ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਖੱਟੀ ਲੱਸੀ ਪੀਣ ਵਾਲੇ
ਖੱਟੀ ਲੱਸੀ ਪੀਣ ਵਾਲੇ
ਗਿੰਦਰ ਤੇ ਚੰਦ ਦੋ ਭਰਾ ਸਨ। ਗਿੰਦਰ ਵੱਡਾ ਤੇ ਚੰਦ ਛੋਟਾ। ਜ਼ਮੀਨ ਉਨ੍ਹਾਂ ਕੋਲ ਸਾਰੀ ਹੀ ਦਸ ਘੁਮਾਂ ਸੀ।
ਉਨ੍ਹਾਂ ਦਾ ਪਿਓ ਇਕੱਲਾ ਸੀ ਤੇ ਜਵਾਨੀ-ਪਹਿਰੇ ਵੀ ਉਸ ਤੋਂ ਵਾਹੀ ਦਾ ਕੰਮ ਚੰਗਾ ਨਹੀਂ ਸੀ ਤੁਰਿਆ। ਆਪਣੀਆਂ ਦੋ ਭੈਣਾਂ ਦੇ ਵਿਆਹ, ਜਿਹੜੇ ਉਸਨੇ ਆਪ ਹੀ ਕੀਤੇ ਸਨ, ਕਿਸੇ ਬਾਣੀਏ ਤੋਂ ਕਰਜ਼ਾ ਲੈ ਕੇ ਕੀਤੇ ਸਨ। ਕਰਜ਼ਾ ਦਿਨੋ-ਦਿਨ ਟਿੱਬੇ ਦੇ ਰੇਤੇ ਵਾਂਗ ਵਧੀ ਜਾਂਦਾ ਸੀ। ਉਸ ਨੇ ਉਨ੍ਹਾਂ ਸਮਿਆਂ ਵਿੱਚ ਦੋ ਘੁਮਾਂ ਜ਼ਮੀਨ ਪਿੰਡ ਦੇ ਇੱਕ ਨਰੋਏ ਜ਼ਿੰਮੀਦਾਰ ਸੂਰਤਾ ਸਿੰਘ ਕੋਲ ਗਹਿਣੇ ਧਰਕੇ, ਉਸ ਬਾਣੀਏ ਦੇ ਸਾਰੇ ਕਰਜ਼ੇ ਦਾ ਜੂੜ ਵੱਢ ਦਿੱਤਾ ਸੀ।
ਕਹਿੰਦੇ, 'ਜੇ ਜੱਟ ਤਕੜਾ ਹੋਵੇ ਤਾਂ ਜ਼ਮੀਨ ਨੂੰ ਸਾਰੀ ਉਮਰ ਖਾਂਦਾ ਰਹਿੰਦਾ ਹੈ ਤੇ ਜੱਟ ਮਾੜਾ ਹੋਵੇ, ਤਾਂ ਜ਼ਮੀਨ ਉਲਟੀ ਜੱਟ ਨੂੰ ਖਾ ਜਾਂਦੀ ਹੈ। ਹਲ-ਵਾਹੀ ਦੇ ਕੰਮ ਵਿੱਚ ‘ਚਉਂ’ ਦਾ ਕੰਮ ਧਰਤੀ ਨੂੰ ਪੋਲਾ ਕਰਨਾ ਹੁੰਦਾ ਹੈ। ਧਰਤੀ ਨੂੰ ਪੋਲਾ ਜਿੰਨਾ ਕੋਈ ਜੱਟ ਬਹੁਤਾ ਕਰੇ, ਓਨਾ ਉਸ ਵਿਚੋਂ ਬਹੁਤਾ ਅੰਨ-ਪਦਾਰਥ ਨਿਕਲਦਾ ਹੈ। ਜੇ ਜੱਟ ‘ਚਉਂ ਨੂੰ ਧਰਤੀ ਵਿੱਚ ਬਹੁਤਾ ਨਾ ਵਰਤੇ, ਤਾਂ ਉਹ-ਚਉ ਧਰਤੀ ਨੂੰ ਪੋਲਾ ਕਰਨ ਦੀ ਥਾਂ ਜੱਟ ਨੂੰ ਪੋਲਾ ਕਰ ਦਿੰਦੀ ਹੈ। ਅੰਨ-ਪਦਾਰਥ ਦੀ ਥਾਂ ਫਿਰ ਜੱਟ ਵਿਚੋਂ ਨਿਕਲਦਾ ਹੈ-'ਸ਼ਾਹ ਦਾ ਕਰਜ਼ਾ' ਡੂਢੀਆਂ-ਸਵਾਈਆਂ 'ਕੁੜੀਆਂ ਦੇ ਪੈਸੇ ਵੱਟਣੇ' ਤੇ ਮੁੰਡਿਆਂ ਨੂੰ ਪੈਸੇ ਦੇ ਕੇ ਵਿਆਹੁਣਾ।
ਦੋ ਘੁਮਾਂ ਜ਼ਮੀਨ ਤਾਂ ਉਨ੍ਹਾਂ ਦੇ ਪਿਓ ਨੇ ਸੁਰਤਾ ਸਿੰਘ ਕੋਲ ਗਹਿਣੇ ਧਰੀ ਹੋਈ ਸੀ, ਪਰ ਕਦੇ ਸੌ ਕਦੇ ਦੋ ਸੌ ਕਰਕੇ ਹੋਰ ਦੋ ਹਜ਼ਾਰ ਰੁਪਈਆਂ ਵਿਆਜੂ ਵੀ ਸੂਰਤ ਸਿੰਘ ਨੇ ਉਸ ਦੇ ਸਿਰ ਕਰ ਲਿਆ ਸੀ। ਹਾੜੀ ਸੌਣੀ ਮੋੜ-ਮੋੜ ਕੇ ਵੀ ਰਕਮ ਓਨੀ ਦੀ ਓਨੀ ਖੜੀ ਰਹਿੰਦੀ, ਕਦੇ ਗਾਂ ਦਾ ਰੱਸਾ ਫੜਾ ਦਿੱਤਾ, ਕਦੇ ਵੱਛੇ ਦਾ ਰੱਸਾ ਫ਼ੜਾ ਦਿੱਤਾ ਤੇ ਕਦੇ ਕੋਈ ਝੋਟੀ ਦੇ ਦਿੱਤੀ ਅਤੇ ਜਿੰਨਾਂ ਚਿਰ ਉਨ੍ਹਾਂ ਦਾ ਪਿਓ ਜਿਉਂਦਾ ਰਿਹਾ, ਉਸ ਤੋਂ ਸੂਰਤਾ ਸਿੰਘ ਕੋਲੋਂ ਕਦੇ ਵੀ ਖਹਿੜਾ ਨਾ ਛੁਡਾਇਆ ਗਿਆ। ਸਾਲ ਵਿੱਚ ਜਿੰਨਾ ਰੁਪਈਆ ਉਹ ਉਚਾਰਦਾ ਸੀ, ਓਦੂੰ ਦੁਗਣਾ ਹੋਰ ਲੈ ਲੈਂਦਾ ਸੀ। ਗਿੰਦਰ ਦਾ ਜਦੋਂ ਵਿਆਹ ਕੀਤਾ, ਓਦੋਂ ਵੀ ਚਾਰ ਹਜ਼ਾਰ ਸੂਰਤਾ ਸਿੰਘ ਨੇ ਹੀ ਦਿੱਤਾ ਸੀ ਤੇ ਜਦੋਂ ਚੰਦਾ ਦਾ ਵਿਆਹ ਕੀਤਾ, ਓਦੋਂ ਦੋ ਹਜ਼ਾਰ ਵਿਆਜੁ ਲਿਆ ਸੀ ਤੇ ਦੋ ਹਜ਼ਾਰ ਦੀ ਦੋ ਘੁਮਾਂ ਜ਼ਮੀਨ ਹੋਰ ਗਹਿਣੇ ਧਰ ਦਿੱਤੀ ਸੀ। ਜਦੋਂ ਉਨ੍ਹਾਂ ਦਾ ਪਿਓ ਮਰਿਆ, ਉਨ੍ਹਾਂ ਦੇ ਚਾਰ ਘੁਮਾਂ ਜ਼ਮੀਨ ਗਹਿਣੇ ਸੀ ਤੇ ਚਾਰ ਹਜ਼ਾਰ ਰੁਪਈਆ ਦੇਣਾ ਰਹਿੰਦਾ ਸੀ।
ਦੋਵੇਂ ਭਰਾ ਪੂਰੇ ਜਿੱਚ ਸਨ ਕਿ ਉਹ ਸੂਰਤਾ ਸਿੰਘ ਦਾ ਚਾਰ ਹਜ਼ਾਰ ਕਿਵੇਂ ਉਚਾਰਨ। ਉਨ੍ਹਾਂ ਨੂੰ ਗਹਿਣੇ ਜ਼ਮੀਨ ਦਾ ਐਨਾ ਫ਼ਿਕਰ ਨਹੀਂ ਸੀ ਜਿੰਨਾ ਝੋਰਾ ਉਨ੍ਹਾਂ ਨੂੰ ਵਿਆਜੁ ਰੁਪਈਆਂ ਦਾ ਸੀ।
ਸੁਰਤਾ ਸਿੰਘ ਸੁਭਾਅ ਦਾ ਬੜਾ ਮਿੱਠਾ ਸੀ। ਦੇਖਣ ਵਿੱਚ ਇਉਂ ਲੱਗਦਾ ਜਿਵੇਂ ਉਹਦੇ ਨਾਲ ਦਾ ਪਿੰਡ ਵਿੱਚ ਧਰਮਾਤਮਾ ਬੰਦਾ ਹੋਰ ਨਹੀਂ। ਅੱਧ ਕੁ ਦਾ ਹੋ ਕੇ ਗੱਲ ਕਰਦਾ, ਪਿੰਡ ਦੇ ਹਰੇਕ ਬਾਹਮਣ ਨੂੰ ‘ਮਹਾਰਾਜ’ ਬੁਲਾਉਂਦਾ, ਸੜੇ ਤੋਂ ਸੜੇ ਬਾਣੀਏ ਨੂੰ ਵੀ ‘ਰਾਮ-ਰਾਮ’ ਕਹਿੰਦਾ। ਝਿਉਰ ‘ਨਾਈ, ਛੀਬੇ, ਤਖਾਣ, ਘੁਮਿਆਰ, ਮਜ਼ਬੀ ਤੋਂ ਰਾਮਦਾਸੀਏ, ਸਭ ਨੂੰ ਉਹ ਆਦਰ ਨਾਲ ਬੁਲਾਉਂਦਾ। ਐਨਾ ਮਿੱਠਾ ਬੰਦਾ ਪਿੰਡ ਵਿੱਚ ਹੋਰ ਕੋਈ ਨਹੀਂ ਸੀ। ਐਨਾ ਸਾਦਾ ਬੰਦਾ ਪਿੰਡ ਵਿੱਚ ਹੋਰ ਕੋਈ ਨਹੀਂ ਸੀ। ਪੈਰੀਂ ਖੱਲਧੌੜੀ ਦੀ ਜੁੱਤੀ। ਜੁੱਤੀ ਉਸ ਦੇ ਚਲਦੀ ਬਹੁਤ ਸੀ। ਪੰਜ-ਪੰਜ ਛੀ-ਛੀ ਵਾਰੀ ਗੰਢਾ ਕੇ ਵੀਉਹ ਜੁੱਤੀ ਨੂੰ ਹੰਢਾਈ ਜਾਂਦਾ। ਤੇੜ, ਖੱਦਰ ਦੀ ਧੋਤੀ।ਗਲ, ਖੱਦਰ ਦੀ ਬੋਸਕੀ ਦਾ ਕੁੜਤਾ। ਸਿਰ ਉੱਤੇ ਮੋਟੀ ਵੈਲ ਦਾ ਚਿੱਟਾ ਸਾਫਾ। ਬਾਰਾਂ ਮਹੀਨੇ ਤੀਹ ਦਿਨ ਓਸ ਦੇ ਇਹੀ ਪਹਿਰਾਵਾ ਹੁੰਦਾ। ਸਿਆਲਾਂ ਵਿੱਚ ਦੋੜੇ ਵਰਗੇ ਮੋਟੇ ਖੱਦਰ ਦੀ ਜਾਕਟ ਤੇ ਡੱਬੀਆਂ ਵਾਲੇ ਖੇਸ ਦੀ ਬੁੱਕਲ ਜ਼ਰੂਰ ਵਧ ਜਾਂਦੀ, ਨਹੀਂ ਤਾਂ ਬੱਸ ਉਸਦਾ ਇੱਕੋ ਪਹਿਰਾਵਾ ਰਹਿੰਦਾ।
ਉਹਦੇ ਕੋਲ ਆਪਣੀ ਜ਼ਮੀਨ ਵੀ ਬਹੁਤ ਸੀ।ਉਸਨੇ ਬਹੁਤ ਸਾਰੀ ਜ਼ਮੀਨ ਲੋਕਾਂ ਦੀ ਬੈਅ ਵੀ ਲੈ ਰੱਖੀ ਸੀ। ਗਹਿਣੇ ਦੀਆਂ ਜ਼ਮੀਨਾਂ ਤਾਂ ਉਸ ਕੋਲ ਕਈ ਘਰਾਂ ਦੀਆਂ ਸਨ। ਦੋ ਉਹਦੇ ਮੁੰਡੇ ਸਨ। ਦੋਵੇਂ ਦਿਨ ਰਾਤ ਵਾਹੀ ਦਾ ਕੰਮ ਹੀ ਕਰਦੇ ਰਹਿੰਦੇ। ਦੋਵੇਂ ਪਿਓ ਨਾਲੋਂ ਚੜਦੇ ਸਨ, ਐਨੇ ਕੰਜਸ ਕਿ ਕੀੜੀ ਦੇ ਰਾਹ ਦਾਣਾ ਨਹੀਂ ਸੀ ਜਾਣ ਦਿੰਦੇ। ਦਿਹਾੜੀਏ, ਜਿਹੜੇ ਉਨ੍ਹਾਂ ਦੇ ਕਦੇ-ਕਦੇ ਕੰਮ ਕਰਨ ਜਾਂਦੇ, ਦੱਸਦੇ ਹੁੰਦੇ ਕਿ ਜਦੋਂ ਵੀ ਅਸੀਂ ਕਦੇ ਇਨ੍ਹਾਂ ਦੇ ਜਾਂਦੇ ਹਾਂ, ਕਦੇ ਵੀ ਸਾਨੂੰ ਦਾਲ ਜਾਂ ਸਬਜ਼ੀ ਨਾਲ ਰੋਟੀ ਨਹੀਂ ਮਿਲੀ-ਹਮੇਸ਼ਾਂ ਹੀ ਗੰਢਿਆਂ ਦੀ ਚਟਣੀ ਜਾਂ ਪਚਰੰਗੇ ਆਚਾਰ ਨਾਲ ਰੋਟੀ ਖਾਧੀ ਐ।"
ਨਾਮਾ-ਪੱਤਾ ਸੂਰਤਾ ਸਿੰਘ ਦਾ ਪਿੰਡ ਵਿੱਚ ਬਹੁਤ ਚਲਦਾ ਸੀ। ਇਸ ਕੰਮ ਵਿੱਚ ਉਹ ਐਨਾ ਚੜ੍ਹ ਗਿਆ ਸੀ ਕਿ ਕੋਈ ਬਾਣੀਆ ਵੀ ਉਹਦੇ ਮੁਕਾਬਲੇ ਵਿੱਚ ਨਹੀਂ ਸੀ। ਸਗੋਂ ਕਈ ਬਾਣੀਏ ਵੀ ਉਹਦੀ ਈਨ ਮੰਨਦੇ ਸਨ। ਸੂਰਤਾ ਸਿੰਘ ਪੈਸੇ ਦੇ ਤਾਂ ਹਰ ਇੱਕ ਨੂੰ ਦਿੰਦਾ ਸੀ, ਪਰ ਨਾਮਾ ਉਗਾਹੁਣ ਵਿੱਚ ਬੜਾ ਕਰੜਾ ਸੀ।ਜੇ ਕਿਸੇ ਨਾਲ ਝਗੜਾ ਹੋ ਜਾਂਦਾ ਤਾਂ ਫੱਟ ਓਸ ਝਗੜੇ ਨੂੰ ਕਚਹਿਰੀ ਵਿੱਚ ਲੈ ਜਾਂਦਾ। ਡਰਦਾ ਉਹਦੀ ਰਕਮ ਕੋਈ ਦਬਦਾ ਨਹੀਂ ਸੀ। ਉਸ ਨੇ ਕਈ ਘਰਾਂ ਦੀ ਕੁਰਕੀ ਕਰਵਾਈ ਸੀ।ਜਿਸ ਬੰਦੇ ਦਾ ਉਸ ਨਾਲ ਵਾਹ ਪੈ ਜਾਂਦਾ, ਉਸਨੂੰ ਤਾਂ ਉਹ ਪੂਰੀ ਤਰ੍ਹਾਂ ਮੁੰਨ ਕੇ ਛਡਦਾ। ਸੌ ਰੁਪਈਆ ਜੇ ਕਿਸੇ ਨੂੰ ਦੇਣਾ ਹੁੰਦਾ, ਤਾਂ ਨੱਬੇ ਦੇ ਕੇ ਸੌ ਲਿਖਦਾ ਤੇ ਵਿਆਜ ਵੱਖਰਾ।ਵਿਆਜ ਵੀ ਉਹਦਾ ਦੂਜਿਆਂ ਨਾਲੋਂ ਕਰੜਾ ਸੀ। ਵਿਆਜੂ ਰੁਪਈਆ ਤਾਂ ਕਹਿੰਦੇ ਖੱਬਲ ਵਾਂਗ ਸੂਈ ਜਾਂਦਾ ਹੈ। ਗਿੰਦਰ ਝੋਰਾ ਕਰਦਾ ਕਿ ਸੁਰ ਸਿੰਘ ਦਾ ਚਾਰ ਹਜ਼ਾਰ ਕਿਵੇਂ ਉਤਾਰਿਆ ਜਾਵੇ। ਇਕੋ ਸਾਲ ਵਿੱਚ ਉਹ ਐਨਾ ਰੁਪਈਆ ਲਾਹ ਨਹੀਂ ਸੀ ਸਕਦੇ। ਦੋ ਭਰਾ ਸਨ। ਦੋ ਬੰਦਿਆਂ ਦੀ ਕਮਾਈ ਕਿੰਨੀ ਕੁ ਹੋ ਸਕਦੀ ਹੈ। ਉਨ੍ਹਾਂ ਕੋਲ ਛੀ ਘੁਮਾਂ ਜ਼ਮੀਨ ਹੀ ਤਾਂ ਹਲ ਹੇਠਾ ਸੀ। ਕੁਝ ਜ਼ਮੀਨ ਉਹ ਹਿੱਸੇ ਉਤੇ ਲੈ ਲੈਂਦੇ ਤੇ ਕੁਝ ਠੇਕੇ ਉਤੇ। ਵਾਹੀ ਚੰਗੀ ਕਰਦੇ ਸਨ। ਜਾਨ ਤੋੜ ਕੇ ਕੰਮ ਕਰਦੇ। ਖਰਚ ਬਹੁਤ ਘੱਟ ਕਰਦੇ। ਵਿਆਹਾਂ ਵਿੱਚ ਨਾ ਜਾਣ ਕਰਕੇ ਦੋ ਤਿੰਨ ਰਿਸ਼ਤੇਦਾਰ ਵੀ ਉਨ੍ਹਾਂ ਨਾਲੋਂ ਟੁੱਟ ਗਏ ਸਨ। ਵਿਉਂਤ ਅਨੁਸਾਰ ਉਹ ਕੰਮ ਕਰਦੇ ਸਨ। ਸਣੇ ਵਿਆਜ ਇੱਕ-ਇੱਕ ਹਜ਼ਾਰ ਹਰ ਸਾਲ ਦੇਕੇ, ਉਨ੍ਹਾਂ ਨੇ ਚਾਰ-ਪੰਜ ਸਾਲਾਂ ਵਿੱਚ ਲਾਹ ਦਿੱਤਾ।
ਹੁਣ ਚਾਰ ਘੁਮਾਂ ਜ਼ਮੀਨ ਰਹਿੰਦੀ ਸੀ। ਦੋ ਘੁਮਾਂ ਜ਼ਮੀਨ ਪਹਿਲਾਂ ਜਿਹੜੀ ਉਨ੍ਹਾਂ ਦ ਪਿਓ ਨੇ ਧਰੀ ਸੀ, ਉਹ ਵੀ ਉਨ੍ਹਾਂ ਨੇ ਦੋ ਕੁ ਸਾਲਾਂ ਵਿੱਚ ਛੁਡਾ ਲਈ। ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਦਿਨ ਕਦੋਂ ਚੜ੍ਹਦਾ ਹੈ ਤੇ ਕਦੋਂ ਛਿਪਦਾ ਹੈ। ਉਹ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ।ਹੁਣ ਬੱਸ ਦੋ ਘੁਮਾਂ ਉਨ੍ਹਾਂ ਦੀ ਗਹਿਣੇ ਰਹਿੰਦੀ ਸੀ। ਉਨ੍ਹਾਂ ਦੀਆਂ ਜ਼ਨਾਨੀਆਂ ਵੀ ਬਹੁਤ ਕੰਮ ਕਰਦੀਆਂ ਖੇਤੀ-ਪੱਤੀ ਦੇ ਕੰਮ ਤੋਂ ਬਿਨਾ ਉਹ ਹੋਰ ਕੰਮ ਵੀ ਕਰਦੀਆਂ ਰਹਿੰਦੀਆਂ। ਦਰੀਆਂ ਬੁਣਦੀਆਂ।ਤਾਣੀ ਬੁਣਨ ਲਈ ਉਨ੍ਹਾਂ ਲਈ ਉਨ੍ਹਾਂ ਨੇ ਘਰ ਖੱਡੀ ਵੀ ਲਾਈ ਹੋਈ ਸੀ। ਛੋਟੀ ਬਹੁ ਘਰ ਦੇ ਕੱਪੜੇ ਮਸ਼ੀਨ ਉੱਤੇ ਆਪ ਹੀ ਸਿਉਂ ਲੈਂਦੀ ਸੀ। ਦੋਵੇਂ ਬਹੁਆਂ ਨੇ ਨਾ ਕਦੇ ਰੱਜ ਕੇ ਖਾਧਾ ਸੀ ਤੇ ਨਾ ਕਦੇ ਜੀਅ ਭਰ ਕੇ ਹੰਢਾਇਆ ਸੀ। ਉਹ ਵੀ ਆਪਣੇ ਆਦਮੀਆਂ ਵਾਂਗ ਹੀ ਦੇਹ ਵੇਲਦੀਆਂ ਰਹਿੰਦੀਆਂ। ਸੁਭਾਅ ਦੀਆਂ ਪੁੱਜ ਕੇ ਚੰਗੀਆਂ।ਕਦੇ ਕੋਈ ਬਹੁ ਕਿਸੇ ਨਾਲ ਲੜਦੀ ਨਹੀਂ ਸੀ। ਵਿਹੜਕੀ ਦੀਆਂ ਸਾਰੀਆਂ ਬੜੀਆਂ ਉਨਾਂ ਬਹਆਂ ਨੰ ਸਰਾਹ ਨਹੀਂ ਸਨ ਰਜਦੀਆਂ। ਕੰਮ ਦੀ ਧੁੰਮ ਪਾ ਰੱਖੀ ਸੀ, ਉਨ੍ਹਾਂ ਨੇ। ਵੱਡੀ ਬਹੂ ਤਾਂ ਬਾਹਰ ਅੰਦਰ ਕੰਮ ਵਿੱਚ ਨੜੇ ਵਾਂਗ ਉਧੜਦੀ ਫਿਰਦੀ।
ਨਾ ਗਿੰਦਰ ਮੁੰਡਿਆਂ ਵਰਗਾ ਮੁੰਡਾ ਸੀ ਤੇ ਨਾ ਚੰਦ ਮੁੰਡਿਆਂ ਵਰਗਾ ਮੁੰਡਾ ਸੀ। ਦੋਵੇਂ ਭਰਾਵਾਂ ਨੇ ਸ਼ਰਾਬ ਕਦੇ ਮੂੰਹ ਉਤੇ ਧਰ ਕੇ ਨਹੀਂ ਸੀ ਦੇਖੀ। ਸ਼ਰਾਬ ਪੀਣ ਵਾਲੇ ਉਲੱਥ ਮੁੰਡਿਆਂ ਦੀ ਢਾਣੀ ਵਿੱਚ ਬੈਠਣ ਤੋਂ ਉਹ ਬਹੁਤ ਸੰਗਦੇ। ਕਿਸੇ ਕੋਲ ਖੜ੍ਹਨ ਬੈਠਣ ਦੀ ਉਨ੍ਹਾਂ ਕੋਲ ਵਿਹਲ ਵੀ ਕਦੋਂ ਸੀ। ਉਨ੍ਹਾਂ ਨੇ ਕਦੇ ਮਾਸ-ਮਿੱਟੀ ਨੂੰ ਮੂੰਹ ਵੀ ਨਹੀਂ ਸੀ ਲਾਇਆ। ਅਗਵਾੜ ਦੇ ਕਈ ਛੁਰਛੁਰੇ ਮੁੰਡੇ ਬੱਕਰਾ ਵੱਢ ਕੇ ਰਿੰਨ੍ਹ-ਬਿੰਨ੍ਹ ਖਾਂਦੇ।ਘਰ ਦੀ ਕੱਢੀ ਸ਼ਰਾਬ ਪੀਂਦੇ। ਪਰ ਗਿੰਦਰ ਤੇ ਚੰਦ ਹੋਰਾਂ ਦਾ, ਜੇ ਕਦੀ ਬਹੁਤਾ ਜੀਅ ਲਲਚਾਉਂਦਾ, ਤਾਂ ਮੱਕੀ ਜਾਂ ਛੋਲਿਆਂ ਦੇ ਦਾਣੇ ਭੁੰਨਾ ਕੇ ਗੁੜ ਨਾਲ ਚੱਬ ਲੈਂਦੇ। ਕਣਕ ਦੇ ਮਰੀਂਡੇ, ਘਾਠ, ਤਿਲਾਂ ਦੇ ਤਿਲੋਏ ਤੇ ਮੱਕੀ ਦੇ ਭੂਤ-ਪਿੰਨ ਉਨ੍ਹਾਂ ਲਈ ਛੱਤੀ-ਪਦਾਰਥ ਸਨ। ਲਵੇਰੀ ਮੱਝ ਹਮੇਸ਼ਾਂ ਹੀ ਉਨ੍ਹਾਂ ਦੇ ਕਿੱਲੇ ਉਤੇ ਰਹਿੰਦੀ ਸੀ। ਸਾਰਾ ਟੱਬਰ ਖੱਟੀ ਲੱਸੀ ਕੜਿਆ ਦੁੱਧ ਪੀਂਦਾ-ਡੱਕਵਾਂ। ਅਗਵਾੜ ਦੇ ਚੱਕਵੇਂ ਮੁੰਡੇ ਦੋਵੇਂ ਭਰਾਵਾਂ ਨੂੰ ਕਿਸੇ ਗੱਲ ਵਿੱਚ ਪਤੀਜਦੇ ਨਹੀਂ ਸਨ। ਕੋਈ ਵੀ ਗੱਲ ਛਿੜਦੀ ਤੇ ਜੇ ਗੱਲ ਗਿੰਦਰ ਦੇ ਘਰ ਉਤੇ ਆ ਜਾਂਦੀ, ਤਾਂ ਮਖੌਲ ਵਿੱਚ ਉਹ ਉਨ੍ਹਾਂ ਨੂੰ ਕਹਿੰਦੇ-ਓਏ, ਉਹ ਕੀ ਕਰਨਗੇ, ਖੱਟੀ ਲੱਸੀ ਪੀਣ ਵਾਲੇ?' ਦੀਵਾਲੀ ਦੀ ਰਾਤ ਸੀ। ਚਾਰ ਪੰਜ ਮੁੰਡੇ ਇੱਕ ਮੁੰਡੇ ਦੇ ਬਾਹਰਲੇ ਘਰ, ਘਰ ਦੀ ਸ਼ਰਾਬ ਪੀ ਰਹੇ ਸਨ ਤੇ ਬੱਕਰਾ ਵੀ ਓਥੇ ਹੀ ਰਿੰਝ ਰਿਹਾ ਸੀ। ਗਿੰਦਰ ਨੂੰ ਉਸ ਰਾਤ ਮੋਘੇ ਦਾ ਪਾਣੀ ਮਿਲਣਾ ਸੀ। ਉਹਨੂੰ ਇੱਕ ਕਹੀ ਦੀ ਲੋੜ ਸੀ। ਉਹ ਉਸ ਮੁੰਡੇ ਦੇ ਬਾਹਰਲੇ ਘਰ ਕਹੀ ਮੰਗਣ ਗਿਆ, ਤਾਂ ਉਸ ਢਾਣੀ ਨੇ ਉਸਨੂੰ ਓਥੇ ਹੀ ਫੜ ਲਿਆ-ਬਾਈ ਗਿੰਦਰਾ, ਇੱਕ ਹਾੜਾ ਲਾ ਲੈ। ਗਿੰਦਰ ਕਹਿੰਦਾ-ਢਾਡੀ ਆਲੀ ਆਣ ਐ ਜੇ ਕਦੇ ਮੂੰਹ `ਤੇ ਧਰੀ ਹੋਵੇ।" ਇੱਕ ਸ਼ਰਾਬੀ, ਜਿਸਨੇ ਸਭ ਤੋਂ ਵਧ ਪੀਤੀ ਹੋਈ ਸੀ, ਕਹਿੰਦਾ ਐਧਰ, ਆਸ਼ਕਾਂ ਨੂੰ ਦੇਹ, ਇਹ ਖੱਟੀ ਲੱਸੀ ਪੀਣ ਆਲਾ ਕੀ ਕਰੂ?? ਤੇ ਗਲਾਸ ਫੜਕੇ ਗੱਟ-ਗੱਟ ਚਾੜ੍ਹ ਗਿਆ।
ਇੱਕ ਵਾਰੀ ਚੋਲੇ ਵਾਲੇ ਬਾਬੇ ਦੇ ਡੇਰੇ, ਭੜੀਅ ਪਾਉਣ ਸਾਰਾ ਅਗਵਾੜ ਗਿਆ। ਜਦ ਆਥਣ ਜਿਹਾ ਹੋ ਗਿਆ, ਮੁੰਡੇ ਜਿਦ ਪਏ, ਅਕੇ ਸਭ ਤੋਂ ਵੱਧ ਮਿੱਟੀ ਦਾ ਭਰਿਆ ਟੋਕਰਾ ਕਿਹੜਾ ਮੁੰਡਾ ਚੱਕ ਕੇ ਬਾਬੇ ਦੀ ਸਮਾਧ ਵਾਲੇ ਚੌਂਤਰੇ ਉਤੇ ਲਿਜਾ ਸਕਦਾ ਹੈ। ਜਿੱਥੋਂ ਮਿੱਟੀ ਪੁੱਟ ਕੇ ਟੋਕਰਾ ਭਰਨਾ ਸੀ, ਓਥੋਂ ਬਾਬੇ ਦੀ ਸਮਾਧ ਕੋਈ ਸੌ ਕਦਮ ਦੂਰ ਸੀ। ਉਨ੍ਹਾਂ ਕੋਲ ਇੱਕ ਐਸਾ ਤਕੜਾ ਨਰੋਆ ਤੇ ਚੌੜਾ ਟੋਕਰਾ ਸੀ, ਜਿਸ ਵਿੱਚ ਪੰਜ-ਮਣ ਤੋਂ ਵੱਧ ਵੀ ਮਿੱਟੀ ਪੈ ਸਕਦੀ ਸੀ। ਇੱਕ ਮੁੰਡੇ ਨੇ ਟੋਕਰਾ ਖ਼ਾਸਾ ਹੀ ਭਰ ਦਿੱਤਾ। ਟੋਕਰਾ ਉਹ ਕਿਸੇ ਤੋਂ ਨਾ ਹਿਲਿਆ। ਸਾਰੇ ਖੜੇ ਦੇਖੀ ਜਾਣ। ਚੰਦ ਨੇ ਚਹੁੰ ਮੁੰਡਿਆਂ ਤੋਂ ਟੋਕਰਾ ਚੁਕਵਾ ਕੇ ਆਪਣੇ ਸਿਰ ਉੱਤੇ ਧਰਿਆ ਤੇ ਬਾਬੇ ਦੇ ਚੌਂਤਰੇ ਉਤੇ ਔਹ ਜਾ ਕੇ ਮੁਧਾ ਮਾਰਿਆ। ਸਾਰਾ ਇਕੱਠ ਹੈਰਾਨ ਰਹਿ ਗਿਆ-ਸਾਲਿਓ, ਖੱਟੀ ਲੱਸੀ ਪੀਣ ਆਲਾ ਈ ਨਿੱਤਰ ਗਿਆ।'
ਦੋਵੇਂ ਭਰਾ ਕਮਾਈ ਕਰਦੇ ਸਨ, ਬੇਥਾਹ। ਨਾ ਕਿਸੇ ਦਾ ਕੁਝ ਡੋਲ੍ਹਦੇ,ਨਾ ਵਿਗਾੜਦੇ। ਕਿਸੇ ਨਾਲ ਕਦੇ ਲੜੇ ਨਹੀਂ ਸਨ। ਕਿਸੇ ਨਾਲ ਕੋਈ ਝਗੜਾ ਨਹੀਂ ਸੀ ਪਾਇਆ। ਸਾਰਾ ਅਗਵਾੜ ਉਨ੍ਹਾਂ ਨੂੰ ਸਮਝਦਾ ਸੀ ਕਿ ਇਹ ਮੁੰਡੇ ਤਾਂ ਦੇਵਤਾ ਹਨ।
ਦੋਵੇਂ ਭਰਾ ਹੁਣ ਏਸੇ ਫ਼ਿਕਰ ਵਿੱਚ ਰਹਿੰਦੇ ਕਿ ਕਿਵੇਂ ਦੋ ਘਮਾਂ ਜ਼ਮੀਨ ਸਰਤਾ ਸਿੰਘ ਕੋਲੋਂ ਛੁਡਵਾਈ ਜਾਵੇ। ਦੋ ਹਜ਼ਾਰ ਦੀ ਸਾਰੀ ਗੱਲ ਸੀ। ਜਿਥੇ ਉਨ੍ਹਾਂ ਨੇ ਚਾਰ ਹਜ਼ਾਰ ਲਾਹ ਦਿੱਤਾ ਸੀ ਤੇ ਮਗਰੋਂ ਦੋ ਘੁਮਾਂ ਛੁਡਵਾ ਵੀ ਲਈ ਸੀ ਤਾਂ ਹੁਣ ਉਨ੍ਹਾਂ ਨੂੰ ਦੋ ਹਜ਼ਾਰ ਦੇਣਾ ਕੀ ਬਾਹਲਾ ਸੀ। ਉਨ੍ਹਾਂ ਨੇ ਹੌਲੀ-ਹੌਲੀ ਦੋ ਹਜ਼ਾਰ ਇਕੱਠਾ ਕੀਤਾ ਤੇ ਸੂਰਤਾ ਸਿੰਘ ਨੂੰ ਕਿਹਾ ਕਿ ਉਹ ਆਪਣੀ ਰਕਮ ਖ਼ਰੀ ਕਰੇ ਤੇ ਜ਼ਮੀਨ ਛੱਡੇ।
ਸੂਰਤਾ ਸਿੰਘ ਪਰ ਲੱਤ ਨਹੀਂ ਸੀ ਲਾਉਂਦਾ। ਉਹਦਾ ਵਤੀਰਾ ਸੀ ਕਿ ਜੇ ਕੋਈ ਉਹਦਾ ਵਿਆਜ ਨਾ ਮੋੜਦਾ, ਜਾਂ ਅਸਲ ਰਕਮ ਵਿੱਚੋਂ ਬਿਲਕੁਲ ਹੀ ਨਾ ਝੜਦਾ, ਤਾਂ ਉਹ ਉਸ ਨੂੰ ਨਿੱਠ ਕਰੀ ਰੱਖਦਾ ਪਰ ਜੇ ਕੋਈ ਆਪਣਾ ਸਾਰਾ ਹਿਸਾਬ-ਕਿਤਾਬ ਉਸ ਨਾਲ ਮੁਕਦਾ ਕਰਨਾ ਚਾਹੁੰਦਾ, ਤਾਂ ਉਸ ਨੂੰ ਸੱਤੇ ਕੱਪੜੇ ਅੱਗ ਲੱਗ ਜਾਂਦੀ। ਉਸ ਨੂੰ ਆਪਣੀ ਸਾਰੀ ਹੱਥਾਂ ਵਿਚੋਂ ਨਿਕਲ ਗਈ ਲੱਗਦੀ।
ਗਿੰਦਰ ਨੇ ਸਰਤਾ ਸਿੰਘ ਨੂੰ ਬਹੁਤ ਵਾਰੀ ਕਿਹਾ ਕਿ ਉਹ ਆਪਣਾ ਦੋ ਹਜ਼ਾਰ ਖ਼ਰਾ ਦੁੱਧ ਵਰਗਾ ਲੈ ਲਵੇ ਤੇ ਜ਼ਮੀਨ ਦਾ ਕਬਜ਼ਾ ਛੱਡ ਦੇਵੇ, ਪਰ ਹਰ ਵਾਰੀ ਸੁਰਤਾ ਸਿੰਘ ਟਾਲ-ਮਟੋਲ ਕਰਦਾ ਸੀ। ਕੁਝ ਦਿਨ ਪਾ ਕੇ ਸੂਰਤਾ ਸਿੰਘ ਆਪਣੀ ਬਹੀ ਕੱਢ ਲਿਆਇਆ। ਧੀਰੂ ਮੱਲ ਸੇਠ ਦੀ ਦੁਕਾਨ ਉਤੇ ਉਸ ਨੇ ਗਿੰਦਰ ਨੂੰ ਬੁਲਵਾ ਲਿਆ। ਕਹਿੰਦਾ-‘ਗਿੰਦਰ ਸਿਆਂ, ਦੋ ਸਾਲ ਹੋ ਗੇ, ਆਪਾਂ ਨੂੰ, ਨਾਮ ਕਰੇ ਨੂੰ। ਇੱਕ ਹਜ਼ਾਰ ਤੇਰੇ ਕੰਨੀ ਅਜੇ ਖੜੈ, ਪਹਿਲਾਂ ਇਹ ਨਿਬੇੜ ਲੈ-ਨਿਬੇੜਨੈ , ਨਿਬੇੜ ਲੈ ਜਾਂ ਨਾਮਾਂ ਕਰਨੈ, ਨਾਮਾਂ ਕਰ ਲੈ।
ਸੁਰ ਸਿੰਘ ਦੇ ਬੋਲ ਸੁਣਕੇ ਗਿੰਦਰ ਦੀਆਂ ਪੁਤਲੀਆਂ ਭੁੱਖਣ ਲੱਗ ਪਈਆਂ। ਇਹ ਗੱਲ ਜਿਵੇਂ ਉਸ ਨੂੰ ਸਮਝ ਨਹੀਂ ਸੀ ਆਈ।ਲਾਲਾ ਵੀ ਵਹੀ ਨੂੰ ਪੜ੍ਹਕੇ ਇਹੀ ਗੱਲ ਕਹਿ ਰਿਹਾ ਸੀ। ਸੂਰਤਾ ਸਿੰਘ ਇਉਂ ਬੋਲ ਰਿਹਾ ਸੀ, ਜਿਵੇਂ ਸੱਚਮੁੱਚ ਹੀ ਇੱਕ ਹਜ਼ਾਰ ਵਿਆਜੁ ਰੁਪਈਆ ਅਜੇ ਰਹਿੰਦਾ ਹੋਵੇ। ਗਿੰਦਰ ਦੇ ਮੱਥੇ ਵਿੱਚ ਠੱਕ-ਠੱਕ ਹੋਣ ਲੱਗ ਪਈ। ਉਸਨੂੰ ਕਿਸੇ ਵੀ ਗੱਲ ਤੇ ਯਕੀਨ ਨਹੀਂ ਸੀ ਆ ਰਿਹਾ। ਵਿਆਜੁ ਰੁਪਈਆ ਦਾ ਸਾਰਾ ਹਿਸਾਬ-ਕਿਤਾਬ ਹੱਥਨੀ ਵਰਗੀ ਮਹਿੰ ਦੇ ਕੇ ਉਸ ਨੇ ਮੁਕਾ ਤਾਂ ਦਿੱਤਾ ਸੀ। ਇਹ ਇੱਕ ਹਜ਼ਾਰ ਕਿਥੋਂ ਨਿਕਲ ਆਇਆ? ਨਾਮੇ-ਪੱਤੇ ਦੀ ਸਾਰੀ ਲਿਖਤ-ਪੜਤ ਧੀਰ ਮੱਲ ਹੀ-ਸਾਰੇ ਅਗਵਾੜੇ ਦੀ ਕਰਕੇ ਦਿੰਦਾ। ਗਿੰਦਰ ਦਾ ਮੱਥਾ ਠਣਕਿਆਂ ਕਿ ਇਹ ਸਾਰੀ ਠੱਗੀ ਸੂਰਤਾ ਸਿੰਘ ਨੇ ਧੀਰੂ ਮੱਲ ਨਾਲ ਰਲ ਕੇ ਕੀਤੀ ਐ। ਧੀਰੂ ਮੱਲ ਕਿਹੜਾ ਦੁੱਧ-ਧੋਤਾ ਸੀ। ਗਿੰਦਰ ਸਿਉਣੇ ਮੁੰਹ ਉੱਠ ਕੇ ਘਰ ਨੂੰ ਆ ਗਿਆ।
ਦੋ ਹਜ਼ਾਰ ਰੁਪਈਆ ਗਹਿਣੇ ਵਾਲਾ ਉਸ ਨੇ ਸਰਪੰਚ ਕੋਲ ‘ਮਾਨਤ ਰੱਖ ਦਿੱਤਾ। ਦੋ ਘੁਮਾਂ ਗਹਿਣੇ ਵਾਲੀ ਜ਼ਮੀਨ ਵਿੱਚ ਸੂਰਤਾ ਸਿੰਘ ਨੇ ਵਹਾ ਕੇ ਸੁਹਾਗੀ ਮਰਵਾਈ ਪਈ ਸੀ। ਜ਼ਮੀਨ ਫ਼ਸਲ ਬੀਜਣ ਦੇ ਵੱਤ ਸੀ। ਪਹਿਰ ਦੇ ਤੜਕੇ ਉਠ ਕੇ ਦਰ ਤੇ ਚੰਦ ਨੇ ਜਾਕੇ, ਉਸ ਵਿੱਚ ਮੋਟੇ-ਮੋਟੇ ਨੱਕ ਵਾਲੀ ਮੱਕੀ ਬੀਜ ਦਿੱਤੀ।
ਮੱਕੀ ਬੀਜ ਕੇ ਦੋਵੇਂ ਭਰਾ ਘਰ ਨੂੰ ਜਦ ਆ ਰਹੇ ਸਨ, ਤਾਂ ਉਹ ਉੱਚੀ-ਉੱਚੀ ਬੋਲਦੇ ਸਨ, ਜਿਵੇਂ ਉਨ੍ਹਾਂ ਨੂੰ ਕਿਸੇ ਪਰੇਤ ਦੀ ਕਸਰ ਹੋ ਗਈ ਹੋਵੇ।ਗਿੰਦਰ ਬੋਲ ਰਿਹਾ ਸੀ-ਹੱਕ ਦੀ ਗੱਲ ਤੇ ਸੀਸ ਦੇ ਦਿਆਂਗੇ ਚੰਦ ਕੂਕ ਰਿਹਾ ਸੀ-ਤਲਾ ਮੂਲ ਪੱਟ ਦਿਆਂਗੇ ਸੁਰਤੇ ਦਾ। ਸਮਝਦਾ ਕੀਹ ਐ?'
ਸਾਰੇ ਪਿੰਡ ਵਿੱਚ ਚਰਚਾ ਛਿੜ ਗਈ-ਖੱਟੀ ਲੱਸੀ ਪੀਣ ਵਾਲਿਆਂ ਨੇ ਹੱਦ ਕਰਤੀ ਬਈ।' *