ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਆਪਣਾ ਦਰਦ

ਆਪਣਾ ਦਰਦ

ਕੋਈ ਪੰਜਾਬੀ ਜੇ ਇਸ਼ਕ ਦੀ ਬਾਜ਼ੀ ਹਾਰ ਜਾਵੇ ਤਾਂ ਫਿਰ 'ਵਾਰਸ ਸ਼ਾਹ ਦੀ ਹੀਰ' ਪੜ੍ਹਦਾ ਹੈ।

ਬਿਮਲ ਦੀ ਮੇਜ਼ 'ਤੇ ਵੀ ਅੱਜ ਕੱਲ੍ਹ 'ਹੀਰ' ਪਈ ਰਹਿੰਦੀ ਹੈ। ਰਾਤ ਦੀ ਬੇਚੈਨੀ ਹੰਢਾ ਕੇ ਤੜਕੇ ਜਦ ਉਹ ਉੱਠਦਾ ਹੈ, ਉੱਠਣ ਸਾਰ ਇੱਕ ਬੈਂਤ, 'ਹੀਰ' ਦੀ ਪੜ੍ਹਦਾ ਹੈ। ਫਿਰ ਚਾਹ ਪੀਂਦਾ ਹੈ ਅਤੇ ਜੰਗਲ ਪਾਣੀ ਜਾਂਦਾ ਹੈ। ਰਾਤ ਨੂੰ ਸੌਣ ਲੱਗਿਆਂ ਵੀ ਸੋਚਾਂ ਜਦ ਪਲ ਦੋ ਪਲ ਉਸ ਦਾ ਪੱਲਾਂ ਛੱਡਦੀਆਂ ਹਨ ਤਾਂ ਉਹ 'ਹੀਰ' ਹੀ ਪੜ੍ਹਦਾ ਹੈ ਜਾਂ ਫਿਰ ਸੋਚਾਂ ਤੋਂ ਪੱਲਾ ਛੁਡਵਾਉਣ ਲਈ ਹੀ।

ਜ਼ਿੰਦਗੀ ਵਿਚ ਉਸ ਨੇ ਤਿੰਨ ਵਾਰ 'ਹੀਰ' ਪੜ੍ਹੀ ਹੈ। ਮੁੱਢ ਤੋਂ ਲੈ ਕੇ ਅਖ਼ੀਰ ਤੱਕ।

ਐਂਤਕੀ ਤਾਂ ਉਹ ਵਿਚੋਂ ਵਿਚੋਂ ਹੀ ਬੈਂਤਾਂ ਪੜ੍ਹਦਾ ਹੈ। ਕਦੇ ਕੋਈ ਬੈਂਤ, ਕਦੇ ਕੋਈ। ਬਹੁਤਾ ਕਰਕੇ ਸਹਿਤੀ ਦੇ ਰਾਂਝੇ ਨਾਲ ਸਵਾਲ ਜਵਾਬ।

ਪਰ ਨਹੀਂ। ਅੱਜ ਉਸ ਨੇ ਫ਼ੈਸਲਾ ਕਰ ਲਿਆ ਹੈ ਕਿ ਉਹ ਮੁੱਢ ਤੋਂ ਹੀ ਪੜ੍ਹੇਗਾ-'ਅਵਲ ਹਮਦ ਖੁਦਾ ਦਾ ਵਿਰਦ ਕੀਜੇ।'

ਬਿਮਲ ਇੱਕ ਕਵੀ ਹੈ।

ਅੱਜ ਉਹ ਇੱਕ ਕਾਵਿ ਗੋਸ਼ਟੀ ਤੋਂ ਵਾਪਸ ਆਇਆ ਹੈ। ਬਹੁਤ ਨਿਰਾਸ਼ ਹੈ। ਗੋਸ਼ਟੀ ਵਿਚ ਦੋ ਤਿੰਨ ਆਲੋਚਕਾਂ ਨੇ ਤਾਂ ਉਸ ਨੂੰ ਬਹੁਤ ਨਿੰਦਿਆ ਹੈ। ਇੱਕ ਆਲੋਚਕ ਨੇ ਤਾਂ ਲੋਹੜਾ ਹੀ ਮਾਰਿਆ ਤੇ ਏਥੋਂ ਤੀਕ ਕਹਿ ਦਿੱਤਾ ਕਿ ਬਿਮਲ ਨੂੰ ਇਸਤਰੀ ਮਰਦ ਦੇ ਸਦੀਵੀ ਰਿਸ਼ਤਿਆਂ ਦਾ ਵੀ ਭਲੀ ਭਾਂਤ ਗਿਆਨ ਨਹੀਂ। ਇਕ ਹੋਰ ਆਲੋਚਕ ਦਾ ਕਥਨ ਸੀ ਕਿ ਬਿਮਲ ਪਿਆਰ ਦੇ ਮਸਲੇ ਵਿਚ ਆਧੁਨਿਕ ਨਹੀਂ। ਉਹ ਇਸਤਰੀ ਨੂੰ ਅਪੋਲੋ ਯੁੱਗ ਵਿਚ ਵੀ ਬੇਵਫ਼ਾ ਹੀ ਦੱਸ ਰਿਹਾ ਹੈ। ਇੱਕ ਹੋਰ ਨੇ ਆਖਿਆ ਕਿ ਸਾਡੇ ਕਵੀਆਂ ਵਿਚੋਂ ਇਹ 'ਵਾਰਸ' ਵਾਲੀ ਰੱਟ ਪਤਾ ਨਹੀਂ ਕਦੋਂ ਖ਼ਤਮ ਹੋਵੇਗੀ।

ਬਿਮਲ ਸੋਚਦਾ ਹੈ, ਮੈਂ ਕਵਿਤਾ ਕਦੋਂ ਲਿਖਦਾ ਹਾਂ? ਕਦੋਂ ਕਹਿੰਦਾ ਹਾਂ ਕਿ ਮੈਂ ਸਾਹਿਤਕਾਰ ਹਾਂ? ਮੈਂ ਤਾਂ ਆਪਣਾ ਦਰਦ ਲਿਖਦਾ ਹਾਂ।

ਇੱਕ ਮਾਸਕ ਪੱਤਰ ਨੂੰ ਉਸ ਨੇ ਦੋ ਕਵਿਤਾਵਾਂ ਭੇਜੀਆਂ ਸਨ। ਦੋਵੇਂ ਹੀ ਵਾਪਸ ਆ ਗਈਆਂ ਹਨ। ਇੱਕ ਚਿੱਟ ਟਾਂਕੀ ਹੋਈ ਹੈ-'ਜਿਹੜਾ ਕਵੀ ਸਿਰਫ਼ ਆਪਣੇ ਲਈ ਲਿਖਦਾ ਹੈ, ਉਸ ਵਾਸਤੇ 'ਲਾਟ' ਵਿਚ ਕੋਈ ਥਾਂ ਨਹੀਂ। ਬਿਮਲ ਜੀ ਲੋਕਾਂ ਵਾਸਤੇ ਵੀ ਕੁਝ ਲਿਖੋ।" ਬਿਮਲ ਹੈਰਾਨ ਹੈ। ਇਕ ਸਮਾਂ ਸੀ ਜਦੋਂ 'ਲਾਟ' ਵਾਲੇ ਉਸ ਦੀਆਂ ਕਵਿਤਾਵਾਂ ਆਪ ਚਿੱਠੀ ਲਿਖ ਕੇ ਮੰਗਵਾਇਆ ਕਰਦੇ ਸਨ ਤੇ ਹੁਣ ...।

ਪਿਛਲੇ ਮਹੀਨੇ ਇੱਕ ਮਾਸਕ ਪੱਤਰ ਵਿਚ ਉਸ ਦੀਆਂ ਪੰਜ ਕਵਿਤਾਵਾਂ ਇੱਕ ਸਾਥ ਛਪੀਆਂ ਸਨ। ਪਟਿਆਲੇ ਤੋਂ ਇੱਕ ਕੁੜੀ ਨੇ ਚਿੱਠੀ ਲਿਖੀ-'ਤੁਹਾਡੀਆਂ ਕਵਿਤਾਵਾਂ ਪੜ੍ਹ ਕੇ ਰਸਾਲਾ ਚੁੱਲ੍ਹੇ ਵਿਚ ਡਾਹ ਦਿੱਤਾ। ਔਰਤ ਜ਼ਾਤ ਨੂੰ ਗਾਲ਼ਾਂ ਕੱਢਣ ਤੋਂ ਬਿਨਾਂ ਇਨ੍ਹਾਂ ਵਿਚ ਸੀ ਵੀ ਕੀ? ਇਉਂ ਲੱਗਦਾ ਹੈ ਜਿਵੇਂ ਕਦੇ ਕਿਸੇ ਚੰਗੀ ਕੁੜੀ ਨਾਲ ਤੁਹਾਡਾ ਵਾਹ ਹੀ ਨਹੀਂ ਪਿਆ ਹੁੰਦਾ ਜੇ ਇਹੋ ਜਿਹੀਆਂ ਕਵਿਤਾਵਾਂ ਹੀ ਲਿਖਣੀਆਂ ਹਨ ਤਾਂ ਬਿਹਤਰ ਹੈ ਕਿ ਨਾ ਹੀ ਲਿਖੋ?

ਬਿਮਲ ਸੋਚਦਾ ਹੈ ਕਿ ਲੇਖਕ ਆਪਣੇ ਲਈ ਫਿਰ ਕਦ ਲਿਖੇ?

ਦੂਜੇ ਬਿੰਦ ਉਹ ਸੋਚਦਾ ਹੈ ਕਿ ਉਸ ਨੇ ਲੋਕਾਂ ਲਈ ਵੀ ਤਾਂ ਬਹੁਤ ਕੁਝ ਲਿਖਿਆ ਹੈ। ਹੁਣ ਲਿਖਣਾ ਚਾਹੁੰਦਾ ਹੈ। ਅਸਲ ਵਿਚ ਤਾਂ ਉਹ ਚਾਹੁੰਦਾ ਹੈ ਕਿ ਜਨਤਾ ਲਈ ਹੀ ਲਿਖੇ। ਆਮ ਜਨਤਾ ਗਰੀਬ ਹੈ, ਬੇਸਹਾਰਾ ਹੈ, ਦੁਖੀ ਹੈ ਤੇ ਬੇਰੁਜ਼ਗਾਰ। ਆਜ਼ਾਦੀ ਮਿਲੀ ਨੂੰ ਪਊਆ ਸਦੀ ਬੀਤ ਗਈ, ਪਰ ਉਹੀ ਉਵੇਂ, ਜਿਵੇਂ ਰਿਸ਼ਵਤਖੋਰੀ ਹੈ। ਕੁਨਬਾ ਪਰਵਰੀ ਹੈ, ਉਹ ਨੀਚ ਹੈ ਤੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਆਰਥਕ ਨਾਬਰਾਬਰੀ। ਇਹ ਸਭ ਕੁਝ ਲਿਖਣਾ ਚਾਹੁੰਦਾ ਹੈ, ਬੜੀ ਸ਼ਿੱਦਤ ਨਾਲ ਲਿਖਣਾ ਚਾਹੁੰਦਾ ਹੈ, ਪਰ ਉਸ ਦਾ ਆਪਣਾ ਆਪ ਉਸ ਦੇ ਦਿਮਾਗ਼ ਵਿਚ ਐਨਾ ਭਰ ਗਿਆ ਹੈ। ਜਿਵੇਂ ਹੋਰ ਕੁਝ ਤਾਂ ਉਹ ਸੋਚ ਹੀ ਨਾ ਸਕਦਾ ਹੋਵੇ।

ਬਿਮਲ ਦੀ ਜ਼ਿੰਦਗੀ ਸਧਾਰਨ ਚਾਲ ਚੱਲ ਰਹੀ ਸੀ। ਆਪਣੀ ਮਸਤ ਚਾਲ। ਨਾ ਕੋਈ ਦੁੱਖ, ਨਾ ਕੋਈ ਗ਼ਮ, ਨਾ ਫ਼ਿਕਰ। ਇੱਕ ਕੁੜੀ ਉਸਦੀ ਜ਼ਿੰਦਗੀ ਵਿਚ ਇਸ ਤਰ੍ਹਾਂ ਆਈ, ਜਿਵੇਂ ਕੋਈ ਦਰਵਾਜ਼ਾ ਤੋੜ ਕੇ ਮੱਲੋ ਮੱਲੀ ਘਰ ਆ ਵੜੇ। ਪਰ ਜਦ ਘਰ ਆ ਹੀ ਵੜੇ ਤਾਂ ਇਉਂ ਲੱਗੇ ਜਿਵੇਂ ਉਹ ਤਾਂ ਕੋਈ ਆਪਣਾ ਹੀ ਕੋਈ ਹੈ। ਸਬੰਧੀ, ਮਿੱਤਰ ਜਾਂ ਕੁਝ ਵੀ।

ਦੋ ਸਾਲ ਉਹ ਕੁੜੀ ਬਿਮਲ ਨਾਲ ਇਸ ਤਰ੍ਹਾਂ ਜੁੜੀ ਰਹੀ, ਜਿਵੇਂ ਉਨ੍ਹਾਂ ਦੀ ਪਿਛਲੇ ਜਨਮ ਦੀ ਕੋਈ ਸਾਂਝ ਹੋਵੇ।

ਉਸ ਦੇ ਦਫ਼ਤਰ ਵਿਚ ਹੀ ਤਾਂ ਉਹ ਕੰਮ ਕਰਦੀ ਸੀ। ਦਫ਼ਤਰੋਂ ਛੁੱਟੀ ਲੈਂਦੇ ਤੇ ਉਹ ਪਤਾ ਨਹੀਂ ਕਿੱਥੇ ਗ਼ਾਇਬ ਹੋ ਜਾਂਦੇ। ਕਦੇ ਕਦੇ ਤਾਂ ਬਿਨਾਂ ਦੱਸੇ ਹੀ ਦਫ਼ਤਰੋਂ ਨੱਸ ਜਾਂਦੇ। ਦਫ਼ਤਰ ਵਿਚ ਵੀ ਤਾਂ ਅੰਨ੍ਹੀ ਪਈ ਹੋਈ ਸੀ। 'ਬਾਸ' ਪਤਾ ਨਹੀਂ ਕਿੱਥੇ ਰਹਿੰਦਾ ਸੀ। ਹਫ਼ਤੇ ਵਿਚ ਇੱਕ ਦੋ ਦਿਨ ਦਫ਼ਤਰ ਆਉਂਦਾ ਸੀ। ਆਉਂਦਾ ਸੀ ਤਾਂ ਦੋ ਤਿੰਨ ਘੰਟਿਆਂ ਤੋਂ ਵੱਧ ਕਦੇ ਨਹੀਂ ਸੀ ਬੈਠਦਾ। ਸੁਪਰਡੈਂਟ ਦੀ ਚੱਲਦੀ ਸੀ। ਪੰਜ ਕਰੇ, ਪੰਜਾਹ ਕਰੇ। ਸੁਪਰਡੈਂਟ ਦੇ ਤਾਂ ਬਿਮਲ ਵੀਹ ਵਾਰੀ ਕੰਮ ਆਇਆ ਸੀ।

ਇੱਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਕਿ ਉਹ ਇਸ ਕਿਸਮ ਦੇ ਇਸ਼ਕ ਤੋਂ ਥੱਕ ਗਿਆ ਸੀ। ਉਸ ਕੁੜੀ ਵਿਚੋਂ ਉਸ ਨੂੰ ਬਦਬੂ ਜਿਹੀ ਆਉਂਦੀ। ਕੰਜਰੀ ਤੋਂ ਵੱਧ ਉਹ ਕੀ ਸੀ। ਚੰਗਾ ਖਵਾਓ ਪਿਆਓ, ਜਦੋਂ ਮਰਜ਼ੀ ਜਿੱਥੇ ਜੀਅ ਕਰੇ, ਲੈ ਜਾਓ।

ਪਰ ਖਾਣ ਪੀਣ ਦੀ ਵੀ ਉਹ ਭੁੱਖੀ ਨਹੀਂ ਸੀ। ਉਹ ਤਾਂ ਕਈ ਵਾਰੀ ਆਪ ਵੀ ਬੜਾ ਖ਼ਰਚ ਕਰ ਦਿੰਦੀ। ਉਸ ਦੇ ਸਰੀਰ ਵਿਚ ਤਾਂ ਇੱਕ ਅੱਗ ਸੀ, ਜਿਹੜੀ ਹੁਣ ਬੁਝਣ ਤੀਕ ਹੀ ਨਹੀਂ ਸੀ ਆਉਂਦੀ। ਠੰਡੀ ਹੋਣਾ ਜਾਣਦੀ ਹੀ ਨਹੀਂ ਸੀ। ਬਿਮਲ ਉਸ ਅੱਗ ਦੇ ਸੇਕ ਵਿਚ ਆਪਣੀ ਜ਼ਿੰਦਗੀ ਦੀਆਂ ਬਰਫ਼ ਸਿਖ਼ਰਾਂ ਪਿਘਲਾਉਂਦਾ ਰਿਹਾ ਸੀ, ਪਰ ਇੱਕ ਤਰ੍ਹਾਂ ਨਾਲ ਉਹ ਉਸ ਅੱਗ ਵਿਚ ਆਪਣੀ ਚਰਬੀ ਢਾਲ ਰਿਹਾ ਸੀ। ਆਪਣੇ ਲਹੂ ਨੂੰ ਰਿੜਕ ਰਿਹਾ ਸੀ।

ਫਿਰ ਕੀ ਹੋਇਆ?

ਉਸ ਕੁੜੀ ਨੂੰ ਕੋਈ ਹੋਰ ਗਰਮ ਲਹੂ ਲੱਭ ਗਿਆ।

ਬਿਮਲ ਦੇ ਲਹੂ ਵਿਚ ਨਫ਼ਰਤ ਦੇ ਬੀਜ ਉੱਗ ਪਏ। ਉਸ ਕੁੜੀ ਨਾਲ ਉਸ ਨੂੰ ਉਨੀ ਹੀ ਘਿਰਣਾ ਹੋ ਗਈ, ਜਿੰਨੀ ਪਹਿਲਾਂ ਮੁਹੱਬਤ ਸੀ। ਸਾਰੀਆਂ ਕੁੜੀਆਂ ਹੀ ਉਸ ਨੂੰ ਬੇਵਫ਼ਾ ਦਿਸਣ ਲੱਗੀਆਂ। ਇਸਤਰੀ ਹਮੇਸ਼ਾ ਧੋਖਾ ਦਿੰਦੀ ਹੈ। ਉਸ ਦੀ ਕਵਿਤਾ ਦਾ ਧੁਰਾ ਬਣ ਗਿਆ।

ਹੁਣ ਉਸ ਕੁੜੀ ਦਾ ਖਿਆਲ ਬਿਮਲ ਦੇ ਪਿੱਛੇ ਪਿਆ ਹੋਇਆ ਹੈ।

ਉਹ ਸੋਚਦਾ ਹੈ ਕਿ ਇਸ ਜਿਲ੍ਹਣ ਉਹ ਨਿਕਲ ਨਹੀਂ ਸਕੇਗਾ। ਇਹ ਜਿਲ੍ਹਣ ਉਸ ਦੀ ਆਪਣੀ ਹੈ, ਜਿਸ ਨਾਲ ਕਿਸੇ ਹੋਰ ਦੀ ਕੋਈ ਦਿਲਚਸਪੀ ਨਹੀਂ। ਜੋ ਕੁਝ ਉਹ ਲਿਖਦਾ ਹੈ, ਉਹ ਸਾਹਿਤ ਨਹੀਂ ਬਣ ਰਿਹਾ। ਲਿਖਣ ਦਾ ਫਿਰ ਕੀ ਅਰਥ? ਇਸ ਤੋਂ ਤਾਂ ਚੰਗਾ ਹੈ ਨਾ ਈ ਲਿਖੇ। ਪਰ ਜੇ ਨਾ ਲਿਖੇ ਤਾਂ ਮਨ ਹੌਲਾ ਕਿਵੇਂ ਹੋਵੇ?

ਮਨ ਹੌਲਾ ਤਾਂ ਉਹ ਆਪਣੇ ਦੋਸਤਾਂ ਮਿੱਤਰਾਂ ਵਿਚ ਉਸ ਕੁੜੀ ਦੀਆਂ ਗੱਲਾਂ ਕਰਕੇ ਕਰ ਸਕਦਾ ਹੈ, ਪਰ ਇਸ ਤਰ੍ਹਾਂ ਤਾਂ ਉਹ ਕਰਨਾ ਨਹੀਂ ਚਾਹੁੰਦਾ। ਇਸ ਤਰ੍ਹਾਂ ਤਾਂ ਉਸ ਦੇ ਦੋਸਤ ਉਸ ਨੂੰ ਝੁੱਡੂ ਆਖਣਗੇ। ਕਹਿਣਗੇ, "ਸਾਲਾ, ਇਸ਼ਕ ਕਰਨ ਦਾ। ਕੁੜੀ ਹੱਥੋਂ ਨਿਕਲ ਗਈ, ਤੇਰਾ ਰਹਿ ਕੀ ਗਿਆ ਓਏ, ਮਜਨੂੰ ਕੇ ਲੌਂਡੇ? ਚੱਪਣੀ ਵਿਚ ਨੱਕ ਡੋਬ ਕੇ ਮਰ ਹੁਣ, ਪਿਆਰੇ।'

ਉਹ ਸੋਚਦਾ ਹੈ ਕਿ ਇਸ ਦਰਦ ਦੀ ਮੁਨਿਆਦ ਵੀ ਤਾਂ ਪੁੱਗੇਗੀ ਹੀ। ਉਹ ਚਾਹੁੰਦਾ ਹੈ ਕਿ ਉਸ ਕੁੜੀ ਸਬੰਧੀ ਉਹ ਢੇਰ ਸਾਰੀਆਂ ਕਵਿਤਾਵਾਂ ਲਿਖੇ ਐਨੀਆਂ ਕਵਿਤਾਵਾਂ ਲਿਖੇ ਕਿ ਉਸ ਦੇ ਮਨ ਅੰਦਰ ਕੋਈ ਕੰਡਾ ਅਟਕਿਆ ਨਾ ਰਹੇ। ਉਸ ਦਾ ਮਨ ਪਵਿੱਤਰ ਤੇ ਸਾਫ਼ ਹੋ ਜਾਵੇ। ਉਸ ਦੀਆਂ ਕਵਿਤਾਵਾਂ ਸਾਹਿਤ ਦਾ ਅੰਗ ਬਣਨ ਭਾਵੇਂ ਨਾ, ਪਰ ਉਸ ਦਾ ਮਨ ਜ਼ਰੂਰ ਧੋ ਦੇਣ।