ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਰ)
ਯਲ-ਵਿਲੱਲੀਆਂ: ਲਲੂਆਂ ਵਾਲੀਆਂ ਗੱਲਾਂ
ਸਿਧਰੇ ਦੀਆਂ ਯਲ-ਵਿਲੱਲੀਆਂ ਦੇ ਮਜ਼ੇ ਪੈ ਚੈਂਦੇ ਹੋ।
(ਸਿਧਰੇ ਦੀਆਂ ਲਲੂ ਵਾਲੀਆਂ ਗਲਾਂ ਤੇ ਮਜ਼ੇ ਲਈ ਜਾਂਦੇ ਹੈ)
ਯਾ: ਜਾਂ
ਯਾ ਖਰਚਾ ਬੰਨ੍ਹ ਤੇ ਰਲਿਆ ਰਾਹੇ, ਯਾ ਨਿਕਲ ਵੰਞ।
(ਜਾਂ ਖਰਚ ਬੰਨ੍ਹ ਕੇ ਰਲਿਆਂ ਰਹੁ ਜਾਂ ਨਿਕਲ ਜਾ)
ਯਾਕ: ਚਿਲਾਅ
ਯਾਂਕ ਮਤ, ਕੈਂਹ ਨਹੀਂ ਸੁਣ ਤੈਂਡੀ ਪੁਕਾਰ।
(ਚਿਲਾਅ ਨਹੀਂ, ਕਿਸੇ ਤੇਰੀ ਪੁਕਾਰ ਨਹੀਂ ਸੁਣਨੀ)
ਯਾਤਨਾ: ਤਸੀਹੇ
ਜਸੂਸ ਕੂੰ ਬਹੂੰ ਯਾਤਨਾ ਡਿੱਤੀ ਪਰ ਭੇਤ ਨਿਸ ਡਿੱਤਾ।
(ਜਲੂਸ ਨੂੰ ਬਹੁਤ ਤਸੀਹੇ ਦਿਤੇ, ਪਰ ਭੇਤ ਉਸ ਨਹੀਂ ਦਿਤਾ)
ਯੋਗ: ਲਾਇਕ
ਲੁਟੀ ਆਬਰੂ ਨਾਲ ਹੁਣ ਮੈਂ ਕਹਿ ਯੋਗ ਨਾ ਰਹੀ।
(ਲੁੱਟੀ ਇਜ਼ਤ ਨਾਲ ਹੁਣ ਮੈਂ ਕਿਸੇ ਲਾਇਕ ਨਾਂਹ ਰਹਿ ਗਈ)
ਯੋਨੀ: ਜੂਨ
ਆਧੇ ਹਿਨ ਚੁਰਾਸੀ ਲੱਖ ਯੋਨੀਆਂ ਹਿਨ, ਕਹਿੰ ਗਿਣੀਆਂ ਹਿਨ।
(ਕਹਿੰਦੇ ਨੇ 84 ਲੱਖ ਜੂਨਾਂ ਨੇ, ਕਿਸੇ ਗਿਣੀਆਂ ਨੇ)
(ਰ)
ਰਈ: ਲਿਹਾਜ਼/ਪੱਖ ਪਾਤ
ਉਸਤਾਦ ਕੈਂਹ ਨਾਲ ਰਈ ਨਾ ਕਰੇ, ਰੋਸ ਰਾਂਧੈ।
(ਅਧਿਆਪਕ ਕਿਸੇ ਨਾਲ ਪੱਖਪਾਤ ਨਾ ਕਰੇ, ਰੋਸ ਰਹਿੰਦਾ ਹੈ)
ਰਈਅਤ: ਪਰਜਾ
ਰਾਜਿਆਂ ਵੇਲੇ ਰਈਅਤ ਹੂੰਦੀ, ਹੁਣ ਰਈਅਤ ਆਪ ਹੇ ਰਾਜਾ।
(ਰਾਜਿਆਂ ਵੇਲੇ ਪਰਜਾ ਹੁੰਦੀ, ਹੁਣ ਪਰਜਾ ਆਪ ਹੈ ਰਾਜਾ)
ਰਈਸ: ਧਨੀ/ਅਮੀਰ
ਰਕਸ ਤਾਂ ਰਈਸਾਂ ਦੇ ਸ਼ੁਗ਼ਲ ਪਰ ਗ਼ਰੀਬਾਂ ਲਈ ਰਿਜ਼ਕ।
(ਨਾਚ ਤਾਂ ਅਮੀਰਾਂ ਦੇ ਮੌਜ ਮੇਲੇ ਪਰ ਗ਼ਰੀਬਾਂ ਦੀ ਰੋਟੀ)
ਰਸ਼ਕ: ਰੀਸ/ਈਰਖਾ
ਚੰਗੇ ਨਾਲ ਰਸ਼ਕ ਚੰਗਾ ਪਰ ਅਨਮਤੀਆਂ ਨਾਲ ਰਸ਼ਕ ਨਾ ਰਖੋ।
(ਚੰਗੇ ਦੀ ਰੀਸ ਚੰਗੀ ਪਰ ਦੂਜੇ ਫ਼ਿਰਕੇ ਨਾਲ ਈਰਖਾ ਨਾ ਰਖੋ)
ਰਸਨਾ: ਜੀਭ
ਮਿੱਠੀ ਰਸਨਾ ਪਿਆਰ ਵਧਾਵੇ ਤੇ ਕੌੜੀ ਵੈਰ ਵਿਰੋਧ।
(ਮਿੱਠੀ ਨਿੰਮਰ ਜੀਭਾ ਪਿਆਰ ਵਧਾਏ ਤੇ ਕੌੜੀ ਵੈਰ ਵਿਰੋਧ)
ਰਸਾ: ਸੀਰਾ
ਜਲੇਬੀਆਂ ਦਾ ਰਸ ਵੀਟਣਾ ਨਹੀਂ, ਕੰਮ ਆਸੀ।
(ਜਲੇਬੀਆਂ ਦਾ ਸੀਰਾ ਡੋਲ੍ਹਣਾ ਨਹੀਂ, ਕੰਮ ਆਵੇਗਾ)
ਰਸਾਈ ਪਹੁੰਚ
ਪੈਸੇ ਵਾਲੇ ਦੀ ਰਸਾਈ ਉਤੂੰ ਤਾਈਂ ਹੋ ਵੈਂਦੀ ਹੇ।
(ਪੈਸੇ ਵਾਲੇ ਦੀ ਪਹੁੰਚ ਉਪਰ ਤਕ ਹੋ ਜਾਂਦੀ ਹੈ)
ਰਸਾਤਲ: ਨਿਘਾਰ
ਲਾਲਸਾ ਨੇ ਨਿਆਂ ਦੇ ਕੰਮ ਵਿਚ ਵੀ ਰਸਾਤਲ ਆਣ ਵਾੜੀ ਹੇ।
(ਲਾਲਸਾ ਨੇ ਨਿਆਂ ਦੇ ਕੰਮ ਵਿਚ ਵੀ ਨਿਘਾਰ ਲੈ ਆਂਦਾ ਹੈ)
ਰਸਾਲਾ ਊਠਾਂ/ਘੋੜਿਆਂ ਦੀ ਪਲਟਣ
ਫ਼ੌਜ ਦੇ ਰਸਾਲੇ ਵਿਚ ਘੋੜੇ ਭੇਜੇ ਹਨ, ਹੁਣ ਉਠ ਘਲਸਾਂ।
(ਫ਼ੌਜ ਦੀ ਪਲਟਣ ਵਿਚ ਘੋੜੇ ਭੇਜੇ ਸੀ, ਹੁਣ ਉਠ ਭੇਜੂੰਗਾ)
ਰਸੂਲ: ਇਸਲਾਮੀ ਪੈਗੰਬਰ
ਰਸੂਲ ਵਲੂੰ ਨੇਕ ਚਲਨੀ ਦੀ ਮੱਤ ਫਰਮਾਈ ਗਈ ਥੀ।
(ਪੈਗ਼ੰਬਰ ਵਲੋਂ ਨੇਕ ਚਲਨੀ ਦੀ ਸਿਖਿਆ ਫ਼ਰਮਾਈ ਗਈ ਸੀ)
ਰਹਿਮ/ ਰਿਹਮਤ: ਕ੍ਰਿਪਾ/ਮਿਹਰਾਂ
ਕੁਦਰਤ ਦੇ ਰਹਿਮ ਤੇ ਰਹਿਮਤਾਂ ਨਾਲ ਬੰਦਾ ਕ੍ਰਿਸ਼ਮੇ ਕਰਨੈ।
(ਕੁਦਰਤ ਦੀ ਕ੍ਰਿਪਾ ਤੇ ਮਿਹਰਾਂ ਨਾਲ ਬੰਦਾ ਕਮਾਲਾਂ ਕਰ ਰਿਹਾ ਹੈ)
ਰਹੀਮ: ਮਿਹਰਵਾਨ/ਕ੍ਰਿਪਾਲੂ
ਜੋਦੜੀ ਕਰੂੰ ਕਿ ਕ੍ਰੋਧੀ ਕੂੰ ਵੀ ਰਹੀਮ ਦੀ ਬਖਸ਼ਿਸ਼ ਹੋਵੇ।
(ਤਰਲੇ ਕਰੀਏ ਕਿ ਕ੍ਰੋਧੀ ਨੂੰ ਵੀ ਕ੍ਰਿਪਾਲੂ ਦੀ ਬਖਸ਼ੀਸ਼ ਹੋਵੇ)
ਰਕਬਾ ਜ਼ਮੀਨ ਦੀ ਮਿਣਤੀ
ਪਟਵਾਰੀ ਰਈ ਨਿਸ ਕੀਤੀ, ਸਗੂੰ ਮੈਂਡਾ ਰਕਬਾ ਘਟਾਇਸ।
(ਪਟਵਾਰੀ ਨੇ ਲਿਹਾਜ਼ ਨਹੀਂ ਕੀਤਾ ਸਗੋਂ ਮੇਰੀ ਜ਼ਮੀਨ ਦੀ ਮਿਣਤੀ ਘਟਾਈ ਹੈ)
ਰੱਕੜ: ਅਣ ਉਪਜਾਊ
ਰੱਕੜ ਇਲਾਕੇ ਵਿਚ ਤ੍ਰੋਟਾਂ ਹਿਨ, ਅਬਾਦੀ ਕਿਵੇਂ ਥੀਵੇ।
(ਅਣ ਉਪਜਾਊ ਇਲਾਕੇ ਵਿਚ ਘਾਟਾਂ ਹਨ, ਵਸੋਂ ਕਿਵੇਂ ਹੋਵੇ)
ਰਕਾਬੀ/ਰਕੇਬੀ: ਪਲੇਟ
ਬੁਸਰੀਆਂ ਕੂੰ ਰਕਾਬੀ/ਰਕੇਬੀ ਵਿਚ ਰੱਖ ਕੇ ਡੇ।
(ਭੁਸਰੀਆਂ ਪਲੇਟ ਵਿਚ ਰੱਖ ਕੇ ਦੇ)
ਰੱਖ: ਝਿੜੀ
ਰੱਖ ਦੇ ਜੀਆਂ ਕੂੰ ਫਲ ਬਹੂੰ, ਰੱਬ ਰਾਖਾ ਹਿਨੇ।
(ਝਿੜੀ ਦੇ ਜੀਵਾਂ ਨੂੰ ਫਲ ਬਹੁਤ, ਉਨ੍ਹਾਂ ਦਾ ਰਾਖਾ ਰੱਬ ਹੈ)
ਰੱਖਣਾ: ਰਿੜਕਣੇ ਦਾ ਸਟੈਂਡ/ਸਹਾਰਾ
ਰਖਣਾ ਤਾਂ ਪਿਆ ਹੇ ਪਰ ਨੇਤਰਾ ਤਰੁੱਟਾ ਪਿਐ।
(ਰਿੜਕਣੇ ਦਾ ਸਹਾਰਾ ਤਾਂ ਪਿਆ ਹੈ, ਪਰ ਰਸੀ ਟੁੱਟੀ ਪਈ ਹੈ)
ਰੱਗ ਵੱਖਰੀ: ਅਜਬ ਵਿਹਾਰ
ਕੇ ਕਰਾਂ ਸੱਸ ਦੀ ਸਹੁਰੇ ਕੋਲੂੰ ਤਾਂ ਵਖਰੀ ਰੱਗ ਹੇ।
(ਕੀ ਕਰਾ, ਸੱਸ ਦਾ ਅਜਬ ਵਿਹਾਰ ਸਹੁਰੇ ਤੋਂ ਵੱਖ ਹੈ)
ਰਗੜਾ ਘਾਟਾ
ਹਿਸ ਸੌਦੇ ਚੂੰ ਤਾਂ ਮੈਕੂੰ ਢੇਰ ਰਗੜਾ ਲਗੈ।
(ਇਸ ਸੌਦੇ ਵਿਚੋਂ ਤਾਂ ਮੈਨੂੰ ਬਹੁਤਾ ਘਾਟਾ ਪਿਆ ਹੈ)
ਰਮਜ਼: ਇਸ਼ਾਰੇ/ਭਾਵਨਾ
ਰਮਜ਼ਾ ਮਾਰਦੇ ਦੀ ਅੰਦਰ ਦੀ ਰਮਜ਼ ਪਛਾਣ ਘਿਧੀਮ।
(ਇਸ਼ਾਰੇ ਕਰਦੇ ਦੀ ਮੈਂ ਅੰਦਰ ਦੀ ਭਾਵਨਾ ਪਾ ਲਈ ਹੈ)
ਰਮਣਾ: ਰਿਸ ਜਾਣਾ
ਤੇਲ ਝਸਾ, ਦਵਾ ਰਮ ਵੈਸੀ, ਸਿਕਰੀ ਮਰ ਵੈਸੀ।
(ਤੇਲ ਝਸਾ, ਦਵਾ ਰਿਸ ਜਾਊ, ਸਿਕਰੀ ਹੱਟ ਜਾਊ)
ਰਮਤਾ: ਘੁਮੱਕੜ
ਰਮਤੇ ਸਾਧੂ ਜੁਲਦੇ ਹਿਨ, ਭਗਤ ਵਸਦੇ ਭਲੇ।
(ਘੁਮੱਕੜ ਸਾਧ ਚਲਦੇ ਨੇ, ਭਗਤ ਸੁਖੀ ਵਸਣ)
ਰੜਨਾ/ਰੜ ਰੜ ਕਰਨਾ: ਖਿੱਝ ਕੇ ਪੈਣਾ
ਸੁਣਦਾ ਤਾਂ ਕੈਂਹਦੀ ਕਾਈ ਨਹੀਂ ਰੜਦਾ/ਰੜ ਰੜ ਕਰਦਾ ਰਾਂਧੈ।
(ਸੁਣਦਾ ਤਾਂ ਕਿਸੇ ਦੀ ਕੋਈ ਨਹੀਂ, ਖਿਝ ਖਿਝ ਪੈਂਦਾ ਹੈ)
ਰੜਾ: ਖੁਸ਼ਕ
ਚੌਂਕ ਨਾਲ ਲਗਦਾ ਰੜਾ ਮੈਦਾਨ, ਜਲਸੇਂ ਕੂੰ ਠੀਕ ਰਾਹਸੀ।
(ਚੌਂਕ ਨਾਲ ਲਗਵਾਂ ਖੁਸ਼ਕ ਮੈਦਾਨ ਜਲਸੇ ਨੂੰ ਠੀਕ ਰਹੂ)
ਰੜਾਣਾ: ਖਿਝ ਵਿਚ ਰੋਣਾ
ਭੁੱਖੇ ਬਾਲ ਕੂੰ ਕੀਊਂ ਰੜਾਈ ਵੈਂਦੇ ਹੋ, ਡੁੱਧ ਪਿਲਾਵੋ।
(ਭੁੱਖੇ ਬੱਚੇ ਨੂੰ ਖਿਝਾ ਕੇ ਕਿਉਂ ਰੁਆਈ ਜਾਂਦੇ ਹੋ, ਦੁੱਧ ਪਿਆਉ)
ਰਾਸ: ਪੂੰਜੀ/ਨਾਟਕ/ਮਾਫ਼ਕ
ਰਾਸ ਲੀਲ੍ਹਾ ਵਿਚ ਰਾਸ ਲਾਣੀ ਮੈਕੂੰ ਰਾਸ ਨਹੀਂ ਆਈ।
(ਨਾਟਕ ਵਿਚ ਪੂੰਜੀ ਲਗਾਉਣੀ ਮੈਨੂੰ ਮਾਫ਼ਕ ਨਹੀਂ ਹੈ)
ਰਾਹ ਤਰੀਕਾ/ਜਾਇਜ਼/ਚਲਦਾ ਹੋ
ਕਾਈ ਰਾਹ ਦੀ ਗਲ ਕਰ ਨਹੀਂ ਰਾਹ ਲਗ। ਹੇ ਕੋਈ ਰਾਹ ਹੇ।
(ਕੋਈ ਜਾਇਜ਼ ਗਲ ਕਰ ਨਹੀਂ ਚਲਦਾ ਹੋ। ਇਹ ਕੋਈ ਤਰੀਕਾ ਹੈ)
ਰਾਣ/ਰਾਨ: ਚੱਡੇ
ਪੁਲਿਸ ਤਸ਼ਦੱਦ ਵਿਚ ਬਾਗੀ ਦੇ ਰਾਣ/ਰਾਨ ਪਾੜ ਘੱਤੇ।
(ਪੁਲਿਸ ਤਸ਼ਦੱਦ ਵਿਚ ਬਾਗੀ ਦੇ ਚੱਡੇ ਪਾੜ ਸੁੱਟੇ)
ਰਾਂਧੇ ਰਹਿੰਦੇ
ਆਧੇ ਰਾਂਧੇ ਹਾਸੇ, ਈਂਞ ਨਾ ਕਰ, ਮੰਨਿਆਂ ਨਹੀਂ।
(ਕਹਿੰਦੇ ਰਹਿੰਦੇ ਸੀ, ਇਉਂ ਨਾ ਕਰ, ਮੰਨਿਆਂ ਹੀ ਨਹੀਂ)
ਰਾਬ: ਚਾਸ਼ਨੀ
ਰਾਬ ਪੱਕ ਗਈ ਹੋਸੀ, ਕਤਰਾ ਪਰਖ ਕੇ ਡੇਖ।
(ਚਾਸ਼ਨੀ ਪੱਕ ਗਈ ਹੋਊ, ਜ਼ਰਾ ਪਰਖ ਕੇ ਦੇਖ)
ਰਿੱਕ: ਮੋਕ
ਗਾਂ ਕੂੰ ਰਿੱਕ ਲਗੀ ਪਈ ਹੇ, ਸਲੋਤਰੀ ਕੋਲੂੰ ਦਵਾ ਡਿਵਾ।
(ਗਾਂ ਨੂੰ ਮੋਕ ਲਗੀ ਹੋਈ ਹੈ, ਡੰਗਰ ਡਾਕਟਰ ਤੋਂ ਦਵਾਂ ਦਿਵਾ)
ਰਿੰਦ: ਮਸਤ
ਰਿੰਦਾਂ ਦੀ ਚਾਲ ਨਿਰਾਲੀ, ਗ੍ਰਹਿਸਤ ਕੂੰ ਰਾਸ ਨਾ ਬਾਹਵੇ।
(ਮਸਤਾਂ ਦੇ ਅਜਬ ਚਾਲੇ, ਗ੍ਰਹਿਸਤ ਨੂੰ ਮਾਫ਼ਕ ਨਹੀਂ ਬੈਠਦੇ)
ਰਿੱਧਾ: ਪਕਾਇਆ ਹੋਇਆ
ਪਕਾ ਰਿੱਧਾ ਛੋੜ ਕੇ ਆਕੜ ਵਿਚ ਭਜ ਉਠਾ।
(ਪਕਿਆ ਪਕਾਇਆ ਛੱਡ ਕੇ ਆਕੜ ਵਿਚ ਨਸ ਗਿਆ)
ਰੀਸਲ: ਨਕਲਚੂ/ਵੇਖਾ ਵੇਖੀ ਚਾਲ
ਜਨ ਸਧਾਰਣ ਦੀ ਜ਼ਿੰਦਗੀ ਰੀਸਲ ਜੇਹੀ ਹੋਵੇ।
(ਅਵਾਮ ਦੀ ਜ਼ਿੰਦਗੀ ਨਕਲਚੂ/ਵੇਖਾ ਵੇਖੀ ਜਿਹੀ ਚਾਲ ਵਾਲੀ ਹੁੰਦੀ ਹੈ)
ਰੁੱਧਾ/ਰੁਨ੍ਹਾ: ਰੁੱਝਾ ਹੋਇਆ
ਮੈਕੂੰ ਸਾਰੀ ਡਿਹਾੜੀ ਰੁੱਧਾ/ਰੁੰਨ੍ਹਾਂ ਰਖਦੀ ਹੇ, ਕਿੰਞ ਆਵਾਂ।
(ਮੈਨੂੰ ਸਾਰਾ ਦਿਨ ਰੁੱਝਾ ਰਖਦੀ ਹੈ, ਕਿਵੇਂ ਆਂਵਾਂ)
ਰੁੰਨਾ: ਰੋਇਆ
ਏਡੀ ਮਾਰ ਪਈ ਹਿੱਸ, ਪਰ ਰੁੱਨਾ ਵਤ ਵੀ ਨਹੀਂ।
(ਐਨੀ ਮਾਰ ਪਈ ਹੈ, ਪਰ ਰੋਇਆ ਫਿਰ ਵੀ ਨਹੀਂ)
ਰੁੜ੍ਹ/ਲੁੜ੍ਹ ਵੰਞਣਾ: ਡੁਲ੍ਹ ਜਾਣਾ
ਪੀਪੀ ਵਿਚ ਕਾਈ ਮੋਰੀ ਹੇ, ਘਿਊ ਰੁੜ੍ਹ ਲੁੜ੍ਹ ਵੈਂਦੈ।
(ਪੀਪੀ ਵਿਚ ਕੋਈ ਮੋਰੀ ਹੈ, ਘਿਉ ਡੁਲ੍ਹ ਜਾਂਦੈ)
ਰੇਬ: ਟੇਢੀ
ਰੇਬ ਕਟਾਈ ਕਰੂੰ ਤਾਂ ਚੋਲੇ ਵਿਚ ਨਮੂਨਾ ਫਬਸੀ।
(ਟੇਢੀ ਕਟਾਈ ਕਰੀਏ ਤਾਂ ਕੁੜਤੇ ਵਿਚ ਨਮੂੰਨਾ ਫੱਬਜੂ)
ਰੇਲ/ਰਹਿਲ: ਪੋਥੀ ਰਖਣ ਦੀ ਫਟੜੀ
ਪੰਜ ਗ੍ਰੰਥੀ ਪੜ੍ਹਿਆ ਕਰਸੂੰ, ਰੇਲ/ਰਹਿਲ ਘਿਨਾ।
ਪੰਜ ਗ੍ਰੰਥੀ ਪੜ੍ਹਿਆ ਕਰਾਂਗੇ, ਪੋਥੀ ਰਖਣ ਦੀ ਫਟੜੀ ਲਿਆ)
ਰੇੜ੍ਹ: ਢਲਾਣ/ਰੋੜ੍ਹ ਦੇ
ਰੇੜ੍ਹ ਉਤੂੰ ਗੱਠੜੀ ਰੇੜ੍ਹ ਡੇ, ਝੱਪ ਘਿਨਸਾਂ।
(ਢਲਾਣ ਉਤੋਂ ਗਠੜੀ ਰੋੜ ਦੇ, ਚੁੱਕ ਲਵਾਂਗਾ।
ਰੋਹੀ: ਮਾਲਵਾ
ਰੋਹੀ ਵਿਚ ਲੌ ਕਰਨ ਵੈਂਦੇ ਹੂੰਦੇ ਹਿਨ।
(ਮਾਲਵੇ ਵਿਚ ਵਾਢੀ ਕਰਨ ਜਾਂਦੇ ਹੁੰਦੇ ਸੀ)
ਰੋਕ: ਨਕਦ
ਰੋਕ ਦੇ ਸੌਦੇ ਵਿਚ ਰਿਐਤ ਹੂੰਦੀ ਹੇ।
(ਨਕਦਾਂ ਦੇ ਸੌਦੇ ਵਿਚ ਰਿਆਇਤ ਹੁੰਦੀ ਹੈ)
ਰੋਜ਼ਨਾਮਚਾ ਰੋਜ਼ ਰੋਜ਼ ਲਿਖਤ
ਰੋਜ਼ਨਾਮਚੇ ਵਿਚ ਰਵਾਨਗੀ ਦਰਜ ਕਰੋ ਤੇ ਜੁਲੋ।
(ਰੋਜ਼ ਦੀ ਲਿਖਤ ਵਿਚ ਚਲਣਾ ਦਰਜ ਕਰੋ ਤੇ ਚਲੋ)
ਰੋਂਡੀ/ਰੌਂਡੀ: ਰੌਲੀ
ਅਸਾਕੂੰ ਹਿੱਸ ਨਾਲ ਖੇਡਣਾ ਨਹੀਂ ਹੇ, ਹੇ ਰੋਂਡੀ/ਰੌਂਡੀ ਹੇ।
(ਅਸਾਂ ਇਸ ਨਾਲ ਖੇਡਣਾ ਨਹੀਂ: ਇਹ ਰੌਲੀ ਹੈ)
ਰੋਬੜਾ: ਸੋਜਾ
ਵੱਟਾ ਸਿਰ ਵਿਚ ਵੱਜਾ ਤੇ ਰੋਬੜਾ ਥੀ ਗਿਐ।
(ਵੱਟਾ ਸਿਰ ਵਿਚ ਵੱਜਾ ਤੇ ਸੋਜਾ ਹੋ ਗਿਆ ਹੈ)
ਰੋੜ ਰੋੜ੍ਹ: ਕੰਕਰ/ਡੋਲ੍ਹ ਦੇ
ਡਾਲ ਵਿਚ ਰੋੜ ਹਿਨ, ਰੋੜ੍ਹ ਦੇ।
(ਦਾਲ ਵਿਚ ਕੰਕਰ ਨੇ, ਡੋਲ੍ਹ ਦੇ)
(ਲ)
ਲਉ/ਲੌ: ਵਾਢੀ
ਸਾਰੇ ਮਰਦ ਲਉ/ਲੌ ਕਰਨ ਰੋਹੀ ਵਿਚ ਗਏ ਹਿਨ।
(ਸਾਰੇ ਮਰਦ ਵਾਢੀ ਕਰਨ ਮਾਲਵੇ ਵਿਚ ਗਏ ਹਨ)
ਲਉਂਡਾ/ਲੌਂਡਾ: ਲੁੱਟਰ ਮੁੰਡਾ/ਨੌਕਰ/ਮੁੰਡੇ ਬਾਜ਼ੀ ਵਿਚ ਲੜਕਾ
ਲਉਂਡੇ/ਲੌਂਡੇ ਲਭਦੈ ਕਿ ਲੁੰਡੇ, ਮੁੰਡੇਬਾਜ਼ੀ ਦੀ ਵਹਿਬਤ ਲੋੜ ਹੇਈ।
(ਲੁੱਟਰ ਮੁੰਡਾ ਕਿ ਨੌਕਰ ਭਾਲਦੈਂ, ਮੁੰਡੇ ਬਾਜ਼ੀ ਦੀ ਬੁਰੀ ਆਦਤ ਨੂੰ ਚਾਹੀਦੈ)
ਲਉਂਦਾ ਕੁਰਲਾਉਂਦਾ
ਕੋਠੇ ਤੇ ਕਾਂ ਪਿਆ ਲਉਂਦੈ, ਲਗਦੈ ਮਾਹੀ ਆਵਣੈ।
(ਕੋਠੇ ਤੇ ਕਾਂ ਕੁਰਲਾਉਂਦਾ ਹੈ, ਜਾਪਦਾ ਹੈ ਪ੍ਰੀਤਮ ਆਵੇਗਾ)
ਲਾਓ ਲਸ਼ਕਰ/ਲਾਮ ਲਸ਼ਕਰ: ਭਰਵੀਂ ਗਿਣਤੀ
ਮਿਜ਼ਮਾਨ ਤਾਂ ਲਾਓ ਲਸ਼ਕਰ/ਲਾਮ ਲਸ਼ਕਰ ਸਣੇ ਆਣ ਲਥੇ ਹਿਨ।
(ਮਹਿਮਾਨ ਤਾਂ ਭਰਵੀਂ ਗਿਣਤੀ ਵਿਚ ਆਣ ਪੁਜੇ ਨੇ)
ਲਹਾ: ਲਾਹ
ਤੈਕੂੰ ਪਹਿਲੂੰ ਲਹਾਵਾਂ ਤੇ ਉੱਠ ਤੂੰ ਭਾਰ ਵੀ ਲਹਾ ਡੇਸਾਂ।
(ਤੈਨੂੰ ਪਹਿਲੋਂ ਲਾਹਵਾਂ ਤੇ ਉਠ ਤੋਂ ਭਾਰ ਵੀ ਲਾਹ ਦੇਊ)
ਲੱਕ: ਜੂਠ ਬੰਦੇ/ਖਾਣ ਦੇ ਭੁੱਖੇ
ਕੇਡੇ ਲੱਕਾਂ ਕੂੰ ਨਾਲ ਲਾਈ ਵੱਦੈ, ਆਪਣੀ ਪਰਤੀਤ ਵੰਞੈਸੇਂ।
(ਕਿੰਨੀਆਂ ਜੂਠਾਂ ਨੂੰ ਨਾਲ ਲਾਈ ਫਿਰਦੈ, ਆਪਣਾ ਭਰੋਸਾ ਗੁਆ ਲਵੇਂਗਾ)