ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਬਾਕੀ ਭੁੱਖ

ਬਾਕੀ ਭੁੱਖ

ਸਕੂਲ ਦੇ ਪਿਛਲੇ ਗੇਟ ਵੱਲ ਕਾਹਲ ਨਾਲ ਜਾ ਰਿਹਾ ਸਾਂ, ਲੱਗਿਆ ਜਿਵੇਂ ਪਿੱਛੋਂ ਕਿਸੇ ਨੇ ਹਾਕ ਮਾਰੀ ਹੋਵੇ-'ਮਾਸਟਰ ਜੀ' ਕਹਿਕੇ। ਆਵਾਜ਼ ਉੱਚੀ ਸੀ, ਨਹੀਂ ਤਾਂ ਜੁਆਕਾਂ ਦੇ ਰੌਲੇ ਵਿੱਚ ਮੈਨੂੰ ਉਹਦੀ ਹਾਕ ਸੁਣਨੀ ਹੀ ਨਹੀਂ ਸੀ।

ਇਸ ਤਿਕੋਨੀ ਸੜਕ ਉੱਤੇ ਤਿੰਨ ਸਕੂਲਾਂ ਦੇ ਬੱਚਿਆਂ ਦਾ ਇਕੱਠ ਹਮੇਸ਼ਾਂ ਰਹਿੰਦਾ ਹੈ। ਸਵੇਰੇ-ਸਵੇਰੇ ਸ਼ੁਰੂ ਹੋਣ ਵੇਲੇ ਤੋਂ ਲੈ ਕੇ ਸ਼ਾਮ ਸਕੂਲਾਂ ਦੇ ਬੰਦ ਹੋਣ ਤੱਕ। ਇੱਕ ਸਾਡਾ ਸਰਕਾਰੀ ਸਕੂਲ ਤੇ ਦੋ ਮਾਡਲ ਸਕੂਲ। ਤਿਕੋਨੀ ਉੱਤੇ ਸਕੂਲੀ-ਬੱਚਿਆਂ ਦੀ ਗਾਹਕੀ ਭੁਗਤਾਉਂਦੀਆਂ ਛੇ-ਸੱਤ ਦੁਕਾਨਾਂ ਹਨ। ਇਹਨਾਂ ਦੁਕਾਨਾਂ ਤੋਂ ਕਾਪੀਆਂ-ਕਿਤਾਬਾਂ ਤੇ ਹੋਰ ਕਾਗਜ਼ਾਂ-ਪੈਨਸਿਲਾਂ ਤੋਂ ਇਲਾਵਾ ਟਾਫੀਆਂ, ਬਿਸਕੁਟ, ਇਮਲੀ ਆਦਿ ਸਭ ਮਿਲਦਾ ਹੈ। ਸਰਕਾਰੀ ਸਕੂਲ ਦੇ ਗੇਟ ਅੱਗੇ ਰੇੜ੍ਹੀਆਂ ਖੜ੍ਹਦੀਆਂ ਹਨ, ਜਿਨ੍ਹਾਂ ਤੋਂ ਮੂੰਗਫ਼ਲੀਆਂ, ਨਮਕੀਨ ਤੇ ਮਿੱਠੀਆਂ ਚੀਜ਼ਾਂ ਬੱਚੇ ਖਰੀਦਦੇ ਹਨ। ਇੱਕ ਪਾਸੇ ਝਾੜ੍ਹੀਆਂ ਦੇ ਬੇਰਾਂ ਦੀ ਰੇੜ੍ਹੀ ਹੈ। ਸੜਕ ਉੱਤੇ ਭੁੰਜੇ ਹੀ ਦੋ ਔਰਤਾਂ ਬੇਰੀ ਦੇ ਕੱਚੇ ਬੇਰਾਂ ਦੀਆਂ ਢੇਰੀਆਂ ਲਾਈ ਬੈਠੀਆਂ ਹਨ-ਬੱਚੇ ਖੱਟੇ ਬੇਰਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ। ਕਾਰਕ ਦੀ ਗੋਲੀ ਵਾਲੇ ਪਿਸਤੌਲ ਦਾ ਨਿਸ਼ਾਨਾ ਲਵਾਉਣ ਵਾਲਾ ਬੁੱਢਾ ਫੌਜੀ ਵੀ ਖੜ੍ਹਾ ਹੈ। ਇੱਕ ਹੋਰ ਹੈ, ਨਕਸ਼ਾ ਜਿਹਾ ਵਿਛਾਕੇ ਬੈਠਾ ਹੋਇਆ, ਮੁੰਡੇ ਇੱਥੋਂ ਪੁੜੀਆਂ ਖਿੱਚ ਕੇ ਆਪਣੀ ਕਿਸਮਤ ਅਜ਼ਮਾਈ ਕਰਦੇ ਹਨ।

ਇਹ ਨਹੀਂ ਕਿ ਸਕੂਲ ਲੱਗਣ ਵਾਲੇ, ਅੱਧੀ ਛੁੱਟੀ ਵਕਤ ਜਾਂ ਸਾਰੀ ਛੁੱਟੀ ਹੋਣ 'ਤੇ ਤਿਕੋਨੀ ਦਾ ਕਾਰੋਬਾਰ ਚੱਲਦਾ ਹੋਵੇ। ਤਿੰਨਾਂ ਸਕੂਲਾਂ ਦੇ ਬੱਚੇ ਹਰ ਵੇਲੇ ਹੀ ਆਉਂਦੇ-ਜਾਂਦੇ ਰਹਿੰਦੇ ਹਨ। ਉਹ ਤਾਂ ਇੱਕ ਨੰਬਰ, ਦੋ ਨੰਬਰ ਦੀ ਛੁੱਟੀ ਲੈ ਕੇ ਏਧਰ ਆ ਵੜਦੇ ਹਨ ਜਾਂ ਉਂਜ ਹੀ ਕਲਾਸਾਂ ਛੱਡ ਕੇ ਭੱਜੇ ਜੀਭ ਦੇ ਚਟੂਰੇ।

ਉਹ ਕਿਤਾਬਾਂ ਦੀ ਦੁਕਾਨ ਅੱਗੇ ਰਿਕਸ਼ਾ ਵਿੱਚ ਬੈਠਾ ਸੀ। ਪਿਛਾਂਹ ਮੁੜਕੇ ਮੈਂ ਝਾਕਿਆ ਤਾਂ ਉਹਨੇ ਆਪਣੀ ਬਾਂਹ ਖੜ੍ਹੀ ਕਰ ਦਿੱਤੀ। ਇਹ ਤਾਂ ਵਿਦਿਆ ਚਰਨ ਹੈ। ਮੈਂ ਉਹਨੂੰ ਝੱਟ ਪਹਿਚਾਣ ਲਿਆ ਤੇ ਆਪਣਾ ਸਾਈਕਲ ਮੋੜ ਕੇ ਉਹਦੇ ਕੋਲ ਚਲਿਆ ਗਿਆ। ਉਹਨੇ ਮੈਨੂੰ ਨਮਸਕਾਰ ਕੀਤਾ। ਉਹ ਮੂੰਹੋਂ ਨਹੀਂ ਬੋਲਿਆ, ਬੱਸ ਆਪਣਾ ਹੱਥ ਤੇਜ਼ੀ ਨਾਲ ਮੱਥੇ ਨੂੰ ਲਾਇਆ। ਨਮਸਕਾਰ ਕਰਨ ਦਾ ਉਹਦਾ ਇਹ ਪੁਰਾਣਾ ਅੰਦਾਜ਼ ਸੀ।

ਉਹਨਾਂ ਦੇ ਪਿੰਡ ਜਦੋਂ ਮੈਂ ਸਕੂਲ-ਮਾਸਟਰ ਸਾਂ, ਸਕੂਲ ਸਾਹਮਣੇ ਹੀ ਉਹਦੀ ਦੁਕਾਨ ਸੀ। ਨਿੱਕੀ ਜਿਹੀ ਦੁਕਾਨ, ਉਸ ਵਿੱਚ ਬਹੁਤ ਥੋੜ੍ਹਾ ਸੌਦਾ ਹੁੰਦਾ। ਸਸਤੀ ਕਿਸਮ ਦੀਆਂ ਮਿੱਠੀਆਂ ਗੋਲੀਆਂ, ਨਮਕੀਨ ਪਕੌੜੀਆਂ, ਕਾਲੀ ਸਿਆਹੀ ਦੀਆਂ ਪੁੜੀਆਂ, ਖਟ-ਮਿੱਠਾ ਚੂਰਨ ਤੇ ਅਜਿਹੀਆਂ ਹੀ ਪੰਜ-ਚਾਰ ਹੋਰ ਚੀਜ਼ਾਂ। ਵਿਦਿਆ ਚਰਨ ਦੇ ਕੰਨ ਖਰਾਬ ਸਨ, ਉਹਨੂੰ ਉੱਚਾ ਸੁਣਦਾ। ਇਸ ਕਰਕੇ ਉਹ ਇਸ਼ਾਰਿਆਂ ਨਾਲ ਗੱਲ ਕਰਦਾ। ਉਹਦੀ ਪਿੱਠ ਦਾ ਕੁੱਬ ਨਿਕਲਿਆ ਹੋਇਆ ਸੀ। ਤੁਰਦਾ ਤਾਂ ਲੱਗਦਾ ਜਿਵੇਂ ਉਹਦੀ ਇੱਕ ਲੱਤ ਛੋਟੀ ਹੋਵੇ। ਉਹਦੀ ਦੁਕਾਨ 'ਤੇ ਕੋਈ ਕੋਈ ਸੌਦਾ ਲੈਣ ਜਾਂਦਾ। ਉਹ ਸੱਤ-ਅੱਠ ਜਮਾਤਾਂ ਪੜ੍ਹਿਆ ਹੋਇਆ ਸੀ। ਉਹਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਕਿਤੇ ਉਹਨੂੰ ਪਤਾ ਲੱਗ ਗਿਆ ਕਿ ਮੈਂ ਲੇਖਕ ਹਾਂ ਤੇ ਕਿਤਾਬਾਂ ਛਾਪਦਾ ਹਾਂ। ਉਹਦੀ ਦੁਕਾਨ 'ਤੇ ਜਾਣ ਵਾਲੇ ਮੁੰਡਿਆਂ ਨੇ ਦੱਸਿਆ ਹੋਵੇਗਾ ਜਾਂ ਸ਼ਾਇਦ ਮੇਰੇ ਕਿਸੇ ਸਾਥੀ-ਅਧਿਆਪਕ ਨੇ ਉਹਦੇ ਕੋਲ ਗੱਲ ਕਰ ਦਿੱਤੀ ਹੋਵੇ। ਜਦੋਂ ਕਦੇ ਮੈਂ ਉਹਦੀ ਨਿਗਾਹ ਪੈ ਜਾਂਦਾ ਤੇ ਸਾਡੀ ਅੱਖ ਲੜਦੀ ਤਾਂ ਉਹ ਮੈਨੂੰ ਨਮਸਕਾਰ ਕਰਦਾ। ਮੂੰਹੋਂ ਨਾ ਬੋਲਦਾ, ਬੱਸ ਮੱਥੇ ਨੂੰ ਹੱਥ ਲਾਉਂਦਾ, ਝਟਕਾ ਜਿਹਾ ਮਾਰ ਕੇ। ਤੇ ਫੇਰ ਮੇਰੇ ਵੱਲ ਝਾਕਦਾ ਰਹਿੰਦਾ। ਜਿਵੇਂ ਉਹਨੇ ਮੈਨੂੰ ਕੁਝ ਕਹਿਣਾ ਹੋਵੇ। ਇੱਕ ਦਿਨ ਮੈਂ ਉਹਦੇ ਕੋਲ ਜਾ ਕੇ ਉਹਦੀ ਗੱਲ ਸੁਣੀ। ਉਹਨੇ ਪੁੱਛਿਆ-ਤੁਸੀਂ ਮਾਸਟਰ ਜੀ, ਕਿਤਾਬਾਂ ਛਾਪਦੇ ਓ?'

'ਨਹੀਂ, ਮੈਂ ਲਿਖਦਾਂ ਕਿਤਾਬਾਂ। ਛਾਪਦਾ ਤਾਂ ਕੋਈ ਹੋਰ ਐ।'

'ਅੱਛਾ ਜੀ, ਤੁਸੀਂ ਆਪ ਲਿਖਦੇ ਓ, ਕਿਤਾਬ?' ਉਹਦੇ ਚਿਹਰੇ ਉੱਤੇ ਮੁਸਕਰਾਹਟ ਦਾ ਰੰਗ ਉੱਘੜਿਆ। ਉਂਜ ਇਹ ਚਿਹਰੇ ਵਰਗਾ ਕੋਈ ਚਿਹਰਾ ਨਹੀਂ ਸੀ ਮੁਸਕਰਾਹਟ ਵਰਗੀ ਕੋਈ ਮੁਸਕਰਾਹਟ ਨਹੀਂ ਸੀ। ਉਹਦਾ ਮੱਥਾ ਛੋਟਾ, ਅੱਖਾਂ ਰੀਠੇ ਜਿਹੀਆਂ, ਗੱਲ੍ਹਾਂ ਪਿਚਕੀਆਂ ਹੋਈਆਂ, ਠੋਡੀ ਲੰਮੀ ਤੇ ਨੱਕ ਦੀ ਕੁੰਬਲੀ ਬੈਠਵੀਂ ਸੀ। ਦੇਖਣ ਵਿੱਚ ਬੈਠਾ ਉਹ ਬਾਂਦਰ ਜਿਹਾ ਲੱਗਦਾ। ਦੰਦਾਂ ਤੋਂ ਬੁੱਲ੍ਹ ਪਰ੍ਹੇ ਹਟਾ ਲੈਂਦਾ ਤਾਂ ਲੱਗਦਾ ਜਿਵੇਂ ਹੱਸ ਰਿਹਾ ਹੈ, ਬੁੱਲ੍ਹ ਮੀਚ ਲੈਂਦਾ ਤਾਂ ਲੱਗਦਾ ਜਿਵੇਂ ਰੋ ਪਵੇਗਾ। ਹੁਣ ਜਦੋਂ ਉਹ ਮੁਸਕਰਾਇਆ ਤਾਂ ਬੱਸ ਬੁੱਲ੍ਹਾਂ ਨੂੰ ਦੰਦਾਂ ਤੋਂ ਥੋੜ੍ਹਾ ਪਰ੍ਹੇ ਹਟਾ ਦਿੱਤਾ।

'ਤੂੰ ਪੜ੍ਹੀ ਐ ਕਦੀ ਕੋਈ ਕਿਤਾਬ?' ਮੈਂ ਸਵਾਲ ਕੀਤਾ।

'ਹਾਂ ਜੀ, ਮੈਂ ਤਾਂ ਬਹੁਤ ਪੜ੍ਹਦਾਂ ਕਿਤਾਬਾਂ। ਆਹ ਦੇਖੋ।' ਉਹਨੇ ਮੈਨੂੰ ਬੰਦ ਅਲਮਾਰੀ ਵਿਚੋਂ ਕੱਢ ਕੇ ਇੱਕ ਪੇਪਰ-ਬੈਕ ਕਿਤਾਬ ਦਿਖਾਈ। ਇਹ ਹਿੰਦੀ ਦਾ ਇੱਕ ਜਾਸੂਸੀ ਨਾਵਲ ਸੀ। ਵਿਦਿਆ ਚਰਨ ਉੱਤੇ ਮੈਨੂੰ ਹਾਸਾ ਆਇਆ ਤੇ ਤਰਸ ਵੀ। ਦੁਕਾਨ ਦਾ ਸੌਦਾ ਇਹ ਕੀ ਵੇਚਦਾ ਹੋਵੇਗਾ, ਇਸ ਕਿਸਮ ਦੇ ਨਾਵਲ ਪੜ੍ਹਦਾ ਰਹਿੰਦਾ ਹੈ। ਮੈਂ ਉਹਨੂੰ ਸੁਝਾਓ ਦਿੱਤਾ-'ਤੂੰ ਚੰਗੀਆਂ ਕਿਤਾਬਾਂ ਪੜ੍ਹਿਆ ਕਰ, ਜਿਨ੍ਹਾਂ ਦਾ ਆਮ ਸਮਾਜਿਕ ਜੀਵਨ ਨਾਲ ਸੰਬੰਧ ਹੋਵੇ।'

'ਕਿਵੇਂ ਜੀ?' ਮੇਰੀ ਗੱਲ ਉਹਦੇ ਦਿਮਾਗ਼ ਵਿੱਚ ਨਹੀਂ ਬੈਠੀ ਹੋਵੇਗੀ। ਮੈਂ ਕਿਹਾ-'ਤੈਨੂੰ ਮੈਂ ਲਿਆ ਕੇ ਦੇਊਂਗਾ ਕੋਈ ਕਿਤਾਬ। ਉਹ ਪੜ੍ਹੀਂ। ਮੇਰੀ ਇਸ ਗੱਲ ਉੱਤੇ ਉਹਨੇ ਫੇਰ ਆਪਣੇ ਬੁੱਲ੍ਹ ਦੰਦਾਂ ਤੋਂ ਪਰ੍ਹੇ ਹਟਾਏ।

ਤੇ ਫਿਰ ਮੈਂ ਉਹਨੂੰ ਸਕੂਲ-ਲਾਇਬਰੇਰੀ ਵਿਚੋਂ ਕਢਵਾ ਕੇ ਕੁਲਵੰਤ ਸਿੰਘ ਵਿਰਕ ਦਾ ਇੱਕ ਕਹਾਣੀ-ਸੰਗ੍ਰਹਿ ਦਿੱਤਾ। ਦੂਜੇ ਦਿਨ ਉਹ ਕਹਿੰਦਾ-ਇਹ ਤਾਂ ਛੇਤੀ ਮੁੱਕ ਜਾਂਦੀਆਂ ਨੇ। ਕੋਈ ਲੰਮੀ ਚੀਜ਼ ਹੋਵੇ।' ਮੈਂ ਸਮਝ ਗਿਆ ਉਹਨੂੰ ਨਾਵਲ ਪੜ੍ਹਨ ਦੀ ਆਦਤ ਹੈ। ਮੈਂ ਉਹਨੂੰ ਨਾਨਕ ਸਿੰਘ ਦਾ ਇੱਕ ਨਾਵਲ ਲਿਆ ਦਿੱਤਾ। ਉਹ ਉਹਨੇ ਪੜ੍ਹ ਲਿਆ। ਫੇਰ ਮੈਂ ਉਹਨੂੰ ਜਸਵੰਤ ਸਿੰਘ ਕੰਵਲ, ਸੁਖਬੀਰ ਤੇ ਗੁਰਦਿਆਲ ਸਿੰਘ ਦੇ ਤਿੰਨ ਨਾਵਲ ਇਕੱਠੇ ਹੀ ਕਢਵਾ ਕੇ ਦੇ ਦਿੱਤੇ। ਉਹ ਪੜ੍ਹਦਾ ਰਹਿੰਦਾ। ਮੈਨੂੰ ਖ਼ੁਸ਼ੀ ਹੋ ਰਹੀ ਸੀ ਕਿ ਉਹ ਸਾਹਿਤਕ ਪੁਸਤਕਾਂ ਪੜ੍ਹਦਾ ਹੈ। ਸਕੂਲ ਦੇ ਸੜਾਂਦ ਭਰੇ ਮਾਹੌਲ ਵਿੱਚ ਇੱਕ ਪਾਠਕ ਤਾਂ ਮਿਲਿਆ। ਮੈਨੂੰ ਉਹਦੇ ਨਾਲ ਉਣਸ ਹੋ ਗਈ। ਸਕੂਲ ਦੇ ਮੁੰਡੇ-ਕੁੜੀਆਂ ਨੂੰ ਮੈਂ ਸੁਝਾਓ ਦਿੰਦਾ ਕਿ ਉਹ ਵਿਦਿਆ ਚਰਨ ਦੀ ਦੁਕਾਨ ਤੋਂ ਚੀਜ਼ਾਂ ਲੈ ਕੇ ਆਇਆ ਕਰਨ। ਉਹ ਠੀਕ ਰੇਟ ਲਾਉਂਦਾ ਹੈ ਤੇ ਉਹਦੀਆਂ ਚੀਜ਼ਾਂ ਦੂਜੇ ਦੁਕਾਨਦਾਰਾਂ ਨਾਲੋਂ ਖਰੀਆਂ ਹੁੰਦੀਆਂ ਹਨ। ਦਿਨਾਂ ਵਿੱਚ ਹੀ ਉਹਦਾ ਸੌਦਾ ਵਿਕਣ ਲੱਗ ਪਿਆ। ਬਾਣੀਆ-ਪੁੱਤ ਤਾਂ ਉਹ ਸੀ ਹੀ। ਉਹਨੇ ਆਪਣੀ ਦੁਕਾਨ ਦਾ ਕੰਮ ਵਧਾ ਲਿਆ।

ਜਿਹੜੇ ਨਾਵਲ ਮੈਂ ਉਹਨੂੰ ਦਿੱਤੇ ਸਨ, ਉਹਨੇ ਉਹ ਤਿੰਨੇ ਪੜ੍ਹ ਲਏ। ਪਰ ਕਹਿਣ ਲੱਗਿਆ 'ਕਿਤਾਬਾਂ ਤਾਂ ਇਹ ਚੰਗੀਆਂ ਨੇ, ਮਾਸਟਰ ਜੀ, ਪਰ ਹੌਲੀ-ਹੌਲੀ ਤੁਰਦੀਆਂ ਨੇ। ਦਸ ਦਿਨ ਲਾ ਕੇ ਮਸਾਂ ਪੜ੍ਹੀਆਂ ਮੈਂ ਤਾਂ! ਨਹੀਂ ਤਾਂ ਐਡੇ-ਐਡੇ ਤਿੰਨ ਨਾਵਲ ਮੇਰੀ ਦੋ ਦਿਨਾਂ ਦੀ ਮਾਰ ਹੁੰਦੇ ਨੇ।'

'ਤੈਨੂੰ ਪੰਜਾਬੀ ਘੱਟ ਪੜ੍ਹਨੀ ਆਉਂਦੀ ਹੋਊਗੀ?'

'ਨਹੀਂ ਜੀ, ਇਹ ਗੱਲ ਨ੍ਹੀ। ਹਿੰਦੀ-ਪੰਜਾਬੀ ਇੱਕੋ ਜਿੰਨੀ ਆਉਂਦੀ ਐ ਮੈਨੂੰ। ਪਰ ਇਹ ਨਾਵਲ ... ਨਾਲੇ ਇਹਨਾਂ ਵਿੱਚ ਤਾਂ ਆਮ ਜ੍ਹੀਆਂ ਈ ਗੱਲਾਂ ਸੀ। ਇਹ ਤਾਂ ਆਪਾਂ ਨਿੱਤ ਹੁੰਦਾ ਦੇਖਦੇ ਆਂ।'

'ਬੱਸ ਬੱਸ, ਇਹੀ ਜ਼ਿੰਦਗੀ ਐ, ਅਸਲੀ ਜ਼ਿੰਦਗੀ। ਤੂੰ ਜਿਹੜੇ ਪਹਿਲਾਂ ਨਾਵਲ ਪੜ੍ਹਦਾ ਰਿਹਾ ਐ ਨਾ, ਉਹ ਤਾਂ ਹਵਾਈ ਕਿਲ੍ਹੇ ਹੁੰਦੇ ਐ। ਜ਼ਿੰਦਗੀ ਤੋਂ ਦੂਰ ਦੀ ਚੀਜ਼, ਬੱਸਾਂ-ਗੱਡੀਆਂ ਵਿੱਚ ਸਫ਼ਰ-ਕਟੀ ਦਾ ਸਸਤਾ ਮਨੋਰੰਜਣ। ਉਹ ਛੱਡ ਕੇ ਹੁਣ ਇਹ ਕਿਤਾਬਾਂ ਪੜ੍ਹਿਆ ਕਰ, ਜਿਹੜੀਆਂ ਮੈਂ ਦਿੱਤੀਆਂ ਤੈਨੂੰ।'

ਉਹ ਚੁੱਪ ਹੋ ਗਿਆ। ਮੈਂ ਦੇਖਿਆ, ਇਸ ਵਾਰ ਵੀ ਉਹਨੇ ਦੰਦਾਂ ਤੋਂ ਬੁੱਲ੍ਹ ਹਟਾਏ। ਉਹਦੇ ਇਸ ਹੰਗਾਰੇ 'ਤੇ ਮੈਨੂੰ ਬਹੁਤ ਖ਼ੁਸ਼ੀ ਹੋਈ।

ਮੈਂ ਉਹਨੂੰ ਸਕੂਲ-ਲਾਇਬਰੇਰੀ ਵਿਚੋਂ ਨਾਵਲ ਕਢਵਾਕੇ ਦੇ ਦਿੰਦਾ, ਉਹ ਪੜ੍ਹਦਾ ਰਹਿੰਦਾ। ਮੋੜ ਦਿੰਦਾ ਤੇ ਹੋਰ ਨਾਵਲ ਮੰਗਦਾ। ਉਹਦੀ ਦੁਕਾਨ ਵੀ ਚੰਗੀ ਚੱਲ ਨਿੱਕਲੀ।

ਫੇਰ ਇੱਕ ਸਾਲ ਬਾਅਦ ਮੇਰੀ ਓਥੋਂ ਬਦਲੀ ਹੋ ਗਈ।

ਕੋਈ ਦੋ ਕੁ ਸਾਲਾਂ ਬਾਅਦ ਮੈਂ ਓਸ ਪਿੰਡ ਗਿਆ ਤਾਂ ਸੁਣਿਆ ਕਿ ਵਿਦਿਆ ਚਰਨ ਤੋਂ ਸਕੂਲ ਅੱਗੇ ਪੁਰਾਣੀ ਦੁਕਾਨ ਛੱਡ ਕੇ ਇੱਕ ਵੱਡੀ ਦੁਕਾਨ ਲੈ ਲਈ ਹੈ। ਹੁਣ ਉਹਦੀ ਦੁਕਾਨ ਪੂਰੇ ਜ਼ੋਰ-ਸ਼ੋਰ ਨਾਲ ਚਲਦੀ ਹੈ। ਉਹ ਕੋਰਸ ਦੀਆਂ ਕਿਤਾਬਾਂ ਤੇ ਕੁੰਜੀਆਂ ਵੀ ਰੱਖਦਾ ਹੈ। ਵਿਦਿਆਰਥੀਆਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ। ਉਹਦੀ ਦੁਕਾਨ ਤੋਂ ਸਭ ਮਿਲ ਜਾਂਦਾ ਹੈ। ਸਾਥੀ-ਅਧਿਆਪਕਾਂ ਨਾਲ ਗੱਪ-ਸ਼ੱਪ ਮਾਰ ਕੇ ਮੈਂ ਵਿਦਿਆ ਚਰਨ ਦੀ ਦੁਕਾਨ ਅੱਗੇ ਜਾ ਖੜ੍ਹਾ। ਉਹ ਖਿੜ ਉੱਠਿਆ ਤੇ ਕਾਹਲ ਨਾਲ ਤੁਰ ਕੇ ਮੇਰੇ ਕੋਲ ਆ ਗਿਆ। ਮੱਥੇ ਨੂੰ ਝਟਕੇ ਨਾਲ ਹੱਥ ਲਾਉਣ ਦਾ ਕੰਮ ਉਹਨੇ ਪਹਿਲਾਂ ਹੀ ਮੁਕਾ ਦਿੱਤਾ ਸੀ। ਉਹਨੇ ਮੇਰੀ ਬਾਂਹ ਫੜੀ ਤੇ ਦੁਕਾਨ ਅੰਦਰ ਲੈ ਵੜਿਆ। ਮੈਨੂੰ ਕੁਰਸੀ ਉੱਤੇ ਬਿਠਾ ਲਿਆ। ਆਪ ਇੱਕ ਸਟੂਲ 'ਤੇ ਬੈਠ ਗਿਆ। ਕਾਊਂਟਰ ਦੇ ਦਰਾਜ਼ ਵਿਚੋਂ ਉਹਨੇ ਇੱਕ ਮਸ਼ੀਨ ਜਿਹੀ ਕੱਢੀ, ਫੇਰ ਉਹਦੇ ਵਿੱਚ ਦੋ ਬੈਟਰੀ-ਸੈੱਲ ਪਾਏ ਤੇ ਮਸ਼ੀਨ ਦੀਆਂ ਟੂਟੀਆਂ ਕੰਨਾਂ ਨੂੰ ਲਾ ਲਈਆਂ।ਕਹਿੰਦਾ-'ਹੁਣ ਕਰੋ ਗੱਲ। ਮੈਨੂੰ ਪੂਰਾ ਸੁਣਦੈ ਹੁਣ।' ਫੇਰ ਪੁੱਛਣ ਲੱਗਿਆ-'ਕੀ ਪੀਓਗੇ? ਚਾਹ ਜਾਂ ਠੰਡਾ?'

ਉਹਦੀ ਦੁਕਾਨ ਵਿੱਚ ਚਾਰ ਖੁੱਲ੍ਹੀਆਂ ਅਲਮਾਰੀਆਂ ਸਨ-ਸ਼ੈਲਫ਼ਾਂ ਵਾਲੀਆਂ। ਕਿਤਾਬਾਂ ਤੇ ਕਾਪੀਆਂ ਨਾਲ ਭਰੀਆਂ ਹੋਈਆਂ। ਕਈ ਮੇਜ਼ਾਂ ਤੇ ਬੈਂਚਾਂ ਉੱਤੇ ਹੋਰ ਬਹੁਤ ਸਾਮਾਨ ਪਿਆ ਸੀ।

ਮੈਨੂੰ ਪ੍ਰਸੰਨਤਾ ਹੋਈ ਕਿ ਵਿਦਿਆ ਚਰਨ ਐਨੀ ਤਰੱਕੀ ਕਰ ਗਿਆ ਹੈ। ਮੈਂ ਕਿਹਾ-'ਹੁਣ ਤਾਂ ਪੂਰੀ ਚੜ੍ਹਤ ਐ ਵਿਦਿਆ ਚਰਨ ਤੇਰੀ।'

ਹਾਂ ਜੀ, ਥੋਡੀ ਕਿਰਪਾ ਐ, ਮਾਸਟਰ ਜੀ।'

ਹੁਣ ਮੈਂ ਉਸ ਨਾਲ ਬਹੁਤ ਗੱਲਾਂ ਕਰ ਸਕਦਾ ਸਾਂ। ਨਹੀਂ ਤਾਂ ਪਹਿਲਾਂ ਜਦੋਂ ਮੈਂ ਏਥੇ ਹੁੰਦਾ, ਉਹਦੇ ਕੋਲ ਉਹ ਸੁਣਨ ਵਾਲਾ ਯੰਤਰ ਨਹੀਂ ਸੀ, ਮੈਨੂੰ ਬਹੁਤ ਉੱਚੀ ਬੋਲਣਾ ਪੈਂਦਾ। ਇਸ਼ਾਰਿਆਂ ਨਾਲ, ਕਿੰਨੀਆਂ ਕੁ ਤੇ ਕੀ ਗੱਲਾਂ ਕੀਤੀਆਂ ਜਾ ਸਕਦੀਆਂ ਸਨ। ਉੱਚਾ ਬੋਲ-ਬੋਲ ਮੈਂ ਥੱਕ ਜਾਂਦਾ।

ਦੁਕਾਨ ਦੀਆਂ ਗੱਲਾਂ ਮੁਕਾ ਕੇ ਫੇਰ ਮੈਂ ਉਹਨੂੰ ਕਿਤਾਬਾਂ ਪੜ੍ਹਨ ਬਾਰੇ ਪੁੱਛਿਆ। ਉਹ ਕਹਿੰਦਾ-'ਥੋਡੇ ਵੇਲੇ ਤਾਂ ਇਹ ਸਕੂਲ ਵਾਲੇ ਕਿਤਾਬਾਂ ਦੇ ਦਿੰਦੇ ਸੀ, ਹੁਣ ਮੇਰੀ ਕੁਝ ਨਫ਼ਰਤ ਜੀ ਮੰਨਦੇ ਐ, ਮਾਸਟਰ ਜੀ। ਭੈਣ ਜੀ, ਜੀਹਦੇ ਕੋਲ ਲਾਇਬਰੇਰੀ ਐ, ਆਖੂਗੀ-ਮੈਂ ਤਾਂ ਚਾਬੀਆਂ ਘਰੇ ਭੁੱਲ ਆਈ ਅਲਮਾਰੀ ਦੀਆਂ। ਕਦੇ ਕਹੂਗੀ-ਕੱਲ੍ਹ ਨੂੰ ਆਈਂ। ਇੱਕ ਦਿਨ ਕਹਿੰਦੀ-ਤੈਨੂੰ ਨ੍ਹੀ ਮਿਲ ਸਕਦੀਆਂ ਇਹ ਕਿਤਾਬਾਂ, ਤੂੰ ਕਿਹੜਾ ਸਕੂਲ ਦਾ ਆਦਮੀ ਐਂ।'

ਮੈਨੂੰ ਸਕੂਲ ਲਾਇਬ੍ਰੇਰੀਅਨ ਉੱਤੇ ਹਾਸਾ ਆਇਆ। ਮਾਸਟਰ ਤੇ ਮੁੰਡੇ-ਕੁੜੀਆਂ ਕਿਤਾਬਾਂ ਪੜ੍ਹਦੇ ਨਹੀਂ, ਜਿਹੜਾ ਕੋਈ ਪੜ੍ਹਦੈ, ਉਹਦੇ ਵਾਸਤੇ ਕਾਨੂੰਨ ਸਾਹਮਣੇ ਅੜ ਗਿਆ। ਕਿਤਾਬਾਂ ਨਾਲ ਸਿਉਂਕ ਦਾ ਰਿਸ਼ਤਾ ਪੱਕਾ।

ਮੈਂ ਉਹਨੂੰ ਪੁੱਛਿਆ-ਫੇਰ ਕਿਵੇਂ ਕਰਦੈ ਤੂੰ? ਕਿਤਾਬਾਂ ਕਿੱਥੋਂ ਲੈਨੈਂ ਹੁਣ?'

'ਮੈਂ ਹੁਣ ਮੁੱਲ ਮੰਗਵਾ ਲੈਨਾਂ, ਮਾਸਟਰ ਜੀ, ਸ਼ਹਿਰੋਂ, ਕੋਈ ਆਉਂਦਾ-ਜਾਂਦਾ ਲਿਆ ਦਿੰਦੈ। ਮੈਂ ਆਪ ਵੀ ਜਾਂਦਾ ਰਹਿਨਾਂ। ਸ਼ਹਿਰੋਂ ਮਿਲ ਜਾਂਦੀਆਂ ਨੇ। ਪਰ ਮੈਂ ਹੁਣ ਪੜ੍ਹਨਾ ਘੱਟ ਕਰ 'ਤਾ। ਦੁਕਾਨ ਦਾ ਕੰਮ ਬਹੁਤ ਰਹਿੰਦੈ, ਮ੍ਹੀਨੇ 'ਚ ਇੱਕ ਕਿਤਾਬ ਪੜ੍ਹਦਾਂ। ਇੱਕ ਕਿਤਾਬ ਦੇ ਹਿੱਸੇ ਦੀ ਰਕਮ ਮੈਂ ਅੱਡ ਕਰਕੇ ਰੱਖ ਲੈਨਾਂ, ਹਰ ਮ੍ਹੀਨੇ।'

ਇੱਕ ਕਿਤਾਬ ਤੈਨੂੰ ਹੁਣ ਥੋੜ੍ਹੀ ਨੀ ਲੱਗਦੀ?'

ਇਹ ਕਿਤਾਬਾਂ ਤਾਂ, ਮਾਸਟਰ ਜੀ, ਕਈ ਕਈ ਪੜ੍ਹਦਾਂ ਮੈਂ। ਪੁਰਾਣੀਆਂ ਸਭ ਮੇਰੇ ਕੋਲ ਪਈਆਂ ਨੇ। ਹੁਣ ਤਾਂ ਘਰੇ ਈ ਲਾਇਬਰੇਰੀ ਬਣਦੀ ਜਾਂਦੀ ਐ।'

ਉਸ ਦਿਨ ਬਹੁਤ ਵਧੀਆ ਅਹਿਸਾਸ ਲੈ ਕੇ ਮੈਂ ਉੱਥੋਂ ਆਇਆ। ਵਿਦਿਆ ਚਰਨ ਦੀ ਦੁਕਾਨ ਵੀ ਸਿਰੇ ਦੀ ਚੱਲ ਪਈ ਤੇ ਇਹ ਕਿ ਉਹ ਸਾਹਿਤ ਪੜ੍ਹਨ ਦੇ ਅਸਲ ਰਾਹ 'ਤੇ ਤੁਰਿਆ ਹੋਇਆ ਹੈ। ਇਸ ਵਾਰ ਵਿਦਿਆ ਚਰਨ ਹੁਣ ਮੈਨੂੰ ਦਸ-ਬਾਰਾਂ ਸਾਲਾਂ ਬਾਅਦ ਮਿਲਿਆ ਸੀ। ਇਸ ਦੌਰਾਨ ਉਹਨਾਂ ਦੇ ਪਿੰਡ ਜਾਣ ਦਾ ਕੋਈ ਮੌਕਾ ਨਹੀਂ ਬਣਿਆ ਤੇ ਨਾ ਕੋਈ ਬਹਾਨਾ। ਵਿਦਿਆ ਚਰਨ ਸਾਡੇ ਸ਼ਹਿਰ ਆਉਂਦਾ ਤਾਂ ਹੋਵੇਗਾ ਪਰ ਉਹਦੇ ਨਾਲ ਕਦੇ ਵੀ ਮੇਲ ਨਾ ਹੋਇਆ। ਉਹ ਆਪਣੀ ਦੁਕਾਨ ਦਾ ਸਾਮਾਨ ਇੱਥੋਂ ਲਿਜਾਂਦਾ ਸੀ। ਉਸਨੂੰ ਸਿਨਮਾ ਦੇਖਣ ਦਾ ਸ਼ੌਕ ਸੀ। ਸਿਨਮਾ ਬਗ਼ੈਰ ਤਾਂ ਉਹ ਰਹਿ ਨਹੀਂ ਸਕਦਾ ਸੀ। ਸ਼ਾਇਦ ਉਹਨੂੰ ਇਹ ਪਤਾ ਨਾ ਹੋਵੇ ਕਿ ਮੈਂ ਹੁਣ ਏਥੇ ਹਾਂ। ਨਹੀਂ ਤਾਂ ਉਹ ਕਦੇ ਨਾ ਕਦੇ ਜ਼ਰੂਰ ਮੈਨੂੰ ਸਕੂਲ ਵਿੱਚ ਮਿਲਣ ਆਉਂਦਾ। ਉਹਨਾਂ ਦੇ ਪਿੰਡੋਂ ਮੇਰੀ ਬਦਲੀ ਕਿਸੇ ਹੋਰ ਸਕੂਲ ਵਿੱਚ ਹੋਈ ਸੀ। ਉਥੇ ਵੀ ਮੈਂ ਛੇ-ਸੱਤ ਸਾਲ ਰਹਿ ਆਇਆ ਸਾਂ।

ਇਸ ਦੌਰਾਨ ਮੇਰੇ ਉੱਤੇ ਕਈ ਆਫ਼ਤਾਂ ਆ ਚੁੱਕੀਆਂ ਸਨ। ਮੇਰੀ ਪਹਿਲੀ ਪਤਨੀ ਮਰ ਗਈ। ਉਸ ਤੋਂ ਬਾਅਦ ਮੈਂ ਹੋਰ ਵਿਆਹ ਕਰਵਾ ਲਿਆ। ਮੇਰੀ ਮੌਜੂਦਾ ਪਤਨੀ ਕਿਸੇ ਦੂਜੇ ਸੂਬੇ ਦੀ ਹੈ। ਬੜੇ ਦੂਰ ਦੇ ਸੂਬੇ ਦੀ। ਖ਼ੈਰ ... ਹੁਣ ਤਾਂ ਸਭ ਬੀਤ ਗਿਆ ਹੈ। ਸਾਡਾ ਵਿਆਹ ਇੱਕ ਅਚਾਨਕ ਘਟਨਾ ਸੀ। ਨਾ ਤਾਂ ਇਹ ਪਿਆਰ-ਵਿਆਹ ਸੀ ਤੇ ਨਾ ਕੋਈ ਪਰੰਪਰਾ ਵਾਲਾ ਪ੍ਰਬੰਧਿਤ-ਵਿਆਹ। ਪਰ ਇਹਨਾਂ ਦੋਵਾਂ ਦਾ ਕੁੱਝ ਵਿਚ-ਵਿਚਾਲਾ ਜਿਹਾ। ਇਸ ਨੂੰ ਪਰਸਪਰ ਸਮਝ ਵਾਲਾ ਵਿਆਹ ਕਹਿ ਸਕਦੇ ਹਾਂ। ਪਰ ਉਹਨੀ ਦਿਨੀਂ ਮੇਰੇ ਆਲੇ-ਦੁਆਲੇ ਵਿੱਚ ਬੜੀਆਂ ਅਫ਼ਵਾਹਾਂ ਉੱਡੀਆਂ ਸਨ। ਕੋਈ ਕਹਿੰਦਾ ਸੀ-'ਕਿਧਰੋਂ ਇਹ ਕਿਸੇ ਕੁੜੀ ਨੂੰ ਭਜਾ ਕੇ ਲੈ ਆਇਐ।' ਕੋਈ ਆਖਦਾ-'ਇਹਨੇ ਇਹ ਮੁੱਲ ਦੀ ਲਿਆਂਦੀ ਐ।' ਕੋਈ ਅੰਦਾਜ਼ਾ ਲਾਉਂਦਾ ਤੇ ਐਲਾਨ ਕਰ ਦਿੰਦਾ-'ਛੁੱਟੜ ਜਾਂ ਵਿਧਵਾ ਹੋਣੀ ਐ, ਇਹਨੂੰ ਮਿਲ 'ਗੀ।'

ਉਹ ਦੁਖੀ ਹੁੰਦੀ ਆਖਦੀ-'ਸ਼ਾਇਦ ਆਪਾਂ ਤੋਂ ਕਿਧਰੇ ਗਲਤੀ ਹੋ ਗਈ। ਮੇਰੇ ਮਾਂ-ਬਾਪ ਨਜ਼ਦੀਕ ਹੁੰਦੇ ਤਾਂ ਸਾਡੇ ਘਰ ਦਾ ਕੋਈ ਨਾ ਕੋਈ ਕਦੇ ਮੈਨੂੰ ਮਿਲਣ ਆਉਂਦਾ। ਮੇਰੀਆਂ ਛੋਟੀਆਂ ਭੈਣਾਂ, ਮੇਰੇ ਭਾਈ, ਤਾਏ-ਚਾਚਿਆਂ ਦੇ ਮੁੰਡੇ ਆਉਂਦੇ। ਮਾਂ ਗੇੜਾ ਮਾਰਦੀ, ਬਾਪ ਕਦੇ ਆਉਂਦਾ ਤਾਂ ਮੈਨੂੰ ਕਾਹਨੂੰ ਸੁਣਨੀਆਂ ਪੈਂਦੀਆਂ ਇਹ ਗੱਲਾਂ।'

ਵਿਦਿਆ ਚਰਨ ਨਾਲ ਮੈਂ ਹੱਥ ਮਿਲਾਇਆ ਤੇ ਉਹਨੂੰ ਮਖ਼ੌਲ ਜਿਹੇ ਕਰਨ ਲੱਗਿਆ। ਮੈਂ ਉਹਨੂੰ ਕਹਿਣ ਹੀ ਲੱਗਿਆ ਸਾਂ ਕਿ ਉਹ ਰਿਕਸ਼ੇ ਤੋਂ ਥੱਲੇ ਉਤਰ ਆਵੇ ਤੇ ਮੇਰੇ ਨਾਲ ਸਕੂਲ ਚੱਲੇ, ਓਥੇ ਜਾ ਕੇ ਚਾਹ ਪੀਵਾਂਗੇ। ਪਰ ਰਿਕਸ਼ਾ ਵਿੱਚ ਉਹਦੇ ਇੱਕ ਪਾਸੇ ਬਸਾਖੀਆਂ ਪਈਆਂ ਦੇਖਕੇ ਮੈਂ ਚੁੱਪ ਹੋ ਗਿਆ। ਮੈਂ ਬਸਾਖੀਆਂ ਨੂੰ ਹੀ ਹੱਥ ਲਾਇਆ। ਉਹਨੇ ਆਪਣਾ ਯੰਤਰ ਕੰਨਾਂ ਨੂੰ ਲਾ ਲਿਆ। ਦੱਸਣ ਲੱਗਿਆ-'ਮੇਰੀਆਂ ਦੋਵੇਂ ਲੱਤਾਂ ਕੰਮ ਨ੍ਹੀ ਕਰਦੀਆਂ। ਇੱਕ ਤਾਂ ਜਮ੍ਹਾਂ ਈ ਖੜਗੀ। ਇਹ ਦੂਜੀ ਕੁੱਛ ਠੀਕ ਐ-ਬੱਸ ਧਰਤੀ 'ਤੇ ਲੱਗ ਜਾਂਦੀ ਐ। ਪਰ ਬਸਾਖੀਆਂ ਪੂਰਾ ਕੰਮ ਦਿੰਦੀਆਂ ਨੇ।' ਉਹਦੇ ਵੱਲ ਝਾਕ ਕੇ ਅੱਖਾਂ ਹੀ ਅੱਖਾਂ ਵਿੱਚ ਮੈਂ ਅਫ਼ਸੋਸ ਜ਼ਾਹਰ ਕੀਤਾ। ਫੇਰ ਪੁੱਛਿਆ-'ਕਾਰੋਬਾਰ ਦਾ ਕੀ ਹਾਲ ਐ?'

'ਦੁਕਾਨ ਦਾ ਕੰਮ ਬਹੁਤ ਵਧਾ ਲਿਆ ਸੀ ਮੈਂ। ਸਟੇਸ਼ਨਰੀ ਦੇ ਨਾਲ ਬਿਜਲੀ ਦਾ ਸਾਮਾਨ ਵੀ ਪਾ ਲਿਆ। ਦੁਕਾਨ 'ਤੇ ਹੁਣ ਦੋ ਨੌਕਰ ਕੰਮ ਕਰਦੇ ਨੇ। ਹੁਣ ਤਾਂ ਚੰਗੀ ਕਮਾਈ ਐ, ਮਾਸਟਰ ਜੀ।' 'ਚੰਗੀ ਸ਼ਬਦ ਉਹਨੇ ਜ਼ੋਰ ਦੇ ਕੇ ਬੋਲਿਆ। ਉਹ ਕਿਸੇ ਚਾਲਾਕ ਬਿੱਲੀ ਵਾਂਗ ਮੇਰੇ ਵੱਲ ਝਾਕ ਰਿਹਾ ਸੀ। ਉਹਦੀ ਨਜ਼ਰ ਵਿੱਚ ਥੋੜ੍ਹੀ ਗੁਸਤਾਖੀ ਵੀ ਦਿਸੀ ਮੈਨੂੰ। 'ਮੈਂ ਤਾਂ ਥੋਡੇ ਕੋਲ ਈ ਆਇਆਂ।' ਉਹਨੇ ਅਧੀਨਗੀ ਜਿਹੀ ਦਿਖਾਈ।

'ਹਾਂ, ਸੇਵਾ ਦੱਸ।' ਮੈਂ ਕਿਹਾ।

'ਤੁਸੀਂ ਹੋਰ ਸ਼ਾਦੀ ਕਰਵਾ ਲੀ?' ਉਹਨੇ ਰਿਕਸ਼ੇ ਵਿੱਚ ਬੈਠੇ ਹੀ ਗੱਲ ਛੇੜੀ।

'ਹਾਂ, ਉਹ ਤਾਂ ਕਈ ਸਾਲ ਹੋਗੇ। ਹੁਣ ਤਾਂ ਇੱਕ ਬੱਚਾ ਵੀ ਐ। ਉਹਦੇ ਕੋਲ। ਮੇਰੀ ਪਹਿਲੀ ਘਰ ਵਾਲੀ ਮਰ 'ਗੀ ਸੀ ਨਾ। ਫੇਰ ਇਹ ਸ਼ਾਦੀ ਕਰਾ ਲੀ ਸੀ। ਰੋਟੀ-ਟੁੱਕ ਦਾ ਬੜਾ ਔਖਾ ਸੀ।'

'ਮੈਂ ਸੁਣਿਆ, ਤੁਸੀਂ ਉਹਨੂੰ ਕਿਸੇ ਯਤੀਮ ਖਾਨਿਓਂ ਲਿਆਂਦਾ ਸੀ। ਵਿਦਿਆ ਚਰਨ ਦੀ ਗੱਲ ਉੱਤੇ ਪਹਿਲਾਂ ਤਾਂ ਮੈਨੂੰ ਹਾਸੀ ਆਈ, ਫੇਰ ਗੁੱਸਾ। ਤੇ ਮੈਂ ਤਿੜਕ ਕੇ ਉਹਨੂੰ ਕਿਹਾ- 'ਤੈਨੂੰ ਕੀਹਨੇ ਦੱਸਿਐ?'

'ਮੈਨੂੰ ਕਿਤੋਂ ਪਤਾ ਲੱਗਿਆ, ਏਸੇ ਕਰਕੇ ਤਾਂ ਮੈਂ ਆਇਆ ਥੋਡੇ ਕੋਲ, ਮਾਸਟਰ ਜੀ।' ਉਹ ਮੁਸਕਰਾ ਰਿਹਾ ਸੀ।

'ਨਾ, ਇਹ ਗੱਲ ਤੈਨੂੰ ਕਹੀ ਕੀਹਨੇ?' ਮੇਰੇ ਤਨ-ਬਦਨ ਨੂੰ ਅੱਗ ਲੱਗੀ ਹੋਈ ਸੀ। 'ਸਾਰੇ ਲੋਕ-ਪਹਿਲਾਂ ਤਾਂ ਕੋਈ ਮੁੱਲ ਦੀ ਕਹਿੰਦਾ ਸੀ, ਕੋਈ ਛੁੱਟੜ ਤੇ ਕੋਈ ਵਿਧਵਾ, ਹੁਣ ਇਹ ਕਿਸੇ ਨੂੰ ਯਤੀਮ ਖਾਨੇ ਦੀ ਬਣਾ ਧਰੀ, ਧੀ ਦੇ ਯਾਰ ਨੇ।'

ਖ਼ੈਰ .... ਮੈਨੂੰ ਵਿਦਿਆ ਚਰਨ ਦੀ ਅਗਲੀ ਗੱਲ ਜਾਣਨ ਦੀ ਉਤਸੁਕਤਾ ਸੀ।

'ਮੈਨੂੰ ਤਾਂ ਜੀ ਇੱਕ ਪੱਕੇ ਬੰਦੇ ਨੇ ਥੋਡੇ ਕੋਲ ਭੇਜਿਐ। ਮੈਂ ਕਿਹਾ-ਲਓ, ਉਹ ਮਾਸਟਰ ਜੀ ਤਾਂ ਆਪਣੇ ਮਿੱਤਰ-ਬੇਲੀ ਨੇ। ਸੱਚ ਪੁੱਛੇਂ, ਮੇਰੀ ਦੁਕਾਨ ਤਾਂ ਉਹਨਾਂ ਨੇ ਈ ਚਲਾਵਾਈ ਸੀ। ਮੈਨੂੰ ਐਨੀਆਂ ਚੰਗੀਆਂ-ਚੰਗੀਆਂ ਕਿਤਾਬਾਂ ਪੜ੍ਹਨ ਨੂੰ ਦਿੰਦੇ ਹੁੰਦੇ। ਮੈਂ ਤਾਂ ਉਹਨਾਂ ਦਾ ਗੁਣ ਨ੍ਹੀ ਭੁਲਾ ਸਕਦਾ। ਹੈਂ ਜੀ। ਉਹਦਾ ਸਾਰਾ ਸਰੀਰ ਜਿਵੇਂ ਪੰਘਰਿਆਂ ਪਿਆ ਹੋਵੇ। ਫੇਰ ਉਹ ਅੱਧ ਕੁ ਦਾ ਹੋ ਕੇ ਕਹਿਣ ਲੱਗਿਆ-'ਓਥੇ ਮੈਨੂੰ ਲੈ ਚੱਲੋ, ਮਾਸਟਰ ਜੀ।'

'ਕਿੱਥੇ?'

'ਓਸ ਯਤੀਮ ਖਾਨੇ। ਤੁਸੀਂ ਤਾਂ ਸਭ ਵਾਕਫ ਓਂ। ਮੈਂ ਪੈਸੇ ਖਰਚ ਕਰ ਸਕਦਾਂ। ਮੇਰੇ ਕੋਲ ਦਸ ਹਜ਼ਾਰ ਰੁਪਈਆਂ ਤਾਂ ਜਮ੍ਹਾ ਕੀਤਾ ਹੋਇਐ, ਬੈਂਕ 'ਚ ਪਿਐ। ਆਪਾਂ ਪੂਰਾ ਖਰਚ ਕਰ ਸਕਦੇ ਆਂ, ਮਾਸਟਰ ਜੀ। ਐਸੀ ਗੱਲ ਨ੍ਹੀਂ।

ਵਿਦਿਆ ਚਰਨ ਦੀ ਉਮਰ ਮੈਂ ਕਦੇ ਪੁੱਛੀ ਨਹੀਂ ਸੀ। ਪਰ ਦੇਖਣ ਤੋਂ ਹੁਣ ਉਹ ਮੈਨੂੰ ਲੱਗਦਾ ਸੀ, ਪੰਤਾਲੀ ਤੋਂ ਪੰਜਾਹ ਦੇ ਵਿਚਕਾਰ ਜ਼ਰੂਰ ਹੋਵੇਗਾ। ਉਹਦੇ ਕੰਨ ਬੰਦ ਸਨ। ਲੱਤਾਂ ਖੜ੍ਹ ਚੁੱਕੀਆਂ ਸਨ। ਬੰਦਾ ਨਾ ਬੰਦੇ ਦੀ ਸ਼ਕਲ। ਬਾਂਦਰ ਨਿਰਾ। ਪਹਿਲਾਂ ਮੈਨੂੰ ਉਹਦੀ ਏਸ ਗੱਲ ਉੱਤੇ ਗੁੱਸਾ ਆਇਆ-ਸਾਲਾ ਦੇਖ, ਇਹ ਵੀ ਹੁਣ ਤੀਮੀਂ ਭਾਲਦੈ।' ਫੇਰ ਤਰਸ-'ਇੱਕ ਬੱਸ ਤੀਮੀਂ ਦੀ ਭੁੱਖ ਬਾਕੀ ਰਹਿ 'ਗੀ ਵਿਚਾਰੇ ਨੂੰ।'

ਮੈਂ ਉਹਨੂੰ ਪਿਆਰ ਨਾਲ ਸਮਝਾਇਆ-'ਵਿਦਿਆ ਚਰਨ ਸੇਠ, 'ਤੈਨੂੰ ਕਿਸੇ ਨੇ ਗਲਤ ਆਖਿਐ। ਕਿਸੇ ਨੇ ਮਜ਼ਾਕ ਕੀਤਾ ਹੋਣੈ। ਮੈਂ ਕਿਸੇ ਯਤੀਮਖਾਨੇ ਨੂੰ ਨ੍ਹੀ ਜਾਣਦਾ, ਮੇਰੀ ਇਸ ਘਰ ਵਾਲੀ ਦੇ ਮਾਂ-ਬਾਪ, ਭੈਣ-ਭਰਾ ਰਿਸ਼ਤੇਦਾਰ ਸਭ ਨੇ।' ਮੈਂ ਉਹਨੂੰ ਕਹਿਣਾ ਚਾਹੁੰਦਾ ਸਾਂ-'ਤੀਮੀਂ ਜਿਹੜੀ ਕੋਈ ਤੂੰ ਲਿਆਉਣ ਚਾਹੁਨੈ, ਕੀ ਕਰੂਗੀ ਉਹ ਤੇਰਾ?' ਪਰ ਇਹ ਮੈਂ ਆਖਿਆ ਨਹੀਂ। ਮੈਂ ਉਹਨੂੰ ਚਾਹ ਦੀ ਫੋਕੀ ਸੁਲਾਹ ਮਾਰੀ।

'ਨਹੀਂ ਮਾਸਟਰ ਜੀ, ਮਿਹਰਬਾਨੀ।'

ਮੇਰੇ ਵੱਲ ਝਾਕੇ ਬਗ਼ੈਰ ਉਹਨੇ ਰਿਕਸ਼ੇ ਵਾਲੇ ਨੂੰ ਕਿਹਾ ਕਿ ਉਹ ਰਿਕਸ਼ਾ ਪਿਛਾਂਹ ਮੋੜ ਲਵੇ।♦