ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸੁੱਤਾ ਨਾਗ

ਮੁਕਲਾਵੇ ਆਈ ਜੀਤੋ ਨੂੰ ਮਸ੍ਹਾਂ ਵੀਹ ਦਿਨ ਹੋਏ ਸਨ।

'ਬੇਬੇ ਨੂੰ ਜਾਦ ਕਰਕੇ ਮੇਰੇ ਤਾਂ ਹੌਲ਼ ਜਾ ਪੈ ਜਾਂਦੈ। ਚੱਲ ਮੈਨੂੰ ਛੱਡ ਆ। ਫੇਰ ਆਜੂੰਗੀ, ਦਸ ਦਿਨ ਲਾ ਕੇ। ਜੀਤੋ ਨੇ ਇੱਕ ਦਿਨ ਮੁਕੰਦੇ ਨੂੰ ਕਿਹਾ।

ਸੁਹਣੀ ਉਹ ਬੜੀ ਸੀ। ਮੁਕੰਦੇ ਨੂੰ ਜਿਵੇਂ ਕੋਈ ਅਲੋਕਾਰ ਚੀਜ਼ ਮਿਲ ਗਈ। ਉਹ ਬੇਅੰਤ ਪਿਆਰ ਕਰਦਾ ਉਸ ਨੂੰ, ਪਰ ਜੀਤੋ ਸੰਵਾਰ ਕੇ ਕਦੇ ਮੂੰਹੋਂ ਨਹੀਂ ਫੁੱਟੀ। ਚਿੱਤ ਅਦਰੋਂ ਜੀਤੋ ਦਾ ਸ਼ਾਇਦ ਉਦਾਸ ਸੀ। ਮੁਕੰਦਾ ਉਸ ਨੂੰ ਰੱਜ ਕੇ ਮੋਹ ਦਿੰਦਾ, ਪਰ ਉਹ ਹਾਂ ਹੂੰ ਤੋਂ ਵੱਧ ਕੁਝ ਨਾ ਕਹਿੰਦੀ। ਮੁਕੰਦੇ ਦੀ ਸਮਝ ਤੋਂ ਸਾਰੀ ਗੱਲ ਬਾਹਰ ਸੀ। ਹਰ ਗੱਲ ਵਿੱਚ ਮੁਕੰਦਾ ਉਸ ਦੀ ਮਰਜ਼ੀ ਵਿੱਚ ਖੁਸ਼ ਰਹਿੰਦਾ। ਅੱਜ ਜੀਤੋ ਨੇ ਪੇਕੀਂ ਜਾਣ ਲਈ ਕਿਹਾ ਤਾਂ ਇਹ ਪਹਿਲਾ ਮੌਕਾ ਸੀ ਵੀਹ ਦਿਨਾਂ ਵਿੱਚ ਜਦ ਉਹ ਖੁੱਲ੍ਹ ਕੇ ਬੋਲੀ ਸੀ। ਮੁਕੰਦਾ ਖ਼ੁਸ਼ ਸੀ ਕਿ ਉਹ ਕੁਝ ਉਭਾਸਰੀ ਤਾਂ ਹੈ।

ਜੀਤੋ ਨੂੰ ਪੇਕੀ ਛੱਡਣ ਆਏ ਨੂੰ ਉਸ ਰਾਤ ਉਸ ਦੇ ਸਹੁਰਿਆਂ ਨੇ ਉੱਥੇ ਹੀ ਰੱਖ ਲਿਆ।

ਅੱਸੂ-ਕੱਤੇ ਦੀ ਰੁੱਤ ਸੀ। ਮੁਕੰਦਾ ਸੌਣ ਵੇਲੇ ਟੱਬਰ ਤੋਂ ਅੱਡ ਹੀ ਦੂਰ ਸਾਰੇ ਪੈ ਗਿਆ।

ਅੱਧੀ ਰਾਤ ਨੂੰ ਜੀਤੋ ਨੂੰ ਮਹਿਸੂਸ ਹੋਇਆ ਜਿਵੇਂ ਮੁਕੰਦਾ ਘੂਕ ਸੁੱਤਾ ਪਿਆ ਹੈ। ਉਹ ਚੁੱਪ ਕਰਕੇ ਉੱਠੀ। ਮੁਕੰਦੇ ਦੀ ਹਿੱਕ 'ਤੇ ਹੱਥ ਧਰ ਕੇ ਦੇਖਿਆ। ਉਹ ਹਿੱਲਿਆ ਨਾ। ਜੀਤੋ ਨੂੰ ਯਕੀਨ ਹੋ ਗਿਆ, ਪਰ ਸੀ ਮੁਕੰਦਾ ਜਾਗੋਮੀਟੀ।

ਜੀਤੋ ਨੇ ਪੋਲੇ-ਪੋਲੇ ਪੈਰੀਂ ਵਿਹੜਾ ਟੱਪਿਆ ਤੇ ਦਰਵਾਜ਼ੇ ਦਾ ਕੁੰਡਾ ਖੋਲ੍ਹ ਕੇ ਘਰ ਤੋਂ ਬਾਹਰ ਹੋ ਗਈ। ਮੁਕੰਦੇ ਨੂੰ ਜਿਵੇਂ ਸੁਪਨਾ ਆ ਰਿਹਾ ਸੀ। ਉਹ ਉੱਠਿਆ ਤੇ ਕਿੱਲੇ 'ਤੇ ਲਟਕਦੀ ਕਿਰਪਾਨ ਲਾਹ ਕੇ ਜੀਤੋ ਦੇ ਮਗਰ ਹੋ ਲਿਆ। ਉਸ ਤੋਂ ਪੰਜਾਹ-ਸੱਠ ਕਰਮ ਪਿੱਛੇ-ਪਿੱਛੇ। ਜੀਤੋ ਨੂੰ ਕੋਈ ਪਤਾ ਨਹੀਂ ਸੀ ਕਿ ਉਸ ਦੇ ਮਗਰ ਕੌਣ ਆ ਰਿਹਾ ਹੈ। ਉਸ ਦੀ ਛਾਂ ਤਾਂ ਰੋਹੀਆਂ ਨੂੰ ਚੜ੍ਹਦੀ ਜਾ ਰਹੀ ਸੀ। ਰਾਹ ਵਿੱਚ ਇੱਕ ਕੱਸੀ ਆਈ। ਟੱਪਣ ਲੱਗੀ ਉਸ ਨੂੰ ਚਿਰ ਲੱਗਿਆ। ਮੁਕੰਦਾ ਸਹਿਮ ਕੇ ਥਾਏਂ ਖੜੋਤਾ ਰਿਹਾ। ਫਿਰ ਅੱਗੇ ਜਾ ਕੇ ਇੱਕ ਉੱਚੀ ਭੜੀਂਅ ਆਈ, ਜਿਸ ਦੀ ਵਾੜ 'ਤੋਂ ਦੀ ਝੋਟਾ ਨਹੀਂ ਸੀ ਟੱਪ ਸਕਦਾ। ਉਹ ਨੱਕ ਦੀ ਸੇਧ ਤੁਰੀ ਜਾ ਰਹੀ ਸੀ। ਐਨੀ ਵੱਡੀ-ਵੱਡੀ ਵਾੜ ਵਾਲੀ ਭੜੀਂਅ ਟੱਪਣ ਲੱਗੀ ਤਾਂ ਉਸ ਦੇ ਹੱਥ-ਪੈਰ ਛਿੱਲੇ ਗਏ। ਮੁਕੰਦਾ ਉਸ ਦੇ ਪਿੱਛੇ, ਦੇਖੀਏ ਭਲਾ ਕਿੱਥੇ ਜਾਂਦੀ ਐ? ਪਿੰਡ ਤੋਂ ਕੋਹ ਭਰ ਦੂਰ ਜਾ ਕੇ ਇੱਕ ਬਾਗ ਆਇਆ। ਸੰਗਤਰੇ, ਅਨਾਰ ਤੇ ਅਮਰੂਦਾਂ ਦਾ ਬਾਗ। ਬਾਗ ਦੁਆਲੇ ਵਗਲੀ ਕੰਡਿਆਂ ਦੀ ਤਾਰ ਟੱਪ ਕੇ ਉਹ ਸਿੱਧੀ ਬਾਗ ਅੰਦਰ ਦਾਖ਼ਲ ਹੋ ਗਈ।

ਮਾਲੀ ਖੇਸ ਤਾਣੀ ਸੁੱਤਾ ਪਿਆ। ਜੀਤੋ ਨੇ ਜਾਣ ਸਾਰ ਉਸ ਤੋਂ ਖੇਸ ਧੂਹ ਲਿਆ। ਸ਼ੇਰੂ ਨੂੰ ਜਿਵੇਂ ਕੋਈ ਸ਼ੈਅ ਆ ਚਿੰਬੜੀ ਹੋਵੇ। ਪਹਿਲਾਂ ਤਾਂ ਉਹ ਡਰ ਗਿਆ, ਪਰ ਜਦ ਅੱਖਾਂ ਮਲ ਕੇ ਦੇਖਿਆ, ਜੀਤੋ ਥਮਲੇ ਵਾਂਗ ਉਸ ਦੇ ਸਾਹਮਣੇ ਗੱਡੀ ਖੜ੍ਹੀ ਸੀ।

ਪੂਰੇ ਇੱਕ ਮਹੀਨੇ ਬਾਅਦ ਪਰਛਾਵੇਂ ਵਾਂਗ ਉਹ ਉਸ ਨੂੰ ਫੇਰ ਆ ਲਿਪਟੀ।

'ਜੰਗਲ ਚੀਰ ਕੇ ਆ 'ਗੀ ਆ ਸ਼ੇਰੁ। ਜੀਤੋ ਦੇ ਧੱਕ-ਧੱਕ ਕਰਦੇ ਕਾਲਜੇ ਵਿੱਚੋਂ ਬੋਲ ਨਿਕਲੇ।

'ਤੇਰੇ ਬਿਨਾਂ ਹੁਣ ਮੈਂ ਵੀ ਕਦੇ ਤੋਤਿਆਂ ਨੂੰ ਹਕਾਰਿਆ ਨੀ।' ਸ਼ੇਰੂ ਨੇ ਕਿਹਾ।

'ਤੇਰੇ ਬਾਗ 'ਚ ਆਬੀ ਨੀ ਰਹੀ ਉਹ?' ਜੀਤੋ ਨੇ ਪੁੱਛਿਆ।

'ਜਿਸ ਮਾਲੀ ਦੇ ਦਿਲ ਦਾ ਬਾਗ ਉੱਜੜ ਗਿਆ ਹੋਵੇ, ਉਸ ਦੇ ਬੂਟਿਆਂ ਨੂੰ ਆਬੀ ਕਾਹਦੀ ਚੜ੍ਹੇ।' ਸ਼ੇਰੂ ਪੂਰਾ ਭਾਵੁਕ ਹੋ ਗਿਆ।

'ਸ਼ੇਰੂ, ਮੇਰੇ ਕੰਨੀਂ ਝਾਕ!' ਦੋਵੇਂ ਹੱਥਾਂ ਵਿੱਚ ਸ਼ੇਰੂ ਦਾ ਮੂੰਹ ਫੜ ਕੇ ਜੀਤੋ ਨੇ ਆਪਣੇ ਵੱਲ ਕਰ ਲਿਆ ਤੇ ਪੂਰੇ ਦਿਲ ਨਾਲ ਕਹਿਣ ਲੱਗੀ, 'ਮੈਂ ਮੁਕੰਦੇ ਦਾ ਭੱਤਾ ਨੀ ਢੋਣਾ, ਮੈਂ ਤਾਂ ਸ਼ੇਰੂ ਦੀ ਮਾਲਣ ਆਂ।' ਤੇ ਫੇਰ ਉਹ ਗੱਲਾਂ ਕਰਕੇ ਗੂੜ੍ਹੀ ਨੀਂਦ ਸੌਂ ਗਏ-ਇਕੋ ਮੰਜੇ 'ਤੇ।

ਮੁਕੰਦਾ ਵੀਹ ਕਦਮ ਦੂਰ ਇੱਕ ਖਜੂਰ ਓਹਲੇ ਸਾਰਾ ਕੁਝ ਦੇਖਦਾ ਸੁਣਦਾ ਰਿਹਾ ਸੀ। ਉਸ ਦੇ ਦਿਲ ਵਿੱਚੋਂ ਲੂਹਰੀਆਂ ਉੱਠ ਰਹੀਆਂ ਸਨ। ਉਸ ਦੇ ਸਿਰ ਨੂੰ ਹਨੇਰੀ ਚੜ੍ਹੀ ਹੋਈ ਸੀ। ਇਹ ਉਸ ਦੇ ਸਾਮਰਤੱਖ਼ ਕੀ ਹੋ ਰਿਹਾ ਹੈ? ਉਸ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ।

ਮੱਲਕ-ਮੱਲਕ ਮੁਕੰਦਾ ਮਾਲੀ ਦੇ ਸਰ੍ਹਾਣੇ ਜਾ ਖੜ੍ਹਾ। ਉਸ ਨੇ ਹੱਥ ਫੇਰ ਕੇ ਦੇਖਿਆ, ਕਿਰਪਾਨ ਦੀ ਧਾਰ ਉਸਤਰੇ ਵਰਗੀ ਸੀ। ਦੋਵਾਂ ਹੱਥਾਂ ਦੀ ਪੂਰੀ ਪਕੜ ਨਾਲ ਉਸ ਨੇ ਕਿਰਪਾਨ ਉਲਾਰੀ ਤੇ ਇਕੋ ਟੱਕ ਨਾਲ ਮਾਲੀ ਦੀ ਗਰਦਨ ਗਾਜਰ ਦੇ ਬੂੰਡੇ ਵਾਂਗ ਵੱਢ ਕੇ ਸਿਰ ਉਸ ਨੇ ਔਹ ਮਾਰਿਆ। ਉੱਥੋਂ ਸਿਰਮਦਾਨ ਭੱਜ ਕੇ ਮੁਕੰਦੇ ਨੇ ਕੱਸੀ 'ਤੇ ਆ ਕੇ ਸਾਹ ਲਿਆ। ਕਿਰਪਾਨ ਨਾਲ ਲੱਗਿਆ ਮੈਲਾ ਧੋਤਾ। ਇਕਦਮ ਉਸ ਦੇ ਕੰਨ ਖੜ੍ਹੇ ਹੋ ਗਏ। ਬਾਗ ਵਿਚੋਂ ਕਿਲਕਾਰੀਆਂ ਉੱਠ ਰਹੀਆਂ ਸਨ, 'ਜੀਹਨੇ ਮੇਰੇ ਯਾਰ ਨੂੰ ਮਾਰਿਐ, ਹੁਣ ਆਵੇਗਾਂ ਮੇਰੇ ਸਾਹਮਣੇ? ਜੀਹਨੇ ਮੇਰੇ ਸ਼ੇਰੂ ਨੂੰ ਮਾਰਿਐ, ਹੁਣ ਆਵੇ ਮੇਰੇ ਪਿਓ ਦਾ ਸਾਲਾ?'

ਮੁਕੰਦਾ ਕੰਨ ਵਲ੍ਹੇਟ ਕੇ ਉਵੇਂ ਜਿਵੇਂ ਘਰ ਆ ਸੁੱਤਾ। ਦਿਨ ਅਜੇ ਚੜ੍ਹਿਆ ਨਹੀਂ ਸੀ। ਮੂੰਹ-ਹਨੇਰਾ ਸੀ ਅਜੇ। ਜੀਤੋ ਵੀ ਪੱਥਰ ਰੂਪ ਹੋ ਕੇ ਘਰ ਆ ਵੜੀ। ਆ ਕੇ ਉਸ ਨੇ ਮੁਕੰਦੇ ਦੀ ਹਿੱਕ 'ਤੇ ਹੱਥ ਧਰ ਕੇ ਦੇਖਿਆ। ਉਹ ਉਵੇਂ ਜਿਵੇਂ ਘੂਕ ਸੁੱਤਾ ਪਿਆ ਸੀ, ਪਰ ਸੀ ਮੁਕੰਦਾ ਦੰਦ ਘੁੱਟ ਕੇ ਪਿਆ ਹੋਇਆ।

'ਮੇਰਾ ਤਾਂ ਇੱਥੇ ਵੀ ਇਸ ਉੱਜੜੇ ਪਿੰਡ 'ਚ ਜੀਅ ਨਹੀਂ ਲੱਗਣਾ। ਬੇਬੇ ਨੂੰ ਮਿਲ ਲੀ। ਚੱਲ ਚੱਲੀਏ ਉੱਥੇ ਈ।' ਜੀਤੋ ਨੇ ਤੜਕੇ ਉੱਠ ਕੇ ਮੁਕੰਦੇ ਨੂੰ ਆਖਿਆ। ਮੁਕੰਦੇ ਨੇ ਜਿਵੇਂ ਹਿੱਕ 'ਤੇ ਪੱਥਰ ਰੱਖਿਆ ਹੋਇਆ ਸੀ। ਦੂਜੇ ਦਿਨ ਹੀ ਆਥਣ ਨੂੰ ਉਹ ਆਪਣੇ ਪਿੰਡ ਆ ਗਏ।

ਮੁੜ ਕੇ ਕੋਈ ਗੱਲ ਨਾ ਹੋਈ। ਉਹ ਅਮੀ ਜਮੀ ਵਸਦੇ ਰਹੇ। ਮੁੜ ਕੇ ਜੀਤੋ ਕਦੇ ਵੀ ਪੇਕੀਂ ਨ ਗਈ। ਮੁਕੰਦਾ ਉਵੇਂ ਜਿਵੇਂ ਉਸ ਨੂੰ ਪਿਆਰ ਕਰਦਾ। ਸਮਾਂ ਪਾ ਕੇ ਜੀਤੋ ਦੀ ਹੂੰ ਹਾਂ ਹੁਣ ਚੰਗੀ ਹੋ ਗਈ, ਪਰ ਉਹ ਉੱਖੜੀ-ਉੱਖੜੀ ਰਹਿੰਦੀ। ਜਿਵੇਂ ਉਸ ਦੇ ਕਲਬੂਤ ਵਿੱਚੋਂ ਰੂਹ ਕੱਢ ਲਈ ਹੋਵੇ। ਮੁਕੰਦਾ ਭਾਵੇਂ ਸਭ ਕੁਝ ਜਾਣਦਾ ਸੀ, ਪਰ ਉਸ ਨੂੰ ਸਾਂਭ-ਸਾਂਭ ਰੱਖਦਾ, ਇਹ ਸੋਚ ਕੇ ਕਿ ਹੁਣ ਇਸ ਨੇ ਕਿੱਧਰ ਜਾਣਾ ਹੈ।

ਓਧਰ ਮਾਲੀ ਦੇ ਕਤਲ ਵਿੱਚ ਪੁਲਿਸ ਨੇ ਇਲਾਕੇ ਦੇ ਸੱਤ-ਅੱਠ ਸਿਰਕੱਢ ਦਸ ਨੰਬਰੀਏ ਫੜੇ ਹੋਏ ਸਨ।

ਕੋਈ ਕਹਿੰਦਾ ਸੀ, 'ਸੰਗਤਰੇ ਤੋੜਨ ਆਏ ਚੋਰ ਸ਼ੇਰੂ ਨੂੰ ਮਾਰ ਕੇ ਸਿੱਟ ਗਏ।'

ਕੋਈ ਕਹਿੰਦਾ ਸੀ, 'ਸ਼ੇਰੂ ਦੀ ਲਾਗ-ਡਾਟ ਸੀ ਦੁਸ਼ਮਣੀ ਕੱਢੀ ਐ ਪੁਰਾਣੀ ਕਿਸੇ ਨੇ।"

ਕੋਈ ਕੁਝ, ਕੋਈ ਕੁਝ ਤੇ ਕਈ ਸਾਲ ਇਲਾਕੇ ਦੇ ਦਸ ਨੰਬਰੀਏ ਘੜੀਸੀਂਦੇ ਫਿਰੇ।

ਦਸ-ਬਾਰਾਂ ਸਾਲ ਲੰਘ ਗਏ। ਜੀਤੋ ਦੇ ਤਿੰਨ ਜਵਾਕ ਹੋ ਗਏ। ਤੀਵੀਂ ਮਨੁੱਖ ਦੀ ਬਹੁਤ ਵਧੀਆ ਨਿਭ ਰਹੀ ਸੀ।

ਇੱਕ ਦਿਨ-

ਆਥਣੇ ਹਨੇਰਾ ਹੋ ਗਿਆ ਕਾਫ਼ੀ। ਮਹਿੰ ਦੀ ਧਾਰ ਅਜੇ ਕੱਢਣੀ ਸੀ। ਮੁਕੰਦੇ ਨੇ ਜੀਤੋ ਨੂੰ ਕਿਹਾ ਕਿ ਉਹ ਸਬ੍ਹਾਤ ਵਿੱਚੋਂ ਬਾਲਟੀ ਲੈ ਆਵੇ।

'ਡਰ ਲਗਦੈ ਮੈਨੂੰ ਤਾਂ ਅੰਦਰੋਂ। ਨ੍ਹੇਰਾ ਘੁੱਪ ਪਿਐ।' ਜੀਤੋ ਨੇ ਜਵਾਬ ਦਿੱਤਾ।

'ਡਰ ਕਾਹਦੈ ਆਪਣੇ ਘਰੋਂ?' ਮੁਕੰਦਾ ਬੋਲਿਆ।

'ਦਿਨ ਹੋਵੇ ਤਾਂ ਲੈ ਆਵਾਂ, ਨ੍ਹੇਰੇ 'ਚ ਸੌਂ ਸੱਪ ਸਲੂਤੀ ਹੁੰਦੀ ਐ।' ਜੀਤੋ ਨੇ ਫੇਰ ਇਨਕਾਰ ਕੀਤਾ।

'ਦਿਨ ਵੇਲੇ ਵੀ ਤਾਂ ਇਹੀ ਘਰ ਹੁੰਦੈ?' ਮੁਕੰਦੇ ਦੀ ਅਵਾਜ਼ ਵਿੱਚ ਰੋਬ੍ਹ ਸੀ।

'ਤੂੰ ਈ ਲੈ ਆ ਆਪੇ।'

ਜੀਤੋ ਨੇ ਸਾਫ਼ ਜਵਾਬ ਦਿੱਤਾ।

ਵੱਡੀ ਆ ਗਈ ਡਰਨ ਆਲੀ-ਮੁਕੰਦਾ ਜਿਵੇਂ ਕੁਝ ਕਹਿਣ ਹੀ ਵਾਲਾ ਸੀ। ਉਦੋਂ ਨੀ ਸੀ ਡਰ ਲਗਦਾ ਜਦੋਂ ਅੱਧੀ ਰਾਤ ਉੱਠ ਕੇ ਮਾਲੀ ਕੋਲ ਗਈ ਸੀ? ਗੱਲ ਕਹਿ ਕੇ ਮੁਕੰਦਾ ਖੁਰਲੀ ਵਿੱਚ ਮਹਿੰ ਦੀ ਸੰਨ੍ਹ ਲੋਟ ਕਰਨ ਲੱਗ ਪਿਆ। ਜੀਤੋ ਦੇ ਭੜੱਕ ਦੇ ਕੇ ਕੰਨ ਖੁੱਲ੍ਹ ਗਏ। ਉਹ ਚੁੱਪ ਕਰਕੇ ਅੰਦਰ ਗਈ ਤੇ ਕਿੱਲੇ ਉੱਤੋਂ ਲਟਕਦੀ ਕਿਰਪਾਨ ਲਾਹ ਲਿਆਈ।'

'ਤੂੰ ਹੀ ਐਂ ਜੀਹਨੇ ਮੇਰਾ ਯਾਰ ਮਾਰਿਐ?'

ਅੱਖ ਦੀ ਝਮਕ ਵਿੱਚ ਮੁਕੰਦੇ ਦਾ ਸਿਰ ਮਹਿੰ ਦੇ ਖੁਰਾਂ ਵਿੱਚ ਮਤੀਰੇ ਵਾਂਗ ਰੁੜ੍ਹਿਆ ਪਿਆ ਸੀ।♦