ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਛਾਤਾਬਾਜ਼

ਛਾਤਾਬਾਜ਼

ਕਸ਼ਮੀਰ ਵਿੱਚ ਭੜਕੀ ਪਾਕਿਸਤਾਨੀ ਅੱਗ ਹੁਣ ਪੰਜਾਬ ਦੀਆਂ ਹੱਦਾਂ 'ਤੇ ਅਸਮਾਨ ਛੂੰਹਦੀ ਲਾਟ ਬਣ ਚੁੱਕੀ ਸੀ। ਧੂੰਆਂ ਹੀ ਧੂੰਆਂ, ਪੈਰਾਂ ਵਿੱਚ ਕੁਝ ਨਹੀਂ ਦਿੱਸਦਾ, ਨਾ ਭਾਰਤੀਆਂ ਨੂੰ ਤੇ ਨਾ ਪਾਕਿਸਤਾਨੀਆਂ ਨੂੰ।

ਸਾਰੇ ਪਿੰਡ ਵਿੱਚ ਹੀ ਰਾਤ ਨੂੰ ਰੋਸ਼ਨੀ ਦੀ ਪੂਰੀ ਮਨਾਹੀ ਹੁੰਦੀ। ਲੜਾਈ ਜਿਵੇਂ ਘਰਾਂ ਵਿੱਚ ਆ ਪਹੁੰਚੀ ਸੀ। ਸਿਆਲਕੋਟ ਤੇ ਲਾਹੌਰ ਗਵਾਂਢੀ ਪਿੰਡਾਂ ਵਾਂਗ ਲੱਗਦੇ ਸਨ। ਪਾਕਿਸਤਾਨ ਦੇ ਛਾਤਾ ਫ਼ੌਜੀ ਧੜਾ-ਧੜ ਪੰਜਾਬ ਵਿੱਚ ਉੱਤਰ ਰਹੇ ਸਨ। ਇੱਲਾਂ ਵਾਂਗ ਸ਼ੂਕਦੀਆਂ ਛੱਤਰੀਆਂ ਉਨ੍ਹਾਂ ਦੇ ਹਵਾਈ ਜਹਾਜ਼ ਸਾਡੀ ਧਰਤੀ 'ਤੇ ਛੱਡ ਜਾਂਦੇ। ਸਾਰੇ ਪਿੰਡਾਂ ਵਿੱਚ ਹੀ ਹੌਲ ਜਿਹਾ ਪਿਆ ਹੋਇਆ ਸੀ। ਹਰ ਪਿੰਡ ਵਿੱਚ ਡਰ ਸੀ ਛਾਤਾਬਾਜ਼ ਪਤਾ ਨਹੀਂ ਕਦੋਂ ਆ ਉਤਰੇ ਜਾਂ ਕਦੋਂ ਆ ਕੇ ਪਿੰਡ ਨੂੰ ਕੋਈ ਨੁਕਸਾਨ ਕਰ ਜਾਏ। ਕਮਾਦ, ਮੱਕੀਆਂ ਤੇ ਕਪਾਹਾਂ ਵਿੱਚ ਉਹ ਲੁਕੇ ਹੋਏ ਸਨ। ਜਿੱਥੇ ਕੋਈ ਉਤਰਿਆ, ਉਥੇ ਹੀ ਵੜ ਗਿਆ। ਕਿੰਨੇ ਹੀ ਲੋਕਾਂ ਨੇ ਮਾਰ ਦਿੱਤੇ ਸਨ। ਕਿੰਨੇ ਹੀ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤੇ ਸਨ।

ਹਲਵਾਰਾ ਹਵਾਈ ਅੱਡੇ ਨੇੜੇ ਹੋਣ ਕਰਕੇ ਇਨ੍ਹਾਂ ਪਿੰਡਾਂ ਵਿੱਚ ਤਾਂ ਮੌਤ ਵਰਗੀ ਛਾਂ ਪਸਰੀ ਹੋਈ ਸੀ।

ਇਸ ਪਿੰਡ ਦੇ ਲੋਕਾਂ ਨੇ ਹਰ ਅਗਵਾੜ ਦੇ ਦੋ-ਦੋ ਬੰਦੇ ਰਾਤ ਨੂੰ ਫਲ੍ਹਿਆਂ ਵਰਗੇ ਪਹਿਰੇ ਬਿਠਾਏ ਹੋਏ ਸਨ ਤਾਂ ਕਿ ਪੂਰੀ ਕਰੜਾਈ ਰੱਖੀ ਜਾਵੇ। ਐਸੀ ਗੱਲ ਨਾ ਹੋਵੇ ਕਿ ਕੋਈ ਛਾਤਾਬਾਜ਼ ਬੰਬ ਆ ਕੇ ਸੁੱਟ ਜਾਵੇ ਤੇ ਅਮੀ ਜਮੀ ਵੱਸਦਾ ਪਿੰਡ ਸੁਆਹ ਦੀ ਢੇਰੀ ਬਣ ਜਾਵੇ।

ਏਸ ਅਗਵਾੜ ਦੇ ਪਹਿਰੇਦਾਰ ਪੰਜ ਛੇ ਦਿਨਾਂ ਤੋਂ ਫਲ੍ਹੇ ਵਾਰਗੇ ਖੁੰਡਾਂ 'ਤੇ ਬੈਠੇ ਦੂਰ ਟਿੱਬੀ 'ਤੇ ਇੱਕ ਛਾਂ ਜਿਹੀ ਦੇਖਦੇ ਤੇ ਫਿਰ ਉਹ ਛਾਂ ਕੁਝ ਚਿਰ ਠਹਿਰ ਕੇ ਅਲੋਪ ਹੋ ਜਾਂਦੀ। ਕਦੇ ਕਦੇ ਉਹ ਛਾਂ ਅੱਧਾ ਘੰਟਾ ਉਸ ਟਿੱਬੀ ਦੇ ਕਦੇ ਦਸ ਕਰਮਾਂ ਏਧਰ ਕਦੇ ਦਸ ਕਦਮਾਂ ਉੱਧਰ ਫਿਰਦੀ ਤੁਰਦੀ ਉਹ ਦੇਖਦੇ ਰਹਿੰਦੇ। ਚੰਦ ਦੀ ਮੱਧਮ ਚਾਨਣੀ ਵਿੱਚ ਉਹ ਛਾਂ ਇੱਕ ਤੁਰਦੀ ਫਿਰਦੀ ਮੱਕੀ ਦੀ ਪੂਲੀ ਜਿਹੀ ਲੱਗਦੀ। ਟਿੱਬੀ ਦੇ ਕੋਲ ਜਾਣ ਦੀ ਕਦੇ ਕਿਸੇ ਦੀ ਹਿੰਮਤ ਨਾ ਪਈ।

ਇੱਕ ਦਿਨ ਸੂਰਜ ਚੜ੍ਹਨ ਵੇਲੇ ਪਹਿਰੇਦਾਰਾਂ ਨੇ ਦੇਖਿਆ ਕਿ ਉਹ ਛਾਂ ਟਿੱਬੀ ਤੋਂ ਪਰੇ ਜਾਂਦੀ ਜਾਂਦੀ ਇੱਕ ਮੱਕੀ ਦੇ ਖੇਤ ਵਿੱਚ ਜਾ ਅਲੋਪ ਹੋ ਗਈ ਹੈ। ਪਹਿਰੇਦਾਰਾਂ ਦਾ ਰੌਲਾ ਸੁਣ ਕੇ ਉੱਥੋਂ ਕਈ ਆਦਮੀ ਇਕੱਠੇ ਹੋ ਗਏ। ਹੌਲੀ-ਹੌਲੀ ਸਾਰੇ ਪਿੰਡ ਵਿੱਚ ਹੀ ਚਬਾ ਚਬੀ ਸ਼ੁਰੂ ਹੋ ਗਈ- ‘ਕੁੰਢੇ ਦੇ ਖੇਤ ਮੱਕੀ ’ਚ ਬੰਦੇ ਦਾ ਸ਼ੱਕ ਐ।' ਪਲਾਂ ਵਿੱਚ ਹੀ ਉਸ ਅਗਵਾੜ ਦੀ ਸੱਥ ਵਿੱਚ ਇੱਕ ਇਕੱਠ ਬੱਝ ਗਿਆ। ਕਿਸੇ ਕੋਲ ਗੰਡਾਸਾ, ਕਿਸੇ ਕੋਲ ਗੰਧਾਲਾ ਤੇ ਕਈਆਂ ਕੋਲ ਸੋਟੀਆਂ। ਛੇ ਸੱਤ ਲਸੰਸੀਏ। ਜਾਣ ਸਾਰ ਉਨ੍ਹਾਂ ਨੇ ਕੁੰਢੇ ਕਾ ਮੱਕੀ ਦਾ ਸਾਰਾ ਖੇਤ ਘੇਰ ਲਿਆ, ਜਿਵੇਂ ਜੰਗਲੀ ਸੂਰ ਦਾ ਸਿਰ ਚਿੱਪਣਾ ਹੋਵੇ।

ਮੱਕੀ ਦੇ ਖੇਤ ਵਿੱਚ ਅੰਦਰ ਵੜਨ ਦਾ ਹੌਸਲਾ ਕਿਸੇ ਦਾ ਨਹੀਂ ਸੀ ਪੈਂਦਾ। ਬਾਹਰੋਂ ਲਲਕਾਰੇ ਵੱਜ ਰਹੇ ਸਨ। ਲਸੰਸੀਆਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਆਵਾਜ਼ਾਂ ਉੱਠੀਆਂ- ‘ਜੇ ਕੋਈ ਹੈ ਤਾਂ ਬਾਹਰ ਆ ਜਾ ਭਲੀ ਪਤ ਨਾਲ, ਨਹੀਂ ਤਾਂ ਵਿਚੇ ਭੁੰਨ ਦਿਆਂਗੇ।'

ਕੁਝ ਚਿਰ ਕੋਈ ਆਵਾਜ਼ ਨਾ ਆਈ। ਫੇਰ ਮੱਕੀ ਦੇ ਟਾਂਡੇ ਖੜਕਣ ਲੱਗੇ। ਬਾਹਰਲਾ ਸਾਰਾ ਇਕੱਠ ਮੂੰਹ ਵਿੱਚ ਉਂਗਲਾਂ ਪਾਉਣ ਲੱਗਿਆ, ਜਦੋਂ ਰਾਈਫ਼ਲ ਉਨ੍ਹਾਂ ਨੇ ਮੱਕੀ ਦੇ ਇੱਕ ਕਿਆਰੇ ਵਿੱਚ ਉਤਾਂਹ ਖੜੀ ਕੀਤੀ ਹੋਈ ਦੇਖੀ।

'ਮੈਂ ਹਾਜ਼ਰ ਆਂ'-ਅੰਦਰੋਂ ਆਵਾਜ਼ ਆਈ ਤੇ ਨਾਲ ਹੀ ਨਾਲ ਅੰਦਰਲੇ ਆਦਮੀ ਨੇ ਰਾਈਫ਼ਲ ਵਗਾ ਕੇ ਲੋਕਾਂ ਦੇ ਸਿਰੋਂ ਪਾਰ ਜਾ ਮਾਰੀ।

‘ਮੈਂ ਆ ਰਿਹਾਂ। ਮੇਰੇ ਕੋਲ ਕੁਝ ਨ੍ਹੀਂ। ਮੇਰੀਆਂ ਦੋਵੇਂ ਬਾਹਾਂ ਖੜ੍ਹੀਆਂ ਨੇ,'ਤੇ ਉਹ ਬੰਦਾ ਮੱਕੀ ਵਿਚੋਂ ਨਿਕਲ ਕੇ ਲੋਕਾਂ ਦੇ ਇਕੱਠ ਵਿੱਚ ਆ ਖੜੋਤਾ। ਸਾਰੇ ਲੋਕ ਭੱਜ ਕੇ ਉਸ ਦੇ ਗਿਰਦ ਹੋ ਗਏ। ਪਰ ਹੱਥ ਕੋਈ ਨਹੀਂ ਸੀ ਪਾਉਂਦਾ। ਵੱਡੀ ਉਮਰ ਦੇ ਮਨੁੱਖਾਂ ਨੇ ਪਛਾਣ ਲਿਆ-ਉਹ ਇਸੇ ਪਿੰਡ ਦੇ ਨੂਰੇ ਤੇਲੀ ਦਾ ਮੁੰਡਾ ਸੀ, ਅਲੀ।

ਅਲੀ ਨੇ ਥਿੜਕਦੀ ਆਵਾਜ਼ ਵਿੱਚ ਦੱਸਿਆ ਕਿ ਮੱਕੀ ਵਿੱਚ ਦਸ ਗ੍ਰਿਨੇਡ ਤੇ ਦੋ ਸੌ ਰੌਂਦ ਪਏ ਹਨ।

ਇੱਕ ਤਕੜੇ ਜਿਹੇ ਜੁਆਨ ਨੇ ਅਲੀ ਦੀਆਂ ਦੋਵੇਂ ਬਾਹਾਂ ਪਿੱਛੇ ਨੂੰ ਕਰਵਾ ਕੇ ਆਪਣੀ ਪੱਗ ਨਾਲ ਨੂੜ ਲਈਆਂ ਤੇ ਉਸਨੂੰ ਪਿੰਡ ਵੱਲ ਆਪਣੇ ਅੱਗੇ ਲਾ ਲਿਆ। ਸਾਰਾ ਇਕੱਠ ਉਸ ਦੇ ਪਿੱਛੇ ਪਿੱਛੇ ਸੀ।

‘ਗਿੱਦੜ ਦੀ ਜਦੋਂ ਮੌਤ ਔਂਦੀ ਐ, ਚੂਹੜਿਆਂ ਦੀ ਮੁੰਨੀ ਨਾਲ ਆ ਕੇ ਖਹਿੰਦੈ।' ਲੋਕਾਂ ਦੀ ਚਬਰ ਚਬਰ ਵਿਚੋਂ ਇੱਕ ਉੱਚੀ ਚੀਕਦੀ ਆਵਾਜ਼ ਅਲੀ ਨੇ ਸੁਣੀ।

‘ਸਾਲੇ ਟੌਂਡੇ ਤੋਂ ਚੁੱਪ ਕਰਕੇ ਪਾਕਿਸਤਾਨ ’ਚ ਰੋਟੀਆਂ ਨੀਂ ਖਾਧੀਆਂ ਗਈਆਂ,' ਇੱਕ ਤਿੱਖੀ ਛੁਰੀ ਵਰਗੀ ਹੋਰ ਆਵਾਜ਼ ਅਲੀ ਦੇ ਸਾਰੇ ਸਰੀਰ ਵਿੱਚ ਖੁਭ ਗਈ। ਕਈ ਜੋਸ਼ੀਲੇ ਨੌਜਵਾਨ ਟਿਚਕਾਰੀਆਂ ਮਾਰ ਰਹੇ ਸਨ। ਨਵੇਂ ਸ਼ਿਕਾਰ ਨੂੰ ਲਿਆ ਕੇ ਪ੍ਰਾਚੀਨ ਮਨੁੱਖ ਸ਼ਾਇਦ ਇਸੇ ਤਰ੍ਹਾਂ ਦੀਆਂ ਚਾਂਭੜਾਂ ਪਾਉਂਦੇ ਹੋਣ।

ਪਿੰਡ ਲਿਆ ਕੇ ਉਸ ਨੂੰ ਇੱਕ ਹਥਾਈ ਵਿੱਚ ਬੰਦ ਕਰ ਦਿੱਤਾ ਗਿਆ ਤੇ ਪੁਲਿਸ ਲੈਣ ਵਾਸਤੇ ਸਰਪੰਚ ਨੇ ਚੌਕੀਦਾਰ ਨੂੰ ਉਸ ਵੇਲੇ ਡੱਕਰ ਦਿੱਤਾ।

ਹਥਾਈ ਵਿੱਚ ਹੀ ਅਲੀ ਨੂੰ ਰੋਟੀ ਖਵਾਈ ਗਈ। ਰੋਟੀ ਖਾ ਕੇ ਉਸ ਨੂੰ ਸੁਰਤ ਜਿਹੀ ਆ ਗਈ ਸੀ। ਪਹਿਲਾਂ ਤਾਂ ਛੇ ਸੱਤ ਦਿਨ ਛੋਲਿਆਂ ਦੇ ਭੁੰਨ੍ਹੇ ਹੋਏ ਦਾਣੇ ਚੱਬ ਕੇ ਤੇ ਗੁੜ ਖਾ ਕੇ ਹੀ ਉਸ ਨੇ ਝੱਟ ਪਾਇਆ ਸੀ। ਉਸ ਨੂੰ ਮਹਿਸੂਸ ਹੋ ਰਿਹਾ ਸੀ, ਜਿਵੇਂ ਆਪਣੇ ਘਰ ਵਿੱਚ ਹੀ ਉਸ ਨੂੰ ਕਿਸੇ ਨੇ ਜਿੰਦਰਾ ਲਾ ਦਿੱਤਾ ਹੋਵੇ। ਇਹ ਉਸ ਦਾ ਆਪਣਾ ਹੀ ਪਿੰਡ ਸੀ। ਉਸ ਦੀ ਮਾਂ ਤੇ ਵੱਡਾ ਭਾਈ ਸੰਤਾਲੀ ਵੇਲੇ ਉੱਥੇ ਹੀ ਲੁਟੇਰਿਆਂ ਨੇ ਵੱਢ ਦਿੱਤੇ ਸਨ ਤੇ ਲੁਟੇਰੇ ਉਸ ਦੀ ਭਰਜਾਈ ਨੂੰ ਮੇਮਣੇ ਵਾਂਗ ਧੂਹ ਕੇ ਲੈ ਗਏ ਸਨ। ਉਹ ਇਕੱਲਾ ਕਿਵੇਂ ਨਾ ਕਿਵੇਂ ਬਚ ਕੇ ਪਾਕਿਸਤਾਨ ਪਹੁੰਚ ਗਿਆ ਸੀ ਤੇ ਇੱਕ ਦੋ ਸਾਲ ਵਿਹਲਾ ਫਿਰ ਤੁਰ ਕੇ ਧੱਕੇ ਖਾਂਦਾ ਫ਼ੌਜ ਵਿੱਚ ਭਰਤੀ ਹੋ ਗਿਆ ਸੀ।

ਹੁਣ ਜਦੋਂ ਪਾਕਿਸਤਾਨ ਨੇ ਪੰਜਾਬ ਵਿੱਚ ਛਾਤਾ ਫ਼ੌਜੀ ਉਤਾਰੇ ਤਾਂ ਅਲੀ ਵੀ ਉਨ੍ਹਾਂ ਦੇ ਵਿੱਚ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਪਾਕਿਸਤਾਨੀ ਹਵਾਈ ਜਹਾਜ਼ਾਂ ਨੂੰ ਰਾਤ ਨੂੰ ਰੋਸ਼ਨੀ ਇਸ਼ਾਰੇ ਕਰਨੇ ਹਨ। ਉਨ੍ਹਾਂ ਨੂੰ ਲਾਲਚ ਵੀ ਦਿੱਤਾ ਗਿਆ ਸੀ ਕਿ ਪਾਕਿਸਤਾਨ ਮੁੜਨ ਉਪਰੰਤ ਉਨ੍ਹਾਂ ਨੂੰ ਵੱਡੀਆਂ ਵੱਡੀਆਂ ਤਰੱਕੀਆਂ ਦਿੱਤੀਆਂ ਜਾਣਗੀਆਂ। ਇਹ ਸਾਰੀ ਗੱਲ ਅਲੀ ਨੇ ਪਿੰਡ ਦੇ ਬੰਦਿਆਂ ਨੂੰ ਦੱਸੀ। ਉਸ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਪੈਰਾਸ਼ੂਟ ਪਵਾ ਕੇ ਜਦ ਉਸ ਨੂੰ ਹਵਾਈ ਜਹਾਜ਼ ਵਿੱਚ ਚਾੜ੍ਹਿਆ ਗਿਆ ਤਾਂ ਉਸ ਨੂੰ ਇਉਂ ਲੱਗਿਆ ਸੀ, ਜਿਵੇਂ ਕਿਸੇ ਦਾ ਮੱਲੋ ਮੱਲੀ ਚੁਰ ਵਿੱਚ ਸਿਰ ਦੇ ਦਿੱਤਾ ਗਿਆ ਜਾਵੇਂ। ਅਲੀ ਦੇ ਸੰਘ ਵਿੱਚ ਅੱਥਰੂ ਉਤਰ ਆਏ ਸਨ।

ਉਸ ਨੇ ਅਖ਼ੀਰ ਵਿੱਚ ਦੱਸਿਆ-'ਮੈਂ ਛੇਆਂ ਦਿਨਾਂ ਤੋਂ ਇਸ ਪਿੰਡ ਦੇ ਦੁਆਲੇ ਫਿਰਦਾ ਹਾਂ। ਚਾਹੁੰਦਾ ਸੀ ਕਿ ਬੰਬ ਸਿੱਟ ਕੇ ਸਾਰੇ ਅਗਵਾੜ ਨੂੰ ਫੂਕ ਦਿਆਂ। ਜਿੱਥੇ ਮੇਰੀ ਮਾਂ ਤੇ ਵੱਡਾ ਭਾਈ ਬੱਕਰਿਆਂ ਵਾਂਗ ਵੱਢ ਦਿੱਤੇ ਗਏ ਸਨ। ਪਰ ਪਤਾ ਨਹੀਂ ਮੈਨੂੰ ਉਸ ਟਿੱਬੀ 'ਤੇ ਆ ਕੇ ਕੀ ਹੋ ਜਾਂਦਾ। ਮੈਨੂੰ ਚਾਚਾ ਦੁੱਲਾ ਯਾਦ ਆ ਜਾਂਦਾ, ਜਿਹੜਾ ਮੈਨੂੰ ਛੋਟੇ ਹੁੰਦੇ ਨੂੰ ਛੱਲੀਆਂ, ਹੋਲਾਂ ਤੇ ਬੇਰ ਲਿਆ ਕੇ ਦਿੰਦਾ ਹੁੰਦਾ ਸੀ। ਤਾਈ ਈਸਰੋ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੀ, ਜਿਸ ਦੇ ਘਰੋਂ ਕਦੇ ਵੀ ਮੈਂ ਤੌੜੀ ਵਿਚੋਂ ਦੁੱਧ ਲੁਹਾ ਕੇ ਪੀ ਸਕਦਾ ਸੀ। ਹੋਰ ਕਿੰਨੇ ਹੀ ਬੰਦੇ ਤੇ ਮੇਰੇ ਬਚਪਨ ਦੇ ਹਾਣੀ ਮੇਰੀ ਹਿੱਕ 'ਤੇ ਚੜ੍ਹ ਜਾਂਦੇ। ਭਾਵੇਂ ਮੈਂ ਮਲਸਮਾਨ ਹਾਂ, ਪਰ ਮੈਨੂੰ ਇਸ ਪਿੰਡ ਵਿੱਚ ਵੱਸਦੇ ਕਈ ਹਿੰਦੂ ਮੇਰੇ ਆਪਣੇ ਹੀ ਤਾਏ ਚਾਚੇ ਲੱਗਦੇ ਹਨ। ਮੇਰੀ ਮਾਂ ਵੱਢੀ ਸੀ ਤਾਂ ਗੁੰਡਿਆਂ ਨੇ ਵੱਢਿਆ ਸੀ, ਜਿਹੜੇ ਇਸ ਪਿੰਡ ਦੇ ਨਹੀਂ ਸਨ। ਮੇਰੀ ਭਰਜਾਈ ਨੂੰ ਲੁਟੇਰਿਆਂ ਨੇ ਚੁੱਕਿਆ ਸੀ, ਜਿਹੜੇ ਇਸ ਪਿੰਡ ਦੇ ਨਹੀਂ ਸਨ। ਫੇਰ ਮੈਂ ਆਪਣੇ ਪਿੰਡ `ਤੇ ਹੀ ਹੱਥ ਕਿਵੇਂ ਚੁੱਕਦਾ? ਉਸ ਮਿੱਟੀ ਨੂੰ ਮੈਂ ਰਾਖ਼ ਕਿਵੇਂ ਦੇਖ ਸਕਦਾ, ਜਿਸ ਮਿੱਟੀ ਵਿਚੋਂ ਮੈਂ ਜਨਮ ਲਿਆ ਹੈ। ਹੁਣ ਵਾਲੇ ਆਪਣੇ ਦੇਸ਼ ਲਈ ਭਾਵੇਂ ਮੈਂ ਝੂਠਾ ਹਾਂ, ਪਰ ਆਪਣੀ ਮਾਤ ਭੂਮੀ ਲਈ ਮੈਂ ਸੱਚਾ ਹਾਂ।ਲੋਕ ਚੁੱਪ ਬੈਠੇ ਉਸ ਦੀਆਂ ਗੱਲਾਂ ਸੁਣ ਰਹੇ ਸਨ। ਐਨੇ ਨੂੰ ਪੁਲਿਸ ਆ ਗਈ। ਇੱਕ ਬਜ਼ੁਰਗ ਨੇ ਥਾਣੇਦਾਰ ਮੂਹਰੇ ਅਰਜ਼ ਕੀਤੀ-'ਸਾਡੇ ਕੋਲ ਨਾ ਇਹਨੂੰ ਮਾਰਿਓ, ਗਹਾਂ ਜਾ ਕੇ ਜੋ ਮਰਜ਼ੀ ਕਰੋ।'

ਨੱਥੇ ਹੋਏ ਪਸ਼ੂ ਵਾਂਗ ਪਲਿਸ ਨੇ ਅਲੀ ਨੂੰ ਅੱਗੇ ਲਾ ਲਿਆ। ਉਸ ਦੇ ਬੁੱਲ੍ਹ ਜਿਵੇਂ ਸਿਉਂਤੇ ਗਏ। ਉਸ ਦੀਆਂ ਅੱਖਾਂ ਵਿੱਚੋਂ ਪਾਣੀ ਦੀਆਂ ਘਰਾਲਾਂ ਵਹਿ ਰਹੀਆਂ ਸਨ।♦