ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸੁੱਚੀ ਕੁਲ
ਪੰਜਾਬ ਵਿਚ ਆਮ ਲੋਕਾਂ ਲਈ ਲਈ ਇਹ ਕਿਹੇ ਚੰਦਰੇ ਦਿਨ ਸਨ। ਖ਼ਾਸ ਕਰਕੇ ਮੰਡੀਆਂ ਤੇ ਸ਼ਹਿਰਾਂ ਵਿਚ। ਲੋਕਾਂ ਨੇ ਕਰਫ਼ਿਊ ਦਾ ਨਾਉਂ ਤਾਂ ਜ਼ਰੂਰ ਸੁਣਿਆ ਹੋਵੇਗਾ, ਪਰ ਕਰਫ਼ਿਊ ਕਦੇ ਦੇਖਿਆ ਨਹੀਂ ਸੀ।
ਇਸ ਮੰਡੀ ਦੇ ਲੋਕ ਦੁਖੀ ਹੁੰਦੇ ਤੇ ਹੱਸਦੇ ਵੀ। ਗਲੀਆਂ ਬਜ਼ਾਰਾਂ ਵਿਚ ਮਿਲਟਰੀ ਦੇ ਬੰਦੇ ਭੂਤਾਂ ਪ੍ਰੇਤਾਂ ਵਾਂਗ ਤੁਰੇ ਫਿਰਦੇ। ਸੀ. ਆਰ. ਪੀ. ਤੇ ਪੰਜਾਬ ਪੁਲਿਸ ਅਲੱਗ। ਪਹਿਲੇ ਦੋ ਦਿਨ ਤਾਂ ਲੋਕ ਬਹੁਤਾ ਹੀ ਜਿੱਚ ਹੋਏ। ਸਵੇਰੇ ਅੱਠ ਵਜੇ ਸਾਇਰਨ ਵੱਜਦਾ ਤੇ ਕਰਫ਼ਿਊ ਇੱਕ ਘੰਟੇ ਲਈ ਖੁੱਲ੍ਹਦਾ। ਲੋਕਾਂ ਦੀ ਜ਼ਿੰਦਗੀ ਸਾਇਰਨ ਨਾਲ ਬੱਝ ਕੇ ਰਹਿ ਗਈ ਸੀ। ਸਾਇਰਨ ਦੀ ਆਵਾਜ਼ ਨਾਲ ਜ਼ਿੰਦਗੀ ਚਾਰ ਦੀਵਾਰੀਆਂ ਅੰਦਰ ਕੈਦ ਹੋ ਜਾਂਦੀ। ਸਾਇਰਨ ਦੀ ਆਵਾਜ਼ ਨਾਲ ਜ਼ਿੰਦਗੀ ਖੰਭ ਖੋਲ੍ਹਦੀ ਤੇ ਦਾਣਾ ਪਾਣੀ ਚੁਗਣ ਲਈ ਵਾਹੋ ਦਾਹੀ ਬਾਹਰ ਨੂੰ ਭੱਜਦੀ। ਜਿਵੇਂ ਦਾਣਾ ਪਾਣੀ ਕਦੇ ਦੇਖਿਆ ਹੀ ਨਾ ਹੋਵੇ।
ਜਿਵੇਂ ਜੰਗਲੀ ਜਾਨਵਰਾਂ ਨੂੰ ਪਾਲਤੂ ਬਣਾਈਦਾ ਹੈ। ਸਾਇਰਨ ਵੱਜਦਾ ਤਾ ਲੋਕ ਘਰਾਂ ਤੋਂ ਬਾਹਰ ਮੂੰਹ ਕੱਢ ਕੇ ਗਲੀ ਵਿਚ ਦੂਰ ਤੱਕ ਫੈਲੀ ਸੁੰਨਸਾਨ ਨੂੰ ਹੈਰਾਨੀ ਨਾਲ ਦੇਖਣ ਲੱਗਦੇ। ਦੋ ਚਾਰ ਜਣੇ ਕੋਈ ਇੱਕ ਬਾਰ ਸਾਹਮਣੇ ਖੜ੍ਹ ਜਾਂਦੇ ਤੇ ਅੰਮ੍ਰਿਤਸਰ ਦੀਆਂ ਗੱਲਾਂ ਕਰਦੇ। ਔਰਤਾਂ ਵੀ ਇੰਝ ਇੱਕ ਥਾਂ ਇਕੱਠੀਆਂ ਖੜ੍ਹੀਆਂ ਰਹਿੰਦੀਆਂ ਤੇ ਗੱਲਾਂ ਕਰਦੀਆਂ। ਨੌਜਵਾਨ ਮੁੰਡੇ ਕਿਸੇ ਦੀ ਬੈਠਕ ਵਿਚ ਇਕੱਠੇ ਹੁੰਦੇ ਤੇ ਤਾਸ਼ ਖੇਡਦੇ। ਕਰਫ਼ਿਊ ਦਾ ਸਾਇਰਨ ਵੱਜਣ ਬਾਅਦ ਵੀ ਮਿਲਟਰੀ ਦੇ ਬੰਦੇ ਕਿਸੇ ਗਲੀ ਵਿਚ ਲੋਕਾਂ ਨੂੰ ਇੰਝ ਘਰਾਂ ਤੋਂ ਬਾਹਰ ਖੜ੍ਹੇ ਦੇਖਦੇ ਤਾਂ ਵੜਦੇ। ਥੱਪੜਾਂ ਹੂਰਿਆਂ ਨਾਲ ਕੁੱਟ ਦਿੰਦੇ। ਰਾਈਫ਼ਲਾਂ ਦੇ ਬੱਟ ਮਾਰਦੇ। ਕੁੱਟ ਖਾ ਕੇ ਲੋਕ ਕਰਫ਼ਿਊ ਦਾ ਮਤਲਬ ਸਮਝ ਜਾਂਦੇ। ਬਜ਼ਾਰਾਂ ਵਿਚ ਵੀ ਇੰਝ ਹੋਇਆ ਸੀ। ਉੱਚੀਆਂ ਹਵੇਲੀਆਂ 'ਤੇ ਖੜ੍ਹ ਕੇ ਕੋਈ ਝਾਕਦਾ ਤਾਂ ਮਿਲਟਰੀ ਵਾਲੇ ਉਨ੍ਹਾਂ ਨੂੰ ਇਸ਼ਾਰਾ ਕਰਕੇ ਥੱਲੇ ਬੁਲਾਉਂਦੇ ਤੇ ਕਰਫ਼ਿਊ ਦਾ ਮਤਲਬ ਸਮਝਾ ਦਿੰਦੇ। ਇੰਝ ਦੋ ਕੁ ਦਿਨਾਂ ਵਿਚ ਹੀ ਸਾਰੀ ਮੰਡੀ ਕਰਫ਼ਿਊ ਦਾ ਮਤਲਬ ਸਮਝ ਗਈ ਸੀ। ਪਾਲਤੂ ਜਾਨਵਰਾਂ ਵਾਂਗ।
ਤੇ ਫੇਰ ਘਰਾਂ ਵਿਚੋਂ ਚੀਜ਼ਾਂ ਮੁੱਕਣ ਲੱਗੀਆਂ। ਆਟਾ, ਦਾਲਾਂ, ਖੰਡ, ਚਾਹ ਪੱਤੀ, ਮਿੱਟੀ ਦਾ ਤੇਲ ਤੇ ਬਨਸਪਤੀ ਘਿਓ। ਬਹੁਤਾ ਤੋੜਾ ਤਾਂ ਦੁੱਧ ਦਾ ਪਿਆ। ਦੋ ਕੁ ਦਿਨ ਤਾਂ ਮਿਲਟਰੀ ਵਾਲਿਆਂ ਨੇ ਪਿੰਡਾਂ ਵਿਚੋਂ ਦੁੱਧ ਦੇ ਢੋਲ ਭਰ ਕੇ ਲਿਆਂਦੇ। ਕਰਫ਼ਿਊ ਖੁੱਲ੍ਹੇ ਤੋਂ ਲੋਕ ਦੁਕਾਨਾਂ ਵੱਲ ਭੱਜਦੇ। ਦੁਕਾਨਦਾਰ ਇੰਝ ਪ੍ਰੇਸ਼ਾਨ ਹੋ ਉੱਠਦੇ, ਜਿਵੇਂ ਉਨ੍ਹਾਂ ਦੀ ਦੁਕਾਨ ਨੂੰ ਲੁੱਟਿਆ ਜਾ ਰਿਹਾ ਹੋਵੇ। ਕੋਈ ਦੁਕਾਨਦਾਰ ਵੱਧ ਮੁੱਲ ਲਾਉਂਦਾ ਤੇ ਮਿਲਟਰੀ ਵਾਲਿਆਂ ਨੂੰ ਪਤਾ ਲੱਗ ਜਾਂਦਾ ਤਾਂ ਉਹ ਉਹ ਨੂੰ ਕਰਫ਼ਿਊ ਦਾ ਮਤਲਬ ਸਮਝਾਉਂਦੇ। ਪਾਣੀ ਤੇ ਬਿਜਲੀ ਦੀ ਬੜੀ ਮੌਜ ਰਹੀ। ਚੌਵੀ ਘੰਟੇ ਪਾਣੀ ਮਿਲਦਾ ਤੇ ਚੌਵੀ ਘੰਟੇ ਹੀ ਬਿਜਲੀ। ਪਿੱਛੋਂ ਜਾ ਕੇ ਲੋਕ ਗੱਲਾਂ ਕਰਦੇ ਹੁੰਦੇ, "ਬਈ ਬਿਜਲੀ ਪਾਣੀ ਦੀ ਖੁੱਲ੍ਹ ਤਾਂ ਕਰਫ਼ਿਊ ਦੇ ਦਿਨਾਂ 'ਚ ਦੇਖੀ।"
ਮੁਸੀਬਤ ਵੇਲੇ ਸਭ ਇਕੱਠੇ ਹੋ ਜਾਂਦੇ ਨੇ ਖ਼ਾਸ ਕਰਕੇ ਪੰਜਾਬੀ ਲੋਕ। ਕਰਫ਼ਿਊ ਦੇ ਦਿਨਾਂ ਵਿਚ ਗਵਾਂਢੀ ਗਵਾਂਢੀ ਨੂੰ ਪੁੱਛਦਾ ਸੀ-ਖੰਡ ਨਹੀਂ ਤਾਂ ਸਾਡਿਓਂ ਲੈ ਜਾਓ।"
ਕੋਈ ਆਖਦਾ-"ਮਿੱਟੀ ਦੇ ਤੇਲ ਦੀਆਂ ਬੋਤਲਾਂ ਚਾਰ ਨੇ, ਇੱਕ ਨੂੰ ਲੈ ਜਾ। ਵਖ਼ਤ ਕੱਟੋ ਭਾਈ।"
ਕਿਸੇ ਗਵਾਂਢੀ ਦੇ ਕੋਈ ਦੋ ਡੰਗ ਦਾ ਆਟਾ ਮੰਗਣ ਗਿਆ ਤਾਂ ਅਗਲੇ ਨੇ ਇਨਕਾਰ ਨਹੀਂ ਕੀਤਾ। ਸਗੋਂ ਜਵਾਬ ਮਿਲਦਾ, "ਜਿਹੜਾ ਕੁਛ ਘਰੇ ਹੈਗਾ, ਭਰਾਵਾ, ਹਾਜ਼ਰ ਐ।"
ਉਨ੍ਹਾਂ ਦਿਨਾਂ ਵਿਚ ਕਿਸੇ ਨੇ ਨਹੀਂ ਪਰਖਿਆ, ਕੌਣ ਹਿੰਦੂ ਹੈ ਤੇ ਕੌਣ ਸਿੱਖ। ਸਭ ਦੀ ਭਾਵਨਾ, ਗਵਾਂਢੀ ਗਵਾਂਢੀ ਹੁੰਦਾ ਹੈ। ਗਵਾਂਢੀ ਹਿੰਦੂ ਕਦੋਂ ਹੁੰਦੈ, ਗਵਾਂਢੀ ਸਿੱਖ ਕਦੋਂ ਹੁੰਦੈ? ਗਵਾਂਢੀ ਤਾਂ ਭਰਾ ਹੁੰਦੈ, ਮਾਂ ਪਿਓ ਜਾਇਆ।
***
ਉਹ ਇੱਕ ਦਾਦੇ ਦੇ ਪੋਤੇ ਸਨ। ਤਾਏ ਚਾਚਿਆਂ ਦੇ ਪੁੱਤ। ਸੰਤਾ ਤੇ ਮੈਂਗਲ। ਉਨ੍ਹਾਂ ਦਾ ਦਾਦਾ ਵੈਦ ਸੀ, ਪਰ ਧਾਗੇ ਤਵੀਤਾਂ ਦਾ ਕੰਮ ਬਹੁਤਾ ਕਰਦਾ। ਆਪਣੇ ਦੋਵੇਂ ਮੁੰਡਿਆਂ ਨੂੰ ਵੀ ਉਹ ਨੇ ਏਸੇ ਕੰਮ ਵਿਚ ਪਾਇਆ। ਕੀ ਕਰਦਾ, ਜ਼ਮੀਨ ਥੋੜ੍ਹੀ ਸੀ। ਕਿਸੇ ਢੰਗ ਨਾਲ ਘਰ ਤਾਂ ਚਲਾਉਣਾ ਸੀ। ਮੁੰਡਿਆਂ ਵਿਚ ਅਗਾਂਹ ਫ਼ਰਕ ਐਨਾ ਪਿਆ ਕਿ ਇੱਕ ਨਿਰਾ ਵੈਦ ਬਣ ਗਿਆ ਤੇ ਦੂਜਾ ਨਿਰੋਲ ਸਿਆਣਾ। 'ਸਿਆਣੇ' ਦੇ ਅਗਾਂਹ ਇੱਕ ਮੁੰਡਾ ਸੀ ਸੰਤਾ ਤੇ ਵੈਦ ਦਾ ਮੁੰਡਾ ਮੈਂਗਲ। ਮੈਂਗਲ ਛੋਟਾ ਸੀ।ਉਹ ਦੇ ਕੋਲ ਵੈਦਕ ਦੇ ਬਹੁਤੇ ਨੁਸਖੇ ਨਹੀਂ ਸਨ। ਨਾ ਹੀ ਐਨੇ ਮਰੀਜ਼ ਆਉਂਦੇ। ਬੱਸ ਐਵੇਂ ਦਿਖਾਵੇ ਵਜੋਂ ਸ਼ੀਸ਼ੀਆਂ ਵਾਲੀ ਅਲਮਾਰੀ ਵਿਚ ਖ਼ਾਲੀ ਕਾਲੀਆਂ ਬੋਤਲਾਂ ਧਰੀ ਰੱਖਦਾ। ਮੇਜ਼ ਤੇ ਪੇਟੈਂਟ ਦਵਾਈਆਂ ਦੇ ਡੱਬੇ, ਛੋਟੀਆਂ ਸ਼ੀਸ਼ੀਆਂ ਵਿਚ ਭੁਰੀਆਂ ਚਿੱਟੀਆਂ ਗੋਲੀਆਂ ਤੇ ਇੱਕ ਘਸੀ ਪੁਰਾਣੀ ਟੂਟੀ।
ਸੰਤੇ ਨੂੰ ਕਿਵੇਂ ਨਾ ਕਿਵੇਂ ਸਾਕ ਹੋ ਗਿਆ। ਮੈਂਗਲ ਵਰ੍ਹਿਆਂ ਤੱਕ ਕੰਵਾਰਾ ਰਿਹਾ। ਓਧਰ ਵੈਦਕ ਵੀ ਨਹੀਂ ਚੱਲਦੀ ਦਿਸਦੀ ਸੀ। ਅਖ਼ੀਰ ਉਹ ਫ਼ੌਜ ਵਿਚ ਜਾ ਭਰਤੀ ਹੋਇਆ।
ਮੈਂਗਲ ਦੇ ਮਾਂ ਪਿਓ ਮਰ ਚੁੱਕੇ ਸਨ। ਉਹ ਫ਼ੌਜ ਵਿਚੋਂ ਛੁੱਟੀ ਆਉਂਦਾ ਤਾਂ ਸੰਤਾ ਉਹ ਨੂੰ ਸਿੱਧੀ ਨਿਗਾਹ ਨਾਲ ਨਾ ਦੇਖਦਾ। ਫ਼ੌਜ ਵਿਚ ਉਹ ਨੇ ਆਪਣਾ ਨਾਉਂ ਮੰਗਲ ਸਿੰਘ ਲਿਖਵਾਇਆ ਸੀ ਤੇ ਹੁਣ ਰਹਿੰਦਾ ਵੀ ਸਿੱਖ ਸਜ ਕੇ। ਦਾੜ੍ਹੀ ਕੇਸ ਚੰਗੀ ਤਰ੍ਹਾਂ ਸ਼ਿੰਗਾਰ ਕੇ ਰੱਖਦਾ। ਛੁੱਟੀ ਆਇਆ ਸੰਤੇ ਨੂੰ ਉਹ ਭਾਰ ਜਾਪਦਾ। ਉਹ ਮਨ ਵਿਚ ਆਖਦਾ, "ਅੱਡ ਵਿੱਢ, ਰੰਨ ਨ੍ਹੀ-ਕੰਨ ਨ੍ਹੀ, ਕਰਨ ਕੀ ਔਂਦੈ ਭਲਾ ਮੇਰੇ ਘਰੇ?" ਮੈਂਗਲ ਇਕੱਲਾ ਰਹਿ ਰਿਹਾ ਸੀ। ਸੰਤੇ ਨੂੰ ਆਪਣਾ ਜਾਣ ਕੇ ਉਹ ਨੂੰ ਉਹ ਸੱਚਾ ਮੋਹ ਕਰਦਾ ਤੇ ਸੰਤੇ ਤੋਂ ਮੋਹ ਲੈਣਾ ਚਾਹੁੰਦਾ। ਆਪਣੇ ਅੰਦਰ ਪਏ ਇੱਕ ਖੱਪੇ ਨੂੰ ਮੰਗਵੇਂ ਮੋਹ ਨਾਲ ਭਰਨ ਦੀ ਕੋਸ਼ਿਸ਼ ਕਰਦਾ। ਪਰ ਛੁੱਟੀਓਂ ਮੁੜ ਕੇ ਰੇਲ ਗੱਡੀ ਵਿਚ ਵਾਪਸ ਜਾ ਰਿਹਾ ਉਹ ਸੋਚਦਾ, "ਕੀ ਕਰਨ ਆਇਆ ਸੀ ਉਹ ਐਥੇ?" ਇਸ ਨਾਲੋਂ ਤਾਂ ਉਹ ਭੂਆ ਦੇ ਪਿੰਡ ਚਲਿਆ ਜਾਂਦਾ ਜਾਂ ਨਾਨਕੀ ਰਹਿ ਆਉਂਦਾ।"
ਚਾਲ੍ਹੀਆਂ ਤੋਂ ਥੱਲੇ ਹੀ ਮੈਂਗਲ ਪੈਨਸ਼ਨ ਲੈ ਕੇ ਪਿੰਡ ਆ ਗਿਆ। ਦੋ ਮਹੀਨੇ ਪਿੰਡ ਰਿਹਾ ਹੋਵੇਗਾ, ਫੇਰ ਦੂਰ ਇੱਕ ਪਿੰਡ ਵੈਦਕ ਦੀ ਦੁਕਾਨ ਜਾ ਖੋਲੀ-ਪਿਤਾ ਪੁਰਖੀ ਕੰਮ। ਦੋ ਕੁ ਸਾਲਾਂ ਬਾਅਦ ਉਹ ਆਪਣੇ ਪਿੰਡ ਆਇਆ, ਉਹ ਦੇ ਮਗਰ ਭਰਿੰਡ ਵਾਂਗ ਦਗਦੀ ਛੱਬੀ ਸਤਾਈ ਸਾਲਾਂ ਦੀ ਮੁਟਿਆਰ ਸੀ। ਉਹ ਉਸੇ ਪਿੰਡ ਦੀ ਧੀ ਸੀ, ਜਿੱਥੇ ਉਹ ਵੈਦਕ ਦੀ ਦੁਕਾਨ ਕਰਦਾ ਸੀ। ਇੱਕ ਕੋਈ ਬੁੜ੍ਹੀ ਸੀ-ਇਕੱਲੀ ਦੀ ਇਕੱਲੀ। ਬੁੜ੍ਹੀ ਦੇ ਘਰ ਹੀ ਮੈਂਗਲ ਰਹਿੰਦਾ ਹੁੰਦਾ। ਸੰਤੋ ਦਾ ਆਪਣਾ ਧਾਗਾ ਤਵੀਤ ਤਾਂ ਚੰਗਾ ਚੱਲਦਾ ਰਿਹਾ ਸੀ, ਪਰ ਅਗਾਂਹ ਉਹ ਦੇ ਜੋ ਇੱਕੋ ਇੱਕ ਮੁੰਡਾ ਸੀ, ਇਸ ਕੰਮ ਵਿਚ ਪੈਂਦਾ ਨਹੀਂ ਲੱਗਦਾ ਸੀ। ਨਾ ਸਕੂਲ ਵਿਚ ਚੰਗੂੰ ਪੜ੍ਹਦਾ ਹੈ। ਅੱਠਵੀਂ ਤਾਂ ਕਿਵੇਂ ਨਾ ਕਿਵੇਂ ਉਹ ਪਾਸ ਕਰ ਗਿਆ। ਫੇਰ ਅਜਿਹਾ ਅੜਿਆ ਕਿ ਨਿਕਲਿਆ ਹੀ ਨਾ ਜਾਵੇ। ਅਖ਼ੀਰ ਘਰ ਬੈਠ ਗਿਆ। ਕੁੱਟ ਮਾਰ ਨੂੰ ਉਹ ਨਹੀਂ ਜਾਣਦਾ ਸੀ, ਸਗੋਂ ਹੋਰ ਵੀਚ੍ਹਰ ਜਾਂਦਾ। ਆ ਘਰ ਵਿਚ ਸੰਤੇ ਦੇ ਧਾਗੇ ਤਵੀਤ ਵੀ ਕਿਸੇ ਕੰਮ ਨਾ ਆਏ। ਇੱਕ ਦਿਨ ਉਹ ਮੁੰਡੇ ਨੂੰ ਮੰਡੀ ਲੈ ਗਿਆ ਤੇ ਆਪਣੇ ਪਿੰਡ ਦੇ ਇੱਕ ਬਾਣੀਏ ਦੀ ਕੱਪੜੇ ਦੀ ਦੁਕਾਨ 'ਤੇ ਛੱਡ ਦਿੱਤਾ। ਬਾਣੀਆਂ ਭਲਾਮਾਣਸ ਬੰਦਾ ਸੀ। ਬੁੜ੍ਹਿਆਂ ਦੀ ਪੁਰਾਣੀ ਲਿਹਾਜ਼ ਜਾਣ ਕੇ ਉਹ ਨੇ ਰਿਹਾ-ਵੱਛੀ ਸੰਤੇ ਦੇ ਮੁੰਡੇ ਨੂੰ ਹੌਲੀ ਹੌਲੀ ਕੰਮ ਵਿਚ ਪਾ ਲਿਆ। ਉਹ ਆਥਣ ਨੂੰ ਸਾਈਕਲ 'ਤੇ ਪਿੰਡ ਆ ਜਾਂਦਾ। ਪਿੰਡ ਤੋਂ ਮੰਡੀ ਮਸਾਂ ਚਾਰ ਪੰਜ ਮੀਲ ਦੂਰ ਸੀ। ਪੱਕੀ ਸੜਕ। ਲਾਲੇ ਨੇ ਚਾਰ ਕੁ ਮਹੀਨਿਆਂ ਬਾਅਦ ਉਹ ਦਾ ਦੋ ਸੌ ਰੁਪਿਆ ਬੰਨ੍ਹ ਦਿੱਤਾ। ਫੇਰ ਛੀ ਛੀ ਮਹੀਨਿਆਂ ਪਿੱਛੋਂ ਪੈਸੇ ਵਧਣ ਲੱਗੇ। ਇੰਝ ਜਦੋਂ ਉਹ ਚਾਰ ਸੌ ਰੁਪਿਆ ਮਹੀਨਾ ਲੈਣ ਲੱਗ ਪਿਆ ਤਾਂ ਉਹ ਨੂੰ ਸਾਕ ਵੀ ਹੋ ਗਿਆ। ਸਾਕ ਹੋਇਆ, ਲਾਲਾ ਜੀ ਦੇ ਪੈਰੋਂ। ਲਾਲਾ ਉਹ ਨੂੰ ਆਪਣਾ ਮੁਨੀਮ ਦੱਸਦਾ, ਜਦੋਂ ਕਿ ਦੂਜੇ ਨੌਕਰਾਂ ਵਾਂਗ ਹੀ ਉਹ ਇੱਕ ਆਮ ਨੌਕਰ ਸੀ। ਐਧਰੋਂ ਕਰ, ਐਧਰੋਂ ਕਰ, ਸੰਤੇ ਨੇ ਹੌਲੀ ਹੌਲੀ ਮੰਡੀ ਵਿਚ ਇਕ ਛੋਟਾ ਜਿਹਾ ਪਲਾਟ ਲਿਆ ਤੇ ਫੇਰ ਮਕਾਨ ਪਾ ਲਿਆ। ਇਹ ਮਕਾਨ ਮੈਂਗਲ ਦੇ ਐਫ. ਸੀ. ਆਈ. ਵਾਲੇ ਮੁੰਡੇ ਦੀ ਕੋਠੀ ਦੇ ਨੇੜੇ ਹੀ ਕਿਤੇ ਸੀ।
ਪਰ ਦੋਵੇਂ ਘਰ ਆਪਸ ਵਿਚ ਵਰਤਦੇ ਨਹੀਂ ਸਨ। ਮੁੰਡੇ ਤਾਂ ਇੱਕ ਦੂਜੇ ਨਾਲ ਕਲਾਮ ਵੀ ਨਾ ਕਰਦੇ। ਸੰਤਾ ਤੇ ਮੈਂਗਲ ਜੋ ਕਿਤੇ ਆਹਮੋ ਸਾਹਮਣੇ ਹੋ ਜਾਂਦੇ ਤਾਂ ਰਸਮੀ ਜਿਹਾ ਰਾਮ ਰਮਈਆ ਹੀ ਹੁੰਦਾ।
***
ਪਿੰਡ ਦੀ ਸੱਥ ਵਿਚ ਬੈਠ ਕੇ ਸੰਤਾ ਸ਼ਰੀਕ ਦੀ ਨਿੰਦਿਆ ਕਰਦਾ-"ਕਿਧਰੋਂ ਆ ਗਿਆ ਉਹ ਵੱਡੇ ਟੌਰੇ ਆਲਾ। ਅਖੇ-ਮੰਡੀ ਜਾ ਕੋਠੀ ਪਾਈ ਐ। ਨਾਉਂ ਧਰਾ ਲਿਆ ਮੰਗਲ ਸਿੰਘ, ਐਥੇ ਤਾਂ ਮੈਂਗਲ ਈ ਵੱਜੂ। ਹੈਗਾ ਤਾਂ ਲਾਲਾ ਨਰਾਤਾ ਰਾਮ ਦਾ ਪੋਤਰਾ। ਹੁਣ ਕੁਛ ਵੀਬਣਦਾ ਫਿਰੇ।" ਮੈਂਗਲ ਦਾ ਜਦੋਂ ਵੱਡਾ ਮੁੰਡਾ ਵਿਆਹਿਆ ਤਾਂ ਸੰਤਾ ਬਹੁਤ ਹੈਰਾਨ ਹੋਇਆ। ਫੇਰ ਗੱਲ ਉਡਾਈ-"ਕੁੜੀ ਵੀ ਕਿਹੜਾ ਖਤਰਾਣੀ ਦੇ ਪੇਟੋਂ ਐ। ਹੋਊ ਕੋਈ ਜਾਤ ਕੁਜਾਤ, ਇਹ ਦੇ ਵਾਂਗੂੰ।"
ਏਵੇਂ ਜਿਵੇਂ ਪਟਵਾਰੀ ਮੁੰਡੇ ਦੇ ਵਿਆਹ ਨੂੰ ਵੀ ਉਹ ਨੇ ਮਖੌਲ ਚੁੱਕਿਆ ਸੀ-"ਢੁੱਕਿਆ ਹੋਊ ਆਵਦੀ ਜਾਣ 'ਚ ਵਾਜੇ ਪੀਪਣੀਆਂ ਲੈ ਕੇ, ਹੈਗਾ ਤਾਂ ਸਨਿਆਰੀ ਦਾ। ਕੀ ਦੇਖਿਐ ਬਈ ਅਗਲੇ ਨੇ?"
ਐੱਫ਼. ਸੀ. ਆਈ. ਵਾਲੇ ਮੁੰਡੇ ਦੇ ਵਿਆਹ ਵੇਲੇ ਸੰਤਾ ਕੁਝ ਨਹੀਂ ਬੋਲਿਆ। ਸੱਥ ਦੇ ਲੋਕ ਉਹ ਦੇ ਮੂੰਹ ਵੱਲ ਝਾਕਦੇ। ਪਰ ਉਹ ਚੁੱਪ ਸੀ। ਅਖ਼ੀਰ ਇੱਕ ਦਿਨ ਉਹ ਦੀ ਮਗਜਾਲੀ ਖੁੱਲ੍ਹੀ-"ਕੱਜ ਵਾਲਾ ਈ ਕੱਜ ਆਲਿਆਂ ਨੂੰ ਕੁੜੀ ਦਿਊ। ਨਰ੍ਹੜੇ ਆਲਾ ਤਾਂ ਸੌ ਕਿਹੜਾ ਮਾਰਦੈ ਜੁੱਤੀ ਅਹਿਆਂ ਜਿਆਂ ਦੇ।" ਫੇਰ ਕਹਿੰਦਾ-"ਨਾਲੇ ਭਾਈ, ਸਮੇਂ ਬਦਲ 'ਗੇ। ਹੁਣ ਕੌਣ ਦੇਖਦੈ ਸੱਚੀਆਂ ਕੁਲਾਂ। ਗਰਕਣ 'ਤੇ ਆ 'ਗੀ ਦੁਨੀਆਂ ਤੇ ਫੇਰ ਮਨ ਵਿਚ ਹੀ ਚਿਤਾਰਦਾ-"ਕਿੰਨਾ ਮਾਸਟਰਾਂ, ਪਟਵਾਰੀਆਂ ਤੇ ਲੁੱਟਣ ਖਾਣ ਮਹਿਕਮਿਆਂ ਨੂੰ ਹੱਥ ਪਾ ਲੈਣ, ਰਹਿਣਗੇ ਤਾਂ ਸੁਨਿਆਰੀ ਦੇ। ਦਾਗ਼ ਤਾਂ ਧੋਤਾ ਨ੍ਹੀ ਜਾਂਦਾ। ਕਿਧਰੇ ਧੁਰ ਅੰਦਰ ਉਹ ਮੁਕਾਬਲਾ ਕਰਦਾ-"ਸੁਨਿਆਰੀ ਸਨੂਰੀ ਨੂੰ ਕੌਣ ਜਾਣਦੈ ਸਾਲਾ ਏਸ ਦੁਨੀਆਂ 'ਚ। ਤਿੰਨੇ ਮੁੰਡੇ ਮੌਜਾਂ ਕਰਦੇ ਐ। ਕਿੱਤਿਆਂ 'ਤੇ ਲਗ ਗੇ। ਵਿਆਹੇ ਗਏ। ਏਮੇ ਜਿਮੇਂ ਫੌਜੀ ਵਿਆਹਿਆ ਜਾਉ। ਏਧਰ ਇੱਕ ਮੈਂ ਆਂ। ਸੁੱਚੀ ਕੁੱਲ ਨੂੰ ਕੀ ਚੱਟਣੈ ਸਾਲਾ। ਮੁੰਡਾ ਅਲੱਥ ਜ੍ਹਾ ਬਣੀ ਜਾਂਦੈ। ਕੀ ਪਤਾ, ਸਿਰੇ ਲੱਗੂ ਜਾਂ ਕੀਹ ਐ। ਧਾਗੇ ਤਵੀਤਾਂ ਦਾ ਇਹ ਕਿੱਤਾ ਐ ਸਾਲਾ ਕੋਈ।" ਪਰ ਉਹ ਦਿਲ ਧਰਦਾ-"ਕੁਝ ਵੀ ਹੋਵੇ, ਪਿਓ ਦਾਦੇ ਦੀ ਬਣੀ 'ਤੇ ਰਹਿਣੈ। ਬੰਦੇ ਨ੍ਹੀ ਦੇਖਦੇ, ਉੱਤੇ ਰੱਬ ਤਾਂ ਦੇਖਦੈ।"
ਸੱਥ ਦੇ ਲੋਕ ਸੰਤੇ ਦੀਆਂ ਗੱਲਾਂ ਸੁਣਦੇ ਤੇ ਹੱਸ ਛੱਡਦੇ। ਕੋਈ ਜਣਾ ਉਹ ਦੀਆਂ ਤੇਜ਼ ਤਰਾਰ ਗੱਲਾਂ ਸੁਣਨ ਲਈ ਉਹ ਨੂੰ ਛੇੜਦਾ ਤਾਂ ਸੰਤਾ ਗੱਲ ਨੂੰ ਹੋਰ ਮਸਾਲਾ ਲਾ ਕੇ ਸੁਣਾਉਂਦਾ।
-"ਮੈਂਗਲ ਦੀ ਲਾਦ ਸੁਹਣੀ ਬਹੁਤ ਐ, ਸੰਤ ਰਾਮਾ। ਮੂਰਤਾਂ ਅਰਗੇ ਮੁੰਡੇ ਐ।"
-"ਸੁਨਿਆਰੀ ਦੇ ਨੇ। ਸੁਨਿਆਰੀ ਦਾ ਮਾਸ ਸਿਉਨੇ 'ਚੋਂ ਕੱਢ ਕੇ ਬਣਾਇਆ ਹੁੰਦੈ।" ਸੱਥ ਵਿਚ ਹਾਸੜ ਮੱਚ ਉੱਠਦਾ।
ਅੰਦਰੋਂ ਅੰਦਰ ਸੰਤਾ ਕੋਸ਼ਿਸ਼ ਕਰਦਾ ਕਿ ਉਹ ਮੈਂਗਲ ਦੇ ਬਰਾਬਰ ਉੱਠ ਸਕੇ। ਉਹ ਦੀ ਕੁਲ ਵੀ ਸੁੱਚੀ ਰਹੇ ਤੇ ਉਹ ਆਰਥਿਕ ਪੱਖੋਂ ਵੀ ਮੈਂਗਲ ਦੀ ਬਰਾਬਰੀ ਕਰੇ। ਏਸੇ ਕਰਕੇ ਤਾਂ ਉਨ੍ਹਾਂ ਮੰਡੀ ਜਾ ਕੇ ਮਕਾਨ ਬਣਾਇਆ ਸੀ। ਬਣਾਇਆ ਵੀ ਮੈਂਗਲ ਦੇ ਮੁੰਡੇ ਦੀ ਕੋਠੀ ਨੇੜੇ।
ਸੰਤੇ ਦਾ ਮੁੰਡਾ ਬਹੁਤਾ ਨਹੀਂ ਪੜ੍ਹ ਸਕਿਆ ਸੀ ਤਾਂ ਕੀ। ਉਹ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ। ਲਾਲੇ ਤੋਂ ਹੁਣ ਛੇ ਸੌ ਰੁਪਿਆ ਮਹੀਨਾ ਤਨਖਾਹ ਲੈਂਦਾ। ਉਹ ਵਿਆਹਿਆ ਵੀ ਗਿਆ। ਸੰਤੇ ਨੇ ਮੰਡੀ ਆ ਕੇ ਵੀ ਧਾਗੇ ਤਵੀਤ ਚਲਾ ਲਏ। ਗਲੀਆਂ ਦੀਆਂ ਔਰਤਾਂ ਕੋਲ ਉਹ ਖ਼ੁਦ ਹੀ ਚਲਿਆ ਜਾਂਦਾ। ਮੋਢੇ ਚਾਰਖਾਨੇ ਦਾ ਜਾਲਖਾ ਜਿਹਾ ਲਾਲ ਪਰਨਾ ਰੱਖਦਾ। ਹਰੇ ਰਾਮ, ਹਰੇ ਰਾਮ ਉਹ ਦੇ ਮੂੰਹੋਂ ਖ਼ੁਦ ਬਖ਼ੁਦ ਹੀ ਨਿਕਲਦਾ ਰਹਿੰਦਾ। ਕੋਈ ਪੰਡਤ ਪਾਂਧਾ ਬਣਨ ਦਾ ਉਹ ਢੋਂਗ ਰਚਦਾ।
ਸੰਤਾ ਮੰਡੀ ਆ ਕੇ ਵੀ ਰੰਘੜਉ ਰਖਦਾ। ਮੈਂਗਲ ਦੇ ਮੁੰਡੇ ਦੀ ਕੋਠੀ ਵੱਲ ਮੂੰਹ ਕਰਕੇ ਖੰਘਾਰ ਥੁੱਕ ਦਿੰਦਾ। ਆਖਦਾ-"ਸਾਲੇ ਕੋਠੀਆਂ ਦੇ। ਰੁਪਈਆ ਡਾਕੂ ਚੋਰਾਂ ਕੋਲ ਕਿਹੜਾ ਨਹੀਂ ਹੁੰਦਾ। ਕੰਜਰ ਆਵਦਾ ਪਿੱਛਾ ਕਿਉਂ ਨ੍ਹੀ ਫਰੋਲਦੇ। ਏਧਰ ਆਹ ਬੈਠੇ ਆ ਰੱਬ ਦੀ ਰਜ਼ਾ 'ਤੇ। ਸਬਰ ਸਬੂਰੀ ਦੀ ਖਾਨੇ ਆਂ। ਭਾਮੇਂ ਇੱਕ ਡੰਗ ਦੀ ਈ ਮਿਲੇ।"
***
ਸੰਤੇ ਦੇ ਘਰ ਦੋ ਡੰਗਾਂ ਦੀ ਰੋਟੀ ਨਹੀਂ ਪੱਕੀ ਸੀ। ਆਂਢ ਗੁਆਂਢ ਵਿਚੋਂ ਉਹ ਤਿੰਨ ਘਰਾਂ ਤੋਂ ਆਟਾ ਮੰਗ ਲਿਆਏ ਸਨ। ਆਥਣ ਉੱਗਣ ਨਿੱਤ ਕੌਣ ਦੇਵੇ? ਅਗਲਿਆਂ ਨੂੰ ਆਪਣਾ ਵੀ ਤਾਂ ਫ਼ਿਕਰ ਸੀ। ਨੂੰਹ ਪੁੱਤ ਸਾਰੀ ਬੈਠੇ ਸਨ। ਸੰਤਾ ਤੇ ਬੁੜ੍ਹੀ ਵੀ ਸਬਰ ਕਰਕੇ ਬੈਠ ਗਏ। ਪਰ ਜਵਾਕਾਂ ਦਾ ਰੋਣ ਸੰਤੇ ਤੋਂ ਝੱਲਿਆ ਨਹੀਂ ਜਾ ਰਿਹਾ ਸੀ। ਵੱਡੀ ਕੁੜੀ ਡੁੱਸ ਡੁੱਸ ਕਰਦੀ ਤੇ ਚੁੱਪ ਹੋ ਜਾਂਦੀ। ਛੋਟਾ ਮੁੰਡਾ ਚੁੱਪ ਨਹੀਂ ਹੋ ਰਿਹਾ ਸੀ। ਲਗਾਤਾਰ ਰੋਈ ਜਾਂਦਾ। ਬੱਸ ਇੱਕ ਟੁੱਕ ਦੀ ਬੌਕੀ ਫੜੀ ਹੋਈ।
ਸਵੇਰੇ ਇੱਕ ਘੰਟੇ ਲਈ ਜਦੋਂ ਕਰਫ਼ਿਊ ਖੁੱਲ੍ਹਿਆ, ਸੰਤਾ ਖ਼ਾਲੀ ਪੀਪਾ ਚੁੱਕ ਕੇ ਮੈਂਗਲ ਦੀ ਕੋਠੀ ਵੱਲ ਚੱਲ ਪਿਆ। ਥੁੱਕਦਾ ਖੰਘਦਾ ਜਿਹਾ, ਉਹ ਹੌਲੀ ਹੌਲੀ ਪੈਰ ਪੁੱਟ ਰਿਹਾ ਸੀ। ਕੋਠੀ ਬਹੁਤੀ ਦੂਰ ਨਹੀਂ ਸੀ। ਮੈਂਗਲ ਕਾ ਸਾਰਾ ਟੱਬਰ ਕੋਠੀ ਦੇ ਗੇਟ ਅੱਗੇ ਖੜ੍ਹਾ ਸੜਕ ਦੀ ਆਵਾਜਾਈ ਨੂੰ ਦੇਖ ਰਿਹਾ ਸੀ। ਉਨ੍ਹਾਂ ਨੇ ਸੰਤਾ ਆਉਂਦਾ ਦੇਖਿਆ ਤਾਂ ਪਿੱਠ ਭੰਵਾ ਕੇ ਕੋਠੀ ਦੇ ਅੰਦਰ ਹੋ ਗਏ। ਸੰਤੇ ਦੀਆਂ ਖੰਘੂਰਾਂ ਉੱਚੀਆਂ ਹੋ ਚੱਲੀਆਂ ਸਨ। ਗੇਟ ਤੋਂ ਅੰਦਰ ਹੋ ਕੇ ਉਹ ਨੇ ਮੁੰਡੇ ਨੂੰ ਹਾਕ ਮਾਰੀ-"ਪਰਮਜੀਤ, ਓ ਭਾਈ ਪਰਮਜੀਤ।"
ਸੰਤੇ ਦਾ ਬੋਲ ਸੁਣ ਕੇ ਮੈਂਗਲ ਭੱਜ ਕੇ ਕਮਰੇ ਤੋਂ ਬਾਹਰ ਹੋਇਆ। ਫੇਰ ਪਰਮਜੀਤ, ਪਰਮਜੀਤ ਦੀ ਬਹੂ, ਮੁੰਡੇ ਕੁੜੀਆਂ ਸਭ ਆ ਗਏ। ਪਰਮਜੀਤ ਦੀ ਮਾਂ ਸੁਰਜੀਤ ਕੌਰ ਨੇ ਘੁੰਢ ਕੱਢ ਕੇ ਸੰਤੇ ਦੇ ਪੈਰੀਂ ਹੱਥ ਲਾਏ ਤੇ ਬੈਠਣ ਲਈ ਇੱਕ ਆਰਾਮ ਕੁਰਸੀ ਡਾਹ ਦਿੱਤੀ। ਉਹ ਦੇ ਕੋਲ ਕੁਰਸੀ 'ਤੇ ਬੈਠ ਕੇ ਮੈਂਗਲ ਉਹ ਦਾ ਹਾਲ ਚਾਲ ਪੁੱਛਣ ਲੱਗਿਆ। ਸਾਰੇ ਪਰਿਵਾਰ ਦੀ ਸੁੱਖ ਸਾਂਦ ਪੁੱਛੀ। ਦੋਵੇਂ ਭਰਾ ਇਸ ਤਰ੍ਹਾਂ ਗੱਲਾਂ ਕਰ ਰਹੇ ਸਨ, ਜਿਵੇਂ ਉਨ੍ਹਾਂ ਵਿਚਕਾਰ ਕਿਸੇ ਕਿਸਮ ਦੀ ਕੋਈ ਵਿੱਥ ਹੋਵੇ ਹੀ ਨਾ। ਗੱਲਾਂ ਗੱਲਾਂ ਵਿਚ ਫੇਰ ਸੰਤੇ ਨੇ ਦੱਸਿਆ, "ਪੀਹਣ ਕੀਤਾ ਨ੍ਹੀ ਗਿਆ ਬਹੂ ਤੋਂ। ਚੱਕੀ 'ਤੇ ਭੀੜ ਦਾ ਅੰਤ ਨ੍ਹੀ। ਮਖਿਆ..."
ਮੈਂਗਲ ਦੀ ਨਿਗਾਹ ਸੰਤੇ ਦੇ ਪੀਪੇ ਵੱਲ ਗਈ ਤਾਂ ਉਹ ਨੇ ਪਰਮਜੀਤ ਨੂੰ ਹਾਕ ਮਾਰੀ। ਉਹ ਅੰਦਰ ਕਮਰੇ ਵਿਚ ਲਾਹੌਰ ਰੇਡੀਓ ਤੋਂ ਖ਼ਬਰਾਂ ਸੁਣ ਰਿਹਾ ਸੀ। ਪਿਓ ਦੀ ਗੱਲ ਸੁਣ ਕੇ ਪਰਮਜੀਤ ਨੇ ਪੀਪਾ ਚੁੱਕਿਆ। ਅੰਦਰ ਸਟੋਰ ਵਿਚ ਜਾ ਕੇ ਬੋਰੀ ਵਿਚੋਂ ਆਟੇ ਦਾ ਪੀਪਾ ਭਰਿਆ ਤੇ ਸਾਈਕਲ ਦੇ ਕੈਰੀਅਰ 'ਤੇ ਰੱਖ ਕੇ ਸੰਤਾ ਕਹਿਣ ਲੱਗਾ, "ਚੰਗਾ ਛੋਟੇ ਭਾਈ, ਚੱਲਦਾ ਫੇਰ ਮੈਂ ਤਾਂ ਘੁੱਗੂ ਜ੍ਹਾ ਵੱਜਣ ਆਲਾ ਈ ਐ।"
ਮੈਂਗਲ ਕਹਿੰਦਾ-"ਹੋਰ ਚੀਜ਼ ਵਸਤ ਕੋਈ? ਜਿਹੜੀ ਹੈਨ੍ਹੀ, ਦੱਸਦੇ। ਛੱਡ ਔਂਦੈ ਪਰਮਜੀਤ।" 'ਬਸ ਹੋਰ ਤਾਂ ਠੀਕ ਐ ਸਭ। ਆਲੂ ਪੁੱਛਦਾ ਭਲਾ ਹੱਟ ਤੋਂ।' ਸੰਤਾ ਜਾਂਦਾ ਜਾਂਦਾ ਕਹਿ ਰਿਹਾ ਸੀ।
ਪਰਮਜੀਤ ਪਹਿਲਾਂ ਹੀ ਆਪਣੀ ਡਾਈ ਤੋਂ ਸਭ ਪੁੱਛ ਆਇਆ ਸੀ। ਉਹ ਮੁੜ ਕੇ ਕੋਠੀ ਆਇਆ ਸੀ ਤੇ ਡਾਲਡੇ ਦੀ ਦੋ ਕਿੱਲੋ ਵਾਲੀ ਪੀਪੀ, ਦੋ ਢਾਈ ਕਿੱਲੋ ਆਲੂ, ਚਾਹ ਪੱਤੀ ਦਾ ਇੱਕ ਪੈਕਟ, ਚਾਰ ਪੰਜ ਕਿੱਲੋ ਚੀਨੀ ਤੇ ਦੋ ਤਿੰਨ ਡੱਬੀਆਂ ਸੀਖ਼ਾਂ ਦੀਆਂ ਲੈ ਕੇ ਉਨ੍ਹਾਂ ਦੇ ਘਰ ਦੇ ਆਇਆ ਸੀ। ਸੰਤਾ ਪਰਮਜੀਤ ਨੂੰ ਗਲੀ ਦੇ ਮੋੜ 'ਤੇ ਟੱਕਰਿਆ ਸੀ।
ਸੰਤਾ ਘਰ ਪਹੁੰਚਿਆ ਤਾਂ ਗਵਾਂਢੀਆਂ ਦੀ ਬੁੜ੍ਹੀ ਉਹ ਨੂੰ ਪੁੱਛਣ ਲੱਗੀ, "ਸੰਤ ਰਾਮਾ, ਇਹ ਕੌਣ ਸੀ?"
-"ਕੌਣ ਭਾਈ?"
-"ਆਹ ਮੁੰਡਾ ਜਿਹੜਾ ਹੁਣੇ ਸਮਾਨ ਜ੍ਹਾ ਛੱਡ ਕੇ ਗਿਐ ਥੋਡੇ ਘਰ?"
"ਇਹ ਪਰਮਜੀਤ ਸੀ, ਭਤੀਜਾ ਮੇਰਾ। ਸਾਡੇ ਮੰਗਲ ਸੂ ਦਾ ਮੁੰਡਾ ਐ। ਆਹ ਦੇਖ ਤਾਂ ਕੋਠੀ ਆਲੇ।" ਸੰਤੇ ਨੇ ਜਿਵੇਂ ਮਾਣ ਨਾਲ ਆਖਿਆ ਹੋਵੇ।