ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮਨ ਹੋਰ ਮੁੱਖ ਹੋਰ
ਇੱਕ ਅਮੀਰ ਆਦਮੀ ਨੇ ਕਿਸੇ ਸਮੇਂ ਮੇਰੇ `ਤੇ ਇੱਕ ਵੱਡਾ ਅਹਿਸਾਨ ਕੀਤਾ ਸੀ। ਮੈਂ ਉਸ ਦਾ ਅਹਿਸਾਨ ਮੰਨਦਾ ਵੀ ਸਾਂ। ਉਸ ਅਹਿਸਾਨ ਥੱਲੇ ਮੈਂ ਉਸ ਨੂੰ ਕਿਸੇ ਕੰਮ ਤੋਂ ਜਵਾਬ ਨਹੀਂ ਸੀ ਦਿੱਤਾ। ਕੰਮ ਛੋਟਾ ਹੁੰਦਾ, ਭਾਵੇਂ ਵੱਡਾ ਹੁੰਦਾ। ਮੈਂ ਉਸ ਦੇ ਕੰਮ ਨੂੰ ਵਗਾਰ ਕਦੇ ਨਹੀਂ ਸੀ ਸਮਝਿਆ। ਉਸ ਦੇ ਕੰਮ ਨੂੰ ਮੈਂ ਆਪਣਾ ਕੰਮ ਸਮਝ ਕੇ ਕਰਦਾ।
ਉਸ ਦਿਨ ਉਸ ਅਮੀਰ ਆਦਮੀ ਨੇ ਦੁਪਹਿਰ ਵੇਲੇ ਮੈਨੂੰ ਆਪਣੇ ਘਰ ਸੱਦਿਆ। ਇੱਕ ਛਿੱਕੂ ਮੇਰੇ ਹੱਥ ਵਿੱਚ ਦਿੱਤਾ। ਛਿੱਕੂ ਸੰਗਤਰਿਆਂ ਦਾ ਭਰਿਆ ਹੋਇਆ ਸੀ। ਉਸ ਨੇ ਮੈਨੂੰ ਗੰਭੀਰ ਹੋ ਕੇ ਦੱਸਿਆ ਕਿ ਛਿੱਕੂ ਵਿੱਚ ਹੇਠਾਂ ਉੱਤੇ ਸੰਗਤਰੇ ਤਾਂ ਐਵੇਂ ਦਿਖਾਵਾ ਹਨ, ਪਰ ਸੰਗਤਰਿਆਂ ਦੀ ਲਪੇਟ ਵਿੱਚ ਇੱਕ ਖ਼ਾਸ ਚੀਜ਼ ਹੈ, ਜਿਹੜੀ ਸਾਂਭ ਕੇ ਅੰਬਾਲੇ ਇੱਕ ਵੱਡੇ ਅਫ਼ਸਰ ਨੂੰ ਦੇ ਕੇ ਆਉਣੀ ਹੈ। ਉਸ ਨੇ ਖੁੱਲ੍ਹਾ ਖ਼ਰਚ ਮੇਰੀ ਜੇਬ ਵਿੱਚ ਪਾ ਦਿੱਤਾ ਤੇ ਕਿਹਾ ਕਿ ਮੈਂ ਆਥਣ ਦੀ ਗੱਡੀ ਜਦੋਂ ਜਾਵਾਂ, ਪਹਿਲੇ ਦਰਜੇ ਦੇ ਡੱਬੇ ਵਿੱਚ ਸਫ਼ਰ ਕਰਾਂ। ਇਹ ਗੱਲ ਵੀ ਉਸ ਨੇ ਖ਼ਾਸ ਤੌਰ 'ਤੇ ਆਖੀ ਸੀ।
ਸੰਗਤਰਿਆਂ ਦਾ ਛਿੱਕੂ ਲੈ ਕੇ, ਗੱਡੀ ਆਉਣ ਤੋਂ ਅੱਧਾ ਘੰਟਾ ਪਹਿਲਾਂ ਹੀ ਮੈਂ ਸਟੇਸ਼ਨ 'ਤੇ ਆ ਬੈਠਾ। ਕੁਝ ਚਿਰ ਬਾਅਦ ਪਹਿਲੇ ਦਰਜੇ ਦੀ ਟਿਕਟ ਖਰੀਦੀ ਤੇ ਫਿਰ ਬੈਂਚ ਤੇ ਜਾ ਬੈਠਾ।
ਜਿਸ ਬੈਂਚ 'ਤੇ ਮੈਂ ਬੈਠਾ ਸੀ, ਮੇਰੇ ਨਾਲ ਹੀ ਇੱਕ ਬੰਦਾ ਹੋਰ ਵੀ ਬੈਠਾ ਸੀ। ਗਲ ਤੇੜ ਮੈਲੇ ਲੱਠੇ ਦਾ ਚਿੱਟਾ ਨਿੱਖਰਵਾਂ ਕੁੜਤਾ ਪਜਾਮਾ। ਸਿਰ 'ਤੇ ਖੱਟੀ ਤਹਿ ਕਰਕੇ ਬੰਨ੍ਹੀ ਪੱਗ, ਕਰੜ ਵਰੜੀ ਦਾੜ੍ਹੀ, ਸ਼ਰੀਫ਼ ਚਿਹਰਾ ਤੇ ਅੱਖਾਂ ਵਿੱਚ ਭਲਮਾਣਸੀ ਦੀ ਝਲਕ, ਖੰਅੂਰਾਂ ਜਿਹੀਆਂ ਮਾਰ ਕੇ ਹੌਲੀ-ਹੌਲੀ ਗੱਲ ਕਰਦਾ ਸੀ। ਮੈਨੂੰ ਉਸ ਨੇ ਪੁੱਛਿਆ‘ਸਰਦਾਰ ਜੀ, ਕਿੱਥੇ ਦੀ ਤਿਆਰੀ ਐ?' ਮੈਂ ਬੇਧਿਆਨੇ ਜਿਹਾ ਹੋ ਕੇ ਉੱਤਰ ਦਿੱਤਾ‘ਅੰਬਾਲੇ।’ ਤੇ ਸੁਭਾਇਕੀ ਉਸ ਨੂੰ ਮੈਂ ਪੁੱਛਿਆ-'ਤੂੰ ਭਾਈ ਸਾਹਿਬ ਕਿੱਥੇ ਜਾਣੈੰ?' ਉਹ ਕਹਿੰਦਾ-'ਧੂਰੀ ਤਾਈਂ ਜਾਣੈ ਬਿਪਤਕਾਲ ਨੂੰ ਫੜੇ ਹੋਏ ਆਂ, ਸਰਦਾਰ ਸੀ।ਮਹਿੰਗਾਈ ਦਾ ਜ਼ਮਾਨੈ।' ਧੂਰੀ ਫੇਰ ਕੀ ਲੈਣ ਚੱਲਿਐਂ ਮੈਂ ਅਗਾਂਹ ਗੱਲ ਤੋਰ ਲਈ। ਉਹ ਕਹਿੰਦਾ-‘ਓਥੇ ਇੱਕ ਹੋਟਲ ’ਤੇ ਮੇਰਾ ਮੁੰਡਾ ਕੰਮ ਕਰਦੇ। ਹੋਟਲ ਦੇ ਮਾਲਕ ਤੋਂ ਕੁਸ ਪੈਸੇ ਫੜਨ ਚੱਲਿਆਂ। ਜੇ ਰੱਬ ਉਹਦੇ ਮਨ ਮਿਹਰ ਪਾਊਂ।' ਇਸ ਤਰ੍ਹਾਂ ਨਾਲ ਅਸੀਂ ਗੱਲਾਂ ਕਰਦੇ ਰਹੇ।ਉਹ ਕੋਈ ਗੱਲ ਛੇੜ ਲੈਂਦਾ ਤਾਂ ਮੈਂ ਹੁੰਗਾਰਾ ਭਰਦਾ ਰਹਿੰਦਾ।ਮੈਂ ਕੋਈ ਗੱਲ ਉਸ ਤੋਂ ਪੁੱਛਦਾ ਤਾਂ ਉਹ ਜਵਾਬ ਦਿੰਦਾ ਰਹਿੰਦਾ। ਗੱਲ ਗੱਲ ਵਿੱਚ ਉਹ ਆਪਣੀ ਗ਼ਰੀਬੀ ਦੀ ਗੱਲ ਕਰਦਾ। ਖਾਣ-ਪੀਣ ਤੇ ਕੱਪੜੇ ਲੀੜੇ ਦੀਆਂ ਗੱਲਾਂ ਤੋਰ ਕੇ ਉਨ੍ਹਾਂ ਦੇ ਮਹਿੰਗੇ ਭਾਅ ਦੀ ਗੱਲ ਤੋਰਦਾ। ਆਪਣੇ ਵੱਡੇ ਪਰਿਵਾਰ ਦੇ ਰੌਣੇ ਰੋਏ। ਮੈਨੂੰ ਮਹਿਸੂਸ ਹੋਇਆ ਕਿ ਉਹ ਵਿਚਾਰਾਂ ਸੱਚੀ ਦੁਖੀ ਹੈ। ਸਮਾਜ ਦੀ ਕਾਣੀ ਵੰਡ ਵਿੱਚ ਹਰ ਸਧਾਰਨ ਮਨੁੱਖ ਦੁਖੀ ਹੈ। ਪਲੇਟਫਾਰਮ 'ਤੇ ਪਲੋ ਪਲੀ ਭੀੜ ਵਧ ਰਹੀ ਸੀ। ਅੱਧੇ ਚੜ੍ਹਨ ਵਾਲੇ, ਅੱਧੇ ਚੜ੍ਹਾਉਣ ਵਾਲੇ ਤੇ ਉਤਰਨ ਵਾਲਿਆਂ ਨੂੰ ਘਰ ਲਿਜਾਣ ਵਾਲੇ। ਗੱਡੀ ਦਾ ਖੜਾਕ ਸੁਣਿਆ ਤਾਂ ਸਾਰੇ ਪਲੇਟਫਾਰਮ 'ਤੇ ਦਗੜ ਦਗੜ ਸ਼ੁਰੂ ਹੋ ਗਈ। ਬੈਂਚ 'ਤੇ ਪਏ ਛਿੱਕੂ ਨੂੰ ਜਦ ਮੈਂ ਹੱਥ ਪਾਇਆ ਤਾਂ ਛਿੱਕੂ ਮੇਰੇ ਹੱਥ ਵਿਚੋਂ ਮੇਰੇ ਕੋਲ ਬੈਠੇ ਉਸ ਖੱਟੀ ਪੱਗ ਵਾਲੇ ਬੰਦੇ ਨੇ ਫੜ ਲਿਆ। ਮੈਨੂੰ ਕਹਿੰਦਾ-'ਲਿਆਓ, ਸਰਦਾਰ ਜੀ, ਮੈਂ ਚੜ੍ਹਾ ਦਿਆਂ।' ਮੈਂ ਜ਼ੋਰ ਲਾਇਆ-'ਨਹੀਂ, ਬਈ ਨਹੀਂ, ਮੈਂ ਆਪੇ ਚੜ੍ਹਾ ਲੂੰ। ਪਰ ਉਹ ਖਹਿੜੇ ਪੈ ਗਿਆ ਤੇ ਜਿਸ ਪਹਿਲੇ ਦਰਜੇ ਦੇ ਡੱਬੇ ਵਿੱਚ ਮੈਂ ਚੜ੍ਹਿਆ, ਉਸ ਬੰਦੇ ਨੇ ਮੇਰਾ ਛਿੱਕੂ ਉਸ ਡੱਬੇ ਦੀ ਇੱਕ ਸੀਟ 'ਤੇ ਲਿਆ ਕੇ ਰੱਖ ਦਿੱਤਾ। ਡੱਬੇ ਵਿੱਚ ਇੱਕ ਆਦਮੀ ਸਿਰਫ਼ ਹੋਰ ਸੀ। ਉਤਲੀ ਸੀਟ 'ਤੇ ਪਿਆ ਹੋਇਆ। ਸਰ੍ਹਾਣੇ ਆਪਣੇ ਅਟੈਚੀ ਕੇਸ ਦਾ ਸਰ੍ਹਾਣਾ ਬਣਾਇਆ ਹੋਇਆ ਸੀ। ਖੱਟੀ ਪੱਗ ਵਾਲਾ ਉਹ ਬੰਦਾ-ਗੱਡੀ ਨੇ ਜਦ ਕੂਕ ਮਾਰੀ-ਮੈਨੂੰ ਸਤਿ ਸ੍ਰੀ ਅਕਾਲ ਆਖ ਕੇ ਮੇਰੇ ਡੱਬੇ ਵਿਚੋਂ ਥੱਲੇ ਉਤਰਨ ਲੱਗਿਆ। ਆਪਣੀ ਜੇਬ੍ਹ ਵਿਚੋਂ ਇੱਕ ਰੁਪਈਆ ਕੱਢ ਕੇ ਉਸ ਨੂੰ ਪੇਸ਼ ਕੀਤਾ। ਉਸ ਨੇ ਸਿਰ ਮਾਰ ਦਿੱਤਾ ਤੇ ਹੱਥ ਬੰਨ੍ਹ ਕੇ ਮੈਨੂੰ ਕਹਿੰਦਾ-'ਇਹ ਖੇਚਲ ਨਾ ਕਰੋ, ਸਰਦਾਰ ਸਾਹਿਬ।' ਮੱਲੋਂ ਮੱਲੀ ਰੁਪਈਆ ਮੈਂ ਉਸ ਦੀ ਜੇਬ ਵਿੱਚ ਪਾ ਦਿੱਤਾ ਤੇ ਉਹ ਮੇਰੇ ਵਾਲੇ ਡੱਬੇ ਵਿਚੋਂ ਉਤਰ ਕੇ ਨਾਲ ਦੇ ਤੀਜੇ ਦਰਜੇ ਦੇ ਡੱਬੇ ਵਿੱਚ ਜਾ ਚੜ੍ਹਿਆ।
ਉਸ ਬੰਦੇ ਦੇ ਰੁਪਈਆ ਨਾ ਲੈਣ ’ਤੇ ਮੇਰੇ ਵੱਲੋਂ ਰੁਪਈਆ ਦੇਣ ਦੇ ਜ਼ੋਰ ਪਾਉਂਣ 'ਤੇ ਅਸੀਂ ਦੋਵੇਂ ਉੱਚੀ ਉੱਚੀ ਬੋਲਣ ਲੱਗ ਪਏ ਸਾਂ। ਸਾਡੀਆਂ ਕੁੜਦੀਆਂ ਤਿੱਖੀਆਂ ਅਵਾਜ਼ਾਂ ਨੂੰ ਸੁਣ ਕੇ ਉਤਲੀ ਸੀਟ 'ਤੇ ਪਏ ਦੂਜੇ ਮੁਸਾਫ਼ਰ ਨੂੰ ਜਾਗ ਆ ਗਈ ਸੀ, ਉਹ ਉੱਠ ਕੇ ਬੈਠ ਗਿਆ ਸੀ। ਗੱਡੀ ਜਦ ਚੱਲ ਪਈ ਤਾਂ ਉਹ ਮੈਨੂੰ ਕਹਿੰਦਾ-'ਸੋਨੇ ਕਾ ਸਮਯ ਹੈ, ਸਰਦਾਰ ਜੀ, ਥੋੜ੍ਹਾ ਧੀਰੇ ਤੋ ਬੋਲਨਾ ਚਾਹੀਏ ਥਾ।' ਮੈਂ ਉਸ ‘ਰਾਏ ਸਾਹਿਬ' ਤੋਂ ਮਾਫ਼ੀ ਮੰਗੀ ਤੇ ਦਿਲ ਵਿੱਚ ਉਸ ਨੂੰ ਇੱਕ ਕਰਾਰੀ ਜਿਹੀ ਗਾਲ੍ਹ ਕੱਢ ਕੇ ਆਪਣੀ ਸੀਟ ’ਤੇ ਲਿਟ ਗਿਆ।
‘ਸੇਖਾ` ਸਟੇਸ਼ਨ ਆਇਆ ਤੇ ਮੈਂ ਬੈਠਾ ਹੋ ਗਿਆ। ਸਵਾਰੀਆਂ ਉਤਰੀਆਂ ਬਹੁਤੀਆਂ, ਚੜ੍ਹੀਆਂ ਘੱਟ। ਉਤਲੀ ਸੀਟ 'ਤੇ ਪਿਆ ਮੇਰੇ ਨਾਲ ਦਾ ਮੁਸਾਫ਼ਰ ਘੂਕ ਸੁੱਤਾ ਪਿਆ ਸੀ। ਪਤਾ ਨਹੀਂ ਕਿੱਡੀ ਕੁ ਦੂਰ ਤੋਂ ਆ ਰਿਹਾ ਹੋਵੇਗਾ। ਸਟੇਸ਼ਨ 'ਤੇ ਗੱਡੀ ਜਦ ਆ ਕੇ ਰੁਕੀ ਸੀ ਤਾਂ ਮੈਂ ਕੀ ਦੇਖਿਆ ਕਿ ਉਸ ਦੇ ਸਰ੍ਹਾਣੇ ਪਏ ਅਟੈਚੀ ਨਾਲੋਂ ਉਸ ਦਾ ਸਿਰ ਕੁਝ ਵਿੱਥ 'ਤੇ ਹੋ ਗਿਆ ਸੀ ਜਾਂ ਸ਼ਾਇਦ ਅਟੈਚੀ ਪਿੱਛੇ ਨੂੰ ਖਿਸਕ ਗਿਆ ਸੀ। ਗੱਡੀ ਰੁਕਣ ’ਤੇ ਦੇਖਿਆ ਸੀ ਤੇ ਆਪਣਾ ਸਿਰ ਥੱਲੇ ਕਰ ਲਿਆ ਸੀ। ਹਰ ਮੁਸਾਫ਼ਰ ਆਪਣੇ ਸਮਾਨ ਦੀ ਤਸੱਲੀ ਕਰਦਾ ਹੈ ਤੇ ਉਸ ਨੇ ਵੀ ਕੀਤੀ ਸੀ। ਗੱਡੀ ਚੱਲ ਪਈ।
ਮੈਂ ਦਿਨ ਦੀ ਭੱਜ ਦੌੜ ਵਿੱਚ ਕੁਝ ਥੱਕਿਆ ਹੋਇਆ ਸਾਂ, ਇਸ ਕਰਕੇ ਮੈਨੂੰ ਨੀਂਦ ਆ ਗਈ। ਗੱਡੀ ਦੇ ਹਿਲੋਰੇ ਵੱਜ ਵੱਜ ਨੀਂਦ ਦਾ ਸੁਆਦ ਕੁਝ ਵਧ ਗਿਆ ਸੀ। ਨੀਂਦ ਗੂੜ੍ਹੀ ਹੋ ਗਈ ਸੀ। ਇਸੇ ਕਰਕੇ ਮੈਨੂੰ ਕੁਝ ਪਤਾ ਨਹੀਂ ਸੀ ਲੱਗਿਆ ਕਿ 'ਅਲਾਲ’ ਦਾ ਸਟੇਸ਼ਨ ਕਦੋਂ ਲੰਘ ਗਿਆ ਤੇ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ‘ਰਾਜੋ ਮਾਜਰੇ’ ਤਾਂ ਗੱਡੀ ਰੁਕੀ ਹੀ ਨਹੀਂ ਹੁੰਦੀ। 'ਧੂਰੀ' ਆਈ ਤਾਂ ਲੋਕਾਂ ਦੀ ਕਾਵਾਂਲੋਰੀ ਵਿੱਚ ਮੈਨੂੰ ਜਾਗ ਆ ਗਈ। ਉਤਲੀ ਸੀਟ 'ਤੇ ਪਏ ‘ਰਾਏ ਸਾਹਿਬ' ਵੱਲ ਮੈਂ ਘੂਰੀ ਵੱਟ ਕੇ ਦੇਖਿਆ, ਉਹ ਆਪਣੇ ਦੋਵੇਂ ਹੱਥਾਂ ਨਾਲ ਸਿਰ 'ਤੇ ਬਾਹਾਂ ਕੱਢ ਕੇ ਆਪਣੇ ਅਟੈਚੀ ਨੂੰ ਸੰਵਾਰ ਕੇ ਗਿੱਚੀ ਥੱਲੇ ਟਕਿਆ ਰਿਹਾ ਸੀ। 'ਧੂਰੀ' ਸਟੇਸ਼ਨ 'ਤੇ ਵੀ ਸਾਡੇ ਵਾਲੇ ਡੱਬੇ ਵਿੱਚ ਹੋਰ ਕੋਈ ਸਵਾਰੀ ਨਾ ਚੜੀ। ਗੱਡੀ ਚੱਲ ਪਈ।
ਉਸ ‘ਰਾਏ ਸਾਹਿਬ’ ਨਾਲ ਮੈਂ ਅਜੇ ਤੱਕ ਕੋਈ ਗੱਲ ਨਹੀਂ ਸੀ ਤੋਰੀ। ਤੋਰਨਾ ਵੀ ਨਹੀਂ ਸੀ ਚਾਹੁੰਦਾ। ਉਸ ਪ੍ਰਤੀ ਮੇਰੇ ਮਨ ਵਿੱਚ ਮਿੰਨੀ ਮਿੰਨੀ ਨਫ਼ਰਤ ਜਾਗ ਪਈ ਸੀ। ਮੇਰਾ ਮਨ ਕੌੜਾ ਸੀ ਕਿ ਉਹ ਆਪਣੇ ਆਪ ਨੂੰ ਬਹੁਤ ਵੱਡਾ ਅਮੀਰਜ਼ਾਦਾ ਸਮਝਦਾ ਹੈ ਤੇ ਜਿਸ ਨੂੰ ਲੋਕਾਂ ਦਾ ਉੱਚੀ ਬੋਲਣਾ ਵੀ ਨਹੀਂ ਸੁਖਾਉਂਦਾ।
ਉਹ ਵਾਰੀ ਵਾਰੀ ਜਦ ਆਪਣੇ ਅਟੈਚੀ ਨੂੰ ਟੋਹ ਟੋਹ ਦੇਖਦਾ ਸੀ ਤਾਂ ਮੇਰੇ ਮਨ ਵਿੱਚ ਖ਼ਿਆਲ ਆਉਂਦਾ ਕਿ ਉਸ ਦੇ ਅਟੈਚੀ ਵਿੱਚ ਵੀ ਮੇਰੇ ਛਿੱਕੂ ਵਿਚਲੀ ਖ਼ਾਸ ਚੀਜ਼ ਵਾਂਗ ਕੋਈ ਖ਼ਾਸ ਚੀਜ਼ ਹੀ ਹੋਵੇਗੀ। ‘ਐਨੀ ਵਾਰੀ ਇਹ ਅਟੈਚੀ ਨੂੰ ਹੱਥ ਲਾ ਕੇ ਕਿਉਂ ਦੇਖਦੈ? ਜੇ ਅਟੈਚੀ ਸਰ੍ਹਾਣੇ ਟਿਕਦਾ ਨਹੀਂ ਤਾਂ ਉਸ ਨੂੰ ਪਰ੍ਹੇ ਰੱਖ ਦੇਵੇ ਤੇ ਸਿਰ ਥੱਲੇ ਕੂਹਣੀ ਧਰ ਕੇ ਸੌਂ ਰਵ੍ਹੇ। ਜ਼ਰੂਰ ਅਟੈਚੀ ਵਿੱਚ ਕੋਈ ਖ਼ਾਸ ਚੀਜ਼ ਐ।'
ਉਸ ਦੇ ਅਟੈਚੀ ਵਿਚਲੀ ਕਿਸੇ ਚੀਜ਼ ਦਾ ਧਿਆਨ ਕਰਕੇ ਮੈਨੂੰ ਆਪਣੇ ਛਿੱਕੂ ਵਿਚ ਖ਼ਾਸ ਚੀਜ਼ ਦਾ ਬਹੁਤਾ ਹੀ ਖ਼ਿਆਲ ਪੈਦਾ ਹੋ ਗਿਆ। ਕਿਤੇ ਕੋਈ ਸੰਗਤਰੇ ਸਮਝਕੇ ਹੀ ਨਾ ਛਿੱਕੂ ਨੂੰ ਬਾਂਹ ਵਿਚ ਅੜੰਗ ਲਿਜਾਵੇ। ਕਿਸੇ ਨੂੰ ਕੀ ਪਤਾ ਕਿ ਸੰਗਤਰਿਆਂ ਨਾਲੋਂ ਵੱਧ ਕੋਈ ਖ਼ਾਸ ਚੀਜ਼ ਵੀ ਇਸ ਵਿੱਚ ਹੈ। ਮੈਂ ਛਿੱਕੂ ਦੇ ਵੰਗਣੇ ਵਿੱਚ ਆਪਣੀ ਇੱਕ ਟੰਗ ਕੱਢ ਕੇ ਪੈਰ ਦੂਜੇ ਪੈਰ ਵਿੱਚ ਅੜਾ ਲਿਆ ਤੇ ਵੱਖੀ ਪਰਨੇ ਪੈ ਗਿਆ।
‘ਕਕਰਾਲਾ’ ਜਦ ਆਇਆ, ਮੈਂ ਘੂਕ ਸੁੱਤਾ ਪਿਆ ਸੀ। ਉਹ ‘ਰਾਏ ਸਾਹਿਬ' ਨੇ ਮੈਨੂੰ ਮੋਢਿਓਂ ਫੜਕੇ ਝੰਜੋੜ ਦਿੱਤਾ। ਮੈਂ ਤਿਭਕ ਕੇ ਉੱਠਿਆ। ਉਸ ਦੀਆਂ ਅੱਖਾਂ ਵਿੱਚ ਗੁੱਸਾ ਸੀ ਤੇ ਰੋਬ੍ਹ ਸੀ। ਕੁਝ ਕੁਝ ਸੋਗ ਤੇ ਨਮੋਸ਼ੀ ਦਾ ਰੰਗ ਵੀ। ਮੈਨੂੰ ਉਸ ਨੇ ਪੁੱਛਿਆ-‘ਭਾਈ ਸਾਹਿਬ, ਮੇਰਾ ਅਟੈਚੀ?' ਮੈਨੂੰ ਜਿਵੇਂ ਸਮਝ ਨਾ ਆਈ ਕਿ ਉਹ ਕੀ ਪੁੱਛਦਾ ਹੈ। ਮੈਂ ਪੁੱਛਿਆ-'ਕੀ ਗੱਲ?' ਉਹ ਫੇਰ ਚੀਕਿਆ-'ਮੇਰਾ ਅਟੈਚੀ ਕਹਾਂ ਹੈ?' ਮੈਂ ਇਕਦਮ ਬੈਠਾ ਹੋ ਗਿਆ। ਅਸੀਂ ਦੋਵਾਂ ਨੇ ਸਾਰਾ ਡੱਬਾ ਦੇਖਿਆ, ਉੱਥੇ ਕੋਈ ਨਹੀਂ ਸੀ ਤੇ ਨਾ ਹੀ ਅਟੈਚੀ। ਬਾਥਰੂਮ ਦੇਖਣ ਲੱਗੇ, ਬਾਥਰੂਮ ਬੰਦ ਸੀ। ਬਾਹਰੋਂ ਧੱਕਾ ਮਾਰ ਕੇ ਦੇਖਿਆ, ਬਾਥਰੂਮ ਖੁੱਲ੍ਹਿਆ ਨਾ। ਮੈਨੂੰ ਸ਼ੱਕ ਪਿਆ ਕਿ ਕੋਈ ਬੰਦਾ ਉਸ ਦੇ ਅੰਦਰ ਹੈ। ਬਾਹਰੋਂ ਅਵਾਜ਼ਾਂ ਦਿੱਤੀਆਂ। ਅੰਦਰੋਂ ਕੋਈ ਅਵਾਜ਼ ਪੈਦਾ ਨਾ ਹੋਈ। ਗੱਡੀ ਅਜੇ ਖੜ੍ਹੀ ਸੀ।
ਛਿੱਕੂ ਆਪਣਾ ਆਪਣੀ ਸੀਟ 'ਤੇ ਹੀ ਛੱਡ ਕੇ ਮੈਂ ਭੱਜ ਕੇ ਗਾਰਡ ਕੋਲ ਗਿਆ। ਸਾਰੀ ਗੱਲ ਉਸ ਨੂੰ ਦੱਸੀ। ਗਾਰਡ ਮੇਰੇ ਨਾਲ ਹੀ ਸਾਡੇ ਡੱਬੇ ਵੱਲ ਨੂੰ ਤੁਰ ਪਿਆ। ਸਾਡੇ ਆਉਂਦਿਆਂ ਨੂੰ ‘ਰਾਏ ਸਾਹਿਬ’ ਬਾਥਰੂਮ ਦੇ ਮੂਹਰੇ ਬਾਥਰੂਮ ਦੇ ਦਰਵਾਜ਼ੇ ਨੂੰ ਆਪਣੀ ਪਿੱਠ ਲਾ ਕੇ ਧੱਕੀ ਖੜ੍ਹਾ ਸੀ, ਗਾਰਡ ਨੇ ਬਾਥਰੂਮ ਦਾ ਦਰਵਾਜ਼ਾ ਠੋਕਰਿਆ। ਅੰਦਰੋਂ ਕੋਈ ਨਾ ਬੋਲਿਆ। ਗਾਰਡ ਦੇ ਪੁੱਛੇ ਤੋਂ ਬਿਨ੍ਹਾਂ ਹੀ ਇੱਕ ਪੱਥਰ ਚੁੱਕ ਕੇ ਮੈਂ ਬਾਥਰੂਮ ਦੇ ਬਾਹਰਲੇ ਸ਼ੀਸ਼ੇ ’ਤੇ ਜ਼ੋਰ ਨਾਲ ਦੇ ਮਾਰਿਆ। ਸ਼ੀਸ਼ਾ ਕੀਚਰਾ ਹੋ ਗਿਆ। ਟੁੱਟੇ ਹੋਏ ਸ਼ੀਸ਼ੇ ਦੇ ਮਘੋਰੇ ਵਿੱਚ ਦੀ ਮੂੰਹ ਪਾ ਕੇ ਗਾਰਡ ਨੇ ਦੇਖਿਆ, ਅੰਦਰ ਕੋਈ ਆਦਮੀ ਬੈਠਾ ਸੀ ਤੇ ਅਟੈਚੀ ਉਸ ਨੇ ਘੁੱਟ ਕੇ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਸੀ। ਗੱਡੀ ਓਥੇ ਹੀ ਰੁਕੀ ਰਹੀ। ਗਾਰਡ ਨੇ ਝੱਟ ਰੇਲਵੇ ਪੁਲਿਸ ਨੂੰ ਬੁਲਾ ਲਿਆ। ਸਿਪਾਹੀਆਂ ਨੇ ਸੋਟੀਆਂ ਦੀਆਂ ਹੁਜਾਂ ਮਾਰ ਕੇ ਉਸ ਬੰਦੇ ਨੂੰ ਕਿਹਾ ਕਿ ‘ਭਲੀਪਤ ਨਾਲ ਬਾਹਰ ਆ ਜਾ।' ਉਸ ਨੇ ਅੰਦਰੋਂ ਚਿਟਕਣੀ ਖੋਲ੍ਹੀ ਤੇ ਅਟੈਚੀ ਸਣੇ ਬਾਹਰ ਆ ਗਿਆ। ਉਸ ਦੇ ਚਿਹਰੇ 'ਤੇ ਬਿਲਕੁੱਲ ਕੋਈ ਘਬਰਾਹਟ ਨਹੀਂ ਸੀ। ਉਸ ਦੇ ਚਿਹਰੇ ਨੂੰ ਦੇਖ ਕੇ ਉਸ ਦੇ ਕੱਪੜਿਆਂ ਨੂੰ ਦੇਖ ਕੇ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ।
ਗਲ ਤੇੜ ਉਹੀ ਮੇਲੇ ਲੱਠੇ ਦਾ ਚਿੱਟਾ ਨਿੱਖਰਵਾਂ ਕੁੜਤਾ ਪਜਾਮਾ ’ਤੇ ਸਿਰ 'ਤੇ ਉਹੀ ਖੱਟੀ ਤਹਿ ਕਰਕੇ ਬੰਨ੍ਹੀ ਪੱਗ।