ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕੈਦਣ

ਕੈਦਣ

ਹੁਣ ਤਾਂ ਇਸ ਇਲਾਕੇ ਵਿਚ ਟੈਕਸੀਆਂ ਆਮ ਹੋ ਗਈਆਂ ਹਨ। ਸੜਕਾਂ ਦਾ ਵੀ ਕੋਈ ਅੰਤ ਨਹੀਂ। ਪੈਸਿਆਂ ਦੀ ਖੇਡ ਹੈ। ਜਿੱਥੇ ਮਰਜ਼ੀ ਜਦੋਂ ਲੋੜ ਹੋਵੇ ਟੈਕਸੀ ਲੈ ਜਾਓ।

ਪਰ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਸ਼ਿੱਬੂ ਤਖਾਣ ਪਿੱਤਲ ਦੀਆਂ ਫੁੱਲੀਆਂ ਵਾਲੇ ਆਪਣੇ ਰੱਥ ਉੱਤੇ ਬੈਠਾ ਹੈਲੀਕਾਪਟਰ ਦੇ ਕਿਸੇ ਪਾਈਲਟ ਨਾਲੋਂ ਘੱਟ ਨਹੀਂ ਸੀ ਹੁੰਦਾ।

ਚਿੱਟੀਆਂ ਝਾਲਰਾਂ ਵਾਲਾ ਟੂਲੀ ਰੰਗਾ ਉਛਾੜ ਨਵਾਂ ਹੀ ਰੱਥ ਉੱਤੇ ਤਖਾਣ ਨੇ ਚੜ੍ਹਵਾਇਆ ਸੀ। ਸ਼ੱਕੀ ਬਲਦ ਆਰ ਤਾਂ ਕੀ ਪਿੰਡੇ ਉੱਤੇ ਮੱਖੀ ਨਹੀਂ ਸੀ ਸਹਾਰਦੇ। ਬਹੁਤੇ ਹੀ ਚਲਾਕ।

ਦੇਸੂ ਸੁਨਿਆਰ ਤੇ ਮੱਖਣ ਨੂੰ ਨਾਲ ਲੈ ਕੇ ਮੈਂ ਸਹੁਰੀਂ ਗਿਆ ਸਾਂ। ਮੁਕਲਾਵਾ ਲੈਣ ਜਾਂਦੇ ਮੁੰਡੇ ਨੂੰ ਚਾਅ ਦੇ ਨਾਲ ਕੁੱਝ ਸੰਗ ਜਿਹੀ ਵੀ ਹੁੰਦੀ ਹੈ। ਮਿੱਠਾ-ਮਿੱਠਾ ਡਰ। ਏਸੇ ਕਰ ਕੇ ਮੈਂ ਦੇਸੁ ਤੇ ਮੱਖਣ ਨੂੰ ਨਾਲ ਲੈ ਕੇ ਗਿਆ ਸਾਂ। ਮਾਂ ਨੇ ਤਾਂ ਸਗੋਂ ਜਾਣ ਕੇ ਉਹਨਾਂ ਨੂੰ ਮੇਰੇ ਨਾਲ ਤੋਰਿਆ ਸੀ। ਉਹ ਕਹਿੰਦੀ ਸੀ-"ਸਾਡਾ ਕੰਦਾ ਤਾਂ ਕੁੜੀਆਂ ਅਰਗੈ। ਏਹਨੂੰ ਕੱਲੇ ਨੂੰ ਤਾਂ ਸਾਲੀਆਂ ਨੇ ਚੁੱਢੀਏਂ ਹੀ ਖਾ ਜਾਣੈ ਏਹਦੇ ਤਾਂ ਮੂੰਹ ਚ ਬੋਲ ਨੀ, ਡੀਡੇ ਦੇ।

ਦੇਸੂ ਮੇਰਾ ਮਿਲਾਪੀ ਸੀ। ਸਾਡਾ ਗੁਆਂਢੀ ਵੀ। ਅਕਸਰ ਮੈਂ ਉਸ ਦੇ ਪਹਾਰੇ ਤੇ ਬੈਠਾ ਰਹਿੰਦਾ। ਉਸ ਕੋਲੋਂ ਰੂਪ-ਬਸੰਤ’ ਦਾ ਚਿੱਠਾ ਲੈ ਕੇ ਉੱਚੀ-ਉੱਚੀ ਪਦਾ। ਮੈਥੋਂ ਚਿੱਠਾ ਸੁਣ ਕੇ ਉਹ ਬਹੁਤ ਖੁਸ਼ ਹੁੰਦਾ।

ਮੱਖਣ ਨਾਲ ਮੇਰੀ ਬੁੱਕਲ ਖੁੱਲ੍ਹੀ ਸੀ। ਅਸੀਂ ਇੱਕਠੇ, ਘਰ ਦੀ ਕੱਢੀ ਸ਼ਰਾਬ ਪੀਂਦੇ ਤੇ ਬੋੜੇ ਖੁਹ ਵਾਲੇ ਪਿੱਪਲ ਦੀਆਂ ਜੜਾਂ ਵਿੱਚ ਬਹਿ ਕੇ ਸਾਧਾਂ ਦੀ ਨਿੰਮੋ ਦੀਆਂ ਗੱਲਾਂ ਕਰਦੇ। ਹਾਜ਼ਰ ਜਵਾਬੀ ਵਿੱਚ ਮੱਖਣ ਸਾਰੇ ਪਿੰਡ ਵਿੱਚ ਉੱਘਾ ਸੀ।ਉਹਦੇ ਵਰਗੀ ਗੱਲ ਕਿਸੇ ਨੂੰ ਨਹੀਂ ਸੀ ਔੜਦੀ।

ਦੇਸੂ ਤੇ ਮੱਖਣ ਨੂੰ ਨਾਲ ਲਿਜਾ ਕੇ ਮੈਨੂੰ ਪੂਰਾ ਧਰਵਾਸ ਹੋ ਗਿਆ ਸੀ। ਮੈਨੂੰ ਡਰ ਨਹੀਂ ਸੀ ਰਿਹਾ ਕੇ ਸਹੁਰਿਆਂ ਦੀ ਕੋਈ ਕੁੜੀ ਮੈਨੂੰ ਤੰਗ ਕਰ ਸਕੇਗੀ। ਉਹ ਵੀ ਕਹਿੰਦੇ ਸਨ-ਕੰਦਿਆ, ਤੂੰ ਝਿ ਨਾ। ਅਸੀਂ ਵਾਹਣੀ ਪਾ ਦਿਆਂਗੇ, ਸਾਰੀਆਂ ਨੂੰ।'

ਸਹੁਰਿਆਂ ਦੇ ਘਰ ਚੁਬਾਰੇ ਵਿੱਚ ਜਾ ਕੇ ਅਸੀਂ ਅਜੇ ਬੈਠੇ ਹੀ ਸਾਂ ਕਿ ਕੁੜੀਆਂ ਮੀਂਹ ਦੀ ਵਾਛੜ ਵਾਂਗ ਆ ਖੜ੍ਹੀਆਂ। ਕੋਈ ਕੁਝ ਬੋਲਦੀ ਸੀ, ਕੋਈ ਕੁਝ। ਕਦੇ-ਕਦੇ ਉਨ੍ਹਾਂ ਦੀ ਕਿਚਰ ਕਿਚਰ ਬਿਲਕੁਲ ਬੰਦ ਹੋ ਜਾਂਦੀ। ਜਿਵੇਂ ਉਨ੍ਹਾਂ ਕੋਲੋਂ ਸਾਰੀਆਂ ਮਸ਼ਕਰੀਆਂ ਮੁੱਕ ਗਈਆਂ ਹੋਣ ਤੇ ਕਿਸੇ ਵੀ ਕੁੜੀ ਨੂੰ ਕੋਈ ਨਵੀਂ ਗੱਲ ਨਾ ਔੜਦੀ ਹੋਵੇ। ਕੋਈ ਕੁੜੀ ਫੇਰ ਉਹੀ ਘਸਿਆ ਹੋਇਆ ਸਵਾਲ ਕਰ ਦਿੰਦੀ-"ਵੇ ਮੁਕੰਦ, ਤੂੰ ਆਪਣੀ ਭੈਣ ਨੂੰ ਨਾਲ ਨਾ ਲੈ ਕੇ ਆਇਆ??

ਦੂਜੀ ਪੁੱਛਦੀ-"ਵੇ ਮੁਕੰਦ, ਵੇ ਮੁਕੰਦ, ਮਾਂ ਨੇ ਤੈਨੂੰ ਕਿੰਨੇ ਰੁਪਈਏ ਦਿੱਤੇ ਨੇ, ਸਾਲੀਆਂ ਨੂੰ ਦੇਣ ਨੂੰ?"

"ਵੇ ਤੂੰ ਮਾਂ ਨੂੰ ਕਹਿੰਦਾ ਬਈ ਤੈਨੂੰ ਚੱਜ ਦਾ ਤਾਂ ਜੰਮਦੀ?" ਇੱਕ ਕੁੜੀ ਨੇ ਮੇਰੇ ਗੰਦਮੀ ਰੰਗ ਉੱਤੇ ਚੋਟ ਕੀਤੀ।

ਮੈਂ ਤਾਂ ਘਾਊਂ ਮਾਊਂ ਜਿਹਾ ਪਹਿਲਾਂ ਹੀ ਸਾਂ, ਦੇਸੂ ਤੇ ਮੱਖਣ ਵੀ ਚੁੱਪ ਕਰਕੇ ਬੈਠੇ ਰਹੇ।

"ਮਾਂ ਦਾ ਕੀ ਦੋਸ਼ ਐ ਵਿਚਾਰੀ ਦਾ।"

"ਨੀ ਪਿਓ ਦਾ ਤਾਂ ਇਹ ਲੱਗਦਾ ਨੀ।"

ਤੇ ਫਿਰ ਕਿੰਨੇ ਹੀ ਸਵਾਲ। ਕਿੰਨੀਆਂ ਹੀ ਚੋਟਾਂ। ਤੇ ਫਿਰ ਕਿਚਰ ਕਿਚਰ। ਕਾਵਾਂ-ਰੌਲੀ। ਕਿਸੇ ਦੀ ਕੋਈ ਸਮਝ ਨਾ। ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਇਹੋ ਜਿਹੇ ਸਵਾਲ ਆਪਣੇ ਉੱਤੇ ਹੁੰਦੇ ਸੁਣ ਕੇ ਮੈਨੂੰ ਹਰਖ਼ ਜਿਹਾ ਚੜ੍ਹ ਗਿਆ। ਮੇਰਾ ਚਿਹਰਾ ਘਟਿਆ ਗਿਆ।

ਦੇਸੂ ਨੇ ਖੰਘੂਰ ਮਾਰੀ ਤੇ ਬੁੱਕ ਨੂੰ ਸੰਘਾਂ ਲੰਘਾ ਕੇ ਆਖਿਆ-"ਤੁਸੀਂ ਕੋਈ ਚੱਜ ਦੀ ਗੱਲ ਤਾਂ ਕਰੋ। ਬੈਠੋ, ਕੋਈ ਮਤਲਬ ਦੀ ਗੱਲ ਛੇੜੋ। ਤੁਸੀਂ ਤਾਂ ਚੁਹੜੀਆਂ ਮਾਤ ਪਾ ਤੀਆਂ।

"ਤੂੰ ਚੁੱਪ ਕਰਕੇ ਬੈਠਾ ਰਹਿ ਕੇ ਆਂਡਲਾ। ਚੂਹੜੀ ਤੇਰੀ ਮਾਂ ਹੋਊਗੀ। ਨਹੀਂ ਭੈਣ ਨੂੰ ਬਣਾ ਲੈ ਚੂਹੜੀ। ਤੇਰੀ ਮਾਂ ਨੇ ਕੀ ਵੰਡਿਆ ਸੀ ਵੇ ਤੇਰੇ ਜੰਮੇ ਤੋਂ?

"ਕੋਲੇ ਇੱਕ ਕੁੜੀ ਨੇ ਨਾਲ ਦੀ ਨਾਲ ਆਖ ਦਿੱਤਾ।

"ਨਹੀਂ, ਇੱਟਾਂ! ਕੋਲੇ ਤਾਂ ਮੁਕੰਦ ਦੀ ਮਾਂ ਨੇ ਵੰਡੇ ਹੋਣਗੇ।" ਇੱਕ ਹੋਰ ਕੁੜੀ ਟੇਢੇ ਢੰਗ ਨਾਲ ਦੇਸੁ ਦੇ ਗੋਰੇ ਰੰਗ ਦੀ ਤਾਰੀਫ਼ ਕਰ ਗਈ ਸੀ।

ਮੱਖਣ ਜਿਹੜਾ ਗੱਲ ਦਾ ਮੋੜ ਦੇਣ ਵਿੱਚ ਆਪਣੇ ਆਪ ਨੂੰ ਖੱਬੀਖਾਨ ਸਮਝਦਾ ਸੀ ਹੁਣ ਗੁੰਨਰਵੱਟਾ ਬਣਿਆ ਬੈਠਾ ਸੀ। ਮੇਰੇ ਚੁੱਪ ਕੀਤੇ ਮੂੰਹ ਵੱਲ ਝਾਕ ਕੇ ਉਸ ਨੇ ਕੁੜੀਆਂ ਨੂੰ ਆਖਿਆ-"ਤੁਸੀਂ ਹਵਾ ਤਾਂ ਹੁਣ ਔਣ ਦਿਓ ਬਾਰ ਵਿੱਚ ਦੀ। ਬਹਿ ਜੋ ਜਾਂ ਅੰਦਰ ਲੰਘ ਆਓ। ਮੱਖਣ ਹੱਥ ਜੋੜ ਕੇ ਖੜ ਗਿਆ।

"ਇਹ ਦੇਖੋ ਨੀ ਖਾਂਘਾ ਜ਼ਾ, ਓਹੂੰ ਵੀ ਚੜ੍ਹਦੈ।" ਮੱਖਣ ਦੇ ਕਹਿਰੇ ਸਰੀਰ ਉੱਤੇ ਇੱਕ ਕੁੜੀ ਨੇ ਚੋਟ ਕੀਤੀ।

ਕੁੜੀਆਂ ਵਿਚੋਂ ਇੱਕ ਕੁੜੀ ਜਿਹੜੀ ਅਜੇ ਤਾਈ ਬੋਲੀ ਨਹੀਂ ਸੀ ਤੇ ਹੁਣ ਤੀਕ ਮੁਸਕਰਾ ਹੀ ਰਹੀ ਸੀ ਤੇ ਜਾਂ ਕਿਸੇ ਗੱਲ ਉੱਤੇ ਕਦੇ ਕਦੇ ਸੰਕੋਚਵਾਂ ਜਿਹਾ ਹੱਸੀ ਸੀ, ਨੇ ਮੈਨੂੰ ਆਖਿਆ-"ਮੁਕੰਦ ਮਹਿੰਦੀ ਦੱਸ ਕੀਹਦੇ ਹੱਥੋਂ ਲਟੌਣੀ ਐ, ਸਾਡੇ ਚੋਂ? ਤੂੰ ਉਂਗਲ ਕਰਦੇ ਜੀਹਦੇ ਕੰਨੀਂ ਕਰਨੀ ਐ।ਉਹ ਤੇਰੀ ਪੱਕੀ ਸਾਲੀ।ਉਹ ਮਹਿੰਦੀ ਲਾਉ, ਉਹੀ ਰੁਪਈਆ ਲਊ। ਉਸ ਕੁੜੀ ਨੇ ਮੇਰੇ ਵਾਲੇ ਮੰਜੇ ਦੀ ਪੈਂਟ ਵਲ ਸੇਰਵੇ ਉੱਤੇ ਆਪਣੀ ਸੱਜੀ ਟੰਗ ਧਰ ਲਈ ਸੀ। ਗੋਡੇ ਉੱਤੇ ਕੂਹਣੀ ਤੇ ਹਥੇਲੀ ਉੱਤੇ ਠੋਡੀ ਰੱਖ ਕੇ ਉਹ ਇੱਕ ਟੰਗ ਦੇ ਭਾਰ ਖੜ੍ਹੀ ਸੀ। ਗੱਲ ਕਰਦੀ ਤਾਂ ਉਹਦੇ ਕੰਨਾਂ ਦੇ ਕਾਂਟੇ ਉਹਦੀਆਂ ਗੱਲਾਂ ਨੂੰ ਛੋਹ ਜਾਂਦੇ। ਇਸ ਤਰ੍ਹਾਂ ਨਾਲ ਉਹ ਬਹੁਤ ਪਿਆਰੀ ਲੱਗ ਰਹੀ ਸੀ।

ਹੌਲੀ-ਹੌਲੀ ਰਿਸਕਦੀਆਂ ਦੂਜੀਆਂ ਕੁੜੀਆਂ ਵੀਚੁਬਾਰੇ ਦਾ ਬਾਰ ਟੱਪ ਆਈਆਂ ਸਨ।

ਮੈਂ ਕੁਝ ਨਹੀਂ ਸੀ ਬੋਲ ਰਿਹਾ।

"ਇਉਂ ਤਾਂ ਅਸੀਂ ਤਿੰਨੇ ਵੰਡ ਲਾਂਗੇ ਥੋਨੂੰ।ਰੁਪਈਆ ਲਈ ਜਾਇਓ ਤੇ ਪੱਕੀਆਂ ਸਾਲੀਆਂ ਬਣਦੀਆਂ ਜਾਇਓ। ਮੱਖਣ ਹੌਸਲਾ ਫੜ ਚੁਕਿਆ ਸੀ। ਮੈਨੂੰ ਕੁਝ ਆਸਰਾ ਜਿਹਾ ਹੋਇਆ ਕਿ ਹੁਣ ਕੁਝ ਨਾ ਕੁਝ ਮੋੜ ਜ਼ਰੂਰ ਦਿੰਦਾ ਰਹੇਗਾ।

ਸਾਰੀਆਂ ਜਣੀਆਂ ਹਿੜ ਹਿੜ ਕਰ ਕੇ ਹੱਸ ਪਈਆਂ। ਇੱਕ ਬੋਲੀ-"ਲੈ ਕੁੜੇ ਮੁੰਹ ਦੇਖ ਏਹਦਾ ਰੁਪਈਆ ਦੇਣ ਆਲੇ ਦਾ। ਰੁਪਈਆ ਜੇਬ ’ਚ ਹੈ ਵੀ ਤੇਰੇ, ਛਿਲਕਾਂ ਦਿਆਂ ਘੋੜਿਆ?"

ਮੇਰੀ ਪੈਂਦ ਕੋਲ ਇੱਕ ਟੰਗ ਦੇ ਭਾਰ ਖੜੀ ਕੁੜੀ ਨੇ ਮੰਜੇ ਉਤੋਂ ਪੰਨਿਆਂ ਵਾਲੀ ਪੱਖੀ ਚੁੱਕ ਕੇ ਮੇਰੇ ਮੋਢੇ ਨੂੰ ਠਕੋਰਿਆ, "ਮਹਿੰਦੀ ਦੱਸ ਕੀਹਤੋਂ ਲਟੌਣੀ ਐਂ?"

"ਤੂੰ ਹੀ ਲਾ ਦੀ।" ਮੇਰੇ ਮੂੰਹੋਂ ਨਿਕਲਿਆ।

ਹੋਰ ਸਭ ਕੁੜੀਆਂ ਚੁੱਪ ਹੋ ਗਈਆਂ। ਮੈਂ ਮਹਿਸੂਸ ਕੀਤਾ ਜਿਵੇਂ ਉਨ੍ਹਾਂ ਨੂੰ ਉਸ ਕੁੜੀ ਨਾਲ ਈਰਖਾ ਹੋ ਗਈ ਹੋਵੇ।

"ਨੀ ਤੂੰ ਲਾਹ ਥੀਂ ਚਾਅ ਮਹਿੰਦੀ ਲਾ ਕੇ। ਅਸੀਂ ਰੁਪਈਆਂ ਦੀਆਂ ਭੁੱਖੀਆਂ ਨੀ ਵਿਰਦੀਆਂ।"

"ਨੀ ਵਿੰਦਰ, ਆਹ ਖਾਂ... ਜ਼ਾ ਤਾਂ ਜਮਾਂ ਤੇਰੇ ਪਰੌਹਣੇ ਅਰਗੈ।" ਇੱਕ ਕੁੜੀ ਨੇ ਇੱਕ ਟੰਗ ਦੇ ਭਾਰ ਖੜੀ ਕੁੜੀ ਦਾ ਦਾ ਧਿਆਨ ਮੱਖਣ ਵਲ ਕੀਤਾ।

ਤਾਂ ਮੇਰੇ ਤਾਂ ਮਹਿੰਦੀ ਤੂੰਈਂ ਲਾਈਂ।" ਮੱਖਣ ਨੇ ਵਿੰਦਰ ਨੂੰ ਕਿਹਾ। ਵਿੰਦਰ ਦਾ ਹਉਕਾ ਨਿਕਲ ਗਿਆ। ਉਸਨੇ ਆਪਣੀ ਟੰਗ ਮੰਜੇ ਉਤੋਂ ਥੱਲੇ ਲਾਹ ਲਈ ਤੇ ਨਿਰੁਕਰ ਹੋ ਕੇ ਖੜ੍ਹੀ ਰਹੀ।

"ਨੀ ਕਿਉਂ ਔਦਿਆਂ ਨੂੰ ਈ ਜੱਫਾ ਪਾਲਿਆ ਤੁਸੀਂ। ਪਾਣੀ ਧਾਣੀ ਤਾਂ ਪੀ ਲੈਣ ਦਿਓ ਇਨ੍ਹਾਂ ਨੂੰ ਮੇਰੀ ਸੱਸ ਨੇ ਪੌੜੀਆਂ ਵਿਚੋਂ ਹੀ ਹੋਕਰਾ ਮਾਰਿਆ।

"ਤਾਈ, ਅਸੀਂ ਤੇਰੇ ਜਵਾਈ ਨੂੰ ਜੇਬ ਚ ਪਾ ਕੇ ਤਾਂ ਨੀ ਲੈ ਜਾਂ ਗੀਆਂ। ਵਿੰਦਰ ਨੇ ਕਿਹਾ।

"ਨਾ ਭਾਈ, ਪਹਿਲਾਂ ਪਾਣੀ ਧਾਣੀ ਪੀ ਲੈਣ ਦਿਓ, ਨਾ ਧੋ ਲੈਣ ਦਿਓ। ਮਹਿੰਦੀ ਲੌਣ ਆਈਆਂ ਮਿਟਾ ਲਿਓ ਸਿੱਕਾਂ। ਸੱਸ ਨੇ ਉਨ੍ਹਾਂ ਨੂੰ ਜਾਣ ਲਈ ਆਖਿਆ।

"ਚੱਲੋ ਨੀ ਚੱਲੋ।ਤਾਈ ਦਾ ਈ ਆਇਆ ਜਮਾਈ, ਖਰਾ ਅਨੋਖਾ।" ਇੱਕ ਵੱਡੀ ਉਮਰ ਦੀ ਕੁੜੀ ਨੇ ਕਿਹਾ ਤੇ ਆਪਣੀ ਗੋਦੀ ਚੁੱਕੇ ਹੋਏ ਜਵਾਕ ਦੀ ਨਲੀ ਪੂੰਝ ਕੇ ਕੰਧ ਨਾਲ ਮਲ ਦਿੱਤੀ। ਸੂਰਜ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਤੋਂ ਥੱਲੇ ਉੱਤਰ ਰਿਹਾ ਸੀ, ਚੇਤ-ਵਿਸਾਖ ਦੇ ਦਿਨ ਸਨ। ਬਾਰਾਂ-ਤੇਰਾ ਕੋਹ ਰਥ ਵਿੱਚ ਬੈਠਿਆਂ ਦੇ ਪਾਸੇ ਦੁਖਣ ਲੱਗ ਪਏ ਸਨ ਕੋਸੇ ਪਾਣੀ ਨਾਲ ਅਸੀਂ ਹੱਥ ਮੂੰਹ ਧੋਤਾ ਤੇ ਚਾਹ ਪੀਣ ਲੱਗ ਪਏ।

ਆਥਣ ਦੇ ਸੰਧੂਰੀ ਚਾਨਣ ਵਿੱਚ ਕਾਲਖ ਘੁਲਣ ਲੱਗੀ ਤਾਂ ਅਸੀਂ ਬੋਤਲ ਦਾ ਡੱਟ ਪੱਟ ਲਿਆ।

ਥਾਲੀ ਵਿੱਚ ਮਹਿੰਦੀ ਘੋਲ ਕੇ ਜਦ ਕੁੜੀਆਂ ਆਈਆਂ, ਅਸੀਂ ਜਭਲੀਆਂ ਮਾਰ ਰਹੇ ਸਾਂ। ਪਹਿਲੇ ਤੋੜ ਦੀ ਕੱਢੀ ਬੋਤਲ ਮੱਖਣ ਪਿੱਛੋਂ ਹੀ ਲੈ ਆਇਆ ਸੀ।

ਪਤਾ ਨਹੀਂ, ਕੁੜੀਆਂ ਕੀ ਕੀ ਬੋਲਦੀਆਂ ਰਹੀਆਂ ਤੇ ਅਸੀਂ ਉਨ੍ਹਾਂ ਨੂੰ ਕੀ ਜਵਾਬ ਦਿੰਦੇ ਰਹੇ।ਸਾਡੇ ਕਮਲਵਾਅ ਤੋਂ ਜਿੱਤ ਕੇ ਉਨ੍ਹਾਂ ਨੇ ਸਾਡੀਆਂ ਹਥੇਲੀਆਂ ਉੱਤੇ ਮਹਿੰਦੀ ਦੀ ਇੱਕ ਇੱਕ ਗਲੀ ਧਰੀ ਤੇ ਪੌੜੀਆਂ ਉੱਤਰ ਗਈਆਂ।

ਵਿੰਦਰ ਨੂੰ ਸ਼ਾਇਦ ਮੈਂ ਪੰਜ ਰੁਪਏ, ਮਹਿੰਦੀ ਲਵਾਈ ਦੇ ਦਿੱਤੇ ਸਨ।

ਕੁੜੀਆਂ ਪੌੜੀਆਂ ਉਤਰੀਆਂ ਤਾਂ ਦੇਸੂ ਤੇ ਮੱਖਣ ਨੇ ਮਹਿੰਦੀ ਵਾਲੇ ਹੱਥ ਕੰਧਾਂ ਨਾਲ ਘਸਾ ਦਿੱਤੇ। "ਮੇਰਾ ਹੱਥ ਤਾਂ ਲੈ ਕੰਜਰ ਦੀਆਂ ਕੱਟੇ ਦੀ ਮੋਕ ਨਾਲ ਲਬੇੜ ਗਈਆਂ। ਹਥੇਲੀ ਨੂੰ ਨੱਕ ਕੋਲ ਕਰ ਕੇ ਮੱਖਣ ਨੇ ਕਿਹਾ।

"ਓਏ ਮੈਨੂੰ ਵੀ ਲਗਦੈ।" ਦੇਸੂ ਨੇ ਹੁੰਗਾਰਾ ਭਰਿਆ। ਅਸੀਂ ਅੱਧਾ ਘੰਟਾ ਉੱਚੀਉੱਚੀ ਹੱਸਦੇ ਰਹੇ। ਇੱਕ-ਇੱਕ ਪੈੱਗ ਮੱਖਣ ਨੇ ਹੋਰ ਪਾਇਆ। ਮੈਂ ਪੀਤਾ। ਮੇਰੇ ਤਾਂ ਜਿਵੇਂ ਪੈਰ ਚੁੱਕੇ ਗਏ। ਬਹੁਤੀ ਸ਼ਰਾਬ ਮੈਨੂੰ ਸੁਖਾਂਦੀ ਨਹੀਂ ਸੀ।

ਰੋਟੀ ਅਸੀਂ ਅੱਧ-ਪਚੱਧ ਜਿਹੀ ਖਾਧੀ। ਨਾ ਖਾਣ ਵਰਗੀ ਹੀ।

ਦੇਸੂ ਤੇ ਮੱਖਣ ਤਾਂ ਚੁਬਾਰੇ ਮੂਹਰੇ ਮੰਜਿਆਂ ਉੱਤੇ ਬਿਸਤਰਾ ਵਿਛਾ ਕੇ ਪੈ ਗਏ। ਮੈਨੂੰ ਮੇਰੀ ਸੱਸ ਨੇ ਥੱਲੇ ਸੱਦ ਲਿਆ।

ਸ਼ਰਾਬ ਉਤੋਂ ਦੀ ਹੋ ਗਈ ਸੀ। ਮੈਨੂੰ ਗੱਲ ਨਹੀਂ ਸੀ ਔੜ ਰਹੀ। ਬੁੱਘ ਬੁੱਘ ਕਰ ਕੇ ਸਭ ਖਾਧਾ ਪੀਤਾ ਮੇਰੇ ਅੰਦਰੋਂ ਬਾਹਰ ਹੋ ਗਿਆ। ਬੇਸੁੱਧ ਹੋ ਕੇ ਦਰਵਾਜ਼ੇ ਵਿੱਚ ਡਹੇ ਪਏ, ਇੱਕ ਮੰਜੇ ਉੱਤੇ ਮੈਂ ਢੇਰੀ ਹੋ ਗਿਆ। ਅਜੇ ਵੀ ਮੈਨੂੰ ਉਲਟੀਆਂ ਆ ਰਹੀਆਂ ਸਨ।

ਅਮਰਜੀਤ, ਮੇਰੀ ਪਤਨੀ, ਮਾਪਿਆਂ ਦੀ ਇਕੱਲੀ ਧੀ ਸੀ। ਭਾਈ ਵੀ ਕੋਈ ਨਹੀਂ ਸੀ। ਸਹੁਰਾਰੋਟੀ ਖਾ ਕੇ ਬਾਹਰਲੇ ਘਰ ਡੰਗਰਾਂ ਕੋਲ ਜਾਪਿਆ ਸੀ, ਸੱਸ ਰਾਹੀਂ ਕਿਹੜੇ ਧੰਦਿਆਂ ਵਿੱਚ ਫਸੀ ਹੋਈ ਸੀ। ਉਸ ਨੇ ਚੁਬਾਰੇ ਵਿਚੋਂ ਥੱਲੇ ਮੈਨੂੰ ਸੱਦ ਤਾਂ ਲਿਆ ਸੀ, ਪਰ ਅਜੇ ਗੱਲ ਕੋਈ ਨਹੀਂ ਸੀ ਕੀਤੀ। ਮੈਨੂੰ ਉਲਟੀਆਂ ਆ ਰਹੀਆਂ ਸਨ। ਸੁੱਕੇ ਬੁੱਤ ਆਉਂਦੇ ਤਾਂ ਜਿਵੇਂ ਮੇਰਾ ਕਾਲਜਾ ਇਕੱਠਾ ਹੋ ਜਾਂਦਾ। ਮੈਂ ਔਖਾਂ ਸਾਂ। ਸਰਤ ਵੀ ਕੋਈ ਨਹੀਂ ਸੀ। ਸ਼ਰਾਬ ਤੇਜ਼ ਸੀ ਮੈਂ ਪੀਵੀ ਬਹੁਤ ਹੀ ਲਈ ਸੀ। ਦਰਵਾਜ਼ੇ ਵਿੱਚ ਮੰਜੇ ਉਤੇ ਪਿਆ ਮੈਂ ਜ਼ਖ਼ਮੀ ਸੱਪ ਵਾਂਗ ਮੇਲ਼ ਰਿਹਾ ਸਾਂ। ਕਦੇ ਉਸ ਬਾਹੀ ਨਾਲ, ਕਦੇ ਉਸ ਨਾਲ।  ਪਾਣੀ ਦੀ ਗੜਵੀ ਲੈ ਕੇ ਆਇਆ ਕੋਈ ਕੁਝ ਚਿਰ ਮੇਰੇ ਸਿਰਹਾਣੇ ਖੜਾ ਰਿਹਾ। ਤੇ ਫਿਰ ਉੱਜਲ ਭਰ ਕੇ ਹਵਾੜਾਂ ਛੱਡਦਾ ਮੇਰਾ ਮੂੰਹ ਉਸ ਨੇ ਪਾਣੀ ਨਾਲ ਪੂੰਝ ਦਿੱਤਾ। ਮੇਰੇ ਬੁੱਲਾਂ ਨੂੰ ਉਸ ਦੇ ਨਰਮ ਨਰਮ ਪੋਟਿਆਂ ਨੇ ਸਾਫ਼ ਕੀਤਾ ਤੇ ਫਿਰ ਪਾਣੀ ਦੀ ਗੜਵੀ ਉਸ ਨੇ ਮੇਰੇ ਮੂੰਹ ਨੂੰ ਲਾ ਦਿੱਤੀ। ਪਾਣੀ ਦੀ ਘੁੱਟ ਅੰਦਰ ਗਈ ਤਾਂ ਜਿਵੇਂ ਮੇਰੀ ਸੁਰਤ ਪਰਤ ਆਈ। ਮੈਨੂੰ ਲੱਗਿਆ ਜਿਵੇਂ ਉਹ ਮੇਰੀ ਸੱਸ ਹੋਵੇ। ਪਰ ਨਹੀਂ, ਉਹ ਸੱਸ ਨਹੀਂ ਸੀ। ਉਸ ਦੇ ਪੋਟੇ ਤਾਂ ਕੁਲੇ ਕੁਲੇ ਸਨ, ਅੰਗੁਰਾਂ ਦੀ ਛੋਹ ਵਰਗੇ। ਉਸ ਦੇ ਹੱਥ ਤਾਂ ਨਰਮ ਨਰਮ ਸਨ, ਨਿੱਘੇ ਨਿੱਘੇ, ਘੁੱਗੀਆਂ ਵਰਗੇ। ਫਿਰ ਮੈਂ ਸੋਚਿਆ, ਅਮਰਜੀਤ ਆਪ ਹੀ ਹੋਵੇਗੀ? ਪਰ ਨਹੀਂ, ਉਹ ਅਮਰਜੀਤ ਵੀ ਨਹੀਂ ਸੀ। ਜਦ ਉਹ ਕਰੰਟਵੈੱਲ ਦੀ ਆਪਣੀ ਚੁੰਨੀ ਨਾਲ ਮੇਰਾ ਮੂੰਹ ਪੂੰਝ ਰਹੀ ਸੀ, ਮੈਂ ਅੱਖਾਂ ਪੁੱਟ ਕੇ ਦੇਖਿਆ, ਇਹ ਤਾਂ ਉਹ ਕੁੜੀ ਸੀ-ਮਹਿੰਦੀ ਲਾਉਣ ਵਾਲੀ ਕੁੜੀ। ਪਤਲੀ ਜਿਹੀ, ਬੱਗੇ ਰੰਗ ਵਾਲੀ, ਮਧਰੀ ਜਿਹੀ, ਸਾਊ ਸਾਊ ਅੱਖਾਂ ਵਾਲੀ ਕੁੜੀ, ਵਿੰਦਰ।

"ਮੁਕੰਦ, ਤੂੰ ਔਖਾ ਤਾਂ ਨੀ ਬਾਹਲਾ?" ਮੇਰੇ ਮੱਥੇ ਉਤੋਂ ਸਿਰ ਦੇ ਵਾਲ ਆਪਣੀ ਹਥੇਲੀ ਨਾਲ ਪਿਛਾਂਹ ਹਟਾ ਕੇ ਉਸ ਨੇ ਪੁੱਛਿਆ। ਬੇਸੁਰਤੀ ਵਿੱਚ ਮੇਰੀ ਪੱਗ ਪਤਾ ਨਹੀਂ ਕਿੱਥੇ ਡਿੱਗੀ ਪਈ ਸੀ।

ਮੇਰੇ ਮੂੰਹੋਂ ਸਿਰਫ਼ ਐਨੀ ਗੱਲ ਹੀ ਨਿਕਲੀ, "ਹਾਏ! ਅਮਰਜੀਤ ਨੂੰ ਬੁਲਾ ਦੇ।"

"ਅਮਰਜੀਤ ਕਿਵੇਂ ਆਜ?" ਉਹ ਘਰਕੀ ਲੈ ਕੇ ਪਈ।

"ਹਾਏ ਅਮਰਜੀਤ! ਹਾਏ ਨੀ ਮਰ ਗਿਆ।" ਮੈਨੂੰ ਸ਼ਰਾਬੀਆਂ ਵਾਲਾ ਬੌੜ ਫੁੱਟ ਪਿਆ ਸੀ।

"ਤੈਂ ਅਮਰਜੀਤ ਤੋਂ ਕੀ ਲੈਣੈ? ਮੈਨੂੰ ਦੱਸ ਜਿਹੜੀ ਗੱਲ ਐ? ਕੀ ਚਾਹੀਦੈ ਬੋਲ ਤੈਨੂੰ?' ਵਿੰਦਰ ਨੇ ਮੇਰੇ ਸਿਰ ਦਾ ਜੂੜਾ ਕੱਸ ਕੇ ਬੰਨ੍ਹ ਦਿੱਤਾ। ਦੋ ਤਿੰਨ ਸੁੱਕੇ ਵੱਤ ਮੈਨੂੰ ਫਿਰ ਆਏ। ਮੇਰਾ ਕਾਲਜਾ ਇਕੱਠਾ ਹੋ ਕੇ ਜਿਵੇਂ ਗਲ ਵਿੱਚ ਫਸਿਆ ਸੀ। ਮੇਰੀ ਜਾਨ ਨਿਕਲਣ ਵਾਲੀ ਹੋ ਗਈ। ਉਸ ਨੇ ਮੇਰੀਆਂ ਦੋਵੇਂ ਪੁੜਪੁੜੀਆਂ ਘੁੱਟ ਲਈਆਂ। ਚੁੰਨੀ ਦੇ ਲੜ ਨਾਲ ਮੇਰਾ ਮੂੰਹ ਪੂੰਝਿਆ। ਗੜਵੀ ਵਿਚੋਂ ਪਾਣੀ ਦੀ ਘੁੱਟ ਭਰਵਾਈ। ਮੈਂ ਕੁਰਲੀ ਕੀਤੀ। ਦਰਵਾਜ਼ੇ ਵਿੱਚ ਘੁੱਪ ਹਨੇਰਾ ਸੀ। ਝੁਲਾਨੀ ਵਿੱਚ ਚਲਾ ਗੋਹਿਆ ਦੀ ਅੱਗ ਨਾਲ ਮਘਿਆ ਹੋਇਆ ਸੀ। ਚੁੱਲ੍ਹੇ ਉੱਤੇ ਪਤੀਲਾ ਕੜ੍ਹ ਰਿਹਾ ਸੀ। ਸਬਾਤ ਵਿੱਚ ਅੰਨੀ ਜਿਹੀ ਲਾਲਟੈਣ ਦਾ ਪੀਲਾ ਚਾਨਣ ਸੀ।

ਵੱਖੀ ਪਰਨੇ ਪਏ ਦੀ ਪਤਾ ਨਹੀਂ ਮੇਰੀ ਕਦੋਂ ਅੱਖ ਲੱਗ ਗਈ।ਵਿੰਦਰ ਪਤਾ ਨਹੀਂ ਕਦੋਂ ਮੇਰੇ ਕੋਲੋਂ ਚਲੀ ਗਈ।ਸੱਸ ਦੁੱਧ ਦਾ ਗਲਾਸ ਲੈ ਕੇ ਆਈ। ਮੇਰੇ ਅੰਦਰ ਤਾਂ ਪਾਣੀ ਦੀ ਤਿੱਪ ਮਸਾਂ ਪਚਦੀ ਸੀ। ਦੁੱਧ ਨੂੰ ਕਿਵੇਂ ਮੁੰਹ ਲਾਉਂਦਾ। ਦਰਵਾਜ਼ੇ ਵਿਚੋਂ ਉਂਘਲਾਇਆ ਜਿਹਾ ਉਠ ਕੇ ਮੈਂ ਪੌੜੀਆਂ ਚੜਿਆ ਤੇ ਚੁਬਾਰੇ ਵਿੱਚ ਜਾ ਪਿਆ। ਪੈਣ ਸਾਰ ਸੌ ਗਿਆ।

ਦੂਜੇ ਦਿਨ ਤੜਕੇ ਹੀ ਵਿੰਦਰ ਪਤਾ ਨਹੀਂ ਕੀ ਕਿੱਥੋਂ ਕੋਈ ਦਵਾਈ ਲਿਆਈ ਤੇ ਪਾਣੀ ਦੇ ਗਿਲਾਸ ਵਿੱਚ ਘੋਲ ਕੇ ਉਹ ਮੈਨੂੰ ਪਿਆ ਗਈ। ਦਵਾਈ ਪੀ ਕੇ ਮੈਨੂੰ ਦੋ ਤਿੰਨ ਡਕਾਰ ਆ ਗਏ ਤੇ ਮੇਰਾ ਅੰਦਰ ਖੁਲ੍ਹ ਜਿਹਾ ਗਿਆ।

"ਗੰਨਾ ਜੇ ਕਿਤੋਂ ਮਿਲਜੇ ਤਾਂ ਸਾਰਾ ਅੰਦਰ ਧੋਤਾ ਜਾਵੇ। ਮਿਲਜੂ ਮਾਂ ਜੀ ਕਿਤੋਂ?" ਮੈਂ ਸੱਸ ਤੋਂ ਪੁੱਛਿਆ। "ਗੰਨਿਆਂ ਦੀ ਰੁੱਤ ਵੀ ਐ ਹੁਣ ਕੋਈ, ਜੀਜਾ ਮੇਰਿਆ? ਪਾੜਾ ਈ ਰਹਿ ਗਿਆ ਨਾ ਬੱਸ।" ਵਿੰਦਰ ਲੋਟ ਪੋਟ ਹੋ ਗਈ। ਮੇਰੀ ਸੱਸ ਵੀ ਹੱਸ ਪਈ। ਦੇਸੂ ਤੇ ਮੱਖਣ ਕੋਲ ਬੈਠੇ ਪੋਲਾ ਪੋਲਾ ਮੁਸਕਰਾਏ। ਮੈਨੂੰ ਉਨ੍ਹਾਂ ਮੁਹਰੇ ਸੰਗ ਲੱਗੀ।

ਉਸੇ ਦਿਨ ਦੁਪਹਿਰ ਦੀ ਰੋਟੀ ਖਾਣ ਪਿੱਛੋਂ ਅਸੀਂ ਅਮਰਜੀਤ ਨੂੰ ਲੈ ਕੇ ਪਿੰਡ ਆ ਗਏ।

ਦੇਸੂ ਤੇ ਮੱਖਣ ਤਾਂ ਇੱਕ ਸਾਈਕਲ ਉੱਤੇ ਪਿੰਡ ਪਹੁੰਚ ਗਏ ਸਨ। ਰੱਥ ਵਿੱਚ ਮੈਂ ਤੇ ਅਮਰਜੀਤ ਹੀ ਸਾਂ। ਰਾਹ ਵਿੱਚ ਕਿੰਨੀਆਂ ਗੱਲਾਂ ਅਸੀਂ ਕਰ ਲਈਆਂ। ਗੱਲਾਂ ਗੱਲਾਂ ਵਿੱਚ ਵਿੰਦਰ ਦੀ ਗੱਲ ਵੀ ਛਿੜ ਗਈ। ਉਸ ਦੀ ਗੱਲ ਮੈਂ ਜਾਣ ਕੇ ਹੀ ਛੇੜੀ ਸੀ। ਉਸ ਕੁੜੀ ਦੇ ਵਿਵਹਾਰ ਤੇ ਤਾਂ ਮੇਰੇ ਅੰਦਰ ਕੋਈ ਖ਼ਾਸ ਥਾਂ ਬਣਾ ਲਈ ਸੀ।

ਅਮਰਜੀਤ ਨੇ ਮੈਨੂੰ ਦਸਿਆ ਕਿ ਵਿੰਦਰ ਦੀ ਆਪਣੇ ਪ੍ਰਾਹਣੇ ਨਾਲ ਬਣਦੀ ਨਹੀਂ। ਵਿੰਦਰ ਦਾ ਵੱਡਾ ਭਣੋਈਆ ਜਦ ਏਥੇ ਆਉਂਦਾ ਹੈ, ਵਿੰਦਰ ਜੇ ਏਥੇ ਹੋਵੇ ਤਾਂ ਉਸ ਦੀ ਐਨੀ ਸੇਵਾ ਕਰਦੀ ਹੈ ਕਿ ਹੇ ਰੱਬ ਦਾ ਨਾਉਂ। ਇਹਦਾ ਭਣੋਈਆ ਸਮਝਦਾ ਵੀ ਇਹਨੂੰ ਛੋਟੀ ਭੈਣ ਵਾਂਗ ਹੈ। ਵਿੰਦਰ ਦਾ ਪ੍ਰਾਹੁਣਾ ਪਰ ਇਹਦੇ ਸੁਭਾਅ ਉੱਤੇ ਸ਼ੱਕ ਕਰਦਾ ਹੈ।

ਅਮਰਜੀਤ ਜਦ ਦਰੌਜਾ ਲੈ ਕੇ ਆਈ, ਉਸ ਨੇ ਦੱਸਿਆ ਕਿ ਵਿੰਦਰ ਦਾ ਪ੍ਰਾਹੁਣਾ ਦੂਜਾ ਵਿਆਹ ਕਰਵਾਉਣ ਨੂੰ ਫਿਰਦਾ ਹੈ।

ਮੇਰਾ ਦਿਲ ਢੇਰੀ ਹੋ ਗਿਆ, ਵਿੰਦਰ ਵਰਗੀ ਕੁੜੀ ਦੀ ਆਹ ਹਾਲਤ।

ਦਰੌਜੇ ਅਮਰਜੀਤ ਨੂੰ ਲੈਣ ਜਦ ਮੈ ਗਿਆ ਸਾਂ ਤਾਂ ਵਿੰਦਰ ਉੱਥੇ ਹੀ ਸੀ। ਪਰ ਉਹ ਸਾਡੇ ਘਰ ਨਹੀਂ ਸੀ ਆਈ। ਉਹ ਤਾਂ ਉਦੋਂ ਦੇਹਲੀਓਂ ਬਾਹਰ ਪੈਰ ਨਹੀਂ ਸੀ ਧਰਦੀ। ਬੁੜੀਆਂ ਸੌ-ਸੌ ਗੱਲਾਂ ਬਣਾਉਂਦੀਆਂ ਸਨ।


ਉਸ ਤੋਂ ਬਾਅਦ ਜਦ ਕਦੇ ਮੈਂ ਸਹੁਰੀਂ ਜਾਂਦਾ, ਵਿੰਦਰ ਕਦੇ ਵੀ ਨਾ ਮਿਲਦੀ। ਕਦੇ ਉਹ ਸਾਡੇ ਨਾਨਕੀ ਗਈ ਹੁੰਦੀ, ਕਦੇ ਭੂਆ ਕੋਲ, ਕਦੇ ਕਿਤੇ ਤੇ ਕਦੇ ਕਿਤੇ। ਉਸ ਦਾ ਪ੍ਰਾਹੁਣਾ ਹੁਣ ਉਸ ਨੂੰ ਲੈ ਕੇ ਨਹੀਂ ਸੀ ਜਾਂਦਾ। ਰੰਗੜਊ ਉਹ ਵੀ ਪੂਰਾ ਰੱਖਦੀ।

ਮੈਂ ਉਸ ਨੂੰ ਇਕ ਵਾਰ ਮਿਲਣਾ ਚਾਹੁੰਦਾ ਸਾਂ, ਮਿਲ ਕੇ ਉਸ ਦਾ ਦੁੱਖ ਪੁੱਛਣਾ ਚਹੁੰਦਾ ਸਾਂ। ਮੁੰਡੇ ਦੀ ਸ਼ੁਸ਼ਕ ਲੈ ਕੇ ਅਮਰਜੀਤ ਆਈ ਤਾਂ ਉਸ ਨੇ ਦੱਸਿਆ ਕਿ ਵਿੰਦਰ ਮਿਲੀ ਸੀ। ਉਹ ਤਾਂ ਸੁੱਕ ਕੇ ਤਾਂਬੜ ਬਣੀ ਪਈ ਹੈ, ਨਿਰੀ ਫੱਟੀ। ਚਿਹਰਾ ਝੁਰੜਾ ਗਿਆ ਹੈ। ਅੱਖਾਂ ਦੇ ਘੇਰੇ ਕਾਲੇ ਹੋ ਗਏ ਹਨ। ਮੂੰਹ ਵਿਚ ਬੋਲ ਨਹੀਂ। ਖੁੱਦੋ ਵਾਂਗ ਬੁੜ੍ਹਕਣ ਟੱਪਣ ਵਾਲੀ ਤਾਂ ਉਹ ਵਿੰਦਰ ਹੀ ਨਹੀਂ ਰਹੀ।

ਉਸ ਦਾ ਕੁਦਰਤੀ ਖੁੱਲਾ ਸੁਭਾਅ ਉਸ ਲਈ ਇਕ ਸਰਾਪ ਬਣ ਗਿਆ ਸੀ। ਉਸ ਦਾ ਮੱਚੜ ਪ੍ਰਾਹੁਣ ਉਸ ਦੀ ਖੁੱਲ੍ਹ ਨੂੰ ਦੇਖ ਕੇ ਸਗੋਂ ਹੋਰ ਵਲ ਖਾ ਗਿਆ ਹੋਵੇਗਾ। ਵਿੰਦਰ ਦਾ ਕੀ ਕਸੂਰ? ਜਾਂ ਤਾਂ ਉਹ ਉਸ ਮੱਚੜ ਦੀ ਜੇਬ ਵਿਚ ਪੈ ਜਾਂਦੀ ਤੇ ਜਾਂ ਆਪਣੇ ਮੋਹ ਦੇ ਸੰਕ ਵਿਚ ਉਹਦਾ ਮੱਚੜਪੁਣਾ ਖੋਰ ਦਿੰਦੀ।ਉਸ ਅਣਭੋਲ ਨੂੰ ਕੀ ਪਤਾ ਸੀ ਕਿ ਉਸ ਦੇ ਹੱਸਦੇ ਦੰਦਾਂ ਨੂੰ ਇਕ ਦਿਨ ਹਥੌੜੇ ਦੀ ਸੱਟ ਪਵੇਗੀ ਤੇ ਉਹਦੇ ਮੁੰਹ ਵਿੱਚੋਂ ਸਦਾ ਲਈ ਹਾਸਾ ਮੁੱਕ ਜਾਵੇਗਾ। ਉਸ ਨੂੰ ਕੀ ਪਤਾ ਸੀ ਕਿ ਕਿਸੇ ਓਪਰੇ ਬੰਦੇ ਨਾਲ ਹੱਸ ਕੇ ਬੋਲ ਲੈਣਾ ਤੇ ਖੁਲ੍ਹ ਕੇ ਗੱਲ ਕਰ ਲੈਣੀ ਵੀ ਪਤੀ-ਧਰਮ ਦੇ ਉਲਟ ਹੈ। ਦੂਜਿਆਂ ਨਾਲ ਹੱਸਣਾ ਬੋਲਣਾ ਪਤੀ ਧਰਮ ਦੇ ਉਲਟ ਕੋਈ ਕਿਉਂ ਸਮਝਦਾ ਹੈ? ਉਹ ਸਮਝ ਨਾ ਸਕੀ। ਇਹੋ ਜਿਹਾ ਵੀ ਕੋਈ ਮਨੁੱਖ ਹੁੰਦਾ ਹੈ ਜਿਹੜਾ ਬਿਨਾਂ ਹੀ ਆਪਣੀ ਤੀਵੀਂ ਉੱਤੇ ਕੋਈ ਸ਼ੱਕ ਕਰ ਲਵੇ। ਤਰ੍ਹਾਂ-ਤਰ੍ਹਾਂ ਦੇ ਉਸ ਨੂੰ ਸਵਾਲ ਪੁੱਛੇ। ਤਰ੍ਹਾਂ ਤਰ੍ਹਾਂ ਦੀਆਂ ਉਸ ਨਾਲ ਗੱਲਾਂ ਕਰੇ। ਵਿੰਦਰ ਵਿਚਾਰੀ ਸਮਝ ਨਾ ਸਕੀ। ਉਸ ਦੇ ਅੰਦਰ ਕਿਸੇ ਸੱਚ ਦੀ ਹੈਂਕੜ ਸੀ। ਉਸ ਹੈਂਕੜ ਨੇ ਹੀ ਉਸ ਨੂੰ ਡੋਬਿਆ।

ਉਹ ਆਪਣੇ ਆਪ ਵਿਚ ਕੈਦ ਸੀ। ਆਪਣੇ ਉਸ ਸੁਭਾਅ ਉੱਤੇ ਹੁਣ ਉਸ ਨੂੰ ਝੋਰਾ ਸੀ। ਜੇ ਕਦੇ ਪਹਿਲੇ ਦਿਨੋਂ ਹੀ ਏਵੇਂ ਜਿਵੇਂ ਚੁੱਪ ਕੀਤੀ ਜਿਹੀ ਰਹਿੰਦੀ? ਕੀ ਲੈਣਾ ਸੀ ਉਸ ਨੇ ਭਣੋਈਏ ਦੀ ਟਹਿਲ-ਸੇਵਾ ਤੋਂ?

ਕੰਮ ਕਾਰ ਵਿੱਚ ਐਨਾ ਰੁੱਝ ਗਿਆ ਸਾਂ ਕਿ ਮੈਂ ਕਈ ਸਾਲ ਸਹੁਰੀਂ ਨਾ ਜਾ ਸਕਿਆ। ਅਮਰਜੀਤ ਵੀ ਨਹੀਂ ਸੀ ਗਈ ਤੇ ਫਿਰ ਮੇਰੀ ਬਦਲੀ ਪਿੰਡ ਤੋਂ ਕਈ ਸੌ ਮੀਲ ਦਰ ਹੋ ਗਈ। ਸਾਲ ਵਿਚ ਇਕ ਅੱਧ ਵਾਰ ਮੈਂ ਪਿੰਡ ਆਉਂਦਾ ਤਾਂ ਇਕ ਦੋ ਦਿਨ ਰਹਿ ਕੇ ਚਲਿਆ ਜਾਂਦਾ।

ਮੇਰੇ ਸਹੁਰਿਆਂ ਦੀਆਂ ਦੋ ਸੱਜਰ-ਸੂਈਆਂ ਮੱਝਾਂ ਇੱਕ ਫੌਜੀ ਟੈਂਕ ਦੀ ਫੇਟ ਲੱਗ ਕੇ ਮਰ ਗਈਆਂ ਤਾਂ ਮੈਂ ਅਫਸੋਸ ਕਰਨ ਉੱਥੇ ਗਿਆ।ਅੱਡੇ ਉੱਤੇ ਬੱਸ ਵਿਚੋਂ ਉਤਰਿਆ ਤਾਂ ਵਿੰਦਰ ਦੀ ਮਾਂ ਨੇ ਮੇਰੀ ਪਿੱਠ ਪਛਾਣ ਕੇ ਮੈਨੂੰ ਹਾਕ ਮਾਰ ਲਈ। ਹੌਲੀ -ਹੌਲੀ ਮੇਰੀਆਂ ਅੱਖਾਂ ਨੇ ਗਵਾਹੀ ਭਰੀ, ਵਿੰਦਰ ਵੀ ਕੋਲ ਖੜੀ ਸੀ ਉਸ ਨੇ ਮੈਨੂੰ ਸਤਿ ਸ੍ਰੀ ਅਕਾਲ ਕਹੀ। ਉਹਦੇ ਬੁੱਲ੍ਹ ਮਸਾਂ ਹੀ ਫਰਕੇ। ਉਹਦੀ ਨਿਗਾਹ ਧਰਤੀ ਉੱਤੇ ਹੀ ਗੱਡੀ ਰਹੀ।ਉਹਦੀ ਗੋਦੀ ਸਾਲ ਕੁ ਭਰ ਦੀ ਕੁੜੀ ਦੁੱਧ ਚੁੰਘ ਰਹੀ ਸੀ। ਮਲਵੀਂ ਜਿਹੀ ਜੀਭ ਨਾਲ ਉਸ ਨੇ ਅਮਰਜੀਤ ਦੇ ਮੁੰਡੇ ਕੁੜੀਆਂ ਦੀ ਸੁਖ-ਸਾਂਦ ਪੁੱਛੀ। ਮਾਵਾਂ-ਧੀਆਂ ਦੇ ਕੋਲ ਇਕ ਬੰਦਾ ਖੜ੍ਹਾ ਸੀ। ਹੱਥ ਵਿਚ ਕਿਰਪਾਨ, ਮਿਆਨ ਉੱਤੇ ਜ਼ਰ ਖਾਧੇ ਲੋਹੇ ਦੀਆਂ ਪੱਤੀਆਂ। ਉਹਦੀ ਦਾੜੀ ਵਿੱਚ ਕੋਈ ਕੋਈ ਕਾਲਾ ਵਾਲ ਸੀ। ਮਿਚੀਆਂ ਹੋਈਆਂ ਅੱਖਾਂ ਤੇ ਮੋਟਾ ਨਕੌੜਾ। ਕਾਲੇ ਧੂਸ਼ ਰੰਗ ਵਾਲਾ ਖੁਰਦਰਾ ਚਿਹਰਾ। ਵਿੰਦਰ ਦੇ ਨਵੇਂ ਪ੍ਰਾਹੁਣੇ ਨੇ ਮੇਰੇ ਨਾਲ ਹੱਥ ਮਿਲਾਇਆ। ਅਸੀਂ ਮੀਂਹ ਤੇ ਫ਼ਸਲਾਂ ਦੀਆਂ ਗੱਲਾਂ ਛੇੜ ਲਈਆਂ।