ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਹਰੇ ਪਰਦੇ ਵਾਲਾ ਕਮਰਾ



ਹਰੇ ਪਰਦੇ ਵਾਲਾ ਕਮਰਾ

ਸੁਨੀਤਾ, ਤੂੰ ਕਿਸ ਮਿੱਟੀ ਦੀ ਬਣੀ ਹੈ? ਕੀ ਵਿਗਾੜਿਆ ਸੀ ਮੈਂ ਤੇਰਾ? ਕੀ ਤੇਰੇ ਵਿਚ ਇਨਸਾਨੀ ਦਿਲ ਹੈ? ਤੂੰ ਤਾਂ ਮਨੁੱਖੀ ਕਦਰਾਂ ਕੀਮਤਾਂ ਵੀ ਖੋ ਦਿੱਤੀਆਂ, ਸੁਨੀਤਾ।

ਮੇਰੇ ਕਮਰੇ ਦੇ ਦਰਵਾਜ਼ੇ 'ਤੇ ਜੋ ਹਰਾ ਪਰਦਾ ਲਟਕ ਰਿਹਾ ਹੈ, ਇਹ ਬੜਾ ਸੰਘਣਾ ਹੈ। ਬੜਾ ਹੀ ਗਫ਼। ਇਸ ਦੀ ਬਾਹਰਲੀ ਦੁਨੀਆਂ ਮੈਨੂੰ ਬਿਲਕੁੱਲ ਨਹੀਂ ਦਿਸ ਰਹੀ। ਪਤਾ ਨਹੀਂ ਬਾਹਰ ਕੀ ਹੋ ਰਿਹਾ ਹੈ। ਪਰ ਇਸ ਪਰਦੇ ਤੋਂ ਬਾਹਰ ਮੈਨੂੰ ਤੂੰ ਦਿਸ ਰਹੀ ਹੈਂ। ਜਦ ਕਦੇ ਹਵਾ ਦੇ ਜ਼ੋਰ ਨਾਲ ਪਰਦਾ ਜ਼ਰਾ ਕੁ ਵੀ ਹਿੱਲਦਾ ਹੈ ਤਾਂ ਮੈਨੂੰ ਤੇਰੇ ਆ ਜਾਣ ਦਾ ਭੁਲੇਖਾ ਪੈਂਦਾ ਹੈ। ਮੈਨੂੰ ਪਤਾ ਹੈ ਕਿ ਤੂੰ ਨਹੀਂ ਆਵੇਗੀ। ਪਰ ਸੁਨੀਤਾ ਤੂੰ ਸੱਚ ਜਾਣ ਕਿ ਜੇ ਤੂੰ ਮੇਰੇ ਕੋਲ ਆ ਜਾਵੇਂ ਤਾਂ ਤੇਰੇ ਸਾਰੇ ਗੁਨਾਹ ਮੁਆਫ਼ ਕਰ ਦਿਆਂਗਾ। ਤੇਰੀ ਇੱਕ ਵੀ ਭੁੱਲ ਤੈਨੂੰ ਚੇਤੇ ਨਹੀਂ ਕਰਵਾਵਾਂਗਾ। ਭੁੱਲ ਤੇ ਗ਼ੁਨਾਹ ਕੋਈ ਚੀਜ਼ ਨਹੀਂ ਹੁੰਦੇ, ਸੁਨੀਤਾ। ਐਵੇਂ ਅਣਜਾਣੇ ਹੀ ਸਾਥੋਂ ਕਦੇ ਕਦੇ ਕੁਝ ਹੋ ਜਾਂਦਾ ਹੈ, ਜਿਹੜਾ ਹੋਰਾਂ ਨੂੰ ਚੰਗਾ ਨਹੀਂ ਲੱਗਦਾ। ਤੂੰ ਜੋ ਕੁਝ ਕੀਤਾ ਹੈ, ਅਣਜਾਣੇ ਹੀ ਤਾਂ ਕੀਤਾ ਹੈ। ਮੇਰੇ ਕਮਰੇ ਦੇ ਦਰਵਾਜ਼ੇ 'ਤੇ ਜੋ ਹਰਾ ਪਰਦਾ ਲਟਕ ਰਿਹਾ ਹੈ, ਤੇਰੇ ਲਈ ਹਰੀ ਝੰਡੀ ਦਾ ਸੂਚਕ ਹੈ। ਭੋਰਾ ਵੀ ਨਾ ਸੰਗ। ਭੋਰਾ ਵੀ ਨਾ ਘਬਰਾ। ਬੱਸ ਆ ਜਾ। ਕੀ ਤੈਨੂੰ ਜ਼ਰਾ ਵੀ ਅਹਿਸਾਸ ਨਹੀਂ ਕਿ ਤੇਰਾ ਸਤੀਸ਼ ਤੇਰੇ ਬਿਨਾਂ ਕਿਸ ਤਰ੍ਹਾਂ ਤੜਪ ਰਿਹਾ ਹੈ।

ਭਾਵੇਂ ਐਤਵਾਰ ਹੈ, ਨਾ ਮੈਂ ਨਹਾਤਾਂ ਹਾਂ ਤੇ ਨਾ ਹੀ ਦੁਪਹਿਰ ਦੀ ਰੋਟੀ ਖਾਧੀ ਹੈ। ਸਵੇਰੇ ਇਕ ਕੱਪ ਚਾਹ ਦਾ ਪੀਤਾ ਸੀ। ਦੁਪਹਿਰੇ ਜਿਹੇ ਗਲਾਸ ਪਾਣੀਦਾ ਪੀ ਲਿਆ ਸੀ। ਹੁਣ ਪਿਛਲਾ ਪਹਿਰ ਹੈ, ਚਾਰ ਵੱਜਣ ਵਾਲੇ ਹਨ, ਜੀਅ ਕਰਦਾ ਹੈ, ਚਾਹ ਦਾ ਇਕ ਕੱਪ ਪੀਵਾਂ। ਪਰ ਉੱਠਣ ਦੀ ਹਿੰਮਤ ਨਹੀਂ। ਕੌਣ ਭਰੇ ਸਟੋਵ ਵਿਚ ਹਵਾ, ਕੌਣ ਧੋਵੇ ਟੋਪੀਆਂ। ਮੇਜ਼ 'ਤੇ ਰੱਖੀ ਦੁੱਧ ਦੀ ਗੜਵੀ ਨੂੰ ਵੀ ਤਾਂ ਬਿੱਲੀ ਡੋਲ੍ਹ ਗਈ ਹੈ। ਦਿਲ ਚਾਹੁੰਦਾ ਹੈ ਕੋਈ ਆਵੇ। ਹੋਰ ਨਹੀਂ ਤਾਂ ਚਾਹ ਹੀ ਬਣਾ ਕੇ ਪਿਆ ਜਾਵੇ। ਸੁਨੀਤਾ, ਤੈਨੂੰ ਯਾਦ ਹੈ, ਕਦੇ ਕਦੇ ਤੂੰ ਆਪਣੀ ਮਾਂ ਤੇ ਗੁਆਂਢਣਾਂ ਤੋਂ ਚੋਰੀਓ ਮੇਰੇ ਕਮਰੇ ਵਿਚ ਇਕਦਮ ਹੀ ਆ ਜਾਂਦੀ ਸੀ, ਮੇਰੇ ਕਮਰੇ ਦਾ ਅੰਦਰਲਾ ਕੁੰਡਾ ਲਾ ਕੇ ਮੰਜੇ ਤੇ ਮੇਰੇ ਉੱਤੇ ਡਿੱਗ ਪੈਂਦੀ ਸੈਂ। ਤੇ ਪਤੈ, ਮੈਂ ਤੈਨੂੰ ਕੀ ਕਹਿੰਦਾ ਹੁੰਦਾ ਸਾਂ? ਸੁਨੀਤਾ, ਪਹਿਲਾਂ ਚਾਹ ਬਣਾ, ਦੁੱਧ ਔਹ ਪਿਐ ਮੇਜ਼ 'ਤੇ। ਤੇ ਮਿੰਟਾਂ ਦੇ ਹਿਸਾਬ ਚਾਹ ਬਣਾ ਕੇ ਪਿਆਲੀ ਮੇਰੇ ਬੁੱਲ੍ਹਾਂ ਨੂੰ ਲਾ ਦਿੰਦੀ ਸੀ।

ਉਹ ਵੀ ਦਿਨ ਸਨ, ਜਦ ਆਪਾਂ ਮੇਰੇ ਏਸੇ ਕਮਰੇ ਵਿਚ ਇਕੱਠੇ ਪੜ੍ਹਦੇ ਹੁੰਦੇ ਸਾਂ। ਕਦੇ ਕਦੇ ਤਾਂ ਰਾਤ ਨੂੰ ਵੀ। ਤੇਰੀ ਮਾਂ ਨੂੰ ਮੇਰੇ 'ਤੇ ਕੋਈ ਸ਼ੱਕ ਨਹੀਂ ਸੀ। ਤੂੰ ਡਰਦੀ ਤਾਂ ਸਿਰਫ਼ ਗੁਆਂਢਣਾਂ ਤੋਂ ਡਰਦੀ ਸੀ। ਤੇਰੇ ਭਰਾ ਤਾਂ ਮੇਰੇ ਨਾਲ ਇਉਂ ਸਨ, ਜਿਵੇਂ ਮੈਂ ਉਨ੍ਹਾਂ ਦਾ ਵੱਡਾ ਭਰਾ ਹੋਵਾਂ। ਤੇਰੇ ਪਿਤਾ ਜੀ? ਉਹ ਤਾਂ ਮੈਂ ਕਦੇ ਦੇਖੇ ਹੀ ਨਹੀਂ ਸਨ। ਸ਼ਾਇਦ ਉਨ੍ਹਾਂ ਨੇ ਵੀ ਮੈਨੂੰ ਕਦੇ ਨਹੀਂ ਦੇਖਿਆ ਹੋਣਾ। ਤੂੰ ਹੀ ਦੱਸਦੀ ਹੁੰਦੀ ਸੀ ਕਿ ਉਹ ਤਾਂ ਬਿਜ਼ਨਸ ਦੇ ਮਾਮਲੇ ਵਿਚ ਸ਼ਹਿਰੋਂ ਬਾਹਰ ਹੀ ਰਹਿੰਦੇ ਹਨ। ਪੰਦਰਾਂ ਪੰਦਰਾਂ ਦਿਨਾਂ ਪਿੱਛੋਂ ਕਦੇ ਇੱਕ ਅੱਧੀ ਰਾਤ ਆਉਂਦੇ ਹਨ।

ਤੂੰ ਇਹ ਗੱਲ ਵੀ ਨਹੀਂ ਝੁਠਲਾ ਸਕਦੀ ਕਿ ਆਪਾਂ ਵਿਆਹ ਕਰਵਾਉਣ ਦੀਆਂ ਕਸਮਾਂ ਖਾਧੀਆਂ ਸਨ। ਆਪਣੀ ਜ਼ਾਤ ਇੱਕ ਸੀ। ਆਪਣੇ ਗੋਤ ਅੱਡ ਸਨ। ਮੈਂ ਅਸੁੰਦਰ ਨਹੀਂ ਸਾਂ। ਮਿਉਂਸੀਪਲ ਕਮੇਟੀ ਦੀ ਪੱਕੀ ਨੌਕਰੀ 'ਤੇ ਲੱਗਿਆ ਹੋਇਆ ਸਾਂ, ਹੁਣ ਵੀ ਹਾਂ। ਕੀ ਨੁਕਸ ਸੀ ਮੇਰੇ ਵਿਚ? ਤੂੰ ਬਹਾਨਾ ਲਾਇਆ ਸੀ, ਪਹਿਲਾਂ ਤੇਰੀ ਵੱਡੀ ਭੈਣ ਦਾ ਵਿਆਹ ਹੋ ਲਵੇ।

ਦਿਨ ਗੁਜ਼ਰ ਰਹੇ ਸਨ। ਤੇ ਫਿਰ ਤੁਸੀਂ ਆਪਣਾ ਮਕਾਨ ਬਦਲ ਲਿਆ ਸੀ। ਸ਼ਹਿਰ ਦੇ ਦੂਜੇ ਪਾਸੇ। ਤੇਰੀ ਮਾਂ ਕਹਿੰਦੀ ਸੀ, "ਉਹ ਮਕਾਨ ਇਸ ਨਾਲੋਂ ਚੰਗਾ ਹੈ। ਉਸ ਮਕਾਨ ਵਿਚ ਸਹੂਲਤਾਂ ਬਹੁਤੀਆਂ ਹਨ। ਉਹ ਮਕਾਨ ਤਾਂ ਨਵਾਂ ਹੈ, ਕੀ ਪਿਆ ਹੈ ਹੁਣ ਇਸ ਪੁਰਾਣੇ ਮਕਾਨ ਵਿਚ?" ਮੈਨੂੰ ਤਾਂ ਤੇਰਾ ਇਹੀ ਕਮਰਾ ਪਿਆਰਾ ਹੈ, ਮੇਰਾ ਤਾਂ ਏਸੇ ਵਿਚ ਗੁਜ਼ਾਰਾ ਹੈ।

ਸ਼ਹਿਰ ਦੇ ਦੂਜੇ ਪਾਸੇ ਤੁਹਾਡੇ ਨਵੇਂ ਮਕਾਨ ਵਿਚ ਵੀ ਮੈਂ ਤੈਨੂੰ ਮਿਲਣ ਆ ਜਾਇਆ ਕਰਦਾ ਸਾਂ। ਹਫ਼ਤੇ ਬਾਅਦ, ਦਸ ਦਿਨ ਬਾਅਦ।

ਸਾਡੇ ਪਿੰਡ ਮੇਰੀ ਮਾਂ ਬਹੁਤ ਬਿਮਾਰ ਹੋ ਗਈ ਸੀ ਤੇ ਫਿਰ ਮੈਂ ਪਿੰਡ ਚਲਿਆ ਗਿਆ ਸਾਂ। ਮਾਂ ਬਹੁਤ ਬਿਮਾਰ ਸੀ, ਨਮੂਨੀਆ ਹੋ ਗਿਆ ਸੀ ਤੇ ਫਿਰ ਟਾਈਫਾਈਡ ਇੱਕ ਮਹੀਨੇ ਦੀ ਛੁੱਟੀ ਲੈਣੀ ਪਈ ਸੀ। ਵਾਪਸ ਆਇਆ ਸਾਂ ਤਾਂ ਤੇਰਾ ਮੂੰਹ ਹੋਰ ਸੀ। ਤੁਹਾਡੇ ਘਰ ਆਉਂਦਾ ਸਾਂ, ਤੂੰ ਘਰੋਂ ਬਾਹਰ ਹੋ ਜਾਂਦੀ ਸੈਂ। ਗਵਾਂਢੀਆਂ ਦੇ ਘਰ ਚਲੀ ਜਾਂਦੀ ਸੈਂ 'ਕੀ ਜਾਣਦਾ ਸਾਂ, ਮੈਂ ਸ਼ਹਿਰ ਦੇ ਦੂਜੇ ਪਾਸੇ ਗਵਾਂਢੀਆਂ ਨੂੰ? ਤਿੰਨ ਵਾਰ ਗਿਆ ਸਾਂ, ਚੌਥੀ ਵਾਰ ਗਿਆ ਸਾਂ ਤੇ ਫਿਰ ਨਾ ਜਾਣਦੀ ਕਸਮ ਖਾ ਲਈ ਸੀ। ਤੇ ਫਿਰ ਦੋ ਮਹੀਨਿਆਂ ਬਾਅਦ ਤੇਰੀ ਮਾਂ ਮੇਰੇ ਕੋਲ ਆਈ ਸੀ, ਮੇਰੇ ਇਸ ਕਮਰੇ ਵਿਚ ਤੇ ਫਿਰ ਤਾਂ ਤੈਨੂੰ ਯਾਦ ਹੀ ਹੈ ਕਿ ਮੈਂ ਤੇ ਤੇਰੀ ਮਾਂ ਤੈਨੂੰ ਕਿਸੇ ਹੋਰ ਸ਼ਹਿਰ ਵਿਚ ਤਜਰਬੇਕਾਰ ਦਾਈ ਕੋਲ ਲੈ ਕੇ ਗਏ ਸਾਂ। ਤੇਰੀ ਜਾਨ ਸੌਖੀ ਕਰਵਾਈ ਸੀ।

ਖ਼ੈਰ, ਇਹ ਗੱਲ ਵੀ ਹੋਈ ਨਿੱਬੜੀ। ਤੈਂ ਆਪਣੀ ਮਾਂ ਕੋਲ ਸਹੁੰਆਂ ਖਾਧੀਆਂ ਸਨ। ਪਾਣੀਆਂ ਦੀਆਂ ਚੂਲੀਆਂ ਡੋਲ੍ਹੀਆਂ ਸਨ। ਰੋ ਰੋ ਕੇ ਦੱਸਿਆ ਸੀ ਕਿ ਉਸ ਮੁੰਡੇ ਨੇ ਤਾਂ ਤੇਰੇ ਨਾਲ ਜ਼ਬਰਦਸਤੀ ਕਰ ਲਈ ਸੀ। ਤੂੰ ਘਰ ਇਕੱਲੀ ਸੀ। ਖ਼ੈਰ ਠੀਕ ਸੀ, ਜੋ ਤੈਂ ਆਖਿਆ ਸੀ। ਪਰ ਓਸ ਮੁੰਡੇ ਨੂੰ ਤੁਹਾਡੇ ਘਰ ਇੱਕ ਦਿਨ ਬੈਠਾ ਮੈਂ ਆਪ ਦੇਖਿਆ ਸੀ। ਤੇਰੀ ਮਾਂ ਨੇ ਚਾਹ ਬਣਾਈ ਸੀ ਤਾਂ ਤੂੰ ਪਿਆਲੀ ਚੁੱਕ ਕੇ ਪਹਿਲਾਂ ਉਸ ਮੁੰਡੇ ਨੂੰ ਫੜਾਈ ਤੇ ਬਾਅਦ ਵਿਚ ਮੈਨੂੰ। ਤੇਰੀ ਮਾਂ ਨੂੰ ਵੀ ਮੈਂ ਕੀ ਕਹਿੰਦਾ?

ਸੁਨੀਤਾ, ਮੈਂ ਬਹੁਤ ਨੀਵਾਂ ਹੋ ਗਿਆ ਹਾਂ। ਤੈਂ ਮੈਨੂੰ ਕਿਤੇ ਜੋਗਾ ਵੀ ਨਹੀਂ ਛੱਡਿਆ। ਮੈਂ ਮਿੱਟੀ ਵਿਚ ਮਿਲ ਗਿਆ ਹਾਂ, ਮੈਂ ਕਾਸੇ ਦਾ ਵੀ ਨਹੀਂ ਰਿਹਾ। ਐਨਾ ਗਿਰਿਆ ਹੋਇਆ ਇਨਸਾਨ ਵੀ ਕੋਈ ਹੋ ਸਕਦਾ ਹੈ, ਜੋ ਇਸ ਤਰ੍ਹਾਂ ਦੀ ਹਾਲਤ ਵਿਚ ਵੀ ਆਪਣੀ ਮਹਿਬੂਬਾ ਨੂੰ ਦੁਬਾਰਾ ਅਪਣਾ ਲਵੇ? ਪਰ ਸੁਨੀਤਾ ਤੂੰ ਇਨ੍ਹਾਂ ਸਾਰੀਆਂ ਗੱਲਾਂ 'ਤੇ ਪਾਣੀ ਫੇਰ ਦੇਹ। ਆ ਜਾ। ਮੈਂ ਤੈਨੂੰ ਅਪਣਾਵਾਂਗਾ ਹੁਣ ਵੀ ਅਪਣਾਵਾਂਗਾ। ਮੈਥੋਂ ਆਪਣਾ ਗ਼ਮ, ਆਪਣਾ ਦੁੱਖ ਤੇ ਆਪਣਾ ਉਦਰੇਵਾਂ ਝੱਲਿਆ ਨਹੀਂ ਜਾ ਰਿਹਾ।

ਉਸ ਸ਼ਹਿਰ ਜਦ ਤੇਰੀ ਜਾਨ ਸੁਖਾਲੀ ਕਰਵਾਉਣ ਆਪਾਂ ਗਏ ਸਾਂ ਤਾਂ ਤੇਰੀ ਮਾਂ ਤੋਂ ਅੱਖ ਬਚਾ ਕੇ ਮੈਂ ਤੈਨੂੰ ਥੋੜ੍ਹਾ ਜਿਹਾ ਠੋਕਰਿਆ ਸੀ, 'ਸੁਨੀਤਾ, ਕੌਣ ਹੈ ਉਹ?' ਤੈਂ ਆਖਿਆ ਸੀ ਤੇ ਜ਼ਰਾ ਲਾਚੜ ਕੇ-'ਤੁਸੀਂ ਹੀ ਓਂ, ਹੋਰ ਕੌਣ ਐ ਉਹ?' ਮੈਂ ਸਭ ਕੁਝ ਜਾਣਦਾ ਹੋਇਆ ਵੀ ਚੁੱਪ ਹੋ ਗਿਆ ਸਾਂ। ਮੈਨੂੰ ਤਾਂ ਤੇਰੀ ਮਾਂ ਨੇ ਸਭ ਕੁਝ ਪਹਿਲਾਂ ਦੱਸ ਹੀ ਦਿੱਤਾ ਹੋਇਆ ਸੀ।

ਤੇ ਉਸ ਮੁੰਡੇ ਦੀ ਭਾਲ ਕਰਕੇ ਮੈਂ ਉਸ ਨੂੰ ਪੁੱਛਿਆ ਸੀ, "ਕਿਉਂ ਬਈ ਤੇਰਾ ਹੀ ਹੈ ਉਹ ਕਾਰਨਾਮਾ?' ਮੁੰਡਾ ਸੱਚਾ ਬੜਾ ਨਿਕਲਿਆ ਸੀ, ਪਰ ਕਹਿੰਦਾ, "ਮੈਨੂੰ ਕੀ ਪਤਾ ਹੈ, ਕਿਸ ਦਾ ਹੈ। ਉਹ ਤਾਂ ਵੀਹਾਂ ਨਾਲ ਹੈ। ਕੀ ਪਤਾ ਲੱਗੇ, ਕਿਸ ਦਾ ਹੈ?' ਸੁਨੀਤਾ, ਸੱਚ ਜਾਣ ਮੈਂ ਧਰਤੀ ਵਿਚ ਉਸ ਵੇਲੇ ਧਸ ਗਿਆ ਸਾਂ।

ਤੂੰ ਇਸ ਤਰ੍ਹਾਂ ਦੀ ਜ਼ਿੰਦਗੀ ਕਿਉਂ ਬਣਾ ਲਈ ਹੈ, ਸੁਨੀਤਾ? ਕੀ ਤੈਨੂੰ ਇਹ ਜ਼ਿੰਦਗੀ ਪਸੰਦ ਹੈ? ਤੇਰਾ ਕੋਈ ਭਵਿੱਖ ਨਹੀਂ? ਕੀ ਤੂੰ ਬੁੱਢੀ ਹੋ ਚੱਲੀ ਹੈ? ਅਜੇ ਤਾਂ ਤੂੰ ਵੀਹਾਂ ਤੋਂ ਵੀ ਥੱਲੇ ਹੈਂ, ਸੁਨੀਤਾ। ਕੁਝ ਸੋਚ, ਕੁਝ ਅਕਲ ਕਰ। ਕਿਵੇਂ ਬੀਤੇਗੀ ਜ਼ਿੰਦਗੀ ਤੇਰੀ? ਕੀ ਤੂੰ 'ਕੋਠਿਆਂ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਹੈਂ?'

ਚੱਲ, ਮਿੱਟੀ ਪਾ ਇਨ੍ਹਾਂ ਸਾਰੀਆਂ ਗੱਲਾਂ 'ਤੇ। ਮੈਨੂੰ ਤਾਂ ਤੇਰਾ ਸਭ ਕੁਝ ਚੰਗਾ ਲੱਗਦਾ ਹੈ। ਤੇਰੇ ਵਿਚ ਕੋਈ ਵੀ ਨੁਕਸ ਨਹੀਂ। ਪਰ ਤਾਂ ਜੇ ਤੂੰ ਇੱਕ ਦੀ ਬਣ ਕੇ ਰਹੇਂ। ਉਹ ਇੱਕ ਮੈਂ ਹਾਂ। ਮੈਂ ਹੀ ਹਾਂ।