ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਤਾਇਆ ਸੰਤੂ
‘ਲੌਗਾਂ ਆਲੀ ਚਾਹ ਕਰਕੇ ਦੇ ਦਿਓ ਤਾਏ ਨੂੰ। ਰਜਾਈ ਦਾ ਮੁੜ੍ਹਕਾ ਲੈ ਲੂ ਤੇ ਆਪੇ ਹੱਡ ਖੁੱਲ੍ਹ ਜਾਣਗੇ, ਹੋਰ ਕੀ ਸੂਲ ਹੋਇਐ ਤਾਏ ਦੇ?' ਸੰਤੂ ਦੇ ਵੱਡੇ ਭਤੀਜੇ ਨੇ ਆਪਣੀ ਘਰਵਾਲੀ ਨੂੰ ਕਿਹਾ। ਉਹ ਬਾਹਰਲੇ ਘਰ ਪਾਥੀਆਂ ਪੱਥਣ ਆਈ ਹੋਈ ਸੀ।
ਉਨ੍ਹਾਂ ਦੇ ਬਾਹਰਲੇ ਘਰ ਕੱਚੀਆਂ ਇੱਟਾਂ ਦੀ ਇੱਕ ਬੈਠਕ ਪਾਈ ਹੋਈ ਸੀ। ਬੈਠਕ ਦੇ ਨਾਲ ਲੱਗਵਾਂ ਇੱਕ ਵੱਡਾ ਸਾਰਾ ਦਰਵਾਜ਼ਾ। ਚਾਰ ਲਟੈਣਾਂ ’ਤੇ ਪਾਇਆ ਦਰਵਾਜ਼ਾ, ਜਿਸ ਵਿੱਚ ਗੱਡਾ ਖੜ੍ਹਾ ਰਹਿੰਦਾ ਤੇ ਮਹੀਆਂ, ਬਲ੍ਹਦ, ਊਠ, ਘਰ ਦੇ ਸਾਰੇ ਪਸ਼ੂ ਖੜੇ ਰਹਿੰਦੇ। ਬੈਠਕ ਵਿੱਚ ਸੰਤੂ ਦੀ ਮੰਜੀ ਡਹੀ ਰਹਿੰਦੀ। ਬਾਹਰਲੇ ਘਰ ਦੀ ਉਹ ਪੂਰੀ ਰਾਖੀ ਕਰਦਾ।
ਸੰਤੂ ਦੀ ਉਮਰ ਅੱਸੀਆਂ ਨੂੰ ਟੱਪ ਚੱਲੀ ਸੀ।ਉਹਦਾ ਛੋਟਾ ਭਰਾ ਉਸ ਤੋਂ ਪੰਜ ਸਾਲ ਛੋਟਾ ਸੀ। ਉਹ ਤਾਂ ਕਿਵੇਂ ਨਾ ਕਿਵੇਂ ਵਿਆਹਿਆ ਗਿਆ-ਉਹ ਵੀ ਉਮਰ ਚੜ੍ਹੀ ਤੋਂ ਪਰ ਸੰਤੂ ਨੂੰ ਕੋਈ ਵੀ ਜੱਟ ਦੀ ਧੀ ਨਾ ਜੁੜੀ। ਸਾਰੀ ਉਮਰ ਨਾ ਜੁੜੀ ਤੇ ਉਹ ਛੜਾ ਰਹਿ ਗਿਆ ਸੀ। ਫ਼ਿਰ ਤਾਂ ਉਹ ਇਹੋ ਰੱਬ ਦਾ ਸ਼ੁਕਰ ਮੰਨਣ ਲੱਗ ਪਿਆ ਸੀ ਕਿ ਚੱਲੋਂ ਛੋਟਾ ਤਾਂ ਵਿਆਹਿਆ ਗਿਆ। ਘਰ ਵਿੱਚ ਰੋਟੀ ਪੱਕਦੀ ਤਾਂ ਹੋ ਗਈ ਸੀ। ਛੋਟੇ ਦੇ ਜਿਹੜੀ ਔਲਾਦ ਹੋਈ, ਉਹ ਉਸੇ ਨੂੰ ਸਮਝਣ ਲੱਗ ਪਿਆ ਸੀ, ਜਿਵੇਂ ਉਹ ਦੇ ਆਪਣੇ ਹੀ ਧੀ ਪੁੱਤ ਹੋਣ।
ਉਸ ਦੇ ਛੋਟੇ ਭਰਾ ਦੇ ਤਿੰਨ ਮੁੰਡੇ ਤੇ ਦੋ ਕੁੜੀਆਂ ਹੋਈਆਂ ਸਨ। ਕੁੜੀਆਂ ਦੋਵੇਂ ਵਿਆਹ ਵਰ ਦਿੱਤੀਆਂ ਸਨ ਤੇ ਆਪੋ ਆਪਣੇ ਘਰੀਂ ਵਸਦੀਆਂ ਸਨ। ਮੁੰਡੇ ਜਦੋਂ ਅਜੇ ਨਿਆਣੇ ਸਨ ਤੇ ਉਸ ਦਾ ਛੋਟਾ ਭਰਾ ਮਰ ਗਿਆ ਸੀ, ਸੰਤੂ ਓਦੋਂ ਖੇਤਾਂ ਵਿੱਚ ਜਾ ਕੇ ਇਉਂ ਕੰਮ ਕਰਦਾ, ਜਿਵੇਂ ਹੋਰ ਸੰਸਾਰ ਦੀ ਉਸ ਨੂੰ ਸੁਰਤ ਹੀ ਨਾ ਹੋਵੇ। ਦਿਨ ਰਾਤ ਦੇਹ ਵੇਲਦਾ। ਮਿੱਟੀ ਨਾਲ ਘੁਲਦਾ ਰਹਿੰਦਾ। ਸਿਰ ਖੁਰਕਣ ਦੀ ਵਿਹਲ ਉਸ ਨੂੰ ਮਸ੍ਹਾਂ ਮਿਲਦੀ। ਕਦੇ ਉਹ ਕਿਸੇ ਸਾਕ ਸਕੀਰੀ ਵਿੱਚ ਨਹੀਂ ਸੀ ਗਿਆ। ਸ਼ਰੀਕੇ ਵਿੱਚ ਕਦੇ ਕਿਸੇ ਦੀ ਜੰਨ ਨਹੀਂ ਸੀ ਚੜ੍ਹਿਆ। ਰਿਸ਼ਤੇਦਾਰੀ ਦਾ ਕੋਈ ਵਿਆਹ ਉਸ ਨੇ ਕਦੇ ਨਹੀਂ ਸੀ ਦੇਖਿਆ।ਕਿਸੇ ਮੇਲੇ ਜਾਂ ਪਸ਼ੂ ਮੰਡੀ 'ਤੇ ਉਹ ਕਦੀ ਨਹੀਂ ਸੀ ਜਾਂਦਾ ਹੁੰਦਾ। ਉਹ ਤਾਂ ਬੱਸ ਆਪਣੇ ਖੇਤ ਦੇ ਕੰਮ ਵਿੱਚ ਹੀ ਮਗਨ ਰਹਿੰਦਾ। ਹਲ ਵਾਹੁੰਦਾ, ਗੁਡਦਾ, ਸੂੜ ਮਾਰਦਾ, ਭੜੀਆਂ ਪਾਉਂਦਾ, ਪਸ਼ੂਆਂ ਲਈ ਕੱਖ ਪੱਠਾ ਲਿਆਉਂਦਾ ਤੇ ਕੁਤਰਦਾ। ਖੇਤੀਬਾੜੀ ਦੇ ਕੰਮ ਕਰਦਾ।
ਦਸ ਸਾਲ ਹੋ ਗਏ ਸਨ, ਛੋਟੇ ਭਰਾ ਨੂੰ। ਭਤੀਜੇ ਅਜੇ ਨਿਆਣੇ ਸਨ। ਇਸ ਲਈ ਉਹ ਖੇਤੀ ਦੇ ਕੰਮ ਵਿੱਚ ਇੱਕ ਸੀਰੀ ਨਾਲ ਰਲਾ ਕੇ ਰੱਖਦਾ। ਭਤੀਜੇ ਜਦ ਉਡਾਰ ਹੋ ਗਏ ਤਾਂ ਸੀਰੀ ਰੱਖਣਾ ਉਨ੍ਹਾਂ ਨੇ ਛੱਡ ਦਿੱਤਾ। ਭਤੀਜਾ ਅਜੇ ਵਿਆਹਿਆ ਕੋਈ ਨਹੀਂ ਸੀ।
ਸੰਤੂ ਤੇ ਮੁੰਡੇ ਦੱਬਕੇ ਕਮਾਈ ਕਰਨ ਲੱਗੇ। ਉਨ੍ਹਾਂ ਕੋਲ ਘਰ ਦੀ ਜ਼ਮੀਨ ਵਾਹਵਾ ਸੀ। ਹਿੱਸੇ ਠੇਕੇ 'ਤੇ ਹੋਰ ਜ਼ਮੀਨ ਲੈਣ ਲੱਗ ਪਏ। ਕਮਾਈ ਜ਼ੋਰਾਂ ਦੀ ਪੈਣ ਲੱਗੀ ਪਈ। ਵੱਡਾ ਮੁੰਡਾ ਵਿਆਹਿਆ ਗਿਆ। ਤਿੰਨ ਕੁ ਸਾਲ ਬਾਅਦ ਉਸ ਤੋਂ ਛੋਟੇ ਨੂੰ ਵੀ ਸਾਕ ਹੋ ਗਿਆ। ਛੋਟੇ ਨੂੰ ਜਦ ਵਿਆਹੁਣ ਗਏ ਤਾਂ ਧੀ ਵਾਲਿਆਂ ਨੇ ਸਭ ਤੋਂ ਛੋਟੇ ਨੂੰ ਇੱਕ ਹੋਰ ਕੁੜੀ ਦੇ ਅਨੰਦ ਦੇ ਦਿੱਤੇ।
ਤਿੰਨੇ ਮੁੰਡੇ ਵਿਆਹੇ ਗਏ। ਤਿੰਨ ਨੂੰਹਾਂ ਜਦ ਘਰ ਆ ਗਈਆਂ। ਘਰ ਝਿਲਮਿਲ ਝਿਲਮਿਲ ਕਰਨ ਲੱਗ ਪਿਆ। ਮੁੰਡਿਆਂ ਦੀ ਮਾਂ ਤੋਂ ਚਾਅ ਨਹੀਂ ਸੀ ਚੱਕਿਆ ਜਾਂਦਾ। ਨੂੰਹਾਂ ਨੂੰ ਦੇਖ ਕੇ ਸੰਤੂ ਜਿਵੇਂ ਮੁੜਕੇ ਜ਼ੋਰ ਭਰ ਆਇਆ ਸੀ। ਉਹ ਜਵਾਨਾਂ ਵਾਂਗ ਕੰਮ ਕਰਦਾ। ਉਹ ਦੇ ਸਿਰ ’ਤੋਂ ਕਦੇ ਮੰਡਾਸਾ ਨਹੀਂ ਸੀ ਲੱਥਾ। ਖੱਬੀਖ਼ਾਨ ਘਰਾਂ ਵਿਚੋਂ ਉਹ ਘਰ ਗਿਣਿਆ ਜਾਣ ਲੱਗ ਪਿਆ।
ਦਿਨ ਲੰਘਦੇ ਗਏ...
ਮੁੰਡਿਆਂ ਦੇ ਅਗਾਂਹ ਮੁੰਡੇ ਹੋ ਗਏ। ਟੱਬਰ ਵਧਣ ਲੱਗ ਪਿਆ। ਸੰਤੂ ਦੀ ਉਮਰ ਵੱਡੀ ਹੁੰਦੀ ਗਈ। ਹੁਣ ਉਸ ਤੋਂ ਜਾਨ ਤੋੜਕੇ ਕੰਮ ਨਹੀਂ ਸੀ ਹੁੰਦਾ। ਉਹ ਦੇ ਹੱਡ ਮਾਸ ਛੱਡ ਗਏ ਸਨ। ਉਹ ਦਾ ਸਾਹ ਚੜ ਜਾਂਦਾ ਸੀ। ਹੁਣ ਉਹ ਦੇ ਵਿਚੋਂ ਕਣ ਘਟ ਗਿਆ ਸੀ। ਬਿਗਾਨੀਆਂ ਧੀਆਂ ਜਿੱਦਣ ਦੀਆਂ ਕੁੰਜੀਆਂ ਸਾਂਭ ਬੈਠੀਆਂ ਸਨ, ਓਦਣ ਤੋਂ ਉਸ ਦਾ ਗਲਾਚੀ ਘਿਉ ਖਾਣਾ ਤੇ ਦੁੱਧਾਂ ਦੇ ਛੰਨੇ ਸੜ੍ਹਾਕ ਜਾਣੇ ਮੁੱਕ ਗਏ ਸਨ। ਬੁੜ੍ਹੀ ਦੀ ਅਖ਼ਤਿਆਰੀ ਜਿੱਦਣ ਦੀ ਮੁੱਕ ਗਈ ਸੀ, ਓਦਣ ਤੋਂ ਸੰਤੂ ਸਾਰੇ ਟੱਬਰ ਨੂੰ ਕਿਤੋਂ ਬਾਹਰੋਂ ਆਇਆ ਬੰਦਾ ਲੱਗਦਾ ਸੀ।
ਅੱਧ ਦੀ ਢੇਰੀ ਜਿਹੜੀ ਸੰਤੁ ਦੇ ਨਾਉਂ ਸੀ, ਉਹ ਸਬੰਧੀ ਸਾਰਾ ਟੱਬਰ ਕਿਸੇ ਅੰਦਰਲੇ ਸੇਕ ਨਾਲ ਤਿਭਕਦਾ ਰਹਿੰਦਾ-'ਕਿਤੇ ਧੌਲ ਦਾੜ੍ਹੀਆਂ ਕਿਸੇ ਵੈਲ ’ਚ ਨਾ ਪੈ ਜੇ। ਆਵਦੀ ਢੇਰੀ ਕਿਤੇ ਅੰਦਰ ਖਾਤੇ ਬੈਅ ਨਾ ਕਰਦੇ। ਕਿਤੇ ਕਿਸੇ ਭਾਣਜੇ ਨਾਲ ਮੋਹ ਨਾ ਪਾ ਬੈਠੇ।'
ਉੱਤੋਂ ਉੱਤੋਂ ਸਾਰਾ ਟੱਬਰ ਉਸ ਦੀ ਸੇਵਾ ਕਰਦਾ। ਬਹੂਆਂ ਉਸ ਦੇ ਕੱਪੜੇ ਚੌਥੇ ਦਿਨ ਧੋ ਦਿੰਦੀਆਂ। ਸੱਤਵੇਂ ਦਿਨ ਉਹ ਨੂੰ ਕੇਸੀਂ ਨ੍ਹਵਾਉਂਦੀਆਂ। ਛੋਟੇ ਛੋਟੇ ਜਵਾਕ ਉਹ ਦੀਆਂ ਟੰਗਾਂ ਘੁੱਟਦੇ ਰਹਿੰਦੇ, ਪਰ ਵਿਚੋਂ ਸਾਰਾ ਟੱਬਰ ਚਾਹੁੰਦਾ ਕਿ ਕਦੋਂ ਬੁੜਾ ਮਰੇ ਤੇ ਮੰਜੀ ਛੱਡੇ।
ਐਨੀ ਸੇਵਾ ਹੁੰਦਿਆਂ ਵੇ ਕਦੇ ਕਦੇ ਸੰਤੂ ਨੂੰ ਖ਼ਿਆਲ ਆਉਂਦਾ-‘ਇੱਥੇ ਮੇਰਾ ਕੌਣ ਹੈ?" ਪਰ ਕਦੇ ਕਦੇ ਉਸ ਦੇ ਦਿਮਾਗ਼ ਵਿੱਚ ਇਹ ਗੱਲ ਵੀ ਵਸ ਜਾਂਦੀ ਕਿ ਇਹ ਸਾਰਾ ਪਰਿਵਾਰ ਮੇਰਾ ਹੀ ਤਾਂ ਹੈ। ਉਸ ਨੂੰ ਮਹਿਸੂਸ ਹੁੰਦਾ ਕਿ ਸਾਰਾ ਟੱਬਰ ਜਿਹੜਾ ਉਸ ਦੇ ਪੈਰਾਂ ਥੱਲੇ ਹੱਥ ਦਿੰਦਾ ਫਿਰਦਾ ਹੈ, ਜੇ ਉਹ ਦਾ ਕੁਝ ਲੱਗਦਾ ਹੈ ਤਾਂ ਹੀ ਤਾਂ ਇਉਂ ਕਰਦਾ ਹੈ, ਨਹੀਂ ਤਾਂ ਦੂਜਾ ਇਉਂ ਕਿਉਂ ਕਰੇ।
ਇਸ ਵਾਰੀ ਸਿਆਲ ਦੀ ਰੁੱਤ ਅਜੇ ਚੜ੍ਹੀ ਹੀ ਸੀ। ਕਹਿੰਦੇ ਪਾਲਾ ਜਾ ਤਾਂ ਆਉਂਦਾ ਮਾਰ ਕਰਦਾ ਹੈ ਜਾਂ ਜਾਂਦਾ ਮਾਰ ਕਰਦਾ ਹੈ। ਪੋਹ-ਮਾਘ ਦੀ ਠੰਡ ਨਾਲੋਂ ਕੱਤੋ-ਮੱਘਰ ਤੇ ਫੱਗਣ-ਚੇਤ ਦੀ ਠੰਡ ਬਹੁਤੇ ਜ਼ੁਕਾਮ ਲਾਉਂਦੀ ਹੈ। ਚੜ੍ਹਦੀ ਠੰਡ ਨਾਲ ਸੰਤੂ ਨੂੰ ਜ਼ੁਕਾਮ ਹੋ ਗਿਆ। ਜ਼ੁਕਾਮ ਵਿਗੜਦਾ ਵਿਗੜਦਾ ਨਮੂਨੀਆ ਬਣ ਗਿਆ। ਨਮੂਨੀਆ ਵੀ ਅਜਿਹਾ ਕਿ ਉਹ ਦੇ ਪੈਰਾਂ ਥੱਲੇ ਧਰਤੀ ਨਹੀਂ ਸੀ ਟਿਕਦੀ। ਉਹਦੀਆਂ ਅੱਖਾਂ ਵਿਚੋਂ ਭੰਬੂ ਤਾਰੇ ਬਣ ਬਣ ਨਿਕਲਦੇ। ਉਸ ਦਾ ਸਿਰ ਚਕਰ ਚੂੰਢਾ ਬਣਿਆ ਹੋਇਆ ਸੀ। ਉਸ ਦਾ ਕਾਲਜਾਂ ਧਰਤੀ 'ਤੇ ਢੇਰੀ ਹੋ ਰਿਹਾ ਸੀ। ਉਸ ਨੂੰ ਮਹਿਸੂਸ ਹੁੰਦਾ, ਜਿਵੇਂ ਸਰਰ ਸਰਰ ਕਰਦੀ ਕੋਈ ਚੀਜ਼ ਉਸ ਦੇ ਦਿਲ ਵੱਲ ਆ ਰਹੀ ਹੈ ਤੇ ਦਿਲ ਕੁਝ ਇਕੱਠਾ ਹੋ ਰਿਹਾ ਹੈ। ਉਸ ਦੀਆਂ ਪਲਕਾਂ 'ਤੇ ਹਨੇਰ ਦੀ ਤਹਿ ਗਾੜ੍ਹੀ ਹੋ ਰਹੀ ਸੀ। ਖੇਸ ਦੀ ਬੁੱਕਲ ਮਾਰੀ, ਸੂਰਜ ਵੱਲ ਮੂੰਹ ਕਰਕੇ ਬੈਠਕ ਮੂਹਰੇ ਉਹ ਕੰਧ ਦੀ ਢੋਹ ਲਾਈ ਬੈਠਾ ਸੀ।
ਉਨ੍ਹਾਂ ਦੇ ਸ਼ਰੀਕੇ ਵਿਚੋਂ ਇੱਕ ਬੁੜ੍ਹੀ ਉਸ ਦੇ ਮੋਢੇ ਨੂੰ ਹਲੂਣ ਕੇ ਪੁੱਛਣ ਲੱਗੀ‘ਕੰਦੋ ਦਿਆ ਤਾਇਆ, ਕਿਹੜੀਆਂ ਸੋਚਾਂ 'ਚ ਬੈਠੇ?'
ਕੁਸ ਭਖ ਜੀ ਹੋਗੀ ਕੰਜਰ ਦੀ। ਅੱਜ ਟੁੱਕ ਈ ਸੁਆਦ ਨੀ ਲੱਗਿਆ।’ ਸੰਤੂ ਤੋਂ ਮਸ੍ਹਾਂ ਬੋਲਿਆ ਗਿਆ।'
‘ਕਿਤੇ ਜਮ ਤਾਂ ਨੀ ਲੈਣ ਆ ਗਏ, ਜਿਹੜਾ ਇਉਂ ਤਾਲੂਏ ਨਾਲ ਜੀਭ ਲਾ ਕੇ ਬੋਲਦੈ?' ਬੁੜੀ ਨੇ ਬੇਝਿਜਕੀ ਨਾਲ ਪੁੱਛਿਆ, ਜਿਵੇਂ ਛੜਿਆਂ ਦਾ ਕੋਈ ਨਹੀਂ ਹੁੰਦਾ ਤੇ ਇਹ ਨਿਪੁੱਤੇ ਸੰਸਾਰ ਵਾਹਰੇ ਹੀ ਹੁੰਦੇ ਹਨ।
'ਹੁਣ ਤਾਂ ਅਕੇ, ਹੋਗੀ ਪਟ੍ਹੋਲਿਆਂ ਤਿਆਰੀ, ਕੱਤਣੀ ਨੂੰ ਫੁੱਲ ਲੱਗਦੇ।' ਹੁਣ ਤਾਂ ਸਾਰਾ ਟੱਬਰ ਤੈਨੂੰ ਤੋਰ ਕੇ ਰਾਜ਼ੀ ਐ।' ਬੁੜ੍ਹੀ ਨੇ ਭੇਤਭਰੀ ਗੱਲ ਕਹਿ ਦਿੱਤੀ।
‘ਕਿਉਂ ਜੈ ਕੁਰੇ, ਇਹ ਕੀ?' ਸੰਤੂ ਦੇ ਕੰਨ ਖੜ੍ਹੇ ਹੋ ਗਏ। ਬੁੜ੍ਹੀ ਦੀ ਗੱਲ ਉਸ ਦੇ ਦਿਮਾਗ਼ ਵਿੱਚ ਬਿਜਲੀ ਵਾਂਗ ਚੱਕਰ ਲਾ ਗਈ ਸੀ।
'ਇਹ ਕੀ ਕਿਵੇਂ! ਜਿਹੜੀ ਚਾਰ ਓਰੇ ਤੇਰੇ ਹਿੱਸੇ ਦੀ ਬਚਦੀ ਐ, ਤੇਰੇ ਬਿਨਾਂ ਉਹ ਕਿਵੇਂ ਚੜ੍ਹੇ ਭਤੀਜਿਆਂ ਦੇ ਨਾਂ?' ਬੁੜੀ ਨੇ ਸੱਚੀ ਗੱਲ ਸੰਤੂ ਦੇ ਮੱਥੇ ਵਿੱਚ ਮਾਰੀ। ਉਹ ਚੁੱਪ ਕਰ ਗਿਆ। ਇੱਕ ਕੌੜੀ ਘੁੱਟ ਉਸ ਦੇ ਸੰਘੋਂ ਥੱਲੇ ਲਹਿ ਗਈ। ਬੈਠੇ ਬੈਠੇ ਨੂੰ ਉਸ ਨੂੰ ਪੰਜ ਭੱਠ ਤਾਪ ਚੜ੍ਹ ਗਿਆ।
ਪਾਥੀਆਂ ਪੱਥਣ ਆਈ ਵੱਡੀ ਬਹੂ ਨੇ ਸੰਤੂ ਨੂੰ ਬੁਲਾਇਆ, ਪਰ ਉਹ ਤੋਂ ਬੋਲਿਆ ਨਾ ਗਿਆ। ਉਸ ਨੇ ਤਾਏ ਦੇ ਪਿੰਡੇ ਨੂੰ ਹੱਥ ਲਾ ਕੇ ਦੇਖਿਆ, ਫਾਲੇ ਵਾਂਗ ਤਪਦਾ ਪਿਆ ਸੀ। ਉਹ ਦਾ ਘਰਵਾਲਾ ਖੇਤੋਂ ਕੜਬ ਦੀ ਭਰੀ ਸਿੱਟਣ ਅਇਆ। ਤਾਏ ਦੇ ਬਿਮਾਰ ਹੋਣ ਦੀ ਗੱਲ ਬਹੂ ਨੇ ਉਸ ਕੋਲ ਤੋਰੀ। ਉਹ ਮੂਹਰਿਓਂ ਸੂਈ ਕੁੱਤੀ ਵਾਂਗ ਭੱਜ ਕੇ ਪਿਆ-
‘ਲੌਗਾਂ ਆਲੀ ਚਾਹ ਕਰਕੇ ਦੇ ਦਿਓ ਤਾਏ ਨੂੰ ਰਜਾਈ ਦਾ ਮੁੜ੍ਹਕਾ ਲੈ ਲੂ ਤੇ ਆਪੇ ਹੱਡ ਖੁੱਲ੍ਹ ਜਾਣਗੇ। ਹੋਰ ਕੀ ਸੂਲ ਹੋਇਐ, ਤਾਏ ਦੇ?'
ਤਾਏ ਵਾਸਤੇ ਆਥਣ ਦੀ ਰੋਟੀ ਦੇਣ ਆਈ ਵੱਡੀ ਬਹੂ ਨੇ ਦੇਖਿਆ, ਉਹ ਓਵੇਂ ਜਿਵੇਂ ਕੰਧ ਨਾਲ ਢੋਹ ਲਾਈਂ ਬੈਠਾ ਸੀ। ਬੁਲਾਇਆ ਤਾਂ ਉਹ ਬੋਲਿਆ ਨਾ। ਬਹੂ ਨੇ ਹੱਥ ਲਾ ਕੇ ਦੇਖਿਆ, ਉਹ ਦਾ ਪਿੰਡਾ ਬਰਫ਼ ਵਰਗਾ ਸੀਤ ਪਿਆ ਸੀ।