ੁਰੂ ਕਰਦੇ ਹਨ ਤਾਂ ਇਹ ਕੰਮ ਸਿਰੇ ਨਹੀਂ ਲੱਗਦਾ ਕਿਉਂਕਿ ਸਾਂਝੀਵਾਲਾਂ ਵਿੱਚੋਂ ਇਕ-ਅੱਧ ਬੰਦਾ ਅੱਧ ਵਿਚਕਾਰ ਹੀ ਸਾਥ ਛੱਡ ਜਾਂਦਾ ਹੈ।

ਸਾਡੀ ਹੀ ਬਿੱਲੀ ਸਾਨੂੰ ਹੀ ਮਿਆਊਂ——ਜਦੋਂ ਕੋਈ ਤੁਹਾਡਾ ਪਾਲ਼ਿਆ ਬੰਦਾ ਹੀ ਤੁਹਾਡੇ 'ਤੇ ਧੌਂਸੇ ਦਿਖਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਸਾਢ ਸਤੌੜ ਤੇ ਹਾਥੀ ਦਾ ਪੌੜ——ਜਦੋਂ ਕੋਈ ਬਿਗਾਨਾ ਬੰਦਾ ਕਿਸੇ ਦੇ ਘਰ ਖਾਹ-ਮਖਾਹ ਦਖ਼ਲ ਦੇਵੇ ਤਾਂ ਘਰਦਿਆਂ ਪਾਸੋਂ ਬੰਦੇ ਨਾਲ ਰਿਸ਼ਤੇਦਾਰੀ ਪੁੱਛੀ ਜਾਵੇ ਤਾਂ ਘਰ ਵਾਲ਼ੇ ਇਹ ਅਖਾਣ ਵਰਤਦੇ ਹੋਏ ਆਖਦੇ ਹਨ, ਇਹ ਤਾਂ ਸਾਡਾ ਕੁਝ ਵੀ ਨਹੀਂ ਲੱਗਦਾ।

ਸਾਥੋਂ ਗਈਏ ਗੋਰੀਏ ਹੋਰ ਪਰੇਰੇ ਜਾ——ਜਦੋਂ ਕਿਸੇ ਮਹੱਬਤੀ ਬੰਦੇ ਨਾਲ਼ ਅਣਬਣ ਹੋ ਜਾਵੇ ਤਾਂ ਉਸ ਵੱਲੋਂ ਬੇਪ੍ਰਵਾਹੀ ਪ੍ਰਗਟ ਕਰਨ ਲਈ ਇਹ ਅਖਾਣ ਬੋਲਦੇ ਹਨ।

ਸਾਧਾਂ ਨੂੰ ਕੀ ਸਵਾਦਾਂ ਨਾਲ਼——ਇਹ ਅਖਾਣ ਉਸ ਆਦਮੀ ਲਈ ਵਰਤਦੇ ਹਨ ਜਿਹੜਾ ਆਪਣੇ ਆਪ ਨੂੰ ਉਪਰੋਂ ਉਪਰੋਂ ਸੁਖ-ਸਾਧਨਾਂ ਤੋਂ ਨਿਰਲੇਪ ਦੱਸੇ ਪਰ ਅੰਦਰੋਂ ਹਰ ਸੁਆਦ ਮਾਣਦਾ ਹੋਵੇ।

ਸਾਨੂੰ ਸੱਜਣ ਸੋ ਮਿਲੇ ਗਲ਼ ਲੱਗੀ ਬਾਹੀਂ, ਸਾਡੇ ਉੱਤੇ ਜੁੱਲੀਆਂ ਉਹਨਾਂ ਉਹ ਵੀ ਨਾਹੀਂ——ਜਦੋਂ ਕਿਸੇ ਗ਼ਰੀਬ ਨਾਲ਼ ਉਸ ਤੋਂ ਵੀ ਗ਼ਰੀਬ ਨਾਤਾ ਜੋੜ ਲਵੇ, ਉਦੋਂ ਇਹ ਅਖਾਣ ਵਰਤਦੇ ਹਨ।

ਸਾਮੀ ਕੰਜਰ ਤੇ ਭੋਇੰ ਬੰਜਰ——ਭਾਵ ਇਹ ਹੈ ਕਿ ਅਣਉਪਜਾਊ ਜ਼ਮੀਨ ਅਤੇ ਕੰਜਰ ਅਸਾਮੀ ਦੋਨੋਂ ਚੰਗੀਆਂ ਨਹੀਂ ਹੁੰਦੀਆਂ, ਨਾ ਕੰਜਰ ਲਏ ਪੈਸੇ ਮੋੜਦਾ ਹੈ ਨਾ ਬੰਜਰ ਪੈਲੀ 'ਚ ਕੋਈ ਫ਼ਸਲ ਉਗਦੀ ਹੈ।

ਸਾਰਾ ਧਨ ਦੇ ਜਾਂਦਾ ਵੇਖੀਏ, ਅੱਧਾ ਦਈਏ ਵੰਡ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇ ਥੋੜਾ ਨੁਕਸਾਨ ਝਲ ਕੇ ਬਹੁਤਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ ਤਾਂ ਅਜਿਹਾ ਕਰਨ 'ਚ ਕੋਈ ਹਰਜ਼ ਨਹੀਂ। ਸਾਰੀ ਰਾਤ ਭੰਨੀ, ਜੰਮ ਪਈ ਅੰਨ੍ਹੀ——ਜਦੋਂ ਬਹੁਤ ਸਾਰੀ ਮਿਹਨਤ ਕਰਨ ਪਿੱਛੋਂ ਵੀ ਸਫ਼ਲਤਾ ਪ੍ਰਾਪਤ ਨਾ ਹੋਵੇ, ਉਦੋਂ ਇੰਜ ਆਖਦੇ ਹਨ।

ਸਾਰੀ ਰਾਤ ਰੋਂਦੀ ਰਹੀ ਮੋਇਆ ਇਕ ਵੀ ਨਾ——ਜਦੋਂ ਕੋਈ ਬੰਦਾ ਬਿਨਾਂ ਕਾਰਨ ਹੀ ਹਾਲ ਦੁਹਾਈ ਮਚਾਈ ਜਾਵੇ ਤੇ ਨੁਕਸਾਨ ਉੱਕਾ ਹੀ ਨਾ ਹੋਇਆ ਹੋਵੇ, ਉਦੋਂ ਇਹ ਅਖਾਣ ਵਰਤਦੇ ਹਨ।

ਸਾਵਣ ਸੁੱਤੀ, ਸਦਾ ਵਿਗੁੱਤੀ——ਭਾਵ ਇਹ ਹੈ ਕਿ ਜਿਹੜਾ ਕਿਸਾਨ ਸਾਉਣ ਦੇ ਮਹੀਨੇ ਆਪਣੇ ਖੇਤਾਂ ਦੀਆਂ ਵੱਟਾਂ ਉੱਚੀਆਂ ਕਰਕੇ ਪਾਣੀ ਦੀ ਸੰਭਾਲ ਨਾ ਕਰੇ ਉਹ ਦੀ ਫ਼ਸਲ ਦਾ ਘੱਟ ਹੁੰਦੀ ਹੈ ਤੇ ਨੁਕਸਾਨ ਝੱਲਣਾ ਪੈਂਦਾ ਹੈ। ਸਮੇਂ ਸਿਰ ਕੰਮ ਕਰਨਾ ਤੇ ਸਮੇਂ ਦੀ ਸਹੀ ਵਰਤੋਂ ਕਰਨੀ ਲਾਭਦਾਇਕ ਹੁੰਦੀ ਹੈ।

ਸਾਵਣ ਖੀਰ ਨਾ ਖਾਧੀਆ, ਕਿਉਂ ਜੰਮਿਐਂ ਅਪਰਾਧੀਆ——ਇਹ ਅਖਾਣ ਉਹਨਾਂ ਭਲੇ ਦਿਨਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਸਾਉਣ ਦੇ ਮਹੀਨੇ ਘਰ-ਘਰ ਖੀਰਾਂ ਰਿਝਦੀਆਂ ਸਨ। ਇਸ ਮਹੀਨੇ ਖੀਰ ਖਾਣੀ ਚੰਗੀ ਸਮਝੀ ਜਾਂਦੀ ਹੈ।

ਸਾਵਣ ਦਾ ਸੌ, ਭਾਦਰੋਂ ਦਾ ਇਕ, ਜਿਹੜਾ ਲਾਹ ਦੇਵੇ ਸਿੱਕ——ਇਸ ਅਖਾਣ ਦਾ ਭਾਵ ਇਹ ਹੈ ਕਿ ਭਾਦਰੋਂ ਦੇ ਮਹੀਨੇ ਵਿੱਚ ਵਰ੍ਹਿਆ ਆ ਮੀਂਹ ਚੰਗੇਰਾ ਹੁੰਦਾ ਹੈ।

ਸਾਵਣ ਦੀ ਝੜੀ, ਕੋਠਾ ਛੱਡੇ ਨਾ ਕੜੀ——ਭਾਵ ਇਹ ਹੈ ਕਿ ਸਾਉਣ ਦੇ ਮਹੀਨੇ ਜੇ ਲਗਾਤਾਰ ਕਈ ਦਿਨ ਮੋਹਲੇਧਾਰ ਵਰਖਾ ਹੁੰਦੀ ਰਹੇ ਤਾਂ ਗ਼ਰੀਬ ਲੋਕਾਂ ਦੇ ਕੱਚੇ ਕੋਠੇ ਢਹਿ ਜਾਂਦੇ ਹਨ।

ਸਾਵਣ ਦੇ ਅੰਨ੍ਹੇ ਨੂੰ ਹਰਿਆਵਲ ਹੀ ਦਿਸਦੀ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਐਬੀ ਬੰਦੇ ਨੂੰ ਦੂਜੇ ਬੰਦਿਆਂ ਵਿੱਚ ਵੀ ਐਬ ਹੀ ਨਜ਼ਰ ਆਉਂਦੇ ਹਨ।

ਸਾਵਣ ਪੁੱਤਰ ਸਿਆਲੇ ਦਾ——ਭਾਵ ਸਪੱਸ਼ਟ ਹੈ, ਸਾਉਣ ਦੇ ਮਹੀਨੇ ਜੇ ਲਗਾਤਾਰ ਮੀਂਹ ਪੈਂਦੇ ਰਹਿਣ ਦਾ ਠੰਢ ਲੱਗਣ ਲੱਗ ਜਾਂਦੀ ਹੈ ਤੇ ਸਿਆਲ ਵਿੱਚ ਭਰਵੀਂ ਬਰਦੀ ਪੈਂਦੀ ਹੈ।

ਸਾਵਣ ਮਹੀਂ ਉਹਦੀਆਂ ਜਿਹੜਾ ਹਾੜੀਂ ਕਢੇ——ਭਾਵ ਇਹ ਹੈ ਜਿਹੜਾ ਕਿਸਾਨ ਜੇਠ-ਹਾੜ ਦੇ ਮਹੀਨੇ ਆਪਣੀਆਂ ਮੱਝਾਂ ਦੀ ਸਹੀ ਸੰਭਾਲ ਕਰਦਾ ਹੈ ਉਹਦੀਆਂ ਮੱਝਾਂ ਸਾਉਣ ਦੇ ਮਹੀਨੇ ਵਿੱਚ ਚੰਗਾ ਦੁੱਧ ਦਿੰਦੀਆਂ ਹਨ।

ਸਾਵਣ ਮਾਹੇ ਦਾ ਪੁਰਾ ਉਹ ਵੀ ਬੁਰਾ, ਬੁੱਢੀ ਮੱਝ ਤੇ ਖੁੰਢਾ ਛੁਰਾ ਉਹ ਵੀ ਬੁਰਾ——ਭਾਵ ਅਰਥ ਇਹ ਹੈ ਕਿ ਸਾਉਣ ਦੇ ਮਹੀਨੇ ਜੇ ਪੁਰਾ ਵਗ ਪਵੇ ਤਾਂ ਉਹ ਬੱਦਲਾਂ ਨੂੰ ਉਡਾ ਕੇ ਲੈ ਜਾਂਦਾ ਹੈ ਜਿਸ ਕਰਕੇ ਮੀਂਹ ਨਹੀਂ ਪੈਂਦਾ, ਇਸੇ ਕਰਕੇ ਇਸ ਨੂੰ ਬੁਰਾ ਸ਼ਗਨ ਮੰਨਦੇ ਹਨ। ਇਸੇ ਪ੍ਰਕਾਰ ਬੁੱਢੀ ਮੱਝ ਤੇ ਖੁੰਢੀ ਛੁਰੀ ਵੀ ਕਿਸੇ ਕੰਮ ਨਹੀਂ ਆਉਂਦੀ। ਸਾਵਣ ਵੱਸੇ ਨਿੱਤ ਨਿੱਤ ਭਾਦਰੋਂ ਦੇ ਦਿਨ ਚਾਰ, ਅੱਸੇਂ ਮੰਗੇ ਮੇਘਲਾ ਮੂਰਖ ਜੱਟ ਗਵਾਰ——ਭਾਵ ਪ੍ਰਤੱਖ ਹੈ, ਫ਼ਸਲਾਂ ਲਈ ਸਾਉਣ ਦਾ ਰੱਜਵਾਂ ਮੀਂਹ, ਭਾਦੋਂ ਥੋੜ੍ਹਾ ਅਤੇ ਅੱਸੂ ਮਹੀਨੇ ਨਾਂ-ਮਾਤਰ ਵਸਿਆ ਮੀਂਹ ਚੰਗਾ ਹੁੰਦਾ ਹੈ।

ਸਿਆਣਾ ਕਾਂ ਗੰਦਗੀ ਤੇ ਡਿਗਦਾ ਹੈ——ਇਸ ਅਖਾਣ ਦਾ ਭਾਵ ਹੈ ਕਿ ਆਪਣੇ ਆਪ ਨੂੰ ਸਿਆਣਾ ਸਮਝਣ ਵਾਲਾ ਪੁਰਸ਼ ਸਦਾ ਮਾੜੀ ਵਸਤੂ ਪਸੰਦ ਕਰਦਾ ਹੈ।

ਸਿੱਖ ਨਾ ਸਿੱਖ ਗੁਆਂਢਣ ਦੀ ਮੱਤ——ਇਹ ਅਖਾਣ ਉਸ ਪੁਰਸ਼ ਜਾਂ ਇਸਤਰੀ ਲਈ ਵਰਤਦੇ ਹਨ ਜਿਹੜਾ ਮਾੜੇ ਬੰਦੇ ਦੀ ਸੰਗਤ ਵਿੱਚ ਰਹਿ ਕੇ ਮਾੜੇ ਕੰਮ ਕਰਦਾ ਹੈ।

ਸਿੱਧੀ ਉਂਗਲੀ ਨਾਲ਼ ਘਿਉ ਨਹੀਂ ਨਿਕਲਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਭੈੜੇ ਸੁਭਾਅ ਵਾਲ਼ੇ ਬੰਦੇ ਛਿੱਤਰ ਪਣ ਨਾਲ਼ ਹੀ ਸੂਤ ਆਉਂਦੇ ਹਨ।

ਸਿਰ ਸਲਾਮਤ ਜੁੱਤੀਆਂ ਦਾ ਘਾਟਾ ਨਹੀਂ——ਇਹ ਅਖਾਣ ਉਹਨਾਂ ਬੇਸ਼ਰਮ ਤੇ ਢੀਠ ਪੁਰਸ਼ਾਂ ਲਈ ਵਰਤਦੇ ਹਨ ਜਿਨ੍ਹਾਂ ਨੂੰ ਕੋਈ ਸ਼ਰਮ, ਹੱਯਾ ਨਹੀਂ ਹੁੰਦੀ।

ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੰਡਾ——ਇਹ ਅਖਾਣ ਉਸ ਬੰਦੇ ਲਈ ਵਰਤਦੇ ਹਨ ਜਿਹੜਾ ਆਪਣੀ ਮਨ-ਮਰਜ਼ੀ ਨਾਲ ਬੇ-ਹੁਦਰੀਆਂ ਕਰੇ ਤੇ ਉਸ ਨੂੰ ਵਰਜਣ ਵਾਲਾ, ਅਥਵਾ ਰੋਕਣ ਵਾਲ਼ਾ ਕੋਈ ਨਾ ਹੋਵੇ।

ਸਿਰ ਵੱਡੇ ਸਰਦਾਰਾਂ ਦੇ ਪੈਰ ਵੱਡੇ ਗਵਾਰਾਂ ਦੇ——ਭਾਵ ਇਹ ਹੈ ਕਿ ਸਰਦਾਰਾਂ ਲਈ ਵੱਡੇ ਧਿਰ ਦਾ ਹੋਣਾ ਜ਼ਰੂਰੀ ਨਹੀਂ ਪ੍ਰੰਤੂ ਨੰਗੇ ਪੈਰੀਂ ਫਿਰਨ ਵਾਲ਼ੇ ਲੋਕਾਂ ਦੇ ਪੈਰ ਜ਼ਰੂਰ ਵੱਡੇ ਹੋ ਜਾਂਦੇ ਹਨ।

ਸਿਰੋਂ ਗੰਜੀ ਤੇ ਕੰਘੀਆਂ ਦਾ ਜੋੜਾ——ਇਹ ਅਖਾਣ ਉਸ ਪੁਰਸ਼ ਲਈ ਵਰਤਦੇ ਹਨ ਜੋ ਅਜਿਹੀਆਂ ਚੀਜ਼ਾਂ ਦੀ ਸੰਭਾਲ ਕਰੇ ਜਿਨ੍ਹਾਂ ਦੀ ਉਸ ਨੂੰ ਲੋੜ ਨਾ ਹੋਵੇ।

ਸਿਰੋਂ ਗੰਜੀ ਤੇ ਭਖੜਿਆਂ ਵਿੱਚ ਕਲਾਬਾਜ਼ੀਆਂ——ਭਾਵ ਇਹ ਹੈ ਮੂਰਖ਼ ਮਨੁੱਖ ਖਾਹ-ਮਖ਼ਾਹ ਆਪਣੇ ਗਲ਼ ਮੁਸੀਬਤਾਂ ਸਹੇੜ ਲੈਂਦੇ ਹਨ।

ਸਿਰੋਂ ਪੈਰੋਂ ਨੰਗੇ ਆਂ ਸਭਨਾਂ ਨਾਲ਼ੇ ਚੰਗੇ ਆਂ——ਇਹ ਅਖਾਣ ਉਹਨਾਂ ਪੁਰਸ਼ਾਂ ਬਾਰੇ ਹੈ ਜਿਹੜੇ ਮਾੜੀਆਂ ਹਾਲਤਾਂ ਵਿੱਚ ਵੀ ਆਪਣੇ-ਆਪ ਨੂੰ ਚੰਗਾ ਸਮਝਦੇ ਹਨ।

ਸਿਲੇਹਾਰ ਨੂੰ ਸਿਲੇਹਾਰ ਨਹੀਂ ਭਾਉਂਦੀ——ਇਸ ਅਖਾਣ ਦਾ ਭਾਵ ਇਹ ਹੈ ਕਿ ਇਕੋ ਕਿੱਤੇ ਵਾਲੇ ਪੁਰਸ਼ ਇਕ-ਦੂਜੇ ਵਿੱਚ ਨੁਕਸ ਕੱਢਦੇ ਰਹਿੰਦੇ ਹਨ। ਇਸੇ ਕਰਕੇ ਆਖਦੇ ਹਨ ਕੁੱਤਾ ਕੁੱਤੇ ਦਾ ਵੈਰੀ।

ਸੁਘੜ ਨਾਲ਼ ਭਿਖ ਮੰਗ ਲਈ ਚੰਗੀ, ਮੂਰਖ਼ ਨਾਲ਼ ਰਾਜ ਰਾਜਿਆ ਮੰਦਾ——ਇਸ ਅਖਾਣ ਵਿੱਚ ਸੁਘੜ ਸਿਆਣੇ ਬੰਦੇ ਦੀ ਮਿੱਤਰਤਾ ਦੀ ਵਡਿਆਈ ਦਰਸਾਈ ਗਈ ਹੈ ਮੂਰਖ਼ ਅਮੀਰ ਨਾਲ਼ੋਂ ਸਿਆਣੇ ਗ਼ਰੀਬ ਪੁਰਸ਼ ਦੀ ਮਿੱਤਰਤਾ ਸੌ ਦਰਜੇ ਚੰਗੀ ਹੈ।

ਸੁੰਝੇ ਘਰ ਚੋਰਾਂ ਦਾ ਰਾਜ——ਭਾਵ ਇਹ ਹੈ ਕਿ ਜਦੋਂ ਕਿਸੇ ਦਾ ਘਰ ਸੁੰਝਾ ਹੋਵੇ ਤਾਂ ਚੋਰਾਂ ਦਾ ਵਧੇਰੇ ਡਰ ਰਹਿੰਦਾ ਹੈ। ਸੁੰਝੇ ਮਹਿਲ ਡਰਾਵਣੇ ਬਰਕਤ ਮਰਦਾਂ ਨਾਲ਼——ਇਸ ਅਖਾਣ ਦਾ ਭਾਵ ਇਹ ਹੈ ਕਿ ਮਰਦਾਂ ਦੀ ਹੋਂਦ ਤੋਂ ਬਿਨਾਂ ਮਹਿਲਾਂ 'ਚੋਂ ਡਰ ਆਉਂਦਾ ਹੈ, ਜੇਕਰ ਘਰ ਵਿੱਚ ਮਰਦ ਹੋਣ ਤਾਂ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ। ਇਹ ਅਖਾਣ ਮਰਦਾਂ ਦੀ ਸਰਦਾਰੀ ਦਾ ਉਲੇਖ ਕਰਦਾ ਹੈ।

ਸੁੱਤਾ ਮੋਇਆ ਇਕ ਬਰਾਬਰ——ਭਾਵ ਇਹ ਹੈ ਕਿ ਸੁੱਤਾ ਹੋਇਆ ਬੰਦਾ, ਮੋਇਆਂ ਬਰਾਬਰ ਹੁੰਦਾ ਹੈ। ਜਦੋਂ ਸੁੱਤੇ ਪਏ ਬੰਦਿਆਂ ਦੇ ਘਰ ਚੋਰ ਚੋਰੀ ਕਰ ਲੈਣ ਉਦੋਂ ਇਹ ਅਖਾਣ ਵਰਤਦੇ ਹਨ।

ਸੁੱਤੀ ਉਠਾਂ ਦੇ ਬਨ੍ਹੇਰੇ ਬੋਲਣ ਕਾਂ——ਖਚਰੀਆਂ ਸੱਸਾਂ ਦਿਨ ਚੜ੍ਹੇ ਤੇ ਉਠਣ ਵਾਲੀਆਂ ਨੂੰਹਾਂ ਲਈ ਇਹ ਅਖਾਣ ਵਰਤਦੀਆਂ ਹਨ।

ਸੁੱਤੀ ਨਾ, ਨਾ ਕੱਤਿਆ ਹੀ——ਭਾਵ ਇਹ ਹੈ ਕਿ ਅਜਾਈਂ ਸਮਾਂ ਗੰਵਾਉਣਾ ਚੰਗਾ ਨਹੀਂ।

ਸੁੱਤੇ ਪੁੱਤ ਦਾ ਮੂੰਹ ਚੁੰਮਿਆ ਨਾ ਮੁੰਡਾ ਰਾਜ਼ੀ ਨਾ ਮੁੰਡੇ ਦੀ ਮਾਂ——ਇਸ ਅਖਾਣ ਨੂੰ ਉਦੋਂ ਵਰਤਦੇ ਹਨ ਜਦੋਂ ਕੋਈ ਗੁਪਤ ਰੂਪ ਵਿੱਚ ਕਿਸੇ ਦੀ ਮਦਦ ਕਰੇ ਪ੍ਰੰਤੂ ਮਦਦ ਲੈਣ ਵਾਲ਼ਿਆਂ ਨੂੰ ਇਸ ਦਾ ਪਤਾ ਹੀ ਨਾ ਹੋਵੇ।

ਸੂਏ ਖੋਤੀ ਕਿੱਲ੍ਹੇ ਘੁਮਾਰ——ਦੂਜੇ ਦੇ ਦੁਖ ਵਿੱਚ ਜਦੋਂ ਕੋਈ ਦਿਖਾਵੇ ਵਜੋਂ ਦੁਖ ਦਾ ਪ੍ਰਗਟਾਵਾ ਕਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਸੂਮਾਂ ਦੀ ਖੱਟੀ ਗਏ ਕੁੱਤੇ ਖਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਸੂਮ ਦਾ ਨੁਕਸਾਨ ਹੋ ਜਾਵੇ।

ਸੂਰਾਂ ਨੂੰ ਖੀਰ ਤੇ ਬਾਂਦਰਾਂ ਨੂੰ ਬਨਾਤ ਦੀਆਂ ਟੋਪੀਆਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਅਯੋਗ ਬੰਦੇ ਨੂੰ ਅਜਿਹੀ ਵਸਤੂ ਜਾਂ ਪਦਵੀ ਮਿਲ਼ ਜਾਵੇ ਜੋ ਉਸ ਦੀ ਕਦਰ ਨਾ ਕਰਦਾ ਹੋਵੇ।

ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕਿਸੇ ਦੇ ਗੁਣਾਂ ਜਾਂ ਔਗੁਣਾਂ ਦੀਆਂ ਨਿਸ਼ਾਨੀਆਂ ਉਸ ਦੇ ਬਚਪਨ ਵਿੱਚ ਹੀ ਨਜ਼ਰ ਆਉਣ ਲੱਗਦੀਆਂ ਹਨ।

ਸੂਲੀ ਚੜ੍ਹਿਆ ਚੋਰ, ਹੱਸਣ ਲੱਗੇ ਲੋਕ——ਜਦੋਂ ਕਿਸੇ ਦੂਜੇ ਨੂੰ ਦੁਖੀ ਦੇਖ ਕੇ ਲੋਕੀਂ ਉਸ ਦਾ ਮਜ਼ਾਕ ਉਡਾਉਂਦੇ ਹਨ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਸੇਜ ਬਿਗਾਨੀ ਸੱਤਾ, ਖਰਾ ਵਿਗੁੱਤਾ——ਭਾਵ ਇਹ ਹੈ ਕਿ ਜਿਹੜਾ ਵਿਅਕਤੀ ਆਪਣੀ ਇਸਤਰੀ ਨੂੰ ਛੱਡ ਕੇ ਪਰਾਈਆਂ ਇਸਤਰੀਆਂ ਨਾਲੁ ਸੇਜ ਸਾਂਝ ਪਾਉਂਦਾ ਹੈ, ਉਸ ਦੀ ਸਮਾਜ ਵਿੱਚ ਸਦਾ ਬੇਕਦਰੀ ਹੁੰਦੀ ਹੈ।

ਸ਼ੇਰ ਪੁੱਤ ਇੱਕੋ ਭਲਾ, ਸੌ ਗਿੱਦੜ ਕਿਸ ਕੰਮ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਬਹੁਤੀ ਨਿਕੰਮੀ ਉਲਾਦ ਨਾਲੋਂ ਇਕੋ ਭਲੀ ਉਲਾਦ ਚੰਗੀ ਹੁੰਦੀ ਹੈ।

ਸ਼ੇਰਾਂ ਦੇ ਮੂੰਹ ਕਿਸ ਧੋਤੇ ਹਨ———ਇਹ ਅਖਾਣ ਆਮ ਕਰਕੇ ਆਲਸੀ ਬੰਦਿਆਂ ਲਈ ਵਰਤਿਆ ਜਾਂਦਾ ਹੈ।

ਸ਼ੇਰਾਂ ਨੇ ਤਾਂ ਮਾਸ ਈ ਖਾਣੈ———ਭਾਵ ਇਹ ਹੈ ਕਿ ਜਿਸ ਜੀਵਨ ਵਿਵਹਾਰ ਵਿੱਚ ਜਿਸ ਪ੍ਰਕਾਰ ਦੀਆਂ ਆਦਤਾਂ ਲੋਕੀਂ ਅਪਣਾ ਲੈਂਦੇ ਹਨ ਉਹ ਉਹਨਾਂ 'ਤੇ ਕਾਇਮ ਰਹਿੰਦੇ ਹਨ ਜਿਵੇਂ ਰਿਸ਼ਵਤਖੋਰ ਕਰਮਚਾਰੀ ਰਿਸ਼ਵਤ ਲੈਣੋਂ ਹਟਦੇ ਨਹੀਂ।

ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ ਹੈ———ਕਿਸੇ ਮਾੜੇ ਕਿਰਦਾਰ ਵਾਲ਼ੇ ਬੰਦੇ ਨੂੰ ਉੱਚੀ ਪਦਵੀ ਮਿਲ ਜਾਵੇ ਅਤੇ ਉਹ ਇਸ ਦਾ ਦੁਰ-ਉਪਯੋਗ ਕਰੇ, ਉਦੋਂ ਇਹ ਅਖਾਣ ਬੋਲਦੇ ਹਨ।

ਸੇਵਾ ਤੋਂ ਹੀ ਮੇਵਾ ਮਿਲਦਾ ਹੈ———ਇਸ ਅਖਾਣ ਦਾ ਭਾਵ ਇਹ ਹੈ ਕਿ ਵੱਡਿਆਂ ਦੀ ਸੇਵਾ ਕਰਨ ਨਾਲ ਹੀ ਫ਼ਲ ਪ੍ਰਾਪਤ ਹੁੰਦਾ ਹੈ। ਇਸੇ ਭਾਵ ਦਾ ਇਕ ਹੋਰ ਅਖਾਣ ਹੈ। 'ਕਰ ਸੇਵਾ ਖਾ ਮੇਵਾ'।

ਸੋਗ ਦਿਲ ਦਾ ਰੋਗ———ਇਸ ਅਖਾਣ ਦਾ ਭਾਵ ਪ੍ਰਤੱਖ ਹੈ ਕਿ ਸੋਗ ਕਾਰਨ ਦਿਲ ਦੇ ਅਨੇਕਾਂ ਰੋਗ ਉਤਪੰਨ ਹੋ ਜਾਂਦੇ ਹਨ।

ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇ———ਭਾਵ ਇਹ ਹੈ ਕਿ ਕਿਸੇ ਦੂਜੇ ਬੰਦੇ ਵੱਲੋਂ ਭੁਲੇਖੇ ਪਾਣ ਦੇ ਯਤਨਾਂ ਨਾਲ਼ ਸਕੇ ਸਬੰਧੀਆਂ ਵਿੱਚ ਕੋਈ ਤਰੇੜ ਨਹੀਂ ਪੈਂਦੀ। ਸਾਕ-ਸਾਕ ਹੀ ਰਹਿੰਦੇ ਹਨ।

ਸੋਟੇ ਦੇ ਡਰ ਬਾਂਦਰ ਨੱਚੇ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਸਖ਼ਤੀ ਵਰਤੇ ਬਿਨਾਂ ਕਾਮੇ ਕੰਮ ਨਹੀਂ ਕਰਦੇ। ਪ੍ਰਬੰਧ ਨੂੰ ਚਲਾਉਣ ਲਈ ਸਖ਼ਤੀ ਵਰਤਣੀ ਹੀ ਪੈਂਦੀ ਹੈ।

ਸੋਨੇ ਦੀ ਕਟਾਰੀ, ਜਿੱਥੇ ਲੱਗੀ ਉਥੇ ਕਾਰੀ———ਜਿਹੜਾ ਬੰਦਾ ਉਪਰੋਂ ਤਾਂ ਮਿੱਠ ਬੋਲੜਾ ਹੋਵੇ ਪ੍ਰੰਤੂ ਵਰਤੋਂ ਵਿਹਾਰ ਵਿੱਚ ਮਾੜਾ ਹੋਵੇ, ਉਹਦੇ ਲਈ ਇਹ ਅਖਾਣ ਬੋਲਦੇ ਹਨ।

ਸੌ ਮਣ ਸਾਬਣ ਲੱਗੇ, ਕਾਲ਼ੇ ਕਦੇ ਨਾ ਹੋਣ ਬੱਗੇ———ਭਾਵ ਇਹ ਹੈ ਕਿ ਭੈੜੀਆਂ ਬਹਿਬਤਾਂ ਵਾਲ਼ੇ ਬੰਦੇ ਕਦੇ ਨਹੀਂ ਸੁਧਰਦੇ ਭਾਵੇਂ ਸੋਆਂ, ਨਸੀਹਤਾਂ ਦੇਵੋ।

ਸੌ ਸਿਆਣੇ ਇੱਕੋ ਮੱਤ, ਮੂਰਖ ਆਪੋ ਆਪਣੀ———ਸਿਆਣੇ ਬੰਦੇ ਭਾਵੇਂ ਕਿੰਨੀ ਗਿਣਤੀ ਵਿੱਚ ਹੋਣ ਇਕ ਗੱਲ ਤੇ ਛੇਤੀ ਸਹਿਮਤ ਹੋ ਜਾਂਦੇ ਹਨ, ਪੰਤੁ ਮੂਰਖ ਬੰਦੇ ਥੋੜੀ ਗਿਣਤੀ ਵਿੱਚ ਹੁੰਦੇ ਹੋਏ ਵੀ ਕਿਸੇ ਫ਼ੈਸਲੇ 'ਤੇ ਨਹੀਂ ਪੁੱਜਦੇ।

ਸੌ ਹੱਥ ਰੱਸਾ ਸਿਰੇ ਤੇ ਗੰਢ———ਇਸ ਅਖਾਣ ਨੂੰ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਭਾਵੇਂ ਜਿੰਨੀ ਮਰਜ਼ੀ ਸੋਚ ਵਿਚਾਰ ਕਰ ਲਵੋ, ਸਿੱਟਾ ਇੱਕੋ ਹੀ ਨਿਕਲਣਾ ਹੈ।

ਸੌ ਚਾਚਾ ਇਕ ਪਿਉ, ਸੌ ਦਾਰੂ ਇਕ ਘਿਉ——ਜਦੋਂ ਇਹ ਦੱਸਣਾ ਹੋਵੇ ਕਿ ਪਿਓ ਤੋਂ ਵੱਧ ਕੇ ਹਿੱਤ ਕਰਨ ਵਾਲ਼ਾ ਕੋਈ ਹੋਰ ਸਾਕ ਸਬੰਧੀ ਨਹੀਂ ਹੁੰਦਾ ਅਤੇ ਸਿਹਤ ਦੀ ਤੰਦਰੁਸਤੀ ਲਈ ਘਿਉ ਵਰਗਾ ਕੋਈ ਹੋਰ ਦਾਰੂ ਨਹੀਂ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਸੌ ਦਾਰੂ ਇਕ ਪਰਹੇਜ਼——ਇਸ ਅਖਾਣ ਦਾ ਭਾਵ ਇਹ ਹੈ, ਆਪਣੇ ਸਰੀਰ ਨੂੰ ਬੀਮਾਰੀ ਤੋਂ ਮੁਕਤ ਕਰਨ ਲਈ ਪ੍ਰਹੇਜ਼ ਕਰਨਾ ਚੰਗਾ ਹੁੰਦਾ ਹੈ, ਪ੍ਰਹੇਜ਼ ਕਰਨ ਕਰਕੇ ਸਰੀਰ ਨੂੰ ਕੋਈ ਬੀਮਾਰੀ ਨਹੀਂ ਚਿੰਬੜਦੀ ਤੇ ਦਾਰੁ ਦੀ ਲੋੜ ਨਹੀਂ ਪੈਂਦੀ।

ਸੌ ਦਿਨ ਚੋਰ ਦਾ ਇਕ ਦਿਨ ਸਾਧ ਦਾ——ਭਾਵ ਇਹ ਹੈ ਕਿ ਭਾਵੇਂ ਲੋਕਾਂ ਤੋਂ ਚੋਰੀ ਕਿੰਨੇ ਬੁਰੇ ਕੰਮ ਕਰ ਲਵੋ ਆਖ਼ਰ ਬੁਰਾਈ ਇਕ ਦਿਨ ਜਗ ਜਾਹਰ ਹੋ ਹੀ ਜਾਂਦੀ ਹੈ।

ਸੌਕਣ ਸਹੇਲੀ ਨਹੀਂ, ਲੁਬਾਣਾ ਬੇਲੀ ਨਹੀਂ——ਭਾਵ ਅਰਥ ਇਹ ਹੈ ਕਿ ਸੌਂਕਣਾਂ ਕਦੀ ਵੀ ਸਹੇਲੀਆਂ ਨਹੀਂ ਬਣ ਸਕਦੀਆਂ, ਉਹ ਸਦਾ ਬੁਰਾਈ ਹੀ ਕਰਦੀਆਂ ਹੁੰਦੀਆਂ ਹਨ, ਇਸੇ ਪ੍ਰਕਾਰ ਲੁਬਾਣਿਆਂ ਪਾਸੋਂ ਵੀ ਮਿੱਤਰਤਾ ਦੀ ਆਸ ਨਹੀਂ ਰੱਖਣੀ ਚਾਹੀਦੀ।

ਸੌਂਕਣ ਤੇ ਸੁਹਾਗਣ ਕੇਹੀ, ਕਰ ਦੇ ਰੱਬਾ ਇੱਕੋ ਜੇਹੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਦੂਜੇ ਬੰਦੇ ਪਾਸੋਂ ਅਤਿ ਦੁਖੀ ਹੋ ਕੇ, ਦੂਜੇ ਨੂੰ ਦੁਖੀ ਦੇਖਣ ਦੀ ਭਾਵਨਾ ਨਾਲ਼ ਆਪਣੇ ਆਪ ਨੂੰ ਦੁੱਖਾਂ ਵਿੱਚ ਪਾਵੇ।

ਸੌਣਾ ਰੂੜੀਆਂ ਤੇ ਸੁਫ਼ਨੇ ਸ਼ੀਸ਼ ਮਹਿਲਾਂ ਦੇ——ਜਦੋਂ ਕੋਈ ਥੋੜ੍ਹੇ ਅਣਥਕ ਵਸੀਲਿਆਂ ਵਾਲ਼ਾ ਬੰਦਾ ਵੱਡੀਆਂ-ਵੱਡੀਆਂ ਅਤੇ ਨਾ ਪੂਰੀਆਂ ਹੋਣ ਵਾਲ਼ੀਆਂ ਆਸਾਂ ਦੇ ਸੁਪਨੇ ਲਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਹਸਦਾ ਪਿਉ ਦਾ ਰੋਂਦਾ ਮਾਂ ਦਾ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਹਸਦੇ ਖੇਡਦੇ ਪੁੱਤਰ ਨੂੰ ਬਾਪ ਲਾਡ ਲਡਾਉਂਦਾ ਹੈ ਤੇ ਜਦੋਂ ਉਹ ਰੋਣ ਲੱਗ ਪਵੇ ਤਾਂ ਮਾਂ ਦੇ ਹਵਾਲੇ ਕਰ ਦਿੰਦਾ ਹੈ। ਨਫ਼ੇ ਵਾਲ਼ੇ ਕੰਮ ਵਿੱਚ ਹਰ ਕੋਈ ਭਾਈਵਾਲ ਬਣਨਾ ਚਾਹੁੰਦਾ ਹੈ ਪੰਤੂ ਘਾਟੇ ਵੇਲੇ ਸਾਥ ਛੱਡ ਦਿੰਦਾ ਹੈ।

ਹਸਦਿਆਂ ਦੇ ਘਰ ਵਸਦੇ——ਇਸ ਅਖਾਣ ਵਿੱਚ ਹੱਸਣ, ਖੇਡਣ ਵਾਲੇ ਬੰਦਿਆਂ ਦੀ ਵਡਿਆਈ ਕੀਤੀ ਗਈ ਹੈ। ਭਾਵ ਇਹ ਹੈ ਕਿ ਜਿਹੜੇ ਪਰਿਵਾਰਾਂ ਦੇ ਜੀ ਹੱਸਦੇ-ਖੇਡਦੇ ਰਹਿੰਦੇ ਹਨ, ਉਹ ਪਰਿਵਾਰ ਸੁਖੀ ਵਸਦੇ ਹਨ।

ਹਸਾਏ ਦਾ ਨਾਂ ਨਹੀਂ, ਰਵਾਏ ਦਾ ਹੋ ਜਾਂਦਾ ਹੈ——ਭਾਵ ਇਹ ਹੈ ਕਿ ਕਿਸੇ ਦੀ ਲੰਮਾ ਸਮਾਂ ਦੇਖ ਭਾਲ਼ ਕਰਨ ਮਗਰੋਂ ਜੇ ਸੇਵਾ ਕਰਨ ਵਾਲ਼ੇ ਵੱਲੋਂ ਕੋਈ ਨੁਕਸਾਨ ਹੋ ਜਾਵੇ, ਤਾਂ ਉਸ ਵੱਲੋਂ ਕੀਤੀ ਸੇਵਾ ਨੂੰ ਭੁੱਲ ਕੇ ਉਲਟਾ ਉਸ ਨੂੰ ਝਿੜਕਾਂ ਮਿਲਦੀਆਂ ਹਨ।

ਹੱਕ ਪਛਾਣ ਪੂਰਾ ਈਮਾਨ——ਭਾਵ ਇਹ ਹੈ ਕਿ ਹੱਕ-ਨਾ ਹੱਕ ਦਾ ਖ਼ਿਆਲ ਕਰਕੇ ਜੀਵਨ ਵਿੱਚ ਵਿਚਰਨਾ ਹੀ ਅਸਲੀ ਈਮਾਨਦਾਰੀ ਹੈ।

ਹੰਕਾਰ ਦਾ ਸਿਰ ਨੀਂਵਾਂ ਹੁੰਦਾ ਹੈ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਹੰਕਾਰੀ ਬੰਦੇ ਦੇ ਮਾਣ ਨੂੰ ਸੱਟ ਵੱਜੀ ਹੋਵੇ ਤੇ ਦੁਖ ਭੋਗੇ। ਇਸੇ ਭਾਵ ਦਾ ਹੋਰ ਅਖਾਣ ਹੈ 'ਹੰਕਾਰਿਆ ਸੋ ਮਾਰਿਆ'।

ਹਕੀਮ ਦਾ ਯਾਰ ਰੋਗੀ ਤੇ ਪੰਡਿਤ ਦਾ ਯਾਰ ਸੋਗੀ——ਇਸ ਅਖਾਣ ਦਾ ਭਾਵ ਇਹ ਹੈ ਕਿ ਸੰਗਤ ਦਾ ਪ੍ਰਭਾਵ ਹਰ ਕਿਸੇ 'ਤੇ ਪੈਂਦਾ ਹੈ। ਹਕੀਮਾਂ ਨਾਲ਼ ਦੋਸਤੀ ਕਰਨ ਵਾਲ਼ੇ ਮਾਮੂਲੀ ਕਾਰਨ ਵਸ ਦਵਾਈ ਖਾਣ ਲੱਗ ਜਾਂਦੇ ਹਨ ਤੇ ਸਦਾ ਲਈ ਰੋਗੀ ਬਣ ਜਾਂਦੇ ਹਨ, ਇਸੇ ਤਰ੍ਹਾਂ ਪੰਡਿਤਾਂ, ਜੋਤਸ਼ੀਆਂ ਕੋਲ਼ ਰਹਿਣ ਵਾਲ਼ੇ ਬੰਦਾ ਗ੍ਰਹਿਆਂ, ਨਛੱਤਰਾਂ ਦੇ ਚੱਕਰ ਵਿੱਚ ਪੈ ਕੇ ਵਹਿਮੀ ਬਣ ਜਾਂਦਾ ਹੈ।

ਹੱਟ ਕਰਾਏ, ਦੰਮ ਵਿਆਜੀ, ਉਸ ਭੈੜੇ ਦੀ ਪੂਰੀ ਬਾਜ਼ੀ——ਜਿਹੜਾ ਬੰਦਾ ਕਿਰਾਏ ਦੀ ਦੁਕਾਨ ਲੈ ਕੇ, ਉਹਦੇ ਵਿੱਚ ਸੌਦਾ ਪੱਤਾ ਵਿਆਜ਼ 'ਤੇ ਲਈ ਰਕਮ ਨਾਲ ਖ਼ਰੀਦ ਕੇ ਪਾਵੇ, ਉਹ ਨੂੰ ਸਦਾ ਘਾਟਾ ਹੀ ਰਹਿੰਦਾ ਹੈ। ਇਸ ਅਖਾਣ ਰਾਹੀਂ ਵਿਆਜ ਤੇ ਰਕਮ ਲੈ ਕੇ ਵਪਾਰ ਕਰਨ ਦੀ ਨਿਖੇਧੀ ਕੀਤੀ ਗਈ ਹੈ।

ਹੱਡ ਸ਼ਰੀਕਾ ਹੁੰਦਾ ਹੈ, ਕਰਮ ਸ਼ਰੀਕਾ ਨਹੀਂ——ਭਾਵ ਇਹ ਕਿ ਸ਼ਰੀਕ ਭਾਵੇਂ ਕਿੰਨਾ ਵੈਰ ਕਮਾ ਲਵੇ ਪ੍ਰੰਤੂ ਉਹ ਕਿਸੇ ਦੇ ਕਰਮ ਨਹੀਂ ਧੋ ਸਕਦਾ, ਰੋਟੀ ਤੇ ਮਿਲਣੀ ਹੀ ਹੈ।

ਹੱਥ ਕੰਗਣ ਨੂੰ ਆਰਸੀ ਕੀ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਸਾਹਮਣੇ ਦਿਸਦੀ ਚੀਜ਼ ਨੂੰ ਸਾਬਤ ਕਰਨ ਲਈ ਕਿਸੇ ਪ੍ਰਮਾਣ ਦੀ ਜ਼ਰੂਰਤ ਨਹੀਂ।

ਹੱਥ ਕਾਰ ਵੱਲ ਚਿੱਤ ਯਾਰ ਵੱਲ——ਭਾਵ ਇਹ ਹੈ ਕਿ ਕੰਮ ਦੇ ਰੁਝੇਵਿਆਂ ਦੇ ਹੁੰਦੇ ਹੋਏ ਵੀ ਮਿੱਤਰ ਪਿਆਰੇ ਸਦਾ ਯਾਦ ਰਹਿੰਦੇ ਹਨ, ਮਨੋਂ ਨਹੀਂ ਵਿਸਰਦੇ।

ਹੱਥ ਨੂਠਾ ਦੇਸ ਮੋਕਲ਼ਾ——ਇਹ ਅਖਾਣ ਉਦੋਂ ਵਰਤਦੇ ਹਨ, ਜਦੋਂ ਕੋਈ ਬੰਦਾ ਆਪਣਾ ਘਰ-ਬਾਰ ਛੱਡ ਕੇ ਫ਼ਿਰਤੂ ਹੋ ਜਾਵੇ, ਉਹਦੇ ਲਈ ਚਾਰੇ ਜਗੀਰਾਂ ਖੁੱਲ੍ਹੀਆਂ ਹੁੰਦੀਆਂ ਹਨ।

ਹੱਥ ਨਾ ਪੱਲੇ, ਬਜ਼ਾਰ ਖੜੀ ਹੱਲੇ——ਜਿਹੜੇ ਲੋਕ ਝੂਠਾ ਵਿਖਾਵਾ ਕਰਕੇ ਆਪਣੀ ਸ਼ਾਨੋ-ਸ਼ੌਕਤ ਵਖਾਉਂਦੇ ਹਨ ਪ੍ਰੰਤੂ ਅੰਦਰੋਂ ਖੋਖਲੇ ਹੁੰਦੇ ਹਨ, ਉਹਨਾਂ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਹੱਥ ਨੂੰ ਹੱਥ ਪਛਾਣਦੈ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਸ ਤਰ੍ਹਾਂ ਦੀ ਵਰਤੋਂ-ਵਿਹਾਰ ਤੁਸੀਂ ਦੂਜੇ ਨਾਲ਼ ਕਰੋਗੇ, ਉਹੋ ਜਿਹਾ ਵਰਤਾਰਾ ਤੁਹਾਨੂੰ ਦੂਜੇ ਪਾਸੋਂ ਮਿਲਗੇ। ਜਿਹੋ ਜਿਹੀ ਭਾਜੀ ਤੁਸੀਂ ਪਾਵੋਗੇ, ਉਹੋ ਜਿਹੀ ਤੁਹਾਨੂੰ ਮੁੜੇਗੀ।

ਹੱਥ ਪੱਲਾ ਸੱਖਣਾ, ਖ਼ੁਦਾ ਪੜਦਾ ਰੱਖਣਾ——ਜਦੋਂ ਕਿਸੇ ਦੀ ਇੱਜ਼ਤ ਆਬਰੂ ਖ਼ਤਰੇ ਵਿੱਚ ਪੈ ਜਾਵੇ ਤਾਂ ਉਹ ਰੱਬ ਤੇ ਟੇਕ ਰੱਖੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਹੱਥ ਪੁਰਾਣੇ ਖੋਸੜੇ ਬਸੰਤੇ ਹੋਰੀਂ ਆਏ-ਜਦੋਂ ਕੋਈ ਬੰਦਾ ਭੱਜ——ਦੌੜ ਕਰਨ ਮਗਰੋਂ ਆਪਣੇ ਕੰਮ-ਕਾਰ ਵਿੱਚ ਸਫ਼ਲਤਾ ਪ੍ਰਾਪਤ ਨਾ ਕਰੇ ਤੇ ਨਿਰਾਸ਼ ਹੋ ਕੇ ਆਪਣੇ ਘਰ ਪਰਤ ਆਏ ਤਾਂ ਵਿਅੰਗ ਨਾਲ਼ ਇਹ ਅਖਾਣ ਉਸ ਪਰਤੀ ਬੋਲਿਆ ਜਾਂਦਾ ਹੈ।

ਹੱਥ ਵਿੱਚ ਫੜੀ ਤਸਬੀ ਮੂੰਹ ਵਿੱਚ ਰੱਖੀ ਗਾਲ, ਮਾਲਾ ਏਥੇ ਰਹਿਵਣੀ, ਬੋਲ ਚਲਣਗੇ ਨਾਲ——ਜਦੋਂ ਇਹ ਦੱਸਣਾ ਹੋਵੇ ਕਿ ਬੰਦੇ ਦੇ ਚੰਗੇ ਕੀਤੇ ਕੰਮਾਂ ਨਾਲ਼ ਹੀ ਅਗਲੀ ਦਰਗਾਹ ਵਿੱਚ ਨਿਬੇੜਾ ਹੋਣਾ ਹੈ, ਭਜਨ, ਬੰਦਗੀ ਏਥੇ ਹੀ ਰਹਿ ਜਾਣੀ ਹੈ।

ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ਼ ਖੋਲ੍ਹਣੀਆਂ ਪੈਂਦੀਆਂ ਹਨ——ਜਦੋਂ ਕੋਈ ਬੰਦਾ ਆਪ ਹੀ ਗ਼ਲਤੀ ਕਰਕੇ ਆਪਣਾ ਕੰਮ ਵਿਗਾੜ ਲਵੇ ਤਾਂ ਉਸ ਨੂੰ ਆਪ ਹੀ ਔਖਾ ਹੋ ਕੇ ਆਪਣਾ ਕੰਮ ਠੀਕ ਕਰਨਾ ਪਵੇ, ਉਦੋਂ ਇਹ ਅਖਾਣ ਵਰਤਦੇ ਹਨ।

ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ——ਭਾਵ ਸਪੱਸ਼ਟ ਹੈ ਕਿ ਵੈਰੀ ਨੂੰ ਕਰੜੇ ਹੱਥਾਂ ਨਾਲ਼ ਹੀ ਸਬਕ ਸਿਖਾਉਣਾ ਚਾਹੀਦਾ ਹੈ। ਜੇ ਤੁਸੀਂ ਆਪਣੇ ਦੁਸ਼ਮਣ ਨਾਲ਼ ਸਖ਼ਤਾਈ ਨਹੀਂ ਵਰਤੋਗੇ ਤਾਂ ਉਹ ਤੁਹਾਡੇ ਸਿਰ ਚੜ੍ਹ ਜਾਵੇਗਾ।

ਹਥਿਆਰ ਉਹ ਜਿਹੜਾ ਵੇਲੇ ਸਿਰ ਕੰਮ ਆਵੇ——ਜਦੋਂ ਕਿਸੇ ਲੋੜ ਸਮੇਂ ਅਸਲੀ ਚੀਜ਼ ਦੀ ਥਾਂ ਕਿਸੇ ਹੋਰ ਚੀਜ਼ ਨਾਲ ਕੰਮ ਸਾਰ ਲਿਆ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਹੱਥੀਂ ਕੜੇ, ਢਿਡ ਭੁੱਖ ਨਾਲ ਸੜੇ——ਜਦੋਂ ਕੋਈ ਆਰਥਿਕ ਪੱਖੋਂ ਕਮਜ਼ੋਰ ਬੰਦਾ ਬਾਹਰੀ ਤੌਰ 'ਤੇ ਆਪਣੀ ਸ਼ਾਨੋ-ਸ਼ੌਕਤ ਦਾ ਦਿਖਾਵਾ ਕਰੇ, ਉਦੋਂ ਇੰਜ ਆਖਦੇ ਹਨ।

ਹੱਥੋਂ ਦਏ ਨਾ, ਖਾਹ ਬੱਚਾ ਖਾਹ——ਜਦੋਂ ਕੋਈ ਜਣਾ ਮਿੱਠੀਆਂ-ਮਿੱਠੀਆਂ ਚੋਪੜੀਆਂ ਗੱਲਾਂ ਮਾਰ ਕੇ ਸਾਰੇ ਤੇ ਆਪਣੇ ਹੱਥੀਂ ਕੁਝ ਦੇਵੇ ਨਾ, ਉਦੋਂ ਇਹ ਅਖਾਣ ਬੋਲਦੇ ਹਨ।

ਹੱਥੋ ਹੱਥ ਨਬੇੜਾ, ਨਾ ਝਗੜਾ ਨਾ ਖੇੜਾ——ਜਦੋਂ ਕੋਈ ਬੰਦਾ ਕਿਸੇ ਤੋਂ ਕੋਈ ਚੀਜ਼ ਲੈ ਕੇ ਉਸ ਦਾ ਮੁੱਲ ਤਾਰਨ ਲਈ ਨਾਂਹ ਨੁੱਕਰ ਕਰੇ ਤਾਂ ਅੱਗੋਂ ਅਗਲਾ ਚੀਜ਼ ਦਾ ਮੁੱਲ ਲੈਣ ਲਈ ਇਹ ਅਖਾਣ ਵਰਤਦਾ ਹੈ।

ਹਮ ਨਾ ਵਿਆਹੇ, ਕਾਹਦੇ ਸਾਹੇ——ਜਦੋਂ ਹੋਰਨਾਂ ਬੰਦਿਆਂ ਦਾ ਕੰਮ ਹੋ ਜਾਵੇ ਤੇ ਕਿਸੇ ਦਾ ਆਪਣਾ ਕੰਮ ਸਿਰੇ ਨਾ ਲੱਗੇ ਤਾਂ ਉਸ ਦੀ ਮਾਨਸਿਕ ਸਥਿਤੀ ਪ੍ਰਗਟ ਕਰਨ ਲਈ ਇਹ ਅਖਾਣ ਵਰਤਦੇ ਹਨ। ਹਮ ਸਾਏ, ਮਾਂ ਪਿਉ ਜਾਏ——ਭਾਵ ਇਹ ਹੈ ਕਿ ਆਪਣੇ ਗੁਆਂਢੀਆਂ ਨਾਲ਼ ਸਦਾ ਸੁਖਾਵੇਂ ਤੇ ਪਿਆਰ ਭਰੇ ਸਬੰਧ ਰੱਖਣੇ ਚਾਹੀਦੇ ਹਨ ਅਤੇ ਉਹਨਾਂ ਪ੍ਰਤੀ ਚੰਗੇਰੀ ਭਾਵਨਾ ਰੱਖਣੀ ਉੱਚਿਤ ਹੈ।

ਹਰ ਹਰ ਗੰਗਾ, ਧੰਙਾਣੇ ਲਿਆ ਪੰਗਾ——ਜਦੋਂ ਆਪਣੀ ਗ਼ਲਤੀ ਨਾਲ਼ ਮੁਸੀਬਤ ਗਲ਼ ਪੈ ਜਾਵੇ, ਉਦੋਂ ਇੰਜ ਆਖਦੇ ਹਨ।

ਹਰਦਵਾਰ ਦਾ ਰਾਹ ਤਾਂ ਹਰ ਕੋਈ ਦੱਸਦਾ ਹੈ ਪੱਲੇ ਖ਼ਰਚ ਕੋਈ ਨਹੀਂ ਬੰਨ੍ਹਦਾ——ਵਧੇਰੇ ਖ਼ਰਚ ਲਈ ਸੁਝਾਅ ਦੇਣ ਵਾਲੇ ਤਾਂ ਬਹੁਤ ਹਨ ਪ੍ਰੰਤੂ ਖ਼ਰਚੇ ਵਿੱਚ ਭਾਈਵਾਲ ਕੋਈ ਨਹੀਂ ਬਣਦਾ।

ਹਰ ਮਸਾਲੇ ਵਿੱਚ ਪਿੱਪਲਾ ਮੂਲ——ਜਦੋਂ ਕੋਈ ਬੰਦਾ ਹਰ ਮਹਿਫ਼ਲ ਵਿੱਚ ਮੂਹਰੇ-ਮੂਹਰੇ ਫਿਰਦਾ ਨਜ਼ਰ ਆਵੇ ਤਾਂ ਉਸ ਲਈ ਇਹ ਅਖਾਣ ਵਰਤਦੇ ਹਨ।

ਹਰਾਮ ਦਾ ਮਾਲ ਹਰਾਮ ਦੇ ਰਾਹ ਹੀ ਜਾਂਦਾ ਹੈ——ਭਾਵ ਅਰਥ ਸਪੱਸ਼ਟ ਹੈ। ਬਿਨਾਂ ਮਿਹਨਤ ਕੀਤੀ ਕਮਾਈ ਅਜਾਈਂ ਖ਼ਤਮ ਹੋ ਜਾਂਦੀ ਹੈ। ਅਣਕਮਾਇਆ ਧਨ ਫ਼ਜ਼ੂਲ ਖ਼ਰਚੀ ਰਾਹੀਂ ਛੇਤੀ ਉੱਡ-ਪੁੱਡ ਜਾਂਦਾ ਹੈ।

ਹਵੇਲੀ ਮੀਏਂ ਬਾਕਰ ਦੀ, ਵਿਚ ਸਲੇਮੋ ਆਕੜ ਦੀ——ਜਦੋਂ ਕੋਈ ਗ਼ਰੀਬ, ਕਮਜ਼ੋਰ ਜਾਂ ਹੀਣਾ ਬੰਦਾ ਆਪਣੇ ਕਿਸੇ ਦੂਰ ਦੇ ਤਕੜੇ ਤੇ ਅਮੀਰ ਰਿਸ਼ਤੇਦਾਰ ਦਾ ਰਿਸ਼ਤੇਦਾਰ ਹੋਣ ਦਾ ਮਾਣ ਕਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਹਾਂ ਜੀ ਹਾਂ ਜੀ ਕਹਿੰਦੇ ਆਂ, ਸਦਾ ਸੁਖੀ ਰਹਿੰਦੇ ਹਾਂ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਬਿਨਾਂ ਕਿਸੇ ਉਜਰ ਦੇ ਹੁਕਮ ਮੰਨਣ ਵਾਲਾ ਬੰਦਾ ਸਦਾ ਸੁਖੀ ਰਹਿੰਦਾ ਹੈ। ਇਹ ਅਖਾਣ ਖ਼ੁਸ਼ਾਮਦੀ ਕਰਮਚਾਰੀਆਂ ਲਈ ਵੀ ਵਰਤਿਆ ਜਾਂਦਾ ਹੈ।

ਹਾਸੇ ਦਾ ਮੜ੍ਹਾਸਾ ਹੋ ਜਾਂਦਾ ਹੈ-ਕਈ ਵਾਰੀ ਹਾਸੇ——ਹਾਸੇ ਵਿੱਚ ਹੀ ਮੂੰਹੋਂ ਅਜਿਹੀ ਗੱਲ ਨਿਕਲ ਜਾਂਦੀ ਹੈ ਜਿਸ ਕਰਕੇ ਬੇਸੁਆਦੀ ਜਾਂ ਲੜਾਈ ਹੋ ਜਾਂਦੀ ਹੈ।

ਹਾਜ਼ਰ ਨੂੰ ਹੁੱਜਤ ਨਹੀਂ——ਭਾਵ ਇਹ ਹੈ ਕਿ ਸਾਹਮਣੇ ਬੈਠੇ ਵਿਅਕਤੀ ਦੀ ਕੋਈ ਨੁਕਤਾਚੀਨੀ ਨਹੀਂ ਕਰਦਾ। ਅੱਖ ਦੀ ਸ਼ਰਮ ਮਾਰ ਜਾਂਦੀ ਹੈ।

ਹਾਂਡੀ ਉਬਲੂ , ਆਪਣੇ ਈ ਕੰਢੇ ਸਾੜੂ——ਭਾਵ ਇਹ ਹੈ ਕਿ ਕੋਈ ਕਮਜ਼ੋਰ ਜਾਂ ਨਿਤਾਣਾ ਬੰਦਾ ਕਿਸੇ ਤੇ ਗੁੱਸਾ ਕੱਢ ਕੇ ਉਸ ਦਾ ਕੁਝ ਨਹੀਂ ਵਿਗਾੜ ਸਕਦਾ, ਸਗੋਂ ਉਸ ਦਾ ਆਪਣਾ ਹੀ ਲਹੂ ਸੜੇਗਾ।

ਹਾਣ ਨੂੰ ਹਾਣ ਪਿਆਰਾ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਹਰ ਕੋਈ ਆਪਣੀ ਉਮਰ ਦੇ ਹਾਣੀਆਂ ਨੂੰ ਮਿਲ ਕੇ ਖੁਸ਼ ਰਹਿੰਦਾ ਹੈ। ਬੱਚੇ ਬੱਚਿਆਂ ਨਾਲ਼ ਖੇਡਣਾ ਪਸੰਦ ਕਰਦੇ ਹਨ।

ਹਾਥੀ ਜਿਊਂਦਾ ਲੱਖ ਦਾ, ਮੋਇਆ ਸਵਾ ਲੱਖ ਦਾ——ਜਦੋਂ ਸਮਾਂ ਪਾ ਕੇ ਕਿਸੇ ਚੀਜ਼ ਦੀ ਕਦਰ ਵੱਧ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ। ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਣ ਨੂੰ ਹੋਰ——ਇਹ ਅਖਾਣ ਉਸ ਭੱਦਰ ਪੁਰਸ਼ ਲਈ ਵਰਤਿਆ ਜਾਂਦਾ ਹੈ ਜਿਸ ਦਾ ਬਾਹਰਲਾ ਜੀਵਨ ਸਾਊਆਂ ਵਾਲਾ ਹੋਵੇ ਪ੍ਰੰਤੂ ਅੰਦਰਲਾ ਜੀਵਨ ਮਾੜਾ ਹੋਵੇ।

ਹਾਥੀ ਦੇ ਪੈਰ ਵਿੱਚ ਸਭ ਦਾ ਪੈਰ——ਜਦੋਂ ਕੋਈ ਇਕੱਲਾ ਬੰਦਾ ਬਹੁਤ ਸਾਰੇ ਬੰਦਿਆਂ ਦਾ ਇਕੱਲਾ ਹੀ ਕੰਮ ਸਾਰ ਦੇਵੇ, ਉਦੋਂ ਇਹ ਅਖਾਣ ਬੋਲਦੇ ਹਨ।

ਹਾਥੀ ਲੰਘ ਗਿਆ ਪੂਛ ਰਹਿ ਗਈ——ਜਦੋਂ ਬਹੁਤ ਸਾਰਾ ਕੰਮ ਮੁਕ ਜਾਵੇ ਤੇ ਥੋੜ੍ਹਾ ਪਿੱਛੇ ਰਹਿ ਜਾਵੇ, ਉਦੋਂ ਕੰਮ ਕਰਨ ਵਾਲ਼ਿਆਂ ਦਾ ਹੌਸਲਾ ਵਧਾਉਣ ਲਈ ਇਹ ਅਖਾਣ ਬੋਲਦੇ ਹਨ।

ਹਾਰ ਮੰਨੀ ਝਗੜਾ ਮੁੱਕਾ——ਜਦੋਂ ਕੋਈ ਸਿਆਣਾ ਬੰਦਾ ਝਗੜੇ ਦਾ ਨਿਪਟਾਰਾ ਕਰਨ ਲਈ ਆਪ ਮਾੜੀ-ਮੋਟੀ ਕਸਰ ਸਹਿ ਲਵੇ, ਉਦੋਂ ਇਹ ਅਖਾਣ ਬੋਲਦੇ ਹਨ।

ਹਾੜ੍ਹ ਨਾ ਵਾਹੀ ਹਾੜ੍ਹੀ, ਫਿਟ ਭੜੂਏ ਦੀ ਦਾਹੜੀ——ਭਾਵ ਇਹ ਹੈ ਕਿ ਜਿਹੜਾ ਜੱਟ ਹਾੜ੍ਹ ਦੇ ਮਹੀਨੇ ਵਿੱਚ ਆਪਣੀ ਪੈਲੀ ਨਹੀਂ ਵਾਹੁੰਦਾ ਉਹ ਚੰਗੀ ਫ਼ਸਲ ਨਹੀਂ ਲੈ ਸਕਦਾ।

ਹਿੱਸਾ ਚੌਥਾ, ਜੁੱਤੀਆਂ ਦਾ ਅੱਧ——ਜਦੋਂ ਕਿਸੇ ਬੰਦੇ ਨੂੰ ਲਾਭ ਵਿੱਚੋਂ ਤਾਂ ਘੱਟ ਪ੍ਰਾਪਤੀ ਹੋਵੇ, ਪ੍ਰੰਤੂ ਨੁਕਸਾਨ ਸਮੇਂ ਬਹੁਤਾ ਹਿੱਸਾ ਦੇਣਾ ਪਵੇ, ਉਦੋਂ ਇੰਜ ਆਖਦੇ ਹਨ।

ਹਿੰਗ ਆਈ ਤੇ ਬਾਟ ਹੀ ਲਾਈ——ਜਦੋਂ ਕੋਈ ਕਿਸੇ ਥੋੜ੍ਹੀ ਤੇ ਸੰਕੋਚਵੀਂ ਚੀਜ਼ ਦੀ ਵਰਤੋਂ ਕਰਨ ਵਾਲ਼ੀ ਚੀਜ਼ ਨੂੰ ਖੁੱਲ੍ਹੇ ਹੱਥ ਨਾਲ਼ ਵਰਤਾਉਣ ਦੀ ਮੂਰਖ਼ਤਾ ਕਰੇ, ਉਦੋਂ ਇਹ ਅਖਾਣ ਬੋਲਦੇ ਹਨ।

ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ——ਜਦੋਂ ਪੱਲਿਓਂ ਖ਼ਰਚ ਕੀਤੇ ਬਿਨਾਂ ਹੀ ਕੰਮ ਮੁਫ਼ਤੋਂ ਮੁਫ਼ਤੀ ਹੋ ਜਾਵੇ, ਉਦੋਂ ਇੰਜ ਆਖਦੇ ਹਨ।

ਹਿੰਮਤੇ ਅੱਗੇ ਫ਼ਤਹ ਨਸੀਬ——ਭਾਵ ਇਹ ਹੈ ਕਿ ਉੱਦਮੀ ਪੁਰਸ਼ ਹਿੰਮਤ ਕਰਕੇ ਆਪਣੇ ਮੰਨ ਦੀ ਮੁਰਾਦ ਪੂਰੀ ਕਰ ਲੈਂਦਾ ਹੈ।

ਹਿੱਲੀ ਹਿੱਲੀ ਗਿਦੜੀ, ਰਵਾਹ ਪਈਆਂ ਫਲੀਆਂ——ਭਾਵ ਇਹ ਹੈ ਕਿ ਕਿਸੇ ਬੰਦੇ ਨੂੰ ਹਰ ਰੋਜ਼ ਕੁਝ ਨਾ ਕੁਝ ਦੇ ਕੇ ਗਿਝਾ ਨਹੀਂ ਲੈਣਾ ਚਾਹੀਦਾ। ਗਿਝਿਆ ਮਨੁੱਖ ਤੰਗ ਕਰਦਾ ਹੈ।

ਹਿੱਲੇ ਨੂੰ ਹਲਾਈਏ ਨਾ, ਹਿੱਲੇ ਦਾ ਮਾਣ ਗਵਾਈਏ ਨਾ——ਭਾਵ ਇਹ ਹੈ ਕਿ ਕਿਸੇ ਨੂੰ ਕੁਝ ਦੇ ਕੇ ਗੇਝ ਨਹੀਂ ਪਾਉਣੀ ਚਾਹੀਦੀ ਪ੍ਰੰਤੂ ਜੇ ਗੇਝ ਪਾ ਹੀ ਲਈ ਹੈ ਤਾਂ ਉਸ ਦੀ ਆਸ ਪੂਰੀ ਕਰਦੇ ਰਹਿਣਾ ਚਾਹੀਦਾ ਹੈ।

ਹੀਲੇ ਰਿਜ਼ਕ ਬਹਾਨੇ ਮੌਤ——ਰੋਜ਼ੀ ਤੇ ਰਿਜ਼ਕ ਕਮਾਉਣ ਲਈ ਅਨੇਕਾਂ ਪਾਪੜ ਵੇਲਣੇ ਪੈਂਦੇ ਹਨ, ਮੌਤ ਤਾਂ ਕਿਸੇ ਕਾਰਨ ਵੀ ਆ ਸਕਦੀ ਹੈ, ਚਾਹੇ ਕੋਈ ਰੋਗ ਲੱਗ ਜਾਵੇ ਜਾਂ ਦੁਰਘਟਨਾ ਵਾਪਰ ਜਾਵੇ। ਹੁਸਨ, ਜਵਾਨੀ ਤੇ ਰੰਗ ਫੁੱਲਾਂ ਦਾ, ਮੁੱਦਤ ਰਹਿੰਦੇ ਨਾਹੀਂ, ਲੱਖਾਂ ਖ਼ਰਚੋ ਹੱਥ ਨਾ ਆਵਣ ਮੁੱਲ ਵਿਕੇਂਦੇ ਨਾਹੀਂ——ਭਾਵ ਇਹ ਹੈ ਕਿ ਫੁੱਲਾਂ ਦਾ ਰੰਗ ਅਤੇ ਜਵਾਨੀ ਇਕ ਵਾਰੀ ਜਾਣ ਮਗਰੋਂ ਲੱਖਾਂ ਰੁਪਏ ਖ਼ਰਚ ਕਰਕੇ ਵੀ ਮੁੜ ਪ੍ਰਾਪਤ ਨਹੀਂ ਕੀਤੇ ਜਾ ਸਕਦੇ।

ਹੁਕਮ ਬਿਨਾਂ ਝੂਲੇ ਨਹੀਂ ਪੱਤਾ——ਇਸ ਮਹਾਂਵਾਕ ਵਿੱਚ ਦੱਸਿਆ ਗਿਆ ਹੈ ਕਿ ਪ੍ਰਮਾਤਮਾ ਦੀ ਰਜ਼ਾ ਵਿੱਚ ਹੀ ਰਹਿਣਾ ਚਾਹੀਦਾ ਹੈ। ਉਸ ਦੇ ਹੁਕਮ ਨਾਲ਼ ਹੀ ਸਭ ਕੁਝ ਵਾਪਰਦਾ ਹੈ।

ਹੁੱਜਾਂ ਬਾਂਦਰਾਂ, ਟੁੱਕਰ ਕਲੰਦਰਾਂ——ਜਦੋਂ ਕੋਈ ਬੰਦਾ ਕਿਸੇ ਦੂਜੇ ਬੰਦੇ ਦੀ ਮਿਹਨਤ ਤੇ ਕਮਾਈ 'ਤੇ ਗੁਜ਼ਾਰਾ ਕਰਦਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਹੁਣ ਤਾਂ ਭੇਡਾਂ ਵੀ ਮੱਕੇ ਚੱਲੀਆਂ ਨੇ——ਜਦੋਂ ਕੋਈ ਨਾ ਅਹਿਲ ਤੇ ਨਿਕੰਮਾ ਬੰਦਾ ਕਿਸੇ ਵੱਡੇ ਕੰਮ ਵਿੱਚ ਭਾਗ ਲੈਣ ਲੱਗ ਜਾਵੇ, ਉਦੋਂ ਇੰਜ ਆਖਦੇ ਹਨ।

ਹੁਣ ਦੀ ਹੁਣ ਨਾਲ਼, ਉਦੋਂ ਦੀ ਉਦੋਂ ਨਾਲ਼——ਭਾਵ ਇਹ ਹੈ ਕਿ ਬੀਤੇ ਦੀ ਗੱਲ ਛੱਡੋ, ਹੁਣ ਦੀ ਗੱਲ ਕਰੋ।

ਹੁਣ ਪਛਤਾਇਆਂ ਕੀ ਬਣੇ ਜਦ ਚਿੜੀਆਂ ਚੁਗਿਆ ਖੇਤ——ਭਾਵ ਇਹ ਹੈ ਕਿ ਸਮਾਂ ਗੁਆਉਣ ਮਗਰੋਂ ਪਛਤਾਵਾ ਕਰਨ ਦਾ ਕੋਈ ਲਾਭ ਨਹੀਂ। ਸਮੇਂ ਨੂੰ ਪਹਿਲੋਂ ਹੀ ਸੰਭਾਲਣਾ ਚਾਹੀਦਾ ਹੈ।

ਹੁਦਾਰ ਦਿੱਤਾ, ਗਾਹਕ ਪਸਿੱਤਾ——ਭਾਵ ਸਪੱਸ਼ਟ ਹੈ ਕਿ ਹੁਦਾਰ ਲੈ ਕੇ ਗਾਹਕ ਮੁੜਕੇ ਦੁਕਾਨ 'ਤੇ ਨਹੀਂ ਆਉਂਦਾ।

ਹੁੰਦੇ ਦਾ ਨਾਂ ਹਿੰਦੂ ਹੈ——ਗ਼ਰੀਬ ਆਦਮੀ ਨੇ ਕੀ ਦਾਨ ਕਰਨਾ ਹੋਇਆ, ਉਹੀ ਦਾਨ ਕਰ ਸਕਦਾ ਹੈ ਜਿਸ ਦੇ ਪੱਲੇ ਕੁਝ ਹੋਵੇ।

ਹੂੰ ਨਾ ਕਰੋ, ਸਾਧੇ ਮਾਰਦੀ ਐ——ਜਦੋਂ ਕੋਈ ਵਿਅਕਤੀ ਬਿਨਾਂ ਕਿਸੇ ਕਾਰਨ ਹੀ ਗੁੱਸੇ ਹੋਈ ਜਾਵੇ, ਉਦੋਂ ਇੰਜ ਆਖਦੇ ਹਨ।

ਹੇਠਾਂ ਨਾ ਉੱਤੇ ਮੈਂ ਅੱਧ ਵਿੱਚ ਸੌਂਦੀ ਆਂ——ਜਦੋਂ ਕੋਈ ਅਯੋਗ ਜਿਹੀ ਮੰਗ ਕਰਕੇ ਅਢੁੱਕਵਾਂ ਹੱਠ ਕਰੇ, ਉਦੋਂ ਆਖਦੇ ਹਨ।

ਹੇਠਾਂ ਮਸੀਤ ਉੱਤੇ ਠਾਕਰ ਦਵਾਰਾ——ਦੋ ਅਣ-ਢੁੱਕਵੀਆਂ ਗੱਲਾਂ ਦੇ ਮੇਲ ਨੂੰ ਵੇਖ ਕੇ ਇਹ ਅਖਾਣ ਅਕਸਰ ਵਰਤਿਆ ਜਾਂਦਾ ਹੈ।

ਹੋਇਆ ਤਾਂ ਈਦ, ਨਹੀਂ ਤਾਂ ਰੋਜ਼ਾ——ਇਹ ਅਖਾਣ ਉਹਨਾਂ ਵਿਅਕਤੀਆਂ ਦੀ ਮਾਨਸਿਕ ਦਿਸ਼ਾ ਦਾ ਵਰਨਣ ਕਰਦਾ ਹੈ ਜਿਹੜੇ ਪੈਸੇ ਹੋਣ ਤੇ ਐਸ਼ ਕਰਦੇ ਹਨ ਅਤੇ ਪੈਸੇ ਮੁੱਕਣ ਮਗਰੋਂ ਭੁੱਖਾਂ ਕੱਟਦੇ ਹਨ।

ਹੋਛਾ ਕੀ ਸਵਾਰੇ, ਇਕ ਵਾਰੀ ਕਰੇ ਸੌ ਵਾਰੀ ਪਤਾਰੇ——ਇਸ ਅਖਾਣ ਦਾ ਭਾਵ ਇਹ ਹੈ ਕਿ ਥੋੜ੍ਹ——ਦਿਲਾ ਬੰਦਾ ਜੇਕਰ ਕਿਸੇ 'ਤੇ ਮਾੜਾ ਮੋਟਾ ਅਹਿਸਾਨ ਕਰ ਦੇਵੇ ਤਾਂ ਉਹ ਇਸ ਅਹਿਸਾਨ ਨੂੰ ਹਰ ਵਾਰ ਚਿਤਾਰਦਾ ਰਹਿੰਦਾ ਹੈ।

ਹੋਛੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫ਼ਰਿਆ——ਜੇਕਰ ਕਿਸੇ ਥੋੜ੍ਹ-ਚਿੱਤੇ ਬੰਦੇ ਨੂੰ ਉਸ ਦੇ ਵਿਤ ਤੋਂ ਉਚੇਰੀ ਚੀਜ਼ ਪ੍ਰਾਪਤ ਹੋ ਜਾਵੇ ਤਾਂ ਉਹ ਉਸ ਦੀ ਦੁਰਵਰਤੋਂ ਕਰਕੇ ਆਪਣੇ ਆਪ ਦਾ ਮਖ਼ੌਲ ਉਡਾਉਂਦਾ ਹੈ ਤੇ ਨੁਕਸਾਨ ਝਲਦਾ ਹੈ।

ਹੋਛੇ ਦੀ ਯਾਰੀ, ਸਦਾ ਖਵਾਰੀ——ਭਾਵ ਸਪੱਸ਼ਟ ਹੈ ਕਿ ਹੋਛੇ ਤੇ ਥੋੜ੍ਹੇ ਵਿੱਤ ਵਾਲ਼ੇ ਬੰਦੇ ਨਾਲ਼ ਸਾਂਝ ਭਿਆਲੀ ਪਾਉਣ ਨਾਲ਼ ਬਦਨਾਮੀ ਅਤੇ ਖ਼ੁਨਾਮੀ ਝਲਣੀ ਪੈਂਦੀ ਹੈ।

ਹੋਰੀ ਤੇ ਹੋਰੀ ਦੀ, ਬੁੱਢੀ ਨੂੰ ਡੰਗੋਰੀ ਦੀ——ਜਦੋਂ ਇਹ ਦੱਸਣਾ ਹੋਵੇ ਕਿ ਹਰ ਕਿਸੇ ਨੂੰ ਆਪਣੀ-ਆਪਣੀ ਵਸਤੂ ਦੀ ਚਿੰਦਾ ਹੁੰਦੀ ਹੈ, ਉਦੋਂ ਇਹ ਅਖਾਣ ਬੋਲਦੇ ਹਨ।

ਹੌਲੇ ਭਾਰ ਤੇ ਸਾਥ ਦੇ ਮੋਹਰੀ——ਭਾਵ ਇਹ ਹੈ ਕਿ ਜਿਸ ਬੰਦੇ ਕੋਲ਼ ਸੌਖਾ ਕੰਮ ਹੋਵੇ ਉਹ ਛੇਤੀ ਵਿਹਲਾ ਹੋ ਜਾਂਦਾ ਹੈ।

ਕਹਿਣਾ ਜੀ ਤੇ ਲੈਣਾ ਕੀ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਸੇ ਅਵੈੜੇ ਸੁਭਾਅ ਵਾਲੇ ਬੰਦੇ ਨਾਲ਼ ਵਰਤ-ਵਰਤਾ ਕਰਨ ਲੱਗਿਆਂ ਜੀ-ਜੀ ਕਰਕੇ ਸਮਾਂ ਬਿਤਾਉਣਾ ਚੰਗਾ ਹੁੰਦਾ ਹੈ।

ਕਹਿਤ ਕਮਲੇ ਸੁਣਤ ਬਾਵਰੇ——ਜਦੋਂ ਕੋਈ ਮੂਰਖ਼ ਬੰਦਾ ਕਿਸੇ ਪਾਸੋਂ ਬੇਸਿਰ ਪੈਰ ਗੁੱਲਾਂ ਸੁਣ ਕੇ ਉਹਨਾਂ ਨੂੰ ਸੱਚੀਆਂ ਜਾਣ ਕੇ ਉਹੀ ਗੱਲਾਂ ਦੂਜਿਆਂ ਨੂੰ ਦੱਸਦਾ ਫਿਰੇ ਉਦੋਂ ਇਹ ਅਖਾਣ ਬੋਲਦੇ ਹਨ।

ਕਹੇ ਤੇ ਘੁਮਾਰੀ ਗਧੇ ਤੇ ਨਹੀਂ ਚੜ੍ਹਦੀ——ਜਦੋਂ ਕੋਈ ਬੰਦਾ ਜਿਹੜਾ ਕੰਮ ਨਿਤਨੇਮ ਨਾਲ਼ ਕਰਦਾ ਹੋਵੇ ਪ੍ਰੰਤੂ ਜਦੋਂ ਉਸੇ ਕੰਮ ਨੂੰ ਕਰਨ ਲਈ ਦੂਜਾ ਬੰਦਾ ਕਹੇ ਤਾਂ ਇਨਕਾਰ ਕਰ ਦੇਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਕੱਕਾ, ਕੈਰਾ, ਨਹੁੰ ਭਰਾ, ਛਾਤੀ ਤੇ ਨਾ ਵਾਲ, ਚਾਰੇ ਖੋਟੇ ਜੇ ਮਿਲਣ, ਦੂਰੋਂ ਗੰਢ ਸੰਭਾਲ——ਉਪਰ ਦੱਸੀਆਂ ਚੌਹਾਂ ਨਿਸ਼ਾਨੀਆਂ ਵਾਲ਼ੇ ਬੰਦੇ ਅਕਸਰ ਠੱਗ ਅਤੇ ਧੋਖੇਬਾਜ਼ ਹੁੰਦੇ ਹਨ, ਇਸ ਲਈ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਕੱਖ ਹੱਲਿਆ ਤੇ ਚੋਰ ਚੱਲਿਆ——ਭਾਵ ਇਹ ਹੈ ਕਿ ਲੁਕ ਛਿਪ ਕੇ ਮਾੜਾ ਕੰਮ ਕਰਨ ਵਾਲ਼ੇ ਬੰਦੇ ਜਰੀ ਭਰ ਖੜਕਾ ਸੁਣਕੇ ਦੌੜ ਜਾਂਦੇ ਹਨ।

ਕੱਖ ਨਾਲ਼ ਵੀ ਰੱਖ——ਭਾਵ ਸਪੱਸ਼ਟ ਹੈ ਕਿ ਕਮਜ਼ੋਰ ਬੰਦਾ ਵੀ ਤੁਹਾਡੀ ਮਦਦ ਕਰ ਸਕਦਾ ਹੈ, ਕਿਸੇ ਨਾਲ਼ ਵੀ ਵਿਗਾੜਨੀ ਨਹੀਂ ਚਾਹੀਦੀ, ਸਭ ਨਾਲ਼ ਮੇਲ ਮਿਲਾਪ ਰੱਖੋ। ਕੱਖਾਂ ਦੀ ਕੁੱਲੀ, ਪਰਨਾਲਾ ਦੰਦ ਖੰਡ ਦਾ——ਕਿਸੇ ਘਟੀਆ ਵਸਤੂ ਨਾਲ਼ ਵਧੀਆ ਵਸਤੂ ਦੇ ਮੇਲ ਨੂੰ ਅਣਢੁੱਕਵਾਂ ਦੱਸਣ ਲਈ ਇਹ ਅਖਾਣ ਵਰਤਦੇ ਹਨ।

ਕੱਖਾਂ ਦੀ ਬੇੜੀ, ਬਾਂਦਰ ਮਲਾਹ——ਜਦੋਂ ਕਿਸੇ ਨਾਜ਼ੁਕ ਅਤੇ ਜ਼ਿੰਮੇਵਾਰੀ ਵਾਲ਼ੇ ਕੰਮ ਤੇ ਕਿਸੇ ਅਣਜਾਣ ਅਤੇ ਗ਼ੈਰ ਜ਼ਿੰਮੇਵਾਰ ਬੰਦੇ ਨੂੰ ਲਾ ਦਿੱਤਾ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕਚ-ਘਰੜ ਹਕੀਮ, ਜਾਨ ਦਾ ਖੌ——ਅਣਜਾਣ ਹਕੀਮ ਪਾਸੋਂ ਦਵਾਈ ਲੈ ਕੇ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਕਿਸੇ ਅਣਜਾਣ ਅਤੇ ਅਣਸਿਖੇ ਕਾਰੀਗਰ ਪਾਸੋਂ ਕੋਈ ਕੰਮ ਕਰਵਾਉਣ ਤੋਂ ਰੋਕਣ ਲਈ ਵੀ ਇਹ ਅਖਾਣ ਵਰਤਦੇ ਹਨ।

ਕੱਚੇ ਦਾ ਕੱਚ, ਨਾ ਹੁੰਦਾ ਸੱਚ——ਭਾਵ ਇਹ ਹੈ ਕਿ ਝੂਠੇ ਅਤੇ ਲਾਰੇ ਲਾਉਣ ਵਾਲ਼ੇ ਬੰਦੇ ਦਾ ਪਾਜ ਉਘੜ ਹੀ ਜਾਂਦਾ ਹੈ। ਮੂਰਖ਼ ਦੀ ਮੂਰਖ਼ਤਾ ਕਦੀ ਨਾ ਕਦੀ ਪ੍ਰਤੱਖ ਹੋ ਜਾਂਦੀ ਹੈ।

ਕੱਛੇ ਸੋਟਾ ਨਾਂ ਗ਼ਰੀਬ ਦਾਸ——ਜਦੋਂ ਕਿਸੇ ਬੰਦੇ ਦਾ ਬਾਹਰਲਾ ਰੂਪ ਚੰਗਾ ਦਿਸੇ ਪਰ ਅੰਦਰੋਂ ਉਹ ਮਾੜੀ ਕਰਤੂਤ ਦਾ ਮਾਲਕ ਹੋਵੇ, ਉਦੋਂ ਕਹਿੰਦੇ ਹਨ।

ਕੱਛੇ ਛੁਰੀ ਮੂੰਹੋਂ ਰਾਮ ਰਾਮ——ਇਸ ਅਖਾਣ ਦਾ ਭਾਵ ਅਰਥ ਉਪਰੋਕਤ ਅਖਾਣ ਨਾਲ਼ ਮੇਲ ਖਾਂਦਾ ਹੈ।

ਕੱਛੇ ਤੋਸਾ ਤੇ ਕਿਦਾ ਭਰੋਸਾ——ਜਦੋਂ ਇਹ ਦੱਸਣਾ ਹੋਵੇ ਕਿ ਜਿਸ ਦੇ ਘਰ ਖਾਣ ਨੂੰ ਚੰਗਾ ਚੋਖਾ ਹੋਵੇ ਉਹ ਹੋਰ ਕਿਸੇ ਦੀ ਪ੍ਰਵਾਹ ਨਹੀਂ ਕਰਦਾ, ਉਦੋਂ ਇਹ ਅਖਾਣ ਬੋਲਦੇ ਹਨ।

ਕੱਜਲ ਦੀ ਕੋਠੀ ਹਮੇਸ਼ਾ ਖੋਟੀ——ਭਾਵ ਇਹ ਹੈ ਕਿ ਮਾੜੀ ਸੰਗਤ ਦਾ ਨਤੀਜਾ ਮਾੜਾ ਹੀ ਨਿਕਲਦਾ ਹੈ।

ਕੱਟੇ ਨੂੰ ਮਣਾਂ ਦਾ ਕੀ ਭਾਅ——ਭਾਵ ਇਹ ਹੈ ਕਿ ਜਦੋਂ ਕਿਸੇ ਨੂੰ ਖਾਣ ਨੂੰ ਚੰਗਾ ਚੋਖਾ ਮੁਫ਼ਤ ਮਿਲੇ ਉਸ ਨੂੰ ਚੀਜ਼ਾਂ ਦੇ ਮੁੱਲ ਦੇ ਸਸਤਾ ਮਹਿੰਗਾ ਹੋਣ ਨਾਲ਼ ਕੀ ਵਾਸਤਾ।

ਕੰਡੇ ਨਾਲ਼ ਹੀ ਕੰਡਾ ਨਿਕਲਦਾ ਹੈ——ਭਾਵ ਇਹ ਹੈ ਕਿ ਬੰਦਾ ਹੀ ਬੰਦੇ ਦਾ ਦਾਰੂ ਹੈ ਅਤੇ ਲੋਹਾ ਲੋਹੇ ਨੂੰ ਕਟਦਾ ਹੈ।

ਕਣਕ ਕਮਾਦੀ, ਛੱਲੀਆਂ ਹੋਰ ਜੋ ਖੇਤੀ ਕੁੱਲ, ਰੂੜੀ ਬਾਝ ਨਾ ਹੁੰਦੀਆਂ, ਤੂੰ ਨਾ ਜਾਈਂ ਭੁੱਲ——ਇਸ ਅਖਾਣ ਵਿੱਚ ਕਿਸਾਨ ਨੂੰ ਫ਼ਸਲ ਦਾ ਚੰਗਾ ਝਾੜ ਪ੍ਰਾਪਤ ਕਰਨ ਲਈ ਰੂੜ੍ਹੀ ਅਥਵਾ ਖ਼ਾਦ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ।

ਕਣਕ ਘਟੇਂਦਿਆਂ ਗੁੜ ਘਟੇ, ਮੰਦੀ ਪਈ ਕਪਾਹ——ਇਹ ਵਪਾਰੀਆਂ ਦਾ ਤੱਤ ਹੈ ਕਿ ਜਦੋਂ ਕਣਕ ਸਸਤੀ ਹੋ ਜਾਵੇ ਤਾਂ ਦੂਜੀਆਂ ਜਿਣਸਾਂ ਦਾ ਭਾਅ ਵੀ ਆਪਣੇ ਆਪ ਘੱਟ ਜਾਂਦਾ ਹੈ। ਕਣਕ ਨਾਲ਼ ਘੁਣ ਵੀ ਪੀਠਾ ਜਾਂਦਾ ਹੈ——ਜਦੋਂ ਕਦੇ ਦੋਸ਼ੀਆਂ ਦੀ ਸੰਗਤ ਕਰਕੇ ਭਲੇ ਮਾਣਸ ਵੀ ਦੁਖ ਭੋਗਦੇ ਹਨ, ਉਦੋਂ ਇਹ ਅਖਾਣ ਬੋਲਦੇ ਹਨ।

ਕਣਕ ਪੁਰਾਣੀ, ਘਿਉ ਨਵਾਂ, ਘਰ ਸਤਵੰਤੀ ਨਾਰ, ਘੋੜਾ ਹੋਵੇ ਚੜ੍ਹਨ ਨੂੰ, ਚਾਰੇ ਸੁਖ ਸੰਸਾਰ——ਸਿਆਣਿਆਂ ਦਾ ਤੱਤ ਹੈ ਕਿ ਜੇਕਰ ਸਾਨੂੰ ਖਾਣ ਨੂੰ ਪੁਰਾਣੀ ਕਣਕ ਤੇ ਤਾਜ਼ਾ ਘਿਉ ਮਿਲ ਜਾਵੇ, ਤੀਵੀਂ ਆਗਿਆਕਾਰ ਹੋਵੇ ਅਤੇ ਅਸਵਾਰੀ ਲਈ ਘੋੜਾ ਹੋਵੇ ਤਾਂ ਜੀਵਨ ਸਵਰਗ ਬਣ ਜਾਂਦਾ ਹੈ।

ਕਣਕ ਫਿੱਟੇ ਤਾਂ ਗੰਢੇਲ, ਆਦਮੀ ਢਿੱਟੇ ਤਾਂ ਜਾਂਞੀ——ਭਾਵ ਅਰਥ ਇਹ ਹੈ ਕਿ ਬਰਾਤ ਵਿੱਚ ਗਏ ਹੋਏ ਜਾਂਞੀ ਖ਼ਰਮਸਤੀਆਂ ਕਰਦੇ ਹੋਏ ਮੰਦੀਆਂ ਹਰਕਤਾਂ ਕਰਨ ਲੱਗ ਜਾਂਦੇ ਹਨ।

ਕਦ ਬਾਬਾ ਮਰੇ ਤੇ ਕਦ ਬੈਲ ਵੰਡੀਏ——ਜਦੋਂ ਕੋਈ ਖ਼ੁਦਗਰਜ਼ ਤੇ ਮੂਰਖ਼ ਬੰਦਾ ਆਪਣੇ ਲਾਭ ਲਈ ਆਪਣੇ ਬਜ਼ੁਰਗਾਂ ਦੀ ਮੌਤ ਛੇਤੀ ਆਉਣ ਲਈ ਚਿਤਵੇ, ਉਦੋਂ ਕਹਿੰਦੇ ਹਨ।

ਕਦੀ ਤੋਲਾ ਕਦੀ ਮਾਸਾ, ਉਸ ਦੀ ਗੱਲ ਦਾ ਕੀ ਭਰਵਾਸਾ——ਜਿਹੜਾ ਬੰਦਾ ਥਾਲੀ ਦੇ ਪਾਣੀ ਵਾਂਗ ਡੋਲਦਾ ਹੋਵੇ ਤੇ ਕੋਈ ਅੰਤਿਮ ਫ਼ੈਸਲਾ ਨਾ ਲੈ ਸਕਦਾ ਹੋਵੇ, ਉਸ ਪ੍ਰਤੀ ਇਹ ਅਖਾਣ ਵਰਤਿਆ ਜਾਂਦਾ ਹੈ।

ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ——ਜਦੋਂ ਇਕੋ ਜਿਹੀ ਤਾਕਤ ਵਾਲ਼ੀਆਂ ਦੋ ਧਿਰਾਂ ਦੀ ਆਪਸ ਵਿੱਚ ਟੱਕਰ ਹੋਵੇ ਤੇ ਮੌਕਾ ਮਿਲਣ 'ਤੇ ਇਕ-ਦੂਜੀ ਤੋਂ ਬਦਲਾ ਲੈ ਲੈਣ, ਉਦੋਂ ਇਹ ਅਖਾਣ ਬੋਲਦੇ ਹਨ।

ਕੰਧ ਉਹਲੇ ਕੰਧਾਰ ਉਹਲੇ——ਇਸ ਅਖਾਣ ਦਾ ਭਾਵ ਇਹ ਹੈ ਕਿ ਘਰੋਂ ਗਿਆ ਬੰਦਾ ਚਾਹੇ ਕਿੰਨਾ ਵੀ ਨੇੜੇ ਹੋਵੇ, ਦੂਰ ਜਾਪਦਾ ਹੈ। ਘਰੋਂ ਨਿਕਲਿਆ ਬੰਦਾ ਘਰ ਵਾਲ਼ਿਆਂ ਲਈ ਪ੍ਰਦੇਸੀ ਬਣ ਜਾਂਦਾ ਹੈ।

ਕੰਧ ਖਾਧੀ ਆਲ਼ਿਆਂ ਘਰ ਖਾਧਾ ਸਾਲ਼ਿਆਂ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਘਰ ਵਿੱਚ ਸਾਲ਼ੇ ਦਾ ਲੰਮਾ ਸਮਾਂ ਰਹਿਣਾ ਚੰਗਾ ਨਹੀਂ ਹੁੰਦਾ ਕਿਉਂਕਿ ਭੈਣ ਆਪਣੇ ਭਰਾ ਤੇ ਦਿਲ ਖੋਲ੍ਹ ਕੇ ਖ਼ਰਚ ਕਰਦੀ ਹੈ।

ਕੰਧਾਂ ਨੂੰ ਵੀ ਕੰਨ ਹੁੰਦੇ ਨੇ——ਭਾਵ ਇਹ ਕਿ ਕਿਸੇ ਨਾਲ਼ ਦਿਲ ਦੀ ਗੱਲ ਕਰਨ ਲੱਗਿਆਂ ਸੰਕੋਚ ਵਰਤਣਾ ਚਾਹੀਦਾ ਹੈ ਕਿਉਂਕਿ ਕਹੀ ਹੋਈ ਗੱਲ ਨੂੰ ਕੋਈ ਨਾ ਕੋਈ ਸੁਣ ਹੀ ਲੈਂਦਾ ਹੈ।

ਕੰਧੀ ਉੱਤੇ ਰੁਖੜਾ ਕਿਚਰ ਕੁ ਬੰਧੇ ਧੀਰ——ਇਹ ਅਖਾਣ ਬਿਰਧ ਅਵਸਥਾ ਦੀ ਸਥਿਤੀ ਬਾਰੇ ਵਰਤਿਆ ਜਾਂਦਾ ਹੈ। ਪਲ-ਪਲ ਘੱਟ ਰਹੀ ਆਯੂ (ਉਮਰ) ਨੇ ਆਖ਼ਰ ਖ਼ਤਮ ਹੋ ਹੀ ਜਾਣਾ ਹੈ।

ਕੰਨ ਕੱਪ ਤੇ ਬਿਗੜੀ ਲਾ——ਜਦੋਂ ਕਿਸੇ ਅਵੈੜੇ ਸੁਭਾਅ ਵਾਲ਼ੇ ਬੰਦੇ ਬਾਰੇ ਗੱਲ ਕਰਨ ਤੇ ਰੌਲ਼ਾ ਰੱਪਾ ਪੈ ਜਾਵੇ ਤੇ ਅੱਗੋਂ ਲਈ ਕੋਈ ਅਜਿਹੀ ਗੱਲ ਕਰਨ ਤੋਂ ਤੋਬਾ ਕਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਕੰਨਾਂ ਦਾ ਕੱਚਾ ਕਦੇ ਨਾ ਹੋਵੇ ਸੱਚਾ——ਇਹ ਅਖਾਣ ਉਸ ਵਿਅਕਤੀ ਲਈ ਵਰਤਦੇ ਹਨ ਜੋ ਬਿਨਾਂ ਸੋਚੇ ਸਮਝੇ ਹਰ ਕਿਸੇ ਦੀ ਗੱਲ 'ਤੇ ਇਤਬਾਰ ਕਰ ਲਵੇ।

ਕਪਟੀ ਦਾ ਬੋਲਿਆ, ਕੁਸੱਤੀ ਦਾ ਤੋਲਿਆ, ਕਦੇ ਨਾ ਹੋਵੇ ਪੂਰਾ——ਭਾਵ ਇਹ ਹੈ ਕਿ ਧੋਖੇਬਾਜ਼ ਦਾ ਆਖਿਆ ਕਦੀ ਸੱਚ ਨਹੀਂ ਹੁੰਦਾ, ਉਹ ਬਚਨ ਤੋਂ ਮੁੱਕਰ ਜਾਂਦਾ ਹੈ ਅਤੇ ਬੇਈਮਾਨ ਤੋਲਣ ਵਾਲ਼ੇ ਦਾ ਮਾਲ ਤੋਲ ਵਿੱਚ ਪੂਰਾ ਨਹੀਂ ਉਤਰਦਾ।

ਕਪੜਾ ਆਖੇ ਤੂੰ ਮੈਨੂੰ ਰੱਖ, ਮੈਂ ਤੈਨੂੰ ਰੱਖਸਾਂ——ਭਾਵ ਅਰਥ ਇਹ ਹੈ ਕਿ ਸਾਫ਼ ਸੁਥਰੇ ਤੇ ਉੱਜਲੇ ਕਪੜੇ ਪਹਿਨਣ ਵਾਲ਼ੇ ਬੰਦੇ ਦਾ ਹਰ ਥਾਂ ਸਤਿਕਾਰ ਤੇ ਸਨਮਾਨ ਹੁੰਦਾ ਹੈ।

ਕਪਾਹ ਫੁੱਟੀ, ਜਿੱਥੇ ਧਰੀ ਉਥੋਂ ਲੁੱਟੀ——ਇਸ ਅਖਾਣ ਦਾ ਭਾਵ ਇਹ ਹੈ ਕਿ ਚੰਗੀ ਵਸਤੂ ਦਾ ਹਰ ਕੋਈ ਲਾਗੂ ਹੁੰਦਾ ਹੈ ਤੇ ਉਹ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ।

ਕਬਰ ਚੂਨੇ ਗੱਚ, ਮੁਰਦਾ ਬੇਈਮਾਨ——ਜਦੋਂ ਕੋਈ ਬੰਦਾ ਆਪਣੀਆਂ ਕਰਤੂਤਾਂ ਨੂੰ ਲੁਕਾਉਣ ਲਈ ਲਿੱਪਾ-ਪੋਚੀ ਕਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕੰਮ ਨਾ ਕਾਜ ਵੈਰੀ ਰੋਟੀਆਂ ਦਾ——ਇਹ ਅਖਾਣ ਉਸ ਨਿਕੰਮੇ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਕੋਈ ਕੰਮ-ਕਾਰ ਨਾ ਕਰੇ ਤੇ ਘਰਦਿਆਂ ਦੀਆਂ ਰੋਟੀਆਂ ਛਕਦਾ ਰਹੇ।

ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ——ਭਾਵ ਇਹ ਹੈ ਕਿ ਮਾਲਕ ਆਪਣੇ ਨੌਕਰਾਂ ਪਾਸੋਂ ਪੂਰਾ ਕੰਮ ਲੈਣ ਦਾ ਯਤਨ ਕਰਦਾ ਹੈ। ਨਿਕੰਮੇ ਤੇ ਆਲਸੀ ਨੌਕਰਾਂ ਨੂੰ ਕੋਈ ਮਾਲਕ ਪਸੰਦ ਨਹੀਂ ਕਰਦਾ।

ਕੰਮ ਰਹੇ ਤਾਂ ਕਾਜ਼ੀ, ਨਹੀਂ ਤਾਂ ਪਾਜੀ——ਇਸ ਅਖਾਣ ਰਾਹੀਂ ਆਮ ਲੋਕਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਜਿਹੜੇ ਲੋਕ ਆਪਣੇ ਨਿੱਜੀ ਕੰਮ ਦੀ ਪੂਰਤੀ ਲਈ ਕੰਮ ਆਉਣ ਵਾਲੇ਼ ਬੰਦੇ ਦਾ ਮਾਣ ਸਤਿਕਾਰ ਕਰਦੇ ਹਨ ਤੇ ਕੰਮ ਹੋਣ ਮਗਰੋਂ ਉਸ ਨੂੰ ਭੁੱਲ ਜਾਂਦੇ ਹਨ। ਭਾਵ ਇਹ ਹੈ ਕਿ ਲੋਕ ਮਤਲਬ-ਪ੍ਰੱਸਤ ਹਨ।

ਕਮਾਦਾਂ ਵਿੱਚੋਂ ਹੀ ਕਾਂਗਿਆਰੀਆਂ ਨਿਕਲਦੀਆਂ ਹਨ——ਇਸ਼ ਅਖਾਣ ਦਾ ਭਾਵ ਇਹ ਹੈ ਕਿ ਕਈ ਵਾਰ ਚੰਗੇ ਖ਼ਾਨਦਾਨਾਂ ਵਿੱਚੋਂ ਵੀ ਮਾੜੇ ਬੰਦੇ ਨਿਕਲ ਆਉਂਦੇ ਹਨ, ਜਿਹੜੇ ਆਪਣੇ ਮਾਪਿਆਂ ਦਾ ਨਾਂ ਬਦਨਾਮ ਕਰਦੇ ਹਨ।

ਕਰ ਸੇਵਾ ਖਾ ਮੇਵਾ——ਭਾਵ ਸਪੱਸ਼ਟ ਹੈ ਕਿ ਸੇਵਾ ਕਰਨ ਵਾਲੇ਼ ਨੂੰ ਸੇਵਾ ਦਾ ਫ਼ਲ ਜ਼ਰੂਰ ਮਿਲਦਾ ਹੈ। ਕਰ ਪਰੇ ਨੂੰ ਅਵੀਂ ਘਰੇ ਨੂੰ——ਭਾਵ ਇਹ ਹੈ ਕਿ ਕਿਸੇ ਦਾ ਬੁਰਾ ਕਰਨ ਵਾਲ਼ੇ ਦੀ ਆਪਣੀ ਉਲਾਦ ਸੁਖੀ ਨਹੀਂ ਰੰਹਿਦੀ।

ਕਰ ਮਜ਼ੂਰੀ ਖਾ ਚੂਰੀ——ਭਾਵ ਸਪੱਸ਼ਟ ਹੈ ਕਿ ਮਿਹਨਤ ਕਰਨ ਨਾਲ਼ ਸਫ਼ਲਤਾ ਪ੍ਰਾਪਤ ਹੁੰਦੀ ਹੈ ਤੇ ਢਿੱਡ ਭਰ ਕੇ ਖਾਣ ਨੂੰ ਮਿਲਦਾ ਹੈ।

ਕਰਮਹੀਣ ਕੇ ਖੇਤੀ ਕਰੇ, ਗੜੇ ਪੈਣ ਜਾਂ ਬੈਲ ਮਰੇ——ਭਾਵ ਇਹ ਹੈ ਕਿ ਜਿਸ ਦੇ ਨਸੀਬ ਚੰਗੇ ਨਹੀਂ ਉਸ ਦੇ ਯਤਨਾਂ ਨੂੰ ਫ਼ਲ ਨਹੀਂ ਲੱਗਦਾ। ਇਹ ਅਖਾਣ ਮਨ ਦੀ ਸੰਤੁਸ਼ਟਤਾ ਲਈ ਵਰਤਿਆ ਜਾਂਦਾ ਹੈ।

ਕਰਮਾਂ ਦੀ ਗਤ ਨਿਆਰੀ——ਭਾਵ ਇਹ ਹੈ ਕਿ ਕਿਸੇ ਦੇ ਭਾਗਾਂ ਵਿੱਚ ਕੀ ਹੈ ਉਸ ਬਾਰੇ ਕੁਝ ਪਤਾ ਨਹੀਂ।

ਕਰਮ ਫਲਣ ਤਾਂ ਸਭ ਫਲਣ, ਭੀਖ ਬਣਜ਼ ਵਿਉਪਾਰ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇਕਰ ਕਿਸੇ ਦੇ ਭਾਗ਼ ਚੰਗੇ ਹੋਣ ਤਾਂ ਉਸ ਨੂੰ ਭੀਖ ਮੰਗਣ ਅਤੇ ਵਿਉਪਾਰ ਵਿੱਚ ਵੀ ਲਾਭ ਪ੍ਰਾਪਤ ਹੁੰਦਾ ਹੈ।

ਕਰਮਾਂ ਵਾਲੀ ਨੂੰਹ, ਕੰਧ ਵੱਲ ਮੂੰਹ——ਇਹ ਅਖਾਣ ਉਸ ਵਿਅਕਤੀ ਬਾਰੇ ਵਰਤਿਆ ਜਾਂਦਾ ਹੈ ਜੋ ਘਰ ਆਏ ਪ੍ਰਾਹੁਣਿਆਂ ਦਾ ਸਤਿਕਾਰ ਨਹੀਂ ਕਰਦਾ।

ਕਰੇ ਕੋਈ ਤੇ ਭਰੇ ਕੋਈ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੇ ਦੋਸ਼ ਦੀ ਸਜ਼ਾ ਕਿਸੇ ਹੋਰ ਬੰਦੇ ਨੂੰ ਭੁਗਤਣੀ ਪਵੇ।

ਕਰੋ ਮਨ ਦੀ ਸੁਣੋ ਸਭ ਦੀ——ਭਾਵ ਇਹ ਹੈ ਕਿ ਭਾਵੇਂ ਆਪਣੀ ਮਰਜ਼ੀ ਕਰੋ ਪ੍ਰੰਤੂ ਸਭ ਦੀ ਰਾਏ ਜ਼ਰੂਰ ਲਵੋ।

ਕੱਲ੍ਹ ਜੰਮੀ ਗਿੱਦੜੀ ਅੱਜ ਹੋਇਆ ਵਿਆਹ——ਜਦੋਂ ਕੋਈ ਛੋਟੀ ਆਯੂ (ਉਮਰ) ਦਾ ਬੰਦਾ ਵੱਡੇ-ਵੱਡੇ ਕੰਮਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦੇਵੇ, ਉਦੋਂ ਇਹ ਅਖਾਣ ਬੋਲਦੇ ਹਨ।

ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ——ਜਦੋਂ ਕੋਈ ਮਾਮੂਲੀ ਹੈਸੀਅਤ ਵਾਲ਼ਾ ਬੰਦਾ ਵੱਡੇ-ਵੱਡੇ ਹੱਕ ਜਤਾਉਣ ਦਾ ਉਪਰਾਲਾ ਕਰੇ, ਉਦੋਂ ਕਹਿੰਦੇ ਹਨ।

ਕੱਲ੍ਹ ਦੇ ਮੋਏ, ਕੱਲ੍ਹ ਦੱਬੇ ਗਏ——ਬੀਤ ਗਏ ਸਮੇਂ ਦੀ ਗੱਲ ਛੱਡੋ, ਅੱਜ ਦੀ ਗੱਲ ਕਰੋ।

ਕੱਲ੍ਹ ਨਾਮ ਕਾਲ ਦਾ——ਭਾਵ ਇਹ ਹੈ ਕਿ ਕੱਲ੍ਹ ਨੂੰ ਆਉਣ ਵਾਲ਼ੇ ਸਮੇਂ ਦਾ ਕੋਈ ਭਰੋਸਾ ਨਹੀਂ ਪਤਾ ਨਹੀਂ ਕੀ ਵਾਪਰ ਜਾਵੇ।

ਕਵਾਰਾ ਰੁੱਸੇ ਤੇ ਰੰਨ ਲੋੜੇ, ਵਿਆਹਿਆਂ ਰੁੱਸੇ ਤਾਂ ਵਖੇਵਾਂ——ਇਸ ਅਖਾਣ ਵਿੱਚ ਦੱਸਿਆ ਗਿਆ ਹੈ ਕਿ ਜੇ ਕੁਆਰਾ ਮੁੰਡਾ ਰੁਸਦਾ ਹੈ ਤਾਂ ਉਹ ਵਿਆਹ ਕਰਾਉਣਾ ਚਾਹੁੰਦਾ ਹੈ ਜੇ ਵਿਆਹਿਆ ਰੁੱਸੇ ਤਾਂ ਉਹ ਅੱਡ ਹੋਣਾ ਲੋਚਦਾ ਹੈ। ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨੱਸੇ——ਭਾਵ ਇਹ ਹੈ ਕਿ ਜਿਸ ਘਰ ਵਿੱਚ ਹਰ ਰੋਜ਼ ਲੜਾਈ-ਝਗੜਾ ਰਹਿੰਦਾ ਹੋਵੇ, ਉਸ ਘਰ ਵਿੱਚੋਂ ਸਾਰੀਆਂ ਸੁਖ ਸਹੂਲਤਾਂ ਉੱਡ ਜਾਂਦੀਆਂ ਹਨ।

ਕੱਲਾ ਖਾਏ ਰਿਉੜੀਆਂ ਤਾਂ ਉਹ ਵੀ ਕੌੜੀਆਂ, ਰਲ਼ ਖਾਏ ਮਿੱਟੀ ਉਹ ਖੰਡ ਦੀ ਖੱਟੀ——ਇਸ ਅਖਾਣ ਵਿੱਚ ਰਲ਼-ਮਿਲ਼ ਕੇ ਅਤੇ ਵੰਡ ਕੇ ਛਕਣ ਦੀ ਵਡਿਆਈ ਕੀਤੀ ਗਈ ਹੈ। ਰਲ਼ ਮਿਲ਼ ਕੇ ਖਾਣਾ ਚੰਗਾ ਹੁੰਦਾ ਹੈ।

ਇਕੱਲਾ ਸੋ ਝੱਲਾ——ਭਾਵ ਇਹ ਹੈ ਕਿ ਕੱਲਾ-ਕਾਰਾ ਮਨੁੱਖ ਬਹੁਤ ਸਾਰੀਆਂ ਗੱਲਾਂ ਵਿੱਚ ਹੀਣਾ ਹੁੰਦਾ ਹੈ।

ਕੱਲੀ ਤਾਂ ਲੱਕੜ ਵੀ ਨਹੀਂ ਬਲਦੀ——ਇਸ ਅਖਾਣ ਵਿੱਚ ਜੀਵਨ ਸਾਥੀ ਦੇ ਸਾਥ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ। ਮਨੁੱਖ ਨੂੰ ਭਾਈਚਾਰੇ ਦੇ ਸਾਥ ਦੀ ਵੀ ਲੋੜ ਹੈ।

ਕੱਲੇ ਦੁਕੱਲੇ ਦਾ ਰੱਬ ਰਾਖਾ——ਭਾਵ ਸਪੱਸ਼ਟ ਹੈ ਕਿ ਜਿਸ ਪੁਰਸ਼ ਦਾ ਕੋਈ ਸਾਥੀ ਜਾਂ ਭਰਾ ਨਹੀਂ ਹੁੰਦਾ ਉਸ ਨੂੰ ਰੱਬ ਦਾ ਆਸਰਾ ਹੁੰਦਾ ਹੈ।

ਕਵਾਰੀਆਂ ਖਾਣ ਰੋਟੀਆਂ, ਵਿਆਹੀਆਂ ਖਾਣ ਬੋਟੀਆਂ——ਭਾਵ ਇਹ ਹੈ ਕਿ ਮਾਪੇ ਵਿਆਹੀਆਂ ਧੀਆਂ ਨੂੰ ਦਿਨ ਦਿਹਾਰ ਦੇ ਮੌਕੇ 'ਤੇ ਕੁਝ ਨਾ ਕੁਝ ਦੇਂਦੇ ਹੀ ਰਹਿੰਦੇ ਹਨ ਪ੍ਰੰਤੂ ਕਵਾਰੀਆਂ ਧੀਆਂ ਨੂੰ ਘਰੋਂ ਰੋਟੀ ਹੀ ਖਾਣ ਨੂੰ ਮਿਲਦੀ ਹੈ।

ਕਾਉਣੀ ਨੂੰ ਕਾਊਂ ਪਿਆਰਾ ਰਾਉਣੀ ਨੂੰ ਰਾਉਂ ਪਿਆਰਾ——ਭਾਵ ਸਪੱਸ਼ਟ ਹੈ ਕਿ ਹਰ ਕਿਸੇ ਨੂੰ ਆਪਣਾ ਜੀਵਨ ਸਾਥੀ ਪਿਆਰਾ ਲੱਗਦਾ ਹੈ ਚਾਹੇ ਉਸ ਦੀ ਹੈਸੀਅਤ ਕਿਹੋ ਜਿਹੀ ਹੋਵੇ।

ਕਾਂ, ਕਰਾੜ, ਕੁੱਤੇ ਦਾ, ਵਿਸਾਹ ਨਾ ਕਰੀਏ ਸੱਚੇ ਦਾ——ਇਸ ਅਖਾਣ ਵਿੱਚ ਉੱਕਤ ਤਿੰਨਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਉਹ ਤੁਹਾਡਾ ਕੋਈ ਨੁਕਸਾਨ ਨਾ ਕਰ ਦੇਣ।

ਕਾਹਲੀ ਅੱਗੇ ਟੋਏ——ਭਾਵ ਇਹ ਹੈ ਤਤ ਭੜੱਤੀ ਅਤੇ ਕਾਹਲੀ ਵਿੱਚ ਕੰਮ ਕਰਨ ਸਮੇਂ ਕੀਤਾ ਕੰਮ ਵਿਗੜ ਜਾਂਦਾ ਹੈ। ਹਰ ਕੰਮ ਸਹਿਜ ਨਾਲ਼ ਕਰੋ।

ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ——ਇਸ ਅਖਾਣ ਦਾ ਭਾਵ ਅਰਥ ਉਪਰੋਕਤ ਅਖਾਣ ਅਨੁਸਾਰ ਹੀ ਹੈ।

ਕਾਗਜ਼ਾਂ ਦੇ ਘੋੜੇ ਕਦ ਤੱਕ ਦੌੜੇ——ਭਾਵ ਸਪੱਸ਼ਟ ਹੈ ਕਿ ਬਾਹਰੀ ਦਿਖਾਵੇ ਅਤੇ ਫੋਕੀ ਸ਼ਾਨ ਦਿਖਾਉਣ ਨਾਲ਼ ਕੰਮ ਬਹੁਤੀ ਦੇਰ ਚਲ ਨਹੀਂ ਸਕਦਾ। ਆਖ਼ਰ ਅਸਲੀਅਤ ਸਾਹਮਣੇ ਪ੍ਰਗਟ ਹੋ ਜਾਂਦੀ ਹੈ।

ਕਾਠ ਦੀ ਹਾਂਡੀ ਇਕੋ ਵਾਰ ਚੜ੍ਹਦੀ ਹੈ——ਜਦੋਂ ਇਹ ਦੱਸਣਾ ਹੋਵੇ ਕਿ ਇਕ ਆਦਮੀ ਇਕ ਵਾਰ ਹੀ ਧੋਖਾ ਦੇ ਸਕਦਾ ਹੈ ਵਾਰ-ਵਾਰ ਨਹੀਂ, ਉਦੋਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।

ਕਾਠ ਦੀ ਤਲਵਾਰ ਕਾਟ ਨਹੀਂ ਕਰਦੀ——ਭਾਵ ਇਹ ਹੈ ਕਿ ਫ਼ੋਕੇ ਡਰਾਵੇ ਅਤੇ ਧਮਕੀਆਂ ਤੋਂ ਕੋਈ ਨਹੀਂ ਡਰਦਾ।

ਕਾਠ ਦੀ ਬਿੱਲੀ ਮਿਆਉਂ ਕੌਣ ਕਰੇ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਸਮਰੱਥਾ-ਹੀਣ ਮਨੁੱਖ ਕਿਸੇ ਦੇ ਸਨਮੁਖ ਦਲੇਰੀ ਨਾਲ਼ ਗੱਲ-ਬਾਤ ਕਰਨ ਦੀ ਹਿੰਮਤ ਨਹੀਂ ਕਰ ਸਕਦਾ।

ਕਾਣੇ ਦੀ ਇਕ ਰਗ ਵੱਧ ਹੁੰਦੀ ਹੈ——ਆਮ ਤੌਰ 'ਤੇ ਕਾਣੇ ਵੱਧ ਸ਼ਰਾਰਤਾਂ ਕਰਦੇ ਹਨ, ਉਸੇ ਕਰਕੇ ਕਹਿੰਦੇ ਹਨ।

ਕਾਣੇ ਨੂੰ ਮੂੰਹ 'ਤੇ ਕਾਣਾ ਨਹੀਂ ਆਖੀਦਾ——ਭਾਵ ਇਹ ਹੈ ਕਿ ਕਿਸੇ ਅੰਗਹੀਣ ਨੂੰ ਉਸ ਦੀ ਊਣਤਾਈ ਚਿਤਾਰ ਕੇ ਉਸ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ।

ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿਮਾਂ——ਭਾਵ ਸਪੱਸ਼ਟ ਹੈ ਔਖ ਤੇ ਮੁਸੀਬਤ ਬਰਦਾਸ਼ਤ ਕਰਨ ਵਾਲ਼ੇ ਲੋਕ ਉਹਨਾਂ ਹਾਲਤਾਂ ਦਾ ਟਾਕਰਾ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਹਨ।

ਕਾਲ਼ ਦੀ ਬੱਧੀ ਨਾ ਮੰਗਿਆ ਤੇ ਬਾਲ ਦੀ ਬੱਧੀ ਮੰਗਿਆ——ਜਦੋਂ ਕੋਈ ਤੀਵੀਂ ਆਪਣੇ ਬਾਲ ਦੀ ਜ਼ਿੱਦ ਕਾਰਨ ਕੋਈ ਚੀਜ਼ ਮੰਗਣ ਲਈ ਮਜ਼ਬੂਰ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਕਾਲ਼ ਦੇ ਹੱਥ ਕਮਾਨ, ਬੁੱਢੇ, ਬੱਚੇ ਨਾ ਜਵਾਨ——ਇਸ ਅਖਾਣ ਦਾ ਭਾਵ ਇਹ ਹੈ ਕਿ ਮੌਤ ਕਿਸੇ ਨੂੰ ਵੀ ਨਹੀਂ ਬਖ਼ਸ਼ਦੀ, ਚਾਹੇ ਉਹ ਬੁੱਢਾ ਹੋਵੇ, ਜਵਾਨ ਹੋਵੇ ਜਾਂ ਬੱਚਾ ਹੋਵੇ।

ਕਾਲ਼ਾ ਅੱਖਰ ਭੈਂਸ ਬਰੋਬਰ——ਉੱਕਾ ਹੀ ਅਨਪੜ੍ਹ ਬੰਦੇ ਸਬੰਧੀ, ਜੋ ਕੋਈ ਅੱਖਰ ਨਾ ਪੜ੍ਹ ਸਕਦਾ ਹੋਵੇ, ਇਹ ਅਖਾਣ ਬੋਲਿਆ ਜਾਂਦਾ ਹੈ।

ਕਾਲ਼ਾ ਮੂੰਹ ਤੇ ਨੀਲੇ ਪੈਰ——ਬਹੁਤ ਨਮੋਸ਼ੀ ਤੇ ਬਦਨਾਮੀ ਦੀ ਹਾਲਤ ਸਮੇਂ ਇੰਜ ਆਖਦੇ ਹਨ।

ਕਾਲ਼ੇ ਕਦੇ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ——ਭਾਵ ਇਹ ਹੈ ਕਿ ਭੈੜੀਆਂ ਆਦਤਾਂ ਛੇਤੀ ਨਹੀਂ ਛੁਟਦੀਆਂ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਵੋ।

ਕਾਵਾਂ ਕੋਲ਼ੋਂ ਢੋਲ ਬਜਾਉਣਾ, ਭੂਤਾਂ ਕੋਲ਼ੋ ਮੰਗਣਾ——ਭਾਵ ਇਹ ਹੈ ਕਿ ਸਮਰੱਥਾਹੀਣ ਬੰਦੇ ਪਾਸੋਂ ਕੰਮ ਕਰਵਾਉਣ ਦੀ ਆਸ ਰੱਖਣੀ ਠੀਕ ਨਹੀਂ।

ਕਾਵਾਂ ਦੇ ਆਖਿਆਂ ਢੋਰ ਨਹੀਂ ਮਰਦੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕਿਸੇ ਦੇ ਦੁਰਾ-ਸੀਸਾਂ ਦੇਣ ਨਾਲ ਕਿਸੇ ਦਾ ਕੁਝ ਨਹੀਂ ਵਿਗੜਦਾ ਨਾ ਹੀ ਦੁਸ਼ਮਣਾਂ ਦੀ ਬੁਰਾਈ ਕਰਨ ਨਾਲ਼ ਬੁਰਾਈ ਹੁੰਦੀ ਹੈ। ਕਿਆ ਪਿੱਦੀ ਕਿਆ ਪਿੱਦੀ ਦਾ ਸ਼ੋਰਬਾ——ਜਦੋਂ ਕੋਈ ਧਨ ਜਾਂ ਸਰੀਰ ਵੱਲੋਂ ਮਾੜਾ ਬੰਦਾ ਕਿਸੇ ਨਰੋਏ ਤੇ ਅਮੀਰ ਬੰਦੇ ਦਾ ਟਾਕਰਾ ਕਰਨ ਲਈ ਦਮਗਜ਼ੇ ਮਾਰੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਕਿਸੇ ਦਾ ਹੱਥ ਚੱਲੇ ਕਿਸੇ ਦੀ ਜੀਭ——ਭਾਵ ਸਪੱਸ਼ਟ ਹੈ ਕਿ ਲੜਾਈ ਸਮੇਂ ਤਕੜਾ ਮਾਰ-ਕੁੱਟ ਕਰਦਾ ਹੈ ਤੇ ਮਾੜਾ ਬੰਦਾ ਗਾਲ੍ਹਾਂ ਕੱਢਦਾ ਹੈ।

ਕਿਸੇ ਦਾ ਟੱਬਰ ਵੱਡਾ ਕਿਸੇ ਦਾ ਬੱਬਰ ਵੱਡਾ——ਜਦੋਂ ਕੋਈ ਬੰਦਾ ਆਪਣੀ ਸੀਮਿਤ ਆਮਦਨ ਨਾਲ਼ ਆਪਣੇ ਟੱਬਰ ਦਾ ਗੁਜ਼ਾਰਾ ਕਰ ਲੈਂਦਾ ਹੈ ਪ੍ਰੰਤੂ ਉੱਨੀ ਹੀ ਆਮਦਨ ਨੂੰ ਦੂਜਾ ਬੰਦਾ ਇਕੱਲਾ ਹੀ ਖਾ-ਪੀ ਕੇ ਉਡਾ ਦਿੰਦਾ ਹੈ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਕਿਸੇ ਦੇ ਅੰਬ, ਕਿਸੇ ਦੀਆਂ ਅੰਬੀਆਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਸਬੱਬ ਨਾਲ ਇਕੋ ਕੰਮ ਕਰਨ ਬਦਲੇ ਇਕ ਨੂੰ ਵੱਧ ਲਾਭ ਹੋ ਜਾਂਦਾ ਹੈ ਤੇ ਦੂਜੇ ਨੂੰ ਘੱਟ, ਘੱਟ ਲਾਭ ਪ੍ਰਾਪਤ ਕਰਨ ਵਾਲ਼ਾ ਇੰਜ ਆਖ ਕੇ ਆਪਣੇ ਮਨ ਨੂੰ ਤਸੱਲੀ ਦਿੰਦਾ ਹੈ।

ਕਿਸਮਤ ਨਾਲ਼ ਵਲੱਲੀ ਝਗੜੇ——ਭਾਵ ਇਹ ਹੈ ਕਿ ਹਰ ਕੋਈ ਆਪਣੀ ਕਿਸਮਤ ਖਾਂਦਾ ਹੈ, ਮਾੜੀ ਕਿਸਮਤ ਨੂੰ ਕੋਸਣਾ ਚੰਗਾ ਨਹੀਂ।

ਕਿਤੋਂ ਦੀ ਲੀਰ ਕਿਤੋਂ ਦਾ ਪਰਾਂਦਾ, ਜੂੜਾ ਕੀ ਮੜ੍ਹ ਮੜੀਂਦਾ——ਜਦੋਂ ਕੋਈ ਇਧਰੋਂ-ਉਧਰੋਂ ਚੀਜ਼ਾਂ ਮੰਗ ਕੇ ਦਿਖਾਵਾ ਕਰੋ, ਉਸ ਦਿਖਾਵੇ ਨੂੰ ਦੇਖ ਕੇ ਇਹ ਅਖਾਣ ਬੋਲਦੇ ਹਨ।

ਕਿੱਥੇ ਰਾਜਾ ਭੋਜ ਕਿੱਥੇ ਕੰਗਲਾ ਤੇਲੀ——ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਕਮਜ਼ੋਰ ਅਥਵਾ ਗ਼ਰੀਬ ਆਦਮੀ ਦਾ ਤਕੜੇ ਤੇ ਅਮੀਰ ਆਦਮੀ ਨਾਲ਼ ਕੋਈ ਮੁਕਾਬਲਾ ਨਹੀਂ, ਉਦੋਂ ਇਹ ਅਖਾਣ ਬੋਲਦੇ ਹਨ।

ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ——ਕਿਸੇ ਵਧੀਆ ਵਸਤੂ ਦੇ ਟਾਕਰੇ ਤੇ ਘਟੀਆ ਵਸਤੂ ਨੂੰ ਦਰਸਾਉਣ ਲਈ ਇੰਜ ਆਖਦੇ ਹਾਂ।

ਕੀੜੀ ਦੀ ਮੌਤ ਆਉਂਦੀ ਹੈ ਤਾਂ ਉਹਨੂੰ ਖੰਭ ਨਿਕਲ ਆਉਂਦੇ ਹਨ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਮਜ਼ੋਰ ਬੰਦਾ ਜਦੋਂ ਬਹੁਤੇ ਹੱਥ-ਪੈਰ ਮਾਰਨ ਲੱਗ ਜਾਂਦਾ ਹੈ ਤਾਂ ਉਸ ਨੂੰ ਅਸਫ਼ਲਤਾ ਹੀ ਪ੍ਰਾਪਤ ਹੁੰਦੀ ਹੈ।

ਕੀੜੀ ਦੇ ਘਰ ਨਰੈਣ ਆਏ——ਜਦੋਂ ਕਿਸੇ ਗ਼ਰੀਬ ਆਦਮੀ ਦੇ ਘਰ ਬਹੁਤ ਵੱਡਾ ਅਮੀਰ ਤੇ ਉੱਚ ਪਦਵੀ ਵਾਲ਼ਾ ਪੁਰਸ਼ ਆ ਜਾਵੇ, ਉਦੋਂ ਉਸ ਦੇ ਸਤਿਕਾਰ ਵਜੋਂ ਗ਼ਰੀਬ ਆਦਮੀ ਨਿਮਰਤਾ ਦਰਸਾਉਣ ਲਈ ਇਹ ਅਖਾਣ ਬੋਲਦਾ ਹੈ।

ਕੀੜੀ ਨੂੰ ਠੂਠਾ ਈ ਦਰਿਆ ਏ——ਭਾਵ ਇਹ ਹੈ ਕਿ ਗ਼ਰੀਬ ਆਦਮੀ ਲਈ ਥੋੜ੍ਹਾ ਜਿਹਾ ਨੁਕਸਾਨ ਝੱਲਣਾ ਵੀ ਔਖਾ ਹੈ। ਗ਼ਰੀਬ ਬੰਦੇ ਲਈ ਥੋੜ੍ਹਾ ਨੁਕਸਾਨ ਵੀ ਬਹੁਤਾ ਹੁੰਦਾ ਹੈ। ਕੁੱਕੜ, ਕਾਂ, ਕਰਾੜ ਕਬੀਲਾ ਪਾਲ਼ਦਾ, ਜੱਟ, ਮਹਿਆਂ ਸੰਸਾਰ ਕਬੀਲਾ ਗਾਲ਼ਦਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਆਪਣੇ ਹੀ ਖ਼ਾਨਦਾਨ ਨੂੰ ਨੁਕਸਾਨ ਪਹੁੰਚਾਉਣ ਵਾਲ਼ੀਆਂ ਹਰਕਤਾਂ ਕਰਦਾ ਹੈ।

ਕੁੱਕੜ ਖੇਹ ਉਡਾਏ, ਆਪਣੇ ਝਾਟੇ ਪਾਏ——ਜਦੋਂ ਕੋਈ ਬੰਦਾ ਆਪਣੇ ਪਰਿਵਾਰ ਦੀ ਥਾਂ-ਥਾਂ ਬਦਖੋਈ ਕਰਦਾ ਫਿਰੇ, ਉਦੋਂ ਇਹ ਅਖਾਣ ਬੋਲਦੇ ਹਨ।

ਕੁੱਕੜ ਪੈਰ ਲਤਾੜਿਆ, ਅੱਜ ਮੈਂ ਵਲ ਨਹੀਂ——ਜਦੋਂ ਕੋਈ ਬੰਦਾ ਬਹੁਤ ਹੀ ਨਾਜ਼ੁਕ ਬਣ ਬੈਠੇ ਤੇ ਮਾੜੀ ਜਿਹੀ ਤਕਲੀਫ਼ ਨੂੰ ਵਧਾ-ਚੜ੍ਹਾ ਕੇ ਦੱਸੇ, ਉਦੋਂ ਇੰਜ ਆਖਦੇ ਹਨ।

ਕੁੱਛੜ ਕੁੜੀ ਸ਼ਹਿਰ ਢੰਢੋਰਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਆਪਣੇ ਘਰ ਪਈ ਵਸਤੂ ਨੂੰ ਬਾਹਰ ਲੱਭਦਾ ਫਿਰੇ।

ਕੁਝ ਸੋਨਾ ਖੋਟਾ ਕੁਝ ਸੁਨਿਆਰ ਖੋਟਾ——ਜਦੋਂ ਦੋ ਇੱਕੋ ਜਿਹੀਆਂ ਮਾੜੀਆਂ ਚੀਜ਼ਾਂ ਕਿਸੇ ਵਿਗਾੜ ਦਾ ਕਾਰਨ ਬਣਨ, ਉਦੋਂ ਆਖਦੇ ਹਨ।

ਕੁਝ ਗੁੜ ਢਿੱਲਾ, ਕੁਝ ਬਾਣੀਆਂ ਢਿੱਲਾ——ਜਦੋਂ ਦੋ ਘਟੀਆਂ ਚੀਜ਼ਾਂ ਰਲ ਮਿਲ਼ ਜਾਣ ਜਾਂ ਅਣਜਾਣ ਬੰਦਿਆਂ ਦੇ ਕੰਮ ਕਰਨ ਨਾਲ਼ ਕੰਮ ਦਾ ਨੁਕਸਾਨ ਹੋ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਕੁਝ ਦੁਧੋ, ਕੁਝ ਦਹੀਓਂ, ਕੁਝ ਤੁਧੋਂ ਕੁਝ ਮਹੀਓਂ——ਜਦੋਂ ਦੋ ਧਿਰਾਂ ਲੜਾਈ-ਝਗੜਾ ਕਰਨ ਮਗਰੋਂ ਆਪਸ ਵਿੱਚ ਸੁਲਾਹ ਸਫ਼ਾਈ ਕਰ ਲੈਣ ਤਾਂ ਇੰਜ ਬੈਠ ਕੇ ਆਪਣਾ-ਆਪਣਾ ਕਸੂਰ ਮੰਨਦੀਆਂ ਹਨ।

ਕੁੱਤਾ ਕੁੱਤੇ ਦਾ ਵੈਰੀ——ਭਾਵ ਸਪੱਸ਼ਟ ਹੈ ਕਿ ਇੱਕੋ ਕਿੱਤੇ ਦਾ ਕਾਰੀਗਰ ਦੂਜੇ ਕਾਰੀਗਰ ਦੇ ਕੰਮ ਵਿੱਚ ਸਦਾ ਨੁਕਸ ਕਢਦਾ ਰਹਿੰਦਾ ਹੈ। ਦੂਜੇ ਬੰਦੇ ਨੂੰ ਚੰਗਾ ਨਹੀਂ ਸਮਝਿਆ ਜਾਂਦਾ।

ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਟੇ——ਜਦੋਂ ਕਿਸੇ ਮਾੜੇ ਬੰਦੇ ਨੂੰ ਉੱਚ ਪਦਵੀ ਮਿਲ ਜਾਵੇ ਪ੍ਰੰਤੂ ਉਹ ਆਪਣੇ ਪੁਰਾਣੇ ਸੁਭਾਅ ਕਰਕੇ ਹੀਣਤਾ ਭਰੇ ਕੰਮ ਕਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕੁੱਤਾ ਭੌਕਦਾ ਚੰਗਾ, ਬਾਣੀਆਂ ਬੋਲਦਾ ਚੰਗਾ——ਭਾਵ ਇਹ ਹੈ ਕਿ ਜੇ ਕੁੱਤਾ ਭੌਕਦਾ ਰਹੇ ਤਾਂ ਚੋਰੀ ਦਾ ਡਰ ਨਹੀਂ ਰਹਿੰਦਾ ਤੇ ਬਾਣੀਆਂ ਬੋਲਣ ਸਮੇਂ ਸਹੀ ਤੋਲ ਤੋਲਦਾ ਹੈ ਨਹੀਂ ਤਾਂ ਕਸਾਰਾ ਲਾ ਦੇਂਦਾ ਹੈ।

ਕੁੱਤਾ ਪੂਛ ਮਾਰ ਕੇ ਬਹਿੰਦਾ ਹੈ——ਜਦੋਂ ਕਿਸੇ ਨੂੰ ਆਪਣੀ ਰਹਿਣ-ਸਹਿਣ ਦੀ ਥਾਂ ਨੂੰ ਸਾਫ਼ ਸੁਥਰਾ ਰੱਖਣ ਦੀ ਪ੍ਰੇਰਨਾ ਦੇਣੀ ਹੋਵੇ ਤਾਂ ਇਹ ਅਖਾਣ ਬੋਲਦੇ ਹਨ।

ਕੁੱਤੇ ਦੀ ਹੱਡੀ ਵਾਲ਼ਾ ਸੁਆਦ——ਭਾਵ ਇਹ ਹੈ ਕਿ ਜਿਸ ਕੰਮ ਨੂੰ ਕਰਨ ਦਾ ਕੋਈ ਲਾਭ ਨਹੀਂ ਉਸ ਨੂੰ ਕਰਨ ਦਾ ਭਾਵ ਕੁੱਤੇ ਦੇ ਹੱਡੀ ਚੂਸਣ ਵਾਂਗ ਹੈ। ਹੱਡੀ 'ਚੋਂ ਤਾਂ ਕੁਝ ਨਿਕਲਦਾ ਹੀ ਨਹੀਂ ਐਵੇਂ ਝੱਸ ਹੀ ਹੈ।

ਕੁੱਤੇ ਦੀ ਪੂਛ ਬਾਰਾਂ ਵਰ੍ਹੇ ਨਲਕੀ 'ਚ ਰਹੀ ਫੇਰ ਵੀ ਡਿੱਗੀ ਦੀ ਡਿੱਗੀ——ਭਾਵ ਇਹ ਹੈ ਕਿ ਮਾੜੀਆਂ ਆਦਤਾਂ ਜਾਂ ਖ਼ਸਲਤਾਂ ਸੈਆਂ ਯਤਨ ਕਰਨ 'ਤੇ ਵੀ ਨਹੀਂ ਬਦਲਦੀਆਂ।

ਕੁੱਤੇ ਦੀ ਮੌਤ ਆਉਂਦੀ ਏ ਤਾਂ ਮਸੀਤੀਂ ਮੂਤਦਾ ਹੈ——ਭਾਵ ਇਹ ਹੈ ਕਿ ਮਾੜੇ ਕੰਮ ਕਰਨ ਵਾਲ਼ਾ ਬੰਦਾ ਕਦੇ ਨਾ ਕਦੇ ਕਿਸੇ ਭਲਾ-ਮਾਣਸ ਜਾਂ ਤਕੜੇ ਬੰਦੇ ਨਾਲ਼ ਪੰਗਾ ਲੈ ਕੇ ਆਪਣੀ ਝਾੜ ਝੰਬ ਕਰਵਾ ਲੈਂਦਾ ਹੈ।

ਕੁੱਤੇ ਨੂੰ ਖੀਰ ਨਹੀਂ ਪਚਦੀ——ਭਾਵ ਇਹ ਹੈ ਕਿ ਜੇਕਰ ਹੋਛੇ ਬੰਦੇ ਨੂੰ ਧਨ-ਦੌਲਤ ਮਿਲ਼ ਜਾਵੇ ਤਾਂ ਉਹ ਉਸ ਨੂੰ ਪਚਾ ਨਹੀਂ ਸਕਦਾ, ਛੇਤੀ ਹੀ ਪੈਰੋਂ ਉਖੜ ਜਾਂਦਾ ਹੈ।

ਕੁੱਤੇ ਭੌਕਣ ਤਾਂ ਚੰਨ ਨੂੰ ਕੀ——ਜੇਕਰ ਕੋਈ ਨੀਚ ਆਦਮੀ ਵੱਡੇ ਬੰਦੇ ਦੀ ਨਿੰਦਿਆ ਚੁਗਲੀ ਕਰੇ ਤਾਂ ਵੱਡੇ ਬੰਦੇ ਦਾ ਕੁਝ ਨਹੀਂ ਵਿਗੜਦਾ।

ਕੁੱਤੇ ਭੌਂਕਦੇ ਰਹਿੰਦੇ ਨੇ ਹਾਥੀ ਲੰਘ ਜਾਂਦੇ ਨੇ——ਇਸ ਅਖਾਣ ਦਾ ਭਾਵ ਵੀ ਉਪਰੋਕਤ ਅਖਾਣ ਵਾਲ਼ਾ ਹੀ ਹੈ। ਬੁਰੇ ਆਦਮੀ ਚੰਗੇ ਬੰਦਿਆਂ ਦੀ ਨਿੰਦਾ ਚੁਗਲੀ ਕਰਦੇ ਹੀ ਰਹਿੰਦੇ ਹਨ ਪ੍ਰੰਤੂ ਉਹ ਚੰਗੇ ਬੰਦੇ ਬੁਰਿਆਂ ਦੀ ਪ੍ਰਵਾਹ ਨਹੀਂ ਕਰਦੇ।

ਕੁਦਰਤ ਤੇਰੀ ਕਾਦਰਾ, ਬੀਜੀ ਕਣਕ ਤੇ ਉੱਗ ਪਿਆ ਬਾਜਰਾ——ਜਦੋਂ ਮਿਹਨਤ ਕਰਨ ਮਗਰੋਂ ਸਫ਼ਲਤਾ ਪ੍ਰਾਪਤ ਨਾ ਹੋਵੇ ਤਾਂ ਆਸ ਤੋਂ ਉਲਟ ਸਿੱਟੇ ਨਿਕਲਣ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕੁੱਬੇ ਨੂੰ ਲੱਤ ਕਾਰੀ ਆ ਗਈ——ਜਦੋਂ ਕਿਸੇ ਬੰਦੇ ਨਾਲ਼ ਕਮਾਏ ਵੈਰ ਜਾਂ ਕੀਤੀ ਬੁਰਾਈ ਕਾਰਨ ਉਸ ਨੂੰ ਲਾਭ ਪ੍ਰਾਪਤ ਹੋ ਜਾਵੇ, ਉਦੋਂ ਆਖਦੇ ਹਨ।

ਕੁੜਤਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦੈ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣੇ ਪਰਿਵਾਰ ਦੇ ਜੀਆਂ ਦੀਆਂ ਬਾਹਰ ਜਾ ਕੇ ਗੱਲਾਂ ਕਰਨ ਨਾਲ਼ ਆਪਣੀ ਹੀ ਬਦਨਾਮੀ ਹੁੰਦੀ ਹੈ। |

ਕੁੜਮ ਕੁੜਮ ਰਲੇ ਤੇ ਵਚੋਲੇ ਰਹੇ ਖਲੇ——ਜਦੋਂ ਮਤਲਬ ਪੂਰਾ ਹੋਣ 'ਤੇ ਬੰਦਾ ਉਹਨਾਂ ਵਸੀਲਿਆਂ ਨੂੰ ਭੁੱਲ ਜਾਵੇ ਜਿਨ੍ਹਾਂ ਸਦਕਾ ਉਸ ਦਾ ਮਤਲਬ ਪੂਰਾ ਹੋਇਆ ਸੀ, ਉਦੋਂ ਆਖਦੇ ਹਨ।

ਕੜਮ ਵਿਗੁੱਤਾ ਚੰਗਾ, ਗੁਆਂਢ ਵਿਗੁੱਤਾ ਮੰਦਾ——ਇਸ ਅਖਾਣ ਵਿੱਚ ਗੁਆਂਢ ਨਾਲ ਸਾਂਝ ਬਣਾਈ ਰੱਖਣ ਦੀ ਵਡਿਆਈ ਦਰਸਾਈ ਗਈ ਹੈ ਅਤੇ ਗੁਆਂਢੀ ਨੂੰ ਕੁੜਮ ਨਾਲ਼ੋਂ ਉੱਪਰ ਰੱਖਿਆ ਗਿਆ ਹੈ।

ਕੁੜੀ ਜੰਮੀ ਤੇ ਹੱਡ ਛੁੱਟੇ——ਜਦੋਂ ਕੋਈ ਬੰਦਾ ਪੱਲਿਓਂ ਕਸਾਰਾ ਖਾ ਕੇ ਕਸੂਤੇ ਬੰਦੇ ਪਾਸੋਂ ਖਹਿੜਾ ਛੁਡਾ ਲਵੇ, ਉਦੋਂ ਇਹ ਅਖਾਣ ਵਰਤਦੇ ਹਨ। ਕੂੰਜ ਕਮਾਦੀ ਮਿਹਣਾ, ਜੇ ਘਰ ਰਹਿਣ ਵਿਸਾਖ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਕੂੰਜਾਂ ਵਿਸਾਖ ਮਹੀਨੇ ਵਿੱਚ ਆਪਣੇ ਆਲ੍ਹਣੇ ਛੱਡ ਕੇ ਦੂਰ ਉਡਾਰੀਆਂ ਮਾਰ ਜਾਂਦੀਆਂ ਹਨ।

ਕੋਈ ਹਾਲ ਮਸਤ, ਕੋਈ ਮਾਲ ਮਸਤ, ਕੋਈ ਰੋਟੀ ਫੁਲਕਾ ਦਾਲ ਮਸਤ——ਇਸ ਅਖਾਣ ਵਿੱਚ ਮਨ-ਮੋਜੀ ਬੰਦਿਆਂ ਬਾਰੇ ਦੱਸਿਆ ਗਿਆ ਹੈ ਕਿ ਉਹ ਕਿੰਨ੍ਹਾਂ-ਕਿੰਨ੍ਹਾਂ ਹਾਲਤਾਂ ਵਿੱਚ ਮਸਤ ਰਹਿੰਦੇ ਹਨ।

ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਲੇ ਪੀਵੇ——ਇਸ ਅਖਾਣ ਰਾਹੀਂ ਦੁਨੀਆਂ ਤੋਂ ਨਿਰਲੇਪ ਰਹਿਣ ਵਾਲ਼ੇ ਬੰਦੇ ਦੀ ਮਾਨਸਿਕ ਦਿਸ਼ਾ ਦਾ ਵਰਨਣ ਕੀਤਾ ਗਿਆ ਹੈ, ਜਿਸ ਨੂੰ ਕਿਸੇ ਦੇ ਜੰਮਣ-ਮਰਨ ਦਾ ਕੋਈ ਹਿਰਖ਼ ਸੋਗ ਨਹੀਂ ਹੁੰਦਾ, ਜੋ ਆਪਣੇ ਹਾਲ ਵਿੱਚ ਹੀ ਮਸਤ ਰਹਿੰਦਾ ਹੈ।

ਕੋਸੇ ਜੀਣ, ਅਸੀਸੇ ਮਰਨ——ਇਸ ਅਖਾਣ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਦੀਆਂ ਦਿੱਤੀਆਂ ਦੁਰਾਸੀਸਾਂ ਦਾ ਕੋਈ ਅਸਰ ਨਹੀਂ ਹੁੰਦਾ, ਦੁਰਾਸੀਸਾਂ ਵਾਲ਼ੇ ਜਿਉਂਦੇ ਰਹਿੰਦੇ ਹਨ ਅਤੇ ਅਸੀਸਾਂ ਲੈਣ ਵਾਲੇ ਮਰ ਜਾਂਦੇ ਹਨ।

ਕੋਹ ਨਾ ਚੱਲੀ ਬਾਬਾ ਤਿਹਾਈ——ਜਦੋਂ ਕੋਈ ਬੰਦਾ ਥੋੜ੍ਹਾ ਜਿਹਾ ਕੰਮ ਕਰਨ ਮਗਰੋਂ ਹੀ ਥੱਕ ਕੇ ਬਹਿ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਕੋਠਾ ਉਸਰਿਆ, ਤਰਖਾਣ ਵਿੱਸਰਿਆ——ਭਾਵ ਇਹ ਹੈ ਕਿ ਅਸੀਂ ਕੰਮ ਪੂਰਾ ਹੋਣ ਮਗਰੋਂ ਕੰਮ ਕਰਨ ਵਾਲ਼ੇ ਦਾ ਧੰਨਵਾਦ ਕਰਨਾ ਵੀ ਭੁੱਲ ਜਾਂਦੇ ਹਾਂ।

ਕੋਠੇ ਤੇ ਚੜ੍ਹ ਬੋਕਦੀ, ਰੰਨ ਸਾਰੇ ਲੋਕ ਦੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਤੀਵੀਂ ਆਪਣੇ ਮਾਲਕ ਦੇ ਮਾੜਾ ਮੋਟਾ ਰੁਸਣ ਨਾਲ਼ ਲੋਕਾਂ ਨੂੰ ਸੁਣਾਉਣ ਲੱਗ ਪਏ।

ਕੋਠੇ ਦੀ ਦੌੜ ਬਨੇਰੇ ਤੋੜੀ——ਜਦੋਂ ਕੋਈ ਆਪਣਾ ਮਤਲਬ ਪੂਰਾ ਕਰਨ ਲਈ ਆਪਣਾ ਅੰਤਿਮ ਵਸੀਲਾ ਵਰਤ ਲਵੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਕੋਠੇ ਵਾਲ਼ਾ ਰੋਵੇ, ਛੱਪਰ ਵਾਲ਼ਾ ਸੋਵੇ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਅਮੀਰ ਆਦਮੀਆਂ ਨੂੰ ਘੱਟ ਨੀਂਦ ਆਉਂਦੀ ਹੈ ਤੇ ਗ਼ਰੀਬ ਸੁਖ ਦੀ ਨੀਂਦ ਸੌਂਦੇ ਹਨ। ਅਮੀਰਾਂ ਨੂੰ ਤਾਂ ਆਪਣੇ ਧਨ-ਦੌਲਤ ਦੀ ਚਿੰਤਾ ਲੱਗੀ ਰਹਿੰਦੀ ਹੈ।

ਕੋਲ ਹੋਵੇ ਤਾਂ ਸਾੜੇ ਸੜੇ, ਦੂਰ ਹੋਵੇ ਤਾਂ ਹਾਵੇ ਮਰੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਨੂੰ ਕਿਸੇ ਦੇ ਨਜ਼ਦੀਕ ਹੋਣਾ ਚੰਗਾ ਨਾ ਲੱਗੇ ਪ੍ਰੰਤੂ ਉਸ ਦੇ ਦੂਰ ਚਲੇ ਜਾਣ 'ਤੇ ਦਿਖਾਵੇ ਨਾਲ ਉਸ ਨੂੰ ਯਾਦ ਕਰ-ਕਰ ਹਾਉਂਕੇ ਭਰੇ।

ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ——ਭਾਵ ਇਹ ਹੈ ਕਿ ਭੈੜੇ ਬੰਦਿਆਂ ਦੀ ਸੰਗਤ ਮਾੜੀ ਹੁੰਦੀ ਹੈ ਅਤੇ ਅਕਾਰਨ ਹੀ ਬਿਨਾਂ ਮਾੜਾ ਕੰਮ ਕੀਤਿਆਂ ਬਦਨਾਮੀ ਪੱਲੇ ਪੈ ਜਾਂਦੀ ਹੈ। ਕੌਡੀ ਨਹੀਂ ਪਾਸ, ਤਾਂ ਮੇਲਾ ਲੱਗੇ ਉਦਾਸ——ਭਾਵ ਇਹ ਹੈ ਕਿ ਜਦੋਂ ਜੇਬ ਵਿੱਚ ਪੈਸੇ ਨਾ ਹੋਣ ਤਾਂ ਮੌਜ ਮੇਲੇ ਦੀਆਂ ਰੌਣਕਾਂ ਚੰਗੀਆਂ ਨਹੀਂ ਲੱਗਦੀਆਂ।

ਕੌਣ ਸਾਹਿਬ ਨੂੰ ਕਹੇ, ਇੰਜ ਨਹੀਂ ਇੰਜ ਕਰ——ਭਾਵ ਇਹ ਹੈ ਕਿ ਪ੍ਰਮਾਤਮਾ ਦੇ ਭਾਣੇ ਵਿੱਚ ਕੋਈ ਦਖ਼ਲ ਨਹੀਂ ਦੇ ਸਕਦਾ, ਉਹ ਜਿਵੇਂ ਚਾਹੇ ਕਰੇ।

ਕੌਣ ਸੁਖੀ, ਜਿਸ ਦੀ ਜਾਈ ਸੁੱਖੀ——ਭਾਵ ਸਪੱਸ਼ਟ ਹੈ ਕਿ ਜੇਕਰ ਧੀ ਸੁੱਖਾਂ ਵਿੱਚ ਵਸਦੀ ਹੋਵੇ ਤਾਂ ਮਾਪਿਆਂ ਦੇ ਮਨ ਨੂੰ ਸ਼ਾਂਤੀ ਆਉਂਦੀ ਹੈ।

ਕੌਣ ਕਹੇ ਪਰਭਾਣੀ ਅੱਗਾ ਢੱਕ——ਭਾਵ ਇਹ ਹੈ ਕਿ ਵੱਡਿਆਂ ਤੇ ਤਕੜਿਆਂ ਨੂੰ ਭੁੱਲ ਕਰਦਿਆਂ ਵੇਖ ਕੇ ਕੋਈ ਉਹਨਾਂ ਨੂੰ ਟੋਕ ਨਹੀਂ ਸਕਦਾ, ਨਾ ਹੀ ਵਰਜ ਸਕਦਾ ਹੈ।

ਕੌਣ ਤੇ ਕੌਣ ਹੀ ਸਹੀ——ਜਦੋਂ ਕੋਈ ਬੰਦਾ ਆਪਣੀ ਆਈ ਤੇ ਆ ਕੇ ਆਪਣੀ ਮਨਮਰਜ਼ੀ ਕਰਨ ਲਈ ਕੋਈ ਬਹਾਨਾ ਲੱਭ ਰਿਹਾ ਹੋਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕੌਰ (ਕਬੀਰ) ਚੂਨੇ ਵਿੱਚ ਮੁਰਦਾ ਬੇਈਮਾਨ——ਕਿਸੇ ਭੈੜੇ ਚਾਲ ਚਲਣ ਵਾਲ਼ੇ ਬੰਦੇ ਦੀ ਬਾਹਰੋਂ ਕੀਤੀ ਪੋਚਾ-ਪੋਚੀ ਵਾਲ਼ੀ ਸੂਰਤ ਵੇਖ ਕੇ ਇਹ ਅਖਾਣ ਵਰਤਿਆ ਜਾਂਦਾ ਹੈ।

ਖਸਮ ਕਰ ਵਿਗੁੱਤੀ ਨਾ ਸਿਰ ਪਰਾਂਦਾ ਨਾ ਪੈਰੀਂ ਜੁੱਤੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਮਿਹਨਤ ਵਾਲ਼ਾ ਕੰਮ ਜਾਂ ਘਟੀਆ ਕੰਮ ਕਰਨ ਮਗਰੋਂ ਵੀ ਮੰਦੇ ਹਾਲੀਂ ਰਹੇ।

ਖਸਮ ਨਾਨੀ ਕਰੇ ਦੋਹਤਾ ਚੱਟੀ ਭਰੇ——ਜਦੋਂ ਕਿਸੇ ਬੰਦੇ ਦੀ ਗ਼ਲਤੀ ਦੀ ਸਜ਼ਾ ਕਿਸੇ ਹੋਰ ਨੂੰ ਭੁਗਤਣੀ ਪਵੇ, ਉਦੋਂ ਇੰਜ ਆਖਦੇ ਹਨ।

ਖਸਮ ਕੀਤਾ ਚੁਗੱਤਾ, ਉਹੀ ਚੱਕੀ ਉਹੀ ਹੱਥਾ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਕੋਈ ਪੁਰਸ਼ ਆਪਣੀ ਹਾਲਤ ਸੁਧਾਰਨ ਲਈ ਕੋਈ ਹੋਰ ਕੰਮ ਕਰਦਾ ਹੈ ਪੰਤੁ ਅਜਿਹਾ ਕਰਨ ਮਗਰੋਂ ਵੀ ਹਾਲਾਤ ਪਹਿਲਾਂ ਵਾਲੇ ਹੀ ਰਹਿੰਦੇ ਹਨ।

ਖਸਮ ਦਾ ਕੁੱਤਾ ਸਰ੍ਹਾਣੇ ਸੁੱਤਾ——ਭਾਵ ਇਹ ਹੈ ਕਿ ਵੱਡੇ ਆਦਮੀ ਦੀ ਹਰ ਵਸਤੂ ਦੀ ਕਦਰ ਹੁੰਦੀ ਹੈ।

ਖਜੂਰ ਤੇ ਚੜ੍ਹੇ ਨੂੰ ਦੋ ਦੋ ਦਿਸਦੇ ਹਨ——ਭਾਵ ਇਹ ਹੈ ਕਿ ਧਨ-ਦੌਲਤ ਦੇ ਨਸ਼ੇ ਵਿੱਚ ਅਮੀਰ ਲੋਕ ਆਮ ਤੇ ਗ਼ਰੀਬ ਲੋਕਾਂ ਨੂੰ ਟਿਚ ਕਰਕੇ ਜਾਣਦੇ ਹਨ।

ਖਜੂਰਾਂ ਦੀ ਸ਼ੀਰਨੀ ਬਣੇ ਬਣਾਏ ਗਰਾਹ——ਜਦੋਂ ਕੋਈ ਬੰਦਾ ਨਫ਼ੇ ਵਾਲ਼ੇ ਸੌਦੇ ਦੀ ਆਸ ਵਿੱਚ ਘਾਟੇ ਵਾਲ਼ਾ ਸੌਦਾ ਕਰ ਲਵੇ, ਉਦੋਂ ਇਹ ਅਖਾਣ ਬੋਲਦੇ ਹਨ ਖੱਟਣ ਗਏ ਨਖੱਟੂ, ਘੋੜੇ ਵੇਚ ਲਿਆਏ ਟੱਟੂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਲਾਭ ਵਾਲ਼ਾ ਸੌਦਾ ਕਰਨ ਗਿਆ ਘਾਟੇ ਵਾਲ਼ਾ ਸੌਦਾ ਕਰ ਆਵੇ।

ਖੱਟਣ ਨਾ ਖਾਣ, ਭੈੜਾ ਜਜਮਾਨ——ਇਹ ਅਖਾਣ ਵਿਹਲੇ ਤੇ ਨਖੱਟੂ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ।

ਖੱਟਾ ਖਾਵੇ ਮਿੱਠੇ ਨੂੰ——ਭਾਵ ਇਹ ਹੈ ਕਿ ਮੰਦੇ ਬੋਲ ਬੋਲ ਕੇ ਅਸੀਂ ਆਪਣੇ ਪਹਿਲਾਂ ਬੋਲੇ ਮਿੱਠੇ ਬਚਨਾਂ ਦੇ ਅਸਰ ਨੂੰ ਵੀ ਗੁਆ ਬੈਠਦੇ ਹਾਂ।

ਖੱਟੂ ਆਵੇ ਡਰਦਾ, ਨਖੱਟੂ ਆਵੇ ਲੜਦਾ——ਜਦੋਂ ਕੋਈ ਵਿਹਲਾ ਬੰਦਾ ਘਰਦਿਆਂ ਤੇ ਅਜਾਈਂ ਰੋਹਬ ਪਾਵੇ, ਉਦੋਂ ਇੰਜ ਆਖਦੇ ਹਾਂ।

ਖੱਟੂ ਗਿਆ ਖੱਟਣ ਨੂੰ, ਨਖੱਟੂ ਗਿਆ ਪੱਟਣ ਨੂੰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਘਰੋਂ ਬਾਹਰ ਕਮਾਈ ਕਰਨ ਗਿਆ ਨਾਲਾਇਕ ਤੇ ਨਖੱਟੂ ਬੰਦਾ ਘਾਟਾ ਖਾ ਕੇ ਘਰ ਪਰਤ ਆਵੇ।

ਖੋਟੇ ਦਿਲ ਤੇ ਭਲਾ ਕਮਾਵੇ, ਉਹ ਅਹਿਸਾਨ ਵੀ ਬਿਰਥਾ ਜਾਵੇ——ਜਦੋਂ ਕੋਈ ਬੰਦਾ ਭਲਾ ਤੇ ਨੇਕ ਕੰਮ ਕਰਦਾ ਹੋਇਆ ਤੇ ਕਿਸੇ ਸਿਰ ਅਹਿਸਾਨ ਕਰਦਿਆਂ ਹੋਇਆਂ ਆਪਣਾ ਵਤੀਰ ਅਯੋਗ ਰੱਖੇ ਉਸ ਨੂੰ ਸਮਝਾਉਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

ਖੰਡ ਖੰਡ ਆਖਿਆ ਮੂੰਹ ਮਿੱਠਾ ਨਹੀਂ ਹੁੰਦਾ——ਭਾਵ ਇਹ ਹੈ ਕਿ ਫੋਕੀਆਂ ਗੱਲਾਂ ਨਾਲ਼ ਢਿੱਡ ਨਹੀਂ ਭਰਦਾ ਹੱਥੀਂ ਕੰਮ ਕਰਨਾ ਹੀ ਪੈਣਾ ਹੈ।

ਖੱਤਰੀ ਖੰਡ ਵੇਲ੍ਹਟਿਆ ਮਹੁਰਾ——ਜਦੋਂ ਕੋਈ ਦੁਕਾਨਦਾਰ ਮਿੱਠੀਆਂ-ਮਿੱਠੀਆਂ ਗੱਲਾਂ ਮਾਰ ਕੇ ਆਪਣੇ ਗਾਹਕਾਂ ਨੂੰ ਠੱਗਦਾ ਹੈ, ਉਦੋਂ ਆਖਦੇ ਹਨ। ਪਿੰਡਾਂ ਵਿੱਚ ਆਮ ਤੌਰ 'ਤੇ ਖੱਤਰੀ ਹੀ ਦੁਕਾਨਦਾਰੀ ਕਰਦੇ ਹਨ।

ਖਤਰੀ ਦਾ ਫੋੜਾ ਤੇ ਸੁਦਾਗਰ ਦਾ ਘੋੜਾ ਹੱਥ ਫੇਰਿਆ ਮੋਟਾ ਹੁੰਦਾ ਹੈ——ਇਹ ਇਕ ਅਟੱਲ ਸੱਚਾਈ ਹੈ ਕਿ ਫੋੜੇ ਨੂੰ ਪਲੋਸਣ ਨਾਲ਼ ਉਹ ਵੱਧਦਾ ਹੈ ਤੇ ਘੋੜਾ ਪਲੋਸਿਆਂ ਤਕੜਾ ਹੁੰਦਾ ਹੈ।

ਖੱਦਰ ਦੀ ਜੁੱਲੀ ਬਖੀਆ ਰੇਸ਼ਮ ਦਾ——ਕਿਸੇ ਘਟੀਆ ਚੀਜ਼ ਨਾਲ ਵਧੀਆ ਵਸਤੂ ਦੇ ਮੇਲ ਨੂੰ ਅਢੁੱਕਵਾਂ ਦੱਸਣ ਲਈ ਇਹ ਅਖਾਣ ਬੋਲਦੇ ਹਨ।

ਖਰੀ ਮਜੂਰੀ ਚੋਖਾ ਕੰਮ——ਭਾਵ ਇਹ ਹੈ ਕਿ ਜੇਕਰ ਅਸੀਂ ਮਜ਼ਦੂਰ ਅਥਵਾ ਕਾਰੀਗਰ ਨੂੰ ਪੂਰੀ ਮਜ਼ਦੂਰੀ ਦੇਵਾਂਗੇ ਤਾਂ ਉਹ ਦਿਲ ਲਾ ਕੇ ਚੰਗਾ ਚੋਖਾ ਕੰਮ ਕਰੇਗਾ।

ਖਰੇ ਨਾਲ਼ ਖੋਦਾ, ਉਸ ਨੂੰ ਦਰਗਾਹੋਂ ਟੋਟਾ——ਜਿਹੜਾ ਬੰਦਾ ਸਾਊ ਤੇ ਈਮਾਨਦਾਰ ਬੰਦੇ ਨਾਲ਼ ਮਾੜਾ ਵਿਵਹਾਰ ਕਰਦਾ ਹੈ ਉਹ ਹਮੇਸ਼ਾ ਸ਼ਰਮਿੰਦਗੀ ਝਲਦਾ ਹੈ ਅਤੇ ਘਾਟੇ ਵਿੱਚ ਰਹਿੰਦਾ ਹੈ। ਖਲੋਣ ਨੂੰ ਥਾਂ ਮਿਲੇ, ਬਹਿਣ ਨੂੰ ਆਪੇ ਬਣਾ ਲਵਾਂਗੇ——ਇਹ ਅਖਾਣ ਉਹਨਾਂ ਬੰਦਿਆਂ ਲਈ ਵਰਤਿਆ ਜਾਂਦਾ ਹੈ ਜਿਹੜੇ ਥੋੜ੍ਹਾ ਜਿਹਾ ਲਿਹਾਜ਼ ਮਿਲਣ ਮਗਰੋਂ ਵਧੇਰੀਆਂ ਸਹੂਲਤਾਂ ਭਾਲਦੇ ਹਨ।

ਖਵਾਜੇ ਦਾ ਗਵਾਹ ਡੱਡੂ——ਜਦੋਂ ਕੋਈ ਝੂਠੇ ਬੰਦੇ ਦਾ, ਉਹਦੇ ਵਰਗਾ ਝੂਠਾ ਬੰਦਾ, ਸਾਥ ਦੇਵੇ ਉਦੋਂ ਇੰਜ ਆਖਦੇ ਹਨ।

ਖਾਗੇ ਘਰ ਵਾਲ਼ੇ ਨਾ ਪ੍ਰਾਹੁਣਿਆਂ ਦਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਬਾਹਰੀ ਤੌਰ 'ਤੇ ਖ਼ਰਚ ਕਰਵਾਉਣ ਵਾਲ਼ਾ ਕੋਈ ਹੋਰ ਨਜ਼ਰ ਆਵੇ ਪ੍ਰੰਤੂ ਅਸਲੀ ਖ਼ਰਚਾ ਕਰਵਾਉਣ ਵਾਲ਼ਾ ਕੋਈ ਹੋਰ ਹੋਵੇ।

ਖਾ ਗਏ ਰੰਗ ਲਾ ਗਏ, ਜੋੜ ਗਏ ਸੋ ਰੋੜ੍ਹ ਗਏ——ਇਹ ਅਖਾਣ ਉਹਨਾਂ ਕੰਜੂਸਾਂ ਤੇ ਵਿਅੰਗ ਕਸਦਾ ਹੈ ਜਿਹੜੇ ਕੰਜੂਸੀ ਨਾਲ਼ ਧਨ ਜੋੜਦੇ ਹਨ ਪ੍ਰੰਤੂ ਖਾਣ-ਪੀਣ ਵਾਲ਼ੇ ਬੰਦੇ ਰੁਪਏ ਪੈਸੇ ਦੀ ਖੁੱਲ੍ਹੀ ਵਰਤੋਂ ਕਰਕੇ ਐਸ਼ ਭਰੀ ਜ਼ਿੰਦਗੀ ਬਤੀਤ ਕਰਦੇ ਹਨ।

ਖਾਈਏ ਕਣਕ ਦਾਲ, ਜਿਹੜੀ ਨਿਭੇ ਨਾਲ——ਇਸ ਅਖਾਣ ਵਿੱਚ ਮਹਿੰਗੇ ਸਵਾਦੀ ਭੋਜਨਾਂ ਦਾ ਸੇਵਨ ਕਰਨ ਦੀ ਥਾਂ ਸਾਦਾ ਦਾਲ ਫੁਲਕਾ ਛਕ ਕੇ ਗੁਜ਼ਾਰਾ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ।

ਖਾਈਏ ਮਨ ਭਾਉਂਦਾ, ਪਹਿਨੀਏ ਜਗ ਭਾਉਂਦਾ——ਇਸ ਅਖਾਣ ਵਿੱਚ ਸਮਾਜਿਕ ਸਥਿਤੀ ਅਨੁਸਾਰ ਕੱਪੜੇ ਲੀੜੇ ਪਹਿਨਣ ਦਾ ਉਪਦੇਸ਼ ਦਿੱਤਾ ਗਿਆ ਹੈ। ਕੱਪੜੇ ਉਹੀ ਪਹਿਨਣੇ ਚਾਹੀਦੇ ਹਨ ਜਿਹੜੇ ਆਮ ਲੋਕਾਂ ਨੂੰ ਚੰਗੇ ਲੱਗਦੇ ਹਨ।

ਖਾ ਔਤਰਿਆਂ ਦਾ ਮਾਲ ਤੇ ਅਗਲੇ ਨੂੰ ਵੀ ਗਾਲ਼——ਜਦੋਂ ਕਿਸੇ ਨੂੰ ਬਿਨਾਂ ਮਿਹਨਤ ਤੋਂ ਮਿਲੀ ਹਰਾਮ ਦੀ ਕਮਾਈ ਹਜ਼ਮ ਨਾ ਹੋਵੇ ਤੇ ਉਹ ਦੀ ਪਹਿਲੀ ਕਮਾਈ ਨੂੰ ਵੀ ਗਾਲ਼ ਦੇਵੇ, ਉਦੋਂ ਇਹ ਅਖਾਣ ਵਰਤਦੇ ਹਨ।

ਖਾਣ ਪੀਣ ਨੂੰ ਚੰਗੀ ਭਲੀ, ਰਾਮ ਜਪਣ ਨੂੰ ਡੋਰੀ——ਜਦੋਂ ਕੋਈ ਬੰਦਾ ਖਾਣ-ਪੀਣ ਨੂੰ ਤਾਂ ਹਰ ਵੇਲੇ ਤਿਆਰ ਰਹੇ ਪ੍ਰੰਤੂ ਕੰਮ ਕਰਨ ਸਮੇਂ ਕੋਈ ਬਹਾਨਾ ਲਾ ਦੇਵੇ, ਉਦੋਂ ਇਹ ਅਖਾਣ ਵਰਤਦੇ ਹਨ।

ਖਾਣ ਨੂੰ ਦੋ ਦੋ ਮੰਨੀਆਂ, ਕੰਮ ਕਰਨ ਨੂੰ ਬਾਹਾਂ ਭੰਨੀਆਂ——ਇਸ ਅਖਾਣ ਦਾ ਭਾਵ ਅਰਥ ਉਪਰੋਕਤ ਅਖਾਣ ਵਾਲਾ ਹੀ ਹੈ।

ਖਾਣ-ਪੀਣ ਨੂੰ ਬਾਹਮਣੀ, ਜੁੱਤੀਆਂ ਖਾਣ ਨੂੰ ਬਰਵਾਲੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਕੰਮ ਦਾ ਲਾਭ ਆਪ ਉਠਾਵੇ ਅਤੇ ਔਖ ਆਉਣ ਸਮੇਂ ਕਿਸੇ ਹੋਰ ਨੂੰ ਅੱਗੇ ਕਰ ਦੇਵੇ।

ਖਾਣ ਨੂੰ ਲੱਛੋ ਬਾਂਦਰੀ, ਧੌਣ ਭਨਾਣ ਨੂੰ ਕੱਟਾ——ਇਹ ਅਖਾਣ ਉਪਰੋਕਤ ਅਨੁਸਾਰ ਹੀ ਹੈ। ਖਾਣ ਪੀਣ ਵਿੱਚ ਕਾਹਦੀ ਸ਼ਰਮ——ਭਾਵ ਸਪੱਸ਼ਟ ਹੈ ਕਿ ਖਾਣ-ਪੀਣ ਵਿੱਚ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ।

ਖਾਣਾ ਹਲਵਾਈਆਂ ਦੇ, ਭੌਂਕਣਾ ਕਸਾਈਆਂ ਦੇ——ਜਦੋਂ ਕੋਈ ਬੰਦਾ ਖਾਵੇ-ਪੀਵੇ ਕਿਸੇ ਹੋਰ ਦੇ ਤੇ ਟਹਿਲ ਸੇਵਾ ਕਿਸੇ ਹੋਰ ਦੀ ਕਰੇ, ਉਦੋਂ ਇਹ ਅਖਾਣ ਵਰਤਦੇ ਹਨ।

ਖਾਣਾ ਖਾਧਾ ਤੇ ਪੱਤਲ ਪਾਟੀ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਹਰ ਕੋਈ ਆਪਣਾ ਮਤਲਬ ਕੱਢਣ ਮਗਰੋਂ ਅੱਖਾਂ ਫੇਰ ਲੈਂਦਾ ਹੈ।

ਖਾਣਾ ਛਾਣ ਤੇ ਫੂਸੀਆਂ ਮੈਦੇ ਦੀਆਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਭੁੱਖਾ ਸ਼ੌਕੀਨ ਫ਼ੋਕਾ ਦਿਖਾਵਾ ਕਰਕੇ ਟੌਹਰ ਦਿਖਾਵੇ।

ਖਾਣਾ ਪੀਣਾ ਆਪਣਾ ਨਿਰੀ ਸਲਾਮਾ ਲੇਕਮ——ਫ਼ੋਕਾ ਦਿਖਾਵਾ ਕਰਨ ਵਾਲੇ ਮਿੱਤਰ ਦਾ ਜ਼ਿਕਰ ਆਉਣ ਸਮੇਂ ਇਹ ਅਖਾਣ ਬੋਲਦੇ ਹਨ।

ਖਾਣੇ ਛੋਲੇ ਤੇ ਡਕਾਰ ਬਦਾਮਾਂ ਦੇ——ਜਦੋਂ ਕੋਈ ਕਮਜ਼ੋਰ ਬੰਦਾ ਆਪਣੀ ਫ਼ੋਕੀ ਵਡਿਆਈ ਦਾ ਦਿਖਾਵਾ ਕਰੇ, ਉਦੋਂ ਆਖਦੇ ਹਨ।

ਖਾਂਦਿਆਂ ਖੂਹ ਨਿਖੁੱਟ ਜਾਂਦੇ ਹਨ——ਇਸ ਅਖਾਣ ਵਿੱਚ ਕਮਾਈ ਕਰਨ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਵਿਹਲੇ ਬਹਿ ਕੇ ਖ਼ਰਚ ਕਰਨ ਨਾਲ਼ ਤਾਂ ਧਨ ਨਾਲ਼ ਭਰੇ ਖੂਹ ਵੀ ਮੁੱਕ ਜਾਂਦੇ ਹਨ।

ਖਾਧੇ ਉੱਪਰ ਖਾਣ ਲਾਹਣਤੀਆਂ ਦਾ ਕੰਮ——ਇਸ ਅਖਾਣ ਰਾਹੀਂ ਰੱਜ ਕੇ ਖਾਣ ਮਗਰੋਂ ਵਾਧੂ ਦਾ ਖਾਣ ਵਾਲ਼ੇ ਪ੍ਰਾਣੀਆਂ ਦੀ ਨਿਖੇਧੀ ਕੀਤੀ ਗਈ ਹੈ।

ਖਾਧੇ ਦਾ ਕੀ ਖਾਣ——ਭਾਵ ਇਹ ਹੈ ਕਿ ਜਿਹੜੀ ਚੀਜ਼ ਤੁਸੀਂ ਰੱਜ ਕੇ ਖਾ ਲਈ ਹੈ, ਉਸ ਨੂੰ ਹੋਰ ਖਾਣ ਦੀ ਲੋੜ ਨਹੀਂ ਐਵੇਂ ਵਾਧੂ ਦਾ ਵਿਗਾੜ ਪੱਲੇ ਪਵੇਗਾ।

ਖਾਨਾਂ ਦੇ ਖਾਨ ਪਾਹੁਣੇ——ਵੱਡੇ ਲੋਕਾਂ ਦੇ ਸੱਜਣ-ਮਿੱਤਰ ਵੀ ਵੱਡੇ ਲੋਕ ਹੀ ਹੁੰਦੇ ਹਨ।

ਖਾਨਾਂ ਦੇ ਖਾਨ ਪ੍ਰਾਹੁਣੇ, ਚਨਿਉਟੀਆਂ ਦੇ ਚਨਿਉਟ, ਖਾਨਾਂ ਨੂੰ ਮਾਰਨ ਬੱਕਰੇ, ਚਨਿਉਟ ਰਿਲ੍ਹਾਵਣ ਮੋਠ——ਇਸ ਅਖਾਣ ਦਾ ਭਾਵ ਇਹ ਹੈ ਕਿ ਹਰ ਕੋਈ ਆਪਣੀ ਵਿੱਤ ਅਨੁਸਾਰ ਆਪਣੇ ਪ੍ਰਾਹੁਣਿਆਂ ਦੀ ਸੇਵਾ ਸੰਭਾਲ ਕਰਦਾ ਹੈ।

ਖਾਲੀ ਸੰਖ ਵਜਾਏ ਦੀਪਾ——ਜਦੋਂ ਕੋਈ ਗਰੀਬ ਜਾਂ ਨਿਤਾਣਾ ਪੁਰਸ਼ ਫੋਕੀਆਂ ਫੂਕਾਂ ਮਾਰੇ, ਉਦੋਂ ਇੰਜ ਕਹਿੰਦੇ ਹਨ।

ਖਾਵੇ ਬੱਕਰੀ ਵਾਂਗ, ਸੁੱਕੇ ਲੱਕੜੀ ਵਾਂਗ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਚੰਗੀ ਤੇ ਨਰੋਈ ਖੁਰਾਕ ਖਾਣ ਨਾਲ ਹੀ ਚੰਗੀ ਤਰ੍ਹਾਂ ਕੰਮ ਕੀਤਾ ਜਾ ਸਕਦਾ ਹੈ।

ਖੁਆਉ ਜਵਾਈਆਂ ਵਾਂਗ ਕੰਮ ਲਵੋ ਕਸਾਈਆਂ ਵਾਂਗ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣੇ ਪੁੱਤਰਾਂ ਨੂੰ ਨਰੋਈ ਤੇ ਰੱਜਵੀਂ ਖ਼ੁਰਾਕ ਦੇ ਕੇ ਉਹਨਾਂ ਨੂੰ ਮਿਹਨਤ ਨਾਲ਼ ਕੰਮ ਕਰਨ ਦੀ ਆਦਤ ਪਾਉ। ਖੁੱਸੇ ਨਾ ਖੁਸਾਵੇ, ਝੰਡੂ ਉਘਰ ਉਘਰ ਆਵੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਹੋਛਾ ਬੰਦਾ ਧੌਂਸ ਤਾਂ ਬਹੁਤ ਜਮਾਏ ਅਤੇ ਵਾਰ-ਵਾਰ ਵੰਗਾਰੇ ਪ੍ਰੰਤੂ ਉਹ ਕਿਸੇ ਦਾ ਕੁਝ ਵਿਗਾੜਨ ਦੇ ਸਮਰੱਥ ਨਾ ਹੋਵੇ।

ਖੁਡੋਂ ਨਿਕਲੇ ਢਕ-ਮਕੌੜੇ, ਆਪੋ ਆਪਣੇ ਰਾਹੀਂ ਦੌੜੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਔਲਾਦ ਆਪਣੇ-ਆਪਣੇ ਕੰਮਾਂ ਵਿੱਚ ਰੁਝ ਕੇ ਆਪਣੇ-ਆਪਣੇ ਵੱਖਰੇ ਘਰਾਂ ਵਿੱਚ ਵਸਣ ਲੱਗ ਜਾਵੇ।

ਖੁਦਾ ਨੇੜੇ ਕਿ ਘਸੁੰਨ——ਇਸ ਅਖਾਣ ਦਾ ਭਾਵ ਇਹ ਹੈ ਕਿ ਧੱਕੜ ਬੰਦੇ ਆਮ ਬੰਦਿਆਂ ਨੂੰ ਧੌਸ ਦੇ ਕੇ ਧਮਕਾਉਂਦੇ ਰਹਿੰਦੇ ਹਨ ਕਿ ਤੁਹਾਡੀ ਰੱਖਿਆ ਕਰਨ ਵਾਲ਼ਾ ਤਾਂ ਦੂਰ ਹੈ ਤੇ ਸਾਡਾ ਘਸੁੰਨ ਨੇੜੇ ਹੈ।

ਖੂਹ ਦੀ ਮਿੱਟੀ ਖੂਹ ਨੂੰ ਲੱਗ ਜਾਂਦੀ ਹੈ——ਜਦੋਂ ਕਿਸੇ ਦਾ ਕਮਾਇਆ ਹੋਇਆ ਧਨ ਉਸ ਦੀ ਕਮਾਈ ਦੇ ਸਾਧਨਾਂ 'ਤੇ ਖ਼ਰਚ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਖੂਹ ਪੁਟਦੇ ਨੂੰ ਖਾਤਾ ਤਿਆਰ——ਭਾਵ ਇਹ ਹੈ ਕਿ ਜਿਹੜਾ ਬੰਦਾ ਕਿਸੇ ਦਾ ਬੁਰਾ ਕਰਦਾ ਹੈ, ਉਸ ਦਾ ਆਪਣਾ ਹਾਲ ਵੀ ਬੁਰਾ ਹੋ ਜਾਂਦਾ ਹੈ।

ਖੂਨ ਸਿਰ ਚੜ੍ਹਕੇ ਬੋਲਦਾ ਹੈ——ਭਾਵ ਇਹ ਹੈ ਕਿ ਕੋਈ ਲੁਕ ਕੇ ਕੀਤਾ ਹੋਇਆ ਜ਼ੁਰਮ ਆਖ਼ਰ ਨੰਗਾ ਹੋ ਹੀ ਜਾਂਦਾ ਹੈ। ਖ਼ੂਨੀ ਕਦੇ ਨਾ ਕਦੇ ਕੀਤੇ ਖ਼ੂਨ ਦਾ ਪਰਦਾ ਜ਼ਾਹਰ ਕਰ ਦਿੰਦਾ ਹੈ।

ਖੇਡਾਂ ਤੇ ਮਾਵਾਂ ਮੁੱਕਣ ਤੇ ਹੀ ਚੇਤੇ ਆਉਂਦੀਆਂ ਹਨ——ਇਸ ਅਖਾਣ ਵਿੱਚ ਮੁੱਕ ਰਹੀਆਂ ਖੇਡਾਂ ਅਤੇ ਮਾਂ ਦੀ ਵਡਿਆਈ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ।

ਖੇਤੀ ਖਸਮਾਂ ਸੇਤੀ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇ ਜ਼ਮੀਨ ਦਾ ਮਾਲਕ ਆਪ ਖੇਤੀ-ਬਾੜੀ ਦੀ ਸਾਂਭ ਸੰਭਾਲ ਨਾ ਕਰੇ ਤਾਂ ਖੇਤੀ ਤੋਂ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ।

ਖੋਟਾ ਪੈਸਾ ਤੇ ਨਾਲਾਇਕ ਪੁੱਤਰ ਵੇਲੇ ਸਿਰ ਕੰਮ ਆਉਂਦੇ ਹਨ——ਭਾਵ ਇਹ ਹੈ ਕਿ ਕਈ ਵਾਰ ਨਖਿੱਧ ਤੇ ਨਕੰਮੀ ਵਸਤੂ ਵੀ ਕੰਮ ਸਾਰ ਦਿੰਦੀ ਹੈ।

ਖੋਤੀ ਤਸੀਲੋਂ ਹੋ ਕੇ ਆਈ ਐ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਹੋਛੇ ਬੰਦੇ ਦਾ ਕਿਸੇ ਨਾਮਵਰ ਹਸਤੀ ਨਾਲ਼ ਮੇਲ ਹੋ ਜਾਵੇ ਤੇ ਇਸੇ ਮੇਲ ਸਦਕਾ ਉਹ ਆਕੜਿਆ ਫਿਰੇ ਤੇ ਲੋਕਾਂ ਨੂੰ ਟਿੱਚ ਸਮਝੇ।

ਖੋਤੇ ਚੜ੍ਹੀ ਲੱਤਾਂ ਲਮਕਦੀਆਂ——ਇਸ ਅਖਾਣ ਦਾ ਭਾਵ ਇਹ ਹੈ ਕਿ ਕੋਈ ਵੱਡੀ ਬਦਨਾਮੀ ਹੋਣ ਮਗਰੋਂ ਛੋਟੀ ਬਦਨਾਮੀ ਤੋਂ ਡਰਨ ਦੀ ਕੀ ਲੋੜ ਹੈ। ਜਦੋਂ ਕੋਈ ਖੇਤੇ ਤੇ ਚੜ੍ਹ ਹੀ ਗਿਆ ਫਿਰ ਲਮਕਦੀਆਂ ਲੱਤਾਂ ਦਾ ਕਾਹਦਾ ਮਿਹਣਾ। ਖੋਤੇ ਚੜ੍ਹੀ ਪਰ ਕੁੜਮਾਂ ਦੇ ਮਹੱਲੇ ਨਹੀਂ ਗਈ——ਜਦੋਂ ਕੋਈ ਬਹੁਤ ਸਾਰੀ ਬੇਇੱਜ਼ਤੀ ਹੋਣ ਮਗਰੋਂ ਆਪਣੇ ਮਨ ਨੂੰ ਤਸੱਲੀ ਦੇਣ ਲਈ ਇਹ ਆਖੇ ਕਿ ਉਸ ਦੇ ਸ਼ਰੀਕਾਂ ਨੇ ਉਸ ਨੂੰ ਨਹੀਂ ਵੇਖਿਆ, ਉਦੋਂ ਇਹ ਅਖਾਣ ਬੋਲਦੇ ਹਨ।

ਖੋਤੇ ਦੀ ਮੌਜ ਟੀਟਣੇ——ਜਦੋਂ ਕੋਈ ਸ਼ਰਾਬੀ ਜਾਂ ਮੂਰਖ਼ ਮੌਜ ਵਿੱਚ ਆਇਆ ਖ਼ਰਮਸਤੀਆਂ ਕਰੇ, ਉਦੋਂ ਆਖਦੇ ਹਨ।

ਖੋਤੇ ਨੂੰ ਡਾਂਗ, ਸਿਆਣੇ ਨੂੰ ਇਸ਼ਾਰਾ——ਭਾਵ ਇਹ ਹੈ ਕਿ ਮੂਰਖ਼ ਬੰਦੇ ਨੂੰ ਕਰੜਾਈ ਵਰਤਣ ਨਾਲ਼ ਸਮਝ ਆਉਂਦੀ ਹੈ ਤੇ ਸਿਆਣਾ ਇਸ਼ਾਰੇ ਨਾਲ ਹੀ ਸਮਝ ਜਾਂਦਾ ਹੈ।

 ਗਉਂ ਨੂੰ ਘਾਹ ਤੇ ਛੱਡੀਦਾ ਹੈ, ਰੁੜੀ ਤੇ ਨਹੀਂ——ਇਸ ਅਖਾਣ ਦਾ ਭਾਵ ਇਹ ਹੈ ਕਿ ਧੀਆਂ ਦੇ ਰਿਸ਼ਤੇ ਖਾਂਦੇ-ਪੀਂਦੇ ਘਰਾਂ 'ਚ ਕਰਨੇ ਚਾਹੀਦੇ ਹਨ, ਭੁੱਖਿਆਂ ਨੰਗਿਆਂ ਦੇ ਨਹੀਂ।

ਗਏ ਊਠ ਇਜੜ ਰਲੇ——ਭਾਵ ਇਹ ਹੈ ਕਿ ਜਿਹੜਾ ਬੰਦਾ ਘਰੋਂ ਭੱਜ ਜਾਵੇ ਉਹ ਮਾੜੇ ਬੰਦਿਆਂ ਦੀ ਸੰਗਤ ਵਿੱਚ ਪੈ ਕੇ ਭੈੜਾ ਹੋ ਜਾਂਦਾ ਹੈ।

ਗਏ ਸਰਾਧ ਤੇ ਆਏ ਨਰਾਤੇ, ਬ੍ਰਾਹਮਣ ਛੁੱਟੇ ਨਾਈ ਫਾਥੇ——ਸਰਾਧਾਂ ਦੇ ਦਿਨਾਂ ਵਿੱਚ ਲੋਕੀਂ ਹਜ਼ਾਮਤ ਨਹੀਂ ਕਰਾਉਂਦੇ, ਸਰਾਧਾਂ ਮਗਰੋਂ ਨਰਾਤੇ ਆ ਜਾਂਦੇ ਹਨ ਤੇ ਲੋਕ ਹਜ਼ਾਮਤਾਂ ਕਰਾਉਣ ਲੱਗ ਜਾਂਦੇ ਹਨ, ਇਸ ਕਰਕੇ ਨਾਈਆਂ ਦਾ ਕੰਮ ਵੱਧ ਜਾਂਦਾ ਹੈ।

ਗਏ ਸਰਾਧ ਆਏ ਨਰਾਤੇ, ਬ੍ਰਾਹਮਣ ਫਿਰਦੇ ਚੁਪ ਚੁਪਾਤੇ——ਸਰਾਧਾਂ ਦੇ ਦਿਨਾਂ ਵਿੱਚ ਬ੍ਰਾਹਮਣਾਂ ਨੂੰ ਖਾਣ-ਪੀਣ ਦੀ ਮੌਜ ਲੱਗੀ ਰਹਿੰਦੀ ਹੈ ਤੇ ਨਰਾਤਿਆਂ ਵਿੱਚ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਇਸ ਸਥਿਤੀ ਕਾਰਨ ਵਿਅੰਗ ਵਜੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਗਏ ਸੁਹਾਵੇ ਰੋਜੜੇ ਰਹਿ ਗਏ ਨੌਂ ਤੇ ਵੀਹ——ਜਦੋਂ ਅਜੇ ਬਹੁਤ ਸਾਰਾ ਕੰਮ ਕਰਨ ਗੋਚਰਾ ਪਿਆ ਹੋਵੇ, ਉਦੋਂ ਦਿਲ ਨੂੰ ਧਰਵਾਸਾ ਦੇਣ ਲਈ ਇਹ ਅਖਾਣ ਵਰਤਦੇ ਹਨ।

ਗਹਿਣੇ ਦਾ ਸ਼ਾਹ ਕਾਹਦਾ, ਵੱਟੇ ਦੀ ਕੁੜਮਾਈ ਕਾਹਦੀ——ਭਾਵ ਅਰਥ ਇਹ ਹੈ ਕਿ ਗਹਿਣੇ ਰੱਖਕੇ ਕਰਜ਼ ਲੈਣ ਤੇ ਵੱਟੇ ਸੱਟੇ ਵਿੱਚ ਵਿਆਹ ਕਰਵਾਉਣ ਨਾਲ ਕਿਸੇ ਤੇ ਕੋਈ ਅਹਿਸਾਨ ਨਹੀਂ।

ਗੰਗਾਂ ਗਈਆਂ ਹੱਡੀਆਂ ਕਦੇ ਨੀ ਮੁੜਦੀਆਂ——ਜਦੋਂ ਕੋਈ ਅਜਿਹਾ ਬੰਦਾ, ਜਿਹੜਾ ਕਿਸੇ ਦੀ ਚੀਜ਼ ਲਿਜਾ ਕੇ ਕਦੀ ਮੋੜਦਾ ਨਹੀਂ, ਜਦੋਂ ਕਿਸੇ ਪਾਸੋਂ ਕੋਈ ਵਸਤੁ ਮੰਗ ਕੇ ਲੈ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ। ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ——ਇਹ ਅਖਾਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜਿਹੜਾ ਆਪਣੇ ਲਾਭ ਲਈ ਪੈਂਤੜੇ ਬਦਲਦਾ ਰਹੇ ਅਤੇ ਮਾਹੌਲ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਲਵੇ।

ਗੰਜੀ ਗਈ ਪੇਕੇ, ਲੈ ਆਈ ਜੂੰਆਂ——ਜਦੋਂ ਕੋਈ ਮੂਰਖ਼ ਬੰਦਾ ਬਹੁਤ ਸਾਰੀ ਮਿਹਨਤ ਕਰਨ ਮਗਰੋਂ ਵੀ ਕੁਝ ਕਮਾ ਕੇ ਨਹੀਂ ਲਿਆਉਂਦਾ, ਉਦੋਂ ਇਹ ਅਖਾਣ ਬੋਲਦੇ ਹਨ।

ਗੱਡੇ ਨਾਲ਼ ਕੱਟਾ ਨਹੀਂ ਬੰਨ੍ਹਦਾ——ਜਦੋਂ ਕੋਈ ਸਾਹਮਣੇ ਪਈ ਵਸਤੂ ਨੂੰ ਬੇਥਵੇ ਬਹਾਨੇ ਲਾ ਕੇ ਦੇਣ ਤੋਂ ਇਨਕਾਰ ਕਰੇ, ਉਦੋਂ ਇਹ ਆਖਾਣ ਬੋਲਦੇ ਹਨ।

ਗਤ ਕਰਾੜੇ ਦੇ ਹੇਠ ਜੱਟੀ ਆਵੇ ਜਾਵੇ——ਭਾਵ ਇਹ ਹੈ ਕਿ ਜਦੋਂ ਕੋਈ ਤੀਵੀਂ ਆਪਣੇ ਘਰ ਵਾਲ਼ੇ ਤੋਂ ਚੋਰੀ ਕਿਸੇ ਦੁਕਾਨਦਾਰ ਕੋਲ ਆਪਣਾ ਕੋਈ ਜੇਵਰ ਜਾਂ ਵਸਤੂ ਆਦਿ ਗਹਿਣੇ ਧਰੇ ਤਾਂ ਉਸ ਨੂੰ ਦੁਕਾਨਦਾਰ ਦੀਆਂ ਸ਼ਰਤਾਂ ਮੰਨਣੀਆਂ ਹੀ ਪੈਂਦੀਆਂ ਹਨ।

ਗੰਦੀ ਉਂਗਲ ਨੂੰ ਵਢਣਾ ਚੰਗਾ——ਭਾਵ ਇਹ ਹੈ ਕਿ ਭੈੜੇ ਆਦਮੀ ਨਾਲੋਂ ਪੱਕੇ ਤੌਰ 'ਤੇ ਸਬੰਧ ਤੋੜਨੇ ਚੰਗੇ ਹਨ।

ਗਧੇ ਨੂੰ ਸੋਟਾ, ਅਰਾਕੀ ਨੂੰ ਜੋਟਾ——ਇਸ ਅਖਾਣ ਦੀ ਭਾਵ ਇਹ ਹੈ ਕਿ ਸਿਆਣੇ ਬੰਦੇ ਨੂੰ ਤਾਂ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ ਪ੍ਰੰਤੂ ਮੂਰਖ਼ ਬੰਦੇ ਨੂੰ ਤਾਂ ਹੁੱਜਾਂ ਮਾਰ-ਮਾਰ ਕੇ ਸਮਝਾਉਣਾ ਪੈਂਦਾ ਹੈ।

ਗਧੇ ਨੂੰ ਖੁਆਇਆ ਨਾ ਪਾਪ ਨਾ ਪੁੰਨ——ਕਿਸੇ ਅਕ੍ਰਿਤਘਣ ਨਾਲ਼ ਭਲਾਈ ਕਰਨ ਜਾਂ ਨਾ ਕਰਨ ਤੇ ਕੋਈ ਫ਼ਰਕ ਨਹੀਂ ਪੈਂਦਾ।

ਗਰਜ਼ ਅੰਨ੍ਹੀ ਹੁੰਦੀ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣੀ ਗਰਜ਼ ਪੂਰੀ ਕਰਨ ਲਈ ਬੰਦਾ ਹਰ ਜਾਇਜ਼-ਨਾਜਾਇਜ਼ ਹਰਬਾ ਵਰਤਦਾ ਹੈ।

ਗਰਜ਼ ਪਿੱਛੇ ਖੋਤੇ ਨੂੰ ਵੀ ਪਿਓ ਕਹਿ ਲਈਦਾ ਹੈ——ਭਾਵ ਇਹ ਹੈ ਕਿ ਆਪਣੀ ਗਰਜ਼ ਦੀ ਪੂਰਤੀ ਲਈ ਕਈ ਵਾਰ ਅਜਿਹੇ ਬੰਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ ਜਿਸ ਦਾ ਮੂੰਹ ਵੇਖਣਾ ਵੀ ਪਸੰਦ ਨਾ ਹੋਵੇ।

ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ——ਜਦੋਂ ਕਿਸੇ ਗ਼ਰੀਬ ਜਾਂ ਨਿਤਾਣੇ ਬੰਦੇ ਦੀ ਕਿਸੇ ਵਸਤੂ ਨੂੰ ਹਰ ਕੋਈ ਖ਼ਰਾਬ ਕਰਨ ਜਾਂ ਵਰਤਣ ਦਾ ਹੱਕ ਸਮਝੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਗ਼ਰੀਬ ਨੂੰ ਖ਼ੁਦਾ ਦੀ ਮਾਰ——ਭਾਵ ਇਹ ਹੈ ਕਿ ਗ਼ਰੀਬ ਆਦਮੀ ਨੂੰ ਵਧੇਰੇ ਦੁਖ ਸਹਿਣੇ ਪੈਂਦੇ ਹਨ।

ਗ਼ਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ——ਜਦੋਂ ਕਿਸੇ ਗ਼ਰੀਬ ਵੱਲੋਂ ਆਰੰਭੇ ਕਾਰਜ ਵਿੱਚ ਕੋਈ ਵਿਘਨ ਪੈ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਾ——ਇਸ ਅਖਾਣ ਵਿੱਚ ਉਪਦੇਸ਼ ਦਿੱਤਾ ਗਿਆ ਹੈ ਕਿ ਹਰ ਗੱਲ ਸੋਚ ਸਮਝ ਕੇ ਆਖਣੀ ਚਾਹੀਦੀ ਹੈ। ਕਈ ਵਾਰ ਬਿਨਾ ਸੋਚੇ ਵਿਚਾਰੇ ਆਖੀ ਗੱਲ ਦੁਖਦਾਈ ਸਾਬਤ ਹੁੰਦੀ ਹੈ।

ਗੱਲ ਕਰਾਂ ਗੱਲ ਨਾਲ਼, ਨੱਕ ਵੱਢਾਂ ਵਲ ਨਾਲ਼——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਸ਼ਰੀਕ ਉਪਰੋਂ ਉਪਰੋਂ ਫ਼ੋਕੀ ਹਮਦਰਦੀ ਦਿਖਾ ਰਿਹਾ ਹੋਵੇ ਪ੍ਰੰਤੂ ਅੰਦਰੋਂ ਗੁੱਝੀਆਂ ਚਾਲਾਂ ਨਾਲ ਬੇਇੱਜ਼ਤੀ ਕਰ ਰਿਹਾ ਹੋਵੇ।

ਗਲ਼ ਪਿਆ ਢੋਲ ਵਜਾਉਣਾ ਪੈਂਦਾ ਹੈ——ਜਦੋਂ ਤੁਹਾਨੂੰ ਆਪਣੇ ਜੀਵਨ ਵਿੱਚ ਤੁਹਾਡੀ ਮਨਪਸੰਦ ਦਾ ਜੀਵਨ ਸਾਥੀ ਨਾ ਮਿਲੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਗਲ਼ ਲਾਈ ਗਿੱਟੇ, ਕੋਈ ਰੋਵੇ ਕੋਈ ਪਿੱਟੇ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਈ ਵਾਰ ਦੁਸ਼ਮਣ ਅਜਿਹੀ ਗੱਲ ਕਰਦੇ ਹਨ ਜਿਸ ਨਾਲ਼ ਤਨ, ਮਨ ਨੂੰ ਸੱਟ ਵਜਦੀ ਹੈ।

ਗੱਲਾਂ ਦੀ ਪ੍ਰਧਾਨ ਸਰੂਪੋ ਬਾਹਮਣੀ——ਇਹ ਅਖਾਣ ਉਸ ਤੀਵੀਂ ਲਈ ਵਰਤਦੇ ਹਨ ਜਿਹੜੀ ਬਹੁਤੀਆਂ ਗੱਲਾਂ ਮਾਰਦੀ ਹੋਵੇ।

ਗੱਲਾਂ ਵਾਲ਼ੇ ਜਿੱਤੇ ਦੰਮੇ ਵਾਲ਼ੇ ਹਾਰੇ——ਜਦੋਂ ਕੋਈ ਝੂਠਾ ਬੰਦਾ ਬਹੁਤੀਆਂ ਗੱਲਾਂ ਮਾਰ ਕੇ ਆਪਣੇ ਟਾਕਰੇ ਦੇ ਸੱਚੇ ਧਨੀ ਆਦਮੀ ਨੂੰ ਹਰਾ ਕੇ ਆਪ ਸੱਚਾ ਸਾਬਤ ਹੋ ਜਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਗੱਲੀਂ ਗੱਲਾਂ, ਦੰਮ ਘੋੜੇ——ਜਦੋਂ ਕੋਈ ਚਲਾਕ ਬੰਦਾ ਗੱਲੀਂ ਬਾਤੀਂ ਕਿਸੇ ਦਾ ਘਰ ਪੂਰਾ ਕਰੇ ਤੇ ਫ਼ੋਕੀਆਂ ਗੱਲਾਂ ਨਾਲ਼ ਹੀ ਸਾਰੇ, ਉਦੋਂ ਇਹ ਅਖਾਣ ਬੋਲਦੇ ਹਨ।

ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਮੇਰੀ ਜਠਾਣੀ——ਜਦੋਂ ਕੋਈ ਬੰਦਾ ਕੰਮ-ਕਾਰੋਂ ਤਾਂ ਨਿਕੰਮਾ ਹੋਵੇ, ਪ੍ਰੰਤੂ ਗੱਲਾਂ-ਬਾਤਾਂ ਨਾਲ਼ ਆਪਣੇ ਆਪ ਨੂੰ ਵੱਡਾ ਜਤਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਗੱਲੋਂ ਗਲੈਣ, ਅੱਗੇ ਅਗੈਣ——ਭਾਵ ਇਹ ਹੈ ਕਿ ਜਿਵੇਂ ਥੋੜ੍ਹੀ ਜਿਹੀ ਅੱਗ ਨਾਲ਼ ਭਾਂਬੜ ਮਚ ਜਾਂਦੇ ਹਨ, ਇਵੇਂ ਕਈ ਵਾਰ ਨਿੱਕੀ ਜਿਹੀ, ਬਿਨਾ ਸੋਚੇ ਸਮਝੇ ਆਖੀ ਗੱਲ ਪੁਆੜੇ ਖੜ੍ਹੇ ਕਰ ਦਿੰਦੀ ਹੈ। ਇਸ ਲਈ ਹਰ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ।

ਗਾਂ ਦਏ ਕੁਜੜੇ ਨਾ ਵਸੇ ਨਾ ਉਜੜੇ——ਭਾਵ ਇਹ ਹੈ ਕਿ ਥੋੜ੍ਹੀ ਆਮਦਨ ਨਾਲ਼ ਗੁਜ਼ਾਰਾ ਨਹੀਂ ਹੁੰਦਾ, ਖੁੱਲ੍ਹਾ ਖ਼ਰਚਾ ਭਾਵੇਂ ਨਾ ਮਿਲੇ ਤੂ ਡੰਗ ਟੱਪੀ ਜਾਂਦਾ ਹੈ।

ਗਾਂ ਨਾ ਵੱਛੀ, ਨੀਂਦ ਆਵੇ ਅੱਛੀ——ਇਹ ਅਖਾਣ ਉਸ ਪੁਰਸ਼ ਲਈ ਵਰਤਿਆ ਜਾਂਦਾ ਹੈ ਜਿਸ ਦੇ ਸਿਰ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਨਾ ਹੋਵੇ।

ਗਾਹਕ ਤੇ ਮੌਤ ਦਾ ਕੋਈ ਪਤਾ ਨਹੀਂ——ਇਹ ਅਖਾਣ ਆਮ ਤੌਰ 'ਤੇ ਦੁਕਾਨਦਾਰ ਵਰਤਦੇ ਹਨ। ਜਿਵੇਂ ਮੌਤ ਦਾ ਕੋਈ ਸਮਾਂ ਨਿਸ਼ਚਿਤ ਨਹੀਂ, ਉਸੇ ਤਰ੍ਹਾਂ ਪਤਾ ਨਹੀਂ ਗਾਹਕ ਕਿਹੜੇ ਸਮੇਂ ਆ ਜਾਵੇ।

ਗਿੱਦੜ ਦਾਖ਼ ਨਾ ਅੱਪੜੇ, ਅਖੇ ਥੂ ਕੌੜੀ———ਜਦੋਂ ਯਤਨ ਕਰਨ 'ਤੇ ਕੋਈ ਚੀਜ਼ ਪ੍ਰਾਪਤ ਨਾ ਹੋ ਸਕੇ ਤਾਂ ਉਸ ਚੀਜ਼ ਨੂੰ ਮਾੜਾ ਆਖਣ ਤੇ ਇਹ ਅਖਾਣ ਬੋਲਿਆ ਜਾਂਦਾ ਹੈ।

ਗਿਣਵੀਆਂ ਹੱਡੀਆਂ, ਮਿਣਵਾਂ ਸ਼ੋਰਵਾ———ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਵਸਤੂ ਘੱਟ ਮਿਕਦਾਰ ਵਿੱਚ ਹੋਵੇ, ਮਸੀਂ ਗੁਜ਼ਾਰਾ ਹੀ ਹੋ ਸਕੇ।

ਗੂੰਗੇ ਦੀਆਂ ਸੈਨਤਾਂ ਗੂੰਗਾ ਜਾਣੇ ਜਾਂ ਗੂੰਗੇ ਦੀ ਮਾਂ———ਜਦੋਂ ਕੋਈ ਬੰਦਾ ਅਸਪੱਸ਼ਟ ਅਤੇ ਗੋਲ ਮੋਲ ਗੱਲਾਂ ਕਰੇ, ਉਦੋਂ ਇਹ ਅਖਾਣ ਵਰਤਦੇ ਹਨ।

ਗੁਪਤ ਖੇਡੇ ਸੋ ਨਾਥ ਕਾ ਚੇਲਾ———ਕਿਸੇ ਨੂੰ ਭੇਤ ਲੁਕੋ ਕੇ ਰੱਖਣ ਲਈ ਉਪਦੇਸ਼ ਦੇਣ ਸਮੇਂ ਇੰਜ ਆਖਦੇ ਹਨ।

ਗੁਰ ਗੁਰ ਵਿਦਿਆ, ਸਿਰ ਸਿਰ ਮੱਤ———ਹਰ ਕੋਈ ਕਿਸੇ ਗੱਲ ਦੀ ਵਿਆਖਿਆ ਆਪਣੀ ਮਤ ਅਨੁਸਾਰ ਕਰਦਾ ਹੈ। ਭਾਵ ਇਹ ਹੈ ਕਿ ਹਰ ਵਿਅਕਤੀ ਵੱਖਰੀ-ਵੱਖਰੀ ਸਮਝ ਤੇ ਗਿਆਨ ਦਾ ਮਾਲਕ ਹੈ।

ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ———ਜਦੋਂ ਕਿਸੇ ਉਸਤਾਦ ਦਾ ਚੇਲਾ ਝਲਪਣੇ ਜਾਂ ਸਿਆਣਪ ਵਿੱਚ ਆਪਣੇ ਉਸਤਾਦ ਨੂੰ ਮਾਤ ਪਾ ਦੇਵੇ, ਉਦੋਂ ਇਹ ਅਖਾਣ ਬੋਲਦੇ ਹਨ।

ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ———ਸ਼ਾਹੂਕਾਰ ਕੋਲੋਂ ਕਰਜ਼ਾ ਲੈਣ ਸਮੇਂ ਜਾਂ ਗੁਰੂ ਧਾਰਨ ਕਰਨ ਸਮੇਂ ਉਹਨਾਂ ਦੀ ਵਡਿਆਈ ਵਿੱਚ ਇਹ ਅਖਾਣ ਵਰਤਦੇ ਹਨ।

ਗੁੜ ਖਾਣਾ ਗੁਲਗਲਿਆਂ ਤੋਂ ਪ੍ਰਹੇਜ਼———ਇਹ ਅਖਾਣ ਉਸ ਪੁਰਸ਼ ਲਈ ਵਰਤਿਆ ਜਾਂਦਾ ਹੈ ਜਿਹੜਾ ਆਪਣੇ ਹਿੱਤ ਲਈ ਕਿਸੇ ਵਸਤੂ ਨੂੰ ਚੰਗਾ ਸਮਝੇ, ਪ੍ਰੰਤੂ ਉਸੇ ਵਸਤੂ ਨਾਲ਼ ਮਿਲਦੀ ਕਿਸੇ ਹੋਰ ਵਸਤੂ ਨੂੰ ਮਾੜਾ ਦੱਸੇ।

ਗੁੜ ਗਿੱਝੀ ਰੰਨ ਵਿਗੋਏ, ਛੱਲੀ ਪੂਣੀ ਹੱਟੀ ਢੋਏ———ਇਹ ਅਖਾਣ ਉਸ ਤੀਵੀਂ ਲਈ ਵਰਤਦੇ ਹਨ ਜਿਹੜੀ ਆਪਣੀ ਜੀਭ ਦੇ ਸੁਆਦਾਂ ਬਦਲੇ ਚੋਰੀ-ਚੋਰੀ ਆਪਣੇ ਘਰ ਦੀਆਂ ਵਸਤਾਂ ਹੱਟਵਾਣੀਏ ਨੂੰ ਲੁਟਾ ਦੇਵੇ।

ਗੁੜ ਦਿੱਤਿਆਂ ਦੇ ਦੁਸ਼ਮਣ ਮਰੇ ਮਹੁਰਾ ਕਿਉਂ ਦਈਏ———ਇਸ ਅਖਾਣ ਦਾ ਭਾਵ ਇਹ ਹੈ ਕਿ ਜੇਕਰ ਸੁਲਾਹ ਸਫ਼ਾਈ ਨਾਲ਼ ਵੈਰੀ ਕਾਬੂ ਆ ਜਾਵੇ ਤਾਂ ਸਖ਼ਤੀ ਵਰਤਣ ਦੀ ਕੀ ਲੋੜ ਹੈ।

ਗੋਰਾ ਸਲਾਹੀਏ ਕਿ ਬੱਗਾ, ਹਰ ਦੂ ਲਾਹਨਤ———ਜਦੋਂ ਕੁਝ ਅਜਿਹੇ ਬੰਦਿਆਂ ਨਾਲ਼ ਵਾਸਤਾ ਪੈ ਜਾਵੇ, ਜਿਨ੍ਹਾਂ ਵਿੱਚੋਂ ਕੋਈ ਵੀ ਚੰਗਾ ਨਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਗੋਰੀ ਦਾ ਮਾਸ ਚੁੰਡੀਆਂ ਜੋਗਾ——ਜਦੋਂ ਕੋਈ ਚੀਜ਼ ਬਾਹਰੋਂ ਤਾਂ ਸੋਹਣੀ ਦਿਸੇ ਪ੍ਰੰਤੂ ਅੰਦਰੋਂ ਨਿਕੰਮੀ ਹੋਵੇ, ਉਦੋਂ ਬੋਲਦੇ ਹਨ।

ਗੋਲਾ ਹੋ ਕੇ ਕਮਾਏ, ਰਾਜਾ ਬਣ ਕੇ ਖਾਏ——ਭਾਵ ਇਹ ਹੈ ਕਿ ਬੰਦੇ ਨੂੰ ਮਿਹਨਤ ਕਰਕੇ ਕਮਾਈ ਕਰਨੀ ਚਾਹੀਦੀ ਹੈ ਤਾਂ ਹੀ ਅਰਾਮ ਨਾਲ਼ ਖਾਣ ਦਾ ਸੁਆਦ ਹੈ।

ਗੱਲਾ ਥੀਣਾ ਅੱਧਾ ਜੀਣਾ——ਇਸ ਅਖਾਣ ਰਾਹੀਂ ਗੁਲਾਮਾਂ ਵਾਲ਼ੇ ਜੀਵਨ ਦੀ ਨਿੰਦਿਆ ਕੀਤੀ ਗਈ ਹੈ ਭਾਵ ਇਹ ਹੈ ਕਿ ਗੁਲਾਮਾਂ ਵਾਲ਼ਾ ਜੀਵਨ ਅੱਧੀ ਮੌਤ ਦੇ ਬਰਾਬਰ ਹੈ।

ਗੋਲੀ ਅੰਦਰ ਦੰਮ ਬਾਹਰ——ਇਸ ਅਖਾਣ ਰਾਹੀਂ ਨੀਮ ਹਕੀਮਾਂ ਦੇ ਇਲਾਜ ਸਬੰਧੀ ਵਿਅੰਗ ਕੀਤਾ ਗਿਆ ਹੈ, ਇਹਨਾਂ ਦੇ ਇਲਾਜ ਨਾਲ਼ ਮਰੀਜ਼ ਮਰਦੇ ਬਹੁਤੇ ਹਨ ਤੇ ਬਚਦੇ ਘੱਟ ਹਨ।

ਗੋਲੀ ਕੀਹਦੀ ਤੇ ਗਹਿਣੇ ਕੀਹਦੇ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਨਾਲ਼ ਕੰਮ ਪੈ ਜਾਵੇ ਤੇ ਅੱਗੋਂ ਉਹ ਖੁਸ਼ੀ-ਖੁਸ਼ੀ ਕੰਮ ਕਰਨ ਦੀ ਸਹਿਮਤੀ ਪ੍ਰਗਟ ਕਰ ਦੇਵੇ।

ਗੋਲ਼ੀ ਨਾਲ਼ੋਂ ਬੋਲੀ ਬੁਰੀ——ਭਾਵ ਇਹ ਹੈ ਕਿ ਕਈ ਵਾਰ ਅਢੁਕਵੇਂ ਸਮੇਂ ਤੇ ਬੋਲੇ ਹੋਏ ਸ਼ਬਦ ਸੁਣਨ ਵਾਲ਼ੇ ਦਾ ਸੀਨਾ ਚਾਕ ਕਰ ਦਿੰਦੇ ਹਨ ਤੇ ਉਸ ਦਾ ਅਸਰ ਗੋਲ਼ੀ ਨਾਲ਼ੋਂ ਮਾੜਾ ਹੁੰਦਾ ਹੈ।

ਗੌਂ ਭਨਾਵੇ ਜੌਂ ਭਾਵੇਂ ਗਿੱਲੇ ਹੀ ਹੋਣ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਈ ਵਾਰ ਬੰਦੇ ਨੂੰ ਆਪਣਾ ਕੰਮ ਕਢਵਾਉਣ ਲਈ ਅਜਿਹਾ ਅਣਚਾਹਿਆ ਕੰਮ ਵੀ ਕਰਨਾ ਪੈਂਦਾ ਹੈ ਜਿਸ ਨੂੰ ਕਰਨ ਲਈ ਮਨ ਨਾ ਮੰਨਦਾ ਹੋਵੇ।

ਘਟੀ ਦਾ ਕੋਈ ਦਾਰੂ ਨਹੀਂ——ਭਾਵ ਇਹ ਹੈ ਕਿ ਜਦੋਂ ਜੀਵਨ ਦੇ ਦਿਨ ਖ਼ਤਮ ਹੋ ਜਾਣ ਤਾਂ ਕੋਈ ਦਵਾਈ ਅਸਰ ਨਹੀਂ ਕਰਦੀ।

ਘੱਡੋ ਘੁੰਡ ਚੁਤਾਲੀ ਸੌ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਭਲਾਮਾਣਸੀ ਨੂੰ ਨਾ ਮੰਨੇ, ਹੱਥੋਪਾਈ ਤੇ ਉੱਤਰ ਆਵੇ ਤੇ ਉਸ ਦੇ ਉੱਤਰ ਵਿੱਚ ਵੀ ਹੱਥੋਪਾਈ ਕਰਨੀ ਪਵੇ।

ਘਰ ਆਏ ਪ੍ਰਾਹੁਣੇ, ਗਈ ਗੜੌਂਦੇ ਖਾਣ——ਜਦੋਂ ਕੋਈ ਬੰਦਾ ਜ਼ਰੂਰੀ ਕੰਮ ਸਮੇਂ ਇਧਰ-ਉਧਰ ਖਿਸਕ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। ਘਰ ਆਏ ਪ੍ਰਾਹੁਣੇ ਚਾੜ੍ਹ ਬੈਠੀ ਵੜੀਆਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਾਹਲੀ ਵਾਲ਼ੇ ਸਮੇਂ ਅਜਿਹਾ ਕੰਮ ਕਰਨ ਲੱਗ ਜਾਵੇ, ਜਿਹੜਾ ਦੋਰ ਨਾਲ਼ ਮੁੱਕੇ।

ਘਰ ਸ਼ਾਹ ਤੇ ਬਾਹਰ ਸ਼ਾਹ——ਭਾਵ ਇਹ ਹੈ ਕਿ ਜਿਨ੍ਹਾਂ ਬੰਦਿਆਂ ਦੀ ਘਰ ਵਿੱਚ ਇੱਜ਼ਤ ਹੁੰਦੀ ਹੈ ਉਹਨਾਂ ਦਾ ਘਰ ਤੋਂ ਬਾਹਰ ਵੀ ਪੂਰਾ ਸਨਮਾਨ ਹੁੰਦਾ ਹੈ।

ਘਰ ਖ਼ਫ਼ਣ ਨਹੀਂ ਰੀਝਾਂ ਮਰਨ ਦੀਆਂ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜੀ ਆਪਣੀ ਪੁੱਜਤ ਅਥਵਾ ਹੈਸੀਅਤ ਤੋਂ ਉਪਰ ਹੋਣ ਦਾ ਦਿਖਾਵਾ ਕਰੇ।

ਘਰ ਖਾਣ ਨੂੰ ਨਹੀਂ ਮਾਂ ਪੀਹਣ ਗਈ ਹੋਈ ਐ——ਜਦੋਂ ਕੋਈ ਗ਼ਰੀਬ ਆਦਮੀ ਆਪਣੇ ਆਪ ਨੂੰ ਵਡਿਆਵੇ ਤੇ ਫ਼ੋਕੀਆਂ ਫੜ੍ਹਾਂ ਮਾਰੇ ਉਦੋਂ ਇਹ ਅਖਾਣ ਵਰਤਦੇ ਹਨ।

ਘਰ, ਘਰ ਵਾਲੀ ਨਾਲ——ਭਾਵ ਇਹ ਹੈ ਕਿ ਘਰ ਵਾਲ਼ੀਆਂ ਨਾਲ਼ ਹੀ ਘਰ ਵਸਦੇ ਹਨ।

ਘਰ ਤੀਵੀਆਂ ਦੇ ਨਾਂ ਮਰਦਾਂ ਦੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਘਰ ਦੀ ਸਾਂਭ-ਸੰਭਾਲ ਤਾਂ ਤੀਵੀਆਂ ਕਰਦੀਆਂ ਹਨ ਪ੍ਰੰਤੂ ਮਰਦ ਖਾਹਮਖ਼ਾਹ ਘਰਾਂ ਵਾਲ਼ੇ ਅਖਵਾਉਂਦੇ ਹਨ।

ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ——ਭਾਵ ਇਹ ਹੈ ਕਿ ਆਪਣੇ ਘਰ ਦੇ ਜਾਂ ਪਿੰਡ ਦੇ ਸਿਆਣੇ ਬੰਦੇ ਨਾਲ਼ੋਂ ਬਾਹਰਲੇ ਕਚ ਘਰੜ ਬੰਦੇ ਨੂੰ ਵਧੇਰੇ ਸਿਆਣਾ ਸਮਝਿਆ ਜਾਂਦਾ ਹੈ।

ਘਰ ਦਾ ਭੇਤੀ ਲੰਕਾ ਢਾਏ——ਜਦੋਂ ਕੋਈ ਆਪਣਾ ਜਾਣੂੰ ਬੰਦਾ ਹੀ ਦਗਾ ਕਰੇ, ਉਦੋਂ ਇਹ ਅਖਾਣ ਵਰਤਦੇ ਹਨ। ਭਾਵ ਇਹ ਹੈ ਕਿ ਘਰ ਦੇ ਹਾਲਾਤ ਤੋਂ ਜਾਣੂੰ ਬੰਦਾ ਜਦੋਂ ਵੈਰੀ ਬਣ ਜਾਵੇ, ਉਹ ਬਹੁਤ ਨੁਕਸਾਨ ਕਰਦਾ ਹੈ।

ਘਰ ਦੀ ਅੱਧੀ, ਬਾਹਰ ਦੀ ਸਾਰੀ ਨਾਲੋਂ ਚੰਗੀ——ਜਦੋਂ ਕੋਈ ਬੰਦਾ ਬਾਹਰ ਪ੍ਰਦੇਸਾਂ ਨੂੰ ਜਾਣ ਦੀ ਜ਼ਿੱਦ ਕਰੇ, ਉਦੋਂ ਉਸ ਨੂੰ ਵਰਜਣ ਲਈ ਇਹ ਅਖਾਣ ਬੋਲਦੇ ਹਨ।

ਘਰ ਦੀ ਮੁਰਗੀ ਦਾਲ਼ ਬਰਾਬਰ——ਭਾਵ ਇਹ ਹੈ ਕਿ ਘਰ ਦੀ ਚੰਗੀ ਬਣੀ ਹੋਈ ਚੀਜ਼ ਸਸਤੀ ਪੈਂਦੀ ਹੈ।

ਘਰ ਦੀ ਖੰਡ ਕਿਰਕਿਰੀ ਬਾਹਰ ਦਾ ਗੁੜ ਮਿੱਠਾ——ਜਦੋਂ ਕੋਈ ਘਰ ਦੀ ਵਧੀਆ ਵਸਤੂ ਨਾਲ਼ੋਂ ਬਾਹਰ ਦੀ ਮੰਦੀ ਵਸਤੂ ਨੂੰ ਤਰਜੀਹ ਦੇਵੇ, ਉਦੋਂ ਆਖਦੇ ਹਨ।

ਘਰ ਦੇ ਭਾਂਡੇ ਵੀ ਅਕਸਰ ਠਹਿਕ ਪੈਂਦੇ ਨੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕਈ ਵਾਰ ਘਰ ਵਿੱਚ ਪਿਆਰ ਨਾਲ਼ ਰਹਿੰਦੇ ਜੀਆਂ ਦੀ ਵੀ ਆਪਸ ਵਿੱਚ ਨੋਕ-ਝੋਕ ਹੋ ਜਾਂਦੀ ਹੈ। ਘਰ ਦੇ ਮਾਹਣੂੰ ਭੁੱਖੇ ਮਰਦੇ, ਬਾਹਰ ਸ਼ੀਰਨੀ ਵੰਡੀ ਦੀ——ਜਦੋਂ ਕੋਈ ਆਪਣਿਆਂ ਦੀ ਤਾਂ ਪੁੱਛ ਪੜਤਾਲ ਨਾ ਕਰੇ ਪ੍ਰੰਤੂ ਬਾਹਰਲਿਆਂ ਨੂੰ ਖੁਆਈ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਘਰ ਪਾਟਾ ਦਹਸ਼ਰ ਮਾਰਿਆ——ਭਾਵ ਇਹ ਹੈ ਕਿ ਘਰ ਦੀ ਫੁੱਟ ਵਸਦੇ ਰਸਦੇ ਘਰ ਨੂੰ ਤਬਾਹ ਕਰ ਦਿੰਦੀ ਹੈ।

ਘਰ ਫ਼ੂਕ ਤਮਾਸ਼ਾ ਵੇਖ——ਜਦੋਂ ਕਿਸੇ ਪਰਿਵਾਰ ਦੇ ਜੀਅ ਆਪਸ ਵਿੱਚ ਲੜਾਈ-ਝਗੜਾ ਕਰਕੇ ਕਚਹਿਰੀਆਂ ਵਿੱਚ ਜਾ ਕੇ ਧੱਕੇ-ਧੋਲੇ ਖਾਂਦੇ ਹਨ ਅਤੇ ਧਨ ਬਰਬਾਦ ਕਰਦੇ ਹਨ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਘਰ ਭੁੱਖ ਤੇ ਬੂਹੇ ਡਿਉਡੀ——ਜਦੋਂ ਕੋਈ ਆਰਥਿਕ ਤੌਰ 'ਤੇ ਕਮਜ਼ੋਰ ਬੰਦਾ ਆਪਣੀ ਹੈਸੀਅਤ ਨਾਲ਼ੋਂ ਬਹੁਤਾ ਖ਼ਰਚ ਕਰਕੇ ਦਿਖਾਵਾ ਕਰਕੇ ਅਤੇ ਬਣ-ਬਣ ਬੈਠੇ ਉਦੋਂ ਇਹ ਅਖਾਣ ਵਰਤਦੇ ਹਨ।

ਘਰ ਲੜਾਕੀ, ਬਾਹਰ ਸੰਘਣੀ, ਮੇਲੋ ਮੇਰਾ ਨਾਂ——ਇਹ ਅਖਾਣ ਉਸ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ ਜਿਸ ਦਾ ਨਾਂ ਅਤੇ ਜੀਵਨ ਢੰਗ ਇਕ-ਦੂਜੇ ਦੇ ਉਲਟ ਹੋਣ, ਜਿਵੇਂ ਘਰ ਅਤੇ ਬਾਹਰ ਦੇ ਲੋਕਾਂ ਨਾਲ਼ ਗੱਲ-ਗੱਲ 'ਤੇ ਆਢਾ ਲੈਣ ਵਾਲ਼ੀ ਇਸਤਰੀ ਦਾ ਨਾਂ ਮੇਲੋ ਹੋਵੇ।

ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇ ਘਰਾਂ ਵਿੱਚ ਵਸਿਆ ਨਾ ਜਾਵੇ ਤਾਂ ਘਰ ਉਜੜ ਜਾਂਦੇ ਹਨ, ਸਕੀਰੀ ਤਦੇ ਹੀ ਕਾਇਮ ਰਹਿ ਸਕਦੀ ਹੈ ਜੇਕਰ ਆਪਸ ਵਿੱਚ ਮਿਲਦੇ ਰਹੀਏ ਤੇ ਜੇਕਰ ਖੇਤ ਨੂੰ ਆਪ ਨਾ ਵਾਹੀਈਏ ਤਾਂ ਖੇਤ ਤੱਪੜ ਬਣ ਜਾਂਦੇ ਹਨ।

ਘਰੋਂ ਗੁਆਉਣਾ, ਮੁਲਖੇ ਦੀ ਸ਼ੁਹਰਤ——ਇਹ ਅਖਾਣ ਉਸ ਹੋਛੇ ਬੰਦੇ ਲਈ ਵਰਤਦੇ ਹਨ ਜਿਹੜਾ ਐਸ਼-ਪ੍ਰਸਤੀ ਵਿੱਚ ਆਪਣਾ ਧਨ ਬਰਬਾਦ ਕਰਕੇ ਬਦਨਾਮੀ ਖੱਟ ਰਿਹਾ ਹੋਵੇ।

ਘਰੋਂ ਘਰ ਗੁਆਇਆ, ਬਾਹਰੋਂ ਭੜੂਆਂ ਅਖਵਾਇਆ——ਇਸ ਅਖਾਣ ਦਾ ਭਾਵ ਵੀ ਉਪਰ ਦਿੱਤੇ ਅਖਾਣ ਵਾਂਗ ਹੀ ਹੈ।

ਘਰੋਂ ਜਾਈਏ ਖਾ ਕੇ ਅੱਗੋਂ ਮਿਲਣ ਪਕਾ ਕੇ——ਭਾਵ ਸਪੱਸ਼ਟ ਹੈ ਕਿ ਘਰੋਂ ਖਾ ਕੇ ਹੀ ਚੱਲਣਾ ਚਾਹੀਦਾ ਹੈ ਤਾਂ ਹੀ ਬਾਹਰੋਂ ਖਾਣ ਨੂੰ ਚੰਗਾ ਚੋਖਾ ਮਿਲ ਜਾਂਦਾ ਹੈ।

ਘਰੋਂ ਭੈੜਾ ਜੰਮੇ ਨਾ, ਤੇ ਬਾਹਰੋਂ ਭੈੜਾ ਆਵੇ ਨਾ——ਇਸ ਅਖਾਣ ਦਾ ਭਾਵ ਇਹ ਹੈ ਕਿ ਨਾ ਹੀ ਘਰ ਵਿੱਚ ਭੈੜਾ ਪੁੱਤਰ ਜੰਮੇ ਤੇ ਨਾ ਹੀ ਭੈੜਾ ਜੁਆਈ ਟੱਕਰੇ, ਦੋਨੋਂ ਮਾਪਿਆਂ ਲਈ ਸਿਰਦਰਦੀ ਪੈਦਾ ਠਾਰਦੇ ਹਨ।

ਘੜੀ ਦਾ ਘੁੱਥਾ ਸੌ ਕੋਹ ਤੇ ਜਾ ਪੈਂਦਾ ਹੈ——ਜਦੋਂ ਕਿਸੇ ਥੋੜ੍ਹੀ ਜਿਹੀ ਲਾਪ੍ਰਵਾਹੀ ਤੇ ਅਣਗਹਿਲੀ ਕਾਰਨ ਬਹੁਤ ਸਾਰਾ ਨੁਕਸਾਨ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ। ਘੜੇ ਘੁਮਿਆਰ ਭਰੇ ਸੰਸਾਰ——ਜਦੋਂ ਕਿਸੇ ਇਕ ਮਨੁੱਖ ਦੇ ਚੰਗੇ ਕੰਮਾਂ ਕਾਰਾਂ ਸਦਕਾ ਬਹੁਤ ਸਾਰੇ ਲੋਕਾਂ ਨੂੰ ਸੁਖ ਸਹੂਲਤਾਂ ਪ੍ਰਾਪਤ ਹੋ ਜਾਣ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਕ ਬੰਦੇ ਦੀ ਰੀਸੋ ਰੀਸ ਬਾਕੀ ਲੋਕ ਵੀ ਉਹਦੇ ਵਾਲ਼ਾ ਹੀ ਕੰਮ ਕਰਨ ਲੱਗ ਜਾਣ।

ਘਾਹੀਆਂ ਦੇ ਘਰ ਘਾਹੀ ਆਏ, ਉਹ ਵੀ ਘਾਹ ਖਤੇਂਦੇ ਆਏ——ਭਾਵ ਇਹ ਹੈ ਕਿ ਹਰ ਬੰਦੇ ਦਾ ਆਪਣਾ ਭਾਈਚਾਰਾ ਹੁੰਦਾ ਹੈ, ਜਿਸ ਵਿੱਚ ਉਸ ਦੀ ਪੱਧਰ ਦੇ ਬੰਦੇ ਵਿਚਰਦੇ ਹਨ।

ਘਾਹੀਆਂ ਦੇ ਪੁੱਤ ਘਾਹ ਹੀ ਖੋਤਦੇ ਹਨ——ਇਸ ਅਖਾਣ ਦਾ ਭਾਵ ਇਹ ਹੈ ਕਿ ਉਲਾਦ ਆਪਣੇ ਮਾਪਿਆਂ ਉਪਰ ਹੀ ਜਾਂਦੀ ਹੈ। ਜਿਹੋ ਜਿਹਾ ਕੰਮ-ਕਾਰ ਮਾਪੇ ਕਰਦੇ ਹਨ ਉਲਾਦ ਵੀ ਉਹਨਾਂ ਵਰਗਾ ਹੀ ਕੰਮ ਕਰਦੀ ਹੈ।

ਘਿਉ, ਗੁੜ, ਆਟਾ ਤੇਰਾ, ਜਲ ਫੂਕ ਬਸੰਤਰ ਮੇਰਾ——ਜਦੋਂ ਕੋਈ ਪੁਰਸ਼ ਭਾਈਵਾਲੀ ਦੇ ਕੰਮ ਵਿੱਚ ਆਪਣਾ ਬਣਦਾ ਹਿੱਸਾ ਨਾ ਪਾਵੇ, ਪ੍ਰੰਤੂ ਲਾਭ ਵਿੱਚ ਪੂਰਾ ਹਿੱਸਾ ਮੰਗੇ, ਉਸ ਦੀ ਚਲਾਕੀ ਨੂੰ ਦਰਸਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਘਿਓ ਜੱਟੀ ਦਾ, ਤੇਲ ਹੱਟੀ ਦਾ——ਭਾਵ ਇਹ ਜੱਟੀ ਦਾ ਬਣਾਇਆ ਹੋਇਆ ਦੇਸੀ ਘਿਓ ਵਧੀਆ ਹੁੰਦਾ ਹੈ ਤੇ ਤੇਲ ਹੱਟੀ ਦਾ ਚੰਗਾ ਹੁੰਦਾ ਹੈ।

ਘਿਉ ਭੁੱਲ੍ਹਾ ਥਾਲ, ਨਾ ਮਿਹਣਾ ਨਾ ਗਾਲ਼——ਜਦੋਂ ਕਿਸੇ ਚੀਜ਼ ਦਾ ਨੁਕਸਾਨ ਹੁੰਦਾ ਹੁੰਦਾ ਬਚ ਜਾਵੇ ਉਦੋਂ ਆਖਦੇ ਹਨ।

ਘੁੰਡ ਵਿੱਚ ਲਹਿਰ ਬਹਿਰ, ਬੁਰਕੇ ਵਿੱਚ ਸਾਰਾ ਸ਼ਹਿਰ——ਇਹ ਅਖਾਣ ਉਹਨਾਂ ਕੁਰੀਤੀਆਂ ਤੇ ਵਿਅੰਗ ਕਰਦਾ ਹੈ ਜਿਹੜੀਆਂ ਘੁੰਡ ਅਤੇ ਬੁਰਕੇ ਦੇ ਉਹਲੇ ਵਿੱਚ ਕੀਤੀਆਂ ਜਾਂਦੀਆਂ ਹਨ।

ਘਮਾਰੀ ਆਪਣੇ ਹੀ ਭਾਂਡੇ ਨੂੰ ਸਲਾਹੁੰਦੀ ਹੈ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਹਰ ਕੋਈ ਆਪਣੀ ਵਸਤੂ ਦੀ ਸ਼ਲਾਘਾ ਕਰਦਾ ਹੈ।

ਘੁਮਿਆਰ ਸੁਪੱਤਾ ਨਹੀਂ ਤੇ ਤੇਲੀ ਕੁਪੱਤਾ ਨਹੀਂ——ਇਸ ਅਖਾਣ ਰਾਹੀਂ ਤੇਲੀਆਂ ਅਤੇ ਘੁਮਿਆਰਾਂ ਦੇ ਵੱਖੋ-ਵੱਖ ਸੁਭਾਵਾਂ ਨੂੰ ਦਰਸਾਇਆ ਗਿਆ ਹੈ। ਜਦੋਂ ਕੋਈ ਘੁਮਿਆਰ ਕਿਸੇ ਨਾਲ਼ ਕੁਪੱਤ ਕਰੇ ਤੇ ਤੇਲੀ ਭਲੇਮਾਣਸੀ ਵਰਤੇ, ਉਦੋਂ ਇੰਜ ਆਖਦੇ ਹਨ।

ਘੋੜਾ ਘਾਹ ਨਾਲ਼ ਯਾਰੀ ਕਰੇ ਤਾਂ ਖਾਵੇ ਕੀ——ਭਾਵ ਇਹ ਹੈ ਕਿ ਆਪਣੇ ਪੇਟ ਤੇ ਹਿੱਤ ਖ਼ਾਤਿਰ ਸਭ ਯਾਰੀਆਂ ਵਿਸਰ ਜਾਂਦੀਆਂ ਹਨ। ਘੋੜੀ ਨਹੀਂ ਚੜ੍ਹੇ, ਪਰ ਚੜ੍ਹਦੇ ਤਾਂ ਵੇਖੇ ਹਨ——ਜਿਹੜਾ ਕੰਮ ਤੁਸੀਂ ਆਪ ਨਹੀਂ ਕੀਤਾ, ਦੂਜਿਆਂ ਨੂੰ ਕਰਦਿਆਂ ਤਾਂ ਦੇਖਿਆ ਹੈ।

ਘੋੜੇ ਸਾਈਆਂ ਜੋੜੇ, ਨਹੀਂ ਤਾਂ ਮਿੱਟੀ ਦੇ ਰੋੜੇ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇਕਰ ਮਾਲਕ ਘੋੜਿਆਂ ਨੂੰ ਆਪ ਵਰਤਣ ਤਾਂ ਸਾਬਤ ਸਬੂਤ ਰਹਿੰਦੇ ਹਨ। ਪਰਾਏ ਹੱਥ ਉਹ ਠੀਕ ਨਹੀਂ ਰਹਿੰਦੇ। ਮਾਲਕ ਆਪਣੀ ਵਸਤੂ ਦਾ ਸਹੀ ਖ਼ਿਆਲ ਰੱਖਦਾ ਹੈ।

ਘੋੜੇ ਕੰਨ ਬਰਾਬਰ ਹੋਏ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਸਖ਼ਤ ਮਿਹਨਤ ਕਰਨ ਮਗਰੋਂ ਵੀ ਬਹੁਤ ਥੋੜ੍ਹਾ ਇਵਜ਼ਾਨਾ ਮਿਲੇ।

ਘੋੜੇ ਘਰ ਸੁਲਤਾਨਾਂ, ਮਹੀਆਂ ਵਰ ਵਰਿਆਮਾਂ——ਭਾਵ ਇਹ ਹੈ ਕਿ ਚੰਗਾ ਖਾਂਦੇ-ਪੀਂਦੇ ਘਰ ਹੀ ਘੋੜੇ ਤੇ ਮੱਝਾਂ ਪਾਲ਼ ਸਕਦੇ ਹਨ। ਘੋੜੇ ਨੂੰ ਵਧੇਰੇ ਖ਼ਰਚ ਦੀ ਅਤੇ ਮੱਝ ਨੂੰ ਟਹਿਲ ਸੇਵਾ ਦੀ ਵਧੇਰੇ ਲੋੜ ਹੈ।

ਘੋੜੇ ਥਾਨੀ ਤੇ ਮਰਦ ਮੁਕਾਮੀ——ਭਾਵ ਇਹ ਹੈ ਕਿ ਮਾਲਕ ਦੇ ਕੀਲੇ 'ਤੇ ਖੜ੍ਹੇ ਘੋੜੇ ਦਾ ਵਧੇਰੇ ਮੁੱਲ ਪੈਂਦਾ ਹੈ, ਮੰਡੀ ਵਿੱਚ ਨਹੀਂ ਤੇ ਮਰਦ ਆਪਣੇ ਘਰ ਦਾ ਸਰਦਾਰ ਹੁੰਦਾ ਹੈ।

ਘੋੜੇ ਦੀ ਪੂੰਛ ਵੱਡੀ ਹੋਵੇਗੀ ਤਾਂ ਆਪਣਾ ਹੀ ਪਿੱਛਾ ਕੱਜੂ——ਭਾਵ ਇਹ ਹੈ ਕਿ ਕਿਸੇ ਦੀ ਅਮੀਰੀ ਦਾ ਕਿਸੇ ਦੂਜੇ ਨੂੰ ਕੀ ਲਾਭ ਹੋਣੈ, ਉਹਨੇ (ਅਮੀਰ ਨੇ) ਤਾਂ ਆਪਣਾ ਹੀ ਢਿੱਡ ਭਰਨੇ।

ਘੋੜੇ ਰੂੜੀਆਂ ਤੇ, ਤੇ ਖੋਤੇ ਖੁਦੀਂ——ਜਦੋਂ ਬੁਧੀਮਾਨਾਂ ਅਤੇ ਗੁਣੀਆਂ ਦੀ ਬੇਕਦਰੀ ਤੇ ਗੁਣਹੀਣਾਂ ਦੀ ਕਦਰ ਹੋਵੇ, ਉਦੋਂ ਇਹ ਅਖਾਣ ਵਰਤਦੇ ਹਨ।

ਚੰਗੀ ਕਰ ਬਹਾਲੀਏ, ਪੇੜੇ ਲਏ ਛੁੱਪਾ——ਜਦੋਂ ਕਿਸੇ ਬੰਦੇ ਨੂੰ ਉਸ ਦੀ ਵਡਿਆਈ ਕਰਕੇ ਜ਼ਿੰਮੇਵਾਰੀ ਵਾਲ਼ਾ ਕੰਮ ਸੰਭਾਲੀਏ ਪ੍ਰੰਤੂ ਉਹ ਚੰਗਾ ਕੰਮ ਕਰਨ ਦੀ ਥਾਂ ਨੁਕਸਾਨ ਪਹੁੰਚਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਚੱਜ ਨਾ ਆਚਾਰ ਘੁਲਣ ਨੂੰ ਤਿਆਰ——ਇਹ ਅਖਾਣ ਉਸ ਗੁਣਹੀਣ ਬੰਦੇ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਰਤਾ ਭਰ ਵੀ ਅਕਲ ਨਾ ਹੋਵੇ ਤੇ ਹਰ ਕਿਸੇ ਨਾਲ ਝੱਜੂ ਪਾਈ ਰੱਖੋ।

ਚਚਾਲ ਬੱਦਲ ਗੱਜੇ, ਗਾਂ ਢੰਗੋਂਦਾ ਭੱਜੇ——ਇਸ ਅਖਾਣ ਦਾ ਭਾਵ ਇਹ ਹੈ ਕਿ ਆਥਣ ਸਮੇਂ ਜੇਕਰ ਉਤਰ-ਪੱਛਮ ਦੀ ਦਿਸ਼ਾ ਵਿੱਚ ਬੱਦਲ ਗਰਜੇ ਤਾਂ ਮੀਂਹ ਐਨੀ ਛੇਤੀ ਵਰ੍ਹੇਗਾ ਕਿ ਗਾਂ ਦੀ ਧਾਰ ਚੋਂਦੇ ਬੰਦੇ ਪਾਸੋਂ ਪੂਰੀ ਧਾਰ ਚੋਈ ਨਹੀਂ ਜਾਣੀ।

ਚਣਾ ਟੱਪੇਗਾ ਤਾਂ ਕਿਹੜੀ ਭੱਠੀ ਭੰਨ ਦਏਗਾ——ਭਾਵ ਇਹ ਹੈ ਕਿ ਕਮਜ਼ੋਰ ਤੇ ਨਿਤਾਣਾ ਬੰਦਾ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ। ਚੰਦਨ ਦੀ ਚੁਟਕੀ ਭਲੀ, ਗਾਡੀ ਭਲੀ ਨਾ ਕਾਠ——ਇਸ ਅਖਾਣ ਦਾ ਭਾਵ ਇਹ ਹੈ ਕਿ ਕੰਮ ਦੀ ਅਤੇ ਚੰਗੀ ਥੋੜ੍ਹੀ ਮਾਤਰਾ ਵਾਲ਼ੀ ਵਸਤੂ ਨਿਕੰਮੀ ਤੇ ਬਹੁਤੀ ਵਸਤੂ ਨਾਲ਼ੋਂ ਚੰਗੀ ਹੁੰਦੀ ਹੈ।

ਚੰਦਰਾ ਗੁਆਂਢ ਨਾ ਹੋਵੇ, ਲਾਈਲਗ ਨਾ ਹੋਵੇ ਘਰ ਵਾਲਾ——ਇਸ ਅਖਾਣ ਵਿੱਚ ਇਹ ਦੱਸਿਆ ਗਿਆ ਹੈ ਕਿ ਘਰ ਵਾਲ਼ਾ ਕੰਨਾਂ ਦਾ ਕੱਚਾ ਨਾ ਹੋਵੇ, ਕਿਸੇ ਦੀ ਚੁੱਕ ਵਿੱਚ ਆ ਕੇ ਘਰ ਵਾਲ਼ੀ ਨਾਲ਼ ਝਗੜੇ ਨਾ ਤੇ ਗੁਆਂਢ ਸਾਊ ਹੋਵੇ।

ਚੰਦਰੇ ਦਾ ਝਾੜਾ ਛੱਤਰ ਨਾਲ਼ ਹੀ ਕਰੀਦਾ ਹੈ——ਭਾਵ ਇਹ ਹੈ ਕਿ ਜਦੋਂ ਕੋਈ ਕੱਬਾ ਬੰਦਾ ਭਲਾਮਾਣਸੀ ਨਾਲ਼ ਸੂਤ ਨਾ ਆਵੇ ਤਾਂ ਉਸ ਦੀ ਛੱਤਰ ਪਰੇਟ ਹੀ ਕਰਨੀ ਪੈਂਦੀ ਹੈ।

ਚੰਨ ਚੰਨਾਂ ਦੇ ਮਾਮਲੇ ਚੜ੍ਹਨ ਭਾਵੇਂ ਨਾ ਚੜ੍ਹਨ——ਇਹ ਅਖਾਣ ਕਿਸੇ ਗੱਲ ਦੀ ਬੇਵਸਾਹੀ ਵਿੱਚ ਵਰਤਦੇ ਹਨ ਜਦੋਂ ਕਿਸੇ ਗੱਲ ਦੇ ਹੋ ਜਾਣ ਦੀ ਪੂਰੀ ਆਸ ਨਾ ਹੋਵੇ।

ਚੰਨ ਚੜ੍ਹੇ ਤੇ ਪੁੱਤਰ ਜੰਮੇ ਗੁੱਝੇ ਨਹੀਂ ਰਹਿੰਦੇ——ਜਦੋਂ ਇਹ ਦੱਸਣਾ ਹੋਵੇ ਕਿ ਮਾਮਲਾ ਐਨੀ ਅਹਿਮੀਅਤ ਵਾਲ਼ਾ ਹੈ ਜਿਹੜਾ ਲੁਕਾਇਆ ਨਹੀਂ ਜਾ ਸਕਦਾ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਚੰਦ ਤੇ ਥੱਕਿਆਂ ਮੁੰਹ ਤੇ ਪੈਂਦਾ ਹੈ——ਭਾਵ ਇਹ ਹੈ ਕਿ ਜਦੋਂ ਕਿਸੇ ਪ੍ਰਸਿੱਧ ਬੰਦੇ ਦੇ ਖ਼ਿਲਾਫ਼ ਕੋਈ ਝੂਠੀ ਗੱਲ ਆਖੇ ਜਾਂ ਉਸ ਨੂੰ ਬੁਰਾ ਭਲਾ ਕਹੇ ਤਾਂ ਲੋਕ ਨਿੰਦਿਆ ਕਰਨ ਵਾਲ਼ੇ ਨੂੰ ਹੀ ਮਾੜਾ ਆਖਦੇ ਹਨ।

ਚਮੜੀ ਜਾਏ, ਦਮੜੀ ਨਾ ਜਾਏ——ਇਹ ਅਖਾਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਅਤਿ ਕੰਜੂਸ ਹੋਵੇ, ਜੋ ਪੈਸੇ ਪਿੱਛੇ ਆਪਣੀ ਜਾਨ ਗੁਆ ਦੇਵੇ।

ਚਲ ਤੂੰ ਕੌਣ ਤੇ ਮੈਂ ਕੌਣ——ਇਹ ਅਖਾਣ ਉਸ ਮਤਲਬੀ ਬੰਦੇ ਬਾਰੇ ਬੋਲਦੇ ਹਨ ਜਿਹੜਾ ਆਪਣਾ ਕੰਮ ਕਰਵਾਉਣ ਮਗਰੋਂ ਕੰਮ ਕਰਨ ਵਾਲ਼ੇ ਬੰਦੇ ਦੀ ਬਾਤ ਨਾ ਪੁੱਛੇ।

ਚਲੋ ਚਲੀ ਦਾ ਮੇਲਾ——ਇਸ ਅਖਾਣ ਦਾ ਭਾਵ ਇਹ ਹੈ ਕਿ ਇਸ ਦੁਨੀਆਂ ਵਿੱਚ ਕਿਸੇ ਨੇ ਸਥਿਰ ਨਹੀਂ ਰਹਿਣਾ ਸਭ ਦੀ ਵਾਰੀ ਸਿਰ ਮੌਤ ਆ ਜਾਣੀ ਹੈ।

ਚਲਦਾ ਫਿਰਦਾ ਰਹੇ ਫਕੀਰ ਤਾਂ ਚੰਗਾ, ਵਹਿੰਦਾ ਰਹੇ ਨਦੀ ਦਾ ਨੀਰ ਤਾਂ ਚੰਗਾ——ਇਸ ਅਖਾਣ ਦਾ ਭਾਵ ਇਹ ਹੈ ਕਿ ਗਿਆਨਵਾਨ ਬੰਦੇ ਤੁਰਦੇ-ਫਿਰਦੇ ਚੰਗੇ ਰਹਿੰਦੇ ਹਨ ਅਤੇ ਇਕੋ ਥਾਂ 'ਤੇ ਖੜ੍ਹਾ ਪਾਣੀ ਬਦਬੂ ਮਾਰਨ ਲੱਗ ਜਾਂਦਾ ਹੈ, ਸੋ ਵਹਿੰਦਾ ਪਾਣੀ ਹੀ ਚੰਗਾ ਹੈ।

ਚਲਦੀ ਦਾ ਨਾਂ ਗੱਡੀ ਹੈ——ਭਾਵ ਸਪੱਸ਼ਟ ਹੈ ਕਿ ਵਰਤੋਂ ਵਿੱਚ ਆਉਂਦੀ ਚੀਜ਼ ਹੀ ਠੀਕ ਹਾਲਤ ਵਿੱਚ ਰਹਿੰਦੀ ਹੈ।

ਚਵਲ ਕੁੱਤੀ ਮੁੰਡਿਆਂ ਦੀ ਰਾਖੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਬੇਈਮਾਨ ਬੰਦੇ ਨੂੰ ਭਰੋਸੇ ਯੋਗ ਕੰਮ ਸੌਂਪ ਦਿੱਤਾ ਜਾਵੇ। ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੂਗਾ——ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਚਾਲਾਕ ਬੰਦਾ ਕਿਸੇ ਭੋਲ਼ੇ ਭਾਲ਼ੇ ਬੰਦੇ ਨੂੰ ਮੁਸੀਬਤ ਵਿੱਚ ਫਸਾ ਦੇਵੇ।

ਚੜ੍ਹਨ ਨੂੰ ਮੰਗੀ ਸੀ ਚੁੱਕਣ ਨੂੰ ਮਿਲ ਗਈ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਚੀਜ਼ ਸੁਖ ਲੈਣ ਲਈ ਮੰਗੀ ਜਾਵੇ, ਪ੍ਰੰਤੂ ਉਹੀ ਵਸਤੂ ਮਿਲਣ ਮਗਰੋਂ ਦੁਖ ਦਾ ਕਾਰਨ ਬਣੇ।

ਚੜ੍ਹਿਆ ਸੌ ਤੇ ਲੱਥਾ ਭੌ——ਜਦੋਂ ਕਿਸੇ ਬੰਦੇ ਦੇ ਸਿਰ 'ਤੇ ਇੰਨਾ ਕਰਜ਼ਾ ਚੜ੍ਹ ਜਾਵੇ ਕਿ ਉਤਾਰ ਹੀ ਨਾ ਸਕੇ ਤੇ ਜਦੋਂ ਲਹਿਣੇਦਾਰ ਕਰਜ਼ਾ ਮੰਗਣ ਆਉਣ ਤਾਂ ਅੱਗੋਂ ਉਹ ਝੱਗਾ ਚੁੱਕ ਦੇਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਚੌਲ ਛੰਡਦਿਆਂ ਹੀ ਚਿੱਟੇ ਹੁੰਦੇ ਹਨ——ਇਸ ਅਖਾਣ ਦਾ ਭਾਵ ਇਹ ਹੈ ਕਿ ਮਨੁੱਖ ਦੁਖ ਤਕਲੀਫ਼ਾਂ ਸਹਿਨ ਕਰਕੇ ਹੀ ਸਿਆਣਾ ਬਣਦਾ ਹੈ। ਸਫ਼ਲਤਾ ਲਈ ਮਿਹਨਤ ਜ਼ਰੂਰੀ ਹੈ।

ਚਾਕਰੀ ਵਿੱਚ ਨਾਬਰੀ ਕੀ——ਭਾਵ ਸਪੱਸ਼ਟ ਹੈ ਕਿ ਜਦੋਂ ਤੁਸੀਂ ਕਿਸੇ ਦੇ ਅਧੀਨ ਨੌਕਰੀ ਕਰਨ ਲੱਗ ਜਾਂਦੇ ਹੋ ਤਾਂ ਉਸ ਦੇ ਹਰ ਹੁਕਮ ਦੀ ਪਾਲਣਾ ਕਰਨੀ ਹੀ ਪਵੇਗੀ।

ਚਾਚਾ ਆਖਿਆਂ ਪੰਡ ਕੋਈ ਨਹੀਂ ਚੁੱਕਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਨਿਰੀ ਫ਼ੋਕੀ ਖ਼ੁਸ਼ਾਮਦ ਨਾਲ਼ ਕੋਈ ਕੰਮ ਨਹੀਂ ਕਰਦਾ, ਕਈ ਵਾਰ ਸਖ਼ਤੀ ਵੀ ਵਰਤਣੀ ਪੈਂਦੀ ਹੈ।

ਚਾਚਾ ਚੋਰ ਭਤੀਜਾ ਚੌਧਰੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਦੋਸ਼ੀ ਅਤੇ ਨਿਆਂ ਕਰਨ ਵਾਲ਼ੇ ਆਪਸ ਵਿੱਚ ਰਲ਼ੇ ਹੋਣ ਤੇ ਇਨਸਾਫ਼ ਦੀ ਆਸ ਨਾ ਹੋਵੇ।

ਚਾਚੇ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ——ਜਦੋਂ ਇਕ ਜਣੇ ਦੀ ਰੀਸ ਦੁਜਾ ਵੀ ਉਸ ਦੀ ਰੀਸ ਵਿੱਚ ਉਹਦੇ ਵਾਲ਼ਾ ਕੰਮ ਕਰਨ ਲੱਗ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ——ਭਾਵ ਇਹ ਹੈ ਕਿ ਆਮਦਨ ਅਨੁਸਾਰ ਹੀ ਖ਼ਰਚ ਕਰਨਾ ਚਾਹੀਦਾ ਹੈ।

ਚਾਰ ਜਣੇ ਦੀ ਲਾਠੀ ਇਕ ਜਣੇ ਦਾ ਬੋਝ——ਭਾਵ ਇਹ ਹੈ ਕਿ ਬਹੁਤੇ ਆਦਮੀਆਂ ਦੀ ਥੋੜ੍ਹੀ-ਥੋੜ੍ਹੀ ਮਦਦ ਨਾਲ਼ ਇਕ ਆਦਮੀ ਦਾ ਗੁਜ਼ਾਰਾ ਸੌਖਿਆਂ ਹੋ ਜਾਂਦਾ ਹੈ।

ਚਾਰ ਦਿਹਾੜੇ ਸ਼ੌਕ ਦੇ, ਮੁੜ ਉਹੋ ਕੁੱਤੇ ਭੌਕਦੇ——ਜਦੋਂ ਕਿਸੇ ਫ਼ੋਕੀ ਸ਼ਾਨ ਦਿਖਾਉਣ ਵਾਲ਼ੇ ਬੰਦੇ ਬਾਰੇ ਇਹ ਦੱਸਣਾ ਹੋਵੇ ਕਿ ਉਸ ਦੀ ਸ਼ਾਨੋ-ਸ਼ੌਕਤ ਕੁਝ ਦਿਨਾਂ ਦੀ ਹੀ ਹੈ, ਉਦੋਂ ਇਹ ਅਖਾਣ ਵਰਤਦੇ ਹਨ।

ਚਾਰ ਦਿਨਾਂ ਦੀ ਚਾਨਣੀ ਫਿਰ ਹਨ੍ਹੇਰੀ ਰਾਤ——ਇਸ ਅਖਾਣ ਵਿੱਚ ਜੀਵਨ ਦੀ ਅਟੱਲ ਸੱਚਾਈ ਨੂੰ ਬਿਆਨ ਕੀਤਾ ਗਿਆ ਹੈ। ਧੰਨ-ਦੌਲਤ, ਸ਼ੋਹਰਤ ਅਤੇ ਜੋਸ਼ੋਜਵਾਨੀ ਚਾਰ ਦਿਨਾਂ ਦੀ ਖੇਡ ਹੈ, ਇਹ ਸਭ ਨਾਸ਼ਵਾਨ ਹਨ, ਇਹਨਾਂ ਤੇ ਕਾਹਦਾ ਮਾਣ।

ਚਿੱਟਾ ਕੱਪੜਾ ਤੇ ਕੁੱਕੜ ਖਾਣਾ, ਉਸ ਜੱਟ ਦਾ ਨਹੀਂ ਟਿਕਾਣਾ——ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਜਿਹੜੇ ਕਿਸਾਨ ਆਪਣੇ ਹੱਥੀਂ ਆਪ ਖੇਤੀ ਨਹੀਂ ਕਰਦੇ, ਚੰਗਾ ਖਾਂਦੇ ਤੇ ਐਸ਼ ਉਡਾਉਂਦੇ ਹਨ, ਉਹ ਚੰਗੀ ਫ਼ਸਲ ਨਹੀਂ ਲੈ ਸਕਦੇ ਤੇ ਆਖ਼ਰ ਖੇਤੀ ਵਿੱਚ ਘਾਟਾ ਖਾ ਕੇ ਨੁਕਸਾਨ ਉਠਾਉਂਦੇ ਹਨ।

ਚਿੱਟੀ ਦਾੜ੍ਹੀ ਤੇ ਆਟਾ ਖ਼ਰਾਬ——ਜਦੋਂ ਕੋਈ ਵਡੇਰੀ ਉਮਰ ਦਾ ਬੰਦਾ ਕੋਈ ਸਮਾਜਿਕ ਕੁਰੀਤੀ ਕਰ ਬੈਠੇ, ਉਦੋਂ ਇਹ ਅਖਾਣ ਵਰਤਦੇ ਹਨ।

ਚਿੱਟੀਆਂ ਕਬਰਾਂ 'ਤੇ ਫੁੱਲ ਚੜ੍ਹਦੇ ਨੇ——ਭਾਵ ਇਹ ਹੈ ਕਿ ਵੱਡੇ ਬੰਦਿਆਂ ਦੀ ਹਰ ਥਾਂ ਪੁੱਛ ਹੁੰਦੀ ਹੈ, ਛੋਟਿਆਂ ਨੂੰ ਕੋਈ ਨਹੀਂ ਪੁੱਛਦਾ।

ਚਿੱਤ ਵੀ ਮੇਰੀ ਪੁੱਠ ਵੀ ਮੇਰੀ——ਜਦੋਂ ਕੋਈ ਚਾਲਾਕ ਬੰਦਾ ਦੋਹਾਂ ਹਾਲਾਤਾਂ ਵਿੱਚ ਆਪਣਾ ਹੀ ਲਾਭ ਉਠਾਉਣਾ ਚਾਹੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਚਿੜੀ ਦੀ ਚੋਗ ਚੌਧਵਾਂ ਹਿੱਸਾ——ਜਦੋਂ ਵੰਡ ਵੰਡਾਈ ਸਮੇਂ ਕਿਸੇ ਚੀਜ਼ ਦੀ ਥੋੜ੍ਹੀ ਮਾਤਰਾ ਨੂੰ ਦਰਸਾਉਣਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ——ਜਦੋਂ ਕੋਈ ਮੂਰਖ਼ ਆਦਮੀ ਹਾਸੇ-ਹਾਸੇ ਵਿੱਚ ਹੀ ਕਿਸੇ ਦਾ ਨੁਕਸਾਨ ਕਰ ਦੇਵੇ, ਉਦੋਂ ਇੰਜ ਆਖਦੇ ਹਨ।

ਚੀਜ਼ ਨਾ ਸਾਂਭੇ ਆਪਣੀ ਚੋਰਾਂ ਗਾਲੀ ਦੇ——ਜਦੋਂ ਕੋਈ ਬੰਦਾ ਆਪਣੀ ਲਾਪ੍ਰਵਾਹੀ ਕਾਰਨ ਆਪਣੀ ਚੀਜ਼ ਨੂੰ ਨਾ ਸੰਭਾਲ ਸਕੇ ਅਤੇ ਨੁਕਸਾਨ ਕਰਵਾ ਬੈਠੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਚੁਕ ਸਿਰ ਤੇ ਪੋਟਲੀ, ਮੰਗ ਸਿਰ ਦੀ ਖ਼ੈਰ——ਜਦੋਂ ਕੋਈ ਔਖਾ ਕੰਮ ਹਰ ਹਾਲਤ ਵਿੱਚ ਕਰਨਾ ਪੈ ਜਾਵੇ, ਉਦੋਂ ਆਪਣੇ ਮਨ ਨੂੰ ਤਕੜਾ ਕਰਨ ਲਈ ਇਹ ਅਖਾਣ ਬੋਲਦੇ ਹਨ।

ਚੁੱਕ ਮਰੇ ਜਾਂ ਖਾ ਮਰੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਬਹੁਤਾ ਖਾ ਕੇ ਜਾਂ ਵਿੱਤੋਂ ਬਾਹਰਾ ਕੰਮ ਕਰਕੇ ਢਿੱਲਾ ਮੱਠਾ ਹੋ ਜਾਵੇ।

ਚੁਲ੍ਹਾ ਪੱਟਕੇ ਖਾ ਜਾਏ ਨਾ ਸੰਤੋਖ ਸਿੰਘ——ਇਹ ਅਖਾਣ ਉਸ ਬੰਦੇ ਪ੍ਰਤੀ ਵਰਤਦੇ ਹਨ ਜਿਹੜਾ ਆਪਣੇ ਨਾਂ ਦੇ ਵਿਪਰੀਤ ਜੀਵਨ ਜੀਵੇ।

ਚੁੱਲ੍ਹਿਓਂ ਦੂਰ ਸੋ ਦਿਲੋਂ ਦੂਰ——ਜਦੋਂ ਕਿਸੇ ਨਾਲੋਂ ਸਮਾਜਿਕ ਤੇ ਭਾਈਚਾਰਕ ਸਬੰਧ ਤੋੜ ਲਏ ਜਾਣ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਆਦਮੀ ਅਤਿ ਗ਼ਰੀਬੀ ਦੀ ਦਸ਼ਾ ਵਿੱਚ ਪੁੱਜ ਜਾਵੇ। ਚੂਹੜਾ ਗਿਆ ਪਾਰ ਉਹ ਨੂੰ ਉਥੇ ਵੀ ਵਗਾਰ——ਜਦੋਂ ਕੋਈ ਆਦਮੀ ਆਪਣੇ ਕੰਮ ਕਾਰ ਤੋਂ ਛੁਟਕਾਰਾ ਪਾਉਣ ਲਈ ਕਿਸੇ ਹੋਰ ਥਾਂ ਚਲਿਆ ਜਾਵੇ ਪ੍ਰੰਤੂ ਉਥੇ ਵੀ ਉਸ ਨੂੰ ਜੀਵਨ ਨਿਰਵਾਹ ਲਈ ਉਹੀ ਪਿਛਲਾ ਕੰਮ, ਜਿਹੜਾ ਉਹ ਛੱਡ ਕੇ ਗਿਆ ਸੀ ਕਰਨਾ ਪਵੇ, ਤਾਂ ਉਹ ਅਖਾਣ ਬੋਲਿਆ ਜਾਂਦਾ ਹੈ।

ਚੂਹੜਿਆਂ ਦੀ ਟੱਪਰੀ, ਸ਼ਰੀਕਾਂ ਨਾਲ਼ੋਂ ਵੱਖਰੀ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਆਪਣੇ ਭਾਈਚਾਰੇ ਨਾਲ਼ੋਂ ਵੱਖਰਾ ਰਹਿਣ ਦੀ ਕੋਸ਼ਿਸ਼ ਕਰੇ।

ਚੂਹੜੇ ਕੋਲੋਂ ਲੈਣਾ ਤੇ ਕੁੱਤੇ ਦੇ ਗਲ ਪੈਣਾ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਚੂਹੜੇ ਨੂੰ ਦਿੱਤਾ ਹੋਇਆ ਕਰਜ਼ਾ ਬਹੁਤ ਮੁਸ਼ਕਿਲ ਨਾਲ਼ ਮੁੜਦਾ ਹੈ।

ਚੂਹਿਆਂ ਦੇ ਡਰੋਂ ਘਰ ਨਹੀਂ ਛੱਡੀਏ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਸੇ ਮਾੜੀ-ਮੋਟੀ ਤਕਲੀਫ਼ ਬਦਲੇ ਕਿਸੇ ਚੀਜ਼ ਦਾ ਤਿਆਗ ਨਹੀਂ ਕਰਨਾ ਚਾਹੀਦਾ, ਬਲਕਿ ਉਸ ਵਿੱਚ ਸੁਧਾਰ ਕਰ ਲੈਣਾ ਚਾਹੀਦਾ ਹੈ।

ਚੂਹੇ ਨੂੰ ਸੁੰਢ ਦੀ ਗੱਠੀ ਲੱਭੀ ਪਸਾਰੀ ਬਣ ਬੈਠਾ——ਜਦੋਂ ਕਿਸੇ ਬੰਦੇ ਨੂੰ ਥੋੜ੍ਹੀ ਜਿਹੀ ਪ੍ਰਾਪਤੀ ਹੋ ਜਾਵੇ ਤੇ ਆਕੜਿਆ ਫਿਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਚੂਨੇ ਗੱਚ ਕਬਰ ਮੁਰਦਾ ਬੇਈਮਾਨ——ਜਦੋਂ ਕੋਈ ਐਬੀ ਤੇ ਬੇਈਮਾਨ ਬੰਦਾ ਸਾਧਾਂ-ਸੰਤਾਂ ਵਾਲ਼ਾ ਭੇਖ ਧਾਰ ਕੇ ਲੋਕਾਂ ਨੂੰ ਉੱਲੂ ਬਣਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪ੍ਰਧਨ——ਜਦੋਂ ਕੋਈ ਬਦਮਾਸ਼ ਕਿਸਮ ਦਾ ਬੰਦਾ ਬਦੋਬਦੀ ਧੱਕੇ ਨਾਲ਼ ਕੋਈ ਸਮਾਜਿਕ ਪਦਵੀ ਹਥਿਆ ਲਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਚੋਰ ਚੋਰੀ ਛੱਡੂਗਾ ਪਰ ਹੇਰਾ ਫੇਰੀ ਨਹੀਂ——ਇਸ ਅਖਾਣ ਦਾ ਭਾਵ ਇਹ ਹੈ ਕਿ ਭੈੜਾ ਆਦਮੀ ਕੋਸ਼ਿਸ਼ ਕਰਨ 'ਤੇ ਵੀ ਆਪਣੀਆਂ ਭੈੜੀਆਂ ਵਾਦੀਆਂ ਨਹੀਂ ਛੱਡਦਾ, ਮਾੜਾ ਮੋਟਾ ਅੰਸ਼ ਰਹਿ ਹੀ ਜਾਂਦਾ ਹੈ।

ਚੋਰ ਜਾਂਞੀ, ਚੋਰ ਮਾਂਜੀ, ਚੋਰ ਵਿਆਹੁਣ ਆਏ——ਭਾਵ ਇਹ ਹੈ ਕਿ ਭੈੜੇ ਬੰਦਿਆਂ ਦੇ ਸੰਗੀ ਸਾਥੀ ਵੀ ਭੈੜੇ ਹੀ ਹੁੰਦੇ ਹਨ।

ਚੋਰ ਤੇ ਲਾਠੀ ਦੋ ਜਣੇ, ਮੈਂ ਤੇ ਬਾਪੂ ਕੱਲੇ——ਜਦੋਂ ਸਰੀਰਕ ਤੌਰ 'ਤੇ ਤਕੜਾ ਬੰਦਾ ਕਿਸੇ ਕਮਜ਼ੋਰ ਬੰਦੇ ਪਾਸੋਂ ਕੁੱਟ ਖਾ ਕੇ ਆ ਜਾਵੇ ਤੇ ਇਹ ਕਹੇ ਕਿ ਮਾਰਨ ਵਾਲ਼ਾ ਬਹੁਤ ਤਕੜਾ ਸੀ ਤਾਂ ਉਦੋਂ ਮਜ਼ਾਕ ਵਿੱਚ ਇਹ ਅਖਾਣ ਬੋਲਦੇ ਹਨ।

ਚੋਰ ਦੀ ਮਾਂ ਕਦ ਤੱਕ ਖ਼ੈਰ ਮਨਾਏਗੀ——ਭਾਵ ਇਹ ਹੈ ਕਿ ਕਿਸੇ ਦਿਨ ਚੋਰ ਨੇ ਫੜਿਆ ਹੀ ਜਾਣੇ, ਉਸ ਨੂੰ ਕੀਤੇ ਦੀ ਸਜ਼ਾ ਭੁਗਤਣੀ ਹੀ ਪਵੇਗੀ। ਚੋਰ ਦੇ ਪੈਰ ਨਹੀਂ ਹੁੰਦੇ——ਭਾਵ ਇਹ ਹੈ ਕਿ ਚੋਰੀ ਕਰਨ ਆਇਆ ਚੋਰ ਰਤੀ ਭਰ ਖੜਕਾ ਹੋਣ 'ਤੇ ਨੱਸ ਜਾਂਦਾ ਹੈ।

ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ——ਇਸ ਅਖਾਣ ਦਾ ਭਾਵ ਇਹ ਹੈ ਕਿ ਬੁਰੇ ਆਦਮੀ ਨੂੰ ਸਜ਼ਾ ਦੇਣ ਦੀ ਥਾਂ ਸਮਾਜ ਵਿੱਚੋਂ ਬੁਰਾਈ ਨੂੰ ਖ਼ਤਮ ਕਰਨਾ ਚਾਹੀਦਾ ਹੈ।

ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ਼——ਜਦੋਂ ਕੋਈ ਬੰਦਾ ਬਿਨਾ ਮਿਹਨਤ ਕੀਤਿਆਂ ਪ੍ਰਾਪਤ ਕੀਤੀ ਵਸਤੂ ਨੂੰ ਸਸਤੇ ਮੁੱਲ ਵਿੱਚ ਵੇਚ ਦੇਵੇ, ਉਦੋਂ ਇੰਜ ਆਖਦੇ ਹਨ।

ਚੋਰਾਂ ਦੇ ਮਹਿਲ ਨਹੀਂ ਪੈਂਦੇ——ਬੇਈਮਾਨੀ ਦੀ ਖੱਟੀ ਕਮਾਈ ਕਰਨ ਤੋਂ ਵਰਜਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

ਚੋਰ ਨਾਲੋਂ ਪੰਡ ਕਾਹਲੀ——ਜਦੋਂ ਅਸਲੀ ਬੰਦੇ ਦੀ ਥਾਂ ਕੋਈ ਹੋਰ ਬੰਦਾ ਵੱਧ ਚੜ੍ਹ ਕੇ ਬੋਲੇ, ਉਦੋਂ ਇਹ ਅਖਾਣ ਬੋਲਦੇ ਹਨ।

ਚੋਰੀ ਕੱਖ ਦੀ ਵੀ, ਚੋਰੀ ਲੱਖ ਦੀ ਵੀ——ਇਸ ਅਖਾਣ ਦਾ ਭਾਵ ਇਹ ਹੈ ਕਿ ਚੋਰੀ ਤਾਂ ਚੋਰੀ ਹੀ ਹੈ ਭਾਵੇਂ ਉਹ ਸਸਤੀ ਚੀਜ਼ ਦੀ ਕੀਤੀ ਜਾਵੇ ਜਾਂ ਕੀਮਤੀ ਚੀਜ਼ ਦੀ, ਬੁਰਾਈ ਤਾਂ ਆਖ਼ਰ ਬੁਰਾਈ ਹੀ ਹੈ।

ਚੋਰੀ ਤੇ ਉੱਤੋਂ ਸੀਨਾ ਜ਼ੋਰੀ——ਭਾਵ ਇਹ ਹੈ ਕਿ ਜਦੋਂ ਕੋਈ ਗ਼ਲਤੀ ਵੀ ਕਰੇ, ਉਪਰੋਂ ਤਾਂਗੜ੍ਹੇ ਵੀ, ਆਕੜ ਦਿਖਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਚੋਰੀ ਦਾ ਗੁੜ ਮਿੱਠਾ ਹੁੰਦਾ ਹੈ——ਜਿਹੜੇ ਆਦਮੀ ਨੂੰ ਚੋਰੀ ਕਰਨ ਦੀ ਆਦਤ ਪੈ ਜਾਵੇ, ਉਹ ਵਾਰ-ਵਾਰ ਸਮਝਾਉਣ ਤੇ ਵੀ ਆਪਣੀ ਆਦਤ ਨਾ ਛੱਡੇ, ਉਦੋਂ ਇੰਜ ਆਖਦੇ ਹਨ।

ਚੋਰੀ, ਯਾਰੀ, ਚਾਕਰੀ ਬਾਝ ਵਸੀਲੇ ਨਾਂਹ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਇਹ ਤਿੰਨੇ ਚੀਜ਼ਾਂ ਬਿਨਾ ਕਿਸੇ ਵਸੀਲੇ ਦੇ ਨਹੀਂ ਹੋ ਸਕਦੀਆਂ।

ਚੋਰੀਓਂ ਮਿਹਣ, ਯਾਰੀਓਂ ਮਿਹਣਾ, ਮਿਹਨਤ ਤੋਂ ਮਿਹਣਾ ਨਾਹੀ——ਇਹ ਅਖਾਣ ਮਿਹਨਤ ਤੋਂ ਕਤਰਾਉਣ ਵਾਲ਼ੇ ਬੰਦੇ ਨੂੰ ਸਮਝਾਉਣ ਲਈ ਵਰਤਿਆ ਜਾਂਦਾ ਹੈ। ਭਾਵ ਇਹ ਹੈ ਕਿ ਮਿਹਨਤ ਕਰਨਾ ਕੋਈ ਮਾੜਾ ਕੰਮ ਨਹੀਂ।

ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ ਜਿਸ ਵਿੱਚ ਛੱਤੀ ਸੌ ਛੇਕ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬਹੁਤੇ ਐਬਾਂ ਵਾਲ਼ਾ ਬੰਦਾ ਥੋੜ੍ਹੇ ਐਬਾਂ ਵਾਲ਼ੇ ਬੰਦੇ ਚ ਨੁਕਸ ਕੱਢੇ ਤੇ ਉਹ ਨੂੰ ਬੋਲੀ ਮਾਰੇ।

ਛੱਜ ਨਾ ਬੋਲੇ ਛਾਨਣੀ ਬੋਲੇ——ਇਸ ਅਖਾਣ ਦਾ ਭਾਵ ਉਪਰੋਕਤ ਅਖਾਣ ਵਾਲਾ ਹੀ ਹੈ। ਛੱਜ ਨਾ ਬੁਹਾਰੀ, ਕਾਹਦੀ ਭਠਿਆਰੀ——ਜਦੋਂ ਕਿਸੇ ਕਾਰੀਗਰ ਕੋਲ ਕੰਮ ਕਰਨ ਵਾਲ਼ੇ ਸੰਦ ਨਾ ਹੋਣ, ਉਦੋਂ ਇੰਜ ਆਖੀਦਾ ਹੈ।

ਛੱਜ ਭਰਿਆ ਤੋਹਾਂ ਦਾ, ਫਿੱਟੇ ਮੂੰਹ ਦੋਹਾਂ ਦਾ——ਜਦੋਂ ਕਿਸੇ ਮਾਮਲੇ ਵਿੱਚ ਦੋ ਧਿਰਾਂ ਦੋਸ਼ੀ ਹੋਣ, ਉਹਨਾਂ ਨੂੰ ਫਿੱਟ ਲਾਹਨਤ ਪਾਉਣ ਲਈ ਇਹ ਅਖਾਣ ਬੋਲਦੇ ਹਨ।

ਛੱਡਿਆ ਗਿਰਾਂ, ਕੀ ਲੈਣਾ ਨਾਂ——ਜਦੋਂ ਕਿਸੇ ਨਾਲ਼ੋਂ ਦਿਲੋਂ ਦੋਸਤੀ ਤੇ ਸਾਂਝ ਟੁੱਟ ਜਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਛੱਤੀ ਭੋਜਣ ਖਾਣੇ, ਬਹੱਤਰ ਰੋਗ ਲਾਣੇ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਬਹੁਤੀ ਕਿਸਮ ਦੇ ਵਧੀਆਂ ਪਦਾਰਥ ਖਾਣ ਨਾਲ਼ ਅਨੇਕਾਂ ਕਿਸਮ ਦੇ ਰੋਗ ਲੱਗ ਜਾਂਦੇ ਹਨ।

ਛੱਪੜ ਵਿੱਚੋਂ ਮਿਹੰ, ਟੱਟੀ ਵਿੱਚੋਂ ਚੂਹੜਾ ਕਢਣਾ ਔਖੈ——ਜਦੋਂ ਕਿਸੇ ਚੂਹੜੇ ਨੂੰ ਕਿਸੇ ਕੰਮ ਲਈ ਬੁਲਾਉਣ ਉਹਦੇ ਘਰ ਜਾਣਾ ਪਵੇ ਤਾਂ ਉਹ ਟਾਲ਼-ਮਟੋਲ਼ ਅਤੇ ਨਖ਼ਰੇ ਕਰਦਾ ਹੈ। ਇਹ ਉਸ ਦਾ ਜਾਤੀ ਸੁਭਾਅ ਹੈ। ਮੱਝ ਵੀ ਸੌਖਿਆਂ ਛੱਪੜ ਵਿੱਚੋਂ ਬਾਹਰ ਨਹੀਂ ਨਿਕਲਦੀ, ਮਾਲਕ ਰੋੜੇ ਮਾਰ-ਮਾਰ ਥੱਕ ਜਾਂਦਾ ਹੈ।

ਛੇੜੀਂ ਓਏ ਛੇੜੀਂ, ਮੇਰੀਆਂ ਆਪਣੀਆਂ ਹੀ ਨਹੀਂ ਛਿੜਦੀਆਂ——ਜਦੋਂ ਆਪਣੇ ਕੰਮ ਵਿੱਚ ਰੁੱਝੇ ਹੋਏ ਬੰਦੇ ਨੂੰ ਕੋਈ ਦੂਜਾ ਬੰਦਾ ਕੰਮ ਕਰਨ ਵਿੱਚ ਮਦਦ ਕਰਨ ਲਈ ਆਖੇ ਤਾਂ ਅੱਗੋਂ ਉਹ ਇਹ ਅਖਾਣ ਬੋਲਦਾ ਹੈ।

ਛੋਟਾ ਜ਼ਹਿਰ ਦਾ ਟੋਟਾ——ਜਦੋਂ ਕੋਈ ਛੋਟੀ ਉਮਰ ਜਾਂ ਛੋਟੇ ਕੱਦ ਦਾ ਬੰਦਾ ਕੋਈ ਗੁਸਤਾਖ਼ੀ ਕਰੇ ਅਤੇ ਗੁੱਸਾ ਪ੍ਰਗਟਾਵੇ, ਉਦੋਂ ਇੰਜ ਆਖਦੇ ਹਨ।

ਛੋਟੀ ਨਾ ਵੇਖ, ਪਾਤਾਲ ਕਰੇ ਛੇਕ——ਇਹ ਅਖਾਣ ਉਸ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਕੱਦੋਂ-ਬੁੱਤੋਂ ਮਧਰਾ ਹੋਵੇ, ਪ੍ਰੰਤੂ ਅੰਦਰੋਂ ਅੱਗ ਦੀ ਨਾਲ਼ ਅਤੇ ਪੁੱਜ ਕੇ ਖੋਟਾ ਹੋਵੇ।

ਜਸ ਜੀਵਨ-ਅਪਜਸ ਮਰਨ——ਭਾਵ ਇਹ ਹੈ ਕਿ ਆਪਣੇ ਸਮਾਜ ਵਿੱਚ ਬਦਨਾਮ ਹੋਏ ਬੰਦੇ ਦਾ ਜੀਵਨ ਮਰਨ ਬਰਾਬਰ ਹੁੰਦਾ ਹੈ।

ਜ਼ਹਿਮਤ ਜਾਂਦੀ ਦਾਰੂਆਂ, ਆਦਤ ਸਿਰ ਦੇ ਨਾਲ਼——ਭਾਵ ਅਰਥ ਇਹ ਹੈ ਕਿ ਰੋਗ ਤਾਂ ਦਵਾ ਦਾਰੂ ਲੈਣ ਨਾਲ਼ ਟੁੱਟ ਜਾਂਦੇ ਹਨ ਪ੍ਰੰਤੂ ਪਈਆਂ ਆਦਤਾਂ ਅਖ਼ੀਰੀ ਦਮ ਤੱਕ ਜਾਂਦੀਆਂ ਹਨ।

ਜਹੀ ਗ਼ਰੀਬੀ ਬਾਹਮਣੀ ਤਹੀ ਮਛਹਰੀ (ਸੋਕੜ ਗੰਨਾ) ਚੂਪ——ਇਸ ਅਖਾਣ ਰਾਹੀਂ ਇਹ ਸਿਖਿਆ ਦਿੱਤੀ ਗਈ ਹੈ ਕਿ ਗ਼ਰੀਬ ਲੋਕਾਂ ਨੂੰ ਗ਼ਰੀਬੀ ਦਾਹਵੇ ਵਿੱਚ ਹੀ ਗੁਜ਼ਾਰਾ ਕਰਨਾ ਚਾਹੀਦਾ ਹੈ। ਜਹੀ ਫ਼ਲੀ ਪਈ, ਜਹੀ ਘੁੱਗੂ ਚੁਗ ਗਿਆ——ਜਦੋਂ ਕਿਸੇ ਨੂੰ ਜਿੰਨੀ ਕੁ ਕਮਾਈ ਹੋਵੇ ਤੇ ਉਹਦਾ ਓਨਾ ਹੀ ਖ਼ਰਚ ਹੋ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਜਹੀ ਰੂਹ ਤਹੇ ਫ਼ਰਿਸ਼ਤੇ——ਜਦੋਂ ਕਿਸੇ ਭੈੜੇ ਬੰਦੇ ਨੂੰ ਉਹਦੇ ਵਰਗਾ ਹੀ ਭੈੜਾ ਬੰਦਾ ਟੱਕਰ ਜਾਵੇ, ਉਦੋਂ ਇੰਜ ਬੋਲਦੇ ਹਨ।

ਜਹੇ ਕਿੱਲੇ ਬੱਚੇ, ਜਹੇ ਚੋਰਾਂ ਖੜੇ——ਇਹ ਅਖਾਣ ਅਜਿਹੇ ਨਿਕੰਮੇ ਤੇ ਨਕਾਰੇ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ ਜਿਹੜਾ ਘਰ ਰਹਿੰਦਾ ਹੋਇਆ ਕੋਈ ਕੰਮ ਨਾ ਕਰੇ।

ਜਹੇ ਜੰਮੇ ਜਹੇ ਨਾ ਜੰਮੇ——ਨਿਕੰਮੀ ਉਲਾਦ ਦੇ ਸਤਾਏ ਹੋਏ ਮਾਪੇ ਇਹ ਅਖਾਣ ਬੋਲਦੇ ਹਨ।

ਜੱਗ ਸ਼ੀਸ਼ਾ ਆਰਸੀ ਜੋ ਦੇਖੇ ਸੋ ਦੇਖ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੋ ਜਿਹਾ ਵਰਤਾਰਾ ਤੁਸੀਂ ਦੂਜਿਆਂ ਨਾਲ ਕਰੋਗੇ, ਦੂਜੇ ਵੀ ਤੁਹਾਡੇ ਨਾਲ਼ ਉਹੋ ਜਿਹਾ ਵਰਤਾਰਾ ਕਰਨਗੇ।

ਜੱਗ ਚਲੋ ਚਲੀ ਦਾ ਮੇਲਾ——ਭਾਵ ਇਹ ਹੈ ਕਿ ਇਸ ਸੰਸਾਰ ਵਿੱਚ ਪੱਕੇ ਤੌਰ 'ਤੇ ਕੋਈ ਨਹੀਂ ਰਹਿੰਦਾ, ਹਰ ਕਿਸੇ ਨੇ ਦੁਨੀਆਂ ਛੱਡ ਜਾਣੀ ਹੈ। ਅਜਿਹੇ ਬੋਲ ਆਮ ਕਰਕੇ ਸੋਗਮਈ ਸੰਗਤ ਵਿੱਚ ਵਰਤੇ ਜਾਂਦੇ ਹਨ।

ਜੱਗ ਨਾਲ਼ ਚੱਲੋ, ਸਭ ਕੁਝ ਪੱਲੇ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਹੜਾ ਬੰਦਾ ਆਪਣੇ ਸਮਾਜ ਤੇ ਭਾਈਚਾਰੇ ਦੀ ਰੀਤ ਅਨੁਸਾਰ ਜੀਵਨ ਜਿਉਂਦਾ ਹੈ ਉਹ ਸਦਾ ਸੁਖੀ ਰਹਿੰਦਾ ਹੈ।

ਜੱਗ ਜਹਾਨੋਂ ਬਾਹਰੀ ਸੱਭ ਖ਼ਲਕਤ ਟੱਕਰ ਹਾਰੀ——ਜਦੋਂ ਕੋਈ ਅਨੋਖੀ ਘਟਨਾ ਵਾਪਰ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਜੰਜ ਪਰਾਈ ਮੂਰਖ਼ ਨੱਚੇ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਕਿਸੇ ਦੀ ਖ਼ੁਸ਼ੀ ਦੇ ਜਸ਼ਨ ਵਿੱਚ ਬਿੰਨ ਬੁਲਾਇਆਂ ਸ਼ਾਮਿਲ ਹੋ ਜਾਵੇ।

ਜੱਟ ਸੋਨੇ ਦਾ, ਥੱਲਾ ਪਿੱਤਲ ਦਾ——ਜਦੋਂ ਕਿਸੇ ਵਿੱਚ ਸੈਆਂ ਗੁਣ ਹੁੰਦਿਆਂ ਇਕ ਅੱਧ ਔਗੁਣ ਹੋਵੇ, ਉਦੋਂ ਆਖਦੇ ਹਨ।

ਜੱਟ ਹੋਇਆ ਕਮਲਾ ਖ਼ੁਦਾ ਨੂੰ ਲੈ ਗਏ ਚੋਰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਮਰਲਾ ਬੰਦਾ ਜਾਣ ਬੁੱਝ ਕੇ ਭੋਲ਼ਾ ਬਣ ਜਾਵੇ।

ਜੱਟ ਕੀ ਜਾਣੇ ਗੁਣ ਨੂੰ, ਲੋਹਾ ਕੀ ਜਾਣੇ ਘੁਣ ਨੂੰ——ਭਾਵ ਇਹ ਹੈ ਕਿ ਜੱਟ ਸਦਾ ਅਹਿਸਾਨ ਫ਼ਰਾਮੋਸ਼ (ਅਸਾਨ ਨੂੰ ਭੁੱਲ ਜਾਣ ਵਾਲੇ) ਹੁੰਦੇ ਹਨ, ਉਹਨਾਂ ਤੇ ਕਿਸੇ ਵੱਲੋਂ ਕੀਤੇ ਗਏ ਅਹਿਸਾਨ ਦਾ ਕੋਈ ਅਸਰ ਨਹੀਂ ਹੁੰਦਾ, ਜਿਵੇਂ ਲੋਹੇ ਨੂੰ ਘੁਣ ਨਹੀਂ ਲੱਗਦਾ।

ਜੱਟ ਕੀ ਜਾਣੇ ਲੌਂਗਾਂ ਦਾ ਭਾਅ——ਇਸ ਅਖਾਣ ਵਿੱਚ ਜੱਟ ਦੇ ਭੋਲੇਪਣ ਨੂੰ ਦਰਸਾਇਆ ਗਿਆ ਹੈ। ਜੱਟ ਗੰਨਾ ਨਹੀਂ ਦੇਂਦਾ ਭੇਲੀ ਦੇ ਦੇਂਦਾ ਹੈ——ਇਸ ਅਖਾਣ ਵਿੱਚ ਜੱਟ ਦੇ ਅਲਬੇਲੇ ਸੁਭਾਅ ਦਾ ਵਰਨਣ ਕੀਤਾ ਗਿਆ ਹੈ, ਜੋ ਅੜੀ ਵਿੱਚ ਕੋਈ ਮਾਮੂਲੀ ਚੀਜ਼ ਨਹੀਂ ਦੇਂਦਾ ਪ੍ਰੰਤੂ ਮਨ ਦੀ ਮੌਜ ਵਿੱਚ ਵੱਡਮੁੱਲੀ ਵਸਤੂ ਮੁਫ਼ਤ ਵਿੱਚ ਦੇ ਦੇਂਦਾ ਹੈ।

ਜੱਟ ਜੱਟਾਂ ਦੇ ਸਾਲ਼ੇ ਵਿਚ ਕਰਦੇ ਘਾਲ਼ੇ-ਮਾਲ਼ੇ——ਜਦੋਂ ਚਾਰ-ਪੰਜ ਜਣੇ ਰਲ਼ ਕੇ ਕਿਸੇ ਨੂੰ ਲੁੱਟ ਲੈਣ, ਉਦੋਂ ਇਹ ਅਖਾਣ ਵਰਤਦੇ ਹਨ।

ਜੱਟ ਜਾਣੇ ਤੇ ਬਿੱਜੂ ਜਾਣੇ, ਚੂਹੜਾ ਨੌ ਬਰ ਨੌ——ਜਦੋਂ ਕੋਈ ਬੰਦਾ ਆਪਣੇ ਆਪ ਨੂੰ ਬਚਾ ਕੇ, ਦੋ ਆਪਸ ਵਿੱਚ ਟਕਰਾ ਰਹੀਆਂ ਧਿਰਾਂ ਵਿਚਕਾਰ ਨਿਰਲੇਪ ਤੇ ਅਟੰਕ ਰਹਿ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਜੱਟ ਤੇ ਸੂਰ ਬਰਾਬਰ, ਜੱਟ ਤੋਲਾ ਭਾਰਾ, ਸੂਰ ਪੁੱਟੇ ਮਰਲਾ ਜੱਟ ਵਿੱਘਾ ਸਾਰਾ——ਇਸ ਅਖਾਣ ਵਿੱਚ ਜੱਟ ਦੇ ਸੁਭਾਅ ਨੂੰ ਸੂਰ ਨਾਲ਼ੋਂ ਵੀ ਅੱਥਰਾ ਦੱਸਿਆ ਗਿਆ ਹੈ। ਜੱਟ ਅੜੀ 'ਤੇ ਆਇਆ ਹੋਇਆ ਬਹੁਤ ਸਾਰਾ ਨੁਕਸਾਨ ਕਰ ਦਿੰਦਾ ਹੈ।

ਜੱਟ ਦੀਆਂ ਸੌ ਮਾਵਾਂ ਹੁੰਦੀਆਂ ਹਨ——ਭਾਵ ਇਹ ਹੈ ਕਿ ਜੱਟ ਦੂਰ-ਦੁਰਾਡੇ ਜਾ ਕੇ ਵੀ ਉਥੋਂ ਦੇ ਜੱਟਾਂ ਨਾਲ਼ ਕੋਈ ਨਾ ਕੋਈ ਰਿਸ਼ਤੇਦਾਰੀ ਕੱਢ ਲੈਂਦਾ ਹੈ ਤੇ ਉਹ ਆਪਸ ਵਿੱਚ ਰਿਸ਼ਤੇਦਾਰ ਬਣ ਜਾਂਦੇ ਹਨ।

ਜੱਟ ਦੇ ਜੌਂ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ——ਇਸ ਅਖਾਣ ਵਿੱਚ ਜੱਟ ਦੇ ਮਤਲਬੀ ਸੁਭਾਅ ਦੇ ਕਿਰਦਾਰ ਦਾ ਵਰਨਣ ਕੀਤਾ ਗਿਆ ਹੈ।

ਜੱਟ ਨਾ ਜਾਣੇ ਗੁਣ ਕਰਾ, ਚਣਾ ਨਾ ਜਾਣੇ ਵਾਹ——ਇਸ ਅਖਾਣ ਰਾਹੀਂ ਇਹ ਦੱਸਿਆ ਗਿਆ ਹੈ ਕਿ ਜੱਟ ਕੀਤੇ ਨੂੰ ਨਹੀਂ ਜਾਣਦਾ ਅਤੇ ਛੋਲਿਆਂ ਵਾਸਤੇ ਬਹੁਤੀ ਵਾਹੀ ਦੀ ਲੋੜ ਨਹੀਂ।

ਜੱਟ ਪੰਜ ਨਹੀਂ ਸਹਿੰਦਾ ਪੰਜਾਹ ਸਹਿ ਲੈਂਦਾ ਹੈ——ਇਸ ਅਖਾਣ ਵਿੱਚ ਜੱਟ ਦੇ ਅਲੱਥੇ ਸੁਭਾਅ ਦਾ ਵਰਨਣ ਕੀਤਾ ਗਿਆ ਹੈ ਜੋ ਥੋੜ੍ਹਾ ਨੁਕਸਾਨ ਸਹਿਣ ਦੀ ਬਜਾਏ ਬਹੁਤਾ ਨੁਕਸਾਨ ਸਹਿ ਲੈਂਦਾ ਹੈ।

ਜੱਟ ਪਿਆਈ ਲੱਸੀ ਗਲ ਵਿੱਚ ਪਾ ਲਈ ਰੱਸੀ——ਭਾਵ ਇਹ ਹੈ ਕਿ ਜੱਟ ਉਸ ਵੱਲੋਂ ਕੀਤੇ ਹੋਏ ਮਾੜੇ ਮੋਟੇ ਅਹਿਸਾਨ ਨੂੰ ਵਾਰ-ਵਾਰ ਚਿਤਾਰਦਾ ਰਹਿੰਦਾ ਹੈ।

ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲ਼ਾ——ਇਸ ਅਖਾਣ ਰਾਹੀਂ ਜੱਟ ਦੇ ਭੋਲੇਪਣ ਅਤੇ ਸਾਦਗੀ ਦਾ ਜ਼ਿਕਰ ਕੀਤਾ ਗਿਆ ਹੈ।

ਜੱਟ ਮੋਇਆ ਜਾਣੀਏ, ਜਦ ਤੇਰਵਾਂ ਹੋਵੇ——ਇਹ ਅਖਾਣ ਜੱਟ ਦੇ ਸਖ਼ਤ ਜਾਨ ਹੋਣ ਦੀ ਸਾਖੀ ਭਰਦਾ ਹੈ। ਜੱਟ ਮਰਿਆ ਹੋਇਆ ਵੀ ਛੇਤੀ ਕਾਬੂ ਨਹੀਂ ਆਉਂਦਾ।

ਜੱਟ ਯਾਰ ਨਹੀਂ ਤੇ ਕਿੰਗ ਹਥਿਆਰ ਨਹੀਂ——ਭਾਵ ਇਹ ਹੈ ਕਿ ਜੱਟ ਦਾ ਕੋਈ | ਇਤਬਾਰ ਨਹੀਂ, ਪਤਾ ਨਹੀਂ ਕਦੋਂ ਵਿਗੜ ਜਾਵੇ। ਜੱਟ ਵਧੇ ਰਾਹ ਬੱਧੇ, ਕਿਰਾੜ ਵਧੇ ਜੱਟ ਬੱਧੇ——ਇਸ ਅਖਾਣ ਰਾਹੀਂ ਜੱਟ ਅਤੇ ਕਿਰਾੜ ਦੇ ਜਾਤੀ ਸੁਭਾਅ ਬਾਰੇ ਦੱਸਿਆ ਗਿਆ ਹੈ। ਭਾਵ ਇਹ ਹੈ ਕਿ ਰੱਜਿਆ ਹੋਇਆ ਜੱਟ ਵਧੇਰੇ ਖ਼ਰੂਦ ਪਾਉਂਦਾ ਹੈ ਤੇ ਰਾਹ ਜਾਂਦਿਆਂ ਨੂੰ ਲੁੱਟ ਲੈਂਦਾ ਹੈ। ਜਦੋਂ ਕਿਰਾੜ ਸੌਖਾ ਹੋਵੇ, ਉਹ ਜੱਟਾਂ 'ਤੇ ਮੁਕੱਦਮੇ ਕਰਕੇ ਉਸ ਨੂੰ ਕੈਦ ਕਰਵਾ ਦਿੰਦਾ ਹੈ।

ਜਥਾ ਰਾਜਾ ਤਥਾ ਪਰਜਾ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੋ ਜਿਹੀ ਸਰਕਾਰ ਹੋਵੇਗੀ, ਉਹੋ ਜਿਹੇ ਲੋਕ ਹੋਣਗੇ। ਸਰਕਾਰੀ ਪ੍ਰਬੰਧ ਦਾ ਆਮ ਲੋਕਾਂ 'ਤੇ ਅਸਰ ਪੈਂਦਾ ਹੈ।

ਜਦ ਤੱਕ ਸਾਸ, ਤਦ ਤੱਕ ਆਸ——ਭਾਵ ਸਪੱਸ਼ਟ ਹੈ ਕਿ ਮਨੁੱਖ ਮਰਦੇ ਦਮ ਤੱਕ ਆਸ ਦਾ ਪੱਲਾ ਨਹੀਂ ਛੱਡਦਾ।

ਜਦ ਦੇ ਜੰਮੇ ਚੰਦਰ ਭਾਨ, ਚੁ ਚੁਲ੍ਹੇ ਅੱਗ ਨਾ ਮੰਜੇ ਬਾਣ——ਕਿਸੇ ਮਨਹੂਸ ਬੰਦੇ ਨੂੰ ਭੰਡਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਜਦ ਮਸਾਣਾਂ ਵਿੱਚ ਪੁੱਜੀ ਦੇਹ, ਬਾਣੀਆਂ ਚਮੜੀ ਦੇ, ਪਰ ਦਮੜੀ ਨਾ ਦੇ—— ਇਹ ਅਖਾਣ ਬਾਣੀਏਂ ਦੀ ਤੰਗ-ਦਿਲੀ ਅਤੇ ਕੰਜੂਸੀ ਦਾ ਚਿੱਤਰ ਪੇਸ਼ ਕਰਦਾ ਹੈ। ਬਾਣੀਆਂ ਮਰ ਕੇ ਵੀ ਹੱਥੋਂ ਕੁਝ ਨਹੀਂ ਦੇਂਦਾ।

ਜਦੋਂ ਰੱਬ ਦੇਣ ਤੇ ਆਵੇ ਤਾਂ ਛੱਤ ਪਾੜ ਕੇ ਦਿੰਦਾ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਰੱਬ ਦੇ ਰੰਗ ਨਿਆਰੇ ਹਨ। ਜਦੋਂ ਉਹ ਕਿਸੇ 'ਤੇ ਤਰੁੱਠਦਾ ਹੈ ਤਾਂ ਬੰਦੇ ਨੂੰ ਉਹ ਕੁਝ ਪ੍ਰਾਪਤ ਹੋ ਜਾਂਦਾ ਹੈ ਜਿਸ ਦੀ ਉਸ ਨੂੰ ਉੱਕਾ ਹੀ ਉਮੀਦ ਨਾ ਹੋਵੇ।

ਜਨਮ ਨਾ ਕੰਘੀ ਵਾਹੀ, ਸਿਰ ਬੁਕ ਬੁਕ ਲੀਖਾਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਲਾਪ੍ਰਵਾਹੀ ਕਾਰਨ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈ ਜਾਣ।

ਜ਼ਨਾਨੀ ਹੋਵੇ ਭੁੱਖੀ, ਸਵੇਲੇ ਧੂਣੀ ਧੁਖੀ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇਕਰ ਤੀਵੀਂ ਭੁੱਖੀ ਹੋਵੇ ਤਾਂ ਉਹ ਆਮ ਸਮੇਂ ਨਾਲ਼ੋਂ ਪਹਿਲਾਂ ਰੋਟੀ ਟੁੱਕ ਦਾ ਆਹਰ ਕਰ ਲੈਂਦੀ ਹੈ।

ਜੰਮ ਮੁੱਕੀ ਨਹੀਂ, ਨੱਕ ਨਾਨਕਿਆਂ 'ਤੇ——ਇਹ ਅਖਾਣ ਉਸ ਹੋਛੇ ਤੇ ਛੋਟੇ ਬੰਦੇ ਲਈ ਵਰਤਦੇ ਹਨ ਜਿਹੜਾ ਫ਼ੋਕੀ ਆਕੜ ਦਿਖਾਵੇ ਤੇ ਗੁਸਤਾਖੀ ਕਰੇ।

ਜੰਮਣ ਵਾਲੇ ਛੁੱਟ ਗਏ, ਸਹੇੜੜੇ ਫਸ ਗਏ——ਇਹ ਅਖਾਣ ਆਮ ਤੌਰ 'ਤੇ ਸੱਸਾਂ ਆਪਣੀਆਂ ਅਵੈੜੇ ਸੁਭਾਅ ਵਾਲ਼ੀਆਂ ਨੂੰਹਾਂ ਲਈ ਵਰਤਦੀਆਂ ਹਨ।

ਜਮਾਤ ਕਰਾਮਾਤ——ਭਾਵ ਇਹ ਹੈ ਕਿ ਇਕੱਠ ਅਤੇ ਏਕੇ ਵਿੱਚ ਬਹੁਤ ਵੱਡੀ ਬਰਕਤ ਹੁੰਦੀ ਹੈ, ਇੱਕਠਿਆਂ ਹੋ ਕੇ ਔਖੇ ਤੋਂ ਔਖਾ ਕੰਮ ਵੀ ਸੁਖਾਲ਼ਿਆਂ ਨਿੱਬੜ ਜਾਂਦਾ ਹੈ। ਜੰਮੀ ਨਾ ਜਾਈ ਮੈਂ ਮੁੰਡੇ ਦੀ ਤਾਈ——ਇਹ ਅਖਾਣ ਉਸ ਬੰਦੇ ਲਈ ਵਰਤਦੇ ਹਨ ਜਿਹੜਾ ਆਪਣੇ ਮਤਲਬ ਲਈ ਖਾਹ-ਮਖਾਹ ਰਿਸ਼ਤੇਦਾਰੀਆਂ ਗੰਢ ਲਵੇ।

ਜ਼ਨਾਨੀ ਮੰਗੇ ਪੇੜੇ ਉਸ ਨੂੰ ਦੇਣ ਵਾਲੇ ਬਥੇਰੇ, ਮਰਦ ਮੰਗੇ ਆਟਾ ਉਸ ਨੂੰ ਆਟੇ ਦਾ ਵੀ ਘਾਟਾ——ਇਹ ਅਖਾਣ ਆਮ ਕਰਕੇ ਮਰਦ ਔਰਤਾਂ ਨੂੰ ਮਜ਼ਾਕ ਵਿੱਚ ਆਖਦੇ ਹਨ। ਬਈ ਮਰਦਾਂ ਨੂੰ ਕਿਹੜਾ ਪੁੱਛਦੈ? ਪੁੱਛ ਤਾਂ ਜ਼ਨਾਨੀਆਂ ਦੀ ਪੈਂਦੀ ਐ।

ਜੰਮੇ ਨੌਂ ਪਿੱਟੇ ਤੇਰਾਂ——ਜਦੋਂ ਕੋਈ ਬੰਦਾ ਆਪਣੇ ਕਾਰ ਵਿਹਾਰ ਵਿੱਚ ਪਏ ਘਾਟੇ ਨੂੰ ਆਪਣੀ ਅਸਲੀ ਰਾਸ ਪੂੰਜੀ ਨਾਲ਼ੋਂ ਪਏ ਵੱਧ ਘਾਟੇ ਦਾ ਰੌਲ਼ਾ ਪਾਵੇ, ਉਦੋਂ ਇੰਜ ਆਖਦੇ ਹਨ।

ਜੰਮੇ ਲਾਲ ਤੇ ਵੰਡੇ ਕੋਲੇ——ਇਹ ਅਖਾਣ ਕਿਸੇ ਭੱਦਰ ਪੁਰਸ਼ ਦੀ ਨਾਲਾਇਕ ਔਲਾਦ ਦੀ ਭੈੜੀ ਕਰਤੁਤ ਨੂੰ ਵੇਖ ਕੇ ਵਰਤਦੇ ਹਨ।

ਜਵਾਰ ਦੇ ਭੋਖੜੇ ਕੋਈ ਅੰਗਾਰ ਨਹੀਂ ਖਾਂਦਾ——ਭਾਵ ਇਹ ਹੈ ਕਿ ਬੰਦਾ ਉਸੇ ਵਸਤੂ ਦੀ ਭਾਲ਼ ਕਰਦਾ ਹੈ ਜਿਸ ਦੀ ਉਸ ਨੂੰ ਲੋੜ ਹੋਵੇ।

ਜਾਂ ਦਿਨ ਹੋਣ ਸਵੱਲੜੇ, ਉੱਗਣ ਭੁੱਜੇ ਮੋਠ——ਭਾਵ ਇਹ ਹੈ ਕਿ ਜੇਕਰ ਬੰਦੇ ਦੀ ਕਿਸਮਤ ਚੰਗੀ ਹੋਵੇ ਤਾਂ ਵਿਗੜੇ ਹੋਏ ਕੰਮ ਵੀ ਰਾਸ ਆ ਜਾਂਦੇ ਹਨ।

ਜਾਂ ਨੂੰਹ ਕਵਾਰੀ ਸੱਸ ਸਦਕੇ ਤੇ ਵਾਰੀ, ਜਾਂ ਨੂੰਹ ਵਿਆਹੀ ਨਿੱਤ ਝਗੜਾ ਤੇ ਲੜਾਈ——ਭਾਵ ਇਹ ਹੈ ਕਿ ਜਦੋਂ ਵਿਆਹ ਮਗਰੋਂ ਨੂੰਹ ਘਰ ਆ ਕੇ ਸੱਸ ਪਾਸੋਂ ਆਪਣੇ ਹੱਕ ਹਕੂਕ ਮੰਗਦੀ ਹੈ, ਸੱਸ ਛੇਤੀ ਦੇਣ ਨੂੰ ਤਿਆਰ ਨਹੀਂ ਹੁੰਦੀ, ਜਿਸ ਕਰਕੇ ਘਰ ਵਿੱਚ ਸੱਸ-ਨੂੰਹ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ।

ਜਾਹ ਨੀ ਧੀਏ ਰਾਵੀ, ਨਾ ਕੋਈ ਆਵੀ ਨਾ ਕੋਈ ਜਾਣੀ——ਜਦੋਂ ਕੋਈ ਸੱਜਣ ਪਿਆਰਾ ਕਿਧਰੇ ਦੂਰ ਜਾ ਵਸੇ, ਉਦੋਂ ਇਹ ਅਖਾਣ ਬੋਲਦੇ ਹਨ।

ਜਾਗਦਿਆਂ ਦੀਆਂ ਕੱਟੀਆਂ, ਸੁੱਤਿਆਂ ਦੇ ਕੱਟੇ——ਭਾਵ ਇਹ ਹੈ ਕਿ ਸੁਚੇਤ ਰਹਿਣ ਵਾਲ਼ਾ ਬੰਦਾ ਸੁਸਤ ਬੰਦੇ ਨਾਲ਼ੋਂ ਹਰ ਗੱਲ ਵਿੱਚ ਮੀਰੀ ਰਹਿੰਦਾ ਹੈ।

ਜਾਤ ਦੀ ਕੋਹੜ ਕਿਰਲੀ ਛਤੀਰਾਂ ਨਾਲ਼ ਜੱਫੇ——ਕਿਸੇ ਆਰਥਿਕ ਤੌਰ 'ਤੇ ਮਾੜੇ ਬੰਦੇ ਨੂੰ ਧਨਾਢ ਬੰਦਿਆਂ ਨਾਲ਼ ਸਕੀਰੀ ਗੰਢਣ ਸਮੇਂ ਇਹ ਅਖਾਣ ਬੋਲਦੇ ਹਨ। ਕੋਈ ਕਮਜ਼ੋਰ ਬੰਦਾ ਤਕੜੇ ਬੰਦੇ ਨੂੰ ਹੱਥ ਪਾਵੇ, ਉਦੋਂ ਵੀ ਇੰਜ ਆਖਦੇ ਹਨ।

ਜਾਂਦੇ ਚੋਰ ਦੀ ਲੰਗੋਟੀ ਹੀ ਸਹੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਬਹੁਤਾ ਲਾਭ ਮਿਲਣ ਦੀ ਥਾਂ ਥੋੜ੍ਹਾ ਲਾਭ ਪ੍ਰਾਪਤ ਹੋਵੇ ਜਾਂ ਜਦੋਂ ਕਿਸੇ ਕੰਜੂਸ ਬੰਦੇ ਪਾਸੋਂ ਥੋੜ੍ਹੀ ਬਹੁਤੀ ਸਹਾਇਤਾ ਮਿਲ ਜਾਵੇ, ਉਦੋਂ ਵੀ ਇਹ ਅਖਾਣ ਬੋਲਿਆ ਜਾਂਦਾ ਹੈ।

ਜਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ——ਜਦੋਂ ਕਿਸੇ ਗੱਲ-ਬਾਤ ਜਾਂ ਦਵਾ ਦਾਰੂ ਦਾ ਅਸਰ ਝਟ-ਪਟ ਸਾਹਮਣੇ ਪ੍ਰਗਟ ਹੋ ਜਾਵੇ, ਉਦੋਂ ਇੰਜ ਆਖਦੇ ਹਨ। ਜਾਨ ਏ, ਜਹਾਨ ਏ——ਇਸ ਅਖਾਣ ਰਾਹੀਂ ਕਿਸੇ ਰੋਗੀ ਤੇ ਕਮਜ਼ੋਰ ਬੰਦੇ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਵਧੇਰੇ ਖ਼ਰਚ ਕਰਨ ਅਤੇ ਘੱਟ ਖੇਚਲ ਵਾਲ਼ੇ ਕੰਮ ਕਰਨ ਲਈ ਸੁਝਾਓ ਦਿੱਤੇ ਗਏ ਹਨ।

ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਉਂ-ਜਿਉਂ ਬੰਦੇ ਦੇ ਸਿਰ 'ਤੇ ਜ਼ਿੰਮੇਵਾਰੀਆਂ ਦਾ ਭਾਰ ਪੈਂਦਾ ਜਾਂਦਾ ਹੈ ਉਹ ਓਨਾ ਹੀ ਸਿਆਣਾ ਤੇ ਤਜਰਬੇਦਾਰ ਬਣ ਜਾਂਦਾ ਹੈ।

ਜਿਉਂ ਜਿਉਂ ਖੋਏਂਗੀ, ਤਿਉਂ ਤਿਉਂ ਰੋਏਂਗੀ——ਭਾਵ ਇਹ ਹੈ ਕਿ ਜਦੋਂ ਕਿਸੇ ਬੰਦੇ ਦਾ ਕਿਸੇ ਭੈੜੀ ਵਸਤੂ ਨਾਲ਼ ਲੰਬੇ ਸਮੇਂ ਦਾ ਵਾਹ ਪੈ ਜਾਵੇ, ਉਦੋਂ ਉਸ ਨਾਲ਼ ਹਮਦਰਦੀ ਪ੍ਰਗਟ ਕਰਦੇ ਹੋਏ ਲੋਕੀਂ ਇਹ ਅਖਾਣ ਬੋਲਦੇ ਹਨ।

ਜਿਸ ਕੋ ਰਾਖੇ ਸਾਈਆਂ ਮਾਰ ਨਾ ਸਕੇ ਕੋ——ਭਾਵ ਇਹ ਹੈ ਕਿ ਜਿਸ ਦੇ ਸਿਰ 'ਤੇ ਪ੍ਰਮਾਤਮਾ ਦਾ ਹੱਥ ਹੋਵੇ, ਉਸ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ।

ਜਿਸ ਖੇਤੀ ਵਿੱਚ ਸਾਈਂ ਨਾ ਜਾਏ, ਉਹ ਖੇਤੀ ਸਾਈਂ ਨੂੰ ਖਾਏ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੜਾ ਕਿਸਾਨ ਆਪਣੀ ਖੇਤੀ ਦੀ ਦੇਖ-ਭਾਲ ਆਪ ਨਹੀਂ ਕਰਦਾ ਉਸ ਨੂੰ ਖੇਤੀ ਵਿੱਚ ਬਹੁਤ ਸਾਰਾ ਨੁਕਸਾਨ ਝੱਲਣਾ ਪੈਂਦਾ ਹੈ।

ਜਿਸ ਗਰਾਂ ਜਾਣਾ ਨਹੀਂ, ਉਸ ਦਾ ਰਾਹ ਕੀ ਪੁੱਛਣਾ——ਭਾਵ ਇਹ ਹੈ ਕਿ ਜਿਹੜਾ ਕੰਮ ਤੁਸੀਂ ਕਰਨਾ ਨਹੀਂ, ਉਹਦੇ ਬਾਰੇ ਸੋਚ ਵਿਚਾਰ ਕਰਨ ਦੀ ਕੀ ਲੋੜ ਹੈ। ਵਾਧੂ ਦੀ ਚਿੰਤਾ 'ਚ ਨਾ ਪਵੋ।

ਜਿਸ ਤਨ ਲੱਗੇ ਸੋ ਤਨ ਜਾਣੇ——ਭਾਵ ਸਪੱਸ਼ਟ ਹੈ। ਜਿਸ ਨੂੰ ਕੋਈ ਦੁਖ ਪੁੱਜਦਾ ਹੈ ਉਸ ਨੂੰ ਉਹ ਹੀ ਜਾਣਦਾ ਹੈ ਦੂਜਾ ਨਹੀਂ ਜਾਣ ਸਕਦਾ।

ਜਿਸ ਦਾ ਆਂਡਲ ਵਿਕੇ, ਉਹ ਖੱਸੀ ਕਿਉਂ ਕਰੇ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਜੇ ਥੋੜੀ ਮਿਹਨਤ ਕਰਨ ਨਾਲ਼ ਚੰਗੀ ਆਮਦਨ ਹੋ ਸਕਦੀ ਹੈ ਤਾਂ ਬਹੁਤੀ ਮਿਹਨਤ ਤੇ ਨੱਠ-ਭੱਜ ਕਰਨ ਦੀ ਕੀ ਲੋੜ ਹੈ।

ਜਿਸ ਦਾ ਖਾਈਏ, ਉਸ ਦੇ ਗੁਣ ਗਾਈਏ——ਭਾਵ ਇਹ ਹੈ ਕਿ ਜਿਸ ਬੰਦੇ ਦੀ ਕ੍ਰਿਪਾ ਦੁਆਰਾ ਤੁਹਾਨੂੰ ਲਾਭ ਪ੍ਰਾਪਤ ਹੁੰਦਾ ਹੈ ਉਸ ਦੀ ਵਡਿਆਈ ਕਰਨਾ ਤੁਹਾਡਾ ਫ਼ਰਜ਼ ਹੈ।

ਜਿਸ ਦਾ ਵਗੇ ਖਾਲ਼, ਉਹਨੂੰ ਕੀ ਆਖੇ ਕਾਲ਼——ਭਾਵ ਇਹ ਹੈ ਕਿ ਜਿਸ ਕਿਸਾਨ ਦੀ ਪੈਲੀ ਨੂੰ ਚੰਗਾ ਚੋਖਾ ਪਾਣੀ ਲੱਗਦਾ ਹੋਵੇ, ਉਹਦੀ ਫ਼ਸਲ ਚੰਗੀ ਹੁੰਦੀ ਹੈ। ਉਸ ਨੂੰ ਕਾਲ਼ ਪੈਣ ਦਾ ਡਰ ਨਹੀਂ।

ਜਿਸ ਦੇ ਨਾ ਫਟੀ ਬਿਆਈ, ਉਹ ਕੀ ਜਾਣੇ ਪੀੜ ਪਰਾਈ——ਜਦੋਂ ਕੋਈ ਕਿਸੇ ਦੂਜੇ ਦੇ ਦੁਖ 'ਤੇ ਮਖੌਲ ਉਡਾਵੇ, ਉਸ ਨੂੰ ਸਮਝਾਉਣ ਲਈ ਇਹ ਅਖਾਣ ਬੋਲਦੇ ਹਨ। ਦੂਜੇ ਦੇ ਦੁੱਖ ਨੂੰ ਕੋਈ ਨਹੀਂ ਜਾਣ ਸਕਦਾ। ਜਿਸ ਦੀ ਬਾਂਦਰੀ ਓਹੀ ਨਚਾਏ——ਭਾਵ ਇਹ ਹੈ ਕਿ ਕਿਸੇ ਚੀਜ਼ ਜਾਂ ਮਸ਼ੀਨ ਦਾ ਮਾਲਕ ਹੀ ਉਸ ਨੂੰ ਚੰਗੀ ਤਰ੍ਹਾਂ ਚਲਾਉਣ ਦਾ ਵਲ ਜਾਣਦਾ ਹੈ।

ਜਿਸ ਦੇ ਹੱਥ ਹਥਿਆਰ ਉਸ ਦਾ ਕੀ ਇਤਬਾਰ——ਭਾਵ ਇਹ ਹੈ ਕਿ ਜਿਸ ਬੰਦੇ ਕੋਲ਼ ਹਥਿਆਰ ਹੋਵੇ, ਉਹ ਕਿਸੇ ਵੇਲ਼ੇ ਵੀ ਨਾਰਾਜ਼ ਹੋ ਕੇ ਹਥਿਆਰ ਚਲਾ ਸਕਦਾ ਹੈ। ਇਸ ਲਈ ਉਸ ਤੋਂ ਬਚ ਕੇ ਰਹਿਣਾ ਹੀ ਚੰਗਾ ਹੈ।

ਜਿਸ ਦੇ ਹੱਥ ਡੋਈ ਉਸ ਦਾ ਸਭ ਕੋਈ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਸ ਬੰਦੇ ਕੋਲ ਖਾਣ-ਪੀਣ ਜਾਂ ਕੁਝ ਦੇ ਸਕਣ ਦੀ ਸਮਰੱਥਾ ਹੋਵੇ, ਸਭ ਉਸ ਦੇ ਮਿੱਤਰ ਬਣ ਜਾਂਦੇ ਹਨ।

ਜਿਸ ਦੇ ਗਲ਼ ਪੱਲਾ, ਉਹਨੂੰ ਸੌ ਖੱਲਾ, ਜਿਸ ਦਾ ਹੱਥ ਖੁੱਲ੍ਹਾ ਉਹਨੂੰ ਖੈਰ ਸੱਲਾ——ਜਿਹੜਾ ਬੰਦਾ ਗਲ਼ ਪੱਲਾ ਪਾ ਕੇ ਅਧੀਨਤਾ ਦਿਖਾਵੇ ਉਹ ਨੂੰ ਮਾਰ ਪੈਂਦੀ ਹੈ, ਜਿਹੜਾ ਖੁੱਲ੍ਹੇ ਹੱਥੀਂ ਹੋਵੇ ਉਸ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਕਿਉਂਕਿ ਉਹ ਵੀ ਅੱਗੋਂ ਹੱਥ ਚੁੱਕ ਕੇ ਇੱਟ ਦਾ ਜਵਾਬ ਪੱਥਰ ਨਾਲ਼ ਦਿੰਦਾ ਹੈ।

ਜਿਸ ਦੇ ਘਰ ਬੈਲ ਵਾਹ, ਉਹਨੂੰ ਧਨ ਦੀ ਕੀ ਪ੍ਰਵਾਹ——ਭਾਵ ਇਹ ਹੈ ਕਿ ਜਿਸ ਕਿਸਾਨ ਕੋਲ ਆਪਣੀ ਵਾਹੀ ਜੋਗੀ ਜ਼ਮੀਨ ਹੋਵੇ ਤੇ ਬਲਦ ਹੋਣ ਉਹ ਨੂੰ ਧੰਨ ਦੀ ਤੋਟ ਨਹੀਂ ਰਹਿੰਦੀ।

ਜਿਸ ਦੇ ਢੱਗੇ ਮਾੜੇ, ਉਸ ਦੇ ਕਰਮ ਵੀ ਮਾੜੇ——ਭਾਵ ਇਹ ਹੈ ਕਿ ਕਮਜ਼ੋਰ ਬਲਦਾਂ ਨਾਲ਼ ਖੇਤੀ ਨਹੀਂ ਹੋ ਸਕਦੀ। ਲਾਭ ਦੀ ਥਾਂ ਉਲਟਾ ਨੁਕਸਾਨ ਹੁੰਦਾ ਹੈ।

ਜਿਸ ਨੇ ਕੀਤੀ ਸ਼ਰਮ ਉਸ ਦੇ ਫੁੱਟੇ ਕਰਮ——ਇੰਜ ਮਖ਼ੌਲ ਵਜੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਖਾਣ-ਪੀਣ ਸਮੇਂ ਸ਼ਰਮ ਕਰਨ ਵਾਲ਼ਾ ਘਾਟੇ ਵਿੱਚ ਰਹਿੰਦਾ ਹੈ। ਜਾਂ ਜਿਹੜੇ ਕੰਮਚੋਰ ਬੰਦੇ ਕੋਈ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ, ਉਹ ਆਪਣੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੇ।

ਜਿਸ ਭਰਵਾਣੀ ਦੀ ਉੱਨ ਨਾ ਵੇਲੀ ਉਸੇ ਦਾ ਮੂੰਹ ਵਿੰਗਾ——ਭਾਵ ਇਹ ਹੈ ਕਿ ਜਿਸ ਕਿਸੇ ਦਾ ਤੁਸੀਂ ਕੰਮ ਨਾ ਕਰੋ ਉਹ ਤੁਹਾਡੇ ਨਾਲ਼ ਨਾਰਾਜ਼ ਹੋ ਜਾਂਦਾ ਹੈ।

ਜਿਹੜਾ ਆਈ ਗਲ ਰੱਖੇ, ਉਹ ਮੋਇਆ ਮੁਰਦਾ ਚੱਖੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਗੱਲ ਕਰਦਾ-ਕਰਦਾ ਗੱਲ ਨੂੰ ਅੱਗੋਂ ਲੁਕਾਉਣ ਦੀ ਕੋਸ਼ਿਸ਼ ਕਰੇ।

ਜਿਹੜਾ ਸੁਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ——ਇਸ ਅਖਾਣ ਵਿੱਚ ਘਰ ਦੇ ਸੁਖ ਤੇ ਮੌਜ ਦੀ ਵਡਿਆਈ ਕੀਤੀ ਗਈ ਹੈ।

ਜਿਹੜਾ ਖਾਏ ਉਹ ਵੀ ਪਛਤਾਏ ਜਿਹੜਾ ਨਾ ਖਾਏ ਉਹ ਵੀ ਪਛਤਾਏ——ਇਸ ਅਖਾਣ ਵਿੱਚ ਗ੍ਰਹਿਸਤੀ ਜੀਵਨ ਦੇ ਦੁੱਖਾਂ-ਸੁੱਖਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਗ੍ਰਹਿਸਤੀ ਗ੍ਰਹਿਸਤ ਦੇ ਦੁੱਖਾਂ ਹੱਥੋਂ ਔਖੇ ਹਨ, ਜਿਨ੍ਹਾਂ ਨੇ ਗ੍ਰਹਿਸਤੀ ਜੀਵਨ ਧਾਰਨ ਨਹੀਂ ਕੀਤਾ ਉਹ ਆਪਣੇ ਆਪ ਨੂੰ ਗ੍ਰਹਿਸਤ ਦੇ ਸੁੱਖਾਂ ਤੋਂ ਵਾਂਝਿਆਂ ਸਮਝ ਕੇ ਦੁਖੀ ਹਨ।

ਜਿਹੜਾ ਗੁੜ ਦਿੱਤਿਆਂ ਮਰੇ ਉਹਨੂੰ ਜ਼ਹਿਰ ਦੀ ਕੀ ਲੋੜ——ਭਾਵ ਇਹ ਹੈ ਕਿ ਜਿਹੜਾ ਕੰਮ ਨਰਮਾਈ ਵਰਤਣ ਨਾਲ਼ ਰਾਸ ਆ ਜਾਵੇ, ਉਹਦੇ ਲਈ ਸਖ਼ਤੀ ਵਰਤਣ ਦੀ ਲੋੜ ਨਹੀਂ।

ਜਿਹੜਾ ਜਾਣੇ ਆਪ ਨੂੰ, ਉਹਦੇ ਜਾਣੀਏਂ ਮਾਈ ਬਾਪ ਨੂੰ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਜਿਹੜਾ ਬੰਦਾ ਤੁਹਾਡਾ ਆਦਰ ਮਾਣ ਕਰਦਾ ਹੈ ਜਾਂ ਤੁਹਾਡੇ 'ਤੇ ਕੋਈ ਉਪਕਾਰ ਕਰਦਾ ਹੈ, ਉਸ ਦੇ ਆਦਰ, ਮਾਣ ਤੇ ਉਪਕਾਰ ਨੂੰ ਕਦੇ ਨਾ ਭੁੱਲੋ ਤੇ ਸਮਾਂ ਮਿਲਣ 'ਤੇ ਉਸ ਦਾ ਆਦਰ ਮਾਣ ਕਰੋ ਅਤੇ ਬਦਲੇ ਵਿੱਚ ਉਸ 'ਤੇ ਵੀ ਕੋਈ ਉਪਕਾਰ ਕਰੋ।

ਜਿਹੜਾ ਬੋਲੇ ਉਹੀ ਕੁੰਡਾ ਖੋਹਲੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਕੰਮ ਦੀ ਸਹੀ ਸਲਾਹ ਦੇਣ ਵਾਲ਼ੇ ਬੰਦੇ ਨੂੰ ਉਹੀ ਕੰਮ ਆਪ ਕਰਨ ਲਈ ਸੌਂਪ ਦਿੱਤਾ ਜਾਵੇ।

ਜਿਹੜੀ ਕਰੇ ਘਿਉ, ਨਾ ਕਰੇ ਮਾਂ ਨਾ ਕਰੇ ਪਿਉ——ਇਸ ਅਖਾਣ ਵਿੱਚ ਦੇਸੀ ਘਿਉ ਦੀ ਮਹਾਨਤਾ ਬਾਰੇ ਦੱਸਿਆ ਗਿਆ ਹੈ।

ਜਿਹੜੀ ਕਰੇ ਪੌਲਾ, ਉਹ ਨਾ ਕਰੇ ਮੌਲਾ——ਭਾਵ ਇਹ ਹੈ ਕਿ ਕਈ ਵਾਰ ਧੱਕੇ ਤੇ ਜ਼ੋਰ ਨਾਲ਼ ਔਖੇ ਕੰਮ ਸਿਰੇ ਚੜ੍ਹ ਜਾਂਦੇ ਹਨ।

ਜਿਹੜੇ ਏਥੇ ਭੈੜੇ ਉਹ ਲਾਹੌਰ ਵੀ ਭੈੜੇ——ਭਾਵ ਇਹ ਹੈ ਕਿ ਸਥਾਨ ਬਦਲਣ ਨਾਲ ਭੈੜੇ ਸੁਭਾਅ ਵਾਲ਼ੇ ਬੰਦਿਆਂ ਦੇ ਸੁਭਾਅ ਨਹੀਂ ਬਦਲਦੇ।

ਜਿਹੜੇ ਗਜਦੇ ਨੇ ਉਹ ਵਸਦੇ ਨਹੀਂ——ਭਾਵ ਇਹ ਹੈ ਕਿ ਫ਼ੋਕੀਆਂ ਗੱਲਾਂ ਨਾਲ਼ ਹਮਦਰਦੀ ਕਰਨ ਵਾਲ਼ੇ ਮਿੱਤਰ ਤੇ ਸਨੇਹੀ ਲੋੜ ਸਮੇਂ ਕੰਮ ਨਹੀਂ ਆਉਂਦੇ, ਪਿੱਠ ਦਿਖਾ ਜਾਂਦੇ ਹਨ।

ਜਿਹਾ ਤੇਰਾ ਲੂਣ ਪਾਣੀ ਕਿਹਾ ਮੇਰਾ ਕੰਮ ਜਾਣੀ——ਭਾਵ ਇਹ ਹੈ ਕਿ ਜਿੰਨੀ ਤੁਸੀਂ ਕਿਸੇ ਦੀ ਸੇਵਾ ਕਰੋਗੇ ਜਾਂ ਜਿੰਨੀ ਮਿਹਨਤ ਮਜ਼ਦੂਰੀ ਦੇਵੋਗੇ ਉਹ ਉਸੇ ਅਨੁਸਾਰ ਹੀ ਤੁਹਾਡਾ ਕੰਮ ਕਰੇਗਾ।

ਜਿਹਾ ਦੁੱਧ, ਤੇਹੀ ਬੁੱਧ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਬੱਚੇ ਦੀ ਸਿਆਣਪ ਅਤੇ ਬੁੱਧ ਦਾ ਪੱਧਰ ਉਸ ਦੀ ਮਾਂ ਦੇ ਬੌਧਿਕ ਪੱਧਰ ਅਨੁਸਾਰ ਹੀ ਹੁੰਦਾ ਹੈ।

ਜਿਹਾ ਦੇਸ, ਤੇਹਾ ਵੇਸ——ਇਸ ਅਖਾਣ ਰਾਹੀਂ ਇਹ ਸਿੱਖਿਆ ਦਿੱਤੀ ਗਈ ਹੈ ਕਿ ਜਿਸ ਦੇਸ਼ ਵਿੱਚ ਵੀ ਤੁਸੀਂ ਜਾ ਕੇ ਵਸੋ, ਉਸ ਦੇ ਰਸਮੋ-ਰਿਵਾਜ਼ ਅਨੁਸਾਰ ਆਪਣੇ ਆਪ ਨੂੰ ਢਾਲ ਲਵੋ ਤਾਂ ਸੁਖੀ ਜੀਵਨ ਬਤੀਤ ਕਰੋਗੇ।

ਜਿਹਾ ਮੂੰਹ ਤੇ ਚਪੇੜ——ਭਾਵ ਇਹ ਹੈ ਕਿ ਬੰਦਾ ਜਿਸ ਹੈਸੀਅਤ ਦਾ ਮਾਲਕ ਹੁੰਦਾ ਹੈ, ਉਸ ਅਨੁਸਾਰ ਹੀ ਉਸ ਨਾਲ਼ ਦੂਜੇ ਵਰਤਾਓ ਕਰਦੇ ਹਨ।

ਜਿਤਨਾ ਬਾਹਰ ਉਤਨਾ ਅੰਦਰ——ਇਹ ਅਖਾਣ ਛੋਟੇ ਕੱਦ ਵਾਲ਼ੇ ਝਗੜਾਲੂ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ।

ਜਿਤਨੇ ਮੂੰਹ ਉਤਨੀਆਂ ਗੱਲਾਂ——ਭਾਵ ਇਹ ਹੈ ਕਿ ਦੁਨੀਆਂ ਦੀਆਂ ਗੱਲਾਂ ਤਾਂ ਮੁਕਦੀਆਂ ਹੀ ਨਹੀਂ, ਕੋਈ ਚੰਗਾ ਆਖੂ ਕੋਈ ਮੰਦਾ ਆਖੂ, ਇਸ ਲਈ ਇਹਨਾਂ ਗੱਲਾਂ ਦੀ ਪ੍ਰਵਾਹ ਨਾ ਕਰੋ, ਮਸਤ ਰਹੋ।

ਜਿਤਨੀ (ਜਿੰਨੀ) ਨਹਾਤੀ, ਉਤਨਾ (ਓਨਾ) ਪੁੰਨ——ਜਦੋਂ ਕੋਈ ਕਿਸੇ ਦੇ ਸਾਥ ਜਾਂ ਸਾਂਝ ਭਿਆਲੀ ਤੋਂ ਦੁਖੀ ਹੋ ਕੇ ਉਸ ਦਾ ਸਾਥ ਛੱਡੇ, ਉਦੋਂ ਇਹ ਅਖਾਣ ਬੋਲਦੇ ਹਨ।

ਜਿੱਤਿਆ ਸੋ ਹਾਰਿਆ, ਹਾਰਿਆ ਸੋ ਮਾਰਿਆ——ਇਹ ਅਖਾਣ ਆਮ ਕਰਕੇ ਜੂਏ, ਲੜਾਈ ਅਤੇ ਮੁਕੱਦਮੇਬਾਜ਼ੀ ਵਿੱਚ ਹਾਰੇ-ਜਿੱਤੇ ਬੰਦਿਆਂ ਬਾਰੇ ਵਰਤਿਆ ਜਾਂਦਾ ਹੈ। ਇਹਨਾਂ ਤਿੰਨਾਂ ਵਿੱਚ ਜਿੱਤਣ ਵਾਲ਼ੇ ਦਾ ਹਾਲ ਹਾਰੇ ਵਰਗਾ ਅਤੇ ਹਾਰਨ ਵਾਲੇ ਦਾ ਮਰੇ ਵਰਗਾ ਹੋ ਜਾਂਦਾ ਹੈ।

ਜਿੱਤਿਆ ਹੋਇਆ ਜਵਾਰੀਆ ਪੀਰ ਹੁੰਦੈ——ਜਦੋਂ ਕੋਈ ਆਦਮੀ ਕਿਸੇ ਮਾਮਲੇ ਵਿੱਚ ਸਫ਼ਲਤਾ ਪ੍ਰਾਪਤ ਕਰਕੇ ਫੜ੍ਹਾਂ ਮਾਰੇ, ਉਦੋਂ ਇਹ ਅਖਾਣ ਬੋਲਦੇ ਹਨ।

ਜਿੱਥੇ ਗਾਂ ਉਥੇ ਵੱਛਾ——ਜਦੋਂ ਇਹ ਦੱਸਣਾ ਹੋਵੇ ਕਿ ਦੋ ਬੰਦਿਆਂ ਦਾ ਇਕੱਠੇ ਰਹਿਣਾ ਜ਼ਰੂਰੀ ਹੈ, ਉਦੋਂ ਇੰਜ ਆਖਦੇ ਹਨ।

ਜਿੱਥੇ ਗੁੜ ਉੱਥੇ ਮੱਖੀਆਂ——ਇਸ ਅਖਾਣ ਵਿੱਚ ਕੁਦਰਤੀ ਤੌਰ 'ਤੇ ਇਕੱਠੀਆਂ ਰਹਿਣ ਵਾਲੀਆਂ ਦੋ ਚੀਜ਼ਾਂ ਦੇ ਸੁਭਾਵਿਕ ਮੇਲ ਬਾਰੇ ਸੰਕੇਤ ਕੀਤਾ ਗਿਆ ਹੈ। ਅਖਾਣ ਦਾ ਭਾਵ ਇਹ ਵੀ ਹੈ ਕਿ ਕਿਸੇ ਲੋੜੀਂਦੀ ਜ਼ਰੂਰੀ ਵਸਤੂ ਨੂੰ ਵੇਖ ਕੇ ਉਸ ਦੇ ਲੋੜਵੰਦ ਉਸ ਦੁਆਲੇ ਆ ਝੁਰਮਟ ਪਾਉਂਦੇ ਹਨ।

ਜਿੱਥੇ ਪਈ ਫੁੱਟ ਉਥੇ ਪਈ ਲੁੱਟ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਘਰ ਵਿੱਚ ਪਈ ਫੁੱਟ ਅਤੇ ਬੇ-ਇਤਬਾਰੀ ਦਾ ਨਤੀਜਾ ਸਦਾ ਮਾੜਾ ਨਿਕਲਦਾ ਹੈ।

ਜਿੱਥੇ ਬਲਦੀ ਭਾਹ, ਬਲਦੀ ਉਹਾ ਜਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਜਿਸ ਨੂੰ ਤਕਲੀਫ਼ ਹੋਵੇ, ਉਸ ਦੀ ਪੀੜਾ ਨੂੰ ਉਹੀ ਜਾਣਦਾ ਹੈ। ਭਾਵ ਇਹ ਹੈ ਕਿ ਜਿਸ ਨੂੰ ਕੰਡਾ ਚੁੱਭਦਾ ਹੈ, ਉਸ ਨੂੰ ਹੀ ਪੀੜ ਦਾ ਅਹਿਸਾਸ ਹੁੰਦਾ ਹੈ।

ਜਿੱਥੇ ਮਣਾਂ ਦੇ ਘਾਟੇ ਹੋਣ, ਉੱਥੇ ਕਿਣਕੇ ਕਿਣਕੇ ਨਾਲ਼ ਕੀ ਬਣਦਾ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਬਹੁਤ ਸਾਰਾ ਘਾਟਾ ਪੈ ਜਾਣ ਮਗਰੋਂ ਥੋੜ੍ਹੀ-ਥੋੜ੍ਹੀ ਕੰਜੂਸੀ ਕਰਨ ਨਾਲ਼ ਕੁਝ ਨਹੀਂ ਬਣਦਾ।

ਜਿੱਥੇ ਮੁੱਲਾਂ ਦੀ ਮਸੀਤ, ਉਥੇ ਮੁੰਡਿਆਂ ਦੀ ਖੇਡ——ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੋਹਾਂ ਦੇ ਮੇਲ ਨੂੰ ਅਣਜੋੜ ਦੱਸਣਾ ਹੋਵੇ, ਮੁੰਡਿਆਂ ਨੇ ਤਾਂ ਰੌਲ਼ਾ-ਰੱਪਾ ਪਾਉਣਾ ਹੈ ਤੇ ਮਸੀਤ ਵਿੱਚ ਤਾਂ ਚੁੱਪ ਲੋੜੀਂਦੀ ਹੈ।

ਜਿੱਥੇ ਲੜੀਏ ਆਪਣੇ, ਭੱਜ ਜਾਣ ਪਰਾਏ——ਭਾਵ ਇਹ ਹੈ ਕਿ ਔਖੇ ਸਮੇਂ ਆਪਣੇ ਅੰਗ ਸਾਕ ਹੀ ਕੰਮ ਆਉਂਦੇ ਹਨ।

ਜਿੱਧਰ ਗਈ ਸੋਹਣੀ, ਉੱਧਰ ਗਏ ਮਹੀਂਵਾਲ——ਜਦੋਂ ਇਕੋ ਜਿਹੀਆਂ ਦੋਹਾਂ ਚੀਜ਼ਾਂ ਦਾ ਨਾਲ਼ੋਂ ਨਾਲ਼ ਨੁਕਸਾਨ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਜਿਧਰ ਗਈਆਂ ਬੇੜੀਆਂ ਉਧਰ ਗਏ ਮਲਾਹ——ਜਦੋਂ ਕਿਸੇ ਇਕ ਚੀਜ਼ ਨਾਲ਼ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਨੁਕਸਾਨ ਹੋ ਜਾਵੇ, ਉਦੋਂ ਇੰਜ ਆਖੀਦਾ ਹੈ।

ਜਿਨ੍ਹਾਂ ਖਾਧਾ ਕੁਨਾਲੀਆਂ, ਉਹਨਾਂ ਕੀ ਆਖਣ ਥਾਲੀਆਂ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਬਹੁਤਾ ਲਾਭ ਕਮਾਉਣ ਵਾਲ਼ੇ ਨੂੰ ਥੋੜ੍ਹਾ ਲਾਭ ਪ੍ਰਾਪਤ ਹੋਵੇ।

ਜਿਨ੍ਹਾਂ ਖਾਧਾ ਲੱਪ ਗੜੱਪਾਂ, ਉਹਨਾਂ ਕੀ ਆਖੇ ਉਂਗਲ ਚੱਟੀ——ਭਾਵ ਇਹ ਹੈ ਕਿ ਬਹੁਤਾ ਰੱਜ ਕੇ ਖਾਣ ਵਾਲ਼ਿਆਂ ਦੀ ਥੋੜ੍ਹਾ ਖਾ ਕੇ ਤਿਪਤੀ ਨਹੀਂ ਹੁੰਦੀ।

ਜਿਨ੍ਹਾਂ ਖਾਧੀਆਂ ਚੌਪੜੀਆਂ ਘਣੇ ਸਹਿਣਗੇ ਦੁੱਖ——ਇਸ ਅਖਾਣ ਰਾਹੀਂ ਇਹ ਦੱਸਿਆ ਗਿਆ ਹੈ ਕਿ ਬਹੁਤੀ ਐਸ਼ ਕਰਨ ਵਾਲ਼ੇ ਬੰਦੇ ਅੰਤ ਨੂੰ ਦੁਖ ਭੋਗਦੇ ਹਨ।

ਜਿਨ੍ਹਾਂ ਜਣੀਆਂ ਉਹਨਾਂ ਬਣੀਆਂ——ਇਸ ਅਖਾਣ ਦਾ ਭਾਵ ਇਹ ਹੈ ਕਿ ਧੀਆਂ ਦੇ ਦੁੱਖ ਮਾਵਾਂ ਝਲਦੀਆਂ ਹਨ, ਸੱਸਾਂ ਨਹੀਂ।

ਜਿੰਨ੍ਹਾਂ ਫਲੇ ਓਨਾ ਝੁਕੇ——ਭਾਵ ਇਹ ਹੈ ਕਿ ਜਿੰਨਾ ਕੋਈ ਗੁਣਵਾਨ ਬਣਦਾ ਜਾਂਦਾ ਹੈ, ਓਨੀ ਹੀ ਉਸ ਵਿੱਚ ਨਿਮਰਤਾ ਆ ਜਾਂਦੀ ਹੈ।

ਜਿਨ੍ਹਾਂ ਨੂੰ ਲੱਗੇ ਪ੍ਰੇਮ ਚਟੋਕੇ ਘਰ ਦੇ ਕੰਮੋਂ ਗਈਆਂ——ਇਸ ਅਖਾਣ ਦਾ ਭਾਵ ਇਹ ਹੈ ਕਿ ਇਸ਼ਕ ਕਮਾਉਣ ਵਾਲ਼ੇ ਬੰਦੇ ਨਾ ਆਪਣੇ ਜੋਗੇ ਰਹਿੰਦੇ ਹਨ, ਨਾ ਘਰਦਿਆਂ ਜੋਗੇ।

ਜੀ ਓ ਢਿੱਡਾ ਜੀ, ਤੂੰਹੋਂ ਪੁੱਤਰ ਤੂੰਹੇਂ ਧੀ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਆਪਣੇ ਕਿਸੇ ਵੀ ਸਾਕ ਸਬੰਧੀ ਦੀ ਪ੍ਰਵਾਹ ਨਾ ਕਰੇ ਤੇ ਆਪਣੀ ਐਸ਼ ਪ੍ਰਸਤੀ ਵਿੱਚ ਰੁੱਝਿਆ ਰਹੇ।

ਜੀ ਨੂੰ ਹੀ ਜੀ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੜੇ ਲੋਕ ਮਿੱਠੇ ਬਚਨ ਬੋਲਦੇ ਹਨ ਉਹਨਾਂ ਦਾ ਆਦਰ ਮਾਣ ਹੁੰਦਾ ਹੈ। ਜਿਹੋ ਜਿਹਾ ਵਰਤਾਰਾ ਤੁਸੀਂ ਕਿਸ ਨਾਲ ਕਰੋਗੇ, ਉਹ ਵੀ ਅੱਗੋਂ ਉਹੋ ਜਿਹਾ ਵਰਤਾਰਾ ਕਰੇਗਾ। ਜੀਉਂਦੇ ਦਾ ਲਖ, ਮੋਏ ਦਾ ਸਵਾ ਲੱਖ——ਇਹ ਅਖਾਣ ਆਮ ਕਰਕੇ ਹਾਥੀ ਬਾਰੇ ਵਰਤਦੇ ਹਨ। ਜਦੋਂ ਕਿਸੇ ਵਸਤੂ ਦੇ ਵਿਗੜ ਜਾਣ ਮਗਰੋਂ ਉਸ ਦੀ ਕਦਰ ਪਵੇ, ਉਦੋਂ ਆਖਦੇ ਹਨ।

ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ——ਜਦੋਂ ਕੋਈ ਜਣਾ ਅਮੀਰ ਮੂਰਖ਼ਾਂ ਦੀ ਸਿਫ਼ਤ ਕਰੇ ਪ੍ਰੰਤੂ ਗ਼ਰੀਬ ਸਿਆਣਿਆਂ ਦੀ ਨਿੰਦਿਆ, ਉਦੋਂ ਇਹ ਅਖਾਣ ਵਰਤਦੇ ਹਨ।

ਜੀਹਨੇ ਲਾਈ ਗੱਲੀਂ, ਓਸੇ ਨਾਲ਼ ਉਠ ਚੱਲੀ——ਇਹ ਅਖਾਣ ਉਸ ਬੰਦੇ ਪ੍ਰਤੀ ਵਰਤਦੇ ਹਨ ਜਿਹੜਾ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਮਗਰ ਲੱਗ ਤੁਰੇ।

ਜੀਹਨੂੰ ਪੂਛੋਂ ਫੜ ਉਠਾਇਆ, ਉਹਨੇ ਜੋਤਰਾ ਕਦੋਂ ਲਾਇਆ——ਜਦੋਂ ਕਿਸੇ ਨਿਕੰਮੇ ਆਦਮੀ ਨੂੰ ਮਜ਼ਬੂਰ ਕਰਕੇ ਕੰਮ ਤੇ ਲਾਇਆ ਜਾਵੇ ਤੇ ਉਹ ਕੰਮ ਨਾ ਮੁਕਾਵੇ, ਉਦੋਂ ਬੋਲਦੇ ਹਨ।

ਜੂਆਂ ਤੋਂ ਡਰਦਿਆਂ ਲੇਫ਼ ਨਹੀਂ ਸੁੱਟ ਦਈ ਦੇ——ਇਸ ਅਖਾਣ ਦਾ ਭਾਵ ਇਹ ਹੈ ਕਿਸੇ ਚੀਜ਼ 'ਚ ਮਾੜਾ ਮੋਟਾ ਨੁਕਸ ਹੋਣ ਕਰਕੇ ਉਹ ਚੀਜ਼ ਸੁੱਟਣੀ ਨਹੀਂ ਚਾਹੀਦੀ ਬਲਕਿ ਨੁਕਸ ਨੂੰ ਦੂਰ ਕਰਵਾਉਣਾ ਚਾਹੀਦਾ ਹੈ।

ਜੇ ਸ਼ਹੁ ਭਾਵੇ, ਖੁਲ੍ਹੇ ਵਾਲ਼ ਗਲ਼ੇ ਵਿੱਚ ਪਾਵੇ——ਭਾਵ ਇਹ ਹੈ ਕਿ ਜਿਹੜੀ ਤੀਵੀਂ ਤੇ ਉਸ ਦਾ ਪਤੀ ਖ਼ੁਸ਼ ਹੋਵੇ ਉਹ ਨੂੰ ਬੇਲੋੜੇ ਹਾਰ ਸ਼ਿੰਗਾਰ ਕਰਨ ਦੀ ਲੋੜ ਨਹੀਂ।

ਜੇ ਸਾਹਿਬ ਕੁਝ ਕੀਤਾ ਲੋੜੇ, ਸੌ ਸਬਬ ਇਕ ਪਲ ਵਿੱਚ ਜੋੜੇ——ਜਦੋਂ ਰੱਬ ਕਿਸੇ 'ਤੇ ਦਿਆਲ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਪਜ ਰੰਗ ਲਾ ਕੇ ਖ਼ੁਸ਼ੀਆਂ ਪ੍ਰਦਾਨ ਕਰ ਦਿੰਦਾ ਹੈ।

ਜੇ ਕੋਈ ਕੋਲ਼ ਨਾ ਹੋਵੇ ਤਾਂ ਕੰਧ ਕੋਲੋਂ ਵੀ ਸਲਾਹ ਲੈ ਲਈਏ——ਇਸ ਅਖਾਣ ਰਾਹੀਂ ਕੋਈ ਕੰਮ ਕਰਨ ਤੋਂ ਪਹਿਲਾਂ ਕਿਸੇ ਦੂਜੇ ਬੰਦੇ ਦੀ ਸਲਾਹ ਲੈਣ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ।

ਜੇ ਖਤਰੀ ਸਿਰ ਘੱਟਾ ਪਾਵੇ, ਤਾਂ ਵੀ ਖਤਰੀ ਖਟ ਘਰ ਆਵੇ——ਇਸ ਅਖਾਣ ਵਿੱਚ ਖਤਰੀ ਜਾਤੀ ਦੀ ਸਿਆਣਪ ਅਤੇ ਹੁਸ਼ਿਆਰੀ ਬਾਰੇ ਦੱਸਿਆ ਗਿਆ ਹੈ ਕਿ ਉਹ ਮਾੜੇ ਤੋਂ ਮਾੜੇ ਕੰਮ ਵਿੱਚੋਂ ਵੀ ਕਮਾਈ ਕਰ ਲੈਂਦਾ ਹੈ।

ਜੇ ਚਾਹੇਂ ਸੁਖ ਜੀਵਿਆਂ ਭਲਾ ਸਭਸ ਦਾ ਮੰਗ——ਭਾਵ ਇਹ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲਾ ਪੁਰਸ਼ ਸਦਾ ਸੁਖੀ ਰਹਿੰਦਾ ਹੈ।

ਜੇ ਜੌਂ ਜਾਵੇ, ਤਾਂ ਕੋਈ ਨਾ ਆਵੇ, ਜੇ ਜੌਂ ਪੱਕੇ ਤਾਂ ਮਿਲਣ ਸੱਕੇ——ਭਾਵ ਇਹ ਹੈ ਕਿ ਸਾਰੇ ਸਾਕ ਸਬੰਧੀ ਅਤੇ ਮਿੱਤਰ ਪਿਆਰੇ ਆਪਣੀ-ਆਪਣੀ ਗਰਜ਼ ਨਾਲ਼ ਹੀ ਬੰਨੇ ਹੋਏ ਹਨ।

ਜੇ ਦਿਨ ਹੋਵਣ ਪੱਧਰੇ, ਭੁੱਜੇ ਉੱਗਣ ਮੋਠ——ਜਦੋਂ ਕਿਸੇ ਦਾ ਨਾ ਹੋ ਸਕਣ ਵਾਲਾ ਕੰਮ ਹੋ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ। ਜੇ ਧਨ ਜਾਂਦਾ ਵੇਖੀਏ, ਅੱਧਾ ਦਈਏ ਵੰਡ——ਭਾਵ ਇਹ ਹੈ ਕਿ ਜੇਕਰ ਕਿਸੇ ਕੰਮ ਵਿੱਚ ਬਹੁਤ ਸਾਰਾ ਨੁਕਸਾਨ ਹੋਣ ਦਾ ਖ਼ਤਰਾ ਹੋਵੇ ਤਾਂ ਥੋੜ੍ਹਾ ਬਹੁਤ ਦੇ ਕੇ ਬਾਕੀ ਦਾ ਬਚਾ ਲੈਣ ਵਿੱਚ ਹੀ ਸਿਆਣਪ ਹੈ।

ਜੇ ਪਤ ਲੋੜੋਂ ਆਪਣੀ ਛੱਡ ਬੁਰੇ ਦਾ ਸਾਥ——ਇਸ ਅਖਾਣ ਦਾ ਭਾਵ ਇਹ ਹੈ ਕਿ ਭੈੜੇ ਤੇ ਬੁਰੇ ਕੰਮ ਕਰਨ ਵਾਲ਼ੇ ਬੰਦਿਆਂ ਦੀ ਸੰਗਤ ਵਿੱਚ ਰਹਿਕੇ ਬਦਨਾਮੀ ਹੀ ਪੱਲੇ ਪੈਂਦੀ ਹੈ। ਇਹਨਾਂ ਦਾ ਸੰਗ ਤਿਆਗਣ ਵਿੱਚ ਹੀ ਭਲਾ ਹੈ।

ਜੇ ਮਾਂਹ ਨਾ ਹੋਣ ਖੁਲਾਸੇ, ਤਾਂ ਕਾਹਦੇ ਖੁਸ਼ੀਆਂ ਹਾਸੇ——ਭਾਵ ਇਹ ਹੈ ਕਿ ਜੇਕਰ ਲੋੜੀਂਦੀਆਂ ਵਸਤਾਂ ਹੀ ਨਾ ਮਿਲਣ ਤਾਂ ਜੀਵਨ ਜੀਣ ਦੀ ਕਾਹਦੀ ਖ਼ੁਸ਼ੀ ਹੈ।

ਜਿਹਾ ਕੰਤ ਘਰ ਰਿਹੋਂ, ਕਿਹਾ ਗਇਉਂ ਪਰਦੇਸ——ਇਹ ਅਖਾਣ ਕਿਸੇ ਨਿਕੰਮੀ ਚੀਜ਼ ਜਾਂ ਨਿਕੰਮੇ ਬੰਦੇ ਲਈ ਵਰਤਿਆ ਜਾਂਦਾ ਹੈ, ਜਿਸ ਦਾ ਘਰ ਵਾਲ਼ਿਆਂ ਨੂੰ ਕੋਈ ਸੁਖ ਨਹੀਂ ਹੁੰਦਾ।

ਜੇਹੀ ਸੀਤਲਾ ਦੇਵੀ, ਤੇਹਾ ਖੋਤੇ ਦਾ ਵਾਹਣ——ਭਾਵ ਇਹ ਹੈ ਕਿ ਜਿਹੋ ਜਿਹਾ ਬੰਦਾ ਹੋਵੇ, ਉਹੋ ਜਿਹਾ ਹੀ ਉਸ ਨਾਲ਼ ਵਰਤਾਉ ਕੀਤਾ ਜਾਂਦਾ ਹੈ——ਜੇਹਾ ਮੂੰਹ ਹੀ ਚੁਪੇੜ।

ਜੇਹੀ ਕੋਕੇ ਤੇਹੇ ਕੋਕੇ ਦੇ ਬੱਚੇ——ਜਦੋਂ ਬੱਚਿਆਂ ਦਾ ਸੁਭਾਅ ਅਤੇ ਕਿਰਦਾਰ ਆਪਣੀ ਮਾਂ ਦੇ ਭੈੜੇ ਸੁਭਾਅ ਅਤੇ ਕਿਰਦਾਰ ਨਾਲ ਮਿਲਦਾ-ਜੁਲਦਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਜੇਹੀ ਜ਼ਾਤ ਤੇਹੀ ਬਾਤ——ਭਾਵ ਸਪੱਸ਼ਟ ਹੈ ਕਿ ਕਿਸੇ ਮਨੁੱਖ ਦੇ ਗੱਲਬਾਤ ਕਰਨ ਦਾ ਢੰਗ ਉਸ ਦੇ ਜੀਵਨ ਪੱਧਰ ਅਨੁਸਾਰ ਹੀ ਹੁੰਦਾ ਹੈ।

ਜੇਹੀ ਨੀਤ ਤੇਹੀ ਮੁਰਾਦ——ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮਾੜੀ ਨੀਅਤ ਵਾਲੇ ਬੰਦੇ ਦਾ ਕੋਈ ਨੁਕਸਾਨ ਹੋ ਜਾਵੇ।

ਜੇਹੇ ਭਾਂਡੇ ਤੇਹੇ ਅਵਾਜ਼ੇ——ਭਾਵ ਇਹ ਹੈ ਕਿ ਕਿਸੇ ਮਨੁੱਖ ਦੇ ਗੱਲਬਾਤ ਕਰਨ ਦੇ ਢੰਗ ਤੋਂ ਉਸ ਦੇ ਜੀਵਨ ਪੱਧਰ ਅਤੇ ਖ਼ਾਸੀਅਤ ਦਾ ਪਤਾ ਲੱਗ ਜਾਂਦਾ ਹੈ।

ਜੇਡੇ ਸਿਰ ਓਡੀਆਂ ਸਿਰ ਪੀੜਾਂ——ਭਾਵ ਇਹ ਹੈ ਕਿ ਜਿੰਨੀਆਂ ਕਿਸੇ ਨੂੰ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣ, ਓਨੇ ਹੀ ਉਹਦੇ ਫ਼ਿਕਰ ਵੱਧ ਜਾਂਦੇ ਹਨ——ਜਿੰਨੇ ਵੱਡੇ ਕੰਮ ਕਾਜ ਓਨੀ ਹੀ ਭੱਜ ਦੌੜ।

ਜੈਸੀ ਕਰਨੀ ਤੈਸੀ ਭਰਨੀ——ਭਾਵ ਇਹ ਹੈ ਕਿ ਹਰ ਇਨਸਾਨ ਨੂੰ ਆਪਣੀ ਕਰਨੀ ਦਾ ਫ਼ਲ ਮਿਲਦਾ ਹੈ——ਚੰਗੇ ਨੂੰ ਚੰਗਾ ਤੇ ਮੰਦੇ ਨੂੰ ਮੰਦਾ।

ਜਗਤ ਨਾਲ਼ ਚੱਲੇ ਸਭ ਕੁਝ ਪੱਲੇ——ਇਸ ਅਖਾਣ ਵਿੱਚ ਸੰਜਮ ਅਤੇ ਵਿਉਂਤ ਨਾਲ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਜੁੱਤੇ ਹੋਏ ਦੀਆਂ ਛੜਾਂ ਵੀ ਖਾਣੀਆਂ ਪੈਂਦੀਆਂ ਹਨ——ਭਾਵ ਇਹ ਹੈ ਕਿ ਕਮਾਈ ਕਰਕੇ ਖੁਆਉਣ ਵਾਲ਼ੇ ਬੰਦੇ ਦੀਆਂ ਵਧੀਕੀਆਂ ਵੀ ਸਹਿਣੀਆਂ ਪੈਂਦੀਆਂ ਹਨ।

ਜੁਲਾਹਿਆਂ ਦੀਆਂ ਮਸ਼ਕਰੀਆਂ ਮਾਂ ਭੈਣ ਨਾਲ਼——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਮੂਰਖ਼ ਬੰਦਾ ਮਖ਼ੌਲ ਕਰਨ ਲੱਗਿਆਂ ਥਾਂ ਕੁ ਥਾਂ ਨਾ ਦੇਖੇ।

ਜੁਲਾਹਿਆਂ ਦੇ ਪਠਾਣ ਵਗਾਰੀ——ਜਦੋਂ ਕੋਈ ਕਮਜ਼ੋਰ ਬੰਦਾ ਆਪਣੇ ਤੋਂ ਤਕੜੇ ਬੰਦੇ ਨੂੰ ਆਪਣੇ ਅਧੀਨ ਕਰਕੇ ਕੰਮ ਲਵੇ, ਉਦੋਂ ਇੰਜ ਆਖਦੇ ਹਨ।

ਜੂਆ ਮਿੱਠੀ ਹਾਰ——ਜੂਏ ਦਾ ਚਸਕਾ ਬਹੁਤ ਮਾੜਾ ਹੈ, ਜੁਆਰੀਆ ਜਿੱਤਣ ਦੀ ਆਸ ਵਿੱਚ ਖੇਡੀ ਜਾਂਦਾ ਹੈ ਤੇ ਨੁਕਸਾਨ ਝਲਦਾ ਹੈ।

ਜੂਠ ਝੂਠ ਤੇ ਪਲੇ ਕਪੂਤ——ਇਹ ਅਖਾਣ ਮਾੜੇ ਬੰਦਿਆਂ ਦੇ ਭੈੜੇ ਚਾਲੇ ਵੇਖ ਕੇ ਬੋਲਦੇ ਹਨ।

ਜੋ ਵੱਟਿਆ ਸੋ ਖੱਟਿਆ——ਮੰਦਵਾੜੇ ਦੇ ਦਿਨਾਂ ਵਿੱਚ ਦੁਕਾਨਦਾਰ ਆਮ ਕਰਕੇ ਇਹ ਅਖਾਣ ਬੋਲਦੇ ਹਨ, ਭਾਵ ਇਹ ਹੈ ਜਿਹੜੀ ਮਾੜੀ ਮੋਟੀ ਵੱਟਤ ਹੋ ਗਈ ਹੈ ਉਹੀ ਚੰਗੀ ਹੈ।

ਜੋਏ ਹਲ਼ ਤੇ ਪਾਏ ਫਲ਼——ਭਾਵ ਇਹ ਹੈ ਕਿ ਜਿਹੜਾ ਕਿਸਾਨ ਆਪ ਹਲ਼ ਵਾਹ ਕੇ ਮਿਹਨਤ ਨਾਲ਼ ਖੇਤੀ ਕਰਦਾ ਹੈ ਉਸ ਦੀ ਫ਼ਸਲ ਚੰਗੀ ਹੁੰਦੀ ਹੈ, ਉਸ ਨੂੰ ਮਿਹਨਤ ਦਾ ਫ਼ਲ ਚੰਗੀ ਫ਼ਸਲ ਦੇ ਰੂਪ ਵਿੱਚ ਮਿਲ ਜਾਂਦਾ ਹੈ।

ਜ਼ੋਰਾਵਰਾਂ ਨਾਲ਼ ਭਿਆਲੀ, ਉਹ ਮੰਗੇ ਹਿੱਸਾ ਉਹ ਕਢੇ ਗਾਲ਼ੀ——ਜਦੋਂ ਕਿਸੇ ਤਕੜੇ ਬੰਦੇ ਕੋਲੋਂ ਆਪਣਾ ਹਿੱਸਾ ਮੰਗਣ ਗਏ ਨੂੰ ਕੁਝ ਦੇਣ ਦੀ ਥਾਂ ਉਹ ਗਾਲ਼ੀਆਂ ਕਢੇ, ਉਦੋਂ ਇਹ ਅਖਾਣ ਬੋਲਦੇ ਹਨ।

ਜੋੜ ਗਏ ਸੋ ਰੋੜ੍ਹ ਗਏ, ਖਾ ਗਏ ਰੰਗ ਲਾ ਗਏ——ਭਾਵ ਸਪੱਸ਼ਟ ਹੈ ਕਿ ਕੰਜੂਸੀ ਕਰਨ ਦਾ ਕੋਈ ਲਾਭ ਨਹੀਂ।

ਜੋੜ ਜੋੜ ਮਰ ਜਾਣਗੇ ਤੇ ਮਾਲ ਜਵਾਈ ਖਾਣਗੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕੰਜੂਸ ਧਨ-ਦੌਲਤ ਜੋੜਕੇ ਮਰ ਜਾਂਦੇ ਹਨ ਮਗਰੋਂ ਬਿਗਾਨੇ ਪੁੱਤ ਉਸ ਧਨਦੌਲਤ ਦੇ ਸਿਰ 'ਤੇ ਐਸ਼ ਕਰਦੇ ਹਨ।

ਜੋੜੀਆਂ ਜਗ ਥੋੜੀਆਂ, ਨਰੜ ਬਥੇਰੇ——ਜਦੋਂ ਵਿਆਹ ਮਗਰੋਂ ਕਿਸੇ ਜੋੜੇ ਦੀ ਆਪਸ ਵਿੱਚ ਨਾ ਨਿਭੇ, ਉਦੋਂ ਇਹ ਅਖਾਣ ਬੋਲਦੇ ਹਨ। ਬਹੁਤੇ ਜੋੜੇ ਬਦੋ ਬਦੀ ਨਰੜੇ ਜਾਂਦੇ ਹਨ।

ਸੌਂ ਜੰਮੇ ਤੇ ਕਣਕਾਂ ਨਿਸਰੀਆਂ, ਧੀਆਂ ਜੰਮੀਆਂ ਤੇ ਭੈਣਾਂ ਵਿਸਰੀਆਂ——ਇਹ ਅਖਾਣ ਆਮ ਕਰਕੇ ਭੈਣਾਂ ਆਪਣੇ ਭਰਾਵਾਂ ਨੂੰ ਉਲਾਂਭੇ ਵਜੋਂ ਬੋਲਦੀਆਂ ਹਨ——ਭਰਾਵਾ ਦਾ ਪਿਆਰ ਭੈਣਾਂ ਨਾਲ਼ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਉਹਨਾਂ ਦੇ ਆਪਣੇ ਘਰ ਧੀਆਂ ਨਹੀਂ ਜੰਮਦੀਆਂ।

ਝਗੜਾ ਸੋਤਰ ਹੁੰਦਾ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਝਗੜਾ ਕਰਨ ਵਾਲ਼ਾ ਕੁਝ ਨਾ ਕੁਝ ਲੈ ਹੀ ਲੈਂਦਾ ਹੈ ਚਾਹੇ ਉਹ ਆਪ ਝੂਠਾ ਹੀ ਹੋਵੇ।

ਝੱਟ ਰੋਟੀ, ਪਟ ਦਾਲ਼, ਚੁੱਕ ਖੂੰਡਾ ਚਲ ਨਾਲ਼——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਕੰਮ ਛੇਤੀ ਤੋਂ ਛੇਤੀ ਨਿਪਟਾਉਣਾ ਹੋਵੇ।

ਝੱਲੇ ਕਿੱਦਾਂ ਜਾਪਣ, ਗੱਲਾਂ ਕਰਨ ਤੇ ਸੰਝਾਪਣ——ਭਾਵ ਇਹ ਹੈ ਕਿ ਮੂਰਖ਼ ਬੰਦੇ ਦਾ ਉਦੋਂ ਪਤਾ ਲੱਗ ਜਾਂਦਾ ਹੈ ਜਦ ਉਹ ਗੱਲਬਾਤ ਰਾਹੀਂ ਆਪਣੀ ਮੂਰਖ਼ਤਾ ਦਾ ਪ੍ਰਗਟਾਵਾ ਕਰਦਾ ਹੈ।

ਝਾੜਿਆ ਝੰਬਿਆ ਭੂਰਾ ਜਿਉਂ ਦਾ ਤਿਉਂ——ਜਦੋਂ ਕਿਸੇ ਨੂੰ ਘਟੀਆ ਕਿਸਮ ਦਾ ਕੰਮ ਕਰਨ ਲਈ ਕਿਹਾ ਜਾਵੇ, ਉਹ ਅੱਗੋਂ ਨਾਂਹ-ਨੁੱਕਰ ਨਾ ਕਰੇ, ਉਦੋਂ ਇਹ ਅਖਾਣ ਬੋਲਦੇ ਹਨ।

ਝੂਠ ਚਾਹੇ ਭੇਸ, ਸੱਚ ਕਹੇ ਮੈਂ ਨੰਗਾ ਭਲਾ——ਭਾਵ ਇਹ ਹੈ ਕਿ ਝੂਠ ਨੂੰ ਲੁਕਾਉਣ ਲਈ ਸੈਆਂ ਪਰਦੇ ਵਰਤਣੇ ਪੈਂਦੇ ਹਨ ਪ੍ਰੰਤੂ ਸੱਚ ਨੂੰ ਲੁਕਾਉਣ ਦੀ ਕੋਈ ਲੋੜ ਨਹੀਂ।

ਝੂਠੇ ਦੇ ਪੈਰ ਨਹੀਂ ਹੁੰਦੇ——ਜਦੋਂ ਕੋਈ ਝੂਠਾ ਬੰਦਾ ਪਲੋ ਪਲੀ ਆਪਣੀ ਗੱਲ ਬਦਲੇ, ਉਦੋਂ ਆਖਦੇ ਹਨ।

ਝੂਠੇ ਦਾ ਦਾਰੁ ਅਈਂ ਅਈਂ——ਜਦੋਂ ਕਿਸੇ ਝੂਠੇ ਬੰਦੇ ਦੇ ਮੰਹ 'ਤੇ ਉਹਦੇ ਝੂਠ ਦਾ ਪਾਜ ਉਘੇੜਿਆ ਜਾਵੇ ਤੇ ਅੱਗੋਂ ਜਵਾਬ ਵਿੱਚ ਉਹ ਨੂੰ ਸਫ਼ਾਈ ਦੇਣ ਲਈ ਕੁਝ ਨਾ ਸੁਝੇ, ਉਦੋਂ ਆਖਦੇ ਹਨ।

ਟਕੇ ਸਹਿਆ ਮਹਿੰਗਾ ਤੇ ਰੁਪਏ ਸਹਿਆ ਸਸਤਾ——ਭਾਵ ਇਹ ਹੈ ਕਿ ਜਦੋਂ ਕਿਸ ਚੀਜ਼ ਦੀ ਲੋੜ ਨਾ ਹੋਵੇ ਤੇ ਪੱਲੇ ਪੈਸੇ ਵੀ ਨਾ ਹੋਣ, ਉਹ ਸਸਤੀ ਚੀਜ਼ ਵੀ ਮਹਿੰਗੀ ਲੱਗਦੀ ਹੈ ਜਦੋਂ ਲੋੜ ਹੋਵੇ ਉਹ ਕਿਸੇ ਮੁੱਲ ਵੀ ਮਹਿੰਗੀ ਨਹੀਂ ਜਾਪਦੀ।

ਟਕੇ ਦੀ ਹਾਂਡੀ ਗਈ, ਕੁੱਤੇ ਦੀ ਜ਼ਾਤ ਪਰਖੀ ਗਈ——ਜਦੋਂ ਕੋਈ ਕਮੀਨਾ ਬੰਦਾ ਥੋੜ੍ਹੀ ਜਿਹੀ ਰਕਮ ਉਧਾਰ ਲੈ ਕੇ ਮੁੱਕਰ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਟੱਟੂ ਭਾੜੇ ਕਰਨਾ ਏ ਤਾਂ ਕੁੜਮਾਂ ਦਾ ਈ ਕਰਨੈ——ਜਦੋਂ ਕੋਈ ਚੀਜ਼ ਮੁੱਲ ਦੀ ਹੀ ਕੇ ਹੋਵੇ ਤਾਂ ਕਿਸੇ ਅੰਗ-ਸਾਕ ਦੀ ਮੁਥਾਜੀ ਦੀ ਲੋੜ ਨਹੀਂ, ਜਿੱਥੋਂ ਮਰਜ਼ੀ ਖ਼ਰੀਦ ਲਵੋ। ਟਟੂਆ ਖਾ ਗਿਆ ਬਟੂਆ, ਫਿਰ ਟਟੂਏ ਦਾ ਟਟੂਆਂ——ਜਦੋਂ ਕਿਸੇ ਕਮਜ਼ੋਰ ਪੁੱਤ-ਧੀ ਨੂੰ ਰੱਜਵਾਂ ਖਾਣ-ਪੀਣ ਨੂੰ ਮਿਲੇ ਪ੍ਰੰਤੂ ਉਸ ਦੀ ਸਿਹਤ 'ਤੇ ਕੋਈ ਅਸਰ ਨਾ ਪਵੇ, ਉਦੋਂ ਹਾਸੇ ਵਿੱਚ ਇਹ ਅਖਾਣ ਵਰਤਦੇ ਹਨ।

ਟੱਪਾ ਜ਼ਮੀਂ ਤੇ ਨਾ ਜ਼ਿਮੀਂਦਾਰ——ਜਦੋਂ ਕੋਈ ਹੋਛਾ ਬੰਦਾ ਆਪਣੇ ਅਸਲੇ ਨਾਲ਼ੋਂ ਵਧੇਰੀ ਫ਼ੂੰ-ਫ਼ਾਂ ਕਰੇ, ਉਦੋਂ ਇੰਜ ਆਖਦੇ ਹਨ।

ਟੱਬਰ ਭੁੱਖਾ ਮਰੇ ਤੇ ਬਨਰਾ ਸੈਲਾਂ ਕਰੇ——ਜਦੋਂ ਕਿਸੇ ਬੰਦੇ ਦਾ ਪਰਿਵਾਰ ਤਾਂ ਭੁੱਖਾ ਮਰੇ ਪ੍ਰੰਤੂ ਆਪ ਬਾਹਰ ਸੈਰ ਸਪਾਟਾ ਕਰਦਾ ਫਿਰੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਟਾਟ ਦੀ ਜੁੱਲੀ ਰੇਸ਼ਮ ਦਾ ਬਖੀਆ——ਬਹੁਤੀ ਘਟੀਆ ਤੇ ਬਹੁਤੀ ਵਧੀਆ ਵਸਤੂ ਦੇ ਅਢੁੱਕਵੇਂ ਮੇਲ ਨੂੰ ਵੇਖ ਕੇ ਇੰਜ ਆਖੀਦਾ ਹੈ।

ਟਿੰਡ ਵਿੱਚ ਦਾਣੇ, ਘਰਾਟੀਆਂ ਨਾਲ਼ ਸਾਈਆਂ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਸ ਨੇ ਚੀਜ਼ ਤਾਂ ਥੋੜ੍ਹੀ ਜਿਹੀ ਲੈਣੀ ਹੋਵੇ, ਪ੍ਰੰਤੂ ਭਾਅ ਥੋਕ ਦਾ ਪੁੱਛਦਾ ਫਿਰੇ।

ਟੁੱਕਰ ਖਾਧੇ ਦਿਲ ਵਲਾਏ, ਕੱਪੜੇ ਪਾਟੇ ਘਰ ਨੂੰ ਆਏ——ਜਦੋਂ ਕੋਈ ਬੰਦਾ ਬਾਹਰ ਦੇਸ ਵਿੱਚ ਕਮਾਈ ਕਰਨ ਜਾਵੇ, ਉਥੇ ਆਪਣੇ ਸਾਕ ਸਬੰਧੀਆਂ ਕੋਲ ਕੁਝ ਦਿਨ ਰਹਿ ਕੇ ਬਿਨਾ ਕਮਾਈ ਕੀਤਿਆਂ ਵਾਪਸ ਆ ਜਾਵੇ, ਉਦੋਂ ਆਖਦੇ ਹਨ।

ਟੁੱਟੀਆਂ ਬਾਹਾਂ ਗਲ਼ ਨੂੰ ਆਉਂਦੀਆਂ ਹਨ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਸ ਵਿੱਚ ਭਾਵੇਂ ਕਿੰਨਾ ਲੜਾਈ ਝਗੜਾ ਹੋ ਜਾਵੇ ਆਖ਼ਰ ਆਪਣੇ-ਆਪਣੇ ਹੀ ਕੰਮ ਆਉਂਦੇ ਹਨ।

ਟੁੱਟੇ ਰਾਸ ਨਾ ਆਉਂਦੇ, ਗੰਢ ਗੰਢੀਲੇ ਹੋਏ-ਜਦੋਂ ਲੜਨ——ਭਿੜਨ ਮਗਰੋਂ ਮਿੱਤਰਾਂ ਦੀ ਸੁਲਾਹ ਸਫ਼ਾਈ ਹੋ ਜਾਵੇ, ਪ੍ਰੰਤੂ ਇਹ ਸੁਲਾਹ ਬਹੁਤਾ ਚਿਰ ਨਾ ਨਿਭੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਟੁਣੂਆ ਗਿਆ ਪੱਤਰਾਂ ਨੂੰ, ਨਾ ਪੱਤਰ ਆਏ ਨਾ ਟੁਣੂਆਂ——ਜਦੋਂ ਕੋਈ ਨਿਕੰਮਾ ਬੰਦਾ ਕੋਈ ਚੀਜ਼ ਲੈਣ ਘਲਿਆ ਹੋਵੇ, ਪ੍ਰੰਤੂ ਆਪ ਵੀ ਵਾਪਸ ਨਾ ਮੁੜੇ, ਉਦੋਂ ਇੰਜ ਆਖਦੇ ਹਨ।

ਠਠਿਆਰ ਦੀ ਗਾਗਰ ਚੋਂਦੀ ਹੈ——ਇਹ ਇਕ ਅਟੱਲ ਸੱਚਾਈ ਹੈ ਕਿ ਕਾਰੀਗਰ ਆਪਣੇ ਘਰ ਦੇ ਕੰਮਾਂ ਲਈ ਆਲਸ ਵਰਤਦੇ ਹਨ, ਦਰਜ਼ੀਆਂ ਦੇ ਕਪੜੇ ਉਧੜੇ ਰਹਿੰਦੇ ਹਨ, ਮਲਾਹ ਦਾ ਹੁੱਕਾ ਸੁੱਕੇ ਦਾ ਸੁੱਕਾ। ਠੂਹੇਂ ਦਾ ਡੰਗਿਆ ਭਵੇਂ, ਸੱਪ ਦਾ ਡੰਗਿਆ ਸਵੇਂ——ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਠੂਹੇਂ ਦਾ ਡੰਗਿਆ ਹੋਇਆ ਬੰਦਾ ਪਲ ਭਰ ਲਈ ਵੀ ਟਿਕ ਕੇ ਬਹਿ ਨਹੀਂ ਸਕਦਾ, ਪ੍ਰੰਤੂ ਸੱਪ ਦੇ ਡੰਗੇ ਨੂੰ ਛੇਤੀ ਨੀਂਦ ਆ ਜਾਂਦੀ ਹੈ, ਜਿਸ ਕਰਕੇ ਸੱਪ ਦੀ ਜ਼ਹਿਰ ਛੇਤੀ ਅਸਰ ਕਰਕੇ ਮਾਰ ਦਿੰਦੀ ਹੈ।

ਨੇਲ੍ਹ ਦਾਲ਼ ਮੇਂ ਪਾਣੀ, ਰਾਮ ਭਲੀ ਕਰੇਗਾ——ਜਦੋਂ ਖਾਣ ਵਾਲ਼ੇ ਬਹੁਤੇ ਹੋ ਜਾਣ ਤੇ ਦਾਲ਼ ਘੱਟ ਹੋਵੇ ਤਾਂ ਕੰਮ ਸਾਰਨ ਲਈ ਦਾਲ਼ ਵਿੱਚ ਹੋਰ ਪਾਣੀ ਪਾ ਦਿੰਦੇ ਹਨ, ਉਦੋਂ ਮਜ਼ਾਕ ਵਿੱਚ ਇਹ ਅਖਾਣ ਬੋਲਿਆ ਜਾਂਦਾ ਹੈ।

ਡੱਡਾਂ ਦੀ ਪਸੇਰੀ, ਕਦੀ ਇਕ ਕਦੀ ਢੇਰੀ——ਜਦੋਂ ਵੱਖ-ਵੱਖ ਵਿਚਾਰਾਂ ਦੇ ਧਾਰਨੀ ਬੰਦੇ ਇਕ ਥਾਂ ਇਕੱਠੇ ਹੋ ਕੇ ਕਿਸੇ ਮਾਮਲੇ ਤੇ ਇਕ ਮਤ ਹੋ ਕੇ ਫ਼ੈਸਲਾ ਨਾ ਲੈ ਸਕਣ, ਉਦੋਂ ਇਹ ਅਖਾਣ ਬੋਲਦੇ ਹਨ।

ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ——ਜਦੋਂ ਕਿਸੇ ਭੈੜੇ ਬੰਦੇ ਨਾਲ਼ ਤੁਹਾਡਾ ਵਾਹ ਪੈ ਜਾਵੇ, ਉਹ ਭਲਾਮਾਣਸੀ ਨਾਲ਼ ਸੂਤ ਨਾ ਆਵੇ ਤੇ ਉਹਨੂੰ ਡੰਡਿਆਂ ਨਾਲ਼ ਸੋਧਣ ਦੀ ਲੋੜ ਪੈ ਜਾਵੇ, ਉਦੋਂ ਇੰਜ ਆਖਦੇ ਹਨ।

ਡਰਦੀ ਹਰ ਹਰ ਕਰਦੀ——ਜਦੋਂ ਕੋਈ ਜਣਾ ਡੰਡੇ ਦੇ ਡਰ ਕਾਰਨ ਸੂਤ ਹੋ ਕੇ ਕੰਮ ਕਰੇ, ਉਦੋਂ ਇੰਜ ਬੋਲਦੇ ਹਨ।

ਡਾਢਾ ਮਾਰੇ ਵੀ ਤੇ ਰੋਣ ਵੀ ਨਾ ਦੇਵੇ——ਇਹ ਅਖਾਣ ਉਦੋਂ ਬੋਲੀਦਾ ਹੈ ਜਦੋਂ ਕੋਈ ਤਕੜਾ ਬੰਦਾ ਸਖ਼ਤੀ ਵੀ ਕਰੇ ਤੇ ਅੱਗੋਂ ਫ਼ਰਿਆਦ ਵੀ ਨਾ ਕਰਨ ਦੇਵੇ।

ਡਾਢਿਆਂ ਦਾ ਸੱਤੀਂ ਵੀਹੀਂ ਸੌ——ਭਾਵ ਇਹ ਹੈ ਜਦੋਂ ਤਕੜਾ ਬੰਦਾ ਕਿਸੇ ਕਮਜ਼ੋਰ ਬੰਦੇ ਨਾਲ਼ ਜ਼ੁਲਮ ਕਰੇ ਤੇ ਆਪਣੀ ਅਣਹੱਕੀ ਮੰਗ ਨੂੰ ਮਨਵਾਏ, ਉਦੋਂ ਕਹਿੰਦੇ ਹਨ।

ਡਿੱਗ ਡਿੱਗ ਕੇ ਹੀ ਸਵਾਰ ਹੋਈਦਾ ਹੈ——ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਕਸਬ ਵਿੱਚ ਮਾਹਰ ਹੋਣ ਲਈ ਤਕਲੀਫ਼ਾਂ ਝੱਲਣੀਆਂ ਹੀ ਪੈਂਦੀਆਂ ਹਨ।

ਡੁੱਬਦੇ ਨੂੰ ਤਿਨਕੇ ਦਾ ਸਹਾਰਾ——ਜਦੋਂ ਔਖੇ ਸਮੇਂ ਕਿਸੇ ਨੂੰ ਮਾੜੀ ਮੋਟੀ ਵੀ ਮਦਦ ਮਿਲ ਜਾਵੇ, ਉਦੋਂ ਆਖਦੇ ਹਨ।

ਡੁੱਬੀ ਤਾਂ ਜੇ ਸਾਹ ਨਾ ਆਇਆ——ਇਸ ਅਖਾਣ ਦਾ ਭਾਵ ਇਹ ਹੈ ਕਿ ਬੰਦਾ ਉਦੋਂ ਹੀ ਹਥਿਆਰ ਸੁੱਟਦਾ ਹੈ ਜਦੋਂ ਉਸ ਨੂੰ ਜਿੱਤਣ ਦੀ ਆਸ ਨਾ ਹੋਵੇ।

ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ——ਜਦੋਂ ਕੋਈ ਥੋੜ੍ਹਾ ਜਿਹਾ ਖ਼ਰਾਬ ਹੋਇਆ ਕੰਮ ਮੁੜ ਸੁਆਰਿਆ ਜਾ ਸਕਦਾ ਹੋਵੇ, ਉਦੋਂ ਇੰਜ ਆਖਦੇ ਹਨ। ਡੇਢ ਪਾ ਖਿਚੜੀ, ਚੁਬਾਰੇ ਰਸੋਈ——ਜਦੋਂ ਕੋਈ ਥੋੜ੍ਹੀ ਜਿਹੀ ਹੈਸੀਅਤ ਦਾ ਮਾਲਕ ਬੰਦਾ ਫੋਕੀ ਫ਼ੂੰ-ਫ਼ਾਂ ਕਰੇ, ਉਦੋਂ ਆਖਦੇ ਹਨ। ਡੈਣ ਦੇ ਕੁੱਛੜ ਮੁੰਡਾ——ਜਦੋਂ ਕੋਈ ਚੀਜ਼ ਕਿਸੇ ਅਜਿਹੇ ਬੰਦੇ ਦੇ ਹਵਾਲੇ ਕੀਤੀ ਜਾਵੇ, ਜਿਹੜਾ ਪਹਿਲਾਂ ਹੀ ਉਸ ਦਾ ਭੁੱਖਾ ਹੋਵੇ, ਉਦੋਂ ਇਹ ਅਖਾਣ ਵਰਤਦੇ ਹਨ।

ਡੋਰਾ (ਬੋਲਾ) ਦੋ ਵਾਰੀ ਹੱਸਦਾ ਹੈ——ਇਹ ਅਖਾਣ ਬੋਲਿਆਂ ਬਾਰੇ ਹੈ। ਬੋਲਾ ਆਦਮੀ ਇਕ ਵਾਰੀ ਤਾਂ ਲੋਕਾਂ ਨੂੰ ਦੇਖ ਕੇ ਰੀਸ ਨਾਲ਼ ਹੱਸਦਾ ਹੈ, ਦੂਜੀ ਵਾਰ ਉਦੋਂ ਹੱਸਦਾ ਹੈ ਜਦੋਂ ਉਸ ਨੂੰ ਹਾਸੇ ਵਾਲ਼ੀ ਗੱਲ ਦੀ ਸਮਝ ਪੈਂਦੀ ਹੈ।

ਡੋਰੇ ਅੱਗੇ ਗਾਉਣਾ, ਗੂੰਗੇ ਅੱਗੇ ਗੱਲ, ਅੰਨ੍ਹੇ ਅੱਗੇ ਨੱਚਣਾ, ਤ੍ਰੇਏ ਝਲ ਵਲਲ——ਇਸ ਅਖਾਣ ਦਾ ਭਾਵ ਸਪੱਸ਼ਟ ਹੈ।

ਢਕੀ ਰਿੱਝੇ, ਕੋਈ ਨਾ ਬੁਝੇ——ਇਹ ਅਖਾਣ ਆਮ ਕਰਕੇ ਸ਼ਰੀਕਾਂ ਦੇ ਘਰ ਦੀ ਵਿਗੜੀ ਹੋਈ ਮੰਦੀ ਹਾਲਤ, ਜਿਹੜੀ ਆਮ ਤੌਰ 'ਤੇ ਬਾਹਰੋਂ ਨਜ਼ਰ ਨਹੀਂ ਆਉਂਦੀ, ਬਾਰੇ ਵਰਤਿਆ ਜਾਂਦਾ ਹੈ।

ਢੱਗਿਆ ਤੈਨੂੰ ਚੋਰ ਲੈ ਜਾਣ, ਅਖੇ ਯਾਰਾਂ ਪੱਠੇ ਹੀ ਖਾਣੇ ਨੇ——ਢੱਗੇ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਕਿ ਉਹਦਾ ਮਾਲਕ ਕੋਈ ਚੋਰ ਹੈ ਜਾਂ ਸਾਊ ਮਨੁੱਖ, ਉਹਨੇ ਤਾਂ ਪੱਠੇ ਹੀ ਖਾਣੇ ਹਨ। ਭਾਵ ਇਹ ਹੈ ਕਿ ਕੰਮ ਕਰਨ ਵਾਲ਼ੇ ਕਾਮੇ ਨੇ ਤਾਂ ਕੰਮ ਕਰਕੇ ਹੀ ਖਾਣਾ ਹੈ, ਚਾਹੇ ਉਹ ਕਿਹੋ ਜਿਹੇ ਬੰਦੇ ਕੋਲ਼ ਕੰਮ ਕਰੇ।

ਢੰਗੀ ਨਾ ਵੱਛੀ ਨੀਂਦ ਆਵੇ ਅੱਛੀ——ਇਹ ਅਖਾਣ ਆਮ ਕਰਕੇ ਮਸਤ ਮਲੰਗ ਬੰਦਿਆਂ ਬਾਰੇ ਵਰਤਿਆ ਜਾਂਦਾ ਹੈ, ਜਿਨ੍ਹਾਂ ਨੂੰ ਘਰ-ਬਾਰ ਦਾ ਕੋਈ ਫ਼ਿਕਰ ਨਹੀਂ ਹੁੰਦਾ।

ਢਾਈ ਘਰ ਤਾਂ ਡੈਣ ਵੀ ਛੱਡ ਦੇਂਦੀ ਹੈ——ਜਦੋਂ ਕੋਈ ਆਪਣਾ ਹੀ ਦੋਸਤ-ਮਿੱਤਰ ਜਾਂ ਸਾਕ-ਸਬੰਧੀ ਵੈਰ ਕਮਾਉਣ ਲੱਗ ਜਾਵੇ, ਉਸ ਨੂੰ ਸ਼ਰਮਿੰਦਾ ਕਰਨ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

ਢਾਈ ਬੂਟੀਆਂ ਫੱਤੂ ਬਾਗ਼ਬਾਨ——ਜਦੋਂ ਥੋੜ-ਚਿੱਤਾ ਬੰਦਾ ਥੋੜ੍ਹੀ ਜਿਹੀ ਜਾਇਦਾਦ ਬਣਾ ਕੇ ਫੁੱਲਿਆ ਫਿਰੇ, ਉਦੋਂ ਇਹ ਅਖਾਣ ਬੋਲਦੇ ਹਨ।

ਢਿੱਡ ਸ਼ਰਮ ਨਹੀਂ ਰਹਿਣ ਦੇਂਦਾ——ਭਾਵ ਇਹ ਹੈ ਕਿ ਜਦੋਂ ਭੁੱਖ ਲੱਗੀ ਹੋਵੇ ਤਾਂ ਰੋਟੀ ਮੰਗ ਕੇ ਵੀ ਖਾਣੀ ਪੈਂਦੀ ਹੈ ਜਾਂ ਪਰਿਵਾਰ ਨੂੰ ਪਾਲਣ ਲਈ ਕਈ ਵਾਰ ਚੰਗੇ-ਮੰਦੇ ਕੰਮ ਕਰਨੇ ਪੈਂਦੇ ਹਨ, ਜਿਨ੍ਹਾਂ ਨੂੰ ਕਰਨ ਲੱਗਿਆਂ ਸ਼ਰਮ ਮਹਿਸੂਸ ਹੋਵੇ।

ਢਿੱਡ ਨੂੰ ਨੱਕ ਨਹੀਂ ਹੁੰਦਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਉਲਾਦ ਦੇ ਲਈ ਸ਼ਰਮ ਵੀ ਤਿਆਗ ਦਈਦੀ ਹੈ।

ਢਿੱਡ ਭਰਿਆ ਤੇ ਕੰਮ ਸਰਿਆ——ਇਹ ਅਖਾਣ ਉਸ ਆਦਮੀ ਪ੍ਰਤੀ ਵਰਤਿਆ ਜਾਂਦਾ ਹੈ ਜਿਹੜਾ ਆਪਣਾ ਮਤਲਬ ਕੱਢ ਕੇ ਮਗਰੋਂ ਵੱਟੀ ਨਾ ਵਾਹੇ। ਢਿੱਡੋਂ ਭੁੱਖੀ ਭੰਗੜੇ ਦਾ ਚਾਅ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਗ਼ਰੀਬ, ਆਦਮੀ ਹਵਾਈ ਕਿਲ੍ਹੇ ਉਸਾਰਨ ਲੱਗ ਜਾਵੇ, ਆਪਣੇ ਵਿੱਤ ਅਨੁਸਾਰ ਨਾ ਸੋਚੇ।

ਢੋਲ ਵੱਜੇ, ਢਮੱਕਾ ਵੱਜੇ ਸਾਨੂੰ ਕੀ ਭਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਦੇ ਘਰ ਦੀ ਖੁਸ਼ੀ ਨਾਲ ਸਾਡਾ ਕੋਈ ਸਰੋਕਾਰ ਨਹੀਂ।

ਢੋਲ ਵੱਜੇ ਢਮੱਕਾ ਵੱਜੇ, ਮੁੜ ਵਹੁਟੀ ਨੇ ਪੈਰ ਨਾ ਕੱਜੇ——ਜਦੋਂ ਵਾਰ-ਵਾਰ ਸਮਝਾਉਣ 'ਤੇ ਵੀ ਕੋਈ ਨਾ ਸਮਝੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਤਕਦੀਰ ਅੱਗੇ ਤਦਬੀਰ ਨਹੀਂ ਚਲਦੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਬੀਮਾਰ ਬੰਦੇ ਦੀ ਤੀਮਾਰਦਾਰੀ ਤੇ ਬਹੁਤ ਸਾਰਾ ਧਨ ਖ਼ਰਚ ਕਰਨ 'ਤੇ ਵੀ ਉਸ ਦੀ ਮੌਤ ਹੋ ਜਾਵੇ। ਭਾਵ ਇਹ ਹੈ ਕੋਈ ਵੀ ਬੰਦਾ ਜਾਂ ਯਤਨ ਹੋਣੀ ਨੂੰ ਟਾਲ਼ ਨਹੀਂ ਸਕਦਾ।

ਤਖ਼ਤ ਜਾਂ ਤਖ਼ਤਾ——ਜਦੋਂ ਕੋਈ ਬੰਦਾ ਕਿਸੇ ਮੰਤਵ ਦੀ ਪ੍ਰਾਪਤੀ ਲਈ ਸਿਰ-ਧੜ ਦੀ ਬਾਜ਼ੀ ਲਾ ਦੇਵੇ, ਉਦੋਂ ਇਹ ਅਖਾਣ ਬੋਲਦੇ ਹਨ। ਇਹ ਅਖਾਣ ਦ੍ਰਿੜ੍ਹ ਇਰਾਦੇ ਦਾ ਸੂਚਕ ਹੈ।

ਤਕੜੇ ਤੇ ਡਿਗਾਂ ਨਾ, ਮਾੜੇ ਤੇ ਘੜੰਮ——ਜਦੋਂ ਕੋਈ ਬੰਦਾ ਮਾੜੇ ਜਾਂ ਕਮਜ਼ੋਰ ਬੰਦੇ ਤੇ ਰੋਹਬ ਛਾਂਟੇ ਪ੍ਰੰਤੂ ਤਕੜੇ ਤੋਂ ਦੂਰ ਰਹੇ, ਉਦੋਂ ਆਖਦੇ ਹਨ।

ਤੱਤਾ ਪਾਣੀ ਵੀ ਅੱਗ ਨੂੰ ਬੁਝਾ ਦੇਂਦਾ ਹੈ——ਭਾਵ ਇਹ ਹੈ ਕਿ ਸਤਾਏ ਹੋਏ ਕਮਜ਼ੋਰ ਵੈਰੀ ਦੀ ਚੋਟ ਵੀ ਕਈ ਵਾਰ ਤਕੜੇ ਵੈਰੀ ਦਾ ਨੁਕਸਾਨ ਕਰ ਦਿੰਦੀ ਹੈ।

ਤੰਦ ਤੰਦ ਕਰਦਿਆਂ ਤਾਣੀ ਬਣ ਜਾਂਦੀ ਹੈ——ਭਾਵ ਸਪੱਸ਼ਟ ਹੈ ਕਿ ਥੋੜ੍ਹੀ-ਥੋੜ੍ਹੀ ਬੱਚਤ ਕਰਨ ਨਾਲ਼ ਬਹੁਤ ਸਾਰਾ ਧਨ ਇਕੱਠਾ ਹੋ ਜਾਂਦਾ ਹੈ।

ਤੰਦ ਨਹੀਂ, ਤਾਣੀ ਹੀ ਵਿਗੜੀ ਹੋਈ ਹੈ——ਜਦੋਂ ਕਿਸੇ ਪਰਿਵਾਰ ਵਿੱਚ ਆਪੋ-ਧਾਪੀ ਪੈ ਜਾਵੇ, ਉਦੋਂ ਇੰਜ ਆਖਦੇ ਹਨ।

ਤੰਦ ਨਾ ਤਾਣੀ, ਜੁਲਾਹੇ ਨਾਲ਼ ਡਾਂਗੋ ਡਾਂਗੀ——ਜਦੋਂ ਕੋਈ ਬੰਦਾ ਬਿਨਾਂ ਕਿਸੇ ਕਾਰਨ ਹੀ ਕਿਸੇ ਨਾਲ ਲੜਾਈ-ਝਗੜਾ ਕਰੇ, ਉਦੋਂ ਆਖਦੇ ਹਨ।

ਤਨ ਸੁਖੀ ਮਨ ਸੁਖੀ——ਭਾਵ ਇਹ ਹੈ ਕਿ ਜਦੋਂ ਸਰੀਰ ਨੂੰ ਕਿਸੇ ਕਿਸਮ ਦੀ ਬੀਮਾਰੀ ਨਾ ਹੋਵੇ ਜਾਂ ਸਰੀਰ ਨੂੰ ਪੂਰਾ ਸੁਖ ਅਰਾਮ ਮਿਲੇ, ਉਦੋਂ ਮਨ ਸ਼ਾਂਤ ਰਹਿੰਦਾ ਹੈ।

ਤਬੇਲੇ ਦਾ ਘੋੜਾ, ਮਦਰਸੇ ਦਾ ਮੁੰਡਾ ਬਿਨਾਂ ਛੂਛਕੋ ਸਿੱਧੇ ਨਹੀਂ ਹੁੰਦੇ——ਭਾਵ ਇਹ ਹੈ ਕਿ ਤਬੇਲਾ ਦਾ ਘੋੜਾ ਅਤੇ ਸਕੂਲ ਪੜ੍ਹਦਾ ਮੁੰਡਾ ਡੰਡੇ ਬਿਨਾਂ ਸੂਤ ਨਹੀਂ ਆਉਂਦੇ, ਲਾਡ ਲਡਾਇਆਂ ਵਿਗੜ ਜਾਂਦੇ ਹਨ। ਤਬੇਲੇ ਦੀ ਬਲਾ ਬਾਂਦਰ ਦੇ ਸਿਰ——ਜਦੋਂ ਦੋਸ਼ੀ ਤਾਂ ਕੋਈ ਹੋਰ ਹੋਵੇ, ਸਜ਼ਾ ਕਿਸੇ ਹੋਰ ਨੂੰ ਭੁਗਤਣੀ ਪਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਤਰ ਓਏ ਸੂਰਮਿਆਂ ਆਪਣੀ ਬਾਹੀਂ ——ਜਦੋਂ ਕਿਸੇ ਪਾਸੇ ਤੋਂ ਸਹਾਇਤਾ ਮਿਲਣ ਦੀ ਆਸ ਨਾ ਹੋਵੇ, ਆਪਣੇ ਆਪ ਹੀ ਕੰਮ ਨੇਪਰੇ ਚਾੜ੍ਹਨ ਲਈ ਆਪਣੇ ਮਨ ਨੂੰ ਤਕੜਾ ਕਰਨ ਵਾਸਤੇ ਇਹ ਅਖਾਣ ਵਰਤਦੇ ਹਨ।

ਤਰ ਗਏ ਜਣੇਂਦੇ, ਅੱਖਾਂ ਨੂਟ ਕੇ ਲਾਵਾਂ ਦੇਂਦੇ——ਜਦੋਂ ਕੋਈ ਆਪਣੀ ਧੀ ਦੇ ਪੈਸੇ ਵਟਕੇ ਉਸ ਨੂੰ ਕਿਸੇ ਅਣਜੋੜ ਸਾਥੀ ਨਾਲ਼ ਵਿਆਹ ਦੇਵੇ, ਉਦੋਂ ਇੰਜ ਆਖਦੇ ਹਨ।

ਤ੍ਰੇਏ ਵੰਨ ਕਵੰਨ, ਮੱਝ ਡੱਬੀ, ਭੇਡ ਭਸਲੀ ਤੇ ਦਾੜ੍ਹੀ ਵਾਲ਼ੀ ਰੰਨ——ਉੱਪਰ ਦੱਸੀ ਕਿਸਮ ਦੀ ਮੱਝ, ਭੇਡ ਤੇ ਤੀਵੀਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ।

ਤਰਸਦੀ ਨੇ ਦਿੱਤਾ, ਵਿਲਕਦੀ ਨੇ ਖਾਧਾ, ਨਾ ਜੀਭ ਜਲੀ ਨਾ ਸੁਆਦ ਆਇਆ{{bar|2}ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਕੋਈ ਜਣਾ ਮੱਥੇ ਵੱਟ ਪਾ ਕੇ ਕੋਈ ਚੀਜ਼ ਕਿਸੇ ਨੂੰ ਦੇਵੇ, ਉਦੋਂ ਲੈਣ ਵਾਲ਼ੇ ਨੂੰ ਕੋਈ ਖੁਸ਼ੀ ਨਹੀਂ ਹੁੰਦੀ।

ਤਰਖਾਣ ਸਿੱਧਾ ਹੋਵੇ ਲਕੜੀ ਆਪੇ ਸਿੱਧੀ ਹੋ ਜਾਂਦੀ ਹੈ——ਭਾਵ ਇਹ ਹੈ ਕਿ ਜੇਕਰ ਕਾਰੀਗਰ ਸਿਆਣਾ ਹੋਵੇ ਤਾਂ ਉਹ ਘਟੀਆ ਸਮਾਨ ਤੋਂ ਵੀ ਕੰਮ ਲੈ ਲੈਂਦਾ ਹੈ।

ਤ੍ਰੀਹ ਪੁੱਤਰ ਤੇ ਚਾਲੀ ਪੋਤਰੇ, ਅਜੇ ਵੀ ਬਾਬਾ ਘਾਹ ਖੋਤਰੇ——ਜਦੋਂ ਕੋਈ ਬਜ਼ੁਰਗ ਪੁੱਤ, ਪੋਤਰਿਆਂ ਵਾਲ਼ਾ ਹੋ ਕੇ ਵੀ ਮਿਹਨਤ ਮਜ਼ਦੂਰੀ ਕਰੇ ਜਾਂ ਜਿਸ ਨੂੰ ਉਸ ਦੀ ਔਲਾਦ ਸਾਂਭੇ ਨਾ, ਰੁਲਦਾ ਫਿਰੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਤ੍ਰੇਹ ਲੱਗਣ ਤੇ ਖੂਹ ਨਹੀਂ ਪੁੱਟਣ ਹੁੰਦੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਚੀਜ਼ ਦੀ ਲੋੜ ਵੇਲੇ ਉਸ ਦੀ ਪ੍ਰਾਪਤੀ ਲਈ ਭੱਜ-ਨੱਠ ਕੀਤੀ ਜਾਵੇ।

ਤ੍ਰੇਲ ਚੱਟਿਆਂ ਤ੍ਰੇਹ ਨਹੀਂ ਲਹਿੰਦੀ——ਭਾਵ ਇਹ ਹੈ ਕਿ ਜ਼ਰੂਰੀ ਖ਼ਰਚ ਕਰਨ ਵੇਲੇ ਕਿਰਸ ਕਰਨ ਨਾਲ ਕੰਮ ਨਹੀਂ ਚਲਦਾ।

ਤਲਵਾਰ ਦਾ ਫੱਟ ਮਿਲ਼ ਜਾਂਦੈ, ਜ਼ਬਾਨ ਦਾ ਨਹੀਂ ਮਿਲਦਾ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਸੇ ਦੋਸਤ-ਮਿੱਤਰ ਜਾਂ ਸ਼ਰੀਕ ਵੱਲੋਂ ਬੋਲੇ ਚੁੱਕਵੇਂ ਬੋਲ ਨਹੀਂ ਭੁੱਲਦੇ ਤਰਵਾਰ ਦਾ ਫਟ ਮਿਲ਼ ਜਾਂਦਾ ਹੈ।

ਤਵੇ ਤੇ ਆ ਕੇ ਰੱਬ ਦੀ ਮਾਰ——ਜਦੋਂ ਕੋਈ ਬੰਦਾ ਉਂਜ ਤੇ ਚੰਗਾ ਭਲਾ ਹੋਵੇ, ਪ੍ਰੰਤੂ ਕੰਮ ਕਰਨ ਨੂੰ ਆਖਣ 'ਤੇ ਮੱਥੇ ਵੱਟ ਪਾ ਲਵੇ, ਉਦੋਂ ਇਹ ਅਖਾਣ ਵਰਤਦੇ ਹਨ।

ਤਵੇ ਵਾਲ਼ੀ ਤੇਰੀ ਤੇ ਹੱਥ ਵਾਲ਼ੀ ਮੇਰੀ——ਇਹ ਅਖਾਣ ਚਲਾਕ ਬੰਦੇ ਲਈ ਉਦੋਂ ਵਰਤਦੇ ਹਨ ਜਦੋਂ ਉਹ ਚਲਾਕੀ ਨਾਲ ਠੱਗਣ ਦਾ ਯਤਨ ਕਰੇ।

ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਕਿਸੇ ਦੀ ਰੀਸੋ ਰੀਸ ਕੰਮ ਕਰੇ। ਤਾਰ ਹਿੱਲੀ ਤੇ ਰਾਗ ਬੁੱਝਿਆ——ਜਦੋਂ ਕਿਸੇ ਦਾ ਇਸ਼ਾਰਾ ਕਰਨ ਤੇ ਕਹਿਣ ਵਾਲ਼ੇ ਦੀ ਗੱਲ ਸਮਝ ਪੈ ਜਾਵੇ, ਉਦੋਂ ਇੰਜ ਆਖੀਦਾ ਹੈ।

ਤਾਰੂ ਹਮੇਸ਼ਾ ਦਰਿਆ ਦੀ ਮੌਤ ਮਰਦਾ ਹੈ——ਭਾਵ ਇਹ ਹੈ ਕਿ ਖ਼ਤਰਨਾਕ ਕੰਮ ਕਰਨ ਵਾਲ਼ੇ ਅਕਸਰ ਖ਼ਤਰਨਾਕ ਮੌਤ ਮਰਦੇ ਹਨ।

ਤਾਲੋਂ ਘੁੱਥੀ ਡੂਮਣੀ ਬੋਲੇ ਤਾਲ ਬੇਤਾਲ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਮੌਕਾ ਖੁੰਝ ਜਾਣ ਤੇ ਕੋਈ ਇਧਰ-ਉਧਰ ਹੱਥ ਪੈਰ ਮਾਰੇ ਤੇ ਭਟਕਦਾ ਫਿਰੇ।

ਤਾੜੀ ਦੋਹੀਂ ਹੱਥੀਂ ਵਜਦੀ ਹੈ——ਭਾਵ ਸਪੱਸ਼ਟ ਹੈ ਕਿ ਲੜਾਈ-ਝਗੜਾ ਦੋਹਾਂ ਧਿਰਾਂ ਦੀ ਆਪਸੀ ਖਿੱਚੋਤਾਣ ਨਾਲ਼ ਹੁੰਦਾ ਹੈ। ਦੋਨੋਂ ਧਿਰਾਂ ਜ਼ਿੰਮੇਵਾਰ ਹਨ। ਜੇ ਆਪਸ ਵਿੱਚ ਸੁਲਾਹ ਸਫ਼ਾਈ ਹੋ ਜਾਵੇ ਤਾਂ ਝਗੜਾ ਮੁੱਕ ਜਾਂਦਾ ਹੈ।

ਤਿੱਤਰ ਖੰਭੀ ਬਦਲੀ, ਮਿਹਰੀ (ਤੀਵੀਂ) ਸੁਰਮਾ ਪਾ, ਉਹ ਵਸਾਵੇ ਮੇਘਲਾ, ਉਹ ਨੂੰ ਖਸਮ ਦੀ ਚਾਹ——ਭਾਵ ਇਹ ਹੈ ਕਿ ਤਿੱਤਰ ਖੰਭੀ ਬੱਦਲੀ ਜ਼ਰੂਰ ਮੀਂਹ ਵਰਸਾਉਂਦੀ ਹੈ, ਹਾਰ ਸ਼ਿੰਗਾਰ ਕਰਨ ਵਾਲ਼ੀ ਤੀਵੀਂ ਨੂੰ ਆਪਣੇ ਪਤੀ ਦੇ ਮਿਲਾਪ ਦੀ ਚਾਹਨਾ ਹੁੰਦੀ ਹੈ।

ਤਿੱਤਰ ਖੰਭੀ ਬੱਦਲੀ, ਰੰਡੀ ਸੁਰਮਾ ਪਾਏ, ਉਹ ਵੱਸੇ ਉਹ ਉਜੜੇ (ਉਧਲੇ) ਕਦੇ ਨਾ ਬਿਰਥੀ ਜਾਏ——ਇਸ ਅਖਾਣ ਦੇ ਭਾਵ ਅਰਥ ਸਪੱਸ਼ਟ ਹਨ, ਤਿੱਤਰ ਖੰਭ ਬਦਲੀ ਜ਼ਰੂਰ ਵਸਦੀ ਹੈ ਅਤੇ ਹਾਰ ਸ਼ਿੰਗਾਰ ਲਾ ਕੇ ਅੱਖ ਮਟੱਕੇ ਲਾਉਣ ਵਾਲ਼ੀ ਵਿਧਵਾ ਨਾਰ ਉੱਧਲ ਜਾਂਦੀ ਹੈ।

ਤਿੰਨ ਚੀਜ਼ਾਂ ਮਿੱਠੀਆਂ ਨਾਰੀ, ਕੁੜਮ, ਕਮੀਨ, ਤਿੰਨ ਚੀਜ਼ਾਂ ਕੌੜੀਆਂ ਮਿਰਚ, ਤਮਾਕੂ, ਅਫੀਮ——ਇਸ ਅਖਾਣ ਦਾ ਭਾਵ ਸਪੱਸ਼ਟ ਹੈ।

ਤਿੰਨ ਬੁਲਾਏ ਤੇਰਾਂ ਆਏ, ਸੁਣ ਸੰਤਨ ਦੀ ਬਾਣੀ, ਰਾਧਾ ਕ੍ਰਿਸ਼ਨ ਗੋਬਿੰਦਾ, ਨੇਲ੍ਹ ਦਾਲ਼ ਮੇਂ ਪਾਣੀ——ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਅਚਾਨਕ ਹੀ ਘਰ ਵਿੱਚ ਬਹੁਤੇ ਪ੍ਰਾਹੁਣੇ ਆ ਜਾਣ ਤੇ ਡੰਗ ਸਾਰਨ ਲਈ ਦਾਲ਼ ਵਿੱਚ ਹੋਰ ਪਾਣੀ ਪਾ ਕੇ ਦਾਲ਼ ਵਧਾਉਣੀ ਪਵੇ।

ਤਿੰਨਾਂ ਵਿੱਚ ਨਾ ਤੇਰਾਂ ਵਿੱਚ——ਜਦੋਂ ਕੋਈ ਬੰਦਾ ਕਿਸੇ ਗਿਣਤੀ ਵਿੱਚ ਨਾ ਗਿਣਿਆਂ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਤਿੰਨੇ ਟੱਟੇ ਨਾ ਮਿਲਣ, ਪੱਥਰ, ਸ਼ੀਸ਼ਾ, ਚਿੱਤ——ਇਹ ਅਖਾਣ ਅਟੱਲ ਸੱਚਾਈ ਨੂੰ ਦਰਸਾਉਂਦਾ ਹੈ। ਉਪਰੋਕਤ ਤਿੰਨੇ ਚੀਜ਼ਾਂ ਟੁੱਟ ਜਾਣ ਮਗਰੋਂ ਦੁਬਾਰਾ ਨਹੀਂ ਜੁੜਦੀਆਂ।

ਤੀਜਾ ਰਲ਼ਿਆ ਤਾਂ ਕੰਮ ਗਲ਼ਿਆ——ਆਮ ਲੋਕਾਂ ਵਿੱਚ ਇਹ ਵਹਿਮ ਪ੍ਰਚੱਲਿਤ ਹੈ ਕਿ ਤੀਜਾ ਬੰਦਾ ਨਹਿਸ਼ ਹੁੰਦਾ ਹੈ। ਜਦੋਂ ਤਿੰਨ ਜਣੇ ਰਲ਼ ਕੇ ਕਿਸੇ ਕੰਮ ਜਾਣ, ਉਹ ਕੰਮ ਸਿਰੇ ਨਾ ਲੱਗੇ, ਉਦੋਂ ਇੰਜ ਆਖਦੇ ਹਨ। ਤੀਰ ਕਮਾਨੋ ਤੇ ਬੋਲ ਜ਼ਬਾਨੋਂ ਨਿਕਲਕੇ ਮੁੜ ਨਹੀਂ ਆਉਂਦੇ——ਭਾਵ ਸਪੱਸ਼ਟ ਹੈ ਕਿ ਕਮਾਨੋਂ ਚਲਿਆ ਤੀਰ ਤੇ ਜ਼ਬਾਨੋਂ ਬੋਲਿਆ ਬੋਲ ਕਦੀ ਵਾਪਸ ਨਹੀਂ ਮੁੜਦੇ, ਇਸ ਲਈ ਬੋਲਣ ਲੱਗਿਆਂ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ।

ਤੀਰ ਨਹੀਂ ਉੱਕਾ ਹੀ ਸਹੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਕੰਮ ਦੇ ਨੇਪਰੇ ਚੜ੍ਹਨ ਦਾ ਪੂਰਾ ਭਰੋਸਾ ਨਾ ਹੋਵੇ।

ਤੁਹਾਡਾ ਮਾਲ ਵਧੇ, ਸਾਡੀਆਂ ਬੁੱਕਾਂ ਵੱਧਣ——ਜਦੋਂ ਇਹ ਦੱਸਣਾ ਹੋਵੇ ਕਿ ਇਕ ਦੇ ਫ਼ਾਇਦੇ ਵਾਲ਼ੀ ਗੱਲ ਦੋਹਾਂ ਧਿਰਾਂ ਲਈ ਫ਼ਈਦੇਮੰਦ ਸਾਬਤ ਹੋ ਸਕਦੀ ਹੈ, ਉਦੋਂ ਇਹ ਅਖਾਣ ਬੋਲਦੇ ਹਨ।

ਤੁਖ਼ਮ ਤਾਸੀਰ, ਤੇ ਸਹੁਬਤ ਦਾ ਅਸਰ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਚੰਗੀ ਕੁਲ ਦਾ ਬੰਦਾ ਮਾੜੀ ਸੰਗਤ ਵਿੱਚ ਪੈ ਕੇ ਚੌੜ ਹੋ ਜਾਵੇ ਤੇ ਮਾੜੇ ਕੰਮ ਕਰੇ।

ਤੁਰਤ ਦਾਨ ਮਹਾਂ ਦਾਨ——ਭਾਵ ਇਹ ਹੈ ਕਿ ਚੰਗੇ ਕੰਮ ਕਰਨ ਲੱਗਿਆਂ ਦੇਰ ਨਹੀਂ ਕਰਨੀ ਚਾਹੀਦੀ, ਕਈ ਵਾਰ ਸਲਾਹ ਬਦਲ ਜਾਂਦੀ ਹੈ।

ਤੁਰੀ ਹੋਈ ਜੂੰ ਵੀ ਮਾਣ ਨਹੀਂ ਹੁੰਦੀ——ਇਸ ਅਖਾਣ ਵਿੱਚ ਉੱਦਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਸਹਿਜ ਤੋਰ ਤੁਰਿਆਂ ਵੀ ਬੰਦਾ ਆਪਣੀ ਮੰਜ਼ਿਲ 'ਤੇ ਪੁੱਜ ਜਾਂਦਾ ਹੈ।

ਤੂੰ ਕਿਉਂ ਰੋਂਦੀ ਏਂ ਰੰਘੜ ਦੀ ਮਾਈ, ਆਪ ਰੋਣਗੇ ਜਿਨ੍ਹਾਂ ਲੜ ਲਾਈ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਜਿਸ ਨੇ ਜਿਹੋ ਜਿਹਾ ਕੰਮ ਕੀਤਾ ਹੈ, ਉਸ ਦੀ ਜ਼ਿੰਮੇਵਾਰੀ ਉਸੇ ਦੇ ਸਿਰ ਹੈ, ਹੋਰ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ।

ਤੂੰ ਕੌਣ ਤੇ ਮੈਂ ਕੌਣ——ਜਦੋਂ ਕੋਈ ਮਤਲਬੀ ਬੰਦਾ ਆਪਣਾ ਕੰਮ ਕੱਢ ਕੇ ਸਹਾਇਤਾ ਕਰਨ ਵਾਲ਼ੇ ਬੰਦੇ ਨੂੰ ਭੁੱਲ-ਭੁਲਾ ਦੇਵੇ, ਉਦੋਂ ਇੰਜ ਆਖਦੇ ਹਨ।

ਤੂੰ ਕੌਣ? ਮੈਂ ਖਾਹ ਮਖਾਹ——ਜਦੋਂ ਕੋਈ ਬੰਦਾ ਕਿਸੇ ਦੇ ਕੰਮ ਵਿੱਚ ਦਖ਼ਲ ਦੇਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਤੂੰ ਦਰਾਣੀ, ਮੈਂ ਜਠਾਣੀ, ਤੇਰੇ ਅੱਗ ਨਾ ਮੇਰੀ ਪਾਣੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਦੋਵੇਂ ਇਕੋ ਜਿਹੇ ਭੁੱਖੇ-ਨੰਗੇ ਗ਼ਰੀਬ ਇਕੱਠੇ ਹੋ ਕੇ ਮਿਲ਼ ਬੈਠਣ।

ਤੂੰ, ਨਾ ਪਾਈ ਛੱਪਰੀ, ਮੈਂ ਨਾ ਪਾਣੀ ਚੁਲ੍ਹ, ਜਿੱਧਰ ਮਰਜ਼ੀ ਆ ਉੱਧਰ ਜੁੱਲ——ਜਦੋਂ ਦੋਵੇਂ ਧਿਰਾਂ ਇਕੋ ਜਿਹੀਆਂ ਲਾਪ੍ਰਵਾਹ ਤੇ ਦੂਰ ਦ੍ਰਿਸ਼ਟੀ ਤੋਂ ਕੋਰੀਆਂ ਮਿਲ਼ ਜਾਣ, ਉਦੋਂ ਇੰਜ ਆਖਦੇ ਹਨ।

ਤੂੰ ਪਾਈ ਮੈਂ ਬੁੱਝੀ, ਕਾਣੀ ਅੱਖ ਨਾ ਰਹਿੰਦੀ ਗੁੱਝੀ——ਜਦੋਂ ਕਿਸੇ ਦੀ ਗੱਲਬਾਤ ਵਿੱਚੋਂ ਉਸ ਦੀ ਚਲਾਕੀ ਤੇ ਹੁਸ਼ਿਆਰੀ ਦਾ ਪਤਾ ਲੱਗ ਜਾਵੇ, ਉਦੋਂ ਇੰਜ ਆਖਦੇ ਹਨ।

ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖੀਰ ਖਾਨੀ ਆਂ——ਜਦੋਂ ਕੋਈ ਬੰਦਾ ਚਲਾਕੀ ਨਾਲ਼ ਕਿਸੇ ਨੂੰ ਨੁਕਸਾਨ ਪੁਚਾਵੇ, ਉਦੋਂ ਇਹ ਅਖਾਣ ਬੋਲਦੇ ਹਨ। ਤੇਰੀ ਅੱਖੋਂ ਨੂਰ ਝਬੱਕੇ, ਮੇਰਾ ਫ਼ੀਹਨਾ ਨੱਕ, ਦੋਵੇਂ ਧਿਰਾਂ ਇਕੋ ਜਹੀਆਂ, ਖ਼ਾਤਰ ਜਮਾਂ ਰੱਖ——ਜਦੋਂ ਦੋਹਾਂ ਧਿਰਾਂ ਇਕੋ ਜਿਹੀਆਂ ਊਣਤਾਈਆਂ ਅਤੇ ਔਗੁਣਾਂ ਵਾਲ਼ੀਆਂ ਹੋਣ, ਉਦੋਂ ਇਹ ਅਖਾਣ ਬੋਲਦੇ ਹਨ।

ਤੇਰੀ ਮਿਲੇ ਨਾ ਮਿਲੇ ਮੈਨੂੰ ਦੋ ਥਣ ਚੋ ਦੇ——ਇਹ ਅਖਾਣ ਮਤਲਬੀ ਬੰਦਿਆਂ ਪ੍ਰਤੀ ਵਰਤਿਆ ਜਾਂਦਾ ਹੈ, ਭਾਵ ਇਹ ਹੈ ਕਿ ਮੇਰਾ ਕੰਮ ਬਣ ਜਾਵੇ, ਅਗਲੇ ਦਾ ਬਣੇ ਭਾਵੇਂ ਨਾ ਬਣੇ।

ਤੇਰੀ ਰੀਸ ਉਹ ਕਰੇ ਜਿਹੜਾ ਟੰਗ ਚੁੱਕ ਕੇ ਮੂਤੇ——ਇਹ ਅਖਾਣ ਸ਼ੇਖ਼ੀਆਂ ਮਾਰਨ ਵਾਲ਼ੇ ਦਾ ਮੂੰਹ ਬੰਦ ਕਰਨ ਲਈ ਇਸ਼ਾਰੇ ਵਜੋਂ ਵਰਤਦੇ ਹਨ।

ਤੇਰੇ ਢਿੱਡ ਵਿੱਚ ਏ ਤੇ ਮੇਰੇ ਨਹੂੰਆਂ ਵਿੱਚ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਚਲਾਕ ਬੰਦੇ ਦੀ ਚਲਾਕੀ ਫੜ ਕੇ ਉਹ ਨੂੰ ਦੱਸਣ ਲਈ ਇਹ ਕਿਹਾ ਜਾਂਦਾ ਹੈ ਕਿ ਮੈਂ ਤੇਰੇ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਬਹੁਤਾ ਚਲਾਕ ਨਾ ਬਣੇ।

ਤੇਲ ਤਿਲਾਂ ਵਿੱਚੋਂ ਹੀ ਨਿਕਲਦਾ ਹੈ——ਦੁਕਾਨਦਾਰ ਆਮ ਕਰਕੇ ਇਹ ਅਖਾਣ ਬੋਲਦੇ ਹਨ। ਭਾਵ ਇਹ ਹੈ ਕਿ ਜੇ ਮਾਲ ਵੇਚਿਆਂ ਲਾਭ ਨਾ ਹੋਵੇ ਤਾਂ ਉਸ ਵਿੱਚੋਂ ਰਿਆਇਤ ਨਹੀਂ ਕੀਤੀ ਜਾ ਸਕਦੀ।

ਤੇਲ ਦੇਖੋ ਤੇਲ ਦੀ ਧਾਰ ਦੇਖੋ——ਇਹ ਅਖਾਣ ਕਿਸੇ ਕੰਮ ਲਈ ਢੁੱਕਵਾਂ ਸਮਾਂ ਵਿਚਾਰਨ ਤੇ ਉਡੀਕ ਕਰਨ ਦੀ ਪ੍ਰੇਰਨਾ ਦੇਣ ਲਈ ਬੋਲਿਆ ਜਾਂਦਾ ਹੈ।

ਤੇਲਾਂ ਬਾਝ ਨਾ ਬਲਣ ਮਸ਼ਾਲਾਂ, ਦਰਦਾਂ ਬਾਝ ਨਾ ਆਹੀਂ——ਭਾਵ ਇਹ ਹੈ ਕਿ ਦੁਖ ਦਰਦ ਬਿਨਾਂ ਆਹ ਨਹੀਂ ਨਿਕਲਦੀ ਤੇ ਤੇਲ ਬਿਨਾਂ ਮਿਸ਼ਾਲ ਨਹੀਂ ਜਲਾਈ ਜਾ ਸਕਦੀ।

ਤੇਲੀ ਜੋੜੇ ਪਲੀ ਪਲੀ ਤੇ ਰੱਬ ਰੁੜ੍ਹਾਏ ਕੁੱਪਾ——ਇਸ ਅਖਾਣ ਦਾ ਭਾਵ ਇਹ ਹੈ ਕਿ ਮਨੁੱਖ ਕੁਝ ਸੋਚਦਾ ਹੈ, ਕਈ ਤਰ੍ਹਾਂ ਦੇ ਸੁਪਨੇ ਉਸਾਰਦਾ ਹੈ ਪ੍ਰੰਤੂ ਪ੍ਰਮਾਤਮਾ ਪਲਾਂ ਵਿੱਚ ਹੀ ਉਸ ਦੀਆਂ ਸਕੀਮਾਂ ਢਹਿ-ਢੇਰੀ ਕਰਕੇ ਰੱਖ ਦਿੰਦਾ ਹੈ, ਇਸ ਲਈ ਰੱਬ ਦੇ ਭਾਣੇ ਅਨੁਸਾਰ ਚੱਲਣਾ ਚਾਹੀਦਾ ਹੈ। '

ਤੇਲੀ ਦੇ ਬਲਦ ਨੂੰ ਘਰੇ ਹੀ ਪੰਜਾਹ ਕੋਹ——ਜਦੋਂ ਘਰ ਦੇ ਕੰਮ ਕਾਜਾਂ ਵਿੱਚੋਂ ਹੀ ਵਿਹਲ ਨਾ ਮਿਲੇ, ਬਾਹਰਲੇ ਕੰਮ ਨਾਲੋਂ ਘਰ ਦੇ ਕੰਮਾਂ ਵਿੱਚ ਜ਼ਿਆਦਾ ਖੇਚਲ ਕਰਨੀ ਪਵੇ, ਉਦੋਂ ਇਹ ਅਖਾਣ ਵਰਤਦੇ ਹਨ। ਕੋਹਲੂ ਦਾ ਬੈਲ ਕੋਹਲ ਦੇ ਦੁਆਲੇ ਹੀ ਚੱਕਰ ਕੱਢਦਾ ਰਹਿੰਦਾ ਹੈ।

ਤੇਲੀ ਵੀ ਕੀਤਾ, ਰੁੱਖਾ ਵੀ ਖਾਧਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਆਪਣੀ ਮਰਜ਼ੀ ਦੇ ਉਲਟ ਕੰਮ ਕਰੇ ਪ੍ਰੰਤੂ ਉਸ ਵਿੱਚ ਉਸ ਨੂੰ ਕੋਈ ਲਾਭ ਜਾਂ ਖੂਸ਼ੀ ਪ੍ਰਾਪਤ ਨਾ ਹੋਵੇ। ਤੌੜੀ ਵਿੱਚੋਂ ਇਕ ਦਾਣਾ ਹੀ ਟੋਹੀਦਾ ਹੈ——ਭਾਵ ਇਹ ਹੈ ਕਿ ਕਿਸੇ ਬੰਦੇ ਦੀ ਇਕ ਅੱਧ ਗੱਲ ਤੋਂ ਹੀ ਉਸ ਦੇ ਕਿਰਦਾਰ ਤੇ ਸੁਭਾਅ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਕਿੰਨੇ ਕੁ ਪਾਣੀ 'ਚ ਹੈ।

ਥਲਾਂ ਦੇ ਪਲੇ ਪਾਣੀ ਵਿੱਚ ਗਲ਼ੇ——ਜਦੋਂ ਕਿਸੇ ਨੂੰ ਉਸ ਦੇ ਸੁਭਾਅ, ਆਦਤ ਜਾਂ ਰਹਿਣ-ਸਹਿਣ ਅਨੁਕੂਲ ਵਾਤਾਵਰਣ ਨਾ ਮਿਲਣ ਕਾਰਨ ਤਕਲੀਫ਼ ਅਤੇ ਬੇਅਰਾਮੀ ਮਹਿਸੂਸ ਹੋਵੇ, ਉਦੋਂ ਇੰਜ ਆਖਦੇ ਹਨ।

ਥੁੱਕੀਂ ਵੜੇ ਨਹੀਂ ਪੱਕਦੇ——ਜਦੋਂ ਮਾਲਕ ਕੰਮ ਤਾਂ ਚੰਗੇ ਚੋਖਾ ਚਾਹੇ ਪ੍ਰੰਤੂ ਦਿਲ ਖੋਲ੍ਹ ਕੇ ਪੈਸੇ ਨਾ ਖ਼ਰਚੇ, ਉਦੋਂ ਇਹ ਅਖਾਣ ਬੋਲਦੇ ਹਨ।

ਥੱਥੇ ਸ਼ਾਹ ਦੀਆਂ ਮਨ ਵਿੱਚ ਖੇਪਾਂ, ਪੰਜੀਂ ਲਵਾਂ ਪੰਜਾਹੀਂ ਵੇਚਾਂ——ਜਦੋਂ ਕੋਈ ਬੰਦਾ ਖ਼ਾਲੀ ਪਲਾਓ ਪਕਾਉਣ ਦੀਆਂ ਗੱਲਾਂ ਕਰੇ ਤੇ ਅਸਲ ਗੱਲ ਵਲ ਨਾ ਆਵੈ, ਉਦੋਂ ਆਖਦੇ ਹਨ।

ਥੋੜ੍ਹ ਬੁਰੀ 'ਕ ਛੁਰੀ——ਇਹ ਅਖਾਣ ਦਰਸਾਉਂਦਾ ਹੈ ਕਿ ਗ਼ਰੀਬੀ ਛੁਰੀ ਨਾਲ਼ੋਂ ਵੀ ਵੱਧ ਦੁਖਦਾਇਕ ਹੈ।

ਥੋੜ੍ਹਾ ਖਾਣਾ ਸੁਖੀ ਰਹਿਣਾ——ਭਾਵ ਇਹ ਹੈ ਕਿ ਲੋੜ ਤੋਂ ਵੱਧ ਖਾਣ ਨਾਲ਼ ਸਰੀਰ ਨੂੰ ਕਈ ਰੋਗ ਲੱਗ ਜਾਂਦੇ ਹਨ, ਸੰਜਮ ਨਾਲ਼ ਕੀਤੀ ਕਮਾਈ ਸ਼ਾਂਤੀ ਦਿੰਦੀ ਹੈ।

ਥੋੜ੍ਹਾ ਲੱਦ ਸਵੇਰੇ ਆ——ਇਹ ਅਖਾਣ ਵਪਾਰੀ ਵਰਤਦੇ ਹਨ। ਭਾਵ ਇਹ ਹੈ ਕਿ ਥੋੜ੍ਹਾ ਨਫ਼ਾ ਕਮਾ ਕੇ ਮਾਲ ਛੇਤੀ ਵੇਚ ਦੇਣਾ ਚਾਹੀਦਾ ਹੈ।

ਥੋੜੀ ਖਾਏ ਆਪ ਨੂੰ ਬਹੁਤੀ ਖਾਏ ਗਾਹਕ ਨੂੰ——ਇਸ ਅਖਾਣ ਦਾ ਭਾਵ ਇਹ ਹੈ ਕਿ ਵਪਾਰ ਵਿੱਚ ਥੋੜ੍ਹੀ ਪੂੰਜੀ ਲਾਉਣ ਨਾਲ਼ ਲਾਭ ਨਹੀਂ ਹੁੰਦਾ, ਪੂੰਜੀ ਬਹੁਤੀ ਖ਼ਰੀਦਣ ਨਾਲ਼ ਸੌਦੇ ਨਾਲ਼ ਭਰੀ-ਭਰੀ ਦੁਕਾਨ ਵੇਖ ਕੇ ਗਾਹਕ ਛੇਤੀ ਫਸਦੇ ਹਨ।

ਦਸ ਫ਼ਕੀਰ ਇਕ ਗੋਦੜੀ ਵਿੱਚ ਸਮਾ ਜਾਂਦੇ ਹਨ, ਦੇ ਬਾਦਸ਼ਾਹ ਇਕ ਰਾਜ ਵਿੱਚ ਨਹੀਂ ਸਮਾ ਸਕਦੇ——ਭਾਵ ਇਹ ਕਿ ਗ਼ਰੀਬ ਤਾਂ ਰਲ਼ ਕੇ ਕੱਟ ਲੈਂਦੇ ਹਨ ਪ੍ਰੰਤੂ ਅਮੀਰ ਆਪਸ ਵਿੱਚ ਖਹਿੰਦੇ ਰਹਿੰਦੇ ਹਨ।

ਦਹੀਂ ਦੇ ਭੁਲੇਖੇ ਕਪਾਹ ਦੀ ਫੁੱਟੀ ਨਹੀਂ ਖਾਈਦੀ——ਭਾਵ ਇਹ ਹੈ ਕਿ ਚੰਗੀ-ਮੰਦੀ ਚੀਜ਼ ਅਤੇ ਸੱਜਣ-ਦੁਸ਼ਮਣ ਦੇ ਫ਼ਰਕ ਨੂੰ ਸਮਝਣ ਵਿੱਚ ਹੀ ਭਲਾ ਹੈ। ਦੰਦ ਸੀ ਚਣੇ ਨਹੀਂ ਸੀ, ਚਣੇ ਨੇ ਦੰਦ ਨਹੀਂ——ਜਦੋਂ ਇਹ ਦੱਸਣਾ ਹੋਵੇ ਕਿ ਜਦੋਂ ਸ਼ਕਤੀ ਸੀ ਉਦੋਂ ਸੁਖ-ਆਰਾਮ ਨਹੀਂ ਸਨ, ਜਦੋਂ ਸੁਖ ਅਰਾਮ ਪ੍ਰਾਪਤ ਹੋਇਆ ਹੈ ਤਾਂ ਹੁਣ ਇਹਨਾਂ ਨੂੰ ਮਾਨਣ ਦੀ ਸ਼ਕਤੀ ਜਾਂ ਚਾਹ ਨਹੀਂ ਰਹੀ।

ਦੱਦਾ ਨਹੀਂ ਪੜ੍ਹਿਆ, ਲੱਲਾ ਪੜ੍ਹਿਆ ਏ——ਇਹ ਅਖਾਣ ਉਸ ਖ਼ੁਦਗਰਜ਼ ਬੰਦੇ ਵੱਲ ਇਸ਼ਾਰਾ ਕਰਦਾ ਹੈ ਜਿਹੜਾ ਹਰ ਪਲ ਕੁਝ ਨਾ ਕੁਝ ਲੈਣ ਦੀ ਇੱਛਾ ਰੱਖੇ ਪ੍ਰੰਤੂ ਪੱਲਿਓਂ ਕੁਝ ਨਾ ਦੇਵੇ।

ਦੰਮ ਹੀ ਦੰਮ ਨਾ ਧੋਖਾ ਨਾ ਗ਼ੰਮ——ਇਹ ਅਖਾਣ ਛੜੇ ਮਲੰਗਾਂ ਬਾਰੇ ਹੈ ਜਿਨ੍ਹਾਂ ਨੂੰ ਕਿਸੇ ਹੋਰ ਦੀ ਚਿੰਤਾ ਨਹੀਂ ਹੁੰਦੀ।

ਦੰਮ ਲੱਗਣ ਸ਼ਾਹਾਂ ਦੇ ਮੁਖੀ ਦੀ ਸਰਾਂ——ਜਦੋਂ ਰੁਪਿਆ ਪੈਸਾ ਕਿਸੇ ਹੋਰ ਦਾ ਲੱਗੇ ਤੇ ਵਡਿਆਈ ਕਿਸੇ ਹੋਰ ਦੀ ਹੋਵੇ, ਉਦੋਂ ਇੰਜ ਆਖਦੇ ਹਨ।

ਦੰਮਾਂ ਨਾਲ਼ ਦਮਾਮੇ ਵਜਦੇ ਹਨ——ਇਸ ਅਖਾਣ ਦਾ ਭਾਵ ਇਹ ਹੈ ਕਿ ਪੱਲਿਓਂ ਪੈਸੇ ਖ਼ਰਚ ਕਰਕੇ ਹੀ ਸ਼ੋਭਾ ਕਰਵਾਈ ਜਾਂਦੀ ਹੈ।

ਦਰਿਆ ਦਾ ਹਮਸਾਇਆ ਨਾ ਭੁੱਖਾ ਨਾ ਤਿਹਾਇਆ——ਭਾਵ ਇਹ ਹੈ ਕਿ ਕਿਸੇ ਬਖ਼ਤਾਵਰ ਗੁਆਂਢੀ ਦੇ ਗੁਆਂਢ ਵੱਸਣ ਵਾਲ਼ੇ ਸਧਾਰਨ ਪਰਿਵਾਰ ਦੀਆਂ ਲੋੜਾਂ ਅਕਸਰ ਗੁਆਂਢੀ ਪੂਰੀਆਂ ਕਰ ਦਿੰਦੇ ਹਨ।

ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਉਣਗੇ——ਜਦੋਂ ਇਹ ਸਮਝਾਉਣਾ ਹੋਵੇ ਕਿ ਮਾੜੇ ਦਿਨ ਸਦਾ ਨਹੀਂ ਰਹਿੰਦੇ, ਭਲੇ ਦਿਨ ਵੀ ਆਉਣਗੇ, ਉਦੋਂ ਇਹ ਅਖਾਣ ਵਰਤਦੇ ਹਨ।

ਦਾਈ ਕੋਲੋਂ ਪੇਟ ਲੁਕਿਆ ਨਹੀਂ ਰਹਿੰਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਘਰ ਦੇ ਭੇਤੀ ਪਾਸੋਂ ਘਰ ਦੀ ਕੋਈ ਗੱਲ ਲੁਕੀ-ਛਿਪੀ ਨਹੀਂ ਰਹਿੰਦੀ।

ਦਾਣੇ ਦਾਣੇ ਸਿਰ ਮੋਹਰ ਹੁੰਦੀ ਹੈ——ਭਾਵ ਅਰਥ ਇਹ ਹੈ ਕਿ ਹਰ ਕੋਈ ਆਪਣਾ ਨਸੀਬ ਖਾਂਦਾ ਹੈ, ਜਿੱਥੇ ਵੀ ਜਾਵੇ ਉਸ ਨੂੰ ਖਾਣ ਨੂੰ ਮਿਲ ਜਾਂਦਾ ਹੈ।

ਦਾਤਾ ਕਾਲ਼ ਪਰਖੀਏ, ਧਣਿਉਂ (ਦੁੱਧ ਦੇਣ ਵਾਲੀ ਗਾਂ) ਫੱਗਣ ਮਾਂਹ——ਭਾਵ ਇਹ ਹੈ ਕਿ ਔਖੇ ਵੇਲੇ ਸੱਜਣ-ਮਿੱਤਰ ਪਰਖੇ ਜਾਂਦੇ ਹਨ ਅਤੇ ਗਾਂ ਦੀ ਪਰਖ਼ ਦੁੱਧ ਦੀ ਤੋਟ ਵਾਲ਼ੇ ਮਹੀਨੇ ਫੱਗਣ ਵਿੱਚ ਹੁੰਦੀ ਹੈ।

ਦਾਤਾ ਦਾਨ ਕਰੇ ਭੰਡਾਰੀ ਦਾ ਪੇਟ ਫਟੇ——ਜਦੋਂ ਕੋਈ ਬੰਦਾ ਕਿਸੇ ਗ਼ਰੀਬ ਦੀ ਸਹਾਇਤਾ ਕਰਦਿਆਂ ਵੇਖ ਕੇ ਸੜੇ, ਉਦੋਂ ਇਹ ਅਖਾਣ ਵਰਤਦੇ ਹਨ।

ਦਾਦ ਪਰਾਏ, ਹਾਲੀ ਹੋਰ, ਜਿਵੇਂ ਭਾਵੇਂ ਤਿਵੇਂ ਟੋਰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਹਰ ਨਿੱਕੇ ਮੋਟੇ ਕੰਮ ਲਈ ਕਿਸੇ ਦਾ ਮੁਥਾਜ ਹੋਵੇ।

ਦਾਨਾ ਦੁਸ਼ਮਣ, ਮੂਰਖ਼ ਸੱਜਣ ਨਾਲੋਂ ਚੰਗਾ——ਭਾਵ ਸਪੱਸ਼ਟ ਹੈ ਕਿ ਸਿਆਣਾ ਦੁਸ਼ਮਣ ਮੂਰਖ਼ ਮਿੱਤਰ ਨਾਲੋਂ ਚੰਗਾ ਹੁੰਦਾ ਹੈ, ਮੂਰਖ਼ ਮਿੱਤਰ ਦੀ ਮੂਰਖ਼ਤਾ ਨਾਲ਼ ਕਈ ਵਾਰ ਨਮੋਸ਼ੀ ਸਹਿਣੀ ਪੈਂਦੀ ਹੈ।

ਦਾਲ ਅਲੂਣੀ ਤੇ ਕਪੜੇ ਸਬੂਣੀ———-ਇਹ ਅਖਾਣ ਉਹਨਾਂ ਸਫ਼ੈਦਪੋਸ਼ਾਂ ਦੀ ਮਨੋਭਾਵਨਾ ਨੂੰ ਪ੍ਰਗਟ ਕਰਦਾ ਹੈ ਜੋ ਭੁੱਖੇ ਰਹਿੰਦੇ ਹੋਏ ਵੀ ਬਣ-ਠਣ ਕੇ ਬਾਹਰ ਨਿਕਲਦੇ ਹਨ। | ਦਾਲ ਟਿੱਕੀ ਖਾਹ, ਨੱਕ ਦੀ ਸੇਧੇ ਜਾਹ-ਇਹ ਅਖਾਣ ਸਵਾਦ ਮਗਰ ਲੱਗੇ ਬੰਦੇ ਨੂੰ ਵਰਜਣ ਤੇ ਸਮਝਾਉਣ ਲਈ ਵਰਤਿਆ ਜਾਂਦਾ ਹੈ। ਸਾਦਾ ਖਾਣਾ ਸਿਹਤ ਲਈ ਗੁਣਕਾਰੀ ਹੈ।

ਦਾਲ ਵਿੱਚ ਕੁਝ ਕਾਲਾ ਕਾਲਾ ਹੈ-ਜਦੋਂ ਕਿਸੇ ਮਾਮਲੇ ਵਿੱਚ ਦੂਜਾ ਬੰਦਾ ਕੋਈ ਗੱਲ ਛੁਪਾਉਣ ਦੀ ਕੋਸ਼ਿਸ਼ ਕਰੇ, ਉਦੋਂ ਇੰਜ ਆਖਦੇ ਹਨ।

ਦਾੜੀ ਨਾਲੋਂ ਮੁੱਛਾਂ ਵੱਧ ਗਈਆਂ-ਜਦੋਂ ਆਮਦਨ ਨਾਲੋਂ ਖ਼ਰਚ ਵੱਧ ਹੋ ਜਾਵੇ, ਜਾਂ ਉਦੋਂ ਜੇ ਕਿਸੇ ਛੋਟੀ ਵਸਤੁ ’ਤੇ ਵੱਡੀ ਨਾਲੋਂ ਵੱਧ ਖ਼ਰਚਾ ਕਰਨਾ ਪੈ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਦਿੱਤੀ ਖ਼ਲ ਨਾ ਖਾਏ ਭੜੂਆ ਕੋਹਲੂ ਚੱਟਣ ਜਾਏ-ਜਦੋਂ ਕੋਈ ਬੰਦਾ ਦਿੱਤੀ ਚੀਜ਼ ਲੈਣ ਤੋਂ ਨਾਂਹ-ਨੁੱਕਰ ਕਰੇ ਪ੍ਰੰਤੂ ਮਗਰੋਂ ਉਸੇ ਚੀਜ਼ ਨੂੰ ਲੈਣ ਲਈ ਹੱਥ-ਪੈਰ ਮਾਰੇ, ਉਦੋਂ ਆਖਦੇ ਹਨ।

ਦਿੱਤੇ ਬਾਝ ਨਾ ਉਤਰਦੇ ਹੁਦਾਰ ਪਰਾਏ-ਭਾਵ ਇਹ ਹੈ ਕਿ ਕਿਸੇ ਪਾਸੋਂ ਲਿਆ ਹੋਇਆ ਕਰਜ਼ਾ ਮੋੜਨ ’ਤੇ ਹੀ ਖ਼ਲਾਸੀ ਹੁੰਦੀ ਹੈ।

ਦਿਨ ਗਵਾਇਆ ਤੌਂ ਕੇ, ਰਾਤ ਗਵਾਈ ਸੌਂ ਕੇ-ਕਿਸੇ ਵਿਹਲੜ ਤੇ ਨਿਕੰਮੇ ਬੰਦੇ ਬਾਰੇ ਗੱਲ ਕਰਦਿਆਂ ਇਹ ਅਖਾਣ ਵਰਤਦੇ ਹਨ।

ਦਿਲ ਆਵੇ ਗਧੀ ਤੇ ਤਾਂ ਪਰੀ ਕੀ ਚੀਜ਼ ਐ-ਜਦੋਂ ਕੋਈ ਜਣਾ ਚੰਗੀ ਚੀਜ਼ ਨੂੰ ਛੱਡ ਕੇ ਮੰਦੀ ਚੀਜ਼ ਨੂੰ ਪਸੰਦ ਕਰੇ, ਉਦੋਂ ਆਖੀਦਾ ਹੈ।

ਦਿਲ ਹਰਾਮੀ ਹੁਜਤਾਂ ਢੇਰ-ਜਦੋਂ ਕਿਸੇ ਦਾ ਕੰਮ ਕਰਨ ਨੂੰ ਮਨ ਨਾ ਮੰਨੇ ਐਵੇਂ ਬਹਾਨੇ ਘੜੀ ਜਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਦਿਲ ਹੋਵੇ ਚੰਗਾ, ਕਟੋਰੇ ਵਿੱਚ ਗੰਗਾ-ਭਾਵ ਇਹ ਹੈ ਕਿ ਜੇ ਮਨ ਸਾਫ਼ ਹੋਵੇ ਤਾਂ ਬਾਹਰ ਤੀਰਥਾਂ ’ਤੇ ਜਾਣ ਦੀ ਲੋੜ ਨਹੀਂ ਘਰ ਵਿੱਚ ਹੀ ਚੰਗਾ ਹੈ।

ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਯਤਨ ਕਰਨ ਮਗਰੋਂ ਵੀ ਕਿਸੇ ਦੇ ਦਿਲ ਦਾ ਭੇਤ ਨਾ ਪਾ ਸਕੇ।

ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਸੋ ਗਰਜ਼ੀ——ਜਦੋਂ ਕਿਸੇ ਨੂੰ ਦਿਲੀ ਦੌਸਤ ਨਾ ਮਿਲਣ,ਜਿਹੜੇ ਮਿਲਣ ਸਭ ਮਤਲਬੀ, ਉਦੋਂ ਉਹ ਆਪਣੇ ਦਿਲ ਦਾ ਦੁੱਖ ਦੱਸਣ ਲਈ ਇਹ ਅਖਾਣ ਵਰਤਦਾ ਹੈ।

ਦਿਲ ਦਿਲਾਂ ਦੇ ਜ਼ਾਮਨ ਹੁੰਦੇ ਹਨ——ਭਾਵ ਇਹ ਹੈ ਕਿ ਮਿੱਤਰ ਪਿਆਰਿਆਂ ਦੇ ਦਿਲਾਂ ਵਿੱਚ ਇਕ-ਦੂਜੇ ਨੂੰ ਮਿਲਣ ਦੀ ਚਾਹ ਹੁੰਦੀ ਹੈ।

ਦੀਪਕ ਬਲੇ ਹਨ੍ਹੇਰਾ ਜਾਏ——ਜਦੋਂ ਕਿਸੇ ਦੇ ਮਾੜੇ ਦਿਨ ਲੰਘ ਜਾਣ ਤੇ ਖ਼ੁਸ਼ੀ ਦੇ ਦਿਨ ਪਰਤ ਆਉਣ,ਉਦੋਂ ਆਖਦੇ ਹਨ।

ਦੀਵੇ ਥੱਲੇ ਅਨ੍ਹੇਰਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਜ਼ਿੰਮੇਵਾਰ ਵਿਅਕਤੀ ਦੇ ਕੋਲ ਹੀ ਬੇਨਿਯਮੀ ਤੇ ਬੇਈਮਾਨੀ ਹੁੰਦੀ ਹੋਵੇ।

ਦੁਸ਼ਮਣ ਬਾਤ ਕਰੇ ਅਣਹੋਣੀ——ਭਾਵ ਸਪੱਸ਼ਟ ਹੈ ਕਿ ਦੁਸ਼ਮਣ ਕਈ ਵਾਰ ਅਜਿਹੇ ਦੂਸ਼ਨ ਲਾਉਂਦੇ ਹਨ ਜਿਨ੍ਹਾਂ ਦਾ ਕੋਈ ਸਿਰ-ਪੈਰ ਨਹੀਂ ਹੁੰਦਾ।

ਦੁਖ ਉਤਰਿਆ, ਰਾਮ ਵਿਸਿਰਿਆ——ਭਾਵ ਇਹ ਹੈ ਕਿ ਦੁਖ ਟੁੱਟਣ ਮਗਰੋਂ ਪ੍ਰਮਾਤਮਾ ਨੂੰ ਕੋਈ ਯਾਦ ਨਹੀਂ ਕਰਦਾ।

ਦੁੱਖਾਂ ਦੀਆਂ ਘੜੀਆਂ ਲੰਘਣ ਵਿੱਚ ਨਹੀਂ ਆਉਂਦੀਆਂ——ਇਸ ਅਖਾਣ ਦਾ ਭਾਵ ਇਹ ਹੈ ਕਿ ਬੀਮਾਰੀ ਅਤੇ ਚਿੰਤਾ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ, ਚਿੰਤਾਵਾਨ ਮਨੁੱਖ ਆਪਣੇ ਦਿਲ ਦੀ ਵੇਦਨਾ ਪ੍ਰਗਟ ਕਰਨ ਲਈ ਇਹ ਅਖਾਣ ਅਕਸਰ ਬੋਲਦੇ ਹਨ।

ਦੁਖੀਏ ਕੂੜ ਪਿਆਰਾ——ਜਿਹੜਾ ਬੰਦਾ ਕਿਸੇ ਦੁਖੀ ਮਨੁੱਖ ਨੂੰ ਝੂਠੇ ਦਿਲਾਸੇ ਦੇਵੇ, ਉਹ ਉਸ ਨੂੰ ਚੰਗਾ ਲੱਗਦਾ ਹੈ।

ਦੁਖੇ ਸਿਰ ਬੰਨ੍ਹੋ ਗੋਡਾ——ਜਦੋਂ ਕਿਸੇ ਬੰਦੇ ਦੀ ਮੰਗ ਤਾਂ ਕੁਝ ਹੋਰ ਹੋਵੇ ਤੇ ਉਸ ਨੂੰ ਉਸ ਦੀ ਥਾਂ ਕੁਝ ਹੋਰ ਦੇ ਦਿੱਤਾ ਜਾਵੇ, ਉਦੋਂ ਇੰਜ ਆਖਦੇ ਹਾਂ।

ਦੁੱਧ ਸਾਂਭੇ ਗੁਜਰੇਟੀ, ਧੰਨ ਸਾਂਭੇ ਖਤਰੇਟੀ——ਇਹਨਾਂ ਦੋਹਾਂ ਜਾਤਾਂ ਦੇ ਜਾਤੀ ਸੁਭਾਅ ਦੱਸਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਦੁੱਧ ਤੇ ਬੁੱਧ ਫਿਟਦਿਆਂ ਦੇਰ ਨਹੀਂ ਲੱਗਦੀ——ਭਾਵ ਇਹ ਹੈ ਕਿ ਦੁੱਧ ਅਤੇ ਬੁੱਧ ਦਾ ਕੋਈ ਭਰਵਾਸਾ ਨਹੀਂ ਪਤਾ ਨਹੀਂ ਕਦੋਂ ਨੀਤ ਫਿਟ ਜਾਵੇ ਅਤੇ ਦੁੱਧ ਫਟ ਜਾਵੇ।

ਦੁੱਧ ਦਾ ਸਾੜਿਆ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦਾ ਹੈ——ਜਦੋਂ ਕਿਸੇ ਸਾਊ ਮਨੁੱਖ ਪਾਸੋਂ ਧੋਖਾ ਖਾਣ ਮਗਰੋਂ ਕਿਸੇ ਹੋਰ ਸਾਉ ਮਨੁੱਖ ਦੀ ਨੀਅਤ ’ਤੇ ਸ਼ੱਕ ਕੀਤਾ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਦੁੱਧ ਦਾ ਦੁੱਧ ਪਾਣੀ ਦਾ ਪਾਣੀ——ਜਦੋਂ ਕਿਸੇ ਮਾਮਲੇ ਵਿੱਚ ਪੂਰਾ ਇਨਸਾਫ਼ ਹੋਇਆ ਹੋਵੇ, ਉਦੋਂ ਆਖਦੇ ਹਨ।

ਦੁੱਧਾਂ ਦੀਆਂ ਤ੍ਰੇਹਾਂ ਲੱਸੀਆਂ ਨਾਲ ਨਹੀਂ ਲਹਿੰਦੀਆਂ——ਭਾਵ ਇਹ ਹੈ ਕਿ ਅਸਲ ਚੀਜ਼ ਦਾ ਬਦਲ ਨਕਲੀ ਚੀਜ਼ ਨਹੀਂ ਹੁੰਦੀ। ਦੁਬਿਧਾ ਵਿੱਚ ਦੋਵੇਂ ਗਏ, ਨਾ ਮਾਇਆ ਮਿਲੀ ਨਾ ਰਾਮ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਦੁਬਿਧਾ ਜਾਂ ਦੁਚਿੱਤੀ ਦੀ ਅਵਸਥਾ ਚੰਗੀ ਨਹੀਂ ਹੁੰਦੀ। ਦ੍ਰਿੜ੍ਹਤਾ ਨਾਲ ਫੈਸਲਾ ਕਰਨਾ ਚੰਗਾ ਹੁੰਦਾ ਹੈ, ਦੁਚਿੱਤੀ ਨੁਕਸਾਨ ਪਹੁੰਚਾਉਂਦੀ ਹੈ।

ਦੂਜੇ ਦੀ ਅੱਖ ਦਾ ਤਿਣਕਾ ਵੀ ਦਿਸਦੈ, ਪਰ ਆਪਣੀ ਅੱਖ ਦਾ ਸ਼ਤੀਰ ਨਹੀਂ ਦਿਸਦਾ——ਜਦੋਂ ਕੋਈ ਬੰਦਾ ਆਪਣੇ ਐਬਾਂ ਵੱਲ ਨਾ ਦੇਖੇ, ਪ੍ਰੰਤੂ ਦੂਜਿਆਂ ਦੇ ਐਬਾਂ ਬਾਰੇ ਵਧਾਅ-ਚੜਾਅ ਕੇ ਗੱਲਾਂ ਕਰੇ, ਉਦੋਂ ਇਹ ਅਖਾਣ ਬੋਲਦੇ ਹਨ।

ਦੂਜੇ ਦੇ ਥਾਲ ਵਿੱਚ ਲੱਡੂ ਵੱਡਾ ਜਾਪਦੈ——ਜਦੋਂ ਕੋਈ ਬੰਦਾ ਕਿਸੇ ਦੂਜੇ ਬੰਦੇ ਦੇ ਰਹਿਣ-ਸਹਿਣ ਨੂੰ ਆਪਣੇ ਰਹਿਣ-ਸਹਿਣ ਨਾਲੋਂ ਚੰਗਾ ਸਮਝੇ, ਉਦੋਂ ਆਖਦੇ ਹਨ।

ਦੂਰ ਦੇ ਢੋਲ ਸੁਹਾਉਣ——ਜਦੋਂ ਕਿਸੇ ਦੂਰ ਵਸਦੇ ਬੰਦੇ ਦੀ ਚੰਗੀ ਸੋਭਾ ਸੁਣੀ ਹੋਵੇ, ਪ੍ਰੰਤੂ ਵਾਹ ਪੈਣ 'ਤੇ ਉਸ ਦੇ ਉਲਟ ਨਿਕਲੇ ਤਾਂ ਇੰਜ ਆਖਦੇ ਹਾਂ।

ਦੇਸੀ ਟੱਟੂ ਖੁਰਾਸਾਨੀ ਦੁਲੱਤੇ——ਜਦੋਂ ਕੋਈ ਬੰਦਾ ਦੂਜੇ ਬੰਦਿਆਂ ਦੀ ਰੀਸ ਵਿੱਚ ਆਪਣੇ ਘਰ ਦੀ ਰਹੁ-ਰੀਤ ਤਿਆਗ ਦੇਵੇ ਓਦੋਂ ਇੰਜ ਆਖਦੇ ਹਨ।

ਦੇਖਾ ਦੇਖੀ ਸਾਧਿਆ ਜੋਗ, ਛਿੱਜੀ ਕਾਇਆ ਵਧਿਆ ਰੋਗ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕਿਸੇ ਦੀ ਰੀਸ ਕੋਈ ਕੰਮ ਸ਼ੁਰੂ ਕਰ ਬੈਠੇ ਤੇ ਪਿੱਛੋਂ ਪਛਤਾਵੇ।

ਦੇਣ ਤੇ ਆਵੇ ਤਾਂ ਛੱਤ ਪਾੜ ਕੇ ਦੇਂਦਾ ਹੈ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਨੂੰ ਬਿਨਾਂ ਕਿਸੇ ਮਿਹਨਤ ਦੇ ਤੇ ਉੱਦਮ ਕਰਨ ਦੇ ਪ੍ਰਾਪਤੀ ਹੋ ਜਾਂਦੀ ਹੈ।

ਦੇਣਾ ਭਲਾ ਨਾ ਬਾਪ ਕਾ, ਬੇਟੀ ਭਲੀ ਨਾ ਏਕ——ਇਹ ਅਖਾਣ ਸ਼ਾਹੂਕਾਰਾਂ ਦੀਆਂ ਸਖ਼ਤੀਆਂ ਅਤੇ ਧੀਆਂ ਦੇ ਦੁਖਾਂ ਤੋਂ ਤੰਗ ਆ ਕੇ ਬੋਲਦੇ ਹਨ।

ਦੋ ਤਾਂ ਮਿੱਟੀ ਦੇ ਵੀ ਬਰੇ——ਭਾਵ ਇਹ ਹੈ ਕਿ ਜਦੋਂ ਕਿਸੇ ਤਕੜੇ ਮਨੁੱਖ ਦੇ ਟਾਕਰੋ ਤੇ ਦੋ ਜਣੇ ਖੜੇ ਹੋ ਜਾਣ ਭਾਵੇਂ ਉਹ ਮਾੜੇ ਹੀ ਹੋਣ, ਉਸ ਨੂੰ ਹਰਾ ਦਿੰਦੇ ਹਨ।

ਦੋ ਤੇ ਦੋ ਚਾਰ ਰੋਟੀਆਂ——ਭਾਵ ਇਹ ਹੈ ਕਿ ਗਰਜ਼ਮੰਦ ਹਰ ਮਸਲੇ ਨੂੰ ਆਪਣੀ ਲੋੜ ਅਨੁਸਾਰ ਹੀ ਦੇਖਦਾ ਹੈ, ਜਿਵੇਂ ਕਹਿੰਦੇ ਹਨ-ਬਾਤ ਪਾਵਾਂ ਟੁੱਕ।

ਦੋ ਪਈਆਂ ਵਿਸਰ ਗਈਆਂ, ਯਾਰਾਂ ਦੀਆਂ ਰੱਬ ਬਲਾਈਂ——ਜਦੋਂ ਕੋਈ ਢੀਠ ਬੰਦਾ ਕਿਸੇ ਤੋਂ ਮਾਰ ਕੁੱਟ ਖਾ ਕੇ ਵੀ ਪਹਿਲਾਂ ਵਾਂਗ ਹੀ ਬੇਪ੍ਰਵਾਹ ਬਣਿਆ ਫਿਰੇ, ਉਦੋਂ ਆਖਦੇ ਹਨ।

ਦੋ ਵਲ ਪੱਗ ਦੇ, ਤੂੰ ਹੱਥ ਤੁਰਾ——ਇਹ ਅਖਾਣ ਫ਼ੋਕੀ ਸ਼ਾਨੋ-ਸ਼ੌਕਤ ਤੇ ਡੂੰ-ਫ਼ਾਂ ਕਰਨ ਵਾਲਿਆਂ ਬਾਰੇ ਬੋਲਿਆ ਜਾਂਦਾ ਹੈ।

ਦੋ ਘਰਾਂ ਦਾ ਮਹਿਮਾਨ ਭੁੱਖਾ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਦੋ ਪਾਸਿਆਂ ਤੇ ਟੇਕ ਰੱਖਣ ਵਾਲਾ ਬੰਦਾ ਆਮ ਤੌਰ 'ਤੇ ਨਿਰਾਸ਼ ਹੁੰਦਾ ਹੈ। ਦੋਹਾਂ ਭੈਣਾਂ ਇੱਕੀ ਪਾਏ——ਜਦੋਂ ਕੋਈ ਕਮਜ਼ੋਰ ਬੰਦਾ ਆਪਣੀ ਕਮਜ਼ੋਰੀ ਨੂੰ ਢਕਣ ਲਈ ਦੂਜੇ ਖਾਂਦੇ-ਪੀਂਦੇ ਰਿਸ਼ਤੇਦਾਰ ਦਾ ਆਸਰਾ ਲਵੇ, ਉਦੋਂ ਆਖਦੇ ਹਨ।

ਧਨ ਦਈਏ ਜੀ ਰੱਖੀਏ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਧਨ ਖ਼ਰਚ ਕੇ ਹੀ ਜ਼ਿੰਦਗੀ ਦੇ ਸੁਖ ਮਾਣੇ ਜਾ ਸਕਦੇ ਹਨ।

ਧਨ ਰੱਬ ਹੈ ਜਿਹੜਾ ਦੇ ਕੇ ਚਿਤਾਰਦਾ ਨਹੀਂ——ਜਦੋਂ ਕੋਈ ਹੋਛਾ ਬੰਦਾ ਕਿਸੇ ’ਤੇ ਅਹਿਸਾਨ ਕਰਕੇ ਉਸ ਨੂੰ ਬਾਰ-ਬਾਰ ਚਿਤਾਰੇ, ਉਸ ਦੇ ਅਜਿਹੇ ਵਰਤਾਰੇ ਦੀ ਨਿੰਦਿਆ ਕਰਨ ਲਈ ਇਹ ਅਖਾਣ ਬੋਲਦੇ ਹਨ।

ਧਰਮ ਨਾਲੋਂ ਧੜਾ ਪਿਆਰਾ——ਭਾਵ ਇਹ ਹੈ ਕਿ ਜਿਹੜਾ ਬੰਦਾ ਤੁਹਾਡੀ ਔਖਸੌਖ ਵਿੱਚ ਸਹਾਇਤਾ ਕਰੇ, ਚਾਹੇ ਉਹ ਕਿਸੇ ਹੋਰ ਧਰਮ ਦਾ ਵੀ ਹੋਵੇ, ਉਸ ਦੀ ਹਮਾਇਤ ਕਰਨੀ ਚਾਹੀਦੀ ਹੈ।

ਧਾਈਆਂ ਵਾਲਾ ਪਿੰਡ ਪਰਾਲੀਉ ਹੀ ਦਿਸ ਪੈਂਦੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕਿਸੇ ਬੰਦੇ ਦੀ ਬਾਹਰੀ ਸ਼ਕਲ ਸੂਰਤ ਤੋਂ ਹੀ ਉਸ ਦੀ ਅੰਦਰੂਨੀ ਹਾਲਤ ਦਾ ਪਤਾ ਲੱਗ ਜਾਂਦੈ।

ਧੀ ਉਸਰੀ, ਖਾਣ ਪੀਣ ਵਿਸਰਿਆ——ਇਸ ਅਖਾਣ ਦਾ ਭਾਵ ਇਹ ਹੈ ਕਿ ਧੀ ਦੇ ਜਵਾਨ ਹੁੰਦਿਆਂ ਹੀ ਮਾਪਿਆਂ ਨੂੰ ਉਸ ਦੇ ਦਾਜ ਦਾ ਫ਼ਿਕਰ ਲੱਗ ਜਾਂਦਾ ਹੈ, ਜਿਸ ਕਰਕੇ ਉਹ ਆਪਣੇ ਖ਼ਰਚਾਂ ’ਚ ਸੰਕੋਚ ਕਰਨ ਲੱਗ ਜਾਂਦੇ ਹਨ।

ਧੀ ਆਈ ਪੇਕੇ, ਮਾਈ ਮੱਥਾ ਟੇਕੇ, ਧੀ ਗਈ ਸਹੁਰੇ, ਜਮਾਈ ਮੂਲ ਨਾ ਬਾਹੁੜੇ——ਭਾਵ ਇਹ ਕਿ ਹਰ ਕੋਈ ਮਤਲਬ ਪੂਰਾ ਹੋਣ ਤੱਕ ਮਿੱਤਰ ਬਣਿਆ ਰਹਿੰਦਾ ਹੈ, ਮਤਲਬ ਪੂਰਾ ਹੋਣ ਮਗਰੋਂ ਬਾਤ ਨਹੀਂ ਪੁੱਛਦਾ।

ਧੀ ਹਸਦੀ ਨਾ ਮਰੇ, ਧੀ ਵਸਦੀ ਨਾ ਮਰੇ, ਧੀ ਜੰਮਦੀ ਮਰ ਜਾਏ ਜਿਸ ਦਾ ਦੁੱਖ ਵੀ ਨਾ ਆਏ——ਇਹ ਅਖਾਣ ਅਜੋਕੇ ਸਮਾਜ ਵਿੱਚ ਲੜਕੀ ਦੀ ਬੇਕਦਰੀ ਦਾ ਸੂਚਕ ਹੈ, ਜਿਸ ਕਰਕੇ ਮਾਪੇ ਧੀ ਦੇ ਜੰਮਣ ਸਾਰ ਹੀ ਮਰਨ ਦੀ ਲੋਚਾ ਕਰਦੇ ਹਨ।

ਧੀ ਧਾੜਾ, ਪੁੱਤਰ ਪੇੜਾ, ਰੰਨ ਦੁੱਖਾਂ ਦਾ ਘਰ——ਇਹ ਅਖਾਣ ਸਾਡੇ ਸਮਾਜ ਦਾ ਅਜੋਕੀ ਵਿਵਸਥਾ ਤੇ ਵਿਅੰਗ ਕਰਦਾ ਹੈ, ਜਿਸ ਵਿੱਚ ਪਿਉਂ-ਧੀ ਦੇ ਦਾਜ ਲਈ ਪੈਸਾ ਖ਼ਰਚ ਕਰਨ ਦੇ ਯੋਗ ਨਹੀਂ, ਉਹ ਆਪਣੀ ਘਰਵਾਲੀ ਤੋਂ ਵੀ ਦੁਖੀ ਹੈ, ਕੇਵਲ ਪੁੱਤਰ ਤੇ ਹੀ ਆਸ ਲਾਈ ਬੈਠਾ ਹੈ।

ਧੀ ਨਹੀਓਂ ਤਾਂ ਖਾ ਲੈ, ਨੂੰਹ ਨਹੀਓਂ ਤਾਂ ਲਾ ਲੈ——ਇਸ ਅਖਾਣ ਵਿੱਚ ਦਰਸਾਇਆ ਗਿਆ ਹੈ ਕਿ ਧੀਆਂ ਵਾਲੀਆਂ ਮਾਵਾਂ ਖਾਣ-ਪੀਣ ਤੋਂ ਸਦਾ ਸੰਕੋਚ ਕਰਦੀਆਂ ਹਨ ਤੇ ਸੱਸਾਂ ਨੂੰ ਆਪਣੇ ਪਹਿਰਾਵੇ ਨਾਲੋਂ ਨੂੰਹ ਦੇ ਪਹਿਰਾਵੇ ਦਾ ਵਧੇਰੇ ਖ਼ਿਆਲ ਰੱਖਣਾ ਪੈਂਦਾ ਹੈ। ਸੱਸ ਬਣ-ਠਣ ਕੇ ਰਹੇ ਤੇ ਨੂੰਹ ਦਾ ਪਹਿਰਾਵਾ ਸਧਾਰਨ ਹੋਵੇ ਤਾਂ ਲੋਕੀਂ ਉਂਗਲਾਂ ਕਰਦੇ ਹਨ। ਲੋਕ ਗੀਤ ਹੈ——ਮੇਰੀ ਸੱਸ ਦੇ ਚਿਲਕਣੇ ਬਾਲੇ, ਬਾਪੂ ਮੈਨੂੰ ਸੰਗ ਲਗਦੀ।

ਧੀ ਮੋਈ ਜਵਾਈ ਚੋਰ——ਇਹ ਅਖਾਣ ਮਤਲਬੀ ਬੰਦਿਆਂ ਲਈ ਵਰਤਿਆ ਜਾਂਦਾ ਹੈ ਜੋ ਮਤਲਬ ਪੂਰਾ ਹੋਣ ਮਗਰੋਂ ਪਤਰਾ ਵਾਚ ਜਾਂਦੇ ਹਨ।

ਧੀਆਂ ਕੋਲੋਂ ਨਾ ਡਰੀਏ ਧੀਆਂ ਦੇ ਕਰਮਾਂ ਕੋਲੋਂ ਡਰੀਏ——ਭਾਵ ਇਹ ਹੈ ਕਿ ਧੀਆਂ ਦੇ ਸਹੁਰੇ ਘਰ ਵਸੇਵੇ ਨਾਲ ਹੀ ਮਾਪਿਆਂ ਦੀ ਚਿੰਤਾ ਜੁੜੀ ਹੁੰਦੀ ਹੈ। ਜੇਕਰ ਧੀ ਦੇ ਸਹੁਰੇ ਚੰਗੇ ਟੱਕਰ ਜਾਣ ਤੇ ਉਹ ਸੁਖੀ ਵਸੇ ਤਾਂ ਮਾਪਿਆਂ ਨੂੰ ਸੁਖ ਦਾ ਸਾਹ ਆਉਂਦਾ ਹੈ।

ਧੀਆਂ ਧਨ ਪਰਾਇਆ——ਭਾਵ ਸਪੱਸ਼ਟ ਹੈ ਕਿ ਧੀਆਂ ਪਰਾਇਆ ਧਨ ਹੁੰਦੀਆਂ ਹਨ, ਜਿਨ੍ਹਾਂ ਨੂੰ ਪਰਾਏ ਘਰ ਦੇ ਪੁੱਤਰ ਆ ਕੇ ਲੈ ਜਾਂਦੇ ਹਨ।

ਧੀਰਾ ਸੋ ਗੰਭੀਰਾ——ਇਸ ਅਖਾਣ ਦਾ ਭਾਵ ਇਹ ਹੈ ਕਿ ਧੀਰਜ ਕਰਨ ਵਾਲਾ ਬੰਦਾ ਸਦਾ ਗਹਿਰ ਗੰਭੀਰ ਰਹਿੰਦਾ ਹੈ।

ਧੀਏ ਗਲ ਸੁਣ, ਨੂੰਹੇ ਕੰਨ ਕਰ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਗੱਲ ਦਾ ਭਾਵ ਕਿਸੇ ਹੋਰ ਨੂੰ ਸੁਣਾਉਣ ਦਾ ਹੋਵੇ ਤੇ ਗੱਲ ਕਿਸੇ ਹੋਰ ਨੂੰ ਆਖੀ ਜਾਵੇ।

ਧੇਲੇ ਦੀ ਬੁੜੀ, ਟਕਾ ਸਿਰ ਮੁਨਾਈ——ਜਦੋਂ ਕਿਸੇ ਮਾੜੀ ਮੋਟੀ ਚੀਜ਼ 'ਤੇ ਉਹਦੀ ਸਾਂਭ ਸੰਭਾਲ ਲਈ ਉਸ ਦੀ ਕੀਮਤ ਨਾਲੋਂ ਵੱਧ ਖ਼ਰਚਾ ਕਰਨਾ ਪੈ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ——ਇਹ ਅਖਾਣ ਉਸ ਆਦਮੀ ਪ੍ਰਤੀ ਵਰਤਿਆ ਜਾਂਦਾ ਹੈ ਜੋ ਦੋਹੀਂ ਪਾਸੀਂ ਟੰਗ ਅੜਾਵੇ ਪੰਤ ਕਿਸੇ ਪਾਸੇ ਜੋਗਾ ਨਾ ਰਹੇ।

ਧੋਬੀਆਂ ਦੇ ਘਰ ਢੁੱਕੇ ਚੋਰ, ਉਹ ਨਾ ਲੁੱਟੇ ਲੁੱਟੇ ਹੋਰ——ਜਦੋਂ ਕਿਸੇ ਦੇ ਘਰ ਕਿਸੇ ਹੋਰ ਦਾ ਰੱਖਿਆ ਹੋਇਆ ਸਮਾਨ ਚੋਰੀ ਹੋ ਜਾਵੇ, ਉਦੋਂ ਇੰਜ ਆਖਦੇ ਹਨ।

ਧੌਲਾ ਝਾਟਾ, ਆਟਾ ਖ਼ਰਾਬ——ਜਦੋਂ ਕੋਈ ਵਡੇਰੀ ਉਮਰ ਦਾ ਬੰਦਾ ਮਾੜੀ ਕਰਤੂਤ ਕਰ ਬੈਠੇ, ਉਦੋਂ ਇਹ ਅਖਾਣ ਵਰਤਦੇ ਹਨ।

ਨਾਤਾ ਕਰਾੜ ਤੇ ਭੁੱਖਾ ਬਘਿਆੜ-ਇਸ ਅਖਾਣ ਦਾ ਭਾਵ ਇਹ ਹੈ ਕਿ ਨਹਾਉਣ——ਧੋਣ ਮਗਰੋਂ ਭੁੱਖ ਚਮਕ ਪੈਂਦੀ ਹੈ।

ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ——ਜਦੋਂ ਕਿਸੇ ਦਾ ਆਰੰਭਿਆ ਹੋਇਆ ਕੰਮ ਲਗਭਗ ਪੂਰਾ ਹੋਣ ਵਾਲਾ ਹੋਵੇ, ਪ੍ਰੰਤੂ ਕਿਸੇ ਕਾਰਨ ਮੁਕੰਮਲ ਹੁੰਦਾ-ਹੁੰਦਾ ਰਹਿ ਜਾਵੇ, ਉਂਦੋਂ ਇਹ ਅਖਾਣ ਬੋਲਦੇ ਹਨ।

ਨਹੁਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ——ਜਦੋਂ ਕੋਈ ਸਾਕ ਸਬੰਧੀ ਅਕਾਰਨ ਹੀ ਰੁਸ ਜਾਵੇ, ਉਸ ਨੂੰ ਮਨਾਉਣ ਸਮੇਂ ਇਹ ਅਖਾਣ ਬੋਲਦੇ ਹਨ।

ਨਕਦ ਅੱਜ ਹੁਦਾਰ ਕੱਲ੍ਹ——ਉਦਾਰ ਨਾ ਮੋੜਨ ਵਾਲਿਆਂ ਤੋਂ ਤੰਗ ਆ ਕੇ ਅਕਸਰ ਦੁਕਾਨਦਾਰ ਇਹ ਅਖਾਣ ਲਿਖ ਕੇ ਆਪਣੀ ਦੁਕਾਨ ਤੇ ਲਾ ਲੈਂਦੇ ਹਨ।

ਨੰਗ ਪੁੱਤ ਚੋਰਾਂ ਨਾਲ ਖੇਡੇ——ਭਾਵ ਇਹ ਹੈ ਕਿ ਗ਼ਰੀਬ ਆਦਮੀ ਨੂੰ ਚੋਰੀ ਦਾ ਡਰ ਨਹੀਂ ਹੁੰਦਾ।

ਨੱਚਣ ਲੱਗੀ ਤਾਂ ਘੁੰਗਟ ਕੀ——ਭਾਵ ਇਹ ਹੈ ਕਿ ਜਿਹੜਾ ਕੰਮ ਆਪਣੀ ਮਰਜ਼ੀ ਵਿਰੁੱਧ ਕਰਨ ਹੀ ਲੱਗੇ ਹੋ, ਉਸ ਨੂੰ ਕਰਨ ਵਿੱਚ ਕਾਹਦੀ ਸ਼ਰਮ ਹੈ।

ਨੱਚਣ ਵਾਲ਼ੀ ਦੇ ਪੈਰ ਨਚੱਲੇ ਨਹੀਂ ਰਹਿੰਦੇ——ਭਾਵ ਇਹ ਹੈ ਕਿ ਬੰਦਾ ਆਪਣੇ ਸੁਭਾਅ ਅਤੇ ਕਿੱਤੇ ਅਨੁਸਾਰ ਕੋਈ ਨਾ ਕੋਈ ਹਰਕਤ ਕਰਕੇ ਉਸ ਦਾ ਪ੍ਰਗਟਾਵਾ ਕਰ ਦਿੰਦਾ ਹੈ।

ਨੱਥ ਖਸਮ ਹੱਥ——ਇਸ ਅਖਾਣ ਰਾਹੀਂ ਇਹ ਦੱਸਿਆ ਗਿਆ ਹੈ ਕਿ ਬੰਦਾ ਉਹੋ ਕੁਝ ਕਰਦਾ ਹੈ ਜੋ ਕੁਝ ਉਸ ਦਾ ਮਾਲਕ ਉਸ ਪਾਸੋਂ ਕਰਵਾਉਂਦਾ ਹੈ।

ਨਦੀ ਕਿਨਾਰੇ ਰੁਖੜਾ, ਕਿਚਰਕ ਬੰਨ੍ਹੇ ਧੀਰ——ਬੁਢਾਪੇ ਦੀ ਉਮਰ ਭੋਗਦੇ ਸਮੇਂ ਜਦੋਂ ਇਹ ਦੱਸਣਾ ਹੋਵੇ ਕਿ ਬੰਦੇ ਦੇ ਸਰੀਰ ਦਾ ਕੋਈ ਭਰੋਸਾ ਨਹੀਂ ਕਦੋਂ ਤੁਰ ਜਾਵੇ, ਓਦੋਂ ਇਹ ਅਖਾਣ ਬੋਲਦੇ ਹਨ।

ਨਦੀ ਨਾਵ ਸੰਜੋਗੀ ਮੇਲੇ——ਕੁਝ ਸਮਾਂ ਰਲ-ਮਿਲ ਕੇ ਬਿਤਾਉਣ ਮਗਰੋਂ ਮਿੱਤਰ ਬੇਲੀ ਵਿਛੜਨ ਲੱਗਿਆਂ ਇੰਜ ਆਖਦੇ ਹਨ।

ਨਮਾਜ਼ ਬਖ਼ਸ਼ਾਉਣ ਗਏ ਰੋਜ਼ੇ ਗਲ ਪਏ——ਜਦੋਂ ਕੋਈ ਬੰਦਾ ਆਪਣੇ ਮਾਲਕ ਪਾਸੋਂ ਕੋਈ ਸਹੂਲਤ ਮੰਗਣ ਗਿਆ ਵਿਗਾਰ ਗਲ ਪੁਆ ਆਵੇ, ਉਦੋਂ ਇੰਜ ਆਖਦੇ ਹਨ।

ਨਵਾਂ ਨੌਂ ਦਿਨ ਪੁਰਾਣਾ ਸੌ ਦਿਨ——ਜਦੋਂ ਕੋਈ ਬੰਦਾ ਆਪਣੇ ਨਵੇਂ ਬਣਾਏ ਸੱਜਣਾਂ-ਮਿੱਤਰਾਂ ਨਾਲ ਬਹੁਤਾ ਸਮਾਂ ਬਤੀਤ ਕਰੇ ਤੇ ਪੁਰਾਣਿਆਂ ਨੂੰ ਵਿਸਾਰ ਦੇਵ, ਉਦੋਂ ਇਹ ਅਖਾਣ ਵਰਤਦੇ ਹਨ। ਭਾਵ ਇਹ ਹੈ ਕਿ ਨਵੇਂ ਵੀ ਪੁਰਾਣੇ ਹੋ ਜਾਣੇ ਹਨ, ਕੰਮ ਤਾਂ ਪੁਰਾਣੇ ਹੀ ਆਉਣਗੇ।

ਨਾ ਉਰਾਰ ਨਾ ਪਾਰ, ਅਧਕੜੇ ਵਿਚਕਾਰ——ਜਦੋਂ ਕੋਈ ਬੰਦਾ ਦੁਬਿੱਧਾ ਵਿੱਚ ਪਿਆ ਕੋਈ ਅੰਤਿਮ ਫੈਸਲਾ ਨਾ ਲੈ ਸਕੇ, ਉਦੋਂ ਇੰਜ ਆਖਦੇ ਹਨ।

ਨਾ ਅਗਲੀ ਤੋਂ ਨਾ ਪਿਛਲੀ ਤੋਂ, ਮੈਂ ਸਦਕੇ ਜਾਵਾਂ ਵਿਚਲੀ ਤੋਂ——ਸਿਆਣੇ ਲੋਕ ਜੀਵਨ ਦੀ ਵਿਚਕਾਰਲੀ ਅਵਸਥਾ ਜਵਾਨੀ ’ਤੇ ਬਲਿਹਾਰੇ ਜਾਂਦਿਆਂ ਆਖਦੇ ਹਨ ਕਿ ਜੇ ਇਸ ਉਮਰ ਵਿੱਚ ਰੱਬ ਯਾਦ ਰਹੇ ਤਾਂ ਕੀ ਕਹਿਣੇ।

ਨਾ ਸੁੱਤੀ ਨਾ ਕੱਤਿਆ——ਜਦੋਂ ਕੋਈ ਵਿਹਲੇ ਸਮੇਂ ਦਾ ਯੋਗ ਲਾਭ ਨਾ ਉਠਾਵੇ, ਉਦੋਂ ਆਖਦੇ ਹਨ।

ਨਾ ਹਾੜ੍ਹ ਸੁੱਕੇ ਨਾ ਸਾਉਣ ਹਰੇ——ਜਦੋਂ ਕਿਸੇ ਮਨੁੱਖ ਦੇ ਜੀਵਨ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਨਾ ਆਵੇ, ਉਦੋਂ ਇਹ ਅਖਾਣ ਬੋਲਦੇ ਹਨ।

ਨਾ ਕੰਮ ਨਾ ਕੰਮੋਂ ਵਿਹਲੀ——ਜਦੋਂ ਕੋਈ ਬੰਦਾ ਕਿਸੇ ਨਿਕੰਮੇ ਕੰਮ ਵਿੱਚ ਰੁੱਝਿਆ ਹੋਵੇ, ਉਦੋਂ ਇੰਜ ਕਹਿੰਦੇ ਹਨ।

ਨਾ ਕੰਮ ਨਾ ਕਾਰ, ਲੜਨ ਨੂੰ ਤਿਆਰ——ਇਹ ਅਖਾਣ ਕੌੜੇ ਸੁਭਾਅ ਵਾਲ਼ੇ ਨਿਕੰਮੇ ਤੇ ਵਿਹਲੇ ਬੰਦੇ ਲਈ ਵਰਤਦੇ ਹਨ।

ਨਾ ਕੁੱਕੜੂ ਨਾ ਤਿੱਤਰੂ——ਇਹ ਅਖਾਣ ਉਸ ਬੰਦੇ ਬਾਰੇ ਬੋਲਦੇ ਹਨ ਜਿਸ ਬਾਰੇ ਇਹ ਪਤਾ ਨਾ ਲੱਗੇ ਕਿ ਉਹ ਕਿਸ ਧੜੇ ਜਾਂ ਧਿਰ ਨਾਲ ਖੜੋਤਾ ਹੈ।

ਨਾ ਚੋਰ ਲੱਗੇ ਨਾ ਕੁੱਤਾ ਚੌਂਕੇ——ਭਾਵ ਇਹ ਹੈ ਕਿ ਕੋਈ ਅਜਿਹਾ ਕੰਮ ਨਾ ਕਰੋ ਜਿਸ ਨਾਲ ਬਦਨਾਮੀ ਹੋਵੇ।

ਨਾ ਤਿਲ ਚੱਥੇ ਨਾ ਦੰਦਾਂ ਲੱਗੇ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਸ ਆਦਮੀ ਨੇ ਮੰਦਾ ਕੰਮ ਨਾ ਕੀਤਾ ਹੋਵੇ, ਉਸ ਨੂੰ ਦੰਡ ਨਹੀਂ ਭੁਗਤਣਾ ਪੈਂਦਾ।

ਨਾ ਦੇਸ ਢੋਈ ਨਾ ਪ੍ਰਦੇਸ ਢੋਈ——ਇਹ ਅਖਾਣ ਉਸ ਆਦਮੀ ਬਾਰੇ ਵਰਤਦੇ ਹਨ ਜਿਹੜਾ ਸੁਖ ਖ਼ਾਤਰ ਕਮਾਈ ਕਰਨ ਦੇਸ ਗਿਆ ਹੋਵੇ, ਪ੍ਰੰਤੂ ਉਥੇ ਵੀ ਉਸ ਨੂੰ ਸੁਖ ਨਾ ਮਿਲੇ।

ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ——ਜਦੋਂ ਕੋਈ ਬੰਦਾ ਕਿਸੇ ਦਾ ਕੋਈ ਕੰਮ ਕਰਨ ਲਈ ਅਜਿਹੀਆਂ ਸ਼ਰਤਾਂ ਰੱਖ ਦੇਵੇ ਜਿਹੜੀਆਂ ਪੂਰੀਆਂ ਨਾ ਹੋ ਸਕਣ, ਉਦੋਂ ਇਹ ਅਖਾਣ ਵਰਤਦੇ ਹਨ।

ਨਾ ਭੂਰੇ ਨੂੰ ਹੱਥ ਪਾਈਏ, ਨਾ ਦੁਸ਼ਾਲਾ ਪੜਵਾਈਏ——ਜਦੋਂ ਇਹ ਸਮਝਾਉਣਾ ਹੋਵੇ ਕਿ ਦੂਜੇ ਦਾ ਥੋੜ੍ਹਾ ਨੁਕਸਾਨ ਕਰਨ ਬਦਲੇ ਤੁਹਾਡਾ ਵਧੇਰੇ ਨੁਕਸਾਨ ਹੋ ਸਕਦਾ ਹੈ, ਉਦੋਂ ਇਹ ਅਖਾਣ ਬੋਲਦੇ ਹਨ।

ਨਾ ਮਰੇ ਨਾ ਮੰਜਾ ਛੱਡੇ——ਜਦੋਂ ਕੋਈ ਬੰਦਾ ਕਿਸੇ ਦਾ ਖਹਿੜਾ ਨਾ ਛੱਡੇ, ਉਦੋਂ ਅੱਕ ਕੇ ਇਹ ਅਖਾਣ ਬੋਲਿਆ ਜਾਂਦਾ ਹੈ।

ਨਾ ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ——ਕਿਸੇ ਕੋਝੇ ਤੇ ਬਦਸ਼ਕਲ ਬੰਦੇ ਨੂੰ ਦੇਖ ਕੇ ਘਿਣਾ ਨਾਲ ਇੰਜ ਬੋਲਦੇ ਹਨ।

ਨਾ ਮੋਇਆਂ ਵਿੱਚ, ਨਾ ਜਿਉਂਦਿਆਂ ਵਿੱਚ——ਇਹ ਅਖਾਣ ਉਸ ਬੰਦੇ ਬਾਰੇ ਬੋਲਿਆ ਜਾਂਦਾ ਹੈ ਜਿਹੜਾ ਬੀਮਾਰੀ ਜਾਂ ਗਰੀਬੀ ਦੀ ਭੈੜੀ ਹਾਲਤ ਵਿੱਚ ਹੋਵੇ। ਨਾ ਰੂਹ ਨਾ ਰਹਿਮਤ——ਇਹ ਅਖਾਣ ਉਸ ਆਦਮੀ ਬਾਰੇ ਬੋਲਿਆ ਜਾਂਦਾ ਹੈ ਜਿਹੜਾ ਨਾ ਸ਼ਕਲੋਂ ਸੂਰਤੋਂ ਚੰਗਾ ਹੋਵੇ, ਨਾ ਸੁਭਾਅ ਵੱਲੋਂ।

ਨਾ ਲੈਣਾ ਨਾ ਦੇਣਾ, ਅਖੇ ਦੇਹ ਮੇਰੀ ਧੇਲੀ——ਜਦੋਂ ਕੋਈ ਬੰਦਾ ਬਿਨਾ ਮਤਲਬ ਹੀ ਝੱਜੂ ਪਾਈ ਰੱਖੇ, ਉਦੋਂ ਆਖਦੇ ਹਨ।

ਨਾਈਆਂ ਦੀ ਜੰਵ, ਸੱਭੇ ਰਾਜੇ——ਭਾਵ ਇਹ ਹੈ ਕਿ ਜਦੋਂ ਇੱਕੋ ਪੇਸ਼ੇ ਦੇ ਬਹੁਤ ਸਾਰੇ ਬੰਦੇ ਇਕੱਠੇ ਹੋ ਕੇ ਜਾਣ ਤੇ ਆਪੋ ਆਪਣੀ ਮਾਰੀ ਜਾਣ ਦੂਜੇ ਦੀ ਨਾ ਸੁਣਨ, ਉਦੋਂ ਆਖਦੇ ਹਨ।

ਨਾਨਕੂ ਆਇਆ ਨਾਨਕੇ, ਸਿਰ ਘੱਟਾ ਪਾਉ ਛਾਣਕੇ——ਨਾਨਕੇ ਘਰ ਆਏ ਦੋਹਤੇ ਨੂੰ ਛੇੜਦੇ ਹੋਏ ਮਜ਼ਾਕ ਨਾਲ ਇਹ ਅਖਾਣ ਬੋਲਦੇ ਹਨ।

ਨਾਨੀ ਕੁਆਰੀ ਮਰ ਗਈ, ਦੋਹਤਰੇ ਦੇ ਨੌਂ ਨੌਂ ਵਿਆਹ——ਜਦੋਂ ਕੋਈ ਅਤਿ ਗ਼ਰੀਬ ਹੁੰਦਾ ਹੋਇਆ ਵੀ ਸ਼ੇਖੀਆਂ, ਬਘੇਰੇ ਤੇ ਫੜਾਂ ਮਾਰੇ, ਉਦੋਂ ਆਖਦੇ ਹਨ।

ਨਾਮ ਭਲਾ ਕਿ ਦੋਮ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੜਾ ਕੰਮ ਪੈਸਾ ਖ਼ਰਚਣ ਨਾਲ਼ ਹੋ ਸਕਦਾ ਹੈ ਉਹ ਨਿਰੇ ਨਾਂ ਦੀ ਸਿੱਧੀ ਕਰਕੇ ਨਹੀਂ ਹੋ ਸਕਦਾ। ਪੈਸੇ ਨਾਲ਼ ਹੀ ਕੰਮ ਬਣਦਾ ਹੈ।

ਨਾਮੀ ਸ਼ਾਹ ਖੱਟ ਖਾਏ, ਨਾਮੀ ਚੋਰ ਬੱਧਾ ਜਾਏ——ਭਾਵ ਇਹ ਹੈ ਕਿ ਪ੍ਰਸਿੱਧੀ ਪਾਪਤ ਬੰਦਾ ਸਦਾ ਹੀ ਆਦਰ-ਮਾਣ ਪ੍ਰਾਪਤ ਕਰਦਾ ਹੈ ਪ੍ਰੰਤੂ ਬਦਨਾਮ ਹੋਇਆ ਬੰਦਾ ਭਾਵੇਂ ਆਪਣੇ ਭੈੜੇ ਕੰਮ ਨੂੰ ਛੱਡ ਦੇਵੇ, ਫੇਰ ਵੀ ਬਦਨਾਮੀ ਖੱਟਦਾ ਹੈ।

ਨਾਲੇ ਖਾਉ ਖੁਰਮਾਨੀਆਂ ਨਾਲੇ ਭੰਨੋ ਬਦਾਮ——ਜਦੋਂ ਇਕ ਕੰਮ ਦੇ ਦੋ-ਦੇ ਲਾਭ ਹੋਣ, ਉਦੋਂ ਇੰਜ ਆਖਦੇ ਹਨ।

ਨਾਲੇ ਚੋਰ ਨਾਲੇ ਚੱਤਰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਗਲਤੀ ਕਰਕੇ, ਆਪਣੀ ਗਲਤੀ ਨਾ ਮੰਨੇ ਅਤੇ ਪੈਰਾਂ 'ਤੇ ਪਾਣੀ ਨਾ ਪੈਣ ਦੇਵੀ

ਨਾਲੇ ਚੋਪੜੀਆਂ ਨਾਲੇ ਦੋ ਦੋ——ਜਦੋਂ ਕੋਈ ਚਲਾਕ ਬੰਦਾ ਕਈ ਪਾਸਿਆਂ ਤੋਂ ਲਾਭ ਪ੍ਰਾਪਤ ਕਰਨਾ ਚਾਹੇ, ਉਦੋਂ ਬੋਲਦੇ ਹਨ।

ਨਾਲੇ ਜ਼ਰ ਆ ਨਾਲੇ ਯਾਰੀ ਗਈ——ਜਦੋਂ ਕਿਸੇ ਬੰਦੇ ਦਾ ਦੋਹਾਂ ਪਾਸਿਆਂ ਤੋਂ ਹੀ ਨਕਸਾਨ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ। ਮਿੱਤਰ ਨੂੰ ਉਧਾਰ ਦੇ? ਉਦਾਰ ਦੇ ਨਾ ਮੁੜਨ ਕਰਕੇ ਮਿੱਤਰਤਾ ਵੀ ਜਾਂਦੀ ਰਹਿੰਦੀ ਹੈ।

ਨਹੁੰ ਨਾ ਪੁੱਛੇ ਜਾਤ——ਭਾਵ ਸਪੱਸ਼ਟ ਹੈ ਕਿ ਜਦੋਂ ਕਿਸੇ ਦੀ ਕਿਸੇ ਨਾਲ ਮਰਦਾ ਹੋ ਜਾਂਦੀ ਹੈ, ਉਦੋਂ ਉਹ ਇਕ ਦੂਜੀ ਦੀ ਜਾਤ ਨਹੀਂ ਪੁੱਛਦੇ।

ਨਿਵਾਣਾਂ ਦਾ ਪਾਣੀ ਨਿਵਾਣਾਂ ਨੂੰ ਜਾਂਦਾ ਹੈ——ਜਦੋਂ ਕੋਈ ਬੰਦਾ ਲੜਾਈ-ਝਗੜਾ ਕਰਕੇ ਆਖ਼ਰ ਫੇਰ ਆਪਣੇ ਸਾਕਾਂ ਸਬੰਧੀਆਂ ਨਾਲ ਨਾਤਾ ਜੋੜ ਲਵੇ, ਉਦੋਂ ਇੰਜ ਆਖਦੇ ਹਨ। ਨੀਂਦ ਤਾਂ ਸੂਲੀ ’ਤੇ ਵੀ ਆ ਜਾਂਦੀ ਹੈ——ਭਾਵ ਇਹ ਹੈ ਕਿ ਜਦੋਂ ਨੀਂਦ ਦਾ ਜ਼ੋਰ ਪੈ ਜਾਵੇ, ਉਦੋਂ ਇਹ ਮੰਜੇ-ਬਿਸਤਰੇ ਨਹੀਂ ਭਾਲਦੀ।

ਨੀਮ ਹਕੀਮ ਖ਼ਤਰਾ ਜਾਨ ਦਾ——ਭਾਵ ਇਹ ਹੈ ਕਿ ਕਿਸੇ ਅਣਸਿਖੇ ਡਾਕਟਰ ਜਾਂ ਹਕੀਮ ਪਾਸੋਂ ਕੋਈ ਦਵਾ-ਦਾਰੂ ਨਹੀਂ ਲੈਣੀ ਚਾਹੀਦੀ, ਅਜਿਹਾ ਕਰਕੇ ਤੁਸੀਂ ਆਪਣੀ ਜਾਨ ਨੂੰ ਖ਼ਤਰਾ ਸਹੇੜ ਲੈਂਦੇ ਹੋ।

ਨੀਵੀਂ ਖੇਤੀ ਉੱਚਾ ਸਾਕ, ਜਦ ਲੱਗੇ ਤਦ ਤਾਰੇ——ਇਸ ਅਖਾਣ ਦਾ ਭਾਵ ਇਹ ਹੈ ਕਿ ਨੀਵੇਂ ਖੇਤਾਂ ਵਿੱਚ ਉੱਚੇ ਖੇਤਾਂ ਨਾਲੋਂ ਪਾਣੀ ਵਧੇਰੇ ਖੜ੍ਹਦਾ ਹੈ, ਜਿਸ ਕਰਕੇ ਫ਼ਸਲ ਚੰਗੀ ਹੁੰਦੀ ਹੈ। ਇਸੇ ਤਰ੍ਹਾਂ ਬਖ਼ਤਾਵਰ ਸਾਕ ਸਧਾਰਨ ਰਿਸ਼ਤੇਦਾਰਾਂ ਨੂੰ ਵੀ ਤਾਰ ਦੇਂਦਾ ਹੈ।

ਨੂੰਹ ਦਾ ਖਾਧਾ ਕੱਟੀ ਦਾ ਲੇਹਾ ਅਜਾਈਂ ਨਹੀਂ ਜਾਂਦਾ——ਇਹ ਇਕ ਅਟੱਲ ਸੱਚਾਈ ਹੈ ਕਿ ਕੱਟੀ ਦਾ ਦੁੱਧ ਪੀਤਾ ਹੋਇਆ ਅਜਾਈਂ ਨਹੀਂ ਜਾਂਦਾ, ਉਹ ਮੱਝ ਬਣਾ ਜਾਂਦੀ ਹੈ, ਉਸੇ ਤਰ੍ਹਾਂ ਨੂੰਹ ਖਾ ਪੀ ਕੇ ਘਰ ਦਾ ਕੰਮ ਵੀ ਕਰੇਗੀ ਤੇ ਔਲਾਦ ਵੀ ਪੈਦਾ ਕਰੇਗੀ।

ਨੂੰਹ ਮੰਜੇ ਸੱਸ ਧੰਦੇ, ਜੇ ਕੋਈ ਦਿਹਾੜਾ ਸੁਖ ਦਾ ਲੰਘੇ——ਜਿਸ ਘਰ ਵਿੱਚ ਨੂੰਹ-ਸੱਸ ਦਾ ਝਗੜਾ ਹੁੰਦਾ ਰਹੇ ਉਹ ਘਰ ਸੁਖੀ ਨਹੀਂ ਹੁੰਦਾ। ਨੂੰਹ ਰੁੱਸੀ ਰਹੇ ਤੇ ਸੱਸ ਕੰਮ ਧੰਦਾ ਕਰੇ, ਇਹ ਗੱਲ ਸ਼ੋਭਦੀ ਨਹੀਂ।

ਨੈਣ ਦੂਜੇ ਦੇ ਪੈਰ ਧੋਣਾ ਹੀ ਜਾਣਦੀ ਹੈ——ਭਾਵ ਇਹ ਹੈ ਕਿ ਕਮੀਨੇ ਲੋਕ ਦੂਜਿਆਂ ਦਾ ਕੰਮ ਕਰਨਾ ਹੀ ਜਾਣਦੇ ਹਨ, ਆਪਣੇ ਕੰਮ ਵੱਲੋਂ ਸਦਾ ਅਵੇਸਲੇ ਰਹਿੰਦੇ ਹਨ।

ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ——ਜਦੋਂ ਕੋਈ ਬੰਦਾ ਸਾਰੀ ਉਮਰ ਭੈੜੇ ਤੇ ਮੰਦੇ ਕੰਮ ਕਰਦਾ ਰਹੇ ਤੇ ਆਖ਼ਰੀ ਉਮਰ ਵਿੱਚ ਆ ਕੇ ਬੜਾ ਸਾਊ ਬਣ ਕੇ ਪੂਜਾ ਪਾਠ ਕਰੇ।

ਨੌਂ ਕੋਹ ਦਰਿਆ ਘੱਗਰਾ ਮੋਢੇ ’ਤੇ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਡਰਾਕਲ ਬੰਦਾ ਆਉਣ ਵਾਲੇ ਖ਼ਤਰੇ ਤੋਂ ਪਹਿਲਾਂ ਹੀ ਡਰ ਕੇ ਸੁਚੇਤ ਹੋ ਜਾਵੇ।

ਨੌਂ ਨਕਦ ਨਾ ਤੇਰਾਂ ਹੁਦਾਰ——ਭਾਵ ਇਹ ਹੈ ਕਿ ਬਹੁਤੇ ਨਫ਼ੇ ਵਾਲੇ ਉਧਾਰ ਨਾਲੋਂ ਥੋੜੇ ਨਫ਼ੇ ਵਾਲਾ ਨਕਦ ਸੌਦਾ ਵੇਚਣਾ ਚੰਗਾ ਹੁੰਦੈ।

ਨੌਕਰਾਂ ਅੱਗੇ ਚਾਕਰ, ਚਾਕਰਾਂ ਅੱਗੇ ਚੂਕਰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਆਪਣੇ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਲਈ ਆਖੇ ਤੇ ਉਹ ਅੱਗੋਂ ਕਿਸੇ ਹੋਰ ਨੂੰ ਇਹ ਕੰਮ ਕਰਨ ਲਈ ਕਹਿ ਦੇਵੇ।

ਨੌਕਰੀ ਕੀ ਤੇ ਨਖ਼ਰਾ ਕੀ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਨੌਕਰ ਨੂੰ ਆਪਣੇ ਮਾਲਕ ਦੀ ਹਰ ਗੱਲ ਮੰਨਣੀ ਪੈਂਦੀ ਹੈ, ਚਾਹੇ ਚੰਗੀ ਲੱਗੇ ਚਾਹੇ ਮੰਦੀ। ਨੌਕਰੀ ਦੀ ਜੜ੍ਹ ਜ਼ਮੀਨ ਤੋਂ ਉੱਚੀ ਹੁੰਦੀ ਹੈ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਾਲਕ ਜਦੋਂ ਚਾਹੇ ਆਪਣੇ ਨੌਕਰ ਨੂੰ ਹਟਾ ਸਕਦਾ ਹੈ। ਇਸ ਲਈ ਨੌਕਰੀ ਦੇ ਅਸਥਾਈ ਹੋਣ ਬਾਰੇ ਇਹ ਅਖਾਣ ਬੋਲਦੇ ਹਨ।

ਨੌਵੀਂ ਰੂੰ ਤੇ ਤੇਰ੍ਹੀਂ ਕਪਾਹ——ਜਦੋਂ ਕੋਈ ਵਧੀਆ ਵਸਤੁ ਸਸਤੀ ਹੋਵੇ ਤੇ ਘਟੀਆ ਵਸਤੁ ਮਹਿੰਗੀ ਵਿਕੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਪਈ ਪਈ ਸੱਸ ਮੂਲੋਂ ਗਈ——ਭਾਵ ਇਹ ਹੈ ਕਿ ਜਦੋਂ ਕਿਸੇ ਵਸਤੂ ਵੱਲ ਧਿਆਨ ਨਾ ਦਿੱਤਾ ਜਾਏ ਤਾਂ ਉਹ ਪਈ-ਪਈ ਹੀ ਵਰਤੋਂ ਯੋਗ ਨਹੀਂ ਰਹਿੰਦੀ, ਖ਼ਰਾਬ ਹੋ ਜਾਂਦੀ ਹੈ।

ਪਹਾੜ ਦੂਰੋਂ ਹੀ ਸੋਹਣੇ ਲੱਗਦੇ ਨੇ——ਜਦੋਂ ਕਿਸੇ ਵੱਡੇ ਪੁਰਸ਼ ਪਾਸੋਂ ਨਿਰਾਸ਼ਾ ਮਿਲੇ ਜਾਂ ਉਹ ਤੁਹਾਡੀਆਂ ਆਸਾਂ 'ਤੇ ਪੂਰਾ ਨਾ ਉਤਰੇ, ਉਦੋਂ ਇੰਜ ਆਖਦੇ ਹਨ।

ਪਹਾੜ ਨਾਲ ਟੱਕਰ ਮਾਰਿਆਂ ਸਿਰ ਈ ਪਾਟ——ਭਾਵ ਸਪੱਸ਼ਟ ਹੈ ਕਿ ਕਿਸੇ ਸ਼ਕਤੀਸ਼ਾਲੀ ਮਨੁੱਖ ਨਾਲ ਵੈਰ ਪਾ ਕੇ ਨੁਕਸਾਨ ਹੀ ਉਠਾਉਣਾ ਪੈਂਦਾ ਹੈ।

ਪਹਾੜੀਏ ਮਿਤ ਕਿਸ ਕੇ, ਭਾਤੁ ਖਾਧਾ ਖਿਸਕੇ——ਇਹ ਅਖਾਣ ਆਮ ਕਰਕੇ ਮਤਲਬੀ ਬੰਦਿਆਂ ਬਾਰੇ ਵਰਤਿਆ ਜਾਂਦਾ ਹੈ।

ਪੱਗ ਰੱਖ ਘਿਉ ਖਾ——ਭਾਵ ਇਹ ਹੈ ਕਿ ਖੁੱਲ੍ਹੇ ਖ਼ਰਚ ਕਰਨ ਨਾਲ ਕਈ ਵਾਰ ਬੇਇੱਜ਼ਤੀ ਹੋ ਜਾਣ ਦਾ ਡਰ ਰਹਿੰਦਾ ਹੈ।

ਪੱਗ ਵੇਚ ਕੇ ਘਿਉ ਨਹੀਂ ਖਾਈਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣੇ ਵਿੱਤ ਅਨੁਸਾਰ ਹੀ ਖ਼ਰਚਾ ਕਰਨਾ ਚਾਹੀਦਾ ਹੈ, ਵਿਤੋਂ ਬਾਹਰਾ ਖ਼ਰਚ ਕਰਨਾ ਚੰਗਾ ਨਹੀਂ ਹੁੰਦਾ।

ਪੰਜਾਂ ਵਿੱਚ ਪ੍ਰਮੇਸ਼ਰ ਹੈ——ਭਾਵ ਇਹ ਹੈ ਕਿ ਏਕੋ ਵਿੱਚ ਹੀ ਬਰਕਤ ਹੁੰਦੀ ਹੈ।

ਪੰਜੀ ਮੀਤ ਪੰਜਾਹੀਂ ਚਾਦਰ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇ ਪੱਚੀ ਰੁਪਇਆਂ ਨਾਲ ਦੋਸਤ-ਮਿੱਤਰ ਨੂੰ ਅਤੇ ਪੰਜਾਹ ਰੁਪਏ ਨਾਲ ਪਿੰਡ ਦੇ ਚੌਧਰੀ ਨੂੰ ਖੁਸ਼ ਰੱਖਿਆ ਜਾ ਸਕਦੈ ਤਾਂ ਇਹ ਸੌਦਾ ਮਾੜਾ ਨਹੀਂ।

ਪੰਜੇ ਉਂਗਲਾਂ ਇੱਕੋ ਜਹੀਆਂ ਨਹੀਂ ਹੁੰਦੀਆਂ——ਭਾਵ ਸਪੱਸ਼ਟ ਹੈ ਕਿ ਸਾਰ ਆਦਮੀ ਇਕੋ ਜਿਹੇ ਨਹੀਂ ਹੁੰਦੇ, ਹਰ ਬੰਦੇ ਦੇ ਸੁਭਾਅ ਵਿੱਚ ਫ਼ਰਕ ਹੁੰਦਾ ਹੈ।

ਪੰਜੇ ਉਂਗਲਾਂ ਘਿਉ ਵਿੱਚ ਤੇ ਸਿਰ ਕੜਾਹੀ ਵਿੱਚ——ਜਦੋਂ ਕਿਸੇ ਨੂੰ ਪੂਰਾ ਲਾਭ ਲੈਣ ਦਾ ਮੌਕਾ ਮਿਲੇ, ਉਦੋਂ ਆਖਦੇ ਹਨ। ਪਟਿਆ ਪਹਾੜ ਤੇ ਨਿਕਲਿਆ ਚੂਹਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਬਹੁਤ ਸਾਰੀ ਮਿਹਨਤ ਕਰਨ ਮਗਰੋਂ ਨਿਗੂਣਾ ਜਿਹਾ ਲਾਭ ਹੋਵੇ।

ਪਠਾਣ ਕਾ ਪੂਤ, ਘੜੀ ਵਿੱਚ ਔਲੀਆ ਘੜੀ ਵਿੱਚ ਭੁਤ——ਇਹ ਅਖਾਣ ਕਿਸੇ ਅੱਖੜ ਸੁਭਾਅ ਵਾਲੇ ਬੰਦੇ ਬਾਰੇ ਬੋਲਿਆ ਜਾਂਦਾ ਹੈ, ਜਿਹੜਾ ਪਲ ਵਿੱਚ ਛੱਤੀਂ ਚੜ੍ਹ ਜਾਵੇ ਤੇ ਪਲ ਵਿੱਚ ਭੁੱਜੇ ਲਹਿ ਜਾਵੇ।

ਪਤ ਪਰਤੀਤ ਤੇ ਖਰੀ ਰੀਤ——ਇਸ ਅਖਾਣ ਵਿੱਚ ਸ਼ੁਭ ਗੁਣਾਂ ਬਾਰੇ ਦਰਸਾਇਆ ਗਿਆ ਹੈ ਕਿ ਆਦਮੀ ਦੀ ਨੀਯਤ ਸਾਫ਼ ਹੋਵੇ, ਉਹ ਇੱਜ਼ਤ ਵਾਲਾ ਤੇ ਭਰੋਸੇ ਯੋਗ ਹੋਵੇ, ਉਸ ਜਿਹਾ ਲੱਗਾ ਕੋਈ ਹੋਰ ਨਹੀਂ।

ਪੱਤਣ ਮੇਉ ਨਾ ਛੇੜੀਏ, ਹੱਟੀ ਤੇ ਕਿਰਾੜ, ਬੰਨੇ ਜੱਟ ਨਾ ਛੇੜੀਏ ਭੰਨ ਸੁੱਟੇ ਬੁਥਾੜ——ਭਾਵ ਇਹ ਹੈ ਕਿ ਕਿਸੇ ਦੇ ਟਿਕਾਣੇ 'ਤੇ ਜਾ ਕੇ ਉਸ ਨਾਲ ਛੇੜ-ਛਾੜ ਕਰਨੀ ਜਾਂ ਝਗੜਾ ਕਰਨਾ ਠੀਕ ਨਹੀਂ ਹੁੰਦਾ, ਅਜਿਹਾ ਕਰਨ ਵਾਲਾ ਮਾਰ ਹੀ ਖਾਂਦਾ ਹੈ।

ਪੱਥਰ ਕੂਲੇ ਹੋਣ ਤਾਂ ਗਿੱਦੜ ਹੀ ਚੱਟ ਜਾਣ——ਕਈ ਵਾਰ ਕਈ ਪੁਰਸ਼ ਆਪਣੇ ਕੱਟੜ ਵਤੀਰੇ ਨੂੰ ਉੱਚਿਤ ਸਿੱਧ ਕਰਨ ਲਈ ਇਹ ਅਖਾਣ ਬੋਲਦੇ ਹਨ।

ਪੱਥਰ ਨਾਲੋਂ ਚੱਕੀ ਭਲੀ ਜੋ ਪੀਸੇ ਸੰਸਾਰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਨਿਕੰਮੀ ਚੀਜ਼ ਨਾਲੋਂ ਕੰਮ ਆਉਣ ਵਾਲੀ ਚੀਜ਼ ਵਧੇਰੇ ਚੰਗੀ ਹੁੰਦੀ ਹੈ।

ਪੱਥਰ ਨੂੰ ਜੋਕ ਨਹੀਂ ਲੱਗਦੀ——ਇਹ ਅਖਾਣ ਉਸ ਪੱਥਰ ਦਿਲ ਬੰਦੇ ਬਾਰੇ ਬੋਲਿਆ ਜਾਂਦਾ ਹੈ ਜਿਸ ’ਤੇ ਸਿੱਖਿਆ, ਨਸੀਹਤ ਤੇ ਮਿਹਨਤ-ਤਰਲੇ ਦਾ ਕੋਈ ਅਸਰ ਨਹੀਂ ਹੁੰਦਾ।

ਪਰ ਘਰ ਗਈ ਨਾ ਬਹੁੜਦੀ, ਪੋਥੀ, ਲਿਖਣੀ ਨਾਰ——ਇਸ ਅਖਾਣ ਵਿੱਚ ਸੁਚੇਤ ਕੀਤਾ ਗਿਆ ਹੈ ਕਿ ਕਲਮ, ਪੁਸਤਕ ਅਤੇ ਤੀਵੀਂ ਜੇਕਰ ਦੂਜੇ ਬੰਦੇ ਦੇ ਕਬਜ਼ੇ ਵਿੱਚ ਆ ਜਾਣ ਤਾਂ ਵਾਪਸ ਨਹੀਂ ਮੁੜਦੀਆਂ। ਇਸ ਲਈ ਇਹਨਾਂ ਤਿੰਨਾਂ ਤੋਂ ਸਾਵਧਾਨ ਰਹੋ।

ਪ੍ਰਤੱਖ ਨੂੰ ਪ੍ਰਮਾਣ ਕੀ——ਭਾਵ ਇਹ ਹੈ ਸਾਹਮਣੇ ਦਿਸਦੀ ਚੀਜ਼ ਨੂੰ ਸਾਬਤ ਕਰਨ ਦੀ ਲੋੜ ਨਹੀਂ।

ਪਰਮੇਸ਼ਰ ਕੀ ਮਾਇਆ ਕਿਧਰੇ ਧੁੱਪ ਤੇ ਕਿਧਰੇ ਛਾਇਆ——ਇਹ ਇਕ ਅਟੱਲ ਸੱਚਾਈ ਹੈ ਕਿ ਕਿਧਰੇ ਗਰੀਬੀ ਹੈ ਤੇ ਕਿਧਰੇ ਅਮੀਰੀ, ਕੋਈ ਕੋਝਾ ਹੈ, ਕੋਈ ਖੂਬਸੂਰਤ, ਕਿਧਰੇ ਬੀਮਾਰੀ ਹੈ ਤੇ ਕਿਧਰੇ ਸਿਹਤਮੰਦੀ। ਇਹ ਸਭ ਰੱਬ ਦੇ ਰੰਗ ਹਨ। ਉਸ ਦੀ ਰਜ਼ਾ ਵਿੱਚ ਹੀ ਰਹਿਣਾ ਚੰਗਾ ਹੈ। ਪਰਾਇਆ ਸੇਰ, ਪੰਜ ਸੇਰੀ ਬਰਾਬਰ——ਭਾਵ ਇਹ ਹੈ ਕਿ ਬਿਗਾਨੀ ਮੰਗ ਕੇ ਲਿਆਂਦੀ ਹੋਈ ਪਈ ਵਸਤੂ ਦੀ ਵਧੇਰੇ ਸਾਂਭ-ਸੰਭਾਲ ਕਰਨੀ ਪੈਂਦੀ ਹੈ ਅਤੇ ਗੁੰਮ ਜਾਣ ਤੇ ਅਸਲ ਮੁੱਲ ਨਾਲੋਂ ਵੀ ਵੱਧ ਜ਼ੁਰਮਾਨਾ ਭਰਨਾ ਪਵੇ।

ਪਰਾਇਆ ਗਹਿਣਾ ਪਾਇਆ ਆਪਣਾ ਰੂਪ ਗਵਾਇਆ——ਇਸ ਅਖਾਣ ਨੂੰ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਮੰਗ ਕੇ ਲਿਆਂਦੀ ਹੋਈ ਪੁਸ਼ਾਕ ਜਾਂ ਗਹਿਣਾ ਆਦਿ ਪਹਿਨਣ ਨਾਲ ਤੁਹਾਡੀ ਸ਼ਾਨ ਨਹੀਂ ਵਧਦੀ ਬਲਕਿ ਹੀਣ-ਭਾਵਨਾ ਪੈਦਾ ਹੋ ਜਾਂਦੀ ਹੈ।

ਪਰਾਈ ਆਸ, ਸਦਾ ਨਿਰਾਸ਼——ਭਾਵ ਸਪੱਸ਼ਟ ਹੈ ਕਿ ਕਦੇ ਵੀ ਕਿਸੇ ਦੀ ਆਸ ਤੇ ਨਾ ਰਹੋ, ਆਪ ਹਿੰਮਤ ਕਰੋ ਨਹੀਂ ਤਾਂ ਨਿਰਾਸ਼ਾ ਹੀ ਪੱਲੇ ਪਵੇਗੀ।

ਪਰਾਏ ਹੱਥ ਕਹੀ ਹੌਲੀ ਲਗਦੀ ਹੈ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੂਜੇ ਬੰਦੇ ਤੋਂ ਕੰਮ ਕਰਵਾਉਣ ਲਈ ਉਹਦੀ ਝੂਠੀ ਪ੍ਰਸੰਸਾ ਕੀਤੀ ਜਾਵੇ।

ਪਰਾਏ ਘਰ ਬਸੰਤਰ, ਆਪਣੇ ਘਰ ਅੱਗ——ਜਦੋਂ ਕੋਈ ਬੰਦਾ ਕਿਸੇ ਦੂਜੇ ਬੰਦੇ ਦੇ ਘਰ ਪਏ ਕਲਾ-ਕਲੇਸ਼ ਨੂੰ ਵੇਖ ਕੇ ਖੁਸ਼ ਹੋਵੇ, ਉਦੋਂ ਉਸ ਨੂੰ ਸਮਝਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਪਰਾਏ ਪੀਰ ਨੂੰ ਮਲੀਦਾ, ਘਰ ਦੇ ਪੀਰ ਨੂੰ ਧਤੂਰਾ——ਜਦੋਂ ਕੋਈ ਬੰਦਾ ਘਰ ਦੇ ਗੁਣਵਾਨ ਦੀ ਤਾਂ ਕਦਰ ਨਾ ਪਾਏ ਪ੍ਰੰਤੂ ਪਰਾਏ ਮੁਰਖ਼ ਬੰਦੇ ਦੀ ਖੂਬ ਸੇਵਾ ਕਰੇ, ਉਦੋਂ ਇੰਜ ਆਖਦੇ ਹਨ।

ਪਰੀਆਂ ਦੀ ਪਰਿਹਾ ਤੇ ਭੂਤਨੇ ਪੈਂਚ——ਜਦੋਂ ਸ਼ਰੀਫ਼ ਤੇ ਭਲੇਮਾਣਸ ਬੰਦਿਆਂ ਦੇ ਝਗੜਾਲੂ ਤੇ ਕਮੀਨੇ ਬੰਦੇ ਮੱਲੋ-ਮੱਲੀ ਆਗੂ ਬਣ ਜਾਣ, ਉਦੋਂ ਆਖਦੇ ਹਨ।

ਪਰੇ ਪਰੇਰੇ ਜਾਹ, ਕਰਮਾਂ ਦਾ ਖੱਟਿਆ ਖਾਹ——ਭਾਵ ਇਹ ਹੈ ਕਿ ਤੁਸੀਂ ਕਮਾਈ ਕਰਨ ਲਈ ਭਾਵੇਂ ਕਿੰਨੀ ਦੂਰ ਚਲੇ ਜਾਵੋ ਪ੍ਰੰਤੂ ਮਿਲਣਾ ਤਾਂ ਉਹੀ ਹੈ ਜਿਹੜਾ ਤੁਹਾਡੇ ਕਰਮਾਂ ਵਿੱਚ ਲਿਖਿਆ ਹੋਇਆ ਹੈ।

ਪਰੌਂਠਾ ਪਰੌਂਠਾ ਆਖਿਆਂ ਢਿੱਡ ਨਹੀਂ ਭਰਨ ਹੁੰਦਾ——ਭਾਵ ਸਪੱਸ਼ਟ ਹੈ ਕਿ ਨਿਰੀਆਂ ਫੋਕੀਆਂ ਗੱਲਾਂ ਮਾਰਨ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ। ਢਿੱਡ ਭਰਨ ਲਈ ਯਤਨ ਤਾਂ ਕਰਨੇ ਹੀ ਪੈਣੇ ਨੇ।

ਪੱਲੇ ਹੋਵੇ ਸੱਚ, ਨੰਗਾ ਹੋ ਕੇ ਨੱਚ——ਇਸ ਅਖਾਣ ਦਾ ਭਾਵ ਇਹ ਹੈ ਕਿ ਸੱਚੇ ਸੁੱਚੇ ਬੰਦੇ ਨੂੰ ਕਿਸੇ ਪ੍ਰਕਾਰ ਦਾ ਵੀ ਭੈ ਨਹੀਂ ਹੁੰਦਾ, ਉਹ ਬੇਧੜਕ ਜੀਵਨ ਜਿਉਂਦਾ ਹੈ।

ਪੱਲੇ ਨਹੀਂ ਸੇਰ ਆਟਾ, ਹੀਂਗਦੀ ਦਾ ਸੰਘ ਪਾਟਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਫ਼ੋਕੀ ਆਕੜ ਵਿੱਚ ਤੁਰਿਆ ਫਿਰੇ, ਉਂਜ ਉਸ ਦੇ ਪੱਲੇ ਕੁਝ ਨਾ ਹੋਵੇ।

ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ——ਜਦੋਂ ਕੋਈ ਆਰਥਿਕ ਪੱਖੋਂ ਗਰੀਬ ਬੰਦਾ ਵੱਡੀਆਂ-ਵੱਡੀਆਂ ਸਕੀਮਾਂ ਬਣਾਉਣ ਲੱਗ ਜਾਵੇ ਜਿਹੜੀਆਂ ਸਿਰੇ ਨਾ ਚੜ੍ਹ ਸਕਣ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਪੜ ਪਿਆ ਤੇ ਸਾਕ ਗਿਆ——ਭਾਵ ਇਹ ਹੈ ਕਿ ਦੂਰ ਦੀ ਰਿਸ਼ਤੇਦਾਰੀ ਵਿੱਚ ਉਹ ਸਾਂਝ ਨਹੀਂ ਰਹਿੰਦੀ, ਜਿਹੜੀ ਨੇੜੇ ਦੀ ਰਿਸ਼ਤੇਦਾਰੀ ਵਿੱਚ ਹੁੰਦੀ ਹੈ।

ਪੜ੍ਹਿਆ ਨਾ ਲਿਖਿਆ, ਨਾਂ ਵਿਦਿਆ ਸਾਗਰ——ਜਦੋਂ ਕਿਸੇ ਬੰਦੇ ਦਾ ਨਾਂ ਉਸ ਦੇ ਸੁਭਾਅ, ਕੱਦ-ਕਾਠ ਅਤੇ ਕਿਰਦਾਰ ਦੇ ਉਲਟ ਹੋਵੇ, ਉਦੋਂ ਆਖਦੇ ਹਨ।

ਪੜ੍ਹੇ ਫਾਰਸੀ, ਵੇਚੇ ਤੇਲ, ਇਹ ਦੇਖੋ ਕੁਦਰਤ ਦੇ ਖੇਲ——ਜਦੋਂ ਕਿਸੇ ਪੜ੍ਹੇ-ਲਿਖੇ ਲਾਇਕ ਬੰਦੇ ਨੂੰ ਉਹਦੀ ਯੋਗਤਾ ਤੋਂ ਘਟੀਆ ਕੰਮ ਕਰਨਾ ਪਵੇ, ਉਦੋਂ ਇਹ ਅਖਾਣ ਵਰਤਦੇ ਹਨ।

ਪਾਈ ਵਾਲਾ ਸੰਗੇ ਤੇ ਪੜੋਪੀ ਵਾਲਾ ਮੰਗੇ——ਜਦੋਂ ਕੋਈ ਵੱਡਾ ਅਹਿਸਾਨ ਕਰਨ ਵਾਲਾ ਤਾਂ ਅਹਿਸਾਨ ਨਾ ਜਤਾਵੇ, ਪ੍ਰੰਤੁ ਮਾਮੂਲੀ ਸਹਾਇਤਾ ਕਰਨ ਵਾਲਾ ਆਪਣੇ ਕੀਤੇ ਅਹਿਸਾਨ ਦਾ ਢੰਡੋਰਾ ਪਿੱਟੇ, ਉਦੋਂ ਇੰਜ ਆਖਦੇ ਹਨ।

ਪਾਸਾ ਪਏ ਅਨਾੜੀ ਜਿੱਤੇ——ਭਾਵ ਇਹ ਹੈ ਕਿ ਜੂਏ ਵਿੱਚ ਜਿੱਤ-ਹਾਰ ਅਕਲ ਕਰਕੇ ਨਹੀਂ ਹੁੰਦੀ, ਜੋ ਪਾਸਾ ਸਿੱਧਾ ਪੈ ਜਾਵੇ ਤਾਂ ਮੂਰਖ਼ ਵੀ ਜਿੱਤ ਜਾਂਦਾ ਹੈ।

ਪਾਣੀ ਨਾਲ਼ੋਂ ਖੂਨ ਗਾੜ੍ਹਾ ਹੁੰਦਾ ਹੈ——ਭਾਵ ਇਹ ਹੈ ਕਿ ਜਦੋਂ ਬਿਪਤਾ ਸਿਰ ਆਣ ਪਵੇ ਤਾਂ ਉਦੋਂ ਭੈਣ-ਭਾਈ ਹੀ ਕੰਮ ਆਉਂਦੇ ਹਨ।

ਪਾਣੀ ਪੀ ਕੇ ਜਾਤ ਕੀ ਪੁੱਛਣੀ——ਭਾਵ ਇਹ ਹੈ ਕਿ ਜਦੋਂ ਤੁਸੀਂ ਕਿਸੇ ਬੰਦੇ ਕੋਲੋਂ ਆਪਣਾ ਕੰਮ ਕਰਵਾ ਹੀ ਲਿਆ ਹੈ ਮਗਰੋਂ ਉਸ ਦੀ ਜਾਤ-ਪਾਤ ਪੁੱਛਣ ਦਾ ਕੋਈ ਲਾਭ ਨਹੀਂ।

ਪਾਣੀ ਪੀਵੀਏ ਪੁਣ ਕੇ ਗੁਰੂ ਧਾਰੀਏ ਚੁਣ ਕੇ——ਭਾਵ ਇਹ ਹੈ ਕਿ ਪਾਣੀ ਸ਼ੁੱਧ ਪੀਣਾ ਚਾਹੀਦਾ ਹੈ ਤੇ ਗੁਰੂ ਪੂਰੀ ਪਰਖ਼ ਕਰਕੇ ਧਾਰਨਾ ਚਾਹੀਦਾ ਹੈ।

ਪਾਪ ਦੀ ਬੇੜੀ ਭਰ ਕੇ ਡੁਬਦੀ ਹੈ——ਭਾਵ ਇਹ ਹੈ ਕਿ ਜਦੋਂ ਕਿਸੇ ਬੰਦੇ ਨੇ ਅਤਿ ਚੁੱਕੀ ਹੋਵੇ ਅਤੇ ਜ਼ੁਲਮ ਤੇ ਕੁਕਰਮ ਕਰਨੋਂ ਨਾ ਟਲੇ, ਤਾਂ ਸਮਾਂ ਪਾ ਕੇ ਉਹਦੀ ਤਬਾਹੀ ਦੇ ਸਮਾਨ ਆਪਣੇ ਆਪ ਹੀ ਪੈਦਾ ਹੋ ਜਾਂਦੇ ਹਨ।

ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ——ਭਾਵ ਇਹ ਹੈ ਕਿ ਗੁਨਾਹਗਾਰ ਨੂੰ ਉਸ ਦੇ ਗੁਨਾਹ ਹੀ ਲੈ ਡੁਬਦੇ ਹਨ।

ਪਾਰ ਵਾਲੇ ਕਹਿਣ ਉਰਾਰ ਵਾਲੇ ਚੰਗੇ ਨੇ, ਉਰਾਰ ਵਾਲੇ ਕਹਿਣ ਪਾਰ ਵਾਲੇ ਚੰਗੇ ਨੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕੋਈ ਵੀ ਬੰਦਾ ਆਪਣੇ ਆਪ ਵਿੱਚ ਸੰਤੁਸ਼ਟ ਨਹੀਂ। ਦੁਜੇ ਦੀ ਥਾਲੀ ਵਿੱਚ ਲੱਡੂ ਵੱਡਾ ਹੀ ਦਿਸਦਾ ਹੈ।

ਪਾਲ਼ੇ ਵਿੱਚ ਗੋਡੇ ਢਿੱਡ ਨੂੰ ਆਉਂਦੇ ਹਨ-ਜਦੋਂ ਇਹ ਦੱਸਣਾ ਹੋਵੇ ਕਿ ਭੀੜ ਪੈਣ 'ਤੇ ਸਾਕ ਸਬੰਧੀਆਂ ਪਾਸੋਂ ਹੀ ਸਹਾਇਤਾ ਲਈ ਜਾਂਦੀ ਹੈ। ਪਿਉ ਹੁੰਦਿਆਂ ਹਰਾਮੀ ਕੌਣ ਅਖਵਾਉਂਦੈ——ਇਸ ਅਖਾਣ ਵਿੱਚ ਇਹ ਦੱਸਿਆ ਗਿਆ ਹੈ ਕਿ ਕੋਈ ਵੀ ਅਣਖ ਵਾਲਾ ਬੰਦਾ ਕੋਈ ਅਜਿਹਾ ਕੰਮ ਨਹੀਂ ਕਰਦਾ, ਜਿਸ ਨਾਲ ਉਸ ਦੀ ਅਣਖ ਨੂੰ ਠੇਸ ਪੁੱਜੇ।

ਪਿਉ ਨਾ ਮਾਰੀ ਪਿੱਦੀ, ਬੇਟਾ ਤੀਰ ਅੰਦਾਜ਼——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਆਪਣੇ ਵਿੱਤ ਤੇ ਪਿਛੋਕੜ ਨੂੰ ਭੁੱਲ ਕੇ ਸ਼ੇਖੀਆਂ ਮਾਰੇ।

ਪਿੱਠ ਪਿੱਛੇ ਤਾਂ ਬਾਦਸ਼ਾਹ ਨੂੰ ਗਾਲ਼ਾਂ ਕਢ ਲਈਦੀਆਂ ਨੇ——ਭਾਵ ਇਹ ਹੈ ਕਿ ਸਾਹਮਣੇ ਬੈਠੇ ਬੰਦੇ ਨੂੰ ਕੋਈ ਕੁਝ ਨਹੀਂ ਆਖਦਾ ਪ੍ਰੰਤੁ ਦੂਰ ਬੈਠੇ ਤਕੜੇ ਬੰਦੇ ਨੂੰ ਬੁਰਾ ਭਲਾ ਆਖ ਕੇ ਉਹਦੀ ਨਿੰਦਿਆ-ਚੁਗਲੀ ਕੀਤੀ ਜਾ ਸਕਦੀ ਹੈ।

ਪਿੰਡ ਦੀ ਕੁੜੀ ਤੇ ਸ਼ਹਿਰ ਦੀ ਚਿੜੀ ਇਕ ਬਰਾਬਰ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਸ਼ਹਿਰਾਂ ਦੀਆਂ ਕੁੜੀਆਂ ਪਿੰਡਾਂ ਦੀਆਂ ਕੁੜੀਆਂ ਨਾਲ ਵਧੇਰੇ ਚੁਸਤ ਅਤੇ ਹੁਸ਼ਿਆਰ ਹੁੰਦੀਆਂ ਹਨ।

ਪਿੰਡ ਨੂੰ ਅੱਗ ਲੱਗੀ ਕੁੱਤਾ ਨਿਆਈਏ——ਇਹ ਅਖਾਣ ਉਸ ਆਦਮੀ ਪ੍ਰਤੀ ਵਰਤਿਆ ਜਾਂਦਾ ਹੈ ਜਿਹੜਾ ਖਾਣ-ਪੀਣ ਸਮੇਂ ਤਾਂ ਆਲੇ-ਦੁਆਲੇ ਰਹੇ ਪ੍ਰੰਤੂ ਲੋੜ ਪੈਣ ਤੇ ਮੂੰਹ ਛੁਪਾ ਲਵੇ। ਲੱਭੇ ਹੀ ਨਾ।

ਪਿੰਡ ਵੱਸਿਆ ਨਹੀਂ, ਉਚੱਕੇ ਪਹਿਲਾਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਕੰਮ ਦੇ ਪੂਰੀ ਤਰ੍ਹਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਉਸ ਵਿੱਚ ਵਿਘਨ ਪਾਉਣ ਵਾਲੇ ਆ ਜਾਣ।

ਪਿੱਦੀ ਨੇ ਵੀ ਪੀਂਘਾਂ ਪਾਈਆਂ——ਜਦੋਂ ਕੋਈ ਕਮਜ਼ੋਰ ਬੰਦਾ ਵੱਡੇ ਬੰਦਿਆਂ ਦੀ ਰੀਸਾਂ ਕਰੇ, ਉਦੋਂ ਇੰਜ ਆਖਦੇ ਹਨ।

ਪੀਹ ਮੋਈ ਪਕਾ ਮੋਈ, ਆਏ ਛੱਟੇ ਖਾ ਗਏ——ਭਾਵ ਇਹ ਹੈ ਕਿ ਮਿਹਨਤ ਤਾਂ ਕੋਈ ਹੋਰ ਕਰਦਾ ਰਹੇ ਤੇ ਉਸ ਦਾ ਲਾਭ ਕੋਈ ਹੋਰ ਲੈ ਕੇ ਤੁਰਦਾ ਬਣੇ।

ਪੀਠੇ ਦਾ ਕੀ ਕਹਿਣਾ——ਭਾਵ ਇਹ ਜਦੋਂ ਕੋਈ ਮਾਮਲਾ ਨਿਪਟ ਗਿਆ ਹੈ। ਉਸ ਬਾਰੇ ਮੁੜ ਕੇ ਗੱਲ ਕਰਨ ਦਾ ਕੋਈ ਲਾਭ ਨਹੀਂ।

ਪੀਹਣੇ ਦਾ ਪੀਹਣਾ ਤੇ ਰੰਘੜਉ ਦਾ ਰੰਘੜਉ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਦੇ ਹਨ ਜਿਹੜਾ ਗਰੀਬੀ ਦੀ ਹਾਲਤ ਵਿੱਚ ਪੁੱਜ ਕੇ ਨਿਕੰਮੇ ਕੰਮ ਕਰੇ ਤੂ ਅਤੇ ਆਕੜ ਨਾ ਛੱਡੋ।

ਪੀਰ ਪੈਸਾ ਰੰਨ ਗੁਰ, ਜਿਧਰ ਆਖੇ ਉਧਰ ਤੁਰ——ਇਹ ਅਖਾਣ ਆਮ ਤਾ ਆਪਣੀਆਂ ਘਰ ਵਾਲੀਆਂ ਰੰਨਾਂ ਤੋਂ ਡਰਨ ਵਾਲੇ ਤੇ ਉਹਨਾਂ ਦੇ ਆਖੇ ਲੱਗਣ ਦਾ ਮਰਦਾਂ ਲਈ ਵਰਤਿਆ ਜਾਂਦਾ ਹੈ।

ਪੀੜੇ ਬਿਨਾਂ ਤੇਲ ਨਹੀਂ ਨਿਕਲਦਾ——ਜਦੋਂ ਇਹ ਦੱਸਣਾ ਹੋਵੇ ਕਿ ਸਖ਼ਤੀ ਵਰਤੇ ਬਿਨਾ ਕਿਸੇ ਪਾਸੋਂ ਕੁਝ ਪ੍ਰਾਪਤ ਨਹੀਂ ਹੁੰਦਾ, ਉਦੋਂ ਇਹ ਅਖਾਣ ਵਰਤਦੇ ਹਨ। ਪੁੱਤਾਂ ਬਾਝ ਨਾ ਜੱਗ ਨਾਂ ਰੌਸ਼ਨ——ਭਾਵ ਇਹ ਹੈ ਕਿ ਪੁੱਤ ਹੀ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ।

ਪੁੱਤੀਂ ਗੰਢ ਪਵੇ ਸੰਸਾਰ——ਇਸ ਮਹਾ ਵਾਕ ਦਾ ਭਾਵ ਇਹ ਹੈ ਕਿ ਪੁੱਤਾਂ-ਧੀਆਂ ਨਾਲ ਹੀ ਮਨੁੱਖ ਦਾ ਇਸ ਸੰਸਾਰ ਨਾਲ ਸਬੰਧ ਕਾਇਮ ਰਹਿੰਦਾ ਹੈ।

ਪੁੱਤਰ ਕਪੁੱਤਰ ਹੋ ਜਾਂਦੇ ਨੇ ਮਾਪੇ ਕੁਮਾਪੇ ਨਹੀਂ ਹੁੰਦੇ——ਇਸ ਅਖਾਣ ਦਾ ਭਾਵ ਇਹ ਹੈ ਕਿ ਮਾਪੇ ਆਪਣੇ ਪੁੱਤਾਂ ਦੀਆਂ ਗ਼ਲਤੀਆਂ ਨੂੰ ਵਿਸਾਰ ਕੇ ਉਹਨਾਂ ਨੂੰ ਮੁੜ ਆਪਣੇ ਗਲ਼ ਲਾ ਲੈਂਦੇ ਹਨ, ਪੁੱਤ ਭਾਵੇਂ ਮਾਪਿਆਂ ਨੂੰ ਵਿਸਾਰ ਦੇਣ।

ਪੁੱਤਰ ਜੰਮਦੇ ਹੀ ਜਵਾਨ ਹੁੰਦੇ ਹਨ——ਇਸ ਦਾ ਭਾਵ ਹੈ ਕਿ ਮਾਂ-ਬਾਪ ਆਪਣੇ ਪੁੱਤ ਦੇ ਜੰਮਦੇ ਸਾਰ ਹੀ ਉਸ ’ਤੇ ਆਸਾਂ, ਉਮੀਦਾਂ ਲਾ ਲੈਂਦੇ ਹਨ।

ਪੁੱਤਰ ਮਿਠੇ ਮੇਵੇ, ਰੱਬ ਹਰ ਕਿਸੇ ਨੂੰ ਦੇਵੇ——ਇਹ ਅਖਾਣ ਪੁੱਤਾਂ ਵਾਲੀਆਂ ਮਾਵਾਂ ਆਮ ਤੌਰ 'ਤੇ ਦੂਜੀਆਂ ਜ਼ਨਾਨੀਆਂ ਨੂੰ ਸ਼ੁੱਭ ਇੱਛਾਵਾਂ ਅਤੇ ਅਸੀਂਸਾਂ ਦੇਣ ਵਜੋਂ ਵਰਤਦੀਆਂ ਹਨ।

ਪੁੱਤ ਰੋਂਦਾ ਕਿਉਂ ਐ, ਅਖੇ ਥਾਲੀ 'ਚ ਕੁਝ ਨਹੀਂ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਭੁੱਖ ਹੀ ਸਭ ਤੋਂ ਵੱਡਾ ਰੋਣਾ ਹੈ, ਜਿਸ ਨੂੰ ਰੱਜਵੀਂ ਰੋਟੀ ਮਿਲੇਗੀ ਉਹ ਕਿਉਂ ਰੋਵੇਗਾ।

ਪੁੱਤਰੀਂ ਭਾਗ, ਕੋਈ ਲਿਆਵੇ ਲੱਕੜੀਆਂ ਕੋਈ ਲਿਆਵੇ ਸਾਗ——ਇਸ ਅਖਾਣ ਦਾ ਭਾਵ ਇਹ ਹੈ ਕਿ ਪੁੱਤਰ ਮਾਪਿਆਂ ਦੇ ਕੰਮ-ਕਾਰ ਵਿੱਚ ਉਹਨਾਂ ਦਾ ਹੱਥ ਵਟਾਉਂਦੇ ਹਨ ਅਤੇ ਵੇਲੇ ਕੁਵੇਲੇ ਸਹਾਇਤਾ ਵੀ ਕਰਦੇ ਹਨ।

ਪੁੰਨ ਦੀ ਗਊ ਦੇ ਦੰਦ ਕੌਣ ਗਿਣਦਾ ਹੈ——ਇਸ ਅਖਾਣ ਵਿੱਚ ਇਹ ਦੱਸਿਆ ਗਿਆ ਹੈ ਕਿ ਮੁਫ਼ਤ ਵਿੱਚ ਮਿਲੀ ਵਸਤੁ ਵਿੱਚ ਕੋਈ ਮੀਨ ਮੇਖ਼ ਨਹੀਂ ਕੱਢਦਾ, ਜੋ ਮਿਲ ਗਿਆ ਸੋਈ ਚੰਗਾ।

ਪੂਰਾ ਕਿਸੇ ਨਾ ਤੋਲਿਆ ਜੋ ਤੋਲੇ ਸੋ ਘੱਟ——ਇਹ ਅਖਾਣ ਉਦੋਂ ਵਰਦੇ ਹਨ ਜਦੋਂ ਕਿਸੇ ਨੂੰ ਪੂਰਾ ਨਿਆਂ ਨਾ ਮਿਲੇ, ਭਾਵ ਇਹ ਹੈ ਕਿ ਇਸ ਸੰਸਾਰ ਵਿੱਚ ਕਿਸੇ ਨੂੰ ਵੀ ਪੂਰਾ ਨਿਆਂ ਨਹੀਂ ਮਿਲਦਾ।

ਪੇਕੇ ਗਈਆਂ ਦੀ ਖੈਰ ਕੌਣ ਪਾਏ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਕਿਸੇ ਗ਼ੈਰ-ਹਾਜ਼ਰ ਬੰਦੇ ਦਾ ਹਿੱਸਾ ਮੰਗੇ।

ਪੇਕੇ ਮਾਵਾਂ ਨਾਲ, ਮਾਣ ਭਰਾਵਾਂ ਨਾਲ——ਇਸ ਅਖਾਣ ਵਿੱਚ ਇਹ ਅਟੱਲ ਸੱਚਾਈ ਦਰਸਾਈ ਗਈ ਹੈ ਕਿ ਪੇਕੇ ਘਰ ਵਿੱਚ ਮਾਵਾਂ ਹੀ ਆਪਣੀਆਂ ਸਹੁਰੀਂ ਗਈਆਂ ਧੀਆਂ ਦੀ ਉਤਸੁਕਤਾ ਨਾਲ ਉਡੀਕ ਕਰਦੀਆਂ ਹਨ ਅਤੇ ਭੈਣਾਂ ਨੂੰ ਪੇਕੇ ਘਰ ਵਿੱਚ ਆਦਰ-ਮਾਣ ਉਹਨਾਂ ਦੇ ਭਰਾਵਾਂ ਸਦਕਾ ਹੀ ਮਿਲਦਾ ਹੈ। ਪੇਕੇ ਵਸਣ ਕੁਆਰੀਆਂ ਮੈਂ ਵਸਾ ਸ਼ਰੀਕਾਂ ਨਾਲ———ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਕੁਆਰੀਆਂ ਕੁੜੀਆਂ ਪੇਕੀਂ ਵਸਦੀਆਂ ਹਨ, ਵਿਆਹੀਆਂ ਕੁੜੀਆਂ ਦੇ ਸਹੁਰੀਂ ਵਸਣ ਨਾਲ ਹੀ ਉਹਨਾਂ ਦਾ ਮਾਣ ਤਾਣ ਵਧਦਾ ਹੈ।

ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ———ਭਾਵ ਇਹ ਹੈ ਕਿ ਜ਼ਿੰਦਗੀ ਨੂੰ ਰੇੜ੍ਹਨ ਲਈ ਪੇਟ ਭਰਕੇ ਰੋਟੀ ਮਿਲਣੀ ਜ਼ਰੂਰੀ ਹੈ।

ਪੈਸਾ ਉਹਦਾ ਜਿਸਦੇ ਪੱਲੇ———ਇਸ ਅਖਾਣ ਵਿੱਚ ਇਹ ਸਿੱਖਿਆ ਦਿੱਤੀ ਗਈ ਹੈ ਕਿ ਪੈਸੇ ਨੂੰ ਆਪਣੇ ਹੱਥ ਹੇਠ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਲੋੜ ਅਨੁਸਾਰ ਵਰਤਿਆ ਜਾ ਸਕੇ।

ਪੈਸਾ ਖੋਟਾ ਆਪਣਾ ਬਾਣੀਏਂ ਨੂੰ ਕੀ ਦੋਸ਼———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਆਪਣਾ ਸਾਕ ਸਬੰਧੀ ਹੀ ਕੋਈ ਮਾੜਾ ਕੰਮ ਕਰਕੇ ਬਦਨਾਮੀ ਖੱਟੇ।

ਪੈਸਾ ਪੈਸੇ ਨੂੰ ਖੱਟਦਾ ਹੈ———ਭਾਵ ਇਹ ਹੈ ਕਿ ਪੈਸਾ ਖ਼ਰਚ ਕਰਕੇ ਹੀ ਕਮਾਈ ਕੀਤੀ ਜਾ ਸਕਦੀ ਹੈ।

ਪੈਸੇ ਵਾਲੀ ਦਾ ਬਾਲ ਖੇਡਦਾ ਹੈ———ਭਾਵ ਸਪੱਸ਼ਟ ਹੈ ਕਿ ਪੈਸਾ ਖ਼ਰਚ ਕਰਕੇ ਹੀ ਸੁਖ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ।

ਪੈਂਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਹੀ———ਇਹ ਅਖਾਣ ਉਸ ਬੰਦੇ ਪ੍ਰਤੀ ਵਰਤਦੇ ਹਨ ਜਿਹੜਾ ਸਾਰਿਆਂ ਦੀ ਗੱਲ ਮੰਨਕੇ ਵੀ ਆਪਣੀ ਜ਼ਿੰਦ ’ਤੇ ਅੜਿਆ ਰਹੇ, ਪੰਚਾਇਤ ਦੀ ਗੱਲ ਮੰਨਕੇ ਵੀ ਨਾ ਮੰਨੇ।

ਪੈਰ ਵੱਡੇ ਗਵਾਰਾਂ ਦੇ, ਸਿਰ ਵੱਡੇ ਸਰਦਾਰਾਂ ਦੇ———ਭਾਵ ਇਹ ਹੈ ਕਿ ਵੱਡੇ ਪਰ ਗੰਵਾਰ ਹੋਣ ਦੀ ਨਿਸ਼ਾਨੀ ਸਮਝੇ ਜਾਂਦੇ ਹਨ ਤੇ ਵੱਡਾ ਸਿਰ ਸਰਦਾਰ ਹੋਣ ਦਾ ਪ੍ਰਤੀਕਿ ਸਮਝਿਆ ਜਾਂਦਾ ਹੈ।

ਪੋਹ ਪਾਲੇ ਦਾ ਰੋਹ———ਭਾਵ ਇਹ ਹੈ ਕਿ ਪੋਹ ਦੇ ਮਹੀਨੇ ਵਿੱਚ ਪਾਲਾ ਆਪਣੇ ਸਿਖ਼ਰ ਤੇ ਹੁੰਦਾ ਹੈ।

ਪੋਹ ਮਾਹ ਦੀ ਝੜੀ ਕੋਠਾ ਛੱਡੇ ਨਾ ਕੜੀ———ਭਾਵ ਇਹ ਹੈ ਕਿ ਪੋਹ ਮਹੀਨੇ ਵਸਿਆ ਮੀਂਹ ਬਹੁਤ ਨੁਕਸਾਨ ਕਰਦਾ ਹੈ।

ਪੋਹ ਮਾਹ ਦੀ ਦਿਹਾੜੀ ਚੌਂਕਾ ਚੁੱਲ੍ਹਾ ਤੇ ਬੁਹਾਰੀ———ਭਾਵ ਸਪੱਸ਼ਟ ਹੈ ਕਿ ਪੋਹ ਮਹੀਨੇ 'ਚ ਦਿਨ ਛੋਟੇ ਹੋਣ ਕਰਕੇ ਸਾਰਾ ਦਿਨ ਚੁੱਲਾ ਚੌਂਕਾ ਕਰਦਿਆਂ ਅਤੇ ਘਰੇ ਸੁੰਭਰਦਿਆਂ ਬੀਤ ਜਾਂਦਾ ਹੈ।

ਪੋਤੜਿਆਂ ਦੇ ਵਿਗੜੇ ਕਦੇ ਰਾਸ ਨਹੀਂ ਆਉਂਦੇ———ਭਾਵ ਇਹ ਹੈ ਕਿ ਬਚਪਨ ਵਿੱਚ ਪਈਆਂ ਮਾੜੀਆਂ ਆਦਤਾਂ ਕਦੀ ਵੀ ਨਹੀਂ ਸੁਧਰਦੀਆਂ।

ਫਸੀ ਨੂੰ ਫਟਕਣ ਕੀ———ਭਾਵ ਇਹ ਹੈ ਕਿ ਜਦੋਂ ਕੋਈ ਕਿਸੇ ਕੰਮ ਨੂੰ ਸ਼ੁਰੂ ਕਰ ਬੈਠੇ ਤਾਂ ਉਸ ਨੂੰ ਪੂਰਾ ਕਰਕੇ ਹੀ ਦਮ ਲੈਣਾ ਚਾਹੀਦਾ ਹੈ, ਚਾਹੇ ਕਿੰਨੀ ਵੀ ਔਖ ਝੱਲਣੀ ਪਵੇ।

ਫ਼ਕੀਰਾ ਫ਼ਕੀਰੀ ਦੂਰ ਹੈ, ਜਿਉਂ ਉੱਚੀ ਲੰਮੀ ਖਜੂਰ ਹੈ———ਇਸ ਅਖਾਣ ਦਾ ਭਾਵ ਇਹ ਹੈ ਕਿ ਫ਼ਕੀਰੀ ਧਾਰਨ ਕਰਨ ਲਈ ਬੜੀ ਔਖੀ ਘਾਲਣਾ ਘਾਲਣੀ ਪੈਂਦੀ ਹੈ।

ਫਫੇਕੁੱਟਣ ਲੱਗੀ ਲੁੱਟਣ———ਜਦੋਂ ਕੋਈ ਬੰਦਾ ਕਿਸੇ ਨਾਲ ਧੋਖਾ ਕਰੇ ਜਾਂ ਠੱਗੀ ਮਾਰੇ, ਉਦੋਂ ਇੰਜ ਆਖਦੇ ਹਨ।

ਫਾਟਕ ਟੁੱਟਿਆ ਘਰ ਲੁੱਟਿਆ———ਜਦੋਂ ਕੋਈ ਕੰਮ ਨਿਰਵਿਘਨ ਸ਼ੁਰੂ ਹੋ ਜਾਵੇ, ਉਹ ਹਰ ਹਾਲਤ ਵਿੱਚ ਸਫ਼ਲਤਾਪੂਰਵਕ ਸਿਰੇ ਚੜ੍ਹ ਜਾਂਦਾ ਹੈ।

ਫਾਥੀ ਨੂੰ ਫਟਕਣ ਕੀ———ਇਹ ਅਖਾਣ ਉਸ ਸਮੇਂ ਬੋਲਦੇ ਹਨ ਜਦੋਂ ਕੋਈ ਬੰਦਾ ਮਜ਼ਬੂਰ ਹੋ ਕੇ ਕਿਸੇ ਔਖੇ ਕੰਮ ਵਿੱਚ ਫਸ ਜਾਂਦਾ ਹੈ।

ਫਿਟੇ ਮੂੰਹ ਜੇਹੇ ਜੰਮੇ ਦਾ———ਜਦੋਂ ਕੋਈ ਪੁੱਤਰ ਆਪਣੇ ਮਾਂ-ਬਾਪ ਲਈ ਖੁਨਾਮੀ ਖੱਟੇ ਤੇ ਉਹਨਾਂ ਨੂੰ ਬਦਨਾਮ ਕਰੇ ਤਾਂ ਸੜੇ ਹੋਏ ਮਾਪੇ ਇੰਜ ਆਖਦੇ ਹਨ।

ਫੁੱਲਾਂ ਨਾਲ ਕੰਡੇ ਵੀ ਹੁੰਦੇ ਨੇ———ਇਸ ਅਖਾਣ ਦਾ ਭਾਵ ਇਹ ਹੈ ਕਿ ਸੁੱਖਾਂ ਨਾਲ ਦੁੱਖ ਵੀ ਮਿਲਦੇ ਹਨ। ਜੀਵਨ ਦੋਹਾਂ ਦਾ ਸੁਮੇਲ ਹੈ।

ਫੁੱਲਾਂ ਬਾਝ ਨਾ ਸੋਂਹਦੀਆਂ ਵੇਲਾਂ, ਪੁੱਤਰਾਂ ਬਾਝ ਨਾ ਮਾਵਾਂ———ਭਾਵ ਇਹ ਹੈ ਕਿ ਜਿਸ ਤਰ੍ਹਾਂ ਵੇਲਾਂ ਫੁੱਲਾਂ ਨਾਲ ਸੁਹਾਂਦੀਆਂ ਹਨ, ਉਵੇਂ ਹੀ ਮਾਵਾਂ ਪੁੱਤਰਾਂ ਨਾਲ ਸੋਂਹਦੀਆਂ ਹਨ, ਮਾਵਾਂ ਦਾ ਸਤਿਕਾਰ ਪੁੱਤਰਾਂ ਨਾਲ ਹੈ।

ਛੂਹੀਂ ਛੂਹੀਂ ਤਲਾਅ ਭਰਿਆ ਜਾਂਦਾ ਹੈ———ਭਾਵ ਇਹ ਹੈ ਕਿ ਥੋੜ੍ਹੀ-ਥੋੜ੍ਹੀ ਬਚਤ ਕਰਨ ਨਾਲ ਬਹੁਤ ਸਾਰੀ ਰਕਮ ਇਕੱਠੀ ਹੋ ਜਾਂਦੀ ਹੈ।

ਬਹੁਤਾ ਜਾਈਏ ਤਾਂ ਭਰਮ ਗਵਾਈਏ———ਇਸ ਅਖਾਣ ਵਿੱਚ ਇਹ ਉਪਦੇਸ਼ ਦਿੱਤਾ ਗਿਆ ਹੈ ਕਿ ਸੱਜਣਾਂ-ਮਿੱਤਰਾਂ ਦੇ ਘਰੀਂ ਆਮ ਆਉਣ-ਜਾਣ ਨਾਲ ਸਤਿਕਾਰ ਘੱਟ ਜਾਂਦਾ ਹੈ।

ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ, ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ———ਇਸ ਅਖਾਣ ਵਿੱਚ ਜੀਵਨ ਪ੍ਰਤੀ ਵਿਚਕਾਰਲਾ ਰਸਤਾ ਅਪਨਾਉਣ ਦੀ ਸਲਾਹ ਦਿੱਤੀ ਗਈ ਹੈ। ਨਾ ਬਹੁਤਾ ਬੋਲਣਾ ਚੰਗਾ ਹੈ ਤੇ ਨਾ ਹੀ ਬਹੁਤੀ ਚੁੱਪ ਭਲੀ ਹੈ। ਇਸੇ ਪ੍ਰਕਾਰ ਲੋੜ ਨਾਲੋਂ ਵੱਧ ਵਰਿਆ ਮੀਂਹ ਨੁਕਸਾਨ ਪਹੁੰਚਾਉਂਦਾ ਹੈ ਅਤੇ ਬਹੁਤੀ ਧੁੱਪ ਮਾੜੀ ਹੈ।

ਬਹੁਤੀ ਗਈ ਵਿਹਾ ਥੋਹੜੀ ਰਹਿ ਗਈ———ਜਦੋਂ ਬਜ਼ੁਰਗ ਇਕੱਠੇ ਹੋ ਕੇ ਜ਼ਿੰਦਗੀ ਦੀ ਪੱਤਝੜ ਦੀ ਗੱਲ ਕਰਦੇ ਹਨ ਤਾਂ ਅਕਸਰ ਇਹ ਅਖਾਣ ਬੋਲਦੇ ਹਨ।

ਬਹੁਤੇ ਡੂਮੀਂ ਢੱਡ ਨਹੀਂ ਵਜਦੀ———ਜਦੋਂ ਕਿਸੇ ਕੰਮ ਨੂੰ ਕਰਨ ਵਾਲੇ ਬਹੁਤੇ ਹੋਣ ਪ੍ਰੰਤੂ ਕੰਮ ਸਿਰੇ ਨਾ ਚੜੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਬੱਕਰਾ ਜਾਨੋਂ ਗਿਆ, ਖਾਣ ਵਾਲੇ ਨੂੰ ਸੁਆਦ ਨਾ ਆਇਆ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕਿਸੇ ਦੀ ਆਪਣੇ ਵਿੱਤੋਂ ਬਾਹਰ ਹੋ ਕੇ ਸਹਾਇਤਾ ਕਰੇ, ਪ੍ਰੰਤੂ ਸਹਾਇਤਾ ਪ੍ਰਾਪਤ ਕਰਨ ਵਾਲਾ ਬੰਦਾ ਉਸ ਨੂੰ ਕੋਈ ਮਾਨਤਾ ਨਾ ਦੇਵੇ।

ਬੱਕਰਾ ਰੋਵੇ ਜਿੰਦ ਨੂੰ, ਕਸਾਈ ਰੋਵੇ ਮਿੰਝ ਨੂੰ———ਇਸ ਅਖਾਣ ਨੂੰ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਜ਼ਿੰਦਗੀ-ਮੌਤ ਦਾ ਸਵਾਲ ਬਣਿਆ ਹੋਵੇ, ਪ੍ਰੰਤੂ ਕੋਈ ਹੋਰ ਬੰਦਾ ਉਸ ਦੇ ਅਜਿਹੇ ਹਾਲਾਤ ਤੋਂ ਕੋਈ ਲਾਭ ਲੈਣ ਦੀ ਕੋਸ਼ਿਸ਼ ਕਰੇ।

ਬੱਕਰੇ ਦੀ ਮਾਂ ਕਦ ਤਕ ਖ਼ੈਰ ਮਨਾਏਗੀ———ਭਾਵ ਇਹ ਹੈ ਕਿ ਬੰਦਾ ਫੋਕੇ ਆਸਰਿਆਂ ਦੇ ਸਹਾਰੇ ਕਦੋਂ ਤੱਕ ਜਾ ਸਕਦਾ ਹੈ, ਆਖ਼ਰ ਉਹ ਕੁਝ ਹੋਣਾ ਹੈ ਜੋ ਨਿਸ਼ਚਿਤ ਹੈ।

ਬਗਲਾ ਭਗਤ ਮੱਛੀਆਂ ਦਾ ਰਾਖਾ———ਜਦੋਂ ਕਿਸੇ ਪਹਿਲਾਂ ਹੀ ਬਦਨਾਮ ਬੰਦੇ ਨੂੰ ਕੋਈ ਜ਼ਿੰਮੇਵਾਰੀ ਵਾਲਾ ਕੰਮ ਸੌਂਪ ਦਿੱਤਾ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਬੱਤੀ ਦਿਨ ਤੇ ਤੇਤੀ ਮੇਲੇ, ਤੱਤਾ ਜਾਵੇ ਕਿਹੜੇ ਵੇਲੇ———ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਆਪਣੇ ਕਾਰੋਬਾਰ ਦੇ ਰੁਝੇਵਿਆਂ ਕਾਰਨ ਆਪਣੇ ਦੋਸਤਾਂ-ਮਿੱਤਰਾਂ ਨਾਲ ਖੁਸ਼ੀ ਦੇ ਪਲ ਵੀ ਗੁਜ਼ਾਰਨ ਤੋਂ ਅਸਮਰਥ ਹੋਵੇ।

ਬਦ ਨਾਲੋਂ ਬਦਨਾਮ ਬੁਰਾ———ਭਾਵ ਇਹ ਹੈ ਕਿ ਜੇ ਕਿਸੇ ਦੇ ਮਾੜੇ ਧੰਦਿਆਂ ਦਾ ਕਿਸੇ ਨੂੰ ਪਤਾ ਨਾ ਲੱਗੇ, ਪਰਦਾ ਪਿਆ ਰਹੇ ਤਾਂ ਉਹ ਬੰਦਾ ਸਮਾਜ ਵਿੱਚ ਚੰਗਾ ਸਮਝਿਆ ਜਾਂਦਾ ਹੈ, ਪ੍ਰੰਤੂ ਬਦਨਾਮ ਹੋਇਆ ਬੰਦਾ ਭਾਵੇਂ ਉਸ ਨੇ ਕੋਈ ਮਾੜੀ ਗੱਲ ਨਾ ਕੀਤੀ ਹੋਵੇ, ਮਾੜਾ ਸਮਝਿਆ ਜਾਂਦਾ ਹੈ।

ਬੰਦਾ ਏਂ ਕਿ ਨਾਈ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਮਿੱਤਰ-ਬੇਲੀਆਂ ਦੀ ਟੋਲੀ ਵਿੱਚ ਬੈਠਾ ਕੋਈ ਬੰਦਾ ਅਣਢੁਕਵੀਂ ਗੱਲ ਕਰੇ।

ਬੰਦਾ ਬੰਦੇ ਦਾ ਦਾਰੂ ਹੈ———ਭਾਵ ਸਪੱਸ਼ਟ ਹੈ ਕਿ ਕਿਸੇ ਦੀ ਤਕਲੀਫ਼ ਵਿੱਚ ਬੰਦਾ ਹੀ ਸਹਾਈ ਹੁੰਦਾ ਹੈ। ਬੰਦਾ ਬੰਦੇ ਦੇ ਕੰਮ ਆਉਂਦਾ ਹੈ।

ਬਦੋਬਦੀ ਦੇ ਸੌਦੇ ਨਹੀਂ ਹੁੰਦੇ———ਭਾਵ ਇਹ ਹੈ ਕਿ ਕਿਸੇ ਵੀ ਮਾਮਲੇ ਵਿੱਚ ਦੋਹਾਂ ਧਿਰਾਂ ਦੀ ਰਜ਼ਾਮੰਦੀ ਬਿਨਾਂ ਗੱਲ ਸਿਰੇ ਨਹੀਂ ਲੱਗਦੀ। ਬੱਦਲ ਵੀ ਨੀਵਾਂ ਹੋ ਕੇ ਵਸਦਾ ਹੈ———ਇਹ ਅਖਾਣ ਕਿਸੇ ਹੰਕਾਰੀ ਬੰਦੇ ਨੂੰ ਨਿਮਰਤਾ ਤੇ ਹਲੀਮੀ ਦਾ ਉਪਦੇਸ਼ ਦੇਣ ਲਈ ਬੋਲਿਆ ਜਾਂਦਾ ਹੈ।

ਬੱਦਲੀ ਦੀ ਧੁੱਪ ਬੁਰੀ, ਮਤਰੇਈ ਦੀ ਝਿੜਕ ਬੁਰੀ———ਜਦੋਂ ਕੋਈ ਮਤਰੇਈ ਮਾਂ ਆਪਣੇ ਮਤਰੇਏ ਪੁੱਤਰ ਨਾਲ ਦੁਰ-ਵਿਵਹਾਰ ਕਰੇ, ਗੱਲ ਗੱਲ ’ਤੇ ਝਿੜਕੇ, ਉਦੋਂ ਇਹ ਅਖਾਣ ਮਤਰੇਈ ਨੂੰ ਸੁਣਾ ਕੇ ਬੋਲਿਆ ਜਾਂਦਾ ਹੈ।

ਬਣੀ ਤੇ ਕੋਈ ਨਹੀਂ ਬਹੁੜਦਾ———ਜਦੋਂ ਕਿਸੇ ਬੰਦੇ ’ਤੇ ਮੁਸੀਬਤ ਆ ਜਾਂਦੀ ਹੈ ਤਾਂ ਉਸ ਦੇ ਮਿੱਤਰ ਬੇਲੀ ਵੀ ਸਾਥ ਛੱਡ ਜਾਂਦੇ ਹਨ, ਕੋਈ ਦੂਜਾ ਵੀ ਮਦਦ ਨਹੀਂ ਕਰਦਾ।

ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ———ਇਹ ਅਖਾਣ ਉਸ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ ਜਿਹੜਾ ਮਜ਼ਬੂਰ ਹੋ ਕੇ ਨਾ ਚਾਹੁੰਦਾ ਹੋਇਆ ਕਿਸੇ ਦਾ ਕੰਮ ਕਰੇ। ਰਜ਼ਾਮੰਦੀ ਤੇ ਮਰਜ਼ੀ ਬਿਨਾ ਕੀਤੇ ਕੰਮ ਦਾ ਕੋਈ ਗੁਣ ਨਹੀਂ ਹੁੰਦਾ।

ਬੱਧਾ (ਚੋਰ) ਮਾਰ ਖਾਂਦਾ ਹੈ———ਇਸ ਅਖਾਣ ਦਾ ਭਾਵ ਇਹ ਹੈ ਕਿ ਕਾਬੂ ਆਇਆ ਬੰਦਾ ਹੀ ਈਨ ਮੰਨਦਾ ਹੈ, ਉੱਜ ਕੌਣ ਕਿਸੇ ਦੀ ਪ੍ਰਵਾਹ ਕਰਦਾ ਹੈ।

ਬੱਧੀ ਮੁੱਠ ਲਖ ਬਰਾਬਰ———ਇਹ ਅਖਾਣ ਇਹ ਦਰਸਾਉਂਦਾ ਹੈ ਕਿ ਜਿਸ ਆਦਮੀ ਦੀ ਆਪਣੇ ਭਾਈਚਾਰੇ ਵਿੱਚ ਇੱਜ਼ਤ ਤੇ ਸਾਖ ਬਣੀ ਹੋਈ ਹੋਵੇ, ਉਹ ਹੀ ਅਸਲ ਵਿੱਚ ਲੱਖਪਤੀ ਹੈ।

ਬਲ ਬਿਨਾਂ ਆਦਰ ਨਹੀਂ———ਭਾਵ ਇਹ ਹੈ ਕਿ ਕਮਜ਼ੋਰ ਬੰਦੇ ਦਾ ਕਿਧਰੇ ਆਦਰਮਾਣ ਨਹੀਂ ਹੁੰਦਾ।

ਬਲਦ ਦੇ ਹੱਡ ਵਗਣ, ਸੰਢੇ ਦਾ ਮਾਸ———ਇਸ ਅਖਾਣ ਰਾਹੀਂ ਬਲਦ ਅਤੇ ਸੰਢੇ ਦੀ ਤਾਕਤ ਦਾ ਮੁਕਾਬਲਾ ਕਰਦਿਆਂ ਦੱਸਿਆ ਗਿਆ ਹੈ ਕਿ ਸੰਢਾ ਜ਼ੋਰ ਵਿੱਚ ਬਲਦ ਨਾਲੋਂ ਤਕੜਾ ਹੁੰਦਾ ਹੈ।

ਬਾਹਾਂ ਉੱਤੇ ਹੀ ਬੜਕਾਂ ਹੁੰਦੀਆਂ ਨੇ———ਭਾਵ ਇਹ ਹੈ ਕਿ ਜਿਹੜੇ ਬੰਦੇ ਦਾ ਪਿੱਛਾ ਤਕੜਾ ਹੋਵੇ, ਤੇ ਮਗਰ ਖਾਂਦੇ-ਪੀਂਦੇ ਰਿਸ਼ਤੇਦਾਰ ਹੋਣ ਉਹ ਉਹਨਾਂ ਦੇ ਮਾਣ ਤੇ ਤਾਂਗੜਦਾ ਹੈ।

ਬਾਹਮਣ ਦੇ ਹੱਥ ਛੁਰਾ, ਉਹ ਵੀ ਬੁਰਾ———ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਕਿ ਜੇਕਰ ਚੰਗੇ ਬੰਦੇ ਵੀ ਮਾੜੇ ਕੰਮ ਕਰਨ ਲੱਗ ਜਾਣ ਤਾਂ ਇਹ ਸਾਡੇ ਸਮਾਜ ਲਈ ਬੜੀ ਮਾੜੀ ਗੱਲ ਹੋਵੇਗੀ।

ਬਾਹਰ ਮੀਆਂ ਪੰਜ ਹਜ਼ਾਰੀ, ਘਰ ਬੀਬੀ ਝੋਲੇ ਦੀ ਮਾਰੀ———ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦ ਕੋਈ ਬੰਦਾ ਬਾਹਰ ਤਾਂ ਪੂਰੀ ਟੌਹਰ ਤੇ ਠਾਠ-ਬਾਠ ਨਾਲ਼ ਰਹੇ ਪੰਤੂ ਘਰ ਦੀ ਹਾਲਤ ਬਹੁਤ ਮੰਦੀ ਹੋਵੇ।

ਬਾਹਰ ਮੀਆਂ ਫੱਤੂ, ਘਰ ਨਾ ਸਾਗ ਨਾ ਸੱਤੂ———ਇਸ ਅਖਾਣ ਦਾ ਭਾਵ ਉਪਰੋਕਤ ਅਖਾਣ ਵਾਲਾ ਹੀ ਹੈ। ਬਾਹਰੀਂ ਵੜੀਂ ਸੰਢ ਵਿਆਈ, ਉਸ ਵੀ ਕਾਣੀ ਕੁੜੀ ਜਾਈ———ਜਦੋਂ ਕਿਸੇ ਲੰਬੀ ਉਡੀਕ ਮਗਰੋਂ ਕੋਈ ਮੁਰਾਦ ਪੂਰੀ ਹੁੰਦੀ ਦਿਸਦੀ ਹੋਵੇ ਪ੍ਰੰਤੂ ਮੁਰਾਦ ਪੂਰੀ ਨਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਬਾਹਰੀਂ ਵਰੀਂ ਮੁਕਾਣ ਆਈ, ਹੱਸਦਿਆਂ ਨੂੰ ਰੁਆਣ ਆਈ———ਜਦੋਂ ਕੋਈ ਬੰਦਾ ਕਾਫ਼ੀ ਲੰਮੇ ਸਮੇਂ ਮਗਰੋਂ ਕਿਸੇ ਮਰਗ ਵਾਲੇ ਘਰ ਮਾਤਮਪੁਸ਼ੀ ਕਰਨ ਆਵੇ, ਤੇ ਘਰ ਵਾਲੇ ਮਰਨ ਵਾਲੇ ਨੂੰ ਭੁੱਲ ਭੁਲਾ ਚੁੱਕੇ ਹੋਣ ਤੇ ਆਉਣ ਵਾਲਾ ਮਰੇ ਹੋਏ ਬੰਦੇ ਦੀ ਯਾਦ ਤਾਜ਼ਾ ਕਰਵਾ ਕੇ ਘਰਦਿਆਂ ਨੂੰ ਰੋਣ ਪਿੱਟਣ ਲਾ ਦੇਵੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਬਾਹਰੀਂ ਵਰੀਂ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ———ਜਦੋਂ ਲੰਬੀ ਉਡੀਕ ਮਗਰੋਂ ਕਿਸੇ ਦਾ ਰੁਕਿਆ ਹੋਇਆ ਕੰਮ ਬਣ ਜਾਵੇ ਜਾਂ ਮਨ ਦੀ ਤਮੰਨਾ ਪੂਰੀ ਹੋ ਜਾਵੇ, ਉਦੋਂ ਇੰਜ ਆਖਦੇ ਹਨ।

ਬਾਹਰੋਂ ਆਇਆ ਕੱਤਣਾ ਤੇ ਘਰੋਂ ਪਿਆ ਘੱਤਣਾ———ਜਦੋਂ ਕੋਈ ਬੰਦਾ ਨਫ਼ੇ ਦੀ ਆਸ ’ਤੇ ਕੰਮ ਕਰਦਾ ਹੋਇਆ ਪੱਲਿਓਂ ਨੁਕਸਾਨ ਕਰਵਾ ਬੈਠੇ, ਉਦੋਂ ਆਖਦੇ ਹਨ।

ਬਾਜਰਾ ਜੇਠੀ ਦਾ ਪੁੱਤਰ ਪਲੇਠੀ ਦਾ———ਸਿਆਣੇ ਬੰਦੇ ਪਹਿਲ ਪਲੇਠੀ ਦੇ ਪੁੱਤ ਨੂੰ ਇਸ ਲਈ ਚੰਗਾ ਮੰਨਦੇ ਹਨ ਕਿਉਂਕਿ ਉਹ ਛੇਤੀ ਜਵਾਨ ਹੋ ਕੇ ਆਪਣੇ ਪਿਉ ਦੀ ਮਦਦ ਕਰਨ ਲੱਗ ਜਾਂਦਾ ਹੈ।

ਬਾਂਝ ਕੀ ਜਾਣੇ ਪਰਸੂਤਾਂ ਦੀਆਂ ਪੀੜਾਂ———ਭਾਵ ਇਹ ਹੈ ਕਿ ਜਿਸ ਨੇ ਦੁਖ ਆਪ ਨਹੀਂ ਝਲਿਆ ਉਹ ਦੂਜੇ ਦੇ ਦੁੱਖ ਦੀ ਪੀੜ ਕੀ ਸਮਝ ਸਕਦਾ ਹੈ।

ਬਾਣ ਨਾ ਗਈ ਤੇਰੀ, ਬੁਢ ਬਰੇਂਦੀ ਵੇਰੀ———ਜੇ ਕੋਈ ਬੰਦਾ ਬੁੱਢੇ ਬਾਰੇ ਵੀ ਆਪਣੀ ਪਹਿਲੀ ਆਦਤ ਅਨੁਸਾਰ ਕੋਈ ਮਾੜਾ ਕੰਮ ਕਰੇ, ਉਦੋਂ ਉਸ ਨੂੰ ਵਿਅੰਗ ਵਜੋਂ ਇੰਜ ਆਖਦੇ ਹਨ।

ਬਾਣੀਏ ਦਾ ਪੁੱਤ ਕੁਝ ਦੇਖ ਕੇ ਡਿੱਗਦਾ ਹੈ———ਭਾਵ ਇਹ ਹੈ ਕਿ ਬਾਣੀਆਂ ਹਰ ਹਾਲਤ ਵਿੱਚ ਆਪਣਾ ਲਾਭ ਕੱਢ ਲੈਂਦਾ ਹੈ।

ਬਾਣੀਆਂ ਹੇਠ ਪਿਆ ਵੀ ਰੋਵੇ, ਉੱਤੇ ਪਿਆ ਵੀ———ਇਸ ਅਖਾਣ ਦਾ ਪਿਛੋਕੜ ਇਹ ਹੈ ਕਿ ਕਿਸੇ ਕਾਰਨ ਜੱਟ ਤੇ ਬਾਣੀਆ ਹੱਥੋਂ ਪਾਈ ਹੋ ਗਏ ਤੇ ਜੱਟ ਅੜ੍ਹਕ ਤੇ ਥੱਲ੍ਹੇ ਡਿੱਗ ਪਿਆ। ਬਾਣੀਆਂ ਉਹ ਨੂੰ ਦਬ ਕੇ ਉੱਪਰ ਬੈਠ ਗਿਆ ਪ੍ਰੰਤੂ ਜੱਟ ਤੇ ਬੈਠਾ ਹੋਇਆ ਵੀ ਹਾਲ ਦੁਹਾਈ ਪਾਈ ਜਾਵੇ, ਅਖੇ ਜੱਟ ਨੇ ਉਠ ਕੇ ਢਾ ਲੈਣੇ, ਸੋ ਬਾਣੀਆਂ ਹਰ ਹਾਲਤ ਵਿੱਚ ਰੋਂਦਾ ਹੈ।

ਬਾਂਦਰ ਕੀ ਜਾਣੇ ਲੌਂਗਾਂ ਦਾ ਭਾਅ———ਜਦੋਂ ਕਿਸੇ ਬੰਦੇ ਨੂੰ ਕਿਸੇ ਵਸਤੂ ਬਾਰੇ ਜਾਣਕਾਰੀ ਨਾ ਹੋਵੇ, ਉਦੋਂ ਇੰਜ ਆਖਦੇ ਹਨ।

ਬਾਂਦਰ ਦੇ ਗਲ਼ ਮੋਤੀਆਂ ਦਾ ਹਾਰ ਜਾਂ ਬਾਂਦਰ ਨੂੰ ਬਨਾਤ ਦੀਆਂ ਟੋਪੀਆਂ———ਜਦੋਂ ਕਿਸੇ ਬੇਕਦਰੇ ਪੁਰਸ਼ ਨੂੰ ਕੋਈ ਕੀਮਤੀ ਤੇ ਚੰਗੀ ਚੀਜ਼ ਮਿਲ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਬਾਂਦਰੀ ਦੇ ਪੈਰ ਸੜੇ, ਉਸ ਨੇ ਬੱਚੇ ਪੈਰਾਂ ਹੇਠ ਲੈ ਲਏ———ਜਦੋਂ ਕੋਈ ਖੁਦਗਰਜ਼ ਬੰਦਾ ਆਪਣੇ ਲਾਭ ਲਈ ਜਾਂ ਆਪਣੇ ਵਿੱਤ ਲਈ ਆਪਣੇ ਹੀ ਸਕੇ ਸਬੰਧੀਆਂ ਦਾ ਬਲੀਦਾਨ ਦੇ ਦੇਵੇ, ਉਦੋਂ ਕਹਿੰਦੇ ਹਨ।

ਬਾਂਦੀ ਦੇ ਹੱਥ ਕਾਮੇ, ਬੀਬੀ ਦਾ ਮੂੰਹ ਕਾਮਾ———ਭਾਵ ਇਹ ਹੈ ਕਿ ਮਾਲਕਣ ਆਪਣੇ ਮੂੰਹ ਨਾਲ ਨੌਕਰਾਣੀ ਨੂੰ ਹੁਕਮ ਦੇ ਕੇ ਕੰਮ ਕਰਵਾਉਂਦੀ ਹੈ ਤੇ ਅੱਗੋਂ ਨੌਕਰਾਣੀ ਆਪਣੇ ਹੱਥਾਂ ਨਾਲ ਕੰਮ ਕਰਦੀ ਹੈ।

ਬਾਪ ਜਿਨ੍ਹਾਂ ਦੇ ਸੂਰਮੇਂ ਪੁੱਤਰਾਂ ਦੀ ਉਹ ਖੋ———ਭਾਵ ਇਹ ਹੈ ਕਿ ਜਿਹੋ ਜਿਹਾ ਬਾਪ ਹੋਵੇਗਾ ਉਹੋ ਜਿਹਾ ਪੁੱਤਰ ਹੋਵੇਗਾ। ਬਹਾਦਰਾਂ ਦੇ ਪੁੱਤ ਬਹਾਦਰ ਹੁੰਦੇ ਹਨ।

ਬਾਪੂ ਬਾਪੂ ਕਹਿੰਦੇ ਸਾਂ, ਸਦਾ ਸੁਖੀ ਰਹਿੰਦੇ ਸਾਂ, ਬਾਪੂ ਬਾਪੂ ਕਹਾਇਆ ਡਾਢਾ ਦੁੱਖ ਪਾਇਆ———ਜਦੋਂ ਕੋਈ ਬੰਦਾ ਆਪਣੇ ਗ੍ਰਹਿਸਤੀ ਜੀਵਨ ਦੇ ਦੁੱਖਾਂ ਤੋਂ ਤੰਗ ਆ ਕੇ ਆਪਣੇ ਬਾਲਪਣ ਦੇ ਦਿਨਾਂ ਨੂੰ ਯਾਦ ਕਰਦਾ ਹੈ ਤਾਂ ਇਹ ਅਖਾਣ ਅਕਸਰ ਬੋਲਿਆ ਜਾਂਦਾ ਹੈ।

ਬਾਬਲ ਦਿੱਤੀ ਢੀਂਗਰੀ ਉਹ ਵੀ ਪ੍ਰਵਾਨ———ਇਸ ਅਖਾਣ ਵਿੱਚ ਇਕ ਸਾਉ ਧੀ ਦੇ ਸਬਰ ਸੰਤੋਖ ਦੀ ਭਾਵਨਾ ਦਰਸਾਈ ਗਈ ਹੈ, ਜਿਸ ਨੂੰ ਆਪਣੇ ਬਾਪ ਵੱਲੋਂ ਚੰਗਾ ਜਾਂ ਮਾੜਾ ਸਹੇੜਿਆ ਵਰ ਪ੍ਰਵਾਨ ਹੈ।

ਬਾਬਲ ਨੂੰਹਾਂ ਸਹੇੜੀਆਂ, ਕੁਝ ਟਿੰਡਾਂ ਤੇ ਕੁਝ ਰੇੜ੍ਹੀਆਂ———ਜਦੋਂ ਨਨਾਣਾਂ ਨੂੰ ਆਪਣੀਆਂ ਭਰਜਾਈਆਂ ਪਸੰਦ ਨਾ ਆਉਣ, ਉਦੋਂ ਆਖਦੇ ਹਨ।

ਬਾਬਲ ਮੇਰੇ ਚੀਰਾ ਦਿੱਤਾ, ਸਾਹ ਲਵਾਂ ਤੇ ਪਾਟੇ———ਜਦੋਂ ਕਿਸੇ ਬੰਦੇ ਵੱਲੋਂ ਦਿੱਤੀ ਗਈ ਮਾੜੀ ਵਸਤੂ ਨੂੰ ਨਿੰਦਣਾ ਹੋਵੇ ਤਾਂ ਇੰਜ ਆਖਦੇ ਹਨ।

ਬਾਬਾ ਆਊ ਤੇ ਬੱਕਰੀਆਂ ਚਰਾਊ———ਜਦੋਂ ਕੋਈ ਜਣਾ ਕਿਸੇ ਹੋਰ ਦੇ ਆਸਰੇ 'ਤੇ ਜੀਵੇ, ਉਦੋਂ ਇਹ ਅਖਾਣ ਵਰਤਦੇ ਹਨ, ਕਿਸੇ ਤੇ ਨਿਰਭਰ ਹੋਣਾ ਚੰਗਾ ਨਹੀਂ ਹੁੰਦਾ।

ਬਾਬਾ ਆਵੇ ਨਾ ਤੇ ਘੰਟਾ ਵੱਜੇ ਨਾ———ਜਦੋਂ ਕੋਈ ਕੰਮ ਕਿਸੇ ਵਿਸ਼ੇਸ਼ ਬੰਦੇ ਦੇ ਨਾ ਹੋਣ ਕਰਕੇ ਰੁਕਿਆ ਪਿਆ ਹੋਵੇ, ਉਦੋਂ ਕਹਿੰਦੇ ਹਨ।

ਬਾਬਾ ਵੀ ਗਰਮ ਤੇ ਗੋਲ਼ੀਆਂ ਵੀ ਗਰਮ———ਜਦੋਂ ਇਕੋ ਜਿਹੇ ਗਰਮ ਸੁਭਾਅ ਵਾਲੀਆਂ ਦੋ ਧਿਰਾਂ ਆਪਸ ਵਿੱਚ ਟਕਰਾਅ ਜਾਣ, ਉਦੋਂ ਇੰਜ ਆਖਦੇ ਹਾਂ।

ਬਾਰਾਂ ਸਾਲ ਦਿੱਲੀ ਰਹੇ, ਭੱਠ ਹੀ ਝੁਕਦੇ ਰਹੇ———ਜਦੋਂ ਕੋਈ ਬੰਦਾ ਕਿਸੇ ਚੰਗੀ ਚੋਖੀ ਕਮਾਈ ਕਰਨ ਵਾਲੇ ਸ਼ਹਿਰ ਵਿੱਚ ਰਹਿ ਕੇ ਖ਼ਾਲੀ ਹੱਥ ਵਾਪਸ ਪਰਤ ਆਵੇ, ਉਦੋਂ ਆਖਦੇ ਹਨ। ਬਾਰਾਂ ਕੋਹ ਦਰਿਆ ਘਗਰਾ ਮੋਢਿਆਂ 'ਤੇ———ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਕਿਸੇ ਦੇਰ ਨਾਲ ਕਰਨ ਵਾਲੇ ਕੰਮ ਬਾਰੇ ਪਹਿਲਾਂ ਹੀ ਚਿੰਤਿਤ ਹੋ ਜਾਵੇ।

ਬਾਰਾਂ ਪੂਰਬੀਏ ਤੇਰਾਂ ਚੁੱਲ੍ਹੇ———ਇਹ ਅਖਾਣ ਆਮ ਕਰਕੇ ਟੱਬਰ ਵਿੱਚ ਪਈ ਫੁੱਟ ਅਤੇ ਹੱਦੋਂ ਵਧੀ ਛੂਤ-ਛਾਤ ਨੂੰ ਦਰਸਾਉਣ ਲਈ ਬੋਲਦੇ ਹਨ।

ਬਾਲ ਦਾ ਪੱਜ ਮਾਂ ਦਾ ਰੱਜ———ਜਦੋਂ ਕਿਸੇ ਬੰਦੇ ਨੂੰ ਕਿਸੇ ਹੋਰ ਦੇ ਬਹਾਨੇ ਲਾਭ ਪ੍ਰਾਪਤ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਬਾਲ ਦੀ ਮਾਂ ਨਾ ਮਰੇ, ਬੁੱਢੇ ਦੀ ਰੰਨ ਨਾ ਮਰੇ———ਭਾਵ ਇਹ ਹੈ ਕਿ ਤੀਵੀਂ ਦੇ ਮਰਨ ਨਾਲ ਬੁੱਢੇ ਪੁਰਸ਼ ਦੀ ਅਤੇ ਮਾਂ ਦੇ ਮਰਨ ਨਾਲ ਬੱਚੇ ਦੀ ਮਾੜੀ ਹਾਲਤ ਹੋ ਜਾਂਦੀ ਹੈ।

ਬਿਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਈਦੀ———ਜਦੋਂ ਕੋਈ ਬੰਦਾ ਅਮੀਰਾਂ ਦੀਆਂ ਚੰਗੀਆਂ ਚੀਜ਼ਾਂ ਵੇਖ ਕੇ ਆਪਣੀਆਂ ਮੰਦੀਆਂ ਚੀਜ਼ਾਂ ਨੂੰ ਫਿਟਕਾਰਨ ਲੱਗ ਜਾਵੇ, ਉਦੋਂ ਇੰਜ ਸਮਝਾਉਂਦੇ ਹਨ।

ਬਿਗਾਨੀ ਛਾਹ ਤੇ ਮੁੱਛਾਂ ਨਹੀਂ ਮਨਾਈਦੀਆਂ———ਜਦੋਂ ਕੋਈ ਬੰਦਾ ਕਿਸੇ ਦੂਜੇ ਬੰਦੇ ਦੇ ਆਸਰੇ ਤੇ ਲਾਭ ਹਾਸਲ ਕਰਨ ਦੀ ਥਾਂ ਉਲਟਾ ਨੁਕਸਾਨ ਕਰਵਾ ਬੈਠੇ, ਉਦੋਂ ਕਹਿੰਦੇ ਹਨ।

ਬਿਗਾਨੇ ਦੰਘਾਂ ਸ਼ਾਹ ਨਹੀਂ ਬਣੀਦਾ———ਜਦੋਂ ਕੋਈ ਬੰਦਾ ਕਿਸੇ ਹੋਰ ਤੋਂ ਵਸਤਾਂ ਉਧਾਰ ਲੈ ਕੇ ਆਪਣੀ ਟੋਹਰ ਕੱਢੇ, ਉਦੋਂ ਉਸ ਨੂੰ ਸਮਝਾਉਣ ਲਈ ਸਿਆਣੇ ਇਹ ਅਖਾਣ ਬੋਲਦੇ ਹਨ।

ਬਿਜਲੀ ਸਹੇ ਤੇ ਹੀ ਪੈਂਦੀ ਹੈ———ਇਸ ਅਖਾਣ ਦਾ ਭਾਵ ਇਹ ਹੈ ਕਿ ਮਾੜੇ ਬੰਦਿਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਿਨ ਮਾਂਗੇ ਮੋਕੇ ਮਿਲੇ ਮਾਂਗੇ ਮਿਲੇ ਨਾ ਭੀਖ———ਭਾਵ ਹਿ ਹੈ ਕਿ ਮੰਗਣ ਨਾਲ ਮਨੁੱਖ ਦੀ ਕਦਰ ਘੱਟ ਜਾਂਦੀ ਹੈ, ਤਦੇ ਆਖਦੇ ਹਨ, ਮੰਗਣ ਗਿਆ ਸੋ ਮਰ ਗਿਆ।

ਬਿਨਾਂ ਬੁਲਾਏ ਬੋਲਣਾ ਅਹਿਮਕਾਂ ਦਾ ਕੰਮ———ਇਸ ਅਖਾਣ ਰਾਹੀਂ ਇਹ ਸਮਝਾਇਆ ਗਿਆ ਹੈ ਕਿ ਬਿਨਾ ਸਲਾਹ ਮੰਗੇ ਤੇ ਦੂਜੇ ਨੂੰ ਸਲਾਹ ਦੇਣੀ ਉਚਿਤ ਨਹੀਂ, ਨਾ ਹੀ ਕਿਸੇ ਦੇ ਮਾਮਲੇ ਵਿੱਚ ਦਖ਼ਲ ਦੇਣਾ ਚੰਗਾ ਹੈ।

ਬਿੱਲੀ ਖਾਏਗੀ ਨਾ ਤਾਂ ਰੋੜ ਤਾਂ ਦੇਵੇਗੀ———ਜਦੋਂ ਕੋਈ ਭੈੜੀ ਜ਼ਮੀਰ ਵਾਲਾ ਬੰਦਾ ਆਪਣਾ ਲਾਭ ਨਾ ਹੁੰਦਾ ਦੇਖ ਕੇ ਦੂਜਿਆਂ ਦਾ ਐਵੇਂ ਨੁਕਸਾਨ ਕਰ ਦੇਵੇ, ਉਦੋਂ ਇੰਜ ਆਖਦੇ ਹਨ।

ਬਿੱਲੀ ਜਦੋਂ ਡਿਗਦੀ ਹੈ ਪੰਜਿਆਂ ਪਰਨੇ———ਭਾਵ ਇਹ ਹੈ ਕਿ ਹੁਸ਼ਿਆਰ ਤੇ ਚਾਲਾਕ ਬੰਦਾ ਜਦੋਂ ਕੋਈ ਖ਼ਤਰਨਾਕ ਕਿਸਮ ਦਾ ਕੰਮ ਕਰਦਾ ਹੈ ਤਾਂ ਉਹ ਬੜੀ ਸਾਵਧਾਨੀ ਵਰਤਦਾ ਹੈ।

ਬਿੱਲੀ ਦੁੱਧ ਪੀ ਜਾਊ ਤਾਂ ਜਿੰਦਰੇ ਬਜਣਗੇ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਜਿਹੜਾ ਬੰਦਾ ਖ਼ਤਰੇ ਨੂੰ ਭਾਂਪ ਕੇ ਅਗਾਊਂ ਪ੍ਰਬੰਧ ਨਹੀਂ ਕਰਦਾ, ਖ਼ਤਰਾ ਆਉਣ ’ਤੇ ਪ੍ਰਬੰਧ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ।

ਬਿੱਲੀ ਦੇ ਨਹੁੰ ਲੁਕੇ ਹੁੰਦੇ ਨੇ———ਇਹ ਅਖਾਣ ਆਮ ਕਰਕੇ ਭੋਲ਼ੇ ਭਾਲ਼ੇ ਬੰਦਿਆਂ ਨੂੰ ਚਲਾਕ ਬੰਦਿਆਂ ਪਾਸੋਂ ਚੁਕੰਨਾ ਤੇ ਸੁਚੇਤ ਕਰਨ ਲਈ ਬੋਲਦੇ ਹਨ।

ਬਿੱਲੀ ਨੂੰ ਚੂਹਿਆਂ ਦੇ ਸੁਪਨੇ———ਜਦੋਂ ਕੋਈ ਬੰਦਾ ਆਪਣੇ ਹੀ ਮਤਲਬ ਦੀ ਗੱਲ ਨੂੰ ਚੇਤੇ ਰੱਖੇ, ਉਦੋਂ ਆਖਦੇ ਹਨ!

ਬਿੱਲੀ ਦੇ ਭਾਗੀਂ ਛੱਕਾ ਟੁੱਟਾ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਨੁਕਸਾਨ ਹੋਣ ਮਗਰੋਂ ਥੋੜ੍ਹਾ ਬਹੁਤ ਸੁੱਖ ਦਾ ਸਾਹ ਮਹਿਸੂਸ ਕਰੇ।

ਬਿੱਲੀ ਨੇ ਮੀਂਹ ਪੜਾਇਆ ਉਸ ਨੂੰ ਖਾਣ ਆਇਆ———ਜਦੋਂ ਕੋਈ ਚਲਾਕ ਬੰਦਾ ਆਪਣੇ ਉਸਤਾਦ ਪਾਸੋਂ ਉਸਤਾਦੀ ਸਿਖ ਕੇ ਉਸ ਨਾਲ ਉਸਦੀ ਵਰਤੇ, ਉਦੋਂ ਇੰਜ ਆਖਦੇ ਹਨ।

ਬਿੱਲੇ ਦਾ ਵਿਸਾਹ ਨਾ ਕਰੀਏ ਭਾਵੇਂ ਸਕਾ ਭਾਈ———ਇਹ ਗੱਲ ਆਮ ਪ੍ਰਚੱਲਿਤ ਹੈ। ਕਿ ਬਿੱਲੀਆਂ ਅੱਖੀਆਂ ਵਾਲੇ ਬੰਦੇ ਚੁਸਤ ਅਤੇ ਚਲਾਕ ਹੁੰਦੇ ਹਨ, ਉਹਨਾਂ ਪਾਸੋਂ ਹੁਸ਼ਿਆਰ ਰਹਿਣਾ ਚਾਹੀਦਾ ਹੈ।

ਬੀਜਿਆ ਨਾ ਬਾਹਿਆ ਘੜੱਪ ਪੱਲਾ ਡਾਹਿਆ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕੰਮ ਅਤੇ ਮਿਹਨਤ ਵਿੱਚ ਤਾਂ ਆਪਣਾ ਯੋਗਦਾਨ ਨਾ ਪਾਵੇ ਪ੍ਰੰਤੂ ਹਿੱਸਾ ਪੱਤੀ ਲੈਣ ਲਈ ਤੱਤਪਰ ਰਹੇ।

ਬੀਜੇ ਅੰਬ ਤੇ ਲੱਗੇ ਅੱਕ———ਜਦੋਂ ਕਿਸੇ ਦੀ ਮਿਹਨਤ ਅਤੇ ਕੋਸ਼ਿਸ਼ ਦਾ ਸਿੱਟਾ ਆਸ ਤੋਂ ਉਲਟ ਨਿਕਲੇ, ਉਦੋਂ ਇੰਜ ਆਖਦੇ ਹਨ।

ਬੀਤ ਗਈ ਬਾਤ ਦੀ ਘਸੀਟ ਕਾਹਦੀ———ਜਦੋਂ ਕੋਈ ਬੰਦਾ ਸਮਾਂ ਵਿਹਾ ਚੁੱਕੀ ਗੱਲ ਨੂੰ ਵਾਰ-ਵਾਰ ਦੁਹਰਾਏ, ਉਦੋਂ ਇੰਜ ਆਖਦੇ ਹਨ।

ਬੀਬੀ ਹੋਰੀਂ ਹੱਲੇ ਤਾਂ ਸਾਰਾ ਜੱਗ ਹੱਲੇ———ਜਦੋਂ ਕਿਸੇ ਬੰਦੇ ਦੇ ਮਾੜੀ ਮੋਟੀ ਹਿਲਜੁਲ ਕਰਨ ਨਾਲ ਕੋਈ ਚੀਜ਼ ਡਿੱਗ ਕੇ ਟੁੱਟ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਬੀਬੀ ਦੇ ਤ੍ਰੈ ਕਪੜੇ, ਸੁੱਥਣ, ਨਾਲਾ ਹੱਥ———ਜਦੋਂ ਕਿਸੇ ਨੂੰ ਕਮਜ਼ੋਰ ਤੇ ਹੀਣਾ ਦਰਸਾਉਣਾ ਹੋਵੇ, ਉਦੋਂ ਆਖਦੇ ਹਨ।

ਬੀਬੋ ਦੇ ਸਿਰ ਮੱਕੀਆਂ, ਬੰਦੀ ਦਿਲ ਦਰਿਆ———ਜਦੋਂ ਕਿਸੇ ਘਰਦੇ ਗੈਰ ਜ਼ਿੰਮੇਵਾਰ ਬੰਦੇ ਨੂੰ ਖ਼ਰਚ ਕਰਨ ਵਿੱਚ ਤਾਂ ਕੋਈ ਸੰਕੋਚ ਨਾ ਹੋਵੇ, ਪ੍ਰੰਤੂ ਘਰ ਦਾ ਮਾਲਕ ਖ਼ਰਚ ਕਰਨ ਵਿੱਚ ਮੁੱਠੀ ਘੁੱਟ ਕੇ ਰੱਖੇ, ਉਦੋਂ ਇੰਜ ਆਖਦੇ ਹਨ।

ਬੀਵੀ ਮੋਈ ਤਾਂ ਸਭ ਜਗ ਆਇਆ, ਮੀਆਂ ਮੋਇਆ ਤਾਂ ਕੋਈ ਵੀ ਨਾ ਆਇਆ———ਜਦੋਂ ਇਹ ਦੱਸਣਾ ਹੋਵੇ ਕਿ ਮੂੰਹਾਂ ਨੂੰ ਮੁਲਾਹਜ਼ੇ ਹੁੰਦੇ ਹਨ ਤੇ ਜਾਂਦਿਆਂ ਨੂੰ ਸਲਾਮਾਂ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਬੁਹਾਰੀ ਦਾ ਬੰਨ੍ਹ ਨਹੀਂ ਤਾਂ ਤੀਲਾ ਤੀਲਾ———ਇਹ ਅਖਾਣ ਇਹ ਦਰਸਾਉਂਦਾ ਹੈ ਕਿ ਇਕੱਠ ਵਿੱਚ ਬਰਕਤ ਹੁੰਦੀ ਹੈ, ਖਿੰਡਿਆਂ-ਪੁੰਡਿਆਂ ਨੂੰ ਕੋਈ ਨਹੀਂ ਪੁੱਛਦਾ।

ਬੁੱਢਾ ਚੋਰ ਮਸੀਤੀਂ ਡੇਰੇ———ਭਾਵ ਇਹ ਹੈ ਕਿ ਜਦੋਂ ਕੋਈ ਬੰਦਾ ਕੰਮ ਕਰਨ ਤੋਂ ਅਸਮਰਥ ਹੋ ਜਾਵੇ ਤਾਂ ਉਹ ਰੱਬ ਦੀ ਭਗਤੀ ਕਰਨ ਲੱਗ ਜਾਂਦਾ ਹੈ।

ਬੁੱਢਾ ਢੱਗਾ ਸੱਭੇ ਔਗੁਣ———ਭਾਵ ਇਹ ਹੈ ਕਿ ਬੁੱਢੇ ਬੰਦੇ ਨੂੰ ਬਹੁਤ ਸਾਰੀਆਂ ਬੀਮਾਰੀਆਂ ਚਿੰਬੜ ਜਾਂਦੀਆਂ ਹਨ।

ਬੁੱਢਾ ਵਰਿਆਮ ਨਹੀਂ, ਭੁੱਖਾ ਸਖੀ ਨਹੀਂ———ਭਾਵ ਸਪੱਸ਼ਟ ਹੈ ਕਿ ਬੁੱਢਾ ਬੰਦਾ ਬਹਾਦਰੀ ਨਹੀਂ ਦਿਖਾ ਸਕਦਾ ਅਤੇ ਭੁੱਖੇ ਬੰਦੇ ਨੇ ਕੀ ਦਾਨ ਕਰਨਾ ਹੈ।

ਬੁੱਢਿਆਂ ਢੱਗਿਆਂ ਦੀ ਵਾਹੀ, ਉੱਗੇ ਦੱਭ ਤੇ ਕਾਹੀ———ਜਦੋਂ ਢੱਗੇ ਤੇ ਕਾਮੇ ਕਮਜ਼ੋਰ ਹੋਣ ਤਾਂ ਜ਼ਿਮੀਂਦਾਰ ਨੂੰ ਵਾਹੀ ਵਿੱਚ ਕੋਈ ਲਾਭ ਨਹੀਂ ਹੁੰਦਾ।

ਬੁੱਢੀ ਕੰਜਰੀ, ਤੇਲ ਦਾ ਉਜਾੜਾ———ਇਹ ਅਖਾਣ ਉਸ ਬੰਦੇ ਪ੍ਰਤੀ ਵਰਤਦੇ ਹਨ ਜਿਸ ਦੀ ਹਾਰ-ਸ਼ਿੰਗਾਰ ਲਗਾਉਣ ਦੀ ਉਮਰ ਲੰਘ ਜਾਵੇ, ਪ੍ਰੰਤੂ ਬੁੱਢੀ ਉਮਰੇ ਵੀ ਹਾਰ ਸ਼ਿੰਗਾਰ ਲਾਉਣੋਂ ਨਾ ਹਟੇ।

ਬੁੱਢੀ ਨੂੰ ਰਾਹ, ਸੰਢੇ ਨੂੰ ਗਾਹ, ਮਰਦ ਨੂੰ ਚੱਕੀ ਅਸਮਾਨੋਂ ਬਿਜ ਕੁੜੱਕੀ———ਭਾਵ ਇਹ ਹੈ ਕਿ ਉੱਪਰ ਦਿੱਤੀਆਂ ਨੂੰ ਉਪਰ ਦੱਸੇ ਕੰਮ ਕਰਨੇ ਪੈ ਜਾਣ ਤਾਂ ਇਹ ਉਹਨਾਂ ਲਈ ਮੁਸੀਬਤ ਸਮਾਨ ਹੁੰਦੇ ਹਨ।

ਬੁੱਢੀ ਮੁਹਿੰ ਦਾ ਦੁੱਧ ਸ਼ੱਕਰ ਦਾ ਘੋਲਣਾ, ਬੁੱਢੇ ਮਰਦ ਦੀ ਰੰਨ ਗਲੇ ਦਾ ਢੋਲਣਾ (ਗਲ਼ ’ਚ ਪਾਉਣ ਵਾਲਾ ਗਹਿਣਾ)———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੁੱਢਾ ਪਤੀ ਆਪਣੀ ਸ਼ੌਕੀਨ ਵਹੁਟੀ ਦੇ ਨਾਜ਼ ਨਖ਼ਰੇ ਖ਼ੁਸ਼ੀ-ਖੁਸ਼ੀ ਬਰਦਾਸ਼ਤ ਕਰੇ।

ਬੁੱਢੀ ਰੰਨ ਖਦੀਜ਼ਾਂ ਨਾ———ਜਦੋਂ ਦੋ ਅਨਜੋੜ ਵਸਤੁਆਂ ਦੀ ਉਦਾਹਰਣ ਦੇਣੀ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਬੱਢੀ ਰੰਨ ਪੁਰਾਣੀ ਗੱਡ, ਮੁੜ ਘਿੜ ਖਾਏ ਮਾਲਕ ਦੇ ਹੱਡ———ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਬੁੱਢੀ ਤੀਵੀਂ ਆਮ ਤੌਰ 'ਤੇ ਬੀਮਾਰ ਰਹਿਣ ਕਾਰਨ ਅਤੇ ਪੁਰਾਣਾ ਗੱਡਾ ਟੁੱਟ ਭੱਜ ਕਾਰਨ ਮਾਲਕ ਲਈ ਨਿੱਤ ਨਵੇਂ ਖ਼ਰਚੇ ਸਹੇੜਦੇ ਰਹਿੰਦੇ ਹਨ।

ਬੁੱਢੇ ਤੋਤੇ ਪੜ੍ਹਨ ਕੁਰਾਨ———ਜਦੋਂ ਕੋਈ ਪੁਰਸ਼ ਵਡੇਰੀ ਉਮਰ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕਰ ਦੇਵੇ, ਉਦੋਂ ਇੰਜ ਆਖੀਦਾ ਹੈ।

ਬੁੱਢੇ ਬਾਰੇ, ਖਲਕ ਦੁਆਰੇ———ਭਾਵ ਇਹ ਹੈ ਕਿ ਬੁੱਢੀ ਉਮਰ ਵਿੱਚ ਪੁੱਜ ਕੇ ਨਿਆਸਰਾ ਬੰਦਾ ਲੋਕਾਂ ਦੇ ਹੱਥਾਂ ਵੱਲ ਦੇਖ ਕੇ ਗੁਜ਼ਾਰਾ ਕਰਦਾ ਹੈ।

ਬੁੱਢੇ ਬਾਰੇ ਨਿਸਰੀ ਡੂਮਾਂ ਦੀ ਜਵਾਰ———ਜਦੋਂ ਬਹੁਤ ਉਡੀਕ ਕਰਨ ਮਗਰੋਂ ਕਿਸੇ ਦੀ ਤਮੰਨਾ ਪੂਰੀ ਹੋਈ ਹੋਵੇ, ਉਦੋਂ ਆਖਦੇ ਹਨ।

ਬੁਰਾ ਹਾਲ ਬਾਂਕੇ ਦਿਹਾੜੇ———ਜਦੋਂ ਕਿਸੇ ਬੰਦੇ ਦੀ ਆਰਥਿਕ ਹਾਲਤ ਬਹੁਤ ਪਤਲੀ ਹੋ ਜਾਵੇ, ਉਦੋਂ ਇੰਜ ਆਖੀਦਾ ਹੈ।

ਬੁਰਾ ਗਰੀਬ ਦਾ ਮਾਰਨਾ, ਬੁਰੀ ਗਰੀਬ ਦੀ ਆਹ, ਗਲ਼ੇ ਬੱਕਰੇ ਦੀ ਖਲ ਨਾ, ਲੋਹਾ ਭਸਮ ਹੋ ਜਾ———ਇਸ ਅਖਾਣ ਵਿੱਚ ਅਟੱਲ ਸੱਚਾਈ ਬਿਆਨ ਕੀਤੀ ਗਈ ਹੈ। ਗਰੀਬ ਨੂੰ ਸਤਾਉਣਾ ਚੰਗਾ ਨਹੀਂ, ਸੜੇ ਹੋਏ ਗ਼ਰੀਬ ਦੀ ਆਹ ਸਤਾਉਣ ਵਾਲੇ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ।

ਬੁਰਾਈ ਖੰਭ ਲਾ ਕੇ ਉਡਦੀ ਹੈ———ਭਾਵ ਇਹ ਹੈ ਕਿ ਕਿਸੇ ਦੀ ਮਾੜੀ ਤੇ ਬਦਨਾਮੀ ਵਾਲੀ ਖ਼ਬਰ ਬਹੁਤ ਛੇਤੀ ਫੈਲ ਜਾਂਦੀ ਹੈ।

ਬੁਰਿਆ, ਤੈਥੋਂ ਡਰ ਨਹੀਂ, ਤੇਰੀ ਬੁਰਿਆਇਉਂ ਡਰ ਲਗਦੈ———ਭਾਵ ਇਹ ਹੈ ਕਿ ਸਭ ਬੰਦੇ ਰੱਬ ਦਾ ਰੂਪ ਹਨ, ਡਰ ਕਾਹਦਾ? ਪ੍ਰੰਤੁ ਬੁਰਾ ਕਰਨ ਵਾਲਾ ਬੰਦਾ ਸਭ ਨੂੰ ਮਾੜਾ ਲੱਗਦਾ ਹੈ ਤੇ ਹਰ ਭਲਾਮਾਣਸ ਬੰਦਾ ਆਪਣੀ ਇੱਜ਼ਤ ਆਬਰੂ ਬਚਾਉਣ ਲਈ ਉਸ ਤੋਂ ਦੂਰ ਭੱਜਦਾ ਹੈ।

ਬੁਰਿਆਂ ਦੇ ਸੰਗ ਬੈਠ ਕੇ ਭਲਿਆਂ ਦੀ ਪੱਤ ਏ———ਭਾਵ ਸਪੱਸ਼ਟ ਹੈ ਕਿ ਬੁਰੇ ਬੰਦਿਆਂ ਦੀ ਸੰਗਤ ਕਰਨ ਨਾਲ ਭਲਾਮਾਣਸ ਵੀ ਬਦਨਾਮ ਹੋ ਜਾਂਦੇ ਹਨ।

ਬੁਰੇ ਨੂੰ ਨਾ ਮਾਰੋ, ਬੁਰੇ ਦੀ ਮਾਂ ਨੂੰ ਮਾਰੋ———ਭਾਵ ਇਹ ਹੈ ਕਿ ਬੁਰਾਈ ਨੂੰ ਖ਼ਤਮ ਕਰਨ ਲਈ ਬੁਰਾਈ ਦੇ ਕਾਰਨਾਂ ਦਾ ਨਾਸ਼ ਕਰਨਾ ਜ਼ਰੂਰੀ ਹੈ।

ਬੂਹੇ ਆਈ ਜੰਵ, ਵਿਨ੍ਹੋਂ ਕੁੜੀ ਦੇ ਕੰਨ———ਜਦੋਂ ਕਿਸੇ ਅਤਿ ਜ਼ਰੂਰੀ ਕੰਮ ਨੂੰ ਐਨ ਮੌਕੇ 'ਤੇ ਹੀ ਆਰੰਭ ਕੀਤਾ ਜਾਵੇ, ਉਦੋਂ ਆਖਦੇ ਹਨ।

ਬੂਰ ਦੇ ਲੱਡੂ, ਖਾਏ ਉਹ ਵੀ ਪਛਤਾਏ, ਨਾ ਖਾਏ ਉਹ ਵੀ ਪਛਤਾਏ———ਆਮ ਕਰਕੇ ਇਹ ਅਖਾਣ ਵਿਆਹੁਤਾ ਜੀਵਨ ਦੀ ਤਲਖ਼ ਹਕੀਕਤ ਬਾਰੇ ਬੋਲਿਆ ਜਾਂਦਾ ਹੈ। ਜਿਹੜੇ ਵਿਆਹੇ ਨਹੀਂ ਉਹ ਵਿਆਹ ਦਾ ਸੁਖ ਮਾਨਣਾ ਲੋਚਦੇ ਹਨ, ਵਿਆਹੇ ਹੋਏ ਵਿਆਹ ਦੇ ਖਲਜਗਣਾਂ ਤੋਂ ਦੁਖੀ ਹੋ ਕੇ ਵਿਆਹ ਕਰਕੇ ਪਛਤਾਉਂਦੇ ਹਨ। ਬੂਰ ਪਿਐ ਤਾਂ ਫਲ ਵੀ ਪਏਗਾ———ਜਦੋਂ ਕੋਈ ਆਸ ਪੂਰੀ ਹੁੰਦੀ ਨਜ਼ਰ ਆਉਂਦੀ ਹੋਵੇ, ਉਦੋਂ ਕਹਿੰਦੇ ਹਨ।

ਬੇਕਾਰੀ ਤੋਂ ਬੇਗਾਰ ਭਲੀ———ਭਾਵ ਇਹ ਹੈ ਕਿ ਵਿਹਲਾ ਰਹਿਣਾ ਬਹੁਤ ਹੀ ਮਾੜਾ ਕਰਮ ਹੈ।

ਬੇਰੀ ਬੇਰ ਤੇ ਕਣਕਾਂ ਢੇਰ———ਇਸ ਅਖਾਣ ਦਾ ਭਾਵ ਇਹ ਹੈ ਕਿ ਹੁਨਰਮੰਦ ਬੰਦਾ ਕਦੀ ਵੀ ਰੋਟਿਓਂ ਭੁੱਖਾ ਨਹੀਂ ਮਰਦਾ।

ਬੇੜੀ ਸੰਗ ਲੋਹਾ ਵੀ ਭਰ ਜਾਂਦਾ ਹੈ———ਜਦੋਂ ਕਿਸੇ ਚੰਗੇ ਬੰਦੇ ਦੀ ਸੰਗਤ ਕਰਕੇ ਕਿਸੇ ਮਾੜੇ ਬੰਦੇ ਨੂੰ ਲਾਭ ਪ੍ਰਾਪਤ ਹੋ ਜਾਵੇ, ਉਦੋਂ ਆਖਦੇ ਹਨ।

ਬੈਠੇ ਦੀ ਢੇਰੀ, ਤੇ ਫਿਰਦੇ ਦੀ ਫੇਰੀ———ਭਾਵ ਸਪੱਸ਼ਟ ਹੈ ਕਿ ਉੱਦਮੀ ਪੁਰਸ਼ ਨੂੰ ਸਦਾ ਸਫ਼ਲਤਾ ਦਾ ਫ਼ਲ ਪ੍ਰਾਪਤ ਹੁੰਦਾ ਹੈ, ਆਲਸੀ ਬੰਦੇ ਨੂੰ ਕੋਈ ਲਾਭ ਨਹੀਂ ਮਿਲਦਾ, ਬਸ ਹੱਥ ਮਲਦਾ ਹੀ ਰਹਿ ਜਾਂਦਾ ਹੈ।

ਬੋਹਲ ਸਾਈਆਂ ਦਾ ਹਵਾ ਚੂਹੜਿਆਂ ਦੀ———ਭਾਵ ਇਹ ਹੈ ਕਿ ਜਦੋਂ ਕੋਈ ਥੋੜ੍ਹ ਚਿੱਤਾ ਬੰਦਾ ਕਿਸੇ ਬਿਗਾਨੇ ਦੀ ਧੌਸ ਕਰਕੇ ਆਕੜਿਆ ਫਿਰੇ, ਉਦੋਂ ਇੰਜ ਆਖਦੇ ਹਨ।

ਬੋਲੀ ਕਾਜ ਬਿਗਾੜਿਆ ਜਿਉਂ ਮੂਲੀ ਪੱਤਾ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਦੇ ਮੂੰਹੋਂ ਅਯੋਗ ਸ਼ਬਦ ਕਹਿਣ 'ਤੇ ਉਸ ਦੀ ਹੀਣੀ ਜਾਤ ਦਾ ਪਤਾ ਲੱਗ ਜਾਵੇ।

ਬੋਲੇ ਅੱਗੇ ਗਾਵੀਏ ਭੈਰੋ ਸੋ ਗੌੜੀ———ਭਾਵ ਇਹ ਕਿ ਕਿਸੇ ਬੇਅਕਲ ਤੇ ਬੇਸਮਝ ਬੰਦੇ ਨਾਲ਼ ਅਕਲ ਦੀਆਂ ਤੇ ਗਿਆਨ ਦੀਆਂ ਗੱਲਾਂ ਕਰਨੀਆਂ ਬੇਅਰਥ ਹਨ।

ਭਗਤ ਕੁੱਤੇ ਭਗਵਾਨ ਦੇ ਭੌਕਣ ਸਾਰੀ ਰਾਤ———ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਰੱਬ ਦੇ ਪਿਆਰੇ ਸਾਰੀ ਰਾਤ ਉਸ ਦੀ ਭਗਤੀ ਕਰਦਿਆਂ ਗੁਜ਼ਾਰ ਦਿੰਦੇ ਹਨ ਅਤੇ ਕੁੱਤੇ ਨੂੰ ਰੱਬ ਦਾ ਕੂਕਰ ਆਖਿਆ ਗਿਆ ਹੈ, ਤਦੇ ਤਾਂ ਆਖਦੇ ਹਨ ਕੁੱਤੇ ਦੀ ਕੂਕ ਰੱਬ ਦੀ ਦਰਗਾਹ ਵਿੱਚ ਸੁਣਦੀ ਹੈ।

ਭਜਦਿਆਂ ਨੂੰ ਵਾਹਣ ਇੱਕੋ ਜਿਹੈ———ਜਦੋਂ ਦੋ ਧਿਰਾਂ ਆਪਸ ਵਿੱਚ ਝਗੜਾ ਕਰਕੇ ਇਕ-ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕੱਚੀ ਟੁੱਟੀ ਮੂੰਗਲੀ ਗੋਹਿਆਂ ਜੋਗੀ ਵੀ ਨਾ———ਜਦੋਂ ਕੋਈ ਵਰਤੋਂ ਯੋਗ ਚੀਜ਼ ਭਜ ਟੁੱਟ ਕੇ ਨਿਕੰਮੀ ਹੋ ਜਾਵੇ, ਉਦੋਂ ਆਖਦੇ ਹਨ। ਭੱਜੀ ਟੁੱਟੀ ਦਾ ਪੱਤਣ ਮੇਲਾ———ਜਦੋਂ ਮੱਠੀ ਚਾਲੇ ਤੁਰਨ ਵਾਲੇ ਰਾਹੀ ਪੱਤਣ ਉੱਤੇ ਜਾ ਕੇ ਪਹਿਲਾਂ ਤੇਜ਼ ਤੁਰੇ, ਆਪਣਾ ਸਾਥੀਆਂ ਨੂੰ ਜਾ ਮਿਲਦੇ ਹਨ, ਉਦੋਂ ਇਹ ਅਖਾਣ ਵਰਤਦੇ ਹਨ।

ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਹਨ———ਭਾਵ ਇਹ ਹੈ ਕਿ ਕਿਸੇ ਕਾਰਨ ਕਰਕੇ ਵੀ ਦੁਖੀ ਹੋਇਆ ਬੰਦਾ ਆਖ਼ਰ ਆਪਣੇ ਸਾਕ ਸਬੰਧੀਆਂ ਦਾ ਹੀ ਆਸਰਾ ਭਾਲਦਾ ਹੈ।

ਭੱਠ ਪਿਆ ਸੋਨਾ, ਜਿਹੜਾ ਕੰਨਾਂ ਨੂੰ ਪਾੜੇ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਕੀਮਤੀ ਵਸਤੂ ਦਾ ਕੋਈ ਲਾਭ ਨਹੀਂ, ਜੇਕਰ ਉਹ ਤੁਹਾਡੇ ਲਈ ਦੁਖ ਦਾ ਕਾਰਨ ਬਣਦੀ ਹੈ।

ਭੰਡਾਂ (ਡੂਮਾਂ) ਘਰ ਵਿਆਹ ਜੇਹੇ ਮਰਜ਼ੀ ਸੋਹਲੇ ਗਾ———ਇਸ ਅਖਾਣ ਦਾ ਭਾਵ ਇਹ ਹੈ ਕਿ ਕਿਸੇ ਕਲਾਕਾਰ ਬੰਦੇ ਨੇ ਆਪਣੀ ਹੀ ਕਲਾ ਦੁਆਰਾ ਆਪਣੇ ਘਰ ਦੇ ਸਮਾਰੋਹ ਦੀ ਸ਼ਾਨ ਵਧਾਉਣੀ ਹੈ, ਵਾਧੂ ਖ਼ਰਚ ਕਰਕੇ ਹੋਰ ਕਲਾਕਾਰ ਮੰਗਾਉਣ ਦੀ ਉਹ ਨੂੰ ਭਲਾ ਕੀ ਲੋੜ ਹੈ।

ਭੰਡਾ ਭੰਡਾਰੀਆ ਕਿੰਨਾ ਕੁ ਭਾਰ? ਇਕ ਮੁੱਠ ਚੱਕ ਲੈ ਦੂਜੀ ਤਿਆਰ———ਜਦੋਂ ਕਿਸੇ ਬੰਦੇ ਦਾ ਇਕ ਮੁਸੀਬਤ ਤੋਂ ਤਾਂ ਮਸੀਂ ਖਹਿੜਾ ਛੁੱਟੇ ਪ੍ਰੰਤੂ ਨਾਲ਼ ਹੀ ਕੋਈ ਹੋਰ ਮੁਸੀਬਤ ਖੜੀ ਹੋ ਜਾਵੇ, ਉਦੋਂ ਇੰਜ ਆਖਦੇ ਹਨ।

ਭੰਨ ਘੜਾਈਆਂ ਡੰਡੀਆਂ (ਕੰਨਾਂ ਦਾ ਗਹਿਣਾ) ਪਰ ਬੂਥਾ ਓਹੀ———ਭਾਵ ਇਹ ਹੈ ਕਿ ਹਾਰ-ਸ਼ਿੰਗਾਰ ਕਰਨ ਨਾਲ ਬੰਦੇ ਦੀ ਨੁਹਾਰ ਨਹੀਂ ਬਦਲ ਜਾਂਦੀ, ਚਿਹਰਾ ਤਾਂ ਉਹੀ ਰਹਿੰਦਾ ਹੈ। ਜਾਂ ਜੇਕਰ ਕੋਈ ਰੁਸਿਆ ਹੋਇਆ ਬੰਦਾ ਆਪਣੀਆਂ ਸ਼ਰਤਾਂ ਮੰਨਵਾ ਕੇ ਵੀ ਬੂਥਾ ਸੁਜਾਈ ਰੱਖੇ, ਉਦੋਂ ਵੀ ਇਹ ਅਖਾਣ ਬੋਲਦੇ ਹਨ।

ਭਰ ਕੁਨਾਲਾ ਛਾਣਦੀ, ਫੱਗਣ ਨਹੀਂ ਸੀ ਜਾਣਦੀ———ਇਸ ਅਖਾਣ ਵਿੱਚ ਅਣਗਹਿਲੀ ਕਰਕੇ ਫ਼ਜ਼ੂਲ ਖ਼ਰਚੀ ਕਰਨ ਤੋਂ ਵਰਜਿਆ ਗਿਆ ਹੈ। ਆਮ ਤੌਰ 'ਤੇ ਫੱਗਣ-ਚੇਤ ਮਹੀਨਿਆਂ ’ਚ ਘਰਾਂ ਦੇ ਦਾਣੇ ਮੁੱਕਣ ਤੇ ਆਏ ਹੁੰਦੇ ਹਨ, ਇਸ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ।

ਭਰਮ ਗਵਾਈਏ ਆਪਣਾ ਕੋਈ ਨਾ ਦੇਂਦਾ ਵੰਡ———ਭਾਵ ਇਹ ਹੈ ਕਿ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ, ਫ਼ਜ਼ੂਲ ਖ਼ਰਚੀ ਕਰਕੇ ਆਪਣੇ ਘਰ ਦਾ ਉਜਾੜਾ ਕਰਨਾ ਠੀਕ ਨਹੀਂ, ਕੋਈ ਕਿਸੇ ਨੂੰ ਵੰਡਕੇ ਨਹੀਂ ਦਿੰਦਾ।

ਭਰਾ ਦੇ ਪੱਜ ਖਾਈਏ, ਭਤੀਜੇ ਦੇ ਪੱਜ ਦੇਈਏ———ਇਸ ਅਖਾਣ ਵਿੱਚ ਭਰਾਵਾਂ ਨੂੰ ਭਰਾਵਾਂ ਨਾਲ ਸਾਂਝ ਭਿਆਲੀ ਬਣਾਈ ਰੱਖਣ ਲਈ ਉਪਦੇਸ਼ ਦਿੱਤਾ ਗਿਆ ਹੈ ਕਿ ਜੇਕਰ ਉਹ ਆਪਣੇ ਭਰਾ ਦੇ ਘਰੋਂ ਖਾਂਦੇ ਹਨ ਤਾਂ ਉਹਨਾਂ ਨੂੰ ਚਾਚੇ-ਤਾਏ ਬਣ ਕੇ ਆਪਣੇ ਭਤੀਜੇ-ਭਤੀਜੀਆਂ ਨੂੰ ਵੀ ਆਪਣੇ ਪੱਲਿਓਂ ਕੁਝ ਨਾ ਕੁਝ ਦੇਣਾ ਚਾਹੀਦਾ ਹੈ।

ਭਰਾ ਭਰਾਵਾਂ ਦੇ ਢੋਡਰ ਕਾਵਾਂ ਦੇ———ਭਾਵ ਇਹ ਹੈ ਕਿ ਭਰਾਵਾਂ-ਭਰਾਵਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਜੇਕਰ ਕਿਸੇ ਕਾਰਨ ਉਹਨਾਂ ਵਿੱਚ ਪ੍ਰੇੜ ਪੈ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।

ਭਰਾਵਾਂ ਨਾਲ ਬਾਹਵਾਂ———ਇਸ ਅਖਾਣ ਵਿੱਚ ਭਰਾਵਾਂ ਭਰਾਵਾਂ ਦੇ ਏਕੇ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਭਰਾਵਾਂ ਵਰਗਾ ਏਕਾ ਕੋਈ ਹੋਰ ਨਹੀਂ ਹੁੰਦਾ।

ਭਰੀ ਭਕੁੰਨੀ ਚੁਪ ਚੁਪੀਤੀ, ਖੜਕੇ ਕੁੰਨੀ ਸੱਖਣੀ———ਇਸ ਅਖਾਣ ਦਾ ਭਾਵ ਇਹ ਹੈ ਕਿ ਬੁੱਧੀਵਾਨ ਤੇ ਗਹਿਰ ਗੰਭੀਰ ਬੰਦੇ ਕਦੀ ਵੀ ਹੋਛਾਪਨ ਨਹੀਂ ਦਿਖਾਉਂਦੇ ਪ੍ਰੰਤੂ ਘਟੀਆ ਸੋਚ ਵਾਲੇ ਮਨੁੱਖ ਸ਼ੇਖ਼ੀ-ਖੋਰੇ ਅਤੇ ਵਡਿਆਈ-ਝੋਰੇ ਹੁੰਦੇ ਹਨ। ਭਰੇ ਸਮੁੰਦਰੋਂ ਘੋਗਾ ਲੱਭਾ———ਜਦੋਂ ਕਿਸੇ ਨੂੰ ਬਹੁਤ ਭਾਰੀ ਲਾਭ ਦੀ ਆਸ ਹੋਵੇ ਪ੍ਰੰਤੂ ਪ੍ਰਾਪਤੀ ਬਹੁਤ ਥੋੜ੍ਹੀ ਹੋਵੇ, ਉਦੋਂ ਆਖਦੇ ਹਨ।

ਭਲੇ ਕੰਮ ਦਾ ਕੀ ਪੁੱਛਣਾ———ਭਾਵ ਇਹ ਹੈ ਕਿ ਕੋਈ ਚੰਗਾ ਤੇ ਭਲਾਈ ਦਾ ਕੰਮ ਕਰਨ ਲੱਗਿਆਂ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ, ਤੁਰੰਤ ਆਰੰਭ ਦੇਵੋ।

ਭਲੇ ਦੇ ਭਾਈ ਬੁਰੇ ਦੇ ਜਮਾਈ———ਭਾਵ ਇਹ ਹੈ ਕਿ ਚੰਗੇ ਨਾਲ ਚੰਗਾ ਸਲੂਕ ਕਰੋ ਤੇ ਮੰਦੇ ਬੰਦੇ ਨਾਲ ਬੁਰਾ ਬਣਕੇ ਟੱਕਰੋ ਤਾਂ ਜੋ ਮੁੜਕੇ ਬੁਰਾ ਕੰਮ ਨਾ ਕਰੇ।

ਭਲੇਮਾਣਸਾਂ ਦੀ ਮਿੱਟੀ ਖ਼ਰਾਬ———ਜਦੋਂ ਕੋਈ ਬੰਦਾ ਕਿਸੇ ਸ਼ਰੀਫ਼ ਆਦਮੀ ਨੂੰ ਉਸ ਦੀ ਭਲਾਮਾਣਸੀ ਕਰਕੇ ਤੰਗ ਪ੍ਰੇਸ਼ਾਨ ਕਰੇ, ਪ੍ਰੰਤੂ ਉਹ ਉਸ ਦਾ ਟਾਕਰਾ ਨਾ ਕਰੇ, ਉਦੋਂ ਇੰਜ ਆਖਦੇ ਹਨ।

ਭੜਭੂੰਜਿਆਂ ਦੀ ਕੁੜੀ ਕੇਸਰ ਦਾ ਟਿੱਕਾ———ਜਦੋਂ ਕੋਈ ਬੰਦਾ ਆਪਣੀ ਔਕਾਤ ਤੋਂ ਬਾਹਰਾ ਕੰਮ ਕਰੇ, ਉਦੋਂ ਇੰਜ ਬੋਲਦੇ ਹਨ।

ਭਾ ਨਾਲ ਭਰਾ ਕਾਹਦਾ———ਭਾਵ ਇਹ ਹੈ ਕਿ ਵਪਾਰ ਵਿੱਚ ਕਿਸੇ ਰਿਸ਼ਤੇਦਾਰੀ ਦਾ ਲਿਹਾਜ਼ ਨਹੀਂ ਕੀਤਾ ਜਾਂਦਾ, ਦੁਕਾਨਦਾਰ ਲਈ ਸਾਰੇ ਗਾਹਕ ਇਕੋ ਜਿਹੇ ਨੇ।

ਭਾਈ ਭਾ ਵਿਹੁਣੇ, ਭਤਰੀਜੇ ਤਰੀਜੇ-———ਦੋ ਭਰਾਵਾਂ ਵਿੱਚ ਆਪਸੀ ਪਿਆਰ ਨਾ ਰਹੇ ਤਾਂ ਅੱਗੋਂ ਭਤੀਜੇ ਵੀ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ।

ਭਾਈ ਮਰਨ ਤਾਂ ਪੈਂਦੀਆਂ ਭੱਜ ਬਾਹੀਂ———ਇਸ ਅਖਾਣ ਰਾਹੀਂ ਭਰਾਵਾਂ ਦੇ ਅਟੁੱਟ ਰਿਸ਼ਤੇ ਦੇ ਮਹੱਤਵ ਨੂੰ ਦਰਸਾਉਂਦਿਆਂ ਇਹ ਦੱਸਿਆ ਗਿਆ ਹੈ ਕਿ ਭਰਾ ਇਕ-ਦੂਜੇ ਲਈ ਬਾਹਵਾਂ ਹੁੰਦੀਆਂ ਹਨ। ਭਰਾ ਦਾ ਮਰ ਜਾਣਾ ਬਾਂਹ ਟੁੱਟਣ ਸਮਾਨ ਹੈ।

ਭਾਈਆਂ ਜਹੀ ਬਹਾਰ ਨਹੀਂ ਜੇ ਖਾਰ ਨਾ ਹੋਵੇ, ਮੀਹਾਂ ਜਹੀ ਬਹਾਰ ਨਹੀਂ ਜੇ ਗਾਰ ਨਾ ਹੋਵੇ, ਜੂਏ ਜਿਹਾ ਵਪਾਰ ਨਹੀਂ ਜੇ ਹਾਰ ਨਾ ਹੋਵੇ———ਭਾਵ ਸਪੱਸ਼ਟ ਹੈ। ਇਸ ਅਖਾਣ ਰਾਹੀਂ ਭਰਾਵਾਂ, ਮੀਂਹ ਅਤੇ ਜੂਏ ਬਾਰੇ ਸਾਰਥਕ ਟਿੱਪਣੀ ਕੀਤੀ ਗਈ ਹੈ।

ਭਾਗਹੀਣ ਜੇ ਜੰਜੇ ਜਾਏ, ਰਸ ਬਹੇ ਜਾਂ ਮੁੱਖ ਖਾਏ———ਭਾਵ ਇਹ ਹੈ ਕਿ ਮਾੜੀ ਕਿਸਮਤ ਵਾਲਾ ਬੰਦਾ ਲਾਭ ਪ੍ਰਾਪਤ ਹੋਣ ਵਾਲੀ ਥਾਂ 'ਤੇ ਜਾ ਕੇ ਵੀ ਲਾਭ ਪ੍ਰਾਪਤ ਨਹੀਂ ਕਰ ਸਕਦਾ।

ਭਾਗ ਭਰੀ ਨੇ ਪੈਰ ਪਾਇਆ, ਤਖਤ ਹਜ਼ਾਰਾ ਉੱਜੜ ਆਇਆ———ਜਦੋਂ ਕਿਸੇ ਮਨਹੂਸ ਬੰਦੇ ਦੇ ਆਉਣ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਭਾਗ ਦੇਖ ਕੇ ਨਹੀਂ ਲਗਦੇ———ਭਾਵ ਇਹ ਹੈ ਕਿ ਕਿਸੇ ਦੀ ਕਿਸਮਤ ਉਹਦਾ ਰੰਗ ਰੂਪ ਦੇਖ ਕੇ ਨਹੀਂ ਜਾਗਦੀ, ਸੁੱਤੇ ਸਿੱਧ ਹੀ ਭਾਗ ਜਾਗ ਪੈਂਦੇ ਹਨ।

ਭਾਂਡੇ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਕੁੱਤੇ ਨੂੰ ਸ਼ਰਮ ਕਰਨੀ ਚਾਹੀਦੀ ਹੈ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦੇ ਆਪਣੇ ਕਿਸੇ ਦੋਸਤ, ਮਿੱਤਰ ਜਾਂ ਰਿਸ਼ਤੇਦਾਰ ਦੀ ਫ਼ਰਾਖ਼ਦਿਲੀ ਦਾ ਨਾਜਾਇਜ਼ ਲਾਭ ਉਠਾਵੇ।

ਭਾਦੋਂ ਦੇ ਵਿੱਚ ਵਰਖਾ ਹੋਵੇ, ਕਾਲ ਪਿਛੋਕੜ ਬਹਿਕੇ ਰੋਵੇ———ਭਾਵ ਇਹ ਹੈ ਕਿ ਜੇਕਰ ਭਾਦੋਂ ਮਹੀਨੇ ਵਿੱਚ ਚੰਗੀ ਬਾਰਿਸ਼ ਹੋ ਜਾਵੇ ਤਾਂ ਫ਼ਸਲ ਚੰਗਾ ਝਾੜ ਦਿੰਦੀ ਹੈ, ਜਿਸ ਕਰਕੇ ਅਕਾਲ ਪੈਣ ਦਾ ਕੋਈ ਖ਼ਤਰਾ ਨਹੀਂ ਹੁੰਦਾ।

ਭਾਦਰੋਂ ਬਦਰੰਗ, ਗੋਰਾ ਕਾਲਾ ਇੱਕੋ ਰੰਗ———ਭਾਵ ਇਹ ਹੈ ਕਿ ਭਾਦੋਂ ਮਹੀਨੇ ਵਿੱਚ ਹੁੰਮਸ ਹੋਣ ਕਾਰਨ ਸਭ ਦੇ ਰੰਗ ਇਕੋ ਜਿਹੇ ਹੋ ਜਾਂਦੇ ਹਨ।

ਭਾਬੀ ਦੀਆਂ ਪੂਣੀਆਂ ਦੇਵਰ ਦਲਾਲ———ਜਦੋਂ ਕੋਈ ਬੰਦਾ ਕਿਸੇ ਝਗੜੇ ਵਿੱਚ ਆਪਣਿਆਂ ਦਾ ਹੀ ਪੱਖ ਪੂਰੇ, ਉਦੋਂ ਆਖਦੇ ਹਨ।

ਭਾਰਾ ਛਾਬਾ ਨੀਵਾਂ ਹੁੰਦਾ ਹੈ———ਭਾਵ ਇਹ ਹੈ ਕਿ ਗੁਣਵਾਨ ਬੰਦਾ ਸਦਾ ਨਿਰਮਾਣ ਰਹਿੰਦਾ ਹੈ, ਕਦੀ ਹੰਕਾਰ ਨਹੀਂ ਕਰਦਾ। ਜਿਵੇਂ ਆਖਦੇ ਹਨ-"ਫ਼ਲ ਨੀਵਿਆਂ ਰੁੱਖਾਂ ਨੂੰ ਲਗਦੇ, ਸਿੰਬਲਾਂ ਤੂੰ ਮਾਣ ਨਾ ਕਰੀਂ (ਲੋਕ ਗੀਤ)।

ਭਾਵੇਂ ਕਿਹੋ ਜਿਹੈ ਰੰਗ ਤਾਂ ਬੈਂਗਣੀ ਚੜ੍ਹਨੈ———ਇਹ ਅਖਾਣ ਉਸ ਬੰਦੇ ਪ੍ਰਤੀ ਵਰਤਦੇ ਹਨ ਜਿਹੜਾ ਵਾਰ-ਵਾਰ ਸਮਝਾਉਣ 'ਤੇ ਵੀ ਆਪਣੀ ਜ਼ਿੱਦ ਨਾ ਛੱਡੇ।

ਭੁੱਖੇ ਅੱਗੇ ਜੋਂ ਜਵਾਰ ਸਭ ਬਰਾਬਰ———ਭਾਵ ਇਹ ਹੈ ਕਿ ਗਰਜ਼ਮੰਦ ਆਦਮੀ ਆਪਣੀ ਲੋੜ ਨੂੰ ਮੁੱਖ ਰੱਖਦਿਆਂ ਕਿਸੇ ਚੀਜ਼ ਦੇ ਮਹਿੰਗੇ-ਸਸਤੇ ਹੋਣ ਬਾਰੇ ਨਹੀਂ ਸੋਚਦਾ ਝੱਟ ਲੈ ਲੈਂਦਾ ਹੈ।

ਭੁੱਖ ਨਾ ਪੁੱਛੇ ਸੁੱਚ ਭਿੱਟ, ਨਿਹੁੰ ਨਾ ਪੁੱਛੇ ਜਾਤ———ਇਸ ਅਖਾਣ ਦਾ ਭਾਵ ਇਹ ਹੈ ਕਿ ਲੋੜਵੰਦ ਬੰਦਾ ਲੋੜ ਵੇਲੇ ਚੀਜ਼ ਖ਼ਰੀਦਣ ਸਮੇਂ ਚੀਜ਼ ਦਾ ਚੰਗਾ-ਮਾੜਾ ਨਹੀਂ ਸੋਚਦਾ, ਨਾ ਹੀ ਪਿਆਰ ਪੈਣ ਸਮੇਂ ਕੋਈ ਇਕ-ਦੂਜੇ ਦੀ ਜਾਤ ਪੁੱਛਦਾ ਹੈ। ਭੁੱਖ ਲੱਗੇ ਤੇ ਤੰਦੂਰ ਦੀ, ਪੇਟ ਭਰੇ ਦਾਂ ਦੂਰ ਦੀ———ਭਾਵ ਇਹ ਹੈ ਕਿ ਜਦੋਂ ਤੱਕ ਢਿੱਡ ਵਿੱਚ ਰੋਟੀਆਂ ਨਹੀਂ ਪੈਂਦੀਆਂ ਕੁਝ ਵੀ ਸੁਝਦਾ ਨਹੀਂ।

ਭੁੱਖ ਵਿੱਚ ਚਣੇ ਵੀ ਬਦਾਮ ਨੇ———ਭਾਵ ਇਹ ਹੈ ਕਿ ਲੋੜਵੰਦ ਬੰਦੇ ਨੂੰ ਮਿਲੀ ਘਟੀਆ ਚੀਜ਼ ਵੀ ਚੰਗੀ ਲੱਗਦੀ ਹੈ।

ਭੁੱਖਾ ਸੋ ਰੁੱਖਾ———ਜਦੋਂ ਇਹ ਦੱਸਣਾ ਹੋਵੇ ਕਿ ਭੁੱਖਾ ਬੰਦਾ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ, ਉਦੋਂ ਇਹ ਅਖਾਣ ਬੋਲਦੇ ਹਨ।

ਭੁੱਖਾ ਬਾਣੀਆਂ ਵਹੀਆਂ ਫੋਲੇ———ਭਾਵ ਇਹ ਹੈ ਕਿ ਜਦੋਂ ਬਾਣੀਏਂ ਦੀ ਆਰਥਿਕ ਹਾਲਤ ਪਤਲੀ ਪੈ ਜਾਵੇ ਤਾਂ ਉਹ ਵਹੀਆਂ ਫੋਲ ਕੇ ਵੇਖਣ ਲੱਗ ਜਾਂਦਾ ਹੈ ਕਿ ਉਸ ਨੇ ਕਿਨ੍ਹਾਂ ਲੋਕਾਂ ਪਾਸੋਂ ਪੈਸੇ ਲੈਣੇ ਹਨ।

ਭੁੱਖਾ ਜੱਟ ਮੂਲੀ ਖਾਏ, ਮੂਲੀ ਭੁੱਖ ਵਧੇਰੀ ਲਾਏ———ਜਦੋਂ ਕੋਈ ਬੰਦਾ ਆਪਣੀਆਂ ਮੁਸ਼ਕਲਾਂ ’ਤੇ ਕਾਬੂ ਪਾਉਣ ਲਈ ਕੁਝ ਯਤਨ ਕਰੇ ਪ੍ਰੰਤੂ ਉਹਨਾਂ ਯਤਨਾਂ ਸਦਕਾ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਭੁੱਖਾ ਮਰੇ ਤਾਂ ਕੀ ਨਾ ਕਰੇ———ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਭੁੱਖ ਬੰਦੇ ਪਾਸੋਂ ਘਟੀਆ ਤੋਂ ਘਟੀਆ ਕੰਮ ਵੀ ਕਰਵਾ ਲੈਂਦੀ ਹੈ।

ਭੁੱਖਿਆਂ ਨੂੰ ਬੇਰ ਤੇ ਤਿਹਾਇਆਂ ਨੂੰ ਗੰਨੇ———ਜਦੋਂ ਕਿਸੇ ਅਸਲ ਚੀਜ਼ ਦੀ ਥਾਂ ਉਸ ਨਾਲੋਂ ਘਟੀਆ ਕਿਸਮ ਦੀ ਚੀਜ਼ ਨਾਲ ਕੰਮ ਸਾਰ ਲਿਆ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਭੁੱਖੀ ਮਰੇ ਉੱਖਲੀ, ਹੁਬਕੇ ਲਵੇ ਛੱਜ———ਇਹ ਅਖਾਣ ਕਿਸੇ ਅਤਿ ਗ਼ਰੀਬ ਪਰਿਵਾਰ ਦੀ ਗ਼ਰੀਬੀ ਦੀ ਦਾਸਤਾਨ ਪੇਸ਼ ਕਰਦਾ ਹੈ।

ਭੁੱਖੇ ਅੱਗੇ ਬਾਤ ਪਾਈ, ਅਖੇ ਟੁੱਕ———ਭਾਵ ਇਹ ਹੈ ਕਿ ਲੋੜਵੰਦ ਬੰਦੇ ਨੂੰ ਤਾਂ ਹਰ ਵੇਲੇ ਆਪਣੀ ਲੋੜ ਦਾ ਹੀ ਖ਼ਿਆਲ ਰਹਿੰਦਾ ਹੈ।

ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ-ਪੀ ਆਫਰਿਆ———ਜਦੋਂ ਕਿਸੇ ਬੰਦੇ ਨੂੰ ਕੋਈ ਅਜਿਹੀ ਚੀਜ਼ ਅਚਾਨਕ ਮਿਲ ਜਾਵੇ, ਜਿਹੜੀ ਉਸ ਨੇ ਪਹਿਲਾਂ ਨਾ ਦੇਖੀ ਹੋਵੇ ਤੇ ਉਸ ਨੂੰ ਬਾਰ-ਬਾਰ ਵਰਤਦਿਆਂ ਫ਼ਾਇਦੇ ਦੀ ਥਾਂ ਨੁਕਸਾਨ ਉਠਾ ਬੈਠੇ, ਉਦੋਂ ਇੰਜ ਆਖਦੇ ਹਨ।

ਭੁੱਖੇ ਦੀ ਧੀ ਰੱਜੀ, ਖੇਤ ਉਜਾੜਨ ਲੱਗੀ———ਜਦੋਂ ਕਿਸੇ ਥੋੜ੍ਹ-ਚਿੱਤੇ ਬੰਦੇ ਨੂੰ ਬਹੁਤ ਸਾਰੀ ਦੌਲਤ ਮਿਲ ਜਾਵੇ ਤੇ ਉਹ ਅਤਿ ਚੁੱਕ ਕੇ ਮਾੜੀਆਂ ਕਰਤੂਤਾਂ ਕਰਨ ਲੱਗੇ, ਉਦੋਂ ਇਹ ਅਖਾਣ ਵਰਤਦੇ ਹਨ।

ਭੁੱਲ ਗਈ ਨਮਾਜ਼ ਮਾਰੀ ਵਕਤਾਂ ਦੀ———ਜਦੋਂ ਕੋਈ ਬੰਦਾ ਘਰ ਦੇ ਖਲਜਗਣਾਂ ਵਿੱਚ ਰੁੱਝ ਕੇ ਆਪਣੀਆਂ ਪਹਿਲਿਆਂ ਵਿੱਚ ਮਾਣੀਆਂ ਮੌਜਾਂ ਨੂੰ ਯਾਦ ਕਰਦਾ ਹੋਵੇ, ਉਦੋਂ ਇੰਜ ਆਖਦੇ ਹਨ।

ਭੁੱਲ ਗਏ ਉਹ ਲੀਰ ਪਰਾਂਦੇ ਜਾਂ ਮੌਲਾ ਦਿਨ ਸਿੱਧੇ ਆਂਦੇ———ਜਦੋਂ ਕੋਈ ਗ਼ਰੀਬ ਬੰਦਾ ਅਮੀਰ ਹੋ ਕੇ ਆਪਣੇ ਗ਼ਰੀਬੀ ਦੇ ਦਿਨਾਂ ਨੂੰ ਭੁੱਲ ਜਾਵੇ, ਉਦੋਂ ਕਹਿੰਦੇ ਹਨ।

ਭੁੱਲ ਗਏ ਰਾਗ ਰੰਗ, ਭੁੱਲ ਗਈਆਂ ਜਕੜੀਆਂ, ਤਿੰਨੇ ਗੱਲਾਂ ਯਾਦ ਰਹੀਆਂ ਲੂਣ ਤੇਲ ਲੱਕੜੀਆਂ———ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਕੰਵਾਰਾ ਰਹਿ ਕੇ ਮੌਜਾਂ ਮਾਣਦਾ ਰਿਹਾ ਹੋਵੇ ਤੇ ਵਿਆਹੇ ਜਾਣ ਮਗਰੋਂ ਘਰ ਦੇ ਧੰਦਿਆਂ ਵਿੱਚ ਬੁਰੀ ਤਰ੍ਹਾਂ ਫਸ ਜਾਵੇ।

ਭੁੱਲਾ ਉਹ ਨਾ ਜਾਣੀਏਂ ਜੋ ਮੁੜ ਘਰ ਆਵੇ———ਭਾਵ ਇਹ ਹੈ ਕਿ ਜਿਹੜਾ ਬੰਦਾ ਕੋਈ ਗ਼ਲਤੀ ਕਰਕੇ ਆਪਣੀ ਭੁੱਲ ਮੰਨ ਲਵੇ ਤੇ ਪਸ਼ਚਾਤਾਪ ਕਰਕੇ ਆਪਣੇ ਆਪ ਨੂੰ ਸੁਧਾਰ ਲਵੇ ਉਸ ਨੂੰ ਭੁੱਲਿਆ ਹੋਇਆ ਨਹੀਂ ਆਖਦੇ।

ਭੁੱਖੇ ਭਗਤ ਨਾ ਕੀਜੈ, ਯੇਹ ਮਾਲਾ ਆਪਣੀ ਲੀਜੈ———ਭਾਵ ਇਹ ਹੈ ਕਿ ਭੁੱਖਿਆਂ ਤਾਂ ਭਗਤੀ ਵੀ ਨਹੀਂ ਹੁੰਦੀ।

ਭੂਰਾ ਸ਼ਾਲ, ਭੂਰਾ ਦੋਸ਼ਾਲਾ, ਇਕੋ ਗਲ ਭੂਰੇ ਦੀ ਮਾੜੀ, ਵੇਖੋ ਭੂਰਾ ਤੇ ਫੜੇ ਵਗਾਰੀ———ਭਾਵ ਇਹ ਹੈ ਕਿ ਪਹਿਰਾਵਾ ਮਨੁੱਖ ਦੇ ਮਾਨ-ਸਨਮਾਨ ਦਾ ਪ੍ਰਤੀਕ ਹੈ। ਸਾਦੀ ਪੁਸ਼ਾਕ ਪਹਿਨਣ ਵਾਲੇ ’ਤੇ ਹਰ ਕੋਈ ਰੋਹਬ ਛਾਂਟਣ ਲੱਗ ਜਾਂਦਾ ਹੈ।

ਭੂਰੇ ਨੂੰ ਹੱਥ ਨਾ ਪਾਈਏ, ਦੁਸ਼ਾਲਾ ਨਾ ਲੁਹਾਈਏ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਤੁਸੀਂ ਆਪਣੀ ਇੱਜ਼ਤ ਆਬਰੂ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਦੂਜੇ ਦੀ ਬੇਇੱਜ਼ਤੀ ਨਾ ਕਰੋ, ਜੇ ਅਜਿਹਾ ਕਰੋਗੇ ਤਾਂ ਅਗਲਾ ਅੱਗੋਂ ਇਕ ਦੀਆਂ ਦਸ ਸੁਣਾਏਗਾ।

ਭੇਡ ਦਾ ਭੱਜਾ ਚੂਕਣਾ, ਨਾ ਕਿਸੇ ਰੋਣਾ ਨਾ ਕਿਸੇ ਕੂਕਣਾ———ਜੇਕਰ ਕਿਸੇ ਮਾੜੇ ਜਾਂ ਗਰੀਬ ਬੰਦੇ ਦੇ ਘਰ ਕੋਈ ਮੰਦਭਾਗੀ ਘਟਨਾ ਵਾਪਰ ਜਾਵੇ ਤਾਂ ਕੋਈ ਉਹਦੇ ਘਰ ਅਫ਼ਸੋਸ ਕਰਨ ਨਹੀਂ ਜਾਂਦਾ। ਇਹ ਜਗ ਦੀ ਰੀਤ ਹੈ।

ਭੇਡ ਦਾ ਮੁੱਲ, ਉਠ ਦਾ ਝੂੰਗਾ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਸੌਦਾ ਤਾਂ ਥੋੜ੍ਹੇ ਮੁੱਲ ਦਾ ਹੋਵੇ, ਪ੍ਰੰਤੂ ਝੂੰਗੇ ਵਿੱਚ ਸੌਦੇ ਨਾਲੋਂ ਮਹਿੰਗੀ ਵਸਤੂ ਦੀ ਮੰਗ ਕੀਤੀ ਜਾਵੇ।

ਭੇਡ ਰੱਖੀ ਉਂਨ ਨੂੰ ਬੰਨ੍ਹੀ ਖਾਏ ਕਪਾਹ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਕੰਮ ਲਾਭ ਲਈ ਕੀਤਾ ਜਾਏ ਪ੍ਰੰਤੂ ਲਾਭ ਦੀ ਥਾਂ ਨੁਕਸਾਨ ਹੋਵੇ।

ਭੇਡਾਂ ਨੇ ਉਂਨ ਹੀ ਲੁਹਾਣੀ ਏ ਕੋਈ ਲਾਹ ਲਏ———ਭਾਵ ਇਹ ਕਿ ਦੁਕਾਨਦਾਰ ਨੇ ਤਾਂ ਗਾਹਕਾਂ ਨੂੰ ਲੁੱਟਣਾ ਹੀ ਹੈ, ਚਾਹੇ ਕਿਸੇ ਦੁਕਾਨਦਾਰ ਪਾਸੋਂ ਲੁਟਾਈ ਕਰਵਾ ਲਵੋ। ਭੇਡਾਂ ਤਾਂ ਵਿਗੜਨੀਆਂ ਸਨ ਲੇਲੇ ਵੀ ਵਿਗੜ ਗਏ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਵੱਡੇ ਬੰਦਿਆਂ ਦੀਆਂ ਮਾੜੀਆਂ ਕਰਤੂਤਾਂ ਨੂੰ ਦੇਖ ਕੇ ਛੋਟੇ ਬੰਦੇ ਵੀ ਉਹੋ ਜਿਹੀਆਂ ਹਰਕਤਾਂ ਕਰਨ ਲੱਗ ਜਾਣ।

ਭੈੜਾ ਕੁੱਤਾ ਖਸਮੇ ਗਾਲ਼———ਜਦੋਂ ਕੋਈ ਘਰ ਦਾ ਪੁੱਤ-ਧੀ ਬਾਹਰੋਂ ਬਦਨਾਮੀ ਖਟ ਕੇ ਆਵੇ ਜਾਂ ਉਲਾਂਭੇ ਲਿਆਵੇ, ਉਦੋਂ ਇੰਜ ਆਖਦੇ ਹਨ।

ਭੈੜਿਆਂ ਦੇ ਲੜ ਲੱਗੀ ਆਂ ਤੇ ਰੋ ਰੋ ਹੋਈ ਅੱਧੀ ਆਂ———ਜਦੋਂ ਕਿਸੇ ਮਾੜੇ ਬੰਦੇ ਨਾਲ ਸਾਂਝ ਭਿਆਲੀ ਪੈ ਜਾਵੇ ਤੇ ਉਹ ਦੁੱਖਾਂ ਤੇ ਮੁਸ਼ਕਿਲਾਂ ਦਾ ਕਾਰਨ ਬਣ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਭੈੜਿਆਂ ਦੇ ਯਾਰ ਚੰਦਰੇ ਨਾ ਘਰ ਬੂਹੇ ਨਾ ਜੰਦਰੇ———ਭਾਵ ਇਹ ਹੈ ਕਿ ਹਰ ਕੋਈ ਆਪਣੀ ਵਿੱਤ ਅਨੁਸਾਰ ਹੀ ਆਪਣੇ ਵਰਗੇ ਬੰਦਿਆਂ ਨਾਲ ਮਿੱਤਰਤਾ ਪਾਉਂਦਾ ਹੈ।

ਭੈੜੀ ਗਾਂ ਦੇ ਭੈੜੇ ਵੱਛੇ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਦੀ ਉਲਾਦ ਦਾ ਸੁਭਾਅ ਆਪਣੀ ਮਾਂ ’ਤੇ ਗਿਆ ਹੋਵੇ ਤੇ ਮਾਂ ਮਾੜੇ ਸੁਭਾਅ ਦੀ ਮਾਲਕ ਹੋਵੇ।

ਭੈੜੇ ਭੈੜੇ ਯਾਰ ਭੈੜੀ ਫੱਤੋ ਦੇ———ਜਦੋਂ ਕਿਸੇ ਮਾੜੇ ਬੰਦੇ ਦੇ ਯਾਰ ਬੇਲੀ ਵੀ ਉਹਦੇ ਵਰਗੇ ਮਾੜੇ ਚਾਲ ਚਲਣ ਵਾਲੇ ਹੋਣ, ਉਦੋਂ ਆਖਦੇ ਹਨ।

ਭੈੜੇ ਰੋਣ ਨਾਲੋਂ ਚੁੱਪ ਚੰਗੀ———ਭਾਵ ਇਹ ਹੈ ਕਿ ਮਾੜਾ ਕੰਮ ਕਰਨ ਨਾਲੋਂ ਨਾ ਕਰਨਾ ਚੰਗਾ ਹੈ।

ਮਹਿੰਗਾ ਰੋਵੇ ਇਕ ਵਾਰ ਸਸਤਾ ਰੋਵੇ ਵਾਰ ਵਾਰ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਹਿੰਗੀ ਖ਼ਰੀਦੀ ਵਸਤੂ ਆਮ ਤੌਰ 'ਤੇ ਚੰਗੀ ਨਿਕਲਦੀ ਹੈ ਅਤੇ ਸਸਤੀ ਚੀਜ਼ ਛੇਤੀ ਖ਼ਰਾਬ ਹੋ ਜਾਂਦੀ ਹੈ ਤੇ ਉਸ ’ਤੇ ਬਾਰ-ਬਾਰ ਖ਼ਰਚਾ ਕਰਨਾ ਪੈਂਦਾ ਹੈ, ਜਿਸ ਕਰਕੇ ਮਨ ਦੁਖੀ ਹੋ ਜਾਂਦਾ ਹੈ।

ਮੱਕ, ਇਕ ਖਾ ਦੂਜੀ ਤੱਕ, ਤੀਜੀ ਬੰਨ੍ਹੀ ਲੱਕ ਤਾਂ ਚੜ੍ਹੀਂ ਢੱਕ———ਇਸ ਅਖਾਣ ਵਿੱਚ ਮੱਕੀ ਦੀ ਰੋਟੀ ਦੇ ਬਾਰੇ ਦੱਸਿਆ ਗਿਆ ਹੈ ਕਿ ਮੱਕੀ ਦੀ ਰੋਟੀ ਤਵੇ ਉੱਤੇ ਹੌਲੀ-ਹੌਲੀ ਪਕਦੀ ਹੈ, ਜਿਸ ਕਰਕੇ ਰੋਟੀ ਖਾਣ ਵਾਲੇ ਨੂੰ ਦੂਜੀ ਰੋਟੀ ਦੀ ਉਡੀਕ ਕਰਨੀ ਪੈਂਦੀ ਹੈ। ਇਹ ਰੋਟੀ ਛੇਤੀ ਹਜ਼ਮ ਹੋ ਜਾਂਦੀ ਹੈ ਜੇਕਰ ਬਾਹਰ ਕਿਧਰੇ ਜਾਣਾ ਪਵੇ ਤਾਂ ਮੱਕੀ ਦੀ ਤੀਜੀ ਰੋਟੀ ਪੱਲ੍ਹੇ ਬੰਨ੍ਹ ਲੈਣੀ ਚਾਹੀਦੀ ਹੈ ਤਾਂ ਜੋ ਭੁੱਖ ਲੱਗਣ ’ਤੇ ਖਾਧੀ ਜਾ ਸਕੇ।

ਮੱਕਿਓਂ ਪਰ੍ਹਾਂ ਉਜਾੜ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਕਿਸੇ ਗੱਲ ਦੀ ਹੱਦ ਟੱਪ ਜਾਵੇ ਤੇ ਅੜਿਆ ਰਹੇ ਤੇ ਉਸ ਦੀ ਗੱਲ ਮੰਨਣ ਯੋਗ ਨਾ ਹੋਵੇ। ਮੱਖਣ ਖਾਂਦਿਆਂ ਜੇ ਦੰਦ ਘਸਦੇ ਨੇ ਤਾਂ ਘਸਣ ਦਿਓ———ਇਸ ਅਖਾਣ ਦਾ ਭਾਵ ਅਰਥ ਹੈ ਕਿ ਸਾਰੀਆਂ ਸੁੱਖ ਸੁਵਿਧਾਵਾਂ ਹੁੰਦਿਆਂ ਵੀ ਜੇ ਕੋਈ ਬੰਦਾ ਦੁਖੀ ਹੋਵੇ ਤਾਂ ਹੋਣ ਦਿਓ।

ਮੰਗਣ ਗਏ ਸੋ ਮਰ ਗਏ, ਮੰਗਣ ਮੂਲ ਨਾ ਜਾ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਘਰ ਦੀਆਂ ਲੋੜਾਂ ਸਬਰ ਸੰਤੋਖ ਨਾਲ ਪੂਰੀਆਂ ਕਰਨੀਆਂ ਚਾਹੀਦੀਆਂ ਹਨ, ਕਿਸੇ ਦੂਜੇ ਪਾਸੋਂ ਮੰਗਣਾ ਚੰਗਾ ਨਹੀਂ।

ਮੰਗਤਿਆਂ ਨੂੰ ਘਰ ਇਤਨੇ ਜਿਤਨੇ ਨੈਣ ਪਰਾਣ———ਭਾਵ ਇਹ ਹੈ ਕਿ ਜੇਕਰ ਬੰਦਾ ਢੀਠ ਬਣ ਜਾਵੇ ਤਾਂ ਉਸ ਨੂੰ ਮੰਗਣ ਲੱਗਿਆਂ ਘਰਾਂ ਦੀ ਤੋਟ ਨਹੀਂ ਰਹਿੰਦੀ।

ਮੰਗਤਿਆਂ ਤੋਂ ਮੰਗਣਾ ਲਾਹਨਤੀਆਂ ਦਾ ਕੰਮ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਸ ਬੰਦੇ ਦੀਆਂ ਆਪਣੀਆਂ ਲੋੜਾਂ ਹੀ ਮਸਾਂ ਪੂਰੀਆਂ ਹੁੰਦੀਆਂ ਹਨ, ਉਸ ਬੰਦੇ ਪਾਸੋਂ ਮੰਗਣਾ ਚੰਗਾ ਨਹੀਂ।

ਮਗਰ ਬਿਗਾਨੇ ਮੁੱਕੀਆਂ ਬੀਬੇ ਦਏ ਸੰਗ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਦੂਜੇ ਦਾ ਦੁਖ ਨਾ ਸਮਝੇ, ਸਗੋਂ ਹੋਰ ਦੁਖੀ ਕਰੇ।

ਮੰਗੀ ਸੀ ਚੜ੍ਹਨ ਨੂੰ ਮਿਲ ਗਈ ਚੁੱਕਣ ਨੂੰ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਕੰਮ ਤਾਂ ਲਾਭ ਤੇ ਸੁਖ ਲਈ ਸ਼ੁਰੂ ਕੀਤਾ ਜਾਵੇ, ਪ੍ਰੰਤੂ ਉਸ ਵਿੱਚੋਂ ਉਲਟਾ ਦੁਖ ਤੇ ਨੁਕਸਾਨ ਪ੍ਰਾਪਤ ਹੋਵੇ।

ਮੱਛੀ ਪੱਥਰ ਚੱਟ ਕੇ ਮੁੜਦੀ ਹੈ———ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਆਪਣੀ ਜ਼ਿੱਦ ’ਤੇ ਅੜਿਆ ਹੋਇਆ ਕਿਸੇ ਦੀ ਨਾ ਮੰਨ ਕੇ ਆਪਣਾ ਨੁਕਸਾਨ ਕਰਵਾ ਕੇ ਹਟੇ।

ਮੱਝ ਲੋਹੀ, ਭੌਂ ਰੋਹੀ, ਰੰਨ ਜੱਟੀ, ਹੋਰ ਸਭ ਚੱਟੀ———ਇਸ ਅਖਾਣ ਵਿੱਚ ਲੋਹੀ ਮੱਝ ਅਤੇ ਰੋਹੀ ਭੌ ਨੂੰ ਗੁਣਕਾਰੀ ਦੱਸਦਿਆਂ ਹੋਇਆਂ ਰੰਨਾਂ ਵਿੱਚੋਂ ਰੰਨ ਜੱਟੀ ਚੰਗੀ ਸਮਝੀ ਗਈ ਹੈ, ਬਾਕੀ ਜਾਤਾਂ ਦੀਆਂ ਤੀਵੀਆਂ ਤਾਂ ਖਾਣ-ਪੀਣ ਦੀਆਂ ਸ਼ੌਕੀਨ ਹੁੰਦੀਆਂ ਹਨ।

ਮੱਝੀਂ ਘਰ ਵਰਿਆਮਾਂ, ਘੋੜੀਆਂ ਘਰ ਸੁਲਤਾਨਾਂ———ਭਾਵ ਇਹ ਹੈ ਕਿ ਤਕੜੇ ਬੰਦੇ ਹੀ ਮੱਝਾਂ ਰਖਦੇ ਹਨ ਤੇ ਘੋੜੀਆਂ ਅਮੀਰ ਲੋਕ ਹੀ ਪਾਲ਼ ਸਕਦੇ ਹਨ, ਗ਼ਰੀਬ ਨਹੀਂ ਪਾਲ ਸਕਦੇ।

ਮਣ ਭਾਵੇਂ ਮਾਣੀ, ਕਣਕ ਜਵਾਈਆਂ ਖਾਣੀ———ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਐਸ਼ ਕਰਨ ਵਾਲੇ ਬੰਦੇ ਐਸ਼ ਕਰਨ ਲਈ ਕਿਸੇ ਵਸਤੂ ਦੀ ਕੀਮਤ ਦੇ ਵੱਧ-ਘੱਟ ਹੋਣ ਦਾ ਖ਼ਿਆਲ ਨਹੀਂ ਕਰਦੇ।

ਮੱਥਰਾ ਤੀਨ ਲੋਕ ਸੇ ਨਿਆਰੀ———ਇਹ ਅਖਾਣ ਉਸ ਆਦਮੀ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਆਮ ਲੋਕਾਂ ਨਾਲੋਂ ਵੱਖਰਾ-ਵੱਖਰਾ ਰਹਿੰਦਾ ਹੋਵੇ ਤੇ ਉਸ ਦੀ ਸੋਚ ਵੀ ਉਹਨਾਂ ਨਾਲ਼ ਨਾ ਮਿਲਦੀ ਹੋਵੇ।

ਮੰਦੇ ਕੰਮੀਂ ਨਾਨਕਾ, ਜਦ ਕਦ ਮੰਦਾ ਹੋਏ———ਇਸ ਮਹਾਂ ਵਾਕ ਵਿੱਚ ਇਹ ਦੱਸਿਆ ਗਿਆ ਹੈ ਕਿ ਮੰਦੇ ਕੰਮਾਂ ਦਾ ਨਤੀਜਾ ਮਾੜਾ ਹੀ ਨਿਕਲਦਾ ਹੈ।

ਮਨ ਹਰਾਮੀ ਹੁਜਤਾਂ ਢੇਰ———ਜਦੋਂ ਕੋਈ ਬੰਦਾ ਕਿਸੇ ਕੰਮ ਨੂੰ ਕਰਨ ਲਈ ਟਾਲ-ਮਟੋਲ ਕਰਕੇ ਬਹਾਨੇ ਲਾਈ ਜਾਵੇ, ਉਦੋਂ ਇੰਜ ਆਖਦੇ ਹਨ।

ਮੰਨ ਮੰਨੇ ਦਾ ਮੇਲਾ, ਕੌਣ ਗੁਰੂ ਕੌਣ ਚੇਲਾ———ਇਸ ਅਖਾਣ ਵਿੱਚ ਮਨ ਦੀ ਮਰਜ਼ੀ ਦੀ ਉੱਚਤਾ ਦਰਸਾਈ ਗਈ ਹੈ ਕਿ ਜੇਕਰ ਮੰਨ ਨਾ ਮੰਨੇ ਤਾਂ ਮੇਲਾ ਵੀ ਫਿੱਕਾ ਲੱਗਦਾ ਹੈ।

ਮਨੁੱਖ ਪਰਖ਼ੀਏ ਵਸ ਪਿਆ, ਸੋਨਾ ਪਰਖੀਏ ਕਸ ਪਿਆ———ਭਾਵ ਸਪੱਸ਼ਟ ਹੈ, ਵਾਹ ਪਏ ਤੋਂ ਹੀ ਕਿਸੇ ਬੰਦੇ ਦਾ ਪਤਾ ਲੱਗਦਾ ਹੈ ਤੇ ਸੋਨਾ ਕਸਵੱਟੀ 'ਤੇ ਹੀ ਪਰਖ਼ਿਆ ਜਾਂਦਾ ਹੈ।

ਮਰਦ ਦੀ ਮਾਇਆ ਤੇ ਬ੍ਰਿਛ ਦੀ ਛਾਇਆ ਉਹਦੇ ਨਾਲ ਹੀ ਜਾਂਦੀ ਹੈ———ਜਦੋਂ ਕਿਸੇ ਧਨਵਾਨ ਮਨੁੱਖ ਦੇ ਮਰ ਜਾਣ ਮਗਰੋਂ ਉਹਦੇ ਘਰ ਦਾ ਬੁਰਾ ਹਾਲ ਹੋ ਜਾਵੇ ਤਾਂ ਸੋਗ ਕਰਨ ਆਏ ਬੰਦੇ ਅਕਸਰ ਇਹ ਅਖਾਣ ਬੋਲਦੇ ਹਨ।

ਮਰਦਾਂ ਅਤੇ ਘੋੜਿਆਂ ਕੰਮ ਪੈਣ ਅਵੱਲੇ———ਭਾਵ ਇਹ ਹੈ ਕਿ ਮਰਦਾਂ ਅਤੇ ਘੋੜਿਆਂ ਨੂੰ ਔਖ ਝੱਲਣੀ ਹੀ ਪੈਂਦੀ ਹੈ।

ਮਰਦਾ ਕੀ ਨਾ ਕਰਦਾ———ਭਾਵ ਇਹ ਹੈ ਕਿ ਕਈ ਵਾਰ ਮਜ਼ਬੂਰੀ ਵਿੱਚ ਮਨੁੱਖ ਨੂੰ ਅਜਿਹਾ ਕੰਮ ਕਰਨਾ ਪੈ ਜਾਂਦਾ ਹੈ ਜਿਹੜਾ ਕੰਮ ਉਹ ਆਮ ਹਾਲਤਾਂ ਵਿੱਚ ਕਰਨ ਲਈ ਕਦੀ ਵੀ ਰਾਜ਼ੀ ਨਾ ਹੋਵੇ।

ਮਰਦਾਂ ਭੱਜਣਾ ਮਹਿਣਾ, ਮਹੀਆਂ ਡੁੱਬਣ ਲਾਜ———ਇਹ ਅਖਾਣ ਮੈਦਾਨ ਵਿੱਚ ਟਾਕਰਾ ਅਥਵਾ ਮੁਕਾਬਲਾ ਕਰ ਰਹੇ ਕਿਸੇ ਬੰਦੇ ਨੂੰ ਹੌਸਲਾ ਦੇਣ ਲਈ ਵਰਤਿਆ ਜਾਂਦਾ ਹੈ। ਮਰਦ ਮੈਦਾਨੋਂ ਨਹੀਂ ਭੇਜਦੇ ਤੇ ਮੱਝਾਂ ਤੈਰ ਕੇ ਦਰਿਆ ਪਾਰ ਕਰ ਜਾਂਦੀਆਂ ਹਨ।

ਮਰਦੀ ਮਰ ਗਈ ਨਖ਼ਰਾ ਨਾ ਗਿਆ———ਜਦੋਂ ਕੋਈ ਬੰਦਾ ਆਰਥਿਕਤਾ ਪੱਖੋਂ ਬਹੁਤ ਕਮਜ਼ੋਰ ਹੋ ਜਾਵੇ ਪ੍ਰੰਤੂ ਆਪਣੀ ਬਾਹਰੀ ਸ਼ਾਨੋ-ਸ਼ੌਕਤ ਕਾਇਮ ਰੱਖੇ, ਉਦੋਂ ਆਖਦੇ ਹਨ।

ਮਲਾਹ ਦਾ ਹੁੱਕਾ ਸੁੱਕੇ ਦਾ ਸੁੱਕਾ———ਭਾਵ ਇਹ ਹੈ ਕਿ ਆਲਸ ਕਾਰਨ ਕਾਰੀਗਰ ਅਤੇ ਹੁਨਰਮੰਦ ਬੰਦੇ ਆਪਣੇ ਘਰ ਵੱਲ ਘੱਟ ਹੀ ਧਿਆਨ ਦਿੰਦੇ ਹਨ। ਆਮ ਤੌਰ 'ਤੇ ਰਾਜ ਮਿਸਤਰੀਆਂ ਦੇ ਕੌਲੇ ਢਹੇ ਹੋਏ ਹੁੰਦੇ ਹਨ ਤੇ ਦਰਜੀਆਂ ਦੇ ਪਜਾਮੇਂ ਫਟੇ ਹੋਏ।

ਮਾਂ ਜਹੀ ਮਾਸੀ, ਕੰਧ ਐਰੇ ਤੇ ਜਾਸੀ———ਜਦੋਂ ਦੋ ਭੈਣਾਂ ਜਾਂ ਭਰਾਵਾਂ ਦੇ ਸੁਭਾਵਾਂ ਦੀ ਸਮਾਨਤਾ ਦਰਸਾਉਣੀ ਹੋਵੇ, ਉਦੋਂ ਆਖਦੇ ਹਨ। ਮਾਂ ਟਟੀਹਰੀ ਪਿਉ ਕੁਲੰਗ, ਬੱਚੇ ਨਿਕਲੇ ਰੰਗ ਬਰੰਗ———ਜਦੋਂ ਮਾਂ-ਪਿਉ ਦੇ ਵੱਖਰੇ-ਵੱਖਰੇ ਸੁਭਾਅ ਹੋਣ ਅਤੇ ਉਹਨਾਂ ਦੇ ਪੁੱਤਾਂ-ਧੀਆਂ ਦੇ ਸੁਭਾਅ ਵੀ ਨਾ ਮਿਲਦੇ ਹੋਣ, ਉਦੋਂ ਇਹ ਅਖਾਣ ਵਰਤਦੇ ਹਨ।

ਮਾਂ ਦਾ ਪੇਟ ਘੁਮਿਆਰਾਂ ਦਾ ਆਵਾ, ਕੋਈ ਕਾਲਾ ਕੋਈ ਚਿੱਟਾ———ਭਾਵ ਇਹ ਹੈ ਕਿ ਮਾਂ ਦੀ ਉਲਾਦ ਅਕਲੋਂ, ਸ਼ਕਲੋਂ ਤੇ ਸੁਭਾਅ ਵੱਲੋਂ ਇਕਸਾਰ ਨਹੀਂ ਹੁੰਦੀ।

ਮਾਂ ਦੀ ਸੌਂਕਣ ਧੀ ਦੀ ਸਹੇਲੀ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਘਰ ਦਾ ਬੰਦਾ ਅਜਿਹੇ ਬੰਦੇ ਨਾਲ ਦੋਸਤੀ ਰੱਖੇ ਜਿਸ ਦੀ ਭਾਵਨਾ ਘਰ ਬਾਰੇ ਮੰਦੀ ਹੋਵੇ।

ਮਾਂ ਨਾ ਭੈਣ ਕੌਣ ਕਹੇ ਵੈਣ———ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਸ ਦਾ ਕੋਈ ਵੀ ਮਿੱਤਰ ਪਿਆਰਾ ਨਾ ਹੋਵੇ।

ਮਾਂ ਨਾਲੋਂ ਹੇਜਲੀ ਸੋ ਫਫੇ ਕੁੱਟਣ———ਜਦੋਂ ਕੋਈ ਓਪਰਾ ਬੰਦਾ ਆਪਣੇ ਸਕਿਆਂ ਨਾਲੋਂ ਵੀ ਵੱਧ ਪਿਆਰ ਦਾ ਦਿਖਾਵਾ ਕਰੇ, ਉਦੋਂ ਆਖਦੇ ਹਨ।

ਮਾਂ ਨਾਲੋਂ ਧੀ ਸਿਆਣੀ, ਰਿੱਧੇ ਪੱਕੇ ਪਾਏ ਪਾਣੀ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਮਾਂ ਨਾਲੋਂ ਧੀ ਵਧੇਰੇ ਕੰਜੂਸ ਜਾਂ ਮੂਰਖ਼ ਹੈ।

ਮਾਂ ਪਿਉ ਦੀਆ ਗਾਲ੍ਹਾਂ, ਘਿਉ ਦੀਆਂ ਨਾਲਾਂ———ਇਸ ਅਖਾਣ ਵਿੱਚ ਮਾਂ-ਪਿਉ ਦੀਆਂ ਝਿੜਕਾਂ ਨੂੰ ਖਿੜੇ ਮੱਥੇ ਸਹਿਣ ਲਈ ਬੱਚਿਆਂ ਨੂੰ ਉਪਦੇਸ਼ ਦਿੱਤਾ ਗਿਆ ਹੈ।

ਮਾਂ ਫਿਰੇ ਫੋਸੀ ਫੋਸੀ ਨੂੰ ਪੁੱਤ ਗਹੀਰੇ ਮਣਸੇ———ਜਦੋਂ ਕੋਈ ਬੰਦਾ ਆਪਣੇ ਗਰੀਬ ਮਾਪਿਆਂ ਦੀ ਥੋੜ੍ਹੀ-ਥੋੜ੍ਹੀ ਮਿਹਨਤ ਕਰਕੇ ਜੋੜੀ ਪੂੰਜੀ ਨੂੰ ਫ਼ੋਕੀ ਸ਼ੇਖੀ ਮਾਰਕੇ ਉਜਾੜੇ, ਉਦੋਂ ਇੰਜ ਆਖਦੇ ਹਨ।

ਮਾਂ ਮੇਰੇ ਨਾਨਕੇ ਬੜੇ ਚੰਗੇ ਨੇ, ਪੁੱਤ ਪੇਕੇ ਮੇਰੇ ਈ ਐ———ਜਦੋਂ ਕੋਈ ਬੰਦਾ ਕਿਸੇ ਬੰਦੇ ਮੂਹਰੇ ਅਜਿਹੇ ਬੰਦੇ ਦਾ ਗੁਣ-ਗਾਨ ਕਰੇ ਜਿਸ ਦੇ ਮਾੜੇ ਪੱਖ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੋਵੇ, ਉਦੋਂ ਆਖਦੇ ਹਨ।

ਮਾਸੀ ਕਾਣੀਏਂ ਹੱਥ ਲੱਗਣ ਤਾਂ ਜਾਣੀਏਂ———ਜਦੋਂ ਕਿਸੇ ਬੰਦੇ ਦੇ ਕਰੜੇ ਸੁਭਾਅ ਬਾਰੇ ਕਿਸੇ ਦੂਜੇ ਨੂੰ ਭੁਲੇਖਾ ਲੱਗਾ ਹੋਵੇ, ਉਸ ਨੂੰ ਦੂਰ ਕਰਨ ਲਈ ਇੰਜ ਆਖਦੇ ਹਨ।

ਮਾਮਲਾ ਪਏ ਜਾਣੀਏਂ ਉਤੋਂ ਕੀ ਪਛਾਣੀਏਂ———ਭਾਵ ਸਪੱਸ਼ਟ ਹੈ ਕਿ ਕਿਸੇ ਨਾਲ ਵਾਹ ਪਏ ਤੇ ਹੀ ਉਸ ਦੇ ਸੁਭਾਅ ਦਾ ਪਤਾ ਲੱਗਦਾ ਹੈ। ਸ਼ਕਲ ਸੂਰਤੋਂ ਕਿਸੇ ਦੀ ਪਛਾਣ ਨਹੀਂ ਹੋ ਸਕਦੀ।

ਮਾਮੇ ਕੰਨੀਂ ਬੀਰ ਬਾਲੀਆਂ, ਭਾਣਜਾ ਆਕੜਿਆ ਫਿਰੇ———ਜਦੋਂ ਕੋਈ ਬੰਦਾ ਆਪਣੇ ਕਿਸੇ ਅਮੀਰ ਰਿਸ਼ਤੇਦਾਰ ਦੇ ਬਲਬੂਤੇ ’ਤੇ ਆਕੜਿਆ ਫਿਰੇ ਜਾਂ ਟੋਹਰਾਂ ਮਾਰੇ, ਉਦੋਂ ਆਖਦੇ ਹਨ। ਮਾਰਨ ਵਾਲੇ ਛੁੱਟ ਗਏ ਤੇ ਪਿਛਲੇ ਫੜੇ ਗਏ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਦੋਸ਼ੀ ਤਾਂ ਸਾਫ਼ ਬਚ ਕੇ ਨਿਕਲ ਜਾਏ, ਪ੍ਰੰਤੂ ਬੇਦੋਸ਼ਾ ਬੰਦਾ ਫੜ ਲਿਆ ਜਾਵੇ।

ਮਾਰੀ ਅੱਖ ਤੇ ਫਰਕੇ ਗੋਡਾ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਥੋੜਦਿਲਾ ਬੰਦਾ ਮਾੜੇ ਮੋਟੇ ਦੁੱਖ ਨੂੰ ਵਧਾਅ-ਚੜਾਅ ਕੇ ਦੱਸੇ।

ਮਾਰੇ ਨਾਲੋਂ ਯਰਕਾਇਆ/ਭਜਾਇਆ ਚੰਗਾ———ਭਾਵ ਇਹ ਹੈ ਕਿ ਕਿਸੇ ਵੈਰੀ ਨੂੰ ਜਾਨੋ ਮਾਰਨ ਨਾਲੋਂ ਉਸ ਨੂੰ ਡਰਾ-ਧਮਕਾ ਕੇ ਭਜਾਉਣ ਵਿੱਚ ਹੀ ਰਾਜਨੀਤੀ ਹੈ।

ਮਾਰੇ ਨੀ ਭਿੱਤ ਚਾਏ ਨੀ ਚਿੱਤ, ਖ਼ੁਸ਼ ਰਹੁ ਗਵਾਂਢਣੇ ਲੜਦੀ ਸੈਂ ਨਿੱਤ———ਜਦੋਂ ਕੋਈ ਚੰਦਰੇ ਤੇ ਅਵੈੜੇ ਸੁਭਾਅ ਵਾਲੇ ਗੁਆਂਢੀ ਦਾ ਸਾਥ ਛੱਡਣ ਲੱਗੇ, ਉਦੋਂ ਇਹ ਅਖਾਣ ਬੋਲਦੇ ਹਨ।

ਮਾਲ ਤੇ ਜਗਾਤ ਹੁੰਦੀ ਹੈ———ਭਾਵ ਸਪੱਸ਼ਟ ਹੈ ਕਿ ਜਿੰਨਾ ਕਿਸੇ ਦਾ ਮਾਲ ਹੋਵੇਗਾ, ਓਨਾ ਹੀ ਉਸ ਨੂੰ ਟੈਕਸ ਭਰਨਾ ਪਵੇਗਾ।

ਮਾਵਾਂ ਧੀਆਂ ਰਿੱਧਾ ਭੱਤਾ, ਮਿੱਠਾ ਬੇਬੇ ਮਿੱਠਾ ਹੈ———ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੋ ਜਣੇ ਇਕ-ਦੂਜੇ ਦੀਆਂ ਸਿਫ਼ਤਾਂ ਕਰੀ ਜਾਣ ਜਾਂ ਇਕ-ਦੂਜੇ ਦੀਆਂ ਵਸਤਾਂ ਨੂੰ ਸਲਾਹੁਣ।

ਮਾੜਾ ਢੱਗਾ ਛੱਤੀ ਰੋਗ———ਕਿਸੇ ਕਮਜ਼ੋਰ ਤੇ ਮਾੜੇ ਬੰਦੇ ਨੂੰ ਦੇਖ ਕੇ ਲੋਕ ਅਕਸਰ ਇਹ ਅਖਾਣ ਬੋਲਦੇ ਹਨ ਜਾਂ ਕਮਜ਼ੋਰ ਬੰਦਾ ਵੀ ਆਪਣੇ ਆਪ ਲਈ ਇਹ ਅਖਾਣ ਵਰਤ ਲੈਂਦਾ ਹੈ।

ਮਾੜੇ ਸ਼ਾਹ ਦੀਆਂ ਮਨ ਵਿੱਚ ਖੇਪਾਂ, ਪੰਜੀਂ ਲਵਾਂ ਪੰਜਾਹੀਂ ਵੇਦਾਂ———ਇਸ ਅਖਾਣ ਰਾਹੀਂ ਕਿਸੇ ਮਾੜੇ ਸ਼ਾਹੂਕਾਰ ਦੀਆਂ ਮਨ ਬਚਨੀਆਂ ਨੂੰ ਜੋ ਸ਼ੇਖ਼ਚਿਲੀ ਵਾਲੇ ਸੁਪਨੇ ਲੈਂਦੀਆਂ ਹਨ, ਦਰਸਾਇਆ ਗਿਆ ਹੈ।

ਮਾੜੇ ਦੀ ਜੋਰੂ ਜਣੇ ਖਣੇ ਦੀ ਭਾਬੀ———ਭਾਵ ਇਹ ਹੈ ਕਿ ਗ਼ਰੀਬ ਅਤੇ ਕਮਜ਼ੋਰ ਬੰਦੇ ’ਤੇ ਹਰ ਕੋਈ ਆਪਣਾ ਅਧਿਕਾਰ ਜਤਾਉਂਦਾ ਹੈ।

ਮਿੱਠਾ ਮਿੱਠਾ ਹੱਪ, ਕੌੜਾ ਕੌੜਾ ਖੂਹ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਚੁਸਤ ਬੰਦਾ ਚੰਗੇ ਕੰਮ ਲਈ ਵਡਿਆਈ ਆਪ ਖਟ ਲਏ ਤੇ ਮਾੜੇ ਕੰਮ ਦਾ ਦੋਸ਼ ਦੂਜੇ 'ਤੇ ਮੜੇ ਜਾਂ ਕਿਸੇ ਚੀਜ਼ ਵਿੱਚੋਂ ਚੰਗਾ ਹਿੱਸਾ ਆਪ ਲੈ ਲਵੇ ਤੇ ਮਾੜਾ ਦੂਜੇ ਨੂੰ ਦੇ ਦੇਵੇ।

ਮਿਰਜ਼ਾ ਮਰ ਗਿਐ ਕਿ ਸਰੰਗੀ ਟੁਟਗੀ———ਜਦੋਂ ਇਹ ਦੱਸਣਾ ਹੋਵੇ ਕਿ ਗੱਲ ਅਜੇ ਮੁੱਕੀ ਨਹੀਂ ਚਾਲੂ ਹੈ ਜਾਂ ਮਾਮਲਾ ਨਿਪਟਿਆ ਨਹੀਂ, ਉਦੋਂ ਇਹ ਅਖਾਣ ਬੋਲਦੇ ਹਨ।

ਮਿਲਦਿਆਂ ਦੇ ਸਾਕ, ਵਾਂਹਦਿਆਂ ਦੀਆਂ ਜ਼ਮੀਨਾਂ ਤੇ ਵਸਦਿਆਂ ਦੇ ਘਰ———ਭਾਵ ਇਹ ਹੈ ਕਿ ਸਕੀਰੀਆਂ ਮਿਲਣ-ਗਿਲਣ ਨਾਲ਼ ਕਾਇਮ ਰਹਿੰਦੀਆਂ ਹਨ ਤੇ ਜ਼ਮੀਨਾਂ ਮਾਲਕ ਆਪ ਵਾਹੇ ਤਾਂ ਕੁਝ ਪੱਲੇ ਪੈਂਦਾ ਹੈ ਤੇ ਘਰ ਵੀ ਆਪ ਵਸਣ ਕਰਕੇ ਸਬੂਤੇ ਰਹਿੰਦੇ ਹਨ।

ਮੀਆਂ ਬੀਬੀ ਰਾਜ਼ੀ ਕੀ ਕਰੂਗਾ ਕਾਜ਼ੀ———ਜਦੋਂ ਇਹ ਦੱਸਣਾ ਹੋਵੇ ਕਿ ਜੇਕਰ ਦੋਵੇਂ ਧਿਰਾਂ ਕੋਈ ਕੰਮ ਕਰਨ ਲਈ ਰਾਜ਼ੀ ਹੋ ਜਾਣ ਤਾਂ ਤੀਜਾ ਬੰਦਾ ਉਹਨਾਂ ਨੂੰ ਇਹ ਕੰਮ ਕਰਨੋਂ ਰੋਕ ਨਹੀਂ ਸਕਦਾ।

ਮੀਸਣੀ ਖਾਵੇ ਤੇ ਮੂੰਹ ਨਾ ਹਿਲਾਵੇ———ਇਹ ਅਖਾਣ ਉਸ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ ਜਿਹੜਾ ਆਪਣੇ ਮਕਰ, ਫ਼ਰੇਬ ਤੇ ਚਲਾਕੀ ਵਾਲੀ ਗੱਲ ਨੂੰ ਪ੍ਰਗਟ ਨਾ ਹੋਣ ਦੇਵੇ।

ਮੀਂਹ ਉਠੇ ਤੇ, ਚੋਰ ਡਿੱਠੇ ਤੇ———ਭਾਵ ਇਹ ਹੈ ਕਿ ਤਸੱਲੀ ਕੀਤੇ ਬਿਨਾ ਕਿਸੇ ’ਤੇ ਦੋਸ਼ ਲਾਉਣਾ ਠੀਕ ਨਹੀਂ।

ਮੀਂਹ ਜੇਠੀ ਦਾ ਪੁੱਤਰ ਪਲੇਠੀ ਦਾ———ਇਸ ਅਖਾਣ ਦਾ ਭਾਵ ਇਹ ਹੈ ਕਿ ਜੇਠ ਮਹੀਨੇ ਵਸਿਆ ਮੀਂਹ ਫ਼ਸਲਾਂ ਲਈ ਚੰਗਾ ਹੁੰਦਾ ਹੈ ਤੇ ਪਲੇਠੀ ਦਾ ਪੁੱਤਰ ਛੇਤੀ ਜਵਾਨ ਹੋ ਕੇ ਆਪਣੇ ਬਾਪ ਨਾਲ ਸਹਾਇਤਾ ਕਰਨ ਲੱਗ ਜਾਂਦਾ ਹੈ।

ਮੁੰਡਾ ਭੂਤਨਾ ਕੁੜੀ ਚੁੜੇਲ ਪੜ੍ਹਕੇ ਮੰਤਰ ਦਿੱਤੇ ਮੇਲ———ਜਦੋਂ ਵੱਖੋ-ਵੱਖਰੀਆਂ ਅਵੈੜੀਆਂ ਆਦਤਾਂ ਵਾਲੇ ਮੁੰਡੇ ਤੇ ਕੁੜੀ ਦਾ ਆਪਸ ਵਿੱਚ ਵਿਆਹ ਹੋ ਜਾਵੇ, ਉਦੋਂ ਮਜ਼ਾਕ-ਮਜ਼ਾਕ ਵਿੱਚ ਇਹ ਅਖਾਣ ਬੋਲਦੇ ਹਨ।

ਮੁੰਡਾ ਮੰਗਿਆ ਚਰਖਾ ਕੀਲੀ ਟੰਗਿਆ———ਜਦੋਂ ਮੁੰਡੇ ਦਾ ਮੰਗਣਾ ਹੋ ਜਾਂਦਾ ਹੈ ਤੇ ਆਮ ਰਿਵਾਜ਼ ਅਨੁਸਾਰ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਕੁਝ ਨਾ ਕੁਝ ਭੇਜਦੇ ਰਹਿੰਦੇ ਹਨ ਉਦੋਂ ਮੁੰਡੇ ਦੀ ਮਾਂ, ਮੁੰਡੇ ਦੇ ਵਿਆਹ ਵਿੱਚ ਦਾਜ ’ਚ ਖੇਸੀਆਂ ਆਦਿ ਮਿਲਣ ਦੀ ਆਸ ਵਿੱਚ ਚਰਖਾ ਕੱਤਣਾ ਬੰਦ ਕਰ ਦਿੰਦੀ ਹੈ।

ਮੁੰਡਾ ਮਰ ਜਾਏ ਤੜਾਗੀ ਨਾ ਟੁੱਟੇ———ਕਿਸੇ ਚੀਜ਼ ਦੀ ਪਕਿਆਈ ਤੇ ਮਜ਼ਬੂਤੀ ਜ਼ਾਹਿਰ ਕਰਨ ਲਈ ਮਜ਼ਾਕ ਵਿੱਚ ਇਹ ਅਖਾਣ ਬੋਲਦੇ ਹਨ।

ਮੁਰਦਾ ਬੋਲੂ, ਖੱਫਣ ਪਾੜੂ ———ਜਦੋਂ ਕੋਈ ਬੰਦਾ ਕਿਸੇ ਨੂੰ ਚੁਭਵੀਂ ਗੱਲ ਆਖ ਕੇ ਅਗਲੇ ਦਾ ਸੀਨਾ ਸਾੜ ਦੇਵੇ, ਉਦੋਂ ਇੰਜ ਕਹਿੰਦੇ ਹਨ।

ਮੂਸਾ ਨਠਿਆ ਮੌਤ ਤੋਂ ਅੱਗੇ ਮੌਤ ਖੜ੍ਹੀ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕਿਸੇ ਮੁਸੀਬਤ ਤੋਂ ਨਿਜ਼ਾਤ ਹਾਸਿਲ ਕਰਨ ਲਈ ਭੱਜ-ਦੌੜ ਕਰਦਾ ਹੋਇਆ ਕੋਈ ਨਵੀਂ ਮੁਸੀਬਤ ਸਹੇੜ ਬੈਠੇ।

ਮੂੰਹ ਆਈ ਗੱਲ ਨਾ ਰਹਿੰਦੀ ਏ———ਭਾਵ ਇਹ ਹੈ ਕਿ ਮੁੰਹ ਵਿੱਚ ਆਈ ਗੱਲ ਬਾਹਰ ਨਿਕਲ ਹੀ ਜਾਂਦੀ ਹੈ, ਦਬਾਈ ਨਹੀਂ ਜਾ ਸਕਦੀ। ਮੂੰਹ ਜੱਟੇ, ਕੂੜ ਨਖੁੱਟੇ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮੂੰਹੋਂ ਮੂੰਹੀਂ ਗੱਲਬਾਤ ਕਰਨ ਨਾਲ ਸਾਰੀਆਂ ਗ਼ਲਤ-ਫ਼ਹਿਮੀਆਂ ਦੂਰ ਹੋ ਜਾਂਦੀਆਂ ਹਨ।

ਮੁੰਹ ਤੋਂ ਲਾਹੀ ਲੋਈ, ਕੀ ਕਰੇਗਾ ਕੋਈ———ਇਹ ਅਖਾਣ ਆਮ ਤੌਰ 'ਤੇ ਬੇਸ਼ਰਮ ਤੇ ਢੀਠ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ।

ਮੂੰਹ ਦੀ ਲਹਿਰ ਬਹਿਰ, ਹੱਥਾਂ ਦੀ ਹੜਤਾਲ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਗੱਲੀਂ-ਬਾਤੀਂ ਹੀ ਦੂਜੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇ ਪ੍ਰੰਤੂ ਆਪਣੇ ਪੱਲਿਓਂ ਕੁਝ ਵੀ ਨਾ ਦੇਵੇ।

ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ———ਇਹ ਅਖਾਣ ਮਜ਼ਾਕ ਵਿੱਚ ਕਿਸੇ ਕਰੂਪ ਬੰਦੇ ਨੂੰ ਵੇਖ ਕੇ ਬੋਲਿਆ ਜਾਂਦਾ ਹੈ।

ਮੂੰਹ ਮੰਗੀ ਤਾਂ ਮੌਤ ਵੀ ਨਹੀਂ ਮਿਲਦੀ———ਇਸ ਅਖਾਣ ਦਾ ਭਾਵ ਇਹ ਹੈ ਕਿ ਇਨਸਾਨ ਦੇ ਮਨ ਦੀ ਚਾਹਨਾ ਪੂਰਨ ਤੌਰ `ਤੇ ਕਦੀ ਵੀ ਪੂਰੀ ਨਹੀਂ ਹੁੰਦੀ।

ਮੂੰਹ ਵਿੱਚ ਸ਼ੇਖ਼ ਫ਼ਰੀਦ, ਬਗਲ ਵਿੱਚ ਇੱਟਾਂ———ਜਦੋਂ ਉੱਤੋਂ-ਉੱਤੋਂ ਸਾਊ ਦਿਸਦੇ ਕਿਸੇ ਬੰਦੇ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾ-ਫਾਸ਼ ਹੋ ਜਾਵੇ, ਉਦੋਂ ਕਹਿੰਦੇ ਹਨ।

ਮੂੰਹਾਂ ਦੇ ਮੁਲਾਜ਼ੇ, ਸਿਰਾਂ ਨੂੰ ਸਲਾਮਾਂ———ਜਦੋਂ ਇਹ ਦੱਸਣਾ ਹੋਵੇ ਕਿ ਸਾਹਮਣੇ ਬੈਠੇ ਬੰਦੇ ਦਾ ਜਿਹੜਾ ਲਿਹਾਜ਼ ਹੁੰਦਾ ਹੈ ਉਹ ਅੱਖੋਂ ਓਹਲੇ ਬੈਠੇ ਬੰਦੇ ਦਾ ਨਹੀਂ ਹੁੰਦਾ, ਉਦੋਂ ਇਹ ਅਖਾਣ ਵਰਤਦੇ ਹਨ।

ਮੂੰਹੋਂ ਨਿਕਲੀ, ਤੁਰਤ ਪਰਾਈ———ਭਾਵ ਇਹ ਹੈ ਕਿ ਮੂੰਹੋਂ ਨਿਕਲੀ ਗੱਲ ਮੁੜਕੇ ਵਾਪਸ ਨਹੀਂ ਪਰਤਦੀ।

ਮੂਰਖ ਦਾ ਹਾਸਾ, ਭੰਨ ਸੁੱਟੇ ਪਾਸਾ———ਕਈ ਵਾਰ ਹਾਸਾ ਮਖੌਲ ਕਰਦਿਆਂ ਮਖੌਲ-ਮਖੌਲ ਵਿੱਚ ਕਿਸੇ ਦੇ ਸੱਟ-ਫੇਟ ਲੱਗ ਜਾਂਦੀ ਹੈ, ਉਦੋਂ ਇੰਜ ਆਖਦੇ ਹਨ।

ਮੂਰਖ਼ਾਂ ਦੇ ਕਿਹੜਾ ਸਿੰਗ ਹੁੰਦੇ ਹਨ———ਜਦੋਂ ਕੋਈ ਬੰਦਾ ਜੁੜੀ ਮਹਿਫ਼ਲ ਵਿੱਚ ਮੂਰਖਾਂ ਵਾਲੀ ਗੱਲ ਕਰ ਬੈਠੇ, ਉਸ ਨੂੰ ਠਿਠ ਕਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਮੂਰਖਾਂ ਦੇ ਪਿੰਡ ਵੱਖਰੇ ਨਹੀਂ ਹੁੰਦੇ———ਭਾਵ ਇਹ ਹੈ ਕਿ ਮੂਰਖਾਂ ਵਾਸਤੇ ਵੱਖਰੇ ਟਿਕਾਣੇ ਨਹੀਂ ਹੁੰਦੇ, ਉਹ ਕਿਸੇ ਥਾਂ ਵੀ ਹੋ ਸਕਦੇ ਹਨ। ਇਹ ਅਖਾਣ ਵੀ ਉੱਪਰ ਦਿੱਤੇ ਅਖਾਣਾਂ ਵਾਂਗ ਉਦੋਂ ਬੋਲਦੇ ਹਨ, ਜਦੋਂ ਕੋਈ ਇਕੱਠ ਵਿੱਚ ਮੂਰਖਾਂ ਵਾਲੀ ਹਰਕਤ ਕਰ ਬੈਠੇ, ਉਸ ਨੂੰ ਸ਼ਰਮਿੰਦਾ ਕਰਨ ਲਈ ਇੰਜ ਆਖਦੇ ਹਨ।

ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਧੀਆਂ-ਪੁੱਤਾਂ ਨਾਲੋਂ ਉਹਨਾਂ ਦੀ ਔਲਾਦ ਵਧੇਰੇ ਪਿਆਰੀ ਲੱਗਦੀ ਹੈ। ਮੇਰਾ ਗੱਲ਼੍ਹ ਤੇਰੇ ਹੱਥ———ਜਦੋਂ ਕੋਈ ਬੰਦਾ ਆਪਣੇ ਆਪ ਨੂੰ ਪੂਰਨ ਤੌਰ 'ਤੇ ਕਿਸੇ ਦੇ ਹਵਾਲੇ ਕਰ ਦਿੰਦਾ ਹੈ ਜਾਂ ਕਿਸੇ ਨੂੰ ਆਪਣਾ ਆਗੂ ਮੰਨ ਲੈਂਦਾ ਹੈ, ਉਦੋਂ ਆਖਦੇ ਹਨ।

ਮੇਲਾ ਮੇਲੀਆਂ ਦਾ ਜਾਂ ਪੈਸੇ ਧੇਲੀਆਂ ਦਾ———ਮੇਲੇ ਜਾਣ ਦਾ ਸੁਆਦ ਉਦੋਂ ਹੀ ਆਉਂਦਾ ਹੈ ਜੇ ਜੇਬ ਵਿੱਚ ਪੈਸੇ ਹੋਣ ਤੇ ਅੱਗੋਂ ਬੇਲੀ ਮਿੱਤਰ ਮਿਲ ਜਾਣ।

ਮੈਂ ਸ਼ਰਮਾਂਦੀ ਅੰਦਰ ਵੜੀ, ਮੂਰਖ਼ ਆਖੇ ਮੈਥੋਂ ਡਰੀ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਅੱਖੜ ਸੁਭਾਅ ਦਾ ਬੰਦਾ ਕਿਸੇ ਭਲੇਮਾਣਸ ਬੰਦੇ ਦੀ ਸ਼ਰਾਫ਼ਤ ਨੂੰ ਉਸ ਦੀ ਕਮਜ਼ੋਰੀ ਸਮਝਣ ਲੱਗ ਜਾਵੇ।

ਮੈਂ ਤੈਨੂੰ ਕਿਹੋ ਜਿਹਾ ਲਗਦਾਂ, ਅਖੇ ਆਪਣੇ ਦਿਲ ਕੋਲੋਂ ਪੁੱਛ———ਜਦੋਂ ਇਹ ਦੱਸਣਾ ਹੋਵੇ ਕਿ ਤੁਹਾਡੇ ਬਾਰੇ ਕਿਸੇ ਦੇ ਦਿਲ ਵਿੱਚ ਉਹੀ ਭਾਵਨਾ ਹੋਵੇਗੀ ਜਿਹੜੀ ਤੁਸੀਂ ਦੂਜੇ ਬੰਦੇ ਬਾਰੇ ਰਖਦੇ ਹੋ, ਉਦੋਂ ਇਹ ਅਖਾਣ ਬੋਲਦੇ ਹਨ।

ਮੈਂ ਨਾ ਜੰਮਦੀ ਤੈਨੂੰ ਕੀਹਨੇ ਵਿਆਹੁਣਾ ਸੀ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਆਕੜ ਕੇ ਇਹ ਆਖੇ ਕਿ ਮੇਰੇ ਬਿਨਾਂ ਫਲਾਣਾ ਕੰਮ ਹੋ ਹੀ ਨਹੀਂ ਸੀ ਸਕਣਾ, ਉਸ ਆਕੜਖ਼ਾਨ ਵਾਸਤੇ ਇਹ ਅਖਾਣ ਬੋਲਦੇ ਹਨ।

ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੂਗਾ ਪਾਣੀ———ਜਦੋਂ ਇਕੋ ਜਿਹੀ ਪੱਧਰ ਦੇ ਬੰਦੇ ਕੋਈ ਕੰਮ ਕਰਨ ਤੋਂ ਪਾਸਾ ਵੱਟਣ, ਉਦੋਂ ਇੰਜ ਆਖਦੇ ਹਨ।

ਮੋਇਆਂ ਲੱਗੇ ਕੰਢੇ ਜਿਉਂਦੇ ਲੱਗੇ ਧੰਦੇ———ਇਸ ਅਖਾਣ ਵਿੱਚ ਜਗ ਦੀ ਰੀਤ ਬਾਰੇ ਦੱਸਿਆ ਗਿਆ ਹੈ ਕਿ ਮਰੇ ਬੰਦੇ ਦੀਆਂ ਅੰਤਿਮ ਰੀਤਾਂ ਪੂਰੀਆਂ ਹੋਣ ਮਗਰੋਂ ਉਸ ਦੇ ਪਰਿਵਾਰ ਦੇ ਬੰਦੇ ਆਪਣੇ-ਆਪਣੇ ਧੰਦਿਆਂ ਵਿੱਚ ਜੁੱਟ ਜਾਂਦੇ ਹਨ।

ਮੋਈ ਤਾਂ ਜੇ ਸਾਹ ਨਾ ਆਇਆ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਫੜਾਂ ਮਾਰ ਕੇ ਇਹ ਆਖੇ ਕਿ ਜੇ ਮੈਨੂੰ ਨਾ ਰੋਕਦੇ ਤਾਂ ਮੈਂ ਆਹ ਕਰ ਦੇਣਾ ਸੀ, ਔਹ ਕਰ ਦੇਣਾ ਸੀ।

ਮੋਈ ਵੱਛੀ ਬਾਹਮਣਾਂ ਦੇ ਨਾਂ———ਜਦੋਂ ਕੋਈ ਬੰਦਾ ਕੋਈ ਅਜਿਹੀ ਚੀਜ਼ ਦੂਜੇ ਬੰਦੇ ਨੂੰ ਦੇ ਕੇ ਉਹਦੇ ਸਿਰ ਅਹਿਸਾਨ ਚਾੜੇ ਜੋ ਕਿਸੇ ਕੰਮ ਦੀ ਨਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਮੌਜਾਂ ਕਰਨ ਗੁਮਾਸ਼ਤੇ, ਧਾਹੀਂ ਮਾਰਨ ਸ਼ਾਹ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਅਣ-ਕਮਾਏ ਧੰਨ ਨੂੰ ਪ੍ਰਾਪਤ ਕਰਨ ਵਾਲੇ ਮੌਜਾਂ ਕਰਨ ਪ੍ਰੰਤੂ ਅਸਲ ਮਾਲਕ ਔਖ ਦੇ ਦਿਨ ਕੱਟ ਰਹੇ ਹੋਣ।

ਮੌਤ ਤੇ ਗਾਹਕ ਦਾ ਕੋਈ ਪਤਾ ਨਹੀਂ———ਆਮ ਤੌਰ ਤੇ ਦੁਕਾਨਦਾਰ ਆਪਣੀ ਦੁਕਾਨ ਤੋਂ ਉਰੇ-ਪਰੇ ਨਹੀਂ ਹੁੰਦੇ, ਪਤਾ ਨਹੀਂ ਕਿਹੜੇ ਵੇਲੇ ਕੋਈ ਗਾਹਕ ਆ ਜਾਵੇ। ਇਸੇ ਤਰ੍ਹਾਂ ਮੌਤ ਦਾ ਵੀ ਕੋਈ ਸਮਾਂ ਨਿਸ਼ਚਿਤ ਨਹੀਂ। 

ਯਮਲਾ ਜੱਟ, ਖ਼ਦਾ ਨੂੰ ਲੈ ਗਏ ਚੋਰ———ਜਦੋਂ ਕੋਈ ਬੰਦਾ ਜਾਣ-ਬੁੱਝ ਕੇ ਕਿਸੇ ਮਾਮਲੇ ਵਿੱਚ ਮਚਲਾ ਬਣ ਬੈਠੇ, ਉਦੋਂ ਆਖਦੇ ਹਨ।

ਯਾਰਾਨੇ ਲਾਉਣੇ ਊਠਾਂ ਵਾਲਿਆਂ ਨਾਲ ਤੇ ਦਰ ਰੱਖਣੇ ਭੀੜੇ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਸਧਾਰਨ ਬੰਦਾ ਸੱਤਾਧਾਰੀ ਤੇ ਸ਼ਕਤੀਸ਼ਾਲੀ ਬੰਦਿਆਂ ਨਾਲ ਭਾਈਵਾਲੀ ਪਾਉਂਦਾ ਫਿਰੇ, ਪ੍ਰੰਤੂ ਉਹਨਾਂ ਨੂੰ ਆਪਣੇ ਘਰ ਲਿਆਉਣ ਤੋਂ ਝਿਜਕੇ ਜਾਂ ਉਹਨਾਂ ਦੇ ਬਰਾਬਰ ਦਾ ਹੋ ਕੇ ਨਾ ਨਿਬੜੇ।

ਯਾਰ ਉਹ ਜੋ ਮੈਦਾਨ ਪੁੱਕਰੇ———ਭਾਵ ਇਹ ਹੈ ਕਿ ਮਿੱਤਰ ਉਹੀ ਹੈ ਜਿਹੜਾ ਭੀੜ ਬਣੇ ਤੇ ਕੰਮ ਆਵੇ।

ਯਾਰ ਦੀ ਯਾਰੀ ਵੱਲ ਜਾਈਏ, ਐਬਾਂ ਵੱਲ ਨਹੀਂ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਿੱਤਰ ਪਿਆਰੇ ਵੱਲ ਪਿਆਰ ਭਾਵਨਾ ਨਾਲ ਹੀ ਵੇਖਣਾ ਚਾਹੀਦਾ ਹੈ, ਉਹਦੇ ਐਬਾਂ ਤੇ ਔਗੁਣਾਂ ਵੱਲ ਨਹੀਂ ਝਾਕੀ ਦਾ।

ਯਾਰ ਯਾਰਾਂ ਨੂੰ ਇੰਜ ਮਿਲਦੇ ਜਿਉਂ ਘੜੇ ਨੂੰ ਵੱਟਾ———ਜਦੋਂ ਦੋ ਜਾਣਕਾਰ ਮਿਲਦਿਆਂ ਸਾਰ ਹੀ ਆਪਸ ਵਿੱਚ ਝਗੜਾ ਕਰ ਲੈਣ, ਉਦੋਂ ਇਹ ਅਖਾਣ ਬੋਲਦੇ ਹਨ।

ਯਾਰਾਂ ਨਾਲ ਬਹਾਰਾਂ———ਜਦੋਂ ਇਹ ਦਰਸਾਉਣਾ ਹੋਵੇ ਕਿ ਜ਼ਿੰਦਗੀ ਜਿਉਣ ਦਾ ਸੁਆਦ ਤਾਂ ਉਦੋਂ ਹੀ ਆਉਂਦਾ ਹੈ ਜੇ ਸੱਜਣ-ਮਿੱਤਰ ਨਾਲ ਹੋਣ, ਉਦੋਂ ਇੰਜ ਆਖਦੇ ਹਨ।

ਯਾਰੀ ਇਕੋ ਜੇਡਿਆਂ ਦੀ, ਦੁਆ ਹੱਥ ਜੰਜਾਲ———ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਦੋਸਤੀ ਤਾਂ ਹੀ ਨਿਭਦੀ ਹੈ ਜੇਕਰ ਤੁਹਾਡਾ ਦੋਸਤ ਤੁਹਾਡਾ ਹਾਣੀ ਹੋਵੇ। ਭਾਵ ਇਹ ਹੈ ਕਿ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ।

ਯਾਰੀ ਨਾ ਹੋਈ ਛੋਲਿਆਂ ਦਾ ਵਢ ਹੋਇਆ———ਜਦੋਂ ਕੋਈ ਦੋਸਤ-ਮਿੱਤਰ ਆਪਣੀ ਦੋਸਤੀ ’ਤੇ ਪੂਰਾ ਨਾ ਉਤਰ ਕੇ ਆਪਣੀ ਦੋਸਤੀ ਦੇ ਫ਼ਰਜ਼ ਨੂੰ ਨਾ ਨਿਭਾਵੇ, ਉਦੋਂ ਇੰਜ ਆਖਦੇ ਹਨ।

ਰੱਸੀ ਸੜ ਗਈ ਵੱਟ ਨਾ ਗਿਆ———ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਬੰਦਾ ਆਰਥਿਕ ਪੱਖੋਂ ਕੰਗਾਲ ਹੋ ਕੇ ਵੀ ਆਪਣੀ ਪੁਰਾਣੀ ਟੀਪ-ਟਾਪ ਵਾਲੀ ਆਕੜ ਨਾ ਛੱਡੇ।

ਰਹਿੰਦੀ ਰਹਿੰਦੀ ਰਹਿ ਨਾ ਸਕਾਂ———ਜਦੋਂ ਕੋਈ ਬੰਦਾ ਕਿਸੇ ਕੰਮ ਨੂੰ ਝਿਜਕਦਾ ਝਿਜਕਦਾ ਸਿਰੇ ਚਾੜ੍ਹ ਦੇਵੇ, ਉਦੋਂ ਆਖਦੇ ਹਨ। ਰਹੀ ਖਹੀ ਦਾ ਪੱਤਣ ਮੇਲਾ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਵਿਛੜੇ ਹੋਏ ਮਿੱਤਰ ਕਿਸੇ ਥਾਂ ਅਚਾਨਕ ਹੀ ਇਕੱਠੇ ਹੋ ਜਾਣ।

ਰਖ ਦੇਹ ਖਾਹ ਖੇਹ, ਡੋਲ੍ਹ ਰੱਤ ਖਾ ਭੱਤ———ਇਸ ਅਖਾਣ ਰਾਹੀਂ ਅਟੱਲ ਸੱਚਾਈ ਬਿਆਨ ਕੀਤੀ ਗਈ ਹੈ ਕਿ ਮਿਹਨਤ ਕਰਨ ਵਾਲ਼ੇ ਸਦਾ ਰੱਜ ਕੇ ਖਾਂਦੇ ਹਨ, ਜਿਹੜੇ ਬੰਦੇ ਮਿਹਨਤ ਨਹੀਂ ਕਰਦੇ ਉਹ ਭੁੱਖੇ ਮਰਦੇ ਹਨ। ਆਲਸੀ ਬੰਦਿਆਂ ਦੀ ਕਿਧਰੇ ਕਦਰ ਨਹੀਂ ਪੈਂਦੀ।

ਰੱਖੀ ਨਹੀਂ ਖ਼ੁਦਾ ਨਾਲ, ਮਰਨਾ ਨਹੀਂ ਕਜ਼ਾ ਨਾਲ਼———ਇਹ ਅਖਾਣ ਉਸ ਹੈਂਕੜਬਾਜ਼ ਬੰਦੇ ਬਾਰੇ ਵਰਤਿਆ ਜਾਂਦਾ ਹੈ ਜਿਹੜਾ ਕਿਸੇ ਨਾਲ ਬਣਾ ਕੇ ਨਹੀਂ ਰੱਖਦਾ, ਜਿਸ ਕਰਕੇ ਔਖੇ ਸਮੇਂ ਉਹਦੀ ਕੋਈ ਸਹਾਇਤਾ ਨਹੀਂ ਕਰਦਾ।

ਰੱਖੇ ਰੱਬ ਤੇ ਮਾਰੇ ਕੌਣ———ਭਾਵ ਸਪੱਸ਼ਟ ਹੈ ਕਿ ਜਿਸ ਬੰਦੇ ਨੂੰ ਰੱਬ ਦਾ ਆਸਰਾ ਹੋਵੇ, ਉਹਦਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ।

ਰੱਜ ਨੂੰ ਚੱਜ ਆ ਜਾਂਦਾ ਹੈ———ਜਿਸ ਬੰਦੇ ਨੂੰ ਖਾਣ-ਪੀਣ ਨੂੰ ਚੰਗਾ ਚੋਖਾ ਮਿਲੇ ਉਸ ਨੂੰ ਹਰ ਪ੍ਰਕਾਰ ਦਾ ਸਲੀਕਾ ਆ ਜਾਂਦਾ ਹੈ।

ਰੱਜਿਆ ਹੋਇਆ ਢਿੱਡ ਫ਼ਾਰਸੀਆਂ ਬੋਲਦਾ ਹੈ———ਜਦੋਂ ਕੋਈ ਗ਼ਰੀਬੀ ਤੋਂ ਅਮੀਰ ਬਣਿਆਂ ਹੋਇਆ ਬੰਦਾ ਆਕੜ-ਆਕੜ ਬੋਲੇ ਤੇ ਅਮੀਰੀ ਦਾ ਘੁਮੰਡ ਦਿਖਾਵੇ, ਉਦੋਂ ਆਖਦੇ ਹਨ।

ਰੱਜਿਆ ਜੱਟ ਕਰੇ ਕੁਲੱਲ, ਰੱਜੀ ਮਹਿੰ ਨਾ ਖਾਏ ਖਲ਼———ਭਾਵ ਇਹ ਹੈ ਕਿ ਖਾਂਦੇ-ਪੀਂਦੇ ਘਰਾਂ ਦੇ ਗੱਭਰੂ ਹੀ ਖ਼ਰਮਸਤੀਆਂ ਕਰਦੇ ਹਨ, ਗ਼ਰੀਬਾਂ ਨੂੰ ਤਾਂ ਆਪਣੀ ਰੋਟੀ ਰੋਜ਼ੀ ਦਾ ਹੀ ਫ਼ਿਕਰ ਲੱਗਿਆ ਰਹਿੰਦਾ ਹੈ।

ਰੱਜਿਆ ਰਾਜਪੂਤ ਤੇ ਭੁੱਖਾ ਰੰਘੜ———ਜਦੋਂ ਕੋਈ ਅਮੀਰ ਰਾਜਪੂਤ ਤੇ ਕੰਗਾਲ ਰੰਘੜ ਕਿਸੇ ਨੂੰ ਦੁੱਖ ਦੇਵੇ, ਉਦੋਂ ਇਹ ਅਖਾਣ ਵਰਤਦੇ ਹਨ।

ਰੱਜੀ ਮਹਿੰ ਵਿਘੇ ਦਾ ਉਜਾੜਾ———ਜਦੋਂ ਕੋਈ ਰੱਜਿਆ ਹੋਇਆ ਪਸ਼ੂ ਥੋੜ੍ਹਾ ਖਾਣ ਦੀ ਥਾਂ ਬਹੁਤਾ ਨੁਕਸਾਨ ਕਰੇ, ਉਦੋਂ ਆਖਦੇ ਹਨ।

ਰੱਜੇ ਘਰ ਦਾ ਕੁੱਤਾ ਭੁੱਖਾ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਖਾਂਦੇ-ਪੀਂਦੇ ਪਰਿਵਾਰ ਦਾ ਕੋਈ ਵਿਅਕਤੀ ਕਿਸੇ ਮਹਿਫ਼ਲ ਵਿੱਚ ਜਾ ਕੇ ਭੁੱਖ ਜ਼ਾਹਿਰ ਕਰੇ।

ਰੰਡਾ ਚਲਿਆ ਕੁੜਮਾਈ, ਆਪਣੀ ਕਰੇ ਕਿ ਪਰਾਈ———ਭਾਵ ਇਹ ਹੈ ਕਿ ਜਦੋਂ ਕੋਈ ਆਪ ਕਿਸੇ ਚੀਜ਼ ਦਾ ਲੋੜਵੰਦ ਬੰਦਾ ਚੀਜ਼ ਮਿਲਣ 'ਤੇ ਆਪਣਾ ਹੀ ਗੁਜ਼ਾਰਾ ਕਰਨ ਜੋਗਾ ਹੋਵੇ, ਉਹ ਕਿਸੇ ਹੋਰ ਨੂੰ ਉਸ ਚੀਜ਼ ਵਿੱਚ ਕਿਵੇਂ ਭਾਈਵਾਲ ਬਣਾ ਸਕਦਾ ਹੈ। ਰੰਡੀ ਦਾ ਪੁੱਤਰ ਸੌਦਾਗਰ ਦਾ ਘੋੜਾ, ਖਾਏਗਾ ਬਹੁਤਾ ਚੱਲੇਗਾ ਥੋੜ੍ਹਾ———ਭਾਵ ਇਹ ਹੈ ਕਿ ਰੰਡੀ ਦਾ ਪੁੱਤਰ ਬਹੁਤਾ ਲਾਡਲਾ ਹੋਣ ਕਰਕੇ ਵਿਹਲਾ ਰਹਿੰਦਾ ਹੈ, ਇਸੇ ਤਰ੍ਹਾਂ ਸੌਦਾਗਰ ਦਾ ਘੋੜਾ ਵੀ ਵਿਹਲਾ ਖੜ੍ਹਾ ਰਹਿੰਦਾ ਹੈ। ਇਹ ਦੋਨੋਂ ਕੋਈ ਕਰੜਾ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ।

ਰੰਡੀ ਪਾਵੇ ਭੰਡੀ———ਭਾਵ ਇਹ ਹੈ ਕਿ ਸਾਡੇ ਸਮਾਜ ਵਿੱਚ ਵਿਧਵਾ ਤੀਵੀਂ ਦੀ ਸਥਿਤੀ ਅਜਿਹੀ ਹੈ ਕਿ ਉਹ ਕਿਸੇ ਨਾ ਕਿਸੇ ਝਗੜੇ ਦਾ ਕਾਰਨ ਬਣੀ ਰਹਿੰਦੀ ਹੈ।

ਰੰਡੀਆਂ ਤਾਂ ਰੰਡੇਪਾ ਕੱਟ ਲੈਂਦੀਆਂ ਨੇ, ਪਰ ਮਸ਼ਟੰਡੇ ਨਹੀਂ ਕੱਟਣ ਦੇਂਦੇ———ਇਸ ਅਖਾਣ ਨੂੰ ਉਦੋਂ ਵਰਤਦੇ ਹਨ ਜਦੋਂ ਕਿਸੇ ਝਗੜੇ ਦਾ ਨਿਪਟਾਰਾ ਹੋਣ ਦੇ ਨੇੜੇ ਹੋਵੇ, ਪ੍ਰੰਤੂ ਸਵਾਦ ਲੈਣ ਵਾਲੇ ਖੋਚਰੀ ਬੰਦੇ ਉਸ ਦਾ ਨਿਪਟਾਰਾ ਨਾ ਹੋਣ ਦੇਣ।

ਰੰਡੇ ਰੰਨ ਪਿਆਰੀ ਜਿਉਂ ਫੁੱਲਾਂ ਦੀ ਖਾਰੀ———ਇਸ ਅਖਾਣ ਦਾ ਭਾਵ ਇਹ ਹੈ ਕਿ ਰੰਡੇ ਆਦਮੀ ਨੂੰ ਤੀਵੀਂ ਸਭ ਤੋਂ ਪਿਆਰੀ ਲੱਗਦੀ ਹੈ ਤੇ ਉਹ ਉਸ ਨੂੰ ਫੁੱਲਾਂ ਸਮਾਨ ਸਾਂਭ ਕੇ ਰੱਖਦਾ ਹੈ ਤੇ ਉਸ ਦੇ ਨਾਜ਼ੋ-ਨਖ਼ਰੇ ਖੁਸ਼ੀ-ਖੁਸ਼ੀ ਬਰਦਾਸ਼ਤ ਕਰਦਾ ਹੈ।

ਰੰਨ ਗਈ ਸਿਆਪੇ, ਘਰ ਆਵੇ ਤਾਂ ਜਾਪੇ———ਇਸ ਅਖਾਣ ਵਿੱਚ ਤੀਵੀਆਂ ਦੀ ਉਸ ਮਨੋਵਿਰਤੀ ਦਾ ਵਰਨਣ ਕੀਤਾ ਗਿਆ ਹੈ ਜਿਸ ਅਨੁਸਾਰ ਤੀਵੀਆਂ ਮਰਗ ਵਾਲੇ ਘਰ ਜਾ ਕੇ ਮਾਤਮਪੁਸ਼ੀ ਕਰਨ ਵਿੱਚ ਵਧੇਰੇ ਰੁਚੀ ਰਖਦੀਆਂ ਹਨ ਤੇ ਇਕ ਘਰ ਗਈਆਂ ਅੱਗੇ ਹੋਰ ਕਈ ਘਰਾਂ ਵਿੱਚ ਵੀ ਜਾ ਆਉਂਦੀਆਂ ਹਨ, ਜਿਸ ਕਰਕੇ ਉਹ ਆਪਣੇ ਘਰ ਪਛੜ ਕੇ ਮੁੜਦੀਆਂ ਹਨ।

ਰੰਨ ਗਿਆਨਣ ਨੀ, ਭੇਡ ਅਸ਼ਨਾਨਣ ਨੀ, ਲੋਈ ਖੁੰਭ ਨਾ ਹੋਈ———ਇਹ ਅਖਾਣ ਆਮ ਕਰਕੇ ਉਹਨਾਂ ਤੀਵੀਆਂ ਪ੍ਰਤੀ ਬੋਲਿਆ ਜਾਂਦਾ ਹੈ ਜਿਹੜੀਆਂ ਬਾਹਰੀ ਤੌਰ 'ਤੇ ਧਾਰਮਿਕ ਹੋਣ ਦਾ ਦਿਖਾਵਾ ਕਰਦੀਆਂ ਹਨ।

ਰੰਨ ਤਮਾਕੂ ਛਿਕਣੀ, ਹਾਕਮ ਵੱਢੀ ਖੋਰ, ਪੁੱਤਰ ਹੋਵੇ ਲਾਡਲਾ ਤ੍ਰਏ ਤ੍ਰੱਟੀ ਚੌੜ———ਇਸ ਅਖਾਣ ਦਾ ਭਾਵ ਇਹ ਹੈ ਕਿ ਤਮਾਕੂ ਦਾ ਸੇਵਨ ਕਰਨ ਵਾਲੀ ਤੀਵੀਂ, ਵੱਢੀ ਖਾਣ ਵਾਲਾ ਹਾਕਮ ਅਤੇ ਲਾਡਲਾ ਪੁੱਤਰ ਤਿੰਨੇ ਖ਼ਰਾਬੀ ਦਾ ਕਾਰਨ ਬਣਦੇ ਹਨ।

ਰੰਨ ਨੂੰ ਰੰਨ ਛਲੇ, ਉਹਦੇ ਕੋਲੋਂ ਖ਼ੁਦਾ ਡਰੇ———ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਔਰਤਾਂ ਇੰਨੀਆਂ ਹੁਸ਼ਿਆਰ ਹੁੰਦੀਆਂ ਹਨ ਕਿ ਇਹਨਾਂ ਦੀ ਚਲਾਕੀ ਦਾ ਮੁਕਾਬਲਾ ਤਾਂ ਰੱਬ ਵੀ ਨਹੀਂ ਕਰ ਸਕਦਾ।

ਰੰਨ ਪਈ ਰਾਹੀਂ ਉਹ ਵੀ ਗਈ, ਗੱਲ ਪਈ ਸਲਾਹੀਂ ਉਹ ਵੀ ਗਈ———ਭਾਵ ਸਪੱਸ਼ਟ ਹੈ ਕਿ ਤੀਵੀਆਂ ਪੈਦਲ ਸਫ਼ਰ ਨਹੀਂ ਕਰ ਸਕਦੀਆਂ, ਇਸੇ ਤਰ੍ਹਾਂ ਜੇ ਕਿਸੇ ਗੱਲ ਬਾਰੇ ਬਹੁਤੀਆਂ ਸਲਾਹਾਂ ਕੀਤੀਆਂ ਜਾਣ ਤਾਂ ਉਹ ਗੱਲ ਵੀ ਸਿਰੇ ਨਹੀਂ ਲੱਗਦੀ।

ਰੰਨ ਭੈੜੀ ਦਾਦ (ਬਲਦ) ਡੱਬਾ ਇਹ ਕੀ ਕੀਤੋ ਈ ਰੱਬਾ———ਕਿਸਾਨੀ ਜੀਵਨ ਵਿੱਚ ਡੱਬੇ ਰੰਗ ਦੇ ਬਲਦ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਜੇਕਰ ਕਿਸੇ ਜੱਟ ਨੂੰ ਭੈੜੇ ਸੁਭਾਅ ਵਾਲੀ ਤੀਵੀਂ ਅਤੇ ਡੱਬੇ ਰੰਗ ਦਾ ਬਲਦ ਮਿਲ ਜਾਵੇ ਤਾਂ ਉਹ ਰੱਬ ਨੂੰ ਕੋਸਦਾ ਹੋਇਆ ਇਹ ਅਖਾਣ ਬੋਲਦਾ ਹੈ।

ਰੰਨਾਂ ਘਰ ਦੀਆਂ ਰਾਣੀਆਂ, ਮਰਦ ਢੋਂਵਦੇ ਭਾਰ, ਜਿਹੜਾ ਰੰਨ ਪਤਿਆਉਂਦਾ ਸੋਈ ਉਤਰੇ ਪਾਰ———ਇਹ ਅਖਾਣ ਵਿਅੰਗ ਵਜੋਂ ਉਸ ਆਦਮੀ ਪ੍ਰਤੀ ਵਰਤਿਆ ਜਾਂਦਾ ਹੈ ਜੋ ਰੰਨ ਮੁਰੀਦ ਹੋਵੇ ਤੇ ਆਪ ਔਖਿਆਂ ਹੋ ਕੇ ਕਮਾਈ ਕਰੋ ਅਤੇ ਆਪਣੀ ਤੀਵੀਂ ਨੂੰ ਰਾਣੀ ਬਣਾ ਕੇ ਰੱਖੋ।

ਰੰਨਾਂ ਦਾ ਪੀਰ ਭੁੱਖਾ ਨਹੀਂ ਮਰਦਾ———ਇਸ ਅਖਾਣ ਦਾ ਭਾਵ ਇਹ ਹੈ ਕਿ ਤੀਵੀਆਂ ਛੇਤੀ ਠੱਗੀਆਂ ਜਾਂਦੀਆਂ ਹਨ। ਭੇਖੀ ਲੋਕ ਉਹਨਾਂ ਨੂੰ ਸੌਖਿਆਂ ਹੀ ਆਪਣੇ ਮਗਰ ਲਾ ਲੈਂਦੇ ਹਨ।

ਰੱਬ ਦੇਣ ਤੇ ਆਵੇ ਤਾਂ ਛੱਤ ਪਾੜ ਕੇ ਦੇਂਦਾ ਹੈ———ਭਾਵ ਇਹ ਹੈ ਕਿ ਰੱਬ ਦੇ ਰੰਗ ਨਿਆਰੇ ਹਨ, ਕਿਸੇ ਨੂੰ ਕਿਸੇ ਬਹਾਨੇ ਤੇ ਕਿਸੇ ਨੂੰ ਕਿਸੇ ਬਹਾਨੇ ਕੁਝ ਦੇ ਦੇਂਦਾ ਹੈ।

ਰੱਬ ਦਏ ਬੰਦਾ ਸਹੇ———ਭਾਵ ਇਹ ਹੈ ਕਿ ਰੱਬ ਵੱਲੋਂ ਦਿੱਤੀਆਂ ਮੁਸੀਬਤਾਂ ਬੰਦੇ ਨੂੰ ਝੱਲਣੀਆਂ ਹੀ ਪੈਂਦੀਆਂ ਹਨ, ਮੁਸੀਬਤਾਂ ਦਾ ਮੁਕਾਬਲਾ ਤਕੜੇ ਦਿਲ ਨਾਲ ਕਰਨਾ ਚਾਹੀਦਾ ਹੈ, ਸੁੱਖ ਜ਼ਰੂਰ ਮਿਲਣਗੇ।

ਰੱਬ ਦੇ ਦਿੱਤਿਆਂ ਰੱਜੀਦਾ ਏ, ਬੱਬ (ਬਾਪ) ਦੇ ਦਿੱਤਆਂ ਨਹੀਂ———ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਬੰਦੇ ਨੂੰ ਆਪਣੇ ਹੱਥੀਂ ਮਿਹਨਤ ਕਰਕੇ ਕਮਾਈ ਕਰਨੀ ਚਾਹੀਦੀ ਹੈ। ਕਿਸੇ ਦੂਜੇ ਦਾ ਆਸਰਾ ਨਹੀਂ ਤੱਕਣਾ ਚਾਹੀਦਾ।

ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਰੱਖ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਬੰਦੇ ਨੂੰ ਵਧੀਆ ਮੌਕਾ ਹੱਥ ਆਇਆ ਹੋਵੇ ਤੇ ਉਸ ਦਾ ਉਹ ਖੂਬ ਲਾਭ ਉਠਾਵੇ।

ਰੱਬ ਨੇੜੇ ਕਿ ਘਸੁੰਨ———ਭਾਵ ਇਹ ਹੈ ਕਿ ਤਕੜੇ ਕੋਲੋਂ ਹਰ ਕੋਈ ਡਰਦਾ ਹੈ।

ਰੱਬ ਮਿਹਰਬਾਨ ਤੇ ਸਭ ਮਿਹਰਬਾਨ———ਜਦੋਂ ਕੋਈ ਬੰਦਾ ਔਖੇ ਹਾਲਾਤ 'ਚੋਂ ਗੁਜ਼ਰ ਕੇ ਚੰਗੇ ਹਾਲਾਤ ਵਿੱਚ ਜੀਵਨ ਜੀ ਰਿਹਾ ਹੋਵੇ, ਉਦੋਂ ਆਖਦੇ ਹਨ।

ਰੱਬ ਮਲਾਈ ਜੋੜੀ ਇਕ ਅੰਨਾ ਇਕ ਕੋਹੜੀ———ਜਦੋਂ ਇਕੋ ਜਿਹੇ ਸੁਭਾਅ ਵਾਲੇ ਦੋ ਬੰਦਿਆਂ ਦੀ ਸਾਂਝ ਪੈ ਜਾਵੇ, ਉਦੋਂ ਇੰਜ ਆਖਦੇ ਹਨ।

ਰਬੜ ਦਾ ਫ਼ੀਤਾ, ਜਿਸ ਖਿਚਿਆ ਲੰਮਾ ਕੀਤਾ ——— ਇਹ ਅਖਾਣ ਆਮ ਕਰਕੇ ਉਦੋਂ ਬੋਲਦੇ ਹਨ ਜਦੋਂ ਕੋਈ ਲੜਾਈ-ਝਗੜਾ ਹੋ ਰਿਹਾ ਹੋਵੇ, ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਲਵੋ। ਇਹ ਅਖਾਣ ਉਸ ਬੰਦੇ ਪ੍ਰਤੀ ਵੀ ਬੋਲਦੇ ਹਨ ਜਿਹੜਾ ਲਾਈਲੱਗ ਹੋਵੇ ਤੇ ਹਰ ਕਿਸੇ ਦੇ ਪਿੱਛੇ ਲੱਗ ਤੁਰੇ। ਰਲ਼ਿਆ ਨਹੀਂ ਮੇਰਾ, ਮੂੰਹ ਕਾਲ਼ਾ ਹੋਇਆ ਤੇਰਾ———ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਜੀਵਨ ਦੇ ਵਿਹਾਰ ਵਿੱਚ ਦੋ ਧਿਰਾਂ ਦੀ ਸਾਂਝ ਟੁੱਟ ਜਾਵੇ ਤੇ ਦੂਜੀ ਧਿਰ ਦੇ ਮੱਥੇ ਸਾਂਝ ਟੁੱਟਣ ਕਾਰਨ ਬਦਨਾਮੀ ਦਾ ਧੱਬਾ ਲੱਗੇ, ਪਹਿਲੀ ਧਿਰ ਵਾਲੇ ਅਕਸਰ ਇਹ ਅਖਾਣ ਬੋਲਦੇ ਹਨ।

ਰਾਹ ਪਿਆ ਜਾਣੀਏਂ ਜਾਂ ਵਾਹ ਪਿਆ ਜਾਣੀਏ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਸੇ ਬੰਦੇ ਦੇ ਸੁਭਾਅ ਤੇ ਕਿਰਦਾਰ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਸ ਨਾਲ ਵਰਤੋਂ ਵਿਹਾਰ ਕੀਤੀ ਜਾਵੇ।

ਰਾਹ ਵਿੱਚ ਹੱਗੇ ਨਾਲ਼ੇ ਆਨੇ ਕਢੇ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਗ਼ਲਤੀ ਕਰਕੇ ਉਪਰੋਂ ਰੋਹਬ ਜਮਾਵੇ।

ਰਾਕੀ ਨੂੰ ਸੈਨਤ ਗਧੇ ਨੂੰ ਸੋਟਾ———ਭਾਵ ਇਹ ਹੈ ਕਿ ਸਿਆਣਾ ਬੰਦਾ ਇਸ਼ਾਰੇ ਨਾਲ਼ ਗੱਲ ਸਮਝ ਲੈਂਦਾ ਹੈ, ਪ੍ਰੰਤੂ ਮੂਰਖ਼ ਆਦਮੀ ਸਖ਼ਤੀ ਕਰਨ ਨਾਲ ਹੀ ਸਮਝ ਪਾਉਂਦਾ ਹੈ।

ਰਾਜ ਪਿਆਰੇ ਰਾਜਿਆਂ, ਵੀਰ ਦੁਪਿਆਰੇ———ਇਸ ਅਖਾਣ ਦਾ ਭਾਵ ਇਹ ਹੈ ਕਿ ਦੌਲਤ ਅਤੇ ਸੱਤਾ ਦੇ ਨਸ਼ੇ ਵਿੱਚ ਆ ਕੇ ਭਰਾ ਵੀ ਆਪਣੇ ਭਰਾਵਾਂ ਨੂੰ ਭੁੱਲ ਜਾਂਦੇ ਹਨ।

ਰਾਜਿਆਂ ਦੇ ਘਰ ਮੋਤੀਆਂ ਦਾ ਕਾਲ਼———ਇਹ ਅਖਾਣ ਕਿਸੇ ਧਨ-ਦੌਲਤ ਵਾਲੇ ਪਾਸੋਂ ਕੁਝ ਪ੍ਰਾਪਤ ਕਰਨ ਲਈ, ਉਸ ਦੀ ਖ਼ੁਸ਼ਾਮਦ ਵਿੱਚ ਬੋਲਿਆ ਜਾਂਦਾ ਹੈ।

ਰਾਣੀ ਆਪਣੇ ਪੈਰ ਧੋਦੀ ਗੋਲੀ ਨਹੀਂ ਅਖਵਾਉਂਦੀ———ਇਸ ਅਖਾਣ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਘਰ ਦਾ ਕੰਮ ਕਰਨ ਵਿੱਚ ਕੋਈ ਨਮੋਸ਼ੀ ਨਹੀਂ ਹੁੰਦੀ, ਹਰ ਕਿਸੇ ਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ।

ਰਾਣੀ ਦੀ ਜੂਠ, ਗੋਲੀ ਦਾ ਰੱਜ———ਭਾਵ ਇਹ ਹੈ ਕਿ ਕਿਸੇ ਧੰਨਵਾਨ ਵੱਲੋਂ ਕਿਸੇ ਗ਼ਰੀਬ ਨੂੰ ਦਿੱਤੀ ਗਈ ਸਧਾਰਨ ਵਸਤੂ ਵੀ ਉਹਦੇ ਕਈ ਕੰਮ ਸਾਰ ਦਿੰਦੀ ਹੈ।

ਰਾਮ ਨਾਮ ਸੱਤ ਹੈ, ਜਿੱਚਰ ਮੁਰਦਾ ਹੱਥ ਹੈ———ਇਹ ਅਖਾਣ ਦਰਸਾਉਂਦਾ ਹੈ ਕਿ ਲੋਕ ਉਨੀ ਦੇਰ ਰੱਬ ਨੂੰ ਯਾਦ ਰੱਖਦੇ ਹਨ ਜਿੰਨੀ ਦੇਰ ਮੁਸੀਬਤ ਵਿੱਚ ਫਸੇ ਹੋਣ। ਸੁਖੀ ਹੋ ਕੇ ਕੋਈ ਰੱਬ ਨੂੰ ਯਾਦ ਨਹੀਂ ਕਰਦਾ।

ਰਾਮ ਨਾਮ ਜਪਣਾ, ਪਰਾਇਆ ਮਾਲ ਆਪਣਾ———ਇਹ ਅਖਾਣ ਉਸ ਚਲਾਕ ਤੇ ਧੋਖੇਬਾਜ਼ ਬੰਦੇ ਬਾਰੇ ਵਰਤਦੇ ਹਨ ਜਿਹੜਾ ਉਪਰੋਂ-ਉਪਰੋਂ ਸਾਊਆਂ ਵਾਲਾ ਭੇਸ ਧਾਰ ਕੇ ਰੱਖੇ ਪਰ ਅੰਦਰੋਂ ਮਾੜੀਆਂ ਕਰਤੂਤਾਂ ਕਰੇ।

ਰੀਸਾਂ ਕਰੇਂ ਝਨਾਂ ਦੀਆਂ ਤੂੰ ਰਾਵੀ ਤੁਲ ਵੀ ਨਾਂਹ———ਇਹ ਅਖਾਣ ਉਸ ਹੋਛੇ ਤੇ ਘਟੀਆ ਦਰਜੇ ਦੇ ਬੰਦੇ ਬਾਰੇ ਬੋਲਿਆ ਜਾਂਦਾ ਹੈ ਜਿਹੜਾ ਆਪਣੀ ਹੈਸੀਅਤ ਤੋਂ ਬਹੁਤ ਵੱਡਾ ਬੰਦਾ ਬਣ ਕੇ ਦਿਖਾਵੇ। ਰਿਛ ਪਾਇਆ ਬੁਰਕੇ, ਨਾਲ਼ੇ ਖੰਘੇ ਨਾਲ਼ੇ ਘੁਰਕੇ———ਇਹ ਅਖਾਣ ਉਹਨਾਂ ਘੁੰਡ ਕੱਢਣ ਵਾਲੀਆਂ ਉਜੱਡ ਤੀਵੀਆਂ ਬਾਰੇ ਬੋਲਿਆ ਜਾਂਦਾ ਹੈ ਜਿਨ੍ਹਾਂ ਨੂੰ ਬੋਲਣ ਦੀ ਤਮੀਜ਼ ਨਹੀਂ ਹੁੰਦੀ।

ਰੁੱਝਾ ਰਹੁ ਭਾਵੇਂ ਭੁੱਖਾ ਰਹੁ———ਇਹ ਅਖਾਣ ਆਲਸੀ ਤੇ ਵਿਹਲੇ ਬੰਦਿਆਂ ਨੂੰ ਕਿਸੇ ਅਹਾਰ ਵਿੱਚ ਲੱਗਣ ਦੀ ਪ੍ਰੇਰਣਾ ਦੇਣ ਲਈ ਬੋਲਿਆ ਜਾਂਦਾ ਹੈ।

ਰੁੱਠਾ ਮੰਨੇ, ਪਾਸੇ ਭੰਨੇ———ਜਦੋਂ ਕੋਈ ਰੁੱਸਿਆ ਹੋਇਆ ਬੰਦਾ ਮਨਾਏ ਜਾਣ ਮਗਰੋਂ ਤੰਗ ਪ੍ਰੇਸ਼ਾਨ ਕਰਨ ਲੱਗੇ, ਉਦੋਂ ਆਖਦੇ ਹਨ।

ਰੁਪਈਏ ਦੀ ਵਡਿਆਈ, ਆ ਬਹੁ ਭਾਈ———ਇਹ ਅਖਾਣ ਇਹ ਦਰਸਾਉਂਦਾ ਹੈ ਕਿ ਇਸ ਸਮਾਜ ਵਿੱਚ ਕਿਸੇ ਬੰਦਾ ਦਾ ਆਦਰ-ਮਾਣ ਕੇਵਲ ਉਹਦੀ ਧਨ-ਦੌਲਤ ਕਰਕੇ ਹੀ ਹੁੰਦਾ ਹੈ।

ਰੋਏ ਤੋਂ ਬਿਨਾਂ ਮਾਂ ਦੁੱਧ ਨਹੀਂ ਦੇਂਦੀ———ਭਾਵ ਇਹ ਹੈ ਕਿ ਹਰ ਕਿਸੇ ਨੂੰ ਆਪਣੇ ਹੱਕ ਦੀ ਪ੍ਰਾਪਤੀ ਲਈ ਰੌਲਾ-ਰੱਪਾ ਪਾਉਣਾ ਹੀ ਪੈਂਦਾ ਹੈ।

ਰੰਗਣ ਗਈ ਤੇ ਭੋਗਣ ਆਈ———ਜਦੋਂ ਕੋਈ ਮਨੁੱਖ ਇਕ ਦੁਖ ਤੋਂ ਛੁੱਟ ਕੇ ਦੂਜੇ ਦੇ ਕਾਬੂ ਆ ਜਾਵੇ, ਉਦੋਂ ਕਹਿੰਦੇ ਹਨ।

ਰੋਗੀ ਦੇ ਭਾਣੇ ਸਭ ਰੋਗੀ———ਇਹ ਅਖਾਣ ਸਪੱਸ਼ਟ ਹੈ ਕਿ ਬੀਮਾਰ ਬੰਦੇ ਨੂੰ ਸਾਰੇ ਬੰਦੇ ਬੀਮਾਰ ਹੀ ਨਜ਼ਰ ਆਉਂਦੇ ਹਨ।

ਰੋਟੀ ਖਾਈਏ ਸ਼ੱਕਰ ਨਾਲ, ਦੁਨੀਆਂ ਲੁਟੀਏ ਮਕਰ ਨਾਲ———ਕਿਸੇ ਫ਼ਰੇਬੀ ਤੇ ਚਲਾਕ ਬੰਦੇ ਨੂੰ ਚਲਾਕੀ ਵਾਲੀਆਂ ਚਾਲਾਂ ਚਲਦਿਆਂ ਦੇਖ ਕੇ ਇੰਜ ਆਖਦੇ ਹਨ।

ਰੋਟੀ ਚੌਪੜੀ ਤੇ ਵਣਜ ਰੁੱਖਾ———ਇਹ ਅਖਾਣ ਆਮ ਤੌਰ 'ਤੇ ਵਪਾਰੀ ਲੋਕ ਵਰਤਦੇ ਹੋਏ ਆਖਦੇ ਹਨ ਕਿ ਵਪਾਰ ਵਿੱਚ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੁੰਦਾ।

ਰੋਟੀ ਲੰਗਰੋਂ, ਘਾਹ ਘਾਇੜਿਉਂ———ਜਦੋਂ ਕੋਈ ਬੇਕਾਰ ਬੰਦਾ ਆਪਣਾ ਗੁਜ਼ਾਰਾ ਮੰਗ ਤੁੰਗ ਕੇ ਤੋਰਦਾ ਹੋਵੇ, ਉਦੋਂ ਆਖਦੇ ਹਨ।

ਰੋਟੀਆਂ ਕਾਰਨ ਪੂਰੇ ਤਾਲ———ਇਸ ਮਹਾਂਵਾਕ ਵਿੱਚ ਇਹ ਦਰਸਾਇਆ ਗਿਆ ਹੈ ਕਿ ਮਨੁੱਖ ਨੂੰ ਆਪਣਾ ਪੇਟ ਪਾਲਣ ਲਈ ਅਨੇਕਾਂ ਪ੍ਰਕਾਰ ਦੇ ਵੇਲਣ ਵੇਲਣੇ ਪੈਂਦੇ ਹਨ।

ਰੋਂਦਾ ਕਿਉਂ ਐਂ, ਸ਼ਕਲ ਹੀ ਐਸੀ ਹੈ———ਇਹ ਅਖਾਣ ਕਿਸੇ ਰੋਣੀ ਸੂਰਤ ਵਾਲੇ ਬੰਦੇ ਨੂੰ ਵੇਖ ਕੇ ਉਸ ਨੂੰ ਸ਼ਰਮਿੰਦਾ ਕਰਨ ਲਈ ਬੋਲਦੇ ਹਨ।

ਰੋਂਦੀ ਘੋੜੀ ਚਾੜ੍ਹੀਏ, ਹੱਗ ਭਰੇ ਪਲਾਣ———ਜਦੋਂ ਇਹ ਦੱਸਣਾ ਹੋਵੇ ਕਿ ਜਦੋਂ ਅਸੀਂ ਕਿਸੇ ਬੰਦੇ ਤੋਂ ਉਸ ਨੂੰ ਮਜ਼ਬੂਰ ਕਰਕੇ ਕੰਮ ਕਰਵਾਉਂਦੇ ਹਾਂ ਤਾਂ ਉਹ ਹਰ ਹਾਲਤ ਵਿੱਚ ਕੰਮ ਵਿਗਾੜ ਦੇਂਦਾ ਹੈ।

ਲਏ ਵਿਆਜੀ ਦਏ ਉਧਾਰਾ, ਉਹ ਵੀ ਸ਼ਾਹ ਨਿਖੱਟਾ ਹਾਰਾ-ਇਹ ਅਖਾਣ ਉਹਨਾਂ ਸ਼ਾਹੂਕਾਰਾਂ ਬਾਰੇ ਵਰਤਦੇ ਹਨ ਜਿਹੜੇ ਆਪ ਕਰਜ਼ਾ ਲੈ ਕੇ ਸ਼ਾਹੂਕਾਰੀ ਕਰਦੇ ਹਨ।
ਲੱਸੀ ਤੇ ਲੜਾਈ ਦਾ ਕੀ ਵਧਾਣ ਏ-ਭਾਵ ਇਹ ਹੈ ਕਿ ਲੜਾਈ ਨਿੱਕੀਆਂ-ਨਿੱਕੀਆਂ ਇਕ-ਦੋ ਗੱਲਾਂ ਤੋਂ ਵੀ ਵੱਧ ਜਾਂਦੀ ਹੈ, ਇਸੇ ਤਰ੍ਹਾਂ ਲੱਸੀ ਨੂੰ ਜਿੰਨਾ ਮਰਜ਼ੀ ਪਾਣੀ ਪਾ ਕੇ ਵਧਾ ਲਵੋ।
ਲਹੁਕਾ ਲੱਦ ਸਵੇਲੇ ਆ-ਭਾਵ ਇਹ ਹੈ ਕਿ ਥੋੜ੍ਹੀ ਜ਼ਿੰਮੇਵਾਰੀ ਵਾਲੇ ਕੰਮ ਵਿੱਚ ਖੇਚਲ ਵੀ ਥੋੜ੍ਹੀ ਹੁੰਦੀ ਹੈ। ਜੇਕਰ ਕੋਈ ਦੁਕਾਨਦਾਰ ਥੋੜਾ ਨਫ਼ਾ ਲੈ ਕੇ ਆਪਣਾ ਸੌਦਾ ਵੇਚੇ ਤਾਂ ਉਹਦਾ ਸੌਦਾ ਜਲਦੀ ਵਿਕ ਜਾਂਦਾ ਹੈ ਤੇ ਉਹ ਸਾਝਰੇ ਘਰ ਆ ਜਾਂਦਾ ਹੈ।
ਲਾਹੌਰ ਦੇ ਸੌਕੀ, ਬੋਝੇ ਵਿੱਚ ਗਾਜਰਾਂ-ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਸਫ਼ੈਦ ਪੋਸ਼ ਫ਼ੋਕੀਆਂ ਫੜਾਂ ਮਾਰੇ।
ਲੱਕ ਬੱਧਾ ਰੋੜਿਆਂ, ਮੁੰਨਾ ਕੋਹ ਲਾਹੌਰ-ਭਾਵ ਇਹ ਹੈ ਕਿ ਜੇਕਰ ਕੋਈ ਬੰਦਾ ਪੱਕੇ ਤੇ ਮਜ਼ਬੂਤ ਇਰਾਦੇ ਨਾਲ਼ ਕੰਮ ਸ਼ੁਰੂ ਕਰੇ ਤਾਂ ਉਹ ਜ਼ਰੂਰ ਸਿਰੇ ਲੱਗ ਜਾਂਦਾ ਹੈ।
ਲੱਕੜ ਭਾਵੇਂ ਵਿੰਗੀ ਹੋਵੇਂ, ਤਰਖਾਣ ਸਿੱਧਾ ਚਾਹੀਦੈ-ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਸਿਆਣਾ ਕਾਰੀਗਰ ਕਿਸੇ ਖ਼ਰਾਬ ਚੀਜ਼ ਨੂੰ ਸੌਖਿਆਂ ਹੀ ਸੰਵਾਰ ਦਿੰਦਾ ਹੈ, ਜੇਕਰ ਉਸ ਦੀ ਕੰਮ ਕਰਨ ਦੀ ਨੀਯਤ ਨੇਕ ਹੋਵੇ।
ਲਖ ਲਾਹਨਤ ਹੀ ਸੁਥਰਿਆ ਜੇ ਦਮ ਦਾ ਕਰੇਂ ਵਸਾਹ-ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਸਾਡਾ ਜੀਵਨ ਨਾਸ਼ਵਾਨ ਹੈ, ਪਲ ਦਾ ਵੀ ਭਰੋਸਾ ਨਹੀਂ, ਕਦੋਂ ਮੌਤ ਦਾ ਸੱਦਾ ਆ ਜਾਵੇ।
ਲੱਖੀ ਹੱਥ ਨਾ ਆਂਵਦੀ ਦਾਨਸ਼ਮੰਦਾਂ ਦੀ ਪੱਤ-ਇਸ ਅਖਾਣ ਦਾ ਭਾਵ ਇਹ ਹੈ ਕਿ ਮਨੁੱਖ ਦੀ ਇੱਜ਼ਤ ਦਾ ਕੋਈ ਮੁੱਲ ਨਹੀਂ। ਜੇਕਰ ਕਿਸੇ ਦੀ ਇੱਜ਼ਤ ਆਬਰੂ ਇਕ ਵਾਰ ਲੱਥ ਜਾਵੇ ਤਾਂ ਲੱਖਾਂ ਖ਼ਰਚ ਕੀਤਿਆਂ ਵੀ ਨਹੀਂ ਮਿਲਦੀ।
ਲੱਗ ਗਿਆ ਤੀਰ ਨਹੀਂ ਤੁੱਕਾ ਹੀ ਸਹੀ-ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਕਿਸਮਤ ਅਜ਼ਮਾਉਣ ਲਈ ਯਤਨ ਕਰੇ, ਕੰਮ ਹੋ ਗਿਆ ਤਾਂ ਵਾਹ-ਵਾਹ ਨਹੀਂ ਵਾਹ ਭਲੀ।
ਲੱਗ ਲੜਾਈਏ, ਧੇਲੇ ਦਾ ਸਿਰ ਖਾਈਏ-ਜਦੋਂ ਕੋਈ ਬਦੋ-ਬਦੀ ਰਾਹ ਜਾਂਦਿਆਂ ਲੜਾਈ ਆਪਣੇ ਗਲ਼ ਪੁਆ ਲਵੇ, ਉਦੋਂ ਆਖਦੇ ਹਨ।
ਲੱਗੀ ਨਾਲੋਂ ਟੁੱਟੀ ਚੰਗੀ ਬੇਕਦਰਾਂ ਦੀ ਯਾਰੀ-ਭਾਵ ਇਹ ਹੈ ਕਿ ਜਿਹੜਾ ਬੰਦਾ

ਤੁਹਾਡੀ ਕਦਰ ਨਹੀਂ ਪਾਉਂਦਾ ਉਸ ਨਾਲ਼ ਦੋਸਤੀ ਰੱਖਣ ਦਾ ਕੋਈ ਲਾਭ ਨਹੀਂ, ਅਜਿਹੀ ਦੋਸਤੀ ਟੁੱਟਦੀ ਹੀ ਚੰਗੀ ਹੈ।
ਲੱਗੀ ਜਾਣਨ ਦੋ ਜਣੇ, ਲੋਹਾ ਤੇ ਲੁਹਾਰ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਜਿਸ ਨੂੰ ਕੋਈ ਦੁੱਖ ਹੋਵੇ, ਉਹ ਹੀ ਦੁੱਖ ਦੀ ਪੀੜ ਨੂੰ ਜਾਣਦਾ ਹੈ, ਦੂਜਾ ਉਸ ਦੀ ਸਾਰ ਨਹੀਂ ਜਾਣਦਾ।
ਲੰਘੇ ਹੱਥ ਨਾ ਆਉਂਦੇ, ਝਖੜ, ਪਾਣੀ, ਕਾਲ-ਭਾਵ ਇਹ ਹੈ ਕਿ ਬੀਤਿਆ ਹੋਇਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ।
ਲੰਡਾ ਟੱਟੂ ਲਾਹੌਰ ਦਾ ਦਾਈਆ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਥੋੜ੍ਹੀ ਹੈਸੀਅਤ ਦਾ ਮਾਲਕ ਵੱਡੇ-ਵੱਡੇ ਸੁਪਨੇ ਲੈਣ ਲੱਗ ਪਏ।
ਲੱਛੇ ਸਭ ਨੂੰ ਅੱਛੇ-ਭਾਵ ਇਹ ਹੈ ਕਿ ਖ਼ੁਸ਼ਾਮਦ ਵਾਲੀਆਂ ਚੌਪੜੀਆਂ ਗੱਲਾਂ ਸਭ ਨੂੰ ਚੰਗੀਆਂ ਲੱਗਦੀਆਂ ਹਨ। ਹਰ ਬੰਦਾ ਆਪਣੀ ਵਡਿਆਈ ਸੁਣ ਕੇ ਖ਼ੁਸ਼ ਹੁੰਦਾ ਹੈ।
ਲੱਜ ਲਈ ਲਾਹ ਫੇਰ ਪੈਂਚਾਂ ਦੀ ਕੀ ਪ੍ਰਵਾਹ-ਭਾਵ ਇਹ ਹੈ ਕਿ ਜਦੋਂ ਬੰਦਾ ਬੇਸ਼ਰਮ ਹੀ ਹੋ ਜਾਵੇ, ਉਹ ਆਪਣੇ ਭਾਈਚਾਰੇ ਦੀ ਕੀ ਪ੍ਰਵਾਹ ਕਰਦਾ ਹੈ। ਕਹਿੰਦੇ ਨੇ ਜਿਸ ਨੇ ਲਾਹ ਲਈ ਲੋਈ ਉਹ ਦਾ ਕੀ ਕਰੇਗਾ ਕੋਈ।
ਲੰਡਿਆ ਤੈਨੂੰ ਚੋਰ ਖੜਨ, ਯਾਰਾਂ ਹਲ਼ ਹੀ ਵਾਹੁਣਾ ਹੈ-ਜਦੋਂ ਕਿਸੇ ਬੰਦੇ ਨੂੰ ਇਕ ਕੰਮ ਛੱਡ ਕੇ ਦੂਜਾ ਅਜਿਹਾ ਕੰਮ ਕਰਨਾ ਪਵੇ, ਜਿਸ ਵਿੱਚ ਪਹਿਲੇ ਕੰਮ ਨਾਲੋਂ ਔਖ ਜਾਂ ਸੌਖ ਨਾ ਹੋਵੇ, ਉਦੋਂ ਇੰਜ ਆਖਦੇ ਹਨ।
ਲੱਦਿਆ ਕਹਾਰ ਤੇ ਸਖਣਾ ਘੁਮਾਰ-ਝਿਉਰ ਨੂੰ ਪਾਣੀ ਦੀ ਭਰੀ ਮਸ਼ਕ ਚੁੱਕੀ ਦੌੜਦਿਆਂ ਅਤੇ ਘੁਮਿਆਰ ਨੂੰ ਗੱਧਿਆਂ ਮਗਰ ਤੇਜ਼-ਤੇਜ਼ ਤੁਰਦਿਆਂ ਵੇਖ ਕੇ ਇਹ ਅਖਾਣ ਬੋਲਦੇ ਹਨ।
ਲਖ ਲਾਹਨਤ ਤੇ ਤਮ੍ਹਾਂ ਖ਼ਰਾਬ-ਜਦੋਂ ਕੋਈ ਬੰਦਾ ਲਾਲਚ ਵਸ ਕੋਈ ਮਾੜਾ ਕੰਮ ਕਰ ਬੈਠੇ, ਉਦੋਂ ਇੰਜ ਆਖਦੇ ਹਨ।
ਲੱਭੀ ਚੀਜ਼ ਖ਼ੁਦਾ ਦੀ ਨਾ ਧੇਲੇ ਦੀ ਨਾ ਪਾ ਦੀ-ਜਦੋਂ ਬੱਚਿਆਂ ਨੂੰ ਕਿਧਰੇ ਪਈ ਕੋਈ ਚੀਜ਼ ਲੱਭ ਜਾਵੇ ਤਾਂ ਉਸ ਤੇ ਆਪਣਾ ਹੱਕ ਦੱਸਣ ਲਈ ਇਹ ਆਖਦੇ ਹਨ ਕਿ ਇਹ ਤਾਂ ਰੱਬ ਨੇ ਘੱਲੀ ਹੈ। ਇਸ ਕਰਕੇ ਉਸ ਦੀ ਹੈ।
ਲੰਮੇ ਦੀ ਅਕਲ ਗਿੱਟਿਆਂ ਵਿੱਚ ਹੁੰਦੀ ਹੈ-ਇਹ ਅਖਾਣ ਉਦੋਂ ਪ੍ਰਚੱਲਿਤ ਹੋਇਆ ਜਾਪਦਾ ਹੈ ਜਦੋਂ ਕਿਸੇ ਲੰਮੇ ਬੰਦੇ ਪਾਸੋਂ ਕੋਈ ਬੇਅਕਲੀ ਵਾਲੀ ਹਰਕਤ ਹੋ ਗਈ ਹੋਵੇ।


ਲੱਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੇ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਸਧਾਰਨ ਸੁਭਾਅ ਵਾਲੇ ਬੰਦੇ ਨੂੰ ਕਿਸੇ ਕੰਮ ਵਿੱਚ ਸਹਿਜੇ ਲਾਭ ਪ੍ਰਾਪਤ ਹੋ ਜਾਵੇ।
ਲੜ ਲੱਗਿਆਂ ਦੀ ਤੋੜ ਨਿਭਾਈਏ-ਭਾਵ ਇਹ ਹੈ ਕਿ ਜਿਸ ਨਾਲ ਇਕ ਵਾਰ ਮਿੱਤਰਤਾਈ ਪੈ ਜਾਵੇ ਉਸ ਨੂੰ ਸਾਰੀ ਉਮਰ ਨਿਭਾਉਣਾ ਚਾਹੀਦਾ ਹੈ।
ਲੜਦਿਆਂ ਦੇ ਪਿੱਛੇ, ਭੱਜਦਿਆਂ ਦੇ ਅੱਗੇ-ਇਹ ਅਖਾਣ ਉਸ ਡਰਾਕਲ ਬੰਦੇ ਬਾਰੇ ਬੋਲਿਆ ਜਾਂਦਾ ਹੈ ਜੋ ਲੜਾਈ-ਝਗੜੇ ਵਿੱਚ ਆਪਣੇ ਆਪ ਨੂੰ ਬਚਾਉਂਦਾ ਫਿਰੇ।
ਲੜਾਈ ਅਤੇ ਕੁੜਮਾਈ, ਦੋ ਢਾਈ ਫੁੱਟੇ ਹੁੰਦੇ ਨੇ-ਜਦੋਂ ਇਹ ਦੱਸਣਾ ਹੋਵੇ ਕਿ ਲੜਾਈ-ਝਗੜੇ ਅਤੇ ਕੁੜਮਾਈ ਦਾ ਮਾਮਲਾ ਲਮਕਾਉਣਾ ਨਹੀਂ ਚਾਹੀਦਾ ਬਲਕਿ ਛੇਤੀ ਨਿਪਟਾ ਲੈਣਾ ਚਾਹੀਦਾ ਹੈ, ਉਦੋਂ ਇਹ ਅਖਾਣ ਬੋਲਦੇ ਹਨ।
ਲੜੇ ਫ਼ੌਜ ਨਾਂ ਸਰਕਾਰ ਦਾ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੰਮ-ਕਾਰ ਤਾਂ ਕੋਈ ਹੋਰ ਕਰੇ ਤੇ ਕੰਮ ਦੀ ਸੋਭਾ ਤੇ ਵਡਿਆਈ ਕਿਸੇ ਹੋਰ ਨੂੰ ਮਿਲੇ।
ਲਾਈ (ਵਾਢੀਆਂ ’ਚ ਆਵਤ) ਦੀ ਲਾਈ ਨਾਲ਼ੇ ਦਾਤਰੀ ਗਵਾਈ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਕੰਮ ਲਈ ਕੀਤੀ ਮਿਹਨਤ ਅਕਾਰਥ ਚਲੀ ਜਾਵੇ ਨਾਲ਼ੇ ਨੁਕਸਾਨ ਵੀ ਹੋ ਜਾਵੇ।
ਲਾਹ ਛੱਡੀ ਲੋਈ ਕੀ ਕਰੇਗਾ ਕੋਈ-ਇਹ ਅਖਾਣ ਉਸ ਬੇਸ਼ਰਮ ਤੇ ਨਿਲੱਜ ਬੰਦੇ ਲਈ ਬੋਲਦੇ ਹਨ ਜੋ ਆਪਣੀ ਇੱਜ਼ਤ ਤੇ ਬੇਇੱਜ਼ਤੀ ਦੀ ਪ੍ਰਵਾਹ ਨਾ ਕਰੇ।
ਲਾਹ ਲਿਆ ਪਲਾਣਾ ਖੋਤੀ ਓਹੋ ਜਹੀ-ਜਦੋਂ ਕੋਈ ਸ਼ੌਕੀਨ ਬੰਦਾ ਆਪਣਾ ਹਾਰ-ਸ਼ਿੰਗਾਰ ਲਾਹ ਕੇ ਸਧਾਰਨ ਰੂਪ ਵਿੱਚ ਨਜ਼ਰ ਆਵੇ, ਉਦੋਂ ਇੰਜ ਕਹਿੰਦੇ ਹਨ।
ਲਾਗੀਆਂ ਨੇ ਤਾਂ ਲਾਗ ਲੈਣੈ ਭਾਵੇਂ ਜਾਂਦੀ ਰੰਡੀ ਹੋ ਜਾਵੇ-ਭਾਵ ਇਹ ਹੈ ਕਿ ਕਾਰੀਗਰਾਂ ਅਤੇ ਮਜ਼ਦੂਰਾਂ ਨੇ ਤਾਂ ਆਪਣੀ ਮਜ਼ਦੂਰੀ ਲੈਣੀ ਹੁੰਦੀ ਹੈ, ਭਾਵੇਂ ਮਾਲਕ ਦਾ ਕੰਮ ਸਿਰੇ ਲੱਗੇ ਜਾਂ ਨਾ ਲੱਗੇ।
ਲਾਡ ਲਡਾਏ, ਪੁੱਤ ਵੰਜਾਏ-ਇਸ ਅਖਾਣ ਵਿੱਚ ਇਹ ਦੱਸਿਆ ਗਿਆ ਹੈ ਕਿ ਪੁੱਤਾਂ ਨੂੰ ਬਹੁਤਾ ਲਾਡ ਨਹੀਂ ਲਡਾਉਣਾ ਚਾਹੀਦਾ, ਅਜਿਹਾ ਕਰਨ ਨਾਲ ਉਹ ਵਿਗੜ ਜਾਂਦੇ ਹਨ।
ਲਾਲ ਗੋਦੜੀਆਂ ਵਿੱਚੋਂ ਹੀ ਨਿਕਲਦੇ ਹਨ-ਜਦੋਂ ਕੋਈ ਸਧਾਰਨ ਪਹਿਰਾਵੇ ਵਾਲ਼ਾ ਸਾਦਾ ਜਿਹਾ ਬੰਦਾ ਗੁਣੀ ਗਿਆਨੀਆਂ ਵਾਲੀਆਂ ਗੱਲਾਂ ਕਰੇ, ਉਦੋਂ ਇੰਜ ਆਖਦੇ ਹਨ।
ਲਿੱਸਾ ਟੱਟੂ ਸੰਦੇਹੇ ਸਵਾਰੀ-ਜਦੋਂ ਕੋਈ ਥੋੜੀ ਸ਼ਕਤੀ ਵਾਲ਼ਾ ਕਿਸੇ ਔਖੇ ਕੰਮ ਨੂੰ

ਸਮੇਂ ਸਿਰ ਮੁਕਾਉਣ ਲਈ, ਆਮ ਹਾਲਤਾਂ ਨਾਲੋਂ ਪਹਿਲਾਂ ਕਰਨਾ ਸ਼ੁਰੂ ਕਰ ਦੇਵੇ, ਉਦੋਂ ਇਹ ਅਖਾਣ ਬੋਲਦੇ ਹਨ।
ਲਿਖੇ ਮੂਸਾ ਤੇ ਪੜ੍ਹੇ ਖ਼ੁਦਾ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਦੀ ਲਿਖਤ ਪੜ੍ਹਨ ਵਿੱਚ ਔਖਿਆਈ ਆਵੇ।
ਲੀਹੇ ਲੀਹੇ ਗੱਡੀ ਚੱਲੇ ਕੁਲੀਹੇ ਚੱਲੇ ਕਪੂਤ-ਜਦੋਂ ਕਿਸੇ ਦੀ ਉਲਾਦ ਮੰਦੇ ਕੰਮ ਕਰਨ ਲੱਗ ਜਾਵੇ, ਉਦੋਂ ਇੰਜ ਆਖਦੇ ਹਨ।
ਲੁਹਾਰ ਦੀ ਸੰਨ੍ਹੀ ਕਦੇ ਪਾਣੀ ਵਿੱਚ ਕਦੇ ਅੱਗ ਵਿੱਚ-ਇਹ ਅਖਾਣ ਉਸ ਬੰਦੇ ਬਾਰੇ ਬੋਲਦੇ ਹਨ ਜਿਹੜਾ ਕਿਸੇ ਧੜੇ ਨਾਲ਼ ਪੱਕਾ ਨਾ ਰਹੇ, ਕਦੇ ਕਿਸੇ ਇਕ ਨਾਲ਼ ਰਲ਼ ਜਾਵੇ, ਕਦੇ ਦੂਜੇ ਧੜੇ ਵਿੱਚ ਜਾ ਸ਼ਾਮਿਲ ਹੋਵੇ।
ਲੁੱਚੇ ਸਭ ਤੋਂ ਉੱਚੇ-ਜਦੋਂ ਬਦਮਾਸ਼ ਤੇ ਲੜਾਕੇ ਬੰਦਿਆਂ ਨੂੰ ਸਮਾਜ ਵਿੱਚ ਚੌਧਰੀ ਮੰਨ ਲਿਆ ਜਾਵੇ, ਉਦੋਂ ਆਖਦੇ ਹਨ। ਇਕ ਹੋਰ ਅਖਾਣ ਹੈ ਲੁੱਚਾ, ਲੰਡਾ ਚੌਧਰੀ, ਗੁੰਡੀ ਰੰਨ ਪ੍ਰਧਾਨ।
ਲੂਣ ਹਰਾਮੀ ਗੁਨਾਹਗਾਰ ਮੰਦੇ ਨੂੰ ਮੰਦਾ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਲੂਣ ਖਾ ਕੇ ਹਰਾਮ ਕਰਨ ਵਾਲੇ ਅਕ੍ਰਿਤਘਣ ਬੰਦੇ ਦਾ ਜ਼ਿਕਰ ਕਰਨਾ ਹੋਵੇ।
ਲੂਣ ਨਾ ਹਲਦ ਤੇ ਖਾਣਗੇ ਬਲਦ-ਜਦੋਂ ਸਬਜ਼ੀ ਭਾਜ਼ੀ ’ਚ ਲੂਣ ਤੇ ਹਲਦੀ ਘੱਟ ਹੋਣ ਕਾਰਨ,ਖਾਣ ਵਾਲੇ ਨੂੰ ਸੁਆਦ ਨਾ ਲੱਗੇ, ਉਦੋਂ ਇੰਜ ਆਖਦੇ ਹਨ।
ਲੂਣ ਪਾਣੀ ਖਾਹ ਕੇ ਨੱਕ ਦੀ ਸੇਧੇ ਜਾਹ-ਜਦੋਂ ਕਿਸੇ ਬੰਦੇ ਨੂੰ ਰੁੱਖਾ ਮਿੱਸਾ ਖਾ ਕੇ ਜੀਵਨ ਬਤੀਤ ਕਰਨ ਦੀ ਸਿੱਖਿਆ ਦੇਣੀ ਹੋਵੇ, ਉਦੋਂ ਇਹ ਅਖਾਣ ਵਰਤਦੇ ਹਨ।
ਲੇਖਾ ਕਰਕੇ ਦੱਸਿਆ ਮੂਰਖ਼ ਮਾਹਣੂ ਹੱਸਿਆ-ਜਦੋਂ ਕਿਸੇ ਬੰਦੇ ਨੂੰ ਹਿਸਾਬ-ਕਿਤਾਬ ਕਰਨ ਤੇ ਲੈਣ ਦੀ ਥਾਂ ਦੇਣੇ ਪੈ ਜਾਣ, ਉਦੋਂ ਆਖਦੇ ਹਨ।
ਲੇਖਾ ਮਾਵਾਂ ਧੀਆਂ ਦਾ ਬਖ਼ਸ਼ੀਸ਼ ਲੱਖ ਦੀ-ਜਦੋਂ ਇਹ ਦੱਸਣਾ ਹੋਵੇ ਕਿ ਹਿਸਾਬ ਕਿਤਾਬ ਰੱਖਣਾ ਚੰਗਾ ਹੁੰਦਾ ਹੈ। ਇਸ ਵਿੱਚ ਲਿਹਾਜ਼ਦਾਰੀ ਦਾ ਕੋਈ ਸਵਾਲ ਨਹੀਂ, ਉਦੋਂ ਇਹ ਅਖਾਣ ਵਰਤਦੇ ਹਨ।
ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ-ਇਹ ਅਖਾਣ ਮਾੜੀਆਂ ਕਰਤੂਤਾਂ ਕਰਨ ਵਾਲਿਆਂ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਨਾ ਦੇਣ ਵਾਸਤੇ ਬੋਲਿਆ ਜਾਂਦਾ ਹੈ।
ਲੈਣ ਆਇਆ ਆਪ ਤੇ ਨਾਂ ਧਰਾਇਆ ਤਾਪ-ਭਾਵ ਇਹ ਹੈ ਕਿ ਮੌਤ ਨੇ ਤਾਂ ਆਖ਼ਿਰ ਆਉਣਾ ਹੀ ਹੈ, ਚਾਹੇ ਕੋਈ ਬਹਾਨਾ ਬਣਾ ਕੇ ਆਵੇ।
ਲੈਣ ਦਾ ਸ਼ਾਹ ਦੇਣ ਦਾ ਦਵਾਲੀਆ-ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਆਪਣਾ ਦਿੱਤਾ ਲੈਣ ਲਈ ਫੇਰੇ ’ਤੇ ਫੇਰਾ ਮਾਰੇ ਪੰਤੂ ਜਦੋਂ ਆਪ ਲਿਆ ਉਧਾਰ ਮੋੜਨਾ ਹੋਵੇ ਤਾਂ ਅਗਲੇ ਦੇ ਫੇਰੇ ਮਰਵਾਏ।


ਲੈਣਾ ਨਾ ਦੇਣਾ, ਦੇਹ ਮੇਰੀ ਧੇਲੀ-ਜਦੋਂ ਕੋਈ ਬੰਦਾ ਕਿਸੇ ਦੇ ਮਾਮਲੇ ਵਿੱਚ ਖਾਹ-ਮਖਾਹ ਦਖ਼ਲ ਦੇਵੇ, ਉਦੋਂ ਕਹਿੰਦੇ ਹਨ।
ਲੈਣਾ ਨਾ ਦੇਣਾ, ਵਜਾ ਦਾਦਾ ਵਾਜਾ-ਜਦੋਂ ਕੋਈ ਬੰਦਾ ਕਿਸੇ ਪਾਸੋਂ ਕੰਮ ਤਾਂ ਕਰਵਾਈ ਜਾਵੇ ਪ੍ਰੰਤੂ ਮਜ਼ਦੂਰੀ ਨਾ ਦੇਵੇ, ਉਦੋਂ ਇੰਜ ਆਖੀਦਾ ਹੈ।
ਲੈਣਾ ਇਕ ਨਾ ਦੇਣੇ ਦੋ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਮਾਮਲੇ ਦਾ ਪੂਰਨ ਤੌਰ 'ਤੇ ਫ਼ੈਸਲਾ ਹੋ ਗਿਆ ਹੋਵੇ।
ਲੋਹੇ ਨੂੰ ਲੋਹਾ ਕੱਟਦਾ ਏ-ਭਾਵ ਇਹ ਹੈ ਕਿ ਕਿਸੇ ਤਕੜੇ ਬੰਦੇ ਦਾ ਟਾਕਰਾ ਕੋਈ ਤਕੜਾ ਬੰਦਾ ਹੀ ਕਰ ਸਕਦਾ ਹੈ-ਮਾੜੇ ਧੀੜੇ ਦੇ ਵਸ ਦਾ ਰੋਗ ਨਹੀਂ।
ਲੋਕ ਚੱਲੇ ਵਿਸਾਖੀ ਨੰਦਾ ਰਹੇ ਘਰ ਦੀ ਰਾਖੀ-ਜਦੋਂ ਕਈ ਬੰਦਿਆਂ ਦੇ ਕੰਮ ਤਾਂ ਹੋ ਜਾਣ ਪ੍ਰੰਤੂ ਉਹਨਾਂ ਵਿੱਚੋਂ ਇਕ ਦਾ ਨਾ ਹੋਵੇ ਤਾਂ ਇੰਜ ਆਖਦੇ ਹਨ।
ਲੋਕਾਂ ਦੇ ਵੱਛੇ ਮੈਂ ਚਾਰਾਂ, ਮੇਰੇ ਕੌਣ ਚਾਰੇ-ਜਦੋਂ ਕੋਈ ਘੱਟ ਹੁਸ਼ਿਆਰ ਬੰਦਾ ਆਪਣੇ ਤੋਂ ਵੱਧ ਸਿਆਣੇ ਤੇ ਹੁਸ਼ਿਆਰ ਬੰਦੇ ਨੂੰ ਬੁੱਧੂ ਬਣਾਉਣ ਦਾ ਯਤਨ ਕਰੇ, ਉਦੋਂ ਆਖਦੇ ਹਨ।
ਲੋਕਾਂ ਨੂੰ ਦੇਣਾ ਬ੍ਰਹਮ ਗਿਆਨ, ਆਪ ਰਹਿਣਾ ਪੱਥਰ ਪ੍ਰਾਣ-ਜਦੋਂ ਕੋਈ ਭੈੜਾ ਬੰਦਾ ਦੂਜੇ ਬੰਦਿਆਂ ਨੂੰ ਚੰਗਾ ਬਣਨ ਦੀ ਨਸੀਹਤ ਦੇਵੇ, ਉਦੋਂ ਆਖਦੇ ਹਨ।
ਲੋਕੋ ਅੱਗੇ ਮੁੰਡਿਓਂ ਪਿੱਛੇ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਚਲਾਕ ਬੰਦਾ ਹੋਰਨਾਂ ਨੂੰ ਕੁਰਬਾਨੀ ਦੇਣ ਲਈ ਉਕਸਾਵੇ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਅਜਿਹਾ ਕਰਨ ਤੋਂ ਰੋਕੇ।
ਲੋੜੇ ਦਾਖ਼ ਬਿਜੌਰੀਆਂ ਕਿੱਕਰ ਬੀਜੇ ਜੱਟ-ਜਦੋਂ ਇਹ ਦੱਸਣਾ ਹੋਵੇ ਕਿ ਮਾੜੇ ਕੰਮਾਂ ਦਾ ਨਤੀਜਾ ਮਾੜਾ ਨਿਕਲਦਾ ਹੈ, ਉਦੋਂ ਇਹ ਅਖਾਣ ਵਰਤਦੇ ਹਨ।
ਲੋੜ ਵੇਲੇ ਗਧੇ ਨੂੰ ਵੀ ਬਾਪ ਬਣਾ ਲਈਦਾ ਹੈ-ਭਾਵ ਇਹ ਹੈ ਕਿ ਆਪਣਾ ਮਤਲਬ ਸਿੱਧਾ ਕਰਨ ਲਈ ਕਈ ਵਾਰ ਕਿਸੇ ਦੂਜੇ ਬੰਦੇ ਦੀ ਚਾਪਲੂਸੀ ਕਰਨੀ ਪੈ ਜਾਂਦੀ ਹੈ।
ਲੋੜੀਦਾ ਗੁੜ ਢਿੱਲਾ-ਜਦੋਂ ਕਿਸੇ ਦਾ ਇਕੋ-ਇਕ ਬੱਚਾ ਹੋਵੇ ਤੇ ਉਹ ਵੀ ਢਿੱਲਾ-ਮੱਠਾ ਰਹੇ, ਉਦੋਂ ਇਹ ਅਖਾਣ ਵਰਤਦੇ ਹਨ।


ਵੱਸੀਏ ਸ਼ਹਿਰ ਭਾਵੇਂ ਹੋਵੇ ਕਹਿਰ-ਇਸ ਅਖਾਣ ਵਿੱਚ ਸ਼ਹਿਰ ਦੀਆਂ ਸੁੱਖ ਸੁਵਿਧਾਵਾਂ ਕਾਰਨ ਪਿੰਡਾਂ ਨਾਲੋਂ ਸ਼ਹਿਰ ਵਿੱਚ ਵਸਣ ਨੂੰ ਤਰਜੀਹ ਦਿੱਤੀ ਗਈ ਹੈ।


ਵੱਸੇ ਚੇਤ ਨਾ, ਘਰ ਨਾ ਖੇਤ-ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਚੇਤ ਮਹੀਨੇ ਵੱਸਿਆ ਮੀਂਹ ਨੁਕਸਾਨ ਕਰਦਾ ਹੈ ਕਿਉਂਕਿ ਇਸ ਮਹੀਨੇ ਵਿੱਚ ਘਰਾਂ ਵਿੱਚ ਪਈ ਕਣਕ ਵੀ ਮੁੱਕਣ ਵਾਲੀ ਹੁੰਦੀ ਹੈ, ਮੀਂਹ ਕਾਰਨ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਖ਼ਰਾਬ ਹੋ ਜਾਂਦੀ ਹੈ।
ਵੱਸੇ ਦੀਵਾਲੀ ਜਿਹਾ ਫ਼ੌਜੀ ਤਿਹਾ ਹਾਲੀ-ਇਸ ਅਖਾਣ ਦਾ ਭਾਵ ਇਹ ਹੈ ਕਿ ਜੇਕਰ ਦੀਵਾਲੀ ਨੂੰ ਮੀਂਹ ਪੈ ਜਾਵੇ ਤਾਂ ਥੋੜ੍ਹੀ ਮਿਹਨਤ ਕਰਨ ਵਾਲੇ ਕਿਸਾਨ ਲਈ ਵੀ ਇਹ ਵਰਖਾ ਚੰਗੀ ਹੁੰਦੀ ਹੈ।
ਵੱਸੇ ਪੋਹ ਜਿਹਾ ਇਹ, ਕਿਹਾ ਉਹ-ਭਾਵ ਇਹ ਹੈ ਕਿ ਪੋਹ ਮਹੀਨੇ ਵਿੱਚ ਪਈ ਵਰਖਾ ਅਗੇਤੀਆਂ ਅਤੇ ਪਛੇਤੀਆਂ ਬਿਆਈਆਂ ਲਈ ਇਕੋ ਜਿਹੀ ਲਾਭਦਾਇਕ ਹੁੰਦੀ ਹੈ।
ਵੱਗ ਢੋਈ ਮਿਲੇ ਨਾ ਤੇ ਬੜ੍ਹਕਦਾ ਮੇਰਾ-ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਕੋਈ ਕਮਜ਼ੋਰ ਬੰਦਾ ਅਜਾਈਂ ਆਪਣੇ ਆਪ ਨੂੰ ਵੱਡਾ ਬੰਦਾ ਬਣ ਦਿਖਾਵੇ, ਉਦੋਂ ਆਖਦੇ ਹਨ।
ਵਗਦਾ ਪਾਣੀ ਪਾਕ ਹੁੰਦਾ ਏ-ਇਹ ਅਖਾਣ ਆਮ ਤੌਰ 'ਤੇ ਵਿਉਪਾਰ ਕਰਨ ਵਾਲੇ ਲੋਕ ਵਰਤਦੇ ਹਨ। ਭਾਵ ਇਹ ਹੈ ਕਿ ਜੇਕਰ ਉਧਾਰ ਸਮੇਂ ਸਿਰ ਮੁੜਦਾ ਰਹੇ ਤਾਂ ਚੰਗਾ ਹੁੰਦਾ ਹੈ।
ਵੰਝਲੀ ਦਾ ਕੀ ਬਜਾਉਣਾ, ਮੂੰਹ ਹੀ ਵਿੰਗਾ ਕਰਨਾ ਏ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਵੱਲੋਂ ਕੀਤੀ ਮਿਹਨਤ ਨੂੰ ਛੁਟਿਆਇਆ ਜਾਵੇ।
ਵੰਡ ਖਾਏ ਖੰਡ ਖਾਏ, ਕੱਲਾ ਖਾਏ ਗੰਦ ਖਾਏ-ਇਸ ਅਖਾਣ ਵਿੱਚ ਵੰਡ ਕੇ ਖਾਣ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ।
ਵੱਡਾ ਢੇਰ ਗਾਹਕ ਨੂੰ ਢਾਏ, ਛੋਟਾ ਢੇਰ ਮਾਲਕ ਨੂੰ ਢਾਏ-ਭਾਵ ਇਹ ਹੈ ਕਿ ਥੋੜੀ ਪੂੰਜੀ ਨਾਲ ਵਪਾਰ ਚੰਗਾ ਨਹੀਂ ਚਲ ਸਕਦਾ। ਵੱਧ ਪੂੰਜੀ ਖਰਚਣ ਨਾਲ ਵਪਾਰੀ ਵੱਧ ਸੌਦਾ ਖ਼ਰੀਦਦਾ ਹੈ। ਜਿਸ ਦੁਕਾਨ ਤੇ ਵੱਧ ਮਾਲ ਹੋਵੇ, ਉਥੇ ਵਧੇਰੇ ਗਾਹਕ ਆਉਂਦੇ ਹਨ ਤੇ ਉਸ ਦਾ ਸੌਦਾ ਵਿਕਦਾ ਰਹਿੰਦਾ ਹੈ।
ਵੱਡਿਆਂ ਸਿਰਾਂ ਦੀਆਂ ਵੱਡੀਆਂ ਸਿਰ ਪੀੜਾਂ-ਇਸ ਅਖਾਣ ਦਾ ਭਾਵ ਇਹ ਹੈ ਕਿ ਜਿੰਨੇ ਕਿਸੇ ਦੇ ਕੰਮ ਵੱਧ ਪਸਾਰੇ ਵਾਲੇ ਹੋਣਗੇ ਓਨੀ ਹੀ ਉਸ ਨੂੰ ਵੱਧ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਤੇ ਭੱਜ-ਨੱਠ ਕਰਨੀ ਪਏਗੀ, ਜਿਸ ਕਾਰਨ ਸਿਰਦਰਦੀ ਵਧੇਗੀ।
ਵੱਡਿਆਂ ਘਰਾਂ ਦੇ ਵੱਡੇ ਦਰ-ਜਦੋਂ ਇਹ ਦੱਸਣਾ ਹੋਵੇ ਕਿ ਵੱਡੇ ਅਮੀਰ ਤੇ ਧੰਨਵਾਨ ਲੋਕਾਂ ਦੇ ਖ਼ਰਚ ਵੀ ਉਹਨਾਂ ਦੀ ਸ਼ਾਨੋ-ਸ਼ੌਕਤ ਅਨੁਸਾਰ ਵੱਡੇ ਹੀ ਹੁੰਦੇ ਹਨ, ਉਦੋਂ ਇਹ ਅਖਾਣ ਬੋਲਦੇ ਹਨ।


ਵੱਡਿਆਂ ਦੀਆਂ ਵੱਡੀਆਂ ਗੱਲਾਂ-ਜਦੋਂ ਕੋਈ ਅਮੀਰ ਆਦਮੀ ਕੋਈ ਅਲੋਕਾਰ ਜਿਹੀ ਗੱਲ ਕਰੇ, ਚਾਹੇ ਉਹ ਮਾਮੂਲੀ ਹੀ ਹੋਵੇ, ਉਦੋਂ ਕਹਿੰਦੇ ਹਨ।
ਵੱਡਿਆਂ ਘਰਾਂ ਦੀ ਘਰੋੜੀ ਹੀ ਮਾਨ ਨਹੀਂ-ਭਾਵ ਇਹ ਹੈ ਕਿ ਚੰਗਾ ਖਾਂਦੇ ਪੀਂਦੇ ਪਰਿਵਾਰਾਂ ਦੇ ਘਰਾਂ ਵਿੱਚ ਕਦੇ ਕੋਈ ਚੀਜ਼ ਦੀ ਕਮੀ ਨਹੀਂ ਆਉਂਦੀ, ਕਿਸੇ ਗ਼ਰੀਬ ਦਾ ਕੰਮ ਸਾਰਨ ਲਈ ਉਥੋਂ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਹੋ ਜਾਂਦਾ ਹੈ।
ਵੱਡੀ ਮੱਛੀ ਛੋਟੀ ਨੂੰ ਖਾਂਦੀ ਹੈ-ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਵੱਡਾ ਆਦਮੀ ਕਿਸੇ ਗ਼ਰੀਬ ਆਦਮੀ ਨੂੰ ਨੁਕਸਾਨ ਪਹੁੰਚਾਵੇ।
ਵਣਜ ਕਰੇਂਦੇ ਬਾਣੀਏਂ, ਹੋਰ ਕਰੇਂਦੇ ਰੀਸ-ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਵਪਾਰ ਕਰਨ ਵਿੱਚ ਬਾਣੀਏਂ ਮਾਹਿਰ ਹੁੰਦੇ ਹਨ, ਹੋਰ ਜਾਤਾਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ।
ਵਧੀ ਨੂੰ ਗ਼ਮ ਨਹੀਂ ਤੇ ਘਟੀ ਦਾ ਦਾਰੂ ਨਹੀਂ-ਇਹ ਅਖਾਣ ਆਮ ਤੌਰ 'ਤੇ ਬਜ਼ੁਰਗ ਆਪਣੇ ਜੀਵਨ ਦੇ ਅੰਤਿਮ ਦਿਨਾਂ ਵਿੱਚ ਇਕ-ਦੂਜੇ ਨੂੰ ਹੌਸਲਾ ਦੇਣ ਲਈ ਵਰਤਦੇ ਹਨ।
ਵਾ ਪੁਰੇ ਦੀ ਵੱਗੇ, ਚੂੜ੍ਹਾ ਛੱਜ ਕਰੇਂਦਾ ਅੱਗੇ-ਇਹ ਅਖਾਣ ਉਸ ਸਮੇਂ ਦੀ ਯਾਦ ਦਿਵਾਉਂਦਾ ਹੈ ਜਦੋਂ ਕਣਕ ਧੜਾਂ ਲਾ ਕੇ ਉਡਾਈ ਜਾਂਦੀ ਸੀ। ਪੁਰਾ ਵੱਗੇ ਤੇ ਜੱਟ ਤੂੜੀ ਉਡਾਉਂਦੇ ਸਨ ਤੇ ਸਾਂਝੀ ਛੱਜ ਨਾਲ ਕਣਕ ਹਵਾ 'ਚ ਉਡਾ ਕੇ ਸਾਫ਼ ਕਰਦਾ ਸੀ।
ਵਾ ਵੱਗੇ ਤਾਂ ਕਿਹੜਾ ਰੁੱਖ ਨੀ ਡੋਲਦਾ-ਭਾਵ ਇਹ ਹੈ ਕਿ ਅੱਲੜ੍ਹ ਉਮਰ ਵਿੱਚ ਸਭ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ। ਜਦੋਂ ਕੋਈ ਜਵਾਨੀ ਵਿੱਚ ਮਾੜੀ ਮੋਟੀ ਗਲਤੀ ਕਰ ਬੈਠੇ, ਉਦੋਂ ਸਿਆਣੇ ਇੰਜ ਆਖਦੇ ਹਨ।
ਵਾ ਵੱਗੇ ਤਾਂ ਚੂਹੇ ਦੀ ਖੁੱਡ ਵਿੱਚ ਵੀ ਪੁੱਜ ਜਾਂਦੀ ਹੈ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਮਾੜੀ ਖ਼ਬਰ ਛੇਤੀ ਤੋਂ ਛੇਤੀ ਦੂਰ-ਦੂਰ ਤੱਕ ਫ਼ੈਲ ਜਾਂਦੀ ਹੈ।
ਵਾਹ ਉਏ ਕਰਮਾਂ ਦਿਆ ਬਲੀਆ, ਰਿੱਧੀ ਖੀਰ, ਹੋ ਗਿਆ ਦਲੀਆ-ਉਦੋਂ ਆਖਦੇ ਹਨ ਜਦੋਂ ਕੋਈ ਬੰਦਾ ਕੰਮ ਤਾਂ ਚੰਗੇਰੇ ਫ਼ਲ ਲਈ ਕਰੇ, ਪ੍ਰੰਤੂ ਉਲਟਾ ਨੁਕਸਾਨ ਹੋ ਜਾਵੇ।
ਵਾਹੀ ਉਹਦੀ ਜੀਹਦੇ ਘਰ ਦੇ ਢੱਗੇ-ਭਾਵ ਇਹ ਕਿ ਉਹੀ ਕਿਸਾਨ ਵਧੀਆ ਤੇ ਲਾਹੇਵੰਦ ਖੇਤੀ ਕਰ ਸਕਦਾ ਹੈ ਜਿਸ ਕੋਲ ਖੇਤੀ ਕਰਨ ਦਾ ਆਪਣਾ ਸਾਜੋ ਸਮਾਨ
ਹੋਵੇ।
ਵਾਹੀ ਪਾਤਸ਼ਾਹੀ, ਨਾ ਜੰਮੇ ਤਾਂ ਫਾਹੀ-ਅਸਲ ਵਿੱਚ ਜੱਟ ਦਾ ਨਿਰਭਰ ਵਰਖਾ


’ਤੇ ਹੁੰਦਾ ਹੈ ਜੇ ਸਮੇਂ ਸਿਰ ਮੀਹ ਪੈ ਜਾਵੇ ਤਾਂ ਚੰਗੀ ਫ਼ਸਲ ਹੋ ਜਾਂਦੀ ਹੈ, ਜੇ ਨਾ ਪਵੇ ਤਾਂ ਫ਼ਸਲ ਸਿਰੇ ਨਹੀਂ ਲੱਗਦੀ, ਜਿਸ ਕਰਕੇ ਜੱਟ ਦਾ ਨੁਕਸਾਨ ਹੋ ਜਾਂਦਾ ਹੈ।
ਵਾਹੁੰਦਿਆਂ ਦੇ ਖੂਹ, ਮਿਲ਼ਦਿਆਂ ਦੇ ਸਾਕ-ਭਾਵ ਸਪੱਸ਼ਟ ਹੈ ਕਿ ਸਾਕ ਸਬੰਧੀ ਮਿਲ਼ਦੇ-ਗਿਲ਼ਦੇ ਰਹਿਣ ਤਾਂ ਸਕੀਰੀ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਖੂਹ ਚਲਦੇ ਰਹਿਣ ਤਾਂ ਖੂਹਾਂ ਦਾ ਪਾਣੀ ਠੀਕ ਰਹਿੰਦਾ ਹੈ, ਨਹੀਂ ਸੜਾਂਦ ਮਾਰਨ ਲੱਗ ਜਾਂਦਾ ਹੈ।
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਬੰਦੇ ਦੀਆਂ ਭੈੜੀਆਂ ਆਦਤਾਂ ਜੀਵਨ ਭਰ ਉਸ ਦਾ ਸਾਥ ਦਿੰਦੀਆਂ ਹਨ।
ਵਾਲ ਨਾ ਵਿੰਗਾ ਕਰ ਸਕੇ ਜੇ ਸਭ ਜਗ ਵੈਰੀ ਹੋਏ-ਭਾਵ ਇਹ ਹੈ ਕਿ ਜੇ ਪ੍ਰਮਾਤਮਾ ਦੀ ਮਿਹਰ ਹੋਵੇ ਤਾਂ ਵਾਲ ਵਿੰਗਾ ਨਹੀਂ ਹੋ ਸਕਦਾ ਭਾਵੇਂ ਸਾਰਾ ਜਹਾਨ ਵੈਰ ਕਮਾਵੇ।
ਵਿਆਹ ਨਾਈਆਂ ਤੇ ਛਿੰਜ ਭਰਾਈਆਂ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਖ਼ੁਸ਼ੀ ਦਾ ਸਮਾਗਮ ਤਾਂ ਕਿਸੇ ਹੋਰ ਘਰ ਹੋਵੇ ਤੇ ਦੂਜਾ ਕੋਈ ਹੋਰ ਐਵੇਂ ਚਾਂਭਲਿਆ ਫਿਰੇ ਤੇ ਬਦੋ-ਬਦੀ ਚਾਂਭੜਾਂ ਪਾਵੇ।
ਵਿਆਹ ਵਿੱਚ ਬੀ ਦਾ ਲੇਖਾ-ਜਦੋਂ ਕਿਸੇ ਖ਼ਾਸ ਅਵਸਰ 'ਤੇ ਕੋਈ ਬੰਦਾ ਅਣਢੁਕਵੀਂ ਗੱਲ ਛੇੜ ਦੇਵੇ, ਉਦੋਂ ਇੰਜ ਆਖਦੇ ਹਨ।
ਵਿਆਜ ਵਧੇ ਗਹਿਣਾ ਘਸੇ, ਝੱਗਾ ਖਾਣੀਏ ਘਰ ਕਿਵੇਂ ਵਸੈ-ਇਸ ਅਖਾਣ ਰਾਹੀਂ ਇਹ ਸਿੱਖਿਆ ਦਿੱਤੀ ਗਈ ਹੈ ਕਿ ਵਿਆਜ਼ ਤੇ ਲਈ ਰਕਮ ਨਾਲ ਗਹਿਣੇ ਖ਼ਰੀਦਣਾ ਅਕਲਮੰਦੀ ਨਹੀਂ। ਵਿਆਜ਼ ਨੇ ਤਾਂ ਵਧੀ ਜਾਣਾ ਹੈ ਤੇ ਗਹਿਣਾ ਪਾਏ ਤੇ ਘਸਦਾ ਹੈ, ਅਜਿਹਾ ਕਰਨ ਵਾਲੇ ਨੂੰ ਦੂਹਰਾ ਨੁਕਸਾਨ ਝੱਲਣਾ ਪੈਂਦਾ ਹੈ।
ਵਿਹਲਾ ਸੱਚ ਵਿਹਾਜਣ ਆਇਆ-ਇਹ ਅਖਾਣ ਅਜੋਕੇ ਸਮਾਜ ਦੀ ਸਥਿਤੀ ’ਤੇ ਚਾਨਣ ਪਾਉਂਦਾ ਹੈ। ਅੱਜ ਦੇ ਸਮੇਂ ਵਿੱਚ ਹਰ ਪਾਸੇ ਝੂਠ ਤੇ ਠੱਗੀ ਦਾ ਪਸਾਰਾ ਹੈ, ਸੱਚ ਲੱਭਿਆਂ ਵੀ ਕਿਧਰੇ ਦਿਖਾਈ ਨਹੀਂ ਦਿੰਦਾ, ਮੂਰਖ਼ ਹਨ ਉਹ ਲੋਕ ਜਿਹੜੇ ਸੱਚ ਦੀ ਭਾਲ਼ ਕਰਦੇ ਹਨ।
ਵਿਹਲਾ ਬਾਣੀਆਂ ਕੀ ਕਰੇ, ਏਥੋਂ ਚੁੱਕੇ ਓਥੇ ਧਰੇ-ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਕਦੀ ਵੀ ਵਿਹਲਾ ਹੋ ਕੇ ਨਾ ਬੈਠੇ, ਕੁਝ ਨਾ ਕੁਝ ਕਰਦਾ ਹੀ ਰਹੇ।
ਵਿਹਲੀ ਜੱਟੀ ਉਨ ਵੇਲੇ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਵਿਹਲਾ ਆਦਮੀ ਅਜਿਹਾ ਕੰਮ ਕਰੇ ਜਿਸ ਤੋਂ ਕੋਈ ਲਾਭ ਨਾ ਹੋਵੇ।
ਵਿਚ ਸ਼ਰੀਕਾਂ ਵੱਸੀਏ, ਅੰਦਰੋਂ ਰੋਈਏ ਬਾਹਰੋਂ ਹੱਸੀਏ-ਸਿਆਣੇ ਆਖਦੇ ਹਨ

ਕਿ ਸ਼ਰੀਕੇ ਵਿੱਚ ਪੂਰੀ ਟੋਹਰ ਨਾਲ਼ ਵਸਣਾ ਚਾਹੀਦਾ ਹੈ, ਭਾਵੇਂ ਕਿੰਨਾ ਹੀ ਦੁਖ ਹੋਵੇ ਪਰ ਬਾਹਰੋਂ ਖ਼ੁਸ਼-ਖੁਸ਼ ਦਿਖਾਈ ਦੇਵੇ ਨਹੀਂ ਤਾਂ ਸ਼ਰੀਕ ਤੁਹਾਨੂੰ ਦੁਖੀ ਦੇਖ ਕੇ ਖ਼ੁਸ਼ੀਆਂ ਮਨਾਉਣਗੇ।
ਵੇਲਾ ਵਖਤ ਵਿਹਾਣਿਆਂ, ਕੀ ਹੁੰਦਾ ਪੱਛੋਤਾਣਿਆਂ-ਭਾਵ ਇਹ ਹੈ ਕਿ ਢੁਕਵੇਂ ਸਮੇਂ ਤੇ ਕੰਮ ਕੀਤਾ ਹੀ ਚੰਗਾ ਹੁੰਦਾ ਹੈ। ਜੋ ਸਮਾਂ ਗੁਆ ਲਿਆ ਤੇ ਪਿੱਛੋਂ ਸੈਆਂ ਵਾਰ ਪਛਤਾਵਾ ਕਰਨ ਦਾ ਕੋਈ ਲਾਭ ਨਹੀਂ।
ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ-ਇਸ ਅਖਾਣ ਵਿੱਚ ਦਰਸਾਇਆ ਗਿਆ ਹੈ ਕਿ ਯੋਗ ਸਮਾਂ ਬੀਤ ਜਾਣ ਮਗਰੋਂ ਕੀਤਾ ਕੰਮ ਨਾ ਕਰਨ ਦੇ ਬਰਾਬਰ ਹੁੰਦਾ ਹੈ। ਹਰ ਕੰਮ ਉੱਚਿਤ ਸਮੇਂ ’ਤੇ ਹੀ ਕਰਨਾ ਚਾਹੀਦਾ ਹੈ।