ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕੰਧ ਵਿਚ ਉੱਗਿਆ ਦਰੱਖ਼ਤ

ਅੱਜ ਤਾਂ ਅਗਨੀ ਮਿੱਤਰ ਲੱਜਿਆ ਤੋਂ ਪਹਿਲਾਂ ਹੀ ਨਹਾ ਲਿਆ ਹੈ। ਨਹੀਂ ਤਾਂ ਹਮੇਸ਼ਾ ਲੱਜਿਆ ਹੀ ਪਹਿਲਾਂ ਉੱਠਦੀ ਹੈ ਤੇ ਨਹਾ ਕੇ ਗੀਤਾ ਦਾ ਪਾਠ ਕਰਨ ਬਹਿ ਜਾਂਦੀ ਹੈ। ਕੁੜੀ ਚਾਹ ਬਣਾਉਂਦੀ ਹੈ। ਅਗਨੀ ਮਿੱਤਰ ਤੇ ਮੁੰਡਾ ਬਿਸਤਰਿਆਂ ਵਿੱਚ ਹੀ ਚਾਹ ਪੀਂਦੇ ਹਨ। ਜਿਆ ਪਾਠ ਤੋਂ ਬਾਅਦ ਚਾਹ ਦਾ ਸੇਵਨ ਕਰਦੀ ਹੈ।

ਗੁਸਲਖ਼ਾਨੇ ਵਿੱਚੋਂ ਨਿਕਲ ਕੇ ਤੌਲੀਏ ਨਾਲ ਉਹ ਆਪਣਾ ਮੂੰਹ ਰਗੜ ਰਿਹਾ ਹੈ। ਵੱਡੇ ਸ਼ੀਸ਼ੇ ਮੂਹਰੇ ਆ ਕੇ ਸਿਰ ਦੇ ਵਾਲਾਂ ਨੂੰ ਝਟਕਦਾ ਹੈ। ਲੱਜਿਆ ਗੁਸਲਖ਼ਾਨੇ ਵੱਲ ਤੱਤੇ ਪਾਣੀ ਦੀ ਬਾਲਟੀ ਲਿਜਾ ਰਹੀ ਉਸ 'ਤੇ ਸਵਾਲੀਆ ਨਜ਼ਰ ਸੁੱਟਦੀ ਹੈ।

ਕੋਟ-ਪੈਂਟ ਪਾ ਕੇ ਉਹ ਬੂਟਾਂ ਦੇ ਤਸਮੇ ਬੰਨ੍ਹ ਰਿਹਾ ਹੈ। ਕੁੜੀ ਜਲਦੇ ਹੋਏ ਸਟੋਵ ਕੋਲ ਬੈਠੀ ਕਿੱਕਰ ਦੀ ਦਾਤਣ ਕਰ ਰਹੀ ਹੈ। ਸਟੋਵ 'ਤੇ ਚਾਹ ਉੱਬਲ ਰਹੀ ਹੈ।

ਸ਼ੀਸ਼ੇ ਮੂਹਰੇ ਖੜਾ ਅਗਨੀ ਮਿੱਤਰ ਚਿਹਰੇ 'ਤੇ ਹੱਥ ਫੇਰ ਰਿਹਾ ਹੈ। ਮਹਿਸੂਸ ਕਰਦਾ ਹੈ, ਸ਼ੇਵ ਕਿਉਂ ਨਹੀਂ ਕੀਤੀ?

'ਚਾਹ ਚੁੱਲ੍ਹੇ ਉੱਪਰ ਈ ਕਰ ਲੈਣੀ ਸੀ। ਨਹਾ ਕੇ ਗੁਸਲਖ਼ਾਨੇ 'ਚੋਂ ਬਾਹਰ ਆ ਰਹੀ ਉਹ ਕੁੜੀ ਨੂੰ ਕਹਿੰਦੀ ਹੈ।

'ਪਾਪਾ ਜੀ ਕਹਿੰਦੇ ਮੈਂ ਜਾਣੈ ਛੇਤੀ' ਨਾਲੀ ਵਿੱਚ ਦਾਤਣ ਵਾਲੇ ਥੱਕ ਦੀ ਪਿਚਕਾਰੀ ਮਾਰ ਕੇ ਕੁੜੀ ਜਵਾਬ ਦਿੰਦੀ ਹੈ।

'ਥੋਡੇ ਨਾਉਣ ਵਾਸਤੇ ਪਾਣੀ ਤੱਤਾ ਮਗਰੋਂ ਹੋ ਜਾਂਦਾ। ਚੁੱਲ੍ਹਾ ਭਖੀ ਜਾਂਦੈ, ਚੁੱਲ੍ਹੇ 'ਤੇ ਹੋ ਜਾਂਦੀ, ਚਾਹ। ਸਟੋਵ 'ਚ ਤੇਲ ਫੂਕਣ ਦੀ ਕੀ ਲੋੜ ਸੀ? ਅਸੀ ਪੈਸੇ ਹੋ 'ਗੀ ਬੋਤਲ, ਔਗ ਲੱਗਣੀ।' ਜਿਆ ਕਹਿੰਦੀ ਹੈ ਤੇ ਪੁੱਛਦੀ ਹੈ, "ਤੁਸੀਂ ਅੱਜ ਸਵੇਰੇ-ਸਵੇਰੇ ਕਿੱਧਰ ਦੀ ਤਿਆਰੀ ਕੀਤੀ ਐ?'

'ਬਠਿੰਡੇ ਜਾਣੈ। ਸਰਕਾਰੀ ਕੰਮ ਐ। ਉਸ ਨੇ ਬਹਾਨਾ ਬਣਾਇਆ ਹੈ।

'ਰਾਤ ਤਾਂ ਕੋਈ ਜ਼ਿਕਰ ਨੀ ਕੀਤਾ ਤੁਸੀਂ। ਹੈਂ? ਤੜਕੇ ਸੁਫ਼ਨਾ ਆਇਆ ਹੋਣੈ, ਬਠਿੰਡਾ ਜਾਣ ਦਾ। ਉਹ ਖੋਜ ਕਰ ਰਹੀ ਹੈ।

'ਨਹੀਂ, ਪ੍ਰੋਗਰਾਮ ਤਾਂ ਕੱਲ੍ਹ ਦਾ ਈ ਬਣਿਆ ਹੋਇਐ। ਰਾਤ ਨੂੰ ਦੱਸਣਾ ਯਾਦ ਨੀ ਰਿਹਾ।

'ਦਫ਼ਤਰ ਵਾਲੇ ਵੀ ਅਜੀਬ ਨੇ। ਜਦੋਂ ਭੇਜਦੇ ਨੇ ਡਿਊਟੀ 'ਤੇ ਥੋਨੂੰ ਕਿਉਂ ਭੇਜਦੇ ਨੇ?" ਉਸ ਨੇ ਗੀਤਾ ਨੂੰ ਰੇਹਲ 'ਤੇ ਟਿਕਾਉਂਦਿਆਂ ਪੁੱਛਿਆ ਹੈ। 'ਸਾਅਬ ਖੁਸ਼ ਐ ਨਾ ਆਪਣੇ 'ਤੇ। ਟੀ.ਏ., ਡੀ.ਏ. ਬਣਦੈ। ਸੈਰ ਮੁਫ਼ਤ ਦੀ। ਆਪਣਾ ਕੀ ਘਸਦੈ?' ਉਹ ਮੂੰਹ ਭੰਵਾ ਕੇ ਹੱਸਿਆ ਹੈ।

'ਟੱਕਰੇ ਨਾ ਮੈਨੂੰ, ਮੁੰਨਾਂ ਦਾੜ੍ਹੀ ਬੇਇੱਜ਼ਤੇ ਦੀ। ਸਾਅਬ, ਸਾਅਬ। ਧੀ ਨੂੰ ਵੀ ਸੈਰਾਂ ਈ ਕਰੌਂਦੈ ਉਹ ਤਾਂ। ਮਾਲ ਰੋਡ 'ਤੇ ਕਦੇ ਕਿਸੇ ਦੇ ਸਕੂਟਰ ਮਗਰ,ਕਦੇ ਕਿਸੇ ਦੀ ਕਾਰ 'ਚ। ਸਿਰ ਦੇ ਵਾਲ ਦੇਖੇ ਨੇ? ਕੰਜਰੀ ਦੇ। ਕੈਂਚੀ ਨਾਲ ਕੱਟੀ ਸਣ ਦੀ ਜੂੜੀ। ਦਾੜ੍ਹੀ ਮੂਤ ਨਾਲ ਮੁਨਾ ਦੇ, ਕੰਜਰ ਥੋਡਾ ਸਾਅਬ।' ਉਹ ਕਹਿੰਦੀ ਹੈ।

'ਗੁੱਸੇ ਨਾ ਹੋਵੇ ਲੱਜਿਆ ਦੇਵੀ ਜੀ ਮਹਾਰਾਜ। ਨਹੀਂ ਤਾਂ ਅੱਜ ਦਾ ਪਾਠ ਪਰਵਾਨ ਨੀ ਹੋਣਾ।' ਉਹ ਮੁਸਕਰਾਉਂਦਾ ਹੈ।

'ਚੰਗਾ ਉਜੜੋ ਪਰ੍ਹਾਂ।' ਉਹ ਗੀਤਾ ਦੇ ਵਰਕੇ ਉਥੱਲਦੀ ਹੈ।

ਕੁੜੀ ਨੇ ਗਲਾਸ ਵਿੱਚ ਚਾਹ ਪਾ ਕੇ ਤਿਪਾਈ 'ਤੇ ਰੱਖ ਦਿੱਤੀ ਹੈ। ਇੱਕ ਪਲੇਟ ਵਿੱਚ ਦੋ ਨਮਕੀਨ ਬਿਸਕੁੱਟ ਵੀ ਧਰ ਦਿੱਤੇ ਹਨ।

ਟਾਈ ਦੀ ਨਾਟ ਠੀਕ ਕਰਦਾ ਉਹ ਪੌੜੀਆਂ ਚੜ੍ਹ ਗਿਆ ਹੈ। ਕੋਠੇ 'ਤੇ ਲੈਟਰੀਨ ਦੀ ਪੰਜ ਇੰਚੀ ਕੰਧ ਕੋਲ ਖੜ੍ਹ ਕੇ ਗੋਬਿੰਦ ਰਾਮ ਦੇ ਵਿਹੜੇ ਵਿੱਚ ਝਾਕਦਾ ਹੈ। ਨਰਬਦਾ ਵਰਾਂਢੇ ਵਿੱਚ ਖੜ੍ਹੀ ਕੇਸ ਵਾਹ ਰਹੀ ਹੈ। ਉਹ ਖੰਘੂਰ ਮਾਰਦਾ ਹੈ। ਨਰਬਦਾ ਉਤਾਂਹ ਪਲਕਾਂ ਚੁੱਕਦੀ ਹੈ ਤੇ ਅੱਖ ਮਾਰ ਕੇਗੱਲ ਸਮਝਾਉਂਦੀ ਹੈ। ਜੋ ਕੁਝ ਉਸਨੇ ਕਿਹਾ ਹੈ, ਉਹ ਸਮਝ ਗਿਆ ਹੈ। ਜੇ ਉਹ ਅੱਖ ਨਾ ਮਾਰਦੀ ਤਾਂ ਸਮਝ ਉਸ ਨੇ ਫਿਰ ਵੀ ਜਾਣਾ ਸੀ। ਐਨਾ ਦੇਖ ਲੈਣਾ ਹੀ ਕਾਫ਼ੀ ਹੈ ਕਿ ਉਸਨੇ ਧੋਤੀ ਹੋਈ ਸਲਵਾਰ-ਕਮੀਜ਼ ਪਹਿਨੀ ਹੋਈ ਹੈ। ਉੱਤੋਂ ਦੀ ਗਰਮ ਕੋਟੀ ਹੈ। ਕੇਸ ਵਾਹ ਰਹੀ ਹੈ ਤੇ ਛੇਤੀ-ਛੇਤੀ ਵਾਹ ਰਹੀ ਹੈ। ਐਨਾ ਸਵੇਰੇ ਤਿਆਰ ਹੋ ਰਹੀ ਹੈ। ਨਹੀਂ ਤਾਂ ਉਹ ਧੁਪਾਂ ਚੜ੍ਹੀਆਂ ਤੋਂ ਮੰਜਾ ਛੱਡਦੀ ਹੈ। ਸਾਫ਼ ਹੈ ਕਿ ਉਸ ਨੇ ਅੱਜ ਕਿਤੇ ਜਾਣਾ ਹੈ। ਜਾਣਾ ਹੈ ਤਾਂ ਓਥੇ ਹੀ ਜਿੱਥੇ ਅਗਨੀ ਮਿੱਤਰ ਨੇ। ਭਾਵ ਉਸਨੇ ਉਸਦੇ ਨਾਲ ਹੀ ਜਾਣਾ ਹੈ। ਪੌੜੀਆਂ ਉਤਰ ਕੇ ਉਹ ਟੂਟੀ 'ਤੇ ਹੱਥ ਧੋਦਾ ਹੈ। ਬਹਾਨਾ ਹੈ ਕਿ ਉਹ ਕੋਠੇ 'ਤੇ ਪਿਸ਼ਾਬ ਕਰਕੇ ਆਇਆ ਹੈ।

ਬੱਸ ਸਟੈਂਡ 'ਤੇ ਆ ਕੇ 'ਪ੍ਰਿੰਸ ਹੋਟਲ' ਵਾਲਿਆਂ ਨੂੰ ਉਹ ਕਹਿੰਦਾ ਹੈ, 'ਇੱਕ ਪਿਆਲਾ ਚਾਹ। ਤਿੱਖੀ ਜ੍ਹੀ। ਪੱਤੀ ਤੇਜ਼, ਪਾਣੀ ਘੱਟ। ਫਟਾ ਫਟ।'

ਉਹ ਹੋਟਲ ਦੇ ਮੂਹਰੇ ਖੜ੍ਹਾ ਹੈ। ਬੱਸ ਸਟੈਂਡ ਦੇ ਚੱਪੇ-ਚੱਪੇ 'ਤੇ ਉਸ ਦੀ ਨਜ਼ਰ ਦੌੜ ਰਹੀ ਹੈ। ਨਰਬਦਾ ਕਿਤੇ ਨਹੀਂ ਦਿੱਸ ਰਹੀ।

'ਚਾਏ ਟੇਬੂਲ ਪਰ ਰਖ਼ ਦੀਆਂ, ਸਾਅਬ ਫਟਾ ਫੱਟ। ਪੀ ਲੋ, ਫਟਾ ਫੱਟ। ਕਹਿ ਕੇ ਪੂਰਬੀਆ ਨੌਕਰ ਮੁਸਕਰਾਇਆ ਹੈ।'

'ਫਟਾ ਫੱਟ, ਐਥੇ ਈ ਲਿਆ, ਬ੍ਹਈਆ।' ਹੋਟਲ ਦੇ ਚੌਤਰੇ 'ਤੇ ਖੜ੍ਹਾ ਉਹ ਉੱਚੀ ਉੱਚੀ ਹੱਸਿਆ ਹੈ।

ਦੋ ਘੁੱਟਾਂ ਭਰੀਆਂ ਹਨ। ਨਰਬਦਾ ਪਲਾਸਟਿਕ ਦੀ ਹਰੀ ਟੋਕਰੀ ਹੱਥ ਵਿੱਚ ਲਟਕਾਈਂ ਹੋਟਲ ਦੇ ਸਾਹਮਣੇ ਦੀ ਲੰਘ ਗਈ ਹੈ। ਅਗਨੀ ਮਿੱਤਰ ਵੱਲ ਝਾਕ ਵੀ ਗਈ ਹੈ।

ਦੋ ਘੁੱਟਾਂ ਹੋਰ ਸੜ੍ਹਾਕ ਕੇ ਚਾਹ ਦਾ ਪਿਆਲਾ ਓਵੇਂ ਜਿਵੇਂ ਉਹ ਅੱਗ ਦੀ ਭੱਠੀ ਕੋਲ ਧਰ ਦਿੰਦਾ ਹੈ। ਹੋਟਲ ਦੇ ਮਾਲਕ ਬਹਾਵਲਪੁਰੀ ਸਰਦਾਰ ਨੂੰ ਪੱਚੀ ਪੈਸੇ ਦਿੰਦਾ ਹੈ। ਤੇ ਤੇਜ਼ੀ ਨਾਲ ਬੱਸ ਸਟੈਂਡ ਦੀ ਭੀੜ ਵਿੱਚ ਖੋ ਜਾਂਦਾ ਹੈ। ਖਿੜਕੀ ਅੱਗੇ ਜਾ ਕੇ ਟਿਕਟ ਮੰਗਦਾ ਹੈ। 'ਸੀਟ ਲੈ ਲੋ, ਬਾਦਸ਼ਾਓ। ਟਿਕਟ ਦਾ ਫ਼ਿਕਰ ਨਾ ਕਰੋ। ਵਿੱਚੇ ਮਿਲ ਜਾਏਗਾ।' ਰਾਤ ਦੀ ਸ਼ਰਾਬ ਦਾ ਭੰਨ੍ਹਿ ਆ ਕੰਟਕਟਰ ਅਲਸਾਈ ਜ਼ਬਾਨ ਵਿੱਚ ਕਹਿੰਦਾ ਹੈ।

ਬੱਸ ਦੀ ਅਗਲੀ ਬਾਰੀ ਕੋਲ ਖੜ੍ਹ ਕੇ ਅਗਨੀ ਮਿੱਤਰ ਪਿੱਛੇ ਨੂੰ ਝਾਕਦਾ ਹੈ। ਨਰਬਦਾ ਪਿਛਲੀ ਬਾਰੀ ਵੱਲ ਵਧੀ ਆ ਰਹੀ ਹੈ। ਇੱਕ ਸੀਟ ਸੈਂਟਰ ਵਿੱਚ ਅਗਨੀ ਮਿੱਤਰ ਨੇ ਮੱਲ ਲਈ ਹੈ। ਉਸ ਦੇ ਨਾਲ ਲੱਗਦੀ ਸੀਟ ਖਾਲੀ ਪਈ ਹੈ। ਉਸ 'ਤੇ ਨਰਬਦਾ ਨਹੀਂ ਬੈਠੀ। ਪਿਛਲੀਆਂ ਸੀਟਾਂ ਵਿੱਚ ਹੀ ਇੱਕ 'ਤੇ ਬੈਠ ਗਈ ਹੈ।

ਬੱਸ ਚੱਲਣ ਵਿੱਚ ਪੰਜ ਮਿੰਟ ਰਹਿੰਦੇ ਹਨ। ਕੰਡਕਟਰ ਆ ਗਿਆ ਹੈ ਤੇ ਟਿਕਟ ਕੱਟਣ ਲੱਗ ਪਿਆ ਹੈ। ਇੱਕ-ਇੱਕ ਰੁਪਏ ਦੇ ਉਹ ਦੋ ਟਿਕਟਾਂ ਲੈ ਲੈਂਦਾ ਹੈ।

'ਦੂਜੀ ਸਵਾਰੀ?' ਕੰਡਕਟਰ ਨੇ ਪੁੱਛਿਆ ਹੈ। ਉਸ ਨੇ ਨਰਬਦਾ ਵੱਲ ਅੱਖਾਂ ਦਾ ਇਸ਼ਾਰਾ ਕਰ ਦਿੱਤਾ ਹੈ। ਉਸ ਦੇ ਨਾਲ ਵਾਲੀ ਖਾਲੀ ਸੀਟ ਵੱਲ ਕੰਡਕਟਰ ਝਾਕਿਆ ਹੈ ਤੇ ਮੁਸਕਰਾ ਪਿਆ ਹੈ। ਸ਼ਾਇਦ ਕੁਝ ਤਾੜ ਗਿਆ ਹੈ।

ਨਰਬਦਾ ਤੋਂ ਅਗਲੀ ਸੀਟ 'ਤੇ ਉਨ੍ਹਾਂ ਦਾ ਗਵਾਂਢੀ ਰੁਲਦੂ ਹਲਵਾਈ ਬੈਠਾ ਹੈ। ਤੜਕੇ ਹੀ ਪਤਾ ਨਹੀਂ ਕਿੱਥੋਂ ਆ ਗਿਆ ਹੈ? ਉਹ ਪੰਜਾਹ ਪੈਸੇ ਦਾ ਟਿਕਟ ਲੈਂਦਾ ਹੈ।

ਅਗਨੀ ਮਿੱਤਰ ਦੇ ਨਾਲ ਵਾਲੀ ਸੀਟ ਅਜੇ ਵੀ ਖਾਲੀ ਪਈ ਹੈ। ਰੁਲਦੂ ਉਤਰਦਾ ਹੈ। ਨਰਬਦਾ, ਅਗਨੀ ਮਿੱਤਰ ਨਾਲ ਆ ਬੈਠਦੀ ਹੈ। ਚੱਲ, ਸਿਆਪਾ ਮੁੱਕਿਆ ਟੁੱਟ ਜਾਣੇ ਦਾ। ਹੌਲੀ ਦੇ ਕੇ ਕਹਿੰਦੀ ਉਹ ਸਾਰੀ ਬੱਸ ਵਿੱਚ ਨਿਗਾਹ ਘੁਮਾਉਂਦੀ ਹੈ। ਕੋਈ ਨਹੀਂ, ਜੋ ਉਸ ਨੂੰ ਜਾਣਦਾ ਹੋਵੇ।ਉਸ ਨੇ ਅਗਨੀ ਮਿੱਤਰ ਦੇ ਪੱਟ ਤੇ ਚੂੰਢੀ ਵੱਢੀ ਹੈ, ਜਿਵੇਂ ਅੱਗ ਦਾ ਕੋਲਾ ਧਰ ਦਿੱਤਾ ਹੋਵੇ। ਨੀਵੀਂ ਪਾ ਕੇ ਉਹ ਹੇਠਲਾ ਬੁੱਲ੍ਹ ਦੰਦਾਂ ਵਿੱਚ ਘੁੱਟਦਾ ਹੈ। ਨਰਬਦਾ ਦਾ ਹੱਥ ਆਪਣੇ ਹੱਥ ਵਿੱਚ ਲੈਂਦਾ ਹੈ। ਜਿਸ ਅੱਡੇ ਤੇ ਪਝਤਰ ਪੈਸੇ ਦਾ ਸਫ਼ਰ ਮੁੱਕਦਾ ਹੈ, ਉਹ ਉਤਰ ਜਾਂਦੇ ਹਨ। ਕੰਡਕਟਰ ਫਿਰ ਮੁਸਕਰਾਇਆ ਹੈ।

ਅੱਡੇ ਤੋਂ ਇੱਕ ਫਰਲਾਂਗ ਤੁਰ ਕੇ ਨਹਿਰ ਦਾ ਪੁਲ ਆਉਂਦਾ ਹੈ। ਉਹ ਨਹਿਰ ਦੀ ਪਟੜੀ ਫੜਦੇ ਹਨ। ਤੁਰੇ ਜਾਂਦੇ ਹਨ। ਦੋ ਫਰਲਾਂਗ ਤੁਰੇ ਜਾਂਦੇ ਹਨ। ਉਹ ਗੱਲ ਕਰਦੀ ਹੈ ਤੇ ਵੱਡਾ ਸਾਰਾ ਹਉਂਕਾ ਲੈਂਦੀ ਹੈ। ਉਹ ਗੱਲ ਕਰਦਾ ਹੈ ਤਾਂ ਵੱਡਾ ਸਾਰਾ ਹਉਂਕਾ ਲੈਂਦਾ ਹੈ।

ਨਹਿਰ ਦੀ ਪਟੜੀ ਦੇ ਨਾਲ-ਨਾਲ ਦੂਰ ਤੱਕ ਇੱਕ ਸੰਘਣਾ ਜੰਗਲ ਹੈ। ਇਸ ਜੰਗਲ ਵਿੱਚ ਉਹ ਪਹਿਲਾਂ ਵੀ ਕਈ ਵਾਰ ਆ ਚੁੱਕੇ ਹਨ।

ਦੁਪਹਿਰ ਹੋ ਰਹੀ ਹੈ। ਦਸੰਬਰ ਦੀ ਨਿੱਘੀ-ਨਿੱਘੀ ਧੁੱਪ ਹੈ। ਪਰ ਇਹ ਧੁੱਪ ਉਨ੍ਹਾਂ ਦੇ ਪਿੰਡਿਆਂ 'ਤੇ ਕੀੜੀਆਂ ਵਾਂਗ ਸਰਲਾ ਰਹੀ ਹੈ। ਉਹ ਟਾਈ ਦੀ ਨਾਟ ਢਿੱਲੀ ਕਰਦਾ ਹੈ ਤੇ ਕਮੀਜ਼ ਦਾ ਉਤਲਾ ਬਟਨ ਖੋਲ੍ਹ ਦਿੰਦਾ ਹੈ। ਨਰਬਦਾ ਦਾ ਮੁੱਕੀ ਵੰਨਾ ਚਿਹਰਾ ਹੋਰ ਭਖ਼ ਉੱਠਿਆ ਹੈ। ਚੁੰਨੀ ਦੇ ਲੜ ਨਾਲ ਉਹ ਗੱਲਾਂ ਤੇ ਮੱਥਾ ਰਗੜਦੀ ਹੈ। ਲੱਗਦਾ ਹੈ, ਚਿੱਟੀ ਚੁਨੀ ਦਾ ਲੜ ਵੀ ਜਿਵੇਂ ਬਦਾਮੀ ਹੋ ਗਿਆ ਹੋਵੇ।

ਇੱਕ ਵੱਡੀ ਸਾਰੀ ਕਿੱਕਰ ਦੀ ਛਾਂ ਵਿੱਚ ਉਹ ਹੌਲੇ ਫੁੱਲ ਹੋਏ ਬੈਠੇ ਹਨ। 'ਗੋਬਿੰਦ ਰਾਮ ਅੱਜ ਦੁਕਾਨ 'ਤੇ ਈ ਐ?' ਉਹ ਪੁੱਛਦਾ ਹੈ।

'ਹਾਂ, ਹੋਰ ਖੂਹ 'ਚ ਜਾਣੈ ਉਸ ਨੇ?'

'ਜੇ ਮਗਰੋਂ ਘਰੇ ਗੇੜਾ ਮਾਰ ਲਿਆ ਤਾਂ ਕੀ ਕਹੂਗਾ?'

'ਪਤੈ ਉਹ ਨੂੰ ਬਈ ਮੈਂ ਭੂਆ ਜੀ ਦੇ ਘਰ ਗਈ ਹੋਈ ਆਂ। ਬਿਮਾਰ ਨੇ ਨਾ, ਭੂਆ ਜੀ, ਕਈ ਦਿਨਾਂ ਦੇ?'

'ਜੇ ਭੂਆ ਜੀ ਦੇ ਚਲਿਆ ਜਾਵੇ?'

'ਲੈ, ਓਥੇ ਜਾਊ ਦੋ ਮੀਲ।'

'ਤਾਂ ਫੇਰ ਹੁਣ ਤਾਈਂ ਉਹ ਦੇ ਭਾਅ ਦਾ ਭੂਆ ਜੀ ਕੋਲ ਈ ਬੈਠੀ ਐਂ ਤੂੰ?'

'ਹੋਰ। ਓਹ ਨੂੰ ਕੀ ਪਤੈ ਵਿਚਾਰੇ ਸਤਿਆ ਮਾਨ ਨੂੰ। ਅੱਠ ਵਜੇ ਸਵੇਰੇ ਜਾ ਕੇ ਅੱਠ ਵਜੇ ਰਾਤ ਨੂੰ ਘਰ ਮੁੜਦੈ। ਰੋਟੀ ਖਾਂਦੈ ਤੇ ਸੌਂ ਜਾਂਦੈ। ਤੇ ਜਾਂ ਫਿਰ ਅੱਧੀ-ਅੱਧੀ ਰਾਤ ਤਾਈਂ ਦੁਕਾਨ 'ਤੇ ਈ ਬਹੀਆਂ ਦਾ ਕੰਮ ਕਰਦਾ ਰਹਿੰਦੈ। ਕਦੇ-ਕਦੇ ਤਾਂ ਦੁਕਾਨ 'ਚ ਈ ਸੌਂ ਜਾਂਦੈ।'

'ਤੇਰੇ ਨਾਲ ਕਦੋਂ ਕਰਦੈ ਗੱਲਬਾਤ?'

'ਮੇਰੇ ਨਾਲ ਕਰਦਾ ਹੋਵੇ ਗੱਲਬਾਤ ਤਾਂ ਥੋਡੇ ਨਾਲ ਕਿਉਂ ਫਿਰਾਂ ਜੰਗਲਾਂ 'ਚ ਭੌਂਕਦੀ।'

ਥੋੜ੍ਹੀ ਦੇਰ ਉਹ ਚੁੱਪ ਬੈਠੇ ਰਹਿੰਦੇ ਹਨ। ਪਾਣੀ ਦੀ ਪਿਆਸ ਲੱਗਦੀ ਹੈ। ਉੱਠਦੇ ਹਨ। ਪਤਾ ਹੈ ਕਿ ਜੇ ਸੌ ਕੁ ਗਜ਼ ਸੱਜੇ ਹੋ ਜਾਈਏ ਤਾਂ ਇੱਕ ਖੂਹੀ ਹੈ। ਖੂਹੀ ਤੇ ਇੱਕ ਫੁੱਟਿਆ ਪੁਰਾਣਾ ਝੋਲ ਵੀ ਪਿਆ ਰਹਿੰਦਾ ਹੈ। ਮੁੰਜ ਦੀ ਲੱਜ ਹੈ। ਉਹ ਖੂਹੀ ਵੱਲ ਤੁਰ ਪੈਂਦੇ ਹਨ।

ਅਗਨੀ ਮਿੱਤਰ ਇੱਕ ਡੋਲ ਖਿੱਚਦਾ ਹੈ। ਨਰਬਦਾ ਓਕ ਨਾਲ ਤਿੰਨ ਘੁੱਟਾਂ ਭਰਦੀ ਹੈ। ਤੇ ਬੁੱਕ ਭਰ ਕੇ ਪਾਣੀ ਮੂੰਹ 'ਤੇ ਸੁੱਟ ਲੈਂਦੀ ਹੈ। ਅੱਖਾਂ ਮਲਦੀ ਹੈ ਤੇ ਨੱਕ ਸਾਫ਼ ਕਰਦੀ ਹੈ। ਇੱਕ ਬੁੱਕ ਹੋਰ ਮੂੰਹ 'ਤੇ ਸੁੱਟ ਕੇ ਪਰ੍ਹਾਂ ਹੋ ਜਾਂਦੀ ਹੈ। ਚੁੰਨੀ ਦੇ ਲੜ ਨਾਲ ਚਿਹਰਾ ਪੂੰਝ ਲੈਂਦੀ ਹੈ। ਇੱਕ ਡੋਲ ਹੋਰ ਖਿੱਚ ਕੇ ਅਗਨੀ ਮਿੱਤਰ ਪਾਣੀ ਪੀਂਦਾ ਹੈ ਤੇ ਫੇਰ ਅੱਖਾਂ 'ਤੇ ਛਿੱਟੇ ਮਾਰਦਾ ਹੈ। ਖੂਹੀ ਦੇ ਕੋਲ ਹੀ ਨਰਮ-ਨਰਮ ਘਾਅ ਦੀ ਇੱਕ ਗੱਦੀ ਜਿਹੀ 'ਤੇ ਉਹ ਬੈਠ ਜਾਂਦੇ ਹਨ।

ਹਰ ਵਾਰੀ ਏਹੀ ਸਲਵਾਰ, ਏਹੀ ਕਮੀਜ਼ ਪਾ ਔਨੀ ਐਂ, ਕੋਈ ਚੱਜ ਕੇ ਕੱਪੜੇ ਤਾਂ ਪਾ ਕੇ ਆਇਆ ਕਰ।' ਪੱਟ ਕੋਲੋਂ ਉਸ ਦੀ ਸਲਵਾਰ ਦੀ ਚੁਟਕੀ ਭਰ ਕੇ ਉਹ ਕਹਿੰਦਾ ਹੈ।

'ਚੱਜ ਦੇ ਕੇਹੋ ਜ੍ਹੇ?'

'ਕੀ ਘਾਟੈ ਤੈਨੂੰ?'

'ਗਰੀਬਾਂ ਕੋਲ ਕਿੱਥੇ ਨੇ ਚੱਜ ਦੇ?'

ਦੋਵੇਂ ਹੱਸ ਪੈਂਦੇ ਹਨ।

'ਜੰਤਾ ਬੂਟ ਹਾਊਸ' ਕਿੱਡੀ ਵੱਡੀ ਦੁਕਾਨ ਐ, ਸੇਠ ਗੋਬਿੰਦ ਰਾਮ ਦੀ, ਹਜ਼ਾਰਾਂ ਰੁਪਿਆਂ ਕੀ ਕਮਾਈ ਐ। ਭਾਵੇਂ ਪੱਟ ਦੇ ਲੱਛੇ ਪਹਿਨੀਂ ਜਾਹ।' 'ਮੈਂ ਕੀ ਫੂਕਣੇ ਨੇ ਪੱਟ ਦੇ ਲੱਛੇ। ਚੱਜ ਨਾਲ ਬੰਦਾ ਜੇ ਬੁਲਾਵੇ ਚਲਾਵੇ ਈ ਨਾ। ਮੇਰੀ ਤਾਂ ਐੱਫ਼.ਏ, ਖੂਹ 'ਚ ਪੈ 'ਗੀ, ਅੱਠਵੀਂ ਫੇਲ੍ਹ ਦੇ ਮਗਰ ਲੱਗ ਕੇ ਹੁਣ ਭਾਵੇਂ 'ਜੰਤਾ ਬੂਟ ਹਾਊਸ' ਦਾ ਮਾਲਕ ਬਣਿਆ ਫਿਰੇ। ਨੋਟਾਂ ਦੇ ਕੀ ਵਿੱਚ ਮੱਚਣੈ।

'ਨਰਬਦਾ।'

'ਹਾਂ ਜੀ।'

'ਤੂੰ ਗੋਬਿੰਦ ਰਾਮ ਤੋਂ ਖਹਿੜਾ ਛੁਡਾਅ, ਮੈਂ ਲੱਜਿਆ ਦਾ ਫਾਹਾ ਵੱਢ ਦਿੰਨਾਂ। ਆ ਆਪਾਂ ਜਵਾਕ ਸਾਂਝੇ ਕਰ ਲਈਏ।'

'ਪਰ ਅਗਨੀ ਮਿੱਤਰ ਜੀ, ਹੁਣ ਵੀ ਆਪਾਂ ਕੋਈ ਦੋ ਤਾਂ ਨਹੀਂ।'

'ਦੋ ਨਹੀਂ, ਤਾਂ ਹੋਰ ਕੀ ਆਂ? ਤੂੰ ਸੇਠ ਗੋਬਿੰਦ ਰਾਮ ਦੀ ਪਤਨੀ ਐਂ ਤੇ ਮੈਂ ਲੱਜਿਆ ਉਰਫ਼ ਗੀਤਾ ਦਾ ਪਾਠ ਕਰਨ ਵਾਲੀ ਕ੍ਰਿਸ਼ਨ ਭਗਤਣੀ ਦਾ ਪਤੀ। ਦੋ ਤਾਂ ਹਾਂ। ਤੂੰ, ਤੂੰ ਐਂ, ਮੈਂ, ਮੈਂ ਆਂ। ਇੱਕ ਬਣ ਜਾਈਏ, ਨਰਬਦਾ। ਮਾਰ ਹਿੱਕ 'ਤੇ ਹੱਥ।'

ਨਰਬਦਾ ਚੁੱਪ ਰਹਿੰਦੀ ਹੈ।

ਗੋਬਿੰਦ ਰਾਮ ਦਾ ਵੱਡਾ ਸਾਰਾ ਮਕਾਨ ਹੈ। ਚਾਰ ਮਕਾਨਾਂ ਦਾ ਇੱਕ ਮਕਾਨ। ਇੱਕ ਹਿੱਸੇ ਵਿੱਚ ਉਹ ਆਪ ਰਹਿੰਦਾ ਹੈ। ਇੱਕ ਵਿੱਚ ਅਗਨੀ ਮਿੱਤਰ। ਇੱਕ ਵਿਚ ਮਾਸਟਰ ਹਰਦੁਆਰੀ ਲਾਲ, ਜਿਸ ਦੀ ਹਾਥੀ ਵਰਗੀ ਔਰਤ ਸੱਤ ਕੁੜੀਆਂ ਤੇ ਤਿੰਨ ਮੁੰਡੇ ਜੰਮ ਕੇ ਅਜੇ ਵੀ ਬੁੱਢੀ ਨਹੀਂ ਹੋਈ ਚੌਥੇ ਹਿੱਸੇ ਵਿੱਚ ਸਰਦਾਰ ਬੰਤਾ ਸਿੰਘ, ਜੋ ਪੰਜਾਬ ਰੋਡਵੇਜ਼ ਵਿੱਚ ਡਰਾਈਵਰ ਹੈ। ਪਰ ਡਰਾਈਵਰਾਂ ਵਾਲੀ ਉਸ ਵਿੱਚ ਇੱਕ ਵੀ ਗੱਲ ਨਹੀਂ। ਸ਼ਰਾਬ ਨਹੀਂ ਪੀਂਦਾ। ਚੁੱਪ ਰਹਿੰਦਾ ਹੈ। ਪਤਾ ਵੀ ਨਹੀਂ ਲੱਗਦਾ, ਕਦੋਂ ਆਉਂਦਾ ਹੈ ਤੇ ਕਦੋਂ ਜਾਂਦਾ ਹੈ।

ਗੋਬਿੰਦ ਰਾਮ ਦੇ ਆਉਣ ਜਾਣ ਦਾ ਵੀ ਕੋਈ ਪਤਾ ਨਹੀਂ ਲੱਗਦਾ। ਹਰਦੁਆਰੀ ਨਾਲ ਉੱਚੀ-ਉੱਚੀ ਬੋਲਦਾ ਹੈ। ਹਰ ਵੇਲੇ ਲੜਦਾ ਰਹਿੰਦਾ ਹੈ, ਕਦੇ ਜਵਾਕਾਂ ਨਾਲ, ਕਦੇ ਆਪਣੀ ਔਰਤ ਨਾਲ। ਉਸ ਦੇ ਜਵਾਕ ਵੀ ਬੜਾ ਚੀਂਘ-ਚੰਘਿਆੜਾਂ ਪਾਉਂਦੇ ਹਨ।

ਗੋਬਿੰਦ ਰਾਮ ਦਾ ਚੁੱਪ ਰਹਿਣਾ ਅਗਨੀ ਮਿੱਤਰ ਨੂੰ ਚੰਗਾ ਲੱਗਦਾ ਹੈ, ਜਦੋਂ ਕਿ ਬੰਤਾ ਸਿੰਘ ਦੀ ਚੁੱਪ ਖਟਕਦੀ ਹੈ।

ਨਰਬਦਾ ਤਿੰਨੇ ਘਰਾਂ ਵਿੱਚ ਆਉਂਦੀ ਜਾਂਦੀ ਹੈ। ਦਿਨ ਵੇਲੇ ਔਰਤਾਂ ਕੋਲ ਇੱਕ-ਦੋ ਗੇੜੇ ਤਾਂ ਜ਼ਰੂਰ ਮਾਰ ਜਾਂਦੀ ਹੈ। ਲੱਜਿਆ ਕੋਲ ਤਾਂ ਉਹ ਦੋ-ਦੋ ਘੰਟੇ ਬੈਠੀ ਰਹਿੰਦੀ ਹੈ। ਘਰ ਦਾ ਕੰਮ ਵੀ ਉਸ ਨੂੰ ਬਹੁਤਾ ਨਹੀਂ। ਇੱਕ ਮੁੰਡਾ ਹੈ, ਜੋ ਚੌਥੀ ਜਮਾਤ ਵਿੱਚ ਪੜ੍ਹਦਾ ਹੈ। ਮੁੰਡੇ ਤੋਂ ਬਾਅਦ ਇੱਕ ਕੁੜੀ ਸੀ, ਜੋ ਜੰਮਦੀ ਹੀ ਮਰ ਗਈ ਸੀ। ਮੁੜ ਕੇ ਕੋਈ ਜਵਾਕ ਨਹੀਂ ਹੋਇਆ ਰੋਟੀ ਟੁੱਕ ਦਾ ਕੰਮ ਕਰਨ ਲਈ ਬਾਹਮਣਾ ਦੀ ਕੁੜੀ ਨੌਕਰ ਹੈ।

ਨਰਬਦਾ ਦੱਸਦੀ ਹੁੰਦੀ ਹੈ ਕਿ ਉਹ ਕਾਲਜ ਵਿੱਚ ਹਾਕੀ ਦੀ ਪਲੇਅਰ ਸੀ। ਐਥਲੀਟ ਵੀ।ਉਸ ਦਾ ਸਰੀਰ ਹੁਣ ਵੀ ਦੱਸਦਾ ਹੈ ਕਿ ਉਹ ਜ਼ਰੂਰ ਐਥਲੀਟ ਹੁੰਦੀ ਹੋਵੇਗੀ। ਹੁਣ ਤਾਂ ਬੱਸ ਉਹ ਨਾਵਲ-ਕਹਾਣੀਆਂ ਪੜ੍ਹਦੀ ਹੈ। ਪਬਲਿਕ ਲਾਇਬ੍ਰੇਰੀ ਵਿੱਚੋਂ ਆਪ ਹੀ ਕਿਤਾਬਾਂ ਲੈ ਆਉਂਦੀ ਹੈ। ਅਗਨੀ ਮਿੱਤਰ ਦੀ ਕੁੜੀ, ਜੋ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ, ਸਕੂਲੋਂ ਕਿਤਾਬਾਂ ਲਿਆ ਕੇ ਨਰਬਦਾ ਨੂੰ ਦਿੰਦੀ ਹੈ।

ਲੱਜਿਆ ਦੀ ਭਜਨ-ਬੰਦਗੀ ਅਗਨੀ ਮਿੱਤਰ ਨੂੰ ਬਿਲਕੁਲ ਪਸੰਦ ਨਹੀਂ। ਉਹ ਖਿਝਦਾ ਰਹਿੰਦਾ ਹੈ, ਜਦ ਕਦੇ ਉਹ ਅਗਨੀ ਮਿੱਤਰ ਨਾਲ ਸੌਂਦੀ ਹੈ ਤਾਂ ਉਸ ਦੇ ਗਲ ਵਿੱਚ ਪਾਈ ਮਾਲਾ ਤੋਂ ਅਗਨੀ ਮਿੱਤਰ ਨੂੰ ਕਚਿਆਣ ਆਉਂਦੀ ਹੈ। ਜਿਵੇਂ ਉਹ ਕੋਈ ਦੇਵੀ-ਮਾਤਾ ਹੋਵੇ। ਮਾਤਾ ਨਾਲ ਕੋਈ ਕਿਵੇਂ ਸੌਂ ਸਕਦਾ ਹੈ?

ਦੋ ਬੱਚੇ ਪਤਾ ਨਹੀਂ ਕਿਹੜੇ ਵੇਲੇ ਹੋ ਗਏ। ਜਦ ਕਦੇ ਉਹ ਉਸ ਨਾਲ ਸੁੱਤੀ ਹੈ, ਉਹ ਠੰਡਾ ਜਿਹਾ ਹੀ ਰਿਹਾ ਹੈ ਨਰਬਦਾ ਵੇਲੇ ਕੋਈ ਵੇਖੇ ਉਸ ਨੂੰ।

ਲੱਜਿਆ ਦੀਆਂ ਆਦਤਾਂ ਵੀ ਅਜੀਬ ਹਨ। ਅਗਨੀ ਮਿੱਤਰ ਨਾਲ ਜਦ ਕਦੇ ਉਹ ਸੌਂਦੀ ਹੈ, ਅੱਧਾ ਘੰਟਾ ਜਾਂ ਦੋ ਘੰਟੇ। ਉਸ ਤੋਂ ਬਾਅਦ ਉਹ ਇਸ਼ਨਾਨ ਕਰਦੀ ਹੈ ਤੇ ਨਵੇਂ ਕੱਪੜੇ ਪਾਉਂਦੀ ਹੈ। ਆਪਣੇ ਮੰਜੇ 'ਤੇ ਪੈ ਜਾਂਦੀ ਹੈ। ਅਗਨੀ ਮਿੱਤਰ ਨਾਲ ਸੌਂ ਕੇ ਜਿਵੇਂ ਭਰਿਸਟੀ ਗਈ ਹੋਵੇ। ਅਜਿਹੇ ਸਮੇਂ ਅਗਨੀ ਮਿੱਤਰ ਨੂੰ ਆਪਣੇ ਵਿੱਚੋਂ ਸੂਗ ਆਉਂਦੀ ਹੈ।

ਉਸ ਨੂੰ ਲਗਦਾ ਹੈ, ਜਿਵੇਂ ਨਰਬਦਾ ਹੀ ਉਸ ਦੀ ਅਸਲੀ ਔਰਤ ਹੋਵੇ।

ਪਰ ਕਦੇ-ਕਦੇ ਨਰਬਦਾ ਵੀ ਅਗਨੀ ਮਿੱਤਰ ਨੂੰ ਬੁਰੀ ਲਗਦੀ ਹੈ। ਜਦ ਕਦੇ ਉਹ ਬਾਹਰ ਜਾਂਦੇ ਹਨ, ਉਹ ਉਸ ਦੀ ਜੇਬ ਵਿੱਚ ਮੱਲੋ-ਮੱਲੀ ਰੁਪਏ ਪਾ ਦਿੰਦੀ ਹੈ, ਕਦੇ ਸੌ, ਕਦੇ ਪੰਜਾਹ। ਉਸ ਨੂੰ ਇਸ ਤਰ੍ਹਾਂ ਦਿੱਤੇ ਰੁਪਿਆਂ ਵਿੱਚੋਂ ਹਉਂਕ ਆਉਂਦੀ ਹੈ।

ਗੋਬਿੰਦ ਰਾਮ ਦੀ ਘਾਟ ਉਹ ਉਸ ਵਿੱਚੋਂ ਪੂਰੀ ਕਰਦੀ ਹੈ। ਇਸ ਤੋਂ ਵੱਧ ਅਗਨੀ ਮਿੱਤਰ ਕੀ ਹੈ?

ਉਸ ਨੂੰ ਆਪਣਾ ਆਪ ਵੀ ਬੁਰਾ ਲੱਗਦਾ ਹੈ। ਲੱਜਿਆ ਵਿੱਚ ਜੋ ਕੁਝ ਨਹੀਂ, ਉਹ ਨਰਬਦਾ ਤੋਂ ਲੈਂਦਾ ਹੈ। ਇਸ ਤੋਂ ਵੱਧ ਨਰਬਦਾ ਕੀ ਹੈ?

ਉਹ ਨਰਬਦਾ ਨੂੰ ਕਿੰਨੀ ਵਾਰ ਕਹਿ ਚੁੱਕਿਆ ਹੈ, "ਭਰੇ ਬਜ਼ਾਰ ਵਿੱਚ ਮੇਰੀ ਬਾਂਹ ਫੜ ਲੈ", ਪਰ ਉਹ ਤਾਂ ਹੱਸ ਕੇ ਟਾਲ ਦਿੰਦੀ ਹੈ।

ਨਬਰਦਾ ਤੋਂ ਪਹਿਲਾਂ ਕਿਸੇ ਪਰਾਈ ਔਰਤ ਨਾਲ ਉਸ ਦਾ ਕੋਈ ਸਬੰਧ ਨਹੀਂ ਰਿਹਾ। ਪਰਾਈ ਔਰਤ ਦਾ ਅਹਿਸਾਸ ਕਿੰਨਾ ਮਿੱਠਾ ਹੈ, ਪਰ ਕਿੰਨਾ ਕੌੜਾ।

ਔਰਤ ਜਾਂ ਮਰਦ ਜੇ ਸਰੀਰਕ ਸੁਆਦ ਤੋਂ ਵੱਧ ਕੁਝ ਨਹੀਂ ਤਾਂ ਪਸ਼ੂ ਤੇ ਮਨੁੱਖ ਵਿੱਚ ਫ਼ਰਕ ਕੀ ਹੋਇਆ?

ਪਰ ਉਹ ਤਾਂ ਚਾਹੁੰਦਾ ਹੈ ਕਿ ਰੜੇ ਮੈਦਾਨ ਰੁੱਖ ਲਾਵੇ। ਜੋ ਉੱਚਾ ਵਧ ਸਕੇ, ਜਿਸ ਦੀ ਯਾਰੀ ਅਸਮਾਨ ਨਾਲ ਹੋਵੇ। ਕੰਧ ਵਿੱਚ ਉੱਗੇ ਦਰੱਖ਼ਤ ਦਾ ਜੀਵਨ ਹੈ ਕੋਈ?

ਨਰਬਦਾ ਨਾਲ ਸਾਰੇ ਸਬੰਧ ਮਕਾ ਕੇ ਉਹ ਮਕਾਨ ਬਦਲ ਲੈਂਦਾ ਹੈ। ਗੋਬਿੰਦ ਰਾਮ ਦੇ ਮਕਾਨ ਤੇ ਬਹੁਤ ਦੂਰ।