ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸਾਹਸ

ਆਖ਼ਰੀ ਬੱਸ। ਹਨੇਰਾ ਵਾਹਵਾ ਉਤਰ ਆਇਆ। ਅੱਡਾ ਛੱਡ ਕੇ ਬਸ ਨਿਕਲੀ ਤੇ ਸਵਾਰੀਆਂ ਪਿੰਡ ਦੀ ਸੜਕ ਪੈ ਗਈਆਂ। ਦੋ ਤਿੰਨ ਬੰਦੇ ਚਾਹ ਦੀ ਦੁਕਾਨ ਵੱਲ ਹੋ ਗਏ। ਪਾਣੀ ਪੀਣ ਜਾਂ ਸ਼ਾਇਦ ਚਾਹ ਪੀਣ ਹੀ। ਤਿੰਨ ਚਾਰ ਜਣੇ ਸ਼ਰਾਬ ਦੇ ਠੇਕੇ ਵਿਚ ਜਾ ਵੜੇ। ਅੱਡੇ 'ਚੋਂ ਨਿਕਲ ਕੇ ਬੋਝਲ ਜਿਹੇ ਕਦਮਾਂ ਨਾਲ ਉਹ ਪਿੰਡ ਦੀ ਸੜਕ 'ਤੇ ਤੁਰਨ ਤਾਂ ਲੱਗ ਗਿਆ, ਪਰ ਇਕ ਤਿੱਖਾ ਛੁਰੀ ਜਿਹਾ ਖਿਆਲ ਉਹ ਦੇ ਪਿੰਡੇ ਨੂੰ ਚੀਰ ਗਿਆ। ਅੱਜ ਫੇਰ ਉਹ ਹਥਾਈ ਵਾਲੀ ਸੱਥ ਵਿਚ ਬੈਠੇ ਹੋਣਗੇ ਤੇ ਉਹ ਨੂੰ 'ਚੌਰਾ' ਕਹਿਣਗੇ। 'ਚੌਰਾ' ਸ਼ਬਦ ਉਹਦੇ ਲਈ ਗੋਲੀ ਸੀ। ਉਹ ਦੇ ਕੰਨਾਂ ਵਿਚ ਇਹ ਸ਼ਬਦ ਪੈਂਦਾ ਤਾਂ ਉਹਦਾ ਕਾਲਜਾ ਛਾਨਣੀ ਛਾਨਣੀ ਹੋ ਕੇ ਰਹਿ ਜਾਂਦਾ।

ਪਤਾ ਨਹੀਂ ਕੀ ਸੋਚ ਕੇ ਉਹ ਉੱਥੇ ਹੀ ਰੁਕ ਗਿਆ, ਜੇਬ ਟੋਹੀ ਤੇ ਵਾਪਸ ਅੱਡੇ ਵੱਲ ਹੋ ਲਿਆ। ਠੇਕੇ ਵਿਚ ਗਿਆ ਤੇ ਇੱਕ ਅਧੀਆ ਦੇਸੀ ਸ਼ਰਾਬ ਦਾ ਖਰੀਦ ਲਿਆ, ਪਰਾਂ ਸੀਮਿੰਟ ਦੀ ਚੌਕੜੀ ਤੇ ਬੈਠ ਗਿਆ। ਅੱਡੇ ਵਿਚ ਦੋਵੇਂ ਪਾਸੀਂ ਦੋ ਦੋ ਚੌਕੜੀਆਂ ਬਣੀਆਂ ਹੋਈਆਂ ਸਨ। ਉਹਨੇ ਦੇਖਿਆ, ਪਰਲੇ ਪਾਸੇ ਦੀ ਇਕ ਚੌਂਕੜੀ 'ਤੇ ਬੈਠੇ ਦੋ ਬੰਦੇ ਸ਼ਰਾਬ ਪੀ ਰਹੇ ਸਨ। ਅੱਡੇ ਵਿਚ ਚਾਹ ਦੀਆਂ ਹੋਰ ਵੀ ਤਿੰਨ ਚਾਰ ਦੁਕਾਨਾਂ ਸਨ। ਆਖ਼ਰੀ ਬੱਸ ਤੋਂ ਘੰਟਾ ਦੋ ਘੰਟੇ ਬਾਅਦ ਤੱਕ ਇਹ ਦੁਕਾਨਾਂ ਖੁੱਲ੍ਹੀਆਂ ਰਹਿੰਦੀਆਂ। ਤੇ ਫੇਰ ਕੋਈ ਗਾਹਕ ਨਹੀਂ ਆਉਂਦਾ ਸੀ ਤਾਂ ਬੰਦ ਹੋ ਜਾਂਦੀਆਂ। ਫੇਰ ਤਾਂ ਸ਼ਰਾਬੀ ਲੋਕ ਹੀ ਆਉਂਦੇ। ਇਕ ਇਕ ਰੁਪਏ ਦਾ ਭੁਜੀਆ ਲੈ ਕੇ ਮਗਜਾਲੀ ਮਾਰਦੇ ਰਹਿੰਦੇ ਤੇ ਵਾਧੂ ਦੀ ਜਾਨ ਖਾਂਦੇ।

ਦੂਜੇ ਪੈੱਗ ਨਾਲ ਉਸ ਨੂੰ ਖਾਸਾ ਤਰਾਰਾ ਜਿਹਾ ਆ ਗਿਆ। ਉਹ ਉੱਠਿਆ ਤੇ ਜੇਬ ਵਿਚ ਹੱਥ ਮਾਰਿਆ। ਉਹ ਚਾਹੁੰਦਾ ਸੀ, ਮੂੰਹ ਸਲੂਣਾ ਕਰ ਲਵੇ। ਸੱਠ ਪੈਸੇ ਹੀ ਨਿਕਲੇ। ਦੁਕਾਨਦਾਰ ਤੋਂ ਉਹਨੇ ਮਟਰ ਫੜ ਲਏ। ਮੁੜ ਚੌਕੜੀ ਤੇ ਆਕੇ ਤੀਜਾ ਪੈੱਗ ਬਣਾਇਆ ਤੇ ਪੀ ਲਿਆ। ਮਟਰ ਮੁਕਾ ਕੇ ਖਾਲੀ ਕਾਗਜ਼ ਦੀ ਉਹ ਨੇ ਗਰੌਲੀ ਜਿਹੀ ਬਣਾਈ ਤੇ ਦੂਰ ਸੜਕ ਵਿਚਕਾਰ ਵਗਾਹ ਮਾਰੀ। ਦੁਕਾਨਦਾਰ ਨੂੰ ਡੱਬਾ ਗਲਾਸ ਵਾਪਸ ਕੀਤਾ ਤੇ ਘਰ ਨੂੰ ਚੱਲ ਪਿਆ। ਸੜਕ ਤੇ ਤੁਰ ਰਿਹਾ ਉਹ ਦੰਦ ਪੀਹ ਰਿਹਾ ਸੀ-"ਅੱਜ ਬੋਲਣ ਦੇ ਮੇਰੇ ਪਤਿਊਰਿਆਂ ਨੂੰ। ਮੈਂ ਵੀ ਪੁੱਠੀਆਂ ਸੁਣਾਉਂ। ਗਿੰਦਰ ਦੇ ਮੁੰਡੇ ਦੇ ਤਾਂ ਜੁੰਡੇ ਪੱਟੂੰ। ਭੈਣ ਦੇ ਯਾਰ, ਕਿਵੇਂ ਚਾਂਭੜ ਚਾਂਭੜ ਬੋਲਦਾ ਹੁੰਦੈ। ਮਾਂ ਨੂੰ ਧਲਿਆਰਾ ਪਾ ਕੇ ਰੱਖ ਲੈ। ਹਰਾ ਚਰਦੀ ਫਿਰਦੀ ਐ। ਮੈਨੂੰ ਲੋੜ ਸੀ, ਮੈਂ ਅੱਕ ਚੱਬ ਲਿਆ। ਘਰ ਈ ਵਸਾਇਐ ਆਪਣਾ, ਕੋਈ ਖਨਾਮੀ ਤਾਂ ਨੀ ਖੱਟੀ। ਪਿੰਡ ਦੀ ਧੀ ਭੈਣ ਨੂੰ ਨ੍ਹੀ ਕੁਛ ਆਖਿਆ ਕਦੇ। ਇਹ ਮੰਡੀਹਰ ਕਿਉਂ ਛੇੜਦੀ ਐ ਮੈਨੂੰ?" ਉਹ ਫਾਲੇ ਵਾਂਗ ਤਪਿਆ ਤੇ ਪੂਰਾ ਰਿਝਦਾ ਪੱਕਦਾ ਤੇਜ਼ ਕਦਮੀਂ ਸੜਕੇ ਸੜਕ ਪਿੰਡ ਨੂੰ ਤੁਰਿਆ ਜਾ ਰਿਹਾ ਸੀ। ਅਧੀਏ ਵਿਚ ਬਾਕੀ ਬਚਦਾ ਇਕ ਪੈੱਗ ਉਹ ਨੇ ਆਪਣੀ ਪੈਂਟ ਦੇ ਡੱਬ ਵਿਚ ਰੱਖਿਆ ਸੀ।

***

ਚਾਨਣ ਇੱਕ ਰਿਟਾਇਰਡ ਫੌਜੀ ਸੀ। ਦੂਜੀ ਵੱਡੀ ਸੰਸਾਰ ਜੰਗ ਵੇਲੇ ਉਹ ਭਰਤੀ ਹੋਇਆ ਸੀ। ਵੀਹ ਇੱਕੀ ਸਾਲ ਦਾ ਹੋਵੇਗਾ। ਘਰ ਵਿਚ ਗ਼ਰੀਬੀ ਸੀ। ਹੋਰ ਕਿਧਰੇ ਹੱਥ ਨਾ ਪੈਂਦਾ ਦੇਖ ਕੇ ਉਹ ਭਰਤੀ ਹੋ ਗਿਆ ਸੀ। ਉਨ੍ਹਾਂ ਦਿਨਾਂ ਵਿਚ ਉਹ ਨੂੰ ਇਹ ਗੀਤ ਬੜਾ ਹੀ ਚੰਗਾ ਲੱਗਿਆ ਸੀ-

ਭਰਤੀ ਹੋ ਜਾ ਤੂੰ, ਬਣਜੇਂਗਾ ਰੰਗਰੂਟ।

ਏਥੇ ਤਾਂ ਨੇ ਫਿੱਡੇ ਛਿੱਤਰ, ਓਥੇ ਮਿਲਦੇ ਬੂਟ ...।

ਸਾਰੀ ਉਮਰ ਉਹ ਦਾ ਵਿਆਹ ਨਹੀਂ ਹੋ ਸਕਿਆ ਸੀ। ਭਰਤੀ ਹੋਣ ਵੇਲੇ ਉਹ ਦਾ ਪਿਓ ਮਰ ਚੁੱਕਿਆ ਸੀ। ਇਕੱਲੀ ਮਾਂ ਸੀ ਸਿਰਫ਼ ਤਿੰਨ ਘੁਮਾਂ ਜ਼ਮੀਨ ਸੀ, ਜਿਹੜੀ ਉਹਦੇ ਪਿਓ ਨੇ ਸ਼ਰੀਕਾਂ ਵਿਚ ਗਹਿਣੇ ਧਰ ਰੱਖੀ ਸੀ। ਉਹਦਾ ਪਿਓ ਹੱਡੋ ਮਾਸੋਂ ਕਮਜ਼ੋਰ ਸੀ। ਕਮਾਈ ਹੁੰਦੀ ਨਹੀਂ ਸੀ। ਇਸ ਜ਼ਮੀਨ ਨੂੰ ਵਾਢਾ ਧਰ ਲਿਆ ਸੀ। ਤੇ ਹੌਲੀ ਹੌਲੀ ਸਾਰੀ ਮੁਕਾ ਲਈ ਸੀ। ਚਾਨਣ ਦਾ ਬਾਪੂ ਮਰਿਆ ਸੀ ਤਾਂ ਮਾਂ ਲੋਕਾਂ ਦੇ ਘਰ ਗੋਲਾ ਧੰਦਾ ਕਰਨ ਲੱਗੀ ਸੀ। ਚਾਨਣ ਆਪ ਵੀ ਨਿੱਕਾ ਮੋਟਾ ਕੰਮ ਕਰਦਾ। ਮਾਂ ਪੁੱਤ ਥੋੜ੍ਹੀ ਮੋਟੀ ਕਮਾਈ ਕਰਦੇ ਤੇ ਦੋ ਡੰਗ ਦੀ ਰੋਟੀ ਖਾ ਲੈਂਦੇ। ਪਰ ਜੱਟ ਦਾ ਪੁੱਤ ਹੋ ਕੇ ਚਾਨਣ ਸ਼ਰੀਕਾਂ ਦੇ ਘਰੀਂ ਮਜ੍ਹਬੀ-ਰਮਦਾਸੀਆਂ ਵਾਂਗ ਕੰਮ ਕਰਦਾ ਹੀਣਤ ਮੰਨਦਾ। ਅੱਖਾਂ ਮੀਚ ਕੇ ਜੁਟਿਆ ਰਹਿੰਦਾ, ਪਰ ਅੰਦਰੋਂ ਜਟਊ ਗੈਰਤ ਨਾਲ ਉਹਦਾ ਦਿਲ ਪੁੱਛੀਂਦਾ ਤੁਰਿਆ ਜਾਂਦਾ। ਏਸ ਕਰਕੇ ਉਹ ਭਰਤੀ ਜਾ ਹੋਇਆ ਸੀ। ਪਹਿਲੀ ਤਲਬ ਵਿਚੋਂ ਉਹ ਨੇ ਦਸ ਰੁਪਏ ਦਾ ਮਨੀਆਰਡਰ ਮਾਂ ਦੇ ਨਾਂ ਭੇਜਿਆ ਸੀ ਤਾਂ ਮਾਂ ਦੀਆਂ ਅੱਖਾਂ ਚਰਾਗਾਂ ਵਾਂਗ ਖੁੱਲ੍ਹ ਗਈਆਂ ਸਨ। ਉਹ ਨੂੰ ਪਹਿਲੀ ਵਾਰ ਸੁੱਖ ਦਾ ਸਾਹ ਆਇਆ ਸੀ। ਜਿਵੇਂ ਉਹ ਦੇ ਫੇਫੜਿਆਂ ਵਿਚ ਅਸਲੋਂ ਹੀ ਤਾਜ਼ੀ ਹਵਾ ਭਰਨ ਲੱਗੀ ਹੋਵੇ ਤੇ ਫੇਰ ਹਰ ਮਹੀਨੇ ਉਹ ਮਨੀਆਰਡਰ ਭੇਜਦਾ। ਹੁਣ ਤਾਂ ਬੁੜ੍ਹੀ ਪਹਿਨ ਪੱਚਰ ਕੇ ਵੀ ਰਹਿਣ ਲੱਗੀ। ਸ਼ਰੀਕਾਂ ਦੇ ਘਰ ਕੰਮ ਕਰਨ ਵੀ ਨਾ ਜਾਂਦੀ। ਉਹ ਦਾ ਮੁੰਡਾ ਉਹ ਨੂੰ ਵਰ੍ਹੇ ਛਿਮਾਹੀਂ ਕੁੜਤੀ ਸਲਵਾਰ ਦਾ ਕੱਪੜਾ ਭੇਜਦਾ। ਜੁੱਤੀ ਤੇ ਚਿੱਟੀ ਚਾਦਰ। ਖੰਡ ਤੇ ਲਿਪਟਨ ਦੀ ਚਾਹ ਪੱਤੀ ਦਾ ਡੱਬਾ ਵੀ। ਉਹ ਦੇ ਭਰਤੀ ਹੋਣ ਤੋਂ ਦਸ ਕੁ ਸਾਲਾਂ ਬਾਅਦ ਉਹ ਦੀ ਮਾਂ ਮਰ ਗਈ। ਘਰ ਉਹ ਨੇ ਸ਼ਰੀਕਾਂ ਨੂੰ ਨਹੀਂ ਦਿੱਤਾ। ਜਿੰਦਾ ਲਾ ਛੱਡਿਆ। ਇੱਕ ਸਾਲ ਦੋ ਮਹੀਨਿਆਂ ਦੀ ਲੰਬੀ ਛੁੱਟੀ ਆਇਆ ਤੇ ਪੱਕੀ ਬੈਠਕ ਪਵਾ ਗਿਆ। ਤੇ ਫੇਰ ਦੋ ਕੁ ਸਾਲਾਂ ਬਾਅਦ ਪੱਕੀ ਸਬਾਤ ਤੇ ਵਰਾਂਡਾ ਵੀ। ਤੇ ਫਿਰ ਪੰਜ ਸੱਤ ਸਾਲਾਂ ਵਿਚ ਪੈਸੇ ਜੋੜ ਜੋੜ ਕੇ ਉਹ ਨੇ ਪਿਓ ਦੀ ਗਹਿਣੇ ਧਰੀ ਸਾਰੀ ਜ਼ਮੀਨ ਛੁਡਾ ਲਈ ਸੀ। ਉਹ ਲੰਬੀ ਛੁੱਟੀ ਆਉਂਦਾ ਤੇ ਕਬੀਲਦਾਰ ਜਿਹਾ ਬਣ ਕੇ ਰਹਿੰਦਾ। ਦੂਜੇ ਫ਼ੌਜੀਆਂ ਵਾਂਗ ਦਾਰੂ ਨਾ ਪੈਂਦਾ। ਆਪਣੇ ਆਪ ਨੂੰ ਸਿਆਣਾ ਜਿਹਾ ਬਣਾ ਕੇ ਰੱਖਦਾ। ਉਹ ਨੂੰ ਆਸ ਸੀ ਕਿ ਕੋਈ ਰਿਸ਼ਤਾ ਹੋ ਜਾਵੇਗਾ, ਪਰ ਇਹ ਆਸ ਲੰਬੀ ਹੁੰਦੀ ਅਖ਼ੀਰ ਮੁੱਕ ਗਈ ਸੀ। ਤੇ ਫੇਰ ਉਹ ਹੌਲਦਾਰੀ ਪੈਨਸ਼ਨ ਲੈ ਕੇ ਪਿੰਡ ਆ ਗਿਆ ਸੀ। ਦੋ ਤਿੰਨ ਸਾਲ ਫਿਰ ਵੀ ਕੁੱਤੇ ਝਾਕ ਵਿਚ ਲੰਘਾਏ ਸਨ। ਅਖ਼ੀਰ ਦੋ ਬੱਚਿਆਂ ਦੀ ਇੱਕ ਵਿਧਵਾ ਮਾਂ ਨੂੰ ਉਹ ਘਰ ਲੈ ਆਇਆ ਸੀ। ਉਸ ਸਮੇਂ ਉਹ ਦੀ ਆਪਣੀ ਉਮਰ ਪੰਜਾਹ ਦੇ ਨੇੜੇ ਸੀ। ਬੱਚਿਆਂ ਦੀ ਮਾਂ ਵੀ ਚਾਲ੍ਹੀਆਂ ਤੋਂ ਉੱਤੇ ਹੋਵੇਗੀ।

ਚਾਨਣ ਦਾ ਘਰ ਪਿੰਡ ਦੇ ਚੜ੍ਹਦੇ ਪਾਸੇ ਸੀ। ਇਸ ਹਥਾਈ ਵਾਲੀ ਸੱਥ ਵਿਚ ਦੀ ਉਹ ਕਦੇ ਕਦੇ ਹੀ ਲੰਘਦਾ। ਪਰ ਜਦੋਂ ਕਦੇ ਵੀ ਉਹ ਉਥੋਂ ਦੀ ਗੁਜ਼ਰਦਾ ਤੇ ਮੁੰਡਿਆਂ ਦੀ ਲੰਡੋਰ ਢਾਣੀ ਉੱਥੇ ਬੈਠੀ ਹੁੰਦੀ ਤਾਂ ਉਹ ਜ਼ਰੂਰ ਹੀ ਉਹ ਨੂੰ ਸੁਣਾ ਕੇ ਕਹਿ ਉੱਠਦੇ"ਚੌਰਾ ਜਾਂਦੈ। ਉਹ ਨੀਵੀਂ ਪਾ ਕੇ ਤੇਜ਼ੀ ਨਾਲ ਉਥੋਂ ਦੀ ਪਾਰ ਲੰਘ ਜਾਣ ਦੀ ਕੋਸ਼ਿਸ਼ ਕਰਦਾ। ਪਰ ਉਹਦੇ ਕੰਨਾਂ ਵਿਚ ਹੋਰ ਗੱਲਾਂ ਵੀ ਪੈ ਜਾਂਦੀਆਂ।ਉਹ ਉਨ੍ਹਾਂ ਦੀਆਂ ਗੱਲਾਂ ਨੂੰ ਬਥੇਰਾ ਅਣਸੁਣਿਆ ਕਰਨ ਦੀ ਕਾਹਲ ਕਰਦਾ।ਫੇਰ ਵੀ ਇੱਕ ਅੰਧ ਗੱਲ ਤਾਂ ਉਹ ਦੀ ਸਮਝ ਵਿਚ ਵੀ ਆ ਹੀ ਜਾਂਦੀ। ਬਹੁਤੇ ਸ਼ਬਦ ਨਾ ਸੁਣ ਕੇ ਵੀ ਉਹ ਉਨ੍ਹਾਂ ਦੇ ਅਰਥ ਸਮਝ ਲੈਂਦਾ। ਕੋਈ ਵੀ ਸ਼ਬਦ ਨਾ ਬੋਲਿਆ ਗਿਆ ਤਾਂ ਉਹਦੇ ਕੰਨ ਬੋਲਦੇ। ਲੰਡੋਰ ਢਾਣੀ ਦੇ ਸਾਹ ਵੀ ਉਹਨੂੰ ਰੜਕਦੇ। ਕੋਈ ਲੰਘਦਾ ਤਾਂ ਉਹ ਦੇ ਕਾਲਜੇ ਵਿਚ ਛੁਰੀਆਂ ਚੱਲਦੀਆਂ। ਕਿਸੇ ਦੀ ਉਬਾਸੀ, ਕਿਸੇ ਦੀ ਛਿੱਕ, ਕਿਸੇ ਦਾ ਇੱਕ ਦੂਜੇ ਨੂੰ ਸੁਭਾਇਕੀ ਬੁਲਾਉਣਾ ਵੀ ਉਹਦੀ ਤੋਰ ਵਿਚ ਫ਼ਰਕ ਪਾ ਦਿੰਦਾ। ਉਹ ਦੀ ਮਾਨਸਿਕ ਅਵਸਥਾ ਵਿਗੜ ਉੱਠਦੀ। ਇਸ ਡਰ ਕਰਕੇ ਉਹ ਮਸਾਂ ਹੀ ਏਧਰ ਕਦੇ ਆਉਂਦਾ। ਪਰ ਜਦੋਂ ਵੀ ਕਦੇ ਉਹ ਮੰਡੀ ਜਾਂਦਾ, ਬੱਸ ਅੱਡੇ ਤੋਂ ਉਤਰ ਕੇ ਉਹ ਨੂੰ ਇਸ ਸੱਥ ਵਿਚ ਦੀ ਗੁਜ਼ਰਨਾ ਪੈਂਦਾ। ਹੋਰ ਕੋਈ ਰਾਹ ਹੈ ਹੀ ਨਹੀਂ ਸੀ। ਨਹੀਂ ਤਾਂ ਘਰ ਪਹੁੰਚਣ ਲਈ ਪਿੰਡ ਤੋਂ ਦੀ ਲੰਬਾ ਵਿੰਗ ਪਾਉਣਾ ਪੈਂਦਾ। ਅਜਿਹਾ ਉਸ ਨੇ ਦੋ ਤਿੰਨ ਵਾਰ ਕੀਤਾ ਵੀ ਸੀ, ਪਰ ਹਰ ਵਾਰ ਉਹ ਅਜਿਹਾ ਕਿਉਂ ਕਰਦਾ? ਉਹ ਜਦੋਂ ਵੀ ਸੱਥ ਵਿਚ ਲੰਘਣ ਲੱਗਦਾ ਉਹ ਬਥੇਰਾ ਪੱਲਾ ਬਚਾ ਕੇ ਫਟਾ ਫਟ ਗੁਜ਼ਰ ਜਾਣ ਦੀ ਕਾਹਲ ਕਰਦਾ, ਪਰ ਕਿਸੇ ਨਾ ਕਿਸੇ ਮੁੰਡੇ ਦੀ ਨਿਗਾਹ ਉਹ ਚੜ੍ਹ ਹੀ ਜਾਂਦਾ। ਮੁੰਡਿਆਂ ਵਿਚ ਘੁਸਰ ਮੁਸਰ ਸ਼ੁਰੂ ਹੋ ਜਾਂਦੀ। ਹਰ ਵਾਰ ਉਹ ਦਿਲ ਕਰੜਾ ਕਰਕੇ ਸੱਥ ਦੇ ਭਵ ਸਾਗਰ ਵਿਚ ਦਾਖਲ ਹੁੰਦਾ ਤੇ ਪੱਕੇ ਮਨ ਨਾਲ ਫੈਸਲਾ ਜਿਹਾ ਕਰਨ ਲੱਗਦਾ, ਅੱਜ ਬੋਲੇ ਕੋਈ ਮੈਂ ਠੋਕਵਾਂ ਜਵਾਬ ਦਿਉਂ। ਪਰ ਉਦੋਂ ਹੀ ਪਤਾ ਲੱਗਦਾ ਜਦੋਂ ਮੁੰਡਿਆਂ ਦੇ ਜ਼ਹਿਰੀਲੇ ਨੁਕੀਲੇ ਬੋਲ ਹਵਾ ਵਿਚ ਤੈਰ ਜਾਂਦੇ ਤੇ ਉਹ ਦੇ ਕੰਨਾਂ ਵਿਚ ਸਾਂ ਸਾਂ ਜਿਹੀ ਹੋਣ ਲਗਦੀ। ਉਹ ਦੀ ਜੀਭ ਠਾਕੀ ਜਾਂਦੀ। ਉਹ ਕੰਨ ਵਲ੍ਹੇਟ ਕੇ ਉਸ ਭਵ ਸਾਗਰ ਨੂੰ ਪਾਰ ਕਰਨ ਦੀ ਕਾਹਲ ਵਿਚ ਜੁਟ ਜਾਂਦਾ। ਘਰ ਤੱਕ ਪਹੁੰਚਦਿਆਂ ਉਹ ਦਾ ਗੁੱਸਾ ਇੱਕ ਮਾਨਸਿਕ ਤਣਾਓ ਵਿਚ ਬਦਲ ਚੁੱਕਿਆ ਹੁੰਦਾ। ਮੁੰਡਿਆਂ ਦੇ ਬੋਲਾਂ ਨੂੰ ਲੈ ਕੇ ਉਹ ਕਾਫ਼ੀ ਰਾਤ ਤੱਕ ਅੱਧ ਸੁੱਤਾ ਜਿਹਾ ਪਿਆ ਕਲਪਦਾ ਰਹਿੰਦਾ। ਉਹਦੀ ਜਨਾਨੀ ਉਹਦੀ ਚੁੱਪ ਨੂੰ ਛੇੜਦੀ ਤਾਂ ਉਹ ਹੋਰ ਚੁੱਪ ਹੋ ਜਾਂਦਾ ਤੇ ਜਾਂ ਫਿਰ ਕੋਈ ਬਹਾਨਾ ਜਿਹਾ ਲੈ ਕੇ ਉਹਦੇ ਨਾਲ ਲੜਨ ਝਗੜਨ ਲੱਗਦਾ। ਦੋ ਤਿੰਨ ਦਿਨਾਂ ਤੱਕ ਉਹ ਮਸਾਂ ਕਿਤੇ ਜਾ ਕੇ ਚਿੱਤ ਨੂੰ ਥਾਂ ਸਿਰ ਲਿਆਉਂਦਾ।

ਰਾਹ ਵਿਚ ਕੱਸੀ ਦਾ ਪੁਲ ਸੀ। ਉਹ ਪੁਲ 'ਤੇ ਬੈਠ ਗਿਆ। ਪੈਂਟ ਦੇ ਡੱਬ ਵਿਚੋਂ ਅਧੀਆ ਕੱਢਿਆ ਤੇ ਉਹ ਨੂੰ ਪੁਲ 'ਤੇ ਰੱਖ ਕੇ ਸੋਚਣ ਲੱਗਿਆ ਕਿ ਉਹ ਬਾਕੀ ਦਾ ਇੱਕ ਪੈੱਗ ਹੁਣੇ ਪੀ ਲਵੇ ਜਾਂ ਘਰ ਜਾ ਕੇ ਰੋਟੀ ਖਾਣ ਲੱਗਿਆਂ ਪੀਵੇ। ਨੇੜੇ ਤੇੜੇ ਕੋਈ ਪੰਪ ਵੀ ਨਹੀਂ ਸੀ। ਕੱਸੀ ਦਾ ਪਾਣੀ ਗੰਧਲਾ ਹੋਵੇਗਾ। ਉਹ ਪੈੱਗ ਕਿੱਥੇ ਲਾਵੇ? ਗਲਾਸ ਵੀ ਹੈ ਨਹੀਂ।

ਦੋ ਤਿੰਨ ਬੰਦੇ ਪੁਲ ਤੋਂ ਦੀ ਉਹ ਦੇ ਬਿਲਕੁਲ ਕੋਲ ਜਿਹਾ ਹੋ ਕੇ ਲੰਘੇ, ਪਰ ਉਹ ਨੂੰ ਕਿਸੇ ਨੇ ਬੁਲਾਇਆ ਨਹੀਂ। ਉਹ ਵੀ ਚੁੱਪ ਕੀਤਾ ਹੀ ਬੈਠਾ ਹੋਇਆ ਸੀ। ਇੱਕ ਡਰ, ਇੱਕ ਹੌਸਲਾ ਉਹ ਦੇ ਅੰਦਰ ਲਗਾਤਾਰ ਝਗੜ ਰਹੇ ਸਨ। ਉਹ ਨੇ ਪੱਕਾ ਫੈਸਲਾ ਕੀਤਾ ਹੋਇਆ ਸੀ ਕਿ ਅੱਜ ਦੋ ਹੱਥ ਕਰਕੇ ਹੀ ਉਹ ਸੱਥ ਨੂੰ ਪਾਰ ਕਰੇਗਾ।

ਪਿੰਡ ਦੇ ਮੁੰਡੇ ਵੀ ਕਿੰਨੇ ਕੰਜਰ ਹਨ। ਦੋ ਜਵਾਕਾਂ ਦੀ ਮਾਂ ਨੂੰ ਮੈਂ ਘਰ ਲਿਆ ਬਿਠਾਇਆ ਤਾਂ ਮੈਂ ਇਹ ਐਡਾ ਕਿਹੜਾ ਜੁਲਮ ਕੀਤਾ ਜਾਂ ਜੁਰਮ ਕਰ ਲਿਆ। ਮੈਨੂੰ ਲੋੜ ਸੀ, ਮੈਂ ਇਹ ਹੂਲਾ ਛੱਕ ਲਿਆ। ਇਹ ਦੇ ਵਿਚ ਲੋਕਾਂ ਦੀ ਮਾਂ ਦਾ ਕੀ ਜਾਂਦੈ? ਲੋਕ ਕਿਉਂ ਮੱਚਦੇ ਨੇ? ਕਿਉਂ ਮੇਰੇ 'ਤੇ ਦੰਦ ਧਰ ਛੱਡਿਐ? ਬਦਨਾਮੀ ਵਾਲੀ ਗੱਲ ਤਾਂ ਫੇਰ ਸੀ ਜੇ ਮੈਂ ਕਿਸੇ ਬਿਗਾਨੀ ਤੀਵੀਂ ਨੂੰ ਘਰ ਖਵਾ ਰਿਹਾ ਹੁੰਦਾ। ਦੂਜੇ ਘਰ ਦੀਆਂ ਕੰਧਾਂ ਟੱਪਦਾ।

ਇਹ ਮੁੰਡੇ ਜਿੱਥੇ ਬੋਲਣਾ ਚਾਹੀਦਾ ਹੈ, ਉੱਥੇ ਕਿਉਂ ਨਹੀਂ ਬੋਲਦੇ? ਉੱਥੇ ਕਿਉਂ ਇਨ੍ਹਾਂ ਦਾ ਲਹੂ ਜੰਮ ਜਾਂਦਾ ਹੈ? ਓਥੇ ਇਹ ਅੱਖਾਂ ਮੀਚ ਲੈਂਦੇ ਹਨ?

ਦਸ ਬੰਦਿਆਂ ਨੇ ਸਾਰੇ ਪਿੰਡ ਨੂੰ ਹੜੱਪ ਕਰਨਾ ਸ਼ੁਰੂ ਕਰ ਦਿੱਤਾ ਹੈ। ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਇਨ੍ਹਾਂ ਦਸਾਂ ਘਰਾਂ ਦੇ ਢਿੱਡ ਵਿਚ ਹਜ਼ਮ ਹੁੰਦੀਆਂ ਜਾ ਰਹੀਆਂ ਹਨ। ਕਿਸੇ ਦੀ ਗਹਿਣੇ ਕਿਸੇ ਦੀ ਬੈਅ। ਦਸਾਂ ਘਰਾਂ ਦਾ ਪੈਸਾ ਸਾਰੇ ਪਿੰਡ ਵਿਚ ਵਿਆਜ 'ਤੇ ਚੱਲ ਰਿਹਾ ਹੈ। ਇਨ੍ਹਾਂ ਘਰਾਂ ਨੇ ਤਾਂ ਸ਼ਾਹੂਕਾਰਾਂ ਨੂੰ ਵੀ ਮਾਰ ਦਿੱਤਾ ਹੈ। ਠੋਕ ਵਜਾ ਕੇ 'ਵਾਧਾ' ਲਾਉਂਦੇ ਨੇ। ਲਗਦਾ ਹੈ ਸਾਰੇ ਪਿੰਡ ਦੀ ਜ਼ਮੀਨ ਇੱਕ ਦਿਨ ਇਨ੍ਹਾਂ ਘਰਾਂ ਕੋਲ ਚਲੀ ਜਾਵੇਗੀ। ਛੋਟਾ ਕਿਸਾਨ ਖੇਤ ਮਜ਼ਦੂਰ ਬਣ ਕੇ ਰਹਿ ਜਾਵੇਗਾ। ਪਿੰਡ ਦਾ ਕੋਈ ਮੁੰਡਾ ਇਨ੍ਹਾਂ ਦਸਾਂ ਘਰਾਂ ਨੂੰ ਕਿਉਂ ਨਹੀਂ ਟੋਕਦਾ?

ਤੇ ਮਾਲਵਿੰਦਰ ਸਿੰਘ ਨੂੰ ਕਿਉਂ ਸਲਾਮਾਂ ਕਰਦੇ ਨੇ ਇਹ ਸਾਰੇ ਮੁੰਡੇ? ਹਰ ਪੰਜਾਂ ਸਾਲਾਂ ਬਾਅਦ ਪੱਗ ਦਾ ਰੰਗ ਬਦਲ ਲੈਂਦਾ ਹੈ। ਕਦੇ ਚਿੱਟੀ, ਕਦੇ ਨੀਲੀ। ਮਾਲਵਿੰਦਰ ਇੱਕ ਮੰਤਰੀ ਦਾ ਭਾਣਜਾ ਹੈ। ਮੰਤਰੀ ਵੀ ਪੱਗਾਂ ਬਦਲਦਾ ਰਹਿੰਦਾ ਹੈ। ਉਹ ਨੂੰ ਬੱਸ ਕੁਰਸੀ ਚਾਹੀਦੀ ਹੈ, ਪੱਗ ਕੋਈ ਵੀ ਹੋਵੇ। ਕਿਸੇ ਸਮੇਂ ਮਾਲਵਿੰਦਰ ਸਿੰਘ ਕੋਲ ਮਸਾਂ ਹੀ ਦਸ ਕਿੱਲੇ ਜ਼ਮੀਨ ਸੀ। ਠੱਗੀਆਂ ਮਾਰ ਮਾਰ ਹਣ ਚਾਲੀ ਕਿੱਲੇ ਬਣਾਈ ਬੈਠਾ ਹੈ। ਕੁੜੀ ਦਾ ਵਿਆਹ ਕੀਤਾ ਤਾਂ ਜਿਲ੍ਹੇ ਭਰ ਦੇ ਲੋਕ ਸ਼ਗਨ ਦੇਣ ਆਏ। ਸ਼ਰਾਬ, ਮੀਟ ਤੇ ਬਰਫ਼ ਸੋਡੇ ਦਾ ਖ਼ਰਚ ਅਫ਼ੀਮ ਦੇ ਸਮਗਲਰ ਹੀ ਕਰ ਗਏ। ਭ੍ਰਿਸ਼ਟਾਚਾਰੀ ਅਫ਼ਸਰਾਂ ਨੇ ਹਫ਼ਤਾ ਪਹਿਲਾਂ ਕੁੜੀ ਦੇ ਦਾਜ ਲਈ ਟੀ. ਵੀ., ਫਰਿੱਜ, ਡਾਈਨਿੰਗ ਸੈੱਟ, ਸੋਫ਼ੇ ਤੇ ਹੋਰ ਪਤਾ ਨਹੀਂ ਕੀ ਕੀ ਪਹੁੰਚਾ ਦਿੱਤਾ। ਬਦਲੀਆਂ ਕਰਵਾਉਣ ਤੇ ਤਰੱਕੀਆਂ ਦਿਵਾਉਣ ਦਾ ਮੁੱਲ ਤਰ ਗਿਆ। ਮਾਲਵਿੰਦਰ ਸਿੰਘ ਪਿੰਡ ਵਿਚ ਹਿੱਕ ਕੱਢ ਕੇ ਤਾਂ ਪਹਿਲਾਂ ਹੀ ਤੁਰਦਾ ਸੀ। ਹੁਣ ਕੁੜੀ ਦਾ ਬੇਮਿਸਾਲ ਵਿਆਹ ਕਰਕੇ ਸ਼ਰੀਕਾਂ ਵਿਚ ਸਮਾਜਕ ਪੱਖੋਂ ਵੀ ਉੱਚਾ ਹੋ ਗਿਆ ਹੈ। ਸਭ ਕੂੜ ਦਾ ਪਸਾਰਾ ਹੈ। ਪਿੰਡ ਦਾ ਕੋਈ ਮੁੰਡਾ ਏਸ ਮਾਲਵਿੰਦਰ ਸਿੰਘ ਦੰਭੀ ਨੂੰ ਕਿਉਂ ਨਹੀਂ ਕਦੇ ਕੋਈ ਲਲਕਾਰਾ ਮਾਰਦਾ? ਮਹੰਤ ਟਹਿਲ ਦਾਸ ਨੇ ਪਿੰਡ ਵਿਚ ਆਪਣੀ ਵੱਖਰੀ ਲੀਲ੍ਹਾ ਰਚਾ ਰੱਖੀ ਹੈ। ਅੱਧੇ ਤੋਂ ਬਹੁਤਾ ਪਿੰਡ ਉਹਦਾ ਅੰਧ ਵਿਸ਼ਵਾਸੀ ਬਣ ਚੁੱਕਿਆ ਹੈ। ਉਹ ਦੇ ਇੱਕ ਭਗਤ ਨੇ ਉਹਨੂੰ ਡੇਰਾ ਬਣਾਉਣ ਲਈ ਦੋ ਕਿੱਲੇ ਜ਼ਮੀਨ ਪੁੰਨ ਕਰ ਦਿੱਤੀ ਸੀ। ਕਿਸੇ ਘਰ ਜਵਾਕ ਨੂੰ ਇੱਕ ਘੁੱਟ ਦੁੱਧ ਮਿਲੇ ਨਾ ਮਿਲੇ, ਮਹੰਤ ਟਹਿਲ ਦਾਸ ਦੇ ਡੇਰੇ ਦੀਆਂ ਟੋਕਣੀਆਂ ਤੜਕੇ ਹੀ ਭਰ ਜਾਂਦੀਆਂ ਹਨ। ਪਿੰਡ ਦੇ ਵਿਹਲੜ ਮੁਸ਼ਟੰਡੇ ਪਰ ਟਹਿਲ ਦਾਸ ਦੇ ਅਨਿੰਨ ਭਗਤ ਤੇ ਉਹ ਦੇ ਧੂਤੂ ਇਹ ਕੜ੍ਹਿਆ ਦੁੱਧ ਪੀ ਪੀ ਕੱਟਿਆਂ ਵਾਂਗ ਪਲ ਰਹੇ ਹਨ।

ਮਹੰਤ ਟਹਿਲ ਦਾਸ ਪੂਰਾ ਜਤੀ ਸਤੀ ਹੈ। ਬੂਬਨਾ ਸਾਧ ਉਹ ਬਿਲਕੁਲ ਨਹੀਂ। ਪਰ ਉਹ ਆਪਣੇ ਲੰਬੇ ਭਗਵੇਂ ਟੈਰੀਕਾਟ ਦੇ ਚੋਲੇ ਨੂੰ ਦੋ ਗੀਝੇ ਲਾ ਕੇ ਰੱਖਦਾ ਹੈ। ਲੋਕ ਆਉਂਦੇ ਹਨ, ਮੱਥੇ ਟੇਕਦੇ ਹਨ, ਚੜ੍ਹਾਵਾ ਚੁੱਕ ਕੇ ਉਹ ਗੀਝੇ ਵਿਚ ਪਾ ਲੈਂਦਾ ਹੈ। ਖੱਬੇ ਹੱਥ ਨਾਲ ਸੰਜੇ ਗੀਝੇ ਵਿਚ ਤੇ ਸੱਜੇ ਹੱਥ ਨਾਲ ਖੱਬੇ ਗੀਝੇ ਵਿਚ। ਸੌ ਮੀਲ ਦੂਰ ਆਪਣੇ ਪਿਛਲੇ ਪਿੰਡ ਭਤੀਜਿਆਂ ਨੂੰ ਹਰ ਸਾਲ ਹੋਰ ਜ਼ਮੀਨ ਬੈਅ ਲੈ ਕੇ ਦੇ ਆਉਂਦਾ ਹੈ। ਭਰਜਾਈ ਰੰਡੀ ਹੈ। ਮਹੰਤ ਟਹਿਲ ਦਾਸ ਦੀ ਟਹਿਲਣ ਵੀ।

ਮਹੰਤ ਟਹਿਲ ਦਾਸ ਜਦੋਂ ਇਸ ਸੱਥ ਵਿਚ ਦੀ ਲੰਘਦਾ ਹੈ, ਸੱਥ ਵਿਚ ਬੈਠੇ ਇਹ ਮੁੰਡੇ ਉਹ ਦੇ ਪੈਰਾਂ 'ਤੇ ਕਿਉਂ ਡਿੱਗ ਪੈਂਦੇ ਹਨ? ਚਾਹੁਣ ਤਾਂ ਉਹ ਆਥਣ ਨੂੰ ਏਸ ਪਖੰਡੀ ਮਹੰਤ ਨੂੰ ਪਿੰਡੋਂ ਕੱਢ ਦੇਣ, ਜਿਸ ਕੋਲ ਝੂਠੀ ਤਸੱਲੀ ਦੀਆਂ ਪਰਚੀਆਂ ਤੋਂ ਛੁੱਟ ਹੋਰ ਕੁੱਝ ਵੀ ਨਹੀਂ। ਪਿੰਡ ਨੂੰ ਬੁੱਧੂ ਬਣਾ ਰੱਖਿਆ ਹੈ।

***

ਚਾਨਣ ਨੇ ਕੱਸੀ ਦਾ ਗੰਧਲਾ ਪਾਣੀ ਹੀ ਅਧੀਏ ਵਿਚ ਪਾਇਆ ਤੇ ਅਧੀਆ ਮੂੰਹ ਨੂੰ ਲਾ ਕੇ ਦਾਰੂ ਪੀ ਲਈ। ਇਸ ਸਮੇਂ ਉਹ ਪੂਰੇ ਨਸ਼ੇ ਵਿਚ ਸੀ।ਰੂੜੀਆਂ ਦੇ ਢੇਰ ਟੱਪ ਕੇ ਹਥਾਈ ਸਾਹਮਣੇ ਸੀ।ਉਹ ਨੇ ਦਰੋਂ ਹੀ ਖੰਘਣਾ ਖੰਘਾਰਨਾ ਸ਼ੁਰੂ ਕਰ ਦਿੱਤਾ। ਨਾਸਾਂ ਵਿਚੋਂ ਗੁੱਸੇ ਦੇ ਨੂੰਹੇਂ ਡਿੱਗਣ ਲੱਗੇ।ਉਹ ਨੇ ਪੱਕੀ ਮਥ ਲਈ ਹੋਈ ਸੀ।ਕਿ ਉਹ ਮੁੰਡਿਆਂ ਦੀ ਢਾਣੀ ਕੋਲ ਦੀ ਹੌਲੀ ਹੌਲੀ ਤੁਰ ਕੇ ਲੰਘੇਗਾ। ਨੀਵੀਂ ਨਹੀਂ ਪਾਵੇਗਾ। ਗੜਾ ਚੁੱਕ ਕੇ ਚੱਲੇਗਾ। ਪੂਰੀ ਹਿੱਕ ਕੱਢ ਕੇ। ਨਿਗਾਹ ਰੱਖੇਗਾ, ਜਦੋਂ ਹੀ ਕੋਈ ਮੁੰਡਾ ਬੋਲਿਆ, ਉਹ ਸ਼ੇਰ ਦੀ ਝਪਟ ਵਾਂਗ ਉਹਦੇ 'ਤੇ ਡਿੱਗ ਪਵੇਗਾ। ਉਹ ਨੂੰ ਬੁਰਕੀਏਂ ਖਾ ਜਾਵੇਗਾ। ਉਹ ਉਹ ਦਾ ਗਲ ਘੁੱਟ ਦੇਵੇਗਾ।

ਚਾਨਣ ਜਦੋਂ ਹੀ ਸੱਥ ਵਿਚ ਆਇਆ, ਓਥੇ ਕੋਈ ਨਹੀਂ ਸੀ। ਕੋਈ ਬੁੱਢਾ ਜਾਂ ਕੋਈ ਨਿਆਣਾ ਮੁੰਡਾ ਵੀ ਨਹੀਂ। ਸੱਥ ਵਿਚ ਤਾਂ ਸੁੰਨ ਸਰਾਂ ਸੀ। ਹਨੇਰਾ ਬਹੁਤ ਉਤਰ ਆਇਆ ਸੀ। ਸੱਥ ਵਿਚ ਬੈਠਣ ਵਾਲੇ ਆਪੋ ਆਪਣੇ ਘਰਾਂ ਨੂੰ ਤੁਰ ਗਏ ਸਨ। ਪਰ ਚਾਨਣ ਦਾ ਰੱਸਾ ਜ਼ੋਰਾਂ 'ਤੇ ਸੀ। ਉਹ ਸੱਥ ਵਿਚ ਇਉਂ ਟੰਗਾਂ ਚੌੜੀਆਂ ਕਰੀਂ ਖੜ੍ਹਾ ਸੀ, ਜਿਵੇਂ ਜੰਗਲ ਵਿਚ ਕੋਈ ਇਕੱਲਾ ਸ਼ੇਰ। ਉਹ ਨੇ ਦੱਬ ਕੇ ਚੀਕ ਮਾਰੀ, ਆਲੇ ਦੁਆਲਿਓਂ ਕੋਈ ਨਾ ਬੋਲਿਆ। ਚੀਕ ਦੀ ਆਵਾਜ਼ ਨੇੜੇ ਦੇ ਘਰਾਂ ਦੀਆਂ ਕੰਧਾਂ ਨਾਲ ਟਕਰਾ ਕੇ ਉਤਾਂਹ ਉੱਠੀ ਤੇ ਖਲਾਅ ਵਿਚ ਜਾ ਕੇ ਗੁੰਮ ਹੋ ਗਈ। ਇੱਕ ਚੀਕ ਉਹ ਨੇ ਹੋਰ ਮਾਰ ਦਿੱਤੀ। ਤੇ ਫੇਰ ਮੋਢੇ 'ਤੋਂ ਦੀ ਥੁੱਕ ਕੇ ਉਹ ਆਪਣੇ ਘਰ ਨੂੰ ਤੁਰ ਪਿਆ।