ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਇਕ ਕੁੜੀ ਸੁਸ਼ਮਾ
ਉਸ ਦਿਨ ਮੈਂ ਇਕੱਲੀ ਸਾਂ। ਮਾਲਵਾ ਸਿਨਮਾ ਵਿੱਚੋਂ ਦੁਪਹਿਰ ਦਾ ਸ਼ੋਅ ਦੇਖ ਕੇ ਸਟੇਟ ਬੈਂਕ ਵੱਲ ਜਾ ਰਹੀ ਸਾਂ। ਪੈਦਲ ਹੀ ਮਾਲ ਰੋਡ ਦੇ ਫੁੱਟਪਾਥਾਂ 'ਤੇ ਲੱਗੇ ਗੁਲਮੋਹਰ ਦੇ ਅੰਗਿਆਰਾਂ ਵਰਗੇ ਲਾਲ ਫੁੱਲ ਮੈਨੂੰ ਚੰਗੇ ਚੰਗੇ ਲੱਗ ਰਹੇ ਸਨ। ਫੁੱਟਪਾਥਾਂ ’ਤੇ ਤੁਰੀ ਜਾ ਰਹੀ ਮੈਂ ਉਨ੍ਹਾਂ ਫੁੱਲਾਂ ਨੂੰ ਸੰਵਾਰ ਕੇ ਦੇਖਣ ਲਈ ਕਦੇ-ਕਦੇ ਠਹਿਰ ਜਾਂਦੀ ਤਾਂ ਕਿ ਉਨ੍ਹਾਂ ਦੀ ਸੁਰਖ਼ੀ ਧੁਰ ਰੂਹ ਤੱਕ ਉਤਰ ਜਾਵੇ। ਇੱਕ ਮੋਟਰ ਸਾਇਕਲ ਮੇਰੇ ਕੋਲ ਦੀ ਤੇਜ਼ ਭੁੱਖੀ ਇੱਲ੍ਹ ਵਾਂਗ ਚੀਖ਼ਦਾ ਲੰਘ ਗਿਆ। ਇੱਕ ਵਾਰ ਤਾਂ ਮੇਰਾ ਦਿਲ ਜ਼ੋਰ ਦੀ ਧੜਕਿਆ। ਮੈਂ ਦੇਖਿਆ, ਮੋਟਰ ਸਾਇਲ ਤੇ ਕੋਈ ਕੁੜੀ ਸੀ। ਮੋਟਰ ਸਾਇਕਲ ਚਲਾ ਰਹੀ ਕੋਈ ਵੀ ਕੁੜੀ ਮੈਨੂੰ ਬਹੁਤ ਭਿਆਨਕਤਾ ਦਾ ਅਹਿਸਾਸ ਦੇ ਜਾਂਦੀ ਹੈ। ਮੇਰੇ ਕੋਲ ਦੀ ਤੇਜ਼ ਦੌੜੀ ਜਾ ਰਹੀ ਉਹ ਮੇਰੇ ਵੱਲ ਝਾਕੀ ਵੀ ਸੀ, ਪਰ ਇਹ ਕੀ, ਉਹ ਤਾਂ ਥੋੜ੍ਹੀ ਦੂਰ ਜਾ ਕੇ ਵਾਪਸ ਮੁੜੀ ਆ ਰਹੀ ਸੀ। ਮੋਟਰ ਸਾਇਕਲ 'ਤੋਂ ਉਤਰ ਕੇ ਦੂਜੇ ਪਾਸੇ ਫੁੱਟਪਾਥ ’ਤੇ ਉਹ ਨੇ ਮੈਨੂੰ ਬੁਲਾਇਆ,‘ਏ ਲੜਕੀ...'ਮੈਂ ਡਰ ਗਈ।ਉਹ ਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ। ਪਹਿਲਾਂ ਤਾਂ ਮੈਂ ਸੁੰਨ ਜਿਹੀ ਹੋ ਗਈ। ਇਹ ਪੁਲਿਸ ਵਾਲੀ ਕਿਉਂ ਬੁਲਾ ਰਹੀ ਹੈ ਮੈਨੂੰ? ਮੈਥੋਂ ਕੀ ਕਸੂਰ ਹੋ ਗਿਆ ਹੈ? ਪਰ ਫੇਰ ਦਿਲ ਕਰੜਾ ਕਰਕੇ ਮੈਂ ਉਹਦੇ ਕੋਲ ਜਾਣ ਲਈ ਸੜਕ ਪਾਰ ਕੀਤੀ, ਉਹ ਗਹੁ ਨਾਲ ਮੇਰੇ ਚਿਹਰੇ ਨੂੰ ਦੇਖਣ ਲੱਗੀ, ਜਿਵੇਂ ਕੁਝ ਲੱਭਣਾ ਚਾਹੁੰਦੀ ਹੋਵੇ।
‘ਤੂੰ ਕਿੱਥੋਂ ਦੀ ਰਹਿਣ ਵਾਲੀ ਐਂ?' ਉਹ ਨੇ ਪੁਲਿਸੀ ਰੋਬ੍ਹ ਵਿੱਚ ਪੁੱਛਿਆ।
'ਮੋਗੇ ਸਾਡਾ ਘਰ ਐ।' ਮੈਂ ਬੇਝਿਜਕ ਕਹਿ ਦਿੱਤਾ।
ਉਹ ਨਿਰਾਸ਼ ਜਿਹੀ ਹੋ ਗਈ, ਪਰ ਫੇਰ ਪੁੱਛਿਆ,'ਕਦੇ ਅੰਮ੍ਰਿਤਸਰ ਵੀ ਰਹੀ ਐਂ ਤੂੰ?'
‘ਹਾਂ।'ਮੈਂ ਕਿਹਾ।
ਤੇਰਾ ਨਾਉਂ ਮਨੋਰਮਾ ਤਾਂ ਨਹੀਂ?
'ਹਾਂ..'ਮੈਂ ਮੁਸਕਰਾ ਕੇ ਜਵਾਬ ਦਿੱਤਾ।
ਉਹ ਵੀ ਮੁਸਕਰਾਈ।
ਮੈਨੂੰ ਖੁਸ਼ੀ ਜਿਹੀ ਹੋਈ ਕਿ ਉਹ ਮੇਰਾ ਨਾਉਂ ਜਾਣਦੀ ਹੈ। ਪਰ ਇੱਕ ਚਿੰਤਾ ਜਿਹੀ ਵੀ ਕਿ ਇਹ ਪੁਲਿਸ ਵਾਲੀ ਮੇਰਾ ਨਾਉਂ ਕਿਵੇਂ ਜਾਣਦੀ ਹੈ। ਉਹ ਨੇ ਮੈਨੂੰ ਮੋਟਰ ਸਾਇਕਲ ਪਿੱਛੇ ਬੈਠਣ ਲਈ ਕਿਹਾ। ਮੈਂ ਝਿਜਕ ਦਿਖਾਈ ਤਾਂ ਉਹ ਕਹਿੰਦੀ,'ਘਬਰਾ ਨਾ, ਤੈਨੂੰ ਕਿਸੇ ਗੈਰ ਥਾਂ ਨਹੀਂ ਲੈ ਕੇ ਜਾਂਦੀ, ਆਪਣੇ ਘਰ ਲੈ ਕੇ ਜਾਵਾਂਗੀ।' 'ਪਰ ਦੱਸੋ ਤਾਂ ਸਹੀ,ਕਿਉਂ ਲੈ ਕੇ ਜਾ ਰਹੀ ਓ ਮੈਨੂੰ?'
‘ਇਹ ਸਭ ਘਰ ਜਾ ਕੇ ਗੱਲਾਂ ਕਰਾਂਗੀਆਂ।' ਕਹਿ ਕੇ ਉਹ ਨੇ ਮੋਟਰ ਸਾਇਕਲ ਸਟਾਰਟ ਕਰ ਲਿਆ।ਤੇ ਮੈਂ ਇੱਕ ਜਾਦੂ ਜਿਹੇ ਵਿੱਚ ਆ ਕੇ ਉਹ ਦੇ ਮਗਰ ਬੈਠ ਗਈ। ਫੂਲ ਸਿਨਮਾ ਵਾਲਾ ਚੌਂਕ ਘੁੰਮ ਕੇ ਉਹ ਲੀਲ੍ਹਾ ਭਵਨ ਵਾਲੀ ਸੜਕ ਪੈ ਗਈ। ਹੁਣ ਉਹ ਮਾਡਲ ਸਿਨਮਾ ਵਾਲਾ ਚੌਂਕ ਘੁੰਮ ਕੇ ਉਹ ਲੀਲ੍ਹਾ ਭਵਨ ਵਾਲੀ ਸੜਕ ਪੈ ਗਈ। ਹੁਣ ਉਹ ਮਾਡਲ ਟਾਊਨ ਵੱਲ ਜਾ ਰਹੀ ਸੀ। ਮੈਂ ਸੋਚ ਰਹੀ ਸਾਂ? ਜਿਵੇਂ ਇਹ ਚਿਹਰਾ ਪਹਿਲਾਂ ਵੀ ਕਿਧਰੇ ਦੇਖਿਆ ਹੋਇਆ ਹੈ। ਉਹ ਦੀ ਅਵਾਜ਼ ਵੀ ਜਾਣੀ ਪਹਿਚਾਣੀ ਜਿਹੀ ਲੱਗ ਰਹੀ ਸੀ। ਪਰ ਇਹ ਥਹੁ ਪਤਾ ਨਹੀਂ ਲੱਗਦਾ ਸੀ ਕਿ ਉਹ ਹੈ ਕੌਣ? ਮੈਨੂੰ ਕਿਵੇਂ ਜਾਣਦੀ ਹੈ? ਮਾਡਲ ਟਾਊਨ ਦੀ ਮਾਰਕੀਟ ਲੰਘ ਕੇ ਉਹ ਨੇ ਇੱਕ ਕੋਠੀ ਅੱਗੇ ਮੋਟਰ ਸਾਇਕਲ ਖੜ੍ਹਾ ਕੀਤਾ ਤੇ ਮੈਨੂੰ ਅੰਦਰ ਲੈ ਗਈ।ਉਹ ਦੇ ਕੋਲ ਦੋ ਕਮਰੇ ਹੀ ਸਨ। ਘਰ ਵਿੱਚ ਹੋਰ ਕੋਈ ਨਹੀਂ ਸੀ।ਲੱਗਦਾ ਸੀ, ਉਹ ਇੱਕਲੀ ਹੀ ਇੱਥੇ ਰਹਿੰਦੀ ਹੋਵੇਗੀ। ਇੱਕ ਕਮਰੇ ਵਿੱਚ ਮੈਨੂੰ ਬਿਠਾ ਕੇ ਉਹ ਦੂਜੇ ਕਮਰੇ ਵਿੱਚ ਗਈ ਤੇ ਪੰਜ ਸੱਤ ਮਿੰਟਾਂ ਵਿੱਚ ਹੀ ਵਰਦੀ ਲਾਹ ਕੇ ਕਮੀਜ਼ ਸਲਵਾਰ ਪਹਿਨ ਆਈ। ਮੇਰੇ ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗੀ,'ਹੁਣ ਪਹਿਚਾਣਦੀ ਐਂ ਮੈਨੂੰ?'
ਮੈਨੂੰ ਫੇਰ ਵੀ ਕੁਝ ਯਾਦ ਨਹੀਂ ਆਇਆ।
‘ਦਸ ਸਾਲ ਪਹਿਲਾਂ ਦੀ ਕੋਈ ਪੁਰਾਣੀ ਗੱਲ ਯਾਦ ਐ ਤੈਨੂੰ?'ਉਹ ਨੇ ਮੇਰੀਆਂ ਅੱਖਾਂ ਵਿੱਚ ਝਾਕ ਕੇ ਪੁੱਛਿਆ।
'ਕੀ?' ਮੈਂ ਫੇਰ ਡੌਰ-ਭੌਰ ਸਾਂ।
'ਅੰਮ੍ਰਿਤਸਰ ਤੁਹਾਡੇ ਗਵਾਂਢ ਵਿੱਚ ਕਤਲ ਹੋਇਆ ਸੀ, ਪੁਲਿਸ ਵਾਲੇ ਤੁਹਾਡੇ ਘਰ ਗੇੜੇ ਮਾਰਦੇ ਰਹੇ ਸਨ। ਤੂੰ ਤਿੰਨ ਦਿਨ ਮੰਜੇ 'ਤੋਂ ਨਹੀਂ ਉੱਠ ਸਕੀ ਸੀ। ਤੇਰੀ ਬੁਰੀ ਹਾਲਤ ਸੀ। ਤੂੰ ਕੂਕਾਂ ਮਾਰ-ਮਾਰ ਉੱਠਦੀ ਸੀ। ਸਵੇਰੇ-ਸ਼ਾਮ ਤੇਰਾ ਪਤਾ ਲੈਣ ਇੱਕ ਕੁੜੀ ਐੱਦੀ ਹੁੰਦੀ ਸੀ, ਜੀਹਨੂੰ ਦੇਖ ਕੇ ਤੂੰ ਆਪਣਾ ਮੂੰਹ ਛਿਪਾ ਲੈਂਦੀ, ਉਹ ਕੁੜੀ ਭਲਾ ਕੌਣ ਸੀ?' ਉਹ ਲਗਾਤਾਰ ਬੋਲਦੀ ਜਾ ਰਹੀ ਸੀ।
ਉਹ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਸਾਹਮਣੇ ਸਾਰਾ ਨਜ਼ਾਰਾ ਆ ਗਿਆ ਤੇ ਉਹ ਕੁੜੀ ਸੁਸ਼ਮਾ ਸੀ। ਮੈਨੂੰ ਲੱਗਿਆ, ਇਹ ਸੁਸ਼ਮਾ ਹੀ ਹੈ, ਪਰ ਉਹ ਦਾ ਚਿਹਰਾ ਤਾਂ ਗੋਲ-ਗੋਲ ਜਿਹਾ ਸੀ।ਮੁਲਾਇਮ, ਸੁੰਦਰ ਚਿਹਰਾ।ਉਹ ਦੀਆਂ ਅੱਖਾਂ ਤਾਂ ਖਿੱਚਾਂ ਪਾਉਂਦੀਆਂ ਸਨ।ਮੋਟੀਆਂ ਮੋਟੀਆਂ ਗੱਲਾਂ ਕਰਦੀਆਂ ਅੱਖਾਂ।ਉਸ ਕੁੜੀ ਦੀ ਤੋਰ ਤਾਂ ਮਟਕੀਲੀ ਜਿਹੀ ਸੀ।ਇਹ ਚਿਹਰਾ ਤਾਂ ਕਿੰਨਾ ਮਰਦਾਵਾਂ ਜਿਹਾ ਲੱਗਦਾ ਹੈ। ਲੰਬੂਤਰਾ ਜਿਹਾ।ਅੱਖਾਂ ਵਿੱਚ ਕੋਈ ਖਿੱਚ ਨਹੀਂ, ਸਗੋਂ ਇੱਕ ਵਹਿਸ਼ਤ ਜਿਹੀ ਝਲਕਦੀ ਹੈ। ਤੋਰ ਨਾ ਮਰਦਾਵੀਂ ਤੇ ਨਾ ਕੁੜੀਆਂ ਵਾਲੀ। ਹੋ ਸਕਦਾ ਹੈ, ਪੁਲਿਸ ਵਿੱਚ ਭਰਤੀ ਹੋ ਕੇ ਇਹ ਹੁਣ ਇਹੋ ਜਿਹੀ ਬਣ ਗਈ ਹੋਵੇ।ਤੇਰ ਫੇਰ ਉਸਨੇ ਖ਼ੁਦ ਹੀ ਝੱਟ ਦੇ ਕੇ ਦੱਸ ਦਿੱਤਾ,'ਮੈਂ ਸੁਸ਼ਮਾ ਆਂ।'
ਇੱਕ ਬਿੰਦ ਅਸੀਂ ਦੋਵੇਂ ਚੁੱਪ ਬੈਠੀਆਂ ਰਹੀਆਂ। ਮੈਨੂੰ ਲੱਗਾ ਜਿਵੇਂ ਉਹ ਦੇਵਜੂਦ ਉੱਤੋਂ ਪੁਲਿਸ ਵਾਲੀ ਔਰਤ ਦਾ ਖੌਲ੍ਹ ਉਤਰਦਾ ਜਾ ਰਿਹਾ ਹੋਵੇ। ਉਹ ਦੇ ਚਿਹਰੇ ਵਿੱਚੋਂ ਉਹੀ ਪੁਰਾਣੀ ਸੁਸ਼ਮਾ ਲਿਕਲਦੀ ਆ ਰਹੀ ਸੀ। ਮੈਨੂੰ ਉਹਦਾ ਮੂੰਹ ਉਦਾਸ ਹੋ ਗਿਆ ਲੱਗਿਆ। ਉਸ ਦੀਆਂ ਅੱਖਾਂ ਵਿੱਚ ਔਰਤ ਉਤਰਨ ਲੱਗੀ ਸੀ, ਸਦੀਆਂ ਤੋਂ ਦੁੱਖਾਂ ਮਾਰੀ ਔਰਤ। ਉਹ ਉੱਠੀ ਤੇ ਰਸੋਈ ਵੱਲ ਜਾਣ ਲੱਗੀ। ਹੁਣ ਮੈਨੂੰ ਸੱਚਮੁੱਚ ਹੀ ਉਹ ਔਰਤ ਲੱਗ ਰਹੀ ਸੀ ਸੁਸ਼ਮਾ।
ਰਸੋਈ ਵਿੱਚੋਂ ਸਟੋਵ ਵਿੱਚ ਹਵਾ ਭਰਨ ਦੀ ਅਵਾਜ਼ ਆਈ। ਉਹ ਚਾਹ ਬਣਾ ਰਹੀ ਹੋਵੇਗੀ।
ਅੰਮ੍ਰਿਤਸਰ ਉਨ੍ਹਾਂ ਦਿਨਾਂ ਵਿੱਚ ਪਿਤਾ ਜੀ ਕਾਲਜ ਵਿੱਚ ਲਾਇਬ੍ਰੇਰੀਅਨ ਸਨ। ਪੁਤਲੀ ਘਰ ਦੇ ਕੁਆਰਟਰਾਂ ਵਿੱਚ ਅਸੀਂ ਰਹਿੰਦੇ ਸਾਂ। ਕੁਆਟਰਾਂ ਤੋਂ ਅਲੱਗ ਨੇੜੇ ਹੀ ਸਾਂਝੀਆਂ ਟੱਟੀਆਂ ਬਣੀਆਂ ਹੋਈਆਂ ਸਨ। ਇੱਕ ਵਾਰ ਮੈਨੂੰ ਦਸਤ ਲੱਗੇ ਹੋਏ ਸਨ। ਘੱਟੇ ਘੰਟੇ ਬਾਅਦ ਮੈਂ ਟੱਟੀ ਜਾਂਦੀ। ਅੱਧੀ ਰਾਤ ਜਾ ਕੇ ਕਿਤੇ ਕੁਝ ਆਰਾਮ ਆਇਆ ਸੀ। ਪਰ ਤੜਕੇ ਚਾਰ ਵਜੇ ਮੈਨੂੰ ਦਰਦ ਉੱਠਿਆ ਤੇ ਮੈਂ ਕਰਾਹ ਕੇ ਟੱਟੀਆਂ ਵੱਲ ਦੌੜੀ। ਖੜ੍ਹੀ ਹੋਈ ਤਾਂ ਨੇੜੇ ਹੀ ਚੰਨ-ਚਾਨਣੀ ਰਾਤ ਵਿੱਚ ਮੈਨੂੰ ਦੋ ਪਰਛਾਵੇਂ ਜਿਹੇ ਦਿੱਸੇ। ਟੱਟੀਆਂ 'ਤੇ ਟੀਨ ਦੀ ਛੱਤ ਤਾਂ ਸੀ, ਪਰ ਉਨ੍ਹਾਂ ਦੀਆਂ ਕੰਧਾਂ ਆਦਮੀ ਦੇ ਮੋਢੇ ਜਿੰਨੀਆਂ ਉੱਚੀਆਂ ਹੀ ਸਨ। ਖੜ੍ਹੇ ਹੋ ਕੇ ਬਾਹਰ ਸਭ ਕੁਝ ਦਿੱਸਦਾ ਸੀ। ਮੈਂ ਸਹਿਮ ਕੇ ਖੜ੍ਹੀ ਰਹੀ। ਉਹ ਟੱਟੀਆਂ ਦੇ ਦੇ ਹੋਰ ਨੇੜੇ ਆ ਗਏ ਸਨ। ਠੋਡੀ ਉਤਾਂਹ ਚੁੱਕੇ ਕੇ ਮੈਂ ਉਨ੍ਹਾਂ ਨੂੰ ਧਿਆਨ ਨਾਲ ਦੇਖਣ ਲੱਗੀ। ਪਹਿਚਾਣ ਲਿਆ, ਇੱਕ ਇਹ ਸੁਸ਼ਮਾ ਸੀ ਤੇ ਇੱਕ ਇਹਦਾ ਪ੍ਰੇਮੀ। ਮੈਂ ਉਹ ਦੀ ਸ਼ਕਲ ਪਹਿਲਾਂ ਵੀ ਦੇਖੀ ਹੋਈ ਸੀ। ਸ਼ਹਿਰ ਦੇ ਦੂਜੇ ਪਾਸਿਓਂ ਕਿਧਰੋਂ ਆਇਆ ਕਰਦਾ ਸੀ। ਮੈਂ ਉਨ੍ਹਾਂ ਨੂੰ ਕਈ ਵਾਰ ਸ਼ਹਿਰ ਦੀਆਂ ਉਜਾੜ ਥਾਵਾਂ ਵੱਲ ਜਾਂਦਿਆਂ ਦੇਖਿਆ ਹੋਇਆ ਸੀ। ਪੁਤਲੀ ਘਰ ਦੇ ਚੌਕ ਵਿੱਚ ਉਹ ਆ ਖੜ੍ਹਦਾ ਸੀ ਤੇ ਸੁਸ਼ਮਾ ਉਹ ਨੂੰ ਉੱਥੇ ਜਾ ਕੇ ਮਿਲਦੀ ਸੀ ਤੇ ਫੇਰ ਉਹ ਕਿਸੇ ਪਾਸੇ ਵੀ ਤੁਰ ਜਾਇਆ ਕਰਦੇ ਸਨ। ਅਸੀਂ ਮੇਰੇ ਹਾਣ ਦੀਆਂ ਕੁੜੀਆਂ ਨੇ ਉਨ੍ਹਾਂ ਦੀ ਪੈੜ ਕੱਢ ਲਈ ਹੋਈ ਸੀ।
ਟੱਟੀਆਂ ਕੋਲ ਆ ਕੇ ਸ਼ੁਸ਼ਮਾ ਨੇ ਉਹ ਨੂੰ ਖੜ੍ਹਾਇਆ ਸੀ ਤੇ ਉਹ ਦੇ ਹੱਥਾਂ ਨੂੰ ਚੁੰਮ ਕੇ ਆਖਿਆ ਸੀ,'ਰਜੇਸ਼ ਮੈਂ ਇਸ ਨੂੰ ਖ਼ਤਮ ਨਹੀਂ ਕਰਾਂਗੀ। ਇਹ ਤੇਰਾ ਖੂਨ ਐ। ਮੈਂ ਇਸ ਨੂੰ ਇਸ ਸੰਸਾਰ 'ਤੇ ਲਿਆਵਾਂਗੀ। ਤੂੰ ਵਿਆਹ ਕਰਵਾ ਲੈ ਮੇਰੇ ਨਾਲ।'
‘ਸੁਸ਼ਮਾ, ਤੂੰ ਸਮਝਦੀ ਕਿਉਂ ਨਹੀਂ। ਮੇਰੇ ਲਈ ਇਹ ਬਹੁਤ ਔਖਾ ਐ। ਪਿਤਾ ਜੀ ਰਿਸ਼ਤੇ ਨੂੰ ਹਾਂ ਕਰੀ ਬੈਠੇ ਨੇ।ਉਨ੍ਹਾਂ ਦਾ ਦਿਲ ਮੈਂ ਨਹੀਂ ਤੋੜ ਸਕਦਾ। ਉਨ੍ਹਾਂ ਨੂੰ ਬਹੁਤ ਸੱਟ ਲੱਗੇਗੀ। ਉਨ੍ਹਾਂ ਦੇ ਬਹੁਤ ਚੰਗੇ ਦੋਸਤ ਦੀ ਕੁੜੀ ਹੈ ਉਹ। ਤੂੰ ਅਬਾਰਸ਼ਨ ਕਰਵਾ ਲੈ।' ਉਹ ਜਿਵੇਂ ਉਹ ਦੇ ਪੈਰਾਂ ਵਿੱਚ ਵਿਛਿਆ ਖੜ੍ਹਾ ਹੋਵੇ।
'ਤਾਂ ਫੇਰ ਮੇਰੇ ਨਾਲ ਤੇਰਾ ਇਹ ਕੀ ਐ?' ਸੁਸ਼ਮਾ ਨੇ ਉਸ ਤੋਂ ਵੱਧ ਪਿਘਲ ਕੇ ਪੁੱਛਿਆ ਸੀ।
‘ਆਪਾਂ ਪਿਆਰ ਕਰਦੇ ਆਂ ਇੱਕ-ਦੂਜੇ ਨੂੰ। ਸੱਚਾ ਪਿਆਰ। ਸਾਰੀ ਉਮਰ ਕਰਦੇ ਰਹਾਂਗੇ।'
‘ਨਹੀਂ, ਮੈਨੂੰ ਅਜਿਹੇ ਪਿਆਰ ਦੀ ਲੋੜ ਨਹੀਂ। ਮੈਂ ਤੇਰਾ ਬੱਚਾ ਜੰਮਾਂਗੀ। ਮੇਰੇ ਨਾਲ ਵਿਆਹ ਕਰਵਾ ਲੈ। ਨਹੀਂ ਤਾਂ ਮੈਂ...।'‘ਤੂੰ ਬੇਵਕੂਫ਼ ਨਾ ਬਣ। ਚੁੱਪ ਕਰਕੇ ਅਬਾਰਸ਼ਨ ਕਰਵਾ ਲੈ। ਹਜ਼ਾਰਾਂ ਕੁੜੀਆਂ ਇਹ ਕਰਦੀਆਂ ਨੇ।'
‘ਮੈਂ ਉਨ੍ਹਾਂ ਹਜ਼ਾਰਾਂ ਵਿੱਚੋਂ ਨਹੀਂ।'
‘ਹੋਰ ਫੇਰ ਕੀ ਕਰੇਂਗੀ?'
‘ਮੈਂ ਜ਼ਹਿਰ ਖਾ ਕੇ ਮਰ ਜਾਵਾਂਗੀ’ ਸੁਸ਼ਮਾ ਦੇ ਬੋਲਾਂ ਵਿੱਚ ਹੁਣ ਦ੍ਰਿੜਤਾ ਸੀ।
‘ਤੂੰ ਹੋਰ ਸੋਚ ਕੇ ਦੇਖ। ਤੇਰਾ ਕੁਛ ਨਹੀਂ ਵਿਗੜਿਆ। ਸਭ ਠੀਕ ਹੋ ਜਾਏਂਗਾ।' ਉਹ ਜਿਵੇਂ ਆਪਣਾ ਪੱਲਾ ਛੁਡਾਉਣਾ ਚਾਹੁੰਦਾ ਹੋਵੇ।
‘ਨਹੀਂ, ਬਿਲਕੁੱਲ ਨਹੀਂ।'
ਸੁਸ਼ਮਾ ਨੇ ਆਪਣੇ ਪਿਛਲੇ ਪਾਸੇ ਇੱਕ ਹੱਥ ਕਰਕੇ ਸਲਵਾਰ ਦੇ ਬੰਨ੍ਹ ਵਿੱਚੋਂ ਕੋਈ ਚੀਜ਼ ਕੱਢੀ ਤੇ ਅੱਖ ਝਮਕਣ ਦੀ ਫੁਰਤੀ ਵਿੱਚ ਰਜੇਸ਼ ਦੀ ਵੱਖੀ ਵਿੱਚ ਉਹ ਨੂੰ ਖੋਭ ਦਿੱਤਾ। ਇੱਕ ਦੱਬਵੀਂ ਜਿਹੀ ਚੀਖ਼ ਉਹ ਦੇ ਮੂੰਹੋਂ ਨਿਕਲੀ ਤੇ ਉਹ ਧਰਤੀ ‘ਤੇ ਡਿੱਗ ਪਿਆ। ਉਹ ਦੇ ਦਿਲ ਵਾਲੇ ਪਾਸੇ ਜ਼ੋਰ ਦੀ ਸੁਸ਼ਮਾ ਨੇ ਵਾਰ ਕਰ ਦਿੱਤਾ ਸੀ। ਉਹ ਮੱਛੀ ਵਾਂਗ ਤੜਪ ਰਿਹਾ ਸੀ। ਸੁਸ਼ਮਾ ਜਾ ਚੁੱਕੀ ਸੀ। ਇਹ ਸਭ ਕੁਝ ਦੇਖਦਿਆਂ ਮੇਰੀ ਇੱਕ ਭਿਆਨਕ ਚੀਖ਼ ਨਿਕਲੀ, ਚੀਖ਼ ਜਿਹੜੀ ਸਾਰੇ ਕੁਆਰਟਰਾਂ ਤੱਕ ਸੁਣੀ ਹੋਵੇਗੀ ਤੇ ਮੈਂ ਟੱਟੀ ਵਿੱਚ ਹੀ ਗਸ਼ ਖਾ ਕੇ ਡਿੱਗ ਪਈ। ਦਿਨ ਚੜ੍ਹੇ ਮੈਨੂੰ ਕੁਝ ਹੋਸ਼ ਆਈ ਤਾਂ ਮੈਂ ਆਪਣੇ ਘਰ ਵਿੱਚ ਪਲੰਘ 'ਤੇ ਪਈ ਹੋਈ ਸੀ। ਮੈਨੂੰ ਤੇਜ਼ ਬੁਖਾਰ ਚੜ੍ਹਿਆ ਹੋਇਆ ਸੀ। ਪਿਤਾ ਜੀ ਬਿੰਦੇ-ਬਿੰਦੇ ਮੈਨੂੰ ਥਰਮਾਮੀਟਰ ਲਾ ਕੇ ਦੇਖ ਰਹੇ ਸਨ। ਮੇਰੇ ਮੱਥੇ 'ਤੇ ਪਾਣੀ ਪੱਟੀਆਂ ਧਰਦੇ ਜਾ ਰਹੇ ਸਨ।
ਦੁਪਹਿਰ ਤੱਕ ਰਜੇਸ਼ ਦੀ ਲਾਸ਼ ਚੁੱਕ ਲਈ ਗਈ ਸੀ।
ਸਾਰੇ ਮੁਹੱਲੇ ਵਿੱਚ ਗੱਲ ਧੁੰਮੀ ਹੋਈ ਸੀ ਕਿ ਸਤਪਾਲ ਲਾਇਬ੍ਰੇਰੀਅਨ ਦੀ ਕੁੜੀ ਮਨੋਰਮਾ ਨੇ ਇਹ ਕਤਲ ਹੁੰਦਾ ਅੱਖੀਂ ਦੇਖਿਆ ਹੈ। ਪੁਲਿਸ ਵਾਲੇ ਸਾਡੇ ਘਰ ਆਉਂਦੇ ਸਨ ਤੇ ਮੈਨੂੰ ਪਿਆਰ ਨਾਲ ਪੁਚਕਾਰ-ਪੁਚਕਾਰ ਪੁੱਛਦੇ ਸਨ ਕਿ ਉਹ ਕੌਣ ਸੀ, ਜਿਸ ਨੇ ਇਹ ਕਤਲ ਕੀਤਾ ਹੈ। ਮੈਨੂੰ ਜਦ ਉਹ ਘਟਨਾ ਯਾਦ ਆਉਂਦੀ, ਮੈਂ ਚੀਖ਼ ਮਾਰ ਕੇ ਬੇਹੋਸ਼ ਹੋ ਜਾਂਦੀ। ਥੋੜ੍ਹਾ-ਮੋਟਾ ਹੋਸ਼ ਵਿੱਚ ਹੁੰਦੀ ਤਾਂ ਐਨਾ ਹੀ ਦੱਸਦੀ, ਹਨੇਰੇ ਵਿੱਚ ਮੈਨੂੰ ਪਤਾ ਨਹੀਂ ਉਹ ਕੌਣ ਸੀ?
‘ਆਦਮੀ ਸੀ, ਔਰਤ ਸੀ?' ਉਹ ਪੁੱਛਦੇ।
'ਇਹ ਵੀ ਪਤਾ ਨਹੀਂ।' ਮੈਂ ਜਵਾਬ ਦਿੰਦੀ।
‘ਫੇਰ ਸੀ ਕੌਣ?'
‘ਕੀ ਪਤਾ ਕੌਣ ਸੀ। ਸੀ ਜ਼ਰੂਰ ਕੋਈ।ਉਹ ਨੇ ਛੁਰੇ ਵਰਗੀ ਕੋਈ ਚੀਜ਼ ਉਹ ਦੇ ਢਿੱਡ ਵਿੱਚ ਮਾਰੀ ਸੀ ਤੇ ਫੇਰ ਮੈਂ ਬੇਹੋਸ਼ ਹੋ ਕੇ ਡਿੱਗ ਪਈ।’ ਮੇਰਾ ਹਰ ਵਾਰ ਇਹੀ ਜਵਾਬ ਹੁੰਦਾ।'
ਸੁਸ਼ਮਾ ਸਵੇਰੇ-ਸ਼ਾਮ ਮੇਰਾ ਪਤਾ ਲੈਣ ਆਉਂਦੀ ਤੇ ਚੁੱਪ-ਚਾਪ ਮੇਰੇ ਚਿਹਰੇ ਵੱਲ ਦੇਖਣ ਲੱਗਦੀ। ਜਦ ਹੀ ਉਹ ਮੇਰੇ ਸਾਹਮਣੇ ਹੁੰਦੀ, ਮੈਂ ਆਪਣਾ ਚਿਹਰਾ ਛੁਪਾ ਲੈਂਦੀ। ਉਹ ਬੈਠੀ ਰਹਿੰਦੀ ਤੇ ਫੇਰ ਚੁੱਪ-ਚਾਪ ਹੀ ਚਲੀ ਜਾਂਦੀ। ਕਈ ਮਹੀਨੇ ਪੁੱਛ-ਪੜਤਾਲ ਚੱਲਦੀ ਰਹੀ ਤੇ ਫੇਰ ਪਤਾ ਨਹੀਂ ਉਸ ਮਾਮਲੇ ਦਾ ਕੀ ਬਣਿਆ। ਮੈਨੂੰ ਥਾਣੇ ਵਿੱਚ ਨਹੀਂ ਸੱਦਿਆ ਗਿਆ ਸੀ ਤੇ ਫੇਰ ਪਿਤਾ ਜੀ ਅਗਲੇ ਸਾਲ ਰਿਟਾਇਰ ਹੋ ਗਏ ਸਨ। ਅਸੀਂ ਅੰਮ੍ਰਿਤਸਰ ਛੱਡ ਆਏ ਸਾਂ।
ਸੁਸ਼ਮਾ ਚਾਹ ਲੈ ਕੇ ਆਈ। ਪਲੇਟ ਵਿੱਚ ਬਿਸਕੁਟਾਂ ਦਾ ਪੈਕਟ ਖੋਲ੍ਹਦੀ ਉਹ ਪੁੱਛਣ ਲੱਗੀ,'ਮਨੋਰਮਾ, ਤੂੰ ਮੈਨੂੰ ਜਾਣਦੀ ਸੀ ਉਸ ਤੋਂ ਪਹਿਲਾਂ?'
‘ਹਾਂ, ਮੈਂ ਤੁਹਾਨੂੰ ਸੜਕਾਂ ਤੇ ਘੁੰਮਦੇ ਦੇਖਿਆ ਹੋਇਆ ਸੀ।' ‘ਫੇਰ ਤੂੰ ਪੁਲਿਸ ਕੋਲ ਮੇਰਾ ਨਾਉਂ ਕਿਉਂ ਨਾ ਲਿਆ?'
'ਮੈਂ ਪੱਕਾ ਫ਼ੈਸਲਾ ਕਰ ਲਿਆ ਹੋਇਆ ਸੀ, ਮਰ ਬੇਸ਼ੱਕ ਜਾਵਾਂ, ਪਰ ਤੇਰਾ ਨਾਉਂ ਜ਼ੁਬਾਨ 'ਤੇ ਨਹੀਂ ਲਿਆਉਣਾ।' 'ਤੇ ਫਿਰ ਮੈਂ ਸਵਾਲ ਕੀਤਾ, 'ਤੂੰ ਉਹਨੂੰ ਮਾਰ ਕਿਉਂ ਦਿੱਤਾ ਸੀ, ਸੁਸ਼ਮਾ?'
'ਉਸ ਦਾ ਇਹੀ ਇਲਾਜ ਸੀ।' ਉਹਨੇ ਕਿਹਾ।ਉਹ ਦੀਆ ਅੱਖਾਂ ਵਿੱਚ ਹੁਣ ਵੀ ਕੋਈ ਪਛਤਾਵਾ ਨਹੀਂ ਸੀ।
‘ਤੇ ਫੇਰ ਤੂੰ ਵਿਆਹ ਨਹੀਂ ਕਰਵਾਇਆ?'
‘ਵਿਆਹ ਮੇਰੇ ਨਾਲ ਕੌਣ ਕਰਦਾ? ਮੈਂ ਅਬਾਰਸ਼ਨ ਕਰਵਾਈ ਤੇ ਕੁਝ ਮਹੀਨਿਆਂ ਬਾਅਦ ਪੁਲਿਸ ਵਿੱਚ ਭਰਤੀ ਹੋ ਗਈ। ਬੀ.ਏ. ਤਾਂ ਕਰ ਈ ਚੁੱਕੀ ਸੀ। ਮੈਨੂੰ ਮਰਦ-ਜ਼ਾਤ ਨਾਲ ਈ ਨਫ਼ਰਤ ਐ ਹੁਣ। ਇਹੋ ਜਿਹਾ ਕੇਸ ਮੈਨੂੰ ਮਿਲ ਜਾਵੇ ਤਾਂ ਗਿਣ-ਗਿਣ ਕੇ ਬਦਲੇ ਲੈਂਦੀ ਹਾਂ, ਮਰਦ ਤੋਂ ਤੇ ਫੇਰ ਉਸ ਨੇ ਮੈਨੂੰ ਆਪਣੇ ਅਟੈਚੀ ਵਿੱਚੋਂ ਕੱਢ ਕੇ ਉਹੀ ਚਾਕੂ ਵਿਖਾਇਆ। ਤੇਜ਼ਧਾਰ ਚਾਕੂ, ਕਾਲੇ ਦਸਤੇ ਵਾਲਾ। ਮੈਂ ਉਹਦੀਆਂ ਗੱਲਾਂ ਸੁਣ-ਸੁਣ ਭਿਆਨਕਤਾ ਜਿਹੀ ਮਹਿਸੂਸ ਕਰ ਰਹੀ ਸਾਂ। ਮੈਂ ਉਹਨੂੰ ਹੋਰ ਕੋਈ ਗੱਲ ਨਾ ਪੁੱਛੀ ਤੇ ਨਾ ਹੀ ਉਹਦੇ ਭਵਿੱਖ ਬਾਰੇ ਕੋਈ ਸੁਝਾਓ ਦੇਣਾ ਚਾਹਿਆ।'
'ਤੂੰ ਕੀ ਕਰਨ ਆਈ ਐਂ ਏਥੇ, ਪਟਿਆਲੇ?' ਉਹਨੇ ਪੁੱਛਿਆ।
'ਏਥੇ ਭੂਆ ਜੀ ਨੇ। ਉਨ੍ਹਾਂ ਇੱਕ ਮੁੰਡੇ ਨਾਲ ਗੱਲ ਚਲਾਈ ਹੋਈ ਐ। ਏਥੇ ਬੈਂਕ ਵਿੱਚ ਕਲਰਕ ਐ, ਉਹ ਮੁੰਡਾ। ਮੁੰਡੇ ਨਾਲ ਮੇਰੀ ਮੁਲਾਕਾਤ ਹੋ ਚੁੱਕੀ ਐ।' ਮੈਂ ਦੱਸ ਰਹੀ ਸਾਂ।
‘ਫੇਰ ਕੈਸਾ ਲੱਗਿਆ ਉਹ ਤੈਨੂੰ' ਉਹਨੇ ਇਕਦਮ ਪੁੱਛਿਆ।
‘ਬਹੁਤ ਸਵੀਟ।' ਕਹਿ ਕੇ ਮੈਂ ਸ਼ਰਮਾ ਗਈ।
‘ਤੂੰ ਵੀ ਉਹਨੂੰ ਪਸੰਦ ਆ ਗਈ?' ਸੁਸ਼ਮਾ ਨੇ ਮੇਰਾ ਮੋਢਾ ਝੰਜੋੜਿਆ।
‘ਲੱਗਦਾ ਤਾਂ ਹੈ, ਪਰ ਦੇਖੋ'। ਮੈਂ ਕਿਹਾ।
'ਹਾਂ, ਇਹ ਠੀਕ ਐ। ਇਸ਼ਕ-ਮੁਸ਼ਕ ਵਾਲਾ ਚੱਕਰ ਬੜਾ ਖ਼ਤਰਨਾਕ ਹੁੰਦੈ। ਇਹ ਪਿਆਰ-ਵਿਆਰ ਸਭ ਬਕਵਾਸ ਐ।' ਉਹ ਬਹੁਤ ਕੁਝ ਬੋਲਣਾ ਚਾਹ ਰਹੀ ਹੋਵੇਗੀ, ਪਰ ਮੈਂ ਉਹਦੇ ਕੋਲੋਂ ਘਰ ਜਾਣ ਲਈ ਇਜਾਜ਼ਤ ਮੰਗੀ। ਉਹ ਮਾਰਕੀਟ ਤੱਕ ਮੇਰੇ ਨਾਲ ਆਈ ਤੇ ਮੈਨੂੰ ਲੋਕਲ ਬੱਸ ਚੜ੍ਹਾ ਗਈ। ਬੱਸ ਵਿੱਚ ਬੈਠੀ ਮੈਂ ਉਹਦੇ ਬਾਰੇ ਕਿੰਨਾ ਹੀ ਕੁਝ ਸੋਚੀ ਜਾ ਰਹੀ ਸਾਂ। ਮੈਨੂੰ ਉਹਦੇ ਕੋਲੋਂ ਡਰ ਆ ਰਿਹਾ ਸੀ ਤੇ ਉਹਦੇ 'ਤੇ ਤਰਸ ਵੀ। ਮਨ ਵਿੱਚ ਇੱਕ ਫ਼ੈਸਲਾ ਜਿਹਾ ਪੁੰਗਰ ਰਿਹਾ ਸੀ ਕਿ ਦੁਬਾਰਾ ਕਦੇ ਵੀ ਸੁਸ਼ਮਾ ਨੂੰ ਨਹੀਂ ਮਿਲਾਂਗੀ।