ਲੋਕ ਸਿਆਣਪਾਂ  (2019) 
ਸੁਖਦੇਵ ਮਾਦਪੁਰੀ

ਲੋਕ ਸਿਆਣਪਾਂ
ਲੋਕ ਅਖਾਣ ਤੇ ਮੁਹਾਵਰੇ

ਸੰਪਾਦਕ
ਸੁਖਦੇਵ ਮਾਦਪੁਰੀ

ਲਾਹੌਰ ਬੁੱਕ ਸ਼ਾਪ
2- ਲਾਜਪਤ ਰਾਏ ਮਾਰਕਿਟ, ਲੁਧਿਆਣਾ

ਪੰਨਾ

Lok Sianpan (Lok Akhan Te Muhavre)
(Folk Savings: Proverbs & Idioms)
Edited by
Sukhdev Madpuri
Smadhi Road, Khanna - 141401
Ph. No.: 01628-224704

ISBN: 81-7647-202-6

ਪਹਿਲੀ ਵਾਰ: 2007
ਦੂਜੀ ਵਾਰ: 2011
ਤੀਜੀ ਵਾਰ: 2019

ਮੁੱਲ: 250/- ਰੁਪਏ

ਪ੍ਰਕਾਸ਼ਕ: ਲਾਹੌਰ ਬੁੱਕ ਸ਼ਾਪ
2, ਲਾਜਪਤ ਰਾਏ ਮਾਰਕੀਟ, ਨੇੜੇ ਸੁਸਾਇਟੀ ਸਿਨੇਮਾ,
ਲੁਧਿਆਣਾ, ਫੋਨ: 0161-2740738
E-mail: info@lahorepublishers.com
www.lahorepublishers.com
Printed in India

ਛਾਪਕ : ਆਰ ਕੇ . ਆਫ਼ਸੈਂਟ, ਦਿੱਲੀ।

ਪੰਨਾ

ਦੋ ਸ਼ਬਦ

ਲੋਕ ਸਾਹਿਤ ਆਦਿ ਕਾਲ ਤੋਂ ਹੀ ਜਨ ਸਾਧਾਰਨ ਲਈ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੇ ਜੀਵਨ ਦੀ ਅਗਵਾਈ ਵੀ ਕਰਦਾ ਰਿਹਾ ਹੈ। ਮਨੁੱਖ ਦੇ ਜਨਮ ਦੇ ਨਾਲ਼ ਹੀ ਇਸ ਦਾ ਜਨਮ ਹੁੰਦਾ ਹੈ। ਇਹ ਉਹ ਦਰਪਣ ਹੈ ਜਿਸ ਰਾਹੀਂ ਕਿਸੇ ਵਿਸ਼ੇਸ਼ ਖਿੱਤੇ ਅਤੇ ਉਸ ਵਿੱਚ ਵਸਦੇ ਲੋਕਾਂ ਦੇ ਸਭਿਆਚਾਰ ਅਤੇ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ। ਲੋਕ ਸਾਹਿਤ ਪੀੜ੍ਹੀਓ ਪੀੜ੍ਹੀ ਸਾਡੇ ਤੀਕ ਪੁੱਜਦਾ ਹੈ। ਇਹ ਸਾਡੇ ਇਤਿਹਾਸ ਅਤੇ ਸਭਿਆਚਾਰ ਦਾ ਵੱਡਮੁੱਲਾ ਸਰਮਾਇਆ ਹੀ ਨਹੀਂ ਸਗੋਂ ਮਾਣ ਕਰਨ ਯੋਗ ਅਤੇ ਸਾਂਭਣ ਯੋਗ ਵਿਰਸਾ ਵੀ ਹੈ। ਲੋਕ ਗੀਤ, ਲੋਕ ਕਹਾਣੀਆਂ, ਲੋਕ ਅਖਾਣ, ਮੁਹਾਵਰੇ, ਲੋਕ ਬੁਝਾਰਤਾਂ, ਲੋਕ ਨਾਚ ਅਤੇ ਲੋਕ ਖੇਡਾਂ ਪੰਜਾਬੀ ਲੋਕ ਸਾਹਿਤ ਦੇ ਅਨਿਖੜਵੇਂ ਅੰਗ ਹਨ।

ਜਿੱਥੇ ਲੋਕ ਗੀਤ ਜਨ ਸਾਧਾਰਣ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ ਉੱਥੇ ਲੋਕ ਅਖਾਣ ਤੇ ਮੁਹਾਵਰੇ ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਲੋਕਾਂ ਅੱਗੇ ਉਘਾੜ ਕੇ ਪੇਸ਼ ਕਰਦੇ ਹਨ——ਇਹ ਉਹ ਬੇਸ਼ਕੀਮਤ ਹੀਰੇ ਮੋਤੀਆਂ ਦੀਆਂ ਲੜੀਆਂ ਹਨ ਜਿਨ੍ਹਾਂ ਵਿੱਚ ਜੀਵਨ ਤੱਤ ਪਰੋਏ ਹੋਏ ਹਨ। ਇਹ ਸਾਡੇ ਜੀਵਨ ਵਿੱਚ ਰਸ ਹੀ ਨਹੀਂ ਘੋਲਦੇ, ਸੋਹਜ ਵੀ ਪੈਦਾ ਕਰਦੇ ਹਨ ਅਤੇ ਜੀਵਨ ਦੀਆਂ ਕਈ ਸਮੱਸਿਆਵਾਂ ਵੀ ਸੁਲਝਾਉਂਦੇ ਹਨ।

ਲੋਕ ਗੀਤਾਂ ਵਾਂਗ ਅਖਾਣ ਤੇ ਮੁਹਾਵਰੇ ਵੀ ਕਿਸੇ ਵਿਸ਼ੇਸ਼ ਵਿਅਕਤੀ ਦੀ ਰਚਨਾ ਨਹੀਂ ਹੁੰਦੇ ਬਲਕਿ ਇਹ ਸਮੁੱਚੀ ਕੌਮ ਦੇ ਸਦੀਆਂ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿੱਚ ਸੋਧ ਕੇ ਜੀਵਨ ਪਰਵਾਹ ਵਿੱਚ ਰਲ਼ ਜਾਂਦੇ ਹਨ।

ਮਸ਼ੀਨੀ ਸਭਿਅਤਾ ਦੇ ਪ੍ਰਭਾਵ ਦੇ ਕਾਰਨ ਪੰਜਾਬ ਦੇ ਲੋਕ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਅੱਜ ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਸਮੁੱਚੇ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ਼ ਜੁੜ ਗਏ ਹਨ। ਖੇਤੀ-ਬਾੜੀ ਕਰਨ ਦੇ ਢੰਗ ਤਬਦੀਲ ਹੋ ਗਏ ਹਨ। ਹਰਟਾਂ ਦੀ ਥਾਂ ਟਿਊਬਵੈਲ ਅਤੇ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਪਿੰਡਾਂ ਦਾ ਵੀ ਸ਼ਹਿਰੀਕਰਣ ਹੋ ਰਿਹਾ ਹੈ। ਘਰ-ਘਰ ਰੇਡੀਓ ਤੇ ਟੈਲੀਵਿਜ਼ਨ ਸੁਣਾਈ ਦੇਂਦੇ ਹਨ। ਪਿੰਡਾਂ ਵਿੱਚ ਨਾ ਹੁਣ ਪਹਿਲਾਂ ਵਾਂਗ ਸੱਥਾਂ ਤੇ ਮਹਿਫਲਾਂ ਜੁੜਦੀਆਂ ਹਨ ਨਾ ਦੁਪਹਿਰੀਂ ਪਿੰਡਾਂ ਦੇ ਬਰੋਟਿਆਂ-ਟਾਹਲੀਆਂ ਦੀ ਛਾਵੇਂ ਲੋਕ ਮਿਲ਼ ਬੈਠਦੇ ਹਨ, ਨਾ ਕਿਧਰੇ ਤ੍ਰਿੰਝਣਾਂ ਦੀ ਘੂਕਰ ਸੁਣਾਈ ਦਿੰਦੀ ਹੈ ਨਾ ਹੀ ਬਲਦਾਂ ਦੇ ਗਲ਼ਾਂ ਵਿੱਚ ਪਾਈਆਂ ਟੱਲੀਆਂ ਦੀ ਟੁਣਕਾਰ। ਪੰਜਾਬ ਦੇ ਲੋਕ ਜੀਵਨ ਵਿੱਚੋਂ ਬਹੁਤ ਕੁਝ ਵਿੱਸਰ ਰਿਹਾ ਹੈ, ਰਾਤ ਨੂੰ ਬਾਤਾਂ ਪਾਉਣ ਅਤੇ ਬੁਝਾਰਤਾਂ ਬੁੱਝਣ ਦੀ ਪ੍ਰਥਾ ਖ਼ਤਮ ਹੋ ਰਹੀ ਹੈ। ਪਰ੍ਹਿਆ ਵਿੱਚ ਬੈਠੇ ਵਡਾਰੂ ਵੀ ਆਪਣੀ ਬੋਲਚਾਲ ਵਿੱਚ ਅਖਾਣਾਂ ਦੀ ਵਰਤੋਂ ਕਰਦੇ ਕਿਧਰੇ ਵਿਖਾਈ ਨਹੀਂ ਦਿੰਦੇ.... ਪਿੰਡਾਂ ਵਿੱਚ ਸੱਥਾਂ ਅਤੇ ਖੁੰਡਾਂ 'ਤੇ ਬੈਠ ਕੇ ਵਿਚਾਰ ਵਟਾਂਦਰਾ ਕਰਨ ਦੀ ਗੱਲ ਵੀ ਬੀਤੇ ਸਮੇਂ ਦੀ ਗਾਥਾ ਬਣ ਕੇ ਹੀ ਰਹਿ ਗਈ ਹੈ ਜਿਸ ਦੇ ਫਲਸਰੂਪ ਸਾਡੇ ਵੱਡਮੁੱਲੇ ਲੋਕ ਸਾਹਿਤ ਦੇ ਵਿਰਸੇ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ। ਲੋਕ ਅਖਾਣ ਜੋ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਅੰਗ ਹਨ। ਸਾਡੀ ਬੋਲਚਾਲ ਦੀ ਬੋਲੀ ਵਿੱਚੋਂ ਅਲੋਪ ਹੋ ਰਹੇ ਹਨ।
ਪੰਜਾਬ ਦੇ ਲੋਕ ਜੀਵਨ ਵਿੱਚ ਲੋਕ ਅਖਾਣਾਂ ਦੀ ਬਹੁਤ ਵਰਤੋਂ ਹੁੰਦੀ ਰਹੀ ਹੈ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੇ ਹਨ। ਪੰਜਾਬ ਖੇਤੀਬਾੜੀ ਪ੍ਰਧਾਨ ਪ੍ਰਾਂਤ ਹੋਣ ਕਾਰਨ ਕਿਸਾਨੀ ਜੀਵਨ ਨਾਲ ਸੰਬੰਧਿਤ ਲੋਕ ਅਖਾਣ ਆਦਿ ਕਾਲ ਤੋਂ ਹੀ ਕਿਸਾਨਾਂ ਦੀ ਅਗਵਾਈ ਕਰਦੇ ਰਹੇ ਹਨ। ਮੌਸਮ ਬਾਰੇ ਜਾਣਕਾਰੀ, ਖੇਤੀ ਦਾ ਮਹੱਤਵ, ਜ਼ਮੀਨ ਦੀ ਚੋਣ, ਪਸ਼ੂ ਧਨ, ਸਿੰਜਾਈ, ਗੋਡੀ, ਬਜਾਈ, ਗਹਾਈ, ਵਾਢੀ, ਫ਼ਸਲਾਂ, ਖਾਦਾਂ ਤੇ ਜੱਟ ਦੇ ਸੁਭਾਅ ਅਤੇ ਕਿਰਦਾਰ ਆਦਿ ਕਿਸਾਨੀ ਜੀਵਨ ਅਤੇ ਖੇਤੀਬਾੜੀ ਨਾਲ ਸੰਬੰਧਿਤ ਵਿਸ਼ਿਆਂ ਤੇ ਬੇਸ਼ੁਮਾਰ ਅਖਾਣ ਮਿਲਦੇ ਹਨ ਜਿਨ੍ਹਾਂ ਤੋਂ ਕਿਸਾਨ ਅਗਵਾਈ ਲੈਂਦੇ ਰਹੇ ਹਨ।
ਪੰਜਾਬੀ ਵਿੱਚ ਅਨੇਕਾਂ ਲੋਕ ਅਖਾਣ ਪ੍ਰਚਲਤ ਹਨ ਜਿਹੜੇ ਪੰਜਾਬ ਦੇ ਜੱਟਾਂ ਅਤੇ ਪੰਜਾਬ ਵਿੱਚ ਵਸਦੀਆਂ ਹੋਰ ਉਪ ਜਾਤੀਆਂ ਦੇ ਸੁਭਾਅ ਅਤੇ ਕਿਰਦਾਰ ਦਾ ਵਰਨਣ ਕਰਦੇ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਅਸੀਂ ਉਹਨਾਂ ਬਾਰੇ ਸਹੀ ਤੌਰ 'ਤੇ ਜਾਣ ਸਕਦੇ ਹਾਂ। ਅਖਾਣ ਤੇ ਮੁਹਾਵਰੇ ਪੰਜਾਬੀ ਭਾਸ਼ਾ ਦਾ ਸ਼ਿੰਗਾਰ ਹਨ।
ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਣ ਵਾਲੇ ਲੋਕ ਅਖਾਣ ਹਜ਼ਾਰਾਂ ਦੀ ਗਿਣਤੀ ਵਿੱਚ ਉਪਲੱਬਧ ਹਨ। ਡਾ. ਦੇਵੀ ਦਾਸ ਹਿੰਦੀ ਦਾ ਸੰਗ੍ਰਹਿ "ਪੰਜਾਬੀ ਅਖਾਣਾਂ ਦੀ ਖਾਣ", ਡਾ. ਸ਼ਾਹਬਾਜ਼ ਮਲਕ ਦੀ ਪੁਸਤਕ "ਸਾਡੇ ਅਖਾਣ", ਵਣਜਾਰਾ ਬੇਦੀ ਦੁਆਰਾ ਸੰਪਾਦਿਤ "ਲੋਕ ਆਖਦੇ ਹਨ" ਅਤੇ ਡਾ. ਤਾਰਨ ਸਿੰਘ ਤੇ ਦਰਸ਼ਨ ਸਿੰਘ ਅਵਾਰਾ ਦੁਆਰਾ ਸੰਪਾਦਿਤ "ਮੁਹਾਵਰਾ ਅਤੇ ਅਖਾਣ ਕੋਸ਼" ਪੰਜਾਬੀ ਦੇ ਚਰਚਿਤ ਅਖਾਣ ਕੋਸ਼ ਹਨ। ਅਜੇ ਵੀ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ ਵਡਾਰੂ ਬੈਠੇ ਹਨ ਜਿਹੜੇ ਅਖਾਣਾਂ ਦੀਆਂ ਖਾਣਾਂ ਹਨ। ਉਹਨਾਂ ਪਾਸ ਜਾ ਕੇ ਅਖਾਣ ਸਾਂਭਣ ਦੀ ਲੋੜ ਹੈ ਨਹੀਂ ਤਾਂ ਇਹ ਸਾਡਾ ਵੱਡਮੁੱਲਾ ਵਿਰਸਾ ਅਜਾਈਂ ਗੁਆਚ ਜਾਵੇਗਾ।

14 ਅਪ੍ਰੈਲ, 2006

ਸੁਖਦੇਵ ਮਾਦਪੁਰੀ
ਸਮਾਧੀ ਰੋਡ, ਖੰਨਾ, ਜ਼ਿਲ੍ਹਾ ਲੁਧਿਆਣਾ
ਫ਼ੋਨ-01628-224704

ਪੰਨਾ

ਤਤਕਰਾ (ਮੂਲ ਲਿਖਤ ਵਿੱਚ ਸ਼ਾਮਲ ਨਹੀਂ)
  1. ਭਾਗ ਪਹਿਲਾ
  2. ਭਾਗ ਦੂਜਾ