ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਬਹੁਤਾ ਬੋਲਣ ਵਾਲੀ

ਬਹੁਤਾ ਬੋਲਣ ਵਾਲੀ

ਉਸ ਦਿਨ ਆਪਣੇ ਇੱਕ ਦੋਸਤ ਨੂੰ ਦੁਪਹਿਰ ਦੀ ਗੱਡੀ ਚੜ੍ਹਾਉਣ ਗਿਆ ਹੋਇਆ ਸਾਂ। ਗੱਡੀ ਆਉਣ ਤੋਂ ਅੱਧਾਂ ਘੰਟਾ ਪਹਿਲਾਂ ਅਸੀਂ ਓਥੇ ਪਹੁੰਚ ਗਏ। ਟਿਕਟ ਲਈ ਤੇ ਪਲੇਟ ਫਾਰਮ 'ਤੇ ਏਧਰੋਂ ਓਧਰ ਤੇ ਓਧਰੋਂ ਏਧਰ ਗੇੜੇ ਕੱਢ ਰਹੇ ਸਾਂ। ਨਾਲ ਦੀ ਨਾਲ ਗੱਲਾਂ ਵੀ ਚੱਲ ਰਹੀਆਂ ਸਨ। ਇੱਕ ਗੇੜਾ ਲਾਉਂਦੇ ਤਾਂ ਦੂਜੇ ਨੂੰ ਪਲੇਟਫਾਰਮ 'ਤੇ ਨਵੇਂ ਚਿਹਰਿਆਂ ਦਾ ਵਾਧਾ ਹੋ ਜਾਂਦਾ।

ਗੋਡੇ ਉੱਤੋਂ ਦੀ ਲੱਤ ਕੱਢ ਕੇ ਉਹ ਲੱਕੜ ਦੇ ਬੈਂਚ 'ਤੇ ਢੋਹ ਲਾਈ ਬੈਠੀ ਸੀ ਤੇ ਉਤਲੀ ਲੱਤ ਵਾਲੇ ਪੈਰ ਦੀ ਜੁੱਤੀ ਨੂੰ ਬੇ-ਫ਼ਾਇਦਾ ਜਿਹਾ ਹਿਲਾ ਰਹੀ ਸੀ। ਜੁੱਤੀ ਵੱਲ ਕਦੇ ਕਦੇ ਗਹੁ ਨਾਲ ਵੇਖਦੀ ਸੀ। ਮੈਂ ਉਸ ਵੱਲ ਝਾਕਿਆ ਤਾਂ ਉਹ ਖੜ੍ਹੀ ਹੋ ਗਈ। ਮੈਨੂੰ ਭੁਲੇਖਾ ਪਿਆ ਜਿਵੇਂ ਉਹ ਮੈਨੂੰ ਜਾਣਦੀ ਹੋਵੇ। ਦੂਜੀ ਵਾਰ ਮੈਂ ਪਲਕਾਂ ਉਠਾਈਆਂ ਤਾਂ ਮੈਨੂੰ ਲੱਗਿਆ ਜਿਵੇਂ ਮੈਂ ਉਸਨੂੰ ਪਹਿਲਾਂ ਵੀ ਕਦੇ ਦੇਖਿਆ ਹੋਵੇ। ਇੱਕ ਛਿਣ ਮੈਂ ਸੋਚਿਆ, ਕੌਣ ਹੋਈ ਇਹ ਕੁੜੀ? ਮੇਰੇ ਦਿਮਾਗ਼ ਨੇ ਕੋਈ ਵੀ ਗਵਾਹੀ ਨਾ ਦਿੱਤੀ। ਐਨੇ ਚਿਰ ਨੂੰ ਅਸੀਂ ਉਸ ਦੇ ਕੁਝ ਨਜ਼ਦੀਕ ਚਲੇ ਗਏ। ਉਹ ਵੀ ਬੈਂਚ ਤੋਂ ਇੱਕ ਦੋ ਕਦਮ ਅਗਾਂਹ ਹੋ ਕੇ ਸਾਡੇ ਵੱਲ ਹੀ ਅਹੁਲੀ ਹੋਈ ਸੀ। ਉਸ ਵੱਲ ਫਿਰ ਦੇਖਿਆ ਤਾਂ ਉਸ ਨੇ ਮੁਸਕਰਾ ਕੇ ਮੈਨੂੰ 'ਸਤਿ ਸ੍ਰੀ ਅਕਾਲ' ਕਹੀ। ਮੇਰੇ ਦੋਸਤ ਨੂੰ ਵੀ। 'ਸਤਿ ਸ੍ਰੀ ਅਕਾਲ' ਮੰਨ ਕੇ ਮੈਂ ਥਾਏਂ ਖੜ੍ਹ ਗਿਆ ਤੇ ਉਸ ਵੱਲ ਗਹੁ ਨਾਲ ਵੇਖਣ ਲੱਗਿਆ। ਮੈਥੋਂ ਤਾਂ ਕੁਝ ਵੀ ਨਹੀਂ ਸੀ ਬੋਲਿਆ ਜਾ ਰਿਹਾ। ਉਹ ਸ਼ਾਇਦ ਭਾਂਪ ਵੀ ਗਈ ਕਿ ਮੈਂ ਉਸ ਨੂੰ ਪਹਿਚਾਣ ਨਹੀਂ ਸਕਿਆ।

'ਸਿਆਣਿਆ ਨੀ, ਮਾਸਟਰ ਜੀ ਮੈਨੂੰ?'

'ਕੁੜੀਏ, ਸਿਆਣਦਾ ਤਾਂ ਹਾਂ, ਪਰ ਨਾਂਅ ਭੁੱਲ ਗਿਆ ਤੇਰਾ।' ਮੈਂ ਕਿਹਾ ਤੇ ਬਨਾਵਟੀ ਜਿਹੀ ਮੁਸਕਰਾਹਟ ਚਿਹਰੇ 'ਤੇ ਲਿਆਂਦੀ।

'ਨਹੀਂ, ਮਾਸਟਰ ਜੀ, ਸਿਆਣਿਆ ਵੀ ਨੀ।' ਚੁੰਨੀ ਦੇ ਲੜ ਨੂੰ ਮੋਢੇ ਉੱਤੋਂ ਦੀ ਪਿੱਠ ਵੱਲ ਸੁੱਟ ਕੇ ਉਹ ਖੁੱਲ੍ਹ ਕੇ ਹੱਸੀ। ਉਸ ਦੀ ਇਸ ਤਰ੍ਹਾਂ ਦੀ ਹਾਸੀ ਤੋਂ ਮੈਨੂੰ ਥੋੜ੍ਹੀ ਜਿਹੀ ਕੋਈ ਸਮਝ ਪਈ, ਪਰ ਮੇਰੇ ਦਿਲ ਉੱਤੇ ਫਿਰਦੀ ਕਿਸੇ ਕੁੜੀ ਦੀ ਨੁਹਾਰ ਫਿਰ ਉੱਤਰ ਗਈ। ਕੁਝ ਪਤਾ ਨਾ ਲੱਗੇ।

'ਦੇਖਿਆ ਤਾਂ ਹੈ...ਕਿਤੇ.... ਉਂ। ਮੈਂ ਆਪਣੀ ਦਾੜ੍ਹੀ ਨੂੰ ਖੁਰਚਣਾ ਸ਼ੁਰੂ ਕੀਤਾ। ਮੈਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਉਹ ਕੁੜੀ ਕੌਣ ਹੈ। ਐਨਾ ਕੁ ਹੀ ਅਹਿਸਾਸ ਸੀ ਕਿ ਮੈਂ ਉਸ ਨੂੰ ਕਿਤੇ ਦੇਖਿਆ ਹੋਇਆ ਜ਼ਰੂਰ ਹੈ। ਉਸ ਦੇ 'ਮਾਸਟਰ ਜੀ' ਕਹਿ ਕੇ ਬੁਲਾਉਣ ਤੋਂ ਇਹ ਤਾਂ ਸ਼ਾਇਦ ਸਾਫ਼ ਹੀ ਸੀ ਕਿ ਉਹ ਕਿਸੇ ਸਕੂਲ ਵਿੱਚ ਮੇਰੀ ਸਟਡੈਂਟ ਰਹੀ ਹੋਵੇਗੀ। ਮੇਰਾ ਦੋਸਤ ਕਦੇ ਮੇਰੇ ਵੱਲ ਤੇ ਕਦੇ ਉਸ ਕੁੜੀ ਵੱਲ ਤੱਕ ਰਿਹਾ ਸੀ। ਮੇਰੇ ਵੱਲ ਦੇਖ ਕੇ ਉਹ ਦੋ ਵਾਰੀ ਹੱਸਿਆ ਵੀ।

'ਬੱਸ ਮਾਸਟਰ ਜੀ, ਐਡੀ ਛੇਤੀ ਭੁੱਲ 'ਗੇ?' ਕਹਿ ਕੇ ਉਸ ਨੇ ਮੈਨੂੰ ਨਿਮੋਝੂਣਾ ਕਰ ਦਿੱਤਾ। ਕਦੇ ਮੈਂ ਉਹਦੇ ਚਿਹਰੇ ਵੱਲ ਝਾਕ ਲੈਂਦਾ, ਕਦੇ ਧਰਤੀ ਵੱਲ ਤੇ ਕਦੇ ਆਪਦੇ ਦੋਸਤ ਵੱਲ। ਪਰ ਬਹੁਤੀ ਨਿਗਾਹ ਮੇਰੀ ਧਰਤੀ ਉੱਤੇ ਹੀ ਗੱਡੀ ਹੋਈ ਸੀ। ਦਿਮਾਗ ਉੱਤੇ ਜ਼ੋਰ ਪੈ ਰਿਹਾ ਸੀ।

'ਮੈਂ ਕਰਨੈਲ ਆਂ, ਮਾਸਟਰ ਜੀ, ਕੈਲੋ।' ਤੇ ਫਿਰ ਉਸ ਨੇ ਪਿੰਡ ਦਾ ਨਾਉਂ ਲਿਆ ਜਿੱਥੋਂ ਦੇ ਹਾਈ ਸਕੂਲ ਵਿੱਚ ਉਹ ਮੇਰੀ ਸਟੂਡੈਂਟ ਰਹੀ ਸੀ।

'ਅੱਛਾ, ਅੱਛਾ' ਕਹਿ ਕੇ ਮੈਂ ਉਸ ਵੱਲ ਵਧਿਆ ਤੇ ਪਿਆਰ ਨਾਲ ਉਸ ਦੇ ਸਿਰ ਉੱਤੇ ਹੱਥ ਧਰਿਆ। ਪਰ੍ਹੇ ਖੇਡਦਾ ਢਾਈ ਕੁ ਸਾਲ ਦਾ ਉਹਦਾ ਮੁੰਡਾ ਉਹਦੀਆਂ ਲੱਤਾਂ ਨੂੰ ਆ ਚਿੰਬੜਿਆ। ਮੁੰਡੇ ਨੂੰ ਗੋਦੀ ਚੁੱਕ ਕੇ ਮੈਂ ਚੁੰਮਿਆ। ਅਸੀਂ ਉਸੇ ਬੈਂਚ ਉੱਤੇ ਬੈਠ ਗਏ।

ਉਸ ਪਿੰਡ ਜਦ ਮੈਂ ਬਦਲ ਕੇ ਗਿਆ ਸਾਂ, ਕੈਲੋ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ। ਅੱਠਵੀਂ ਦਾ ਇੱਕ ਸਬਜੈਕਟ ਮੈਂ ਵੀ ਪੜ੍ਹਾਉਂਦਾ ਸਾਂ। ਹਾਈ ਸਕੂਲ ਕਈ ਸਾਲਾਂ ਤੋਂ ਉਹ ਬਣਿਆ ਹੋਇਆ ਸੀ। ਪਿੰਡ ਵੀ ਕਾਫ਼ੀ ਵੱਡਾ ਸੀ। ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਮੁੰਡੇ ਕੁੜੀਆਂ ਵੀ ਓਥੇ ਪੜ੍ਹਦੇ ਸਨ। ਸੋ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਮੁੰਡਿਆਂ ਦੀ ਵੀ, ਕੁੜੀਆਂ ਦੀ ਵੀ। ਹਰ ਜਮਾਤ ਵਿੱਚ ਹੀ ਜਿੰਨੇ ਮੁੰਡੇ ਪੜ੍ਹਦੇ ਸਨ, ਉਨੀਆਂ ਹੀ ਕੁੜੀਆਂ। ਇਸ ਲਈ ਨਿਰੋਲ ਮੁੰਡੇ ਤੇ ਨਿਰੋਲ ਕੁੜੀਆਂ ਦੀਆਂ ਸੈਕਸ਼ਨਾਂ ਅਲੱਗ-ਅਲੱਗ ਸਨ। ਮੈਂ ਅੱਠਵੀਂ ਜਮਾਤ ਦੀਆਂ ਕੁੜੀਆਂ ਦੀ ਸੈਕਸ਼ਨ ਨੂੰ ਪੜ੍ਹਾਉਂਦਾ। ਕੈਲੋਂ ਬਹੁਤ ਸ਼ਰਾਰਤੀ ਲੜਕੀ ਸੀ। ਸਾਰੀਆਂ ਕੁੜੀਆਂ ਨਾਲੋਂ ਹੀ ਵੱਧ ਸ਼ਰਾਰਤਣ। ਦਿਨ ਵਿੱਚ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਉਹ ਕੜੀਆਂ ਨਾਲ ਲੜਦੀ। ਜਮਾਤ ਵਿੱਚ ਟੀਚਰ ਵੀ ਜੇ ਬੈਠਾ ਹੁੰਦਾ ਤਾਂ ਵੀ ਉਹ ਟੱਪਦੀ ਰਹਿੰਦੀ। ਇੱਕ ਥਾਂ ਟਿਕ ਕੇ ਹੀ ਨਾ ਬੈਠਦੀ। ਕਦੇ ਔਸ ਕੁੜੀ ਕੋਲ, ਕਦੇ ਔਸ ਕੋਲ। ਕਦੀ ਇਸ ਖੂੰਜੇ, ਕਦੀ ਉਸ ਖੂੰਜੇ। ਪਰ ਪੜ੍ਹਨ 'ਚ ਬੜੀ ਹੁਸ਼ਿਆਰ। ਇਮਿਤਿਹਾਨ ਹੋਇਆ, ਨਤੀਜਾ ਨਿੱਕਲਿਆ, ਕੈਲੋ ਸਾਰੀ ਜਮਾਤ ਵਿਚੋਂ ਫਸਟ ਆਈ।

ਉਨ੍ਹਾਂ ਦਿਨਾਂ ਵਿੱਚ ਵਿਦਿਆਰਥੀਆਂ ਨੂੰ 'ਬੱਚੂ' ਕਹਿ ਕੇ ਬੁਲਾਉਣ ਦੀ ਮੈਨੂੰ ਆਦਤ ਸੀ। 'ਬੱਚੂ' ਸ਼ਬਦ ਮੇਰੇ ਮੂੰਹ ਚੜ੍ਹਿਆ ਹੋਇਆ ਸੀ। ਕੋਈ ਹੋਵੇ, ਮੁੰਡਾ ਹੋਵੇ ਕੁੜੀ ਹੋਵੇ, ਮੇਰੀ ਜ਼ਬਾਨੋਂ 'ਬੱਚੂ' ਹੀ ਨਿੱਕਲਦਾ। ਓਦੋਂ ਤਾਂ ਮੇਰੀ ਉਮਰ ਵੀ ਤੀਹਾਂ ਤੋਂ ਥੱਲੇ ਸੀ। ਸੋ ਜਦ ਮੈਂ ਕਿਸੇ ਵੱਡੇ ਮੁੰਡੇ ਜਾਂ ਕੁੜੀ ਨੂੰ 'ਬੱਚੂ' ਕਹਿੰਦਾ ਤਾਂ ਉਹਨਾਂ ਦਾ ਹਾਸਾ ਨਿਕਲ ਜਾਂਦਾ। ਕੈਲੋ ਆਕੜਦੀ 'ਮੈਨੂੰ ਨਾ ਕਹਿਆ ਕਰੋਂ ਬੱਚੂ ਬੱਚੂ, ਬੱਸ ਸਿੱਧਾ ਨਾ ਲਿਆ ਕਰੋ।'

'ਚੰਗਾ ਪੁੱਤ, ਆਪ ਦੇ ਨੰਬਰ 'ਤੇ ਜਾ ਕੇ ਬੈਠ।' ਮੈਂ ਸਗੋਂ ਹੋਰ ਚਿੜ੍ਹਾਉਂਦਾ।

'ਹਾਏ ਰੱਬਾ' ਕਹਿ ਕੇ ਉਹ ਰੋਣ ਵਰਗਾ ਮੂੰਹ ਬਣਾਉਂਦੀ ਤੇ ਆਪਣੀ ਸੀਟ 'ਤੇ ਜਾ ਕੇ ਗੋਡਿਆਂ ਵਿਚਾਲੇ ਸਿਰ ਦੇ ਬੈਠ ਜਾਂਦੀ। ਫਿਰ ਤਾਂ ਉਹ ਬੋਲੇ ਕੰਧ ਬੋਲੇ। ਪਰ ਚਾਣਚੱਕ ਹੀ ਉਹ ਫਿਰ ਖੜ੍ਹੀ ਹੋ ਜਾਂਦੀ ਤੇ ਕਹਿੰਦੀ-'ਜੇ ਥੋਨੂੰ ਕਹੇ ਕੋਈ ਪੁੱਤ?' ਇਸ ਵੇਲੇ ਮੈਨੂੰ ਗੁੱਸਾ ਆਉਂਦਾ। ਮੈਂ ਕੜਕ ਕੇ ਬੋਲਦਾ-'ਚੁੱਪ ਕਰਕੇ ਬੈਠੀ ਰਹਿ, ਵੱਡੀ ਆਗੀ ਇਹ ਬਹੁਤਾ ਬੋਲਣ ਵਾਲੀ ਤੇ ਫਿਰ ਸ਼ਾਂਤੀ ਬੀਤ ਜਾਂਦੀ। ਨਿੱਤ ਦੀ ਤਰ੍ਹਾਂ ਜਮਾਤ ਦਾ ਕੰਮ ਹੋਣ ਲੱਗਦਾ।

ਇੱਕ ਦਿਨ ਮੈਂ ਜਮਾਤ ਵਿੱਚ ਦੇਰ ਨਾਲ ਪਹੁੰਚਿਆ। ਕੈਲੋ ਕੁਰਸੀ ਉੱਤੇ ਬੈਠੀ ਸਾਰੀਆਂ ਕੁੜੀਆਂ ਨੂੰ ਡੰਡਾ ਦਿਖਾ ਕੇ ਡਾਂਟ ਰਹੀ ਸੀ। ਮੈਨੂੰ ਦੇਖਣ ਸਾਰ ਉਹ ਕੁਰਸੀ ਤੋਂ ਉੱਠ ਕੇ ਆਪਣੀ ਸੀਟ ਵੱਲ ਭੱਜੀ। ਕੁੜੀਆਂ ਹੱਸਣ ਲੱਗੀਆਂ।

'ਕੁਰਸੀ 'ਤੇ ਬੈਠਣ ਦਾ ਕੀ ਮਤਲਬ ਸੀ ਤੇਰਾ?' ਮੈਂ ਤਾੜ ਕੇ ਪੁੱਛਿਆ।

'ਫੇਰ ਕੀ ਹੋ ਗਿਆ, ਮਾਸਟਰ ਜੀ, ਕੁਰਸੀ ਨੀ ਦੇਖੀ ਕਦੇ।' ਉਹ ਭੱਜ ਕੇ ਪਈ। ਮੈਂ ਚੁੱਪ ਕਰ ਗਿਆ। ਪਰ ਕੈਲੋ ਨੂੰ ਮੈਂ ਫਿਰ ਪੰਦਰਾਂ ਦਿਨ ਉੱਕਾ ਹੀ ਨਾ ਬੁਲਾਇਆ। ਉਸ ਨੇ ਵੀ ਮੈਨੂੰ ਨਹੀਂ ਬੁਲਾਇਆ। ਇੱਕ ਦਿਨ ਫਿਰ ਉਹ ਇੱਕ ਪੀਚੀ ਜਿਹੀ ਕੁੜੀ ਨੂੰ ਨਾਲ ਲੈ ਕੇ ਮੇਰੇ ਕੋਲ ਆਈ ਤੇ ਅੱਖਾਂ ਵਿੱਚ ਪਾਣੀ ਭਰਕੇ ਆਖਿਆ 'ਮਾਸਟਰ ਜੀ, ਮਾਫ਼ ਕਰ ਦਿਓ ਮੈਨੂੰ।' ਮੇਰੀ ਹਾਸੀ ਨਿਕਲ ਗਈ। ਉਹ ਹੱਸ ਕੇ ਦੌੜ ਗਈ।

ਉਸ ਪਿੰਡ, ਜਿਸ ਮਕਾਨ ਵਿੱਚ ਅਸੀਂ ਕਿਰਾਏ 'ਤੇ ਰਹਿੰਦੇ ਹੁੰਦੇ, ਸਾਡੇ ਨੇੜੇ ਹੀ ਕੈਲੋ ਦਾ ਘਰ ਸੀ। ਉਹ ਤੇ ਹੋਰ ਕੁੜੀਆਂ, ਮੇਰੀ ਘਰ ਵਾਲੀ ਕੋਲ ਆਉਣ ਲੱਗ ਪਈਆਂ। ਉਦੋਂ ਆਉਂਦੀਆਂ, ਜਦ ਮੈਂ ਘਰ ਨਹੀਂ ਸੀ ਹੁੰਦਾ। ਉਹਨਾਂ ਦੇ ਬੈਠੀਆਂ ਅਤੇ ਮੜ੍ਹੱਕ ਮੜ੍ਹੱਕ ਗੱਲਾਂ ਮਾਰਦੀਆਂ 'ਤੇ ਜੇ ਕਦੇ ਮੈਂ ਆ ਜਾਂਦਾ ਤਾਂ ਉਹ ਓਸੇ ਵੇਲੇ ਭੱਜ ਜਾਂਦੀਆ। ਮੈਂ ਹੈਰਾਨ ਸਾਂ ਕਿ ਉਹ ਮੇਰੇ ਹੁੰਦੇ ਸਾਡੇ ਘਰ ਕਿਉਂ ਨਹੀਂ ਆਉਂਦੀਆਂ? ਤੇ ਜਦ ਮੈਂ ਆਉਂਦਾ ਹਾਂ, ਉਹ ਭੱਜ ਕਿਉਂ ਜਾਂਦੀਆਂ ਨੇ? ਸਕੂਲ ਵਿੱਚ ਤਾਂ ਉਹ ਮੇਰੇ ਨਾਲ ਬਥੇਰਾ ਮਗਜ਼ ਮਾਰ ਲੈਂਦੀਆਂ ਨੇ, ਮੇਰੀ ਘਰ ਵਾਲੀ ਦੇ ਸਾਹਮਣੇ ਮੈਥੋਂ ਪਾਸਾ ਵੱਟਦੀਆਂ ਨੇ? ਆਪਣੀ ਘਰ ਵਾਲੀ ਤੋਂ ਵੀ ਕਦੇ ਕਦੇ ਮੈਂ ਪੁੱਛਦਾ ਕਿ ਉਹ ਮੈਥੋਂ ਐਨਾ ਕਿਉਂ ਸੰਗਦੀਆਂ ਨੇ? ਘਰ ਵਾਲੀ ਇਹ ਕਹਿ ਕੇ ਮੈਨੂੰ ਚੁੱਪ ਕਰਾ ਦਿੰਦੀ-'ਸ਼ਰਮ ਹਜ਼ੂਰ ਨੇ।' ਜਿੰਨੀਆਂ ਗੱਲਾਂ ਵੀ ਉਹ ਕਰਕੇ ਜਾਂਦੀਆਂ ਇੱਕ ਇੱਕ ਕਰਕੇ ਸਾਰੀਆ ਘਰ ਵਾਲੀ ਮੈਨੂੰ ਦੱਸ ਦਿੰਦੀ। ਸਕੂਲ ਦੀਆਂ ਗੱਲਾਂ, ਪਿੰਡ ਦੀਆਂ ਗੱਲਾਂ, ਮੁੰਡਿਆਂ ਦੀਆਂ ਗੱਲਾਂ, ਕੁੜੀਆਂ ਦੀਆਂ ਗੱਲਾਂ।

ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਕੈਲੋ ਮੰਗੀ ਹੋਈ ਹੈ। ਕੈਲੋ ਦੀ ਭੂਆ ਆਪਣੇ ਦਿਉਰ ਨੂੰ ਕੈਲੋ ਦੀ ਵੱਡੀ ਭੈਣ ਦਾ ਸਾਕ ਲੈ ਗਈ ਸੀ। ਤੇ ਫਿਰ ਉਸ ਦੀ ਵੱਡੀ ਭੈਣ ਨੇ ਆਪਣੇ ਪ੍ਰਾਹੁਣੇ ਤੋਂ ਛੋਟੇ ਮੁੰਡੇ ਲਈ ਕੈਲੋ ਦਾ ਸਾਕ ਮੰਗ ਲਿਆ। ਕੈਲੋ ਜਦੋਂ ਮੰਗੀ ਗਈ ਉਦੋਂ ਉਹ ਦੂਜੀ ਜਾਂ ਤੀਜੀ ਜਮਾਤ ਵਿੱਚ ਪੜ੍ਹਦੀ ਸੀ। ਉਹਨਾਂ ਦੇ ਘਰ ਵਿੱਚ ਹੋਰ ਕੋਈ ਪੜ੍ਹਿਆ ਹੋਇਆ ਨਹੀਂ ਸੀ। ਹੁਣ ਜਦ ਉਹ ਨੌਵੀਂ ਜਮਾਤ 'ਚ ਪੜ੍ਹਦੀ ਸੀ ਤੇ ਖਾਸੀ ਉਡਾਰ ਸੀ, ਉਸ ਦੀਆਂ ਸਹੇਲੀਆਂ ਉਸ ਨੂੰ ਖਿਝਾਉਂਦੀਆਂ ਸਨ-'ਤੇਰਾ ਤਾਂ ਅਣਪੜ੍ਹ ਐ ਕੁੜੇ।'

ਘਰ ਵਾਲੀ ਨੇ ਮੈਨੂੰ ਦੱਸਿਆ, ਕੈਲੋ ਉਸ ਮੁੰਡੇ ਨਾਲ ਵਿਆਹ ਕਰਵਾ ਕੇ ਰਾਜ਼ੀ ਨਹੀਂ। ਕੀ ਹੋਇਆ ਜੇ ਚਾਰ ਡਲੇ ਵਾਹਣ ਦੇ ਨੇ ਕੋਲ, ਹੈ ਤਾਂ ਅਨਪੜ੍ਹ ਡੰਗਰ। ਆਪਣੀ ਮਾਂ ਨਾਲ ਲੜਦੀ ਰਹਿੰਦੀ ਹੈ। ਵੱਡੀ ਭੈਣ ਜਦ ਕਦੇ ਏਥੇ ਆਉਂਦੀ ਹੈ, ਕੈਲੋ ਉਸ ਨੂੰ ਤੇਰ੍ਹਵੀਆਂ ਸੁਣਾਉਂਦੀ ਹੈ। ਕਹਿੰਦੀ ਹੈ, 'ਅਨਪੜ੍ਹ ਫੂਕਣੈ ਮੈਂ। ਮੇਰੇ ਮਨ ਵਿੱਚ ਇੱਕ ਦਿਨ ਖਾਹਸ਼ ਉੱਠੀ, ਕੈਲੋ ਇਕੱਲੀ ਨੂੰ ਘਰ ਸੱਦਾਂ। ਥੋੜ੍ਹਾ ਜਿਹਾ ਉਸ ਨਾਲ ਖੁਲ੍ਹ ਕੇ, ਉਸਨੂੰ ਪੁੱਛਾਂ-'ਕੀ ਤੂੰ ਸੱਚੀਂ ਪੜ੍ਹੇ ਹੋਏ ਮੁੰਡੇ ਨਾਲ ਵਿਆਹ ਕਰਾਏਂਗੀ?' ਘਰ ਵਾਲੀ ਨੂੰ ਮੈਂ ਦੱਸਿਆ ਕਿ ਮੇਰੇ ਹੱਥ ਵਿੱਚ ਇੱਕ ਪੜ੍ਹਿਆ ਹੋਇਆ ਮੁੰਡਾ ਹੈ। ਪੱਕੀ ਸਰਕਾਰੀ ਨੌਕਰੀ 'ਤੇ ਲੱਗਿਆ ਹੋਇਆ ਹੈ। ਸੋਹਣਾ ਸੁਲੱਖਾ ਹੈ। ਚਾਹੁੰਦਾ ਹੈ, ਕੁੜੀ ਪੜ੍ਹੀ ਹੋਈ ਹੋਵੇ, ਪਰ ਹੋਵੇ ਸੁੰਦਰ। ਦੇਵੇ ਲਵੇਂ ਭਾਵੇਂ ਕੋਈ ਕੱਖ ਵੀ ਨਾ।

ਘਰ ਵਾਲੀ ਨੇ ਕੈਲੋ ਕੋਲ ਗੱਲ ਛੇੜੀ ਤੇ ਉਹ ਸਾਡੇ ਘਰ ਵੀ ਆ ਗਈ। ਮੈਂ ਹੈਰਾਨ ਸਾਂ ਕਿ ਨੌਵੀਂ ਜਮਾਤ ਵਿੱਚ ਪੜ੍ਹਦੀ ਕੁੜੀ ਕਿੰਨੀ ਦਲੇਰ ਹੈ। ਆਪਣੇ ਜੀਵਨ ਦਾ ਉਸ ਨੂੰ ਕਿੰਨਾ ਖ਼ਿਆਲ ਹੈ। ਉਸ ਦਿਨ ਤਾਂ ਉਹ ਬੜੀ ਹੀ ਸਾਊ ਜਿਹੀ ਲੱਗ ਰਹੀ ਸੀ। ਗੰਭੀਰ ਬਣੀ ਬੈਠੀ ਸੀ। ਸਕੂਲ ਵਾਲੀ ਕੈਲੋ ਤਾਂ ਉਹ ਹੈ ਹੀ ਨਹੀਂ ਸੀ। ਮੰਜੇ ਉੱਤੇ ਬੈਠੇ ਨੇ, ਅੰਦਰਲੇ ਕਮਰੇ ਦੀ ਦੇਹਲੀ ਉੱਤੇ ਬੈਠੀ ਕੈਲੋ ਵੱਲ ਝਾਕ ਕੇ ਮੈਂ ਕਿਹਾ-'ਆ 'ਗੀ ਕੈਲੋ?' ਉਸ ਨੇ ਪਰਲੇ ਪਾਸੇ ਮੂੰਹ ਫੇਰ ਲਿਆ। ਨਿੰਮ੍ਹਾ ਜਿਹਾ ਹੱਸੀ ਵੀ ਜਾਂ ਸ਼ਾਇਦ ਮੁਸਕਰਾਈ ਹੀ ਹੋਵੇ। ਪਰ ਮੈਨੂੰ ਚਾਂਦੀ ਦੇ ਨਿੱਕੇ-ਨਿੱਕੇ ਘੁੰਗਰੂ ਛਣਕਣ ਜਿਹੀ ਆਵਾਜ਼ ਸੁਣਾਈ ਜ਼ਰੂਰ ਦਿੱਤੀ। ਮੈਨੂੰ ਮੇਰਾ ਅੰਦਰਲਾ ਪਾਲਾ ਮਾਰ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਗੱਲ ਕਿਵੇਂ ਛੇੜਾਂ?

ਕੈਲੋ ਕੁਝ ਵੀ ਨਹੀਂ ਬੋਲੀ। ਮੇਰੀ ਘਰ ਵਾਲੀ ਗੱਲ ਕਹਿੰਦੀ ਤੇ ਮੈਂ ਹੁੰਗਾਰਾ ਭਰਦਾ। ਜਿਵੇਂ ਕੈਲੋ ਗੱਲ ਕਹਿੰਦੀ ਹੋਵੇ ਤੇ ਮੈਂ ਹੁੰਗਾਰਾ ਭਰਦਾ ਹੋਵਾਂ। ਮੈਂ ਕੋਈ ਗੱਲ ਕਹਿੰਦਾ ਤਾਂ ਮੇਰੀ ਘਰ ਵਾਲੀ ਹੁੰਗਾਰਾ ਭਰਦੀ ਜਿਵੇਂ ਮੈਂ ਕੋਈ ਗੱਲ ਕਹਿੰਦਾ ਹੋਵਾਂ ਤੇ ਕੈਲੋ ਹੁੰਗਾਰਾ ਭਰਦੀ ਹੋਵੇ। ਇਸ ਤਰ੍ਹਾਂ ਹੀ ਅਸੀਂ ਸਾਰੀਆਂ ਗੱਲਾਂ ਕਰ ਲਈਆਂ। ਜਦ ਮੈਂ ਬੋਲ ਰਿਹਾ ਹੁੰਦਾ, ਕੈਲੋ ਘਰ ਵਾਲੀ ਵੱਲ ਝਾਕ ਰਹੀ ਹੁੰਦੀ। ਜਦ ਮੇਰੀ ਘਰ ਵਾਲੀ ਬੋਲ ਰਹੀ ਹੁੰਦੀ ਤਾਂ ਕੈਲੋ ਮੇਰੇ ਵੱਲ ਝਾਕ ਰਹੀ ਹੁੰਦੀ।

'ਚੰਗਾ ਫੇਰ ਮੈਂ ਉਸ ਮੁੰਡੇ ਨਾਲ ਗੱਲ ਕਰੂੰਗਾ' ਅੰਤ ਵਿੱਚ ਮੈਂ ਕਿਹਾ। ਕੈਲੋ ਸਿਆਣੀ ਜਿਹੀ ਬਣੀ ਆਪਣੇ ਘਰ ਨੂੰ ਚਲੀ ਗਈ। ਉਸ ਦੇ ਜਾਣ ਪਿੱਛੋਂ ਅਸੀਂ ਡਰੇ, ਕਿਤੇ ਕੈਲੋ ਦੇ ਮਾਂ-ਪਿਓ ਇਸ ਗੱਲ ਨੂੰ ਬੁਰਾ ਨਾ ਮਨਾਉਣ।

ਇਸ ਤੋਂ ਬਾਅਦ ਕੈਲੋ ਸਾਡੇ ਘਰ ਨਹੀਂ ਸੀ ਆਉਂਦੀ। ਕਦੇ-ਕਦੇ ਆਉਂਦੀ। ਮੇਰੀ ਘਰ ਵਾਲੀ ਕੋਲ ਇਹੋ ਗੱਲ ਛੇੜਦੀ-'ਵਿਆਹ ਕਰੌਣੈ ਤਾਂ ਪੜ੍ਹੇ ਹੋਏ ਮੁੰਡੇ ਨਾਲ ਕਰੌਣੈ, ਨਹੀਂ ਤਾਂ ਕਰੌਣਾ ਨਹੀਂ। ਖੂਹ 'ਚ ਛਾਲ ਮਾਰਨੀ ਮੰਨਜ਼ੂਰ, ਅਣਪੜ੍ਹ ਦੇ ਮਗਰ ਨੀ ਲੱਗਣਾ।'

ਸਕੂਲ ਵਿੱਚ ਉਹ ਚੁੱਪ ਕੀਤੀ ਰਹਿੰਦੀ। ਹੁਣ ਮੈਂ ਹੈਰਾਨ ਇਸ ਗੱਲ ਤੋਂ ਹੁੰਦਾ ਕਿ ਪਹਿਲਾਂ ਵਾਲੀ ਕੈਲੋ ਉਹ ਕਿਉਂ ਨਹੀਂ ਰਹੀ। ਨਾ ਕਿਸੇ ਕੁੜੀ ਨਾਲ ਆਕੜਦੀ, ਨਾ ਚੂੰਢੀ ਵੱਢਦੀ। ਮੈਂ ਜਦ ਉਹਨਾਂ ਦੀ ਜਮਾਤ ਵਿੱਚ ਪੜ੍ਹਾਉਣ ਜਾਂਦਾ ਤਾਂ ਉਹ ਹੋਰ ਪਿਚਕ ਜਾਂਦੀ। ਸਕੂਲ 'ਚ ਉਹ ਮੇਰੇ ਨਾਲ ਗੱਲ ਵੀ ਕੋਈ ਨਾ ਕਰਦੀ, ਮੇਰੀ ਘਰ ਵਾਲੀ ਕੋਲ ਹੀ ਉਹ ਕਦੇ ਕਦੇ ਆਉਂਦੀ। ਜੋ ਕੁਝ ਉਹ ਕਹਿੰਦੀ ਮੇਰੀ ਘਰ ਵਾਲੀ ਮੈਨੂੰ ਦੱਸ ਦਿੰਦੀ। ਜੇ ਕੁਝ ਮੈਂ ਕਹਿੰਦਾ, ਮੇਰੀ ਘਰ ਵਾਲੀ ਕੈਲੋ ਨੂੰ ਦੱਸ ਦਿੰਦੀ। ਕੈਲੋ ਨੇ ਜਿਸ ਸਾਲ ਦਸਵੀਂ ਪਾਸ ਕੀਤੀ, ਮੇਰੀ ਬਦਲੀ ਕਿਸੇ ਹੋਰ ਪਿੰਡ ਦੀ ਹੋ ਗਈ।

ਅੱਜ ਉਹ ਦਸ ਜਾਂ ਸ਼ਾਇਦ ਗਿਆਰਾਂ ਸਾਲਾਂ ਬਾਅਦ ਮੈਨੂੰ ਮਿਲੀ ਸੀ।

ਉਹ ਕੈਲੋ ਤਾਂ ਇਹ ਹੈ ਹੀ ਨਹੀਂ ਸੀ। ਓਦੋਂ ਤਾਂ ਉਸ ਦਾ ਸਰੀਰ ਪਤਲਾ ਜਿਹਾ ਸੀ-ਨਿਰੀ ਛੱਮਕ ਦੀ ਛੱਮਕ। ਹੁਣ ਤਾਂ ਲੱਗਦਾ ਹੀ ਨਹੀਂ ਸੀ ਕਿ ਇਹ ਓਹੀ ਕੈਲੋ ਹੈ। ਇਸ ਦੀਆਂ ਤਾਂ ਭਾਵੇਂ ਤਿੰਨ ਕੈਲੋਆਂ ਬਣਾ ਲਵੇ ਕੋਈ। ਭਰਵਾਂ ਗੁੰਦਵਾਂ ਸਰੀਰ। ਗੱਲ੍ਹਾਂ 'ਤੇ ਚੜ੍ਹਿਆ ਹੋਇਆ ਮਾਸ। ਅੱਖਾਂ ਦੀ ਚਮਕ ਦਿਲ ਚੀਰਵੀਂ, ਕੱਦ ਵੀ ਜਿਵੇਂ ਓਦੋਂ ਨਾਲੋਂ ਗਿੱਠ ਉੱਚੀ ਹੋਵੇ। ਬੈਂਚ ਉੱਤੇ ਉਸ ਕੋਲ ਬੈਠਾ ਮੈਂ ਕਿੰਨਾ ਕੁਝ ਸੋਚ ਰਿਹਾ ਸਾਂ।

'ਅੱਜ ਭਾਈ, ਕਿਧਰੋਂ ਆਈ ਐਂ ਤੂੰ?' ਮੈਂ ਉਸਨੂੰ ਪੁੱਛਿਆ। ਨਾਲ ਦੀ ਨਾਲ ਮੈਂ ਸੋਚਿਆ, 'ਭਾਈਂ ਦੀ ਥਾਂ 'ਬੱਚੂ' ਕਹਿ ਦਿੰਦਾ-ਫਿਰ? ਪਰ ਨਹੀਂ। ਉਹ ਸਮਾਂ ਤਾਂ ਬਹੁਤ ਦੂਰ ਲੰਘ ਗਿਆ ਸੀ।

'ਪਿੰਡੋਂ, ਮਾਸਟਰ ਜੀ।' ਉਹਨੇ ਕਿਹਾ ਤੇ ਮੇਰੀ ਦਾੜ੍ਹੀ ਨੂੰ ਹੱਥ ਪਾ ਰਹੇ ਆਪਣੇ ਮੁੰਡੇ ਨੂੰ ਮੇਰੀ ਗੋਦੀ 'ਚੋਂ ਚੁੱਕ ਲਿਆ।

'ਹੁਣ?' ਮੇਰਾ ਭਾਵ ਸੀ ਕਿ ਉਹ ਗੱਡੀ ਚੜ੍ਹ ਕੇ ਕਿੱਥੇ ਨੂੰ ਜਾਵੇਗੀ?

ਪਟਿਆਲੇ, ਮਾਸਟਰ ਜੀ।'

ਫਿਰ ਉਸ ਨੇ ਮੇਰੀ ਘਰ ਵਾਲੀ ਦਾ ਹਾਲ ਚਾਲ ਪੁੱਛਿਆ ਤੇ ਫਿਰ ਸਾਡੇ ਮੁੰਡੇ ਦਾ ਤੇ ਉਸ ਤੋਂ ਛੋਟੀ ਕੁੜੀ ਦਾ। ਮੈਂ ਪੁੱਛਣਾ ਚਾਹਿਆ ਕਿ ਉਹ ਪਟਿਆਲੇ ਕਿਉ ਜਾ ਰਹੀ ਹੈ? ਮੇਰੇ ਮਨ ਵਿੱਚ ਆਪ ਹੀ ਜਵਾਬ ਆਇਆ ਕਿ ਪਟਿਆਲੇ ਉਹ ਵਿਆਹੀ ਹੋਈ ਹੋਵੇਗੀ। ਨਹੀਂ ਤਾਂ ਉਸ ਦਾ ਹਸਬੈਂਡ ਉੱਥੇ ਰਹਿੰਦਾ ਹੋਵੇਗਾ।

'ਨਾਲ ਕੌਣ ਐ?' ਮੈਂ ਪੁੱਛਿਆ।

'ਟਿਕਟ ਲੈਣ ਗਏ ਨੇ। ਰਸ਼ ਈ ਬੜਾ ਲੱਗਦੈ।'

ਮੈਂ ਉੱਠ ਕੇ ਦੇਖਿਆ, ਸਿਗਨਲ ਡਾਊਨ ਹੋ ਚੁੱਕਿਆ ਸੀ। ਮੇਰਾ ਦੋਸਤ ਤਾਂ ਮੁੱਢ ਤੋਂ ਹੀ ਨਹੀਂ ਸੀ ਬੋਲ ਰਿਹਾ। ਸ਼ਾਇਦ ਉਹ ਬੋਰ ਹੋ ਗਿਆ ਹੋਵੇ।

ਚਾਹ ਦੀ ਰੇੜ੍ਹੀ ਕੋਲ ਹੀ ਸੀ। ਨੇੜੇ ਜਾ ਕੇ ਰੇੜ੍ਹੀ ਵਾਲੇ ਨੂੰ ਮੈਂ ਹੌਲੀ ਦੇ ਕੇ ਸਮਝਾਇਆ ਕਿ ਉਹ ਚਾਰ ਕੱਪ ਚਾਹ ਕੇ ਵਧੀਆ ਜਿਹੇ-ਥੋੜ੍ਹੇ ਥੋੜ੍ਹੇ ਪਾਣੀ ਵਾਲੇ, ਹੁਣੇ ਬਣਾ ਕੇ ਦੇਵੇ। ਰੇੜ੍ਹੀ ਵਾਲੇ ਕੋਲ ਮੈਂ ਅਜੇ ਖੜ੍ਹਾ ਹੀ ਸਾਂ ਕਿ ਜਸਵੰਤ ਨੇ ਮੇਰੇ ਗੋਡੇ ਨੂੰ ਹੱਥ ਲਾ ਕੇ ਸਤਿ ਸ੍ਰੀ ਅਕਾਲ ਕਹੀ। ਮੈਂ ਉਸਨੂੰ ਜੱਫੀ ਪਾ ਲਈ। ਪੁੱਛਿਆ-ਕਿਥੇ ਹੁੰਨੈ ਬੱਚੂ ਹੁਣ?

'ਪਟਿਆਲੇ ਆਂ, ਗੁਰੂ ਜੀ, ਸਪੋਰਟਸ ਆਫੀਸਰ। ਆਓ ਕਦੇ, ਉਸਨੇ ਬੜੇ ਆਦਰ ਭਾਵ ਨਾਲ ਕਿਹਾ ਤੇ ਆਪਣੀ ਪੁਰਾਣੀ ਆਦਤ ਅਨੁਸਾਰ ਹੱਥ ਜੋੜੇ।

'ਹੱਛਾ ਜ਼ਰੂਰ ਆਵਾਂਗਾ।' ਮੈਂ ਕਿਹਾ, ਜਿਵੇਂ ਉਹਨੂੰ ਗਲੋਂ ਲਾਹੁਣਾ ਹੋਵੇ।

ਜਸਵੰਤ ਮੇਰਾ ਸਟੂਡੈਂਟ ਸੀ। ਦਸਵੀਂ ਪਾਸ ਕਰੀ ਨੂੰ ਤਾਂ ਉਸ ਨੂੰ ਦਸ ਬਾਰਾਂ ਸਾਲ ਹੋ ਗਏ ਸਨ। ਹੁਣ ਵੀ ਉਹ ਮੈਨੂੰ ਚਾਰ ਪੰਜ ਸਾਲਾਂ ਬਾਅਦ ਮਿਲਿਆ ਸੀ। ਇਸ ਤੋਂ ਪਹਿਲਾਂ ਉਹ ਉਦੋਂ ਮਿਲਿਆ ਜਦੋਂ ਉਹ ਮਦਰਾਸੋਂ ਡੀ.ਪੀ.ਈ. ਦਾ ਕੋਰਸ ਕਰ ਕੇ ਆਇਆ ਸੀ। 'ਆਓ, ਥੋਡੀ ਇੱਕ ਸਟੂਡੈਂਟ ਨੂੰ ਮਿਲਾਵਾਂ।' ਉਸ ਨੇ ਬੈਂਚ ਕੋਲ ਖੜ੍ਹੀ ਕੈਲੋ ਵੱਲ ਇਸ਼ਾਰਾ ਕੀਤਾ।

ਚਾਹ ਪੀਣ ਦੇ ਨਾਲ-ਨਾਲ ਗੱਲਾਂ ਵੀ ਕਰਦੇ ਰਹੇ। ਜਸਵੰਤ ਤੇ ਕੈਲੋ ਬਹੁਤ ਖ਼ੁਸ਼ ਸਨ। ਗੱਲ ਗੱਲ 'ਤੇ ਹੱਸਦੇ ਸਨ। ਹੱਸਣ ਵਾਲੀਆਂ ਗੱਲਾਂ ਕਰਕੇ ਮੈਨੂੰ ਤੇ ਮੇਰੇ ਦੋਸਤ ਨੂੰ ਵੀ ਹਸਾ ਰਹੇ ਸਨ। ਜਸਵੰਤ ਇੱਕ ਗੱਲ ਮੁਕਾਉਂਦਾ ਤਾਂ ਕੈਲੋ ਦੂਜੀ ਗੱਲ ਸ਼ੁਰੂ ਕਰ ਦਿੰਦੀ। ਮੈਨੂੰ ਤਾਂ ਉਹਨਾਂ ਨੇ ਬੋਲਣ ਦਾ ਮੌਕਾ ਬਹੁਤ ਹੀ ਘੱਟ ਦਿੱਤਾ।

ਆ ਰਹੀ ਗੱਡੀ ਦੀ ਆਵਾਜ਼ ਸੁਣ ਕੇ ਮੈਂ ਉਹਨਾਂ ਦੋਵਾਂ ਦੇ ਮੋਢਿਆਂ 'ਤੇ ਹੱਥ ਧਰੇ ਤੇ ਉਹਨਾਂ ਦੀ ਸੁੰਦਰ ਜੋੜੀ ਲਈ ਉਹਨੂੰ ਨੂੰ ਵਧਾਈ ਦਿੱਤੀ।

ਗੱਡੀ ਆਈ ਤਾਂ ਮੇਰਾ ਦੋਸਤ ਵੀ ਉਹਨਾਂ ਵਾਲੇ ਡੱਬੇ ਵਿੱਚ ਹੀ ਚੜ੍ਹ ਗਿਆ।♦